

ਗੁਰੂ ਨਾਨਕ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਹਿੰਦੂ ਮਾਨਸਿਕਤਾ ਵਾਲੇ ਸਿੱਖ
- ਸਰਬਜੀਤ ਸਿੰਘ -
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਸਾਰੀ ਦੁਨੀਆ ਦੇ ‘ਸਿੱਖਾਂ’ ਵੱਲੋਂ ਜੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਸੈਂਕੜੇ-ਹਜ਼ਾਰਾਂ ਨਗਰ ਕੀਰਤਨਾਂ ਆਯੋਜਨ ਕਰਕੇ ਅਰਬਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਗੁਰਦੁਆਰਿਆਂ ਵਿੱਚ ਵੀ ਵੱਡੀ ਪੱਧਰ ਤੇ ਕੀਰਤਨ ਦਰਬਾਰਾਂ ਅਤੇ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ‘ਸਾਧ-ਸੰਗਤ’ ਇਕੱਤਰ ਹੁੰਦੀ ਹੈ, ਮੱਥਾ ਟੇਕਦੀ ਹੈ, ਕੁਝ ਦੇਰ ਕੀਰਤਨ ਸੁਣਦੀ ਹੈ ਅਤੇ ਫਿਰ ਲੰਗਰ ਛੱਕ ਕੇ ਘਰ ਨੂੰ ਤੁਰ ਜਾਂਦੀ ਹੈ। ਬਾਅਦ ਵਿੱਚ, ਅਖ਼ਬਾਰਾਂ ਵਿੱਚ ਖ਼ਬਰਾਂ ਛਪਵਾ ਦਿੱਤੀਆਂ ਜਾਂਦੀਆਂ ਹਨ ਕਿ ‘‘ਫਲਾਣੀ ਥਾਂ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।’’
ਇਸ ਤਰ੍ਹਾਂ, ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ ਪਰ ਵੱਡੇ-ਵੱਡੇ ਪ੍ਰੋਗਰਾਮ ਆਯੋਜਿਤ ਕਰਨ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਬਾਰੇ ਕੋਈ ਚਰਚਾ ਨਹੀਂ ਕੀਤੀ ਜਾਂਦੀ। ਨਤੀਜਾ ਇਹ ਹੋਇਆ ਕਿ ਸਰਬੱਤ ਮਨੁੱਖਤਾ ਨੂੰ ਸੱਚ ਦਾ ਮਾਰਗ ਦਰਸਾਉਣ ਵਾਲੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਸਾਰੀ ਦੁਨੀਆ ਨੇ ਤਾਂ ਕੀ ਜਾਣੂ ਹੋਣਾ ਸੀ, ਖ਼ੁਦ ਗੁਰੂ ਕੇ ਸਿੱਖ ਅਖਵਾਉਣ ਵਾਲੇ ਲੋਕ ਵੀ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਐਨ ਉਲਟ ਕਾਰਜ ਕਰ ਰਹੇ ਹਨ। ਹੱਥਲੇ ਲੇਖ ਵਿੱਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਕੁਝ ਅਤਿ-ਪ੍ਰਚਲਿਤ ਸਾਖੀਆਂ ਅਤੇ ਉਨ੍ਹਾਂ ਦੇ ਆਮ ਜਾਣੇ ਜਾਂਦੇ ਉਪਦੇਸ਼ਾਂ ਬਾਰੇ ਹੀ ਮੁੜ ਵਿਚਾਰ ਕਰਦਿਆਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਦੌਰ ਵਿੱਚ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਕਿੰਨਾ ਦੂਰ ਜਾ ਚੁੱਕੇ ਹਾਂ।

ਗੁਰੂ ਨਾਨਕ ਸਾਹਿਬ ਦੇ ਬਚਪਨ ਬਾਰੇ ਇਕ ਸਾਖੀ ਪ੍ਰਸਿੱਧ ਹੈ ਕਿ ਜਦ ਪੰਡਤ ਨੇ ਉਨ੍ਹਾਂ ਨੂੰ ਗਿਣਤੀ ਸਿਖਾਉਣ ਲਈ ‘1’ ਦਾ ਅੰਕ ਲਿਖਕੇ ਦਿਖਾਇਆ ਤਾਂ ਗੁਰੂ ਸਾਹਿਬ ਨੂੰ ਉਸ ‘ਇੱਕ’ ਦਾ ਸੰਬੰਧ 1 ਪਰਮਾਤਮਾ ਨਾਲ ਜੁੜਿਆ ਦਿਸਿਆ। ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਏਨੀ ਛੋਟੀ ਉਮਰ ਵਿੱਚ ਹੀ ਇਹ ਅਨੁਭਵ ਹੋ ਗਿਆ ਸੀ ਕਿ ਪਰਮਾਤਮਾ ਸਿਰਫ਼ ਇਕ ਹੈ। ਇਸਦੇ ਉਲਟ ਸੰਗਮਰਮਰ ਦੀਆਂ ਦੀਵਾਰਾਂ ਅਤੇ ਸੋਨੇ ਦੇ ਗੁੰਬਦਾਂ ਵਾਲੇ ਵੱਡੇ-ਵੱਡੇ ਗੁਰਦੁਆਰੇ ਬਣਾਉਣ ਦੇ ਬਾਵਜੂਦ ਸਿੱਖਾਂ ਨੂੰ ਇਹ ਸਮਝ ਨਹੀਂ ਆਇਆ ਕਿ ਪਰਮਾਤਮਾ ਇਕ ਹੈ - ਸਿੱਖਾਂ ਦਾ ਤਾਂ ਅੱਜ ਕੋਈ ਦੀਨ-ਈਮਾਨ ਹੀ ਨਹੀਂ ਰਿਹਾ। ਕੋਈ ਸਿੱਖ ਮੰਦਰਾਂ ਦੇ ਟੱਲ ਖੜਕਾ ਰਿਹਾ ਹੈ, ਕੋਈ ਮਜ਼ਾਰਾਂ ਤੇ ਚਾਦਰਾਂ ਚੜ੍ਹਾ ਰਿਹਾ ਹੈ, ਕੋਈ ਕਿਸੇ ‘ਮਸੀਹਾ’ ਕੋਲੋਂ ਮੁਕਤੀ ਦਾ ਮਾਰਗ ਪਾਉਣ ਦੀ ਲਾਲਸਾ ਰੱਖਦਾ ਹੈ, ਕੋਈ ਉਦਾਸੀਆਂ ਕੋਲੋਂ ਤੰਤਰ-ਮੰਤਰ ਰਾਹੀਂ ਘਰ ਵਿੱਚ ਸੁੱਖ-ਸ਼ਾਂਤੀ ਲਈ ‘ਉਪਾਅ’ ਕਰਵਾ ਰਿਹਾ ਹੈ। ਜੇਕਰ ਰੱਬ ਇਕ ਹੈ (ਭਾਵ, ਸਾਰੀ ਸ੍ਰਿਸ਼ਟੀ ਦਾ ਨਿਯੰਤਰਨ ਉਹ ਆਪਣੇ ਹੁਕਮ ਜਾਂ ਨੇਮ ਰਾਹੀਂ ਕਰਦਾ ਹੈ) ਤਾਂ ਕੀ ਸਾਧ-ਬਾਬੇ ਜਾਂ ਕਥਿਤ ‘ਮਾਨਤਾ ਵਾਲੇ ਅਸਥਾਨ’ ਤੇ ਜਾਣ ਨਾਲ, ਰੱਬ ਦੀ ਮਰਜ਼ੀ ਦੇ ਬਗੈਰ ਵੀ ਕੋਈ ਦਾਤਿ ਪ੍ਰਾਪਤ ਕੀਤੀ ਜਾ ਸਕਦੀ ਹੈ? ਪਰ, ਅਸੀਂ ਇਸ ਬਾਰੇ ਸੋਚੀਏ ਤਾਂ ਤਦ ਜਦ ਅਸੀਂ ਗੁਰੂ ਨਾਨਕ ਸਾਹਿਬ ਦੇ ਮੁਢਲੇ ਸੰਦੇਸ਼ ੴ ਤੇ ਵੀ ਕਦੇ ਠਰ੍ਹੰਮੇ ਨਾਲ ਵਿਚਾਰ ਕੀਤਾ ਹੋਵੇ।
ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿੱਚ ਹੀ ਪੰਡਤ ਕੋਲੋਂ ਜਨੇਊ ਪਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਧਾਗੇ ਦਾ ਜਨੇਊ ਪਾਉਣ ਦੀ ਬਜਾਏ ਦਇਆ, ਸੰਤੋਖ, ਜਤੁ, ਸਤੁ ਆਦਿਕ ਗੁਣਾਂ ਦਾ ਜਨੇਊ ਹੀ ਪਾਉਣਾ ਚਾਹੁੰਦਾ ਹਾਂ। ਭਾਵ, ਗੁਰੂ ਸਾਹਿਬ ਨੇ ਬਾਲ ਉਮਰ ਵਿੱਚ ਹੀ ਬ੍ਰਾਹਮਣਾਂ ਦੀ ਕਥਿਤ ਉ¤ਚਤਾ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਆਪਣੇ ਵਿਵੇਕ ਤੋਂ ਕੰਮ ਲਿਆ ਸੀ। ਦੂਜੇ ਪਾਸੇ, ਅਜੋਕੇ ਸਿੱਖ ਮੱਥਾ ਟੇਕਣ ਤਾਂ ਗੁਰਦੁਆਰੇ ਜਾਂਦੇ ਹਨ ਪਰ ਘਰ ਦੇ ਕਾਰਜਾਂ ਵਾਸਤੇ ਪੰਡਤਾਂ ਦੀਆਂ ਸਲਾਹਾਂ ਤੇ ਹੀ ਨਿਰਭਰ ਰਹਿੰਦੇ ਹਨ। ਘਰ ਵਿੱਚ ਬੱਚਾ ਪੈਦਾ ਹੋਏ ਤਾਂ ਪੰਡਤ ਕੋਲੋਂ ਟੇਵਾ ਬਣਵਾਇਆ ਜਾਂਦਾ ਹੈ, ਬੱਚੇ ਦੇ ਰਿਸ਼ਤੇ ਕਰਵਾਉਣ ਵਾਸਤੇ ਵੀ ਪੰਡਤਾਂ ਦੀਆਂ ਸਲਾਹਾਂ ਲਈਆਂ ਜਾਂਦੀਆਂ ਹਨ। ਅੱਜਕਲ ਤਾਂ ਮਕਾਨ ਬਣਾਉਣ ਲੱਗਿਆਂ, ਨਕਸ਼ੇ ਵੀ ਪੰਡਤਾਂ ਦੀਆਂ ਸਲਾਹਾਂ (ਕਥਿਤ ਵਾਸਤੂ-ਸ਼ਾਸਤਰ) ਨਾਲ ਹੀ ਬਣਵਾਏ ਜਾਂਦੇ ਹਨ।
ਇਸੇ ਸਾਖੀ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਅਰਥ ਗੁਣਾਂ ਨੂੰ ਗ੍ਰਹਿਣ ਕਰਨਾ ਦੱਸਿਆ, ਜਨੇਊ ਆਦਿਕ ਕਰਮ-ਕਾਂਡਾਂ ਵਿੱਚ ਉਲਝਣਾ ਨਹੀਂ। ਪਰ ਅਨਪੜ੍ਹ ਕਿਸਮ ਦੇ ਸਿੱਖ ਪ੍ਰਚਾਰਕਾਂ ਨੇ ਦੁਨੀਆ ਦੇ ਇਕ-ਮਾਤਰ ਵਿਗਿਆਨਕ ਧਰਮ ਸਿੱਖ ਨੂੰ ਵੀ ਕਰਮ-ਕਾਂਡਾਂ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਅੱਜ ਚਿੱਟੇ ਚੋਲਿਆਂ ਵਾਲੇ ਬਾਬਿਆਂ ਵੱਲੋਂ ਆਮ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਸੀਂ 5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਜਾਂ 10 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ (ਏਨੇ ਅੰਮ੍ਰਿਧਾਰੀ ਸਿੱਖ ਹੈਨ ਕਿੱਥੇ - ਪੰਜਾਬ ਤਾਂ ਸਾਰਾ ਮੋਨਾ ਹੋਇਆ ਫਿਰਦਾ ਹੈ) ਪਰ ਇਨ੍ਹਾਂ ਕਥਿਤ ਅੰਮ੍ਰਿਤਧਾਰੀਆਂ ਵਿੱਚ ਗੁਣਾਂ ਦਾ ਵਿਕਾਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ (ਵੈਸੇ, ਬਹੁਤੇ ਸਾਧ ਆਪ ਹੀ ਕਿਸੇ ਗੁਣਾਂ ਤੋਂ ਸੱਖਣੇ ਹੁੰਦੇ ਹਨ)। ਨਤੀਜਾ ਇਹ ਹੁੰਦਾ ਹੈ ਕਿ ਇਹੋ ਜਿਹੇ ਅੰਮ੍ਰਿਤਧਾਰੀਆਂ ਨੂੰ ਏਨਾ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੇ ਮੱਥਾ ਸਿਰਫ਼ ਗੁਰੂ ਗੰ੍ਰਥ ਸਾਹਿਬ ਨੂੰ ਟੇਕਣਾ ਹੈ। ਉਹ ਨਾ ਸਿਰਫ਼ ਮੰਦਰਾਂ-ਮਜ਼ਾਰਾਂ ਤੇ ਮੱਥੇ ਟੇਕਦੇ ਨਜ਼ਰ ਆਉਂਦੇ ਹਨ ਬਲਕਿ ਸਾਧ-ਬਾਬਿਆਂ ਦੇ ਪੈਰਾਂ ਤੇ ਸਿਰ ਰਗੜਦੇ ਆਮ ਵੇਖੇ ਜਾਂਦੇ ਹਨ (ਇਕ ਛੋਟੀ ਉਮਰ ਦੇ ਸਾਧ ਵੱਲੋਂ ਕਥਿਤ ਅੰਮ੍ਰਿਤਧਾਰੀ ਸਿੱਖਾਂ ਕੋਲੋਂ ਖ਼ੁਦ ਨੂੰ ਮੱਥੇ ਟਿਕਵਾਉਣ ਦਾ ਮਾਮਲਾ ਅਕਸਰ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ)।
ਅੱਜ ਅੰਮ੍ਰਿਤ ਛਕਣ ਦਾ ਅਰਥ ਮੋਟੇ ਤੌਰ ਤੇ ਸਿਰਫ਼ ਏਨਾ ਰਹਿ ਗਿਆ ਹੈ ਕਿ ਤੁਸੀਂ ਆਪਣੇ ਕੇਸ ਕਤਲ ਨਹੀਂ ਕਰਵਾਉਣੇ ਅਤੇ ਸਵੇਰੇ ਸ਼ਾਮ ਕੁਝ ਵਿਸ਼ੇਸ਼ ਬਾਣੀਆਂ ਦਾ ‘ਪਾਠ’ ਕਰਨਾ ਹੈ-ਉਨ੍ਹਾਂ ਬਾਣੀਆਂ ਵਿੱਚ ਸੰਦੇਸ਼ ਕੀ ਦਿੱਤਾ ਗਿਆ ਹੈ ਅਤੇ ਉਨ੍ਹਾਂ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਢਾਲਣਾ ਕਿਵੇਂ ਹੈ - ਇਸ ਬਾਰੇ ਨਾ ਤਾਂ ਸਾਧ-ਬਾਬਿਆਂ ਨੂੰ ਕੁਝ ਪਤਾ ਹੈ ਅਤੇ ਨਾ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ। ਇਸ ਤੋਂ ਵੀ ਦੁੱਖ ਦੀ ਗੱਲ ਹੈ ਕਿ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਅਪਨਾਉਣ ਵਿੱਚ ਕੋਈ ਰੁਚੀ ਨਹੀਂ ਰਹੀ। ਉਹ ਸਿਰਫ਼ ਗੁਰਦੁਆਰੇ ਵਿੱਚ ਮੱਥਾ ਟੇਕਣ ਅਤੇ ਉਗਰਾਹੀ ਲਈ ਰਸੀਦ ਕਟਵਾ ਲੈਣ ਨੂੰ ਹੀ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਇਸਲਈ ਅਜੋਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਗਿਆਨ-ਵਿਹੂਣਾ ਹੋ ਕੇ ਵਿਕਾਰਾਂ ਤੇ ਸ਼ੰਕਿਆਂ ਵਿੱਚ ਫਸਿਆ ਹੋਇਆ ਹੈ:
ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ।।
ਸਿੱਖ ਸਮਾਜ ਵਿੱਚ ਗੁਰੂ ਨਾਨਕ ਸਾਹਿਬ ਦੇ ਤਿੰਨ ਮੁੱਢਲੇ ਉਪਦੇਸ਼, ‘ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ’ ਬਹੁਤ ਪ੍ਰਸਿੱਧ ਹਨ। ਸਿੱਖ ਵੀ ਇਸ ਉਪਦੇਸ਼ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਉਪਦੇਸ਼ ਸੰਗਤਾਂ ਤੱਕ ਪਹੁੰਚਾਉਣ ਵਾਲੇ ਬਹੁਤ ਸਾਰੇ ਸਾਧ-ਬਾਬੇ ਖ਼ੁਦ ਹੀ ਕਿਰਤ ਕਰੋ (ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਰੋਜ਼ੀ-ਰੋਟੀ ਲਈ ਕੰਮ ਕਰਨਾ) ਦੇ ਉਪਦੇਸ਼ ਤੇ ਅਮਲ ਨਹੀਂ ਕਰਦੇ। ਉਹ ਸੰਗਤਾਂ ਵੱਲੋਂ ਗੁਰੂ ਗੰ੍ਰਥ ਸਾਹਿਬ ਅੱਗੇ ਰੱਖੀ ਗੋਲਕ ਦੀ ਮਾਇਆ ਅਤੇ ਸਿਆਸੀ ਆਗੂਆਂ ਤੇ ਵੱਡੇ ਵਪਾਰੀਆਂ ਵੱਲੋਂ ਡੇਰਿਆਂ ਨੂੰ ਦਿੱਤੀਆਂ ਜਾਂਦੀਆਂ ਮੋਟੀਆਂ ਰਕਮਾਂ ਨਾਲ ਹੀ ਆਪਣੇ ਖਰਚਿਆਂ (ਵਿਲਾਇਤੀ ਗੱਡੀਆਂ, ਮਹਿਲਨੁਮਾ ਡੇਰੇ, ਚੇਲਿਆਂ ਦੀ ਫੌਜ, ਇਸ਼ਤਿਹਾਰਕ ਸਮੱਗਰੀ ਆਦਿਕ) ਦੀ ਪੂਰਤੀ ਕਰਦੇ ਹਨ। ਕਈ ਸਾਧਾਂ ਲੋਕਾਂ ਤੋਂ ਪੈਸੇ ਉਗਰਾਹਉਣ ਲਈ ਵਿਧਵਾ ਆਸ਼ਰਮ, ਯਤੀਮਖਾਨਾ, ਡਿਸਪੈਂਸਰੀ ਆਦਿਕ ਕੋਈ ਪ੍ਰਾਜੈਕਟ ਚਲਾ ਦਿੰਦੇ ਹਨ, ਜਿਨ੍ਹਾਂ ਦਾ ਹਿਸਾਬ-ਕਿਤਾਬ ਪਾਰਦਰਸ਼ੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ। ਕੁਝ ਹੋਰ ਸਾਧਾਂ ਨੇ ਗੁਰਮਤਿ ਦੀ ਸਿੱਖਿਆ ਦੇਣ ਦਾ ਦਾਅਵਾ ਕਰਨ ਵਾਲੇ ਸਕੂਲ ਖੋਲ੍ਹ ਦਿੱਤੇ ਹਨ, ਜਿਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਵਸੂਲ ਕੇ ਆਮਦਨ ਦਾ ਧੰਧਾ ਬਣਾ ਲਿਆ ਜਾਂਦਾ ਹੈ।
ਅਜਿਹਾ ਵੀ ਨਹੀਂ ਕਿ ਸਿਰਫ਼ ਸਾਧ-ਬਾਬੇ ਹੀ ਕਿਰਤ ਕਰਨ ਤੋਂ ਗੁਰੇਜ਼ ਕਰਦੇ ਹਨ। ਆਮ ਸਿੱਖ ਵੀ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈ। ਇਸਲਈ ਪੈਸਾ ਕਮਾਉਣ ਦਾ ਕੋਈ ਵੀ ਢੰਗ-ਤਰੀਕਾ ਹੁਣ ਗਲਤ ਨਹੀਂ ਸਮਝਿਆ ਜਾਂਦਾ। ਗੱਲ ਭਾਵੇਂ ਦੁੱਧ ਵਿੱਚ ਮਿਲਾਵਟ ਕਰਨ ਦੀ ਹੋਵੇ, ਡੁਪਲੀਕੇਟ ਸਪੇਅਰ ਪਾਰਟਸ ਵੇਚਣ ਦੀ ਹੋਵੇ ਜਾਂ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੈਣ ਦੀ, ਸਿੱਖਾਂ ਨੂੰ ਕਿਸੇ ਤਰ੍ਹਾਂ ਦੇ ਕਿੱਤੇ ਨਾਲ ਕੋਈ ਪਰਹੇਜ਼ ਨਹੀਂ ਰਿਹਾ। ਸ਼ਹਿਰਾਂ ਵਿੱਚ ਸਿੱਖ ਬੀਬੀਆਂ ਨੇ ਆਮ ਹੀ ਘਰਾਂ ਵਿੱਚ ਨਾਈਆਂ ਦੀਆਂ ਦੁਕਾਨਾਂ (ਕਥਿਤ ਬਿਊਟੀ ਪਾਰਲਰ) ਖੋਲ੍ਹੀਆਂ ਹੋਈਆਂ ਹਨ। ਹਰਭਜਨ ਸਿੰਘ ਨਾਂਅ ਦੇ ਇਕ ਕਥਿਤ ਸਿੱਖ ਕ੍ਰਿਕੇਟਰ ਨੇ ਵੀ ਚੰਡੀਗੜ੍ਹ ਵਿੱਚ ਸ਼ਰ੍ਹੇਆਮ ਨਾਈ ਦੀ ਦੁਕਾਨ ਖੋਲ੍ਹੀ ਹੋਈ ਹੈ। ਸਿੱਖਾਂ ਦੀਆਂ ਵੋਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਕਥਿਤ ਸਿੱਖ ਆਗੂ ਨੂੰ ਇਕ ਤੰਬਾਕੂ ਕੰਪਨੀ ਤੋਂ ‘ਦਾਨ’ ਲੈਣ ਵਿੱਚ ਕੋਈ ਸੰਕੋਚ ਨਹੀਂ !! ਪੰਜਾਬ ਦੇ ਹੀ ਬਹੁਤ ਸਾਰੇ ਨੌਜੁਆਨ ਅਜਿਹੇ ਹਨ ਜਿਹੜੇ ਵਿਦੇਸ਼ ਜਾਕੇ ਡਾਲਰਾਂ-ਪੌਡਾਂ ਦੀ ਕਮਾਈ ਕਰਨ ਦੇ ਲਾਲਚ ਵਿੱਚ, ਵੀਜ਼ਾ ਪ੍ਰਾਪਤ ਕਰਨ ਲਈ ਆਪਣੇ ਕੇਸ ਕਤਲ ਕਰਵਾਉਂਦਿਆਂ ਇਕ ਮਿਨਟ ਦੀ ਵੀ ਦੇਰ ਨਹੀਂ ਲਗਾਉਂਦੇ (ਉਹ ਵੀ ਸਮਾਂ ਸੀ ਜਦ ਸਿੱਖੀ ‘ਕੇਸਾਂ’ ਸੁਆਸਾਂ ਸੰਗ ਨਿਭਾਈ ਜਾਂਦੀ ਸੀ)। ਭਾਵ, ਪਦਾਰਥਵਾਦ ਦੀ ਭਾਵਨਾ ਸਿੱਖਾਂ ਵਿੱਚ ਏਨੀ ਪ੍ਰਬਲ ਹੋ ਗਈ ਹੈ ਕਿ ਹੁਣ ਬਹੁਤ ਸਿੱਖਾਂ ਦਾ ਮਕਸਦ ਸਾਰੀ ਜ਼ਿੰਦਗੀ ਵੱਧ ਤੋਂ ਵੱਧ ਪੈਸਾ ਕਮਾਉਣਾ ਹੀ ਰਹਿ ਗਿਆ ਹੈ - ਇਨਸਾਨ, ਖ਼ਾਸਕਰ ਸਿੱਖ, ਦੀ ਜ਼ਿੰਦਗੀ ਦੇ ਫਰਜ਼ ਕੀ ਹਨ, ਇਸ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਰਿਹਾ।
ਗੁਰੂ ਨਾਨਕ ਸਾਹਿਬ ਦਾ ਅਗਲਾ ਉਪਦੇਸ਼ ‘ਨਾਮ ਜਪੋ’, ਭਾਵ ਪਰਮਾਤਮਾ ਦੇ ਗੁਣਾਂ ਨੂੰ ਯਾਦ ਰੱਖੋ ਅਤੇ ਉਨ੍ਹਾਂ ਤੋਂ ਪ੍ਰੇਰਣਾ ਗ੍ਰਹਿਣ ਕਰਕੇ ਸੁਚੱਜੀ ਜ਼ਿੰਦਗੀ ਬਤੀਤ ਕਰੋ, ਦਾ ਸੀ। ਇਸਲਈ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਪਰਮਾਤਮਾ ਦੇ ਵੱਖ-ਵੱਖ ਗੁਣਾਂ ਦੀ ਉਸਤਤਿ ਕੀਤੀ ਗਈ ਹੈ, ਜਿਵੇਂ ਉਹ ‘ਰਾਮ’ (ਸਭ ਵਿੱਚ ਰਮਿਆ ਹੋਇਆ, ਅਯੋਧਿਆ ਦਾ ਰਾਜਾ ਨਹੀਂ) ਹੈ। ਕਿਉਂਕਿ ਉਹ ਸਭ ਵਿੱਚ ਰਮਿਆ ਹੋਇਆ ਹੈ, ਇਸਲਈ ਕਿਸੇ ਇਨਸਾਨ ਨਾਲ ਮਾੜਾ ਵਰਤਾਉ ਨਹੀਂ ਕਰਨਾ ਚਾਹੀਦਾ। ਪਰਮਾਤਮਾ ਨਿਰਭਉ ਹੈ, ਇਸਲਈ ਸਾਨੂੰ ਵੀ ਕਿਸੇ ਤੋਂ ਭੈਅ ਖਾਣ ਦੀ ਲੋੜ ਨਹੀਂ। ਪਰਮਾਤਮਾ ਨਿਰਵੈਰ ਹੈ, ਇਸਲਈ ਸਾਨੂੰ ਕਦੇ ਵੀ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਗੁੱਸੇ ਨਾਲ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਨੂੰ ਵੀ ਨਿਰਵੈਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਸੇ ਨਾਲ ਵੈਰ-ਵਿਰੋਧ ਨਹੀਂ ਕਰਨਾ ਚਾਹੀਦਾ।
ਇਸ ਤਰ੍ਹਾਂ ਦੀਆਂ ਬੇਅੰਤ ਹੋਰ ਮਿਸਾਲਾਂ ਤੋਂ ਸੇਧ ਲੈਕੇ ਅਸੀਂ ਆਪਣਾ ਦੁਨੀਆਵੀ ਜੀਵਨ ਸੁਖੀ ਬਣਾ ਸਕਦੇ ਹਾਂ ਅਤੇ ਉਚੀ ਆਤਮਕ ਅਵਸਥਾ ਹਾਸਿਲ ਕਰ ਸਕਦੇ ਹਾਂ। ਪਰ ਸਿੱਖ ਸਮਾਜ ਦਾ ਵੱਡਾ ਹਿੱਸਾ ਅੱਜ ਨਾਮ ਜਪਣ ਦੇ ਸੰਕਲਪ ਬਾਰੇ ਯੋਗ ਮਤ ਜਾਂ ਰਾਧਾ ਸੁਆਮੀ ਮਤ ਦੀ ਵਿਚਾਰਧਾਰਾ ਨੂੰ ਅਪਣਾ ਕੇ ਕਿਸੇ ਇਕ ਲਫ਼ਜ਼ ਦੇ ਰਟਨ ਕਰਦੇ ਰਹਿਣ ਨੂੰ ਹੀ ਨਾਮ ਜਪਣਾ ਜਾਂ ਸਿਮਰਨ ਕਰਨ ਵਜੋਂ ਸਹੀ ਸਮਝਦਾ ਹੈ। ਹੁਣ ਤਾਂ ਅਜਿਹੇ ਕਈ ਜੱਥੇ ਅਤੇ ਸੰਪਰਦਾਵਾਂ ਬਣ ਗਈਆਂ ਹਨ ਜਿਨ੍ਹਾਂ ਨੇ ਵੱਖ-ਵੱਖ ਵਿਧੀਆਂ (ਲਾਈਟਾਂ ਬੰਦ ਕਰਕੇ, ਸਾਹ ਨੂੰ ਵਿਸ਼ੇਸ਼ ਤਰੀਕੇ ਨਾਲ ਨਿਯੰਤਰਿਕ ਕਰਕੇ ਆਦਿਕ) ਨਾਲ ਨਾਮ ਜਪਾਉਣ ਨੂੰ ਹੀ ਆਪਣਾ ਮਕਸਦ ਬਣਾ ਲਿਆ ਹੈ। ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ :
ਇਕਦੂ ਜੀਭੌ ਲਖੁ ਹੋਹਿ ਲਖੁ ਹੋਵਹਿ ਲਖ ਵੀਸ।।
ਲਖ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ।।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸੁ।।
ਸੁਣਿ ਗਲਾ ਅਕਾਸ ਕੀ ਕੀਟਾ ਆਈ ਰੀਸੁ।।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸੁ।।
ਭਾਵ : ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ। ਫਿਰ ਇਨ੍ਹਾਂ ਵੀਹ ਲੱਖ ਜੀਭਾਂ ਨਾਲ ਜੇ ਅਕਾਲ ਪੁਰਖ ਦੇ ਇਕ ਨਾਮ ਨੂੰ ਇਕ-ਇਕ ਲੱਖ ਵਾਰੀ ਆਖੀਏ। ਇਸ ਰਸਤੇ ਵਿੱਚ (ਪਰਮਾਤਮਾ ਦੇ ਗੁਣਾਂ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿੱਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉ¤ਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕੀਤੇ ਬਿਨ੍ਹਾਂ ਅਤੇ ਆਪਾ-ਭਾਵ ਦੂਰ ਕਰਨ ਦੀ ਬਜਾਏ ਇਹ ਗਿਣਤੀਆਂ ਦੇ ਪਾਠਾਂ ਵਾਲਾ ਉਦਮ ਇਉਂ ਹੈ, ਜਿਵੇਂ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅਪੱੜ ਜਾਈਏ)।
ਜੇਕਰ ਸਿੱਖ ਜਪੁ ਬਾਣੀ ਵਿੱਚ ਦਰਜ ਉਪਦੇਸ਼ਾਂ ਨੂੰ ਹੀ ਸਮਝ ਲੈਂਦੇ ਤਾਂ ਸਾਡੇ ਸਮਾਜ ਵਿੱਚ ਵੱਡੀ ਕ੍ਰਾਂਤੀ ਆ ਜਾਣੀ ਸੀ। ਪਰ ਅਸੀਂ ਤਾਂ ਗੁਰਬਾਣੀ ਨੂੰ ਨਾ ਸਮਝਣ ਦੀ ਸ਼ਾਇਦ ਸੌਂਹ ਖਾ ਲਈ ਹੈ। ਇਸਲਈ ਅਸੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੋਂ ਬੜੀ ਦੂਰ ਜਾ ਚੁੱਕੇ ਹਾਂ। ਇਹੀ ਨਹੀਂ, ਸੱਚ ਨੂੰ ਸਮਝਣ ਦੀ ਬਜਾਏ ਗੁਰਬਾਣੀ ਦੇ ਭਾਵ ਅਰਥਾਂ ਦਾ ਪ੍ਰਚਾਰ ਕਰਨ ਵਾਲੇ ਸਾਰੇ ਪ੍ਰਚਾਰਕਾਂ ਉ¤ਤੇ ਇਕ ਵਿਦੇਸ਼ੀ ਲੇਖਕ ਦੇ ਸਮਰਥਕ ਹੋਣ ਦਾ ਇਲਜ਼ਾਮ ਲਗਾ ਕੇ ਆਪਣਾ ਗੁੱਸਾ ਕੱਢਿਆ ਜਾਂਦਾ ਹੈ।
ਸਮੂਹ ਇਨਸਾਨੀਅਤ ਨੂੰ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਜਿੱਥੇ ਨਿਵੇਕਲੇ ਸਿਧਾਂਤਾਂ ਦੀ ਸਿਰਜਣਾ ਕੀਤੀ, ਉ¤ਥੇ ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਦਾ ਵੀ ਖੰਡਨ ਕੀਤਾ। ਮਿਸਾਲ ਵਜੋਂ, ਆਰਿਯਾ ਨਸਲ ਦੇ ਲੋਕਾਂ ਵੱਲੋਂ ਭਾਰਤ ਵਿੱਚ ਸਥਾਪਿਤ ਕੀਤੀ ਗਈ ਜਾਤਿ-ਪਾਤਿ ਪ੍ਰਣਾਲੀ ਨੂੰ ਗੁਰੂ ਨਾਨਕ ਸਾਹਿਬ ਨੇ ਮੁੱਢੋਂ ਹੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ :
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।
(349)
ਪਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਆਈ ਹੋਈ ਸਿੱਖ ਕੌਮ ਨੇ ਆਪਣੇ ਆਪ ਨੂੰ ਜੱਟ, ਭਾਪੇ, ਅਰੋੜੇ, ਰਾਮਗੜ੍ਹੀਏ, ਸੈਣੀ, ਚਮਾਰ ਆਦਿਕ ਵਿੱਚ ਵੰਡ ਲਿਆ। ਅੱਜ ਜੇਕਰ ਕਿਸੇ ਸਿੱਖ ਨੂੰ ਉਸਦੇ ਬੱਚੇ/ਬੱਚੀ ਦੇ ਵਿਆਹ ਲਈ ਸੰਭਾਵਿਤ ਰਿਸ਼ਤੇ ਬਾਰੇ ਦੱਸਿਆ ਜਾਏ ਤਾਂ ਉਸਦਾ ਪਹਿਲਾ ਸਵਾਲ ਹੀ ਇਹ ਹੁੰਦਾ ਹੈ ਕਿ ਬੱਚਾ/ਬੱਚੀ ‘ਆਪਣੀ ਬਿਰਾਦਰੀ’ ਦੇ ਹਨ ਜਾਂ ਨਹੀਂ। ਇਹੀ ਨਹੀਂ, ਹਿੰਦੂਆਂ ਦੀ ਤਰ੍ਹਾਂ, ਸਿੱਖ ਵੀ ਆਪਣੇ ਨਾਮ ਨਾਲ ਆਪਣੀ ਕਥਿਤ ਜਾਤਿ ਲਿਖਣ ਵਿੱਚ ਬੜਾ ਫਖ਼ਰ ਮਹਿਸੂਸ ਕਰਦੇ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਵੀ ਆਪਣੇ ਨਾਵਾਂ ਨਾਲ ਜਾਤੀਸੂਚਕ ਲਫ਼ਜ਼ ਲਿਖਣ ਤੋਂ ਸੰਕੋਚ ਨਹੀਂ ਕਰਦੇ। ਇਸੇ ਤਰ੍ਹਾਂ, ਖਾਲਸਾ ਸਕੂਲਾਂ ਵਿੱਚ ਧਰਮ ਦੀ ਸਿੱਖਿਆ ਦੇਣ ਵਾਲੀਆਂ ਕਈ ਅਧਿਆਪਕਾਵਾਂ ਅਤੇ ਧਾਰਮਿਕ ਰਸਾਲਿਆਂ ਦੇ ਸੰਪਾਦਕ ਵੀ ਆਪਣੇ ਨਾਵਾਂ ਨਾਲ ਆਪਣੀਆਂ ਜਾਤਿ ਜ਼ਰੂਰ ਲਿਖਦੇ ਹਨ। ਗੁਰਦੁਆਰਿਆਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਟੈਲੀਵੀਜ਼ਨ ਚੈਨਲਾਂ, ਸੀ.ਡੀ./ਕੈਸਟਾਂ ਰਾਹੀਂ ਹੋ ਰਹੇ ਬੇਅੰਤ ਕੀਰਤਨ ਨੂੰ ਸੁਣ ਕੇ ਅਤੇ ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਵੱਡੀ ਪੱਧਰ ਤੇ ਮਨਾਉਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਕਿਸੇ ਸੱਜਣ ਨੂੰ ਏਨੀ ਕੁ ਗੱਲ ਸਮਝ ਨਹੀਂ ਆਉਂਦੀ ਕਿ ਸਿੱਖ ਨੂੰ ਜਾਤਿ-ਪਾਤਿ ਪ੍ਰਣਾਲੀ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਨਾਮ ਨਾਲ ਜਾਤੀਸੂਚਕ ਲਫ਼ਜ਼ ਇਸਤੇਮਾਲ ਨਹੀਂ ਕਰਨੇ ਚਾਹੀਦੇ।
ਜਾਤਿ-ਪਾਤਿ ਦੀ ਤਰ੍ਹਾਂ, ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਵਾਦੀਆਂ ਵੱਲੋਂ ਸਥਾਪਿਤ ਕੀਤੇ ‘ਬ੍ਰਹਮਚਾਰਿਆ’ ਦੇ ਸੰਕਲਪ ਨੂੰ ਵੀ ਰੱਦ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਖ਼ੁਦ ਵੀ ਗ੍ਰਹਿਸਥ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਵੀ ਗ੍ਰਹਿਸਥ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਇਸਦੇ ਬਾਵਜੂਦ, ਸਿੱਖ ਸਮਾਜ ਵਿੱਚ ਕੁਝ ਅਜਿਹੇ ਡੇਰੇਵਾਦੀ ਸੰਪਰਦਾਵਾਂ ਸਥਾਪਿਤ ਹੋ ਗਈਆਂ ਹਨ, ਜੋ ਅਸਿੱਧੇ ਤਰੀਕੇ ਨਾਲ ਇਹੀ ਜ਼ਾਹਿਰ ਕਰਦੀਆਂ ਹਨ ਕਿ ਧਰਮ ਦੇ ਰਸਤੇ ਤੇ ਚੱਲਣ ਲਈ ਬ੍ਰਹਮਚਾਰੀ ਰਹਿਣਾ ਬੜਾ ਜ਼ਰੂਰੀ ਹੈ। ਇਸਲਈ ਇਨ੍ਹਾਂ ਸੰਪਰਦਾਵਾਂ ਦੇ ਅਖੌਤੀ ਸਾਧ-ਸੰਤ ਆਪਣਾ ਵਿਆਹ ਨਹੀਂ ਕਰਵਾਉਂਦੇ (ਜਾਂ ਉਨ੍ਹਾਂ ਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ)। ਭੋਲੇ-ਭਾਲੇ ਸਿੱਖ ਉਨ੍ਹਾਂ ਦੇ ਬ੍ਰਹਮਚਾਰੀਪੁਣੇ ਨੂੰ ਵੀ ਸਿੱਖ ਧਰਮ ਦਾ ਹੀ ਇਕ ਅੰਗ ਸਮਝਕੇ, ਸਾਧਾਂ-ਸੰਤਾਂ ਦੀ ਬੇਅੰਤ ਸੇਵਾ ਕਰਦੇ ਹਨ, ਜੋ ਅੱਗੋਂ ਉਨ੍ਹਾਂ ਦੇ ਜਜ਼ਬਾਤਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਕੁਝ ਹੋਰ ਸਾਧ, ਦਿਖਾਵੇ ਵਜੋਂ ਤਾਂ ਕੁਆਰੇ ਰਹਿੰਦੇ ਹਨ ਪਰ ਆਪਣੇ ਡੇਰੇ ਵਿੱਚ ਆਉਣ ਵਾਲੀ ਸ਼ਰਧਾਲੂ ਬੀਬੀਆਂ ਨਾਲ ਜ਼ਬਰਦਸਤੀ ਜਾਂ ਉਨ੍ਹਾਂ ਨੂੰ ਵਰਗਲਾ ਕੇ, ਉਨ੍ਹਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰ ਲੈਂਦੇ ਹਨ (ਅਜਿਹੇ ਕੁਝ ਸਾਧਾਂ ਬਾਰੇ ਇੰਡੀਆ ਅਵੇਅਰਨੈ¤ਸ ਦੇ ਵੱਖ-ਵੱਖ ਅੰਕਾਂ ਵਿੱਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ)। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਭਟਕ ਚੁੱਕੇ ਹੋਣ ਕਾਰਨ ਸਿੱਖ ਸਮਾਜ ਅਜਿਹੇ ਡੇਰੇਦਾਰਾਂ ਦਾ ਵਿਰੋਧ ਨਹੀਂ ਕਰਦਾ।
ਗੁਰੂ ਨਾਨਕ ਸਾਹਿਬ ਨੇ ਜੋ ਵੀ ਉਪਦੇਸ਼ ਦਿੱਤੇ, ਉਨ੍ਹਾਂ ਤੇ ਅਮਲ ਕਰਕੇ ਵੀ ਦਿਖਾਇਆ। ਜੇਕਰ ਉਨ੍ਹਾਂ ਨੇ ਸਾਨੂੰ ਦਇਆ, ਸੰਤੋਖ ਅਤੇ ਇਮਾਨਦਾਰੀ ਦੇ ਗੁਣ ਗ੍ਰਹਿਣ ਕਰਨ ਦੀ ਪ੍ਰੇਰਣਾ ਕੀਤੀ ਤਾਂ ਉਨ੍ਹਾਂ ਨੇ ਸਮਰਥਨ ਵੀ ਅਜਿਹੇ ਗੁਣਵਾਨ ਵਿਅਕਤੀਆਂ ਦਾ ਹੀ ਕੀਤਾ। ਮਿਸਾਲ ਵਜੋਂ, ਜਦ ‘ਮਲਿਕ ਭਾਗੋ’ ਨਾਂਅ ਦੇ ਅਮੀਰ ਵਿਅਕਤੀ ਨੇ ਗੁਰੂ ਨਾਨਕ ਸਾਹਿਬ ਨੂੰ ਵਧੀਆ ਅਤੇ ਮਹਿੰਗੇ ਕਿਸਮ ਦੇ ਪਕਵਾਨ ਖਾਣ ਲਈ ਸੱਦਾ ਦਿੱਤਾ ਤਾਂ ਗੁਰੂ ਸਾਹਿਬ ਨੇ ਸਾਫ਼ ਨਾਂਹ ਕਰ ਦਿੱਤੀ ਅਤੇ ਭਾਈ ਲਾਲੋ ਜਿਹੇ ਗਰੀਬ ਪਰ ਇਮਾਨਦਾਰ ਵਿਅਕਤੀ ਦੇ ਘਰ ਸਾਧਾਰਨ ਭੋਜਨ ਕਰਕੇ ਵੀ ਪ੍ਰਸੰਨ ਹੋਏ। ਪਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਟੁੱਟੇ ਸਿੱਖ ਸਮਾਜ ਵੀ ਮਲਿਕ ਭਾਗੋ ਦੀ ਰਾਹ ਤੇ ਤੁਰਦਾ ਨਜ਼ਰ ਆਉਂਦਾ ਹੈ। ਅੱਜ ਰੱਜੇ-ਪੁੱਜੇ ਸਿੱਖਾਂ ਵੱਲੋਂ ਵਾਹ-ਵਾਹੀ ਲੁੱਟਣ ਵਾਸਤੇ ‘ਮਹਾਨ ਕੀਰਤਨ ਦਰਬਾਰਾਂ’ ਅਤੇ ਨਗਰ ਕੀਰਤਨਾਂ ਵਿੱਚ ਵੱਖ-ਵੱਖ ਵੈਰਾਇਟੀਆਂ ਦੇ ਲੰਗਰਾਂ ਦੀ ਭਰਮਾਰ ਕਰ ਦਿੱਤੀ ਜਾਂਦੀ ਹੈ ਪਰ ਜ਼ਰੂਰਤਮੰਦਾਂ ਨੂੰ ਨੇਮਬੱਧ ਰੂਪ ਵਿੱਚ ਮਦਦ ਪਹੁੰਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ, ਹਲਵਾ-ਪੂੜੀਆਂ ਦੇ ਲੰਗਰ ਵੰਡਣ ਵਿੱਚ ਤਾਂ ਹਰ ਕੋਈ ਅੱਗੇ ਰਹਿਣਾ ਚਾਹੁੰਦਾ ਹੈ ਪਰ ਗੁਰੂ ਦੇ ਸ਼ਬਦ ਰੂਪੀ ਲੰਗਰ ਨੂੰ ਸਮੂਹ ਲੋਕਾਈ ਤੱਕ ਪਹੁੰਚਾਉਣ ਦਾ ਉਪਰਾਲਾ ਕੋਈ ਵਿਰਲਾ ਹੀ ਕਰਦਾ ਹੈ।
ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਕਿ ਸਾਰੇ ਮਨੁੱਖ ਇਕ ਸਮਾਨ ਹਨ। ਇਸਲਈ ਗੁਰੂ ਨਾਨਕ ਸਾਹਿਬ ਦੀ ਦੂਜੀ ਜੋਤਿ ਗੁਰੂ ਅੰਗਦ ਸਾਹਿਬ ਨੇ ਵੀ ਹੁਮਾਯੂੰ ਨਾਲ ਮੁਲਾਕਾਤ ਹੋਣ ਤੇ ਉਸ ਪ੍ਰਤੀ ਸਤਿਕਾਰ ਦਰਸਾਉਣ ਲਈ ਕੋਈ ਵਿਸ਼ੇਸ਼ ਹਰਕਤ ਨਹੀਂ ਕੀਤੀ। ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਅਕਬਰ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਆਮ ਇਨਸਾਨਾਂ ਵਿਚਕਾਰ ਬਿਠਾ ਕੇ ਉਹੀ ਲੰਗਰ ਛਕਾਇਆ ਗਿਆ, ਜੋ ਬਾਕੀ ਸੰਗਤਾਂ ਨੂੰ ਛਕਾਇਆ ਜਾ ਰਿਹਾ ਸੀ। ਇਸਦੇ ਉਲਟ, ਅੱਜ ਸਿੱਖ ਸਮਾਜ ਵਿੱਚ ਇਕ-ਸਮਾਨਤਾ ਵਾਲੀ ਭਾਵਨਾ ਤੇਜ਼ੀ ਨਾਲ ਖ਼ਤਮ ਹੁੰਦੀ ਜਾ ਰਹੀ ਹੈ। ਅੱਜ ਗੁਰਦੁਆਰਿਆਂ ਵਿੱਚ ਆਮ ਸੰਗਤਾਂ ਵਾਸਤੇ ਲੰਗਰ ਕੁਝ ਹੋਰ ਪੱਧਰ ਦਾ ਹੁੰਦਾ ਹੈ ਜਦਕਿ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਚਾਪਲੂਸਾਂ ਵਾਸਤੇ ਹੋਰ ਪੱਧਰ ਦਾ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਬਣੀਆਂ ਸਰਾਵਾਂ ਵਿੱਚ ਆਮ ਜਨਤਾ ਲਈ ਬਣੇ ਕਮਰੇ ਬਿਸਤਰਿਆਂ ਅਤੇ ਸਾਫ-ਸਫਾਈ ਦੇ ਵੀ ਮੁਥਾਜ ਹੁੰਦੇ ਹਨ, ਉ¤ਥੇ ਵੀ.ਆਈ.ਪੀ. ਮਹਿਮਾਨਾਂ ਲਈ ਬਣੇ ਕਮਰਿਆਂ ਜਾਂ ਸਰਾਵਾਂ ਵਿੱਚ ਏਅਰ-ਕੰਡੀਸ਼ਨਰ, ਵਧੀਆ ਪਲੰਘ ਆਦਿਕ ਸਹੂਲਤਾਂ ਨਾਲ ਲੈਸ ਹੁੰਦੇ ਹਨ। ਗੁਰਦੁਆਰਿਆਂ ਵਿੱਚ ਇਕ ਵਿਸ਼ੇਸ਼ ਰਕਮ ਦੇ ਕੇ ਕੜਾਹ ਪ੍ਰਸ਼ਾਦਿ ਦੀ ਪਰਚੀ ਪ੍ਰਾਪਤ ਕਰਨ ਵਾਲੇ ‘ਸ਼ਰਧਾਲੂਆਂ’ ਨੂੰ ਸਿਰੋਪਿਆਂ ਨਾਲ ਨਿਵਾਜਿਆ ਜਾਂਦਾ ਹੈ, ਜਦਕਿ ਅਜਿਹੀ ਨੀਤੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਲੁੱਟ-ਖਸੁੱਟ ਕਰਨ ਵਾਲੇ ਪੰਡਿਆਂ ਦੀ ਹੁੰਦੀ ਹੈ। ਇਸ ਤਰ੍ਹਾਂ, ਗੁਰਦੁਆਰਾ ਕਮੇਟੀਆਂ ਵੀ ਸਿੱਖਾਂ ਦੇ ਆਰਥਿਕ ਅਤੇ ਸਮਾਜਿਕ ਰੁਤਬੇ ਮੁਤਾਬਿਕ ਉਨ੍ਹਾਂ ਨਾਲ ਵਰਤਾਉ ਕਰਦੀਆਂ ਹਨ, ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਸਿੱਧੀ ਉਲੰਘਣਾ ਹੈ।
ਇਸ ਤਰ੍ਹਾਂ ਦੀਆਂ ਹੋਰ ਵੀ ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਸਿੱਖ ਕੌਮ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਉਲਟ ਚੱਲ ਰਹੀ ਹੈ। ਇਹੀ ਨਹੀਂ, ਸਿੱਖੀ ਦੇ ਸੋਮਾ ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਕੇਸਾਂ ਨੂੰ ਤਿਲਾਂਜਲੀ ਦੇ ਕੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਜ਼ਾਹਿਰ ਹੈ ਕਿ ਅਸੀਂ ਭਾਵੇਂ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਦੇ ਨਾਂਅ ਤੇ ਕਰੋੜਾਂ-ਅਰਬਾਂ ਰੁਪਏ ਖਰਚ ਰਹੇ ਹਾਂ ਪਰ ਇਨ੍ਹਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੋ ਪਾ ਰਿਹਾ। ਇਸਲਈ ਚੰਗਾ ਹੋਵੇ ਜੇਕਰ ਇਸ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਮੌਕੇ ਅਸੀਂ ਸਿਰਫ਼ ਦਿਖਾਵੇ ਵਾਲੀ ਧਾਰਮਿਕਤਾ ਤੱਕ ਸੀਮਿਤ ਰਹਿਣ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ ਕਿਸੇ ਇਕ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਦਾ ਪ੍ਰਣ ਕਰੀਏ। ਤਾਂ ਹੀ ਸਾਡਾ ਗੁਰਪੁਰਬ ਮਨਾਉਣਾ ਸਫ਼ਲ ਹੋ ਸਕੇਗਾ।