Subscription About Us Contact Us


300 ਸਾਲਾ ਸ਼ਤਾਬਦੀ ਮੌਕੇ ਨਾਨਕਵਾਦ ਨੂੰ ਅਪਣਾਉਣ ਦੇ ਇੱਛੁਕ ਸਿੱਖਾਂ ਨੂੰ ‘ਤੱਤ ਗੁਰਮਤਿ ਪਰਵਾਰ’ ਵਿੱਚ ਸ਼ਾਮਲ ਹੋਣ ਦਾ ਸੱਦਾ

- ਤੱਤ ਗੁਰਮਤਿ ਪਰਵਾਰ -

ਤੱਤ ਗੁਰਮਤਿ ਕੀ ਹੈ?

ਗੁਰਮਤਿ (ਨਾਨਕਵਾਦ) ਉਹ ਵਿਚਾਰਧਾਰਾ ਹੈ ਜਿਸਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ਜਾਗ੍ਰਿਤ ਕਰਕੇ ਇਕ ਆਦਰਸ਼ ਮਨੁੱਖ ਦੀ ਸਾਜਨਾ ਕਰਨਾ ਹੈ। ਇਹਨਾਂ ਆਦਰਸ਼ ਮਨੁੱਖਾਂ ਰਾਹੀਂ ਹੀ ‘ਬੇਗਮਪੁਰਾ’ ਦੀ ਸਥਾਪਨਾ ਹੋ ਸਕਦੀ ਹੈ। ਇਸ ਗੁਰਮਤਿ ਵਿਚਾਰਧਾਰਾ ਨੂੰ ਦਸ ਨਾਨਕ ਜਾਮਿਆਂ ਨੇ ਪ੍ਰਕਟ ਕੀਤਾ, ਜੀਵਿਆ ਅਤੇ ਪ੍ਰਚਾਰਿਆ। ਇਸ ਵਿਚਾਰਧਾਰਾ ਦਾ ਸ੍ਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਇਸ ਵਿਚਾਰਧਾਰਾ ਦੀ ਸਭ ਤੋਂ ਵੱਡੀ ਖੂਬੀ ਇਸ ਦਾ ‘ਨਿਰੋਲ ਮਨੁੱਖਤਾਵਾਦੀ’ (ਸਰਬਤ ਦਾ ਭਲਾ) ਹੋਣਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਚਲਿਤ ਧਰਮ ਦੀ ਵਿਚਾਰਧਾਰਾ ਨਿਰੋਲ ਮਨੁੱਖਤਾਵਾਦੀ (ਵਿਤਕਰੇ ਰਹਿਤ) ਨਹੀਂ ਸੀ।

ਹੁਣ ਸਵਾਲ ਉਠਦਾ ਹੈ ਕਿ ‘ਗੁਰਮੱਤਿ’ ਦੀ ਥਾਂ ‘ਤੱਤ ਗੁਰਮਤਿ’ ਲਫਜ਼ ਵਰਤਣ ਦੀ ਲੋੜ ਕਿਉਂ ਪਈ? ਨਾਨਕਵਾਦ ਦੀ ਇਸ ਮਨੁੱਖਤਾਵਾਦੀ ਵਿਚਾਰਧਾਰਾ ਵਾਸਤੇ ‘ਗੁਰਮਤਿ’ ਲਫਜ਼ ਹੀ ਵਰਤਿਆ ਜਾਂਦਾ ਸੀ। ਪਰ ਪਿਛਲੇ ਲਗਭਗ 250 ਸਾਲਾਂ ਵਿਚ ਸਿੱਖ ਕੌਮ ਦੀ ਬੇਧਿਆਨੀ, (ਸੱਚ ਤੇ ਮਨੁੱਖਤਾ ਵਿਰੋਧੀ) ਬ੍ਰਾਹਮਣਵਾਦੀ ਤਾਕਤਾਂ ਦੀ ਸਾਜਿਸ਼ਾਂ ਅਤੇ ਹੋਰ ਕਈਂ ਕਾਰਨਾਂ ਕਰਕੇ ਇਸ ਵਿਚਾਰਧਾਰਾ (ਦੀ ਵਿਆਖਿਆ) ਦਾ ਮੂੰਹ- ਮੁਹਾਂਦਰਾ ਹੀ ਉਲਟਾ ਕੇ ਰੱਖ ਦਿਤਾ ਹੈ। ਸਿੱਖ ਸਮਾਜ ਦੀ ਮੌਜੂਦਾ ਹਾਲਤ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਸਮਾਜ ਵਿਚ ਉਹ ਸਾਰੇ ਗਲਤ ਕੰਮ, ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਦੂਰ ਰਹਿਨ ਦੀ ਪ੍ਰੇਰਣਾ ‘ਨਾਨਕਵਾਦ’ (ਗੁਰਮਤਿ) ਦੇਂਦਾ ਹੈ।

ਅੱਜ ਸਿੱਖ ਸਮਾਜ ਦੇ ਲਗਭਗ ਹਰ ਪ੍ਰਚਲਿਤ ਧਰਮ ਸਥਾਨ (ਗੁਰਦੁਆਰੇ, ਡੇਰੇ, ਤਖਤ ਆਦਿ) ਵਿਚ ਗੁਰਮਤਿ ਤਾਂ ਬਹੁਤ ਘੱਟ ਮਿਲਦੀ ਹੈ ਪਰ ਬ੍ਰਾਹਮਨਵਾਦੀ ਰੀਤਾਂ ਦੇ ਕਰਮਕਾਂਡਾਂ ਦਾ ਪਸਾਰਾ ਆਮ ਵੇਖਿਆ ਜਾ ਸਕਦਾ ਹੈ। ਹੋਰ ਤਾਂ ਹੋਰ ਸਭ ਤੋਂ ਪ੍ਰਮਾਨਿਕ ਮੰਨੀ ਜਾਂਦੀ (ਪੰਥ ਪ੍ਰਵਾਨਿਤ) ‘ਸਿੱਖ ਰਹਿਤ ਮਰਿਯਾਦਾ’ ਵਿਚ ਵੀ ਅਨੇਕਾਂ ਨੁਕਤੇ ਐਸੇ ਹਨ ਜੋ ਨਾਨਕਵਾਦ (ਗੁਰੂ ਗ੍ਰੰਥ ਸਾਜਿਬ ਜੀ) ਦੀ ਕਸਵੱਟੀ ਤੇ ਖਰੇ ਨਜ਼ਰ ਨਹੀਂ ਆਉਂਦੇ। ਭਾਵ ਕਿ ਕੌਮ ਨੇ ਨਾਨਕਵਾਦ ਦੀ ਵਿਚਾਰਧਾਰਾ ਨੂੰ ਹੀ ਪਲਟ ਕੇ ਰੱਖ ਦਿਤਾ ਹੈ। ਫੇਰ ਵੀ ਹਰ ਪ੍ਰਚਾਰਕ, ਜੱਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ ਪ੍ਰਚਾਰ’ ਹੀ ਕਹਿ ਰਿਹਾ ਹੈ ਭਾਂਵੇ ਉਨ੍ਹਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿਤਨਾ ਵੀ ਉਲਟ ਕਿਉਂ ਨਾ ਹੋਵੇ।

ਐਸੇ ਹਾਲਾਤ ਤੋਂ ਚਿੰਤਿਤ ਕੁਝ ਜਾਗਰੂਕ ਸਿੱਖਾਂ ਨੇ ਨਾਨਕਵਾਦ ਨੂੰ ਦੁਬਾਰਾ ਫੇਰ ਉਸਦੇ ਖਰੇ ਅਤੇ ਸਪਸ਼ਟ ਰੁਪ ਵਿਚ ਸਾਹਮਣੇ ਲਿਆਉਣ ਦਾ ਬੀੜਾ ਚੁਕਿਆ। ਇਹੋ ਜਿਹੇ ਪੰਥਦਰਦੀਆਂ ਵਲੋਂ ਹੀ ‘ਤੱਤ ਗੁਰਮਤਿ’ (ਸਹੀ ਗੁਰਮਤਿ) ਲਫਜ਼ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ। ਹੋਲੀ-ਹੋਲੀ ਇਹ ਜਾਗ੍ਰਿਤੀ ਇਕ ‘ਪੁਨਰਜਾਗਰਨ ਲਹਿਰ’ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਤੱਤ ਗੁਰਮਤਿ ਪਰਵਾਰ

ਸਿੱਖ ਸਮਾਜ ਵਿਚ ਸਭ ਤੋਂ ਪ੍ਰਮਾਨਿਕ (ਗੁਰਮਤਿ ਅਨੁਸਾਰੀ) ਸਮਝੀ ਅਤੇ ਪ੍ਰਚਾਰੀ ਜਾਂਦੀ ਵਿਚਾਰਧਾਰਾ ਪੰਥ ਪ੍ਰਵਾਨਤ ‘ਸਿਖ ਰਹਿਤ ਮਰਿਯਾਦਾ’ ਹੈ। ਅਕਾਲ ਤਖਤ ਦੇ ਨਾਂ ਤੇ ਜਾਰੀ ਹੋਣ ਅਤੇ ਕੌਮ ਦੀ ਕੇਂਦਰੀ ਧਾਰਮਿਕ ਜਥੇਬੰਦੀ (ਸ਼੍ਰੋਮਣੀ ਕਮੇਟੀ) ਵਲੋਂ ਤਿਆਰ ਕੀਤੀ ਹੋਣ ਕਰਕੇ ਇਸ ਦੀ ਪ੍ਰਮਾਨਿਕਤਾ ਹੋਰ ਵੀ ਵੱਧ ਸਮਝੀ ਜਾਂਦੀ ਹੈ। ਇਸ ਨੂੰ ਵੀ ਪੂਰੀ ਤਰਾਂ ਕੌਮ ਦਾ ਜ਼ਿਆਦਾਤਰ ਹਿੱਸਾ (ਸਮੇਤ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੇ) ਪ੍ਰਵਾਨ ਨਹੀਂ ਕਰਦਾ। ਕੌਮ ਦਾ ਜਾਗਰੂਕ ਤਬਕਾ ਸਮਝੀ ਜਾਂਦੀ ਮਿਸ਼ਨਰੀ ਲਹਿਰ ਵਲੋਂ ਇਸ ਨੂੰ ਇੰਨ ਬਿੰਨ ਮੰਨਣ ਦੀ ਪ੍ਰੋੜਤਾ (ਜ਼ਿਦ) ਕੀਤੀ ਜਾਂਦੀ ਹੈ। ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਸ ਰਹਿਤ ਮਰਿਯਾਦਾ ਵਿਚ ਹੀ ਅਨੇਕਾਂ ਨੁਕਤੇ ਐਸੇ ਹਨ ਜੋ ਨਿਰੋਲ ਨਾਨਕਵਾਦ ਦੀ ਖਿਲਾਫਤ ਕਰਦੇ ਕਰਦੇ ਨਜ਼ਰ ਆਉਂਦੇ ਹਨ। ‘ਨਾਨਕਵਾਦ’ ਦੀ ਵਿਆਖਿਆ ਦਾ ਮੂੰਹ ਮੁਹਾਂਦਰਾ ਗਲਤ ਪੇਸ਼ ਕਰਨ ਵਿਚ ਇਹ ਰਹਿਤ ਮਰਿਯਾਦਾ ਦੀਆਂ ਕੁਝ ਮਦਾਂ ਕਾਫ਼ੀ ਹੱਦ ਤੱਕ ਯੋਗਦਾਨ ਪਾ ਰਹੀਆਂ ਹੈ। ਇਸ ਰਹਿਤ ਮਰਿਯਾਦਾ ਦਾ ਇੰਨ-ਬਿੰਨ ਪਾਲਨ ਵੀ ਇਕ ਸਿੱਖ ਨੂੰ ਨਾਨਕਵਾਦ (ਗੁਰੂ ਗ੍ਰੰਥ ਸਾਹਿਬ ਜੀ) ਦਾ ਦੋਖੀ ਅਤੇ ਦੋਗਲਾ ਬਨਣ ਲਈ ਮਜ਼ਬੂਰ ਕਰ ਰਿਹਾ ਹੈ।

ਐਸੇ ਹਾਲਾਤ ਵਿਚ ‘ਗੁਰਮਤਿ’ ਦੀ ਸੋਝੀ ਰਖਣ ਵਾਲੇ ਗੁਰਸਿੱਖਾਂ ਦਾ ਇਸ ਪੰਥ ਪ੍ਰਵਾਨਿਤ (ਰਹਿਤ ਮਰਿਆਦਾ ਦੀਆਂ ਮਦਾਂ ਨੂੰ ਇੰਨ-ਬਿੰਨ ਮੰਨਣਾ) ਗੁਰਮੱਤ ਸਿਧਾਂਤਾਂ ਦੇ ਅਨੁਕੂਲ ਨਹੀਂ ਜਾਪਦਾ, ਇਨ੍ਹਾਂ ਗੁਰਸਿੱਖਾਂ ਦਾ ਮਨ ਇਸ ਗੱਲ ਵਾਸਤੇ ਤਿਆਰ ਨਹੀਂ ਹੋ ਸਕਿਆ ਕਿ ਉਹ ਪੰਥ ਪ੍ਰਵਾਨਿਕਤਾ ਦੇ ਨਾਂ ਉਨੂੰਤੇ ਐਸਾ ਜੀਵਨ ਜੀਊਂਦੇ ਰਹਿਣ, ਜਿਹੜਾ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਸਿਧਾਤਾਂ ਦੇ ਬਿਲਕੁਲ ਵਿਪਰੀਤ ਹੋਵੇ। ਸੋ ਉਨ੍ਹਾਂ ਨੇ ਤੱਤ ਗੁਰਮਤਿ ਦੇ ਨਾਂ ਹੇਠ ਲਿਖਤਾਂ, ਲੈਕਚਰਾਂ ਆਦਿ ਰਾਹੀਂ ਜਾਗਰੁਕਤਾ ਲਿਆਉਣੀ ਸ਼ੁਰੂ ਕਰ ਦਿਤੀ ।

ਬੇਸ਼ਕ ਹੁਣ ਤੱਤ ਗੁਰਮਤਿ ਦਾ ਕੁਝ ਪ੍ਰਚਾਰ ਤਾਂ ਹੋ ਰਿਹਾ ਹੈ ਪਰ ਆਮ ਜੀਵਨ ਵਿਚ ਇਸ ਦੀ ਝਲਕ ਬਹੁਤ ਘੱਟ ਵੇਖਣ ਨੂੰ ਮਿਲ ਰਹੀ ਹੈ। ਵਿਅਕਤੀਗਤ ਪਨੂੰਧਰ ਉਤੇ ਤਿੰਨ-ਚਾਰ ਐਸੇ ਤੱਤ ਗੁਰਮਤਿ ਸਮਾਗਮ (ਦਿਲੀ, ਜੰਮੂ, ਫਰੀਦਾਬਾਦ, ਮੋਹਾਲੀ ਆਦਿ) ਹੋਏ ਹਨ ਪਰ ਇਹਨਾਂ ਦੀ ਇਕ ਪ੍ਰਚੰਡ ਲਹਿਰ ਚਲਾਉਣ ਦੀ ਲੋੜ ਹੈ। ਐਸੇ ਸਮਾਗਮਾਂ ਦੇ ਘੱਟ ਹੋਣ ਦਾ ਵੱਡਾ ਕਾਰਨ ਹੈ ਕਿ ਐਸੇ ਸਮਾਗਮਾਂ ਨੂੰ ਕਰਨ ਵੇਲੇ ਕਈਆਂ ਦੀ ਨਰਾਜ਼ਗੀ ਸਹੇੜਨੀ ਪੈਂਦੀ ਹੈ। ‘ਪੰਥ ਚੋਂ ਛੇਕੇ ਜਾਣ’ ਦਾ ਵੀ ਡਰ ਬਣਿਆ ਰਹਿੰਦਾ ਹੈ। ਨਾਲ ਹੀ ਐਸੇ ਸਮਾਗਮਾਂ ਦੀ ਹਿਮਾਇਤ ਕਰਨ ਵਾਲੇ ਅਤੇ ਉਸ ਨੂੰ ਸਿਰੇ ਚੜਾਉਣ ਵਿਚ ਮਦਦ ਕਰਨ ਵਾਲੇ ਸਾਥੀ ਨਹੀਂ ਮਿਲ ਪਾਉਂਦੇ ਕਿਉਂਕਿ ਐਸੀ ਸੋਚ ਵਾਲਿਆਂ ਦਾ ਕੋਈ ਸਾਂਝਾ ਪਲੇਟਫਾਰਮ ਵੀ ਨਹੀਂ ਹੈ। ਨਾਲ ਹੀ ਵਿਅਕਤੀਗਤ ਤੌਰ ਤੇ ਕੀਤੇ ਗਏ ਸਮਾਗਮ ‘ਅਪਣੀ ਅਪਣੀ ਡਫਲੀ ਅਪਣਾ ਅਪਣਾ ਰਾਗ’ ਵਾਂਗੂ ਵੀ ਸਿੱਧ ਹੋ ਰਹੇ ਹਨ।

ਸੋ ‘ਤੱਤ ਗੁਰਮਤਿ ਪਰਵਾਰ’ ਐਸੀ ਸੋਚ ਰੱਖਣ ਵਾਲੇ ਜਾਗਰੂਕ ਸਿੱਖਾਂ ਵਾਸਤੇ ਇਕ ਸਾਂਝਾ ਪਲੇਟਫਾਰਮ ਬਣਾਉਣ ਦਾ ਉਪਰਾਲਾ ਹੈ।‘ਤੱਤ ਗੁਰਮਤਿ ਪਰਵਾਰ’ ਵੱਡੇ ਸਿੱਖ ਸਮਾਜ (ਕੌਮ) ਦਾ ਹੀ ਇਕ ਪਰਵਾਰ (ਹਿੱਸਾ) ਹੈ ਜਿਸ ਦੇ ਮੈਂਬਰਾਂ ਦਾ ਮੁਖ ਮਕਸਦ ‘ਨਾਨਕਵਾਦ’ ਨੂੰ ਇਸਦੇ ਨਿਰੋਲ ਖਰੇ, ਸਪਸ਼ਟ ਮਨੁੱਖਤਾਵਾਦੀ ਰੂਪ ਵਿਚ ਦੁਨੀਆਂ ਦੇ ਸਾਹਮਣੇ ਲਿਆਉਣ ਅਤੇ ਉਸ ਅਨੁਸਾਰ ਜੀਵਨ ਜਾਚ ਬਣਾਉਣ ਲਈ ਹਰ ਸੰਭਵ ਜਤਨ ਕਰਨਾ ਹੈ। ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੋਈ ਸੰਸਥਾ, ਜਥੇਬੰਦੀ ਜਾਂ ਕਾਲਜ ਆਦਿ ਨਹੀਂ ਹੈ ਅਤੇ ਨਾ ਹੀ ਇਸਦੇ ਕੋਈ ਪ੍ਰਧਾਨ, ਸੈਕਟਰੀ, ਚੈਅਰਮੈਨ ਆਦਿ ਹਨ।

ਤੱਤ ਗੁਰਮਤਿ ਪਰਵਾਰ ਕੰਮ ਕਿਵੇਂ ਕਰੇਗਾ?

ਇਸ ਪਰਵਾਰ ਦਾ ਸਭ ਤੋਂ ਪਹਿਲਾਂ ਕੰਮ ਇਸ ਦੇ ਮੈਂਬਰਾਂ ਦੀ ਇਕ ਡਾਇਰੈਕਟਰੀ ਤਿਆਰ ਕਰਨਾ ਹੈ। ਇਸ ਡਾਇਰੈਕਟਰੀ ਵਿਚ ਮੈਂਬਰਾਂ ਦੇ ਨਾਂ, ਪਤੇ, ਫੋਨ ਨੰ. ਆਦਿ ਹੋਣਗੇ ਤਾਂਕਿ ਉਹ ਸਾਂਝੇ ਤੌਰ ਤੇ ਇਸ ਪੁਨਰਜਾਗਰਨ ਲਹਿਰ ਨੂੰ ਅੱਗੇ ਵਧਾ ਸਕਨ। ਇਸ ਪ੍ਰਵਾਰ ਦਾ ਮੈਂਬਰ ਬਨਣ ਲਈ ਮੁਢਲੀ ਸ਼ਰਤ ਸਿਰਫ ਇਕ ਇਹ ਹੀ ਹੈ :

‘‘ਉਹ ਮਨੁੱਖ ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ (ਰਾਗਮਾਲਾ ਨੂੰ ਛੱਡ ਕੇ) ਅਪਣਾ ਗੁਰੂ (ਸਹੀ ਮਾਇਨੇ) ਵਿੱਚ ਮੰਨਦਾ ਹੈ, ਉਹੀ ਇਸ ਦਾ ਮੈਂਬਰ ਬਣ ਸਕਦਾ ਹੈ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਗੁਰੂ’ ਮੰਨਣ ਦਾ ਸਪਸ਼ਟ ਭਾਵ ਇਹ ਵੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ (ਗੁਰੂ) ਨਾ ਮੰਨਦਾ ਹੋਵੇ।’’

ਤੱਤ ਗੁਰਮਤਿ ਪਰਵਾਰ ਦਾ ਕੰਮ ਚਲਾਉਣ ਲਈ ਕਝ ਮੁੱਢਲੇ ਪ੍ਰਬੰਧਕੀ ਸੇਵਾਦਾਰ ਹੋਣਗੇ। ਇਹੀ ਬਾਅਦ ਵਿਚ ਤੱਤ ਗੁਰਮਤਿ ਪਰਵਾਰ ਦੇ ਬਾਕੀ ਅੰਗਾਂ ਦੇ ਪ੍ਰਬੰਧ ਬਾਰੇ ਫੈਸਲੇ ਲੈਣਗੇ। ਇਸ ਪਰਵਾਰ ਦੇ ਮੁੱਢਲੇ ਪ੍ਰਬੰਧਕੀ ਸੇਵਾਦਾਰ ਹਨ :

1. ਪ੍ਰਿ. ਨਰਿੰਦਰ ਸਿੰਘ ਜੰਮੂ, 2. ਸ. ਦਲੀਪ ਸਿੰਘ ‘ਕਸ਼ਮੀਰੀ’, 3. ਸ. ਜਸਵਿੰਦਰ ਸਿੰਘ ਖਾਲਸਾ, 4. ਸ. ਮਨਜੀਤ ਸਿੰਘ ਮੋਹਾਲੀ, 5. ਸ. ਸੁਖਦੇਵ ਸਿੰਘ ਮੋਹਾਲੀ, 6. ਕਰਨਲ ਗੁਰਦੀਪ ਸਿੰਘ, 7. ਸ. ਤੇਜਪਾਲ ਸਿੰਘ ਦਿੱਲੀ, 8. ਸ. ਪ੍ਰੀਤਮ ਸਿੰਘ ਮਟਵਾਨੀ ‘ਮੋਗਾ’, 9. ਬੀਬੀ ਜਸਪ੍ਰੀਤ ਕੌਰ ਫਰੀਦਬਾਦ, 10. ਬੀਬੀ ਸਤਨਾਮ ਕੌਰ ਫਰੀਦਾਬਾਦ, 11. ਸ. ਗੁਰਿੰਦਰ ਸਿੰਘ ‘ਮੋਹਾਲੀ’, 12. ਸੀ.ਡੀ. ਸਿੰਘ ਜੰਮੂ, 13. ਸ. ਦਵਿੰਦਰ ਸਿੰਘ ‘ਆਰਟਿਸਟ’ ਖਰੜ, 14. ਸ. ਜੋਗਿੰਦਰ ਸਿੰਘ ਦਿੱਲੀ।

ਤੱਤ ਗੁਰਮਤਿ ਪਰਵਾਰ ਵਲੋਂ ਅਪਣਾ ਇਕ ਮੈਗਜ਼ੀਨ ‘ਤੱਤ ਗੁਰਮਤਿ ਦਰਪਣ’ ਵੀ ਕੱਢਿਆ ਜਾਵੇਗਾ। ਇਸ ਵਿਚ ਤੱਤ ਗੁਰਮਤਿ ਨਾਲ ਸੰਬੰਧਿਤ ਲੇਖ, ਪਰਵਾਰ ਦੀ ਸਰਗਰਮੀਆਂ, ਪਰਵਾਰ ਦੇ ਮੈਂਬਰਾਂ ਵਾਸਤੇ ਸੇਧਾਂ ਅਤੇ ਕਈਂ ਹੋਰ ਫੀਚਰਜ਼ ਹੋਣਗੇ। ਸ਼ੁਰੂ ਵਿਚ ਇਹ ਮੈਗਜ਼ੀਨ ਤ੍ਰੈ-ਮਾਸਿਕ ਹੋਵੇਗਾ। ਤੱਤ ਗੁਰਮਤਿ ਪਰਵਾਰ ਵਲੋਂ ਮੰਨੇ-ਪ੍ਰਮੰਨੇ ਤੱਤ ਗੁਰਮਤਿ ਵਿਦਵਾਨਾਂ (ਬੇਸ਼ਕ ਉਹ ਪਰਵਾਰ ਦੇ ਮੈਂਬਰ ਨਾ ਹੋਣ) ਦਾ ਇਕ ਪੈਨਲ ਬਣਾਇਆ ਗਿਆ ਹੈ। ਇਸ ਪੈਨਲ ਤੋਂ ਪਾਸ ਕਰਵਾਕੇ ਅਤੇ ਗੁਰਬਾਣੀ ਦੀ ਕਸਵਟੀ ’ਤੇ ਪਰਖ ਕੇਤੱਤ ਗੁਰਮਤਿ ਆਧਾਰਿਤ ਛੋਟੇ-ਛੋਟੇ ਟ੍ਰੈਕਟ ਅਤੇ ਕਿਤਾਬਾਂ ਛਾਪੀਆਂ ਜਾਣਗੀਆਂ। ਇਸ ਪੈਨਲ ਦੇ ਮੁਢਲੇ ਮੈਂਬਰ ਹਨ :

ਸ. ਗੁਰਬਖਸ਼ ਸਿੰਘ ‘ਕਾਲਾ ਅਫਗਾਨਾ’, ਪ੍ਰੋ. ਇੰਦਰ ਸਿੰਘ ‘ਘੱਗਾ’, ਸ. ਗੁਰਚਰਨ ਸਿੰਘ ‘ਮਿਸ਼ਨਰੀ’ ਮੋਹਾਲੀ, ਸ. ਜਸਬਿੰਦਰ ਸਿੰਘ ‘ਖਾਲਸਾ’, ਸ. ਅਮਰਜੀਤ ਸਿੰਘ ‘ਚੰਦੀ’, ਸ. ਰਵਿੰਦਰ ਸਿੰਘ ‘ਪਿੰਜੌਰ’, ਸ. ਸਰਬਜੀਤ ਸਿੰਘ ਦਿੱਲੀ।

ਤੱਤ ਗੁਰਮਤਿ ਪਰਵਾਰ ਦਾ ਹਰ ਫੈਸਲਾ ਬਹੁਸੰਮਤੀ ਜਾਂ ਸਰਬ-ਸੰਮਤੀ ਦੀ ਥਾਂ ਸਿਰਫ ਤੇ ਸਿਰਫ ‘ਗੁਰੂ-ਸੰਮਤੀ’ ਨਾਲ ਹੋਵੇਗਾ। ਇਸ ਦੇ ਕਿਸੇ ਫੈਸਲੇ ਵਿਚ ਵੀ ਪ੍ਰਚਲਿਤ ਪਰੰਪਰਾ, ਪੰਥ-ਪ੍ਰਵਾਨਿਕਤਾ ਆਦਿ ਦੇ ਨਾਂ ਉਤੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਧਾਰਿਤ ਦਲੀਲ ਨਾਲ ‘ਮਨੁੱਖਤਾ ਦੇ ਭਲੇ’ ਵਾਲੇ ਫੈਸਲੇ ਲਏ ਜਾਣਗੇ। ਡਾਇਰੈਕਟਰੀ ਤਿਆਰ ਹੋਣ ਤੋਂ ਬਾਅਦ ਮੈਂਬਰਾਂ ਦੀ ਇਕ ਪ੍ਰਵਾਰਕ ਮਿਲਨੀ (ਇਜਲਾਸ) ਰੱਖੀ ਜਾਵੇਗੀ ਜਿਸ ਪ੍ਰਵਾਰ ਸੰਬੰਧਤ ਹੋਰ ਜ਼ਰੂਰੀ ਸੇਧਾਂ ਅਤੇ ਫੈਸਲੇ ਲਏ ਜਾਣਗੇ।

ਤੱਤ ਗੁਰਮਤਿ ਪਰਵਾਰ ਬਾਰੇ ਕੁਝ ਖਾਸ

ਪਰਵਾਰ ਦੇ ਪ੍ਰਚਾਰ ਦਾ ਇਕੋ ਇਕ ਹਥਿਆਰ ਨਾਨਕ ਪਾਤਸ਼ਾਹ ਜੀ ਦੀ ‘ਗਿਆਨ ਖੜਗ’ ਹੋਵੇਗੀ। ਕਿਸੇ ਵੀ ਜਥੇਬੰਦੀ ਜਾਂ ਸੰਸਥਾ ਨਾਲ ਪਰਵਾਰ ਦਾ ਕੋਈ ਟਕਰਾ ਜਾਂ ਰੰਜ਼ਿਸ਼ ਨਹੀਂ ਹੈ। ਕਿਸੇ ਵੀ ਸ਼ਰੀਰਕ ਟਕਰਾ ਤੋਂ ਬਚਣ ਦਾ ਹਰ ਸੰਭਵ ਜਤਨ ਕੀਤਾ ਜਾਵੇਗਾ। ਪਰਵਾਰ ਕਿਸੇ ਨਾਲ ਵੀ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ’ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਤੇ ਸੁਹਿਰਦ ਵਿਚਾਰ ਚਰਚਾ ਦਾ ਹਮੇਸ਼ਾ ਸੁਆਗਤ ਕਰੇਗਾ। ਪਰ ਧੌਂਸ ਆਧਾਰਿਤ ਕਿਸੇ ਵੀ ਕਾਰਵਾਈ ਤੋਂ ‘‘ਮੂਰਖੈ ਨਾਲ ਨ ਲੁਝੀਐ’’ ਅਨੁਸਾਰ ਬਚਿਆ ਜਾਵੇਗਾ। ਪਰਵਾਰ ਵਿਰੁਧ ਕਿਸੇ ਵੀ ‘ਭੰਡੀ ਪ੍ਰਚਾਰ’ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿਚ ਸਿਰਫ ਪ੍ਰਚਾਰ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰਵਾਰ ਦੇ ਮੈਗਜ਼ੀਨ, ਟ੍ਰੈਕਟ, ਕਿਤਾਬਾਂ ਆਦਿ ਵਿਚ ਛਪੇ ਵਿਚਾਰ ਮੁਢਲੇ ਤੌਰ ਤੇ ਪਰਵਾਰ ਦੇ ਮੈਬਰਾਂ ਵਾਸਤੇ ਹੋਣਗੇ। ਜੇ ਕਿਸੇ ਵਿਅਕਤੀ ਨੂੰ ਵਿਅਕਤੀਗਤ ਸੋਚ ਕਾਰਨ ਉਹ ਵਿਚਾਰ ਠੇਸ ਪਹੁੰਚਾਉਂਦੇ ਹਨ ਤਾਂ ਪਰਵਾਰ ਉਸ ਪ੍ਰਤੀ ਜਵਾਬਦੇਹ ਨਹੀਂ ਹੋਵੇਗਾ। ਹਾਂ, ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਧਾਰਿਤ ਦਲੀਲ ਨਾਲ ਪਰਵਾਰ ਦੇ ਕਿਸੀ ਵਿਚਾਰ ਨੂੰ ਗਲਤ ਸਾਬਿਤ ਕਰ ਦਿੰਦਾ ਹੈ ਤਾਂ ਬਿਨਾ ਸ਼ਰਤ ਮਾਫੀ ਮੰਗ ਕੇ ਉਸ ਵਿਚ ਗੁਰਮਤਿ ਆਧਾਰਿਤ ਸੁਝਾਅ ਅਨੁਸਾਰ ਲੋੜੀਂਦੀ ਸੋਧ ਕਰ ਲਈ ਜਾਵੇਗੀ। ਪਰਵਾਰ ਦੇ ਸਾਰੇ ਆਰਥਿਕ ਸੋਮੇ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੇ ਜਾਣਗੇ ਤਾਂ ਕਿ ਬੇਲੋੜੇ ਖਰਚ ਤੋਂ ਬਚਿਆ ਜਾ ਸਕੇ। ਪਰਵਾਰ ‘ਅਕਾਲ ਤਖਤ’ ਦੇ ਨਾਂ ’ਤੇ ਜਾਂ ਕਿਸੇ ਹੋਰ ਵਲੋਂ ਕਿਸੇ ਨੂੰ ਵੀ ‘ਪੰਥ’ ਵਿਚੋਂ ਛੇਕਨ ਦੀ ਕਾਰਵਾਈ ਨੂੰ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦਾ। ਇਸ ਕਰਕੇ ਪਰਵਾਰ ਦੇ ਕਿਸੇ ਵੀ ਮੈਂਬਰ ਖਿਲਾਫ ਹੋਈ ਐਸੀ ਕਿਸੇ ਵੀ ਕਾਰਵਾਈ ਦਾ ਨੋਟਿਸ ਨਹੀਂ ਲਿਆ ਜਾਵੇਗਾ ਬਲਕਿ ਉਸ ਨੂੰ ਨਜ਼ਰਅੰਦਾਜ਼ ਕਰ ਦਿਤਾ ਜਾਵੇਗਾ। ਵੈਸੇ ਪਰਵਾਰ ਅਕਾਲ ਤਖਤ ਦੀ ਸੰਸਥਾ ਨੂੰ ਇਸਦੇ ਸਹੀ ਸਰੂਪ ਵਿਚ (ਜਿਵੇਂ ਕਿ ਛੇਂਵੇ ਨਾਨਕ ਜਾਮੇ ਨੇ ਇਸ ਨੂੰ ਬਣਾਇਆ ਸੀ) ਇਸਨੂੰ ਸਮਰਪਿਤ ਹੈ। ਪਰ ਇਸ ਨੂੰ ਕਚਿਹਰੀ ਦੇ ਰੂਪ (ਜੋ ਭ੍ਰਿਸ਼ਟ ਰਾਜਨੀਤਿਕਾਂ ਅਤੇ ਪੁਜਾਰੀਆਂ ਨੇ ਇਸ ਨੂੰ ਦੇ ਦਿਤਾ ਹੈ) ਵਿਚ ਪਰਵਾਰ ਗੁਰਮਤਿ ਵਿਰੋਧੀ ਜਾਣ ਕੇ ਪ੍ਰਵਾਣ ਨਹੀਂ ਕਰਦਾ।

ਮੈਂਬਰਸ਼ਿਪ ਬਾਰੇ ਕੁਝ ਹੋਰ ਗੱਲਾਂ

ਫਿਲਹਾਲ ਤੱਤ ਗੁਰਮਤਿ ਪਰਵਾਰ ਦੀ ਮੈਂਬਰਸ਼ਿਪ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਹੈ। ਪਰਵਾਰ ਦੇ ਵਿਚਾਰਾਂ ਨਾਲ ਵਿਅਕਤੀਗਤ ਅਸਹਿਮਤੀ ਕਾਰਨ ਕੋਈ ਵੀ ਮੈਂਬਰ ਕਿਸੇ ਵੀ ਵੇਲੇ ਪਰਵਾਰ ਛੱਡਣ ਲਈ ਆਜ਼ਾਦ ਹੋਵੇਗਾ। ਵੈਸੇ ਹਰ ਮੈਂਬਰ ਦੇ ਹਰ ਛੋਟੇ ਤੋਂ ਛੋਟੇ ਸ਼ੰਕੇ ਦਾ ਵੀ ਗੁਰਮਤਿ ਆਧਾਰਿਤ ਦਲੀਲ ਨਾਲ ਸਪਸ਼ਟੀਕਰਨ ਦੇਣ ਦਾ ਹਰ ਸੰਭਵ ਜਤਨ ਕੀਤਾ ਜਾਵੇਗਾ। ਅਜਿਹੇ ਸਾਰੇ ਸ਼ੰਕਿਆਂ ਅਤੇ ਉਨ੍ਹਾਂ ਦੇ ਸਪਸ਼ਟੀਕਰਨਾਂ ਨੂੰ ਲਿਖਤੀ ਰੂਪ ਵਿਚ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇਗੀ। ਪਰਵਾਰ ਕਿਸੇ ਵੀ ਮੈਂਬਰ ਦੀ ਵਿਅਕਤੀਗਤ ਕਮਜ਼ੋਰੀ ਲਈ ਜਿੰਮੇਵਾਰ ਤੇ ਜਵਾਬਦੇਹ ਨਹੀਂ ਹੋਵੇਗਾ। ਪ੍ਰਬੰਧਕੀ ਸੇਵਾਦਾਰਾਂ ਵਿਚੋਂ ‘ਬਜ਼ਰ ਕੁਰਹਿਤ’ ਸਮੇਤ ਵੱਡੀ ਗਲਤੀ ਕਰਨ ਵਾਲੇ ਉਸ ਸੇਵਾਦਾਰੀ ਤੋਂ ਬਰਖਾਸਤ ਸਮਝੇ ਜਾਣਗੇ। ਪਰਵਾਰ ਦੇ ਕਿਸੇ ਵੀ ਸਮਾਗਮ ਵਿਚ ਕਿਸੇ ਨੂੰ ਵੀ ਕਿਸੀ ਵੀ ਸੇਵਾ ਬਦਲੇ ਸਿਰੋਪਾਉ, ਸਨਮਾਨ ਆਦਿ ਨਹੀਂ ਦਿਤਾ ਜਾਵੇਗਾ ਤਾਂਕਿ ਚੌਧਰ, ਚਾਪਲੂਸੀ, ਹੰਕਾਰ, ਗੁਟਬੰਦੀ ਆਦਿ ਅਲਾਮਤਾਂ ਨੂਂੰ ਪਰਵਾਰ ਤੋਂ ਦੂਰ ਰਖਿਆ ਜਾ ਸਕੇ। ਪਰਵਾਰ ਦੇ ਹਰ ਮੈਂਬਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪਰਵਾਰ ਨਾਲ ਜੁੜ ਕੇ ਹਰ ਸੇਵਾ ਨਿਸ਼ਕਾਮ ਭਾਵ ਨਾਲ (ਬਿਨਾਂ ਕਿਸੀ ਲਾਭ, ਸਨਮਾਨ ਆਦਿ ਦੀ ਇੱਛਾ ਦੇ) ਕਰੇਗਾ। ਪਰਵਾਰ ਪ੍ਰਤੀ ਕੀਤੀ ਗਈ ਹਰ ਉਸਾਰੂ ਆਲੋਚਣਾ ਦਾ ਸੁਆਗਤ ਕੀਤਾ ਜਾਵੇਗਾ। ਪਰਵਾਰ ਦੇ ਸਾਰੇ ਵਿੱਤੀ ਤੇ ਹੋਰ ਕੰਮ ਬਿਲਕੁਲ ਪਾਰਦਰਸ਼ੀ ਹੋਣਗੇ। ਕੁਝ ਵੀ ਗੁਪਤ ਨਹੀਂ ਹੋਵੇਗਾ। ਪਰਵਾਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਆਰਥਿਕ ਸਾਧਨਾਂ ਦੇ ਪ੍ਰਬੰਧ ਲਈ ਵੀਚਾਰਾਂ ਅਤੇ ਸੇਧਾਂ ਪਹਿਲੀ ਪਰਵਾਰਕ ਮਿਲਣੀ (ਇਜਲਾਸ) ਵੇਲੇ ਕੀਤੀਆਂ ਜਾਣਗੀਆਂ। ਪਰਵਾਰ ਦਾ ਹਰ ਮੈਂਬਰ ਨਾਲੋ ਨਾਲ ਕਿਸੇ ਵੀ ਹੋਰ ਪ੍ਰਚਲਿਤ ਪੰਥਕ ਜਥੇਬੰਦੀ, ਸੰਸਥਾ ਆਦਿ ਦਾ ਮੈਂਬਰ ਬਨਣ ਲਈ ਆਜ਼ਾਦ ਹੋਵੇਗਾ। ਉਹ ਕਿਸੇ ਹੋਰ ਸੰਸਥਾ ਦਾ ਮੈਂਬਰ ਵੀ ਬਣਿਆ ਰਹਿ ਸਕਦਾ ਹੈ।

ਤੱਤ ਗੁਰਮਤਿ ਪਰਵਾਰ ਦਾ ਮੈਂਬਰ ਬਣਨ ਲਈ ਤੁਸੀਂ ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਪੂਰਾ ਪਤਾ, ਫੋਨ ਨੰਬਰ, ਈ-ਮੇਲ ਪਤਾ, ਉਮਰ, ਕਿੱਤਾ, ਵਿਦਿਅਕ ਯੋਗਤਾ, ਭਾਸ਼ਾਵਾਂ ਦੀ ਜਾਣਕਾਰੀ, ਬਿੰਦੀ (ਦੁਨਿਆਵੀ) ਪਰਵਾਰ ਦੇ ਮੈਂਬਰਾਂ ਦੀ ਸੋਚ, ਤੱਤ ਗੁਰਮਤਿ ਦੇ ਪ੍ਰਚਾਰ ਲਈ ਕੋਈ ਸੁਝਾਅ ਆਦਿਕ ਲਿਖ ਕੇ ਹੇਠ ਲਿਖੇ ਪਤੇ ’ਤੇ ਭੇਜਣ ਦੀ ਖੇਚਲ ਕਰੋ ਜੀ :

ਤੱਤ ਗੁਰਮਤਿ ਪਰਵਾਰ
ਫਿਊਚਰ ਪੈਕ ਹਾਇਰ ਸੈਕੰਡਰੀ ਸਕੂਲ,
ਅੱਪਰ ਗਾਦੀਗੜ੍ਹ, ਨਜ਼ਦੀਕ ਏਅਰ ਪੋਰਟ,
ਜੰਮੂ-181101 (ਜੰਮੂ-ਕਸ਼ਮੀਰ)
ਫੋਨ : 9419126791, 9815971601, 9417440779, 9957813600
ਈ-ਮੇਲ : tatgurmat@gmail.com