

ਸਿੱਖ ਕੌਮ ਅਤੇ ਨੌਜੁਆਨਾਂ ਦਾ ਅੰਧਕਾਰਮਈ ਭਵਿੱਖ (ਭਾਗ-2)
- ਰਜਿੰਦਰ ਸਿੰਘ ਖ਼ਾਲਸਾ -
ਮੁੱਖ ਸੇਵਾਦਾਰ-ਸ਼੍ਰੋਮਣੀ ਖਾਲਸਾ ਪੰਚਾਇਤ
ਫੋਨ : 9876104726
ਕਹਿੰਦੇ ਹਨ, ‘ਪੰਜਾਬ ਵਸਦਾ ਗੁਰਾਂ ਦੇ ਨਾਂ ਤੇ।’ ਪਰ ਕਿਸੇ ਪੁਰਾਣੇ ਸਮਿਆਂ ਦੀ ਗਲ ਜਾਪਦੀ ਹੈ। ਉਂਜ ਵੀ ਸਿੱਖ ਪੁਰਾਤਨ ਸਿੰਘਾਂ ਦੀਆਂ ਗਲਾਂ ਸੁਣ-ਸੁਣਾਕੇ ਹੀ ਖੁਸ਼ ਹੋ ਲੈਂਦੇ ਹਨ। ਜੇ ਸਿੱਖਾਂ ਨੂੰ ਆਪਣੇ ਸਤਿਗੁਰੂ ਦੇ ਬਚਨਾਂ ਦਾ ਕੁਝ ਪਾਸ ਹੁੰਦਾ ਤਾਂ ਕੀ ਅਜ ਸਿੱਖ ਕੌਮ ਦੀ ਇਹ ਹਾਲਤ ਹੁੰਦੀ। ਪਰ ਜੇ ਕਿਤੇ ਗੁਰਬਾਣੀ ਵਿਚਾਰ ਕੇ ਪੜ੍ਹੀ ਹੁੰਦੀ ਤਾਂ ਸ਼ਾਇਦ ਕੁਝ ਪਤਾ ਲਗਦਾ, ਸਤਿਗੁਰੂ ਸਾਨੂੰ ਕੀ ਸਿਖਿਆ ਦੇਂਦੇ ਹਨ। ਅੱਜ ਦੇ ਹਾਲਾਤ ਵੇਖ ਕੇ ਤਾਂ ਜਾਪਦਾ ਹੈ ਕਿ ਸਿੱਖ ਆਪਣੇ ਸਤਿਗੁਰੂ ਦੇ ਨਾਂ ਨੂੰ ਰੱਜਕੇ ਕਲੰਕਿਤ ਕਰ ਰਹੇ ਹਨ। ਮੈਂ ਬਾਕੀ ਗਲਾਂ ਪਿਛੇ ਵੀ ਛੱਡ ਦਿਆਂ ਤਾਂ ਸਤਿਗੁਰੂ ਦੀ ਪਾਵਨ ਬਾਣੀ ਤਾਂ ਸਾਨੂੰ ਨਸ਼ਿਆਂ ਦਾ ਪੂਰਨ ਤਿਆਗ ਕਰਨ ਦਾ ਹੁਕਮ ਬਖਸ਼ਦੀ ਹੈ :
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ
॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
(ਸਲੋਕ ਮ: 3, ਪੰਨਾ 554)
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
(ਆਸਾ ਮਹਲਾ 5, ਪੰਨਾ 399)
ਸਤਿਗੁਰੂ ਦੇ ਇਤਨੇ ਸਪਸ਼ਟ ਹੁਕਮ ਹੁੰਦਿਆਂ ਅੱਜ ਹਾਲਤ ਇਹ ਹੈ ਕਿ ਦੁਨੀਆਂ ਵਿਚ ਲੋਕ ਸਿੱਖਾਂ ਨੂੰ ਸ਼ਰਾਬੀਆਂ ਅਤੇ ਨਸ਼ੇੜੀਆਂ ਦੀ ਕੌਮ ਕਰਕੇ ਪਹਿਚਾਣਦੇ ਹਨ। ਸਤਿਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਨਿਰਮਲ ਪੰਥ ਚਲਾਇਆ ਸੀ:
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥
(ਭਾਈ ਗੁਰਦਾਸ ਜੀ, 1-45-4)
ਅਸੀਂ ਗੁਰੂ ਦਾ ਅਤੇ ਗੁਰੂ ਦੇ ਨਿਰਮਲ ਪੰਥ ਦਾ ਚੰਗਾ ਨਾਂ ਰੌਸ਼ਨ ਕਰ ਰਹੇ ਹਾਂ। ਇਕ ਪ੍ਰੇਮੀ ਸੱਜਣ ਮੇਰੇ ਕੋਲ ਆਪਣੇ ਬੇਟੇ ਦੇ ਵਿਆਹ ਦਾ ਸੱਦਾ ਲੈ ਕੇ ਆਏ। ਇਕ ਲਿਫਾਫਾ ਜਿਸ ਵਿਚ ਪੰਜ-ਸੱਤ ਕਾਰਡ ਸਨ, ਮੇਰੇ ਅੱਗੇ ਰਖ ਦਿੱਤਾ, ਕਹਿਣ ਲਗੇ, ੱਵੀਰ ਜੀ ਤੁਸੀ ਸਾਰੇ ਪ੍ਰੋਗਰਾਮਾਂ ਵਿਚ ਜਰੂਰ ਆਉਣਾ ਹੈ, ਵਿਸ਼ੇਸ਼ ਕਰਕੇ ਸ਼ਨੀਵਾਰ ਸਵੇਰੇ ਅਸੀਂ ਘਰ ਅਖੰਡ-ਪਾਠ ਦਾ ਭੋਗ ਪਾਉਣਾ ਹੈ, ਉਸ ਵਿਚ ਤੁਸੀਂ ਗੁਰਮਤਿ ਵਿਚਾਰਾਂ ਵੀ ਕਰਨੀਆਂ-। ਫੇਰ ਇਕ ਦਮ ਪਤਾ ਨਹੀਂ ਕੀ ਖਿਆਲ ਆਇਆ, ਮੇਜ਼ ਤੇ ਪਿਆ ਕਾਰਡਾਂ ਦਾ ਲਿਫਾਫਾ ਚੁਕਕੇ, ਉਨ੍ਹਾਂ ਵਿਚੋਂ ਇਕ ਕਾਰਡ ਕੱਢ ਲਿਆ ਅਤੇ ਹੀ-ਹੀ ਕਰਕੇ ਕਹਿਣ ਲੱਗੇ, "ਇਹ ਤੁਹਾਡੇ ਮਤਲਬ ਦਾ ਨਹੀਂ"। ਮੈਂ ਕਿਹਾ ਚਲੋ ਇਤਨਾਂ ਤਾਂ ਦਸ ਦਿਓ ਤੁਸੀ ਮੈਨੂੰ ਕਿਸ ਪ੍ਰੋਗਰਾਮ ਦੇ ਕਾਬਲ ਨਹੀਂ ਸਮਝਿਆ। ਫੇਰ ਹੀ-ਹੀ ਕਰਕੇ ਕਹਿਣ ਲਗੇ, "ਅਸਲ ਵਿਚ ਸ਼ਨੀਵਾਰ ਸ਼ਾਮ ਨੂੰ ਅਸੀਂ ਘਰ ਕਾਕਟੇਲ (ਸ਼ਰਾਬ ਦੀ) ਪਾਰਟੀ ਰਖੀ ਹੈ।" ਮੈਂ ਕਿਹਾ, "ਪਰ ਹੁਣੇ ਤਾਂ ਤੁਸੀਂ ਕਿਹਾ ਸੀ, ਸ਼ਨੀਵਾਰ ਸਵੇਰੇ ਘਰ ਅਖੰਡ-ਪਾਠ ਦਾ ਭੋਗ ਪਾਉਣਾ ਹੈ"। "ਜੀ, ਪਰ ਉਹ ਤਾਂ ਸਵੇਰੇ ਹੈ"। ਮੈਂ ਪੁਛਿਆ, "ਤੁਹਾਨੂੰ ਸ਼ਰਮ ਨਾ ਆਵੇਗੀ, ਦੋ ਦਿਨ ਉਥੇ ਸਤਿਗੁਰੂ ਦੀ ਪਾਵਨ ਬਾਣੀ ਪੜ੍ਹੀ ਜਾਵੇਗੀ, ਤੇ ਸ਼ਾਮ ਨੂੰ ਹੀ ਉਹ ਕੰਮ ਕਰੋਗੇ, ਜਿਸ ਤੋਂ ਸਤਿਗੁਰੂ ਦੋ ਦਿਨ ਸਾਨੂੰ ਮਨ੍ਹਾਂ ਕਰਦੇ ਰਹੇ"। ਅਗੋਂ ਬੋਲੇ, "ਵੀਰ ਜੀ ਕੀ ਕਰੀਏ , ਲੋਕਾਂ ਨੂੰ ਮੂੰਹ ਵਿਖਾਉਣਾ ਪੈਂਦਾ ਹੈ"। ਮੈਂ ਪੁੱਛਿਆ, "ਕਦੇ ਇਹ ਵੀ ਖਿਆਲ ਆਇਆ ਹੈ ਕਿ ਗੁਰੂ ਨੂੰ ਵੀ ਮੂੰਹ ਵਿਖਾਉਣਾ ਹੈ? ਇਹ ਸਭ ਕੁਝ ਕਰਕੇ ਫੇਰ ਅਗਲੀ ਸਵੇਰੇ ਕਿਵੇਂ ਗੁਰੂ ਅਗੇ ਹਥ ਜੋੜ ਕੇ ਜਾ ਖਲੋਵੋਗੇ? ਨਾਲੇ ਅਸੀਂ ਲੋਕਾਂ ਨੂੰ ਕੀ ਮੂੰਹ ਵਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਹੋ ਕੇ ਹਰ ਕੰਮ ਆਪਣੇ ਗੁਰੂ ਦੇ ਹੁਕਮ ਦੇ ਉਲਟ ਕਰਦੇ ਹਾਂ"? "ਤੁਹਾਡੀ ਗੱਲ ਤਾਂ ਠੀਕ ਹੈ ਵੀਰ ਜੀ ! ਪਰ ਕੀ ਕਰੀਏ ਹਾਲਾਤ ਹੀ ਐਸੇ ਬਣ ਗਏ ਹਨ।" ਕਹਿੰਦੇ ਹੋਏ ਉਹ ਉਠ ਕੇ ਤੁਰ ਗਏ।
ਕਿਸ ਨੇ ਬਣਾਏ ਹਨ ਇਹ ਹਾਲਾਤ ? ਨਾਲੇ ਜੇ ਬਣ ਹੀ ਗਏ ਹਨ ਤਾਂ ਠੀਕ ਕੌਣ ਕਰੇਗਾ? ਕੀ ਸਾਡੀ ਕੌਮ ਦੇ ਗਲਤ ਹਾਲਾਤ ਨੂੰ ਠੀਕ ਕਰਨ ਲਈ ਕੋਈ ਬਾਹਰੋਂ ਆਵੇਗਾ? ਸਿੱਖ ਨੇ ਤਾਂ ਗੁਰੂ ਦਾ ਅੰਬੈਸਡਰ (ਜ਼ਿੰਮੇਵਾਰ ਨੁਮਾਇੰਦਾ) ਬਣਕੇ ਗੁਰੂ ਦੀ ਦੱਸੀ ਉਤਮ ਜੀਵਨ ਜੁਗਤ ਦਾ ਸੰਦੇਸ਼ ਸਮੁਚੀ ਮਨੁੱਖਤਾ ਤਕ ਪਹੁੰਚਾਉਣਾ ਸੀ, ਅਸੀਂ ਆਪ ਹੀ ਨਹੀਂ ਅਪਣਾਇਆ। ਸਿੱਖ ਨੇ ਤਾਂ ਮਾਨ ਨਾਲ ਸੰਸਾਰ ਨੂੰ ਦਸਣਾ ਸੀ ਕਿ ਦੁਨੀਆਂ ਦੇ ਲੋਕੋ ਵੇਖੋ, ਜਿਸ ਤੰਬਾਕੂ ਤੋਂ ਅਜ ਸੰਸਾਰ ਦੇ ਡਾਕਟਰ ਅਤੇ ਸਿਹਤ ਵਿਗਿਆਨੀ ਤ੍ਰਾਹਿ-ਤ੍ਰਾਹਿ ਕਰ ਰਹੇ ਹਨ, ਜਿਸ ਨੂੰ ਕੈਂਸਰ ਜਿਹੇ ਮਾਰੂ ਰੋਗ ਦਾ ਸਭ ਤੋਂ ਵੱਡਾ ਜਨਮ ਦਾਤਾ ਦਸਿਆ ਜਾ ਰਿਹਾ ਹੈ ਅਤੇ ਮਨੁੱਖੀ ਸਮਾਜ ਨੂੰ ਇਸ ਤੋਂ ਮੁਕਤ ਕਰਾਉਣ ਲਈ ਹੋਕੇ ਦਿਤੇ ਜਾ ਰਹੇ ਹਨ, ਸਾਡੇ ਸਤਿਗੁਰੂ ਨੇ ਸਦੀਆਂ ਪਹਿਲੇ ਸਾਡਾ ਇਸ ਤੋਂ ਖਹਿੜਾ ਛੁੜਾ ਦਿਤਾ ਸੀ। ਪਰ ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ। ਯੂ.ਪੀ., ਬਿਹਾਰ ਆਦਿ ਸੂਬਿਆਂ ਵਿਚੋਂ ਰੋਜ਼ੀ-ਰੋਟੀ ਦੀ ਭਾਲ ਵਿਚ ਆਏ ਕੁਝ ਮਜ਼ਦੂਰ ਇਸ ਤੰਬਾਕੂ ਰੂਪੀ ਮਹਾਮਾਰੀ ਨੂੰ ਵੱਡੇ ਪੱਧਰ ਤੇ ਸਾਡੇ ਪਿੰਡਾਂ ਵਿਚ ਲੈ ਆਏ। ਚਾਹੀਦਾ ਤਾਂ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਵੀ ਕੁਝ ਸਮਝਾ ਕੇ ਅਤੇ ਜੇ ਲੋੜ ਪੈਂਦੀ ਤਾਂ ਕੁਝ ਕਰੜਾਈ ਵਰਤ ਕੇ ਵੀ ਇਸ ਬਿਮਾਰੀ ਤੋਂ ਮੁਕਤ ਕਰਾ ਦੇਂਦੇ। ਉਨ੍ਹਾਂ ਦਾ ਵੀ ਭਲਾ ਹੋ ਜਾਂਦਾ। ਪਰ ਕਿਸੇ ਕੀਮਤ ਤੇ ਵੀ ਇਸ ਨੂੰ ਆਪਣੇ ਪਿੰਡਾਂ ਵਿਚ ਨਾ ਵੜਨ ਦੇਂਦੇ। ਪਰ ਇਸ ਤੋਂ ਵੱਧ ਦੁਖਦਾਈ ਗਲ ਹੋਰ ਕੀ ਹੋ ਸਕਦੀ ਹੈ ਕਿ ਜਿਸ ਲਾਹਨਤ ਨੂੰ ਸਾਡੇ ਸਤਿਗੁਰੂ ਜੀ ਨੇ ਬਜਰ ਕੁਰਹਿਤ ਵਿਚ ਸ਼ਾਮਲ ਕੀਤਾ, ਉਹ ਪਤਾ ਨਹੀ ਕਿਤਨੇ ਸਿੱਖ ਕਹਾਉਂਣ ਵਾਲਿਆਂ ਦੇ ਘਰਾਂ ਵਿਚ ਵੜ ਗਈ ਹੈ। ਜੇ ਇਸ ਦੇ ਅਸਰ ਦਾ ਇਕ ਛੋਟਾ ਜਿਹਾ ਨਜ਼ਾਰਾ ਹੀ ਵੇਖਣਾ ਹੋਵੇ, ਤਾਂ ਆਪਣੇ ਇਕ 65-70 ਸਾਲ ਦੇ ਬਜ਼ੁਰਗ ਦੇ ਬਰਾਬਰ ਇਕ ਤੰਬਾਕੂ ਪੀਣ ਜਾਂ ਖਾਣ ਵਾਲਾ 45-50 ਸਾਲ ਦਾ ਬੰਦਾ ਖੜਾ ਕਰਕੇ ਵੇਖ ਲਓ, ਉਹ 45-50 ਸਾਲ ਦਾ ਭਈਆ ਸਾਡੇ ਬਜ਼ੁਰਗ ਨਾਲੋਂ ਕਿਤੇ ਵਧੇਰੇ ਵਡੇਰੀ ਉਮਰ ਦਾ ਨਜਰ ਆਵੇਗਾ। ਫੇਰ ਇਹ ਤਾਂ ਇਤਨਾ ਖਤਰਨਾਕ ਨਸ਼ਾ ਹੈ ਕਿ ਤੰਬਾਕੂ ਪੀਣ ਵਾਲੇ ਵਿਅਕਤੀ ਦੇ ਕੋਲ ਖੜੇ ਵਿਅਕਤੀ (passive somoker) ਨੂੰ ਇਸ ਦਾ ਧੂਆਂ ਵਧੇਰੇ ਮਾਰੂ ਅਸਰ ਕਰਦਾ ਹੈ । ਸਭ ਤੋਂ ਜਿਆਦਾ ਖਾਂਸੀ, ਬਲਗਮ, ਟੀ ਬੀ ਅਤੇ ਦਮੇਂ ਜਿਹੇ ਖਤਰਨਾਕ ਰੋਗ ਜ਼ਿਆਦਾ ਤੌਰ ਤੇ ਇਸੇ ਕਾਰਨ ਹੁੰਦੇ ਹਨ।
ਜੇ ਬਿਮਾਰੀ ਹਦੋਂ ਵੱਧ ਜਾਵੇ ਤਾਂ ਡਾਕਟਰਾਂ ਨੂੰ ਅਕਸਰ ਵੱਡੇ-ਵੱਡੇ ਅਪਰੇਸ਼ਨ ਕਰਨੇ ਪੈਂਦੇ ਹਨ। ਜੇ ਸਮਾਜ ਵੀ ਹਦੋਂ ਵੱਧ ਬਿਮਾਰ ਹੋ ਜਾਵੇ, ਤਾਂ ਉਸ ਨੂੰ ਨਰੋਆ ਕਰਨ ਵਾਸਤੇ ਵੀ ਕੋਈ ਇਨਕਲਾਬੀ ਕਦਮ ਚੁਕਣੇ ਪੈਂਦੇ ਹਨ। ਅਜ ਜਿਸ ਤਰ੍ਹਾਂ ਨਸ਼ਿਆਂ ਦਾ ਇਹ ਮਾਰੂ ਰੋਗ ਸਿੱਖ ਕੌਮ ਨੂੰ ਚੰਬੜ ਗਿਆ ਹੈ, ਇਸ ਦੇ ਖਿਲਾਫ ਵੀ ਇਕ ਇਨਕਲਾਬ ਖੜਾ ਕਰਨ ਦੀ ਲੋੜ ਹੈ ਅਤੇ ਇਹ ਇਨਕਲਾਬ ਕੇਵਲ ਤੇ ਕੇਵਲ ਸਿੱਖ ਨੌਜੁਆਨੀ ਹੀ ਲਿਆ ਸਕਦੀ ਹੈ। ਉਂਜ ਵੀ ਸਭ ਤੋਂ ਵੱਧ ਦਾਅ ਤੇ ਸਿਨੂੰ ਖ ਨੌਜੁਆਨੀ ਦਾ ਭਵਿਖ ਹੈ। ਕੇਵਲ ਸਿੱਖ ਨੌਜੁਆਨੀ ਦੀ ਮੌਜੂਦਾ ਨਸਲ ਦਾ ਹੀ ਨਹੀਂ, ਆਉਣ ਵਾਲੀਆਂ ਸਾਰੀਆਂ ਨਸਲਾਂ ਦਾ। ਜਿਮੇਂਵਾਰ ਸਿੱਖ ਨੌਜੁਆਨੀ ਨੂੰ ਇਸ ਦੇ ਖਿਲਾਫ ਇਕ ਵਨੂੰ ਡੀ ਮੁਹਿੰਮ ਅਰੰਭਣੀ ਚਾਹੀਦੀ ਹੈ। ਆਪਣੇ ਭੁਲੱੜ ਵੀਰਾਂ, ਭੈਣਾਂ ਨੂੰ ਇਹਨਾਂ ਨਸ਼ਿਆਂ ਦੇ ਮਾਰੂ ਅਸਰ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਜੋ ਵੀਰ,ਭੈਣਾਂ ਭੁੱਲਕੇ ਨਸ਼ਿਆਂ ਦੀ ਦਲ-ਦਲ ਵਿਚ ਫਸ ਗਏ ਹਨ, ਉਨ੍ਹਾਂ ਨੂੰ ਸਮਝਾ ਕੇ ਡਾਕਟਰ ਕੋਲ ਲੈ ਜਾਈਏ। ਜੋ ਲੁਕ ਛੁਪਕੇ ਨਸ਼ੇ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਉਨ੍ਹਾਂ ਨਾਲ ਦੋਸਤੀ ਨਿਭਾਉਣ ਦਾ ਇਹ ਜਿਆਦਾ ਯੋਗ ਤਰੀਕਾ ਹੋਵੇਗਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਬਾਰੇ ਫੌਰੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਦਾ ਭੇਤ ਛੁਪਾਕੇ ਅਸੀਂ ਉਨ੍ਹਾਂ ਨਾਲ ਦੋਸਤੀ ਨਹੀਂ ਦੁਸ਼ਮਨੀ ਕਮਾ ਰਹੇ ਹੋਵਾਂਗੇ। ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਨਸ਼ਿਆਂ ਦੇ ਮਾਰੂ ਅਸਰ ਬਾਰੇ ਸੈਮੀਨਾਰ ਕਰਵਾਈਏ। ਨਸ਼ਾ ਛੁੜਾਊ ਡਾਕਟਰੀ ਟੀਮਾਂ ਦੇ ਕੈਂਪ ਲੁਆਈਏ। ਕੌਮੀ ਆਗੂਆਂ, ਜਥੇਬੰਦੀਆਂ ਅਤੇ ਪੰਥ ਦਰਦੀ ਸ਼ਖਸੀਅਤਾਂ ਦਾ ਇਹ ਵਡੇਰਾ ਫਰਜ਼ ਬਣਦਾ ਹੈ ਕਿ ਉਹ ਨੌਜੁਆਨਾਂ ਨੂੰ ਇਸ ਵਿਚ ਭਰਪੂਰ ਸਹਿਯੋਗ ਦੇਣ। ਨਸ਼ੇ ਕਿਵੇਂ ਲਗਦੇ ਹਨ? ਇਨ੍ਹਾਂ ਤੋਂ ਬਚਣ ਦਾ ਕੀ ਤਰੀਕਾ ਹੈ? ਜੇ ਲੱਗ ਜਾਣ ਤਾਂ ਫਿਰ ਕੀ ਉਪਾਅ ਹਨ? ਬਾਰੇ ਵਧੀਆ ਸਾਹਿਤ ਉਨ੍ਹਾਂ ਨੂੰ ਉਪਲੱਬਧ ਕਰਾਉਣ। ਇਸ ਬਾਰੇ ਵਧੀਆ ਫਿਲਮਾਂ ਬਣਾਕੇ ਥਾਂ-ਥਾਂ ਵਿਖਾਈਆਂ ਜਾਣ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਲੜ ਫੜ ਲਿਆ, ਗੁਰਬਾਣੀ ਦੁਆਰਾ ਦਰਸਾਏ ਜੀਵਨ ਮਾਰਗ ਨੂੰ ਦ੍ਰਿਦ੍ਰੜਤਾ ਨਾਲ ਅਪਣਾ ਲਿਆ, ਤਾਂ ਇਹ ਕੰਮ ਬਹੁਤ ਔਖਾ ਨਹੀਂ ਹੋਵੇਗਾ। ਇਸ ਨਾਲ ਜਿਥੇ ਸਿੱਖ ਨੌਜੁਆਨੀ ਦਾ ਭਵਿੱਖ ਸੌਰ ਜਾਵੇਗਾ ਉਥੇ ਕੌਮੀ ਭਵਿੱਖ ਵੀ ਉਜਲਾ ਹੋ ਜਾਵੇਗਾ।
ਤੀਸਰਾ ਅਤਿ ਮਾਰੂ ਰੋਗ ਹੈ ‘ਵਿਹਲੜਪੁਣਾ’। ਸਿੱਖ ਧਰਮ ਗ੍ਰਿਹਸਤ ਮਾਰਗ ਹੈ। ਗ੍ਰਿਹਸਤ ਕਦੇ ਵੀ ਕਿਰਤ ਬਿਨਾਂ ਨਹੀਂ ਚਲ ਸਕਦੀ। ਕਿਉਂਕਿ ਗ੍ਰਿਹਸਤ ਦਾ ਮੁੱਖ ਅੰਗ ਹੈ ਪਰਿਵਾਰ ਦੀ ਯੋਗ ਪਾਲਣਾ ਕਰਨੀ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਨੇ ਮਨੁੱਖ ਮਾਤਰ ਨੂੰ ਜੋ ਜੀਵਨ ਜੁਗਤਿ ਬਖਸ਼ੀ ਹੈ, ਉਸਦੇ ਤਿੰਨ ਮੁਢਲੇ ਗੁਣ ਹਨ: ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਵੰਡ ਕੇ ਤਾਂ ਉਹੀ ਛਕੇਗਾ ਜੋ ਆਪ ਕਿਰਤੀ ਹੋਵੇਗਾ। ਇਥੇ ਨਾਮ ਜਪਣ ਦੀ ਗੱਲ ਬਾਅਦ ਵਿਚ ਕੀਤੀ ਹੈ, ਪਹਿਲਾਂ ਕਿਰਤ ਕਰਨ ਦੀ ਹੈ। ਭਲਾ ਭੁੱਖਾ ਕੀ ਨਾਮ ਜਪੇਗਾ। ਭਗਤ ਕਬੀਰ ਜੀ ਵੀ ਫੁਰਮਾਂਦੇ ਹਨ :
ਭੂਖੇ ਭਗਤਿ ਨ ਕੀਜੈ ॥
ਯਹ ਮਾਲਾ ਅਪਨੀ ਲੀਜੈ ॥
(ਰਾਗੁ ਸੋਰਠਿ, ਪੰਨਾ 656)
ਉਂਝ ਵੀ ਵਿਹਲੜ ਕਦੇ ਨਾਮੀ ਹੋ ਹੀ ਨਹੀ ਸਕਦਾ। ਜਿਹੜਾ ਆਪ ਦੂਸਰਿਆਂ ਦੇ ਟੁਕੜਾਂ ਤੇ ਪਲਦਾ ਹੈ, ਆਲਸੀ ਅਤੇ ਹੱਡਹਰਾਮੀ ਹੈ, ਮਨੁਖੀ ਸਮਾਜ ਉਤੇ ਬੋਝ ਹੈ ਅਤੇ ਲੋਕਾਂ ਨਾਲ ਠੱਗੀਆਂ ਕਰਕੇ ਪੇਟ ਪਾਲਦਾ ਹੈ, ਭਾਵੇਂ ਧਰਮ ਦੇ ਨਾਂਅ ਤੇ ਹੀ ਠੱਗੀਆਂ ਕਰ ਰਿਹਾ ਹੋਵੇ, ਉਹ ਕਦੇ ਨਾਮੀ ਨਹੀਂ ਹੋ ਸਕਦਾ। ਹੈਰਾਨਗੀ ਦੀ ਗੱਲ ਹੈ ਕਿ ਅੱਜ ਐਸੇ ਕਈ ਵਿਹਲੜ ਠੱਗ, ਨਾਮ ਦੇਣ ਅਤੇ ਜਪਾਣ ਦੇ ਨਾਂਅ ਤੇ ਹੀ ਹੱਟੀਆਂ ਖੋਲੀ ਬੈਠੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਧਰਮ ਪ੍ਰਚਾਰ ਦੌਰਿਆਂ(ਉਦਾਸੀਆਂ) ਤੇ ਜਾਣ ਤੋਂ ਪਹਿਲਾਂ, ਨੌਕਰੀ ਕਰਕੇ ਇਤਨੀ ਕੁ ਦੌਲਤ ਇਕੱਠੀ ਕੀਤੀ, ਕਿ ਪਿਛੋਂ ਪਰਿਵਾਰ ਦੀ ਪਾਲਣਾ ਵੀ ਹੋ ਸਕੇ ਅਤੇ ਆਪਣਾ ਸਫਰ ਖਰਚਾ ਵੀ ਕੀਤਾ ਜਾ ਸਕੇ। ਫੇਰ ਵਾਪਸ ਆਕੇ ਵੱਡੇਰੀ ਉਮਰ ਹੁੰਦਿਆਂ ਵੀ ਕਰਤਾਰ ਪੁਰ ਵਿਚ ਖੇਤੀ ਕਰਦੇ ਰਹੇ। ਸਤਿਗੁਰੂ ਦੀ ਪਾਵਣ ਬਾਣੀ ਨੇ ਮਨੁਖੀ ਸਮਾਜ ਨੂੰ ਇਕ ਸੰਪੂਰਨ ਜੀਵਨ ਜੁਗਤਿ ਬਖਸ਼ੀ ਹੈ। ਗੁਰਵਾਕ ਹਨ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
॥
(ਸਲੋਕੁ ਮ: 5, ਪੰਨਾ 522)
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥
(ਬਿਲਾਵਲੁ ਮਹਲਾ 5, ਪੰਨਾ 815)
ਇਸੇ ਕਰਕੇ ਸਿੱਖ ਕੌਮ ਸਦਾ ਉਦਮੀਆਂ ਅਤੇ ਮਿਹਨਤਕਸ਼ਾਂ ਦੀ ਕੌਮ ਰਹੀ ਹੈ। ਤਾਂ ਹੀ ਤਾਂ ਪੰਜਾਬ ਦੀ ਧਰਤੀ ਤੇ ਦੁੱਧ ਅਤੇ ਘਿਓ ਦੀਆਂ ਨਦੀਆਂ ਵਗਦੀਆਂ ਸਨ। ਸਿਰਫ ਪੰਜਾਬ ਵਿਚ ਹੀ ਨਹੀਂ, ਸਿੱਖ ਜਿਥੇ ਵੀ ਚਲਾ ਗਿਆ, ਲਹਿਰ ਬਹਿਰ ਕਰ ਦਿਤੀ। ਜੇ ਰਾਜਸਥਾਨ ਦੇ ਮਾਰੂਥਲਾਂ ਵਿਚ ਪਹੁੰਚ ਗਿਆ ਤਾਂ ਉਥੇ ਹਰਿਆਲੀ ਹੀ ਹਰਿਆਲੀ ਕਰ ਦਿੱਤੀ ਅਤੇ ਜੇ ਪਹਾੜਾਂ ਨਾਲ ਟਕਰਾਣਾ ਪਿਆ ਤਾਂ ਪਹਾੜ ਝੁਕਣ ਲਈ ਮਜਬੂਰ ਹੋ ਗਏ, ਉਹ ਧਰਤੀ ਵੀ ਸੋਨਾ ਉਗਲਣ ਲੱਗ ਪਈ। ਪਾਕਿਸਤਾਨੋਂ ੳੁੱਜੜ ਕੇ, ਘਰ ਬਾਰ ਲੁਟਾ ਕੇ, ਦੇਸ਼ ਦੇ ਕਿਸੇ ਕੋਨੇ ਵਿਚ ਜਾ ਵੱਸੇ, ਛੋਟੇ ਛੋਟੇ ਕੰਮਾਂ ਤੋ, ਜ਼ਿਦਗੀ ਦੀ ਦੁਬਾਰਾ ਸ਼ੁਰੂਆਤ ਕਰਕੇ, ਦਿਨਾਂ ਵਿਚ ਸਿਖਰਾਂ ਤੇ ਪਹੁੰਚਾ ਦਿੱਤਾ। ਮਿਹਨਤੀ ਆਦਮੀ ਦੀ ਸਿਹਤ ਵਧੀਆ ਹੋਣਾ ਸੁਭਾਵਕ ਹੈ। ਪੰਜਾਬੀਆਂ ਦੇ ਸਰੂ ਵਰਗੇ ਕੱਦਾਂ, ਗੱਜ ਗੱਜ ਚੌੜੀਆਂ ਛਾਤੀਆਂ ਅਤੇ ਡਲਕਾਂ ਮਾਰਦੇ ਡੌਲਿਆਂ ਦੇ ਦੁਨੀਆਂ ਵਿਚ ਗੀਤ ਗਾਏ ਜਾਂਦੇ ਹਨ।
ਮੇਰੇ ਇਕ ਮਾਸੀ ਜੀ ਅੰਮ੍ਰਿਤਸਰ ਦੇ ਨੇੜੇ ਇਕ ਨਗਰ ਵਿਚ ਰਹਿੰਦੇ ਸਨ। ਜਦੋਂ ਕਿਤੇ ਮਸੇਰਾਂ ਨੇ ਸਾਡੇ ਆੳਣਾਂ ਯਾ ਆਪ ਉਥੇ ਜਾਣਾ, ਉਨ੍ਹਾਂ ਦੇ ਕੱਦ ਕਾਠ ਤੇ ਡੌਲੇ ਵੇਖ ਕੇ ਹੈਰਾਨ ਰਹਿ ਜਾਣਾ। ਅਕਸਰ ਪੁਛਣਾ ਕਿਹੜੀ ਕਸਰਤ ਕਰਦੇ ਹੋ? ਅਸੀਂ ਤਾਂ ਬਥੇਰੇ ਡੰਡ ਪੇਲੀ ਦੇ ਨੇ, ਤੁਹਾਡੇ ਵਰਗੀ ਸਿਹਤ ਨਹੀਂ ਬਣਦੀ। ਉਨ੍ਹਾਂ ਹਸ ਕੇ ਕਹਿਣਾ, ਕੋਈ ਵੀ ਨਹੀਂ। ਛੁਟੀਆਂ ਵਿਚ ਕੁਝ ਦਿਨ ਉਨ੍ਹਾਂ ਕੋਲ ਜਾਕੇ ਰਹਿਣ ਦਾ ਮੌਕਾ ਮਿਲਿਆ ਤਾਂ ਗੱਲ ਸਮਝ ਲੱਗੀ। ਜਦੋਂ ਮੈਂ ਅਜੇ ਸੁੱਤਾ ਪਿਆ ਹੁੰਦਾ, ਉਹ ਆਪ ਟੋਕਾ ਚਲਾ ਕੇ ਡੰਗਰਾਂ ਵਾਸਤੇ ਪੱਠੇ ਟੁਕ ਰਹੇ ਹੁੰਦੇ। ਮੂੰਹ ਹਨੇਰੇ ਹੀ ਖੇਤਾਂ ਦਾ ਚੱਕਰ ਲਾ ਆਉਂਦੇ। ਉਤੋਂ ਫੇਰ ਘਰ ਦਾ ਦੁੱਧ,ਘਿਓ,ਦਹੀਂ ਤੇ ਲੱਸੀ। ਸਿਹਤ ਦਾ ਰਾਜ਼ ਤਾਂ ਪਤਾ ਲੱਗਾ,ਇਕ ਹੋਰ ਬੜੀ ਹੈਰਾਨਗੀ ਹੋਈ। ਐਡੇ ਮੁਰੱਬਿਆਂ ਦੇ ਮਾਲਕ, ਘਰ ਅਤੇ ਖੇਤਾਂ ਵਿਚ ਕਈ ਕਾਮੇ, ਪਰ ਡੰਗਰਾਂ ਲਈ ਆਪ ਪੱਠੇ ਵੱਢਦੇ ਨੇ। ਕਹਿਣ ਲੱਗੇ, ਭਾਈ ਸ਼ਹਿਰੀਆ, ਆਪਣੇ ਘਰ ਦਾ ਕੰਮ ਤਾਂ ਆਪ ਹੀ ਕਰਨਾ ਚਾਹੀਦੈ।
ਅੱਜ ਤਾਂ ਇਹ ਗੱਲਾਂ ਜਿਵੇਂ ਕੋਈ ਕਹਾਣੀਆਂ ਜਾਪਦੀਆਂ ਨੇ। ਕੁਝ ਤਾਂ ਮਸ਼ੀਨੀ ਯੁੱਗ ਨੇ ਹੱਲ, ਕੁਹਾੜੀਆਂ ਅਤੇ ਟੋਕੇ ਖੋਹ ਲਏ। ਉਂਜ ਵੀ ਮਿਹਨਤਕਸ਼ੀ ਤਾਂ ਜਿਵੇਂ ਪੰਜਾਬ ਵਿਚੋਂ ਖੰਭ ਲਾਕੇ ਉੱਡ ਗਈ ਹੈ। ਅਜ ਪੰਜਾਬੀ ਜਿੰਮੀਂਦਾਰ ਨੂੰ ਇਸ ਗੱਲ ਦਾ ਮਾਣ ਨਹੀਂ ਕਿ ਉਹ ਆਪਣਾ ਕੰਮ ਕਿਤਨੀ ਮਿਹਨਤ ਨਾਲ ਕਰਦਾ ਹੈ, ਮਾਣ ਇਸ ਗੱਲ ਦਾ ਹੈ ਕਿ ਉਸ ਨੇ ਕੰਮ ਕਰਨ ਲਈ ਭਈਏ ਕਿਤਨੇ ਰੱਖੇ ਹੋਏ ਹਨ। ਵੱਡਿਆਂ ਦੀ ਤਾਂ ਗੱਲ ਹੀ ਛੱਡ ਦਿਓ, ਦੋ-ਦੋ ਕਿਲਿਆਂ ਦੇ ਮਾਲਕ ਚਾਰ-ਚਾਰ ਭਈਏ ਰੱਖੀ ਬੈਠੇ ਹਨ। ਜਿਨ੍ਹਾਂ ਕੋਲ ਜਮੀਨਾਂ ਨਾਂਅ ਬਰਾਬਰ ਹੀ ਹਨ ਜਾਂ ਬਚੀਆਂ ਹੀ ਨਹੀਂ, ਉਹ ਵੀ ਦੂਸਰੇ ਕੋਲ ਕੰਮ ਕਰਨ ਲਈ ਤਿਆਰ ਨਹੀਂ। ਕਿਉਂਕਿ ਇਹ ਕੰਮ ਤਾਂ ਭਈਏ ਦਾ ਹੈ ਤੇ ਉਹ ਭਈਆ ਥੋੜਾ ਹੈ? ਭਈਏ ਵਾਲਾ ਕੰਮ ਕਰਨਾ, ਉਸ ਦੀ ਸ਼ਾਨ (status) ਦੇ ਵਿਰੁੱਧ ਹੈ। ਪੰਜਾਬ ਵਿਚ ਕਿਸੇ ਫੈਕਟਰੀ ਵਿਚ ਚਲੇ ਜਾਓ, ਮਾਲਕ ਤੋਂ ਬਾਅਦ ਸਿਰਫ ਭਈਏ ਹੀ ਨਜ਼ਰ ਆਉਂਦੇ ਹਨ। ਸਿਰਫ ਮਜ਼ਦੂਰ ਹੀ ਨਹੀਂ, ਪੱਕੇ ਕਾਰੀਗਰਾਂ ਤੋਂ ਲੈਕੇ ਫੋਰਮੈਨਾਂ ਤਕ ਸਭ ਭਈਏ। ਸਿੱਖ ਤਾਂ ਕਿਤੇ ਭਾਗਾਂ ਨਾਲ ਹੀ ਨਜਰ ਆਉਂਦਾ ਹੈ।
ਕੁਝ ਸਿੱਖ ਕਾਰਖਾਨੇਦਾਰਾਂ ਨਾਲ ਗੱਲਬਾਤ ਹੋਈ। ਉਨ੍ਹਾਂ ਦੇ ਤਜਰਬੇ ਚੌਂਕਾ ਦੇਣ ਵਾਲੇ ਸਨ। ਦਸਣ ਲੱਗੇ, ਪਹਿਲਾਂ ਤਾਂ ਸਿੱਖ, ਭਈਏ ਦੇ ਬਰਾਬਰ ਕੰਮ ਕਰਨ ਨੂੰ ਹੀ ਤਿਆਰ ਨਹੀਂ। ਤੇ ਜੇ ਲੱਗ ਵੀ ਜਾਵੇ, ਭਈਏ ਜਿਤਨੀ ਮਿਹਨਤ ਕਰਦੇ ਹਨ, ਪੰਜਾਬੀ ਉਤਨੇ ਹੀ ਹੱਡ-ਹਰਾਮੀ ਹੋ ਗਏ ਹਨ। ਪਹਿਲਾਂ ਤਾਂ ਮਿਹਨਤ ਪੂਰੀ ਨਹੀਂ ਕਰਨੀ, ਉਤੋਂ ਯੂਨੀਅਨਬਾਜ਼ੀ ਅਤੇ ਕਨੂੰਨਬਾਜ਼ੀ। ਕੁਝ ਇਕ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਹੁਣ ਤਾਂ ਸਿੱਖ ਨੂੰ ਫੈਕਟਰੀ ਦੀ ਵਰਕਸ਼ਾਪ ਅੰਦਰ ਵਾੜਨ ਤੋਂ ਡਰ ਲੱਗਦਾ ਹੈ। ਅੱਜ ਵਿਹਲਾ ਫਿਰਨਾ ਜਿਵੇਂ ਦਿਹਾਤੀ ਸਿੱਖ ਦਾ ਫੈਸ਼ਨ ਹੋ ਗਿਆ ਹੈ।
ਮੈਂ ਪਿੱਛੇ ਸੁਨਾਮ ਜਿਲੇ ਵਿੱਚ ਕੀਤੇ ਇਕ ਕੈਂਪ ਦੀ ਗੱਲ ਕੀਤੀ ਸੀ। ਉਥੇ ਇਕ 17-18 ਸਾਲ ਦੇ ਗੱਭਰੂ ਨਾਲ ਹੋਈ ਗੱਲ-ਬਾਤ ਬਾਰੇ ਵੀ ਦੱਸਿਆ ਸੀ, ਜਿਸਨੇ ਦੱਸਿਆ ਸੀ ਕਿ ਉਸਨੇ ਪੜ੍ਹਾਈ ਛੇਵੀਂ ਕਲਾਸ ਤੋਂ ਵਿੱਚੇ ਛੱਡ ਦਿਤੀ ਸੀ। ਉਥੇ ਗੱਲ ਮੈਂ ਕੁਝ ਅਧੂਰੀ ਛੱਡ ਦਿਤੀ ਸੀ।
ਮੈਂ ਉਸ ਨੂੰ ਇਹ ਵੀ ਪੁਛਿਆ ਸੀ, "ਬੇਟਾ ਫੇਰ ਹੁਣ
ਕੰਮ ਕੀ ਕਰਦੇ ਹੋ?’’
"ਕੁਛ ਨਹੀਂ, ਕਿਆ ਕਰਨੈ"। ਉਸ
ਜੁਆਬ ਦਿਤਾ।
ਮੈਂ ਕਿਹਾ, "ਫੇਰ ਵੀ, ਸਾਰੀ ਦਿਹਾੜੀ ਕੁਝ ਤਾਂ ਕਰਦੇ ਹੀ ਹੋਵੋਗੇ?"
"ਬਸ ਪੈਲੀਆਂ ਨੂੰ ਗੇੜੀ ਲਾ ਆਈ ਦੀ ਹੈ"।
"ਉਥੇ ਵੀ ਕੁਝ ਕੰਮ ਤਾਂ ਕਰਦੇ ਹੋਵੋਗੇ?"
ਮੈਂ ਫੇਰ ਪੁਛਿਆ।
"ਕੰਮ ਤਾਂ ਭਈਏ ਕਰਦੇ ਆ, ਆਪਾਂ ਤਾਂ ਬਸ ਗੇੜੀ ਲਾ ਆਈ ਦੀ ਹੈ।"
ਉਸ ਦਾ ਜੁਆਬ ਸੀ।
ਅੰਗਰੇਜ਼ੀ ਦੀ ਇਕ ਕਹਾਵਤ ਹੈ, ‘‘(An empty mind is a devil's workshop) ਇਕ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੈ।’’ ਫੇਰ ਇਹੋ ਜਿਹੇ ਵਿਹਲੜਾਂ ਨੇ ਨਸ਼ੇੜੀ ਬਣਕੇ ਪੁਠੇ-ਸਿੱਧੇ ਕੰਮ ਨਹੀਂ ਕਰਨੇ ਤਾਂ ਹੋਰ ਕੀ ਕਰਨਾ ਹੈ? ਅਜ ਤਾਂ ਬਥੇਰੇ ਦਿਹਾਤੀ ਸਿੱਖ ਸ਼ਰਾਬ ਨਾਲ ਜਾਂ ਹੋਰ ਨਸ਼ਿਆਂ ਨਾਲ ਰੱਜ ਕੇ ਡਿਗਦੇ-ਢਹਿੰਦੇ ਹੀ ਘਰ ਪੁਜਦੇ ਹਨ। ਐਸਿਆਂ ਨੇ ਕਿਥੋਂ ਮੂੰਹ ਹਨੇਰੇ ਉਠ ਕੇ ਖੇਤਾਂ ਵਿਚ ਜਾਣਾ ਹੈ। ਸਾਰੇ ਕੰਮ ਭਈਏ ਹੀ ਕਰਦੇ ਹਨ। ਖੇਤਾਂ ਵਿਚ ਕੰਮ ਕਰਨ ਤੋਂ ਇਲਾਵਾ ਹੋਰ ਜਿਹੜੇ ਕੰਮ ਉਹ ਘਰਾਂ ਵਿਚ ਕਰਦੇ ਹਨ, ਉਹ ਇਥੇ ਲਿਖਦਿਆਂ ਮੈਨੂੰ ਸ਼ਰਮ ਆਉਂਦੀ ਹੈ।
ਬਹੁਤ ਪਹਿਲੇ ਸੁਣੀ ਇਕ ਕਹਾਣੀ ਯਾਦ ਆਉਂਦੀ ਹੈ। ਜੋ ਸੰਖੇਪ ਵਿਚ ਇਸ ਤਰ੍ਹਾਂ ਹੈ। ਇਕ ਦੇਸ਼ ਦੇ ਲੋਕ ਬਹੁਤ ਮਿਹਨਤੀ ਸਨ। ਨਤੀਜਾ ਇਹ ਕਿ ਸਾਰਾ ਦੇਸ਼ ਬਹੁਤ ਖੁਸ਼ਹਾਲ ਸੀ। ਲੋਕਾਂ ਦਾ ਸੁਹਣਾ ਖਾਣਾ-ਪੀਣਾ, ਪਹਿਨਣਾ ਅਤੇ ਤੰਦਰੁਸਤੀ। ਹਰ ਪਾਸੇ ਖੁਸ਼ੀਆਂ ਅਤੇ ਖੇੜੇ। ਬਸ ਦੇਸ਼ ਵਿਚ ਵੜਦਿਆਂ ਹੀ ਸੁਰਗਾਂ ਦਾ ਨਜ਼ਾਰਾ ਨਜ਼ਰ ਆਉਦਾ ਸੀ। ਉਸ ਦੇ ਨਾਲ ਹੀ ਇਕ ਦੇਸ਼ ਸੀ, ਜਿਸ ਦੇ ਲੋਕ ਬਹੁਤ ਗਰੀਬ ਸਨ। ਉਨ੍ਹਾਂ ਫੈਸਲਾ ਕੀਤਾ, ਕਿਉਂ ਨਾ ਗਵਾਂਢੀ ਅਮੀਰ ਦੇਸ਼ ਤੋਂ ਕੁਝ ਰੋਜ਼ੀ-ਰੋਟੀ ਕਮਾ ਲਿਆਈਏ। ਉਹ ਉਸ ਅਮੀਰ ਦੇਸ਼ ਵਿਚ ਆਕੇ ਲੋਕਾਂ ਦੇ ਘਰਾਂ, ਖੇਤਾਂ, ਫੈਕਟਰੀਆਂ ਵਿਚ ਛੋਟੀਆਂ ਛੋਟੀਆਂ ਨੌਕਰੀਆਂ ਕਰਨ ਲਗੇ। ਉਨ੍ਹਾਂ ਨੇ ਇਤਨੀ ਮਿਹਨਤ ਕੀਤੀ ਕਿ ਮਾਲਕਾਂ ਨੂੰ ਕੁਝ ਕਰਨਾ ਹੀ ਨਾ ਪੈਂਦਾ। ਹੌਲੀ-ਹੌਲੀ ਉਹ ਵਿਹਲੇ ਮਾਲਕ ਐਯਾਸ਼ ਹੋਣ ਲੱਗ ਪਏ। ਕੰਮ ਕਾਜ ਭੁਲਕੇ ਦਿਨ ਰਾਤ ਮੌਜ ਮਸਤੀ ਵਿਚ ਮਸਤ ਰਹਿੰਦੇ। ਕੁਝ ਦਹਾਕਿਆਂ ਬਾਅਦ ਉਹ ਬਾਹਰੋਂ ਆਏ ਪ੍ਰਵਾਸੀ ਕਾਮੇ ਉਸ ਦੇਸ਼ ਦੇ ਰਾਜੇ, ਧਨਾਡ ਅਤੇ ਜਮੀਨਾਂ ਜਾਇਦਾਦਾਂ, ਫੈਕਟਰੀਆਂ ਦੇ ਮਾਲਕ ਬਣ ਗਏ ਅਤੇ ਉਸ ਦੇਸ਼ ਦੇ ਪੁਰਾਣੇ ਮਾਲਕ ਹੁਣ ਉਨ੍ਹਾਂ ਕੋਲ ਛੋਟੇ ਛੋਟੇ ਕੰਮ ਕਰਨ ਲਈ ਮਜਬੂਰ ਸਨ। ਇੰਜ ਜਾਪਦਾ ਹੈ ਜਿਵੇਂ ਕਿਸੇ ਦੂਰਅੰਦੇਸ਼ੀ ਵਿਦਵਾਨ ਨੇ ਇਹ ਕਹਾਣੀ ਪੰਜਾਬ ਬਾਰੇ ਹੀ ਘੜੀ ਸੀ ਕਿਉਂਕਿ ਇਸ ਦੇ ਸੱਚ ਹੋਣ ਦੇ ਚਿੰਨ੍ਹ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।
ਇਕ ਤਾਂ ਅਨਪੜ੍ਹ ਵਿਅਕਤੀ ਦੇ ਕੰਮ-ਕਾਰ ਕਰਨ ਦੀ ਸਮਰੱਥਾ ਦਾ ਦਾਇਰਾ ਸੀਮਿਤ ਹੋ ਜਾਂਦਾ ਹੈ, ਦੂਸਰਾ ਅਨਪੜ੍ਹ ਵਿਅਕਤੀ ਅਕਸਰ ਅਗਿਆਨੀ ਅਤੇ ਅੰਧਵਿਸ਼ਵਾਸੀ ਹੁੰਦੇ ਹਨ, ਆਪਣੇ ਭਲੇ ਬੁਰੇ ਦੀ ਸੋਝੀ ਸੀਮਿਤ ਹੋਣ ਕਾਰਨ ਨਸ਼ਿਆਂ ਅਤੇ ਵਹਿਮਾਂ-ਭਰਮਾਂ ਵਿਚ ਫਸਣ ਦੇ ਆਸਾਰ ਵਧੇਰੇ ਰਹਿੰਦੇ ਹਨ। ਇੰਝ ਹੀ ਜਿਹੜਾ ਹਰ ਵੇਲੇ ਨਸ਼ੇ ਦੀ ਮਸਤੀ ਵਿਚ ਹੀ ਰਹੇਗਾ, ਉਸਨੇ ਪੜ੍ਹਾਈ ਕੀ ਕਰਨੀ ਹੈ ਅਤੇ ਕੰਮ-ਕਾਜ ਕੀ ਕਰਨਾ ਹੈ? ਅਸਲ ਵਿਚ ਅਨਪੜ੍ਹਤਾ, ਨਸ਼ੇੜੀਪੁਣਾ ਅਤੇ ਵਿਹਲੜਪੁਣਾ ਸਕੇ ਭੈਣ-ਭਰਾ ਹਨ। ਇਹਨਾਂ ਵਿਚੋਂ ਕੋਈ ਇਕ ਆ ਜਾਵੇ, ਉਹ ਦੂਸਰੇ ਲਈ ਜਗ੍ਹਾ ਬਣਾ ਲੈਂਦਾ ਹੈ। ਵਿਸ਼ੇਸ਼ ਤੌਰ ਤੇ ਜਦੋਂ ਮਹੌਲ ਐਸਾ ਬਣਿਆ ਹੋਵੇ ਫੇਰ ਤਾਂ ਇਹ ਛੂਤ ਦੇ ਰੋਗ ਨਾਲੋਂ ਵਧੇਰੇ ਛੇਤੀ ਫੈਲਦੇ ਹਨ। ਅਤੇ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਇਹ ਮਹੌਲ ਪੂਰੀ ਤਰ੍ਹਾਂ ਬਣਾ ਦਿਤਾ ਗਿਆ ਹੈ। ਜਿਸ ਦਾ ਕੁਝ-ਕੁਝ ਅਸਰ ਹੁਣ ਸ਼ਹਿਰੀ ਇਲਾਕਿਆਂ ਵਿਚ ਵੀ ਨਜਰ ਆਉਣ ਲੱਗ ਪਿਆ ਹੈ। ਮਹੌਲ ਦਾ ਮਹੱਤਵ ਹੀ ਇਹ ਹੈ ਕਿ ਬਾਹਰੋਂ ਕੋਈ ਕੁਝ ਕਰਦਾ ਨਜ਼ਰ ਨਹੀਂ ਆਉਂਦਾ, ਇੰਝ ਜਾਪਦਾ ਹੈ ਜਿਵੇਂ ਸਭ ਕੁਝ ਸੁਭਾਵਕ ਹੋਈ ਜਾ ਰਿਹਾ ਹੋਵੇ।
ਇਸ ਤਰ੍ਹਾਂ ਇਹ ਪੰਜਾਬ ਸਮੱਸਿਆ ਦਾ ਸਥਾਈ ਹੱਲ ਲਭਿਆ ਜਾ ਰਿਹਾ ਹੈ। ਅਸਲ ਵਿਚ ਇਹ ਪੰਜਾਬ ਸਮੱਸਿਆ ਨਹੀਂ, ਸਿੱਖ ਸਮੱਸਿਆ ਹੈ। ਕਿਉਂਕਿ ਪੰਜਾਬ ਦੀ ਧਰਤੀ, ਮਾਨਸਿਕਤਾ ਅਤੇ ਵਿਰਾਸਤ ਦਾ ਮਾਲਕ ਕੇਵਲ ਸਿੱਖ ਹੈ। ਉਂਜ ਕਹਿਣ ਨੂੰ ਤਾਂ ਪੰਜਾਬ ਵਿਚ ਬਥੇਰੇ ਲੋਕ ਵਸਦੇ ਹਨ, ਇਸਦੇ ਠੇਕੇਦਾਰ ਵੀ ਬਣਦੇ ਹਨ ਅਤੇ ਪੰਜਾਬੀਅਤ ਦੇ ਨਾਅਰੇ ਵੀ ਬਹੁਤ ਮਾਰੇ ਜਾਂਦੇ ਹਨ। ਪਰ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਕਿਤਨਾ ਕੁ ਅਪਣਾਇਆ ਹੈ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਹੋਰ ਤਾਂ ਹੋਰ, ਇਹ ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹਨ। ਪੰਜਾਬ ਦੇ ਹੱਕਾਂ ਲਈ ਤਾਂ ਇਨ੍ਹਾਂ ਨੇ ਆਵਾਜ਼ ਕੀ ਬੁਲੰਦ ਕਰਨੀ ਸੀ, ਸਗੋਂ ਜਦੋਂ ਵੀ ਸਿੱਖ ਪੰਜਾਬ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦੇ ਹਨ, ਇਨ੍ਹਾਂ ਪੰਜਾਬੀਅਤ ਦੇ ਅਲੰਬਰਦਾਰਾਂ ਦੀ ਵਫਾਦਾਰੀ ਸਦਾ ਦੂਜੀਆਂ ਧਿਰਾਂ ਨਾਲ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਦੀ ਅੱਣਖ ਦਾ ਵਾਰਸ ਸਿਰਫ ਸਿੱਖ ਹੈ। ਸੋ ਪੰਜਾਬ ਸਮੱਸਿਆ ਹੱਲ ਕਰਨਾ ਜਾਂ ਸਿੱਖ ਸਮੱਸਿਆ ਹੱਲ ਕਰਨਾ ਇੱਕੋ ਗੱਲ ਹੈ।
ਸਿੱਖ ਸਮੱਸਿਆ ਨੂੰ ਹੱਲ ਕਰਨ ਦਾ ਸਹੀ ਤਰੀਕਾ ਤਾਂ ਇਹ ਸੀ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਜਾਂਦੀਆਂ। ਪਰ ਭਾਰਤ ਦੀ ਰਾਜ ਸੱਤਾ ਤੇ ਅੱਜ ਇਕ ਫਿਰਕੂ, ਕੱਟੜਵਾਦੀ, ਘੱਟਗਿਣਤੀਆਂ ਅਤੇ ਦਲਿਤ ਵਿਰੋਧੀ ਲਾਬੀ ਕਾਬਜ਼ ਹੋ ਚੁਕੀ ਹੈ। ਇਹ ਲਾਬੀ ਵੀ ਕੋਈ ਨਵੀਂ ਹੋਂਦ ਵਿਚ ਨਹੀਂ ਆਈ, ਬਹੁਤ ਪੁਰਾਣੇ ਸਮਿਆਂ ਤੋਂ ਹੈ। ਪਰ ਇਕ ਵੱਡਾ ਫਰਕ ਹੈ ਕਿ ਅਜ ਇਹ ਰਾਜਸੱਤਾ ਤੇ ਕਾਬਜ਼ ਹੈ। ਤੇ ਸਿੱਖ ਇਸ ਲਾਬੀ ਦੇ ਨਿਸ਼ਾਨੇ ਤੇ ਪਹਿਲੇ ਨੰਬਰ ਤੇ ਹਨ, ਕਿਉਂਕਿ ਸਿੱਖ ਸਭ ਤੋਂ ਘਟ ਗਿਣਤੀ ਵਿਚ ਹਨ ਅਤੇ ਸਭ ਤੋਂ ਅਣਖੀਲੇ ਹਨ। ਇਸ ਕਾਬਜ਼ ਲਾਬੀ ਨੇ ਜੋ ਗੈਰ ਇਖਲਾਕੀ, ਗੈਰ ਮਨੁੱਖੀ, ਗੈਰ ਜਮਹੂਰੀ, ਸਾਜਸ਼ੀ ਅਤੇ ਮੁਜਰਮਾਨਾ ਹੱਲ ਲਭਿਆ ਹੈ, ਉਹ ਇਹ ਹੈ ਕਿ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਹੀ ਮੁਕਾ ਦਿਤਾ ਜਾਵੇ। ‘ਨਾ ਰਹੇ ਬਾਂਸ, ਨਾ ਬਜੇ ਬਾਂਸੁਰੀ।’ ਨਾ ਹੱਕ ਮੰਗਣ ਵਾਲੇ ਰਹਿਣ, ਨਾ ਸਮੱਸਿਆ ਖੜੀ ਹੋਵੇ। ਇਸੇ ਪਾਲਿਸੀ ਤਹਿਤ ਪਿਛਲੇ ਦਿਨਾਂ ਵਿਚ ਸਿੱਖ ਨੌਜੁਆਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ। ਹੁਣ ਰਹਿੰਦਿਆ ਖੂੰਦਿਆ ਨੂੰ ਉਪਰਲੇ ਸਾਜਿਸ਼ੀ ਹਮਲੇ ਨਾਲ ਮੁਕਾਇਆ ਜਾ ਰਿਹਾ ਹੈ। ਇਹ ਪਾਲਿਸੀ ਐਸੀ ਹੈ ਕਿ ਕਿਸੇ ਦੇ ਸਿਰ ਕੋਈ ਇਲਜ਼ਾਮ ਨਹੀਂ ਆਉਣਾ, ਨਾ ਕੌਮਾਂਤਰੀ ਪੱਧਰ ਤੇ ਕੋਈ ਰੌਲਾ ਪੈਣਾ ਹੈ ਤੇ ਨਤੀਜੇ ਇਤਨੇ ਖਤਰਨਾਕ ਹਨ ਕਿ ਦਿਹਾਤੀ ਇਲਾਕਿਆਂ ਵਿਚ ਸਿੱਖ ਕੌਮ ਨਾ ਜਿਊਂਦਿਆਂ ਵਿਚ ਰਹੇਗੀ ਨਾ ਮੋਇਆਂ ਵਿਚ। ਜੇ ਕੁਝ ਇਕ ਘਿਸ-ਘਿਸ ਕੇ ਜੀਊਂਦੇ ਵੀ ਰਹੇ ਤਾਂ ਇਹੋ ਜਿਹੇ ਸਿੱਖ ਕਿਹੋ ਜਿਹੇ ਹੋਣਗੇ? ਇਸ ਪਾਲਿਸੀ ਤੇ ਕਿਸੇ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਿਸੇ ਵੀ ਰਾਜਨੀਤਿਕ ਦਲ ਦੀ ਸਰਕਾਰ ਆ ਜਾਵੇ, ਉਹ ਇਸ ਲਾਬੀ ਦੀਆਂ ਪਾਲਿਸੀਆਂ ਨੂੰ ਬਦਲਣ ਦੀ ਜੁਅਰਤ ਨਹੀਂ ਕਰ ਸਕਦੀ। ਜੇ ਵੱਧ ਤੋਂ ਵੱਧ ਫਰਕ ਪਵੇਗਾ ਤਾਂ ਸਿਰਫ ਇਤਨਾ ਕਿ ਕਿਸੇ ਦੀ ਸਰਕਾਰ ਇਸ ਨੂੰ ਸਰਗਰਮੀ ਨਾਲ ਲਾਗੂ ਕਰਵਾਏਗੀ ਅਤੇ ਕਿਸੇ ਦੀ ਸਰਕਾਰ ਇਸ ਨੂੰ ਅਣਡਿੱਠ ਕਰਕੇ ਲਾਗੂ ਹੋਣ ਦੇਵੇਗੀ।
ਇਥੇ ਇਕ ਸੁਆਲ ਹੋਰ ਆਵੇਗਾ ਕਿ, ਜਿਵੇਂ ਮੈਂ ਆਪ ਹੀ ਉੱਪਰ ਲਿਖਿਆ ਹੈ ਇਹ ਪਾਲਿਸੀ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਲਾਗੂ ਕੀਤੀ ਜਾ ਰਹੀ ਹੈ, ਜੇ ਨੀਅਤ ਸਿੱਖ ਕੌਮ ਨੂੰ ਬਰਬਾਦ ਕਰਨ ਦੀ ਹੈ ਤਾਂ ਸਿੱਖ ਤਾਂ ਹੁਣ ਕੇਵਲ ਭਾਰਤ ਹੀ ਨਹੀਂ, ਦੁਨੀਆਂ ਦੇ ਹਰ ਕੋਨੇ ਵਿਚ ਵਸਦੇ ਹਨ। ਇਸ ਦਾ ਜੁਆਬ ਵੀ ਮੈਂ ਉਪਰਲੇ ਪੈਰੇ ਵਿਚ ਦੇ ਚੁਕਾ ਹਾਂ। ਇਸ ਨਾਲ ਪੰਜਾਬ ਜਾਂ ਸਿੱਖ ਸਮੱਸਿਆ ਹਲ ਕੀਤੀ ਜਾ ਰਹੀ ਹੈ। ਦੁਸ਼ਮਨ ਸ਼ਕਤੀਆਂ ਬਿਲਕੁਲ ਸਪਸ਼ਟ ਹਨ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਜਾਂ ਸਿੱਖ ਹੱਕਾਂ ਲਈ ਇਨਕਲਾਬੀ ਸੁਰਾਂ ਉਠਦੀਆਂ ਹਨ, ਇਹ ਸਭ ਤੋਂ ਜਿਆਦਾ ਪੰਜਾਬ ਦੇ ਪਿੰਡਾਂ ਤੋਂ ਉਠਦੀਆਂ ਹਨ, ਇਸ ਵਾਸਤੇ ਪਹਿਲਾ ਨਿਸ਼ਾਨਾ ਪੰਜਾਬ ਦੇ ਦਿਹਾਤੀ ਇਲਾਕੇ ਹਨ। ਇਸ ਨਾਲ ਜਿਥੇ ਪੰਜਾਬ ਵਿਚੋਂ ਇਨਕਲਾਬੀ ਸੁਰਾਂ ਉਠਣੀਆਂ ਬੰਦ ਹੋ ਜਾਣਗੀਆਂ, ਉਥੇ ਨਾਲ ਹੀ ਸਿੱਖੀ ਦਾ ਕੇਂਦਰ ਕਮਜ਼ੋਰ ਹੋ ਜਾਵੇਗਾ, ਜਿਸ ਨਾਲ ਦੁਨੀਆਂ ਭਰ ਵਿਚ ਵਸਦੇ ਸਿੱਖ ਪ੍ਰਭਾਵਤ ਹੋਣਗੇ। ਉਂਜ ਵੀ ਸਿੱਖ ਦੁਸ਼ਮਨ ਲਾਬੀ ਨੂੰ ਜੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਤੋਂ ਕੋਈ ਮਾੜਾ-ਮੋਟਾ ਡਰ ਹੈ ਤਾਂ ਕੇਵਲ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਤੋਂ ਹੈ, ਪਰ ਉਹ ਵੀ ਪੰਜਾਬ ਵਿੱਚਲੀ ਸਿੱਖ ਨੌਜੁਆਨੀ ਤੋਂ ਸਹਿਯੋਗ ਮਿਲਣ ਤੋਂ ਬਿਨਾਂ ਸ਼ਾਇਦ ਬਹੁਤਾ ਕੁਝ ਨਹੀਂ ਕਰ ਸਕਦੇ।
ਭਾਰਤ ਦੇ ਦੂਸਰੇ ਹਿੱਸਿਆਂ ਵਿਚ ਵਸਦੇ ਸਿੱਖ ਤਾਂ ਉਨ੍ਹਾਂ ਲਈ ‘ਘਰ ਦੀ ਮੁਰਗੀ’ ਹਨ। ਇਕ ਤਾਂ ਬਹੁਗਿਣਤੀ ਦੇ ਸੁਭਾਵਕ ਪ੍ਰਭਾਵ ਕਾਰਨ ਸਿੱਖੀ ਸਰੂਪ ਵਿਚ ਹੁੰਦੇ ਹੋਏ ਵੀ ਘੱਟੋ-ਘੱਟ ਅੱਧ ਪਚੱਧੇ ਤਾਂ ਬ੍ਰਾਹਮਣੀ ਰੀਤੀ ਰਿਵਾਜਾਂ ਵਿਚ ਫਸ ਹੀ ਚੁਕੇ ਹਨ। ਕਈ ਸਾਬਤ ਸੂਰਤ, ਇਥੋਂ ਤੱਕ ਕੇ ਅੰਮ੍ਰਿਤਧਾਰੀ ਸਿੱਖ ਮਰਦਾਂ ਦੇ ਹੱਥਾਂ ਤੇ ਬਝੀਆਂ ਮੌਲੀਆਂ ਧਾਗੇ, ਗਲਿਆਂ ਵਿਚ ਪਏ ਤਵੀਤ, ਹੱਥਾਂ ਦੀਆਂ ਉਂਗਲੀਆਂ ਵਿਚ ਪਈਆਂ ਭਾਂਤ-ਭਾਂਤ ਦੇ ਨਗਾਂ ਦੀਆਂ ਅੰਗੂਠੀਆਂ, ਨਾਲ ਉਨ੍ਹਾਂ ਦੀਆਂ ਬੀਵੀਆਂ ਦੇ ਮੱਥੇ ਤੇ ਸੁਹਾਗ ਦਾ ਸਿੰਧੂਰ, ਗਲੇ ਵਿਚ ਮੰਗਲ ਸੂਤਰ ਅਤੇ ਤਰ੍ਹਾਂ-ਤਰ੍ਹਾਂ ਦੇ ਬ੍ਰਾਹਮਣੀ ਵਰਤ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਮੈਂ ਤਾਂ ਨੇਮ ਨਾਲ ਗੁਰਦੁਆਰੇ ਜਾਣ ਵਾਲੇ ਕੁਝ ਸਿੱਖਾਂ ਦੇ ਘਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਉਨ੍ਹਾਂ ਦੀ ਪੂਜਾ ਹੁੰਦੀ ਵੀ ਵੇਖੀ ਹੈ। ਇਹ ਅਲੱਗ ਗੱਲ ਹੈ ਕਿ ਉਹ ਆਪਣੀ ਤਸੱਲੀ ਵਾਸਤੇ, ਵਿਚ ਗੁਰੂ ਸਾਹਿਬਾਨ ਦੀਆਂ ਮਨੋ-ਕਲਪਿਤ ਅਤੇ ਗੈਰ ਸਿਧਾਂਤਕ ਮੂਰਤੀਆਂ ਵੀ ਬਣਾਕੇ ਨਾਲ ਰੱਖ ਲੈਂਦੇ ਹਨ। ਦੂਸਰਾ ਬਹੁਤ ਘੱਟ ਗਿਣਤੀ ਵਿਚ ਹੋਣ ਕਾਰਣ ਉਨ੍ਹਾਂ ਵਿਚ ਇਕ ਸਹਿਮ ਹੈ। ਵਿਸ਼ੇਸ਼ ਕਰ ਕੇ ਨਵੰਬਰ 1984 ਵਿਚ ਤਕਰੀਬਨ ਸਾਰੇ ਭਾਰਤ ਵਿਚ ਹੋਏ ਸਿੱਖ ਕਤਲੇ ਆਮ ਤੋਂ ਬਾਅਦ ਇਹ ਸਹਿਮ ਬਹੁਤ ਵੱਧ ਗਿਆ ਹੈ। ਉਨ੍ਹਾਂ ਕੌਮੀ ਸਿੱਖ ਹਕਾਂ ਦੀ ਗੱਲ ਤਾਂ ਕੀ ਕਰਨੀ ਹੈ, ਬਲਕਿ ਜਦੋਂ ਕਿਤੇ ਪੰਜਾਬ ਵਿਚ ਕੋਈ ਲਹਿਰ ਚਲਦੀ ਹੈ ਤਾਂ ਉਨ੍ਹਾਂ ਅੰਦਰ ਅਕਸਰ ਇਕ ਘਬਰਾਹਟ ਪੈਦਾ ਹੋ ਜਾਂਦੀ ਹੈ ਅਤੇ ਕੁਝ ਇਕ ਤਾਂ ਬਹੁਗਿਣਤੀ ਨੂੰ ਖੁਸ਼ ਕਰਨ ਲਈ ਪੰਜਾਬ ਵਿਰੋਧੀ ਸਟੈਂਡ ਲੈਣ ਤੋਂ ਵੀ ਪਿੱਛੇ ਨਹੀਂ ਰਹਿੰਦੇ।
ਸਿੱਖ ਨੌਜੁਆਨੀ ਵਾਸਤੇ ਇਹ ਬਹੁਤ ਵੱਡੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਇਤਨੀ ਵੱਡੀ ਸਾਜਿਸ਼ ਵਿਚੋਂ ਕਿਵੇਂ ਬੱਚ ਕੇ ਨਿਕਲਦੀ ਹੈ? ਅਜੇ ਤਕ ਦੇ ਹਾਲਾਤ ਤੋਂ ਤਾਂ ਇੰਜ ਜਾਪਦਾ ਹੈ ਕਿ ਦੁਸ਼ਮਨ ਆਪਣੇ ਇਰਾਦਿਆਂ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਜੇ ਤੱਕ ਕੌਮ ਨੇ ਇਸ ਸਾਜਸ਼ ਨੂੰ ਸਮਝਿਆ ਹੀ ਨਹੀਂ। ਇਹੀ ਸਮਝਿਆ ਜਾ ਰਿਹਾ ਹੈ ਕਿ ਸਭ ਕੁਝ ਸੁਭਾਵਕ ਹੀ ਹੋ ਰਿਹਾ ਹੈ। ਸਭ ਤੋਂ ਪਹਿਲਾਂ ਇਸ ਸਾਰੀ ਖੇਡ ਨੂੰ ਚੰਗੀ ਤਰ੍ਹਾਂ ਸਮਝ ਕੇ, ਸਾਰੀ ਸਾਜਸ਼ ਨੂੰ ਨਾਕਾਮ ਕਰਨ ਲਈ ਇਕ ਇਨਕਲਾਬੀ ਲਹਿਰ ਬਨਾਉਣੀ ਪਵੇਗੀ। ਸਿੱਖ ਨੌਜੁਆਨੀ ਨੂੰ ਇਕ ਪੱਕੇ ਇਰਾਦੇ ਨਾਲ ਇਨ੍ਹਾਂ ਤਿੰਨਾਂ ਮਹਾਮਾਰੀਆਂ ਖਿਲਾਫ ਜੂਝਣਾ ਪਵੇਗਾ। ਕੌਮ ਨੂੰ ਆਪਣੇ ਜ਼ਰਾਏ (resources) ਪੈਦਾ ਕਰਨੇ ਪੈਣਗੇ । ਪੰਥਕ ਜਥੇਬੰਦੀਆਂ ਨੂੰ ਬਾਕੀ ਸਭ ਪਾਸਿਉਂ ਧਿਆਨ ਹਟਾ ਕੇ ਸਿੱਖ ਨੌਜੁਆਨੀ ਨੂੰ ਇਨ੍ਹਾਂ ਤਿਨ ਮਾਰੂ ਰੋਗਾਂ ਤੋ ਬਚਾਉਣ ਲਈ ਸਾਰਥਕ ਪ੍ਰੋਗਰਾਮ ਉਲੀਕਣੇ ਪੈਣਗੇ। ਗੁਰਮਤਿ ਪ੍ਰਚਾਰ ਦੇ ਨਾਲ ਨਾਲ ਇਨ੍ਹਾਂ ਮਹਾਮਾਰੀਆਂ ਖਿਲਾਫ ਵੀ ਪ੍ਰਚਾਰ ਮੁਹਿੰਮ ਛੇੜਨੀ ਪਵੇਗੀ, ਤਾਂ ਕੌਮ ਬਚੇਗੀ। ਸਭ ਤੋਂ ਵੱਡੀ ਗਲ ਸਿੱਖ ਨੌਜੁਆਂਨੀ ਨੂੰ ਬਹੁਤ ਜਿਮੇਂਵਾਰ ਅਤੇ ਚੇਤੰਨ ਹੋਣਾ ਪਵੇਗਾ। ਸੂਝਵਾਨ ਨੌਜੁਆਨਾਂ ਨੂੰ ਆਪਣੇ ਆਪੇ ਤੋਂ ਵੀ ਅੱਗੇ ਨਿਕਲ ਕੇ ਆਪਣੇ ਕੁਰਾਹੇ ਪਏ ਭੁਲੱੜ ਵੀਰਾਂ ਨੂੰ ਸਮਝਾਉਣ ਅਤੇ ਸੰਭਾਲਣ ਦੀ ਜਿੰਮੇਵਾਰੀ ਵੀ ਲੈਣੀ ਪਵੇਗੀ।
ਗੱਲ ਇਥੇ ਹੀ ਨਹੀਂ ਮੁਕਦੀ। ਪੂਰਾ ਚਕ੍ਰਵਿਊ ਰਚਿਆ ਗਿਆ ਹੈ, ਸਿੱਖ ਕੌਮ ਦੇ ਦੁਆਲੇ। ਚਾਣਕਿਆ ਨੀਤੀ ਦੇ ਹਥਿਆਰ, ਸਾਮ, ਦਾਮ, ਦੰਡ, ਭੇਦ, ਸਾਰੇ ਵਰਤੇ ਗਏ ਹਨ। ਸਿੱਖ ਕਿਸੇ ਵੀ ਤਰ੍ਹਾਂ ਬਚ ਕੇ ਨਾ ਨਿਕਲ ਸਕੇ। ਜੇ ਇਕ ਘੇਰਾ ਤੋੜਨ ਵਿਚ ਕਾਮਯਾਬ ਹੋ ਜਾਵੇ ਤਾਂ ਦੂਸਰੇ ਵਿਚ ਫਸ ਜਾਵੇ। ਅਗਲਾ ਘੇਰਾ ਹੈ ਭਗਵਾ-ਕਰਨ ਦਾ। ਅਸਲ ਵਿੱਚ ਹਿੰਦੂਤੱਵੀ ਸ਼ਕਤੀਆਂ ਨੂੰ ਡਰ ਸਿੱਖ ਦੇ ਸਰੂਪ ਤੋਂ ਨਹੀਂ, ਸਿੱਖੀ ਸਿਧਾਂਤ ਤੋਂ ਹੈ। ਇਨ੍ਹਾਂ ਦਾ ਅਸਲ ਵੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨਾਲ ਹੈ। ਜਿਸ ਦਾ ਇਲਾਹੀ ਗਿਆਨ ਬ੍ਰਾਹਮਣਵਾਦ ਦੇ ਕੂੜ ਪਾਜ, ਗੈਰ ਮਨੁੱਖੀ ਵਰਨਵੰਡ, ਵਿਖਾਵੇ ਦੇ ਧਰਮ-ਪਾਖੰਡ, ਪੂਜਾ ਤੇ ਪੂਜਾਰੀਵਾਦ, ਮੰਤਰ ਸ਼ਕਤੀ ਤੇ ਮੰਤਰਜਾਪ ਅਤੇ ਕਰਮਕਾਂਡੀ ਸਾਜਸ਼ਾਂ ਨੂੰ ਨਾ ਸਿਰਫ ਨਕਾਰਦਾ ਹੈ ਬਲਕਿ ਸਮਾਜ ਵਿੱਚ ਪੂਰੀ ਤਰ੍ਹਾਂ ਨੰਗਾ ਕਰਕੇ ਇਸ ਤੋਂ ਬਚਣ ਲਈ ਪ੍ਰੇਰਤ ਕਰਦਾ ਹੈ। ਬ੍ਰਾਹਮਣਵਾਦ ਨੂੰ ਡਰ ਗੁਰੂ ਨਾਨਕ ਪਾਤਿਸ਼ਾਹ ਦੇ ਇਕ ਈਸ਼ਵਰੀਵਾਦ, ਮਨੁੱਖੀ ਬਰਾਬਰੀ, ਮਨੁਖੀ ਭਾਈਚਾਰੇ, ਨਿਰਮਲ ਅਮਲੀ ਜੀਵਨ, ਸੱਚ ਧਰਮ ਅਤੇ ਸਰਬੱਤ ਦੇ ਭਲੇ ਦੇ ਫਲਸਫੇ ਤੋਂ ਹੈ ਜੋ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰਗਟ ਹੁੰਦਾ ਹੈ। ਇਸ ਲਈ ਅਗਲੀ ਸਾਜਿਸ਼ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦੀ ਹੈ।
ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਮਨਣਾ ਅਤੇ ਸਤਿਗੁਰੂ ਨਾਲੋਂ ਟੁਟਣਾ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਫੁਰਮਾਉਂਦੀ ਹੈ:
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ
ਜਿਨਿ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥
(ਧਨਾਸਰੀ ਮਹਲਾ 4, ਪੰਨਾ 669)
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
(ਸਲੋਕ ਮ: 3, ਪੰਨਾ 88)
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
(ਸਲੋਕੁ ਮ: 3, ਪੰਨਾ 594)
ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਕੋਈ ਮੰਤ੍ਰ ਨਹੀਂ ਜੀਵਨ ਜੁਗਤਿ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਸਤਿਗੁਰੂ ਜੀ ਦਾ ਹੁਕਮ ਮੰਨਣਾ। ਆਪਣੇ ਜੀਵਨ ਨੂੰ ਗੁਰਬਾਣੀ ਦੁਆਰਾ ਬਖਸ਼ੀ ਨਿਰਮਲ ਜੀਵਨ ਜੁਗਤਿ ਅਨੁਸਾਰ ਢਾਲਣਾ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁਟਣਾ ਹੈ, ਸਤਿਗੁਰੂ ਦੀ ਬਖਸ਼ੀ ਨਿਰਮਲ ਵਿਚਾਰਧਾਰਾ ਨਾਲੋਂ ਟੁਟਣਾ। ਕੇਵਲ ਸਤਿਗੁਰੂ ਜੀ ਦੇ ਕਿਤਾਬੀ ਸਰੂਪ ਦੀ ਪੂਜਾ ਕਰਨ ਤਕ ਸੀਮਤ ਹੋ ਜਾਣਾ, ਗੁਰਬਾਣੀ ਨੂੰ ਬਿਨਾ ਵਿਚਾਰੇ, ਸਮਝੇ, ਮੰਤਰ ਵਾਂਗ ਤੋਤਾ ਰਟਨੀ ਕਰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਜਣ ਦੀ ਨਹੀਂ ਅਪਨਾਉਣ ਦੀ ਚੀਜ਼ ਹੈ। ਸਿੱਖ ਨੇ ਕੇਵਲ ਆਪਣੇ ਜੀਵਣ ਨੂੰ ਹੀ ਨਹੀਂ, ਪੂਰੇ ਮਨੁੱਖੀ ਸਮਾਜ ਨੂੰ, ਇਨਸਾਨੀ ਭਾਈਚਾਰੇ ਨੂੰ ਗੁਰਮਤਿ ਦੇ ਰੰਗ ਵਿਚ ਰੰਗਣਾ ਹੈ, ਜੋ ਗੁਰਬਾਣੀ ਨੂੰ ਆਪ ਪੜ੍ਹਕੇ, ਵਿਚਾਰੇ, ਸਮਝੇ ਬਿਨਾ ਸੰਭਵ ਨਹੀਂ।
ਸੋ ਅਗਲਾ ਘੇਰਾ ਜੋ ਪੰਥ ਦੋਖੀ ਸ਼ਕਤੀਆਂ ਨੇ ਸਿੱਖੀ ਨੂੰ ਪਾਇਆ ਹੋਇਆ ਹੈ ਉਹ ਹੈ ਸਿੱਖੀ ਦਾ ਸਨਾਤਨੀਕਰਨ ਜਾਂ ਭਗਵਾਕਰਨ ਕਰਨਾ। ਇਸ ਮਕਸਦ ਵਾਸਤੇ ਸਿੱਖੀ ਅੰਦਰ ਇਕ ਵੱਡਾ ਜਾਲ ਵਿਛਾਇਆ ਗਿਆ ਹੈ। ਇਹ ਜੋ ਇਤਨੇ ਗੋਲ ਪੱਗਾਂ ਅਤੇ ਲੰਬੇ ਚੋਲਿਆਂ ਵਾਲੇ, ਆਪਣੇ ਆਪ ਨੂੰ ਸੰਤ, ਸਾਧ, ਬਾਬਾ, ਬ੍ਰਹਮਗਿਆਨੀ, ਮਹਾਂਪੁਰਖ ਅਦਿ ਕਹਾਉਣ ਵਾਲੇ ਪਾਖੰਡੀ ਤੁਰੇ ਫਿਰਦੇ ਹਨ, ਇਹ ਸਭ ਇਹੀ ਕੰਮ ਕਰ ਰਹੇ ਹਨ। ਅਸਲ ਵਿਚ ਇਹ ਸਭ ਜਾਣੇ-ਅਣਜਾਣੇ ਇਨ੍ਹਾਂ ਬਿਪਰਵਾਦੀ, ਪੰਥ ਦੋਖੀ ਸ਼ਕਤੀਆਂ ਦੇ ਏਜੰਟ ਹਨ। ਪੰਥ ਦੋਖੀ ਸ਼ਕਤੀਆਂ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਦੋ ਬਹੁਤ ਵੱਡੇ ਕੰਮ ਇਨ੍ਹਾਂ ਰਾਹੀਂ ਹੀ ਕਰਾਏ ਹਨ। ਪਹਿਲਾ ਹੈ ਸਿੱਖ ਕੌਮ ਨੂੰ ਵੰਡਣ ਦਾ ਅਤੇ ਵੰਡੀਆਂ ਪਾਕੇ ਕਮਜ਼ੋਰ ਕਰਨ ਦਾ। ਅੱਜ ਇਹ ਨਿਰੰਕਾਰੀ, ਆਸ਼ੂਤੋਸ਼ੀਏ, ਝੂਠਾ ਸੌਦਾ, ਭਨਿਆਰਾ, ਬਿਆਸੇਵਾਲੇ, ਨਾਮਧਾਰੀਏ ਆਦਿ ਦੇ ਡੇਰਿਆਂ ਤੇ ਜਾਣ ਵਾਲੇ ਬਹੁਤੇ ਸਿੱਖ ਹੀ ਹਨ। ਦੁਸ਼ਮਨ ਨੇ ਇਤਨਾ ਕਮਾਲ ਦਾ ਜਾਲ ਵਿਛਾਇਆ ਹੈ ਕਿ ਪਹਿਲਾਂ ਤਾਂ ਜੋ ਡੇਰਿਆਂ ਦੇ ਹੋ ਗਏ ਉਹ ਸਿੱਖੀ ਪਖੋਂ ਜਿਉਂਦੇ ਹੀ ਮਰ ਗਏੇ, ਫੇਰ ਜੇ ਲੜਾਈ-ਝਗੜਾ ਹੋਵੇ, ਜਿਸ ਪਾਸਿਓਂ ਵੀ ਮਰੇ ਸਿੱਖ ਹੀ ਮਰੇ। ਬਸ ਦੁਸ਼ਮਨ ਇਹੀ ਚਾਹੁੰਦਾ ਹੈ ਕਿ ਸਿੱਖ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਣ। ਨਿਰੰਕਾਰੀ ਕਾਂਡ ਵਿੱਚ ਕੀ ਹੋਇਆ ਅਤੇ ਹੁਣ ਸੌਦਾ ਸਾਧ ਦੇ ਕੇਸ ਵਿੱਚ ਕੀ ਹੋ ਰਿਹਾ ਹੈ? ਨਾਲੇ ਜੇ ਆਪਸ ਵਿੱਚ ਹੀ ਲੜਦੇ ਰਹਿਣਗੇ ਤਾਂ ਘੱਟੋ-ਘੱਟ ਅਸਲੀ ਦੁਸ਼ਮਨ ਵੱਲ ਤਾਂ ਧਿਆਨ ਨਹੀਂ ਜਾਵੇਗਾ। ਉੱਪਰ ਕੁਝ ਡੇਰਿਆਂ ਦੇ ਨਾਂ ਲਿਖਣ ਨਾਲ ਇੰਝ ਜਾਪਦਾ ਹੋਵੇਗਾ ਜਿਵੇਂ ਇਹੀ ਸਭ ਪੰਥ ਦੋਖੀ ਹਨ ਅਤੇ ਬਾਕੀ ਸਭ ਬਾਬੇ ਪੰਥ ਦਰਦੀ ਅਤੇ ਗੁਰਮਤਿ ਦੇ ਧਾਰਨੀ। ਬਿਲਕੁਲ ਨਹੀਂ। ਬਸ ਫਰਕ ਸਿਰਫ ਇਤਨਾ ਹੈ ਕਿ ਉਹ ਇਤਨੇ ਸਥਾਪਤ ਅਤੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਉਨ੍ਹਾਂ ਨੁੰ ਹੁਣ ਆਪਣੀ ਹੱਟੀ ਚਲਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਰਹੀ। ਹੁਣ ਉਹ ਆਪ ਗੁਰੂ ਬਣ ਬੈਠੇ ਹਨ ਅਤੇ ਉਹ ਖਾਲਸਾ ਪੰਥ ਦੇ ਮੁਕਾਬਲੇ ਆਪਣੇ ਅਲੱਗ ਪੰਥ ਚਲਾਈ ਬੈਠੇ ਹਨ ਅਤੇ ਇਹ ਅਜੇ ਆਪਣੇ ਆਪ ਨੂੰ ਸਥਾਪਤ ਕਰ ਰਹੇ ਹਨ। ਕੰਮ ਇਹ ਵੀ ਉਤਨਾਂ ਹੀ ਖਤਰਨਾਕ ਕਰ ਰਹੇ ਹਨ।
ਪੰਥ ਦੋਖੀਆਂ ਦਾ ਦੂਸਰਾ ਵੱਡਾ ਕੰਮ ਕਿ ਸਿੱਖ ਸਿੱਖੀ ਸਰੂਪ ਵਿੱਚ ਰਹਿੰਦਾ ਹੋਇਆ ਹੀ, ਕਰਮਾਂ ਕਰਕੇ ਬ੍ਰਾਹਮਣ ਬਣ ਜਾਏ, ਇਨ੍ਹਾਂ ਕੋਲੋਂ ਹੀ ਕਰਾਇਆ ਜਾ ਰਿਹਾ ਹੈ। ਅੱਜ ਸਿੱਖ ਕੌਮ ਵਿੱਚ ਚੱਲ ਰਹੀਆਂ ਇਕੌਤਰੀਆਂ, ਗੁਰਧਾਮਾਂ ਦੇ ਦਰਸ਼ਨਾਂ ਦੇ ਨਾਂਅ ਤੇ ਕਰਾਈਆਂ ਜਾ ਰਹੀਆਂ ਤੀਰਥ ਯਾਤਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਂਅ ਤੇ ਕਰਾਈ ਜਾ ਰਹੀ ਕੇਵਲ ਬਾਹਰੀ ਸਰੂਪ ਦੀ ਪੂਜਾ, ਬ੍ਰਾਹਮਾਣਵਾਦ ਨਾਲੋਂ ਵੀ ਵੱਧ ਫੈਲਾਏ ਜਾ ਰਹੇ ਵਹਿਮ- ਭਰਮ, ਸੁੱਚ ਤੇ ਪਵਿੱਤਰਤਾ ਦੇ ਨਾਂਅ ਤੇ ਭਿੱਟ ਆਦਿ ਅਨੇਕਾਂ ਕਰਮ ਇਨ੍ਹਾਂ ਦੀ ਦੇਣ ਹੈ। ਉਨ੍ਹਾਂ ਨੇ ਆਪਣੇ ਧਰਮ ਗ੍ਰੰਥ ਤਿਆਰ ਕਰ ਲਏ ਹਨ, ਇਹ ਕੱਚੀਆਂ ਧਾਰਨਾਂ ਲਾ ਕੇ, ਮੰਨਤਾਂ ਮਨਾ ਕੇ, ਮੰਤਰ ਦੇ ਰੂਪ ਵਿੱਚ ਸ਼ਬਦ ਦੇਕੇ, ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ, ਸਿੱਖਾਂ ਨੂੰ ਗੁਰਬਾਣੀ ਨਾਲੋਂ, ਗੁਰਬਾਣੀ ਦੇ ਇਲਾਹੀ ਗਿਆਨ ਨਾਲੋਂ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਦੁਸ਼ਮਨ ਸ਼ਕਤੀਆਂ ਨੇ ਪ੍ਰਚਾਰਕਾਂ ਦੇ ਰੂਪ ਵਿਚ ਕਈ ਆਪਣੇ ਏਜੰਟ ਸਿੱਖੀ ਵਿਚ ਵਾੜੇ ਹੋਏ ਹਨ ਜਾਂ ਸਿੱਖ ਪ੍ਰਚਾਰਕ ਖਰੀਦੇ ਹੋਏ ਹਨ, ਜੋ ਇਹੀ ਕੰਮ ਕਰ ਰਹੇ ਹਨ। ਉਨ੍ਹਾਂ ਆਪਣਾ ਅਲੱਗ ਪੰਥ ਚਲਾ ਕੇ ਵੰਡੀਆਂ ਪਾਈਆਂ ਹਨ, ਇਹ ਪੰਥ ਦੀ ਮਰਿਯਾਦਾ ਨਹੀਂ ਮੰਨਦੇ ਇਸ ਬਾਰੇ ਸ਼ੰਕੇ ਖੜੇ ਕਰਦੇ ਰਹਿੰਦੇ ਹਨ ਕਿ ਕਿਤੇ ਸਿੱਖ ਕੌਮ ਇਕ ਮਰਿਯਾਦਾ ਦੇ ਸੂਤਰ ਵਿੱਚ ਨਾ ਪਰੋਈ ਜਾਵੇ ਅਤੇ ਪੰਥ ਏਕਤਾ ਵਲ ਨਾ ਵੱਧ ਪਵੇ। ਨਾਨਕ ਸ਼ਾਹੀ ਕਲੰਡਰ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਿ ਕਿਤੇ ਸਿੱਖੀ ਦੀ ਅਲੱਗ ਪਹਿਚਾਨ ਨਾ ਸਥਾਪਤ ਹੋ ਜਾਵੇ, ਇਹ ਬ੍ਰਾਹਮਣਵਾਦ ਦੇ ਚੁੰਗਲ ਚੋਂ ਨਿਕਲ ਨਾ ਜਾਵੇ।
ਅਜ ਸਿੱਖ ਕੌਮ ਵਿੱਚ ਬੜਾ ਰੋਸ ਹੈ ਕਿ ਝੂਠੇ ਸੌਦੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਤੇ ਖੰਡੇ ਬਾਟੇ ਦੀ ਪਾਹੁਲ ਦੀ ਨਕਲ ਉਤਾਰੀ ਹੈ। ਇਹ ਸਿੱਖੀ ਦੇ ਅਲੰਬਦਾਰ ਬਾਬੇ ਜੋ ਲੋਕਾਂ ਨੂੰ ਪਾਣੀ ਦੇ ਗਿਲਾਸਾਂ ਵਿਚ ਫੂਕਾਂ ਮਾਰਕੇ, ਅਖੰਡਪਾਠ ਦੇ ਕੋਲ ਕੁੰਭ ਰੱਖਕੇ ਉਸ ਪਾਣੀ ਨੂੰ ਅੰਮ੍ਰਿਤ ਕਹਿਕੇ, ਥਾਂ-ਥਾਂ ਤੇ ਬਣਾਏ ਜਾ ਰਹੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਕਹਿ ਕੇ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੱਗੇ ਪੈਰ ਧੋਣ ਵਾਲੇ ਪਾਣੀ ਨੂੰ ਅੰਮ੍ਰਿਤ ਕਹਿਕੇ, ਆਪਣੇ ਪੈਰਾਂ ਨਾਲ ਪਾਣੀ ਨੂੰ ਛੁਹਾਕੇ, ਇਥੋਂ ਤਕ ਕੇ ਆਪਣੇ ਕਛਿਹਰੇ ਨਿਚੋੜ ਕੇ ਅੰਮ੍ਰਿਤ ਵੰਡ ਰਹੇ ਹਨ, ਕੀ ਇਹ ਖੰਡੇ-ਬਾਟੇ ਦੀ ਪਾਵਨ ਪਾਹੁਲ ਦੀ ਬਰਾਬਰੀ ਨਹੀਂ, ਕਿ ਬੇਅਦਬੀ ਨਹੀਂ? ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੀ ਨਕਲ ਤੇ ਆਪਣੇ-ਆਪਣੇ ਪੰਜ ਪਿਆਰੇ ਸਾਜੇ ਹੋਏ ਹਨ।
ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂਅ ਨਹੀਂ ਲਿਖਣਾ ਚਾਹੁੰਦਾ ਸਾਂ ਕਿ ਕਿਤੇ ਇਹ ਨਾ ਜਾਪੇ ਕਿ ਇਹ ਵੱਧ ਗੁਨਹਗਾਰ ਹੈ ਤੇ ਦੂਜੇ ਕੁਝ ਘੱਟ। ਪਰ ਹੁਣ ਮਜਬੂਰੀ ਆਣ ਬਣੀ ਹੈ। ਇਕ ਪ੍ਰਮਾਣ ਦਸਣਾ ਜ਼ਰੂਰੀ ਜਾਪ ਰਿਹਾ ਹੈ। ਮਾਨ ਸਿੰਘ ਪਿਹੋਵੇ ਵਾਲੇ ਪਖੰਡੀ ਨੇ ਆਪਣੇ ਪੰਜ ਸੇਵਕਾਂ ਦੇ ਨਾਂਅ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਸਾਜੇ ਪੰਜ ਪਿਆਰਿਆਂ ਦੇ ਨਾਂਅ ਤੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਰੱਖੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਉਹ ਪੰਜੇ ਪਿੱਛਲੇ ਜਨਮ ਦੇ ਅੱਸਲੀ ਪੰਜ ਪਿਆਰੇ ਹਨ। ਗੱਲ ਤਾਂ ਸਪਸ਼ਟ ਹੈ ਕਿ ਜੇ ਉਹ ਪਿੱਛਲੇ ਜਨਮ ਦੇ ਅਸਲੀ ਪੰਜ ਪਿਆਰੇ ਹੁਣ ਮਾਨ ਸਿੰਘ ਪਿਹੋਵੇ ਵਾਲੇ ਦੇ ਸੇਵਕ ਹਨ, ਤਾਂ ਮਾਨ ਸਿੰਘ ਪਿਹੋਵੇ ਵਾਲਾ ਤਾਂ ਆਪੇ ਗੁਰੂ ਗੋਬਿੰਦ ਸਿੰਘ ਹੋ ਗਿਆ। ਕੋਈ ਰੌਲਾ ਨਹੀਂ ਪਿਆ। ਕੋਈ ਆਵਾਜ਼ ਨਹੀਂ ਉਠੀ। ਕਿਉਂਕਿ ਉਸਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਕਹਿਣ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ।
ਬਹੁਤ ਵੱਡਾ ਭਰਮਜਾਲ ਪਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਅਜ ‘ਸੰਤ ਸਮਾਜ’ ਬਣ ਗਿਆ ਹੈ, ਜਿਵੇਂ ਠੱਗਾਂ ਨੇ ਆਪਣੀ ਯੂਨੀਅਨ ਬਣਾ ਲਈ ਹੋਵੇ। ਸੌਦਾ ਸਾਧ ਦੇ ਮੁਕਾਬਲੇ’ਚ ਇਹ ਸੰਤ ਸਮਾਜ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ। ਨਹੀਂ, ਅਸਲ ਵਿੱਚ ਇਹ ਸਿੱਖਾਂ ਨੂੰ ਇਹ ਦੱਸ ਕੇ ਕਿ ਅਸੀਂ ਡੇਰੇਦਾਰ ਨਹੀਂ, ਅਸੀਂ ਤਾਂ ਕੌਮ ਦੇ ਪ੍ਰਚਾਰਕ ਹਾਂ। ਅਸੀਂ ਤਾਂ ਪੰਥ ਪਰਸਤ ਹਾਂ। ਆਪਣੇ ਭਰਮਜਾਲ ਨੂੰ ਹੋਰ ਮਜਬੂਤ ਕਰਨ ਲੱਗੇ ਹੋਏ ਹਨ। ਜਦੋਂ ਕੋਈ ਵਾਰਦਾਤ ਹੋ ਜਾਵੇ, ਇਹ ਫਟਾ-ਫੱਟ ਆਪਣਾ ਕੋਈ ਪ੍ਰੋਗਰਾਮ ਐਲਾਣ ਦੇਂਦੇ ਹਨ। ਭਾਵਨਾ ਦੇ ਵੇਗ ਵਿਚ ਵੱਗ ਰਹੀ ਕੌਮ ਪਿਨੂੰ ਛੇ ਤੁਰ ਪੈਂਦੀ ਹੈ। ਬਗੈਰ ਸਚਾਈ ਜਾਣੇ, ਬਗੈਰ ਨਤੀਜੇ ਸੋਚੇ, ਬਗੈਰ ਇਨ੍ਹਾਂ ਦੇ ਪੁਰਾਣੇ ਕਰਮਾਂ ਅਤੇ ਕਿਰਦਾਰ ਨੂੰ ਵਿਚਾਰੇ। ਅੱਬਲ ਤਾਂ ਇਹੋ ਜਿਹੇ ਭਾਵੁਕ ਵਿਸ਼ਿਆਂ ਤੇ ਸਾਰੇ ਆਗੂ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਹਨ। ਕੋਈ ਉਲਟੀ ਸੁਰ ਵਿੱਚ ਬੋਲਕੇ ਆਪਣੀ ਸਾਖ ਕਮਜੋਰ ਨਹੀਂ ਕਰਨਾ ਚਾਹੁੰਦਾ। ਫੇਰ ਜੇ ਕੋਈ ਸਿਰ ਸੜਿਆ ਕੌਮ ਨਾਲ ਇਤਨੀ ਬੇਵਫਾਈ ਬਰਦਾਸ਼ਤ ਨਾ ਕਰਦਾ ਹੋਇਆ ਬੋਲ ਹੀ ਪਵੇ, ਤਾਂ ਕਿਹਾ ਜਾਂਦਾ ਹੈ, ਉਹ ਇਤਨੇ ਨਾਜ਼ੁਕ ਸਮੇਂ ਵਿਚ ਕੌਮ ਵਿੱਚ ਵੰਡੀਆਂ ਪਾਉਣਾ ਚਾਹੁੰਦਾ ਹੈ। ਉਸ ਨੂੰ ਪੰਥ ਦੋਖੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਕੌਮ ਦੀ ਜਜ਼ਬਾਤੀ ਬਲੈਕ ਮੇਲਿੰਗ (emotional black-mailing) ਹੋ ਰਹੀ ਹੈ।
(ਚਲਦਾ)