

ਵੀਆਨਾ ਕਾਂਡ ਤੋਂ ਸਬਕ ਸਿੱਖਣਾ ਚਾਹੀਦਾ ਹੈ
- ਡਾ: ਬਲਬੀਰ ਸਿੰਘ, ਅੰਬਾਲਾ -
ਦੁਨੀਆ ਭਰ ਦੇ ਧਰਮਾਂ ਤੋਂ ਸਿੱਖ ਧਰਮ ਦੀ ਇਕ ਨਿਵੇਕਲੀ ਪਹਿਚਾਦ ਹੈ। ਸਿੱਖ ਧਰਮ ਦਾ ਰਹਿਣ-ਸਹਿਣ, ਰੀਤੀ-ਰਿਵਾਜ, ਜੀਵਨ ਜੀਉਣ ਦਾ ਢੰਗ ਵੀ ਸਭ ਧਰਮਾਂ ਤੋਂ ਵੱਖਰਾ ਹੈ। ਇਸੇ ਤਰ੍ਹਾਂ ਹੀ ਰੱਬ ਦੀ ਪ੍ਰਾਪਤੀ ਲਈ ਵੀ ਸਿੱਖ ਧਰਮ, ਕਰਮ-ਕਾਂਡਾਂ ਤੋਂ ਰਹਿਤ, ਨਿਰੋਲ ਸੱਚੇ ਜੀਵਨ ’ਤੇ ਅਧਾਰਿਤ ਇਕ ਵੱਖਰਾ ਰਾਹ ਦੱਸ ਰਿਹਾ ਹੈ।
ਦੂਜੇ ਧਰਮ ਜਿਥੇ ਸ਼ਖ਼ਸੀ ਪੂਜਾ, ਮੂਰਤੀ ਪੂਜ, ਕਰਮ-ਕਾਂਡ (ਵਰਤ, ਯੱਗ, ਯੋਗਾ ਆਦਿਕ) ਵਿੱਚ ਫਸੇ ਹੋਣ ਕਾਰਨ ਆਪਣੇ ਮਾਰਗ ਤੋਂ ਭਟਕੇ ਹੋਏ ਨਜ਼ਰ ਆ ਰਹੇ ਹਨ। ਉ¤ਥੇ ਸਿੱਖ ਧਰਮ ਰੱਬ ਨੂੰ ਪਾਉਣ ਲਈ ਸ਼ਬਦ ਦੇ ਰਾਹ ’ਤੇ ਚੱਲਣ ਦਾ ਉਪਦੇਸ਼ ਦੇ ਰਿਹਾ ਹੈ :
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।।
(635)
ਸਿੱਖ ਦੇਹਧਾਰੀ ਗੁਰੂਡੰਮ ਦੀ ਗ੍ਰਿਫ਼ਤ ਵਿੱਚ ਨਾ ਆਉਣ, ਇਸਲਈ 1708 ਵਿੱਚ ਜੋਤਿ-ਜੋਤਿ ਸਮਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਅਗਵਾਈ ਤੋਂ ਮੁਕਤ ਹੋ ਜਾਣ ਵਾਲੇ ਪਾਸੇ ਸੰਕੇਤ ਕਰ ਦਿੱਤਾ ਸੀ।
ਪਰੰਤੂ ਬਦਕਿਸਮਤੀ ਨਾਲ ਸਿੱਖ ਵਿਚਾਰਧਾਰਾ ਨੂੰ ਨਾ ਪ੍ਰਚਾਰਨ ਕਾਰਨ ਸਿੱਖਾਂ ਦੀ ਬਹੁਗਿਣਤੀ ਵੀ ਅੱਜ ਗਿਆਨਹੀਨਾਂ ਦੀ ਸ਼੍ਰੇਣੀ ਵਿੱਚ ਖੜੀ ਹੈ, ਜੋ ਜੀਵਨ ਨੂੰ ਸੁਖੀ ਬਣਾਉਣ ਲਈ, ਮਨ ਮੰਗੀਆਂ ਮੁਰਾਦਾਂ ਪਾਉਣ ਲਈ ਦੇਹਧਾਰੀਆਂ ਨੂੰ ਰੱਬ ਸਮਝ ਕੇ ਪੂਜ ਰਹੇ ਹਨ। ਪਰੰਤੂ ਉਹ ਲੋਕ ਆਮ ਲੋਕਾਂ ਨਾਲੋਂ ਵੀ ਜ਼ਿਆਦਾ ਦੁਖੀ ਨਜ਼ਰ ਆ ਰਹੇ ਹਨ।
ਪਿਛਲੇ ਦਿਨੀਂ ਵਿਆਨਾ ਕਾਂਡ ਦੇ ਬਾਅਦ ਪੰਜਾਬ ਵਿੱਚ ਹੋਏ ਹਿੰਸਕ ਹਮਲਿਆਂ ਨੇ ਇਕ ਪ੍ਰਸ਼ਨ-ਚਿੰਨ੍ਹ ਲਗਾ ਦਿੱਤਾ ਹੈ ਕਿ ਇਹ ਸਭ ਕਿਉਂ ਹੋਇਆ? ਜੋ ਤੱਥ ਸਾਹਮਣੇ ਆਏ, ਉਹ ਸਿੱਖ ਧਰਮ ਨੂੰ ਪ੍ਰਚਾਰਨ ਲਈ ਜ਼ਿੰਮੇਵਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਨਾ ਸਿਰਫ਼ ਇਕ ਧਾਰਮਕ ਗ੍ਰੰਥ ਹੈ ਬਲਕਿ ਇਸ ਨੂੰ ‘ਗੁਰੂ’ ਦਾ ਦਰਜਾ ਪ੍ਰਾਪਤ ਹੈ। (ਭਾਰਤੀ ਸੁਪਰੀਮ ਕੋਰਟ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ ਸਟੇਟਸ ਨੂੰ ਕਬੂਲ ਕਰਕੇ, ਇਨ੍ਹਾਂ ਦੇ ਨਾਮ ’ਤੇ ਜਾਇਦਾਦ ਖਰੀਦਣ-ਵੇਚਣ ਆਦਿਕ ਦੀ ਇਜਾਜ਼ਤ ਦਿੱਤੀ ਹੋਈ ਹੈ)। ਕੋਈ ਵੀ ਸੱਚਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਸੇ ਦੁਨਿਆਵੀ ਜੀਵ ਨੂੰ ਦਿੱਤਾ ਬੇਲੋੜਾ ਸਨਮਾਨ, ਆਪਣੇ ਗੁਰੂ ਦੀ ਤੌਹੀਨ ਸਮਝਦਾ ਹੈ ਅਤੇ ਇਸ ਨੂੰ ਸਹਿਣ ਨਹੀਂ ਕਰ ਸਕਦਾ। ਵੀਆਨਾ ਵਿੱਚ ਹੋਇਆ ਕਾਂਡ ਵੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦਾ ਹੀ ਨਤੀਜਾ ਸੀ।
ਇਕ ਸੰਪਰਦਾਇ ਦੇ ਮੁਖੀ ਰਾਹੀਂ ਸਿੱਖ ਗੁਰੂ ਦੀ ਕੀਤੀ ਨਕਲ ਨੇ ਪਹਿਲਾਂ ਹੀ ਸਿੱਖ ਹਿਰਦਿਆਂ ਨੂੰ ਜ਼ਖ਼ਮੀ ਕੀਤਾ ਹੈ। ਉਸ ਤੋਂ ਬਾਅਦ ਵੀਆਨਾ ਕਾਂਡ ਨੇ ਪੰਜਾਬ ਵਿੱਚ ਅਸ਼ਾਂਤੀ ਦਾ ਮਾਹੌਲ ਸਿਰਜਿਆ। ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਇਹ ਹਾਲਾਤ ਦੋ ਧਿਰਾਂ ਵਿਚ ਬੇਸ਼ੁਮਾਰ ਨਫ਼ਰਤ ਫੈਲਾਉਣ ਦਾ ਕਾਰਨ ਵੀ ਬਣੇ।
ਨੂਰ ਦੇ ਮਹਿਲ ਵਿੱਚ ਬੈਠ ਕੇ ਇਕ ਹੋਰ ਪਰਮੇਸ਼ਵਰ ਨੂੰ ਮਿਲਾਉਣ ਵਾਲਾ ‘ਮਹਾਂਪੁਰਖ’ ਗੁਰਬਾਣੀ ਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਕੇ ਅਨੇਕਾਂ ਅਗਿਆਨੀਆਂ ਨੂੰ ਆਪਣੇ ਅਨੁਯਾਯੀ ਬਣਾਈ ਫਿਰਦਾ ਹੈ। ਅਤੇ ਭਨਿਆਰੇ ਵਾਲੇ ਇਕ ‘ਪਿਆਰੇ’ ਨੇ ਗੁਰੂ ਗ੍ਰੰਥ ਸਾਹਿਬ ਦੀ ਤਰਜ਼ ’ਤੇ ਆਪਣਾ ਗ੍ਰੰਥ ਰਚ ਕੇ ਸਿੱਖਾਂ ਨੂੰ ਵੰਗਾਰ ਦਿੱਤੀ ਹੈ।
ਉ¤ਧਰ ਬਿਆਸ ਵਾਲਿਆਂ ਨੇ ਗੁਰਬਾਣੀ ਦਾ ਸਹਾਰਾ ਲੈ ਕੇ ਸਿੱਖਾਂ ਦੀ ਬਹੁਗਿਤੀ ਨੂੰ ਆਪਣਾ ਕਲਾਵੇ ਵਿੱਚ ਲੈ ਲਿਆ ਅਤੇ ਸਿੱਖ, ਸ਼ਬਦ ਗੁਰੂ ਦੀ ਸਿੱਖਿਆ ਨੂੰ ਭੁਲਾ ਕੇ, ਦੇਹਧਾਰੀਆਂ ਦੇ ਪਿੱਛੇ ਭਟਕ ਕੇ ਆਪਣਾ ਲੋਕ ਪਰਲੋਕ ਗੁਆ ਰਹੇ ਹਨ:
ਗੁਰੂ ਜਿਨਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ।।
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 951)
ਹੁਣ ਗੱਲ ਕਰੀਏ ਉਨ੍ਹਾਂ ਸਿੱਖਾਂ ਦੀ, ਜਿਨ੍ਹਾਂ ਨੂੰ ਆਪਣਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਮਝੀ ਬੈਠੇ ਹਾਂ। ਇਨ੍ਹਾਂ ਵਿੱਚੋਂ ਨਾਂ-ਮਾਤਰ ਹੀ ਹਨ, ਜਿਨ੍ਹਾਂ ਨੇ ਸਹੀ ਮਾਅਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਹੈ ਅਤੇ ਇਸ ਗੁਰਵਾਕ ’ਤੇ ਉਹ ਖਰੇ ਉਤਰ ਰਹੇ ਹਨ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।।
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।।
(ਗੁਰੂ ਗ੍ਰੰਥ ਸਾਹਿਬ, ਪੰਨਾ 669)
ਸਿੱਖਾਂ ਦੀ ਬਹੁਗਿਣਤੀ ਉਹ ਹੈ, ਜੋ ਗੁਰਬਾਣੀ ਨੂੰ ਨਾ ਤਾਂ ਪੜ੍ਹਦੇ ਹਨ, ਨਾ ਹੀ ਸੁਣਦੇ ਹਨ - ਫਿਰ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਜੀਵਨ ਜੀਉਣ ਦੀ ਤਾਂ ਉਨ੍ਹਾਂ ਤੋਂ ਉਮੀਦ ਹੀ ਨਹੀਂ ਰੱਖੀ ਜਾ ਸਕਦੀ। ਇਹ ਉਹ ਸਿੱਖ ਹਨ ਜਿਨ੍ਹਾਂ ਨੇ ਕੇਵਲ ਮੱਥਾ ਟੇਕ ਕੇ ਹੀ ਸਭ ਕੁਝ ਪ੍ਰਾਪਤ ਕਰਨਾ ਸਮਝ ਲਿਆ ਹੈ। ਮੱਥਾ ਟੇਕਣ ਦੇ ਭਾਂਤ-ਭਾਂਤ ਦੇ ਤਰੀਕੇ ਗੁਰਦੁਆਰਿਆਂ ਵਿੱਚ ਵੇਖੇ ਜਾ ਸਕਦੇ ਹਨ।
ਅਜੋਕੇ ਸਿੱਖ ਨਿਸ਼ਾਨ ਸਾਹਿਬ ਨੂੰ ਕੇਵਲ ਮੱਥਾ ਹੀ ਨਹੀਂ ਟੇਕਦੇ, ਉਸਦੀ ਪਰਕ੍ਰਮਾ ਵੀ ਜ਼ਰੂਰ ਕਰਦੇ ਹਨ। ਬਹੁਤੇ ਤਾਂ ਨਿਸ਼ਾਨ ਸਾਹਿਬ ਦਾ ਏਨਾ ਸਤਿਕਾਰ ਕਰਦੇ ਹਨ ਕਿ ਇਸਦੇ ਥੜੇ ਨੂੰ ਜਲ ਅਤੇ ਦੁੱਧ ਨਾਲ ਨੁਹਾਉਂਦੇ ਹਨ। ਜੋੜੇ ਝਾੜਣੇ, ਜਿਸ ਜਲ ’ਚ ਸੰਗਤ ਪੈਰ ਧੋ ਕੇ ਲੰਘੀ ਹੈ, ਉਸ ’ਚੋਂ ਚੂਲਾ ਲੈ ਕੇ ਛਕਣਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਉਪਰੰਤ ਪਰਕ੍ਰਮਾ ਕਰਨੀ, ਪੀੜ੍ਹਾ ਸਾਹਿਬ ਦੀਆਂ ਮੁੱਠੀਆਂ ਭਰਨੀਆਂ, ਫੇਰ ਸੁੱਖਆਸਨ ਵਾਲੇ ਸਥਾਨ ’ਤੇ ਮੱਥਾ ਟੇਕਣਾ - ਇਹ ਸਭ ਕੁਝ ਅਜਿਹੇ ਸਿੱਖਾਂ ਦੀ ਸ਼ਰਧਾ ਵਿੱਚ ਸ਼ਾਮਲ ਹੈ।
ਗੁਰਦੁਆਰਾ ਸਾਹਿਬ ਦੀ ਡਿਓਢੀ ਵਿੱਚ ਰੋਜ਼ਾਨਾ ਮੁਖਵਾਕ ਅਤੇ ਹਰਿਮੰਦਰ ਸਾਹਿਬ ਦਾ ਮੁਖਵਾਕ ਦਾ ਬੋਰਡ ਲੱਗਿਆ ਹੋਇਆ ਹੈ ਪਰ ਕੁਝ ਕੁ ਗਿਣਤੀ ਦੇ ਸਿੱਖਾਂ ਨੂੰ ਛੱਡ ਕੇ ਬਹੁਤਿਆਂ ਨੂੰ ਇਨ੍ਹਾਂ ਬੋਰਡਾਂ ਨਾਲ ਕੋਈ ਵਾਸਤਾ ਨਹੀਂ ਅਤੇ ਉਹ ਨਾ ਹੀ ਗੁਰਦੁਆਰੇ ਵਿੱਚ ਬੈਠ ਕੇ ਹੁਕਮਨਾਮਾ ਸੁਣ ਰਹੇ ਹੁੰਦੇ ਹਨ। ਅਜਿਹੇ ਸਿੱਖਾਂ ਵੱਲੋਂ ਅਰਦਾਸ ਉਪਰੰਤ ਇਹ ਦੋਹਰਾ ਪੜ੍ਹਨਾ ਕਿ :
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹੁ।।
ਇਕ ਢੋਂਗ ਹੀ ਜਾਪਦਾ ਹੈ।
ਪਰ ਜੀਵਨ ਵਿੱਚ ਦੁਨਿਆਵੀ ਸੁੱਖਾਂ ਅਤੇ ਪਦਾਰਥਾਂ ਦੀ ਲੋੜ ਤਾਂ ਅਜਿਹੇ ਪੁਰਸ਼ਾਂ ਨੂੰ ਵੀ ਹੈ। ਅਤੇ ਦੂਜਿਆਂ ਕੋਲੋਂ ਸੁਣੇ-ਸੁਣਾਏ ਲਫ਼ਜ਼ ‘ਰੱਬ’ ਨੂੰ ਪਾ ਕੇ ਅਜਿਹੇ ਦੁਨਿਆਵੀ ਸੁੱਖ ਪਾਉਣ ਦੀ ਲਾਲਸਾ ਵੀ ਸਰਗਰਮ ਰਹਿੰਦੀ ਹੈ। ਉਨ੍ਹਾਂ ਦੀ ਬੱਸ ਇਹੀ ਕਮਜ਼ੋਰੀ ਉਨ੍ਹਾਂ ਨੂੰ ਦੇਹਧਾਰੀਆਂ ਦੇ ਦੁਆਰਿਆਂ ’ਤੇ ਲੈ ਜਾਂਦੀ ਹੈ ਜਿਥੇ ਰਾਤੋ-ਰਾਤ ਰੱਬ ਨੂੰ ਮਿਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਗੁਰਮਤਿ ਮਾਰਗ ਤੋਂ ਥਿੜਕੇ ਸਿੱਖ, ਅਜੋਕੇ ਸੰਤਾਂ ਦੇ ਢਹੇ ਚੜ੍ਹ ਕੇ ਆਪਣਾ ਤਨ, ਮਨ, ਧਨ ਅਜਾਂਈਂ ਗੁਆ ਰਹੇ ਹਨ। ਕਿਉਂਕਿ ਅਜਿਹੇ ਅਖੌਤੀ ਸੰਤ ਆਪਣੇ ਚਾਟੜਿਆਂ ਰਾਹੀਂ ਅਜਿਹੇ ਗੁਰਮਤਿ ਤੋਂ ਅਨਜਾਣ ਸਿੱਖਾਂ ਨੂੰ ਕਈ ਪ੍ਰਕਾਰ ਦੇ ਸਬਜ਼ ਬਾਗ ਦਿਖਾ ਕੇ ਉਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਤੇ ਗੁਲਛੱਰੇ ਉਡਾ ਰਹੇ ਹਨ।
ਖ਼ੁਦ ਰੱਬ ਜਾਂ ਘੱਟੋ-ਘੱਟ ਰੱਬ ਦੇ ਏਜੰਟ ਹੋਣ ਦਾ ਦਾਅਵਾ ਕਰਨ ਵਾਲੇ ਇਹ ਅਖੌਤੀ ਸਾਧ-ਸੰਤ ਆਪਣੇ ਡੇਰਿਆਂ ’ਤੇ ਹਰ ਤਰ੍ਹਾਂ ਦੀਆਂ ਮਨਮਤਾਂ ਕਰਦੇ ਹਨ। ਸੰਖੇਪ ਵਿੱਚ ਕਹਿਣਾ ਹੋਵੇ ਤਾਂ ਇਨ੍ਹਾਂ ਧਾਰਮਕ ਸਥਾਨਾਂ ’ਤੇ ਉਹ ਸਭ ਕੁਝ ਹੁੰਦਾ ਹੈ, ਜੋ ਗੁਰਮਤਿ ਸਿੱਖ ਨੂੰ ਕਰਨ ਤੋਂ ਰੋਕਦੀ ਹੈ। ਮਸਲਨ, ਸਾਰੇ ਕਰਮ-ਕਾਂਡ, ਚੰਗੇ-ਮਾੜੇ ਦਿਨਾਂ ਦੀ ਵਿਚਾਰ, ਜਾਤ-ਪਾਤ ਦੀ ਵਿਚਾਰ, ਗੁਰੂ ਗ੍ਰੰਥ ਸਾਹਿਬ ਦੀ ਸ਼ਖ਼ਸੀ ਪੂਜਾ ਜਿਸ ਵਿੱਚ ਆਰਤੀ ਉਤਾਰਨਾ, ਭੋਗ ਲਗਾਉਣਾ ਆਦਿ ਸ਼ਾਮਲ ਹੈ; ਕੁੰਡਲੀਆਂ ਵੇਖਣਾ, ਮਹੂਰਤ ਕੱਢਣੇ, ਪੁੱਛਾਂ ਦੇਣੀਆਂ, ਗੁਰਬਾਣੀ ਦਾ ਮੰਤਰਾਂ ਵਾਂਗ ਜਾਪ ਕਰਵਾਉਣਾ ਆਦਿਕ ਸਭ ਕੁਝ ਹੀ ਤਾਂ ਹੁੰਦਾ ਹੈ।
ਬਹੁਤੇ ਡੇਰਿਆਂ ਦੇ ਡੇਰੇਦਾਰ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਸ਼੍ਰੋਮਣੀ ਸਮਝਦੇ ਹਨ ਅਤੇ ਗੁਰੂਆਂ ਦੀ ਵੀ ਬਰਾਬਰੀ ਕਰਦੇ ਹਨ। ਸੌਦੇ ਵਾਲਾ ਤਾਂ ਸ਼ਾਇਦ ਇਕ ਵਾਰੀ ਹੀ ਗੁਰੂ ਦੀ ਤੌਹੀਨ ਕਰਕੇ ਸਾਰੇ ਸਿੱਖਾਂ ਦੇ ਵਿਰੋਧ ਦਾ ਸ਼ਿਕਾਰ ਬਣ ਗਿਆ ਸੀ। ਪਰ ਇਹ ਸਾਧ-ਸੰਤ ਤਾਂ ਅਜਿਹੀਆਂ ਹਿਮਾਕਤਾਂ ਰੋਜ਼ ਹੀ ਕਰਦੇ ਹਨ। ਪੂਰੇ ਸਿੱਖ ਪੰਥ ਦੀ ਪਰਵਾਹ ਨਾ ਕਰਦੇ ਹੋਏ, ਇਹ ਨਕਲੀ ਹਰਿਮੰਦਰ ਬਣਾ ਸਕਦੇ ਹਨ। ਮੀਰੀ-ਪੀਰੀ ਦੀਆਂ ਤਲਵਾਰਾਂ ਰੱਖ ਕੇ ਛੇਵੇਂ ਗੁਰੂ ਜੀ ਬਣ ਸਕਦੇ ਹਨ, ਆਪਣੇ ਸਰੀਰ ਉ¤ਤੇ ਰੁਮਾਲੇ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰ ਸਕਦੇ ਹਨ। ਅਜਿਹੇ ਸ਼ਿਕਾਰੀ, ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਲਾਭ ਚੁੱਕ ਕੇ ਉਨ੍ਹਾਂ ਦੀਆਂ ਧੀਆਂਭੈਣਾਂ ਦੀਆਂ ਅਸਮਤਾਂ ਨੂੰ ਲੁੱਟ ਰਹੇ ਹਨ। ਪਰ ਸਿੱਖ ਹਨ ਕਿ ਅੱਖਾਂ ’ਤੇ ਸ਼ਰਧਾ ਦੀ ਪੱਟੀ ਬੰਨ੍ਹ ਕੇ ਸਭ ਕੁਝ ਸਹਿ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਹਾਲਾਂ ਤੱਕ ਆਪਣੇ ਆਪ
ਨੂੰ ਸ਼ਖ਼ਸੀ ਪੂਜਾ ਦੇ ਚੰਗੁਲ ’ਚੋਂ ਨਿਕਲਣ ਦੀ ਸਮਝ ਨਹੀਂ ਆਈ। ਕਿਉਂਕਿ ਬਹੁਤ ਹੀ ਘੱਟ ਸਿੱਖਾਂ ਨੇ
ਸਿੱਖੀ ਨੂੰ ਸਮਰਪਿਤ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਵਿਸ਼ੇ ਉ¤ਤੇ ਪੜ੍ਹੇ-ਲਿਖੇ ਅਤੇ ਅਨਪੜ੍ਹ
ਸਿੱਖਾਂ ਦਾ ਕਿਰਦਾਰ ਇਕੋ ਜਿਹਾ ਸਾਬਿਤ ਹੁੰਦਾ ਹੈ। ਸਿੱਖਾਂ ਦੀ ਇਸੇ ਕਮਜ਼ੋਰੀ ਨੇ ਹੀ ਡੇਰੇਦਾਰੀ
ਨੂੰ ਵਧਣ-ਫੁੱਲਣ ਵਿੱਚ ਖੂਬ ਮਦਦ ਕੀਤੀ ਹੈ।
ਸਿੱਖ ਪੰਥ ਨੂੰ ਕਿਸ ਤਰ੍ਹਾਂ ਡੇਰਾਵਾਦ ਨਾਮੀ ਇਸ ਦਲਦਲ ਵਿੱਚੋਂ ਕਢਿਆ ਜਾਵੇ, ਪ੍ਰਚਾਰਕ ਸੰਸਥਾਵਾਂ,
ਪ੍ਰਚਾਰਕਾਂ, ਬੁੱਧੀਜੀਵੀਆਂ ਅਤੇ ਹਰੇਕ ਉਸ ਪੰਥ-ਦਰਦੀ ਲਈ, ਜੋ ਸਿੱਖ ਧਰਮ ਨੂੰ ਗੁਰਮਤਿ ਦੀ ਗਾਡੀ
ਰਾਹ ’ਤੇ ਦੇਖਣਾ ਚਾਹੁੰਦਾ ਹੈ, ਲਈ ਇਕ ਵੱਡੀ ਚੁਣੌਤੀ ਹੈ। ਅਤੇ ਇਹ ਸਾਰੇ ਹੀ ਤਨਦੇਹੀ ਨਾਲ ਇਸ
ਪਾਸੇ ਜਤਨਸ਼ੀਲ ਵੀ ਹਨ। ਚੰਗੇ ਭਾਗਾਂ ਨਾਲ ਕੁਝੇਕ ਮੈਗਜ਼ੀਨਾਂ ਆਪਣੀਆਂ ਲਿਖਤਾਂ ਰਾਹੀਂ ਸਿੱਖਾਂ ਨੂੰ
ਸਮਝਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਪਰ ਹੁਣ ਤੱਕ ਇਸ ਪਾਸੇ ਮਿਲੇ ਹੋਏ ਨਤੀਜੇ ਨਾਂ ਦੇ ਬਰਾਬਰ
ਹੀ ਹਨ।
ਅਜਿਹਾ ਵੀ ਨਹੀਂ ਕਿ ਸਿੱਖ ਬਿਲਕੁਲ ਹੀ ਸਿੱਖਿਅਤ ਨਹੀਂ ਹੋ ਰਹੇ। ਪਰ ਸਮੱਸਿਆ ਇਹ ਹੈ ਕਿ ਡੇਰੇਦਾਰਾਂ ਕੋਲ ਬੇਸ਼ੁਮਾਰ ਉਹ ਧਨ ਅਤੇ ਹੋਰ ਸੰਸਾਧਨ ਹਨ, ਜੋ ਸਿੱਖ ਕੌਮ ਨੂੰ ਢਾਹ ਲਗਾ ਕੇ ਕਮਾਏ ਗਏ ਹਨ। ਦੂਜੇ ਪਾਸੇ, ਸਿੱਖ ਧਰਮ ਨੂੰ ਪ੍ਰਚਾਰਨ ਵਾਲਿਆਂ ਦੇ ਸਾਧਨ ਬਹੁਤ ਹੀ ਸੀਮਤ ਹਨ। ਬਲਕਿ ਬਹੁਤੇ ਤਾਂ ਇਨ੍ਹਾਂ ’ਚੋਂ ਨਿਸ਼ਕਾਮ ਸੇਵਕ ਹੀ ਹਨ। ਇਸਲਈ ਬਿਮਾਰੀ ਦੇ ਮੁਕਾਬਲੇ ਇਲਾਜ ‘‘ਊਠ ਦੇ ਮੂੰਹ ਵਿੱਚ ਜ਼ੀਰਾ’’ ਹੀ ਸਾਬਿਤ ਹੋ ਰਿਹਾ ਹੈ।
ਬਦਕਿਸਮਤੀ, ਸਿੱਖੀ ਨੂੰ ਪ੍ਰਚਾਰਨ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਰਾਵਾਦ ਨੂੰ ਠੱਲ ਪਾਉਣ ਵਿੱਚ ਅਸਫਲ ਰਹੇ ਹਨ। ਅਸਲ ਵਿੱਚ ਡੇਰਾਵਾਦ ਦੀ ਜਨਮਦਾਤੀ ਇਹ ਕਮੇਟੀ ਹੀ ਤਾਂ ਹੈ। ਇਨ੍ਹਾਂ ਕਮੇਟੀਆਂ ਕੋਲ ਗੋਲਕਾਂ ਰਾਹੀਂ ਜਮਾਂ ਕੀਤੀ ਮਾਇਆ ਦਾ ਬਹੁਤਾ ਹਿੱਸਾ ਭ੍ਰਿਸ਼ਟ ਪ੍ਰਬੰਧਕਾਂ ਦੀਆਂ ਗੋਗੜਾਂ ਭਰਨ, ਉਨ੍ਹਾਂ ਦੇ ਚਾਪਲੂਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਦਾ ਕਰਨ ਅਤੇ ਸਿਆਸੀ ਹੁਕਮਰਾਨਾਂ ਦੀਆਂ ਖੁਸ਼ੀਆਂ ਹਾਸਲ ਕਰਨ ਵਿੱਚ ਹੀ ਖ਼ਰਚ ਹੋ ਜਾਂਦਾ ਹੈ। ਉ¤ਤੋਂ ਵੋਟ ਦੀ ਰਾਜਨੀਤਿ ਉਨ੍ਹਾਂ ਦੀ ਨੀਂਦ ਹਰਾਮ ਕਰ ਦਿੰਦੀ ਹੈ। ਫਿਰ ਵਿਚਾਰੇ ਸਿੱਖ ਧਰਮ ਦੀ ਭਲਾਈ ਬਾਰੇ ਸੋਚਣ ਲਈ ਉਨ੍ਹਾਂ ਨੂੰ ਵਿਹਲ ਕਿੱਥੇ ਹੈ?
ਸੋ ਸਿੱਖ ਧਰਮ ਨੂੰ ਜੋਕ ਵਾਂਗ ਚਿੰਬੜੇ ਇਸ ਡੇਰਾਵਾਦ ਤੋਂ ਨਿਜਾਤ ਦਿਵਾਉਣ ਲਈ ਨਿਸ਼ਕਾਮ ਪ੍ਰਚਾਰਕ ਅਤੇ ਪ੍ਰਚਾਰਕ ਸੰਸਥਾਵਾਂ ਹੀ ਆਪਣਾ ਭਰਪੂਰ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਸਫਲ ਬਣਾਉਣ ਤਾਂ ਜੋ ਸਿੱਖ ਧਰਮ ਨੂੰ ਠੀਕ ਲੀਹ ’ਤੇ ਪਾਇਆ ਜਾ ਸਕੇ।