

ਖ਼ਾਲਸਾ ਜੀ ਜਾਗੋ! ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਮਨਾਉਣ ਦੇ ਬਹਾਨੇ ਸ਼ਬਦ-ਗੁਰੂ ਦੇ ਕੀਤੇ ਜਾ ਰਹੇ ਘੋਰ ਅਪਮਾਨ ਨੂੰ ਰੋਕੋ !!
- ਲੈਫ਼ ਕਰਨਲ ਗੁਰਦੀਪ ਸਿੰਘ -
ਸ਼੍ਰੋਮਣੀ ਸਿੱਖ ਸਮਾਜ, ਇੰਟਰਨੈਸ਼ਨਲ
ਦਸਮੇਸ਼ ਪਿਤਾ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਇੱਕ ਦਿਨ ਪਹਿਲਾਂ ਅਕਤੂਬਰ 1708 ਈ. ਵਿੱਚ, ਗੁਦਾਵਰੀ ਨਦੀ ਦੇ ਕਿਨਾਰੇ ਨੰਦੇੜ (ਹਜ਼ੂਰ ਸਾਹਿਬ) ਮਹਾਰਾਸ਼ਟਰ ਦੇ ਅਸਥਾਨ ਤੇ ਸ਼ਬਦ-ਗੁਰੂ, (ਗੁਰੂ ਗ੍ਰੰਥ ਸਾਹਿਬ) ਨੂੰ ਗੁਰੂ ਨਾਨਕ ਸਾਹਿਬ ਦੀ ਇਲਾਹੀ ਗੁਰਤਾ ਗੱਦੀ ‘ਤੇ, ਗੁਰਮਤਿ ਜੁਗਤਿ ਅਨੁਸਾਰ ਸਦੀਵ ਕਾਲ ਲਈ ਸੁਸ਼ੋਭਤ ਕਰ ਕੇ ਪੰਥ ਨੂੰ ਹੁਕਮ ਦਿੱਤਾ ਸੀ ਕਿ ਅੱਜ ਤੋਂ ਸਿੱਖਾਂ ਦੇ ਗੁਰੂ, ‘ਗੁਰੂ ਗ੍ਰੰਥ ਸਾਹਿਬ’ ਹੋਣਗੇ। ਇਹ ਹੁਕਮ ਤੁਰਤ ਲਾਗੂ ਹੋ ਗਿਆ ਤੇ ਅੱਜ ਤੱਕ ਸਿੱਖ ਯੱਕ-ਜ਼ੁਬਾਨ ਹੋ ਕੇ ਇਸ ਅੱਗੇ ਸਿਰ ਝੁਕਾਉਂਦੇ ਹਨ।
ਗੁਰੂ ਨਾਨਕ ਸਾਹਿਬ ਨੇ ਪ੍ਰਭੂ-ਪਿਤਾ ਦੀ ਰਜ਼ਾ ਅਨੁਸਾਰ, 1507 ਈ. ਵਿੱਚ ਅਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਸੁਲਤਾਨਪੁਰ ਲੋਧੀ ਤੋਂ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ ‘ਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਜ਼ਾਮਨ, ਸਰਬਦੇਸੀ, ਸਦੀਵਕਾਲੀ ਰੱਬੀ ਧਰਮ ਦਾ ਰਾਜ ਕਾਇਮ ਕਰਨ ਲਈ ਇੱਕ ਇਲਾਹੀ ਨਿਕਲਾਬ ਦੇ ਅਰੰਭ ਕਰਨ ਦਾ ਬਿਗੁਲ ਵਜਾ ਦਿਤਾ ਸੀ। ਇਸ ਰੱਬੀ ਧਰਮ ਦੇ ਰਾਜ ਵਿੱਚ ਸਮੁੱਚੀ ਮਨੁਖੱਤਾ ਇੱਕੋ ਇੱਕ ਵਾਹਦ ਪ੍ਰਭੂ-ਪਿਤਾ ਦੀ ਸੰਤਾਨ ਹੋਣ ਦੇ ਨਾਤੇ ਆਪਸ ਵਿਚ ਵਿਸ਼ਵ-ਭਾਈਚਾਰਾ ਕਾਇਮ ਕਰ ਕੇ ਵਿਸ਼ਵ-ਸ਼ਾਂਤੀ ਸਥਾਪਤ ਕਰੇਗੀ, ਜ਼ਾਤ-ਪਾਤ (ਵਰਨ-ਆਸ਼ਰਮ), ਊਚ-ਨੀਚ, ਵਹਿਮ-ਭਰਮ, ਕਰਮ-ਕਾਂਡ, ਅਵਤਾਰਵਾਦ, ਦੇਵਵਾਦ (ਦੇਵੀ ਦੇਵਤਾ ਵਾਦ) ਆਦਿ ਲਈ ਕੋਈ ਮਾਣਤਾ ਨਹੀਂ ਹੋਵੇਗੀ। ਇਸ ਹਲੇਮੀ ਰਾਜ ਵਿੱਚ ਕੋਈ ਰਾਜਾ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨਹੀਂ ਹੋਵੇਗਾ। ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੰਚ ਪ੍ਰਧਾਨੀ ਪੰਚਾਇਤੀ ਰਾਜ ਸਿਸਟਮ ਲਾਗੂ ਹੋਵੇਗਾ। ਕਿਸੇ ਨਾਲ ਵੀ ਨਸਲ, ਲਿੰਗ, ਰੰਗ, ਕੌਮ, ਦੇਸ਼, ਬਰਾਦਰੀ ਦੇ ਨਾਤੇ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋਵੇਗਾ।
ਉਪਰ ਵਰਣਨ ਕੀਤੀ ਰਾਜ-ਪ੍ਰਣਾਲੀ, ‘ਬਾਣੀਆ-ਬ੍ਰਾਹਮਣ-ਹਾਕਮ’ ਦੀ ਖ਼ੁਦ-ਗਰਜ਼, ਮਨੁੱਖੀ ਹੱਕਾਂ ਦੀ ਵਿਰੋਧੀ ਸ਼ਾਤਰ ਤਿੱਕੜੀ ਨੂੰ ਕਿਸੇ ਪੱਖ ਤੋਂ ਵੀ ਰਾਸ ਨਹੀਂ ਆ ਸਕਦੀ। ਇਸ ਕਰ ਕੇ ਇਸ ਤਿੱਕੜੀ ਨੇ ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ, ਡੂੰਘੀ ਸੋਚ ਵਿਚਾਰ ਕਰ ਕੇ ਇਸ ਇਨਕਲਾਬ ਦਾ ਜੱਥੇਬੰਦਕ ਰੂਪ ਵਿਚ, ਪਰਤੱਖ ਅਤੇ ਲੁਕਵੇਂ ਰੂਪ ਵਿਚ, ਜੰਗੀ ਪੱਧਰ ਤੇ ਵਿਰੋਧ ਕਰਨਾ ਅਰੰਭ ਕੀਤਾ ਹੋਇਆ ਹੈ। ਇਸ ਇਨਕਲਾਬੀ ਵਿਚਾਰਧਾਰਾ ਦੇ ਵਿਰੋਧ ਦੇ ਫ਼ਲਸਰੂਪ ਗੁਰੂ ਨਾਨਕ ਸਾਹਿਬ ਦੇ ਉਤਰਧਿਕਾਰੀ ਗੁਰੂ ਜਾਮਿਆਂ ਨੂੰ (ਪੰਜਵੇਂ, ਨੌਵੇਂ ਅਤੇ ਦਸਵੇਂ ਜਾਮੇ ਵਿੱਚ) ਸ਼ਹਾਦਤਾਂ ਦੇਣੀਆਂ ਪਈਆਂ, ਸਰਬੰਸ ਤੱਕ ਵਾਰਨੇ ਪਏ, ਲੱਖਾਂ ਹੀ ਗੁਰੂ ਨਾਨਕ ਨਾਮ ਲੇਵਾ ਸੂਰਮਿਆਂ ਨੇ ਸਿਰ ਤਲੀ ਤੇ ਰੱਖ ਕੇ ਹਰਿਥਆਰਬੰਦ ਅਤੇ ਸ਼ਾਂਤਮਈ ਸੰਘਰਸ਼ਾਂ ਦੌਰਾਨ ਸ਼ਹਾਦਤਾਂ ਦਿੱਤੀਆਂ ਪਰ ਸਿਧਾਂਤ (ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰੱਬੀ ਕਲਾਮ ਦੇ ਸਿਧਾਂਤਾਂ ਨੂੰ ਪਿੱਠ ਨਹੀਂ ਵਿਖਾਈ)।
1716 ਈ. ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਫੌਰਨ ਬਾਅਦ, ਮੁਗਲ ਹਕੂਮਤ ਨੇ ਸਿੱਖਾਂ ਦੇ ਸਮੂਹਕ ਕਤਲੇਆਮ ਦੇ ਹੁਕਮ ਸਾਦਰ ਕਰ ਦਿੱਤੇ। ਸਮੁੱਚੀ ਸਿੱਖ ਕੌਮ ਆਪਣੇ ਘਰ-ਘਾਟ ਛੱਡ ਕੇ ਜੰਗਲਾਂ-ਬੇਲਿਆਂ, ਮਾਰੂਥਲਾਂ ਅਤੇ ਪਹਾੜਾਂ ਵਲ ਚਲੀ ਗਈ। ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਕੌਮ ਇੱਕ ਪਾਸੇ ਤਾਂ ਵਕਤੀ ਮੁਗਲ ਹਕੂਮਤ ਨਾਲ ਅਤੇ ਦੂਜੇ ਪਾਸੇ ਅਫ਼ਗਾਨਸਤਾਨ ਦੇ ਰਸਤੇ ਤੋਂ ਆਉਣ ਵਾਲੇ ਵਿਦੇਸ਼ੀ ਲੁਟੇਰੇ ਹਮਲਾਵਰਾਂ ਦੇ ਖ਼ਿਲਾਫ਼ ਜ਼ਿੰਦਗੀ-ਮੌਤ ਦੇ ਅਤਿ ਭਿਆਨਕ ਹਥਿਆਰਬੰਦ ਸੰਘਰਸ਼ ਵਿਚ ਤਕਰੀਬਨ 70 ਸਾਲ ਤੱਕ ਬੁਰੀ ਤਰ੍ਹਾਂ ਉਲਝੀ ਰਹੀ। ਇਸ ਬਿਪਤਾ ਦੇ ਵਕਤ ਦੌਰਾਨ ਬਿਪਰਵਾਦੀਆਂ (ਮੰਨੂਵਾਦੀ ਵਿਚਾਰਧਾਰਾ ਦੇ ਕੱਟੜ ਹਮਾਇਤੀਆਂ) ਨੇ ਸਭ ਤੋਂ ਪਹਿਲਾਂ ਇਕ ਗੁੰਮਨਾਮ ਲਿਖਾਰੀ ਵੱਲੋਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖ-ਲਿਖਾ ਕੇ ਗੁਰਦੁਆਰਿਆਂ ‘ਤੇ ਕਾਬਜ਼ ਨਿਰਮਲੇ ਅਤੇ ਉਦਾਸੀਆਂ ਰਾਹੀਂ ਗੁਰਦੁਆਰਿਆਂ ਵਿਚ ਇਸ ਦੀ ਰੋਜ਼ਾਨਾ ਕਥਾ ਅਰੰਭ ਕਰਵਾ ਦਿੱਤੀ ਅਤੇ ਅਸਲੀ ਗੁਰਮਤਿ, ਸਾਹਿਤਕ ਅਤੇ ਇਤਿਹਾਸਕ ਲਿਖ਼ਤਾਂ ਨੂੰ ਖੁਰਦ-ਬੁਰਦ ਕਰ ਦਿੱਤਾ। ਇਸੇ ਸਮੇਂ ਦੌਰਾਨ ਕੁਝ ਹੋਰ ਨਿੱਕੀਆਂ-ਮੋਟੀਆਂ ਗੁਰਮਤਿ ਸਿਧਾਂਤਾਂ ਦੀ ਵਿਰੋਧਤਾ ਕਰਨ ਵਾਲੀਆਂ ਪੁਸਤਕਾਂ ਵੀ ਲਿੱਖ-ਲਿਖਾ ਲਈਆਂ। ਗੁਰਦੁਆਰਾ ਸੁਧਾਰ ਲਹਿਰ ਦੀ ਸਫ਼ਲਤਾ ਮਗਰੋਂ ਮਹੰਤਾਂ ਨੂੰ ਗੁਰਦੁਆਰਿਆ ਵਿੱਚੋਂ ਕੱਢ ਦਿੱਤਾ ਗਿਆ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵੀ ਗੁਰਦੁਅਰਿਆਂ ਵਿਚੋਂ ਕੱਢ ਕੇ ਬਾਹਰ ਸੁੱਟ ਦਿੱਤੀ ਗਈ ਅਤੇ ਇਸ ਦੀ ਕਥਾ ‘ਤੇ ਮੁਕੰਮਲ ਅਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ। ਪਰ ਅੱਜ ਇਨ੍ਹਾਂ ਨਿਰਮਲਿਆਂ ਦੇ ਵਾਰਸਾਂ ਨੇ ਇਸ ਗੁਰਮਤਿ ਸਿਧਾਂਤਾਂ ਦਾ ਘਾਣ ਅਤੇ ਗੁਰੂ ਜਾਇਆਂ ਦਾ ਚਰਿੱਤ੍ਰਘਾਤ ਕਰਨ ਵਾਲੀ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਤੋਂ ਪ੍ਰਕਾਸ਼ਿਤ ਕਰਵਾ ਕੇ ਕੁਝ ਗੁਰਦੁਆਰਿਆਂ/ਡੇਰਿਆਂ ਵਿਖੇ ਇਸ ਦੀ ਕਥਾ ਦੁਬਾਰਾ ਅਰੰਭ ਕਰਵਾ ਦਿੱਤੀ ਹੈ। ਸਦ ਅਫ਼ਸੋਸ !!
1849 ਈ. ਵਿੱਚ ਬਿਪਰਵਾਦੀਆਂ ਨੇ ਅੰਗ੍ਰੇਜ਼ੀ ਸਮਾਰਾਜ ਨਾਲ ਅੰਦਰ-ਖਾਤੇ ਗੰਢ-ਤਰੁਪ ਕਰ ਕੇ, ਸਿਖ ਰਾਜ ਅੰਗ੍ਰੇਜ਼ੀ ਹਕੂਮਤ ਵਿਚ ਸ਼ਾਮਲ ਕਰਵਾ ਦਿੱਤਾ। ਸਿੱਖ ਕੌਮ ਫਿਰ ਤੋਂ ਅੰਗ੍ਰੇਜ਼ ਦੀ ਗੁਲਾਮੀ ਦੇ ਜੂਲੇ ਥਲਿਓਂ ਨਿਕਲਣ ਲਈ ਸੰਘਰਸ਼ ਕਰਨ ਦੇ ਰਾਹ ਪੈ ਗਈ। ਉਨੀਵੀਂ ਸਦੀ ਦੇ ਅੱਧ ਕੁ ਵਿਚ ਬਿਪਰਵਾਦੀਆਂ ਨੇ ਸਿੱਖ ਕੌਮ ਦੀ ਬਿਪਤਾ ਦਾ ਫ਼ਾਇਦਾ ਉਠਾ ਕੇ ਕਈ ਗੁਰਮਤਿ-ਵਿਰੋਧੀ ਪੁਸਤਕਾਂ ਨੂੰ ਇਕ ਜਿਲਦ ਵਿਚ ਇਕੱਠਾ ਕਰ ਕੇ ਇਸ ਦਾ ਨਾਮ ‘ਬਚਿੱਤ੍ਰ ਨਾਟਕ’ ਰੱਖ ਦਿਤਾ। ਫਿਰ ਸਮਾਂ ਪਾ ਕੇ, ਇਸ ਦੀ ਵਿਕਰੀ ਵਧਾਉਣ ਲਈ ਅਤੇ ਇਸ ਅਸ਼ਲੀਲ ਕਿਤਾਬ ਨੂੰ ਦਸਮੇਸ਼ ਪਿਤਾ ਦੇ ਨਾਮ ਨਾਲ ਜੋੜਨ ਲਈ ਇਸ ਦਾ ਨਾਮ ‘ਦਸਮ ਗ੍ਰੰਥ’ ਰੱਖ ਦਿੱਤਾ ਅਤੇ ਹੁਣ ਇਸ ਦਾ ਨਾਮ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਰਖਿਆ ਜਾ ਰਿਹਾ ਹੈ।
ਇਥੇ 1941 ਈ. ਵਿਚ ਵਾਪਰੀ ਇੱਕ ਦੁਰਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਲਗਦਾ ਹੈ। 1941 ਈ. ਵਿਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਆਸ ਪਾਸ ਕਿਸੇ ਗ੍ਰੰਥੀ ਨੇ ਅਕਾਲ ਤਖ਼ਤ ਸਾਹਿਬ ਦੇ ਹੇਠਲੇ ਚਬੂਤਰੇ ਤੇ (ਗਲਤੀ ਨਾਲ ਜਾਂ ਅਭੋਲਪੁਣੇ ਵਿਚ) ‘ਦਸਮ ਗ੍ਰੰਥ’ ਦਾ ਪਾਠ ਰੱਖ ਦਿੱਤਾ। ਇਸ ਬਾਰੇ ਪਤਾ ਲੱਗਣ ਤੇ ਚੀਫ਼ ਖ਼ਾਲਸਾ ਦੀਵਾਨ ਨੇ ਇਸਦੇ ਖਿਲਾਫ਼ ਆਪਣੇ ਪਰਚੇ ‘ਖਾਲਸਾ ਸਮਾਚਾਰ’ ਵਿੱਚ ਲੇਖ ਲਿਖੇ। ‘ਖ਼ਾਲਸਾ ਸਮਾਚਾਰ’ ਦੇ 12 ਫਰਵਰੀ, 1942 ਦੇ ਪਰਚੇ ਅਨੁਸਾਰ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਸੀ ਤਾਕਿ ਸ਼੍ਰੋਮਣੀ ਕਮੇਟੀ, ਧਾਰਮਕ ਸਲਾਹਕਾਰਾਂ ਦੀ ਕਮੇਟੀ ਤੋਂ ਰਾਏ ਲੈ ਕੇ ਮਸਲਾ ਹੱਲ ਕਰੇ। ਖ਼ਾਲਸਾ ਸਮਾਚਾਰ ਦੇ 29 ਫਰਵਰੀ 1942 ਵਾਲੇ ਪਰਚੇ ਵਿਚ ਸੁਰਖੀਆਂ ਦੇ ਕੇ ਇਸ ਮਸਲੇ ਬਾਰੇ ਅਨੇਕਾਂ ਸੁਆਲ ਅਤੇ ਉਟੰਕਣ ਕੀਤੇ ਗਏ ਸਨ। ਗਿਆਨੀ ਅੱਛਰ ਸਿੰਘ ਜੀ ਨੇ (ਜੋ ਉਸ ਸਮੇਂ ਦਰਬਾਰ ਸਾਹਿਬ ਵਿੱਚ ਗ੍ਰੰਥੀ ਤੈਨਾਤ ਸਨ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਲੇ ਚਬੂਤਰੇ ਉਤੇ ‘ਦਸਮ ਗ੍ਰੰਥ’ ਦਾ ਪਾਠ ਰੱਖਣ ਵਿਰੁਧ ਜ਼ੋਰਦਾਰ ਆਵਾਜ਼ ਉਠਾਈ ਸੀ। ਇਸ ਸਬੰਧ ਵਿੱਚ ਅਸੀਂ ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਦੀ ਅੱਠਵੀਂ ਇੱਕਤ੍ਰਤਾ ਵਿੱਚ ਪਾਸ ਹੋਏ ਉਸ ਮਤੇ ਦੀ ਇਬਾਰਤ ਵੀ ਦੇ ਰਹੇ ਹਾਂ ਜੋ 4 ਮਈ 1942 ਨੂੰ ਹੋਈ ਸੀ:-
ਦਸਮ ਗ੍ਰੰਥ ਅਖੰਡ ਪਾਠ: ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਤ੍ਰਿਕਾ ਨੰਬਰ 684 ਮਿਤੀ 11-1-1942 ਜਿਸ ਰਾਹੀਂ ਧਾਰਮਕ ਸਲਾਹਕਾਰਾਂ ਪਾਸੋਂ ਪੁੱਛ ਕਰਨ ਲਈ ਲਿਖਿਆ ਗਿਆ ਸੀ ਕਿ ਅਕਾਲ ਤੱਖ਼ਤ ਸਾਹਿਬ ਕਈ ਪ੍ਰੇਮੀ ਦਸਮ ਗ੍ਰੰਥ ਸਾਹਿਬ ਦਾ ਅਖੰਡ-ਪਾਠ ਕਰਾਉਂਦੇ ਹਨ। ਇਸ ਸਬੰਧੀ ਕੀ ਕੀਤਾ ਜਾਣਾ ਚਾਹੀਦਾ ਹੈ। ਪੇਸ਼ ਹੋ ਕੇ ਪਰਵਾਨ ਹੋਇਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਦਸਮ ਗ੍ਰੰਥ ਦਾ ਅਖੰਡ, ਸਾਧਾਰਨ ਜਾਂ ਸਪਤਾਹਕ ਪਾਠ ਕਰਨਾ ਠੀਕ ਨਹੀਂ, ……-
ਤ੍ਰਿਯਾ ਚਰਿਤ੍ਰਾਂ (ਪਾਖਯਾਨ ਚਰਿਤਾਂ ਜਾਂ ਚਰਿਤ੍ਰੋ ਪਾਖਯਾਨ) ਦੇ
ਇਨ੍ਹਾਂ ਅਤਿ ਨਾਕਸ, ਤਬਾਹ-ਕੁਨ ਅਤੇ ਪੰਥ-ਘਾਤੀ ਲੱਛਣਾਂ ਨੂੰ ਜਾਂਚਦਿਆਂ-ਪਰਖਦਿਆਂ ਸ਼੍ਰੋਮਣੀ ਗੁ.
ਪ੍ਰ. ਕਮੇਟੀ ਨੇ, ਸ. ਸੰਤੋਖ ਸਿੰਘ, ਚੰਡੀਗੜ ਨੂੰ ਉਨ੍ਹਾਂ ਦੇ ਇਕ ਸੁਆਲ ਦੇ ਜਵਾਬ ਵਿੱਚ ਇੱਕ ਪੱਤਰ
ਨੰਬਰ 36672 ਮਿਤੀ 03-08-1973 ਲਿਖਿਆ ਸੀ ਜਿਸ ਦੀ ਸਾਰੀ ਇਬਾਰਤ
ਹੇਠ ਲਿਖੇ ਅਨੁਸਾਰ ਬਿਲਕੁਲ ਸਪਸ਼ਟ ਅਤੇ ਸਾਫ਼ ਹੈ ਕਿ ਇਹ ਨਾਕਸ ਰਚਨਾਵਾਂ ਗੁਰੂ ਦਸਮੇਸ਼ ਦੁਆਰਾ ਰਚਿਤ
ਨਹੀਂ ਹਨ ਪਰ ਮੌਜੂਦਾ ਦੌਰ ਦੇ ਧਾਰਮਕ ਅਤੇ ਨੀਮ-ਧਾਰਮਕ
(theopolitical) ਆਗੂ
ਅਤੇ ਅਧਿਕਾਰੀ ਇਸ ਹਕੀਕਤ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਕੇ ਕੁਝ ਹੋਰ ਭਾਂਤਿ ਦੀਆਂ ਹਰਕਤਾਂ
ਵਿਚ ਹੀ ਮੁਬਤਲਾ ਹਨ:
ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤੱਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।
ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ-।
ਦਸਤਖ਼ਤ,
ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ. ਗੁ. ਪ੍ਰ. ਕਮੇਟੀ ਲਈ;
(ਮਹਿੰਦਰ ਸਿੰਘ ‘ਜੋਸ਼’: ਅਨਮਤੀਆਂ ਦੀ ‘ਕੱਚੁ-ਪਿੱਚੁ- ਕਵਿਤਾ ਖਯਾਨ ਚਰਿਤ੍ਰ, ਦੇ ਹੱਕ ਵਿਚ ਵਾ-ਵੇਲਾ ਕਿਉਂ ? (ਪੰਨਾ. 8,10,11)
ਉਪਰੋਕਤ ਤੋਂ ਸਿਵਾਏ, ‘ਸਿੱਖ ਗੁਰਦੁਆਰਾ ਐਕਟ-1925’ ਦੇ ਅਧੀਨ ਹੋਂਦ ਵਿਚ ਆਈ ਸਿੱਖ ਰਹਿਤ ਮਰਯਾਦਾ- ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਕਰ ਕੇ ਲੱਖਾਂ ਦੀ ਗਿਣਤੀ ਵਿਚ ਮੁਫ਼ਤ ਵੰਡੀ ਜਾ ਚੁਕੀ ਹੈ, ਦੇ ਪੰਨਾ ਨੰਬਰ:10-11 ਤੇ ਪੈਰਾ 4(ਹ) ਅਧੀਨ ਇਹ ਅੰਕਿਤ ਹੈ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।
ਪਰ ਅਫਸੋਸ ਹੈ ਕਿ ਉਪਰੋਕਤ ਸਭ ਕੁਝ ਦੇ ਬਾਵਜੂਦ, ਸਿੱਖ ਕੌਮ ਦੀਆਂ ਅਹਿਮ ਸੰਸਥਾਵਾਂ/ਜੱਥੇਬੰਦੀਆਂ ‘ਤੇ ਕਾਬਜ਼ ਹੋ ਚੁਕੇ ਦਸਮ ਗ੍ਰੰਥੀਏ’ ਅਤੇ ਬਿਪਰਵਾਦੀਆਂ ਦੇ ਗੁਲਾਮ ਅਖੌਤੀ ਸਿੰਘ ਸਾਹਿਬਾਨਾਂ ਨੇ, ਤਖ਼ਤ ਸਾਹਿਬਾਨ ਦੀ ਸਰਪ੍ਰਸਤੀ ਹੇਠ, ‘ਦਸਮ ਗ੍ਰੰਥ’ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਕੇਂਦਰੀ ਸਮਾਗਮ 11 ਨਵੰਬਰ ਤੋਂ 13 ਨਵੰਬਰ 2006 ਤੱਕ ਇਸ ਅਸ਼ਲੀਲਤਾ ਭਰਪੂਰ ਸਾਕਤੀ ਪੋਥੇ ਦੀ ਮੰਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਗਵਾ ਕੇ ਦਿਆਲਪੁਰਾ ਭਾਈਕਾ (ਬਠਿੰਡਾ) ਵਿਖੇ (ਅਨੇਕਾਂ ਪੰਥਕ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ) ਇਸ ਦਾ ਅਖੰਡ-ਪਾਠ ਕਰਵਾਇਆ। ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਸਮਰਪਿਤ ਦੇਸ਼-ਵਿਦੇਸ਼ ਦੀਆਂ ਅਨੇਕਾਂ ਜਥੇਬੰਦੀਆਂ ਇਸ ਕਾਲੇ ਕਾਰਨਾਮੇ ਦੇ ਵਿਰੋਧ ਵਿਚ 13 ਨਵੰਬਰ 2006 ਤੋਂ ਹਰ ਮਹੀਨੇ ਦੀ 13 ਤਾਰੀਕ ਨੂੰ ‘ਕਾਲਾ ਦਿਵਸ’ ਵਜੋਂ ਮਨਾਉਂਦੀਆਂ ਆ ਰਹੀਆਂ ਹਨ, ਅਤੇ ਉਦੋਂ ਤਕ ਮਨਾਉਂਦੀਆ ਰਹਿਣਗੀਆਂ ਜਦੋਂ ਤੱਕ ਇਹ ਪੰਥ ਦੋਖੀ ਅਤੇ ਗੁਰੂ ਦੋਖੀ ਲਾਣਾ ਆਪਣੇ ਕਾਲੇ ਕਾਰਨਾਮਿਆਂ ਦੀ ਸਿੱਖ ਜਗਤ ਪਾਸੋਂ ਲਿਖਤੀ ਮੁਆਫੀ ਮੰਗ ਕੇ ਅਗੋਂ ਤੋਂ ਅਜਿਹੇ ਅਪਰਾਧਕ ਕਰਮਾਂ ਵਲੋਂ ਤੋਬਾ ਨਹੀਂ ਕਰ ਲੈਂਦਾ। ਬਿਪਰਵਾਦੀਆਂ ਦੀ ਸਾਜ਼ਿਸ ਅਧੀਨ, ਕਾਫੀ ਸਾਲਾਂ ਤੋਂ ਇਸ ਸਾਕਤੀ ਪੋਥੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਉਭਾਰਨ ਅਤੇ ਮਾਣਤਾ ਦੇਣ ਦੇ ਨਾਪਾਕ ਇਰਾਦੇ ਨਾਲ ਇਸ ਦੀ ਮੰਜੀ ‘ਤਖ਼ਤ’ ਪਟਨਾ ਸਾਹਿਬ, ‘ਤਖ਼ਤ’ ਹਜ਼ੂਰ ਸਾਹਿਬ ਅਤੇ ਕਈ ਸੰਪਰਦਾਵਾਂ/ਡੇਰਿਆਂ ਵਿਖੇ ਲਗਾਈ ਹੋਈ ਹੈ।
ਹੁਣ ਇਸ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਹਜ਼ੂਰ ਸਾਹਿਬ ਵਿਖੇ ਮਨਾਉਣ ਦੇ ਬਹਾਨੇ ਸ਼੍ਰੋਮਣੀ ਕਮੇਟੀ ਅਤੇ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਨਿਜ਼ਾਮਾਂ ਵਲੋਂ ਕਈ ਕਿਸਮ ਦੇ ਭਾਵੁਕ ਨਾਅਰੇ ਮਾਰ ਕੇ, ਸਿੱਖ ਸੰਗਿਤ ਨੂੰ ਗੁੰਮਰਾਹ ਕਰ ਕੇ, ਵਹੀਰਾਂ ਘੱਤ ਕੇ ਹਜ਼ੂਰ ਸਾਹਿਬ ਵਿਖੇ ਪਹੁੰਚਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਗੁਰਮਤਿ ਸਿਧਾਂਤਾਂ ਦੀ ਸੋਝੀ ਤੋਂ ਕੋਰੇ ਪ੍ਰਾਣੀ ਅੰਨ੍ਹੀ ਸ਼ਰਧਾ ਵੱਸ ਅਪਣਾ ਕੀਮਤੀ ਸਮਾਂ ਅਤੇ ਦੱਸਾਂ ਨੰਹੂਆਂ ਦੀ ਕਿਰਤ ਕਮਾਈ ਨੂੰ ਅਜਾਈਂ ਗੁਆਉਣ ਲਈ ਹਜ਼ੂਰ ਸਾਹਿਬ ਜਾ ਕੇ ਇਸ ਅਸ਼ਲੀਲ ਪੁਸਤਕ ਅੱਗੇ ਮੱਥੇ ਟੇਕੀ ਜਾ ਰਹੇ ਹਨ। ਅਜਿਹਾ ਕੁਕਰਮ ਕਰਨ ਨਾਲ ਪ੍ਰਭੂ-ਪਿਤਾ ਦੀਆਂ ਖ਼ੁਸ਼ੀਆ ਤਾਂ ਨਹੀਂ ਮਿਲ ਸਕਣਗੀਆਂ, ਲਾਹਨਤਾਂ ਅਵੱਸ਼ ਹੀ ਮਿਲ ਜਾਣਗੀਆਂ।

ਤਖ਼ਤ ਹਜ਼ੂਰ ਸਾਹਿਬ ਦਾ ਦੀਵਾਨ ਹਾਲ, ਜਿੱਥੇ ਗੁਰੂ
ਗ੍ਰੰਥ ਸਾਹਿਬ ਦੇ ਨਾਲ, ਕਥਿਤ ਦਸਮ ਗ੍ਰੰਥ ਨੂੰ ਵੀ
'ਗੁਰੂ' ਵਾਂਗ ਹੀ ਪ੍ਰਕਾਸ਼ ਕਰਕੇ ਭੋਲੇ-ਭਾਲੇ ਸਿੱਖਾਂ ਦੇ
ਮਨਾਂ ਵਿੱਚ ਭੰਬਲ-ਭੂਸਾ ਪੈਦਾ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਇਕ ਹੋਰ ਬਹੁਤ ਹੀ ਅਹਿਮ ਨੁਕਤਾ ਵੀ ਵਿਚਾਰਨਯੋਗ ਹੈ। ਇਸ ਸਾਲ ਅਕਤੂਬਰ ਦੇ ਅਖ਼ੀਰ ਵਿੱਚ ਇਸ ਤੀਜੀ ਸ਼ਤਾਬਦੀ ਦੇ ਪ੍ਰੋਗਰਾਮ ਵਿਸ਼ਵ ਮੀਡੀਆ ਦਾ ਵੱਡੀ ਪੱਧਰ ਤੇ ਧਿਆਨ ਖਿੱਚਣਗੇ ਅਤੇ ਇਲੈਕਟਰੋਨਿਕ ਮੀਡੀਆ ਇਨ੍ਹਾਂ ਪ੍ਰੋਗਰਾਮਾਂ ਨੂੰ ਆਡੀਓ-ਵੀਡੀਓ ਮਾਧਿਅਮ ਰਾਹੀਂ ਰਿਕਾਰਡ ਕਰ ਕੇ ਦੁਨੀਆਂ ਭਰ ਵਿਚ ‘ਲਾਈਵ’ (live) ਨਸ਼ਰ ਕਰੇਗਾ ਅਤੇ ਇਸ ਰਿਕਾਰਡਿੰਗ ਵਿਚ ਜਦੋਂ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵਿਚ ਸ਼ਾਕਤੀ ਪੋਥੇ (ਅਖੌਤੀ ਦਸਮ ਗ੍ਰੰਥ) ਦੀ ਮੰਜੀ ਲੱਗੀ ਵੇਖੇਗਾ ਤਾਂ ਸੁਭਾਵਕ ਹੀ ਇਹ ਗਲਤ ਸਿਗਨਲ ਗ੍ਰਹਿਣ ਕਰੇਗਾ ਕਿ ਸਿੱਖ ਕੌਮ ਦੇ ਦੋ ਤਰ੍ਹਾਂ ਦੇ ਸ਼ਬਦ-ਗੁਰੂ ਹਨ (ਇਕ ਗੁਰੂ ਗ੍ਰੰਥ ਸਾਹਿਬ ਅਤੇ ਦੂਜਾ ਅਖੌਤੀ ਦਸਮ ਗ੍ਰੰਥ)। ਇਸ ਲਈ ਬਿਪਰਵਾਦੀਆਂ ਦੇ ਇਨ੍ਹਾਂ ਗੁਲਾਮਾਂ ਦੀ ਇਸ ਨਾ-ਬਖ਼ਸ਼ਣਯੋਗ ਹਰਕਤ ਨੂੰ ਗੁਰੂ ਨਾਨਕ ਸਾਹਿਬ ਦੇ ਆਲਮਗੀਰੀ ਫ਼ਲਸਫ਼ੇ ਅਤੇ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ ਦੀ ਸਿੱਧੀ ਤੌਹੀਨ) ਅਤੇ ਚੁਣੌਤੀ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਯੋਗ ਕਾਨੂੰਨੀ ਪੈਂਤੜਾ ਅਖਤਿਆਰ ਕਰਕੇ ਹੁਣੇ ਤੋਂ ਹੀ ਇਨ੍ਹਾਂ ਨੂੰ ਅਜੇਹੀ ਕਾਲੀ ਕਰਤੂਤ ਕਰਨ ਤੋਂ ਰੋਕਣਾ ਚਾਹੀਦਾ ਹੈ। ਕੀ ਪੰਥ-ਦਰਦੀ ਕਾਨੂੰਨੀ ਮਾਹਰ ਆਪਣਾ ਇਹ ਫਰਜ਼ ਅਦਾ ਕਰਨ ਲਈ ਅੱਗੇ ਆਉਣਗੇ ? ਸਾਰੀਆਂ ਪੰਥ-ਦਰਦੀ ਜਥੇਬੰਦੀਆਂ ਇਸ ਅਤਿ ਅਹਿਮ ਗੁਰੂ ਕਾਰਜ ਵਿਚ ਉਨ੍ਹਾਂ ਦਾ ਹਰ ਪੱਖ ਤੋਂ ਸਾਥ ਦੇਣਗੀਆਂ।
ਬਿਪਰਵਾਦੀਆਂ ਦੇ ਗੁਲਾਮ ਦਸਮ ਗ੍ਰੰਥੀਆਂ ਨੂੰ ਕੁਝ ਸਵਾਲ
ਪ੍ਰ.1) ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਤੇ ਸੁਸ਼ੋਭਤ ਕਰਨ ਸਮੇਂ ਦਸਮੇਸ਼ ਜੀ ਨੇ ਕਿਸੇ ਹੋਰ ਪੁਸਤਕ ਦੀ ਮੰਜੀ ਵੀ ਸ਼ਬਦ-ਗੁਰੂ ਦੇ ਬਰਾਬਰ ਲਗਾ ਕੇ ਮੱਥਾ ਟੇਕਿਆ ਸੀ ?
ਪ੍ਰ.2) ਕੀ ਦਸਮੇਸ਼ ਪਿਤਾ ਜੀ ਨੇ ਕਿਸੇ ਨੂੰ ਅਜਿਹਾ ਕੋਈ ਅਧਿਕਾਰ ਵੀ ਦੇ ਦਿਤਾ ਸੀ ਕਿ ਭਵਿੱਖ ਵਿਚ, ਸਮੇਂ ਦੀ ਲੋੜ ਅਨੁਸਾਰ, ਕੋਈ ਹੋਰ ਕਿਤਾਬ ਵੀ ਲਿਖਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਸ਼ਰੀਕ ਵਜੋਂ) ਪ੍ਰਕਾਸ਼ ਕੀਤੀ ਜਾ ਸਕਦੀ ਹੈ ?
ਪ੍ਰ. 3) ਕੀ ਦਸਮੇਸ਼ ਪਿਤਾ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਸਦੀਵ ਕਾਲ ਲਈ ਗੁਰਿਆਈ ਸੌਂਪਣ ਵਾਲੇ ਹੁਕਮ ਨੂੰ ਬਦਲਿਆ ਜਾ ਸਕਦਾ ਹੈ ?
- - -
ਖ਼ਾਲਸਾ ਜੀ ! ਜਾਗੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਾ-ਕਾਬਲੇ-ਬਰਦਾਸ਼ਤ ਤੌਹੀਨ ਨੂੰ ਰੋਕਣ ਲਈ ਯੋਗ, ਠੋਸ, ਅਮਲੀ ਕਦਮ ਚੁੱਕੋ!! ਸਿੱਖ ਲਈ ਅੱਵਲ ਅਤੇ ਆਖ਼ਰ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਜੀ ਹੀ ਹਨ, ਬਾਕੀ ਸਭ ਉਸਤੋਂ ਪਿਛੋਂ ਹੈ। ਸਿਰਸਾ ਵਾਲੇ ਸੌਦਾ ਸਾਧ ਨੇ ਮਈ 2007 ਵਿਚ ਆਪਣੇ ਸਲਾਬਤਪੁਰਾ (ਬਠਿੰਡਾ) ਡੇਰੇ ‘ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਵਰਗੀ ਪੁਸ਼ਾਕ ਪਹਿਨ ਕੇ, ਖੰਡੇ-ਬਾਟੇ ਦੀ ਪਾਹੁਲ ਦੀ ਤਰਜ਼ ਤੇ ‘ਜਾਮੇਂ-ਇੰਸ਼ਾਂ’ ਤਿਆਰ ਕਰ ਕੇ ‘ਸੱਤਾਂ’ ਜਣਿਆਂ ਨੂੰ ਰੂਹ-ਅਫ਼ਜ਼ਾ ਦਾ ਸ਼ਰਬਤ ਪਿਲਾਇਆ ਸੀ। ਇਸ ਕਾਲੀ ਅਤੇ ਨਾ-ਬਖ਼ਸ਼ਣਯੋਗ ਕਰਤੂਤ ਰਾਹੀਂ ਇਸ ਪਾਪੀ ਸਾਧ ਨੇ ਕਲਗੀਧਰ ਪਾਤਸ਼ਾਹ ਦੀ ਬਰਾਬਰੀ ਕਰ ਕੇ ਸਮੁੱਚੀ ਸਿੱਖ ਕੌਮ ਨੂੰ ਵੰਗਾਰਿਆ ਹੈ। ਦੂਜੇ ਪਾਸੇ ਜਿਹੜੇ ਅਖੌਤੀ ਤਖ਼ਤ, ਡੇਰੇ, ਸੰਪਰਦਾਵਾਂ, ਜੱਥੇਬੰਦੀਆਂ ਜਾਂ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਬਸਤਰ (ਰੁਮਾਲੇ), ਸਿੰਘਾਸਨ (ਮੰਜੀ) ਚਵਰ, ਛਤਰ, ਇਸ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਸ਼ਕਤੀ ਪੋਥੇ ਲਈ ਵਰਤ ਕੇ ਇਸ ਦੀ ਮੰਜੀ ਸ਼ਬਦ-ਗੁਰੂ ਦੇ ਬਰਾਬਰ ਲਗਾਈ ਬੈਠੇ ਹਨ, ਕੀ ਇਨ੍ਹਾਂ ਦਾ ਦੋਸ਼ ਸੌਦਾ ਸਾਧ ਦੇ ਦੋਸ਼ ਨਾਲੋਂ ਘੱਟ ਹੈ ? ਇਹ ਵੀ ਤਾਂ ਇਸ ਪੋਥੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਸਥਾਪਤ ਕਰੀ ਬੈਠੇ ਹਨ ਅਤੇ ਇਨ੍ਹਾਂ ਦੇ ਇਸ ਪਾਪ-ਕਰਮ ਵਿੱਚ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ, ਅਖੌਤੀ ਜਥੇਦਾਰ (ਅਸਲ ਵਿਚ ਪੁਜਾਰੀ), ਕੁਝ ਰਾਜਨੀਤਕ, ਅਤੇ ਸਮਾਜਕ ਲੀਡਰ ਵੀ ਪੂਰੀ ਤਰ੍ਹਾਂ ਸ਼ਾਮਲ ਹਨ।
ਖ਼ਾਲਸਾ ਜੀ ! ਜੇਕਰ ਤੁਸੀਂ ਤੀਜੀ ਸ਼ਤਾਬਦੀ ਦੇ ਸਬੰਧ ਵਿਚ ਹਜ਼ੂਰ ਸਾਹਿਬ ਜਾਣਾ ਹੀ ਹੈ ਤਾਂ ਇਹ ਪ੍ਰਣ ਕਰ ਕੇ ਤੁਰੋ ਕਿ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਤੌਹੀਨ ਨੂੰ ਹਰ ਕੀਮਤ ’ਤੇ ਰੋਕਣਾ ਹੈ। ਨਹੀਂ ਤਾਂ ਬਿਹਤਰ ਹੈ ਕਿ ਉਥੇ ਨਾ ਜਾਇਆ ਜਾਵੇ ਅਤੇ ਗੁਰਤਾ ਗੱਦੀ ਦੇ ਸਮਾਗਮ ਆਪੋ ਆਪਣੇ ਇਲਾਕੇ ਵਿਚ ਹੀ ਯੋਗ ਢੰਗ ਨਾਲ ਮਨਾਏ ਜਾਣ। ਦੂਜਾ ਪ੍ਰਣ ਇਹ ਕਰੀਏ ਕਿ ਜਿਥੇ ਕਿਧਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ/ਪੁਸਤਕ ਦੀ ਮੰਜੀ ਲੱਗੀ ਹੋਵੇ, ਉਸ ਜਗ੍ਹਾ ਦਾ ਹਰ ਪੱਖ ਤੋਂ, ਮੁਕੰਮਲ ਤੌਰ ਤੇ, ਉਦੋਂ ਤੱਕ ਬਾਈਕਾਟ ਕੀਤਾ ਜਾਵੇ ਜਦੋਂ ਤੱਕ ਉਸ ਜਗ੍ਹਾ ਦੇ ਪ੍ਰਬੰਧਕ ਆਪਣੇ ਇਸ ਕਾਲੇ ਕਾਰਨਾਮੇ ਦੀ ਸਮੁੱਚੀ ਮਨੁੱਖਤਾ ਤੋਂ ਲਿਖਤੀ ਰੂਪ ਵਿੱਚ ਮੁਆਫ਼ੀ ਮੰਗ ਕੇ ਅੱਗੇ ਤੋਂ ਅਜਿਹੇ ਘੋਰ ਅਪਰਾਧ ਕਰਨ ਤੋਂ ਤੋਬਾ ਨਹੀਂ ਕਰ ਲੈਂਦੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਸ਼ਤਾਬਦੀ ਮਨਾਉਣ ਦੇ ਭਰਮ ਪਾਲਣ ਦਾ ਕੋਈ ਲਾਭ ਨਹੀਂ ਹੋਣ ਵਾਲਾ। ਇਸ ਅਖੌਤੀ ਦਸਮ ਗ੍ਰੰਥ ਦੀ ਤਾਂ ਗੱਲ ਹੀ ਛੱਡੋ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਦੂਜੇ ਸਰੂਪ ਦਾ ਪਰਕਾਸ਼ ਕਰਨਾ ਵੀ ਮਨਮਤਿ ਹੈ, ਅਤੇ ਅਜਿਹੀ ਕਾਰਵਾਈ, ਗਲਤ ਸੰਕੇਤ ਦੇ ਕੇ, ਸਮੁੱਚੀ ਮਨੁੱਖਤਾ ਲਈ ਨੁਕਸਾਨਦੇਹ ਸਿੱਧ ਹੋ ਸਕਦੀ ਹੈ। ਇਸ ਅਤਿ ਨਾਜ਼ੁਕ ਸਮੇਂ ਹਰ ਇਕ ਨੇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਵਲੋਂ ਸਰਬੱਤ ਦੇ ਭਲੇ ਲਈ ਅਰੰਭ ਕੀਤੇ ਇਨਕਲਾਬ ਦੇ ਸੰਸਾਰ ਵਿਚ ਵਿਕਾਸ ਲਈ, ਆਪੋ ਆਪਣੀ ਸਮਰੱਥਾ ਅਨੁਸਾਰ ਬਣਦਾ ਯੋਗਦਾਨ ਪਾਵੇ।