Subscription About Us Contact Us


ਤਖ਼ਤਾਂ ਦੇ ਪੁਜਾਰੀਆਂ ਵੱਲੋਂ ਬਾਦਲਕਿਆਂ ਦੇ ਤਲਵੇ ਚੱਟਣਾ ਜਾਰੀ

- ਹਰਲਾਜ ਸਿੰਘ ਬਹਾਦਰਪੁਰ -
ਮੋ : 9417023911


ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ, ਜਥੇਦਾਰਾਂ ਦੇ ਸਿਆਸੀ ਮਾਲਕਾਂ ਅਤੇ ਡੇਰੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਕਦੇ ਵੀ ਅਹਿਮੀਅਤ ਨਹੀਂ ਦਿੱਤੀ। ਉਂਝ ਭਾਵੇਂ ਲੋਕਾਂ ਨੂੰ ਮੂਰਖ ਬਣਾਈ ਰੱਖਣ ਲਈ ਇਹ ਅਕਾਲ ਤਖ਼ਤ ਸਾਹਿਬ ਨੂੰ ਅਤੇ ਇੱਥੋਂ ਜਾਰੀ ਹੋਏ ਹੁਕਮਾਂ ਨੂੰ ਸਰਬ ਉਚ ਜਰੂਰ ਪ੍ਰਚਾਰਦੇ ਹਨ।

ਜਿਸ ਤਰ੍ਹਾਂ ਅੱਜ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਹਰਿਆਣੇ ਦੇ ਸਿੱਖ ਆਗੂਆਂ ਉਤੇ ਝੂਠੇ ਕੇਸ ਦਰਜ ਕਰਵਾ ਕੇ ਅਤੇ ਅਕਾਲ ਤਖ਼ਤ ਤੋਂ ਹੁਕਮਨਾਮੇ ਜਾਰੀ ਕਰਵਾਕੇ ਉਹਨਾਂ ਨੂੰ ਖਤਮ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਸਪੋਕਸਮੈਨ ਨਾਲ ਵੀ ਕੀਤਾ ਗਿਆ ਸੀ।

ਪਹਿਲਾਂ ਜਦੋਂ ਸਿੱਖ ਰਸਾਲੇ ਜਥੇਦਾਰਾਂ ਉਤੇ ਕਿੰਤੂ ਪ੍ਰੰਤੂ ਕਰਦੇ ਸਨ ਤਾਂ ਉਸ ਸਮੇਂ ਇਹ ਲੱਗਦਾ ਹੁੰਦਾ ਸੀ ਕਿ ਇਹ ਰਸਾਲੇ ਗਲਤ ਹਨ, ਇਨ੍ਹਾਂ ਰਸਾਲਿਆਂ ਨੂੰ ਜਥੇਦਾਰਾਂ ਤੇ ਟੀਕਾ-ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ (ਪੁਜਾਰੀ) ਸਿੱਖ ਕੌਮ ਵੱਲੋਂ ਸਤਿਕਾਰੇ ਜਾਂਦੇ ਤਖ਼ਤਾਂ ਦੇ ਜਥੇਦਾਰ ਹਨ। ਇਸ ਲਈ ਇਹਨਾਂ ਦਾ ਹੁਕਮ ਤਾਂ ਸਾਰੇ ਸਿੱਖ ਪੰਥ ਲਈ ਇਲਾਹੀ ਹੁਕਮ ਹੁੰਦਾ ਹੈ। ਭਾਵੇਂ ਕਿਸੇ ਵੀ ਵਿਅਕਤੀ ਦੇ ਨਾਮ ਨਾਲ ਅਕਾਲ ਤਖ਼ਤ ਸਾਹਿਬ ਦਾ ਨਾਮ ਲੱਗ ਜਾਵੇ, ਫਿਰ ਉਸਦਾ ਹੁਕਮ ਹੀ ਅਕਾਲ ਤਖ਼ਤ ਦਾ ਹੁਕਮ ਬਣ ਜਾਂਦਾ ਹੈ। ਜਿਵੇਂ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਦਾ ਹੁਕਮ ਹੈ ਜੋ ਇਸ ਨੂੰ ਨਹੀਂ ਮੰਨਦਾ ਉਹ ਅਕਾਲ ਤਖ਼ਤ ਤੋਂ ਬਾਗੀ ਹੈ। ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਹਰ ਇੱਕ ਸਿੱਖ ਹਿਰਦੇ ਵਿੱਚ ਹੈ। ਇਸ ਲਈ ਕੋਈ ਵੀ ਸਿੱਖ ਨਹੀਂ ਚਾਹੁੰਦਾ ਕਿ ਉਹ ਅਕਾਲ ਤਖ਼ਤ ਤੋਂ ਬਾਗੀ ਹੋਵੇ, ਸਗੋਂ ਹਰ ਸਿੱਖ ਚਾਹੁੰਦਾ ਹੈ ਕਿ ਉਹ ਅਕਾਲ ਤਖ਼ਤ ਦੇ ਹੁਕਮ ਨੂੰ ਲਾਗੂ ਕਰਵਾਏ।

ਅਕਾਲ ਤਖ਼ਤ ਦੇ ਨਾਮ ਨਾਲ ਜੁੜੀ ਹੋਈ ਸਿੱਖ ਮਾਨਸਿਕਤਾ ਦਾ ਲਾਭ ਸਿਆਸੀ ਪੁਜਾਰੀ ਗਠਜੋੜ ਨੇ ਖੂਬ ਉਠਾਇਆ। ਅਕਾਲ ਤਖ਼ਤ ਤੋਂ ਜਾਰੀ ਹੋਏ ਸੱਚੇ ਝੂਠੇ ਫਰਮਾਨ ਨੂੰ ਲਾਗੂ ਕਰਵਾਉਣ ਲਈ ਆਮ ਸਿੱਖ ਮੈਦਾਨ ਵਿੱਚ ਨਿੱਤਰ ਪੈਂਦੇ ਹਨ, ਜਦਕਿ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ, ਜਥੇਦਾਰਾਂ ਦੇ ਸਿਆਸੀ ਮਾਲਕਾਂ ਅਤੇ ਡੇਰੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਕਦੇ ਵੀ ਅਹਿਮੀਅਤ ਨਹੀਂ ਦਿੱਤੀ। ਉਂਝ ਭਾਵੇਂ ਲੋਕਾਂ ਨੂੰ ਮੂਰਖ ਬਣਾਈ ਰੱਖਣ ਲਈ ਇਹ ਅਕਾਲ ਤਖ਼ਤ ਸਾਹਿਬ ਨੂੰ ਅਤੇ ਇੱਥੋਂ ਜਾਰੀ ਹੋਏ ਹੁਕਮਾਂ ਨੂੰ ਸਰਬ ਉਚ ਜਰੂਰ ਪ੍ਰਚਾਰਦੇ ਹਨ। ਕਈ ਵਾਰ ਇਹ ਆਪਣੇ ਵੱਲੋਂ ਜਾਰੀ ਕੀਤੇ ਹੁਕਮਨਾਮਿਆਂ ਤੋ ਆਪ ਹੀ ਮੁੱਕਰ ਵੀ ਜਾਂਦੇ ਹਨ ਜਾਂ ਜੋ ਹੁਕਮਨਾਮੇ ਇਹਨਾਂ ਦੇ ਸਿਆਸੀ ਮਾਲਕਾਂ ਨੂੰ ਫਿੱਟ ਨਾ ਬੈਠਦੇ ਹੋਣ ਉਹਨਾਂ ਨੂੰ ਨਵੇਂ ਥਾਪੇ ਜਥੇਦਾਰ ਰੱਦ ਵੀ ਕਰ ਦਿੰਦੇ ਹਨ। ਬੇਸ਼ੱਕ ਅਸਲ ਵਿੱਚ ਹਰ ਇੱਕ ਸਿੱਖ ਲਈ ਸਰਬ ਉਚ ਗੁਰਬਾਣੀ ਦਾ ਫੈਸਲਾ ਹੀ ਹੁੰਦਾ ਹੈ।

ਮਿਤੀ 7 ਦਸੰਬਰ 2001 ਨੂੰ ਅਕਾਲ ਤਖ਼ਤ ਸਾਹਿਬ ਤੋਂ ਇਹ ਫਰਮਾਨ ਜਾਰੀ ਕੀਤਾ ਗਿਆ ਕਿ ਮੂਰਤੀਆਂ ਦੀ ਸਥਾਪਨਾ ਕਰਨਾ, ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਖਾਨਗਾਹਾਂ, ਮਜਾਰਾਂ, ਕਬਰਾਂ ਤੇ ਸਿਜਦੇ ਕਰਨੇ ਅਤੇ ਮੰਨਤਾਂ ਮੰਨਣੀਆਂ ਸਿੱਖੀ ਸਿਧਾਂਤਾਂ ਦੇ ਉਲਟ ਹੈ। ਜਿਸ ਫਲਸਫੇ ਨੇ ਸਿੱਖੀ ਸਿਧਾਂਤਾਂ ਦਾ ਖੰਡਨ ਕੀਤਾ ਹੋਵੇ, ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਅਤੇ ਉਸਦੇ ਉਚੇ ਸੁੱਚੇ ਸਿਧਾਂਤਾਂ ਨੂੰ ਪਿੱਠ ਦੇਣੀ ਹੈ। ਅਜਿਹੀਆਂ ਧਿੰਗੋਜੋਰੀ ਕਾਰਵਾਈਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਗੁਰੂ ਸਿਧਾਂਤ ਤੇ ਸਿੱਖੀ ਸਿਧਾਂਤਾਂ ਨੂੰ ਠੇਸ ਪਹੁੰਚਾਉਣ, ਉਹ ਬਰਦਾਸ਼ਤ ਨਹੀਂ ਹੋ ਸਕਦੀਆਂ।

ਅਕਾਲ ਤਖ਼ਤ ਤੋਂ ਜਾਰੀ ਹੋਏ ਇਸ ਸੰਦੇਸ਼ ਨੂੰ ਲਾਗੂ ਕਰਵਾਉਣ ਲਈ ਦਾਸ (ਹਰਲਾਜ ਸਿੰਘ) ਅਤੇ ਸਾਡੇ ਹੀ ਪਿੰਡ ਦੇ ਗ੍ਰੰਥੀ ਧਰਮ ਸਿੰਘ ਨੇ ਪਿੰਡ ਦੇ ਡੇਰੇ ਵਿੱਚ 27 ਜਨਵਰੀ 2002 ਨੂੰ ਪ੍ਰਕਾਸ਼ ਹੋਣ ਵਾਲੇ ਅਖੰਡ ਪਾਠ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਤੇ ਫੋਨ ਅਤੇ ਫੈਕਸਾਂ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਕਿ ਸਾਡੇ ਪਿੰਡ ਦੇ ਡੇਰੇ ਵਿੱਚ ਮਰ ਚੁੱਕੇ ਸਾਧ ਦੀ ਸਮਾਧ ਅਤੇ ਮੂਰਤੀਆਂ ਲੱਗੀਆਂ ਹੋਈਆਂ ਹਨ, ਸਾਡੀ ਸ਼ਿਕਾਇਤ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜਗਤਾਰ ਸਿੰਘ ਜੰਗੀਆਣਾ ਤੇ ਨਿੱਕਾ ਸਿੰਘ ਨੂੰ ਸਾਡੇ ਪਿੰਡ ਦੇ ਡੇਰੇ ਵਿੱਚ ਭੇਜਿਆ ਗਿਆ, ਜਿੰਨ੍ਹਾਂ ਨੇ ਸਾਰਾ ਕੁੱਝ ਵੇਖ ਕੇ ਪਹਿਲਾਂ ਤਾਂ ਡੇਰੇ ਵਿੱਚ ਪਾਠ ਪ੍ਰਕਾਸ਼ ਕਰਨ ਦੀ ਮਨਾਹੀ ਕਰ ਦਿੱਤੀ, ਫਿਰ ਪਤਾ ਨਹੀਂ ਕੀ ਸੋਚ ਕੇ ਉਸੇ ਡੇਰੇ ਵਿੱਚ ਪਾਠ ਕਰਨ ਦੀ ਆਗਿਆ ਦੇ ਦਿੱਤੀ ਤੇ ਜਾਂਦੇ ਹੋਏ ਡੇਰੇ ਵਿੱਚੋਂ ਤਿੰਨ ਚਾਰ ਮੂਰਤੀਆਂ ਪੁੱਟ ਕੇ ਲੈ ਗਏ। ਸਾਧ ਦੀ ਸਮਾਧ ’ਤੇ ਸ੍ਰੀ ਚੰਦ ਦੀ ਮੂਰਤੀ ਡੇਰੇ ਵਿੱਚ ਉਵੇਂ ਹੀ ਮੌਜੂਦ ਰਹੀ ਤੇ ਅੱਜ ਵੀ ਹੈ, ਇਸ ਤਰ੍ਹਾਂ ਸਾਡੇ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਡੇਰੇ ਵਿੱਚ ਪਾਠ ਹੋ ਗਿਆ, ਅਸੀਂ ਪਾਠ ਕਰਨ ਦੀ ਆਗਿਆ ਦੇਣ ਵਾਲੇ ਪ੍ਰਚਾਰਕਾਂ ਵਿਰੁੱਧ ਵੀ ਅਕਾਲ ਤਖ਼ਤ ਤੇ ਸ਼ਿਕਾਇਤ ਕੀਤੀ ਪਰ ਕਿਸੇ ਨੇ ਨਹੀਂ ਸੁਣੀ।

ਡੇਰੇਦਾਰ ਸਾਧ ਦਾ ਹੌਂਸਲਾ ਵੱਧ ਗਿਆ ਉਸ ਨੇ ਫੇਰ 13 ਸਤੰਬਰ 2002 ਨੂੰ ਡੇਰੇ ਵਿੱਚ ਅਖੰਡ ਪਾਠ ਕਰਵਾਉਣ ਦੀ ਤਿਆਰੀ ਕਰ ਦਿੱਤੀ, ਪਤਾ ਲੱਗਣ ਤੇ ਅਸੀਂ ਫਿਰ ਵਿਰੋਧ ਸ਼ੁਰੂ ਕਰ ਦਿੱਤਾ ਅਕਾਲ ਤਖ਼ਤ ਤੇ ਵੀ ਇਸ ਦੀ ਜਾਣਕਾਰੀ ਦਿੱਤੀ, ਸਾਰਾ ਪਿੰਡ ਡੇਰੇ ਵਾਲੇ ਪਾਸੇ ਅਸੀਂ ਦੋਵੇਂ ਇੱਕ ਪਾਸੇ। ਲੋਕ ਸਾਨੂੰ ਕੁੱਟਣ ਲਈ ਤਿਆਰ ਕਿ ਹੋਰ ਕੋਈ ਨਹੀਂ ਬੋਲਦਾ, ਇਹੀ ਦੋ ਬੰਦੇ ਰੌਲਾ ਪਾਉਂਦੇ ਹਨ। ਅਸੀਂ ਸਾਰੇ ਪਿੰਡ ਦੀ ਪ੍ਰਵਾਹ ਕੀਤੇ ਵਗੈਰ ਪਾਠ ਹੋਣ ਦਾ ਵਿਰੋਧ ਆਪਣੇ ਢੰਗ ਅਨੁਸਾਰ ਕਰਦੇ ਰਹੇ। ਪਰ ਪਾਠ ਪ੍ਰਕਾਸ਼ ਹੋਣ ਤੋਂ ਇੱਕ ਦਿਨ ਪਹਿਲਾਂ 12 ਸਤੰਬਰ ਨੂੰ ਸਾਡੇ ਪਿੰਡ ਦੇ ਡੇਰੇ ਪੱਖੀ ਸਿੱਖ ਜਥੇਦਾਰ ਵੇਦਾਂਤੀ ਕੋਲੋਂ ਅੰਮ੍ਰਿਤਸਰ ਜਾ ਕੇ ਡੇਰੇ ਵਿੱਚ ਪਾਠ ਕਰਨ ਦੀ ਆਗਿਆ ਲੈ ਆਏ। ਜਦੋਂ ਸਾਨੂੰ ਇਸ ਵਾਰੇ ਪਤਾ ਲੱਗਿਆ ਤਾਂ ਅਸੀਂ ਵੇਦਾਂਤੀ ਦੇ ਘਰ ਦੇ ਨੰਬਰ ਤੇ ਫੋਨ ਕੀਤਾ, ਜੋ ਅੱਗੋਂ ਇੱਕ ਔਰਤ ਨੇ ਚੁੱਕਿਆ ਤਾਂ ਅਸੀਂ ਦੱਸਿਆ ਕਿ ਅਸੀਂ ਬਹਾਦਰਪੁਰ ਤੋਂ ਬੋਲ ਰਹੇ ਹਾਂ। ਉਸ ਔਰਤ ਨੇ ਵੇਦਾਂਤੀ ਨੂੰ ਕਿਹਾ ਕਿ ਬਹਾਦਰਪੁਰ ਤੋਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ ਤਾਂ ਵੇਦਾਂਤੀ ਨੇ ਕਿਹਾ ਕਿ ‘‘ਫੋਨ ਕੱਟ ਦੇ, ਇੰਨ੍ਹਾਂ ਨਾਲ ਕੋਈ ਗੱਲ ਨਹੀਂ ਕਰਨੀ।’’ ਇਹ ਸਾਡੇ ਨਾਲ ਹੱਡਬੀਤੀ ਕਹਾਣੀ ਹੈ। ਅਸੀਂ ਤਾਂ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਹੁਕਮ ਨੂੰ ਲਾਗੂ ਕਰਵਾਉਣ ਲਈ ਸਾਰੇ ਪਿੰਡ ਨਾਲ ਦੁਸ਼ਮਣੀ ਪਾ ਲਈ ਪਰ ਇੰਨ੍ਹਾਂ ਥੁੱਕ ਕੇ ਚੱਟਣ ਵਾਲੇ ਜਥੇਦਾਰਾਂ ਨੇ ਆਪ ਹੀ ਆਪਣੇ ਹੁਕਮ ਦੇ ਉਲਟ ਪਾਠ ਕਰਨ ਦੀ ਆਗਿਆ ਦੇ ਦਿੱਤੀ ਅਤੇ ਸਾਡੇ ਨਾਲ ਫੋਨ ਤੇ ਗੱਲ ਵੀ ਨਾ ਕੀਤੀ।

ਜਦੋਂ ਸਾਡੇ ਨਾਲ ਇਹ ਕੁਝ ਬੀਤਿਆ ਤਾਂ ਤਸੱਲੀ ਹੋਈ ਕਿ ਸਿੱਖ ਰਸਾਲੇ ਪੁਜਾਰੀਆਂ ਦੀਆਂ ਮੰਦ ਕਰਤੂਤਾਂ ਬਾਰੇ ਜੋ ਕੁੱਝ ਕਹਿੰਦੇ ਹਨ, ਉਹ ਠੀਕ ਹੀ ਹੈ। ਇਨ੍ਹਾਂ ਅਖੌਤੀ ਜਥੇਦਾਰਾਂ ਨੇ ਗੁਰਮਤਿ ਦੀ ਰੋਸ਼ਨੀ ਵਿੱਚ ਕਦੇ ਵੀ ਕੋਈ ਫੈਸਲਾ ਨਹੀਂ ਲਿਆ, ਅਕਾਲ ਤਖ਼ਤ ਤੋਂ ਪ੍ਰਵਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਵਾਉਣ ਲਈ ਕਦੇ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ। ਬੇਸ਼ੱਕ ਇਸ ਸਿੱਖ ਰਹਿਤ ਮਰਯਾਦਾ ਵਿੱਚ ਵੀ ਸੁਧਾਰ ਦੀ ਕਾਫੀ ਲੋੜ ਹੈ। ਪਰ ਇਸ ਸਿੱਖ ਰਹਿਤ ਮਰਯਾਦਾ ਦੇ ਉਲਟ ਵੀ ਬਹੁਤ ਕੁੱਝ ਹੋ ਰਿਹਾ ਹੈ। ਜਿਵੇਂ ਕਿ ਸਿੱਖ ਰਹਿਤ ਮਰਯਾਦਾ ਦੇ ਪੰਨਾ: ਨੰ: 13 ਤੇ ਦਰਜ ਹੈ ਕਿ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।’’ ਇਸ ਦੇ ਉਲਟ ਹਜੂਰ ਸਾਹਿਬ, ਪਟਨਾ ਸਾਹਿਬ ਦੇ ਤਖ਼ਤਾਂ ਤੋਂ ਇਲਾਵਾ ਡੇਰੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੇਆਮ ਅਖੌਤੀ ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਨੂੰ ਰੋਕਣ ਦੀ ਵਜਾਇ, ਅਖੌਤੀ ਜਥੇਦਾਰ ਉਨ੍ਹਾਂ ਮਨਮੱਤੀਆਂ ਦੇ ਸਮਾਗਮਾਂ ਵਿੱਚ ਸ਼ਾਮਿਲ ਹੋ ਰਹੇ ਹਨ। 13 ਨਵੰਬਰ 2006 ਨੂੰ ਪਿੰਡ ਭਾਈਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਕੇ ਫਤਿਹ ਦਿਵਸ ਦੇ ਨਾਂਅ ਹੇਠ ਅਖੰਡ ਪਾਠਾਂ ਦੇ ਭੋਗ ਪਾਏ ਗਏ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖਾਂ ਵੱਲੋਂ ਇਸ ਘਟਨਾ ਦੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਹੱਲ ਲਈ ਜਥੇਦਾਰਾਂ ਨੇ ਕਦੇ ਕੋਈ ਮੀਟਿੰਗ ਨਹੀਂ ਸੱਦੀ।

ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 15 ਤੇ ਦਰਜ ਹੈ ਕਿ ਕੀਰਤਨ ਕਰਦੇ ਸਮੇਂ ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ, ਪੰਨਾਂ ਨੰਬਰ 17 ਤੇ ਦਰਜ ਹੈ ਕਿ ਅਖੰਡ ਪਾਠਾਂ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾ ਨਾਲ ਨਾਲ ਜਾ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਇਸ ਦੇ ਉਲਟ ਹਜਾਰਾਂ ਦੀ ਗਿਣਤੀ ਵਿੱਚ ਡੇਰੇਦਾਰ ਕੱਚੀਆਂ ਧਾਰਨਾ ਲਾ ਕੇ ਕੀਰਤਨ ਕਰ ਰਹੇ ਹਨ, ਪਾਠ ਸਮੇਂ ਕੁੰਭ, ਜੋਤ, ਨਾਲੀਏਰ ਰੱਖਣ ਤੋਂ ਇਲਾਵਾ ਨਾਲ ਜਪੁਜੀ ਸਾਹਿਬ ਦੇ ਪਾਠ ਅਤੇ ਹੋਰ ਸ਼ਬਦਾਂ ਦੇ ਸੰਪਟ ਲਗਾ ਕੇ ਪਾਠ ਕਰ ਰਹੇ ਹਨ। ਇਸ ਮਨਮਤਿ ਨੂੰ ਰੋਕਣ ਲਈ ਜਥੇਦਾਰਾਂ ਨੇ ਕਦੇ ਮੀਟਿੰਗ ਨਹੀਂ ਸੱਦੀ, ਉਲਟਾ ਅਜਿਹੇ ਡੇਰੇਦਾਰਾਂ ਦੇ ਮਨਮੱਤੀ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ।

ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 26 ਤੇ ਦਰਜ ਹੈ ਕਿ ਮ੍ਰਿਤਕ ਪ੍ਰਾਣੀ ਦੇ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲ ਪੁਰੀ, ਕਰਤਾਰ ਸਾਹਿਬ ਆਦਿਕ ਥਾਵਾਂ ਵਿੱਚ ਜਾਕੇ ਪਾਉਣ ਮਨਮਤਿ ਹੈ। ਪਰ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਪਤਾਲ ਪੁਰੀ ਵਿਖੇ ਸ਼ਰੇਆਮ ਗੰਗਾ ਦੀ ਨਕਲ ਤੇ ਫੁੱਲ ਪਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੀ ਇੱਥੇ ਗੰਗਾ ਦੀ ਨਕਲ ਤੇ ਅਸਤ ਘਾਟ ਬਣਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਮੁਫਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਅਤੇ ਗੁਰਮਤਿ ਦੀਆਂ ਧੱਜੀਆਂ ਉਡਾ ਰਹੀ ਹੈ। ਜਥੇਦਾਰ ਇਸ ਮਨਮਤਿ ਨੂੰ ਰੋਕਣ ਦੀ ਬਜਾਇ ਮਰੇ ਪ੍ਰਾਣੀਆਂ ਦੇ ਫੁੱਲ ਪਾਉਣ ਸਮੇਂ ਖੁਦ ਅਰਦਾਸਾਂ ਕਰ ਰਹੇ ਹਨ।
ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਬੀਬੀਆਂ ਨੂੰ ਬਰਾਬਰਤਾ ਦਾ ਹੱਕ ਹੈ ਪਰ ਅੱਜ ਤੱਕ ਨਾ ਤਾਂ ਬੀਬੀਆਂ ਨੂੰ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਨਾਲ ਲਿਆ ਜਾਂਦਾ ਹੈ ਅਤੇ ਨਾ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਆਗਿਆ ਦਿੱਤੀ ਗਈ ਹੈ।

ਜਥੇਦਾਰਾਂ ਨੇ ਗੁਰਮਤਿ ਦੇ ਇਸ ਬਰਾਬਰਤਾ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਕਦੇ ਨਾ ਕੋਈ ਮੀਟਿੰਗ ਸੱਦੀ ਨਾ ਕੋਈ ਹੁਕਮਨਾਮਾ ਜਾਰੀ ਕੀਤਾ ਸਿੱਖ ਸੰਘਰਸ਼ ਵਿੱਚ ਕੁੱਦਣ ਵਾਲੇ ਸਿੱਖ ਨੌਜਵਾਨ ਜੋ ਸ਼ਹੀਦੀਆਂ ਪਾ ਗਏ ਜਾਂ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ, ਧਰਮੀ ਫੌਜੀ ਅਤੇ ਜਿੰਨਾਂ ਦੇ ਘਰ ਘਾਟ ਇਸ ਸੰਘਰਸ਼ ਵਿੱਚ ਬਰਬਾਦ ਹੋ ਗਏ ਉਨ੍ਹਾਂ ਦੀ ਮਦਦ ਲਈ ਜਥੇਦਾਰਾਂ ਨੇ ਕਦੇ ਕੋਈ ਮੀਟਿੰਗ ਸੱਦੀ ਜਾਂ ਹੁਕਮਨਾਮਾ ਜਾਰੀ ਕੀਤਾ?

ਦਮਦਮੀ ਟਕਸਾਲ, ਹੋਰ ਡੇਰੇਦਾਰਾਂ ਅਤੇ ਸੰਤ ਸਮਾਜ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਬਰਾਬਰ ਆਪੋ ਆਪਣੀਆਂ ਵੱਖੋ-ਵੱਖਰੀਆਂ ਰਹਿਤ ਮਰਯਾਦਾ ਪ੍ਰਕਾਸ਼ਿਤ ਕਰ ਰੱਖੀਆਂ ਹਨ। ਕੀ ਇਹ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਨਹੀਂ? ਕੀ ਕਦੇ ਅਜਿਹਾ ਕਰਨ ਵਾਲੇ ਨੂੰ ਅਕਾਲ ਤਖ਼ਤ ਦਾ ਵਿਰੋਧੀ ਕਿਹਾ ਗਿਆ ਹੈ? ਜਾਂ ਕਦੇ ਜਥੇਦਾਰਾਂ ਨੇ ਇਸ ਸਬੰਧ ਵਿੱਚ ਕੋਈ ਮੀਟਿੰਗ ਸੱਦੀ? ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਨੇ ਮਰਜੀ ਗੁਨਾਹ ਕਰੇ ਉਹ ਫਿਰ ਵੀ ਸ਼੍ਰੋਮਣੀ ਅਤੇ ਅਕਾਲ ਤਖ਼ਤ ਨੂੰ ਸਮਰਪਿਤ, ਅਕਾਲੀ ਦਲ ਦੇ ਆਗੂ ਦੀ ਪਤਨੀ ਆਸ਼ੂਤੋਸ਼ ਕੋਲ ਜਾਵੇ, ਦਲ ਦੇ ਆਗੂ ਘਰਾਂ ਵਿੱਚ ਹਵਨ ਕਰਵਾਉਣ, ਕੋਠੀਆਂ ਉਤੇ ਦੇਵੀਆਂ ਦੇ ਝੰਡੇ ਲਹਿਰਾਉਣ, ਸੌਦਾ ਸਾਧ ਦੇ ਡੇਰੇ ਵਿੱਚ ਜਾ ਕੇ ਨੱਕ ਰਗੜਨ ਫਿਰ ਵੀ ਸਾਰੇ ਪੰਥ, ਪੰਜਾਬ ਅਤੇ ਸਿੱਖਾਂ ਦੇ ਭਲੇ ਦੀ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਤਖ਼ਤ ਤੇ ਪਹੁੰਚਣ ਸਮੇਂ ਉਸਨੂੰ ਸਿਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਅਤੇ ਸਿੱਖਾਂ ਦੇ ਦੁਸ਼ਮਣ ਜੋ ਕਹਿਣ ਕਿ ਅਕਾਲ ਤਖ਼ਤ ’ਤੇ ਹਮਲਾ ਅਸੀਂ ਕਰਵਾਇਆ ਹੈ ਨੂੰ ਸਿਰੋਪਾ ਦੇਣ ਵਾਲੇ ਸਿੱਖਾਂ ਦੇ ਜਥੇਦਾਰ। ਕੋਈ ਗੁਰੂ ਦੋਖੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਮਾਲਾ ਚੜ੍ਹਾ ਦੇਵੇ, ਬਿਨਾਂ ਰਾਗ ਮਾਲਾ ਤੋਂ ਪਏ ਪੁਰਾਤਨ ਸਰੂਪਾਂ ਨੂੰ ਸਾਜਿਸ਼ ਤਹਿਤ ਸੇਵਾ ਦੇ ਨਾਂਅ ਹੇਠ ਅਗਨ ਭੇਂਟ ਕਰ ਦੇਵੇ, ਕੋਈ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖ ਕੇ ਗੁਰੂਆਂ ਦਾ ਅਪਮਾਨ ਕਰੇ, ਕੋਈ ਬਚਿੱਤਰ ਨਾਟਕ ਨਾਂਅ ਦੇ ਅਸ਼ਲੀਲ ਗ੍ਰੰਥ ਨੂੰ ਦਸਮ ਗ੍ਰੰਥ ਸਾਹਿਬ ਲਿਖ ਕੇ ਇਸਦੀ ਅਸ਼ਲੀਲ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਪਾਵੇ, ਅਖੌਤੀ ਦਸ਼ਮ ਗ੍ਰੰਥ ਦੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਸਹਿਜ ਪਾਠ ਅਤੇ ਅਖੰਡ ਪਾਠ ਕਰੇ। ਕੋਈ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਲਾ ਕੇ ਇੱਕੋ ਜਿਲਦ ਵਿੱਚ ਇੱਕਠਾ ਕਰ ਦੇਵੇ, ਕੋਈ ਵੱਖਰਾ ਦਰਬਾਰ ਸਾਹਿਬ ਉਸਾਰ ਲਵੇ ਤਾਂ ਇਹ ਜਥੇਦਾਰ ਘੂਕ ਸੁੱਤੇ ਰਹਿੰਦੇ ਹਨ। ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦੇ।

ਉਂਝ ਤਾਂ ਭਾਵੇਂ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕਰਕੇ ਖੁਦ ਹੀ ਗੁਰ ਗ੍ਰੰਥ ਸਾਹਿਬ ਜੀ ਦਾ ਸਵਾਂਗ ਉਤਾਰ ਰਹੇ ਹਨ, ਪਰ ਜਦੋਂ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਨ ਦੀ ਗਲਤੀ ਕੀਤੀ ਤਾਂ ਪੂਰਾ ਸਿੱਖ ਪੰਥ ਮਰਨ ਮਾਰਨ ’ਤੇ ਉਤਰ ਆਇਆ ਸੀ, ਉਸ ਸਮੇਂ ਇਨਾਂ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਸਾਂਝ ਨਹੀਂ ਰੱਖਣੀ ਨਾ ਹੀ ਪੰਜਾਬ ਵਿੱਚ ਇੰਨ੍ਹਾਂ ਦੀ ਕੋਈ ਨਾਮ ਚਰਚਾ ਹੋਣ ਦੇਣੀ ਹੈ। ਪਰ ਅੱਜ ਬਾਦਲ ਸਰਕਾਰ ਦੀ ਪੁਲਿਸ ਆਪਣੇ ਪਹਿਰੇ ਹੇਠ ਨਾਮ ਚਰਚਾ ਕਰਵਾ ਰਹੀ ਹੈ। ਇੱਥੇ ਜਥੇਦਾਰਾਂ ਦੇ ਹੁਕਮਨਾਮੇ ਦਾ ਕੀ ਬਣਿਆ? ਜਥੇਦਾਰਾਂ ਨੇ ਹੁਕਮਨਾਮੇ ਦੀ ਉਲੰਘਣਾ ਵਾਰੇ ਕਦੇ ਬਾਦਲ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ? ਜੇ ਕੋਈ ਇੱਥੇ ਇਹ ਦਲੀਲ ਦੇਵੇ ਕਿ ਬਾਦਲ ਪੂਰੇ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਕਿ ਇੱਕਲੇ ਸਿੱਖਾਂ ਦਾ, ਪੰਜਾਬ ਵਿੱਚ ਵਸਦੇ ਪ੍ਰੇਮੀ ਵੀ ਉਸਦੀ ਪ੍ਰਜਾ ਹਨ ਅਤੇ ਨਾਲ ਇਹ ਵੀ ਕਹੇ ਕਿ ਪ੍ਰੇਮੀਆਂ ਦੀਆਂ ਸੰਗਤਾਂ ਦੀ ਰਾਖੀ ਕਰਨ ਦਾ ਹੁਕਮ ਅਦਾਲਤ ਵੱਲੋਂ ਹੈ। ਜਿਸਦੀ ਪਾਲਣਾ ਕਰਨਾ ਬਾਦਲ ਸਰਕਾਰ ਦਾ ਫ਼ਰਜ ਹੈ, ਫਿਰ ਇੱਥੇ ਇਹ ਦੱਸੇ ਕਿ ਬਾਦਲ ਲਈ ਅਕਾਲ ਤਖ਼ਤ ਸਾਹਿਬ ਦਾ ਹੁਕਮ ਵੱਡਾ ਹੈ ਜਾਂ ਅਦਾਲਤਾਂ ਦਾ?

ਜੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਗੁਰ ਨਿੰਦਕ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਨੂੰ ਗੁਰਬਾਣੀ ਅਨੁਸਾਰ ਗਲਤ ਸਿੱਧ ਕਰ ਦੇਵੇ ਤਾਂ ਝੱਟ ਕਾਰਵਾਈ ਕਰਦਿਆਂ ਪੰਥ ਵਿੱਚੋਂ ਛੇਕਣ ਦਾ ਫੈਸਲਾ। ਪ੍ਰੋ: ਦਰਸ਼ਨ ਸਿੰਘ ਖਾਲਸਾ, ਪ੍ਰੋ: ਇੰਦਰ ਸਿੰਘ ਘੱਗਾ ਹੋ ਰਹੀ ਮਨਮਤਿ ਨੂੰ ਟੋਕ ਕੇ ਗੁਰਮਤਿ ਦੀ ਗੱਲ ਕਰਨ ਤਾਂ ਜਥੇਦਾਰਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਕਾਲ ਤਖ਼ਤ ਦੇ ਵਿਰੋਧੀ ਐਲਾਨ ਦਿੱਤਾ ਜਾਂਦਾ ਹੈ।

ਜੇ ਕਦੇ ਦਿੱਲੀ ਕਮੇਟੀ ਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਬਾਦਲ ਤੇ ਭਾਰੂ ਹੁੰਦਾ ਹੋਵੇ ਤਾਂ ਤੁਰੰਤ ਅਕਾਲ ਤਖ਼ਤ ਤੇ ਤਲਬ ਕਰਨ ਦਾ ਹੁਕਮ ਜਾਰੀ, ਜੇ ਹਰਿਆਣੇ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਸੂਬੇ ਦੇ ਗੁਰੂ ਘਰਾਂ ਦੀ ਗੋਲਕ ਨੂੰ ਪੰਜਾਬ ਦੇ ਭ੍ਰਿਸ਼ਟਾਚਾਰੀਆਂ ਤੋਂ ਬਚਾ ਕੇ ਆਪਣੇ ਸੂਬੇ ਦੇ ਗੁਰੂਘਰਾਂ ਦੀ ਸੇਵਾ ਵਿੱਚ ਵਰਤਣ ਲਈ ਵੱਖਰੀ ਹਰਿਆਣਾ ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਅਮਨ ਸ਼ਾਂਤੀ ਨਾਲ ਕੁੱਝ ਘੰਟਿਆਂ ਲਈ ਕਿਸੇ ਗੁਰੂ ਘਰ ਤੇ
ਸੰਕੇਤਕ ਕਬਜ਼ਾ ਕਰਕੇ ਵਿਖਾ ਦਿੱਤਾ ਤਾਂ ਜਥੇਦਾਰਾਂ ਨੇ ਅਕਾਲ ਤਖ਼ਤ ਦੀ ਦੁਰਵਰਤੋਂ ਕਰਦਿਆਂ ਝੱਟ ਮੀਟਿੰਗ ਸੱਦ ਕੇ ਸ੍ਰ: ਝੀਂਡਾ ਨੂੰ ਦੋਸ਼ੀ ਕਰਾਰ ਦੇ ਕੇ ਅਕਾਲ ਤਖ਼ਤ ਤੇ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿਆਂ ਹਰਿਆਣਾ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਤਾੜਣਾ ਕਰ ਦਿੱਤੀ। ਸ਼੍ਰੋਮਣੀ ਕਮੇਟੀ ਨੇ ਵੀ ਸ੍ਰ: ਝੀਂਡਾ ਵਿਰੁੱਧ ਨਜਾਇਜ ਕਬਜਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਵਾ ਦਿੱਤੇ। ਕੀ ਸ੍ਰ: ਝੀਂਡਾ ਕੋਈ ਲੁਟੇਰਾ ਵਿਅਕਤੀ ਹੈ? ਕੀ ਆਪਣੇ ਸੂਬੇ ਦੇ ਗੁਰੂਘਰਾਂ ਦੀ ਸੇਵਾ ਸੰਭਾਲ ਦਾ ਹੱਕ ਮੰਗਣਾ ਗੁਨਾਹ ਹੈ? ਕੀ ਆਪਣੇ ਸੂਬੇ ਦੇ ਗੁਰੂਘਰਾਂ ਦੀਆਂ ਗੋਲਕਾਂ ਨੂੰ ਭ੍ਰਿਸ਼ਟਾਚਾਰੀਆਂ ਤੋਂ ਬਚਾਉਣਾ ਪੰਥ ਵਿਰੋਧੀ ਕਰਮ ਹੈ? ਇੱਥੋਂ ਸਪੱਸ਼ਟ ਹੁੰਦਾ ਹੈ ਕਿ ਸਾਡਾ ਅਕਾਲ ਤਖ਼ਤ ਵੀ ਅਜਾਦ ਨਹੀਂ ਹੈ। ਕਿਉਂਕਿ ਅਕਾਲ ਤਖ਼ਤ ਤੇ ਕਬਜ ਪੁਜਾਰੀਆਂ ਵੱਲੋਂ ਅਕਾਲ ਤਖ਼ਤ ਅਤੇ ਗੁਰਮਤਿ ਦੇ ਵਿਰੋਧੀਆਂ ਨੂੰ ਸਨਮਾਨਿਆ ਜਾਂਦਾ ਹੈ ਅਤੇ ਗੁਰਮਤਿ ਤੇ ਅਕਾਲ ਤਖ਼ਤ ਨੂੰ ਸਿਧਾਂਤਕ ਰੂਪ ਵਿੱਚ ਮੰਨਣ ਵਾਲਿਆਂ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਦਿਹਾੜੀਦਾਰ ਜਥੇਦਾਰਾਂ ਦੇ ਅਜਿਹੇ ਫੈਸਲੇ ਦੇਖ ਕੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਹਰਿਆਣੇ ਦੇ ਸਿੱਖ ਆਪਣੇ ਫੈਸਲੇ ਤੇ ਕਾਇਮ ਰਹੇ ਤਾਂ ਸਪੋਕਸਮੈਨ ਵਾਂਗ ਹਰਿਆਣੇ ਦੀ ਵੱਖਰੀ ਕਮੇਟੀ ਬਣ ਕੇ ਜਲਦੀ ਹੀ ਬੁਲੰਦੀਆਂ ਨੂੰ ਛੂਹੇਗੀ। ਜਿਸ ਤਰ੍ਹਾਂ ਅੱਜ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਹਰਿਆਣੇ ਦੇ ਸਿੱਖ ਆਗੂਆਂ ਉਤੇ ਝੂਠੇ ਕੇਸ ਦਰਜ ਕਰਵਾ ਕੇ ਅਤੇ ਅਕਾਲ ਤਖ਼ਤ ਤੋਂ ਹੁਕਮਨਾਮੇ ਜਾਰੀ ਕਰਵਾਕੇ ਉਹਨਾਂ ਨੂੰ ਖਤਮ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਸਪੋਕਸਮੈਨ ਨਾਲ ਵੀ ਕੀਤਾ ਗਿਆ ਸੀ। ਜਥੇਦਾਰਾਂ ਦੀਆਂ ਅਜਿਹੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਦੇਖਦਿਆਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਪੰਥ ਨੂੰ ਹੋਰ ਮੱਤਾਂ ਦੇ ਡੇਰੇਦਾਰਾਂ ਤੋਂ ਇੰਨਾਂ ਖਤਰਾ ਨਹੀਂ ਹੈ, ਜਿੰਨਾਂ ਸਾਡੇ ਤਖ਼ਤਾਂ ਤੇ ਕਾਬਜ਼ ਜਥੇਦਾਰਾਂ ਤੋਂ ਹੈ।