

’84 ਕਤਲੇਆਮ ਪੀੜ੍ਹਤਾਂ ਦੀ ਦਰਦਨਾਕ ਦਾਸਤਾਨ
-ਇੰਡੀਆ ਅਵੇਅਰਨੈਸ ਬਿਉਰੋ -
31 ਅਕਤੂਬਰ 1984 ਨੂੰ
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹੋਰ
ਸ਼ਹਿਰਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਅਰੰਭ ਕਰਵਾ ਦਿੱਤਾ ਗਿਆ। ਦੁਨੀਆ ਦੇ ਸਭ
ਤੋਂ ਵੱਡੇ ਕਥਿਤ ਲੋਕਤੰਤਰ ਦੀ ਰਾਜਧਾਨੀ ਵਿੱਚ ਜਿਸ ਤਰ੍ਹਾਂ ਦਿਨ-ਦਹਾੜੇ ਇਕ ਵਿਸ਼ੇਸ਼ ਧਰਮ ਦੇ
ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਗਿਆ, ਔਰਤਾਂ ਦੀ ਬੇਪਤੀ ਕੀਤੀ ਗਈ ਅਤੇ ਉਨ੍ਹਾਂ ਦੇ ਧਰਮ-ਅਸਥਾਨਾਂ
ਨੂੰ ਸਾੜਿਆ-ਫੂਕਿਆ ਗਿਆ, ਉਸ ਨਾਲ ਮਨੂੰਵਾਦੀ ਸਮਾਜ ਵਿੱਚ ਲੋਕੰਤਤਰ (ਬਹੁਗਿਣਤੀਵਾਦ) ਦੇ ਅਰਥ ਸਾਰੀ
ਦੁਨੀਆ ਸਾਹਮਣੇ ਸਪਸ਼ਟ ਹੋ ਗਏ। ਇਸ ਕਤਲੋਗਾਰਤ ਦੌਰਾਨ ਸਿੱਖਾਂ ਨੂੰ ਕਿਸ ਵਹਿਸ਼ੀਪੁਣੇ ਦਾ ਸਾਹਮਣਾ
ਕਰਨਾ ਪਿਆ, ਇਸ ਦੀ ਜਾਣਕਾਰੀ ਪੀੜ੍ਹਤਾਂ ਅਤੇ ਚਸ਼ਮਦੀਦ ਗਵਾਹਾਂ ਤੋਂ ਹੀ ਮਿਲ ਸਕਦੀ ਹੈ। ਇਸਲਈ
ਇਨ੍ਹਾਂ ਪੀੜ੍ਹਤਾਂ ਅਤੇ ਗਵਾਹਾਂ ਵੱਲੋਂ ਜਸਟਿਸ ਮਿਸ਼ਰਾ ਕਮਿਸ਼ਨ ਕੋਲ ਦਾਇਰ ਕੀਤੇ ਗਏ ਹਲਫਨਾਮਿਆਂ
ਵਿਚੋਂ ਕੁਝ ਦੇ ਅੰਸ਼ਾਂ ਦਾ ਪੰਜਾਬੀ ਅਨੁਵਾਦ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਦੀ ਜਾਣਕਾਰੀ ਵਾਸਤੇ
ਪੇਸ਼ ਕੀਤਾ ਜਾ ਰਿਹਾ ਹੈ।
ਪਾਲਮ ਨਿਵਾਸੀ ਸ੍ਰੀਮਤੀ ਸੁਰਜੀਤ ਕੌਰ ਦੇ ਮਿਸ਼ਰਾ ਕਮੀਸ਼ਨ ਨੂੰ ਦਿੱਤੇ ਹਲਫ਼ੀਆ ਬਿਆਨ ਦੇ ਅੰਸ਼ :
1 ਨਵੰਬਰ 1984 ਨੂੰ ਸਾਡੀ ਕਲੋਨੀ ਵਿੱਚ ਬੜਾ ਸ਼ੋਰ ਮਚ ਰਿਹਾ ਸੀ। ਸਮੁੰਦ ਜਾਟ ਉੱਚੀ ਅਵਾਜ਼ ਵਿੱਚ
ਕਹਿ ਰਿਹਾ ਸੀ ਕਿ ਉਨ੍ਹਾਂ ਨੇ ਸਾਰੇ ਸਰਦਾਰ ਅਤੇ ਸਰਦਾਰਨੀਆਂ ਮਾਰ ਦਿੱਤੇ ਹਨ ਅਤੇ ‘‘ਤੁਸੀਂ ਥੋੜੇ
ਜਿਹੇ ਬਚੇ ਹੋ।’’ ਇਹ ਗੱਲ ਸੁਣਨ ‘ਤੇ ਮੇਰੇ ਪਤੀ ਸ੍ਰ: ਅਵਤਾਰ ਸਿੰਘ ਉਸ ਕੋਲ ਗਏ ਅਤੇ ਉਸ ਨੂੰ
ਕਿਹਾ ਕਿ ਉਹ ਇਕ ਪੜ੍ਹੇ-ਲਿਖੇ ਵਿਅਕਤੀ ਦੀ ਤਰ੍ਹਾਂ ਗੱਲ ਕਰੇ। ਅਜਿਹੀ ਗੱਲਬਾਤ ਕਰਕੇ ਮੇਰੇ ਪਤੀ
ਵਾਪਿਸ ਆ ਗਏ। ਲਗਭਗ 500 ਵਿਅਕਤੀਆਂ ਦੀ ਭੀੜ ਸਾਡੇ ਘਰ ਕੋਲ ਇਕੱਠੀ ਹੋ ਗਈ। ਉਨ੍ਹਾਂ ਨੂੰ ਦੇਖ ਕੇ
ਮੇਰੇ ਪਤੀ ਘਰ ਦੇ ਅੰਦਰ ਆ ਗਏ। ਉਸ ਸਮੇਂ ਸਾਡੇ ਦੋਨਾਂ ਦੇ ਇਲਾਵਾ ਮੇਰੀ 18 ਅਤੇ 12 ਸਾਲਾਂ ਦੀਆਂ
ਲੜਕੀਆਂ ਅਤੇ 14 ਸਾਲ ਦਾ ਪੁੱਤਰ ਘਰ ਵਿੱਚ ਸਨ। ਅਸੀਂ ਸਭ ਘਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਆ ਗਏ।
ਭੀੜ ਲਾਠੀਆਂ, ਲੋਹੇ ਦੀਆਂ ਰਾਡਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਸੀ। ਦੀਵਾਰ ਦੀਆਂ ਇੱਟਾਂ ਹਟਾਕੇ ਅਤੇ ਦਰਵਾਜੇ-ਖਿੜਕੀਆਂ ਤੋੜ ਕੇ ਲੋਕ ਸਾਡੇ ਵਰਾਂਡੇ ਵਿੱਚ ਵੜ ਆਏ ਅਤੇ ਸਾਨੂੰ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ, ਮੇਰਾ ਸਿਰ ਅਤੇ ਮੱਥਾ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ। ਮੇਰੇ ਪਤੀ ਦੌੜ ਕੇ ਮੇਰੇ ਵੱਲ ਆਏ ਅਤੇ ਇੱਕ ਤੌਲੀਏ ਨਾਲ ਮੇਰੇ ਸਿਰ ਤੋਂ ਵਗ ਰਹੇ ਖੂਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਵੇਖ ਕੇ ਭੀੜ ਨੇ ਸਾਡੇ ਵੱਲ ਹੋਰ ਇੱਟਾਂ ਸੁੱਟੀਆਂ ਜਿਸ ਨਾਲ ਮੇਰੇ ਪਤੀ ਦਾ ਸਿਰ ‘ਤੇ ਗੰਭੀਰ ਰੂਪ ਨਾਲ ਸੱਟਾਂ ਲੱਗ ਗਈਆਂ ਅਤੇ ਉਨ੍ਹਾਂ ਦੇ ਦੰਦ ਟੁੱਟ ਗਏ। ਉਨ੍ਹਾਂ ਨੂੰ ਜ਼ਖ਼ਮੀ ਹੋਕੇ ਗਿਰਦਿਆਂ ਵੇਖ ਮੇਰੇ ਬੱਚਿਆਂ ਨੇ ਰੌਲਾ ਪਾਇਆ ਕਿ ਭੀੜ ਨੇ ਉਨ੍ਹਾਂ ਦੇ ਪਿਤਾਜੀ ਨੂੰ ਮਾਰ ਦਿੱਤਾ ਹੈ, ਇਸਲਈ ਉਹ ਬਾਹਰ ਚਲੇ ਜਾਣ। ਭੀੜ ‘ਚੋਂ ਓਮ ਧਰੀ ਨਾਂ ਦਾ ਇਕ ਵਿਅਕਤੀ, ਜੋ ਨਸੀਰਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਜਿਸਨੂੰ ਮੈਂ ਪਛਾਣਦੀ ਸੀ, ਨੇ ਕੈਂਚੀ ਨਾਲ ਮੇਰੇ ਪਤੀ ਦੇ ਸਿਰ ਅਤੇ ਦਾੜ੍ਹੀ ਦੇ ਕੇਸ ਕੱਟ ਦਿੱਤੇ। ਇਸ ਉਪਰੰਤ ਭੀੜ ਵਾਪਿਸ ਚਲੀ ਗਈ। ਮੇਰੇ ਪਤੀ ਉਸ ਸਮੇਂ ਜ਼ਿੰਦਾ ਸਨ। ਅਸੀਂ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਪਾਇਆ ਤਾਂ ਉਨ੍ਹਾਂ ਨੂੰ ਹੋਸ਼ ਆ ਗਈ। ਅਸੀਂ ਉਨ੍ਹਾਂ ਨੂੰ ਬਾਥਰੂਮ ਦੇ ਦਰਵਾਜ਼ੇ ਪਿੱਛੇ ਛੁਪਾ ਦਿੱਤਾ।
ਰਾਤ ਦੇ ਦੋ ਵਜੇ ਭੀੜ ਦੁਬਾਰਾ ਆ ਗਈ ਅਤੇ ਉਨ੍ਹਾਂ ‘ਚੋਂ ਕੁਝ ਲੋਕਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਰਦਾਰ ਹਾਲਾਂ ਜ਼ਿੰਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਵਿੱਚ ਨਹੀਂ ਸਨ ਅਤੇ ਉਨ੍ਹਾਂ ਨੂੰ ਇਕ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਗਿਆ ਸੀ। ਮੇਰੇ ਅਜਿਹਾ ਕਹਿਣ ‘ਤੇ ਉਹ ਵਾਪਿਸ ਚਲੇ ਗਏ। ਪਰ ਉਹ ਬਾਰ-ਬਾਰ ਵਾਪਿਸ ਆਂਦੇ ਰਹੇ ਅਤੇ ਘਰ ਦੀ ਤਲਾਸ਼ੀ ਲੈਂਦੇ ਰਹੇ। ਜਦ ਉਹ ਤੇਰ੍ਹਵੀਂ ਵਾਰ ਵਾਪਿਸ ਆਏ ਤਾਂ ਉਨ੍ਹਾਂ ਨੇ ਹਰ ਚੀਜ਼ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਵਾਰ ਉਨ੍ਹਾਂ ਨੇ ਮੇਰੇ ਪਤੀ ਨੂੰ ਢੂੰਢ ਲਿਆ। ਪੂਰਨ ਨਗਰ ਦੇ ਇਕ ਸ਼ਰਾਬੀ ਮੋਹਿੰਦਰ ਨੇ ਤੇਜ਼ਧਾਰ ਹਥਿਆਰ ਨਾਲ ਮੇਰੇ ਪਤੀ ‘ਤੇ ਪਹਿਲਾ ਵਾਰ ਕੀਤਾ ਜਦਕਿ ਰਾਮ ਕੁਮਾਰ ਨਾਂ ਦੇ ਨਾਈ ਨੇ ਦੁਬਾਰਾ ਵਾਰ ਕੀਤਾ। ਪਾਲਮ ਪਿੰਡ ਦੇ ਜਗੀਰਾ ਨੇ ਕਿਹਾ ‘‘ਸਰਦਾਰ ਨੂੰ ਦੁਬਾਰਾ ਮਾਰੋ। ਇਸ ਵਾਰ ਇਹ ਬਚਣਾ ਨਹੀਂ ਚਾਹੀਦਾ।’’ ਉਸਦੇ ਅਜਿਹਾ ਕਹਿਣ ‘ਤੇ ਲੋਕਾਂ ਨੇ ਮੇਰੇ ਪਤੀ ਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦਿੱਤਾ ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਇਕ ਹਿੱਸਾ ਜਲ ਗਿਆ। ਉਨ੍ਹਾਂ ਦੇ ਚਿਹਰੇ ਦੇ ਦੂਜੇ ਭਾਗ ਤੋਂ ਉਨ੍ਹਾਂ ਦੀ ਇੱਕ ਅੱਖ ਕਾਂਟੇ (ਰਿਗਾ) ਨਾਲ ਕੱਢ ਦਿੱਤੀ ਗਈ। ਜਦ ਉਹ ਅਜਿਹਾ ਕਰ ਰਹੇ ਸਨ, ਤਾਂ ਮੇਰੇ ਪਤੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਉਨ੍ਹਾਂ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਪਰ ਕਾਤਲਾਂ ਨੇ ਉਨ੍ਹਾਂ ਦੀ ਕਿਸੀ ਗੱਲ ‘ਤੇ ਕੋਈ ਧਿਆਨ ਨਾ ਦਿੱਤਾ ਅਤੇ ਉਨ੍ਹਾਂ ‘ਦੇ ਸਰੀਰ ‘ਤੇ ਪੈਟਰੋਲ ਪਾਕੇ ਅੱਗ ਲਗਾ ਦਿੱਤੀ। ਜਦ ਮੈਂ ਅੱਗ ਬੁਝਾਉਣ ਲਈ ਅੱਗੇ ਵਧੀ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੀ ਛੋਟੀ ਕੁੜੀ ਨੂੰ ਬਾਲਾਂ ਤੋਂ ਫੜ ਕੇ ਇਕ ਤਰਫ਼ ਘੜੀਸ ਲਿਆ ਅਤੇ ਤਾਂ ਹੀ ਛੱਡਿਆ ਜਦ ਮੇਰੇ ਪਤੀ ਦਾ ਸਰੀਰ ਪੂਰੀ ਤਰ੍ਹਾਂ ਜਲ੍ਹ ਚੁੱਕਾ ਸੀ। ਮੇਰੇ ਪਤੀ ਨੂੰ ਜਲਦਾ ਵੇਖ ਕੇ ਇਹ ਲੋਕ ਬੜੇ ਖੁਸ਼ ਹੋ ਰਹੇ ਸਨ।
ਮੇਰਾ ਪੁੱਤਰ ਅਮਰਜੀਤ ਸਿੰਘ ਬਚਣ ਲਈ ਬਾਹਰ ਭੱਜਾ ਤਾਂ ਇੱਕ ਵੱਡੀ ਭੀੜ ਉਸਦੇ ਪਿੱਛੇ ਨੱਸੀ। ਪਰਮਾਤਮਾ ਨੇ ਉਸਦੀ ਰੱਖਿਆ ਕੀਤੀ ਅਤੇ ਉਹ ਘਰ ਦੇ ਪਿੱਛੇ ਛੁੱਪ ਗਿਆ ਜਿੱਥੇ ਉਹ ਪੰਜ ਦਿਨਾਂ ਤੱਕ ਲੁਕਿਆ ਰਿਹਾ। ਅਸੀਂ ਉਸਨੂੰ 6 ਨਵੰਬਰ ਨੂੰ ਲੱਭਿਆ। ਮੈਨੂੰ ਅਤੇ ਮੇਰੀ ਕੁੜੀਆਂ ਨੂੰ ਏਅਰ ਫੋਰਸ ਕੈਂਪ, ਸੁਬਰੋਤੋ ਪਾਰਕ ਵਿੱਚ ਰੱਖਿਆ ਗਿਆ।
ਕ੍ਰਿਸ਼ਨਾ ਨਗਰਵਾਸੀ ਸ੍ਰ: ਕੁਲਬੀਰ ਸਿੰਘ ਦੁਆਰਾ ਨਾਨਾਵਤੀ ਕਮੀਸ਼ਨ ਕੋਲ ਪੇਸ਼ ਕੀਤੇ ਗਏ ਹਲਫ਼ਨਾਮੇ ਦੇ ਅੰਸ਼ :
ਨਵੰਬਰ 1984 ਵਿੱਚ ਮੈਂ ਆਪਣੇ ਪਿਤਾ ਜੀ ਨਾਲ ਕ੍ਰਿਸ਼ਨਾ ਨਗਰ ਵਿਖੇ ਸਥਿਤ ਸੁਪਰ ਰੈਸਟੋਰੈਂਟ ਐਂਡ ਕਨਫੈਕਸ਼ਨਰਸ ਨਾਂ ਦੀ ਦੁਕਾਨ ਤੋਂ ਹਲਵਾਈ ਦਾ ਬਿਜ਼ਨੇਸ ਕਰਦਾ ਸੀ। 31 ਅਕਤੂਬਰ 84 ਨੂੰ ਸਾਨੂੰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਮਿਲੀ। ਸਾਨੂੰ ਬੜਾ ਦੁਖ ਹੋਇਆ ਅਤੇ ਅਸੀਂ ਦੁਕਾਨ ਛੇਤੀ ਬੰਦ ਕਰਕੇ ਘਰ ਆ ਗਏ।
1 ਨਵੰਬਰ 84 ਨੂੰ, ਤਕਰੀਬਨ ਸਵੇਰ ਦੇ 11 ਵਜੇ, ਮੈਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਕਿ ਲਾਲ ਕੁਆਰਟਰਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਸਨ। ਮੈਂ ਆਪਣੇ ਮਰਹੂਮ ਪਿਤਾ ਸ੍ਰ: ਪਿਸ਼ੌਰਾ ਸਿੰਘ ਨਾਲ ਘਰੋਂ ਆਪਣੀ ਦੁਕਾਨ ਵੇਖਣ ਤੁਰ ਪਿਆ। ਜਦ ਅਸੀਂ ਆਪਣੀ ਦੁਕਾਨ ਤੋਂ ਲਗਭਗ 50 ਕੁ ਗਜ ਦੂਰ ਸੀ ਤਾਂ ਮੈਂ ਆਪਣੀ ਕਲੋਨੀ ਦੇ ਇੰਸਪੈਕਟ ਭਾਸਕਰ ਨੂੰ ਜੀਪ ਵਿੱਚ 4-5 ਕਾਂਸਟੇਬਲਾਂ ਦੇ ਨਾਲ ਵੇਖਿਆ। ਅਸੀਂ ਐਸ.ਐਚ.ਓ. ਭਾਸਕਰ ਨੂੰ ਨਿਜੀ ਤੌਰ ‘ਤੇ ਜਾਣਦੇ ਸਾਂ। ਇਸਲਈ ਉਸਨੇ ਸਾਨੂੰ ਸਾਡੀ ਦੁਕਾਨ ਵੱਲ ਜਾਣ ਤੋਂ ਰੋਕਿਆ। ਅਸੀਂ ਭਾਸਕਰ ਨੂੰ ਮਦਦ ਵਾਸਤੇ ਕਿਹਾ ਅਤੇ ਸਾਡੀ ਦੁਕਾਨ ਬਚਾਉਣ ਲਈ ਸਾਡੇ ਨਾਲ ਚੱਲਣ ਵਾਸਤੇ ਆਖਿਆ। ਭਾਸਕਰ ਨੇ ਕਿਹਾ, ‘‘ਮੇਰੇ ਕੋਲ ਇੰਨੀ ਫੋਰਸ ਨਹੀਂ ਹੈ। ਮੈਂ ਤੁਹਾਡੇ ਨਾਲ ਜਾਕੇ ਕਿਵੇਂ ਭੀੜ ਨੂੰ ਰੋਕ ਸਕਦਾ ਹਾਂ ਕਿਉਂਕਿ ਮੇਰੀ ਆਪਣੀ ਜਾਨ ਨੂੰ ਖ਼ਤਰਾ ਹੈ।’’ ਅਸੀਂ ਉਥੇ ਨਹੀਂ ਰੁਕੇ ਅਤੇ ਆਪਣੀ ਦੁਕਾਨ ਵੱਲ ਵੱਧਣਾ ਸ਼ੁਰੂ ਹੋ ਗਏ।
ਅਸੀਂ ਕੁਝ ਹੀ ਅੱਗੇ ਗਏ ਸੀ ਕਿ ਸਾਨੂੰ ਜਾਣ-ਪਛਾਣ ਵਾਲੇ ਕੁਝ ਲੋਕ ਉਥੇ ਖੜੇ ਮਿਲੇ। ਉਨ੍ਹਾਂ ਨੇ ਵੀ ਸਾਨੂੰ ਦੁਕਾਨ ਵੱਲ ਜਾਣ ਤੋਂ ਸਾਨੂੰ ਰੋਕਿਆ। ਖ਼ਤਰੇ ਦਾ ਅਹਿਸਾਸ ਕਰਕੇ ਅਸੀਂ ਘਰ ਵੱਲ ਵਾਪਿਸ ਮੁੜ ਪਏ। ਭਾਸਕਰ ਸਾਨੂੰ ਦੁਬਾਰਾ ਮਿਲਿਆ ਜੋ ਰਸਤੇ ਵਿੱਚ ਹੀ ਖੜਾ ਸੀ। ਉਸਨੇ ਸਾਨੂੰ ਦੌੜ ਕੇ ਘਰ ਪਹੁੰਚ ਜਾਣ ਲਈ ਕਿਹਾ। ਅਸੀਂ ਘਰ ਪਹੁੰਚ ਕੇ ਆਪਣੇ ਇਕ ਕਰਮਚਾਰੀ ਨੂੰ ਦੁਕਾਨ ਦਾ ਹਾਲ ਵੇਖਣ ਲਈ ਭੇਜ ਦਿੱਤਾ। ਉਹ ਦੁਕਾਨ ਵੇਖ ਕੇ ਆਇਆ ਅਤੇ ਦੱਸਿਆ ਕਿ ਸਾਡੀ ਦੁਕਾਨ ਲੁੱਟ ਕੇ ਸਾੜੀ ਜਾ ਚੁੱਕੀ ਸੀ।
2 ਨਵੰਬਰ ਦੀ ਦੁਪਹਿਰ ਨੂੰ 500-700 ਵਿਅਕਤੀਆਂ ਦੀ ਇਕ ਭੀੜ ਸਾਡੇ ਘਰ ਵੱਲ ਆ ਗਈ। ਉਨ੍ਹਾਂ ਦੇ ਹੱਥਾਂ ਵਿੱਚ ਮਿੱਟੀ ਦਾ ਤੇਲ, ਪੱਥਰ, ਸਰੀਏ, ਲਾਠੀਆਂ ਆਦਿ ਸਨ। ਉਨ੍ਹਾਂ ਨੇ ਸਾਡੇ ਘਰ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਪਰ ਸਾਡੇ ਪੜੋਸੀਆਂ ਨੇ ਉਨ੍ਹਾਂ ਨੂੰ ਇੰਝ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੇ ਸਨ। ਇਸ ‘ਤੇ ਭੀੜ ਦੇ ਆਗੂਆਂ ਨੇ ਚਿੱਲਾਨਾ ਸ਼ੁਰੂ ਕਰ ਦਿੱਤਾ, ‘‘ਸਰਦਾਰ ਗੱਦਾਰ ਹੈਂ’’। ਉਨ੍ਹਾਂ ਨੇ ਭੜਕੀਲੇ ਲਫ਼ਜ਼ਾਂ ਦਾ ਉਪਯੋਗ ਕੀਤਾ ਅਤੇ ਸਿੱਖ-ਵਿਰੋਧੀ ਨਾਰੇ ਲਗਾਏ। ਪਰ ਸਥਾਨਿਕ ਲੋਕਾਂ, ਵਿਸ਼ੇਸ਼ਕਰ ਸ੍ਰੀ ਚਾਵਲਾ ਨੇ, ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ-ਬੁਝਾ ਕੇ ਵਾਪਿਸ ਭੇਜ ਦਿੱਤਾ।
ਮੇਰੇ ਪਿਤਾ ਜੀ ਕੋਲ 12 ਬੋਰ ਦੀ ਇੱਕ ਬੰਦੂਕ ਸੀ ‘ਤੇ ਇਹ ਗੱਲ ਮੁਹੱਲੇ ਦੇ ਸਾਰੇ ਲੋਕ ਜਾਣਦੇ ਸਨ। ਇਸੇ ਕਾਰਨ ਅਤੇ ਪੜੋਸੀਆਂ ਦੀ ਮਦਦ ਕਾਰਨ ਭੀੜ ਨੇ 1 ਅਤੇ 2 ਨਵੰਬਰ ਨੂੰ ਸਾਡੇ ‘ਤੇ ਹਮਲਾ ਨਹੀਂ ਕੀਤਾ। 3 ਨਵੰਬਰ ਦੀ ਦੁਪਹਿਰ ਨੂੰ ਸਾਡੇ ਘਰ ਦੇ ਆਲੇ-ਦੁਆਲੇ ਇੱਕ ਵੱਡੀ ਭੀੜ ਇਕੱਠੀ ਹੋ ਗਈ। ਭੀੜ ਵਿੱਚ ਇੰਸਪੈਕਟਰ ਕਪੂਰ ਅਤੇ 2-3 ਪੁਲਿਸ ਕਾਂਸਟੇਬਲ ਸਨ। ਇੰਸਪੈਕਟਰ ਕਪੂਰ ਨੇ ਸਾਡੇ ਘਰ ਦੇ ਅੰਦਰ ਆਕੇ ਆਪਣੀ ਪਿਸਤੌਲ ਮੇਰੇ ਪਿਤਾਜੀ ‘ਤੇ ਤਾਣ ਦਿੱਤੀ ਅਤੇ ਕਿਹਾ ਕਿ ਪੁਲਿਸ ਨੂੰ ਸਾਡੇ ਘਰ ਦੀ ਤਲਾਸ਼ੀ ਲੈਣੀ ਹੈ। ਉਸਨੇ ਭੀੜ ‘ਚੋਂ ਦੋ ਵਿਅਕਤੀ ਲਏ ਅਤੇ ਉਨ੍ਹਾਂ ਨੂੰ ਪੁਲੀਸਕਰਮੀਆਂ ਨਾਲ ਮਿਲ ਕੇ ਸਾਡੇ ਘਰ ਦੀ ਤਲਾਸ਼ੀ ਲੈਣ ਦਾ ਹੁਕਮ ਦਿੱਤਾ। ਜਿੰਨੀ ਦੇਰ ਸਾਡੇ ਘਰ ਦੀ ਤਲਾਸ਼ੀ ਹੁੰਦੀ ਰਹੀ, ਇੰਸਪੈਕਟਰ ਕਪੂਰ ਨੇ ਆਪਣੀ ਪਿਸਤੌਲ ਮੇਰੇ ਪਿਤਾਜੀ ‘ਤੇ ਤਾਣੀ ਰੱਖੀ ਅਤੇ ਧਮਕਾਇਆ ਕਿ ਜੇ ਘਰ ਵਿੱਚ ਕੋਈ ਵੀ ਹਥਿਆਰ ਮਿਲਿਆ ਤਾਂ ਉਹ ਉਨ੍ਹਾਂ ਨੂੰ ਉਥੇ ਹੀ ਗੋਲੀ ਮਾਰ ਦੇਵੇਗਾ। ਇਸ ਸਮੇਂ ਦੌਰਾਨ 800-900 ਵਿਅਕਤੀਆਂ ਦੀ ਭੀੜ ਸਾਡੇ ਘਰ ਦੁਆਲੇ ਸ਼ਰਾਰਤੀ ਤਰੀਕੇ ਨਾਲ ਮੰਡਰਾਂਦੀ ਰਹੀ ਅਤੇ ‘ਸਬ ਸਰਦਾਰੋਂ ਕੋ ਮਾਰ ਦੋ’ ਦੇ ਨਾਰੇ ਲਗਾਉਂਦੀ ਰਹੀ।
ਤਲਾਸ਼ੀ ਲਗਭਗ ਅੱਧਾ ਘੰਟਾ ਚੱਲਦੀ ਰਹੀ। ਅਚਾਨਕ ਬਾਹਰ ਸ਼ੋਰ ਮਚ ਗਿਆ, ‘‘ਮਿਲਟਰੀ ਆ ਗਈ, ਮਿਲਟਰੀ ਆ ਗਈ’’। ਭੀੜ ਤੁਰੰਤ ਤਿਤਰ-ਬਿਤਰ ਹੋ ਗਈ ਅਤੇ ਇੰਸਪੈਕਟਰ ਕਪੂਰ ਵੀ ਭੀੜ ਨਾਲ ਹੀ ਖਿਸਕ ਗਿਆ। ਜੇ ਮਿਲਟਰੀ ਸਮੇਂ ਸਿਰ ਨਾ ਆਉਂਦੀ ਤਾਂ ਭੀੜ ਅਤੇ ਪੁਲਿਸ ਨੇ ਸਾਨੂੰ ਜਾਨੋਂ ਮਾਰ ਦੇਣਾ ਸੀ।
ਭੋਗਲ ਵਾਸੀ ਸ੍ਰੀ ਅਸ਼ਵਿਨੀ ਰਾਇ ਦੁਆਰਾ ਨਾਨਾਵਤੀ ਕਮੀਸ਼ਨ ਕੋਲ ਪੇਸ਼ ਕੀਤੇ ਗਏ ਹਲਫ਼ਨਾਮੇ ਦੇ ਅੰਸ਼ :
ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹਾਂ। ਰਾਜਨੀਤੀ ਅਧਿਐਨ ਕੇਂਦਰ ਦੇ ਚੇਅਰਮੈਨ ਦੇ ਤੌਰ ‘ਤੇ ਮੈਂ 31 ਅਕਤੂਬਰ 84 ਨੂੰ ਸਵੇਰੇ 11 ਵਜੇ ਫੈਕਲਟੀ ਮੈਂਬਰਾਂ ਦੀ ਇਕ ਮੀਟਿੰਗ ਸੱਦੀ ਹੋਈ ਸੀ। ਆਪਣੇ ਇਕ ਸਾਥੀ ਅਧਿਆਪਕ ਰਾਹੀਂ ਮੈਂਨੂੰ ਸ੍ਰੀਮਤੀ ਇੰਦਰਾ ਗਾਂਧੀ ਤੇ ਹੋਏ ਹਮਲੇ ਅਤੇ ਉਨ੍ਹਾਂ ਦੇ ਏਮਜ਼ ਹਸਪਤਾਲ ਵਿੱਚ ਪਏ ਹੋਣ ਦਾ ਪਤਾ ਲੱਗਾ। ਮੈਨੂੰ ਕਿਸੇ ਸਮਾਜਿਕ/ ਸਿਆਸੀ ਹਿੰਸਾ ਦਾ ਖਦਸ਼ਾ ਹੋਇਆ। ਮੈਂ ਮੀਟਿੰਗ ਕੈਂਸਲ ਕਰ ਦਿੱਤੀ ਅਤੇ ਔਰਤਾਂ ਸਹਿਤ ਸਟਾਫ਼ ਮੈਂਬਰਾਂ ਨੂੰ ਘਰ ਵਾਪਿਸ ਜਾਣ ਲਈ ਕਿਹਾ। ਮੈਂ ਖ਼ੁਦ ਵੀ ਆਪਣੀ ਬੀਵੀ ਅਤੇ ਪੁੱਤਰ ਨਾਲ ਘਰ ਵਾਪਿਸ ਆ ਗਿਆ। ਰਸਤੇ ਵਿੱਚ ਮੈਂ ਏਮਜ਼ ਹਸਪਤਾਲ ਸਾਹਮਣੇ ਇੱਕ ਵੱਡੀ ਭੀੜ ਵੇਖੀ ਜਿਸਨੇ ਹਿੰਸਾ ਬਾਰੇ ਮੇਰੇ ਸ਼ੱਕ ਨੂੰ ਪੱਕਾ ਕੀਤਾ। ਘਰ ਵਾਪਿਸ ਜਾਕੇ ਮੈਂ ਟੀ.ਵੀ. ਚਾਲੂ ਕਰ ਦਿੱਤਾ ਅਤੇ ਆਪਣੇ ਕੁਝ ਮਿੱਤਰਾਂ ਨੂੰ ਫੋਨ ‘ਤੇ ਸੰਪਕਰ ਕੀਤਾ ਜਿਨ੍ਹਾਂ ਨੇ ਮੈਨੂੰ ਆਸ਼ਰਮ ਖੇਤਰ ਸਹਿਤ ਸ਼ਹਿਰ ਵਿੱਚ ਹੋ ਰਹੀ ਹਿੰਸਾ ਬਾਰੇ ਦੱਸਿਆ।
1 ਨਵੰਬਰ 84 ਦੀ ਸਵੇਰ ਇਕ ਸ੍ਰੀ ਸ਼ਿਆਮ ਜੈਨ ਨਾਂ ਦੇ ਇੱਕ ਸੱਜਣ ਮੈਨੂੰ ਮਿਲਣ ਆਏ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗ੍ਰੀਨ ਪਾਰਕ ਵਾਲੇ ਘਰ ਤੋਂ ਮੇਰੇ ਘਰ ਤੱਕ ਪਹੁੰਦਿਆਂ ਹਿੰਸਾ ਦੀਆਂ ਵਾਰਦਾਤਾਂ ਵੇਖੀਆਂ ਸਨ। ਕੁਝ ਸਮੇਂ ਬਾਅਦ ਉਹ ਵਾਪਿਸ ਚਲੇ ਗਏ ਅਤੇ ਮੈਂ ਆਪਣੇ ਘਰ ਦੇ ਸਾਹਮਣੇ ਵਾਲੀ ਭੋਗਲ ਮਾਰਕਿਟ ਤੋਂ ਧੂੰਆਂ ਉਠਦਾ ਵੇਖਿਆ ਅਤੇ ਚੀਜ਼ਾਂ ਦੇ ਸੜਨ ਅਤੇ ਟੁੱਟਣ ਦੀਆਂ ਅਵਾਜ਼ਾਂ ਸੁਣੀਆਂ। ਮੈਂ ਮਾਰਕੀਟ ਵੱਲ ਚਲਾ ਗਿਆ ਅਤੇ ਭੀੜ ਦੁਆਰਾ ਇਕ ਸੜਦੇ ਹੋਏ ਟਰੱਕ ਨੂੰ ਢਲਾਣ ਵੱਲ ਧਕੇਲਦਿਆਂ ਵੇਖਿਆ। ਮੈਂ ਵੇਖਿਆ ਕਿ ਲਗਭਗ 20 ਕੁ ਮੀਟਰ ਦੀ ਦੂਰੀ ਤੇ ਇਕ ਪੁਲਿਸ ਜੀਪ ਖੜੀ ਸੀ ਜਿਸ ਵਿੱਚ ਬੈਠੇ ਦੋ ਪੁਲਿਸ ਵਾਲੇ ਚਾਹ ਪੀ ਰਹੇ ਅਤੇ ਅਖ਼ਬਾਰ ਪੜ੍ਹ ਰਹੇ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੁਝ ਕਰ ਕਿਉਂ ਨਹੀਂ ਰਹੇ ਸਨ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਸਿਰਫ਼ ਤਦ ਐਕਸ਼ਨ ਲੈਣਗੇ ਜਦ ਉਨ੍ਹਾਂ ਨੂੰ ਵੱਡੇ ਅਧਿਕਾਰੀਆਂ ਵੱਲੋਂ ਹੁਕਮ ਮਿਲੇਗਾ ਅਤੇ ਮੈਨੂੰ ਆਪਣੇ ਕੰਮ ਨਾਲ ਕੰਮ ਰੱਖਣ ਲਈ ਕਿਹਾ। ਕੁਝ ਸਮੇਂ ਬਾਅਦ ਮੈਂ ਟੈਕਸਲਾ ਟੀ.ਵੀ. ਦੀ ਇਮਾਰਤ ਜਲਦੀ ਵੇਖੀ ਜਿਸ ਵਿੱਚੋਂ ਲੋਕ ਟੀ.ਵੀ. ਲੁੱਟ ਕੇ ਲਿਜਾ ਰਹੇ ਸਨ। ਮੈਂ ਇਹ ਵੀ ਵੇਖਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਲੁੱਟੇ ਜਾ ਰਹੇ ਟੈਲੀਵੀਜ਼ਨਾਂ ਵਿਚੋਂ ਇਕ ਸ੍ਰੀ ਸ਼ਿਆਮ ਜੈਨ ਦੀ ਕਾਰ ਵਿੱਚ ਲੱਦਿਆ ਜਾ ਰਿਹਾ ਸੀ, ਜੋ ਨੇੜੇ ਹੀ ਖੜੇ ਸਨ। ਪੁੱਛਗਿੱਛ ਕਰਨ ਤੇ ਮੈਨੂੰ ਪਤਾ ਲੱਗਿਆ ਕਿ ਸਥਾਨਿਕ ਮੁੰਡਿਆਂ ਨੇ ਸ੍ਰੀ ਜੈਨ ਤੋਂ ਆਪਣੀ ਕਾਰ ‘ਚੋਂ ਪੈਟਰੋਲ ਦੇਣ ਲਈ ਕਿਹਾ ਸੀ ਜੋ ਉਸਨੇ ਟੀ.ਵੀ. ਦੇ ਬਦਲੇ ਦੇ ਦਿੱਤਾ। ਮੈਨੂੰ ਵੀ ਇਹ ਕਿਹਾ ਗਿਆ ਕਿ ਜੇ ਮੈਂ ਚਾਹਾਂ ਤਾਂ ਇਸ ਵਰਦਾਨ ਦਾ ਹਿੱਸਾ ਲੈ ਸਕਦਾ ਹਾਂ। ਨਿਰਾਸ਼ ਹੋ ਕੇ ਮੈਂ ਉਸ ਥਾਂ ਤੋਂ ਵਾਪਿਸ ਆ ਗਿਆ ਜਦਕਿ ਸ਼ਰਾਰਤੀ ਤੱਤ ਟੈਲੀਵੀਜ਼ਨਾਂ ਨੂੰ ਰਿਕਸ਼ਿਆਂ, ਕਾਰਾਂ, ਸਾਈਕਲ ਆਦਿ ਵਿੱਚ ਢੋ ਕੇ ਲਿਜਾਂਦੇ ਰਹੇ।
ਮੈਂ ਇਕ ਵੱਡਾ ਪੇੜ ਜਲਦਾ ਹੋਇਆ ਵੇਖਿਆ ਅਤੇ ਸਥਾਨਕ ਲੋਕਾਂ ਨੂੰ ਬਲ੍ਹਦੇ ਪੇੜ ‘ਤੇ ਪਾਣੀ ਦੀਆਂ
ਬਾਲਟੀਆਂ ਸੁੱਟਣ ਵਾਸਤੇ ਕਿਹਾ ਤਾਂ ਜੋ ਇਹ ਪੇੜ ਸਾਡੇ ਉਪਰ ਨਾ ਗਿਰ ਜਾਵੇ। ਦੰਗਾ ਮਚਾ ਰਹੀ ਭੀੜ
ਮੈਨੂੰ ਅਣ-ਪਛਾਣੀ ਜਿਹੀ ਲੱਗ ਰਹੀ ਸੀ। ਮੈਂ ਇਕ ਨਜ਼ਦੀਕੀ ਬੈਰਕ, ਜਿਸਦੀ ਪਹਿਲੀ ਮੰਜ਼ਿਲ ‘ਤੇ ਲਗਭਗ
20 ਸਿੱਖ ਪਰਿਵਾਰ ਰਹਿੰਦੇ ਸਨ ਵਿੱਚ ਅੱਗ ਲੱਗੇ ਵੇਖਿਆ। ਇਸ ਬੈਰਕ ਵਿੱਚ, ਜਿਸਦੇ ਜ਼ਮੀਨੀ ਤਲ ‘ਤੇ
ਜਲਨਸ਼ੀਲ ਤੇਲ,
ਪੇਂਟ ਆਦਿ ਪਦਾਰਥ ਭਾਰੀ ਮਾਤਰਾ ਵਿੱਚ ਸਨ, ਵਿੱਚ ਅੱਗ ਲੱਗੀ ਹੋਈ ਸੀ ਅਤੇ ਲੋਕਾਂ ਦੀਆਂ ਚੀਕਾਂ
ਸੁਣਾਈ ਦੇ ਰਹੀਆਂ ਸਨ। ਲਗਭਗ 100 ਲੋਕ ਜੋ ਡੰਡਿਆਂ, ਕ੍ਰਿਪਾਨਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ
ਸਨ, ਥੱਲੇ ਉਤਰ ਸਕਣ ਲਈ ਉਪਲਬਧ ਇਕਲੌਤੀ ਪੌੜ੍ਹੀ ਦੇ ਸਾਹਮਣੇ ਖੜੇ ਸਨ, ਜਿਸਤੋਂ ਬੱਚਕੇ ਬਜ਼ੁਰਗ
ਆਦਮੀ, ਔਰਤਾਂ ਅਤੇ ਬੱਚੇ ਬੱਚ ਸਕਣ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਸਥਾਨਕ ਨਿਵਾਸੀਆਂ ਦੀ ਮਦਦ ਨਾਲ
ਅਸੀਂ ਇਨ੍ਹਾਂ ਬਜ਼ੁਰਗ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਇਮਾਰਤ ਦੀ ਪਿਛਲੀ ਤਰਫੋਂ ਇਕ ਮਨੁੱਖੀ
ਪੌੜੀ ਜਿਹੀ ਬਣਾ ਕੇ ਬਚਾਇਆ। ਇਨ੍ਹਾਂ ਲੋਕਾਂ ਨੂੰ ਮੁਹੱਲੇ ਵਿੱਚ ਸਥਾਨਕ ਲੋਕਾਂ ਦੁਆਰਾ ਸ਼ਰਣ ਦੇ
ਦਿੱਤੀ ਗਈ।
ਉਸ ਸ਼ਾਮ ਤੋਂ ਮੈਂ ਆਪਣੇ ਸਾਥੀਆਂ ਅਤੇ ‘ਪੀਪਲਜ਼ ਯੂਨੀਅਨ ਫੌਰ ਡੈਮੋਕਰੇਟਿਕ ਰਾਈਟਸ’ ਅਤੇ ‘ਪੀਪਲਜ਼ ਯੂਨੀਅਨ ਫੌਰ ਸਿਵਲ ਲਿਬਰਟੀਜ਼’ (ਜਿਸ ਦਾ ਮੈਂ ਸਕੱਤਰ ਸਾਂ) ਨਾਲ ਗੱਲਬਾਤ ਕਰਦਾ ਰਿਹਾ। ਮੇਰੇ ਮਿੱਤਰਾਂ ਨੇ ਸਲਾਹ ਦਿੱਤੀ ਕਿ ਅਸੀਂ ਸਭ ਆਪਣੇ-ਆਪਣੇ ਮੁਹੱਲਿਆਂ ਜੋ ਕੁਝ ਵੀ ਹੋ ਸਕਦਾ ਸੀ, ਕਰੀਏ ਅਤੇ ਆਪਣੀ ਸਾਰੀ ਜਾਣਕਾਰੀ ਨੂੰ ਇਕੱਠਾ ਕਰਕੇ ਯੋਜਨਾਬੱਧ ਕਰੀਏ ਤਾਂ ਜੋ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾ ਸਕੇ ਜਿਸ ਨਾਲ ਅਪਰਾਧੀਆਂ ਨੂੰ ਸਜ਼ਾ ਮਿਲੇ ਸਕੇ। ਮੇਰੇ ਬਿਆਨ ਦਾ ਸਾਰ ‘‘ਦੋਸ਼ੀ ਕੌਣ’’ ਨਾਂ ਦੀ ਪੁਸਤਕ ਵਿੱਚ ਸ਼ਾਮਿਲ ਹੈ ਜੋ ਪੀਪਲਜ਼ ਯੂਨੀਅਨ ਫੌਰ ਡੈਮੋਕਰੇਟਿਕ ਰਾਈਟਸ’ ਅਤੇ ‘ਪੀਪਲਜ਼ ਯੂਨੀਅਨ ਫੌਰ ਸਿਵਲ ਲਿਬਰਟੀਜ਼’ ਵੱਲੋਂ ਸਾਝੇ ਤੌਰ ‘ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਇਹੀ ਪ੍ਰਕਾਸ਼ਨ ਇਸ ਬਿਆਨ ਨਾਲ ਨੱਥੀ ਹੈ।
ਕਿਰਨ ਗਾਰਡਨ (ਉੱਤਮ ਨਗਰ) ਵਾਸੀ ਸ੍ਰ: ਚਮਨ ਸਿੰਘ ਵੱਲੋਂ ਦਾਇਰ ਹਲਫ਼ਨਾਮੇ ਦੇ ਅੰਸ਼
1 ਨਵੰਬਰ ਦੀ ਸਵੇਰੇ ਲਗਭਗ 10 ਵਜੇ ਮੈਂ ਨਵਾਦਾ, ਨਜਫਗੜ੍ਹ ਰੋਡ ਦੇ ਬਸ ਸਟੈਂਡ ਤੇ ਖੜਾ ਸੀ ਜਦ ਮੈਂ ਵੇਖਿਆ ਕਿ ਬੱਸਾਂ ਵਿੱਚ ਨਜਫਗੜ੍ਹ ਵੱਲ ਜਾ ਰਹੇ ਗੈਰ-ਸਿੱਖ ਯਾਤਰੀ ਮੇਰੇ ਵੱਲ ਇਸ਼ਾਰਾ ਕਰਦਿਆਂ ਜੋਰਾਂ ਨਾਲ ਚਿੱਲਾ ਰਹੇ ਸਨ ਕਿ ਸਿੱਖ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਭੜਕੀਲੇ ਵਾਤਾਵਰਨ ਕਾਰਨ ਮੈਨੂੰ ਸ਼ੱਕ ਹੋ ਗਿਆ ਅਤੇ ਮੈਂ ਆਪਣੇ ਵਾਪਿਸ ਆਪਣੇ ਘਰ ਵੱਲ ਤੁਰ ਪਿਆ।
ਜਦ ਮੈਂ ਵਾਪਿਸ ਜਾ ਰਿਹਾ ਸਾਂ ਤਾਂ ਮੈਂ ਵੇਖਿਆ ਕਿ ਕਿਰਨ ਗਾਰਡਨ ਦੇ ‘ਸੱਚਾ ਸੌਦਾ ਇਲੈਕਟ੍ਰਿਕਲ’ ਕੋਲ 100-150 ਗੈਰ-ਸਿੱਖਾਂ ਦੀ ਭੀੜ ਇਕੱਤਰ ਹੋਈ ਪਈ ਹੈ। ਮੈਂ ਉਨ੍ਹਾਂ ਨੂੰ ਸ੍ਰ: ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸ੍ਰ: ਪਵਿੱਤਰ ਸਿੰਘ ਨੂੰ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਜਾਨੋਂ ਮਾਰਦਿਆਂ ਵੇਖਿਆ। ਮੈਂ ਸਾਵਧਾਨੀ ਵਰਤੀ ਅਤੇ ਭੀੜ ਤੋਂ ਛੁਪਦਿਆਂ ਹੋਇਆਂ ਆਪਣੇ ਘਰ ਪਹੁੰਚਣ ਵਿੱਚ ਸਫ਼ਲ ਰਿਹਾ।
ਕੁਝ ਸਮੇਂ ਬਾਅਦ ਭੀੜ ਨੇ ਮੇਰੇ ਘਰ ਤੇ ਹਮਲਾ ਕਰ ਦਿੱਤਾ ਅਤੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ: ਤੇਜਾ ਸਿੰਘ ਨੂੰ ਛਾਤੀ ਵਿੱਚ ਸੱਟ ਲੱਗੀ। ਭੀੜ ਦੇ ਆਗੂ ਰਾਕੇਸ਼ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਬੰਦੂਕ ਨਾਲ ਸਿਰਫ਼ ਇਕ ਵਿਅਕਤੀ ਨੂੰ ਮਾਰ ਸਕਦਾ ਹਾਂ, ਹੋਰ ਕੁਝ ਨਹੀਂ ਕਰ ਸਕਦਾ। ਮੈਂ ਅਤੇ ਮੇਰੇ ਕੁਝ ਸਾਥੀਆਂ ਨੇ ਮੇਰੇ ਘਰ ਵਿੱਚ ਪਨਾਹ ਲਈ ਹੋਈ ਸੀ। ਭੀੜ ਨੇ ਮੇਰੇ ਘਰ ਦੀਆਂ ਖਿੜਕੀਆਂ, ਦਰਵਾਜ਼ੇ ਤੋੜ ਦਿੱਤੇ ਅਤੇ ਮੇਰੇ ਘਰ ਦੇ ਬਾਹਰ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਪੁਚਾਇਆ। ਬੰਦੂਕ ਰਾਹੀਂ ਕੀਤਾ ਗਿਆ ਇਕ ਹਵਾਈ ਫਾਇਰ ਵੀ ਉਨ੍ਹਾਂ ਨੂੰ ਹਟਾ ਨਾ ਸਕਿਆ। ਸਾਡੀਆਂ ਜਾਨਾਂ ਨੂੰ ਗੰਭੀਰ ਖ਼ਤਰਾ ਵੇਖ ਕੇ, ਮੈਂ ਬਾਹਰ ਆਇਆ ਅਤੇ ਭੀੜ ਵੱਲ ਦੋ ਗੋਲੀਆਂ ਚਲਾਈਆਂ, ਜਿਸ ਨਾਲ ਉਹ ਸਾਰੇ ਭੱਜ ਗਏ।
ਕੁਝ ਸਮੇਂ ਬਾਅਦ ਭੀੜ ਨੇ ਆਪਣੇ ਨਾਲ ਇਕ ਸਹਾਇਕ ਸਬ-ਇੰਸਪੈਕਟਰ ਅਤੇ ਹੈਡ-ਕਾਂਸਟੇਬਲ ਲਿਆਂਦਾ ਤਾਂਕਿ ਉਹ ਮੇਰੀ ਬੰਦੂਕ ਅਤੇ ਗੋਲੀਆਂ ਖੋਹ ਸਕਣ ਅਤੇ ਮੈਂ ਰੱਖਿਆ ਕਰਨ ਤੋਂ ਅਸਮਰੱਥ ਹੋ ਜਾਵਾਂ। ਮੈਂ ਪੁਲਿਸ ਅਧਿਕਾਰੀਆਂ ਦੀ ਇਸ ਸਾਜਿਸ਼ ਅਤੇ ਮਿਲੀ-ਭੁਗਤ ਨੂੰ ਭਾਂਪ ਲਿਆ ਅਤੇ ਪਿਛਲੇ ਦਰਵਾਜ਼ੇ ਤੋਂ ਖਿਸਕ ਗਿਆ।
ਪੁਲਿਸ ਨੇ ਮੇਰੇ ਘਰ ਵਿੱਚ ਜਬਰੀ ਪ੍ਰਵੇਸ਼ ਕੀਤਾ ਅਤੇ ਬੰਦੂਕ ਤੇ ਗੋਲੀਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਪਰ ਮੇਰੇ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਘਰ ਵਿੱਚ ਅਜਿਹੀ ਕੋਈ ਵਸਤੂ ਨਹੀਂ ਸੀ। ਪੁਲਿਸਵਾਲਿਆਂ ਨੇ ਫਿਰ ਸੱਚਮੁਚ ਮੇਰੇ ਘਰ ਦੀ ਤਲਾਸ਼ੀ ਲਈ ਅਤੇ ਫਿਰ ਚਲੇ ਗਏ।
ਗੈਰ-ਸਿੱਖਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਸਿੱਖਾਂ ਦੇ ਕਤਲ, ਲੁੱਟਮਾਰ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਸਾੜਨ ਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਸਿੱਖਾਂ ਦੇ ਖਿਲਾਫ਼ ਇਸ ਸਾਜਿਸ਼ ਵਿੱਚ ਪੁਲਿਸ ਵੀ ਸ਼ਾਮਿਲ ਸੀ। ਇੱਥੋਂ ਤੱਕ ਕਿ ਪੁਲਿਸ ਨੇ ਗੈਰ-ਸਿੱਖ ਅਪਰਾਧੀਆਂ ਦੀ ਸਰਗਰਮ ਮਦਦ ਵੀ ਕੀਤੀ। ਇਨ੍ਹਾਂ ਦੰਗਿਆਂ ਦੀ ਯੋਜਨਾ ਹਾਕਮ ਪਾਰਟੀ ਵੱਲੋਂ ਬਣਾਈ ਗਈ ਸੀ ਅਤੇ ਪੁਲਿਸ ਨੇ ਖੁੱਲ ਕੇ ਦੰਗਾਈਆਂ ਦੀ ਮਦਦ ਕੀਤੀ ਅਤੇ ਸਿੱਖਾਂ ਤੇ ਹਮਲੇ ਵੀ ਕੀਤੇ ਅਤੇ ਉਨ੍ਹਾਂ ਨੂੰ ਨਿਹੱਥਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ।
ਗਾਂਧੀ ਨਗਰ (ਯਮੁਨਾ ਪਾਰ) ਵਾਸੀ ਸ੍ਰ: ਜਸਵੰਤ ਸਿੰਘ ਦੇ ਹਲਫ਼ਨਾਮੇ ਦੇ ਅੰਸ਼
ਮੇਰੀ ਤ੍ਰਿਲੋਕਪੁਰੀ ਦੀ 32 ਬਲਾਕ ਵਿੱਚ ਚੱਕੀ ਦੀ ਦੁਕਾਨ ਹੈ। 1 ਨਵੰਬਰ 1984 ਵਿੱਚ, ਹਮੇਸ਼ਾ ਵਾਂਗ, ਸਵੇਰ ਨੂੰ ਮੈਂ ਗੁਰਦੁਆਰਾ ਸੀਸ ਗੰਜ ਸਾਹਿਬ ਗਿਆ ਅਤੇ ਤ੍ਰਿਲੋਕ ਪੁਰੀ ਦੀ ਆਪਣੀ ਦੁਕਾਨ ਤੇ ਸਵੇਰੇ 8 ਵਜੇ ਪਹੁੰਚ ਗਿਆ। ਇਸ ਸਮੇਂ ਰਸਤਾ ਬਿਲਕੁਲ ਸ਼ਾਂਤ ਸੀ ਅਤੇ ਤ੍ਰਿਲੋਕ ਪੁਰੀ ਵਿੱਚ ਵੀ ਸ਼ਾਂਤੀ ਛਾਈ ਹੋਈ ਸੀ। ਤ੍ਰਿਲੋਕ ਪੁਰੀ ਤੋਂ ਮੈਂ ਉੱਥੇ ਪਿਆ ਆਟਾ ਅਤੇ ਨਗਦੀ ਲਈ ਤੇ ਆਪਣੇ ਘਰ ਵੱਲ ਨਿਕਲ ਪਿਆ।
ਮੈਂ ਲਕਸ਼ਮੀ ਨਗਰ ਜਾਣ ਵਾਸਤੇ ਬੱਸ ਨੰਬਰ 307 ਵਿੱਚ ਬੈਠ ਗਿਆ। ਰਸਤੇ ਵਿੱਚ, ਦੂਜੇ ਪਾਸਿਓਂ ਆ ਰਹੀ ਇਕ ਹੋਰ 307 ਨੰਬਰ ਬੱਸ ਨੇ ਸਾਡੀ ਬੱਸ ਰੁਕਵਾਈ। ਉਸ ਬੱਸ ਦੇ ਡ੍ਰਾਈਵਰ ਨੇ ਸਾਡੀ ਬੱਸ ਦੇ ਡ੍ਰਾਈਵਰ ਨੂੰ ਪੁੱਛਿਆ ਕਿ ਕੀ ਬੱਸ ਵਿੱਚ ਕੋਈ ਸਰਦਾਰ ਹੈ। ਬੱਸ ਵਿੱਚ ਮੈਂ ਇਕੱਲਾ ਸਿੱਖ ਸੀ। ਉਸ ਡ੍ਰਾਈਵਰ ਨੇ ਕਿਹਾ ਕਿ ਪਟਪੜ ਗੰਜ ਕੋਲ ਬੱਸਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਬਾਹਰ ਕੱਢਕੇ, ਕੁੱਟ-ਕੁੱਟ ਕੇ ਜਾਨੋਂ ਮਾਰਿਆ ਜਾ ਰਿਹਾ ਹੈ। ਇਸਲਈ ਉਸਨੇ ਮੈਨੂੰ ਕਿਹਾ ਕਿ ਮੈਂ ਬੱਸ ਤੋਂ ਉਤਰ ਜਾਵਾਂ ਅਤੇ ਅੱਗੇ ਨਾ ਜਾਵਾਂ। ਮੈਂ ਬੱਸ ਤੋਂ ਉਤਰ ਗਿਆ।
ਮੈਂ ਕੋਟਲਾ ਪਿੰਡ ਦੇ ਰਸਤੇ ਤੋਂ ਮਯੂਰ ਵਿਹਾਰ ਦੀਆਂ ਗਲੀਆਂ ਤੋਂ ਹੁੰਦਾ ਹੋਇਆ ਤ੍ਰਿਲੋਕਪੁਰੀ ਦੀ ਬਲਾਕ-36 ਵਿਖੇ ਪਹੁੰਚ ਗਿਆ। ਉਸ ਸਮੇਂ ਸਾਰਾ ਰਸਤਾ ਬੜਾ ਸ਼ਾਂਤਮਈ ਸੀ। ਉਸ ਸਮੇਂ ਕੁਝ ਸਿੱਖ ਬਲਾਕ 36 ਦੇ ਗੁਰਦੁਆਰੇ ਦੇ ਫਰਸ਼ ਤੇ ਪੋਚਾ ਲਗਾ ਰਹੇ ਸਨ। ਉੱਥੇ ਇਕ ਮੁੰਡੇ ਨੇ ਮੈਨੂੰ ਦੱਸਿਆ ਕਿ ਚਾਂਦ ਸਿਨੇਮਾ ਦੇ ਸਾਹਮਣੇ (ਬਲਾਕ 5 ਵਿੱਚ) ਤਿੰਨ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਉੱਥੋਂ ਮੈਂ ਆਪਣੀ ਦੁਕਾਨ ਵੱਲ ਤੁਰ ਪਿਆ। ਉੱਥੇ ਕੁਝ ਸਿੱਖ ਬਾਹਰ ਜਾ ਰਹੇ ਸਨ। ਮੈਂ ਉਨ੍ਹਾਂ ਨੂੰ ਰੋਕਿਆ ਅਤੇ ਦੱਸਿਆ ਕਿ ਅੱਗੇ ਖਤਰਾ ਸੀ ਅਤੇ ਉਨ੍ਹਾਂ ਨੂੰ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਤੇ ਆਪਣੇ ਬਲਾਕ ਵਿੱਚ ਹੀ ਰਹਿਣਾ ਚਾਹੀਦਾ ਹੈ।
ਬਲਾਕ 32 ਵਿੱਚ ਮੇਰੀ ਦੁਕਾਨ ਕੋਲ ਕੁਝ ਲੋਕ ਖੜੇ ਸਨ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਵਾਪਿਸ ਕਿਉਂ ਆ ਗਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਕੁਝ ਗੜਬੜ ਸੀ ਅਤੇ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਕਾਦਿਰ ਨਾਂ ਦਾ ਇਕ ਮੁਸਲਮਾਨ, ਜੋ ਮੇਰੀ ਦੁਕਾਨ ਦੇ ਨੇੜੇ ਹੀ ਰਹਿੰਦਾ ਸੀ, ਵੀ ਉੱਥੇ ਖੜਾ ਹੋਇਆ ਸੀ। ਉਸਨੇ ਮੈਨੂੰ ਆਪਣੇ ਘਰ ਚੱਲਣ ਦਾ ਸੱਦਾ ਦਿੱਤਾ ਅਤੇ ਮੈਨੂੰ ਉੱਥੇ ਲੈ ਗਿਆ। ਕਾਦਿਰ ਦੇ ਘਰ ਦੀ ਛੱਤ ਤੋਂ ਮੈਂ ਦੇਖਿਆ ਕਿ ਬਲਾਕ 36 ਦੇ ਗੁਰਦੁਆਰੇ ਤੋਂ ਧੂੰਆਂ ਨਿਕਲ ਰਿਹਾ ਸੀ। ਉਸ ਸਮੇਂ ਲਗਭਗ 10-10.30 ਵੱਜੇ ਸਨ। ਤਕਰੀਬਨ ਅੱਧੇ ਘੰਟੇ ਬਾਅਦ 300-400 ਵਿਅਕਤੀਆਂ ਦੀ ਭੀੜ ਬਲਾਕ 36 ਤੋਂ ਵਾਇਰਲੈੱਸ ਰੋਡ ਰਾਹੀਂ ਹੁੰਦੀ ਹੋਈ ਬਲਾਕ 32 ਵਿੱਚ ਪਹੁੰਚ ਗਈ।
ਲਗਭਗ ਉਸੇ ਸਮੇਂ ਦੂਜੇ ਪਾਸਿਓਂ (ਮਸਜਿਦ ਰੋਡ ਤੋਂ) 500-600 ਵਿਅਕਤੀਆਂ ਦੀ ਭੀੜ ਵੀ ਬਲਾਕ 36 ਵੱਲ ਆ ਗਈ। ਕੁਝ ਸਿੱਖ ਵੀ ਮਸਜਿਦ ਨੇੜੇ ਇਕੱਤਰ ਹੋ ਗਏ। ਉਨ੍ਹਾਂ ਨੇ ਭੀੜ ਨੂੰ ਬਲਾਕ 32 ਵਿੱਚ ਘੁਸਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਸੰਜੇ ਗਾਂਧੀ ਕ੍ਰਾਸਿੰਗ ਤੇ ਭੀੜ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਵੀ ਖ਼ੁਦ ਨੂੰ ਬਚਾਉਣ ਲਈ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਇਹ ਸਭ ਕੁਝ ਕਾਦਿਰ ਦੇ ਘਰੋਂ ਵੇਖ ਰਿਹਾ ਸੀ।
ਵਾਇਰਲੈੱਸ ਰੋਡ ਵੱਲੋਂ ਆ ਰਹੀ ਭੀੜ ਬਲਾਕ 32 ਦੀ ਸੜਕ ਵੱਲ ਮੁੜ ਗਈ ਅਤੇ ‘‘ਮਾਰੋ, ਮਾਰੋ’’ ਚੀਕਣਾ ਸ਼ੁਰੂ ਕਰ ਦਿੱਤਾ। ਦੋ ਮੁਸਲਮਾਨ ਅੱਗੇ ਆਏ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਭੀੜ ਨੂੰ ਬੇਨਤੀ ਕੀਤੀ ਕਿ ਉਹ ਕਲੋਨੀ ਵਿੱਚ ਨਾ ਘੁਸਣ। ਪਰ ਭੀੜ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਬਲਾਕ ਦੇ ਅੰਦਰ ਆ ਗਈ। ਭੀੜ ਨੇ ਸਿੱਖਾਂ ਨਾਲ ਸੰਬੰਧਿਤ 7-8 ਘਰਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਇਨ੍ਹਾਂ ਘਰਾਂ ਅਤੇ ਕੁਝ ਹੋਰ ਘਰਾਂ ਦੇ ਸਿੱਖ, ਜਨਤਕ ਪਖਾਨੇ ਕੋਲ ਇਕੱਤਰ ਹੋ ਗਏ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਮੈਂ ਮਕਾਨ ਨੰਬਰ 491 ਦੀ ਛੱਤ ਤੇ ਖੜਾ ਸੀ। ਕਾਦਿਰ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਅੰਦਰ ਆ ਕੇ ਛੁੱਪ ਜਾਵਾਂ ਤਾਂ ਕਿ ਭੀੜ ਮੈਨੂੰ ਵੇਖ ਨਾ ਸਕੇ। ਉਸਦੀ ਸਲਾਹ ਤੇ ਮੈਂ ਅੰਦਰ ਚਲਾ ਗਿਆ।
ਮੈਂ ਬਾਹਰੋਂ ਆ ਰਹੀਆਂ ਸਾਰੀਆਂ ਅਵਾਜ਼ਾਂ ਸੁਣ ਰਿਹਾ ਸੀ। ਦੁਪਹਿਰ ਵਿੱਚ ਮੈਂ 2-3 ਗੋਲੀਆਂ ਚੱਲਣ ਦੀ ਅਵਾਜ਼ ਸੁਣੀ। ਸ਼ਾਮ ਅਤੇ ਰਾਤ ਨੂੰ ਮੈਂ ਇਹ ਅਵਾਜ਼ਾਂ ਸੁਣੀਆਂ ‘‘ਮਾਰ ਦੋ, ਪਕੜ ਲੋ’’। ਮੈਂ ਬੱਚਿਆਂ ਅਤੇ ਔਰਤਾਂ ਦੀਆਂ ਚੀਕਾਂ ਵੀ ਸੁਣੀਆਂ। ਇਹ ਚੀਕਾਂ ਹਰ ਥੋੜੇ ਸਮੇਂ ਬਾਅਦ ਸੁਣਾਈ ਦੇ ਰਹੀਆਂ ਸਨ।
ਕਾਦਿਰ ਅਤੇ ਹੋਰ ਮੁਸਲਮਾਨਾਂ ਨੇ ਸ਼ਾਮ ਤੱਕ ਮੇਰੀ ਦੁਕਾਨ ਦੀ ਰਾਖੀ ਕੀਤੀ। ਅੱਧੀ ਰਾਤ ਉਪਰੰਤ ਕਾਦਿਰ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਉਹ ਮੇਰੀ ਦੁਕਾਨ ਨੂੰ ਨਹੀਂ ਬਚਾ ਪਾਏ ਸਨ। ਉਸਨੇ ਦੱਸਿਆ ਕਿ ਮੇਰੀ ਦੁਕਾਨ ਲੁੱਟੀ ਜਾ ਚੁੱਕੀ ਸੀ। ਕਾਦਿਰ ਨੇ ਮੈਨੂੰ ਆਪਣੀ ਬਾਂਹ ਦਿਖਾਈ, ਜੋ ਇਸ ਕਰਕੇ ਸੁੱਜ ਗਈ ਸੀ ਕਿ ਜਦ ਉਸਨੇ ਕੁਝ ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਕੁੱਟਿਆ ਗਿਆ।
ਸਵੇਰੇ 5 ਵਜੇ ਕੁਝ ਮੁਸਲਮਾਨ ਆਏ ਅਤੇ ਮੈਨੂੰ ਦੱਸਿਆ ਕਿ ਭੀੜ ਨੇ ਇਹ ਯੋਜਨਾ ਬਣਾਈ ਹੈ ਕਿ ਸਵੇਰੇ 7 ਵਜੇ ਮੁਸਲਮਾਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਦੇਵੀ ਅਤੇ ਉਸਦੇ ਸਾਥੀ ਇਹ ਜਾਣ ਗਏ ਸਨ ਕਿ ਮੈਂ ਆਪਣੇ ਆਪ ਨੂੰ ਉੱਥੇ ਛੁਪਾਇਆ ਹੋਇਆ ਹੈ। ਮੈਂ ਅਤੇ ਕਾਦਿਰ ਘਬਰਾ ਗਏ। ਮੈਂ ਆਪਣੇ ਕੇਸ ਕਤਲ ਕਰਵਾ ਲਏ, ਖ਼ੁਦ ਦੇ ਦੁਆਲੇ ਇਕ ਬਿਸਤਰੇ ਦੀ ਚੱਦਰ ਲਪੇਟ ਲਈ ਅਤੇ ਇਕ ਡੰਡੇ ਨੂੰ ਲੈ ਕੇ ਕਾਦਿਰ ਅਤੇ 10-12 ਹੋਰ ਵਿਅਕਤੀਆਂ, ਜਿਨ੍ਹਾਂ ਕੋਲ ਲਾਠੀਆਂ ਸਨ, ਨਾਲ ਬਾਹਰ ਆ ਗਿਆ। ਅਸੀਂ ਲੁਟੇਰਿਆਂ ਦੇ ਇਕ ਗੈਂਗ ਜਿਹੇ ਜਾਪਦੇ ਸੀ। ਰਸਤੇ ਵਿੱਚ ਮੈਂ ਦੇਖਿਆ ਕਿ ਸੜਕ ਤੇ ਅਣਗਿਣਤ ਲਾਸ਼ਾਂ ਪਈਆਂ ਹੋਈਆਂ ਸਨ। ਕਾਦਿਰ ਅਤੇ ਉਸਦੇ ਸਾਥੀਆਂ ਨੇ ਮਯੂਰ ਵਿਹਾਰ ਕ੍ਰਾਸਿੰਗ ਤੱਕ ਮੈਨੂੰ ਪੁਚਾ ਦਿੱਤਾ। ਉੱਥੋਂ ਮੈਂ ਸਾਈਕਲ ਤੇ ਤੁਰ ਪਿਆ। ਰਸਤੇ ਵਿੱਚ, ਮੰਡਾਵਲੀ ਗੇਟ ਕੋਲ, ਕੁਝ ਲੋਕਾਂ ਨੇ ਮੈਨੂੰ ਰੋਕ ਲਿਆ। ਮੈਂ ਉਨ੍ਹਾਂ ਨੂੰ ‘ਰਾਮ-ਰਾਮ’ ਕਿਹਾ ਅਤੇ ਕਿਹਾ ਕਿ ਮੈਂ ਜਨਰਲ ਹਸਪਤਾਲ ਵਿੱਚ ਆਪਣੀ ਡਿਊਟੀ ਤੇ ਜਾ ਰਿਹਾ ਹਾਂ। ਇਸ ਤੇ ਉਨ੍ਹਾਂ ਨੇ ਮੈਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ।
ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਪੁਲਿਸ ਨੇ ਕਾਦਿਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੈਂ ਕਾਦਿਰ ਦੀ ਜ਼ਮਾਨਤ ਕਰਵਾਉਣ ਵਾਸਤੇ ਸ਼ਾਹਦਰਾ ਕੋਰਟ ਗਿਆ। ਉਥੋਂ ਮੈਨੂੰ ਪਤਾ ਲੱਗਿਆ ਕਿ ਦੰਗਿਆਂ ਦੌਰਾਨ ਗ੍ਰਿਫਤਾਰ ਹੋਏ ਸਾਰੇ ਵਿਅਕਤੀਆਂ ਦੇ ਕੇਸ ਲਖਾਨੀ ਨਾਮ ਦਾ ਇਕ ਵਕੀਲ ਲੜ ਰਿਹਾ ਸੀ। ਮੈਂ ਲਖਾਨੀ ਨੂੰ ਮਿਲਿਆ ਅਤੇ ਜ਼ਮਾਨਤ ਕਰਵਾਉਣ ਦੀ ਫੀਸ ਪੁੱਛੀ। ਉਸਨੇ ਮੈਨੂੰ ਕਿਹਾ ਕਿ ਭਗਤ ਸਾਹਿਬ (ਐਚ.ਕੇ.ਐਲ. ਭਗਤ) ਦਾ ਹੁਕਮ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੋਈ ਫੀਸ ਨਹੀਂ ਲੈਣੀ। ਉਸਨੇ ਮੈਨੂੰ ਸਿਰਫ਼ ਕਾਗਜ਼ ਦੀ ਕੀਮਤ ਵਾਸਤੇ ਦਸ ਰੁਪਏ ਅਦਾ ਕਰਨ ਲਈ ਕਿਹਾ। ਮੈਂ ਉਸ 10 ਰੁਪਏ ਦੇ ਦਿੱਤੇ। ਅਗਲੇ ਦਿਨ ਕਾਦਿਰ ਦੀ ਜ਼ਮਾਨਤ ਹੋ ਗਈ। ਇਹ ਵਕੀਲ ਲਖਾਨੀ ਕਾਂਗਰਸ ਆਈ ਦਾ ਲੀਡਰ ਹੈ ਅਤੇ ਉਹ ਦੰਗਿਆਂ ਵਿੱਚ ਗ੍ਰਿਫ਼ਤਾਰ ਹੋਏ ਵਿਅਕਤੀਆਂ ਦੇ ਕੇਸ ਮੁਫ਼ਤ ਲੜ ਰਿਹਾ ਸੀ ਜਦਕਿ ਹੋਰ ਵਕੀਲ ਪੂਰੀ ਫੀਸ ਵਸੂਲ ਰਹੇ ਸਨ।
ਗੜ੍ਹੀ (ਈਸਟ ਆਫ਼ ਕੈਲਾਸ਼) ਨਿਵਾਸੀ ਨਿਰੰਜਨ ਕੌਰ ਵੱਲੋਂ ਪੇਸ਼ ਕੀਤੇ ਗਏ ਹਲਫ਼ਨਾਮੇ ਦੇ ਅੰਸ਼
1 ਨਵੰਬਰ 1984 ਨੂੰ ਇਕ ਵੱਡੀ ਭੀੜ ਨੇ ਸਾਡੇ ਘਰਾਂ ਦੇ ਦਰਵਾਜੇ ਤੋੜਨੇ ਸ਼ੁਰੂ ਕਰ ਦਿੱਤੇ। ਗਲੀ ਵਿੱਚ ਪੱਥਰਾਵ ਦੀਆਂ ਸ਼ੋਰ ਹੋ ਰਿਹਾ ਸੀ ਅਤੇ ਅਵਾਜ਼ਾਂ ਆ ਰਹੀਆਂ ਸਨ, ‘‘ਸਾਲੋਂ ਕੋ ਮਾਰ ਦੋ, ਜਿੰਦੋਂ ਕੋ ਜਲਾ ਦੋ’’। ਮੇਰੇ ਪਰਿਵਾਰ ਦੇ ਸਾਰ ਮੈਂਬਰ - ਮੇਰੀ ਸੱਸ, ਮੇਰਾ ਬਿਮਾਰ ਸਹੁਰਾ, ਮੇਰਾ ਪਤੀ ਅਤੇ ਮੇਰੇ ਤਿੰਨ ਬੱਚੇ, ਖੌਫਜ਼ਦਾ ਹੋਏ ਅੰਦਰ ਬੈਠੇ ਸਨ।
ਦੁਪਹਿਰ ਵਿੱਚ ਭੀੜ ਨੇ ਸਾਡੇ ਘਰ ਦਾ ਦਰਵਾਜਾ ਖੜਕਾਇਆ ਅਤੇ ਪੈਸੇ ਦੀ ਮੰਗ ਕੀਤੀ। ਇਸ ਤੇ ਮੈਂ ਆਪਣੀ ਸੱਸ ਨੂੰ ਸੌ ਰੁਪਏ ਦਾ ਇਕ ਨੋਟ ਦੇ ਦਿੱਤਾ, ਜੋ ਉਨ੍ਹਾਂ ਨੇ ਟੁੱਟੇ ਦਰਵਾਜੇ ਵਿੱਚ ਮੌਜੂਦ ਛੇਕ ਵਿੱਚੋਂ ਭੀੜ ਨੂੰ ਪੁਚਾ ਦਿੱਤਾ। ਸ਼ਾਮ ਤੱਕ ਲੋਕਾਂ ਤੇ ਕਤਲ ਅਤੇ ਸਾੜੇ ਜਾਣ ਦੀਆਂ ਅਵਾਜ਼ਾਂ ਸੁਣਾਈ ਦਿੱਤੀ ਜਾਂਦੀ ਰਹੀਆਂ।
ਲਗਭਗ 8 ਵਜੇ ਭੀੜ ਦੁਬਾਰਾ ਸਾਡੇ ਘਰ ਵੱਲ ਆ ਗਈ। ਉਨ੍ਹਾਂ ਦੇ ਹੱਥਾਂ ਵਿੱਚ ਮਸ਼ਾਲਾਂ, ਲੋਹੇ ਦੀਆਂ ਰਾਡਾਂ, ਲਾਠੀਆਂ, ਸੱਬਲ ਅਤੇ ਪੱਥਰ ਸਨ। ਉਨ੍ਹਾਂ ਨੇ ਜਲਦੀਆਂ ਮਸ਼ਾਲਾਂ ਨਾਲ ਦਰਵਾਜੇ ਨੂੰ ਅੱਗ ਲਗਾ ਦਿੱਤੀ ਅਤੇ ਮੈਨੂੰ ਕਿਹਾ ਕਿ ਜੇਕਰ ਆਪਣੇ ਬੱਚਿਆਂ ਦੀ ਜਾਨ ਪਿਆਰੀ ਹੈ ਤਾਂ ਸਾਰੇ ਬਾਹਰ ਆ ਜਾਓ।
ਫਿਰ ਉਨ੍ਹਾਂ ਨੇ ਮੇਰੇ ਪਤੀ ਅਮਰਜੀਤ ਸਿੰਘ ਨੂੰ ਘਰ ਤੋਂ ਬਾਹਰ ਧੂਹ ਲਿਆ। ਉਨ੍ਹਾਂ ਨੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਵੀ ਖਿੱਚ ਲਿਆ ਅਤੇ ਸਾਨੂੰ ਮੇਰੀ ਸੱਸ ਕੋਲ ਲੈ ਗਏ। ਬੱਚੇ ਤਾਂ ਮੇਰੀ ਸੱਸ ਕੋਲ ਰਹਿ ਗਏ ਜਦਕਿ ਮੈਨੂੰ ਨੀਚੇ ਡਿਪੋ ਕੋਲ ਲੈ ਜਾਇਆ ਗਿਆ, ਜਿਸਦੇ ਸਾਹਮਣੇ ਇਕ ਖੁੱਲੀ ਥਾਂ ਹੈ ਅਤੇ ਕੂੜੇ ਦੇ ਡਰੰਮ ਪਏ ਹੋਏ ਹਨ।
ਇਨ੍ਹਾਂ ਵਿੱਚੋਂ ਇਕ ਵਿਅਕਤੀ ਨੇ, ਜਿਸ ਦਾ ਨਾਮ ਪੂਰਨ ਚੰਦ ਹੈ, ਦੂਜੇ ਲੋਕਾਂ ਦੇ ਨਾਲ ਮੈਨੂੰ ਗਲੀ
ਦੇ ਅੰਦਰ ਘਸੀਟ ਲਿਆ। ਇਹ ਲੋਕ ਗਿਣਤੀ ਵਿੱਚ ਦਸ-ਬਾਰ੍ਹਾਂ ਸਨ ਅਤੇ ਰਸਤੇ ਵਿੱਚ ਹੀ ਉਨ੍ਹਾਂ ਨੇ
ਮੇਰੇ ਕਪੜੇ ਫਾੜ ਦਿੱਤੇ। ਫਿਰ ਉਨ੍ਹਾਂ ਨੇ ਮੈਨੂੰ ਮੈਦਾਨ ਵਿੱਚ ਸੁੱਟ ਦਿੱਤਾ ਅਤੇ ਮੇਰੇ ਨਾਲ
ਬਲਾਤਕਾਰ ਕੀਤਾ। ਮੈਂ ਉਨ੍ਹਾਂ ਦਾ ਵਿਰੋਧ ਕਰਦੀ ਰਹੀ। ਇਸਲਈ ਉਨ੍ਹਾਂ ਨੇ ਮੇਰੀਆਂ ਬਾਹਾਂ ਅਤੇ
ਮੋਢਿਆਂ ਤੇ ਲੋਹੇ ਦੀਆਂ ਰਾਡਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ
ਮੇਰੀ ਬਾਂਹ ਟੁੱਟ ਗਈ।
ਮੈਂ ਜ਼ਖ਼ਮੀ ਹੋ ਗਈ ਅਤੇ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਸੀ। ਲਗਭਗ ਅੱਧੇ ਘੰਟੇ ਬਾਅਦ ਉਨ੍ਹਾਂ ਨੇ ਮੈਨੂੰ ਮੇਰੀ ਸੱਸ ਕੋਲ ਅਲਫ਼ ਨੰਗਾ ਛੱਡਾ ਦਿੱਤਾ। ਮੇਰਾ ਸਰੀਰ ਢੱਕਣ ਵਾਸਤੇ, ਮੇਰੇ ਘਰ ਦੇ ਸਾਹਮਣੇ ਰਹਿਣ ਵਾਲੀ ਦਇਆ ਕੌਰ ਦੇ ਘਰੋਂ ਬਿਸਤਰੇ ਦੀ ਇੱਕ ਚੱਦਰ ਲਿਆਂਦੀ ਗਈ। ਮੈਂ ਆਪਣੇ ਹੋਸ਼ੋ-ਹਵਾਸ ਵਿੱਚ ਨਹੀਂ ਸੀ ਅਤੇ ਮੇਰੇ ਸਰੀਰ ਤੋਂ ਬਹੁਤ ਖੂਨ ਵੱਗ ਰਿਹਾ ਸੀ। ਜਦ ਮੈਂ ਗੁਰਦੁਆਰਾ ਨਾਨਕਸਰ ਦੇ ਕੈਂਪ ਵਿੱਚ ਸੀ ਤਾਂ ਪੂਰਨ ਚੰਦ, ਜੋ ਨੰਦ ਨਗਰੀ ਵਿੱਚ ਰਹਿੰਦਾ ਹੈ, ਉੱਥੇ ਵੀ ਆਇਆ। ਮੈਂ ਉਸਨੂੰ ਪਛਾਣ ਲਿਆ ਅਤੇ ਕੈਂਪ ਦੇ ਸੇਵਾਦਾਰ ਨੂੰ ਉਸਦੇ ਬਾਰੇ ਦੱਸਿਆ, ਜਿਸਨੇ ਪੂਰਨ ਚੰਦ ਨੂੰ ਫੜ ਲਿਆ ਅਤੇ ਉਸਨੂੰ ਪੁਲਿਸ ਨੂੰ ਸੌਂਪ ਦਿੱਤਾ। ਉਸਦੇ ਖਿਲਾਫ਼ ਕਿੰਗਜ਼ਵੇ ਕੈਂਪ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ।
ਉਸੇ ਰਾਤ ਮੇਰੀ ਦੂਜੀ ਦੇਵਰਾਨੀ ਆਪਣੇ ਗੁਆਂਢੀ ਨਾਲ ਆਈ ਅਤੇ ਸਾਨੂੰ ਆਪਣੇ ਘਰ ਲੈ ਗਈ। ਜਦ ਮੈਨੂੰ ਕੁਝ ਹੋਸ਼ ਆਇਆ ਤਾਂ ਮੇਰੇ ਪੁੱਛਣ ਤੇ ਮੇਰੀ ਸੱਸ ਨੇ ਦੱਸਿਆ ਕਿ ਮੇਰੇ ਪਤੀ ਅਤੇ ਸਹੁਰੇ ਨੂੰ ਕਤਲ ਕੀਤਾ ਜਾ ਚੁੱਕਾ ਸੀ। ਉਹ ਰਾਤ ਮੈਂ ਦਰਦ ਵਿੱਚ ਤੜਪਦਿਆਂ ਬਿਤਾਈ। 2 ਅਤੇ 3 ਨਵੰਬਰ 1984 ਨੂੰ ਗੁਆਂਢੀਆਂ ਨੇ ਮੇਰੀ ਦੇਖਭਾਲ ਕੀਤੀ।
3 ਨਵੰਬਰ 1984 ਦੀ ਸ਼ਾਮ ਨੂੰ ਮਿਲਟ੍ਰੀ ਆਈ। ਉਹ ਸਾਨੂੰ ਗੁਰਦੁਆਰਾ ਨਾਨਕਸਰ ਦੇ ਕੈਂਪ ਵਿੱਚ ਲੈ ਗਏ, ਜਿੱਥੇ ਮੈਨੂੰ ਡਾਕਟਰੀ ਸਹਾਇਤਾ ਦਿੱਤੀ ਗਈ।
ਪ੍ਰੋ: ਮੂਧ ਦੰਡਵਤੇ (ਤਤਕਾਲੀ ਸੰਸਦ ਮੈਂਬਰ) ਵੱਲੋਂ ਦਿੱਤਾ ਗਿਆ ਹਲਫ਼ਨਾਮਾ
31 ਨਵੰਬਰ 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦੀ ਖਬਰ ਮਿਲਣ ਉਪਰੰਤ, 1 ਨਵੰਬਰ 1984 ਨੂੰ ਮੈਂ ਰਾਜਧਾਨੀ ਐਕਸਪ੍ਰੈਸ ਰਾਹੀਂ ਬੰਬਈ ਤੋਂ ਦਿੱਲੀ ਵੱਲ ਰਵਾਨਾ ਹੋ ਗਿਆ।
ਜਦ ਸਾਡੀ ਰੇਲਗੱਡੀ ਰਤਲਾਮ ਸਟੇਸ਼ਨ ਤੇ ਪੁੱਜੀ ਤਾਂ ਇਹ ਐਲਾਨ ਕੀਤਾ ਗਿਆ ਕਿ ਜਿਹੜੇ ਯਾਤਰੀ ਹੇਠਾਂ ਉਤਰ ਕੇ ਵਾਪਿਸ ਬੰਬਈ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਮਿਲ ਜਾਏਗੀ ਕਿਉਂਕਿ ਅੱਗੇ ਕੁਝ ਗੜਬੜ ਹੋ ਰਹੀ ਹੈ।
ਜਦ 2 ਨਵੰਬਰ 1984 ਨੂੰ ਗੱਡੀ ਮਥੁਰਾ ਸਟੇਸ਼ਨ ਤੇ ਪੁੱਜੀ ਤਾਂ ਮੈਂ ਵੇਖਿਆ ਕਿ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਅਤੇ ਕਮਾਂਡੋ ਸਟੇਸ਼ਨ ਦੀ ਰਾਖੀ ਕਰ ਰਹੇ ਸਨ। ਇਸ ਸਟੇਸ਼ਨ ਤੇ ਕੁਝ ਬਾਹਰੀ ਵਿਅਕਤੀ ਵੀ ਗੱਡੀ ਵਿੱਚ ਘੁਸ ਗਏ।
2 ਨਵੰਬਰ ਦੀ ਸਵੇਰ ਨੂੰ ਹੀ, ਜਦ ਗੱਡੀ ਤੁਗਲਕਾਬਾਦ ਸਟੇਸ਼ਨ ਤੇ ਪੁੱਜੀ ਤਾਂ ਲੋਹੇ ਦੀਆਂ ਰਾਡਾਂ, ਕੁਲਹਾੜੀਆਂ ਆਦਿਕ ਨਾਲ ਲੈਸ ਵਿਅਕਤੀ ਬਹੁਤ ਵੱਡੀ ਗਿਣਤੀ ਵਿੱਚ ਸਾਡੀ ਟ੍ਰੇਨ ਵਿੱਚ ਘੁਸ ਗਏ। ਉਹ ਟ੍ਰੇਨ ਵਿੱਚ ਸਿੱਖ ਯਾਤਰੀਆਂ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਨੇ ਐਲਾਨ ਕੀਤਾ ਕਿ ਕਿਸੇ ਵੀ ਸਿੱਖ ਨੂੰ ਟ੍ਰੇਨ ਵਿੱਚੋਂ ਜਿੰਦਾ ਨਹੀਂ ਨਿਕਲਣ ਦਿੱਤਾ ਜਾਏਗਾ। ਉਸ ਸਮੇਂ ਮੈਂ ਵੇਖਿਆ ਕਿ ਇਨ੍ਹਾਂ ਬਾਹਰੀ ਵਿਅਕਤੀਆਂ ਵੱਲੋਂ ਨਾਲ ਵਾਲੇ ਕੰਪਾਰਟਮੈਂਟਾਂ ਵਿਚੋਂ ਸਿੱਖਾਂ ਨੂੰ ਧੂਹ ਕੇ ਬਾਹਰ ਕੱਢਿਆ ਜਾ ਰਿਹਾ ਸੀ। ਮੈਂ ਵੇਖਿਆ ਕਿ ਦੋ ਸਿੱਖਾਂ ਨੂੰ ਕਤਲ ਕਰਨ ਉਪਰੰਤ ਪਲੇਟਫਾਰਮ ਤੇ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਗ ਲਗਾ ਦਿੱਤੀ ਗਈ। ਪਲੇਟਫਾਰਮ ਤੇ ਖੜੀ ਪੁਲਿਸ ਨੇ ਸਿੱਖਾਂ ਦੇ ਕਤਲ ਜਾਂ ਉਨ੍ਹਾਂ ਨੂੰ ਜਲਾਏ ਜਾਣ ਤੋਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਕੁਝ ਸਮੇਂ ਬਾਅਦ ਮੈਂ ਵੇਖਿਆ ਕਿ ਨੀਲੀ ਵਰਦੀ ਵਾਲਾ ਇਕ ਸਿੱਖ ਰੇਲਵੇ ਕਰਮਚਾਰੀ ਸਟੇਸ਼ਨ ਮਾਸਟਰ ਦੇ ਕਮਰੇ ਤੋਂ ਬਾਹਰ ਨਿਕਲਿਆ। ਪਲੇਟਫਾਰਮ ਤੇ ਮੌਜੂਦ ਬਾਹਰੀ ਵਿਅਕਤੀਆਂ ਦੀ ਭੀੜ ਨੇ ਤੁਰੰਤ ਉਸਨੂੰ ਘੇਰ ਲਿਆ ਅਤੇ ਉਸਨੂੰ ਉੱਥੇ ਹੀ ਕਤਲ ਕਰ ਦਿੱਤਾ।
ਟ੍ਰੇਨ ਤੁਗਲਕਾਬਾਦ ਸਟੇਸ਼ਨ ਤੇ 4 ਘੰਟੇ ਤੋਂ ਵੀ ਵੱਧ ਰੁਕੀ ਰਹੀ। ਜਿਹੜੇ ਬਾਹਰਲੇ ਲੋਕ ਅੰਦਰ ਘੁਸ ਆਏ ਸਨ, ਉਨ੍ਹਾਂ ਨੇ ਅਫਵਾਹ ਫੈਲਾ ਦਿੱਤੀ ਕਿ ਨਵੀਂ ਦਿੱਲੀ ਨੂੰ ਜਾਂਦੇ ਆਸ਼ਰਮ ਦਾ ਰਸਤਾ ਸਿੱਖਾਂ ਨੇ ਘੇਰਿਆ ਹੋਇਆ ਹੈ ਅਤੇ ਜੇਕਰ ਗੱਡੀ ਨਵੀਂ ਦਿੱਲੀ ਵੱਲ ਵਧੀ, ਤਾਂ ਹਰੇਕ ਹਿੰਦੂ ਤੇ ਸਿੱਖਾਂ ਨੇ ਹਮਲਾ ਕਰ ਦੇਣਾ ਹੈ। ਇਨ੍ਹਾਂ ਅਫਵਾਹਾਂ ਤੋਂ ਘਬਰਾਏ ਹੋਏ ਬਹੁਤ ਸਾਰੇ ਲੋਕ, ਖਾਸਕਰ ਔਰਤਾਂ, ਨੇ ਟ੍ਰੇਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੱਡੀ ਨੂੰ ਅੱਗੇ ਨਾ ਲਿਜਾਉਣ।
ਮੈਂ ਸਟੇਸ਼ਨ ਮਾਸਟਰ ਨਾਲ ਸੰਪਰਕ ਕੀਤਾ ਅਤੇ ਉਸਨੂੰ ਕਿਹਾ ਕਿ ਉਹ ਨਵੀਂ ਦਿੱਲੀ ਸਟੇਸ਼ਨ ਤੋਂ ਪਤਾ ਕਰੇ ਕਿ ਕੀ ਤੁਗਲਕਾਬਾਦ ਤੋਂ ਨਵੀਂ ਦਿੱਲੀ ਦੇ ਰਸਤੇ ਤੇ ਕੁਝ ਗੜਬੜੀ ਹੋ ਰਹੀ ਹੈ। ਜਦ ਮੈਨੂੰ ਪਤਾ ਲੱਗਾ ਕਿ ਰਸਤਾ ਸੁਰੱਖਿਅਤ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਸੀ ਤਾਂ ਮੈਂ ਵਾਪਿਸ ਟ੍ਰੇਨ ਵਿੱਚ ਆ ਗਿਆ। ਮੈਂ ਕਈ ਕੋਚਾਂ ਵਿੱਚ ਯਾਤਰੀਆਂ ਨੂੰ ਸੰਬੋਧਿਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਰਸਤੇ ਵਿੱਚ ਕੋਈ ਗੜਬੜੀ ਨਹੀਂ ਸੀ ਅਤੇ ਜੇਕਰ ਉਹ ਟ੍ਰੇਨ ਦੇ ਦਰਵਾਜੇ ਬੰਦ ਰੱਖਣ ਤਾਂ ਕੋਈ ਵੀ ਬਾਹਰਲਾ ਵਿਅਕਤੀ ਅੰਦਰ ਨਹੀਂ ਪਾਏਗਾ ਅਤੇ ਰਾਜਧਾਨੀ ਐਕਸਪ੍ਰੈੱਸ ਸੁਰੱਖਿਅਤ ਤੌਰ ਤੇ ਨਵੀਂ ਦਿੱਲੀ ਸਟੇਸ਼ਨ ਪੁੱਜ ਜਾਏਗੀ। ਯਾਤਰੀਆਂ ਦੀ ਮੰਗ ਤੇ ਮੈਂ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਹਰ ਦੂਜੇ ਕੰਪਾਰਟਮੈਂਟ ਵਿੱਚ ਇਕ ਸ਼ਸਤਰਧਾਰੀ ਪੁਲਿਸਕਰਮੀ ਦੀ ਡਿਉਟੀ ਲਗਾ ਦੇਣ। ਅਜਿਹਾ ਕਰਨ ਤੇ ਯਾਤਰੀਆਂ ਨੇ ਟ੍ਰੇਨ ਅੱਗੇ ਲਿਜਾਉਣ ਲਈ ਸਹਿਮਤੀ ਦੇ ਦਿੱਤੀ ਅਤੇ ਟ੍ਰੇਨ ਸੁਰੱਖਿਅਤ ਤਰੀਕੇ ਨਾਲ ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚ ਗਈ।
ਜਦ ਮੈਂ ਰਾਜਧਾਨੀ ਐਕਸਪ੍ਰੈੱਸ ਦਾ ਮੁਆਇਨਾ ਕੀਤਾ ਤਾਂ ਮੈਂ ਵੇਖਿਆ ਕਿ ਵੱਖ-ਵੱਖ ਕੋਚਾਂ ਵਿੱਚ 3 ਹੋਰ ਸਿੱਖਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।
ਤੁਗਲਕਾਬਾਦ ਸਟੇਸ਼ਨ ਤੇ ਸਿੱਖਾਂ ਦੇ ਕਤਲ ਅਤੇ ਸਾੜੇ ਜਾਣ ਦੀਆਂ ਘਟਨਾਵਾਂ ਨੂੰ ਨਿਸ਼ਚਿਤ ਤੌਰ ਤੇ ਰੋਕਿਆ ਜਾ ਸਕਦਾ ਸੀ ਜੇਕਰ ਸਟੇਸ਼ਨ ਤੇ ਮੌਜੂਦ ਪੁਲਿਸ, ਸਟੇਸ਼ਨ ਦੇ ਬਾਹਰੋਂ ਆਏ ਗੁੰਡਿਆਂ ਦੀਆਂ ਅਤਿ ਜ਼ਾਲਿਮਾਨਾ ਕਾਰਵਾਈਆਂ ਪ੍ਰਤੀ ਮੂਕ ਦਰਸ਼ਕ ਨਾ ਬਣੀ ਰਹਿੰਦੀ।