Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈੱਸ ਬਿਉਰੋ -

ਵਿਧਾਨ ਸਭਾ ਤੋਂ ਕੈਪਟਨ ‘ਆਊਟ’

ਪੰਜਾਬ ਦੀ ਬਾਦਲ ਸਰਕਾਰ ਨੇ ਵਿਧਾਨ ਸਭਾ ਵੱਲੋਂ ਇਕ ਆਦੇਸ਼ ਜਾਰੀ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਇਕ ਅਹੁਦਾ ਖ਼ਤਮ ਕਰਵਾ ਦਿੱਤਾ ਹੈ। ਇਹ ਕਾਰਵਾਈ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵੱਲੋਂ ਤਕਰੀਬਨ 32 ਏਕੜ ਦੀ ਜ਼ਮੀਨ ਜਾਰੀ ਕੀਤੇ ਜਾਣ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਕਥਿਤ ਬੇਨੇਮੀਆਂ ਦੀ ਜਾਂਚ ਕਰਨ ਲਈ ਬਣੀ ਉਸ ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਕੀਤੀ ਗਈ, ਜਿਸ ਵਿੱਚ ਅਕਾਲੀ-ਬੀਜੇਪੀ ਵਿਧਾਇਕਾਂ ਦੇ ਇਲਾਵਾ, ਕਾਂਗਰਸ ਦੇ ਭੱਠਲ ਧੜੇ ਨਾਲ ਸਬੰਧਿਤ ਕੁਝ ਵਿਧਾਇਕ ਵੀ ਸ਼ਾਮਲ ਸਨ। ਦੱਸਿਆ ਜਾਂਦਾ ਹੈ ਕਿ ਕੈਪਟਨ ਦੇ ਵਿਰੋਧੀ ਹੋਣ ਦੇ ਬਾਵਜੂਦ ਇਨ੍ਹਾਂ ਵਿਧਾਇਕਾਂ ਨੇ ਰਿਪੋਰਟ ਵਿੱਚ ਕੈਪਟਨ-ਵਿਰੋਧੀ ਕਈ ਨੁਕਤਿਆਂ ’ਤੇ ਆਪਣਾ ਇਤਰਾਜ ਜਤਾਇਆ ਸੀ। ਪਰ ਫਿਰ ਵੀ ਬਾਦਲ ਸਰਕਾਰ ਨੇ ਬੜੀ ਤੇਜੀ ਤੇ ਸੰਖੇਪਤਾ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।

ਬਾਦਲਕਿਆਂ ਦੀ ਇਸ ਨੀਤੀ ਤੋਂ ਪ੍ਰਤੱਖ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਵਿਰੁੱਧ ਇਹ ਕਾਰਵਾਈ ਸੁਭਾਵਿਕ ਢੰਗ ਨਾਲ ਨਹੀਂ ਹੋਈ ਬਲਕਿ ਉਸਨੂੰ ਸਿਆਸੀ ਹਾਸ਼ੀਏ ’ਤੇ ਲਿਆਉਣ ਅਤੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਨੂੰ ਕੈਪਟਨ ਦੇ ਸਹਿਯੋਗ ਤੋਂ ਵਾਂਝਾ ਰੱਖਣ ਲਈ ਕੀਤੀ ਗਈ ਹੈ। ਅਜਿਹੇ ਵਿੱਚ ਕੈਪਟਨ ਲਈ ਜਨਤਾ ਵਿੱਚ ਆਪਣਾ ਅਕਸ ਬਰਕਰਾਰ ਰੱਖਣ, ਪਟਿਆਲਾ ਵਿਧਾਨ ਸਭਾ ਦੀ ਚੋਣਾਂ ਮੁੜ ਤੋਂ ਜਿੱਤਣ ਅਤੇ ਕਾਂਗਰਸ ਅੰਦਰਲੇ ਆਪਣੇ ਵਿਰੋਧੀ ਗੁਟਾਂ ਦੇ ਵਿਧਾਇਕਾਂ ਦੀਆਂ ਚਾਲਾਂ ਨਾਲ ਨਿਬੜਨ ਦੀਆਂ ਕਈ ਚੁਣੌਤੀਆਂ ਸਾਹਮਣੇ ਆ ਖੜੀਆਂ ਹੋਈਆਂ ਹਨ। ਕੈਪਟਨ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਿੰਨੀ ਕੁ ਸਫਲਤਾ ਨਾ ਕਰ ਪਾਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਸੁਖਬੀਰ ਬਾਦਲ ਨੇ ‘ਅੰਮ੍ਰਿਤ’ ਛਕਿਆ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਤਖ਼ਤ ਅਨੰਦਪੁਰ ਸਾਹਿਬ ਵਿਖੇ ਜਾ ਕੇ ਖੰਡੇ-ਬਾਟੇ ਦੀ ਪਾਹੁਲ ਛਕ ਲਈ। ‘ਅੰਮ੍ਰਿਤਪਾਨ’ ਉਪਰੰਤ ਸੁਖਬੀਰ ਜਾਂ ਉਸਦੇ ਸਾਥੀਆਂ ਨੇ ਅੰਮ੍ਰਿਤਪਾਨ ਕਰਨ ਦੀ ਵਜ੍ਹਾ ਦਸਣ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ। ਹਾਲਾਂਕਿ ਅਜਿਹਾ ਬਿਆਨ ਜਾਰੀ ਨਾ ਹੋਣ ਨਾਲ ਵੀ ਏਨਾ ਤਾਂ ਸਪਸ਼ਟ ਹੈ ਕਿ ਜੂਨੀਅਰ ਬਾਦਲ ਨੇ ਇਹ ਕਦਮ ਸ਼ਰਧਾ ਭਾਵ ਜਾਂ ਸਿੱਖੀ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਨਹੀਂ ਲਿਆ ਬਲਕਿ ਆਪਣੇ ਸਿਆਸੀ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਲਈ ‘‘ਮਜਬੂਰੀ ਦਾ ਨਾਮ ਮਹਾਤਮਾ ਗਾਂਧੀ’’ ਵਾਲੀ ਨੀਤੀ ਅਧੀਨ ਚੁੱਕਿਆ ਹੈ। ਕਿਉਂਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਛੋਟੇ-ਮੋਟੇ ਅਕਾਲੀ ਦਲਾਂ ਦੇ ਅਹੁਦੇਦਾਰਾਂ ਵੱਲੋਂ ਸੁਖਬੀਰ ਬਾਦਲ ਦੀ ਖਿਚਾਈ ਕਰਨ ਲਈ ਅਕਸਰ ਇਹ ਬਿਆਨ ਦਿੱਤੇ ਜਾ ਰਹੇ ਸਨ ਕਿ ਅਕਾਲੀ ਦਲ ਦੇ ਵਿਧਾਨ ਮੁਤਾਬਿਕ ਸਿਰਫ਼ ਇਕ ਅੰਮ੍ਰਿਤਧਾਰੀ ਵਿਅਕਤੀ ਹੀ ਪਾਰਟੀ ਪ੍ਰਧਾਨ ਬਣ ਸਕਦਾ ਹੈ (ਅਤੇ ਇਸਲਈ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਬਣਨ ਦਾ ਕੋਈ ਹੱਕ ਨਹੀਂ)।

ਸੁਖਬੀਰ ਦੇ ਇਸ ਕਦਮ ਨਾਲ ਉਸਦੇ ਵਿਰੋਧੀਆਂ ਕੋਲ ਇਹ ਮੁੱਦਾ ਖੁੱਸਿਆ ਵੀ ਹੈ। ਪਰ ਗੱਲ ਨਿਰੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਹਾਲਾਂ ਵੀ ਅੰਮ੍ਰਿਤਪਾਨ ਨਹੀਂ ਕੀਤਾ ਹੈ। ਜਦਕਿ ਸਿੱਖ ਰਹਿਤ ਮਰਿਆਦਾ ਮੁਤਾਬਿਕ, ਅੰਮ੍ਰਿਤਧਾਰੀ ਵਿਅਕਤੀ ਦੀ ਪਤਨੀ ਲਈ ਵੀ ਅੰਮ੍ਰਿਤ ਛਕਣਾ ਜਰੂਰੀ ਹੈ। ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਕੀ ਜੂਨੀਅਰ ਬਾਦਲ ਆਪਣੀ ਪਤਨੀ ਨੂੰ ਵੀ ਅੰਮ੍ਰਿਤਪਾਨ (ਭਾਵੇਂ ਦਿਖਾਵੇ ਲਈ ਹੀ ਸਹੀ) ਕਰਨ ਲਈ ਮਨਾ ਪਾਉਣਗੇ?

ਰਾਹੁਲ ਗਾਂਧੀ ਦੀ ਪੰਜਾਬ-ਫੇਰੀ

ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਵੱਲੋਂ ਪੰਜਾਬ ਦਾ ਤਿੰਨ-ਦਿਨਾ ਦੌਰਾ ਲੋਕਾਂ ਅਤੇ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ। ਸਮਝਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ’ਚੋਂ ਗੈਰ-ਹਾਜ਼ਰੀ ਦੌਰਾਨ ਰਾਹੁਲ ਵੱਲੋਂ ਸੂਬੇ ਦਾ ਦੌਰਾ ਕਰਨ ਪਿੱਛੇ, ਇਥੋਂ ਦੀ ਸਿਆਸੀ-ਸਮਾਜਕ ਸਥਿਤੀ ਦਾ ਮੁਲਾਂਕਣ ਖ਼ੁਦ ਕਰਨ ਦੀ ਨੀਤੀ ਕੰਮ ਕਰ ਰਹੀ ਸੀ। ਰਾਹੁਲ ਗਾਂਧੀ ਦੇ ਸਿਆਸੀ ਸਿੱਟਿਆਂ ਬਾਰੇ ਤਾਂ ਲੋਕ ਸਭਾ ਚੋਣਾਂ ਤੋਂ ਕੁਝ ਪਹਿਲਾਂ ਹੀ ਲਗ ਸਕੇਗਾ ਪਰ ਕਈ ਕਾਂਗਰਸੀ ਆਗੂਆਂ ਵੱਲੋਂ ‘ਭਵਿੱਖ ਦੇ ਪ੍ਰਧਾਨ ਮੰਤਰੀ’ ਵਜੋਂ ਪ੍ਰਚਾਰੇ ਜਾਂਦੇ ਰਾਹੁਲ ਨੇ ਦਰਬਾਰ ਸਾਹਿਬ ਫੇਰੀ ਦੌਰਾਨ ਆਪਣੀ ਸੂਝਬੂਝ ਨਾਲ ਸਿੱਖ ਆਗੂਆਂ ਨੂੰ ਸ਼ਰਮਿੰਦਾ ਕਰ ਦਿੱਤਾ।

ਹੋਰਨਾਂ ਬਹੁਤ ਸਾਰੇ ਆਗੂਆਂ/ਅਦਾਕਾਰਾਂ ਦੀ ਪ੍ਰਚਲਿਤ ਨੀਤੀ ਦੇ ਉਲਟ, ਰਾਹੁਲ ਨੇ ਆਪਣੀ ਪੰਜਾਬ ਫੇਰੀ ਤੋਂ ਪਹਿਲਾਂ ਇਹ ਐਲਾਨ ਬਿਲਕੁਲ ਨਹੀਂ ਕੀਤਾ ਕਿ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਵੀ ਜਾਏਗਾ। ਪਰ ਅੰਮ੍ਰਿਤਸਰ ਪਹੁੰਚਣ ’ਤੇ, ਬਿਨਾਂ ਕੋਈ ਰੌਲਾ-ਰੱਪਾ ਪਾਇਆਂ ਉਹ ਆਪਣੇ ਕੁਝ ਚੁਨਿੰਦਾ ਸੁਰੱਖਿਆ ਕਰਮੀਆਂ ਨਾਲ ਦਰਬਾਰ ਸਾਹਿਬ ਵਿਖੇ ਚਲਾ ਗਿਆ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਰਾਹੁਲ ਦੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਜਾਣ ਤੋਂ ਬਾਅਦ ਹੀ ਪਤਾ ਲਗ ਸਕਿਆ। ਗੁਰਦੁਆਰਾ ਸਾਹਿਬ ਅੰਦਰ ਰਾਹੁਲ ਨੇ ਰਸਮੀ ਮੱਥਾ ਹੀ ਨਹੀਂ ਟੇਕਿਆ ਬਲਕਿ ਕੁਝ ਸਮਾਂ ਰਾਗੀਆਂ ਕੋਲ ਬੈਠ ਕੇ ਕੀਰਤਨ ਵੀ ਸਰਵਣ ਕੀਤਾ। ਇਸਦੇ ਬਾਅਦ ਵੀ ਰਾਹੁਲ ਨੇ ਉਥੋਂ ਖਿਸਕਣ ਦੀ ਨਹੀਂ ਕੀਤੀ ਬਲਕਿ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਜਾ ਕੇ ਲੰਗਰ ਵੀ ਛਕਿਆ। ਹਾਲ ਦੀ ਪੰਗਤ ਵਿੱਚ ਬੈਠਣ ਕਾਰਨ ਰਾਹੁਲ ਨੂੰ ਵੀ ਆਮ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਲੰਗਰ ਹੀ ਛਕਣ ਨੂੰ ਮਿਲਿਆ। ਲੰਗਰ ਛਕਣ ਉਪਰੰਤ ਹੀ ਰਾਹੁਲ ਗਾਂਧੀ ਦਰਬਾਰ ਸਾਹਿਬ ਕੰਪਲੈਕਸ ਤੋਂ ਨਿਕਲਿਆ।

ਜੇਕਰ ਰਾਹੁਲ ਗਾਂਧੀ ਦੀ ਇਸ ਕਾਰਵਾਈ ਦੀ ਤੁਲਨਾ ਸਿੱਖ ਲੀਡਰਾਂ ਦੀਆਂ ਨੀਤੀਆਂ ਨਾਲ ਕੀਤੀ ਜਾਏ ਤਾਂ ਰੋਣਾ ਹੀ ਆਉਂਦਾ ਹੈ। ਅਖੌਤੀ ਸਿੱਖ ਲੀਡਰ (ਖਾਸਕਰ ਬਾਦਲ ਦਲ ਨਾਲ ਸਬੰਧਿਤ ਆਗੂ, ਜਿਨ੍ਹਾਂ ਵਿੱਚ ਖੁਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹਨ) ਜਦ ਕਦੇ ਵੀ ਦਰਬਾਰ ਸਾਹਿਬ ਜਾਂਦੇ ਹਨ, ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਸਿਰੋਪੇ ਵੰਡਣ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ। ਇਹ ਲੀਡਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਦੀ ਕਾਰਵਾਈ ਨੂੰ ਇਉਂ ਪ੍ਰਚਾਰਦੇ ਹਨ ਜਿਵੇਂ ਉਨ੍ਹਾਂ ਨੇ ਦਰਬਾਰ ਸਾਹਿਬ ਜਾ ਕੇ ਗੁਰੂ/ਸਿੱਖਾਂ ’ਤੇ ਕੋਈ ਅਹਿਸਾਨ ਕਰ ਦਿੱਤਾ ਹੋਵੇ। ਇਨ੍ਹਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਗੁਰਬਾਣੀ ਦੇ ਉਪਦੇਸ਼ ਸੁਣਨ ਲਈ ਸਮਾਂ ਕਢਣ ਦੀ ਕੋਸ਼ਿਸ਼ ਕੀਤੀ ਹੋਵੇ (ਜਾਂ ਅਜਿਹੀ ਲੋੜ ਸਮਝਦੀ ਹੋਵੇ)। ਸਭ ਤੋਂ ਵੱਡੀ ਗੱਲ, ਕੋਈ ਵੀ ਲੀਡਰ ਲੰਗਰ ਹਾਲ ਵਿੱਚ ਆਮ ਲੋਕਾਂ ਨਾਲ ਬੈਠ ਕੇ, ਸਾਦੀ ਦਾਲ-ਪਰਸ਼ਾਦਾ ਛਕਣ ਲਈ ਤਿਆਰ ਨਹੀਂ ਹੁੰਦਾ। ਉਹ ਲੰਗਰ ਹਾਲ ਵਿੱਚ ਤਾਂ ਕੁਝ ਨਹੀਂ ਛਕਦੇ ਪਰ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਬੈਠ ਕੇ ਸੁਆਦਲੇ ਵਿਅੰਜਨਾਂ ਦਾ ਰਸ ਮਾਨਣ ਲਈ ਤਿਆਰ ਰਹਿੰਦੇ ਹਨ। ਸਿਆਸੀ ਆਗੂਆਂ ਦੀ ਇਸ ਨੀਤੀ ਦੀ ਤੁਲਨਾ ਵਿੱਚ ਰਾਹੁਲ ਗਾਂਧੀ ਦੀ ਸ਼ਲਾਘਾਯੋਗ ਕਾਰਵਾਈ ਕਾਰਨ ਹੀ ਲੋਕਾਂ ਦੇ ਮਨਾਂ ਵਿੱਚ ਉਸਦੇ ਲਈ ਇੱਜ਼ਤ ਪੈਦਾ ਹੋਈ ਹੈ।

ਚਾਹੇ ਰਾਹੁਲ ਗਾਂਧੀ ਦੀ ਕਾਰਵਾਈ ਨੂੰ ਮਿਲੇ ਜਨਤਕ ਸਮਰਥਨ ਦੇ ਦਬਾਅ ਕਾਰਨ ਹੀ ਸਹੀ, ਪਰ ਜੇਕਰ ਹੁਣ ਵੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਆਗੂ ਹੁਣ ਵੀ ਆਪਣੀ (ਹੰਕਾਰਮਈ) ਨੀਤੀਆਂ ਵਿੱਚ ਸੁਧਾਰ ਨਾ ਲਿਆ ਸਕੇ, ਤਾਂ ਸਿੱਖ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਅਖੌਤੀ ਸਿੱਖ ਆਗੂਆਂ ਨੂੰ ਇਹ ਤੱਥ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਘਰ ਵਿੱਚ ਆਮ ਲੋਕਾਂ ਨਾਲ ਬੈਠ ਕੇ ਕੀਰਤਨ ਸੁਣਨਾ ਜਾਂ ਲੰਗਰ ਛਕਣਾ ਕੋਈ ਨਵੀਂ ਰੀਤ ਨਹੀਂ ਬਲਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਅਕਬਰ ਬਾਦਸ਼ਾਹ ਵਰਗੀਆਂ ਹਸਤੀਆਂ ਨੂੰ ਵੀ ਆਮ ਲੋਕਾਂ ਵਿੱਚ ਬੈਠ ਕੇ ਹੀ ਲੰਗਰ ਛਕਣਾ ਪੈਂਦਾ ਸੀ। ਰਾਹੁਲ ਗਾਂਧੀ ਤਾਂ ਫਿਰ ਵੀ ਇਕ ਸਾਂਸਦ ਮਾਤਰ ਹੈ।

ਬ੍ਰਾਹਮਣਵਾਦੀਆਂ ਵੱਲੋਂ ਬਾੜ ਪੀੜਤਾਂ ’ਤੇ ਵੀ ਕੋਈ ਤਰਸ ਨਹੀਂ

ਬਿਹਾਰ ਦੇ ਮਾਧੇਪੁਰਾ ਅਤੇ ਕੁਝ ਹੋਰ ਜ਼ਿਲਿਆਂ ਵਿੱਚ ਕੋਸੀ ਨਦੀ ਦੇ ਬੰਨ੍ਹ ਟੁੱਟਣ ਕਾਰਨ ਆਈ ਬਾੜ ਅਤੇ ਤਬਾਹੀ ਦਾ ਖੌਫਨਾਕ ਮੰਜਰ ਵੀ ਬ੍ਰਾਹਮਣਵਾਦੀਆਂ ਦੇ ਹਿਰਦਿਆਂ ਵਿੱਚ ਦਇਆ ਭਾਵਨਾ ਪੈਦਾ ਨਹੀਂ ਕਰ ਸਕਿਆ। ਚੇਤੰਨ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਿਕ, ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਗਏ ਸਰਕਾਰੀ ਰਾਹਤ ਕੈਂਪਾਂ ਵਿੱਚ ਉੱਚ (ਸਵਰਣ) ਜਾਤਾਂ ਦੇ ਹਿੰਦੂਆਂ ਨੂੰ ਪਹਿਲਾਂ ਮਦਦ ਦਿੱਤੀ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀ ਮਦਦ ਉਪਰੰਤ ਵੀ ਕੋਈ ਰਾਹਤ ਸਮੱਗਰੀ ਬਚਦੀ ਹੈ, ਤਾਂ ਹੀ ਉਹ ਦਲਿਤਾਂ ਤੇ ਪਿਛੜੇ ਵਰਗਾਂ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਸਦੇ ਇਲਾਵਾ, ਬਾੜ ਦੀ ਤਬਾਹੀ ਕਾਰਨ ਆਪਣੇ ਘਰ ਦੇ ਮਰਦਾਂ ਤੋਂ ਅਲੱਗ ਹੋਈਆਂ ਦਲਿਤ ਔਰਤਾਂ ਨੂੰ ‘ਕੰਮ’ ਦਿਵਾਉਣ ਦੇ ਬਹਾਨੇ ਵੱਡੇ ਸ਼ਹਿਰਾਂ ਵਿੱਚ ਭੇਜ ਕੇ ਉਨ੍ਹਾਂ ਨੂੰ ਜਿਸਮਫਰੋਸ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਬ੍ਰਾਹਮਣਵਾਦੀਆਂ ਵੱਲੋਂ ਬਾੜ ਜਿਹੀ ਕੁਦਰਤੀ ਆਫਤ ਸਮੇਂ ਵੀ ਇਸ ਤਰ੍ਹਾਂ ਦੀ ਨੀਚ ਅਤੇ ਮੱਕਾਰ ਨੀਤੀ ਨੂੰ ਅਪਣਾਈ ਰੱਖਣਾ, ਸਮੁੱਚੀ ਮਨੁੱਖਤਾ ਲਈ ਸ਼ਰਮਿੰਦਾ ਕਰਦੀ ਕਾਰਵਾਈ ਹੈ। ਇਸ ਤੋਂ ਪਹਿਲਾਂ ਦੱਖਣੀ ਭਾਰਤ ਵਿੱਚ ਪਈ ‘ਸੁਨਾਮੀ’ ਦੀ ਮਾਰ ਸਮੇਂ ਵੀ ਬ੍ਰਾਹਮਣਵਾਦੀਆਂ ਨੇ ਦਲਿਤਾਂ ਤੇ ਕਥਿਤ ਨੀਵੀਂਆਂ ਜਾਤਾਂ ਦੇ ਲੋਕਾਂ ਨਾਲ ਅਜਿਹਾ ਹੀ ਸਲੂਕ ਕੀਤਾ ਸੀ। ਇਸਲਈ ਬਾੜ-ਪੀੜਤਾਂ ਦੀ ਮਦਦ ਵਾਸਤੇ ਰਾਹਤ-ਸਮੱਗਰੀ ਭੇਜਣ ਵਾਲੇ ਦਇਆਲੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਫੰਡਾਂ ਜਾਂ ਉੱਚ ਜਾਤਾਂ ਦੇ ਹਿੰਦੂਆਂ ਵੱਲੋਂ ਸਥਾਪਿਤ ਕੀਤੇ ਗਏ ‘ਗੈਰ-ਸਰਕਾਰੀ ਸੰਗਠਨਾਂ’ ਨੂੰ ਮਾਇਕ ਮਦਦ ਦੇਣ ਦੀ ਬਜਾਏ, ਸਮੂਹਕ ਰੂਪ ਵਿੱਚ ਰਾਹਤ-ਸਮੱਗਰੀ ਨੂੰ ਆਪਣੀ ਨਿਗਰਾਨੀ ਹੇਠ ਬਿਹਾਰ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜਣ ਦਾ ਪ੍ਰਬੰਧ ਕਰਨ, ਜਿੱਥੇ ਇਸ ਸਮੱਗਰੀ ਨੂੰ ਬਿਨ੍ਹਾਂ ਜਾਤ/ਧਰਮ ਦੇ ਵਿਤਕਰੇ ਬਗੈਰ ਲੋੜਵੰਦਾਂ ਵਿੱਚ ਸੁਚੱਜੇ ਢੰਗ ਨਾਲ ਵਰਤਾਇਆ ਜਾ ਸਕੇ।

ਗੁਰੂ ਗ੍ਰੰਥ ਸਾਹਿਬ ਨੂੰ ‘ਸੰਪੂਰਨ ਗੁਰੂ’ ਮੰਨੇ ਬਿਨਾਂ ਸ਼ਤਾਬਦੀ ਪੁਰਬ ਮਨਾਉਣ ਦਾ ਕੋਈ ਲਾਭ ਨਹੀਂ

ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਸ਼ਤਾਬਦੀ ਪੁਰਬ ਮਨਾਉਣ ਲਈ ਲਗਭਗ ਹਰ ਗੁਰਦੁਆਰੇ ਅਤੇ ਸਿੱਖ ਸੰਗਠਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਦਰਜਨਾਂ ਨਗਰ ਕੀਰਤਨ/ਚੇਤਨਾ ਮਾਰਚਾਂ ਦਾ ਆਯੋਜਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਦਰਜਨਾਂ (ਜਾਂ ਸੈਂਕੜਿਆਂ) ਦਾ ਆਯੋਜਨ ਅਕਤੂਬਰ ਮਹੀਨੇ ਵਿੱਚ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ‘ਤੀਰਥ-ਯਾਤਰੀਆਂ’ ਵੱਲੋਂ 30 ਅਕਤੂਬਰ ਨੂੰ ਹਜ਼ੂਰ ਸਾਹਿਬ ਵਿਖੇ ਪੁਜਣ ਲਈ ਵੀ ਵਿਸ਼ੇਸ਼ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਨਾਂਦੇੜ ਵਿੱਚ ਇਨ੍ਹਾਂ ਤੀਰਥ-ਯਾਤਰੀਆਂ ਦੇ ਠਹਿਰਣ ਲਈ ਆਰਜ਼ੀ ਤੌਰ ’ਤੇ ਵੱਡੀ ਗਿਣਤੀ ਵਿੱਚ ਕੈਂਪ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਵੱਡੀ ਸੰਭਾਵਨਾ ਹੈ ਕਿ 300 ਸਾਲਾ ਖਾਲਸਾ ਪ੍ਰਗਟਤਾ ਦਿਵਸ ਵਾਂਗ, ਇਸ ਸ਼ਤਾਬਦੀ ਪੁਰਬ ਦੇ ਸਮਾਗਮਾਂ ਦੌਰਾਨ ਵੀ ਸੰਗਤ ਨੂੰ ਢੋਲਕੀਆਂ-ਛੈਣਿਆਂ ਦੀ ਸੁਰ-ਤਾਲ ਅਤੇ ਲੰਗਰ/ਛਬੀਲਾਂ ਛਕਣ-ਛਕਾਉਣ ਤੱਕ ਹੀ ਸੀਮਤ ਰੱਖਿਆ ਜਾਏਗਾ। ਇਨ੍ਹਾਂ ਸਮਾਗਮਾਂ ਦੌਰਾਨ ਸਿੱਖਾਂ ਅਤੇ ਗੈਰ-ਸਿੱਖਾਂ ਨੂੰ ਗੁਰਬਾਣੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ, ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦਾ ਸਾਰਾ ਜ਼ੋਰ ਇਤਿਹਾਸਕ ਮਹੱਤਤਾ ਵਾਲੀਆਂ ਪੁਰਾਤਨ ਇਮਾਰਤਾਂ ਨੂੰ ਢਾਹ-ਢੇਰੀ ਕਰਕੇ, ਨਵੀਆਂ-ਨਕੋਰ ਵੀ.ਆਈ.ਪੀ. ਸਰਾਵਾਂ ਬਣਾਉਣ ’ਤੇ ਹੀ ਲੱਗਾ ਹੋਇਆ ਹੈ।

ਇਸਦੇ ਇਲਾਵਾ, ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਜਾਂਦੇ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਅਪਮਾਨਜਨਕ ਕਾਰਵਾਈ ਬਾਰੇ ਕਿਸੇ ਗੁਰਦੁਆਰਾ ਕਮੇਟੀ ਜਾਂ ਸਿੱਖ ਆਗੂ ਨੇ ਮੂੰਹ ਖੋਲ੍ਹਣ ਦੀ ਜ਼ੁਰਅੱਤ ਨਹੀਂ ਕੀਤੀ। ਸੱਚਾਈ ਤਾਂ ਇਹ ਹੈ ਕਿ ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਪੁਰਬ ਮਨਾਉਣ ਨਾਲ ਸਿੱਖਾਂ ਬਾਰੇ ਦੁਨੀਆ ਭਰ ਵਿੱਚ ਇਹੀ ਸੰਦੇਸ਼ ਪ੍ਰਸਾਰਿਤ ਹੋਵੇਗਾ ਕਿ ਸਿੱਖ ਦੋ ਵੱਖ-ਵੱਖ ਗ੍ਰੰਥਾਂ ਨੂੰ ਆਪਣਾ ਅਧਿਆਤਮਕ ਗੁਰੂ ਮੰਨਦੇ ਹਨ। ਇਸ ਨਾਲ ਸਿੱਖ ਕੌਮ ਦਾ ਅਜਿਹਾ ਸਿਧਾਂਤਕ ਨੁਕਸਾਨ ਹੋਵੇਗਾ, ਜਿਸਦੀ ਪੂਰਤੀ ਕਰਨਾ ਲਗਭਗ ਅਸੰਭਵ ਹੋਵੇਗਾ। ਇਸਲਈ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨਾਲ ਇਸ ਮੁੱਦੇ ਬਾਬਤ ਗੱਲਬਾਤ ਕਰਨ ਅਤੇ ਘੱਟੋ-ਘੱਟ ਸ਼ਤਾਬਦੀ ਸਮਾਗਮਾਂ ਦੌਰਾਨ ਉਥੋਂ ਵਿਵਾਦਿਤ ਦਸਮ ਗ੍ਰੰਥ ਦਾ ਪ੍ਰਕਾਸ਼/ ਅੰਧਕਾਰ ਹਟਵਾਉਣ। ਹਰ ਸਿੱਖ ਨੂੰ ਖ਼ੁਦ ਵੀ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨੇਗਾ ਅਤੇ ਕਿਸੇ ਹੋਰ ‘ਗ੍ਰੰਥ’ ਦੀਆਂ ਰਚਨਾਵਾਂ ਨੂੰ ਗੁਰਬਾਣੀ ਸਮਝ ਕੇ ਉਨ੍ਹਾਂ ਦਾ ਪਾਠ ਨਹੀਂ ਕਰੇਗਾ।