

ਦਿੱਲੀ ਡਾਇਰੀ
- ਇੰਡੀਆ ਅਵੇਅਰਨੈੱਸ ਬਿਉਰੋ -
ਪਿਛਲੇ ਦਿਨੀਂ ਪੱਛਮੀ ਦਿੱਲੀ ਦੇ ਪੰਜਾਬੀ ਬਾਗ ਖੇਤਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਦੇ ਮਸਲੇ ਵਿੱਚ ਦਿੱਲੀ ਕਮੇਟੀ ਦੇ ਹਥਿਆਰਬੰਦ ਮੁਲਾਜ਼ਮਾਂ ਦੀ ਕਥਿਤ ਦਖ਼ਲ-ਅੰਦਾਜ਼ੀ ਦਿੱਲੀ ਦੇ ਸਿੱਖਾਂ ਵਿੱਚ ਭਰਪੂਰ ਚਰਚਾ ਦਾ ਵਿਸ਼ਾ ਬਣੀ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਉਕਤ ਗੁਰਦੁਆਰਾ ਸਾਹਿਬ, ਜਿੱਥੇ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਸਮਰਥਕ ਗੁੱਟ ਦੀ ਪ੍ਰਬੰਧਕ ਕਮੇਟੀ ਕਾਇਮ ਹੈ, ਦੀ ਮਿਆਦ ਖ਼ਤਮ ਹੋ ਗਈ ਹੈ। ਪਰ ਪੰਜਾਬੀ ਬਾਗ ਖੇਤਰ ਵਿੱਚ ਪਕੜ ਢਿੱਲੀ ਪੈ ਜਾਣ ਕਾਰਨ ਸਰਨਾ ਨੂੰ ਖਦਸ਼ਾ ਹੈ ਕਿ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਸਿਆਸੀ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਕ ਜੇਤੂ ਹੋ ਜਾਣਗੇ। ਇਸਲਈ ਕਥਿਤ ਤੌਰ ’ਤੇ ਸਰਨਾ ਦੇ ਇਸ਼ਾਰਿਆਂ ’ਤੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਚੋਣਾਂ ਕਰਵਾਉਣ ਤੋਂ ਟਾਲ-ਮਟੋਲ ਕੀਤੀ ਜਾ ਰਹੀ ਸੀ। 12 ਸਤੰਬਰ ਨੂੰ ਵੀ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਸਿੱਖਾਂ ਵੱਲੋਂ ਚੋਣਾਂ ਕਰਵਾਏ ਜਾਣ ਦੀ ਮੰਗ ਲੈ ਕੇ ਚਰਚਾ ਹੋ ਰਹੀ ਸੀ। ਏਨੇ ਸਮੇਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਹਥਿਆਰਬੰਦ ਮੁਲਾਜ਼ਮ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਮੀਟਿੰਗ ਵਿੱਚ ਖਲਲ ਪਾਉਣ ਦਾ ਯਤਨ ਕੀਤਾ।
ਮੁਲਾਜ਼ਮਾਂ ਦੇ ਇਸ ਵਤੀਰੇ ਨਾਲ ਭੜਕੇ ਲੋਕਾਂ ਨੇ ਤੁਰੰਤ ਸਥਾਨਕ ਪੁਲਿਸਕਰਮੀਆਂ ਨੂੰ ਉੱਥੇ ਬੁਲਾ ਲਿਆ, ਜੋ ਇਨ੍ਹਾਂ ਮੁਲਾਜ਼ਮਾਂ ਨੂੰ ਪੰਜਾਬੀ ਬਾਗ ਥਾਣੇ ਵਿਖੇ ਲੈ ਗਏ। ਕਿਉਂਕਿ ਇਨ੍ਹਾਂ ਮੁਲਾਜ਼ਮਾਂ ਨੇ ਅਸਲ ਵਿੱਚ ਕੋਈ ਹਿੰਸਕ ਕਾਰਵਾਈ ਨਹੀਂ ਕੀਤੀ ਸੀ ਪਰ ਜ਼ਾਹਿਰੀ ਤੌਰ ’ਤੇ ਉਨ੍ਹਾਂ ਦਾ ਮਕਸਦ ਸ਼ਾਂਤੀ ਭੰਗ ਕਰਨਾ ਹੀ ਸੀ, ਇਸਲਈ ਉਨ੍ਹਾਂ ਖਿਲਾਫ਼ ਇੰਡੀਅਨ ਪੈਨਲ ਕੋਡ ਦੀਆਂ ਧਾਰਾਵਾਂ ਵਰਤਣ ਦੀ ਬਜਾਏ, ਪੁਲਿਸ ਨੇ ਕ੍ਰਿਮਿਨਲ ਪ੍ਰੋਸੀਜ਼ਰ ਕੋਡ ਦੀਆਂ ਧਾਰਾਵਾਂ 107 ਅਤੇ 150 ਅਧੀਨ ਇਨ੍ਹਾਂ ਮੁਲਾਜ਼ਮਾਂ ਖਿਲਾਫ਼ ਕਲੰਦਰੇ ਦਾਇਰ ਕਰ ਦਿੱਤੇ।

ਥਾਣਾ ਪੰਜਾਬੀ ਬਾਗ ਵਿਖੇ ਬੈਠੇ ਦਿੱਲੀ ਕਮੇਟੀ ਦੇ ਮੁਲਾਜ਼ਮ
ਇਸ ਤਰ੍ਹਾਂ ਦੀ ਸਨਸਨਖੇਜ਼ ਖ਼ਬਰ ਦਾ ਪੰਜਾਬੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਲਾਜ਼ਮੀ ਸੀ ਅਤੇ ਅਜਿਹਾ ਹੋਇਆ ਵੀ। ਪਰ ਸ੍ਰੀ ਸਰਨਾ ਨੇ ਇਸ ਘਟਨਾ-ਕ੍ਰਮ ਲਈ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਕੋਈ ਕਦਮ ਚੁੱਕਣ ਦੀ ਬਜਾਏ ਦਿੱਲੀ ਕਮੇਟੀ ਦੇ ਮੈਨੇਜਰ ਰਾਹੀਂ ਪੰਜਾਬੀ ਅਖ਼ਬਾਰਾਂ ਦੇ ਕਈ ਪੱਤਰਕਾਰਾਂ ਖਿਲਾਫ਼ ਹੀ ਸ਼ੋ-ਕਾਜ਼ ਨੋਟਿਸ ਜਾਰੀ ਕਰਕੇ ਉਨ੍ਹਾਂ ’ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਪੱਤਰਕਾਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਲਈ ਮੁਲਾਜ਼ਮਾਂ ਦੇ ਗ੍ਰਿਫ਼ਤਾਰ ਹੋਣ ਦੀ ਗਲਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਦਕਿ ਪੁਲਿਸ ਨੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਦੂਜੇ ਪਾਸੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਰੋਪੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈਣਾ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਆਦਿਕ ਤਕਨੀਕੀ ਲਫ਼ਜ਼ ਹਨ, ਜਿਨ੍ਹਾਂ ਦਾ ਬਹਾਨਾ ਬਣਾ ਕੇ ਪਰਮਜੀਤ ਸਿੰਘ ਸਰਨਾ ਉਨ੍ਹਾਂ ’ਤੇ (ਆਪਣੇ ਵਿਰੋਧ ਵਿੱਚ ਖ਼ਬਰਾਂ ਪ੍ਰਕਾਸ਼ਿਤ ਨਾ ਕਰਨ ਲਈ) ਅਨੈਤਿਕ ਦਬਾਅ ਬਣਾ ਰਹੇ ਹਨ। ਦਿੱਲੀ ਦੇ ਪੰਜਾਬੀ ਪੱਤਰਕਾਰਾਂ ਵਿੱਚ ਸ੍ਰੀ ਸਰਨਾ ਦੀ ਇਸ ਧੌਂਸ ਭਰੀ ਨੀਤੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਰਨਾ ਦਲ ਦੇ ਮੈਂਬਰਾਂ ਵਿੱਚ ਨਰਾਜ਼ਗੀ
ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਸਿਆਸੀ ਦਬਦਬਾ ਪਹਿਲਾਂ ਨਾਲੋਂ ਕਾਫੀ ਘਟਿਆ ਹੈ। ਦਿੱਲੀ ਦੀ ਸਿੱਖ ਸਿਆਸਤ ਦੇ ਮਾਹਿਰਾਂ ਮੁਤਾਬਿਕ, ਸਰਨਾ ਦੀ ਕਮੇਟੀ ਦੇ ਮੈਂਬਰਾਂ ’ਤੇ ਪਕੜ ਲਗਾਤਾਰ ਘੱਟਦੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਸਰਨਾ ਦਲ ਦੇ ਸਾਫ-ਸੁਥਰੇ ਅਕਸ ਵਾਲੇ ਕਈ ਮੈਂਬਰ ਸਰਨਾ ਤੋਂ ਨਰਾਜ਼ ਹਨ ਅਤੇ ਪਾਰਟੀ ਛੱਡਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਮਜਬੂਰੀ ਇਹ ਹੈ ਕਿ ਬਾਦਲ ਦਲ ਦੀ ਦਿੱਲੀ ਇਕਾਈ ਦੇ ਆਗੂਆਂ ਦੀ ਸ਼ਖ਼ਸੀਅਤ ਅਤੇ ਨੀਤੀਆਂ ਏਨੀਆਂ ਕਾਰਗਰ ਨਹੀਂ ਕਿ ਸਰਨਾ ਦਲ ਦੇ ਮੈਂਬਰਾਂ ਨੂੰ ਬਾਦਲ ਧੜੇ ਵਿੱਚ ਸ਼ਾਮਲ ਹੋਣ ਦਾ ਕੋਈ ਸਿਆਸੀ ਲਾਭ ਹੋ ਸਕੇ। ਮੰਨਿਆ ਜਾਂਦਾ ਹੈ ਕਿ ਦਿੱਲੀ ਦੇ ਬਾਦਲ ਦਲ ਆਗੂ, ਸਰਨਾ ਖਿਲਾਫ਼ ਕੋਈ ਸਾਰਥਕ ਮੁਹਿੰਮ ਉਲੀਕਣ ਦੀ ਬਜਾਏ, ਚੋਣਾਂ ਵਿੱਚ ਟਿਕਟਾਂ ਪ੍ਰਾਪਤ ਕਰਨ ਦੀ ਹੋੜ ਜਾਂ ਆਪਸੀ ਈਰਖਾ ਕਾਰਨ, ਇਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਸਿਆਸੀ ਨੁਕਸਾਨ ਪਹੁੰਚਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ। ਬਾਦਲ ਦਲ ਦੇ ਮੈਂਬਰਾਂ ਦੀ ਇਸ ਆਪਸੀ ਪਾਟੋਧਾੜ ਦਾ ਲਾਭ ਸ੍ਰੀ ਸਰਨਾ ਨੂੰ ਮਿਲ ਰਿਹਾ ਹੈ ਅਤੇ ਉਹ ਇਕ ਜਾਂ ਦੂਜੇ ਢੰਗ ਨਾਲ ਕਮੇਟੀ ’ਤੇ ਕਾਬਿਜ਼ ਹੋਏ ਪਏ ਹਨ।
ਪਰ ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸ੍ਰੀ ਸਰਨਾ ਨੂੰ ਦਿੱਲੀ ਦੀ ਸਿੱਖ ਸਿਆਸਤ ਵਿੱਚ ਆਪਣੀ ਧਾਕ ਕਾਇਮ ਰੱਖਣ ਵਾਸਤੇ ਬਾਦਲ ਦਲ ਦੀ ਕਮਜ਼ੋਰੀ ਦੀ ਬਜਾਏ ਆਪਣੀ ਪਾਰਟੀ ਨੂੰ ਮਜਬੂਤ ਕਰਨ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਕਮੇਟੀ ਮੈਂਬਰਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਕਮੇਟੀ ਮੈਂਬਰ ਸ੍ਰੀ ਸਰਨਾ ਨੂੰ ਆਪਣਾ ਸਹਿਯੋਗ ਦੇਣਾ ਵੀ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁਖ ਹੈ ਕਿ ਸ੍ਰੀ ਸਰਨਾ ਦੇ ਆਸ-ਪਾਸ ਇਕ ਅਜਿਹੀ ਚਾਪਲੂਸ ਮੰਡਲੀ ਸਰਗਰਮ ਰਹਿੰਦੀ ਹੈ, ਜੋ ਸ੍ਰੀ ਸਰਨਾ ਨੂੰ ਹਰ ਮਾਮਲੇ ਵਿੱਚ ਗੁੰਮਰਾਹ ਕਰਕੇ; ਪਾਰਟੀ ਅਤੇ ਸਿੱਖਾਂ ਦੇ ਹਿੱਤਾਂ ਖਿਲਾਫ਼ ਵਰਤਦੀ ਹੈ। ਇਨ੍ਹਾਂ ਚਾਪਲੂਸਾਂ ਦੀ ਟੋਲੀ ਦਾ ਲੀਡਰ, ਜੋ ਪੱਛਮੀ ਦਿੱਲੀ ਦੀ ਇਕ ਸਮਾਜਕ-ਧਾਰਮਕ ਸੰਸਥਾ ਦਾ ਮੁੱਖ ਅਹੁਦੇਦਾਰ ਹੋਣ ਦੀਆਂ ਡੀਂਗਾਂ ਮਾਰਦਾ ਹੈ (ਅਤੇ ਸੰਸਥਾ ਵਿੱਚ ਭ੍ਰਿਸ਼ਟਾਚਾਰ ਫੈਲਾ ਰਿਹਾ ਹੈ), ਆਪਣੇ ਨਿਜੀ ਲਾਭ ਲਈ ਸ੍ਰੀ ਸਰਨਾ ਨੂੰ ਵੱਖ-ਵੱਖ ਕਮੇਟੀ ਮੈਂਬਰਾਂ ਦੇ ਖਿਲਾਫ ਭੜਕਾ ਕੇ, ਸਰਨਾ ਤੋਂ ਮੈਂਬਰਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਨਿਰਣੇ ਕਰਵਾ ਦਿੰਦਾ ਹੈ। ਚਾਪਲੂਸ ਜੁੰਡਲੀ ਦਾ ਇਕ ਹੋਰ ਅਹਿਮ ਸੂਤਰਧਾਰ, ਧਰਮ ਪ੍ਰਚਾਰ ਕਮੇਟੀ ਰਾਹੀਂ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਦੇ ਇਲਾਵਾ ਭ੍ਰਿਸ਼ਟਾਚਾਰੀ ਢੰਗ ਨਾਲ ਆਪਣੀਆਂ ਜੇਬਾਂ ਭਰ ਰਿਹਾ ਹੈ ਅਤੇ ਕੁਝ ਚੋਣਵੇਂ ਕਮੇਟੀ ਮੈਂਬਰਾਂ ਦੇ ਨਜ਼ਦੀਕੀ ਸਮਝੇ ਜਾਂਦੇ ਸੇਵਾਦਾਰਾਂ/ਮੁਲਾਜ਼ਮਾਂ ਨੂੰ ਤੰਗ-ਪਰੇਸ਼ਾਨ ਕਰਨ ਵਿੱਚ ਆਪਣੀ ਵਡਿਆਈ ਸਮਝਦਾ ਹੈ।
ਅਜਿਹੇ ਵਰਤਾਰੇ ਕਾਰਨ ਕਈ ਕਮੇਟੀ ਮੈਂਬਰ ਦਬੀ ਜ਼ੁਬਾਨ ਵਿੱਚ ਇਥੋਂ ਤੱਕ ਆਖ ਦਿੰਦੇ ਹਨ ਕਿ ਇਸ ਚਾਪਲੂਸ ਜੁੰਡਲੀ ਨੇ ਸਰਨਾ ਭਰਾਵਾਂ ਦਾ ਦਿਮਾਗ ਸੀਲ ਕਰਕੇ ਆਪਣੀ ਜੇਬ ਵਿੱਚ ਪਾਇਆ ਹੋਇਆ ਹੈ। ਸ੍ਰੀ ਸਰਨਾ ਦਾ ਭਲਾ ਚਾਹੁਣ ਵਾਲੇ ਇਨ੍ਹਾਂ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਿੱਤ ਦਿਨ ਅਰਦਾਸ ਕਰਦੇ ਹਨ ਕਿ ਸਰਨਾ ਭਰਾ ‘ਨਾਰਦ ਮੁਨੀ’ ਕਿਸਮ ਦੇ ਇਨ੍ਹਾਂ ਮੱਕਾਰ ਲੋਕਾਂ ਦੀ ਮਾਨਸਿਕ ਗੁਲਾਮੀ ਤਿਆਗ ਕੇ, ਸੁਤੰਤਰ ਸੋਚ ਅਪਣਾਉ ਅਤੇ ਚਾਪਲੂਸਾਂ ਦੇ ਇਸ਼ਾਰਿਆਂ ’ਤੇ ਤਾਨਾਸ਼ਾਹੀ ਰਵਈਆ ਅਪਣਾਉਣ ਦੀ ਥਾਂ, ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਹੋਣ।
ਦਿੱਲੀ ਕਮੇਟੀ ਦੇ ਸਕੂਲਾਂ ਦਾ ਵਿਵਾਦ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਸਕੂਲ ਵਿਵਾਦਾਂ ਦਾ ਵਿਸ਼ਾ ਬਣ ਗਏ ਹਨ। ਪਿਛਲੇ ਦਿਨੀਂ ਪੰਜਾਬੀ ਬਾਗ ਖੇਤਰ ਤੋਂ ਨਗਰ ਨਿਗਮ ਦੇ ਕੌਂਸਲਰ ਮਨਜਿੰਦਰ ਸਿੰਘ ਸਿਰਸਾ ਨੇ ਕੌਮੀ ਘੱਟ-ਗਿਣਤੀ ਕਮੀਸ਼ਨ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਕੂਲਾਂ-ਕਾਲਜਾਂ ਦੇ ਜ਼ਿਆਦਾਤਰ ਚੇਅਰਮੈਨਾਂ ਅਤੇ ਮੈਨੇਜਰਾਂ, ਜਿਨ੍ਹਾਂ ਦੀ ਨਿਯੁਕਤੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਕੀਤੀ ਜਾਂਦੀ ਹੈ, ਦੀ ਖ਼ੁਦ ਦੀ ਵਿਦਿਅਕ ਯੋਗਤਾ ਨਾਂ-ਮਾਤਰ ਹੀ ਹੈ। ਇਸਦੇ ਇਲਾਵਾ ਕਈ ਚੇਅਰਮੈਨਾਂ ਖਿਲਾਫ਼ ਤਾਂ ਅਦਾਲਤਾਂ ਵਿੱਚ ਗੰਭੀਰ ਕਿਸਮ ਦੇ ਅਪਰਾਧਿਕ ਮੁਕੱਦਮੇ ਵੀ ਚਲ ਰਹੇ ਹਨ। ਪਰ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੁਰਸੀ ਤੇ ਆਪਣੀ ਪਕੜ ਬਣਾਈ ਰੱਖਣ ਲਈ ਭ੍ਰਿਸ਼ਟ ਮਾਨਸਿਕਤਾ ਅਤੇ ਸ਼ੱਕੀ ਕਿਸਮ ਦੇ ਚਰਿੱਤਰ ਵਾਲੇ ਮੈਂਬਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਖ਼ਾਤਿਰ, ਉਨ੍ਹਾਂ ਨੂੰ ਚੇਅਰਮੈਨ ਤੇ ਮੈਨੇਜਰ ਬਣਾ ਕੇ ਸਿੱਖ ਕੌਮ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹੇ ਭ੍ਰਿਸ਼ਟ ਮੈਂਬਰਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਾਂ ਉਮੀਦਵਾਰਾਂ ਤੋਂ ਰਿਸ਼ਵਤਾਂ ਲੈ ਕੇ, ਸਕੂਲਾਂ ਵਿੱਚ ਜਰੂਰਤ ਤੋਂ ਬਹੁਤ ਜਿਆਦਾ ਸਟਾਫ ਦੀ ਭਰਤੀ ਕਰ ਦਿੱਤੀ ਹੈ। ਇਸਦੇ ਇਲਾਵਾ ਸਕੂਲ ਦੀ ਬਿਲਡਿੰਗ ਦੀ ਰਿਪੇਅਰਿੰਗ ਕਰਨ, ਵਿਦਿਆਰਥੀਆਂ ਦੀ ਸਹੂਲਤ ਲਈ ਕੋਈ ਸਮਾਨ ਖਰੀਦਣ ਜਾਂ ਸਕੂਲ ਦੇ ਸਮਾਗਮਾਂ ਦੌਰਾਨ ਹੁੰਦੇ ਖਰਚਿਆਂ ਵਿੱਚ ਘਪਲੇ ਕਰਕੇ ਇਨ੍ਹਾਂ ਸਕੂਲਾਂ ਨੂੰ ਬੇਹੱਦ ਆਰਥਕ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਇਸ ਰੁਝਾਨ ਕਾਰਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਘਾਟੇ ਵਿੱਚ ਚੱਲ ਰਹੀਆਂ ਹਨ ਅਤੇ ਇਨ੍ਹਾਂ ਸਕੂਲਾਂ ਕੋਲ ਛੇਵੇਂ ਪੇਅ ਕਮੀਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸਟਾਫ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਬਚੀ।
ਸਿਰਸਾ ਨੇ ਦੋਸ਼ ਲਗਾਇਆ ਕਿ ਹੋਰਨਾਂ ਪਬਿਲਕ ਸਕੂਲਾਂ ਦੇ 10ਵੀਂ ਅਤੇ 12ਵੀਂ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ, ਜਿਨ੍ਹਾਂ ਨੂੰ ਉਨ੍ਹਾਂ ਦੇ ਮੂਲ ਸਕੂਲ ਆਪਣਾ ਨਤੀਜਾ ਖਰਾਬ ਹੋਣ ਦੇ ਡਰੋਂ ਮੁੜ ਦਾਖ਼ਲਾ ਨਹੀਂ ਦਿੰਦੇ, ਨੂੰ ਵੀ ਕਿਸੇ ਸ਼ੱਕੀ ਨੀਤੀ ਅਧੀਨ ਭ੍ਰਿਸ਼ਟਾਚਾਰੀ ਢੰਗ ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਦਾਖਲਾ ਦੇ ਦਿੱਤਾ ਜਾਂਦਾ ਹੈ। ਪ੍ਰਬੰਧਕਾਂ ਦੀ ਇਸ ਗੈਰ-ਜ਼ਿੰਮੇਵਾਰਾਨਾ ਨੀਤੀ ਕਾਰਨ ਇਨ੍ਹਾਂ ਖਾਲਸਾ ਸਕੂਲਾਂ ਵਿੱਚ ਨਾ ਸਿਰਫ਼ ਪੜ੍ਹਾਈ ਦਾ ਸਤਰ ਡਿੱਗ ਰਿਹਾ ਹੈ, ਬਲਕਿ ਦਿੱਲੀ ਦੀ ਜਨਤਾ ਵਿੱਚ ਵੀ ਸਿੱਖ ਵਿਦਿਅਕ ਅਦਾਰਿਆਂ ਬਾਰੇ ਗਲਤ ਸੰਦੇਸ਼ ਜਾ ਰਿਹਾ ਹੈ। ਸਿਰਸਾ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆ ਦਾ ਸਤਰ ਉੱਚਾ ਰੱਖਣ ਲਈ ਗੁਰਦੁਆਰਾ ਕਮੇਟੀ ਵਿੱਚ ਵੋਟ ਦੇ ਤੌਰ ’ਤੇ ਵਰਤੇ ਜਾ ਸਕਣ ਵਾਲੇ ਅਪਰਾਧੀ ਚਰਿੱਤਰ ਵਾਲੇ ਲੋਕਾਂ ਦੀ ਬਜਾਏ ਸੂਝਵਾਨ ਬੁੱਧੀਜੀਵੀਆਂ ਅਤੇ ਆਪੋ-ਆਪਣੇ ਖੇਤਰ ਦੇ ਸਫਲ ਮਾਹਿਰਾਂ ਜਿਵੇਂ ਰਿਟਾਇਰਡ ਪ੍ਰੋਫੈਸਰਾਂ, ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਜੱਜਾਂ ਆਦਿਕ ਨੂੰ ਪ੍ਰਬੰਧ ਸੌਂਪਣਾ ਚਾਹੀਦਾ ਹੈ।
ਦਿੱਲੀ ਦੇ ਸਿੱਖ ਸਿਆਸਤਦਾਨਾਂ ਵਿੱਚ ਚਰਚਾ ਹੈ ਕਿ ਜੇਕਰ ਸਿੱਖਿਆ ਮੰਤਰੀ ਜਾਂ ਘੱਟ-ਗਿਣਤੀ ਕਮੀਸ਼ਨ, ਸਿਰਸਾ ਦੇ ਪੱਤਰ ਵਿੱਚ ਚੁੱਕੇ ਗਏ ਨੁਕਤਿਆਂ ਤੇ ਕਾਰਵਾਈ ਕਰਦਿਆਂ ਦਿੱਲੀ ਕਮੇਟੀ ਪਾਸੋਂ ਸਕੂਲਾਂ ਦੀ ਅਸਲ ਸਥਿਤੀ ਸਬੰਧੀ ਅੰਕੜੇ ਮੰਗ ਲੈਂਦੇ ਹਨ, ਤਾਂ ਇਸ ਨਾਲ ਕਮੇਟੀ ਦੇ ਅਹੁਦੇਦਾਰਾਂ ਦੀ ਬੇਹੱਦ ਕਿਰਕਿਰੀ ਹੋ ਸਕਦੀ ਹੈ। ਇਸਲਈ ਸਿਰਸਾ ਵੱਲੋਂ ਇਹ ਪੱਤਰ ਜਾਰੀ ਕਰਨ ਉਪਰੰਤ ਕਮੇਟੀ ਦੇ ਅਹੁਦੇਦਾਰਾਂ ਨੇ ਆਪਣੇ ਚਾਪਲੂਸਾਂ ਪਾਸੋਂ ਇਹ ਬਿਆਨ ਦਿਵਾਣੇ ਅਰੰਭ ਕਰਵਾ ਦਿੱਤੇ ਹਨ ਕਿ ਕਮੇਟੀ ਦੇ ਸਕੂਲਾਂ ਦੀ ਹਾਲਤ ਬਹੁਤ ਚੰਗੀ ਹੈ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਜੇਕਰ ਇਨ੍ਹਾਂ ਸਕੂਲਾਂ ਦਾ ਪ੍ਰਬੰਧਕੀ ਤੇ ਅਕਾਦਮਿਕ ਸਤਰ ਵਾਕਈ ਸ਼ਲਾਘਾਯੋਗ ਹੈ, ਤਾਂ ਕੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਇਨ੍ਹਾਂ ਸਕੂਲਾਂ ਦੇ ਨਤੀਜਿਆਂ, ਇਨ੍ਹਾਂ ਵਿੱਚ ਕੰਮ ਕਰਦੇ ਸਟਾਫ, ਉਨ੍ਹਾਂ ਦੀਆਂ ਤਨਖ਼ਾਹਾਂ ਤੇ ਉਨ੍ਹਾਂ ਨੂੰ ਮਿਲਦੀਆਂ ਪ੍ਰਮੋਸ਼ਨਾਂ ਆਦਿਕ ਦੇ ਤੱਥਾਂ ਨੂੰ ਦਿੱਲੀ ਦੇ ਸਿੱਖਾਂ ਸਾਹਮਣੇ ਪੇਸ਼ ਕਰਨ ਦਾ ਹੀਆ ਕਰ ਪਾਉਣਗੇ?
ਮਹਾਂਪੁਰਖ 36 ਜਾਂ 35?
ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਬਦਲਣ ਨਾਲ, ਸ਼ਾਇਦ ਕਮੇਟੀ ਦਾ ਗੁਰਮਤਿ ਵਿਚਾਰਧਾਰਾ ਬਾਰੇ ਨਜ਼ਰੀਆ ਵੀ ਬਦਲ ਜਾਂਦਾ ਹੈ। ਇਸ ਤੱਥ ਦੀ ਪ੍ਰਤੱਖ ਮਿਸਾਲ ਮਿਲਦੀ ਹੈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਕੀਰਤਨ ਦਰਬਾਰਾਂ ਤੋਂ। ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਇਸਲਈ ਸ਼ਤਾਬਦੀ ਪੁਰਬ ਦੇ ਸਬੰਧ ਵਿੱਚ 36 ਕੀਰਤਨ ਦਰਬਾਰਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ, ਗੁਰਬਾਣੀ ’ਤੇ ਪ੍ਰਮਾਣਿਕ ਖੋਜ ਕਰਨ ਵਾਲੇ ਵਿਦਵਾਨਾਂ, ਜਿਵੇਂ ਪ੍ਰੋ: ਸਾਹਿਬ ਸਿੰਘ ਨੇ ਸਪਸ਼ਟ ਫੈਸਲਾ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ। ‘ਮਰਦਾਨਾ’ ਲਫ਼ਜ਼ ਦੀ ਸ਼ਮੂਲੀਅਤ ਵਾਲੇ ਤਿੰਨ ਸਲੋਕ ਭਾਈ ਮਰਦਾਨਾ ਜੀ ਦੇ ਉਚਾਰੇ ਹੋਏ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਦੇ ਹੀ ਉਚਾਰੇ ਹੋਏ ਹਨ, ਜਿਸਦਾ ਪਤਾ ਇਨ੍ਹਾਂ ਸਲੋਕਾਂ ਦੀਆਂ ਅੰਤਮ ਤੁਕਾਂ ਵਿੱਚ ‘ਨਾਨਕ’ ਜਾਂ ‘ਨਾਨਕਾ’ ਪਦ ਦੀ ਵਰਤੋਂ ਹੋਣ ਤੋਂ ਮਿਲਦਾ ਹੈ। ‘ਨਾਨਕ’ ਪਦ ਦੀ ਵਰਤੋਂ ਸਿਰਫ਼ ਗੁਰੂ ਸਾਹਿਬਾਨ ਹੀ ਕਰ ਸਕਦੇ ਸਨ, ਕੋਈ ਭਗਤ ਜਾਂ ਗੁਰਸਿੱਖ ਨਹੀਂ। ਇਸਦੇ ਇਲਾਵਾ, ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਨੂੰ ‘ਨਾਨਕਾ’ ਕਹਿ ਕੇ ਸੰਬੋਧਿਤ ਨਹੀਂ ਕਰ ਸਕਦੇ ਸਨ।
ਇਹ ਵੀ ਇਕ ਦਿਲਚਸਪ ਤੱਥ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੁਫ਼ਤ ਲਿਟਰੇਟਰ ਵਿੱਚ ਕੁਝ ਸਾਲ ਪਹਿਲਾਂ ਤੱਕ (ਸ੍ਰ: ਤਰਸੇਮ ਸਿੰਘ ਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਹੋਣ ਸਮੇਂ), ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਖਾਂ ਦੀਆਂ ਰਚਨਾਵਾਂ ਹੋਣ ਦਾ ਜ਼ਿਕਰ ਹੀ ਕੀਤਾ ਜਾਂਦਾ ਸੀ। ਪਰ ਹੁਣ ਪਰਮਜੀਤ ਸਿੰਘ ਸਰਨਾ ਦੀ ਚਾਪਲੂਸੀ ਕਰਕੇ ਧਰਮ ਪ੍ਰਚਾਰ ਕਮੇਟੀ ਉੱਤੇ ਕਾਬਿਜ਼ ਆਰ.ਐਸ.ਐਸ. ਦੀ ਮਾਨਸਿਕਤਾ ਵਾਲੇ ਪੰਥ-ਦੋਖੀਆਂ ਵੱਲੋਂ ਬਦੋਬਦੀ ਗੁਰਬਾਣੀ ਨਾਲ ਸਬੰਧਿਤ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਇਕ ਵਿਵਾਦਿਤ ਪੁਸਤਕ ਨੂੰ ‘ਗੁਰੂ’ ਵਜੋਂ ਪ੍ਰਚਾਰਨਾ ਚਾਹੁੰਦੇ ਹਨ। ਇਸ ਤੱਥ ਦਾ ਇਕ ਸਪਸ਼ਟ ਸਬੂਤ ਇਹ ਵੀ ਹੈ ਕਿ ਗੁਰਦੁਆਰਾ ਕਮੇਟੀ ਦੇ ਦਫ਼ਤਰ ਦੇ ਬੇਸਮੈਂਟ ਵਿੱਚ ਹੀ ਸਥਿਤ ਪੁਸਤਕ ਭੰਡਾਰ ਵਿੱਚ ਹੀ ਉਕਤ ਵਿਵਾਦਿਤ ਪੁਸਤਕ ਨੂੰ ਵੀ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ, ਪਰਮਜੀਤ ਸਿੰਘ ਸਰਨਾ ਵੱਲੋਂ ਪ੍ਰੋ: ਦਰਸ਼ਨ ਸਿੰਘ ਦੀ ਦਸਮ-ਗ੍ਰੰਥ ਵਿਰੋਧੀ ਮੁਹਿੰਮ ਨੂੰ ਜ਼ਾਹਿਰੀ ਤੌਰ ’ਤੇ ਦਿੱਤਾ ਗਿਆ ਸਮਰਥਨ ਵੀ ਮਹਿਜ਼ ਇਕ ਬਚਿੱਤਰ ਨਾਟਕ ਬਣ ਕੇ ਰਹਿ ਗਿਆ ਪ੍ਰਤੀਤ ਹੁੰਦਾ ਹੈ। ਚੰਗਾ ਹੋਵੇ ਜੇਕਰ ਕਮੇਟੀ ਦੇ ਅਹੁਦੇਦਾਰ ਸਮਾਂ ਰਹਿੰਦਿਆਂ ਚੇਤੰਨ ਹੋਣ ਅਤੇ ਆਪਣੀਆਂ ਗਲਤੀਆਂ ਨੂੰ ਜਾਇਜ਼ ਠਹਿਰਾਉਣ ਦੀ ਬਜਾਏ, ਤੁਰੰਤ ਭਵਿੱਖ ਦੀਆਂ ਨੀਤੀਆਂ ਵਿੱਚ ਸੋਧ ਕਰਨ।