

ਪੰਜਾਬ ਵਿੱਚ ਡੇਰੇ ਜ਼ਿਆਦਾ, ਸਕੂਲ ਘੱਟ
-ਇੰਡੀਆ ਅਵੇਅਰਨੈਸ ਬਿਉਰੋ -
ਪੰਜਾਬ ਦੇ ਰਵਾਇਤੀ ਸਮਾਜਕ ਢਾਂਚੇ ਵਿਚੋਂ ਸਿੱਖਿਆ ਦਾ ਅਲੋਪ ਹੋਣਾ ਸਮਾਜਕ ਬੁਰਾਈਆਂ ਦੇ ਵਧਣ ਅਤੇ ਨੈਤਿਕ ਕਰਦਾਂ-ਕੀਮਤਾਂ ਦੀ ਗਿਰਾਵਟ ਦਾ ਮੁੱਖ ਕਾਰਨ ਹੈ। ਪੰਜਾਬ ਵਿੱਚ ਵਿਦਿਅਕ ਸੰਸਥਾਵਾਂ ਦੇ ਮੁਕਾਬਲੇ ਧਾਰਮਕ ਸਥਾਨ, ਖ਼ਾਸ ਕਰਕੇ ਗੁਰਦੁਆਰੇ ਜਾਂ ਡੇਰੇ ਵੱਡੀ ਗਿਣਤੀ ਵਿੱਚ ਉਸਾਰੇ ਜਾ ਰਹੇ ਹਨ। ਸਿਰਫ਼ ਅੰਮ੍ਰਿਸਤਰ ਸ਼ਹਿਰ ਵਿੱਚ (ਜ਼ਿਲੇ ਵਿੱਚ ਨਹੀਂ) ਹਰ ਸਾਲ 4 ਗੁਰਦੁਆਰਿਆਂ ਦੀ ਉਸਾਰੀ ਹੁੰਦੀ ਹੈ। ਇਸ ਸ਼ਹਿਰ ਵਿੱਚ ਕੁੱਲ 132 ਗੁਰਦੁਆਰੇ ਹਨ। ਇਨ੍ਹਾਂ ਵਿਚੋਂ 107 ਗੁਰਦੁਆਰਿਆਂ ਦਾ ਸਿੱਖ ਗੁਰੂਆਂ, ਸਿੱਖ ਨਾਇਕਾਂ ਜਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ (ਯਾਨੀ ਇਹ ਸਭ ਗੁਰਦੁਆਰਿਆਂ ਦੇ ਨਾਂ ’ਤੇ ਉਸਾਰੇ ਗਏ ਡੇਰੇ ਹਨ)।
ਇਹ ਖ਼ੁਲਾਸਾ ਡਾ: ਮਿਹਰਬਾਨ ਸਿੰਘ ਨੇ ਆਪਣੀ ਨਵੀਂ ਛਪੀ ਕਿਤਾਬ ‘ਸਿੱਖ ਮਾਡਲ ਆਫ਼ ਐਜੂਕੇਸ਼ਨ ਫਾਰ ਕੰਪਲੀਟ ਲਿਵਿੰਗ : ਰੋਲ ਆਫ਼ ਗੁਰਦੁਆਰਾਜ਼’ ਵਿਚ ਕੀਤਾ ਹੈ। ਲੇਖਕ ਨੇ ਕਪੂਰਥਲਾ ਜ਼ਿਲੇ ਦੇ ਪਿੰਡ ਮੰਡ ਦੇ ਹਵਾਲੇ ਨਾਲ ਇਹ ਤੱਧ ਸਾਹਮਣੇ ਲਿਆਂਦਾ ਹੈ ਕਿ ਸਿੱਖ ਧਾਰਮਕ ਅਸਥਾਨਾਂ ਦੇ ਰਿਕਾਰਡ ਵਾਧੇ ਦੇ ਬਾਵਜੂਦ ਸਿੱਖਾਂ ਵਿੱਚ ਕੁਰਹਿਤਾਂ ਵੱਧ ਰਹੀਆਂ ਹਨ। ਅੰਮ੍ਰਿਤਧਾਰੀ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ। ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਸਮਾਜਕ ਬੁਰਾਈਆਂ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਆਦਰਸ਼ ਮਨੁੱਖ ਘੱਟਦੇ ਜਾ ਰਹੇ ਹਨ।
ਡਾ: ਮਿਹਰਬਾਨ ਸਿੰਘ ਨੇ ਆਪਣੀ ਇਸ ਖੋਜ ਪੁਸਤਕ ਦਾ ਅਧਾਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵੇਲਿਆਂ ਦੇ ਵਿਦਿਅਕ ਢਾਂਚ ਨੂੰ ਬਣਾਇਆ ਹੈ। ਮੁੱਖ ਨੁਕਤਾ ਇਹੀ ਰੱਖਿਆ ਹੈ ਕਿ ਵਿਦਿਆ ਨੂੰ ਧਰਮ ਨਾਲੋਂ ਤੋੜਨ ਕਾਰਨ ਵਿਦਿਅਕ ਢਾਂਚਾ ਰਸਾਤਲ ਵੱਲ ਗਿਆ ਹੈ। ਅਜ਼ਾਦੀ ਤੋਂ ਬਾਅਦ ਸਿੱਖ ਸੰਸਥਾਵਾਂ ਵਿੱਚ ਲਗਾਤਾਰ ਨਿਘਾਰ ਕਾਰਨ ਸਿੱਖ ਵਿਦਿਅਕ ਸੰਸਥਾਵਾਂ ਵੀ ਇਸੇ ਰਸਤੇ ਲੰਘ ਰਾਹੀਆਂ ਹਨ। ਅਜ਼ਾਦੀ ਤੋਂ ਬਾਅਦ ਸਿੱਖ ਵਿਦਿਅਕ ਸੰਸਥਾਵਾਂ ਦੀ ਗਿਣਤੀ ਵੀ ਲਗਾਤਾਰ ਘਟੀ ਹੈ। ਨਾਲ ਹੀ ਪਿਛਲੇ ਚਾਰ ਦਹਾਕਿਆਂ ਦੌਰਾਨ ਗੈਰ-ਇਤਿਹਾਸਕ ਗੁਰਦੁਆਰਿਆਂ (ਅਤੇ ਡੇਰਿਆਂ) ਦੀ ਗਿਣਤੀ ਵਧੀ ਹੈ।
ਇਸ ਕਿਤਾਬ ਵਿਚ ਅੰਮ੍ਰਿਤਸਰ ਸ਼ਹਿਰ ਬਾਰੇ ਜਿਹੜੀ ਸਰਵੇਖਣ ਰਿਪੋਰਟ ਲੇਖਕ ਨੇ ਪੇਸ਼ ਕੀਤੀ ਹੈ, ਉਹ ਅੱਖਾਂ ਖੋਲ੍ਹਣ ਵਾਲੀ ਹੈ। ਇਸ ਮੁਤਾਬਕ ਹਰ ਸਾਲ ਚਾਰ ਗੈਰ-ਇਤਿਹਾਸਕ ਗੁਰਦੁਆਰੇ ਬਣ ਰਹੇ ਹਨ। ਜੇ ਇਹੀ ਰਫ਼ਤਾਰ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ 20 ਸਾਲਾਂ ਵਿਚ ਅੰਮ੍ਰਿਤਸਰ ਅੰਦਰ ਹੀ 80 ਗੁਰਦੁਆਰੇ ਹੋਰ ਬਣ ਜਾਣਗੇ। ਹੁਣ ਦੇ ਹਿਸਾਬ ਇਹ ਵਾਧਾ 86 ਫ਼ੀਸਦੀ ਬਣਦਾ ਹੈ।
ਅੰਮ੍ਰਿਤਸਰ ’ਚ ਮੌਜੂਦ 132 ਗੁਰਦੁਆਰਿਆਂ ਵਿਚੋਂ 107 ਗੁਰਦੁਆਰੇ ਗੈਰ-ਇਤਿਹਾਸਕ ਹਨ। ਇਨ੍ਹਾਂ
ਵਿਚੋਂ 25 ਫੀਸਦੀ ਗੁਰਦੁਆਰੇ ਜਾਤ-ਸੰਪਰਦਾਵਾਂ ’ਤੇ ਅਧਾਰਿਤ ਹਨ ਅਤੇ 20 ਫੀਸਦੀ ਗੁਰਦੁਆਰੇ
ਵੱਖ-ਵੱਖ ਬਾਬਿਆਂ ਦੇ ਹਨ। ਦੂਜੇ ਪਾਸੇ ਇਸ ਇਲਾਕੇ ਵਿਚ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਸਿਰਫ਼ 23
ਹਨ। ਸਿੱਖਿਆ ਦੇ ਖੇਤਰ ’ਚ ਹਾਲਤ ਇਥੋਂ ਤੱਕ ਨਿਘਰ ਗਈ ਹੈ ਕਿ 5ਵੀਂ ਜਮਾਤ ਦੇ 53 ਫ਼ੀਸਦੀ ਬੱਚੇ
ਆਪਣੀ ਮਾਂ-ਬੋਲੀ ਪੰਜਾਬੀ ਪੜ੍ਹਨ ਜੋਗੇ ਨਹੀਂ। 25 ਫ਼ੀਸਦੀ ਬੱਚਿਆਂ ਨੂੰ ਪੈਂਤੀ ਲਿਖਣੀ ਨਹੀਂ
ਆਉਂਦੀ। ਇਸ ਮਾਮਲੇ ਵਿਚ ਲੇਖਕ ਦਾ ਸਰਲ ਸਵਾਲ ਹੈ - ਕੀ ਸਿੱਖ ਭਾਈਚਾਰਾ ਗੁਰਦੁਆਰਿਆਂ ਨੂੰ ਮੁੜ ਤੋਂ
ਉਸੇ ਤਰ੍ਹਾਂ ਸਿੱਖਿਆ ਦੇ ਸੋਮੇ ਬਣਾ ਸਕਦਾ ਹੈ, ਜਿਸ ਤਰ੍ਹਾਂ ਕਦੀ ਗੁਰੂ ਸਾਹਿਬਾਨ ਨੇ ਕੀਤਾ ਸੀ?
ਕਪੂਰਥਲਾ ਜ਼ਿਲੇ ਦੇ ਪਿੰਡ ਮੰਡ ਨੂੰ ਅਧਾਰ ਬਣਾ ਕੇ ਜੋ ਤੱਥ ਸਾਹਮਣੇ ਲਿਆਂਦੇ ਹਨ, ਉਹ ਵੀ ਅੱਖਾਂ
ਖੋਲ੍ਹਣ ਵਾਲੇ ਹਨ। ਲੇਖਕ ਦਸਦਾ ਹੈ ਕਿ ਇਸ ਪਿੰਡ ’ਚ 4 ਗੁਰਦੁਆਰੇ ਹਨ ਤੇ ਪਿੰਡ ਦੇ ਸਿਰਫ਼ ਚਾਰ ਹੀ
ਵਿਅਕਤੀ ਅੰਮ੍ਰਿਤਧਾਰੀ ਹਨ ਤੇ ਸਿਰਫ਼ 3 ਫੀਸਦੀ ਸਿੱਖ ਪਗੜ੍ਹੀ ਬੰਨਦੇ ਹਨ। ਅਖੰਡ ਪਾਠ ਤਾਂ ਬਹੁਤ
ਹੁੰਦੇ ਹਨ ਪਰ ਗੁਰਬਾਣੀ ਸੁਣਨ ਕੋਈ ਵਿਰਲਾ ਹੀ ਗੁਰੂ ਦੇ ਚਰਨਾਂ ’ਚ ਬੈਠਦਾ ਹੈ। ਪਿੰਡ ਦੇ 95
ਫੀਸਦੀ ਵਿਅਕਤੀਆਂ ਨੇ ਦਸਵੀਂ ਤੱਕ ਦੀ ਸਕੂਲੀ ਪੜ੍ਹਾਈ ਵੀ ਸਿਰੇ ਨਹੀਂ ਲਾਈ। ਪਿੰਡ ਦੇ ਨੌਜਵਾਨਾਂ
’ਚ ਵਿਦੇਸ਼ ਜਾਣ ਦੀ ਦੌੜ੍ਹ ਲੱਗੀ ਹੋਈ ਹੈ। ਪਿੰਡ ਦੀ ਕੁੱਲ ਅਬਾਦੀ 1063 ਹੈ।
ਸਿੰਘ ਸਭਾ ਲਹਿਰ ਦੇ ਅਸਰ ਹੇਠ ਸਿੱਖ ਐਜੂਕੇਸ਼ਨਲ ਕਾਨਫਰੰਸ 1908 ਵਿਚ ਬਣੀ ਸੀ ਅਤੇ ਇਸ ਕਾਨਫਰੰਸ ਦੀ ਕਾਇਮੀ ਦੇ ਪਹਿਲੇ ਦਹਾਕੇ ਦੌਰਾਨ ਹਰ ਸਾਲ 111 ਵਿਦਿਅਕ ਸੰਸਥਾਵਾਂ ਕਾਇਮ ਕੀਤੀਆਂ ਜਾਂਦੀਆਂ ਰਹੀਆਂ। ਬਾਅਦ ਵਿਚ ਇਹ ਰਫ਼ਤਾਰ ਜਾਰੀ ਨਾ ਰਹਿ ਸਕੀ। ਇਸ ਦਾ ਇਕ ਕਾਰਨ ਇਹ ਵੀ ਗਿਣਿਆ ਗਿਆ ਹੈ ਕਿ ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਧਰਮ-ਨਿਰਪੱਖ ਐਲਾਨ ਦਿੱਤਾ ਗਿਆ ਅਤੇ ਵਿਦਿਅਕ ਢਾਂਚੇ ਦੀ ਬੁਨਿਆਦ ਹੋਰ ਨੁਕਤੇ ਬਣ ਗਏ। ਮਾੜੇ ਵਿਦਿਅਕ ਢਾਂਚੇ ਬਾਰੇ ਲੇਖਕ ਹਾਰਵਰਡ ਯੂਨੀਵਰਸਿਟੀ ਅਤੇ ਸੰਸਾਰ ਬੈਂਕ ਦੇ ਤਾਜ਼ਾ ਸਰਵੇਖਣਾਂ ਦਾ ਹਵਾਲਾ ਦਿੰਦਾ ਹੈ।
ਇਕ ਸਰਵੇਖਣ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਬਾਰੇ ਹੈ। ਇਸ ਅਨੁਸਾਰ 12000 ਪ੍ਰਾਇਮਰੀ ਸਕੂਲਾਂ ਵਿਚੋਂ 1000 ਸਕੂਲ ਅਧਿਆਪਕਾ ਦੀ ਘਾਟ ਕਾਰਨ ਬੰਦ ਹੋ ਚੁੱਕੇ ਹਨ। 2500 ਸਕੂਲ ਅਜਿਹੇ ਹਨ, ਜਿੱਥੇ ਸਿਰਫ਼ ਇਕ ਅਧਿਆਪਕ ਰਹਿ ਗਿਆ ਹੈ। ਪੰਜ ਜਮਾਤਾਂ ਲਈ ਇਨ੍ਹਾਂ ਸਕੂਲਾਂ ਵਿਚ 2-2 ਕਮਰੇ ਹੀ ਹਨ। ਇਨ੍ਹਾਂ ਵਿਚੋਂ ਬਹੁਗਿਣਤੀ ਸਕੂਲ ਪਿੰਡਾਂ ਵਿਚ ਹਨ। ਸਿੱਟੇ ਵਜੋਂ ਪੇਂਡੂ ਵਿਦਿਆਰਥੀ ਲਗਾਤਾਰ ਪਛੜ ਰਹੇ ਹਨ। ਲੇਖਕ ਵਿਦਿਅਕ ਢਾਂਚੇ ਨੂੰ ਲੀਹ ’ਤੇ ਲਿਆਉਣ ਲਈ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਧਾਰ ਬਣਾਉਣ ’ਤੇ ਜ਼ੋਰ ਦਿੰਦਾ ਹੈ। ਗੁਰਬਾਣੀ ਦੇ ਹਵਾਲਿਆਂ ਨਾਲ ਲੇਖਕ ਦੱਸਦਾ ਹੈ ਕਿ ਇਨ੍ਹਾਂ ਸਿੱਖਿਆਵਾਂ ਨੂੰ ਵਿਸਾਰਨ ਦਾ ਖਾਮਿਆਜ਼ਾ ਕਿਸ ਤਰ੍ਹਾਂ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
(19 ਅਕਤੂਬਰ 2009 ਦੀ ‘ਪੰਜਾਬੀ ਟ੍ਰਿਬੀਊਨ’ ਵਿਚੋਂ ਧੰਨਵਾਦ ਸਹਿਤ)
- - - - -
ਸੰਪਾਦਕੀ ਟਿੱਪਣੀ : ਸਿੱਖਾਂ ਵਿੱਚ ਵਿਆਪਤ ਅੰਨ੍ਹੀ ਸ਼ਰਧਾ ਵਾਲੀ ਭਾਵਨਾ
ਅਤੇ ਦੂਰਦਰਸ਼ਿਤਾ ਦੀ ਕਮੀ ਕਾਰਨ ਬ੍ਰਾਹਮਣਵਾਦੀਆਂ ਅਤੇ ਧਰਮ ਨੂੰ ਵਪਾਰ ਦੇ ਤੌਰ ’ਤੇ ਵਰਤਣ ਵਾਲੇ
ਮਾਫੀਆ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਬੇਅੰਤ
ਗੁਰਦੁਆਰਿਆਂ ਅਤੇ ਡੇਰਿਆਂ ਦੀ ਉਸਾਰੀ ਕਰ ਦਿੱਤੀ ਹੈ। ਨਤੀਜਤਨ, ਸਿੱਖਾਂ ਦਾ ਬਹੁਤਾ ਪੈਸਾ ਇਨ੍ਹਾਂ
ਗੁਰਦੁਆਰਿਆਂ/ਡੇਰਿਆਂ (ਅਤੇ ਇਨ੍ਹਾਂ ਦੇ ਪ੍ਰਬੰਧਕਾਂ/ਬਾਬਿਆਂ) ਦੇ ਖਰਚੇ ਪੂਰੇ ਕਰਨ ਵਿੱਚ ਹੀ ਖ਼ਤਮ
ਹੋਈ ਜਾ ਰਿਹਾ ਹੈ। ਅਜਿਹੇ ਵਿੱਚ ਕੌਮ ਦੀ ਨਵੀਂ ਪਨੀਰੀ ਦਾ ਮਾਨਸਿਕ ਵਿਕਾਸ ਕਰਨ ਲਈ ਸਸਤੀ ਫੀਸ
ਵਾਲੇ ਉੱਚ ਪੱਧਰ ਦੇ ਸਕੂਲ-ਕਾਲਜ ਖੋਲ੍ਹਣ ਲਈ ਆਮ ਸਿੰਘ ਸਭਾਵਾਂ/ ਸੰਗਠਨਾਂ ਕੋਲ ਪੈਸਾ ਬਚਦਾ ਨਹੀਂ
ਅਤੇ ਵੱਡੀਆਂ
ਕਮੇਟੀਆਂ/ਡੇਰੇ ਅਜਿਹਾ ਕਰਦੇ ਨਹੀਂ (ਹਾਂ, ਮਹਿੰਗੀਆਂ ਫੀਸਾਂ ਵਾਲੇ ਸਕੂਲ ਖੋਲ੍ਹ ਕੇ ਮੋਟੀਆਂ
ਫੀਸਾਂ ਬਟੋਰਨ ਵਿੱਚ ਕੋਈ ਦੇਰ ਨਹੀਂ ਕੀਤੀ ਜਾਂਦੀ)। ਇਸ ਤਰ੍ਹਾਂ, ਸਿੱਖਿਅਕ ਤੌਰ ’ਤੇ ਕਮਜ਼ੋਰ ਹੋਣ
ਕਾਰਨ ਹੀ ਸਿੱਖ ਡੇਰੇਦਾਰਾਂ ਅਤੇ ਬ੍ਰਾਹਮਣਵਾਦੀਆਂ ਦੇ ਪ੍ਰਾਪੇਗੰਡਾ ਤੋਂ ਪ੍ਰਭਾਵਿਤ ਹੋ ਜਾਂਦੇ ਹਨ।
ਮਾਇਕ ਪੱਖੋਂ ਸੌਖੀਆਂ ਸਿੱਖ ਜਥੇਬੰਦੀਆਂ ਨੂੰ ਇਸ ਦਿਸ਼ਾ ਵਿੱਚ ਤੁਰੰਤ ਸਰਗਰਮ ਹੋ ਕੇ ਸਿੱਖ ਸਮਾਜ ਦੀ
ਮਦਦ ਕਰਨੀ ਚਾਹੀਦੀ ਹੈ।