

‘‘ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੇ ਘਰ ਲੱਗੀ ਬੈਸੰਤਰ’’ ਵੇਖਣ ਵਾਲਿਆਂ ਨੂੰ ਸਿਧਾਂਤਕ ਸੁਆਲ ਪੁੱਛਣ ਵਾਲਿਆਂ ਦੀ ਕਲਮ ‘ਡਾਂਗ’ ਦਿੱਸ ਰਹੀ ਹੈ
-
ਕ੍ਰਿਪਾਲ ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 098554-8079727
11 ਅਕਤੂਬਰ ਦੇ ਸਪੋਕਸਮੈਨ ਅੰਕ ’ਚ ਛਪੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਸਿਰਲੇਖ ਹੇਠ ਸ: ਜੋਗਿੰਦਰ ਸਿੰਘ ਦਾ ਇਹ ਲਿਖਣਾ ਬਿਲਕੁਲ ਦਰੁਸਤ ਹੈ ਕਿ ‘‘ਮੈਂ ਸਿੱਖ ਉਸ ਨੂੰ ਮੰਨਦਾ ਹਾਂ, ਜੋ ਬਾਬੇ ਨਾਨਕ ਦਾ ਸੰਦੇਸ਼ ਸੁਣ ਕੇ ਆਪਣੇ ਮਨ ਅੰਦਰ ਦੀ ‘ਕਾਮ, ਕ੍ਹੈੋਧ, ਲੋਭ, ਮੋਹ, ਅਹੰਕਾਰ ਦੀ ਮੈਲ ਕੱਢਣ ਦੇ ਲਗਾਤਾਰ ਯਤਨ ਕਰ ਰਿਹਾ ਹੋਵੇ। ‘ਉ¤ਚਾ ਦਰ ਬਾਬੇ ਨਾਨਕ ਦਾ’ ਰਾਹੀਂ ਐਸੇ ਸਿੱਖ ਬਣਾਉਣ ਦਾ ਦਾਅਵਾ ਵੀ ਅਸਕਰ ਕਰਦੇ ਰਹਿੰਦੇ ਹਨ। ਉਕਤ ਵਰਣਿਤ ਵਕਾਰਾਂ ‘ਚੋਂ ਕਾਮ, ਲੋਭ ਅਤੇ ਮੋਹ, ਸ: ਜੋਗਿੰਦਰ ਸਿੰਘ ’ਤੇ ਕਿਤਨੇ ਕੁ ਭਾਰੂ ਹਨ, ਇਨ੍ਹਾਂ ਦਾ ਸਹੀ ਮੂਲ ਅੰਕਣ ਤਾਂ ਉਹ ਖ਼ੁਦ ਹੀ ਚੰਗੀ ਤਰ੍ਹਾਂ ਕਰ ਸਕਦੇ ਹਨ। ਇਹ ਗੁਣ ਉਨ੍ਹਾਂ ਦੀ ਨਿਜੀ ਜਿੰਦਗੀ ਨਾਲ ਸਬੰਧਤ ਹੋਣ ਕਰਕੇ ਹੋਰ ਕਿਸੇ ਵਿਅਕਤੀ ਦਾ ਕੋਈ ਹੱਕ ਵੀ ਨਹੀਂ ਬਣਦਾ ਕਿ ਉਹ ਸ: ਜੋਗਿੰਦਰ ਸਿੰਘ ਦੇ ਇਨ੍ਹਾਂ ਨਿਜੀ ਗੁਣਾਂ ਸਬੰਧੀ ਕੋਈ ਚਰਚਾ ਕਰੇ। ਪਰ ਇੱਕ ਜਥੇਬੰਦੀ ਜਿਹੜੀ ਇਹ ਦਾਅਵਾ ਕਰਦੀ ਹੋਵੇ ਕਿ ਉਸ ਨੇ ਬਾਬੇ ਨਾਨਕ ਦੇ ਫਲਸਫੇ ਨੂੰ ਹੁਬਹੂ ਲਾਗੂ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਉਸ ਦੇ ਮੁਖੀ ਦੇ ਦੋ ਗੁਣ-ਕ੍ਹੈੋਧ ਅਤੇ ਹੰਕਾਰ ਐਸੇ ਵਕਾਰ ਹਨ, ਜਿਨ੍ਹਾਂ ਦਾ ਜਥੇਬੰਦੀ ਦੇ ਮੈਂਬਰਾਂ, ਮੁਲਾਜਮਾਂ ਅਤੇ ਉਨ੍ਹਾਂ ਨੂੰ ਮਿਲਣ ਆਏ ਆਮ ਆਦਮੀ ਦਾ ਵਾਹ ਪੈਣ ’ਤੇ ਉਸ ਜਥੇਬੰਦੀ ਦੇ ਚੰਗੀ ਜਾਂ ਮਾੜੀ ਹੋਣ ਦਾ ਪ੍ਰਭਾਵ ਛੱਡਦੇ ਹਨ। ਜੇਕਰ ਕਿਸੇ ਨੇ ਸ: ਜੋਗਿੰਦਰ ਸਿੰਘ ਦੇ ਇਹ ਗੁਣ ਪਰਖਣੇ ਹੋਣ ਤਾਂ ਉਹ ਭਾਈ ਸੁਥਰੇ ਸ਼ਾਹ ਵਾਂਗ, ਉਨ੍ਹਾਂ ਦੇ ਪਿੰਡੇ ’ਤੇ ਥੋੜ੍ਹੀ ਉਂਗਲ ਘਸਾ ਕੇ ਵੇਖ ਸਕਦੇ ਹਨ।
ਭਾਈ ਸੁਥਰੇ ਸ਼ਾਹ ਵਾਲੀ ਇਹ ਸਾਖੀ ਤਕਰੀਬਨ ਹਰ ਇੱਕ ਨੇ ਸੁਣੀ ਹੈ। ਇਸ ਲਈ ਇੱਥੇ ਦੁਹਰਾਉਣ ਦੀ ਲੋੜ ਨਹੀਂ। ਸਿਰਫ਼ ਸ: ਜੋਗਿੰਦਰ ਸਿੰਘ ਤੋਂ ਕੋਈ ਐਸਾ ਸਵਾਲ ਪੁੱਛ ਕੇ ਵੇਖੋ, ਜਿਹੜਾ ਉਸ ਦੀ ਆਪਣੀ ਬਣਾਈ ਹੋਈ ਵਿਚਾਰਧਾਰਾ ਨਾਲ ਮੇਲ ਨਾ ਖਾਂਦਾ ਹੋਵੇ। ਸ਼ਾਂਤੀ ਦਾਸ ਦੇ ਕ੍ਹੈੋਧ ਦੀ ਅੱਗ ਤਾਂ ਤੀਸਰੀ ਵਾਰ ਹੀ ਭੜਕੀ ਸੀ, ਸ: ਜੋਗਿੰਦਰ ਸਿੰਘ ਤਾਂ ਪਹਿਲੀ ਵਾਰ ਹੀ ਆਪਣੇ ਜ਼ੌਹਰ ਵਿਖਾ ਦਿੰਦੇ ਹਨ, ਦੂਸਰੀ ਵਾਰ ਤਾਂ ਕਿਸੇ ਮਾਈ ਦੇ ਲਾਲ ਦੀ ਹਿੰਮਤ ਹੀ ਨਹੀਂ ਪੈਂਦੀ ਕਿ ਉਨ੍ਹਾਂ ਨੂੰ ਆਪਣੀ ਬਣਾਈ ਹੋਈ ਵੀਚਾਰਧਾਰਾ ਦੇ ਪ੍ਰਤੀਕੂਲ ਕੋਈ ਅਣਸੁਖਾਵਾਂ ਸੁਆਲ ਪੁੱਛ ਸਕੇ, ਬੇਸ਼ੱਕ ਉਹ ਸੁਆਲ ਸਿੱਖੀ ਦੀ ਹੋਂਦ ਅਤੇ ਮੁੱਢਲੇ ਸਿਧਾਂਤਾਂ ਨਾਲ ਹੀ ਸਬੰਧਤ ਕਿਉਂ ਨਾ ਹੋਵੇ। ਇਹੀ ਕਾਰਨ ਹੈ ਕਿ ਉਨ੍ਹਾਂ ਨਾਲ ਸ਼ੁਰੂਆਤੀ ਸਮੇਂ ’ਚ ਤੁਰਨ ਵਾਲੇ ਵਿਦਵਾਨ ਉਨ੍ਹਾਂ ਨਾਲੋਂ ਇੱਕ ਇੱਕ ਕਰਕੇ ਟੁੱਟਦੇ ਰਹੇ, ਜਿਨ੍ਹਾਂ ਵਿੱਚ ਸ: ਗੁਰਤੇਜ ਸਿੰਘ ਸਾਬਕਾ ਆਈ.ਏ.ਐਸ., ਭਾਈ ਰਜਿੰਦਰ ਸਿੰਘ ਸ਼੍ਰੋਮਣੀ ਖ਼ਾਲਸਾ ਪੰਚਾਇਤ, ਸ: ਹਰਦੇਵ ਸਿੰਘ ਸ਼ੇਰਗਿੱਲ, ਸ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ: ਅਮਰਜੀਤ ਸਿੰਘ ਚੰਦੀ, ਸ: ਗੁਰਦਰਸ਼ਨ ਸਿੰਘ ਢਿੱਲੋਂ ਆਦਿ ਸ਼ਾਮਲ ਹਨ। ਪਹਿਲੀ ਦਸੰਬਰ 2005 ਨੂੰ ਅਕਾਲ ਤਖਤ ਸਾਹਿਬ ਵਲੋਂ ਸਪੋਕਸਮੈਨ ਨੂੰ ਪੰਥ ’ਚੋਂ ਛੇਕਣ ਅਤੇ ਸਮੂਹ ਸਿੱਖਾਂ ਨੂੰ ਸਪੋਕਸਮੈਨ ਦੇ ਪੱਤਰਕਾਰ ਬਣਨ, ਪੜ੍ਹਨ ਅਤੇ ਇਸ ਵਿੱਚ ਨੌਕਰੀ ਕਰਨ ਤੋਂ ਰੋਕਣ ਵਾਲਾ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ‘ਅੱਜ ਦੀ ਅਵਾਜ’ ਦੇ ਸਾਬਕਾ ਸੰਪਾਦਕ ਸ: ਸੁਖਦੇਵ ਸਿੰਘ ਪਹਿਲੇ ਸਿੱਖ ਸਨ, ਜਿਨ੍ਹਾਂ ਨੇ ਹੁਕਮਨਾਮੇ ਦੀ ਵਿਰੋਧਤਾ ਕਰਦਿਆਂ ਐਲਾਨ ਕੀਤਾ ਸੀ ਕਿ ਉਹ ਬਿਨਾਂ ਤਨਖ਼ਾਹ ਤੋਂ ਸਪੋਕਸਮੈਨ ਲਈ ਆਪਣੀਆਂ ਸੇਵਾਵਾਂ ਅਰਪਣ ਕਰਦੇ ਹਨ। ਉਨ੍ਹਾਂ ਨੂੰ ਕੁਝ ਸਮੇਂ ਲਈ ਆਨਰੇਰੀ ਸੰਪਾਦਕ ਵੀ ਰੱਖਿਆ ਗਿਆ ਸੀ ਪਰ ਉਨ੍ਹਾਂ ਦੇ ਛੇਤੀ ਹੀ ਛੱਡ ਜਾਣ ਦੇ ਸ਼ਾਇਦ ਇਹੀ ਕਾਰਨ ਸੀ ਕਿ ਜਾਂ ਤਾਂ ਉਨ੍ਹਾਂ ਨੇ ਕਦੀ ਇਨ੍ਹਾਂ ਦੇ ਕ੍ਹੈੋਧ ਦੀ ਅਗਨੀ ਥੋੜ੍ਹੀ ਖਰੋਚ ਕੇ ਪਰਖ ਲਈ ਹੋਵੇਗੀ ਜਾਂ ਇਨ੍ਹਾਂ ਦੇ ਹੰਕਾਰ ਨੂੰ ਹੋਰ ਪੱਠੇ ਪਾਉਣ ਲਈ ਉਹ ਤਿਆਰ ਨਹੀਂ ਸਨ ਹੁੰਦੇ। ਇਸ ਲੇਖਕ (ਕ੍ਰਿਪਾਲ ਸਿੰਘ, ਬਠਿੰਡਾ) ਦਾ ਜੋ ਹਾਲ ਹੋਇਆ, ਉਸ ਦਾ ਕਾਰਨ ਵੀ ਇਹੀ ਸੀ ਕਿ ਇਨ੍ਹਾਂ ਦੇ ਪਿੰਡੇ ’ਤੇ ਦੋ ਵਾਰ ਉਂਗਲ ਘਸਾ ਕੇ ਕ੍ਰ੍ਹੈੋਧ ਦੀ ਅਗਨੀ ਵੇਖ ਲਈ ਸੀ।
ਸ: ਮਹਿੰਦਰ ਸਿੰਘ ਜੋਸ਼, ਸ: ਜੋਗਿੰਦਰ ਸਿੰਘ ਦੇ ਅੰਤ ਤੱਕ ਤਕੜੇ ਜ਼ਾਹਿਰ ਹੁੰਦੇ ਸਮਰਥਕਾਂ ਵਿੱਚੋਂ ਰਹੇ ਹਨ। ਮੈਨੂੰ ਸ਼ੱਕ ਸੀ ਕਿ ਸ਼ਾਇਦ ਉਨ੍ਹਾਂ ਦੀ ਗੱਲ ਸ: ਜੋਗਿੰਦਰ ਸਿੰਘ ਸਹਿਜੇ ਹੀ ਮੰਨ ਜਾਂਦੇ ਹੋਣਗੇ। ਜਦਕਿ ਉਨ੍ਹਾਂ ਦੇ ਮਨ ’ਚ ਸ਼ਾਇਦ ਇਹ ਗੱਲ ਸੀ ਕਿ ਉਨ੍ਹੀਂ ਦਿਨੀਂ ਮੇਰੇ ਲੇਖ ਤੇ ਖ਼ਬਰਾਂ ਸਪੋਕਸਮੈਨ ’ਚ ਪ੍ਰਮੁਖਤਾ ਨਾਲ ਛਪਦੀਆਂ ਸਨ, ਇਸ ਲਈ ਮੈਂ ਆਪਣੀ ਗੱਲ ਨੂੰ ਸ: ਜੋਗਿੰਦਰ ਸਿੰਘ ਤੱਕ ਠੀਕ ਢੰਗ ਨਾਲ ਪਹੁੰਚਾ ਸਕਦਾ ਹੋਵਾਂਗਾ। ਇਸ ਲਈ ਮੈਨੂੰ ਉਨ੍ਹਾਂ ਕਈ ਵਾਰ ਫੋਨ ਕੀਤਾ ਕਿ ਜਦੋਂ ਵੀ ਮੈਂ ਮੋਹਾਲੀ ਆਵਾਂ ਤਾਂ ਉਨ੍ਹਾਂ ਨੂੰ ਜਰੂਰ ਮਿਲ ਕੇ ਜਾਵਾਂ। ਮੈਂ ਚਾਹੁੰਦਾ ਹੋਇਆ ਵੀ ਕਾਫ਼ੀ ਸਮਾਂ ਉਨ੍ਹਾਂ ਨੂੰ ਨਾ ਮਿਲ ਸਕਿਆ ਕਿਉਂਕਿ ਬਠਿੰਡਾ ਤੋਂ ਬੜੀ ਮੁਸ਼ਕਲ ਨਾਲ ਮੀਟਿੰਗ ਦੇ ਟਾਈਮ ’ਤੇ ਪਹੁੰਚਿਆ ਜਾਂਦਾ ਸੀ ਅਤੇ ਮੀਟਿੰਗ ਖਤਮ ਹੁੰਦਿਆਂ ਹੀ ਦੂਰ ਦਾ ਪੈਂਡਾ ਹੋਣ ਕਰਕੇ ਜਲਦੀ ਵਾਪਿਸ ਜਾਣ ਦੀ ਕਾਹਲੀ ਹੁੰਦੀ ਸੀ। ਆਪਣੀ ਮੁਸ਼ਕਲ ਦੱਸਣ ‘ਤੇ ਇੱਕ ਦਿਨ ਉਨ੍ਹਾਂ ਕਿਹਾ ਕਿ ਜਦ ਮੀਟਿੰਗ ਸਮਾਪਤ ਹੋਵੇ ਤਾਂ ਉਨ੍ਹਾਂ ਨੂੰ 5 ਮਿੰਟ ਪਹਿਲਾਂ ਸੂਚਿਤ ਕਰ ਦਿੱਤਾ ਜਾਵੇ ਤਾਂ ਉਹ ਖ਼ੁਦ ਆ ਕੇ ਲੈ ਜਾਣਗੇ ਅਤੇ 10-15 ਮਿੰਟ ਦੀ ਗੱਲਬਾਤ ਉਪ੍ਰੰਤ ਬੱਸ ਅੱਡੇ ’ਤੇ ਛੱਡ ਜਾਣਗੇ। ਸੋ ਇਸ ਤਰ੍ਹਾਂ ਉਨ੍ਹਾਂ ਦੀ ਹਿੰਮਤ ਨਾਲ ਇੱਕ ਦਿਨ ਉਨ੍ਹਾਂ ਦੇ ਘਰ ਮਿਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਆਪਣੀ ਦਿੱਲ ਦੀ ਗੱਲ ਦੱਸਦਿਆਂ ਕਿਹਾ ਕਿ ਸ: ਜੋਗਿੰਦਰ ਸਿੰਘ ਸਪੋਕਸਮੈਨ ਕਈ ਵਾਰ ਐਸੀਆਂ ਗੱਲਾਂ ਕਰਦਾ ਹੈ, ਜਿਨ੍ਹਾਂ ਕਰਕੇ ਸਾਡਾ ਇਨ੍ਹਾਂ ਨਾਲ ਚੱਲਣਾ ਮੁਸ਼ਕਲ ਹੈ। ਕਿਉਂਕਿ ਸ: ਜੋਗਿੰਦਰ ਸਿੰਘ ਕਹਿੰਦੇ ਸਨ ਕਿ ਇਕੱਲੇ ਬਾਬਾ ਨਾਨਕ ਹੀ ਹਨ, ਬਾਕੀ ਨੌ ਗੁਰੂ ਤਾਂ ਬੱਸ ਐਵੇਂ ਹੀ ਹਨ, ਗੁਰੂ ਗੰ੍ਰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਵੀ ਉਹ ਕਿੰਤੂ ਕਰ ਜਾਂਦੇ ਹਨ। ਮੈਂ ਉਨ੍ਹਾਂ ਨੁੂੰ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਇਹ ਗੱਲਾਂ ਤੁਹਾਡੇ ਰਾਹੀਂ ਉਨ੍ਹਾਂ ਤੱਕ ਪਹੁੰਚਾਵਾਂਗਾ, ਮੈਨੂੰ ਤਾਂ ਉਹ ਆਪਣਾ ਇੱਕ ਪੱਤਰਕਾਰ ਹੀ ਸਮਝਦੇ ਹਨ, ਇਸ ਲਈ ਮੇਰੀ ਗੱਲ ਨੂੰ ਉਹ ਮੰਨ ਜਾਣ, ਇਹ ਤਾਂ ਸੰਭਵ ਹੀ ਨਹੀਂ ਹੈ ਪਰ ਮੇਰੇ ਵਲੋਂ ਵਾਰ ਵਾਰ ਗੱਲ ਕਹਿਣ ਦਾ ਸਿੱਟਾ ਤਾਂ ਅਖੀਰ ਮੇਰੇ ਵਲੋਂ ਪੱਤਰਕਾਰੀ ਛੱਡ ਜਾਣ ’ਚ ਹੀ ਨਿਕਲ ਸਕਦਾ ਹੈ। ਜੋਸ਼ ਸਾਹਿਬ ਨੇ ਸਲਾਹ ਦਿੱਤੀ ਕਿ ਆਪਾਂ ਅਖ਼ਬਾਰ ਨਹੀਂ ਛੱਡਣਾ ਪਰ ਇੱਕ ਰਾਇ ਵਾਲਿਆਂ ਦਾ ਇੱਕ ਪ੍ਰੈਸ਼ਰ ਗਰੁੱਪ ਜ਼ਰੂਰ ਬਣਨਾ ਚਾਹੀਦਾ ਹੈ, ਜਿਹੜਾ ਇਨ੍ਹਾਂ ਨੂੰ ਸਿਧਾਂਤ ਤੋਂ ਥਿੜਕਣ ਤੋਂ ਬਚਾਉਣ ਲਈ ਦਬਾਉ ਬਣਾਉਣ ਦੀ ਸਮਰਥਾ ਰੱਖ ਸਕਦਾ ਹੋਵੇ।
ਸ਼ਾਇਦ ਇਸੇ ਸੋਚ ਦਾ ਸਿੱਟਾ ਸੀ ਕਿ ‘ਤੱਤ ਗੁਰਮਤਿ ਪ੍ਰਵਾਰ’ ਹੋਂਦ ਵਿੱਚ ਆਇਆ ਪਰ ਮੈਨੂੰ ਉਨ੍ਹਾਂ ਜਾਣਬੁੱਝ ਕੇ ਉਸ ਪ੍ਰਵਾਰ ਤੋਂ ਬਾਹਰ ਰੱਖਿਆ ਕਿਉਂਕਿ ਉਹ ਸਾਰੇ ਚਾਹੁੰਦੇ ਸਨ ਕਿ ਗੁਰਮਤਿ ਦੀ ਸੂਝ ਰੱਖਣ ਵਾਲੇ ਪੱਤਰਕਾਰਾਂ ਨੂੰ ਸਪੋਕਸਮੈਨ ਛੱਡਣਾ ਨਹੀਂ ਚਾਹੀਦਾ, ਨਹੀਂ ਤਾਂ ਉਨ੍ਹਾਂ ਦੀ ਥਾਂ ਕਿੱਤਾਵਰ ਪੱਤਰਕਾਰ ਆ ਜਾਣਗੇ, ਜਿਸ ਕਰਕੇ ਜਿਤਨਾ ਲਾਹਾ ਹੁਣ ਮਿਲ ਰਿਹਾ ਹੈ, ਉਹ ਵੀ ਬੰਦ ਹੋ ਜਾਵੇਗਾ। ਤੱਤ ਗੁਰਮਤਿ ਵਾਲਿਆਂ ਦੀ ਇਸ ਮਜ਼ਬੂਰੀ ਦਾ ਸ: ਜੋਗਿੰਦਰ ਸਿੰਘ ਨੂੰ ਭਲੀਭਾਂਤ ਪਤਾ ਹੈ, ਇਸ ਲਈ ਉਹ ਵੀ ਸਾਰਿਆਂ ਨੂੰ ਇਸੇ ਮਜ਼ਬੂਰੀ ਕਾਰਨ ਦਬਾਅ ਕੇ ਰੱਖਦਾ ਹੈ ਅਤੇ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਕਿ ਉਹ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਉਨ੍ਹਾਂ ਨਾਲ ਕਰ ਸਕਣ।
ਸ: ਜੋਗਿੰਦਰ ਸਿੰਘ ਦੇ ਇੱਕ ਸਭ ਤੋਂ ਨਜਦੀਕੀ ਸਮਰਥਕ ਨੇ ਮੇਰੇ ਨਾਲ ਇਕੱਠਿਆਂ ਸਫ਼ਰ ਕਰਦਿਆਂ ਭੇਦ ਖੋਲ੍ਹਿਆ ਕਿ ਇੱਕ ਰਾਤ ਸ: ਜੋਗਿੰਦਰ ਸਿੰਘ ਜੀ ਕੋਲ ਬਿਤਾਉਣੀ ਪਈ ਤਾਂ ਉਨ੍ਹਾਂ ਦੱਸਿਆ ਕਿ ‘‘ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਜਿਹੜੇ ਅੱਜ ਉਨ੍ਹਾਂ ਦੇ ਨਾਲ ਖੜ੍ਹੇ ਹਨ, ਉਨ੍ਹਾਂ ਵਿੱਚੋਂ ਕੋਈ ਵੀ ਸਿਰੇ ਤੱਕ ਸਾਡੇ ਨਾਲ ਨਿਭ ਨਹੀਂ ਸਕਦਾ, ਇਨ੍ਹਾਂ ਸਭ ਨੇ ਇੱਕ ਇੱਕ ਕਰਕੇ ਛੱਡ ਜਾਣਾ ਹੈ ਪਰ ਮੈਨੂੰ ਕੋਈ ਚਿੰਤਾ ਨਹੀਂ ਕਿਉਂਕਿ ਕਾਫ਼ਲੇ ’ਚੋਂ ਜਿਤਨੇ ਕੁ ਬੰਦੇ ਛੱਡਣਗੇ, ਉਨ੍ਹਾਂ ਦੀ ਥਾਂ ਹੋਰ ਲੈਂਦੇ ਰਹਿਣਗੇ।’’ ਉਸ ਸਮਰਥਕ ਨੇ ਸ: ਜੋਗਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਲਈ ਅਰਦਾਸ ਕਰੋ ਕਿ ਉਹ ਅਖੀਰ ਤੱਕ ਉਨ੍ਹਾਂ ਨਾਲ ਨਿਭ ਸਕਣ। ਉਹ ਸਮਰਥਕ ਅੱਜ ਵੀ ਉਨ੍ਹਾਂ ਨਾਲ ਡਟ ਕੇ ਖੜ੍ਹਾ ਹੈ। ਕਿਤਨਾ ਚੰਗਾ ਹੁੰਦਾ ਜੇ ਸ: ਜੋਗਿੰਦਰ ਸਿੰਘ ਨਾਲ ਨਿੱਭਣ ਦੀਆਂ ਅਰਦਾਸਾਂ ਕਰਨ ਵਾਲੇ, ਕਿਸੇ ਵਿਅਕਤੀ ਦੇ ਨਾਲ ਨਿੱਭਣ ਦੀ ਥਾਂ ਗੁਰੂ ਗੰ੍ਰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦੀਆਂ ਅਰਦਾਸਾਂ ਕਰਨ।
ਮੈਨੁੂੰ ਇਹ ਇਤਰਾਜ ਨਹੀਂ ਕਿ ਸਿਧਾਂਤ ਨੂੰ ਸਮਝਣ ਵਾਲੇ ਵੀ ਬਹੁਤ ਸਾਰੇ ਅੱਜ ਵੀ ਉਨ੍ਹਾਂ ਦੇ ਨਾਲ ਕਿਉਂ ਖੜ੍ਹੇ ਹਨ? ਸਗੋਂ ਮੈਂ ਤਾਂ ਖ਼ੁਦ ਸ: ਜੋਸ਼ ਜੀ ਵਾਂਗ ਚਾਹੁੰਦਾ ਹਾਂ ਕਿ ਸਿਧਾਂਤ ਨੂੰ ਸਮਝਣ ਵਾਲੇ ਵੱਧ ਤੋਂ ਵੱਧ ਸਿੱਖ ਉਨ੍ਹਾਂ ਦੇ ਨਾਲ ਰਹਿਣ ਪਰ ਉਨ੍ਹਾਂ ਸਿੱਖਾਂ ’ਚ ਇਤਨਾ ਕੁ ਸਿੱਖੀ ਸਪਿਰਟ ਜਰੂਰ ਹੋਵੇ ਕਿ ਉਹ ਸਿਧਾਂਤ ਤੋਂ ਥਿੜਕਣ ਸਮੇਂ ਸ: ਜੋਗਿੰਦਰ ਸਿੰਘ ਤੋਂ ਸਪੱਸ਼ਟੀਕਰਨ ਮੰਗ ਕੇ ਉਨ੍ਹਾਂ ਨੂੰ ਸਿਧਾਂਤ ਤੋਂ ਥਿੜਕਣ ਤੋਂ ਬਚਾ ਕੇ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਦੂ ਦੀ ਕਬਰ ’ਤੇ ਤੀਰ ਨਾਲ ਨਮਸਕਾਰ ਕਰਨ ’ਤੇ ਸਿੱਖਾਂ ਵਲੋਂ ਤਨਖਾਹ ਲਾਉਣ ਵਾਲੀ ਸਾਖੀ ਦੀ ਸਿੱਖਿਆ ’ਤੇ ਪੂਰੇ ਉਤਰਣ ਦਾ ਸਬੂਤ ਦੇ ਸਕਣ। ਜਿੱਥੋਂ ਤੱਕ ਮੇਰਾ ਤਜ਼ਰਬਾ ਹੈ, ‘ਏਕਸ ਕੇ ਬਾਰਕ’ ਜਥੇਬੰਦੀ ਦੀ ਮੀਟਿੰਗ ’ਚ ਭਾਗ ਲੈਣ ਵਾਲਿਆਂ ’ਚੋਂ ਕਿਸੇ ਇੱਕ ਵਿੱਚ ਵੀ ਇਹ ਸਮਰਥਾ ਨਹੀਂ ਕਿ ਉਹ ਦਾਦੂ ਦੀ ਕਬਰ ਵਾਲੀ ਸਿੱਖਿਆ ’ਤੇ ਪੂਰਾ ਉਤਰ ਸਕੇ।
ਅਮਰੀਕਾ ’ਚ ਇੱਕ ਵੈਬਸਾਈਟ ਚਲਾ ਰਹੇ ਗੁਰਸਿੱਖ ਨੂੰ ਜਦ ਮੇਰਾ ਪਹਿਲਾ ਲੇਖ ‘‘ਇਹ ਕਹਿਣਾ ਕਿ ਗੁਰੂ ਨਾਨਕ ਨੇ ਆਪਣੇ ਹੱਥੀਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਨਹੀਂ ਦਿੱਤੀ, ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਅਗਿਆਨਤਾ ਅਤੇ ਸਿੱਖ ਧਰਮ ਲਈ ਬੇਹੱਦ ਨੁਕਸਾਨਦਾਇਕ ਹੈ’’ ਮਿਲਿਆ ਤਾਂ ਉਨ੍ਹਾਂ ਤੁਰੰਤ ਮੈਨੁੂੰ ਫੋਨ ਮਿਲਾ ਕੇ ਇਤਨੀ ਖੁਸ਼ੀ ਜ਼ਾਹਰ ਕੀਤੀ ਕਿ ਸ਼ਾਇਦ ਉਸ ਖੁਸ਼ੀ ਨੂੰ ਹੁਣ ਉਹ ਵੀ ਚੰਗੀ ਤਰ੍ਹਾਂ ਪ੍ਰਗਟ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ‘‘ਤੁਸੀਂ ਸਾਰੀਆਂ ਗੱਲਾਂ ਮੇਰੇ ਮਨ ਦੀਆਂ ਹੀ ਲਿਖੀਆਂ ਹਨ ਅਤੇ ਮੈਂ ਖ਼ੁਦ ਇਹ ਲਿਖਣਾ ਚਾਹੁੰਦਾ ਸੀ ਕਿ ਇਤਨੇ ਨੂੰ ਤੁਹਾਡਾ ਲੇਖ ਮਿਲ ਗਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੁੂੰ ਮਿਹਨਤ ਵੀ ਨਹੀਂ ਕਰਨੀ ਪਈ ਅਤੇ ਮੇਰੇ ਦਿਲ ਦੀਆਂ ਸਾਰੀਆਂ ਗੱਲਾਂ ਵੀ ਲਿਖ ਦਿੱਤੀਆਂ ਹਨ’’। ਉਨ੍ਹਾਂ ਮੈਨੂੰ ਲਾਈਨ ’ਤੇ ਰਹਿਣ ਲਈ ਕਹਿ ਕੇ ਤੁਰੰਤ ਹੀ ਇੱਕ ਪ੍ਰਸਿੱਧ ਪ੍ਰਚਾਰਕ ਨੂੰ ਲਾਈਨ ’ਤੇ ਲਿਆ ਕੇ ਉਨ੍ਹਾਂ ਨਾਲ ਗੱਲ ਵੀ ਕਰਵਾਈ, ਜਿਨ੍ਹਾਂ ਨੇ ਲੇਖ ਨਾਲ ਪੂਰਨ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਵੀਰ ਜੀ ਮੈਂ ਤਾਂ ਇਹ ਗੱਲਾਂ ਬਹੁਤ ਹੀ ਪਹਿਲਾਂ ਕਹਿ ਰਿਹਾ ਸੀ। ਇਹ ਸੁਣ ਕੇ ਉਹ ਵੈਬਸਾਈਟ ਚਲਾ ਰਹੇ ਵੀਰ ਨੇ ਕਿਹਾ ਕਿ ਜੇ ਇਹ ਸੱਚ ਹੈ ਤਾਂ ਆਪਾਂ ਨੂੰ ਤਾਂ ਸਪੋਕਸਮੈਨ ਵਾਲਾ ਰਾਹ ਛੱਡ ਕੇ ਆਪਣੇ ਹੀ ਰਸਤੇ ਤੁਰਨਾ ਚਾਹੀਦਾ ਹੈ।
ਪਰ ਬੀਤੇ ਦਿਨ ਮੈਨੂੰ ਸੁਖਜੀਤਪਾਲ ਸਿੰਘ ਭੁੱਚੋ ਮੰਡੀ ਤੋਂ ਸੁਣ ਕੇ ਹੈਰਾਨੀ ਹੋਈ, ਜਦੋਂ ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਵੈਬਸਾਈਟ ਚਲਾਉਣ ਵਾਲੇ ਉਸ ਵੀਰ ਜੀ ਨੇ ਕਿਹਾ ਕਿ ਉਨ੍ਹਾਂ ਸ: ਜੋਗਿੰਦਰ ਸਿੰਘ ਨਾਲ ਤਿੰਨ ਵਾਰ ਗੱਲ ਕੀਤੀ ਹੈ ਅਤੇ ਉਹ ਇਸ ਗੱਲ ਤੋਂ ਸਾਫ਼ ਮੁਕਰ ਰਹੇ ਹਨ ਕਿ ਉਨ੍ਹਾਂ ਕਦੀ ਵੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਨਾ ਦੇਣ ਦੀ ਗੱਲ ਕਹੀ ਹੈ। ਜੇ ਕਿਸੇ ਕੋਲ ਰੀਕਾਰਡਿੰਗ ਹੈ ਤਾਂ ਉਹ ਸੁਣਾਈ ਜਾਵੇ। ਉਸ ਵੀਰ ਨੇ ਅੱਗੇ ਕਿਹਾ ਕਿ ਅਸੀਂ ਬਿਨਾਂ ਸਬੂਤ ਕਿਸੇ ਵਿਰੁੱਧ ਨਹੀਂ ਲਿਖ ਸਕਦੇ, ਇਸ ਲਈ ਕਿਰਪਾਲ ਸਿੰਘ ਬਠਿੰਡਾ ਦੇ ਲੇਖ ਅਸੀਂ ਵੈਬਸਾਈਟ ’ਤੇ ਨਹੀਂ ਪਾਏ, ਜਿਸ ਕਾਰਨ ਉਹ ਸਾਡੇ ਨਾਲ ਨਾਰਾਜ ਹੋ ਗਏ ਹਨ। ਹਾਲਾਂਕਿ ਮੈਂ ਉਨ੍ਹਾਂ ਨਾਲ ਨਰਾਜਗੀ ਪ੍ਰਗਟ ਤਾਂ ਕੀ ਕਰਨੀ ਸੀ, ਉਸ ਤੋਂ ਬਾਅਦ ਅੱਜ ਤੱਕ ਕਦੀ ਉਨ੍ਹਾਂ ਨਾਲ ਗੱਲ ਵੀ ਨਹੀਂ ਹੋਈ। ਉਨ੍ਹਾਂ ਨੁੂੰ ਮੈਂ ਆਪਣੇ ਵਲੋਂ ਲਿਖੇ ਜਾ ਰਹੇ ਲੇਖ ਲਗਾਤਾਰ ਭੇਜਦਾ ਆ ਰਿਹਾ ਹਾਂ ਅਤੇ ਕਦੀ ਕਦੀ ਚੈ¤ਕ ਵੀ ਕਰ ਲੈਂਦਾ ਹਾਂ ਕਿ ਉਨ੍ਹਾਂ ਦੀ ਵੈਬਸਾਈਟ ’ਤੇ ਲਗਾਤਾਰ ਮੇਰੇ ਲੇਖ ਪਾਏ ਜਾ ਰਹੇ ਹਨ। ਸਿਰਫ਼ ਇੱਕ ਲੇਖ ‘‘ਬ੍ਰਾਹਮਣਵਾਦ ਵਿਰੁੱਧ ਲੜਨ ਦਾ ਝੰਡਾਬਰਦਾਰ, ਖ਼ੁਦ ਹੋਇਆ ਬ੍ਰਾਹਮਣਵਾਦ ਦਾ ਸ਼ਿਕਾਰ’’ ਉਨ੍ਹਾਂ ਦੀ ਵੈਬਸਾਈਟ ’ਤੇ ਨਹੀਂ ਮਿਲਿਆ ਸੀ, ਇਸ ਲਈ ਪੰਜਾਬ ’ਚ ਰਹਿ ਰਹੇ ਉਨ੍ਹਾਂ ਦੇ ਇੱਕ ਜਾਣਕਾਰ ਨਾਲ ਸੁਭਾਵਿਕ ਹੀ ਗੱਲ ਕੀਤੀ ਕਿ ਮੇਰਾ ਪਹਿਲਾ ਲੇਖ ਜਾਣ ’ਤੇ ਤਾਂ ਵੀਰ ਜੀ ਨੇ ਬੜਾ ਉਤਸ਼ਾਹ ਵਿਖਾਇਆ ਪਰ ਸਪੋਕਸਮੈਨ ਦੀ ਲਿਖਤ ’ਚੋਂ ਹੀ ਸਬੂਤਾਂ ਦੇ ਅਧਾਰ ’ਤੇ ਲਿਖਿਆ ਲੇਖ ਉਨ੍ਹਾਂ ਨਹੀਂ ਪਾਇਆ ਅਤੇ ਨਾ ਹੀ ਮੁੜ ਉਨ੍ਹਾਂ ਮੇਰੇ ਨਾਲ ਗੱਲ ਹੀ ਕੀਤੀ ਹੈ। ਹਾਲਾਂਕਿ ਪਹਿਲਾਂ ਉਹ ਮੇਰੇ ਨਾਲ ਸਮੇਂ ਸਮੇਂ ਸਿਰ ਗੱਲ ਕਰਦੇ ਰਹਿੰਦੇ ਸਨ। ਸੁਖਜੀਤਪਾਲ ਸਿੰਘ ਵਲੋਂ ਮਿਲੇ ਸੁਨੇਹੇ ਪਿੱਛੋਂ ਮੈਂ ਉਨ੍ਹਾਂ ਦੀ ਵੈਬਸਾਈਟ ਮੁੜ ਧਿਆਨ ਨਾਲ ਚੈ¤ਕ ਕੀਤੀ ਤਾਂ ਵੇਖਿਆ ਕਿ ਸਪੋਕਸਮੈਨ ਨਾਲ ਸਬੰਧਤ ਸਾਰੇ ਲੇਖ ਉਤਾਰੇ ਜਾ ਚੁੱਕੇ ਸਨ ਜਦੋਂ ਕਿ ਬਾਕੀ ਦੇ ਲੇਖ ਨਿਰੰਤਰ ਪਾਏ ਜਾ ਰਹੇ ਹਨ।
ਮੈਨੁੂੰ ਇਹ ਇਤਰਾਜ਼ ਨਹੀਂ ਕਿ ਸਪੋਕਸਮੈਨ ਨਾਲ ਸਬੰਧਤ ਲੇਖ ਕਿਉਂ ਉਤਾਰ ਦਿੱਤੇ ਗਏ ਪਰ ਉਨ੍ਹਾਂ ਨੂੰ ਇਤਨੀ ਕੁ ਬੇਨਤੀ ਤਾਂ ਕਰਨੀ ਚਾਹਾਂਗਾ ਕਿ ਉਹ ਸ: ਜੋਗਿੰਦਰ ਸਿੰਘ ਨੂੰ ਇਤਨਾ ਤਾਂ ਪੁੱਛ ਸਕਦੇ ਸਨ ਕਿ ਜੇ ਕਿਸੇ ਨੇ ਰਿਕਾਰਡਿੰਗ ਨਹੀਂ ਕੀਤੀ ਤਾਂ ਕੀ ਕੋਈ ਸਿੱਖ ਗੁਰੂ ਗੰ੍ਰਥ ਸਾਹਿਬ ਅਤੇ ਸੰਗਤ ਦੀ ਹਜੂਰੀ ’ਚ ਕਹੇ ਗਏ ਸ਼ਬਦਾਂ ਤੋਂ ਮੁੱਕਰ ਸਕਦਾ ਹੈ। ਜੇ ਕੱਲ੍ਹ ਨੂੰ ਉਨ੍ਹਾਂ ਦੇ ਕਹੇ ਹੋਏ ਸ਼ਬਦਾਂ ਦੀ ਰਿਕਾਰਡਿੰਗ ਵੀ ਕੋਈ ਸੁਣਾ ਦੇਵੇ ਤਾਂ ਉਹ ਮੇਨਕਾ ਗਾਂਧੀ ਦੇ ਪੁੱਤਰ ਵਾਂਗ ਕਹਿ ਸਕਦੇ ਹਨ ਕਿ ਇਹ ਤਾਂ ਅਵਾਜ਼ ਹੀ ਉਨ੍ਹਾਂ ਦੀ ਨਹੀਂ, ਇਸ ਸੀ.ਡੀ. ਵਿੱਚ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਤੋਂ ਪੁੱਛਣਾ ਚਾਹੀਦਾ ਸੀ ਕਿ 26 ਜੁਲਾਈ 09 ਦੇ ਸਪੋਕਸਮੈਨ ਅੰਕ ’ਚ ‘ਨਿਜੀ ਡਾਇਰੀ ਦੇ ਪੰਨੇ’ ਉ¤ਤੇ ‘‘ਨਵੇਂ ਪੁਰਾਣੇ ਸਾਰੇ ਹੀ ਧਰਮਾਂ ਦੇ ਵੈਕੂਇਮ ਕਲੀਨਰ ਖ਼ਰਾਬ ਕਿਉਂ ਹੋ ਗਏ ਹਨ’’ ਸਿਰਲੇਖ ਹੇਠ ਛਪੇ ਲੇਖ ’ਚ ਇੱਕ ਅਮਰੀਕਨ ਪ੍ਰੋ: ਨਾਲ ਹੋਈ ਗੱਲਬਾਤ ਨੂੰ ਰੋਚਕ ਢੰਗ ਨਾਲ ਪੇਸ਼ ਕਰਦੇ ਹੋਏ ਲਿਖ ਰਹੇ ਹਨ ਕਿ ‘‘ਗੁਰੂ ਨਾਨਕ ਨੇ ਸ਼ਬਦ ਨੂੰ ਗੁਰੂ ਮੰਨ ਲਿਆ ਤੇ ਇਹ ਵੀ ਕਹਿ ਦਿੱਤਾ ਕਿ ਦੇਹਧਾਰੀ ਮਨੁੱਖ ਗੁਰੂ ਨਹੀਂ ਹੋ ਸਕਦਾ ਤਾਂ ਫਿਰ ਤੁਸੀਂ ਦਸਾਂ ਗੁਰੂਆਂ ਨੂੰ ਗੁਰੂ ਕਿਵੇਂ ਮੰਨਦੇ ਹੋ? ਕੀ ਉਹ ਦੇਹਧਾਰੀ ਗੁਰੂ ਨਹੀਂ ਸਨ’’?
23 ਸਤੰਬਰ ਨੂੰ ਗੁਰਬਖਸ਼ ਸਿੰਘ ਦਾ ਲੇਖ ‘ਸ਼ਬਦ ਗੁਰੂ ਜੁਗ ਚਾਰੇ ਅਉਧੂ’ ਸਿਰਲੇਖ ਹੇਠ ਛਾਪਿਆ ਗਿਆ, ਜਿਸ ਵਿੱਚ ਲੇਖਕ ਨੇ ਗੁਰਬਾਣੀ ਦੀਆਂ ਤੁਕਾਂ ਲਿਖੇ ਤੋਂ ਬਿਨਾਂ ਸਿੱਧੇ ਪੰਨਾਂ ਨੰ: ਹੀ ਦੇ ਦਿੱਤੇ ਜਦੋਂ ਕਿ ਦਿੱਤੇ ਗਏ ਪੰਨਿਆਂ ‘ਤੇ ਗੁਰੂ ਨਾਨਕ ਦੀ ਬਾਣੀ ਹੀ ਦਰਜ਼ ਨਹੀਂ ਹੈ। ਇਸ ਲੇਖ ਵਿੱਚ ਉਨ੍ਹਾਂ ਅਖੀਰ ਸਿੱਟਾ ਕੱਢ ਦਿੱਤਾ ਕਿ ਬਾਬੇ ਨਾਨਕ ਨੇ ਕਿਤੇ ਵੀ ਬਾਣੀ ਵਿੱਚ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ, ਨਾ ਕੋਈ ਗੱਦੀ ਹੀ ਚਲਾਈ। ਕੀ ਇਹ ਦੋਵੇਂ ਲੇਖ ਸਿੱਧ ਨਹੀਂ ਕਰਦੇ ਕਿ ਜੋਗਿੰਦਰ ਸਿੰਘ ਨਹੀਂ ਮੰਨਦੇ ਕਿ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ ਹੋਵੇ? ‘‘ਸਚੁ ਸੁਣਾਇਸੀ ਸਚ ਕੀ ਬੇਲਾ’’ ਦਾ ਸਿਧਾਂਤ ਦੇਣ ਵਾਲੇ ਵਲੋਂ ਲਿਖਣੀ ਤੇ ਕਹਿਣੀ ਦਾ ਫ਼ਰਕ ਕਦੀ ਉਨ੍ਹਾਂ ਦੀ ‘‘ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।’’ (ਪੰਨਾ 488) ਵਾਲੀ ਸਥਿੱਤੀ ਤਾਂ ਨਹੀਂ ਦਰਸਾ ਰਹੇ।
ਜੇ ਉਹ ਦਲੀਲ ਦਿੰਦੇ ਹਨ ਕਿ ਇਹ ਲੇਖ ਤਾਂ ਉਸਾਰੂ ਬਹਿਸ ਚਲਾਉਣ ਲਈ ਛਾਪੇ ਗਏ ਹਨ, ਤਾਂ ਇਨ੍ਹਾਂ ਸਤਰਾਂ ਦੇ ਲਿਖਾਰੀ ਵਲੋਂ, ਗੁਰੂ ਗੰ੍ਰਥ ਸਾਹਿਬ ’ਚ ਦਰਜ਼ ਸੱਤੇ ਬਲਵੰਡ ਦੀ ਵਾਰ, ਭੱਟਾਂ ਦੇ ਸਵੱਈਏ ਅਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ’ਚੋਂ ਉਦਾਹਰਣਾਂ ਦੇ ਕੇ ਲਿਖਿਆ ਲੇਖ ਕਿਉਂ ਨਹੀਂ ਛਾਪਿਆ, ਜਿਸ ਵਿੱਚ ਸਿੱਧ ਕੀਤਾ ਗਿਆ ਸੀ ਕਿ ਗੁਰੂ ਨਾਨਕ ਨੇ ਆਪਣੇ ਹੱਥੀਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ ਸੀ? ਸ: ਸੁਖਜੀਤ ਪਾਲ ਸਿੰਘ ਭੁੱਚੋ ਮੰਡੀ ਵਲੋਂ ਲਿਖਿਆ ਲੇਖ ਜਿਸ ਵਿੱਚ ਉਨ੍ਹਾਂ ਗੁਰੂ ਗੰ੍ਰਥ ਸਾਹਿਬ ’ਚ ਉਹ ਤੁਕਾਂ ਦਰਜ਼ ਕੀਤੀਆਂ ਸਨ, ਜਿਨ੍ਹਾਂ ’ਚ ਚੌਥੇ ਅਤੇ ਪੰਜਵੇਂ ਗੁਰੂ ਸਾਹਿਬ ਨੇ ਬਾਬਾ ਨਾਨਕ ਨੂੰ ‘ਗੁਰੂ’ ਨਾਨਕ ਲਿਖਿਆ ਹੈ? ਕੀ ਇੱਕ-ਪਾਸੜ ਲੇਖ ਲਿਖੇ ਜਾਣਾ ਅਤੇ ਦੂਸਰੇ ਪੱਖ ਦੇ ਲੇਖਾਂ ਨੂੰ ਛਾਪਣ ਅਤੇ ਜਵਾਬ ਇਹ ਕਹਿ ਕੇ ਦੇਣਾ ਕਿ ‘‘ਅਸੀਂ ਚੂਹੇ, ਬਿਲੀਆਂ ਅਤੇ ਕਾਵਾਂ, ਚਿੜੀਆਂ ਦਾ ਜਵਾਬ ਨਹੀਂ ਦਿੰਦੇ’’, ਆਪਣੇ ਵਲੋਂ ਹੀ ‘ਰੋਸ ਨ ਕੀਜੈ, ਉਤਰ ਦੀਜੈ।।’’ ਦੇ ਦਿੱਤੇ ਸਿਧਾਂਤ ਦੀ ਉਲੰਘਣਾ ਨਹੀਂ?
ਆਪਣੀ ਖੁਸ਼ਾਮਦ ’ਚ ਲਿਖਿਆ ਹਰ ਪੱਤਰ ਅਤੇ ਬਿਆਨ ਤਾਂ ਬੜੀ ਪ੍ਰਮੁੱਖਤਾ ਨਾਲ ਛਾਪਦੇ ਹਨ, ਜਿਵੇਂ ਕਿ 27 ਸਤੰਬਰ ਨੂੰ ਮੇਜਰ ਸਿੰਘ, ਰਣਜੀਤ ਕੌਰ ਤੇ ਸਾਥੀਆਂ ਦੇ ਨਾਮ ਹੇਠ ਪੱਤਰ ਛਪਿਆ ਹੈ, ‘‘ਸਪੋਕਸਮੈਨ ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲੇ ਛੋਟੇ ਪਰਚੇ ਤੇ ਉਨ੍ਹਾਂ ਦੇ ਸੰਪਾਦਕ ਚੰਗਾ ਕਰਨ ਤਾਂ ਅਜਿਹੇ ਬੇਮਿਸਾਲ ਸੰਪਾਦਕ (ਸ: ਜੋਗਿੰਦਰ ਸਿੰਘ) ਦੇ ਪੈਰ ਧੋ ਧੋ ਕੇ ਸਾਡੇ ਛੋਟੇ ਪੱਤਰਕਾਰਾਂ ਨੂੰ ਪੀਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਵੀ ਲਿਖਣ ਅਤੇ ਦਲੀਲ ਦੇਣ ਦੀ ਕੁਝ ਜਾਂਚ ਆ ਜਾਵੇ।’’ ਸਾਰਾ ਪੱਤਰ ਪੜ੍ਹਿਆਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਛੋਟੇ ਪੱਤਰਕਾਰਾਂ ਨੂੰ ‘ਸ਼ਰਮ ਨਹੀਂ’ ਅਤੇ ‘ਭਉਂ ਭਉਂ ਕਰਦੇ ਰਹਿੰਦੇ ਹਨ’ ਆਦਿ ਅਸੱਭਿਅਕ ਸ਼ਬਦ ਵਰਤੇ ਹਨ ਪਰ ਇਸ ਦੇ ਬਾਵਜੂਦ ਵਿਚਾਰਧਾਰਕ ਵਿਰੋਧ ਕਰਨ ਵਾਲਿਆਂ ਪ੍ਰਤੀ ਚੂਹੇ, ਬਿੱਲੀਆਂ, ਕਾਵਾਂ, ਚਿੜੀਆਂ’ ਸ਼ਬਦ ਲਿਖਣ ਵਾਲੇ ਸੰਪਾਦਕ ਨੂੰ ਤਾਂ ਦੁਸ਼ਮਣ ਨੂੰ ਵੀ ਕੀਲ ਲੈਣ ਵਾਲੀ ਦਲੀਲ ਦੇਣ ਵਾਲੇ ਦੱਸ ਰਹੇ ਹਨ। ਪਰ ਜਿਹੜੇ ਸੰਪਾਦਕ ਨੇ ਪਾਠਕਾਂ ਵਲੋਂ ਆਏ ਲੇਖ ਛਾਪ ਕੇ ਆਪਣੀ ਸੰਪਾਦਕੀ ਟਿੱਪਣੀ ਲਿਖ ਕੇ ਸਪੋਕਸਮੈਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵਲੋਂ ਇਸ ਦਾ ਉਤਰ ਭੇਜਣ ਤਾਂ ਉਹ ਛਾਪ ਦਿੱਤਾ ਜਾਵੇਗਾ, ਜੇ ਉਹ ਸਮਝਦੇ ਹਨ ਕਿ ਇੱਕ ਮਾਸਕ ਪਰਚੇ ਨੂੰ ਉਹ ਆਪਣਾ ਸਪੱਸ਼ਟੀਕਰਨ ਕਿਉਂ ਦੇਣ ਤਾਂ ਉਹ ਆਪਣੇ ਅਖ਼ਬਾਰ ਦੀ ਸੰਪਾਦਕੀ ’ਚ ਜਵਾਬ ਦੇਣ। ਇਤਨਾ ਲਿਖਣ ਵਾਲੇ ਦੀ ਕਲਮ ਸ: ਜੋਗਿੰਦਰ ਸਿੰਘ ਅਤੇ ਉਸ ਦੇ ਹਮਾਇਤੀਆਂ ਨੂੰ ਡਾਂਗ ਵਰਗੀ ਦਿੱਸ ਰਹੀ ਹੈ। ਹੈ ਨਾਂ ‘ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੇ ਘਰ ਲੱਗੀ ਬੈਸੰਤਰ’ ਵਾਲੀ ਗੱਲ। ਇਹ ਪੱਤਰ ਲਿਖਣ ਵਾਲਿਆਂ ਦਾ ਫੋਨ ਨੰ: ਹੀ ਨਹੀਂ ਸੀ ਦਿੱਤਾ, ਨਹੀਂ ਤਾਂ ਮੈਂ ਉਨ੍ਹਾਂ ਤੋਂ ਲਿਖਣ ਦਾ ਸਲੀਕਾ ਜ਼ਰੂਰ ਪੁੱਛਣਾ ਸੀ ਅਤੇ ਉਨ੍ਹਾਂ ਵਲੋਂ ਲਿਖੀ ਹੋਈ ਚਿੱਠੀ ਉਨ੍ਹਾਂ ਦੀ ਹੀ ਸਲੀਕੇ ਵਾਲੀ ਜ਼ੁਬਾਨ ’ਚੋਂ ਜਰੂਰ ਸੁਣਨੀ ਸੀ।
ਸ: ਜੋਗਿੰਦਰ ਸਿੰਘ ਆਪਣੇ ਹੀ ਬਣਾਏ ਅਸੂਲਾਂ ਦੀ ਉਲੰਘਣਾ ਕਿਸ ਤਰ੍ਹਾਂ ਕਰਦੇ ਹਨ, ਉਹ ਇਸ ਤੋਂ ਪਤਾ ਲੱਗਦਾ ਹੈ ਕਿ ਗੁਰਿੰਦਰ ਸਿੰਘ ਕੋਟਕਪੂਰਾ ਰਾਹੀਂ ਸੁਖਜੀਤਪਾਲ ਸਿੰਘ ਨੂੰ ਇਹ ਸੁਨੇਹਾ ਮਿਲਿਆ ਕਿ ਤੁਹਾਡਾ ਲੇਖ ਕਿਰਪਾਲ ਸਿੰਘ ਦੇ ਲੇਖ ਦੀ ਨਕਲ ਹੈ, ਇਸ ਲਈ ਨਹੀਂ ਛਪ ਸਕਦਾ, ਹਾਲਾਂਕਿ ਉਹ ਲੇਖ ਸ: ਸੁਖਜੀਤਪਾਲ ਸਿੰਘ ਦੀ ਨਿਰੋਲ ਆਪਣੀ ਰਚਨਾ ਹੈ। ਹੋਰ ਦੋਸ਼ ਲਾਏ ਗਏ ਕਿ ਸੁਖਜੀਤਪਾਲ ਸਿੰਘ, ਕਿਰਪਾਲ ਸਿੰਘ ਦਾ ਬੰਦਾ ਹੈ ਅਤੇ ਇਹ ਲੇਖ ਪਹਿਲਾਂ ਕਿਸੇ ਹੋਰ ਅਖਬਾਰ ’ਚ ਛਪ ਗਿਆ ਹੈ। ਇਸ ਲਈ ਸਪੋਕਸਮੈਨ ਦਾ ਅਸੂਲ ਹੈ ਕਿ ਪਹਿਲਾਂ ਛਪੇ ਕਿਸੇ ਲੇਖ ਜਾਂ ਪੱਤਰ ਨੂੰ ਉਹ ਆਪਣੇ ਅਖ਼ਬਾਰ ’ਚ ਨਹੀਂ ਛਾਪਦੇ। ਜੇ ਲੇਖ ਹੋਰ ਥਾਂ ਛਪ ਗਿਆ (ਹਾਲਾਂਕਿ ਲੇਖ ਤਾਂ ਸਾਰੇ ਥਾਂ ਇੱਕੇ ਦਿਨ ਹੀ ਭੇਜਿਆ ਸੀ, ਜੇ ਸਪੋਕਸਮੈਨ ਨੇ ਪਹਿਲਾਂ ਨਹੀਂ ਛਾਪਿਆ ਤਾਂ ਇਹ ਉਸ ਦੀ ਢਿੱਲ ਹੈ) ਤਾਂ ਘੱਟ ਤੋਂ ਘੱਟ ਉਸ ਦਾ ਜਵਾਬ ਹੀ ਦਿੱਤਾ ਜਾਵੇ। ਸਪੋਕਸਮੈਨ ’ਚ ਛਪੇ ਲੇਖ ਦਾ ਗੁਰਬਾਣੀ ਦੇ ਅਧਾਰ ’ਤੇ ਜਵਾਬ ਦੇਣ ਨੂੰ ਤਾਂ ਉਹ ਬਹਾਨਾ ਬਣਾਉਂਦੇ ਹਨ ਕਿ ਇਹ ਪਹਿਲਾਂ ਕਿਸੇ ਹੋਰ ਅਖ਼ਬਾਰ ਵਿੱਚ ਛਪ ਗਿਆ ਪਰ ਜਦੋਂ ਦਸਮ ਗ੍ਰੰਥ ਦੇ ਵਿਰੋਧ ਵਿੱਚ ਪ੍ਰੋ: ਦਰਸ਼ਨ ਸਿੰਘ ਦੀ ਸਾਰਥਕ ਮੁਹਿੰਮ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਨੂੰ ਵੇਖ ਕੇ ਉਨ੍ਹਾਂ ਦੀ ਸ਼ਖਸੀਅਤ ’ਤੇ ਧੱਬਾ ਲਾਉਣ ਦੀ ਗੱਲ ਆਈ, ਤਾਂ ਉਨ੍ਹਾਂ ਵਿਰੁੱਧ ਪਹਿਲਾਂ ਹੀ ਦੋ ਵਾਰ ਛਪ ਚੁੱਕਿਆ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦਾ ਪੱਤਰ ਇਨ੍ਹਾਂ ਨੇ ਆਪਣੇ ਅਖ਼ਬਾਰ ਵਿੱਚ ਤੀਜੀ ਵਾਰ ਕਿਸ ਅਧਾਰ ’ਤੇ ਛਾਪ ਦਿੱਤਾ? ਦੂਸਰੀ ਗੱਲ ਇਹ ਹੈ ਕਿ ਹਰ ਸੁਆਲ ਪੁੱਛਣ ਵਾਲੇ ਨੂੰ ਕਿਰਪਾਲ ਸਿੰਘ ਦਾ ਬੰਦਾ ਕਹਿਣਾ, ਉਸੇ ਤਰ੍ਹਾਂ ਤਾਂ ਨਹੀਂ ਕਿ ਉਹ ਮੈਨੂੰ ਆਪਣੇ ਪੰਥ ’ਚੋਂ ਛੇਕੀ ਬੈਠੇ ਹਨ ਅਤੇ ਜਿਹੜਾ ਵੀ ਮੇਰੇ ਨਾਲ ਬੋਲਚਾਲ ਰੱਖੇਗਾ, ਉਸ ਨੂੰ ਵੀ ਉਸੇ ਤਰ੍ਹਾਂ ਛੇਕਿਆ ਸਮਝਿਆ ਜਾਂਦਾ ਹੈ, ਜਿਵੇਂ ਕਿ ਤਖ਼ਤਾਂ ਦੇ ਜਥੇਦਾਰ ਹੁਕਮਨਾਮੇ ਜਾਰੀ ਕਰਦੇ ਹਨ ਕਿ ਛੇਕੇ ਹੋਏ ਵਿਅਕਤੀ ਨਾਲ ਵਰਤੋਂ ਵਿਹਾਰ ਕਰਨ ਵਾਲਾ ਵੀ ਪੰਥ ’ਚੋਂ ਛੇਕਿਆ ਸਮਝਿਆ ਜਾਵੇਗਾ?
‘ਏਕਸ ਕੇ ਬਾਰਕ’ ਜਥੇਬੰਦੀ ਦੇ ਮੈਂਬਰ ਤੇ ਮੁਖੀ ਇਤਨਾ ਕੁ ਜਰੂਰ ਸਮਝ ਲੈਣ ਕਿ ਸਿਰਫ਼ ਮੇਰਾ 10 ਹਜ਼ਾਰ ਰੁਪਏ ਲਾਈਫ਼ ਮੈਂਬਰਸ਼ਿਪ ਵਾਪਿਸ ਕਰਨ ਨਾਲ ਹੀ ਮੈਂ ਜਥੇਬੰਦੀ ’ਚੋਂ ਛੇਕਿਆ ਨਹੀਂ ਗਿਆ। ਮੈਂ ਗੁਰਮਤਿ ਲਹਿਰ ਦਾ ਵੀ ਮੈਂਬਰ ਸੀ ਅਤੇ ਏਕਸ ਕੇ ਬਾਰਕ ਜਥੇਬੰਦੀ ਬਣਾਉਣ ਸਮੇਂ ਪੁੱਛਿਆ ਗਿਆ ਸੀ ਕਿ ਪਹਿਲਾਂ ਚਾਲੂ ਕੀਤੇ ਗਏ ਗੁਰਮਤਿ ਲਹਿਰ ਫੰਡ ਦਾ ਕੀ ਬਣਿਆ ਤਾਂ ਸ: ਜੋਗਿੰਦਰ ਸਿੰਘ ਨੇ ਖ਼ੁਦ ਕਿਹਾ ਸੀ ਕਿ ਉਹ ਫ਼ੰਡ ਏਕਸ ਕੇ ਬਾਰਕ ਜਥੇਬੰਦੀ ’ਚ ਤਬਦੀਲ ਕਰ ਦਿੱਤਾ ਹੈ ਅਤੇ ਜਿਹੜੇ ਉਸ ਦੇ ਮੈਂਬਰ ਸਨ, ਉਹ ਇਸ ਨਵੀਂ ਜਥੇਬੰਦੀ ਦੇ ਵੀ ਮੈਂਬਰ ਹੋਣਗੇ। ਪੈਸੇ ਲੈ ਕੇ ਮੈਂਬਰਸ਼ਿਪ ਦੇਣ ਵਾਲੀ ਜਥੇਬੰਦੀ ਉਤਨਾ ਚਿਰ ਕਿਸੇ ਨੂੰ ਆਪਣੀ ਜਥੇਬੰਦੀ ’ਚੋਂ ਛੇਕ ਨਹੀਂ ਸਕਦੀ, ਜਿਤਨੀ ਦੇਰ ਉਸ ਦੇ ਵਿਆਜ ਸਹਿਤ ਪੈਸੇ ਵਾਪਿਸ ਮੋੜੇ ਨਹੀਂ ਜਾਂਦੇ।