

ਗੁਰਤਾਗੱਦੀ ਸ਼ਤਾਬਦੀ ਦੌਰਾਨ ਸਿੱਖ ਸੰਸਥਾਵਾਂ ਲਈ ਕੁਝ ਵਿਚਾਰਨਯੋਗ ਅਹਿਮ ਮੁੱਦੇ
- ਡਾ: ਵਰਿੰਦਰਪਾਲ ਸਿੰਘ -
ਪਿਛਲੇ ਵਰ੍ਹਿਆਂ ਵਿੱਚ ਸਾਨੂੰ ਖ਼ਾਲਸਾ ਪ੍ਰਕਾਸ਼ ਉਤਸਵ ਦੀ ਤੀਜੀ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੌਥੀ ਪ੍ਰਕਾਸ਼ ਸ਼ਤਾਬਦੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ, ਸਾਹਿਬਜ਼ਾਦਿਆ ਦੀ ਤੀਸਜੀ ਜਨਮ ਸ਼ਤਾਬਦੀ, ਗੁਰੂ ਅਰਜਨ ਦੇਵ ਜੀ ਦੀ ਚੌਧੀ ਸ਼ਹੀਦੀ ਸ਼ਤਾਬਦੀ ਆਦਿ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੌਮੀ ਪੱਧਰ ’ਤੇ ਵੱਡੇ-ਵੱਡੇ ਸਮਾਗਮਾਂ ਰਾਹੀਂ ਪ੍ਰਚਾਰ ਦੇ ਉਪਰਾਲੇ ਵੀ ਵੱਡੇ ਪੱਧਰ ’ਤੇ ਹੋਏ ਹਨ। ਇੱਥੇ ਸਾਡਾ ਮੰਤਵ ਨਾ ਤਾਂ ਇਨ੍ਹਾਂ ਸਮਾਗਮਾਂ ਦੀ ਵਾਹ-ਵਾਹ ਕਰਨ ਦਾ ਹੈ ਅਤੇ ਨਾ ਹੀ ਨਿੰਦਣ ਦਾ। ਸਮੂਹ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਆਪਣੀ-ਆਪਣੀ ਜ਼ਿੰਮੇਵਾਰੀ ਕਬੂਲਦਿਆਂ ਨਿਰਪੱਖ ਹੋ ਕੇ ਇਕ ਮੁਲਾਂਕਣ ਜ਼ਰੂਰ ਕਰਨ। ਵੱਡੇ-ਵੱਡੇ ਸਮਾਗਮਾਂ, ਨਗਰ ਕੀਰਤਨਾਂ ਅਤੇ ਕੀਰਤਨਾਂ ਤੇ ਕਥਾ ਵਖਿਆਨਾਂ ਦਾ ਅਸਰ ਜਾਂ ਪ੍ਰਾਪਤੀਆਂ ਦਾ ਮਾਪਦੰਡ ਰੱਖਣਾ ਹੋਵੇ ਤਾਂ ਉਸ ਇਲਾਕੇ ਦੇ ਵਾਸੀਆਂ ਵਿੱਚ ‘ਗੁਰਮਤਿ ਸਿਧਾਂਤਾਂ ਦੀ ਸਪਸ਼ਟਤਾ’ ਅਤੇ ‘ਨਿਤ ਵਿਹਾਰ ਦੇ ਕਾਰਜਾਂ ਵਿੱਚ ਗੁਰਮਤਿ ਦੀ ਝਲਕ’ ਹੀ ਹੋ ਸਕਦਾ ਹੈ। ਇਸ ਹਕੀਕਤ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਕਰੋੜਾਂ ਰੁਪਏ ਖਰਚ ਕੇ ਵੀ ਅਸੀਂ ਇਸ ਪ੍ਰਾਪਤੀ ਲਈ ਅਸਫਲ ਰਹੇ ਹਾਂ।
ਪੁਰਾਤਨ ਸਿੱਖਾਂ ਦੀਆਂ ਜੀਵਨ ਗਾਥਾਵਾ ਦੀ ਸਾਖੀ ਭਰਦੇ ਇਤਿਹਾਸ ਦੇ ਪੰਨੇ ਬੋਲਦੇ ਹਨ ਕਿ ਸਿੱਖਾਂ ਦੇ ਕਿਰਦਾਰ ਏਨੇ ਆਕਰਸ਼ਕ ਅਤੇ ਆਦਰਸ਼ਕ ਹੁੰਦੇ ਸਨ ਕਿ ਜਿਨ੍ਹਾਂ ਰਾਹਾਂ ਤੋਂ ਸਿੱਖ ਗੁਜ਼ਰ ਜਾਂਦੇ, ਉਨ੍ਹਾਂ ਰਾਹਾਂ ਦੀ ਮਿੱਟੀ ਵੀ ਪੂਜਣਯੋਗ ਹੋ ਜਾਂਦੀ। ਦੁਸ਼ਮਣਾਂ ਦੀਆਂ ਬਹੂ-ਬੇਟੀਆਂ ਵੀ ਉਨ੍ਹਾਂ ਰਾਹਾਂ ਦੀ ਮਿੱਟੀ ਮਸਤਕ ਨੂੰ ਲਾਉਣਾ ਧੰਨ ਭਾਗ ਸਮਝਦੀਆਂ। ਪਰ ਅੱਜ ਵੱਡੇ-ਵੱਡੇ ਸਮਾਗਮਾਂ ਦੇ ਬਾਵਜੂਦ ਵੀ ਕਿਉਂ ਨਹੀਂ ਲੱਭਦੇ ਅਜਿਹੇ ਸਿੱਖ? ਕੀ ਘਾਟ ਹੈ? ਕਿਵੇਂ ਦੂਰ ਹੋਵੇ ਇਹ ਘਾਟ? ਇਹ ਕੁਝ ਅਜਿਹੇ ਸਵਾਲ ਹਨ, ਜਿਹੜੇ ਹਰ ਪੰਥ-ਦਰਦੀ ਦੀ ਦਹਿਲੀਜ਼ ’ਤੇ ਖੜੋਤੇ ਜਵਾਬ ਮੰਗਦੇ ਹਨ। ਸਾਡੀ ਭਾਵਨਾ ਸ਼ਤਾਬਦੀ ਸਮਾਰੋਹਾਂ ਦੇ ਸਬੰਧ ਵਿੱਚ ਕੀਤੇ ਜਾ ਰਹੇ ਵੱਡੇ-ਵੱਡੇ ਸਮਾਗਮਾਂ ਨੂੰ ਮੁਕੰਮਲ ਤੌਰ ’ਤੇ ਨਕਾਰਨ ਦੀ ਨਹੀਂ। ਬਲਕਿ ਲੋੜ ਹੈ ਕਿ ਇਨ੍ਹਾਂ ਸਮਾਗਮਾਂ ਦੀ ਗਿਣਤੀ ਨੂੰ ਲੋੜ ਅਨੁਸਾਰ ਨਿਰਧਾਰਤ ਕਰਕੇ ਇਨ੍ਹਾਂ ਵਿੱਚੋਂ ਮਿਲਦੇ ਵਕਤੀ ਉਤਸਾਹ ਨੂੰ ਜਥੇਬੰਦਕ ਵਿਧੀ-ਵਿਉਂਤ ਵਿੱਚ ਪਰੋਣ ਦੀ।
ਪਿਛਲੇ ਦਹਾਕਿਆਂ ਵਿੱਚ ਮਨਾਈਆਂ ਗਈਆਂ ਸ਼ਤਾਬਦੀਆਂ ਦੌਰਾਨ ਸਾਡੀ ਤ੍ਰਾਸਦੀ ਰਹੀ ਹੈ ਕਿ ਇਨ੍ਹਾਂ ਸ਼ਤਾਬਦੀਆਂ ਦੇ ਪ੍ਰਮੁੱਖ ਸਮਾਗਮਾਂ ਸਮੇਂ ਅਸੀਂ ਕਿਸੇ ਨਾ ਕਿਸੇ ਬੇਲੋੜੇ ਵਿਵਾਦ ਵਿੱਚ ਗ੍ਰਸਤ ਹੋਣ ਕਾਰਨ ਲੋੜੀਂਦੇ ਕਾਰਜਾਂ ਵੱਲ ਧਿਆਨ ਦੇਂਦਰਿਤ ਹੀ ਨਹੀਂ ਕਰ ਸਕੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰਗਤਾ ਪੁਰਬ ਸ਼ਤਾਬਦੀ ਸਮੇਂ ਵੀ ਦਸਮ ਗ੍ਰੰਥ ਦੀ ਕਥਿਤ ਮਹਾਨਤਾ ਸਾਡੇ ਉੱਪਰ ਥੋਪੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਜਾਏ, ਦਸਮ ਗ੍ਰੰਥ ਦੀ ‘ਸਾਰਥਕਤਾ’ ਅਤੇ ਇਸ ਵਿੱਚ ਕਥਿਤ ਤੌਰ ’ਤੇ ਬਿਆਨੇ ਸਿੱਖੀ ਅਸੂਲਾਂ ਦੀ ਵਡਿਆਈ ਦਾ ਪ੍ਰਚਾਰ ਕਰਨ ਦਾ ਹਰ ਸੰਭਵ ਜਤਨ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਮਿਸ਼ਨਰੀ ਸੰਸਥਾਵਾਂ ਅਤੇ ਹੋਰ ਪੰਥਕ ਸੰਸਥਾਵਾਂ ਦੇ ਆਗੂਆਂ ਨੂੰ ਨਿਜੀ ਮਤਭੇਦਾਂ ਤੋਂ ਉਤਾਂਹ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਕਾਇਮ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ‘ਗੁਰਮੁਖਿ ਬੈਸਹੁ ਸਫਾ ਵਿਛਾਇ’ ਦੇ ਮਹਾਂਵਾਕ ਅਨੁਸਾਰ ਲਾਮਬੰਦ ਹੋਣਾ ਚਾਹੀਦਾ ਹੈ।
ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਅਤੇ ਲੇਖਕਾਂ ਦੇ ਨਿਰਣੇ ਦੇ ਵਿਵਾਦਾਂ ਨੂੰ ਮੁੱਦਾ ਨਾ ਬਣਨ ਦੇ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਸਿੰਘਾਸਣ ’ਤੇ ਕਿਸੇ ਵੀ ਹੋਰ ਗ੍ਰੰਥ ਨੂੰ ਪ੍ਰਕਾਸ਼ ਕਰਨ ’ਤੇ ਮੁਕੰਮਲ ਪਾਬੰਦੀ ਦਾ ਐਲਾਨ ਹੋਣਾ ਜ਼ਰੂਰੀ ਹੈ। ਹਰ ਪੰਥ-ਦਰਦੀ ਨੂੰ ਇਹ ਗੱਲ ਸਵੀਕਾਰਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕੋਈ ਹੋਰ ਗ੍ਰੰਥ ਸੁਸ਼ੋਭਿਤ ਕਰਨਾ ਗੁਰੂ ਜੀ ਦੀ ਭਾਰੀ ਨਿਰਾਦਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਪੁਰਬ ਸਮੇਂ ਵੀ ਜੇ ਗੁਰੂ ਜੀ ਦੀ ਬਰਾਬਰੀ ਕੋਈ ਹੋਰ ਗ੍ਰੰਥ ਕਰਦਾ ਰਿਹਾ ਤਾਂ ਇਹ ਵੀ ਇਤਿਹਾਸ ਬਣ ਜਾਵੇਗਾ ਅਤੇ ਸਮੂਹ ਪੰਥਕ ਸੰਸਥਾਵਾਂ ਇਸ ਦੀਆਂ ਭਾਗੀਦਾਰ ਹੋਣਗੀਆਂ। ਸਮੂਹ ਪੰਥਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਕੌਮੀ ਪੱਧਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਦੇ ਪ੍ਰਕਾਸ਼ ਨੂੰ ਮਾਨਤਾ ਨਾ ਦੇਣ ਦਾ ਫੈਸਲਾ ਕਰਕੇ 300 ਸਾਲਾ ਗੁਰਤਾ ਪੁਰਬ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਇਹ ਇਤਿਹਾਸਕ ਸੇਵਾ ਜ਼ਰੂਰ ਕਰਨ।
ਇਸ ਪ੍ਰਮੁੱਖ ਕਾਰਜ ਤੋਂ ਬਿਨਾਂ ਅਸੀਂ ਹੋਰ ਮੌਜੂਦਾ ਚੁਣੌਤੀਆਂ ਦਾ ਨਕਸ਼ਾ ਖਿਚਦਿਆਂ ਇਸ ਲੇਖ ਵਿੱਚ 9-ਨੁਕਾਤੀ ਕਾਰਜਾਂ ਵੱਲ ਸਿੱਖ ਸੰਸਥਾਵਾਂ ਦਾ ਧਿਆਨ ਕੇਂਦਰਿਤ ਕਰਨ ਦਾ ਯਤਨ ਕਰ ਰਹੇ ਹਾਂ। ਸਿੱਖ ਸੰਸਥਾਵਾਂ ਲਈ ਧਿਆਨ ਦੇਣ ਪੱਖ ਇਹ ਹਨ:
1) ਸਿੱਖਾਂ ਦਾ ਗੁਰਬਾਣੀ ਨਾਲੋਂ ਟੁੱਟਣਾ : ਸਿੱਖ ਬਹੁ-ਗਿਣਤੀ ਗ੍ਰੰਥੀ ਸਿੰਘਾਂ ਨੂੰ ਮਾਇਆ ਦੇ ਕੇ ਪਾਠ ਕਰਵਾਉਣ ਵੱਲ ਵਧੇਰੇ ਰੁਚਿਤ ਹੋ ਚੁੱਕੇ ਹਨ। ਅੰਮ੍ਰਿਤਧਾਰੀ ਸਿੱਖਾਂ ਵਿੱਚ ਵੀ ਨਿਤਨੇਮੀਆਂ ਦੀ ਗਿਣਤੀ ਘੱਟ ਰਹੀ ਹੈ। ਧਾਰਮਕ ਅਸਥਾਨਾਂ ’ਤੇ 5000/- ਰੁਪਏ ਦੇ ਪਾਠ, 10000/- ਰੁਪਏ ਦਾ ਪਾਠ, ਡੀਲਕਸ ਪਾਠ ਆਦਿਕ ਇੰਜ ਵਿਕਦੇ ਹਨ, ਜਿਵੇਂ ਕਿਸੇ ਮੰਡੀ ਵਿੱਚ ਆਮ ਵਰਤੋਂ ਦੀਆਂ ਵਸਤੂਆਂ ਵਿਕਦੀਆਂ ਹਨ। ਹੁਕਮਨਾਮੇ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨ। ਇਹ ‘ਦੇਖ ਕੇ ਅਣਡਿੱਡ’ ਕਰਨ ਵਾਲਾ ਮਸਲਾ ਨਹੀਂ ਹੈ। ਸਮੂਹ ਗਿਰਾਵਟਾਂ ਦਾ ਮੂਲ ਕਾਰਨ ਹੀ ਸਿੱਖਾਂ ਦਾ ਗੁਰਬਾਣੀ ਨਾਲੋਂ ਟੁੱਟਣਾ ਹੈ। ਜਦ ਸਿੱਖਾਂ ਨੇ ਗੁਰਬਾਣੀ ਪੜ੍ਹਨੀ ਹੀ ਛੱਡ ਦਿੱਤੀ ਤੇ ਸਿਰਫ਼ ਪੁਜਾਰੀ ਸ਼੍ਰੇਣੀ ਦਾ ਧੰਦਾ ਬਣ ਕੇ ਰਹਿ ਗਿਆ ਤਾਂ ਸਿੱਖਾਂ ਦੇ ਜੀਵਨ ਵਿੱਚੋਂ ਗੁਰਮਤਿ ਦੀ ਖੁਸ਼ਬੋ ਦੀ ਆਸ ਰੱਖਣਾ ਕਿਧਰ ਦੀ ਸਿਆਣਪ ਹੈ?
ਹੱਲ : ਸਿੱਖ ਸੰਸਥਾਵਾਂ ਨੂੰ ਗੁਰਬਾਣੀ ਆਪ ਪੜ੍ਹਨ, ਸਮਝਣ ਤੇ ਕਮਾਉਣ ਦੀ ਲਹਿਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਿਰਫ਼ ਚੜ੍ਹਾਵਾ ਇਕੱਤਰ ਕਰਨ ਲਈ ਚਲਾਏ ਜਾ ਰਹੇ ਬਾਣੀ ਦੇ ਵਪਾਰੀਕਰਨ ਦੀ ਪ੍ਰਕਿਰਿਆ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ। ਸਮੂਹ ਪੰਥ-ਦਰਦੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਹਰ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੀ ਸੰਥਯਾ ਦਾ ਪ੍ਰਬੰਧ ਕਰਨ ਅਤੇ ਹਰ ਸਿੱਖ ਨੂੰ ਨਿਤਨੇਮ ਦੀਆਂ ਬਾਣੀਆਂ ਦੇ ਨਾਲ-ਨਾਲ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਘੱਟੋ-ਘੱਟ ਇਕ ਸ਼ਬਦ ਨੂੰ ਆਪ ਪੜ੍ਹਨ ਤੇ ਸਮਝਣ ਲਈ ਉਤਸ਼ਾਹਿਤ ਕਰਨ।
2) ਸਿੱਖ ਨੌਜੁਆਨਾਂ ਦਾ ਨਸ਼ਿਆਂ ਅਤੇ ਪਤਿਤਪੁਣੇ ਵਿੱਚ ਗਲਤਾਨ ਹੋਣਾ : ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦਾ ਆਪਣੇ ਅਮੀਰ ਵਿਰਸੇ ਨੂੰ ਛੱਡ ਕੇ ਵੱਡੇ ਪੱਧਰ ’ਤੇ ਪਤਿਤ ਹੋਣਾ ਅਤੇ ਨਸ਼ਿਆਂ ਦੇ ਹੜ੍ਹ ਵਿੱਚ ਰੁੜਨਾ ਆਉਂਦੇ ਸਮੇਂ ਵਿੱਚ ਕੌਮ ਦੀ ਨਸਲਕੁਸ਼ੀ ਕਰ ਦੇਵੇਗਾ। ਕਈ ਤਰ੍ਹਾਂ ਦੇ ਆਧੁਨਿਕ ਨਸ਼ਿਆਂ ਦੇ ਨਾਲ-ਨਾਲ ਸਕੂਲਾਂ/ਕਾਲਜਾਂ, ਮੁਹੱਲਿਆਂ/ਪਿੰਡਾਂ ਅਤੇ ਹਰ ਮੋੜ ’ਤੇ ਰੰਗ-ਬਿਰੰਗੇ ਪੈਕਟਾਂ ਵਿੱਚ ਵਿਕਦੇ ਤੰਬਾਕੂ ਦੇ ਮਾਰੂ ਪ੍ਰਭਾਵਨਾ ਦਾ ਸੰਤਾਪ ਸਿੱਖਾਂ ਨੂੰ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਨੂੰ ਭੁਗਤਣਾ ਪਵੇਗਾ।
ਹੱਲ : ਨੌਜੁਆਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਮਾਹਿਰ ਡਾਕਟਰਾਂ ਦੀ ਮਦਦ ਨਾਲ ਨਸ਼ਾ-ਛੱਡੋ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਨੌਜੁਆਨਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਦੱਸਣ ਲਈ ਸੈਮੀਨਾਰਾਂ ਦਾ ਆਯੋਜਨ ਤੇ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖਿਲਾਫ਼ ਸਥਾਨਕ ਲੋਕਾਂ ਨੂੰ ਇਕਜੁੱਟ ਹੋ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਘਰਾਂ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਸ਼ਰਾਬ ਵਰਤਾਉਣ ’ਤੇ ਸਖ਼ਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ। ਗਲੀ-ਮੁਹੱਲਿਆਂ ਵਿੱਚ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਇਕਮੁੱਠ ਹੋਕੇ ਲਹਿਰ ਚਲਾਉਣੀ ਚਾਹੀਦੀ ਹੈ।
3) ਗੁਰਦੁਆਰਿਆਂ ਦੀ ਬੇਲੋੜੀ ਉਸਾਰੀ : ਦੇਸ਼-ਵਿਦੇਸ਼ ਵਿੱਚ ਜਾਤਾਂ ਜਾਂ ਫਿਰ ਸਿਆਸੀ ਹਿੱਤਾਂ ਦੀ ਖਾਤਰ ਵੱਖ-ਵੱਖ ਗੁਰਦੁਆਰਿਆਂ ਦੀ ਉਸਾਰੀ ਵੱਡੇ ਪੱਧਰ ’ਤੇ ਹੋ ਰਹੀ ਹੈ। ਕੌਮ ਦਾ ਵੱਡਮੁੱਲਾ ਸਰਮਾਇਆ ਇਨ੍ਹਾਂ ਕਾਰਜਾ ਵਿੱਚ ਕੇਂਦਰਿਤ ਹੋ ਚੁੱਕਿਆ ਹੈ। ਜਦਕਿ ਬਹੁਤ ਗੁਰਦੁਆਰਾ ਸਾਹਿਬਾ ਵਿੱਚ ਜਪੁਜੀ ਦਾ ਸ਼ੁੱਧ ਪਾਠ ਕਰਨ ਵਾਲਾ ਸੇਵਾਦਾਰ ਵੀ ਨਹੀਂ ਮਿਲਦਾ। ਗ੍ਰੰਥੀ ਸਿੰਘ ਜਾਂ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸਿਆਸੀ ਜਾਂ ਗੁਰਮਤਿ ਤੋਂ ਅਨਜਾਣ ਲੋਕਾਂ ਕੋਲ ਹੁੰਦੀ ਹੈ, ਜਿਸ ਕਾਰਨ ਗੁਰਦੁਆਰੇ ਜੋ ਗੁਰਮਤਿ ਦੇ ਪ੍ਰਚਾਰ ਕੇਂਦਰ ਹੁੰਦੇ ਸਨ, ਹੁਣ ਮਨਮਤੀ ਸੋਚ ਦੇ ਪ੍ਰਚਾਰ ਕੇਂਦਰ ਬਣ ਰਹੇ ਹਨ।
ਹੱਲ : ਸੰਸਾਰ ਦੇ ਸਮੂਹ ਗੁਰਦੁਆਰਿਆਂ ਨੂੰ ਕੇਂਦਰੀ ਸਿੰਘ ਸਭਾ ਵਰਗੀ ਸੰਸਥਾ ਅਧੀਨ ਰਜਿਸਟਰ ਕਰਵਾਉਣਾ ਜਰੂਰੀ ਹੋਣਾ ਚਾਹੀਦਾ ਹੈ। ਇਸ ਕੇਂਦਰੀ ਜੱਥੇਬੰਦੀ ਵੱਲੋਂ ਗੁਰਦੁਆਰਿਆਂ ਦੀ ਤਿਆਰੀ ਲਈ ਮੁਢਲੀਆਂ ਲੋੜਾਂ ਨੀਯਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜਿਨ੍ਹਾਂ ਵਿੱਚ ਭਾਈ ਗੁਰਦਾਸ ਲਾਇਬ੍ਰੇਰੀਆਂ, ਕੀਰਤਨ ਸਿਖਲਾਈ ਦਾ ਪ੍ਰਬੰਧ, ਗੁਰਬਾਣੀ ਸੰਥਯਾ ਦਾ ਯੋਗ ਪ੍ਰਬੰਧ, ਪੰਜਾਬੀ ਸਕੂਲ, ਨੌਜਵਾਨਾਂ ਲਈ ਖੇਡ-ਅਖਾੜਾ ਆਦਿ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
4) ਦੇਹਧਾਰੀ ਗੁਰੂ ਡੰਮ : ਪਿੰਡਾਂ, ਨਗਰਾਂ, ਕਸਬਿਆਂ ਵਿੱਚ ਬਹੁਤ ਸਾਰੇ ਲੋਕ ਦੇਹਧਾਰੀ ਗੁਰੂ ਡੰਮ ਦਾ ਪ੍ਰਭਾਵ ਕਬੂਲ ਚੁੱਕੇ ਹਨ। ਇਨ੍ਹਾਂ ਦੇਹਧਾਰੀ ਗੁਰੂ ਡੰਮਾਂ ਦੇ ਪ੍ਰਬੰਧਕ ਅੰਮ੍ਰਿਤ ਸੰਚਾਰ ਦੇ ਸਮਾਗਮ ਵੀ ਕਰਦੇ ਹਨ, ਪਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਸ਼ਖ਼ਸੀ ਪੂਜਾ ਵੱਲ ਵਧੇਰੇ ਰੁਚਿਤ ਹਨ।
ਹੱਲ : ਧਰਮ ਪ੍ਰਚਾਰ ਕਮੇਟੀ ਨੂੰ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਚੰਗੇ ਬੁਲਾਰਿਆਂ, ਢਾਡੀਆਂ, ਕਵੀਸ਼ਰਾਂ, ਕਥਾਵਾਚਕਾਂ ਦੀ ਪਹੁੰਚ ਪਿੰਡ-ਪਿੰਡ ਤੱਕ ਕਰਵਾਉਣੀ ਚਾਹੀਦੀ ਹੈ। ਧਰਮ ਪ੍ਰਚਾਰ ਦੇ ਕਾਰਜ ਨੂੰ ਵਿਧੀ ਵਿਉਂਤ ਨਾਲ ਲਾਮਬੰਦ ਕਰਕੇ ਸੰਗਤਾਂ ਨੂੰ ਗੁਰੂ ਡੰਮਾਂ ਤੋਂ ਬਚਾਇਆ ਜਾ ਸਕਦਾ ਹੈ।
5) ਸਿੱਖ ਵਿਦਿਅਕ ਅਦਾਰਿਆਂ ਵਿੱਚ ਨਿਘਾਰ : ਸਿੱਖਾਂ ਕੋਲ ਵਿਦਿਅਕ ਸੰਸਥਾਵਾਂ ਦੀ ਘਾਟ ਨਹੀਂ, ਪਰ ਕੁਝ ਵਿਰਲਿਆਂ ਨੂੰ ਛੱਡ ਕੇ ਇਨ੍ਹਾਂ ਸਮੂਹ ਸੰਸਥਾਵਾਂ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਦਾ ਉਦੇਸ਼ ਤਾਂ ਜਿਵੇਂ ਧੂਫ ਦੇ ਕੇ ਸਾਂਭ ਦਿੱਤਾ ਗਿਆ ਹੈ। ਵਿਦਿਆ ਦੇ ਮਿਆਰ ਪੱਖੋਂ ਵੀ ਨਿਘਾਰ ਆ ਰਿਹਾ ਹੈ ਅਤੇ ਮਾਂ-ਬੋਲੀ ਪੰਜਾਬੀ ਨੂੰ ਵਿਸਾਰ ਕੇ ਹਿੰਦੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।
ਹੱਲ : ਕੌਮੀ ਪੱਧਰ ’ਤੇ ਸਮੂਹ ਸਿੱਖ ਵਿਦਿਅਕ ਸੰਸਥਾਵਾਂ ਦੀ ਵਿਦਿਅਕ ਕੌਂਸਲ ਦਾ ਗਠਨ ਹੋਣਾ ਚਾਹੀਦਾ ਹੈ। ਇਸ ਕੌਂਸਲ ਨੂੰ ਵਿਦਿਆ ਦੇ ਮਿਆਰ ਨੂੰ ਸਾਂਭਣ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਦੀ ਜਾਗਰੁਕਤਾ ਸਬੰਧੀ ਉਚੇਚੇ ਤੌਰ ’ਤੇ ਕਾਰਜਸ਼ੀਲ ਹੋਣਾ ਚਾਹੀਦਾ ਹੈ। ਅੰਗਰੇਜ਼ੀ ਅਤੇ ਹੋਰ ਰਾਸ਼ਟਰੀ-ਅੰਤਰਰਾਸ਼ਟਰੀ ਭਾਸ਼ਾਵਾਂ ਦੀ ਸਿਖਲਾਈ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਮਾਂ-ਬੋਲੀ ਦਾ ਸਤਿਕਾਰ ਦੇਣ ਲਈ ਵਿਸ਼ੇਸ਼ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ।
6) ਪ੍ਰਸਾਰ ਮਾਧਿਅਮ ਵੱਲੋਂ ਸਿੱਖ ਸਿਧਾਂਤਾਂ ਨਾਲ ਖਿਲਵਾੜ : ਸਿੱਖਾਂ ਨੇ ਸ਼ਤਾਬਦੀ ਸਮਾਰੋਹਾਂ ’ਤੇ ਕਰੋੜਾਂ ਰੁਪਏ ਖਰਚ ਕੇ ਆਪਣੇ ਮਨਾਂ ਨੂੰ ਗੁਰਪੁਰਬ ਮਨਾਉਣ ਦੀ ਤਸੱਲੀ ਦੇ ਲਈ ਹੈ ਅਤੇ ਅਗਲੀਆਂ ਸ਼ਤਾਬਦੀਆਂ ’ਤੇ ਹੋਰ ਖਰਚਣ ਲਈ ਵੀ ਤਿਆਰ ਹਨ। ਪਰ ਅਖ਼ਬਾਰਾਂ, ਰਸਾਲਿਆਂ, ਕਿਤਾਬਾਂ, ਕੈਸਟਾਂ, ਟੀ.ਵੀ., ਰੇਡੀਓ ਚੈਨਲਾਂ ਆਦਿ ਰਾਹੀਂ ਸਿੱਖ ਸਿਧਾਂਤਾਂ ਸਬੰਧੀ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਸਬੰਧੀ ਅਸੀਂ ਅਵੇਸਲੇ ਹਾਂ।
ਹੱਲ : ਸਿੱਖ ਵਿਦਵਾਨਾਂ ਅਤੇ ਪੰਥ-ਦਰਦੀ ਨੌਜੁਆਨਾਂ ਦਾ ਇਕ ਸੰਗਠਨ ਤਿਆਰ ਕਰਨਾ ਜ਼ਰੂਰੀ ਹੈ ਜੋ ਪ੍ਰਸਾਰ ਦੇ ਸਮੁੱਚੇ ਮਾਧਿਅਮਾਂ ਉੱਪਰ ਤਿੱਖੀ ਨਜ਼ਰ ਰੱਖੇ, ਇਤਰਾਜ਼ਯੋਗ ਸਮੱਗਰੀ ਦੀ ਪਹਿਚਾਣ ਉਪਰੰਤ ਮਾਮਲਾ ਧਰਮ ਪ੍ਰਚਾਰ ਕਮੇਟੀ ਨੂੰ ਜਾਵੇ, ਜੋ ਸਮੁੱਚੇ ਪੰਥ ਦਾ ਸਹਿਯੋਗ ਲੈ ਕੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਕਾਨੂੰਨੀ ਤੌਰ ’ਤੇ ਯਤਨਸ਼ੀਲ ਰਹੇ।
7) ਗੁਰਮਤਿ ਅਤੇ ਇਤਿਹਾਸ ਸਬੰਧੀ ਪ੍ਰਕਾਸ਼ਿਤ ਹੋ ਰਹੀਆਂ ਰਚਨਾਵਾਂ ਦਾ ਆਪ-ਹੁਦਰਾਪਨ : ਆਮ ਤੌਰ ’ਤੇ ਇਤਿਹਾਸਕਾਰਾਂ ਜਾਂ ਸੰਸਥਾਵਾਂ ਵੱਲੋਂ ਆਪਣੇ ਪੱਧਰ ’ਤੇ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਗਿਆਨ ਦੀ ਘਾਟ ਜਾਂ ਗੁਰਮਤਿ ਸਿਧਾਂਤਾਂ ਦੀ ਅਸਪਸ਼ਟਤਾ ਕਾਰਨ ਕਈ ਵਾਰ ਸ਼ੁਭ ਭਾਵਨਾਵਾਂ ਨਾਲ ਪ੍ਰਕਾਸ਼ਿਤ ਕੀਤਾ ਸਾਹਿਤ ਵੀ ਦੁਬਿਧਾ ਅਤੇ ਅਗਿਆਨ ਨੂੰ ਪ੍ਰਫੁੱਲਿਤ ਕਰ ਦਿੰਦਾ ਹੈ ਅਤੇ ਕਈ ਵਾਰ ਇਹ ਕੰਮ ਜਾਣ-ਬੁਝ ਕੇ ਵੀ ਕੀਤਾ ਜਾਂਦਾ ਹੈ।
ਹੱਲ : ਕੌਮੀ ਪੱਧਰ ’ਤੇ ਸਾਹਿਤ ਦੀ ਪ੍ਰਕਾਸ਼ਨਾ ਲਈ ਵਿਦਵਾਨ ਸੱਜਣਾਂ ਦੇ ਮਜਬੂਤ ਸੰਗਠਨ ਦੀ ਲੋੜ ਹੈ। ਛਪਣ ਵਾਲੀਆਂ ਸਮੂਹ ਪ੍ਰਕਾਸ਼ਨਾਵਾਂ ਅਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਸਾਰ ਮਾਧਿਅਮਾਂ ਦੀ ਘੋਖ-ਪੜਤਾਲ ਉਪਰੰਤ ਹੀ ਸੰਗਤਾਂ ਲਈ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
8) ਮਹੱਤਵਪੂਰਨ ਵਸੀਲਿਆਂ ਦੀ ਸੰਭਾਲ ਸਬੰਧੀ ਅਵੇਸਲਾਪਣ : ਵਿਸ਼ੇਸ਼ ਹੁਨਰ ਰੱਖਣ ਵਾਲੇ ਨੌਜੁਆਨਾਂ ਸਬੰਧੀ ਕੌਮ ਬਿਲਕੁਲ ਸੁਚੇਤ ਨਹੀਂ ਹੈ। ਸਾਡੇ ਕਾਲਜਾਂ ਵਿੱਚ ਲਿਖਣ, ਬੋਲਣ ਜਾਂ ਆਗੂ ਦਾ ਹੁਨਰ ਰੱਖਣ ਵਾਲੇ ਬਹੁਤੇ ਨੌਜੁਆਨਾਂ ਨੂੰ ਨਾਸਤਿਕ ਜਾਂ ਹੋਰ ਅਨਮਤੀ ਸੰਸਥਾਵਾਂ ਆਪਣੀ ਵਿਚਾਰਧਾਰਾ ਵਿੱਚ ਤਬਦੀਲ ਕਰਕੇ ਆਪਣੀ ਸੋਚ ਦੇ ਪ੍ਰਸਾਰ ਲਈ ਵਰਤ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ, ਵਿਗਿਆਨੀਆਂ, ਡਾਕਟਰਾਂ, ਪ੍ਰਬੰਧਕਾਂ, ਚਿੰਤਕਾਂ, ਖੇਤੀ ਮਾਹਿਰਾਂ ਅਤੇ ਵਿਦਵਾਨਾਂ ਦੀ ਸੰਭਾਲ ਲਈ ਵੀ ਕੌਮ ਕੋਲ ਕੋਈ ਵਿਸ਼ੇਸ਼ ਵਿਧੀ-ਵਿਉਂਤ ਨਹੀਂ ਹੈ।
ਹੱਲ : ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੀ ਸੇਵਾ-ਸੰਭਾਲ ਅਤੇ ਲਾਮਬੰਦੀ ਲਈ ਕੌਮੀ ਪੱਧਰ ’ਤੇ ਮਨੁੱਖੀ ਵਸੀਲੇ ਵਿਕਾਸ ਵਿਭਾਗ ਦਾ ਸੰਗਠਨ ਹੋਣਾ ਚਾਹੀਦਾ ਹੈ।
9) ਜਥੇਬੰਦਕ ਅਨੁਸਾਸ਼ਨ ਦੀ ਘਾਟ : ਉਪਰੋਕਤ ਵਿਚਾਰੀਆਂ ਗਈਆਂ ਸਮੂੲ ਸਮੱਸਿਆਵਾਂ ਦਾ ਯੋਗ ਹੱਲ ਜਥੇਬੰਦਕ ਤਾਕਤ ਹੀ ਕਰ ਸਕਦੀ ਹੈ। ਹਰ ਸੰਸਥਾ ਇਕੱਲੇ-ਇਕੱਲੇ ਤੌਰ ’ਤੇ ਆਪਣੀ ਮਰਜ਼ੀ ਨਾਲ ਪ੍ਰਚਾਰ ਕਾਰਜਾਂ ਲਈ ਯਤਨਸ਼ੀਲ ਹੈ। ਨਾ ਤਾਂ ਕੋਈ ਕੌਮੀ ਦਿਸ਼ਾ-ਨਿਰਦੇਸ਼ ਹਨ ਤੇ ਨਾ ਹੀ ਕੋਈ ਕਿਸੇ ਦੀ ਅਧੀਨਗੀ ਸਵੀਕਾਰ ਕਰਨ ਲਈ ਤਿਆਰ ਹੈ। ਕੌਮ ਕੋਲ ਆਮ ਸਧਾਰਨ ਵਿਅਕਤੀ ਤਕ ਪਹੁੰਚ ਕਰਨ ਲਈ ਕੋਈ ਜਥੇਬੰਦਕ ਢਾਂਚਾ ਨਹੀਂ ਤੇ ਨਾ ਹੀ ਇਸ ਸਬੰਧੀ ਕੋਈ ਠੋਸ ਉਪਰਾਲੇ ਹੋ ਰਹੇ ਹਨ।
ਹੱਲ : ਦੇਸ਼ਾਂਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਜੱਥੇਬੰਦ ਕਰਨ ਲਈ ਵੱਧ ਤੋਂ ਵੱਧ 10-10 ਪਿੰਡਾਂ/ਕਲੋਨੀਆਂ ਦੇ ਸਮੂਹ ਵਿੱਚ ਵੰਡ ਕੇ ਜੱਥੇਬੰਦ ਕਰਨਾ ਚਾਹੀਦਾ ਹੈ। ਇਨ੍ਹਾਂ ਪਿੰਡਾਂ/ਕਲੋਨੀਆਂ ਵਿੱਚ ਤਤਪਰ ਤੇ ਗੁਰਮਤਿ ਸਿਧਾਂਤਾਂ ਦੇ ਜਾਣੂ ਸਿੱਖਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਘੱਟੋ-ਘੱਟ 10-10 ਪਰਵਾਰਾਂ ਅੰਦਰ ਗੁਰਮਤਿ ਸਿਧਾਂਤਾਂ ਦੀ ਪ੍ਰਫੁੱਲਤਾ ਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਜੇ ਅਸੀਂ ਇਹ ਮਜਬੂਤ ਢਾਂਚਾ ਬਣਾ ਕੇ ਹਰ ਸਿੱਖ ਪਰਵਾਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਈਏ ਤਾਂ ਉਪਰੋਕਤ ਚੁਣੌਤੀਆਂ ਤਾਂ ਕੀ, ਸ਼ਕਤੀਸ਼ਾਲੀ ਤਾਕਤਾਂ ਨੂੰ ਗੁਰੂ ਪੰਥ ਅੱਗੇ ਝੁਕਣਾ ਪਵੇਗਾ।
ਸਿੱਖ ਪਰਵਾਰਾਂ ਲਈ ਕਰਨ ਯੋਗ ਕੁਝ ਕਾਰਜ:
ਪਰਵਾਰ ਸਮਾਜ ਦੀ ਮੁਢਲੀ ਇਕਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਪ੍ਰਾਪਤੀ ਵੇਖਣੀ ਹੋਵੇ ਤਾਂ ਊਹ ਸਿੱਖ ਪਰਵਾਰਾਂ ਵਿੱਚ ਆਈ ਤਬਦੀਲੀ ਹੀ ਹੋ ਸਕਦੀ ਹੈ। ਸਿੱਖ ਪਰਵਾਰਾਂ ਦੇ ਕਰਨਗੋਚਰੇ ਕੰਮਾਂ ਦੀ ਲੰਬੀ-ਚੌੜੀ ਸੂਚੀ ਨਾ ਦਿੰਦੇ ਹੋਏ ਇਤਨਾ ਹੀ ਕਹਿਣਾ ਚਾਹਵਾਂਗੇ ਕਿ ਹਰ ਸਿੱਖ ਪਰਵਾਰ ਦੇ ਮੈਂਬਰ ਜਪੁਜੀ, ਰਹਿਰਾਸ ਅਤੇ ਸੋਹਿਲਾ ਦਾ ਪਾਠ (ਵਿਚਾਰ ਸਹਿਤ) ਜ਼ਰੂਰ ਕਰਨ। ਜਿਹੜੇ ਮੈਂਬਰ ਇਹ ਪਹਿਲਾਂ ਹੀ ਕਰ ਰਹੇ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜ਼ਰੂਰ ਅਰੰਭ ਕਰਨ ਅਤੇ ਰੋਜ਼ ਘੱਟੋ-ਘੱਟ ਇਕ ਅੰਕ ਦੀ ਬਾਣੀ ਦੀ ਵਿਚਾਰ ਦਾ ਆਨੰਦ ਮਾਣਨ। ਸ਼ਾਮ ਨੂੰ ਘਰ ਵਿੱਚ ਬੱਚਿਆਂ ਨਾਲ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਰਨ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਵਿੱਚੋਂ ਕੋਈ ਨਾ ਕੋਈ ਪ੍ਰੇਰਣਾਮਈ ਸਾਖੀ ਜ਼ਰੂਰ ਸੁਣਾਉਣ। ਸਿੱਖ ਇਤਿਹਾਸ, ਗੁਰਬਾਣੀ ਅਤੇ ਸਮਕਾਲੀ ਪੰਥਕ ਘਟਨਾਵਾਂ ਸਬੰਧੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਅਤੇ ਜਾਣਕਾਰੀ ਨੂੰ ਤਾਜ਼ਾ ਰੱਖਣ ਲਈ ਘੱਟੋ-ਘੱਟ ਇਕ ਮਾਸਕ ਰਸਾਲੇ ਦੇ ਪਾਠਕ ਵੀ ਜ਼ਰੂਰ ਬਣਨ।