Subscription About Us Contact Us


ਗੁਰੂ ਗ੍ਰੰਥ ਸਾਹਿਬ ਦੇ ਕੁਝ ਮੁਢਲੇ ਉਪਦੇਸ਼, ਜਿਨ੍ਹਾਂ ਤੋਂ ‘300 ਸਾਲ, ਗੁਰੂ ਦੇ ਨਾਲ’ ਦਾ ਢੰਡੋਰਾ ਪਿੱਟਣ ਵਾਲੇ ਲੋਕ ਪੂਰੀ ਤਰ੍ਹਾਂ ਬਾਗੀ ਹੋਏ ਪਏ ਹਨ

- ਸਰਬਜੀਤ ਸਿੰਘ -
ਫੋਨ : 9871683322

ਅਕਤੂਬਰ 2008 ਵਿੱਚ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਸੰਸਾਰ ਭਰ ਦੇ ਸਿੱਖ ਜੋਰਾਂ-ਸ਼ੋਰਾਂ ਨਾਲ ਮਨਾ ਰਹੇ ਹਨ। ਨਾਂਦੇੜ ਵਿਖੇ ਅਰਬਾਂ ਰੁਪਏ ਦੇ ਬਜਟ ਵਾਲੇ ਪ੍ਰੋਗਰਾਮ ਆਯੋਜਿਤ ਕਰਨ ਦੇ ਇਲਾਵਾ ਹਰ ਸਥਾਨਕ ਗੁਰਦੁਆਰੇ ਵਿੱਚ ਵੀ ਇਸ ਪੁਰਬ ਨੂੰ ਮਨਾਉਣ ਲਈ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਰਧਾ ਵਿੱਚ ਗੜੁੱਚ ਹੋਏ ਸਿੱਖ ‘‘300 ਸਾਲ, ਗੁਰੂ ਦੇ ਨਾਲ’’ ਦੇ ਨਾਅਰਿਆਂ ਦੀ ਗੂੰਜ ਵਿੱਚ ਹਿੱਸਾ ਪਾ ਕੇ ਇਸ ਖੁਸ਼ਫਹਿਮੀ ਦਾ ਸ਼ਿਕਾਰ ਹੋ ਰਹੇ ਹਨ ਕਿ ਉਹ ਵਾਕਈ 3 ਸ਼ਤਾਬਦੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਪਾਲਨਾ ਕਰਦੇ ਆ ਰਹੇ ਹਨ।

ਪਰ ਕੀ ਸਿੱਖ ਵਾਕਈ ‘‘ਗੁਰੂ ਦੇ ਨਾਲ’’ ਹਨ? ਜੇਕਰ ਅਜਿਹਾ ਹੁੰਦਾ ਤਾਂ ਕੀ ਪੰਜਾਬ ਦੇ 90 ਫੀਸਦੀ ਨੌਜੁਆਨ ਕੇਸਾਂ ਦੀ ਬੇਅਦਬੀ ਕਰਨ ਵਾਲੇ ਅਤੇ ਨਸ਼ਿਆਂ ਦੇ ਆਦੀ ਹੁੰਦੇ? ਕੀ ਸਿੱਖ ਕੌਮ ਮੌਜੂਦਾ ਸਥਿਤੀ ਵਾਂਗ ਨਮੋਸ਼ੀ ਦਾ ਸ਼ਿਕਾਰ ਹੁੰਦੀ? ਜ਼ਾਹਿਰ ਹੈ ਕਿ ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਵਾਲੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਨ੍ਹਾਂ ਉਪਦੇਸ਼ਾਂ ਦੀ ਸਿੱਖਾਂ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ ਜਾਂ ਜਾਣਬੁੱਝ ਕੇ ਉਨ੍ਹਾਂ ਉਪਦੇਸ਼ਾਂ ’ਤੇ ਅਮਲ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ (ਬਗਾਵਤ ਕੀਤੀ ਜਾ ਰਹੀ ਹੈ)? ਹਥਲੇ ਲੇਖ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੁਝ ਮੁਢਲੇ ਸਿਧਾਂਤਾਂ ਦਾ ਜ਼ਿਕਰ ਕਰਦਿਆਂ ਇਹ ਚਰਚਾ ਕਰਦੇ ਹਾਂ ਕਿ ‘‘ਗੁਰੂ ਦੇ ਨਾਲ’’ ਹੋਣ ਦਾ ਦਾਅਵਾ ਕਰਨ ਵਾਲੇ ਸਿੱਖ ਇਨ੍ਹਾਂ ਉਪਦੇਸ਼ਾਂ ’ਤੇ ਕਿੰਨਾ ਕੁ ਅਮਲ ਕਰਦੇ ਹਨ।

ਜਾਤ-ਪਾਤ ਪ੍ਰਥਾ ਦਾ ਖੰਡਨ

ਬ੍ਰਾਹਮਣਵਾਦੀ ਸਮਾਜ ਵੱਲੋਂ ਸਥਾਪਿਤ ਕੀਤੀ ਗਈ ਜਾਤ-ਪਾਤ ਪ੍ਰਣਾਲੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਮੁਕੰਮਲ ਖੰਡਨ ਕੀਤਾ ਗਿਆ ਹੈ। ਗੁਰਬਾਣੀ ਵਿੱਚ ਥਾਂ-ਥਾਂ ’ਤੇ ਮਨੁੱਖ ਨੂੰ ਸਮਝਾਇਆ ਗਿਆ ਹੈ ਕਿ ਉਹ ਅਖੌਤੀ ਜਾਤ-ਪਾਤ ਪ੍ਰਣਾਲੀ ਦੀਆਂ ਘੁੰਮਣ-ਘੇਰੀਆਂ ਵਿੱਚ ਫਸ ਕੇ ਆਪਣੀ ਉੱਚੀ ਜਾਤ ਦੇ ਘਮੰਡ ਜਾਂ ਕਥਿਤ ਨੀਵੀਂ ਜਾਤਾਂ ਦੇ ਲੋਕਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਨਾ ਵੇਖੇ :

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।।1।।
(ਗੁਰੂ ਗ੍ਰੰਥ ਸਾਹਿਬ, ਪੰਨਾ 1106)

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।
(ਗੁਰੂ ਗ੍ਰੰਥ ਸਾਹਿਬ, ਪੰਨਾ 349)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ।।
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ।।
(ਗੁਰੂ ਗ੍ਰੰਥ ਸਾਹਿਬ, ਪੰਨਾ 469)

ਅਜਿਹੇ ਸਪਸ਼ਟ ਉਪਦੇਸ਼ਾਂ ਦੇ ਬਾਵਜੂਦ ਸਿੱਖ ਸਮਾਜ ਦਾ ਵੱਡਾ ਹਿੱਸਾ ਜਾਤ-ਪਾਤ ਦੇ ਚਿੱਕੜ ਵਿੱਚ ਡੁੱਬੇ ਰਹਿਣ ਵਿੱਚ ਹੀ ਫਖ਼ਰ ਮਹਿਸੂਸ ਕਰਦਾ ਹੈ। ਹਿੰਦੂਆਂ ਤੋਂ ਸਿੱਖ ਬਣੇ ਬਹੁਤ ਸਾਰੇ ਲੋਕ ਆਪਣੀ ਹਿੰਦੂਵਾਦੀ ਜਾਤਾਂ/ਗੋਤਾਂ ਨੂੰ ਆਪਣੇ ਨਾਮ ਨਾਲ ਜ਼ਰੂਰ ਲਿਖਦੇ ਹਨ। ਹੋਰਨਾਂ ਲੋਕਾਂ ਦੀ ਤਾਂ ਗੱਲ ਕੀ, ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਵੀ ‘ਸਿੱਖ’ ਵਜੋਂ ਆਪਣੀ ਪਛਾਣ ਸਥਾਪਿਤ ਕਰਨ ਦੀ ਬਜਾਏ ਆਪਣੀ ਦੁਨੀਆਵੀ ‘ਜਾਤ’ ਤੇ ਹੀ ਜ਼ਿਆਦਾ ਜੋਰ ਦਿੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਨ੍ਹਾਂ ਦੇ ਨਾਮ ਨਾਲ ਘੱਟ ਅਤੇ ਜਾਤ (ਮੱਕੜ ਸਾਹਿਬ) ਨਾਲ ਵਧੇਰੇ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦਾ ਵੀ ਪ੍ਰਚਲਿਤ ਨਾਮ ‘ਸਰਨਾ ਸਾਹਿਬ’ ਹੀ ਹੈ। ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਵੱਲੋਂ ਇਸ ਤਰ੍ਹਾਂ ਖੁਲੇਆਮ ਅਤੇ ਪੂਰੀ ਬੇਸ਼ਰਮੀ ਨਾਲ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਨਾਲ ਆਮ ਸਿੱਖਾਂ ਵਿੱਚ ਵੀ ਜਾਤ-ਪਾਤ ਪ੍ਰਣਾਲੀ ਦਾ ਪ੍ਰਭਾਵ ਵਧਦਾ ਹੈ ਅਤੇ ਉਹ ਬ੍ਰਾਹਮਣਵਾਦੀ ਸੰਸਕਾਰ ਵਿੱਚ ਜਕੜੇ ਜਾਂਦੇ ਹਨ।

ਹਾਲਾਤ ਇਹ ਹੋ ਗਏ ਹਨ ਕਿ ਕਥਿਤ ਉੱਚੀਆਂ ਜਾਤਾਂ ਦੇ ਸਿੱਖ (ਭਾਪੇ/ਖੱਤਰੀ/ਅਰੋੜੇ) ਹੋਰਨਾਂ ਸਿੱਖਾਂ ਨਾਲ ਨਿਚਲੇ ਦਰਜੇ ਦੇ ਸਿੱਖਾਂ ਵਰਗਾ ਵਤੀਰਾ ਅਪਣਾਉਂਦੇ ਹਨ ਤਾਂ ਮਧਲੇ ਵਰਗ ਦੇ ਸਿੱਖ (ਜੱਟ) ਹੋਰਨਾਂ ਸਾਰੇ ਵਰਗਾਂ ਦੇ ਸਿੱਖਾਂ ਨੂੰ ਆਪਣੇ ਸਾਹਮਣੇ ਟਿੱਚ ਜਾਣਦੇ ਹਨ। ਇਸੇ ਤਰ੍ਹਾਂ, ਪਛੜੇ ਵਰਗਾਂ ਦੇ ਸਿੱਖ (ਰਾਮਗੜ੍ਹੀਆ ਆਦਿਕ) ਵੀ ਹੋਰਨਾਂ ਵਰਗਾਂ ਦੇ ਸਿੱਖਾਂ ਨੂੰ ਪ੍ਰਤੀ ਹਿਕਾਰਤ ਦੀ ਭਾਵਨਾ ਹੀ ਪਾਲੀ ਰਖਦੇ ਹਨ। ਕਥਿਤ ਨੀਵੀਆਂ ਜਾਤਾਂ ਦੇ ਸਿੱਖ ਵੀ, ਗੁਰੂ ਸਾਹਿਬ ਦੇ ਉਪਦੇਸ਼ਾਂ ਮੁਤਾਬਿਕ ਜਾਤ-ਪਾਤ ਰਹਿਤ ਸਭਿਆਚਾਰ ਵਿਕਸਿਤ ਕਰਨ ਦੀ ਬਜਾਏ ਆਪਣੀ ਜਾਤ-ਬਿਰਾਦਰੀ ਨਾਲ ਸਬੰਧਿਤ ਸਭਿਆਚਾਰ ਨੂੰ ਵਿਕਸਿਤ ਕਰਨ ’ਤੇ ਹੀ ਜੋਰ ਦਿੰਦੇ ਹਨ। ਇਨ੍ਹਾਂ ਸਾਰੇ ਵਰਗਾਂ ਵਿੱਚ ਆਪਸ ਵਿੱਚ ਏਨੀ ਜ਼ਿਆਦਾ ਨਫ਼ਰਤ ਪਾਈ ਜਾਂਦੀ ਹੈ ਕਿ ਆਪਣੇ ਬੱਚਿਆਂ ਦੇ ਰਿਸ਼ਤੇ ਦੂਜੀ ਜਾਤ/ਬਿਰਾਦਰੀ ਵਿੱਚ ਕਰਨ ਨੂੰ ਬੜਾ ਬੁਰਾ ਸਮਝਦੇ ਹਨ।

ਗੁਰੂ ਸਾਹਿਬਾਨ ਨੇ ਗੁਰਦੁਆਰਿਆਂ ਵਿੱਚ ਸਰੋਵਰ ਸਥਾਪਿਤ ਕਰਨ ਦੀ ਪਰੰਪਰਾ ਇਸੇ ਵਾਸਤੇ ਅਰੰਭ ਕੀਤੀ ਸੀ ਤਾਂ ਕਿ ਇਕੋ ਥਾਂ ’ਤੇ ਇਸ਼ਨਾਨ ਕਰਨ ਵਾਲੇ ਲੋਕਾਂ ਵਿੱਚ ਉੱਚੀਆਂਨੀਵੀਆਂ ਜਾਤਾਂ ਦੇ ਭਰਮ ਤੋਂ ਦੂਰ ਹੋ ਸਕਣ। ਪਰ ਸਿੱਖ ਗੁਰਦੁਆਰਿਆਂ ਦੇ ਸਰੋਵਰ ਦੇ ਜਲ ਨੂੰ ‘ਅੰਮ੍ਰਿਤ’ ਸਮਝ ਕੇ ਇਸ਼ਨਾਨ ਤਾਂ ਕਰ ਲੈਂਦੇ ਹਨ ਪਰ ਜਾਤ-ਪਾਤ ਦੇ ਬ੍ਰਾਹਮਣੀ ਭਰਮ-ਜਾਲ ਵਿੱਚ ਫਿਰ ਵੀ ਫਸੇ ਰਹਿੰਦੇ ਹਨ। ਬਲਕਿ ਬਹੁਤ ਥਾਵਾਂ ’ਤੇ ਤਾਂ ਅਖੌਤੀ ਜਾਤ-ਬਿਰਾਦਰੀਆਂ ਦੇ ਨਾਮ ’ਤੇ ਅਧਾਰਿਤ ਗੁਰਦੁਆਰੇ ਹੀ ਉਸਾਰੇ ਜਾ ਰਹੇ ਹਨ।

ਇਸ ਸਾਰੇ ਵਰਤਾਰੇ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਸਿੱਖ ਕੌਮ ਇਕ ਪੂਰਨ ਇਕਾਈ ਬਣਨ ਦੀ ਬਜਾਏ ਭਾਪਾ, ਰਾਮਗੜ੍ਹੀਆ, ਜੱਟ, ਮਜ਼ਹਬੀ ਆਦਿਕ ਵਰਗਾਂ ਦਾ ਇਕ ਬੇਤਰਤੀਬਾ ਸਮੂਹ ਬਣ ਕੇ ਰਹਿ ਗਈ ਹੈ ਅਤੇ ਨਤੀਜੇ ਵਜੋਂ ਬਿਲਕੁਲ ਸ਼ਕਤੀ-ਵਿਹੂਣ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਗੁਰਤਾਗੱਦੀ ਦਿਵਸ ਮਨਾਉਂਦਿਆਂ ਵੀ ਜੇਕਰ ਸਿੱਖ ਸਮਾਜ ਜਾਤ-ਪਾਤ ਦੇ ਕੋਹੜ ਨੂੰ ਛੱਡਣ ਦਾ ਪ੍ਰਣ ਨਹੀਂ ਕਰਦਾ, ਤਾਂ ਫਿਰ ‘300 ਸਾਲ, ਗੁਰੂ ਦੇ ਨਾਲ’ ਦੇ ਨਾਅਰੇ ਲਗਾਉਣੇ ਨਿਰਾ ਝੂਠ, ਬਲਕਿ ਪਖੰਡ ਮਾਤਰ ਹੀ ਸਾਬਿਤ ਹੋਵੇਗਾ।

ਮੂਰਤੀ ਪੂਜਾ ਦਾ ਖੰਡਨ

ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਪੂਜਾ ਦੇ ਬ੍ਰਾਹਮਣਵਾਦੀ ਸੰਕਲਪ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਪੱਥਰ ਦੀਆਂ ਮੂਰਤੀਆਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਵਾਲੇ ਲੋਕਾਂ ਨੂੰ ਮੂਰਖ ਅਤੇ ਗਵਾਰ ਤੱਕ ਕਿਹਾ ਗਿਆ ਹੈ।

ਮ: 1
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ
ਨਾਰਦਿ ਕਹਿਆ ਸਿ ਪੂਜ ਕਰਾਂਹੀ
ਅੰਧੇ ਗੁੰਗੇ ਅੰਧ ਅੰਧਾਰੁ
ਪਾਥਰੁ ਲੇ ਪੂਜਹਿ ਮੁਗਧ ਗਵਾਰ
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ 2
(ਗੁਰੂ ਗ੍ਰੰਥ ਸਾਹਿਬ, ਪੰਨਾ 556)

ਏਕੈ ਪਾਥਰ ਕੀਜੈ ਭਾਉ
ਦੂਜੈ ਪਾਥਰ ਧਰੀਐ ਪਾਉ
ਜੇ ਓਹੁ ਦੇਉ ਤ ਓਹੁ ਭੀ ਦੇਵਾ
ਕਹਿ ਨਾਮਦੇਉ ਹਮ ਹਰਿ ਕੀ ਸੇਵਾ 41
(ਗੁਰੂ ਗ੍ਰੰਥ ਸਾਹਿਬ, ਪੰਨਾ 525)

ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ 3
(ਗੁਰੂ ਗ੍ਰੰਥ ਸਾਹਿਬ, ਪੰਨਾ 479)

ਇਸਦੇ ਬਾਵਜੂਦ, ਕਾਫੀ ਸਾਰੇ ਸਿੱਖ ਸਿੱਧੇ-ਅਸਿੱਧੇ ਢੰਗਾਂ ਨਾਲ ਮੂਰਤੀ ਪੂਜਾ ਵਰਗੇ ਕਰਮ-ਕਾਂਡਾਂ ਨਾਲ ਜੁੜੇ ਹੋਏ ਹਨ। ਕੁਝ ਸਿੱਖਾਂ ਨੇ ਤਾਂ ਵਿਦੇਸ਼ਾਂ ਤੋਂ ਆ ਰਹੀਆਂ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਨੂੰ ਘਰਾਂ ਵਿੱਚ ਰਖ ਕੇ ਪੂਜਣਾ ਸ਼ੁਰੂ ਕਰ ਦਿੱਤਾ ਹੈ। ਮੂਰਤੀ ਪੂਜਾ ਦਾ ਹੀ ਬਦਲਿਆ ਹੋਇਆ ਰੂਪ ਤਸਵੀਰ-ਪੂਜਾ ਤਾਂ ਸਿੱਖਾਂ ਵਿੱਚ ਬਹੁਤ ਹੀ ਪ੍ਰਚਲਿਤ ਹੈ। ਬਹੁਤ ਸਾਰੇ ਸਿੱਖ ਆਪਣੇ ਘਰਾਂ ਵਿੱਚ ਲਗੀਆਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਨੂੰ ਹਾਰ ਚੜ੍ਹਾਉਂਦੇ, ਧੂਪ ਧੁਖਾਉਂਦੇ ਅਤੇ ਇਨ੍ਹਾਂ ਤਸਵੀਰਾਂ ਸਾਹਮਣੇ ਅਰਦਾਸਾਂ ਕਰਦੇ ਹਨ।

ਇੱਥੇ ਹੀ ਬੱਸ ਨਹੀਂ, ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਪਦੇਸ਼ਾਂ ਨੂੰ ਪੜ੍ਹਨ-ਸਮਝਣ ਦੀ ਬਜਾਏ, ਸ਼ਬਦ-ਗੁਰੂ ਨੂੰ ਵੀ ਮੂਰਤੀਆਂ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਦੇ ਹਨ ਤੇ ਗੁਰੂ ਸਾਹਿਬ ਦੇ ਸਰੂਪ ਦੇ ਪ੍ਰਕਾਸ਼ ਲਈ ਸੋਨੇ ਦੀਆਂ ਪਾਲਕੀਆਂ ਲਗਾ ਦਿੰਦੇ ਹਨ। ਇਸੇ ਤਰ੍ਹਾਂ, ਗੁਰੂ ਗ੍ਰੰਥ ਸਾਹਿਬ ਦੇ ਸੁਖਾਸਨ ਵਾਲੇ ਕਮਰੇ ਵਿੱਚ ਗਰਮੀਆਂ ਵਿੱਚ ਏਅਰ-ਕੰਡੀਸ਼ਨਰ ਚਲਾ ਦਿੱਤਾ ਜਾਂਦਾ ਹੈ ਅਤੇ ਸਰਦੀਆਂ ਵਿੱਚ ਉਨ੍ਹਾਂ ਦੇ ਸਰੂਪ ’ਤੇ ਕੰਬਲ ਲਪੇਟ ਦਿੱਤੇ ਜਾਂਦੇ ਹਨ (ਹਾਲਾਂਕਿ ‘ਸ਼ਬਦ’ ਨੂੰ ਨਾ ਠੰਡ ਲਗਦੀ ਅਤੇ ਨਾ ਹੀ ਗਰਮੀ)।

ਗੁਰਤਾਗੱਦੀ ਸ਼ਤਾਬਦੀ ਪੁਰਬ ਮਨਾਉਂਦਿਆਂ ਵੀ ਜੇਕਰ ਸਿੱਖ ਸਮਾਜ, ਗੁਰੂ ਗ੍ਰੰਥ ਸਾਹਿਬ ਦੇ ‘ਸਤਕਾਰ’ ਅਤੇ ‘ਮੂਰਤੀ ਪੂਜਾ’ ਵਿਚਕਾਰ ਅੰਤਰ ਨੂੰ ਨਾ ਸਮਝ ਸਕਿਆ, ਤਾਂ ਫਿਰ ਅਰਬਾਂ ਰੁਪਏ ਖਰਚ ਕੇ ਮਨਾਇਆ ਗਿਆ ਇਹ ਪੁਰਬ ਵੀ ਲਾਭਹੀਣ ਹੀ ਸਾਬਿਤ ਹੋਵੇਗਾ।

‘ਤਪ’ ਦੇ ਸੰਕਲਪ ਦਾ ਖੰਡਨ

ਗੁਰਬਾਣੀ ਮੁਤਾਬਿਕ, ਮਨੁੱਖ ਦਾ ਜੀਵਨ ਮਨੋਰਥ ‘ਸਚਿਆਰਾ’ ਆਚਰਨ ਗ੍ਰਹਿਣ ਕਰਕੇ ਵਿਕਾਰਾਂ ਤੋਂ ਮੁਕਤੀ ਪਾਉਣਾ ਹੈ। ਅਜਿਹਾ ਸੱਚਾ ਆਚਰਨ ਗ੍ਰਹਿਣ ਲਈ ਮਨੁੱਖ ਨੂੰ ਕਰਮ-ਕਾਂਡਾਂ ਵਿੱਚ ਉਲਝਣ ਦੀ ਬਜਾਏ, ਸੱਚ ਦੇ ਗਿਆਨ ’ਤੇ ਅਮਲ ਕਰਨਾ ਪੈਂਦਾ ਹੈ। ਪਰ ਭੋਲੇ-ਭਾਲੇ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਨੂੰ ਆਪਣੇ ਚੰਗੁਲ ਵਿੱਚ ਫਸਾਉਣ ਲਈ ਬ੍ਰਾਹਮਣਵਾਦੀ ਫਲਸਫਾ ਮਨੁੱਖ ਨੂੰ ਮੰਤਰਾਂ ਦਾ ਜਪ ਕਰਨ ਅਤੇ ਪਹਾੜਾਂ/ਜੰਗਲਾਂ/ਭੋਰਿਆਂ ਦੇ ਏਕਾਂਤ ਵਿੱਚ ਬੈਠ ਕੇ ਤਪ ਕਰਨ ਜਿਹੇ ਫੋਕਟ ਕਰਮ-ਕਾਂਡ ਕਰਨ ਲਈ ਪ੍ਰੇਰਦਾ। ਗੁਰਬਾਣੀ ਤੋਂ ਸੇਧ ਲੈ ਕੇ ਜਪ-ਤਪ ਆਦਿਕ ਨਿਰਰਥਕ ਕਾਰਜਾਂ ਤੋਂ ਨਿਜਾਤ ਪਾਉਣ ਦੀ ਬਜਾਏ ਸਿੱਖ ਵੀ ਜਪ-ਤਪ ਦੇ ਪਖੰਡ ਨੂੰ ਉੱਚੇ ਦਰਜੇ ਦਾ ਅਧਿਆਤਮਕ ਉਦਮ ਸਮਝਣ ਲਗ ਪਏ ਹਨ। ਜਦਕਿ ਗੁਰਬਾਣੀ ਕਹਿੰਦੀ ਹੈ :

ਸਭਿ ਜਪ ਸਭਿ ਤਪ ਸਭ ਚਤੁਰਾਈ
ਊਝੜਿ ਭਰਮੈ ਰਾਹਿ ਨ ਪਾਈ
(ਗੁਰੂ ਗ੍ਰੰਥ ਸਾਹਿਬ, ਪੰਨਾ 412)

ਤੀਰਥੁ ਤਪੁ ਦਇਆ ਦਤੁ ਦਾਨੁ
ਜੇ ਕੋ ਪਾਵੈ ਤਿਲ ਕਾ ਮਾਨੁ
(ਗੁਰੂ ਗ੍ਰੰਥ ਸਾਹਿਬ, ਪੰਨਾ 4)

ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ
(ਗੁਰੂ ਗ੍ਰੰਥ ਸਾਹਿਬ, ਪੰਨਾ 33)

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ
(ਗੁਰੂ ਗ੍ਰੰਥ ਸਾਹਿਬ, ਪੰਨਾ 262)

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ...
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ 2
(ਗੁਰੂ ਗ੍ਰੰਥ ਸਾਹਿਬ, ਪੰਨਾ 467)

ਏਨੇ ਸਪਸ਼ਟ ਉਪਦੇਸ਼ਾਂ ਦੇ ਬਾਵਜੂਦ, ਸਿੱਖ ਸਮਾਜ ਦੇ ਲੋਕ ‘ਤਪ’ ਸਾਧਨ ਦੇ ਦਾਅਵੇ ਕਰਨ ਵਾਲੇ ਸਾਧ-ਬਾਬਿਆਂ, ਤਾਂਤਰਿਕਾਂ ਅਤੇ ਉਦਾਸੀਆਂ ਦਾ ਪਿਛਲੱਗੂ ਬਣੇ ਹੋਏ ਹਨ। ਇਹੀ ਨਹੀਂ, ਸਿੱਖਾਂ ਦੇ ਅਧਪੜ੍ਹ ਪ੍ਰਚਾਰਕਾਂ/ਪ੍ਰਬੰਧਕਾਂ ਨੇ ਗੁਰੂ ਸਾਹਿਬਾਨ ਨੂੰ ਵੀ ਤਪ ਕਰਦਾ ਦਰਸਾ ਦਿੱਤਾ ਹੈ। ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਬਣੀਆਂ ਹੋਈਆਂ ਕੋਠਰੀਆਂ ਨੂੰ ਗੁਰੂ ਸਾਹਿਬਾਨ ਦੇ ਤਪ-ਅਸਥਾਨ (ਭੋਰਿਆਂ) ਦਾ ਨਾਮ ਦੇ ਦਿੱਤਾ ਗਿਆ ਹੈ। ਗੁਰੂ ਤੇਗ ਬਹਾਦਰ ਜੀ ਨੂੰ ਤਾਂ ਵਿਸ਼ੇਸ਼ ਤੌਰ ’ਤੇ ਇਕ ‘ਤਪ’ ਸਾਧਕ ਵਜੋਂ ਪ੍ਰਚਾਰਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਤਪ ਸਾਧਕ ਦਰਸਾਉਣ ਲਈ ਉਨ੍ਹਾਂ ਦਾ ਵੀ ਇਕ ਪਿਛਲਾ ਜਨਮ ਮਿੱਥ ਦਿੱਤਾ ਗਿਆ ਅਤੇ ਇਕ ਵਿਵਾਦਿਤ ਪੁਸਤਕ ਦੇ ਅਧਾਰ ’ਤੇ ਪ੍ਰਚਾਰ ਦਿੱਤਾ ਕਿ ਗੁਰੂ ਸਾਹਿਬ ਨੇ ਆਪਣੇ ਪਿਛਲੇ ਜਨਮ ਵਿੱਚ ਦੁਸ਼ਟ-ਦਮਨ ਦੇ ਰੂਪ ਵਿੱਚ ਉੱਤਰਾਖੰਡ ਦੇ ਪਹਾੜਾਂ (ਕਥਿਤ ਹੇਮਕੁੰਟ ਸਾਹਿਬ) ’ਤੇ ਬੈਠ ਕੇ ਤਪ ਕੀਤਾ ਸੀ !!

ਸਿੱਖ ਪ੍ਰਚਾਰਕਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਵੀ ਸੰਗਤਾਂ ਨੂੰ ਇਸ ਬਾਬਤ ਸੁਚੇਤ ਕਰਨ ਦੀ ਬਜਾਏ, ਅਜਿਹੇ ਮਨਮਤੀ ਪ੍ਰਚਾਰ ਨੂੰ ਹੀ ਹੱਲਾਸ਼ੇਰੀ ਦਿੱਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਸ਼ਤਾਬਦੀ ਪੁਰਬ ਮੌਕੇ ਵੀ ਜੇਕਰ ਸਿੱਖਾਂ ਨੂੰ ਇਸ ਮਨਮਤੀ ਭਰਮ-ਜਾਲ ’ਚੋਂ ਕਢ ਕੇ ਗੁਰਬਾਣੀ ਦੇ ਅਸਲ ਸਿਧਾਂਤ ਬਾਰੇ ਜਾਗਰੁਕ ਕਰਨ ਦਾ ਉਪਰਾਲਾ ਨਾ ਕੀਤਾ ਗਿਆ, ਤਾਂ ਫਿਰ ਸ਼ਤਾਬਦੀ ਸਮਾਗਮਾਂ ਦਾ ਕੋਈ ਲਾਭ ਨਹੀਂ ਹੋਵੇਗਾ।

ਮਾਲਾ ਫੇਰਨ ਦਾ ਖੰਡਨ

ਜਿਵੇਂ ਕਿ ਉੱਪਰ ਵੀ ਕਿਹਾ ਗਿਆ ਹੈ, ਗੁਰਮਤਿ ਵਿੱਚ ਧਾਰਮਕ ਕਰਮ-ਕਾਂਡਾਂ ਲਈ ਕੋਈ ਥਾਂ ਨਹੀਂ ਹੈ। ਪਰ ਕਈ ਹੋਰ ਧਰਮਾਂ, ਖ਼ਾਸਕਰ ਹਿੰਦੂਵਾਦ ਵਿੱਚ, (ਰੁਦਰਾਕਸ਼ ਜਾਂ ਖ਼ਾਸ ਗਿਣਤੀ ਵਾਲੇ ਮਣਕਿਆਂ ਦੀ) ਮਾਲਾ ਫੇਰਨ ਦਾ ਬੜਾ ਮਹੱਤਵ ਸਮਝਿਆ ਜਾਂਦਾ ਹੈ। ਗੁਰਬਾਣੀ ਵਿੱਚ ਮਾਲਾ ਫੇਰਨ ਨੂੰ ਇਕ ਫੋਕਟ ਕਰਮ-ਕਾਂਡ ਦਸਦਿਆਂ ਕਿਹਾ ਗਿਆ ਹੈ ਕਿ ਲੋਕ ਹੱਥ ਵਿੱਚ ਮਾਲਾ ਫੜ ਕੇ ਤੇ ਧਾਰਮਕ ਪਹਿਰਾਵਾ ਪਾ ਕੇ ਹੀ ਇਹ ਸਮਝ ਲੈਂਦੇ ਹਨ ਕਿ ਉਹ ਪਰਮਾਤਮਾ ਦੇ ਭਗਤ ਹੋ ਗਏ ਹਨ। ਇਸ ਤਰ੍ਹਾਂ ਲੋਕਾਂ ਨੇ ਪਰਮਾਤਮਾ ਨੂੰ ਇਕ ਖਿਡੌਣਾ (ਯਾਨੀ ਅੰਞਾਣ ਬਾਲਕ) ਸਮਝ ਲਿਆ ਹੈ, ਜਿਸਨੂੰ ਇਨ੍ਹਾਂ ਦਿਖਾਵੇ ਵਾਲੇ ਕੰਮਾਂ ਨਾਲ ਪਰਚਾਇਆ ਜਾ ਸਕਦਾ ਹੈ :

ਮਾਥੇ ਤਿਲਕੁ ਹਥਿ ਮਾਲਾ ਬਾਨਾਂ
ਲੋਗਨ ਰਾਮੁ ਖਿਲਉਨਾ ਜਾਨਾਂ 1
(ਗੁਰੂ ਗ੍ਰੰਥ ਸਾਹਿਬ, ਪੰਨਾ 1158)

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ 1
(ਗੁਰੂ ਗ੍ਰੰਥ ਸਾਹਿਬ, ਪੰਨਾ 1364)

ਹਰਿ ਮਾਲਾ ਉਰ ਅੰਤਰਿ ਧਾਰੈ
ਜਨਮ ਮਰਣ ਕਾ ਦੂਖੁ ਨਿਵਾਰੈ 2
(ਗੁਰੂ ਗ੍ਰੰਥ ਸਾਹਿਬ, ਪੰਨਾ 388)

ਗਲਿ ਮਾਲਾ ਤਿਲਕੁ ਲਿਲਾਟੰ
ਦੁਇ ਧੋਤੀ ਬਸਤ੍ਰ ਕਪਾਟੰ
ਜੇ ਜਾਣਸਿ ਬ੍ਰਹਮੰ ਕਰਮੰ
ਸਭਿ ਫੋਕਟ ਨਿਸਚਉ ਕਰਮੰ
(ਗੁਰੂ ਗ੍ਰੰਥ ਸਾਹਿਬ, ਪੰਨਾ 470)

ਗੁਰਬਾਣੀ ਦੇ ਅਜਿਹੇ ਉਪਦੇਸ਼ਾਂ ਦੇ ਬਾਵਜੂਦ ਸਿੱਖ ਸਮਾਜ ਵਿੱਚ ‘ਮਾਲਾ’ ਫੇਰਨ ਨੂੰ ਅਧਿਆਤਮਕ ਉੱਚਤਾ ਪ੍ਰਾਪਤ ਕਰਨ ਦਾ ਇਕ ਸਾਧਨ ਮੰਨ ਲਿਆ ਗਿਆ ਹੈ। ਸਿੱਖ ਅਖਵਾਉਣ ਵਾਲੇ ਬਹੁਤ ਸਾਰੇ ਸਾਧ-ਬਾਬੇ, ਚੌਕੜਾ ਮਾਰਕੇ ਮਾਲਾ ਫੇਰਦਿਆਂ ਦੀਆਂ ਆਪਣੀ ਤਸਵੀਰਾਂ ਖਿਚਵਾ ਕੇ ਪੋਸਟਰਾਂ ਅਤੇ ਕਿਤਾਬਾਂ ਵਿੱਚ ਛਪਵਾਉਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਕਈ ਸੰਪਰਦਾਵਾਂ ਦੇ ਪ੍ਰਬੰਧਕ ਕੁਝ ਖ਼ਾਸ ਗਿਣਤੀ ਦੇ ਮਣਕੇ ਵਾਲੀਆਂ ਜਾਂ ਕਿਸੇ ਵਿਸ਼ੇਸ਼ ਪਦਾਰਥ ਦੀਆਂ ਬਣੀਆਂ ਮਾਲਾਵਾਂ ਖ਼ੁਦ ਵੰਡਦੇ ਹਨ। ਹੁਣ ਇਤਿਹਾਸਕ ਗੁਰਦੁਆਰਿਆਂ ਅਤੇ ਨਗਰ ਕੀਰਤਨਾਂ ਵਿੱਚ ਵੀ ਕਈ ‘ਸਿੱਖ’ ਹਜ਼ਾਰਾਂ ਦੀ ਗਿਣਤੀ ਵਿੱਚ ਮਾਲਾਵਾਂ ਵੰਡਣ ਦੀ ‘ਸੇਵਾ’ ਕਰਦੇ ਨਜ਼ਰ ਆਉਂਦੇ ਹਨ।

ਪਰ ‘ਮਾਲਾ’ ਬਾਰੇ ਗੁਰਬਾਣੀ ਦੇ ਉਪਦੇਸ਼ਾਂ ਵੱਲ ਸਿੱਖਾਂ ਦਾ ਧਿਆਨ ਨਹੀਂ ਜਾ ਰਿਹਾ (ਜਾਂ ਸਿੱਖਾਂ ਨੂੰ ਗੁਰਬਾਣੀ ਦੇ ਉਪਦੇਸ਼ਾਂ ਦੀ ਪਰਵਾਹ ਨਹੀਂ ਰਹੀ)। ਅਜਿਹੀਆਂ ਗੁਰਮਤਿ-ਵਿਰੋਧੀ ਹਰਕਤਾਂ ਕਰਨ ਦੇ ਬਾਅਦ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਗੁਰਤਾਗੱਦੀ ਦਿਵਸ ਮਨਾਉਣ ਦਾ ਕੋਈ ਲਾਭ ਨਹੀਂ।

ਸਾਬਤ ਸੂਰਤ ਰਹਿਣ ਦਾ ਉਪਦੇਸ਼

ਗੁਰੂ ਗ੍ਰੰਥ ਸਾਹਿਬ ਵਿੱਚ ਇਨਸਾਨ ਨੂੰ ਸਾਬਤ-ਸੂਰਤ ਰਹਿਣ ਅਤੇ ਦਸਤਾਰ ਸਜਾਉਣ ਦੀ ਹਦਾਇਤ ਦਿੱਤੀ ਗਈ ਹੈ :

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ 12
(ਗੁਰੂ ਗ੍ਰੰਥ ਸਾਹਿਬ, ਪੰਨਾ 1084)

ਗੁਰਦੁਆਰਿਆਂ ਦੀਆਂ ਸਟੇਜਾਂ ’ਤੇ, ਭਾਈ ਤਾਰੂ ਸਿੰਘ ਵੱਲੋਂ ਕੇਸ ਕਤਲ ਨਾ ਕਰਵਾਉਣ ਬਦਲੇ ਖੋਪਰੀ ਉਤਰਵਾ ਲੈਣ ਵਾਲੀ ਸਾਖੀ ਨੂੰ ਵੀ ਜਜ਼ਬਾਤੀ ਢੰਗ ਨਾਲ ਸੁਣਾਇਆ ਜਾਂਦਾ ਹੈ। ਪਰ ਇਸਦੇ ਬਾਵਜੂਦ, ਸਿੱਖ ਸਮਾਜ ਦਾ ਵੱਡਾ ਹਿੱਸਾ ਬ੍ਰਾਹਮਣਵਾਦ ਅਤੇ ਫੈਸ਼ਨਸਪ੍ਰਤੀ ਦੇ ਮਨਮਤਿ ਰੂਪੀ ਤੂਫਾਨ ਅਧੀਨ ਆ ਕੇ, ਕੇਸ ਕਤਲ ਕਰਵਾਉਣ ਨੂੰ ਇਕ ਨੇਮ ਬਣਾ ਚੁੱਕਾ ਹੈ। ਖ਼ਾਸਕਰ ਭਾਰਤੀ ਪੰਜਾਬ ਦੇ ਅਖੌਤੀ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਤਾਂ ਪੱਕੇ ਤੌਰ ’ਤੇ ਆਪਣੇ ਕੇਸਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ। ਜੇਕਰ ਅਜਿਹੇ ਮਨਮਤੀਆਂ ਨੂੰ ਕੇਸਾਂ ਦੀ ਬੇਅਦਬੀ ਨਾ ਕਰਨ ਲਈ ਪ੍ਰੇਰਿਅ ਜਾਏ ਤਾਂ ਇਹ ਅੱਗੋਂ ਢੁਚਰਾਂ ਕਰਦੇ ਹਨ ਕਿ ‘‘ਇਹ (ਕੇਸ) ਤਾਂ ਆਪਣੇ ਘਰ ਦੀ ਖੇਤੀ ਹੈ’’ ਜਾਂ ‘‘ਦਾੜ੍ਹੀ ਨੂੰ ਕਿਹੜਾ ਅੰਬ ਲਗਣੇ ਹਨ?’’ ਆਦਿਕ। ਭਾਰਤੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਬਹੁਗਿਣਤੀ ਵੱਲੋਂ ਕੇਸ ਕਤਲ ਕਰਵਾਉਣ ਦੇ ਰੁਝਾਨ ਕਾਰਨ, ਕੇਸਾਧਾਰੀ ਸਰੂਪ ਰੱਖਣ ਦੇ ਚਾਹਵਾਨ ਸਿੱਖਾਂ ਨੂੰ ਵੀ ਬੇਅੰਤ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੇ ਉਲਟ, ਕੇਸਾਂ ਦੀ ਬੇਅਦਬੀ ਕਰਦੇ ਰਹਿ ਕੇ ਗੁਰਪੁਰਬ ਜਾਂ ਸ਼ਤਾਬਦੀਆਂ ਆਦਿਕ ਮਨਾਉਣ ਦਾ ਕੋਈ ਲਾਭ ਨਹੀਂ। ਇਸਲਈ ਜੇਕਰ ਕੇਸ ਕਤਲ ਕਰਵਾਉਣ ਵਾਲੇ ‘ਸਿੱਖ’, ਗੁਰੂ ਗ੍ਰੰਥ ਸਾਹਿਬ ਦੇ ਸ਼ਤਾਬਦੀ ਪੁਰਬ ਮੌਕੇ, ਸਿੱਖੀ (ਇਨਸਾਨੀ) ਰੂਪ ਧਾਰਨ ਕਰਨ ਦਾ ਪ੍ਰਣ ਨਹੀਂ ਲੈਂਦੇ ਅਤੇ ਦਾੜ੍ਹੀ-ਕਤਰੇ ਗਾਇਕਾਂ ਦੀ ਤਰ੍ਹਾਂ ਸਿਰਫ਼ ‘‘300 ਸਾਲ, ਗੁਰੂ ਦੇ ਨਾਲ’’ ਜਿਹੇ ਗਾਣੇ ਗਾਉਣ ਤਾਂ ਹੀ ਸੀਮਤ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਅਤੇ ਬੇਅੰਤ ਖੱਜਲ-ਖੁਆਰੀਆਂ ’ਚੋਂ ਲੰਘ ਕੇ ਗੁਰਪੁਰਬ ਮਨਾਉਣ ਦਾ ਵੀ ਕੋਈ ਲਾਭ ਨਹੀਂ ਹੋ ਸਕੇਗਾ।

ਵਰਤਾਂ ਦਾ ਖੰਡਨ

ਹਿੰਦੂ ਸਮਾਜ ਵਿੱਚ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਵੱਖ-ਵੱਖ ਦਿਨਾਂ/ਤਿਉਹਾਰਾਂ ’ਤੇ ਵੱਖ-ਵੱਖ ਵਰਤ (ਭੁੱਖੇ ਰਹਿਣ) ਰੱਖਣ ਦਾ ਪ੍ਰਚਲਨ ਹੈ। ਇਸੇ ਤਰ੍ਹਾਂ, ਮੁਸਲਿਮ ਸਮਾਜ ਵਿੱਚ ਵੀ ਰਮਜ਼ਾਨ ਦੇ ਦਿਨਾਂ ਵਿੱਚ ਰੋਜ਼ੇ ਰੱਖ ਕੇ ਭੁੱਖੇ ਰਹਿਣ ਦਾ ਰਿਵਾਜ ਹੈ। ਪਰ ਗੁਰਬਾਣੀ ਅਨੁਸਾਰ, ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣ ਨਾਲ ਪਰਮਾਤਮਾ ਦੀ ਖੁਸ਼ੀ ਹਾਸਲ ਨਹੀਂ ਕੀਤੀ ਜਾ ਸਕਦੀ ਬਲਕਿ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਕੇ ਉੱਚੇ-ਸੁੱਚੇ ਆਚਰਨ ਵਾਲੀ ਜ਼ਿੰਦਗੀ ਬਤੀਤ ਕਰਨ ਨਾਲ ਹੀ ਅਕਾਲ ਪੁਰਖ ਨਾਲ ਇਕਮਿਕਤਾ ਹਾਸਲ ਕੀਤੀ ਜਾ ਸਕਦੀ ਹੈ :

ਅੰਨੁ ਨ ਖਾਇਆ ਸਾਦੁ ਗਵਾਇਆ
ਬਹੁ ਦੁਖੁ ਪਾਇਆ ਦੂਜਾ ਭਾਇਆ
(ਗੁਰੂ ਗ੍ਰੰਥ ਸਾਹਿਬ, ਪੰਨਾ 467)

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ 2
(ਗੁਰੂ ਗ੍ਰੰਥ ਸਾਹਿਬ, ਪੰਨਾ 337)

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ 108
(ਗੁਰੂ ਗ੍ਰੰਥ ਸਾਹਿਬ, ਪੰਨਾ 1370)

ਅੰਨੈ ਬਾਹਰਿ ਜੋ ਨਰ ਹੋਵਹਿ
ਤੀਨਿ ਭਵਨ ਮਹਿ ਅਪਨੀ ਖੋਵਹਿ 2
ਛੋਡਹਿ ਅੰਨੁ ਕਰਹਿ ਪਾਖੰਡ
ਨਾ ਸੋਹਾਗਨਿ ਨਾ ਓਹਿ ਰੰਡ
(ਗੁਰੂ ਗ੍ਰੰਥ ਸਾਹਿਬ, ਪੰਨਾ 873)

ਅਜਿਹੇ ਸਖ਼ਤ ਫੁਰਮਾਨਾਂ ਦੇ ਬਾਵਜੂਦ, ਸਿੱਖ ਸਮਾਜ ਦੀਆਂ ਬੀਬੀਆਂ ਕਰਵਾ ਚੌਥ ਆਦਿਕ ਕਈ ਹਿੰਦੂਵਾਦੀ ਵਰਤਾਂ ਦੀ ਪਾਲਣਾ ਕਰਦੀਆਂ ਦਿਖਾਈ ਦਿੰਦੀਆਂ ਹਨ। ਕਈ ਸਿੱਖ ਵੀ ਨੌਰਾਤਰਿਆਂ ਦੌਰਾਨ ਦੇਵੀ ਦੀ ਯਾਦ ਵਿੱਚ ਵਰਤ ਰੱਖ ਲੈਂਦੇ ਹਨ ਜਾਂ ਘੱਟੋ-ਘੱਟ ਕੁਝ ਕੁ ਦਿਨਾਂ ਲਈ ਮਾਸਾਹਾਰੀ ਭੋਜਨ ਖਾਣਾ ਬੰਦ ਕਰ ਦਿੰਦੇ ਹਨ। ਅਜਿਹੀ ਬ੍ਰਾਹਮਣਵਾਦੀ ਮਾਨਸਿਕਤਾ ਦੇ ਗੁਲਾਮ ਹੋਣ ਦੇ ਬਾਵਜੂਦ, ਸਿੱਖਾਂ ਵੱਲੋਂ ‘‘300 ਸਾਲ, ਗੁਰੂ ਦੇ ਨਾਲ’’ ਹੋਣ ਦਾ ਦਾਅਵਾ ਕੋਰਾ ਝੂਠ ਅਤੇ ਗੁਰੂ ਨਾਲ ਧੋਖਾ ਸਾਬਿਤ ਹੁੰਦਾ ਹੈ। ਅਜਿਹੀਆਂ ਬੇਹੂਦਾ ਰਸਮਾਂ ਦਾ ਤਿਆਗ ਕੀਤੇ ਬਿਨਾਂ ਸਿੱਖਾਂ ਨੂੰ ਗੁਰਤਾਗੱਦੀ ਸਮਾਗਮ ਮਨਾਉਣ ਦਾ ਕੋਈ ਲਾਭ ਨਹੀਂ ਹੋ ਸਕਦਾ।

ਬ੍ਰਹਮਚਾਰੀਪੁਣੇ ਦਾ ਖੰਡਨ

ਸਿੱਖ ਧਰਮ ਦਾ ਮੁਢਲਾ ਅਸੂਲ ਹੈ ਕਿ ਇਨਸਾਨ ਨੂੰ ਗ੍ਰਹਿਸਥ ਵਿੱਚ ਰਹਿੰਦਿਆਂ ਹੀ ਆਪਣੇ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਪਰਮਾਤਮਾ ਨਾਲ ਇਕਮਿਕਤਾ ਹਾਸਲ ਕਰਨੀ ਚਾਹੀਦੀ ਹੈ। ਦੂਜੀ ਤਰਫ, ਹਿੰਦੂਵਾਦੀ ਗ੍ਰੰਥਾਂ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਗ੍ਰਹਿਸਥ ਧਰਮ ਨਿਭਾਉਣ ਵਾਲਾ ਵਿਅਕਤੀ ਪਰਮਾਤਮਾ ਦਾ ਸੱਚਾ/ਪੂਰਨ ਭਗਤ ਨਹੀਂ ਹੋ ਸਕਦਾ। ਇਸ ਮਨੌਤ ਦਾ ਖੰਡਨ ਕਰਦਿਆਂ ਗੁਰਬਾਣੀ ਵਿੱਚ ਜ਼ਿਕਰ ਹੈ :

ਬਿੰਦੁ ਰਾਖਿ ਜੌ ਤਰੀਐ ਭਾਈ
ਖੁਸਰੈ ਕਿਉ ਨ ਪਰਮ ਗਤਿ ਪਾਈ 3
(ਗੁਰੂ ਗ੍ਰੰਥ ਸਾਹਿਬ, ਪੰਨਾ 324)

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ
ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ 6
(ਗੁਰੂ ਗ੍ਰੰਥ ਸਾਹਿਬ, ਪੰਨਾ 419)

ਗੁਰਬਾਣੀ ਦੇ ਅਜਿਹੇ ਦੋ-ਟੂਕ ਫੈਸਲਿਆਂ ਦੇ ਬਾਵਜੂਦ ਕੁਝ ਸਿੱਖ ਅਖਵਾਉਣ ਵਾਲੀਆਂ ਸੰਪਰਦਾਵਾਂ (ਜਿਵੇਂ ਡੇਰਾ ਨਾਨਕਸਰ, ਰਾੜੇ ਵਾਲੇ ਆਦਿਕ) ਆਪਣੇ ਸਾਧ-ਬਾਬਿਆਂ ਦੇ ਬ੍ਰਹਮਚਾਰੀਪੁਣੇ ਦੀਆਂ ਡੀਂਗਾਂ ਮਾਰਦੀਆਂ ਨਹੀਂ ਥਕਦੀਆਂ। ਗੁਰਮਤਿ ਅਸੂਲਾਂ ਤੋਂ ਨਾਵਾਕਿਫ਼ ਸਿੱਖ ਵੀ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਜਿਹੇ ਸਾਧਾਂ ਨੂੰ ਉੱਚੀ ਆਤਮਕ ਅਵਸਥਾ ਵਾਲੇ ਮਹਾਂਪੁਰਖ ਸਮਝ ਬੈਠਦੇ ਹਨ ਅਤੇ ਉਨ੍ਹਾਂ ਸਾਧਾਂ ਦਾ ਨਾਮ ਲੈ ਕੇ ਫੈਲਾਈ ਜਾਂਦੀ ਹਰ ਮਨਮਤਿ ਨੂੰ ਗੁਰਮਤਿ ਸਮਝ ਕੇ ਅਪਣਾ ਲੈਂਦੇ ਹਨ।

ਗੁਰੂ ਗ੍ਰੰਥ ਸਾਹਿਬ ਦਾ ਸ਼ਤਾਬਦੀ ਪੁਰਬ ਮਨਾਉਣ ਮੌਕੇ ਸਿੱਖਾਂ ਨੂੰ ‘‘300 ਸਾਲ, ਗੁਰੂ ਦੇ ਨਾਲ’’ ਵਾਲਾ ਗਾਉਣ ਦੀ ਬਜਾਏ ਅਜਿਹੇ ਮਨਮਤੀ ਡੇਰਿਆਂ ਤੋਂ ਸੁਚੇਤ ਹੋਣ ਅਤੇ ਇਨ੍ਹਾਂ ਦਾ ਪੂਰਨ ਬਾਈਕਾਟ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।

ਡੇਰਾਵਾਦ ਤੋਂ ਬਚਣ ਲਈ

ਗੁਰੂ ਸਾਹਿਬਾਨ ਨੇ ਲੋਕਾਂ ਨੂੰ ‘ਸੱਚ ਦੀ ਵਿਚਾਰਧਾਰਾ’ ਨਾਲ ਜੋੜਿਆ ਸੀ, ਆਪਣੀ ਨਿਜੀ ਸ਼ਖ਼ਸੀਅਤ ਨਾਲ ਨਹੀਂ। ਗੁਰੂ ਸਾਹਿਬਾਨ ਅਤੇ ਭਗਤਾਂ ਨੂੰ ਅਨੁਭਵ ਹੋਏ ਇਸ ਸੱਚ ਦਾ ਖਜ਼ਾਨਾ ਮੌਜੂਦਾ ਸਮੇਂ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਸੰਪੂਰਨ ਇਨਸਾਨੀਅਤ ਨੂੰ ਉਪਲਬਧ ਹੈ। ਪਰ ਇਸਦੇ ਬਾਵਜੂਦ, ਮਨੁੱਖਾਂ ਨੂੰ ਰੱਬ ਵਰਗਾ ਤਾਕਤਵਰ ਸਮਝਣ ਦੀ ਗਲਤੀ ਕਰਨ ਵਾਲੇ ਲੋਕ, ਸ਼ਬਦ-ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਉੱਚਾ-ਸੁੱਚਾ ਬਣਾਉਣ ਦੀ ਬਜਾਏ, ਦੁਨੀਆਵੀ ਇਛਾਵਾਂ ਦੀ ਪ੍ਰਾਪਤੀ ਵਾਸਤੇ ਸਾਧ-ਬਾਬਿਆਂ, ਤਾਂਤਰਿਕਾਂ, ਪੀਰਾਂ-ਫਕੀਰਾਂ ਦੇ ਪਿਛਲੱਗੂ ਬਣੇ ਰਹਿੰਦੇ ਹਨ।

ਗੁਰੂ ਸਾਹਿਬ ਕਹਿੰਦੇ ਹਨ ਕਿ ਹਮੇਸ਼ਾ ਉਸੇ ਤਾਕਤ/ਸ਼ੈਅ ਨੂੰ ਹੀ ਆਪਣਾ ਇਸ਼ਟ ਮੰਨਣਾ ਚਾਹੀਦਾ ਹੈ, ਜੋ ਸਾਰੀ ਕਾਇਨਾਤ ਦੇ ਜ਼ੱਰੇ-ਜ਼ੱਰੇ ਵਿੱਚ ਵਿਆਪਕ ਹੈ। ਮਨੁੱਖਾਂ ਨੂੰ ਰੱਬ ਸਮਝ ਕੇ ਉਨ੍ਹਾਂ ਦਾ ਸੇਵਕ ਬਣਨ ਦਾ ਕੋਈ ਲਾਭ ਨਹੀਂ, ਕਿਉਂਕਿ ਉਨ੍ਹਾਂ ਨੇ ਤਾਂ ਅੱਜ ਜਾਂ ਕਲ ਮਰ ਹੀ ਜਾਣਾ ਹੈ, ਜਦਕਿ ਪਰਮਾਤਮਾ ਦੇ ਸਰੂਪ ’ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ (ਉਹ ਅਕਾਲ ਪੁਰਖ ਹੈ)। ਸੱਚ ਦੇ ਗਿਆਨ ਦੀ ਜੋਤਿ ਨੂੰ ਛੱਡ ਕੇ ਮਨਮਤੀ ਮਨੁੱਖਾਂ ਦਾ ਪਿਛਲੱਗੂ ਬਣਨ ਵਾਲੇ ਲੋਕਾਂ ਨੂੰ ਰੱਬ ਦੀ ਦਰਗਾਹ ਵਿੱਚ ਭਾਰੀ ਸਜ਼ਾ ਭੁਗਤਣੀ ਪੈਂਦੀ ਹੈ :

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ 1
(ਗੁਰੂ ਗ੍ਰੰਥ ਸਾਹਿਬ, ਪੰਨਾ 509)

ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ 50
(ਗੁਰੂ ਗ੍ਰੰਥ ਸਾਹਿਬ, ਪੰਨਾ 1367)

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ
ਦੇਵਨ ਕਉ ਏਕੈ ਭਗਵਾਨੁ
ਜਿਸ ਕੈ ਦੀਐ ਰਹੈ ਅਘਾਇ
ਬਹੁਰਿ ਨ ਤ੍ਰਿਸਨਾ ਲਾਗੈ ਆਇ
ਮਾਰੈ ਰਾਖੈ ਏਕੋ ਆਪਿ
ਮਾਨੁਖ ਕੈ ਕਿਛੁ ਨਾਹੀ ਹਾਥਿ
(ਗੁਰੂ ਗ੍ਰੰਥ ਸਾਹਿਬ, ਪੰਨਾ 281)

ਏਨੇ ਸੱਚੇ ਗਿਆਨ ਦੇ ਖਜ਼ਾਨੇ ਦੇ ਵਾਰਸ ਹੋਣ ਦੇ ਬਾਵਜੂਦ, ਸਿੱਖ ਸਮਾਜ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ ਲਫ਼ਜ਼ੀ ਤੌਰ ’ਤੇ ਹੀ ਗੁਰੂ ਮੰਨਦਾ ਹੈ ਅਤੇ ਅਮਲੀ ਤੌਰ ’ਤੇ ਲਗਭਗ ਹਰ ਸਿੱਖ, ਕਿਸੇ ਨਾ ਕਿਸੇ ਡੇਰੇਦਾਰ/ਸਾਧ/ਤਾਂਤਰਿਕ/ਸੰਪਰਦਾਅ/ਜੱਥੇ ਦੀ ਵਿਚਾਰਧਾਰਾ ਨੂੰ ਹੀ ਆਪਣਾ ਗੁਰੂ ਮੰਨਦਾ ਹੈ। ਇਹੀ ਕਾਰਨ ਹੈ ਕਿ ਸਿੱਖੀ ਦਾ ਸੋਮਾ ਅਖਵਾਉਂਦੇ ਸੂਬੇ ਪੰਜਾਬ ਵਿੱਚ ਅੱਜ ਪਖੰਡੀ ਸਾਧ-ਬਾਬਿਆਂ-ਤਾਂਤਰਿਕਾਂ ਦਾ ਹੜ੍ਹ ਆਇਆ ਹੋਇਆ ਹੈ। ਪੰਜਾਬ ਤੋਂ ਬਾਹਰ ਦੇ ਸਿੱਖ ਵੀ ਕਿਸੇ ਨਾ ਕਿਸੇ ਡੇਰੇ ਦੇ ਪ੍ਰਭਾਵ ਵਿੱਚ ਹੀ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਨੂੰ ਛੱਡ ਕੇ, ਸਾਧਾਂ ਦੇ ਰੂਪ ਵਿੱਚ ਸਰਗਰਮ ਸਰਕਾਰੀ/ਬ੍ਰਾਹਮਣਵਾਦੀ ਏਜੰਟਾਂ ਦੇ ਪਿਛਲੱਗੂ ਬਣਨ ਕਾਰਨ ਸਿੱਖ ਕੌਮ ਅੱਜ ਬੇਮਿਸਾਲ ਗਿਰਾਵਟ ਦੇ ਦੌਰ ਵਿੱਚ ਪਹੁੰਚ ਚੁੱਕੀ ਹੈ। ਸਿੱਖਾਂ ਨੂੰ ਆਪਣੀ ਕੌਮ ਦੀ ਦੁਰਗਤੀ ਵੀ ਮਹਿਸੂਸ ਹੋ ਰਹੀ ਹੈ ਪਰ ਫਿਰ ਵੀ ਉਹ ਸ਼ਬਦ ਗੁਰੂ ਦੇ ਉਪਾਸਕ ਬਣਨ ਦੀ ਬਜਾਏ ਪਖੰਡੀ ਸਾਧਾਂ ਕੋਲ ਹੀ ਆਪਣੀਆਂ ਸਮੱਸਿਆਵਾਂ ਦਾ ਹੱਲ ਭਾਲਦੇ ਫਿਰ ਰਹੇ ਹਨ।

ਜ਼ਾਹਿਰ ਹੈ, ਕਿ ਜਦ ਤੱਕ ਸਿੱਖ, ਡੇਰੇਦਾਰਾਂ/ ਤਾਂਤਰਿਕਾਂ ਤੋਂ ਸਦੀਵੀ ਨਾਤਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਪੜ੍ਹਨ-ਸਮਝਣ-ਅਮਲ ਕਰਨ ਦੀ ਨੀਤੀ ’ਤੇ ਅਮਲ ਨਹੀਂ ਕਰਦੇ, ਉਨ੍ਹਾਂ ਨੂੰ ਦੁਨੀਆਵੀ ਅਤੇ ਅਧਿਆਤਮਕ ਗਿਰਾਵਟ ਦਾ ਸਾਹਮਣਾ ਕਰਨਾ ਹੀ ਪਏਗਾ। ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਗਤਾਗੱਦੀ ਦਿਵਸ ਨੂੰ ਮਨਾਉਂਦਿਆਂ ਵੀ ਸਿੱਖਾਂ ਸਾਹਮਣੇ ਵੱਡਾ ਸਵਾਲ ਇਹੀ ਹੈ ਕਿ ਉਨ੍ਹਾਂ ਨੇ ਆਪਣੇ ਗਿਆਨ/ਵਿਚਾਰਧਾਰਾ ਦਾ ਸ੍ਰੋਤ ਗੁਰੂ ਗੰਰਥ ਸਾਹਿਬ ਨੂੰ ਮੰਨਣਾ ਹੈ ਜਾਂ ਡੇਰੇਦਾਰ ਸਾਧਾਂ/ਤਾਂਤਰਿਕਾਂ ਅਤੇ ਮਨਮਤੀ ਪੁਸਤਕਾਂ ਨੂੰ।

ਮਿਥਿਹਾਸਕ ਦੇਵੀ-ਦੇਵਤੇ

ਹਿੰਦੂ ਵਿਚਾਰਧਾਰਾ ਵਿੱਚ ਮਨੁੱਖ ਨੂੰ ਮਨੋਕਲਪਿਤ/ਮਿਥਿਹਾਸਕ ਤੇਤੀ ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਤੋਂ ਕਥਿਤ ਵਰਦਾਨ ਪ੍ਰਾਪਤ ਕਰਨ ਲਈ ਪ੍ਰੇਰਿਆ ਜਾਂਦਾ ਹੈ। ਪਰ ਗੁਰਮਤਿ ਫਲਸਫੇ ਵਿੱਚ ਮਨੁੱਖ ਵੱਲੋਂ ਦੇਵੀ-ਦੇਵਤਿਆਂ ਦੀ ਪੂਜਾ ਨੂੰ ਬਿਲਕੁਲ ਨਿਰਰਥਕ ਦੱਸਿਆ ਗਿਆ ਹੈ :

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ 6
(ਗੁਰੂ ਗ੍ਰੰਥ ਸਾਹਿਬ, ਪੰਨਾ 637)

ਮਾਇਆ ਮੋਹੇ ਦੇਵੀ ਸਭਿ ਦੇਵਾ
ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ
(ਗੁਰੂ ਗ੍ਰੰਥ ਸਾਹਿਬ, ਪੰਨਾ 277)

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ 3
(ਗੁਰੂ ਗ੍ਰੰਥ ਸਾਹਿਬ, ਪੰਨਾ 875)

ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ
(ਗੁਰੂ ਗ੍ਰੰਥ ਸਾਹਿਬ, ਪੰਨਾ 338)

ਗੁਰਬਾਣੀ ਦੇ ਅਜਿਹੇ ਫੁਰਮਾਨਾਂ ਦੇ ਬਾਵਜੂਦ, ਸਿੱਖਾਂ ਦਾ ਇਕ ਵੱਡਾ ਹਿੱਸਾ ਹਿੰਦੂਆਂ ਦੀ ਮਾਨਸਿਕ ਗੁਲਾਮੀ ਨੂੰ ਤਿਆਗ ਨਹੀਂ ਸਕਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਆਖਣ ਦੇ ਬਾਵਜੂਦ, ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਵਿੱਚ ਵੀ ਰੁਝਾ ਹੋਇਆ ਹੈ। ਅੱਜ ਸਿੱਖ ਸਥਾਨਕ ਮੰਦਰਾਂ ਤੋਂ ਲੈ ਕੇ ਵੈਸ਼ਨੋ ਦੇਵੀ, ਅਮਰਨਾਥ, ਬਦਰੀਨਾਥ, ਹਰਿਦੁਆਰ ਆਦਿਕ ਹਿੰਦੂ ਤੀਰਥਾਂ ਦੇ ਮੰਦਰਾਂ ਦੇ ਬਾਹਰ ਲੱਗੀਆਂ ਲਾਈਨਾਂ ਵਿੱਚ ਖੜੇ ਆਮ ਦੇਖੇ ਜਾ ਸਕਦੇ ਹਨ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਮੰਦਰ ਵਿੱਚ ਮਚੀ ਭਗਦੜ ਦੌਰਾਨ ਮਰਨ ਵਾਲੇ ਕਾਫੀ ਸਾਰੇ ਲੋਕਾਂ ਵਿੱਚ ਬਹੁਗਿਣਤੀ ਪੰਜਾਬ ਦੇ ‘ਸ਼ਰਧਾਲੂਆਂ’ ਦੀ ਹੀ ਸੀ।

ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਵੈਸ਼ਨੋ ਦੇਵੀ ਦੀਆਂ ਭੇਟਾਂ ਗਾ ਕੇ ਦੇਵੀ ਦਾ ਪ੍ਰਚਾਰ ਕਰਨ ਵਾਲੇ ਸਾਰੇ ਮੁੱਖ ਪ੍ਰਚਾਰਕ ਸਿੱਖੀ ਸਰੂਪ ਵਾਲੇ ਹੀ ਹਨ। ਹਿੰਦੂ ਤਿਉਹਾਰਾਂ ਮੌਕੇ ਸਿੱਖਾਂ ਵੱਲੋਂ ਆਪਣੇ ਘਰਾਂ ਜਾਂ ਨੇੜਲੇ ਮੰਦਰਾਂ ਵਿੱਚ ਜਾ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰਨਾ ਵੀ ਆਮ ਵਰਤਾਰਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਏਨੀ ਸਪਸ਼ਟ ਬਗਾਵਤ ਕਰਨ ਦੇ ਬਾਵਜੂਦ ਸਿੱਖਾਂ ਵੱਲੋਂ ਇਹ ਦਾਵਆ ਕਰਨਾ ਕਿ ਉਹ 300 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ’ਤੇ ਅਮਲ ਕਰ ਰਹੇ ਹਨ, ਨਿਹਾਇਤ ਹਾਸੋਹੀਣਾ ਦਾਅਵਾ ਸਾਬਿਤ ਹੁੰਦਾ ਹੈ। ਗੁਰੂ ਸਾਹਿਬ ਦੇ ਸ਼ਤਾਬਦੀ ਪੁਰਬ ਮੌਕੇ ਜਿਹੜੇ ਲੋਕ ਵਾਕਈ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪ੍ਰਣ ਲੈਣਾ ਪਏਗਾ ਕਿ ਹੁਣ ਉਹ ਦੇਵੀ-ਦੇਵਤਿਆਂ ਦੀ ਅਰਾਧਨਾ ਨਹੀਂ ਕਰਨਗੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ’ਤੇ ਹੀ ਅਮਲ ਕਰਨਗੇ।

ਸੱਚੇ ਗਿਆਨ ਦੀ ਲੋੜ

ਗੁਰਮਤਿ ਫਲਸਫੇ ਵਿੱਚ ਸੱਚ ਦੇ ਗਿਆਨ ਰਾਹੀਂ ਵਿਕਾਰਾਂ ਨੂੰ ਦੂਰ ਕਰਨ ਨੂੰ ਹੀ ਸੱਚਾ ਧਰਮ ਮੰਨਿਆ ਗਿਆ ਹੈ। ਅਗਿਆਨੀ ਮਨੁੱਖ ਜਾਣੇ-ਅਨਜਾਣੇ ਵਿੱਚ ਮਨਮਤਿ/ਅੰਧਵਿਸ਼ਵਾਸਾਂ/ਸ਼ੰਕਿਆਂ ਦਾ ਸ਼ਿਕਾਰ ਹੋ ਕੇ ਅਧਰਮੀ ਕਾਰਜਾਂ ਵਿੱਚ ਖਚਿਤ ਹੋ ਜਾਂਦਾ ਹੈ:

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ 155
(ਗੁਰੂ ਗ੍ਰੰਥ ਸਾਹਿਬ, ਪੰਨਾ 1372)

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ
(ਗੁਰੂ ਗ੍ਰੰਥ ਸਾਹਿਬ, ਪੰਨਾ 13)

ਗਿਆਨ ਵਿਹੂਣਾ ਗਾਵੈ ਗੀਤ
ਭੁਖੇ ਮੁਲਾਂ ਘਰੇ ਮਸੀਤਿ
(ਗੁਰੂ ਗ੍ਰੰਥ ਸਾਹਿਬ, ਪੰਨਾ 1245)

ਪਰ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਸਿੱਖ ਅਧਿਆਤਮਕ ‘ਗਿਆਨ’ ਤੋਂ ਬਿਲਕੁਲ ਕੋਰੇ ਹੋ ਚੁੱਕੇ ਹਨ। ਉਹ ਗੁਰਦੁਆਰੇ ਜਾ ਕੇ ਮੱਥੇ ਟੇਕਦੇ ਹਨ, ਕੜਾਹ ਪ੍ਰਸ਼ਾਦਿ ਦੀਆਂ ਪਰਚੀਆਂ ਕਟਵਾ ਲੈਂਦੇ ਹਨ, ਝਾੜੂ-ਪੋਚੇ-ਜੋੜਿਆਂ ਦੀ ਸੇਵਾ ਕਰ ਲੈਂਦੇ ਹਨ, ਚੌਕੜੀ ਮਾਰ ਕੇ ਅੱਖਾਂ ਬੰਦ ਕਰਕੇ ਕਿਸੇ ਵਿਸ਼ੇਸ਼ ਲਫ਼ਜ਼ ਦਾ ਰਟਨ ਜਾਂ ਮਾਲਾ ਫੇਰਨਾ ਸ਼ੁਰੂ ਕਰ ਦਿੰਦੇ ਹਨ, ਖ਼ਾਸ ਗਿਣਤੀਆਂ ਵਿੱਚ ਖ਼ਾਸ-ਖ਼ਾਸ ਬਾਣੀਆਂ/ਸ਼ਬਦਾਂ ਦੇ ਪਾਠ ਕਰਦੇ ਹਨ, ਵਾਜਾ ਵਜਾਉਣਾ ਸਿੱਖ ਕੇ ਕੀਰਤਨ ਵੀ ਕਰ ਲੈਂਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੇ

ਉਪਦੇਸ਼ਾਂ ਨੂੰ ਸਮਝਣ-ਵਿਚਾਰਨ ਦਾ ਉਪਰਾਲਾ ਕੋਈ ਵਿਰਲਾ ਹੀ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੁਦ ਪੜ੍ਹ ਕੇ, ਇਸਦੇ ਅਰਥਾਂ ਨੂੰ ਵਿਚਾਰਨ-ਸਮਝਣ ਦੀ ਬਜਾਏ ਸਿੱਖ ਕਿਰਾਏ ਦੇ ਪਾਠ ਕਰਵਾਉਣ ਤੱਕ ਸੀਮਤ ਰਹਿ ਗਏ ਹਨ। ਸਿੱਖਾਂ ਦੇ ਗੁਰਦੁਆਰਿਆਂ ਵਿੱਚ ਲੋਕ-ਦਿਖਾਵੇ ਵਾਸਤੇ ਮਹਿੰਗੇ-ਮਹਿੰਗੇ ਪੱਥਰ ਅਤੇ ਕਾਰਪੇਟ, ਏਅਰ ਕੰਡੀਸ਼ਨਰ ਆਦਿਕ ਤਾਂ ਲਗਾਏ ਜਾਂਦੇ ਹਨ ਪਰ ਸਿੱਖਾਂ ਦੇ ਗਿਆਨ ਦੇ ਵਾਧੇ ਵਾਸਤੇ ਗੁਰਮਤਿ ਦੀਆਂ ਕਲਾਸਾਂ ਲਗਾਉਣ ਤੇ ਉੱਚ ਸਤਰ ਦੀਆਂ ਲਾਇਬ੍ਰੇਰੀਆਂ ਕਾਇਮ ਕਰਨ ਦੀ ਦਿਸ਼ਾ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਸਿੱਖ ਖ਼ੁਦ ਵੀ ਗੁਰਬਾਣੀ ਦਾ ਗਿਆਨ ਹਾਸਲ ਕਰਨ ਲਈ ਸਰਗਰਮ ਹੋਣ ਦੀ ਬਜਾਏ ਪ੍ਰਭਾਤ ਫੇਰੀਆਂ/ਨਗਰ ਕੀਰਤਨਾਂ/ ਕੀਰਤਨ ਦਰਬਾਰਾਂ ਦੇ ਆਯੋਜਨ ਵਿੱਚ ਹੀ ਰੁੱਝੇ ਰਹਿੰਦੇ ਹਨ।

ਇਸਲਈ 99 ਫੀਸਦੀ ਸਿੱਖ, ਅਨਜਾਣੇ ਵਿੱਚ ਜਾਂ ਆਤਮ-ਵਿਸ਼ਵਾਸ ਦੀ ਘਾਟ ਕਾਰਨ, ਅਨਮਤੀ ਅਤੇ ਮਨਮਤੀ ਕਰਮ-ਕਾਂਡਾਂ ਵਿੱਚ ਫਸੇ ਹੋਏ ਹਨ। ਸਿੱਖਾਂ ਦੀ ਗਿਆਨਹੀਨਤਾ ਦਾ ਲਾਭ ਪਖੰਡੀ ਸਾਧ-ਬਾਬਿਆਂ, ਤਾਂਤਰਿਕਾਂ, ਸੰਘ ਪਰਵਾਰ ਅਤੇ ਹੋਰਨਾਂ ਧਰਮਾਂ/ਸੰਪਰਦਾਵਾਂ ਦੇ ਪ੍ਰਚਾਰਕਾਂ ਵੱਲੋਂ ਚੁੱਕਿਆ ਜਾ ਰਿਹਾ ਹੈ, ਜੋ ਸਿੱਖਾਂ ਦਾ ਆਰਥਕ, ਮਾਨਸਿਕ, ਸਰੀਰਕ ਸ਼ੋਸ਼ਣ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੌਲੀ-ਹੌਲੀ ਆਪੋ-ਆਪਣੇ ਧਰਮਾਂ/ ਸੰਪਰਦਾਵਾਂ ਵਿੱਚ ਜਜ਼ਬ ਕਰ ਰਹੇ ਹਨ। ਡੇਰਾ ਰਾਧਾ ਸੁਆਮੀ, ਨਿਰੰਕਾਰੀ, ਸੌਦਾ ਸਾਧ, ਨਾਨਕਸਰੀਏ, ਨੂਰਮਹਿਲੀਏ, ਭਨਿਆਰੇ ਵਾਲੇ ਅਤੇ ਅਜਿਹੇ ਹੋਰਨਾਂ ਸੈਂਕੜੇ ਡੇਰਿਆਂ/ਪਖੰਡੀਆਂ ਦੇ ਵਧਣ-ਫੁੱਲਣ ਦਾ ਕਾਰਨ ਸਿੱਖਾਂ ਦੀ ਗਿਆਨਹੀਣਤਾ ਹੀ ਹੈ।

ਜੇਕਰ 300 ਸਾਲਾ ਸ਼ਤਾਬਦੀ ਪੁਰਬ ਨੂੰ ਕਥਿਤ ਤੌਰ ’ਤੇ ਸਮਰਪਿਤ ਸਮਾਗਮਾਂ ਨੂੰ ਵੀ ਸਿੱਖਾਂ ਵਿੱਚ ਗੁਰਮਤਿ ਦਾ ਗਿਆਨ ਵੰਡਣ ਦੀ ਬਜਾਏ, ਕੀਰਤਨ ਦਰਬਾਰਾਂ ਅਤੇ ਰੰਗ-ਬਿਰੰਗੇ ਲੰਗਰਾਂ ਤੱਕ ਹੀ ਸੀਮਤ ਰੱਖਿਆ ਗਿਆ, ਤਾਂ ਅਜਿਹੇ ਸਮਾਗਮਾਂ ਦਾ ਅਤੇ ਸ਼ਤਾਬਦੀ ਪੁਰਬ ਮਨਾਉਣ ਦਾ ਕੋਈ ਲਾਭ ਨਹੀਂ ਹੋਵੇਗਾ।

ਸੰਤੋਖੀ ਜੀਵਨ

ਗੁਰੂ ਸਾਹਿਬਾਨ ਨੇ ਮਨੁੱਖ ਨੂੰ ਦੁਨੀਆਵੀ ਪਦਾਰਥ ਇਕੱਤਰ ਕਰਨ ਅਤੇ ਪੈਸੇ ਕਮਾਉਣ ਦੀ ਹੋੜ ਵਿੱਚ ਰੁਝੇ ਰਹਿਣ ਤੋਂ ਸੁਚੇਤ ਕਰਕੇ ਸੰਤੋਖੀ ਜੀਵਨ ਬਿਤਾਉਣ ਦਾ ਉਪਦੇਸ਼ ਦਿੱਤਾ ਹੈ:

ਸਹਸ ਖਟੇ ਲਖ ਕਉ ਉਠਿ ਧਾਵੈ
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ
ਅਨਿਕ ਭੋਗ ਬਿਖਿਆ ਕੇ ਕਰੈ
ਨਹ ਤ੍ਰਿਪਤਾਵੈ ਖਪਿ ਖਪਿ ਮਰੈ
ਬਿਨਾ ਸੰਤੋਖ ਨਹੀ ਕੋਊ ਰਾਜੈ
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
(ਗੁਰੂ ਗ੍ਰੰਥ ਸਾਹਿਬ, ਪੰਨਾ 279)

ਮਾਇਆ ਕਾਰਨਿ ਸ੍ਰਮੁ ਅਤਿ ਕਰੈ
ਸੋ ਮਾਇਆ ਲੈ ਗਾਡੈ ਧਰੈ
ਅਤਿ ਸੰਚੈ ਸਮਝੈ ਨਹੀ ਮੂੜ
ਧਨੁ ਧਰਤੀ ਤਨੁ ਹੋਇ ਗਇਓ ਧੂੜਿ
(ਗੁਰੂ ਗ੍ਰੰਥ ਸਾਹਿਬ, ਪੰਨਾ 1252)

ਗੁਰਮਤਿ ਦੇ ਅਜਿਹੇ ਸਪਸ਼ਟ ਸਿਧਾਂਤ ਦੇ ਬਾਵਜੂਦ, ਸਿੱਖਾਂ ਵਿੱਚ ਪਦਾਰਥਵਾਦ ਅਤੇ ਮਾਇਆ ਦੀ ਹੋੜ ਆਮ ਵੇਖੀ ਜਾ ਸਕਦੀ ਹੈ। ਜਿੱਥੇ ਪੁਰਾਤਨ ਸਿੱਖਾਂ ਦੀ ਇਮਾਨਦਾਰੀ ਦੀਆਂ ਤਾਰੀਫਾਂ ਉਨ੍ਹਾਂ ਦੇ ਦੁਸ਼ਮਣ ਵੀ ਕਰਦੇ ਸਨ, ਉੱਥੇ ਅੱਜ ਦੇ ਸਿੱਖ ਹੋਰਨਾਂ ਧਰਮਾਂ ਦੇ ਲੋਕਾਂ ਵਾਂਗ ਹੀ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਵਾਲੇ ਕਾਰਜਾਂ ਵਿੱਚ ਲਿਪਤ ਵੇਖੇ ਜਾ ਸਕਦੇ ਹਨ। ਪੈਸੇ ਕਮਾਉਣ ਦੀ ਇਸ ਅੰਨ੍ਹੀ ਦੌੜ ਵਿੱਚ ਬਹੁਤ ਸਾਰੇ ਸਿੱਖ ਕਿਸੇ ਵੀ ਤਰ੍ਹਾਂ ਵਿਦੇਸ਼ਾਂ ਵਿੱਚ ਵਸ ਜਾਣਾ ਲੋਚਦੇ ਹਨ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਆਪਣੇ ਕੇਸ ਕਤਲ ਕਰਵਾਉਣੇ ਪੈਣ ਜਾਂ ਅਧਿਕਾਰਿਤ ਤੌਰ ’ਤੇ ਆਪਣਾ ਧਰਮ ਵੀ ਤਬਦੀਲ ਕਰਨਾ ਪਏ। ਮਾਇਆ ਦੀ ਦੌੜ ਵਿੱਚ ਰੁੱਝੇ ਰਹਿਣ ਕਾਰਨ ਹੀ ਬਹੁਤ ਸਾਰੇ ਸਿੱਖ ਗੁਰਦੁਆਰੇ ਜਾ ਕੇ ਗੁਰਮਤਿ ਵਿਚਾਰਾਂ ਸੁਣਨ ਲਈ ਸਮਾਂ ਨਹੀਂ ਕਢ ਪਾਉਂਦੇ (ਜਾਂ ਕਢਣਾ ਨਹੀਂ ਚਾਹੁੰਦੇ)। ਪਰ ਹੋਟਲਾਂ, ਕਲੱਬਾਂ ਆਦਿਕ ਵਿੱਚ ਜਾ ਕੇ ਆਪਣੀ ਮਾਇਆ ਦਾ ਵਿਖਾਵਾ ਜ਼ਰੂਰ ਕਰ ਲੈਂਦੇ ਹਨ।

ਗੁਰਦੁਆਰਿਆਂ ਦੇ ਪ੍ਰਬੰਧਕ ਵੀ ਸਿੱਖਾਂ ਦੀ ਭਲਾਈ ਕਰਨ ਦੀ ਬਜਾਏ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਆਪਣੇ ਨਿਜੀ ਬੈਂਕ ਖਾਤਿਆਂ ਦੀ ਤਰ੍ਹਾਂ ਵਰਤਣ ਵਿੱਚ ਕੋਈ ਸ਼ਰਮ-ਹਯਾ ਮਹਿਸੂਸ ਨਹੀਂ ਕਰਦੇ। ਸਿੱਖ ਲੀਡਰ ਵੀ ਸਿੱਖਾਂ ਦੇ ਹੱਕਾਂ ਵਾਸਤੇ ਸਾਰਥਕ ਮੁਹਿੰਮਾਂ ਚਲਾਉਣ ਦੀ ਬਜਾਏ, ਮਾਇਆ ਦੇ ਗੱਫਿਆਂ ਜਾਂ ਵਪਾਰ/ਉਦਿਯੋਗ ਆਦਿਕ ਵਿੱਚ ਸਰਕਾਰ ਤੋਂ ਰਿਆਇਤਾਂ ਲੈਣ ਹਿੱਤ, ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹਥਠੋਕੇ ਬਣ ਕੇ ਕੌਮ ਨਾਲ ਗੱਦਾਰੀ ਕਰਨਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ।

ਹੁਣ ਇਹੋ ਜਿਹੀ ਕਿਸਮ ਦੇ ਲੋਕ ਹੀ ‘‘300 ਸਾਲ, ਗੁਰੂ ਦੇ ਨਾਲ’’ ਦੇ ਗਾਣੇ ਗਾ ਕੇ ਖ਼ੁਦ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਰਮ ਸ਼ਰਧਾਲੂ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜਿਹੜੇ ਵੀ ਲੋਕ ਗੁਰਬਾਣੀ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਮਾਇਆ ਦੀ ਦੌੜ ਤੋਂ ਨਿਕਲ ਕੇ, ਧਾਰਮਕ ਸੇਧ ਲੈਣ ਅਤੇ ਸਿੱਖਾਂ ਦੀ ਭਲਾਈ ਵਾਸਤੇ ਠੋਸ ਪ੍ਰਾਜੈਕਟਾਂ ਵਿੱਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਨਹੀਂ ਲੈਂਦੇ, ਤਦ ਤੱਕ ਉਨ੍ਹਾਂ ਦਾ ਗੁਰਪੁਰਬ ਮਨਾਉਣਾ ਸਫਲ ਨਹੀਂ ਮੰਨਿਆ ਜਾ ਸਕੇਗਾ।

- - -

ਨੋਟ : ਆਸ ਹੈ ਕਿ ਪਾਠਕ ਸੱਜਣ ਉਕਤ ਨੁਕਤਿਆਂ ’ਤੇ ਨਿਰਪੱਖਤਾ ਨਾਲ ਵਿਚਾਰ ਕਰਨਗੇ ਅਤੇ ‘‘ਦੁਨੀਆਦਾਰੀ ਤਾਂ ਕਰਨੀ ਹੀ ਪੈਂਦੀ ਹੈ’’ ਜਿਹੀਆਂ ਢੁਚਰਾਂ ਦਾ ਤਿਆਗ ਕਰਕੇ ਗੁਰਬਾਣੀ ਦੇ ਅਸੂਲਾਂ ਨੂੰ ਅਪਣਾਉਣ ਦੀ ਇੱਛਾ-ਸ਼ਕਤੀ ਅਤੇ ਦ੍ਰਿੜ੍ਹਤਾ ਵਿਕਸਿਤ ਕਰ ਸਕਣਗੇ।