Subscription About Us Contact Us


ਹੁਣ ਇੰਦਰ ਦਾ ਸਿੰਘਾਸਨ ਨਹੀਂ ਡੋਲਦਾ

-ਇੰਡੀਆ ਅਵੇਅਰਨੈਸ ਬਿਉਰੋ -

ਪੰਜਾਬ ਦੀ ਇੱਕ ਬੜੀ ਮਸ਼ਹੂਰ ਅਖੌਤ ਹੈ : ‘ਕੀਹਦੇ ਕੀਹਦੇ ਪੈਰੀਂ ਹੱਥ ਲਾਵਾਂ, ਸੰਤਾਂ ਦਾ ਵੱਗ ਫਿਰਦਾ’, ਜੋ ਇਹ ਸਪਸ਼ਟ ਕਰਦੀ ਹੈ ਕਿ ਇਸ ਇਲਾਕੇ ਵਿੱਚ ਲਮੇਂੇ ਸਮਿਆਂ ਤੋਂ ਸਾਧਾਂ-ਸੰਤਾਂ ਦਾ ਬੋਲਬਾਲਾ ਰਿਹਾ ਹੈ। ਇਕ ਸਮਾਂ ਸੀ, ਜਦੋਂ ਸੰਤ-ਮਹਾਤਮਾ ਸ਼ਹਿਰਾਂ ਤੋਂ ਬਾਹਰ ਰਿਹਾ ਕਰਦੇ ਸਨ; ਕੋਈ ਜੰਗਲਾਂ ਵਿੱਚ ਰਿਹਾ ਕਰਦਾ ਸੀ ਤੇ ਕੋਈ ਪਹੜਾ ਦੀਆਂ ਗੁਫਾਵਾਂ ਵਿੱਚ ਆਪਣਾ ਆਸਣ ਜਮਾ ਲੈਂਦਾ ਸੀ। ਕਿਹਾ ਜਾਂਦਾ ਹੈ ਕਿ ਆਪਣੀ ਤਪੱਸਿਆ ਦੇ ਬਲ ਨਾਲ ਉਹਨਾਂ ਵਿੱਚੋਂ ਕਈ ਇੰਦਰ ਦੇਵਤਾ ਤੱਕ ਦਾ ਸਿੰਘਾਸਨ ਹਿਲਾ ਦਿੰਦੇ ਸਨ ਤੇ ਇਸ ਗੱਲ ਤੋਂ ਇੰਦਰ ਦੇਵਤਾ ਅਕਸਰ ਪਰੇਸ਼ਾਨ ਰਿਹਾ ਕਰਦੇ ਸਨ। ਉਸਨੂੰ ਕਈ ਵਾਰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਸੰਤ ਕਿੱਥੇ ਬੈਠਾ ਉਸ ਦੇ ਸਿੰਘਾਸਨ ਦੀਆਂ ਚੂਲਾਂ ਹਿਲਾ ਰਿਹਾ ਹੈ। ਇਸ ਗੱਲ ਦਾ ਪਤਾ ਲਗਾਉਣ ਲਈ ਪਹਿਲਾਂ ਉਸ ਨੂੰ ਆਪਣੇ ਗੁਪਤਚਰ ਭੇਜਣੇ ਪੈਂਦੇ ਸਨ ਤੇ ਫਿਰ ਪਤਾ ਲੱਗਣ ’ਤੇ ਉਹ ਉਨ੍ਹਾਂ ਸੰਤਾਂ ਦੀ ਬਿਰਤੀ ਭੰਗ ਕਰਨ ਲਈ ਮੇਨਕਾ ਵਰਗੀਆਂ ਖੂਬਸੂਰਤ ਅਪਸਰਾਵਾਂ ਭੇਜਿਆ ਕਰਦਾ ਸੀ ਕਿ ਉਹ ਉ¤ਥੇ ਜਾ ਕੇ ਨਾਚ ਤੇ ਆਪਣੇ ਮਨਮੋਹਕ ਸਰੀਰ ਦਾ ਪ੍ਰਦਰਸ਼ਨ ਕਰਕੇ ਉਨ੍ਹਾਂ ਦੀ ਤਪੱਸਿਆ ਭੰਗ ਕਰਨ, ਤਾਂ ਜੁ ਉਸ ਦੇ ਸਿੰਘਾਸਨ ਨੂੰ ਕੋਈ ਖ਼ਤਰਾ ਪੈਦਾ ਨਾ ਹੋਵੇ। ਕਈ ਵਾਰ ਤਾਂ ਅਜਿਹਾ ਹੁੰਦਾ ਸੀ ਕਿ ਮੇਨਕਾਵਾਂ ਆਪਣੀ ਪੂਰੀ ਵਾਹ ਲਾਉਂਦੀਆਂ ਪਰ ਸੰਤ ਦੀ ਬਿਰਤੀ ਨਾ ਟੁੱਟਦੀ ਤੇ ਵਿਚਾਰੀ ਮੇਨਕਾ ਨੱਚ-ਨੱਚ ਕੇ ਐਨੀ ਥੱਕ-ਟੁੱਟ ਜਾਂਦੀ ਕਿ ਉਸ ਨੂੰ ਚੁੱਕ ਕੇ ਲਿਆਉਣਾ ਪੈਂਦਾ। ਕਈ ਵਾਰ ਤਾਂ ਪਹਾੜੀਆਂ ਜਾਂ ਜੰਗਲਾਂ ਵਿੱਚ ਨੱਚਦਿਆਂ ਮੇਨਕਾ ਦੇ ਪੈਰਾਂ ਨੂੰ ਮੋਚ ਆ ਜਾਂਦੀ ਜਾਂ ਕਈ ਵਾਰ ਡਿੱਗਣ ਨਾਲ ਲੱਤ-ਪੈਰ ਦੀ ਹੱਡੀ ਵੀ ਟੁੱਟ ਜਾਂਦੀ। ਕੋਈ ਵਿਰਲਾ ਸੰਤ ਹੀ ਅਜਿਹਾ ਹੁੰਦਾ ਹੋਵੇਗਾ, ਜੋ ਮੇਨਕਾਵਾਂ ਦਾ ਖ਼ਿਆਲ ਰੱਖ ਕੇ ਚੰਗੀ, ਸਾਫ਼-ਸੁਥਰੀ ਤੇ ਪੱਧਰੀ ਥਾਂ ਆਪਣੀ ਤਪੱਸਿਆ ਲਈ ਚੁਣਦਾ ਹੋਵੇ।

ਉਦੋਂ ਮੇਨਕਾਵਾਂ ਦਾ ਡੈਲੀਗੇਸ਼ਨ ਮਹਾਰਾਜਾ ਇੰਦਰ ਨੂੰ ਮੰਗ-ਪੱਤਰ ਦਿੰਦਿਆਂ ਹੋਇਆਂ ਇਹ ਕਿਹਾ ਕਰਦਾ ਹੋਵੇਗਾ ਕਿ ਮਹਾਰਾਜ, ਘੱਟੋ-ਘੱਟ ਸੰਤਾਂ ਨੂੰ ਇਹ ਤਾਂ ਕਿਹਾ ਕਰੋ ਕਿ ਉਹ ਤਪੱਸਿਆ ਲਈ ਵਧੀਆ, ਸਾਫ਼-ਸੁਥਰੀ ਤੇ ਪੱਧਰੀ ਥਾਂ ਚੁਣਿਆ ਕਰਨ, ਤਾਂ ਜੁ ਸਾਨੂੰ ਵੀ ਉਨ੍ਹਾਂ ਨੂੰ ਰਿਝਾਉਣ ਦਾ ਮੌਕਾ ਮਿਲੇ। ਹੁਣ ਤੱਕ ਅਸੀਂ ਕੋਈ ਅੱਸੀ ਸੰਤਾਂ ਦੀ ਬਿਰਤੀ ਭੰਗ ਕਰਨ ਵਾਸਤੇ ਗਈਆਂ ਹਾਂ, ਪਰ ਹਰੇਕ ਥਾਂ ਤੋਂ ਆਪਣੇ ਹੀ ਅੰਗ ਤੁੜਵਾ ਪਰਤੀਆਂ ਹਾਂ।

ਅੱਜ ਕਲ੍ਹ ਇੰਦਰ ਦੇਵਤਾ ਬੜੇ ਖੁਸ਼ ਅਤੇ ਸ਼ਾਂਤੀ ਵਿੱਚ ਹਨ ਤੇ ਉਨ੍ਹਾਂ ਨੂੰ ਕਿਸੇ ਪ੍ਰਤੀ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੈ। ਉਹ ਬਿਲਕੁਲ ਟੈਨਸ਼ਨ-ਮੁਕਤ ਹਨ ਕਿਉਂਕਿ ਇਸ ਜ਼ਮਾਨੇ ਦੀ ਗੱਲ ਕੁਝ ਹੋਰ ਹੈ। ਅੱਜ ਕੱਲ੍ਹ ਸੰਤ ਸ਼ਹਿਰ ਤੋਂ ਬਾਹਰ ਨਹੀਂ ਜਾਂਦੇ। ਇਹ ਸ਼ਹਿਰਾਂ ਵਿੱਚ ਹੀ ਸਿਆਸਤਦਾਨਾਂ ਨਾਲ ਮਿਲ ਕੇ ਲੋਕਾਂ ਦੀਾਂ ਜਾਂ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕਰਕੇ ਉ¤ਥੇ ਵੱਡੇ-ਵੱਡੇ ਆਸ਼ਰਮ ਤੇ ਡੇਰੇ ਉਸਾਰ ਲੈਂਦੇ ਹਨ, ਵਾਲਾਂ ਨੂੰ ਵਧੀਆ ਹਰਬਲ ਡਾਈ ਕਰਦੇਹ ਨ ਤੇ ਦਾੜ੍ਹੀ ਵਧੀਆ ਬਦੇਸ਼ੀ ਸ਼ੈਂਪੂ ਨਾਲ ਸਾਫ਼ ਕਰਦੇ ਹਨ, ਤਾਂ ਜੁ ਚਿਹਰਾ ਤੇ ਦਾੜ੍ਹੀ ਤਾਜ਼ੇ ਫੁੱਲ੍ਹ ਵਾਂਗ ਖਿੜੇ-ਖਿੜੇ ਲੱਗਣ। ਕਈ ‘ਸੰਤ’ ਸਿਰ ’ਤੇ ਖੂਬਸੂਰਤ ਰੰਗ-ਬਿਰੰਗੀ ਜਾਂ ਦੁੱਧ ਵਰਗੀ ਸਫੈਦ ਪੱਞ ਬੰਨ੍ਹਦੇ ਹਨ। ਆਪਣੀ ਛਵੀ ਸੁਧਾਰਨ ਲਈ ਸੁੰਦਰਤਾ ਮਾਹਰਾਂ ਦੀਆਂ ਸਲਾਹਾਂ ਲੈਂਦੇ ਹਨ ਅਤੇ ਪ੍ਰਵਚਨਾਂ ਦੀ ਰੀਹਰਸਲ ਕਰਦੇ ਹਨ। ਅਨੇਕਾਂ ਪ੍ਰਵਚਨ ਲੇਖਕਾਂ ਦੀ ਰੋਟੀ-ਰੋਜ਼ੀ ਤੇ ਦਾਰੂ-ਸਿੱਕਾ ਇਨ੍ਹਾਂ ਦੇ ਆਸ਼ਰਮਾਂ ਤੇ ਡੇਰਿਆਂ ਤੋਂ ਹੀ ਚੱਲਦਾ ਹੈ। ਇਨ੍ਹਾਂ ਦੀਆਂ ਅਲਮਾਰੀਆਂ ਹਰ ਧਰਮ ਦੀਆਂ ਪੁਸਤਕਾਂ ਤੇ ਗ੍ਰੰਥਾਂ ਨਾਲ ਭਰੀਆਂ ਪਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਇਹ ਸੰਤ ਨਹੀਂ ਕਰਦੇ, ਸਗੋਂ ਇਨ੍ਹਾਂ ਦੇ ਖ਼ਰੀਦੇ ਹੋਏ ਪ੍ਰਵਚਨ ਲੇਖਕ ਕਰਦੇ ਹਨ। ਵਧੀਆ ਕਿਸਮ ਦੇ ਮਹਿੰਗੇ ਮਾਈਕਾਂ ’ਤੇ ਅਵਾਜ਼ ਦੇ ਉਚਾਰ-ਚੜ੍ਹਾਅ ਸਿਖਾਉਣ ਲਈ ਕਈ ਸੰਗੀਤਕਾਰ ਆਉਂਦੇ ਹਨ, ਜੋ ਇਨ੍ਹਾਂ ਦੀ ਪ੍ਰਸ਼ੰਸਾ ਵਿੱਚ ਆਪਣਾੇ ਹੀ ਕਲਾਮ ਪੇਸ਼ ਕਰ ਕੇ ਲੋਕਾ ਦੇ ਮਨਾਂ ਵਿੱਚ ਇਨ੍ਹਾਂ ਪ੍ਰਤੀ ਸ਼ਰਧਾ ਪੈਦਾ ਕਰਦੇ ਹਨ। ਇਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੇ ਕਪੜੇ ਉ¤ਚ-ਕੋਟੀ ਦੇ ਐਕਟਰਾਂ ਵਰਗੇ ਹੁੰਦੇ ਹਨ। ਇਹ ਮੱਛਰਦਾਨੀ ਲਾ ਕੇ ਸੌਂਦੇ ਹਨ ਅਤੇ ਵਿਭੂਤੀ ਵਿੱਖ ਖੁਸ਼ਬੂਦਾਰ ਪਾਊਡਰ ਮਿਲਾ ਕੇ ਜਾਂ ਪਾਊਡਰ ਵਿੱਚ ਵਿਭੂਤੀ ਵਿਭੂਤੀ ਮਿਲਾ ਕੇ ਆਪਣੇ ਸਰੀਰ ’ਤੇ ਮਲ ਕੇ ਵਧੀਆ, ਆਕਰਸ਼ਿਤ ਤੇ ਪੂਰਨ ਸੰਤ ਦਿਖਣ ਦਾ ਜਤਨ ਕਰਦੇ ਹਨ।

ਪਹਿਲਾਂ ਲੋਕ ਸੰਤਾਂ ਕੋਲ ਜਾਇਆ ਕਰਦੇ ਸਨ, ਅੱਜ ਕੱਲ੍ਹ ਸੰਤ ਖ਼ੁਦ ਆਪਣੇ ਚੇਲਿਆਂ ਕੋਲ ਚੱਲ ਕੇ ਆਉਂਦੇ ਹਨ, ਤੇ ਉਹ ਵੀ ਇਕੱਲੇ ਨਹੀਂ, ਵੱਡੇ ਲਾਮ-ਲਸ਼ਕਰ ਤੇ ਸੁਰੱਖਿਆ ਛੱਤਰੀ ਵਿੱਚ। ਹਥਿਆਰਬੰਦ ਸੁਰੱਖਿਆ ਗਾਰਡ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਹਨ। ਉਸ ਵਕਤ ਉਹ ਸੰਤ ਨਹੀਂ, ਸਗੋਂ ਕਿਸੇ ਅੰਡਰ-ਵਰਲਡ ਗਿਰੋਹ ਦੇ ਮੁਖੀ ਵਾਂਗ ਲਗਦੇ ਹਨ। ਸ਼ਹਿਰ ਵਿੱਚ ਪ੍ਰਵੇਸ਼ ਕਰਨ ਸਮੇਂ ਇਹ ਆਪਣੇ ਕੋਲੋਂ ਪੈਸੇ ਦੇ ਕੇ ਆਪਣੀ ਫੋਟੋ ਵਾਲੇ ਪੋਸਟਰ ਸ਼ਹਿਰ ਦੇ ਹਰ ਮੁਹੱਲੇ ਅਤੇ ਚੌਕਾਂ ਵਿੱਚ ਲਗਵਾ ਦਿੰਦੇ ਹਨ। ਲੱਖਾਂ ਰੁਪਏ ਖਰਚ ਕੇ ਪੰਡਾਲ ਸਜਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਗੁਲਾਬ ਦੀ ਸੁਗੰਧੀ ਵਾਲੀ ਖੁਸ਼ਬੂ ਹਰ ਵਕਤ ਆਊਂਦੀ ਰਹਿੰਦੀ ਹੈ। ਸੰਤਾਂ ਦੀਆਂ ਸੇਵਾਦਾਰਨੀਆਂ ਜ਼ਿਆਦਾਤਰ ਮੇਨਕਾਵਾਂ ਹੀ ਹੁੰਦੀਆਂ ਹਨ, ਜੋ ਲੋਕਾਂ ਦੀ ਜੜ੍ਹਤਾ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ ਅਤੇ ਸਧਾਰਨ ਕਪੜਿਆਂ ਵਿੱਚ ਵੀ ਉਹ ਬੜੀਆਂ ਤਰੋ-ਤਾਜ਼ਾ ਅਤੇ ਚੜ੍ਹਦੀ ਸਵੇਰ ਵਾਂਗ ਚਮਕਦੀਆਂ ਲੱਗਦੀਆਂ ਹਨ।

ਅੱਜ ਕੱਲ੍ਹ (ਯਾਨੀ ਕਲਯੁੱਗ ਵਿੱਚ) ਇੰਦਰ ਦੇਵਤਾ ਪੂਰੇ ਨਿਸ਼ਚਿੰਤ ਹਨ ਤੇ ਅਰਾਮ ਦੀ ਨੀਂਦ ਸੌਂਦੇ ਹਨ ਕਿਉਂਕਿ ਉਨ੍ਹਾਂ ਨੂੰ ਅਜੋਕੇ ਸੰਤਾਂ ਤੋਂ ਕੋਈ ਖ਼ਤਰਾ ਨਹੀਂ। ਕੋਈ ਵੀ ਸੰਤ ਉਨ੍ਹਾਂ ਦੇ ਸਿੰਘਾਸਨ ਨੂੰ ਹਿਲਾਉਣ ਜਾਂ ਉਸ ’ਤੇ ਕਬਜ਼ਾ ਕਰਨ ਦੀ ਲਾਲਸਾ ਨਹੀਂ ਰੱਖਦਾ। ਇੰਦਰ ਦੀ ਖੜੂਸ ਨਗਰੀ ਨਾਲੋਂ ਤਾਂ ਵਧੀਆ ਨਗਰੀ ਉਨ੍ਹਾਂ ਨੇ ਮਾਤ-ਲੋਕ ਵਿੱਚ ਹੀ ਵਸਾ ਲਈ ਹੈ। ਮੇਨਕਾਵਾਂ ਨੂੰ ਵਾਤਾਵਰਣ-ਅਨੁਕੂਲ ਪੰਡਾਲਾਂ ਵਿੱਚ ਨੱਚਣ ਦਾ ਅਨੰਦ ਹੀ ਵੱਖਰਾ ਆਉਂਦਾ ਹੈ। ਪਹਿਲਾਂ ਤਾਂ ਉ¤ਘੜ-ਦੁੱਘੜੀ ਧਰਤੀ ’ਤੇ ਮੇਨਕਾਵਾਂ ਨੂੰ ਨੱਚਣਾ ਪੈਂਦਾ ਸੀ ਤੇ ਉਨ੍ਹਾਂ ਦੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਸਨ ਪਰ ਸੰਤ ਆਪਣੀ ਭਗਤੀ ਵਿੱਚ ਮਸਤ ਰਹਿੰਦੇ ਸਨ ਤੇ ਉਨ੍ਹਾਂ ਦੀ ਬਿਰਤੀ ਟੁੱਟਦੀ ਹੀ ਨਹੀਂ ਸੀ। ਅਨੇਕਾਂ ਖੇਖਣ ਕਰਨ ਅਤੇ ਧੁੰਗਰੂਆਂ ਦੀ ਅਵਾਜ਼ ਉਨ੍ਹਾਂ ਦੇ ਕੰਨਾਂ ਦੇ ਮੁੱਢ ਵਿੱਚ ਕਰਨ ਨਾਲ ਕਿਤੇ ਜਾ ਕੇ ਉਹ ਸੰਤਾਂ ਦੀ ਬਿਰਤੀ ਤੋੜਨ ਵਿੱਚ ਕਾਮਯਾਬ ਹੁੰਦੀਆਂ ਸਨ ਤੇ ਇੰਦਰ ਦਾ ‘ਵਰ’ ਪ੍ਰਾਪਤ ਕਰਦੀਆਂ ਸਨ। ਪਹਿਲੇ ਸੰਤ ਪਤਾ ਨਹੀਂ ਕਿਹੜੀ ਭੰਗ ਤੇ ਧਤੂਰਾ ਪੀ ਕੇ ਬੈਠਦੇ ਸਨ ਕਿ ਤਪੱਸਿਆ ਟੁੱਟਦੀ ਹੀ ਨਹੀਂ ਸੀ, ਅੱਖਾਂ ਖੁਲ੍ਹਦੀਆਂ ਹੀ ਨਹੀਂ ਸਨ ਪਰ ਅੱਜਕਲ੍ਹ ਮੇਨਕਾਵਾਂ ਦੀਆਂ ਮੁਦਰਾਵਾਂ ਅਤੇ ਲੋਕਾਂ ਦਾ ਇਕੱਠ ਵੇਖ ਕੇ ਸੰਤਾਂ ਦੀਆਂ ਅੱਖਾਂ ਬੰਦ ਹੀ ਨਹੀਂ ਹੁੰਦੀਆਂ। ਇੱਕ ਪਲ ਵੀ ਬਿਰਤੀ ਇਕਾਗਰ ਨਹੀਂ ਹੁੰਦੀ।

ਵਿਸ਼ਵੀਕਰਨ ਤੇ ਬਜ਼ਾਰੀਕਰਨ ਦੇ ਇਸ ਦੌਰ ਵਿੱਚ ਸੰਤ ਵੀ ਆਪਣੇ ਬਜ਼ਾਰ ਦਾ ਪੂਰਾ-ਪੂਰਾ ਖ਼ਿਆਲ ਰੱਖਦੇ ਹਨ। ਆਪਣੇ ਬਜ਼ਾਰ ਦੀ ਭੱਲ ਬਣਾਈ ਰੱਖਣ ਲਈ ਇਹ ਆਪਣੇ ਸਮਾਗਮਾਂ ਦੇ ਉਦਘਾਟਨ ਭ੍ਰਿਸ਼ਟ ਸਿਆਸਤਦਾਨਾਂ ਤੋਂ ਕਰਵਾਉਂਦੇ ਹਨ। ਸਿਆਸਤਦਾਨ ਤੇ ਸੰਤ ਇਕ-ਦੂਜੇ ਦੇ ਪੂਰਕ ਵਜੋਂ ਵਿਚਰਦੇ ਹਨ। ਜਿੱਥੇ ਇਨ੍ਹਾਂ ਦਾ ਬਜ਼ਾਰ ਨਹੀਂ ਪਹੁੰਚ ਸਕਦਾ, ਉ¤ਥੇ ਪਹੁੰਚਣ ਲਈ ਇਨ੍ਹਾਂ ਨੇ ਸਿਆਸਤਦਾਨਾਂ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ (ਟੀ.ਵੀ.) ਮੀਡੀਏ ਨਾਲ ਪੱਕਾ ਗਠਜੋੜ ਕਰ ਲਿਆ ਹੈ। ਜਿੰਨੇ ਵੀ ਸੰਤ ਹਨ, ਸਾਰਿਆਂ ਨੇ ਕੋਈ ਨਾ ਕੋਈ ਟੀ.ਵੀ. ਚੈਨਲ ਫੜ ਲਿਆ ਹੈ। ਟੀ.ਵੀ. ਚੈਨਲਾਂ ਵਾਲਿਆਂ ਨੂੰ ਤਾਂ ਬਸ ਪੈਸੇ ਚਾਹੀਦੇ ਹਨ, ਜਿਹੜਾ ਮਰਜ਼ੀ ਮੁੱਲ ਤਾਰ ਕੇ ਇਨ੍ਹਾਂ ਨੂੰ ਖ਼ਰੀਦ ਸਕਦਾ ਹੈ। ਸੈਂਕੜੇ ਚੈਨਲ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਫ਼ਤ ਦਾ ਦੁੱਧ ਤੇ ਮਲਾਈ ਡਕਾਰਨ ਵਾਲੇ ਵਿਹਲੜ ਸੰਤ। ਕਈ ਚੈਨਲਾਂ ’ਤੇ ਤਾਂ ਦੋ-ਦੋ, ਤਿੰਨ-ਤਿੰਨ ਸੰਤ ਲੱਦੇ ਪਏ ਹਨ। ਘਰ ਵਿੱਚ ਇਕ ਚੈਨਲ ’ਤੇ ਬਿਰਧ ਸੰਤਾਂ ਦੇ ਉਪਦੇਸ਼ ਦੀ ਚੁਸਕੀ ਲੈ ਰਿਹਾ ਹੈ ਤੇ ਦੂਜੇ ਕਮਰੇ ਵਿੱਚ ਬੁੱਢੀ ਕਿਸੇ ਹੋਰ ਦੀ ਸੰਤ-ਬਾਣੀ ਸਰਵਣ ਕਰ ਰਹੀ ਹੁੰਦੀ ਹੈ। ਲੜਕੇ ਤੇ ਉਸ ਦੀ ਪਤਨੀ ਨੇ ਜਿਸ ਚੈਨਲ ’ਤੇ ਰਾਤ ਨੂੰ ਗਰਮਾ-ਗਰਮ ਉਤੇਜਨਾਮਈ ਡੋਜ਼ ਲਈ ਹੁੰਦੀ ਹੈ, ਸਵੇਰੇ-ਸਵੇਰੇ ਉਸੇ ਚੈਨਲ ’ਤੇ ਸੰਤ ਸੰਘ ਪਾੜ ਰਹੇ ਹੁੰਦੇ ਹਨ। ਸੰਤ-ਬਾਣੀ ਖ਼ਤਮ ਹੁੰਦੇ ਸਾਰ ਹੀ ਭਜਨ ਗਾਉਣ ਵਾਲੀ ਸੁੰਦਰੀ ਪੌਪ ਗੀਤ ਗਾਉਂਦੀ ਨਜ਼ਰ ਆਉਣ ਲੱਗ ਪੈਂਦੀ ਹੈ।

ਡਾਕੂ ਤੋਂ ਬਾਪੂ ਬਣੇ ਇਹ ਅਖੌਤੀ ਸੰਤ ਆਉਣ ਵਾਲੇ ਸਮੇਂ ਵਿੱਚ ਆਪਣਾ ਬਜ਼ਾਰ ਬਣਾਈ ਰੱਖਣ ਲਈ ਫ਼ਿਲਮੀ ਅਭਿਨੇਤਰੀਆਂ ਅਤੇ ਕ੍ਰਿਕਟ ਖਿਡਾਰੀਆਂ ਵਾਂਗ ਬਦੇਸ਼ੀ ਹਰਬਲ ਵਸਤੂਆਂ ਵੇਚਦੇ ਨਜ਼ਰ ਆਉਣਗੇ। ਸੰਤਾਂ ਦੀਆਂ ਸਿਫਾਰਸ਼ਾਂ ਕੀਤੀਆਂ ਬਿਕਨੀਆਂ ਤੇ ਸੈਨੇਟਰੀ ਨੈਪਕਿਨ ਖ਼ੂਬ ਵਿਕਣਗੇ। ਬੱਸ ਟੀ.ਵੀ. ਚੈਨਲ ਵੇਖਦੇ ਰਹੋ। ਖੁਸ਼ ਰਹੋ। ਜੈ ਸੰਤਾਂ ਦੀ !!