Subscription About Us Contact Us


ਕੌਮੀ ਹੱਕਾਂ ਲਈ ਸੰਘਰਸ਼ ਕਰਨਾ ਤਾਂ ਠੀਕ ਹੈ ਪਰ ਮਿਲੇ ਹੋਏ ਹੱਕਾਂ ਦਾ ਲਾਭ ਲੈਣ ਦੇ ਕਾਬਿਲ ਬਣਨ ਵੱਲ ਵੀ ਤਾਂ ਧਿਆਨ ਦੇਣਾ ਚਾਹੀਦਾ ਹੈ

- ਸਰਬਜੀਤ ਸਿੰਘ -

ਸਿੱਖਾਂ ਦੀ ਇਕ ਵੱਡੀ ਸਮੱਸਿਆ ਹੈ ਕਿ ਇਹ ਕੌਮ ਵੱਖ-ਵੱਖ ਮੁੱਦਿਆਂ ’ਤੇ ਜਜ਼ਬਾਤੀ ਹੋ ਕੇ ਅੰਦੋਲਨ/ਮੁਹਿੰਮਾਂ ਤਾਂ ਉਲੀਕ ਲੈਂਦੀ ਹੈ, ਇਨ੍ਹਾਂ ਮੁਹਿੰਮਾਂ ਦੇ ਸਫਲ ਹੋਣ ਵਾਸਤੇ ਬੇਅੰਤ ਕੁਰਬਾਨੀਆਂ ਵੀ ਦਿੰਦੀ ਹੈ ਪਰ ਸਫਲ ਹੋਣ ਵਾਲੇ ਅੰਦੋਲਨਾਂ ਤੋਂ ਮਿਲੇ ਨਤੀਜਿਆਂ ਨੂੰ ਆਪਣੇ ਲਾਭ ਵਾਸਤੇ ਵਰਤਣ ਦੀ ਕੋਈ ਯੋਜਨਾ ਨਹੀਂ ਬਣਾਉਂਦੀ। ਸਿੱਖਾਂ ਦਾ ਲਗਭਗ ਸਾਰਾ ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ।

ਮਿਸਲਾਂ ’ਚ ਵੰਡੇ ਸਿੱਖਾਂ ਨੇ ਰਣਜੀਤ ਸਿੰਘ ਦੀ ਅਗਵਾਈ ਵਿੱਚ ‘ਖ਼ਾਲਸਾ ਰਾਜ’ ਤਾਂ ਸਥਾਪਿਤ ਕਰ ਲਿਆ, ਪਰ ਇਸ ਰਾਜ ਨੂੰ ਸਿੱਖੀ ਪ੍ਰਚਾਰ ਵਾਸਤੇ ਵਰਤਣ ਦੀ ਬਜਾਏ ਅਫਗਾਨਾਂ / ਮੁਗਲਾਂ ਨਾਲ ਬੇਲੋੜੇ ਸੰਘਰਸ਼ ਵਿੱਚ ਹੀ ਜ਼ਾਇਆ ਕਰ ਲਿਆ। ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਕੁਝ ਗੁਰਦੁਆਰਿਆਂ ਦੀ ਮਾਇਕ ਸਹਾਇਤਾ ਵਾਸਤੇ ਉਨ੍ਹਾਂ ਦੇ ਨਾਂ ਜਗੀਰਾਂ ਤਾਂ ਲਗਾਈਆਂ ਗਈਆਂ, ਪਰ ਇਹੀ ਨੀਤੀ ਕਈ ਮੰਦਰਾਂ ਪ੍ਰਤੀ ਵੀ ਅਪਣਾਈ ਗਈ। ਮਹਾਰਾਜੇ ਦੇ ਸਮੇਂ ਹੀ ਸਿੱਖ ਗੁਰਦੁਆਰਿਆਂ ਵਿੱਚ ਉਦਾਸੀ ਸੰਪਰਦਾਅ ਦੇ ਮਹੰਤਾਂ ਕਾਬਿਜ਼ ਹੋ ਗਏ, ਪਰ ਖ਼ਾਲਸਾ ਰਾਜ ਦੇ ਬਾਵਜੂਦ ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚੋਂ ਖਦੇੜ ਕੇ, ਗੁਰੂ ਘਰਾਂ ‘ਚ ਪ੍ਰਚਲਿਤ ਹੋ ਰਹੀਆਂ ਬ੍ਰਾਹਮਣਵਾਦੀ ਮਨਮਤਾਂ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕਿਆ ਗਿਆ।

ਅਖੀਰ, 20ਵੀਂ ਸਦੀ ਦੇ ਅਰੰਭ ਵਿੱਚ ਸਿੰਘ ਸਭਾ ਲਹਿਰ ਨੂੰ ਸਫ਼ਲਤਾ ਮਿਲਣ ਨਾਲ ਜਦ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਇਆ ਗਿਆ ਤਾਂ ਵੀ ਗੁਰਦੁਆਰਿਆਂ ਵਿੱਚ ਨਾਨਕਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਾ ਕੋਈ ਸਿਸਟਮ ਕਾਇਮ ਨਹੀਂ ਕੀਤਾ ਗਿਆ (ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਾਪਿਤ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤਾਂ ਉਥੋਂ ਚੁੱਕ ਦਿੱਤੀਆਂ ਗਈਆਂ ਪਰ ਇਨ੍ਹਾਂ ਮੂਰਤੀਆਂ ਦੀ ਹੋਂਦ ਖ਼ਤਮ ਨਹੀਂ ਕੀਤੀ ਗਈ। ਨਤੀਜਤਨ, ਸਥਾਨਕ ਗੰਗੂਆਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਮਾਡਲ ਨਾਲ ਮਿਲਦਾ-ਜੁਲਦਾ ‘ਦੁਰਗਿਆਨਾ ਮੰਦਰ’ ਤਿਆਰ ਕਰਕੇ ਇਹ ਮੂਰਤੀਆਂ ਉ¤ਥੇ ਸਥਾਪਿਤ ਕਰ ਦਿੱਤੀਆਂ)। ਅੱਜ ਹਾਲਾਤ ਇਹ ਹਨ ਕਿ ਗੁਰਦੁਆਰੇ ਵੀ ਹਿੰਦੂ ਮੰਦਰਾਂ ਦਾ ਇਕ ਬਦਲਿਆ ਹੋਇਆ ਰੂਪ ਬਣ ਗਏ ਹਨ, ਜਿਥੇ ਹੋਰ ਕੋਈ ਵੀ ਗੱਲ ਹੋ ਸਕਦੀ ਹੈ ਪਰ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ / ਸਿੱਖ ਫਲਸਫ਼ੇ ਬਾਰੇ ਖੁੱਲੀਆਂ ਵਿਚਾਰਾਂ ਕਰਨ ਦੀ ਇਜਾਜ਼ਤ ਨਹੀਂ ਮਿਲਦੀ। ਸਥਾਨਕ ਸਿੰਘ ਸਭਾਵਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਵਿੱਚ ਭ੍ਰਿਸ਼ਟਾਚਾਰ ਏਨਾ ਜ਼ਿਆਦਾ ਫੈਲ ਚੁੱਕਾ ਹੈ ਕਿ ਜੇਕਰ ਉਸਦੀ ਸਮੁੱਚੀ ਤੇ ਸਟੀਕ ਜਾਣਕਾਰੀ ਸੰਗਤਾਂ ਮੁਹਰੇ ਪੇਸ਼ ਕਰ ਦਿੱਤੀ ਜਾਏ ਤਾਂ ਬਹੁਤੇ ਸਿੱਖਾਂ ਦਾ ਆਪਣੇ ਧਰਮ ਤੋਂ ਹੀ ਵਿਸ਼ਵਾਸ ਉਠ ਜਾਏਗਾ। ਇਸ ਤਰ੍ਹਾਂ, ਗੁਰਦੁਆਰਿਆਂ ਨੂੰ ‘ਅਜ਼ਾਦ’ ਕਰਨ ਦੀ ਮੁਹਿੰਮ ਦੀ ਸਫਲਤਾ ਵੀ ਸਿੱਖਾਂ ਦੇ ਕਿਸੇ ਕੰਮ ਨਾ ਆਈ ਅਤੇ ਅੱਜ ਅਰਧ-ਸਰਕਾਰੀ ਕਿਸਮ ਦੇ ਮਹੰਤ ਗੁਰਦੁਆਰਾ ਕਮੇਟੀਆਂ ਦੇ ਰੂਪ ਵਿੱਚ ਸਿੱਖਾਂ ਦੇ ਸੰਸਾਧਨਾਂ ਨੂੰ ਸਿੱਖਾਂ ਦੇ ਹੀ ਖਿਲਾਫ਼ ਵਰਤ ਰਹੇ ਹਨ।

ਪੰਜਾਬ ਦੇ ਸਿੱਖਾਂ ਨੂੰ ਇਥੋਂ ਦੇ ਸਿੱਖਾਂ ਦੇ ਲਾਭ ਹਿੱਤ ‘ਪੰਜਾਬੀ ਸੂਬਾ’ ਸਥਾਪਿਤ ਕਰਨ ਲਈ ਮੁਹਿੰਮ ਅਰੰਭੀ ਗਈ, ਜਿਸ ਵਿੱਚ ਸਿੱਖਾਂ ਨੂੰ ਬੇਅੰਤ ਸਰਕਾਰੀ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ। ਪਰ ਇਹ ਮੁਹਿੰਮ ਚਲਾ ਕੇ ਸਿੱਖਾਂ ਨੇ ਭਾਰਤ-ਪਾਕ ਵੰਡ ਉਪਰੰਤ ਬਚੇ ਅੱਧੇ ਕੁ ਪੰਜਾਬ ਦੇ ਵੀ ਅੱਗੋਂ ਚਾਰ ਟੋਟੇ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਕਰਵਾ ਲਏ। ਇਸ ਮੁਹਿੰਮ ਉਪਰੰਤ ਮਿਲੀ ‘ਸੂਬੀ’ ਵਿੱਚ ਵੀ ਸਿੱਖਾਂ ਦੀ ਭਲਾਈ ਲਈ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ ਗਿਆ। ਬਲਕਿ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ 13 ਸਿੱਖਾਂ ਦੇ ਕਤਲੇਆਮ ਉਪਰੰਤ ਪੰਜਾਬੀ ਹਿੰਦੂਆਂ ਵੱਲੋਂ ਬਾਰ-ਬਾਰ ਸਿੱਖਾਂ ਨੂੰ ਜ਼ਲੀਲ ਕਰਨ ਦੀਆਂ ਘਟਨਾਵਾਂ; ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਵੁੱਡ ਰੋਜ਼ ਆਦਿਕ ਨਾਲ ਬਾਰ-ਬਾਰ ਦਰਬਾਰ ਸਾਹਿਬ ਕੰਪਲੈਕਸ ਦੀ ਭਾਰੀ ਬੇਅਦਬੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਲਗਭਗ 2 ਲੱਖ ਨਿਰਦੋਸ਼ ਸਿੱਖ ਨੌਜੁਆਨਾਂ ਦੇ ਕਤਲ ਜਿਹੇ ਦਰਦਨਾਕ ਮੰਜਰਾਂ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਮੇਂ ਵਿੱਚ ‘ਸ਼ਾਂਤਮਈ’ ਮਾਹੌਲ ਹੋਣ ਦੇ ਬਾਵਜੂਦ ਪੰਜਾਬ ਦੀ ਕਥਿਤ ਪੰਥਕ ਸਰਕਾਰ ਸਿੱਖਾਂ ਦੀ ਭਲਾਈ ਲਈ ਕੋਈ ਵੀ ਕਦਮ (ਜਿਵੇਂ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜੁਆਨਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਜਾਂ ਮਾਰੇ ਗਏ ਨੌਜੁਆਨਾਂ ਦੇ ਪਰਵਾਰਾਂ ਨੂੰ ਆਰਥਕ ਮੁਆਵਜ਼ਾ ਆਦਿ) ਨਹੀਂ ਚੁੱਕ ਰਹੀ, ਜਿਸਦੇ ਇਸਨੂੰ ਭਾਰਤੀ ਲੋਕਤੰਤਰ ਅੰਦਰ ਪੂਰਨ ਅਧਿਕਾਰ ਮਿਲੇ ਹੋਏ ਹਨ। ਅਜਿਹੇ ਹਾਲਾਤ ਤੋਂ ਹੀ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਿੱਖਾਂ ਲਈ ‘ਖ਼ਾਲਿਸਤਾਨ’ ਨਾਂ ਦਾ ਵੱਖਰਾ ਮੁਲਕ ਸਥਾਪਿਤ ਕਰ ਵੀ ਦਿੱਤਾ ਜਾਏ, ਤਾਂ ਵੀ ਉਥੇ ਸਿੱਖਾਂ ਦੀ ਕਿੰਨੀ ਕੁ ਭਲਾਈ ਹੋ ਸਕੇਗੀ ਜਦ ਸਿੱਖਾਂ ਦੀਆਂ ਵੋਟਾਂ ਤੋਂ ਲੋਕਤੰਤਰੀ ਢੰਗ ਨਾਲ ਬਣੀ ਹੋਈ ਸਰਕਾਰ ਹੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ।

ਉਕਤ ਮਸਲਿਆਂ ਦੀ ਤਰ੍ਹਾਂ, ਸਿੱਖ ਹੋਰ ਬੇਅੰਤ ਮੁਹਿੰਮਾਂ/ਸੰਘਰਸ਼ਾਂ ਵਿੱਚ ਉਲਝੇ ਹੋਏ ਹਨ ਪਰ ਇਨ੍ਹਾਂ ਸੰਘਰਸ਼ਾਂ ਦੇ ਦੂਜੇ ਪਹਿਲੂ ਬਾਰੇ ਬਿਲਕੁਲ ਵਿਚਾਰ ਨਹੀਂ ਕਰਦੇ। ਮਿਸਾਲ ਵਜੋਂ, ਫ੍ਰਾਂਸ ਦੇ ਸਿੱਖ ਵਿਦਿਆਰਥੀਆਂ ਅਤੇ ਅਮਰੀਕਾ ਵਿੱਚ ਪੁਲਿਸ/ਫੌਜ ਵਿੱਚ ਕੰਮ ਕਰਨ ਵਾਲੇ ਸਿੱਖ ਮੁਲਾਜ਼ਮਾਂ ਵਾਸਤੇ ਪਗੜ੍ਹੀ ਬੰਨਣ ਦੇ ਹੱਕ ਪ੍ਰਤੀ ਤਾਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਵਿਦੇਸ਼ਾਂ ਵਿੱਚ ਵਸਦੇ ਬਹੁਗਿਣਤੀ ਸਿੱਖ, ਜੋ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਹਨ ਅਤੇ ਪੱਗ ਬੰਨ੍ਹਦੇ ਹੀ ਨਹੀਂ, ਨੂੰ ਮੁੜ ਤੋਂ ਕੇਸਾਧਾਰੀ ਅਤੇ ਪਗੜੀਧਾਰੀ ਬਣਾਉਣ ਲਈ ਕੋਈ ਮੁਹਿੰਮ ਨਹੀਂ ਅਰੰਭੀ ਜਾ ਰਹੀ। ਕਈ ਹੋਰ ਦੇਸ਼ਾਂ ਵਿੱਚ ਸਿੱਖਾਂ ਵਾਸਤੇ ਕ੍ਰਿਪਾਨ ਪਾਉਣ ਦੇ ਹੱਕ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਿੱਖਾਂ ਨੂੰ ਸਿੱਖੀ ਗਿਆਨ ਤੋਂ ਭਰਪੂਰ ਪਾਹੁਲਧਾਰੀ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਹੁਣ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਅਨੰਦ ਕਾਰਜ ਐਕਟ ਲਾਗੂ ਕਰਨ ਦੀ ਮੰਗ ਤਾਂ ਕੀਤੀ ਜਾ ਰਹੀ ਹੈ ਪਰ ਸਿੱਖਾਂ ਦੇ ਵਿਆਹ ਸਮਾਗਮ ਦੌਰਾਨ ਹੁੰਦੀਆਂ ਅਨ-ਧਰਮੀ ਰਸਮਾਂ (ਜਿਵੇਂ ਇਸਾਈ ਰਿਵਾਜ ਮੁਤਾਬਿਕ ਰਿੰਗ ਪਾਉਣੀ, ਪਾਰਸੀ ਰਿਵਾਜ ਮੁਤਾਬਿਕ ਚੁੰਨੀ ਚੜ੍ਹਾਉਣੀ, ਹਿੰਦੂ ਰਿਵਾਜ ਮੁਤਾਬਿਕ ਜੈਮਾਲਾ ਪਾਉਣੀ ਆਦਿਕ) ਨੂੰ ਦੂਰ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸਲਈ ਚੰਗਾ ਹੋਵੇ, ਜੇਕਰ ਸਿੱਖ ਕੌਮ ਵੱਖ-ਵੱਖ ਮੁਹਿੰਮਾਂ ਪਿੱਛੇ ਜਜ਼ਬਾਤੀ ਹੋਣ ਦੀ ਬਜਾਏ, ਸੰਜੀਦਗੀ ਨਾਲ ਕੌਮ ਦੇ ਵਿਕਾਸ ਦੇ ਹਰ ਪਹਿਲੂ ਤੇ ਵਿਚਾਰ ਕਰਨ। ਤਾਂ ਹੀ ਇਨ੍ਹਾਂ ਮੁਹਿੰਮਾਂ ਦੌਰਾਨ ਕੀਤੀਆਂ ਗਈਆਂ ਕੁਰਬਾਨੀਆਂ ਸਾਰਥਕ ਹੋ ਸਕਦੀਆਂ ਹਨ।