Subscription About Us Contact Us


‘ਵਿਕਾਊ ਕਲਮਾਂ’ ਅਤੇ ‘ਭਾੜੇ ਦੇ ਟੱਟੂ’ ਦੱਸ ਕੇ ਬਦਨਾਮ ਕਰਨ ਵਾਲਾ ਜੇ ਆਪਣਾ ਦੋਸ਼ ਸਿੱਧ ਨਹੀਂ ਕਰਦਾ ਤਾਂ ਉਸ ’ਤੇ ਕੀਤਾ ਜਾ ਸਕਦਾ ਹੈ ਮਾਨਹਾਨੀ ਦਾ ਕੇਸ

- ਕ੍ਰਿਪਾਲ ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 098554-8079727

ਗੁਰਬਾਣੀ ਦਾ ਫੁਰਮਾਣ ਹੈ ‘‘ਅਨਿਕ ਸਵਾਂਗ ਕਾਛੇ ਭੇਖਧਾਰੀ। ਜੈਸੋ ਸਾ ਤੈਸੋ ਦ੍ਰਿਸਟਾਰੀ। (ਮ: 5, ਪੰਨਾਂ 1299)। ਭਾਵ ਸਵਾਂਗੀ ਮਨੁੱਖ (ਮਾਇਆ ਦੀ ਖਾਤਰ) ਅਨੇਕਾਂ ਮਨ ਬਾਂਛਤ ਸਵਾਂਗ ਬਣਾਂਦਾ ਹੈ ਪਰ ਜਿਹੋ ਜਿਹਾ ਉਹ (ਅਸਲ ਵਿੱਚ) ਹੈ, ਉਹੋ ਜਿਹਾ ਹੀ ਉਨ੍ਹਾਂ ਨੂੰ ਦਿੱਸਦਾ ਹੈ। ਇੱਕ ਹੋਰ ਫੁਰਮਾਣ ਹੈ : ‘‘ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀÒ’’ (ਮ: 5, ਪੰਨਾਂ 610)। ਭਾਵ ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿੱਸਦਾ ਹੈ ਅਤੇ (ਵਿਕਾਰਾਂ ਦੇ ਰੋਗ ਵਿੱਚ) ਫਸੇ ਹੋਏ ਦੇ ਖਿਆਲ ਵਿੱਚ ਸਾਰੀ ਲੁਕਾਈ ਹੀ ਵਿਕਾਰੀ ਹੈ। ਉਕਤ ਗੁਰ ਫੁਰਮਾਨਾਂ ਨੂੰ ਜੇ ਸੰਸਾਰ ਵਿੱਚ ਵਿਚਰਦੇ ਹੋਏ ਹੋਰਨਾਂ ਉਦਾਹਰਣਾਂ ’ਤੇ ਵੀ ਲਾਗੂ ਕਰੀਏ ਤਾਂ ਵੀ ਇਹ ਪੂਰੀ ਉਤਰਦੀ ਹੈ। ਜਿਵੇਂ ਕਿ ਜਿਹੜਾ ਮਨੁੱਖ ਹਮੇਸ਼ਾ ਆਪਣੀ ਕਲਮ ਦਾ ਮੁਲ ਵੱਟਣਾ ਲੋਚਦਾ ਹੋਵੇ ਅਤੇ ਸਮਾਂ ਮਿਲਣ ’ਤੇ ਵੇਚਣ ਤੋਂ ਗੁਰੇਜ ਵੀ ਨਾ ਕਰੇ, ਉਹ ਹੋਰਨਾਂ ਕਲਮਾਂ ਵਾਲਿਆਂ ਨੂੰ ਵੀ ਵਿਕਾਊ ਕਲਮਾਂ ਵਾਲੇ, ਭਾੜੇ ਦੇ ਟੱਟੂ, ਗੋਲਕਾਂ ’ਚੋਂ ਪੈਸੇ ਲੈ ਕੇ ਰੁਜ਼ਗਾਰ ਬਣਾਉਣ ਵਾਲੇ ਸਮਝਦਾ ਹੈ। ਗੁਰਮਤਿ ਤੋਂ ਊਣੇ ਮਨੁੱਖ ਜੇ ਕਦੀ ਐਸਾ ਸਮਝ ਲੈਣ ਤਾਂ ਬਹੁਤੇ ਦੁਖ ਦੀ ਗੱਲ ਨਹੀਂ ਪਰ ਜਿਹੜਾ ਸੰਪਾਦਕ ਹਮੇਸ਼ਾਂ ਆਦਰਸ਼ਕ ਪੱਤਰਕਾਰੀ ਦੀ ਗੱਲ ਕਰਦਾ ਹੋਇਆ ਪੀਲੀ ਪੱਤਰਕਾਰੀ ਦਾ ਵਿਰੋਧ ਕਰਦਾ ਨਾ ਥੱਕਦਾ ਹੋਵੇ, ਜੇ ਉਹ ਵੀ ਆਪਣੇ ਹੀ ਸਾਥੀਆਂ ਵਲੋਂ ਪੁੱਛੇ ਗਏ ਕਿਸੇ ਸਿਧਾਂਤਕ ਸਵਾਲ ਦਾ ਜਵਾਬ ਨਾ ਦੇਣਾ ਚਾਹੇ ਜਾਂ ਉਸ ਪਾਸ ਕੋਈ ਜਵਾਬ ਹੋਵੇ ਹੀ ਨਾ ਤਾਂ ਸਿਰਫ਼ ਜਵਾਬ ਦੇਣ ਤੋਂ ਬਚਣ ਲਈ ਸਵਾਲ ਕਰਤਾ ’ਤੇ ਗੋਲਕਾਂ ’ਚੋਂ ਪੈਸੇ ਲੈ ਕੇ ਰੁਜ਼ਗਾਰ ਬਣਾਉਣ ਲਈ ‘ਕਲਮਾਂ ਵੇਚ ਕੇ ਭਾੜੇ ਦਾ ਟੱਟੂ’ ਹੋਣ ਦਾ ਦੋਸ਼ ਲਾ ਦੇਵੇ ਤਾਂ ਇਸ ਤੋਂ ਵੱਡੇ ਦੁੱਖ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਅਜਿਹੇ ਹੀ ਦੋਸ਼ ਸਪੋਕਸਮੈਨ ਦੇ ਮੁਖ ਸੰਪਾਦਕ ਨੇ ਆਪਣੇ 17 ਅਕਤੂਬਰ 09 ਦੇ ਅੰਕ ਵਿੱਚ ਛਪੀ ਆਪਣੀ ‘ਨਿਜੀ ਡਾਇਰੀ ਦੇ ਪੰਨੇ’ ’ਤੇ ਲਿਖੇ ਲੇਖ ਵਿੱਚ ਬਿਨਾਂ ਨਾਮ ਲਿਆਂ ਮੇਰੇ ’ਤੇ ਲਾਏ ਹਨ। ਉਸ ਲੇਖ ਵਿੱਚ ਇੱਕ ਅਮਰੀਕਨ ਪ੍ਰੋਫੈਸਰ ਵਲੋਂ ਉਸ (ਜੋਗਿੰਦਰ ਸਿੰਘ) ਨੁੂੰ ਕੀਤੇ 10 ਸਵਾਲਾਂ ਦਾ ਜ਼ਿਕਰ ਹੈ, ਜਿਸ ਵਿੱਚ ਪਹਿਲੇ ਹੀ ਸਵਾਲ ’ਚ ਸ਼ਬਦ ਨੂੰ ‘ਗੁਰੂ’ ਮੰਨਣ ਵਾਲੇ ਸਿੱਖ ਧਰਮ ਵਿੱਚ 10 ਦੇਹਧਾਰੀ ਗੁਰੂ ਮੰਨਣ ਸਬੰਧੀ ਹੈ। ਇਸ ਦਾ ਜਵਾਬ ਦੇਣ ਤੋਂ ਅਸਮਰਥ ਸ: ਜੋਗਿੰਦਰ ਸਿੰਘ ਇਹ ਖੋਜ ਕਰਨ ਤੁਰ ਪਿਆ ਹੈ ਕਿ ਬਾਬੇ ਨਾਨਕ ਨੇ ਆਪਣੇ ਜਿਉਂਦੇ ਜੀਅ ਕਿਸੇ ਨੂੰ ਗੁਰਗੱਦੀ ਦਿੱਤੀ ਹੀ ਨਹੀਂ ਸੀ। ਬੀਬੀ ਸੁਰਿੰਦਰ ਕੌਰ ਨਿਹਾਲ ਅਨੁਸਾਰ ਇਸ ਤਰ੍ਹਾਂ ਦਾ ਖਿਆਲ ਸ: ਜੋਗਿੰਦਰ ਸਿੰਘ ਨੇ 17 ਮਈ 09 ਨੂੰ ਮੋਹਾਲੀ ਦੇ ਇੱਕ ਗੁਰਦੁਆਰੇ ਵਿੱਚ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਮਾਤਾ ਦੇ ਭੋਗ ਸਮਾਗਮ ’ਤੇ ਬੋਲਦੇ ਹੋਏ ਖੁੱਲ੍ਹੇ ਰੂਪ ਵਿੱਚ ਕੀਤੇ ਸਨ।

ਇਸ ਸਬੰਧ ਵਿੱਚ ਸਿਰਫ਼ ਮੈਂ ਹੀ ਸਤੰਬਰ ਮਹੀਨੇ ਤੋਂ ਲਗਾਤਾਰ ਲਿਖ ਰਿਹਾ ਹਾਂ, ਜਿਸ ਵਿੱਚ ਗੁਰਬਾਣੀ ਦੇ ਅਧਾਰ ’ਤੇ ਸਿੱਧ ਕੀਤਾ ਗਿਆ ਹੈ ਕਿ ਗੁਰੂ ਨਾਨਕ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਦ੍ਰਿਦ੍ਰੜਤਾ ਨਾਲ ਲਾਗੂ ਕਰਨ ਲਈ 10 ਜਾਮੇ ਧਾਰਨ ਕੀਤੇ ਅਤੇ ਆਪਣੀ ਹੱਥੀਂ ਬਾਬਾ ਲਹਿਣਾ ਜੀ ਨੁੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਵਜੋਂ ਥਾਪਿਆ। ਲੇਖਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ 10 ਗੁਰੂ ਸਾਹਿਬਾਨ ਨੇ ‘‘ਰੋਟੀਆਂ ਕਾਰਨ ਪੂਰਹਿ ਤਾਲ’’ ਲਈ ਨਹੀਂ ਸਗੋਂ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜ ਕਰਵਾਉਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਸਨ, ਇਸ ਲਈ ਸਿੱਖਾਂ ਦੇ ਦਸੇ ਹੀ ਗੁਰੂ ਸਰੂਪਾਂ ਨੇ ਸ਼ਬਦ ਗੁਰੂ ਹੋਣ ਦੀ ਕੋਈ ਉ੍ਹੋਘਣਾ ਨਹੀਂ ਕੀਤੀ। ਸ: ਜੋਗਿੰਦਰ ਸਿੰਘ ਨੇ ਇਨ੍ਹਾਂ ਹੀ ਲੇਖਾਂ ਦਾ ਜਿਕਰ ਕਰਦੇ ਹੋਏ ਲਿਖਿਆ ਹੈ : ‘‘ਅੰਦਰ ਦੀ ਗੱਲਬਾਤ ’ਚੋਂ ਕਿਰ ਗਏ (ਲੀਕ ਹੋ ਗਏ) ਫਿਕਰਿਆਂ ਨੂੰ ਝੜੁਪ ਕੇ ਤੇ ਉਨ੍ਹਾਂ ਨੂੰ ਬਹਾਨਾ ਬਣਾ ਕੇ ਕੁਝ ਅਗਿਆਤ ਤੇ ਨਾਸਮਝ ਜਿਹੇ ਲੋਕ ਗੁਪਤ ਚਰਚਾ ਨੂੰ ਵਕਤ ਤੋਂ ਪਹਿਲਾਂ ਪ੍ਰਗਟ ਕਰ ਰਹੇ ਹਨ ਤਾਂ ਕਿ ਗੋਲਕਧਾਰੀਆਂ ਦੀਆਂ ਥੈਲੀਆਂ ’ਚੋਂ ਕੁਝ ਪੈਸੇ ਆਪਣੇ ਲਈ ਲੈ ਕੇ ਸਪੋਕਸਮੈਨ ਅਤੇ ਮੇਰੇ ਵਿਰੁੱਧ ਪ੍ਰਚਾਰ ਕਰਨ ਦੀ ਆਪਣੀ ਡਿਊਟੀ ਪੂਰੀ ਕਰ ਸਕਣ।’’

ਉਕਤ ਸਤਰਾਂ ਨੂੰ ਧਿਆਨ ਨਾਲ ਵਾਚਣ ’ਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸ: ਜੋਗਿੰਦਰ ਸਿੰਘ ਨੇ ਇਹ ਸ਼ਬਦ ਸਿਰਫ਼ ਮੇਰੇ ਲਈ ਹੀ ਵਰਤੇ ਹਨ। ਸ: ਜੋਗਿੰਦਰ ਸਿੰਘ ਦੇ ਉਕਤ ਲੇਖ ਦੇ ਜਵਾਬ ’ਚ ਮੈਂ ਆਪਣਾ ਇੱਕ ਲੇਖ 19 ਅਕਤੂਬਰ 09 ਨੂੰ ‘ਰੋਜ਼ਾਨਾ ਸੱਚ ਦੀ ਪਟਾਰੀ’ ’ਚ ਛਪਵਾਇਆ ਅਤੇ ਪੰਜਾਬ ਟੂਡੇ ਨਿਊਜ ਡਾਟ ਕਾਮ ’ਤੇ ਵੀ ਪਾਇਆ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਮੇਰੇ ’ਤੇ ਲਾਏ ਗਏ ਦੋਸ਼ਾਂ ਨੂੰ ਜਾਂ ਤਾਂ ਸਿੱਧ ਕੀਤਾ ਜਾਵੇ ਜਾਂ ਮੁਆਫ਼ੀ ਮੰਗੀ ਜਾਵੇ। ਇਸ ਲੇਖ ਸਬੰਧੀ ਸ਼੍ਰੀ ਤਰਸੇਮ ਬਸ਼ਰ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਵੀ ਬੇਨਤੀ ਕੀਤੀ ਗਈ ਸੀ ਕਿ ਸਬੂਤ ਦਿੱਤੇ ਜਾਣ। ਕੋਈ ਜਵਾਬ ਨਾ ਮਿਲਣ ’ਤੇ ਇਸ ਲੇਖ ਦੀ ਨਕਲ ਨੱਥੀ ਕਰਕੇ ਸ: ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪੱਕੇ ਹਮਾਇਤੀ ਸ: ਕਾਬਲ ਸਿੰਘ ਜਰਮਨੀ, ਸ: ਉਪਕਾਰ ਸਿੰਘ ਫ਼ਰੀਦਾਬਾਦ, ਗੁਰਿੰਦਰ ਸਿੰਘ ਕੋਟਕਪੂਰਾ ਅਤੇ ਤਰਸੇਮ ਬਸ਼ਰ ਬਠਿੰਡਾ ਨੂੰ ਈਮੇਲ ਰਾਹੀਂ ਭੇਜ ਕੇ ਮੁੜ ਬੇਨਤੀ ਕੀਤੀ ਗਈ ਸੀ ਕਿ ਸਬੂਤ ਦੇਣ ਜਾਂ ਮੁਆਫ਼ੀ ਮੰਗਣ ’ਚੋਂ ਇੱਕ ’ਤੇ ਅਮਲ ਕੀਤਾ ਜਾਵੇ।
ਉਪਰੋਕਤ ਸਾਰੇ ਲੇਖ ਪੜ੍ਹਨ ਉਪ੍ਰੰਤ ਇੱਕ ਪਾਠਕ, ਜਿਸ ਨੇ ਆਪਣਾ ਨਾਮ ਬਲਜੀਤ ਸਿੰਘ ਨੱਥੂਮਾਜਰਾ ਦੱਸਿਆ, ਆਪਣੇ ਫੋਨ ਨੰ: 98143-86662 ‘ਤੇ ਫੋਨ ਕਰਕੇ, ਵਿੱਚ ਵਿਚਾਲੇ ਪੈ ਕੇ ਗੱਲ ਨਿਬੇੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਕਿਸੇ ਨੇ ਵੀ ਕੋਈ ਉਤਰ ਨਹੀਂ ਦਿੱਤਾ ਅਤੇ ਤਰਸੇਮ ਬਸ਼ਰ ਤੇ ਬਲਜੀਤ ਸਿੰਘ ਨੂੰ ਵਾਰ-ਵਾਰ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਵਲੋਂ ਸਿਰਫ਼ ਇਤਨਾ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਸਪੱਸ਼ਟ ਭਾਵ ਹੈ ਕਿ ਸ: ਜੋਗਿੰਦਰ ਸਿੰਘ ਸਬੂਤ ਦੇਣ ਜਾਂ ਮੁਆਫ਼ੀ ਮੰਗਣ ਤੋਂ ਬਿਲਕੁਲ ਇਨਕਾਰੀ ਹੈ। ਇਸ ਤਰ੍ਹਾਂ ਕਰਕੇ ਸ: ਜੋਗਿੰਦਰ ਸਿੰਘ ਮੇਰੇ ਮਾਨ-ਸਨਮਾਨ ਅਤੇ ਈਮਾਨਦਾਰੀ ’ਤੇ ਸਿੱਧੇ ਤੌਰ ’ਤੇ ਚੋਟ ਲਾ ਰਿਹਾ ਹੈ, ਜਿਸ ਨਾਲ ਇਲਾਕੇ ਵਿੱਚ ਮੇਰੀ ਧਾਰਮਕ ਅਤੇ ਇਮਾਨਦਾਰ ਹੋਣ ਦੀ ਛਵੀ ਮਿੱਟੀ ’ਚ ਰੁਲ ਗਈ ਹੈ, ਇਸ ਲਈ ਮੈਂ ਅਦਾਲਤ ਵਿੱਚ ਸ: ਜੋਗਿੰਦਰ ਸਿੰਘ ’ਤੇ ਮਾਨਹਾਨੀ ਦਾ ਕੇਸ ਪਾਉਣ ਸਬੰਧੀ ਸੋਚਣ ਲਈ ਮਜ਼ਬੂਰ ਹੋਇਆ ਪਿਆ ਹਾਂ।

ਆਮ ਸੰਗਤਾਂ ਅਤੇ ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਿਰਫ਼ ਆਪਣੀ ਹੀ ਨਹੀਂ ਆਪਣੇ ਸਮੁੱਚੇ ਪੱਤਰਕਾਰਾਂ ਦੀਆਂ ਕਲਮਾਂ ਵੇਚਣ ਵਾਲੇ ਸ: ਜੋਗਿੰਦਰ ਸਿੰਘ ਨੇ ਮੈਨੂੰ ਵੀ ਆਪਣੇ ਵਰਗਾ ਵਿਕਾਊ ਪੱਤਰਕਾਰ ਸਮਝ ਕੇ ਨਿਰਅਧਾਰ ਦੋਸ਼ ਲਾ ਦਿੱਤੇ ਹਨ। ‘ਸਚ ਸੁਣਾਇਸੀ ਸਚ ਕੀ ਬੇਲਾ’ ਦੀ ਤੁਕ ਵਰਤ ਕੇ ਆਪਣੇ ਆਪ ਨੂੰ ਆਦਰਸ਼ਕ ਪੱਤਰਕਾਰ ਕਹਿਣ ਵਾਲੇ ਸੰਪਾਦਕ ਸਾਹਿਬ ਕਿਸ ਤਰ੍ਹਾਂ ਪੱਤਰਕਾਰੀ ਦੀ ਮੌਤ ਕਰਦੇ ਹਨ, ਉਸ ਦੀਆਂ ਕੁਝ ਕੁ ਉਦਾਹਰਣਾਂ ਇਸ ਤਰ੍ਹਾਂ ਹਨ :

1) ਸਪੋਕਸਮੈਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਕੋਈ ਹਫ਼ਤਾ ਐਸਾ ਨਹੀਂ ਸੀ ਜਾਂਦਾ ਜਦੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਪ੍ਰਮੁੱਖਤਾ ਨਾਲ ਖ਼ਬਰਾਂ ਨਾ ਛਪਦੀਆਂ ਹੋਣ। ਅਖੀਰ ਜਦੋਂ ਢੱਡਰੀਆਂ ਵਾਲਾ ਗੋਲਕ ’ਚੋਂ ਕੁਝ ਮਾਇਆ ਇਸ਼ਤਿਹਾਰਾਂ ਦੇ ਰੂਪ ’ਚ ਸਪੋਕਸਮੈਨ ਨੂੰ ਦੇਣੀ ਮੰਨ ਗਿਆ, ਜਿਸ ਦੇ ਫਲਸਰੂਪ ਇੱਕ ਪੂਰੇ ਪੰਨੇ ਦਾ ਇਸ਼ਤਿਹਾਰ ਇੱਕ ਦਿਨ ਛਪਿਆ ਅਤੇ ਅੱਧੇ ਅੱਧੇ ਪੰਨੇ ਦਾ ਪਿੱਛੋਂ ਕਈ ਦਿਨ ਛਪਦੇ ਰਹੇ ਤਾਂ ਮੁੜ ਢੱਡਰੀਆਂ ਵਾਲੇ ਵਿਰੁੱਧ ਕਦੀ ਕੋਈ ਖ਼ਬਰ ਨਹੀਂ ਲੱਗੀ। ਬਾਬਾ ਨਛੱਤਰ ਸਿੰਘ ਚੰਦ ਬਾਜੇ ਵਾਲਾ ਸ਼ੁਰੂ ਤੋਂ ਇਸ ਅਖ਼ਬਾਰ ਨੂੰ ਇਸ਼ਤਿਹਾਰ ਦੇ ਰੂਪ ’ਚ ਗੋਲਕ ’ਚੋਂ ਗੱਫੇ ਦਿੰਦਾ ਆ ਰਿਹਾ ਹੈ, ਇਸ ਲਈ ਉਸ ਵਿਰੁੱਧ ਅੱਜ ਤੱਕ ਕੋਈ ਖ਼ਬਰ ਨਹੀਂ ਲੱਗੀ। ਉਸ ਦੇ ਬਿਆਨ ਵੀ ਪ੍ਰਮੁੱਖਤਾ ਨਾਲ ਛਪਦੇ ਰਹੇ ਹਨ। ਇਸ ਦਾ ਭਾਵ ਹੈ ਕਿ ਗੋਲਕ ’ਚੋਂ ਜੇ ਸ: ਜੋਗਿੰਦਰ ਸਿੰਘ ਨੂੰ ਇਸ਼ਤਿਹਾਰਾਂ ਦੇ ਰੂਪ ’ਚ ਹਿੱਸਾ ਮਿਲਦਾ ਰਹੇ ਤਾਂ ਇਸ ਨੁੂੰ ਡੇਰੇਦਾਰਾਂ ਦੀ ਮਨਮਤਿ ’ਤੇ ਕੋਈ ਇਤਰਾਜ਼ ਨਹੀਂ।

2) ਅਖ਼ਬਾਰ ਸ਼ੁਰੂ ਹੋਣ ਦੇ ਸਮੇਂ ਤੋਂ ਇਸ ਵਿੱਚ ਖ਼ਬਰਾਂ ਇਸ ਢੰਗ ਨਾਲ ਛਪਦੀਆਂ ਰਹਿੰਦੀਆਂ ਸਨ ਕਿ ਇਸ ਅਖ਼ਬਾਰ ਨੂੰ ਕਾਂਗਰਸੀ-ਪੱਖੀ ਅਤੇ ਅਕਾਲੀ-ਵਿਰੋਧੀ ਸਮਝਿਆ ਜਾਂਦਾ ਸੀ। ਸੰਨ 2008 ’ਚ ਮਲੋਟ ਵਿਖੇ ਕਾਂਗਰਸ ਦੀ ਰੈਲੀ ਸੀ ਅਤੇ ਅਗਲੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਬਣਾਂਵਾਲੀ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਦੋਵਾਂ ਪਾਰਟੀਆਂ ਨੇ ਇਨ੍ਹਾਂ ਰੈਲੀਆਂ ਦੌਰਾਨ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਸੀ। ਇਸ ਵਾਰ ਕਾਂਗਰਸ ਪਾਰਟੀ ਨੇ ਸਪੋਕਸਮੈਨ ਨੂੰ ਉਮੀਦ ਮੁਤਾਬਿਕ ਇਸ਼ਤਿਹਾਰ ਨਾ ਦਿੱਤੇ ਕਿਉਂਕਿ ਉਸ ਪਾਰਟੀ ਦਾ ਕਹਿਣਾ ਸੀ ਕਿ ਵਿਰੋਧੀ ਧਿਰ ’ਚ ਹੋਣ ਕਰਕੇ ਸਾਰੇ ਖ਼ਰਚੇ ਉਨ੍ਹਾਂ ਨੂੰ ਆਪਣੀ ਜੇਬ ’ਚੋਂ ਖਰਚਣੇ ਪੈ ਰਹੇ ਹਨ, ਇਸ ਲਈ ਉਨ੍ਹਾਂ ਕੋਲ ਹੁਣ ਕੋਈ ਗੁੰਜਾਇਸ਼ ਨਹੀਂ। ਦੂਸਰੇ ਪਾਸੇ ਅਕਾਲੀ ਦਲ ਨੇ ਬਠਿੰਡਾ ਦੇ ਇੱਕ ਪੱਤਰਕਾਰ ਰਾਹੀਂ 50 ਹਜ਼ਾਰ ਰੁਪਏ ਦਾ ਇਸ਼ਤਿਹਾਰ ਦਿੱਤਾ। ਆਦਰਸ਼ਕ ਪੱਤਰਕਾਰੀ ਦਾ ਦਾਅਵਾ ਕਰਨ ਵਾਲੇ ਸਪੋਕਸਮੈਨ ਨੇ ਕਾਂਗਰਸ ਰੈਲੀ ਦੀ ਛੋਟੀ ਜਿਹੀ ਖ਼ਬਰ ਲਾਈ ਪਰ ਅਕਾਲੀ ਦਲ ਨੂੰ ਪਹਿਲਾ ਪੰਨਾਂ ਪੂਰੇ ਦਾ ਪੂਰਾ ਹੀ ਦੇ ਦਿੱਤਾ, ਰੀਕਾਰਡ ਤੋੜ ਇਕੱਠ ਦੱਸਣ ਲਈ 40-40 ਕਿਲੋਮੀਟਰ ਲੰਬੇ ਜਾਮ ਵਿਖਾ ਦਿੱਤੇ, ਹਾਲਾਂਕਿ ਜਾਮ ਕਿਸੇ ਵੀ ਸੜਕ ’ਤੇ 3 ਕਿਲੋਮੀਟਰ ਤੋਂ ਵੱਧ ਨਹੀਂ ਸਨ ਲੱਗੇ। ਹੈਰਾਨੀ ਦੀ ਗੱਲ ਇਹ ਹੈ ਕਿ ਬਣਾਂਵਾਲੀ-ਮਾਨਸਾ ਜ਼ਿਲ੍ਹੇ ’ਚ ਹੋਣ ਕਰਕੇ ਖ਼ਬਰ ਭੇਜਣ ਦੀ ਜਿੰਮੇਵਾਰੀ ਜ਼ਿਲ੍ਹਾ ਇੰਚਾਰਜ ਮਾਨਸਾ ਦੀ ਸੀ। ਉਸ ਨੇ ਸਹੀ ਖ਼ਬਰ ਭੇਜੀ ਵੀ, ਪਰ ਅਗਲੇ ਦਿਨ ਉਹ ਖ਼ੁਦ ਹੀ ਖ਼ਬਰ ਪੜ੍ਹ ਕੇ ਹੈਰਾਨ ਹੋ ਗਿਆ ਕਿ ਇਹ ਖ਼ਬਰ ਤਾਂ ਉਸ ਨੇ ਭੇਜੀ ਹੀ ਨਹੀਂ ਅਤੇ ਜੋ ਭੇਜੀ ਸੀ, ਉਹ ਛਪੀ ਹੀ ਨਹੀਂ। ਉਸ ਵਲੋਂ ਪੁੱਛਣ ’ਤੇ ਮੈਡਮ ਜਗਜੀਤ ਕੌਰ ਨੇ ਕਿਹਾ ਕਿ ਕਈ ਦਿਨ ਪਹਿਲਾਂ ਤੋਂ ਹੀ ਅਕਾਲੀ ਦਲ ਨੇ 5 ਲੱਖ ਰੁਪਏ ’ਚ ਪਹਿਲਾ ਪੰਨਾਂ ਬੁੱਕ ਕਰ ਲਿਆ ਸੀ। ਇਸ ਤਰ੍ਹਾਂ ਸਪੋਕਸਮੈਨ ਨੇ ਤਾਂ ਸਾਰੇ ਪੱਤਰਕਾਰਾਂ ਦੀਆਂ ਕਲਮਾਂ ਵੇਚ ਦਿੱਤੀਆਂ ਪਰ ਮਾਨਸਾ ਜ਼ਿਲ੍ਹੇ ਦੇ ਇੰਚਾਰਜ ਵਿਸ਼ਵਜੀਤ ਸਿੰਘ ਖੰਡਾ ਅਤੇ ਬਠਿੰਡਾ ਜ਼ਿਲ੍ਹੇ ਦੇ ਇੰਚਾਰਜ ਹੋਣ ਦੇ ਨਾਤੇ ਇਸ
ਲੇਖਕ ਨੂੰ ਸਾਰਾ ਦਿਨ ਪਾਠਕਾਂ ਦੇ ਪ੍ਰਸ਼ਨ-ਉ¤ਤਰ ਸੁਣਦਿਆਂ ਸ਼ਰਮਿੰਦਾ ਹੋਣਾ ਪਿਆ ਕਿ ‘ਸਚ ਸੁਣਾਇਸੀ ਸਚ ਕੀ ਬੇਲਾ’ ਵਿੱਚ ਇਹੀ ਸੱਚ ਲਿਖਿਆ ਜਾ ਰਿਹਾ ਹੈ? ਇਸ਼ਤਿਹਾਰ ਨਾ ਮਿਲਿਆ ਹੁੰਦਾ ਤਾਂ ਉਸੇ ਰੈਲੀ ਦੀ ਖਾਲੀ ਕੁਰਸੀਆਂ ਦੀ ਫੋਟੋ ਛਪ ਜਾਣੀ ਸੀ।

3) 28 ਅਗੱਸਤ 09 ਨੂੰ ਪੰਨਾ ਨੰ: 7 ’ਤੇ ਖ਼ਬਰ ਛਪੀ ‘‘ਸੌਦਾ ਸਾਧ ਦੀ ਬਿਸਕੁੱਟਾਂ ਦੀ ਫੈਕਟਰੀ ਦਾ ਘਾਟਾ ਪੂਰਾ ਕਰਨ ਲਈ ਵੰਡਿਆ ਜਾ ਰਿਹਾ ਬਿਸਕੁੱਟ ਦਾ ਪ੍ਰਸ਼ਾਦ’’ ਪਰ ਸ਼ਾਇਦ ਮੁਨਾਫ਼ੇ ’ਚੋਂ ਕੁਝ ਹਿੱਸਾ ਮਿਲਿਆ ਜਾਂ ਉਨ੍ਹਾਂ ਅਦਾਲਤ ’ਚ ਕੇਸ ਕਰਨ ਦੀ ਧਮਕੀ ਦਿੱਤੀ ਤਾਂ 8 ਅਕਤੂਬਰ 09 ਨੂੰ ਅਖ਼ਬਾਰ ’ਚ ਖ਼ਬਰ ਛਪ ਗਈ ‘‘ਬਿਸਕੁੱਟਾਂ ਦੀ ਕੁਆਲਟੀ ’ਚ ਹੋਇਆ ਸੁਧਾਰ’’।

4) 15 ਸਤੰਬਰ 09 ਪੰਨਾ ਨੰ: 7 ’ਤੇ ਬਠਿੰਡਾ ਵਿਖੇ ਏਕਸ ਕੇ ਬਾਰਿਕ ਜਥੇਬੰਦੀ ਦੀ ਖ਼ਬਰ ਛਪੀ, ਜਿਸ ਵਿੱਚ ਵਿਸ਼ੇਸ ਤੌਰ ’ਤੇ ਡੱਬੀ ’ਚ ਲਿਖਿਆ ਗਿਆ, ‘ਅਜੀਤ ਦਾ ਪੱਤਰਕਾਰ ਵਿਸ਼ੇਸ਼ ਤੌਰ ’ਤੇ ਸਾਮਲ ਹੋਇਆ’ ਇਸ ਦੇ ਨਾਲ ਗੁਰਦਰਸ਼ਨ ਸਿੰਘ ਬਰਾੜ ਦੀ ਫੋਟੋ ਦੇ ਦੁਆਲੇ ਵਿਸ਼ੇਸ਼ ਤੌਰ ’ਤੇ ਅਜੀਤ ਅਖ਼ਬਾਰ ਦਾ ਪੱਤਰਕਾਰ ਦਰਸਾਉਣ ਲਈ ਕਾਲਾ ਚੱਕਰ ਲਾਇਆ ਗਿਆ, ਪਰ ਅਗਲੇ ਦਿਨ ਉਸ ਵਲੋਂ ਅਦਾਲਤ ’ਚ ਜਾਣ ਦੀ ਧਮਕੀ ਦੇਣ ’ਤੇ ਸਪਸ਼ਟੀਕਰਨ ਦੇ ਦਿੱਤਾ ਕਿ ਗੁਰਦਰਸ਼ਨ ਸਿੰਘ ਖੇਤੀ ਨਾਲ ਸਬੰਧਤ ਮੈਗਜੀਨ ਦਾ ਪੱਤਰਕਾਰ ਸੀ, ਜਿਸ ਨੂੰ ਗਲਤੀ ਨਾਲ ਅਜੀਤ ਅਖ਼ਬਾਰ ਦਾ ਪੱਤਰਕਾਰ ਲਿਖਿਆ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਖ਼ਬਰ ਵੀ ਤਰਸੇਮ ਬਸ਼ਰ ਵਲੋਂ ਭੇਜੀ ਗਈ ਸੀ, ਜਿਸ ਨੂੰ ਉਪਰੋਂ ਹੀ ਬਦਲ ਕੇ ਹੋਰ ਹੀ ਸ਼ਕਲ ਦੇ ਦਿੱਤੀ ਗਈ ਅਤੇ ਸਵੇਰੇ ਤਰਸੇਮ ਬਸ਼ਰ ਵੀ ਆਪਣੇ ਨਾਮ ਹੇਠ ਛਪੀ ਖ਼ਬਰ ਪੜ੍ਹ ਕੇ ਹੈਰਾਨ ਪ੍ਰੇਸ਼ਾਨ ਹੋ ਕੇ ਰਹਿ ਗਿਆ।

5) 22 ਸਤੰਬਰ 09 ਨੂੰ ਪੰਨਾਂ ਨੰ: 7 ’ਤੇ ਖ਼ਬਰ ਛਪੀ ‘‘ਜੇ ਠੇਕੇ ’ਤੇ ਪਾਠ ਕਰਵਾਉਣਾ ਹੈ ਤਾਂ ਰਾੜਾ ਸਾਹਿਬ ਵਿਖੇ ਡੇਰੇਦਾਰਾ ਨੁੂੰ ਮਿਲੋ’’ ਪਰ 24 ਸਤੰਬਰ ਨੂੰ ਸਮਾਚਾਰ ਸੰਪਾਦਕ ਵਲੋਂ ਸਪੱਸ਼ਟੀਕਰਨ ਦਿੱਤਾ ਗਿਆ ਕਿ ਇਹ ਖ਼ਬਰ ਤੱਥਾਂ ਨਾਲ ਮੇਲ ਨਹੀਂ ਖਾਂਦੀ। ਕੀ ਇਸ ਸਪੱਸ਼ਟੀਕਰਨ ਦੇਣ ਦਾ ਕਾਰਨ ਪਾਠਾਂ ਦੀ ਭੇਟਾ ’ਚੋਂ ਹਿੱਸਾ ਮਿਲਣਾ ਸੀ ਜਾਂ ਇਹ ਮੰਨ ਰਹੇ ਹਨ ਕਿ ਉਥੇ ਠੇਕੇ ’ਤੇ ਕੋਈ ਪਾਠ ਹੁੰਦਾ ਹੀ ਨਹੀਂ ਤੇ ਪਹਿਲੀ ਖ਼ਬਰ ਸਿਰਫ਼ ਬਲੈਕਮੇਲ ਕਰਨ ਲਈ ਸੀ?

6) 7 ਅਕਤੂਬਰ 09 ਨੂੰ ਏਲਨਾਬਾਦ (ਹਰਿਆਣਾ) ’ਚ ਪੰਜਾਬੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ 23 ਮਈ 2004 ਦੀਆਂ ਅਖ਼ਬਾਰਾਂ ਵਿਖਾਉਂਦੇ ਹੋਏ ਉਨ੍ਹਾਂ ਦੱਸਿਆ ਕਿ 22 ਮਈ 2004 ਨੂੰ ਫਤਿਆਬਾਦ ਵਿਖੇ ਜਾਟ ਧਰਮਸ਼ਾਲਾ ’ਚ ਇਨੈਲੋ ਦੀ ਸੀਨੀਅਰ ਵਰਕਰਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਕਿਉਂ ਹੋਈ? ਬਹੁਤੇ ਬੁਲਾਰਿਆਂ ਨੇ ਕਿਹਾ ਪਾਰਟੀ, ਪੰਜਾਬੀਆਂ ਨਾਲ ਵਾਅਦੇ ਤਾਂ ਕਰ ਲੈਂਦੀ ਹੈ ਪਰ ਉਨ੍ਹਾਂ ਦੀ ਕਦੀ ਵੀ ਕੋਈ ਮੰਗ ਪੂਰੀ ਨਹੀਂ ਕੀਤੀ। ਦੂਜੀ ਭਾਸ਼ਾ ਵਜੋਂ ਪੰਜਾਬੀ ਵੀ ਲਾਗੂ ਨਹੀਂ ਕਰ ਸਕੇ। ਇਸ ਲਈ ਪੰਜਾਬੀਆਂ ਨੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ। ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਪੰਜਾਬੀਆਂ ਨੇ ਨਾ ਕਦੀ ਵੋਟਾਂ ਪਈਆਂ ਹਨ ਅਤੇ ਨਾ ਹੀ ਪਾਉਣੀਆਂ ਹਨ, ਇਸ ਲਈ ਪੰਜਾਬੀਆਂ ਦੀ ਚਿੰਤਾ ਛੱਡੋ।

7 ਅਕਤੂਬਰ 09 ਨੂੰ ਹੋਈ ਪ੍ਰੈਸ ਕਾਨਰਫੰਸ ’ਚ ਪੰਜਾਬੀਆਂ ਨੇ ਮੰਗ ਕੀਤੀ ਕਿ ਪੰਜਾਬੀਆਂ ਬਾਰੇ ਅਜਿਹੇ ਵੀਚਾਰ ਦੇਣ ਵਾਲਾ ਚੌਟਾਲਾ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਤੋਂ ਵੋਟਾਂ ਮੰਗ ਰਿਹਾ ਹੈ। ਬਾਕੀ ਤਾਂ ਹਿੰਦੀ ਦੇ ਅਖ਼ਬਾਰ ਸਨ, ਉਨ੍ਹਾਂ ਤਾਂ ਖ਼ਬਰ ਲਾਉਣੀ ਹੀ ਕੀ ਸੀ, ਪੰਜਾਬੀ ਦੇ ਅਲੰਬਰਦਾਰ ਬਣੇ ਸਪੋਕਸਮੈਨ ਨੇ ਵੀ ਉਹ ਖਬਰ ਨਾ ਲਾਈ। ਅਗਲੇ ਦਿਨ ਪਤਾ ਕਰਨ ‘ਤੇ ਮੈਡਮ ਜਗਜੀਤ ਕੌਰ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਚੌਟਾਲਾ ਨਾਲ ਉਨ੍ਹਾਂ ਦੀ ਗੱਲ ਹੋਈ ਹੈ, ਉਨ੍ਹਾਂ ਵਲੋਂ ਅੱਜ ਇਸ਼ਤਿਹਾਰ ਮਿਲ ਰਿਹਾ ਹੈ, ਇਸ ਲਈ ਖ਼ਬਰ ਦੋ ਦਿਨ ਠਹਿਰ ਕੇ ਲਾ ਦਿੱਤੀ ਜਾਵੇਗੀ। ਪਰ ਚੌਟਾਲਾ ਦੇ ਤਿੰਨ ਦਿਨ ਲਗਾਤਾਰ ਇਸ਼ਤਿਹਾਰ ਛਪਦੇ ਰਹੇ, ਇਸ ਲਈ ਪੰਜਾਬੀਆਂ ਦੀ ਉਹ ਖ਼ਬਰ ਅੱਜ ਤੱਕ ਨਹੀਂ ਲੱਗੀ।
ਇਸ ਤਰ੍ਹਾਂ ਬਲੈਕਮੇਲ ਕਰਨ ਲਈ ਮਨਘੜਤ ਤੇ ਤੋੜ ਮਰੋੜ ਕੇ ਖ਼ਬਰਾਂ ਲਾਉਣ ’ਚ ਪ੍ਰਵੀਨ ਸਪੋਕਸਮੈਨ ਨੇ ਮੇਰੇ ਵਿਰੁੱਧ ਵੀ ਝੂਠੇ ਦੋਸ਼ ਲਾ ਕੇ ਮੇਰੇ ਮਾਨ-ਸਨਮਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਮੇਰੇ ਲਈ ਅਦਾਲਤ ’ਚ ਜਾਣ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਬਚਿਆ।