

84 ਕਤਲੇਆਮ ਪੀੜ੍ਹਤਾਂ ਦੀ ਵਿਥਿਆ : ਉਨ੍ਹਾਂ ਦੀ ਜ਼ੁਬਾਨੀ
- ਇੰਡੀਆ ਅਵੇਅਰਨੈੱਸ ਬਿਉਰੋ -
ਗਾਂਧੀ ਨਗਰ (ਯਮੁਨਾ ਪਾਰ) ਵਾਸੀ ਗੁਰਚਰਨ ਸਿੰਘ ਵੱਲੋਂ ਮਿਸ਼ਰਾ ਕਮੀਸ਼ਨ ਨੂੰ ਦਿੱਤਾ ਗਿਆ ਹਲਫੀਆ ਬਿਆਨ
31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਫੈਲਣ ਤੋਂ ਬਾਅਦ ਬਜ਼ਾਰ ਬੰਦ ਹੋ ਗਿਆ। ਉਸ ਸਮੇਂ ਮੈਂ ਆਪਣੇ ਘਰ ਵਿੱਚ ਸੀ। ਸ਼ਾਮ ਤੱਕ ਸਭ ਕੁਝ ਆਮ ਜਿਹਾ ਰਿਹਾ।
ਸ਼ਾਮ ਨੂੰ ਕੁਝ ਲੋਕ ਇਕੱਤਰ ਹੋਏ ਅਤੇ ਉਨ੍ਹਾਂ ਨੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ। ਅਸੀਂ 4-5 ਵਿਅਕਤੀ ਗੁਰਦੁਆਰੇ ਦੇ ਪਿਛਲੇ ਗੇਟ ਤੋਂ (ਗਲੀ ਨੰਬਰ 12 ਵੱਲੋਂ) ਉਸ ਸਮੇਂ ਅੰਦਰ ਘੁਸ ਗਏ, ਜਦੋਂ ਗੁਰਦੁਆਰਾ ਸੜ ਹੀ ਰਿਹਾ ਸੀ। ਅਸੀਂ ਗੁਰਦੁਆਰੇ ਵਿੱਚ ਪਏ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਘਰ ਲੈ ਆਏ। ਉਸ ਤੋਂ ਬਾਅਦ 1 ਨਵੰਬਰ ਦੀ ਸ਼ਾਮ ਤੱਕ ਕੁਝ ਮਾੜਾ ਨਾ ਵਾਪਰਿਆ।
1 ਨਵੰਬਰ 1984 ਦੀ ਰਾਤ ਨੂੰ ਲਗਭਗ 11 ਵਜੇ ਕੁਝ ਗੁੱਜਰ ਅਤੇ ਮਜ਼ਹਬੀ ਇਕੱਤਰ ਹੋ ਗਏ ਅਤੇ ਉਨ੍ਹਾਂ ਲੇ ਮੇਰੇ ਭਰਾ ਸਤਨਾਮ ਸਿੰਘ, ਜੋ ਗਲੀ ਨੰਬਰ 11 ਵਿੱਚ ਰਹਿੰਦਾ ਸੀ, ਦੇ ਘਰ ਨੂੰ ਅੱਗ ਲਗਾ ਦਿੱਤੀ। 2 ਨਵੰਬਰ ਨੂੰ ਸਵੇਰੇ 5 ਵਜੇ ਮੈਂ ਸਤਨਾਮ ਸਿੰਘ ਨੂੰ ਬਚਾਉਣ ਵਾਸਤੇ ਗਿਆ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਉਸਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ। ਉਸ ਸਮੇਂ ਸਤਨਾਮ ਸਿੰਘ ਕਿਸੇ ਹੋਰ ਘਰ ਵਿੱਚ ਲੁਕਿਆ ਹੋਇਆ ਸੀ।
ਜਦੋਂ ਸਤਨਾਮ ਦੀ ਮਾਤਾ ਅਤੇ ਪਿਤਾ ਉਸਦੇ ਬਚਾਅ ਲਈ ਗਏ ਤਾਂ ਸਤਨਾਮ ਸਿੰਘ ਉਨ੍ਹਾਂ ਲੋਕਾਂ ਦੇ ਨਾਮ ਦੱਸੇ, ਜਿਨ੍ਹਾਂ ਨੇ ਉਸਦੇ ਘਰ ਨੂੰ ਸਾੜ ਦਿੱਤਾ ਸੀ। ਉਸਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਉਸਨੂੰ (ਜਾਨੋਂ ਮਾਰਨ ਦੀ) ਧਮਕੀ ਵੀ ਦਿੱਤੀ ਸੀ। ਜਿਸ ਸਮੇਂ ਸਤਨਾਮ ਸਿੰਘ ਅਪਰਾਧੀਆਂ ਦੇ ਨਾਮ ਦੱਸ ਰਿਹਾ ਸੀ, ਉਨ੍ਹਾਂ ਵਿੱਚੋਂ ਕੁਝ ਉਥੇ ਹੀ ਖੜੇ ਸਨ। ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਕਲਿਆਣ ਸਿੰਘ (ਸਤਨਾਮ ਸਿੰਘ ਦਾ ਵੱਡਾ ਭਰਾ) ਦੇ ਘਰ ਨੂੰ ਅੱਗ ਲਗਾ ਦੇਣ ਲਈ ਭੜਕਾਇਆ।
2 ਨਵੰਬਰ 1984 ਦੀ ਸਵੇਰ ਨੂੰ ਲਗਭਗ 7 ਵਜੇ ਸਤਨਾਮ ਸਿੰਘ, ਉਸਦੀ ਪਤਨੀ ਅਤੇ ਬੱਚੇ ਸਾਡੇ ਘਰ ਆ ਗਏ। ਸਵੇਰੇ 9 ਕੁ ਵਜੇ ਭੀੜ ਮੁੜ ਤੋਂ ਇਕੱਤਰ ਹੋ ਗਈ ਅਤੇ ਉਨ੍ਹਾਂ ਨੇ ਮੇਰੇ ਘਰ ’ਤੇ ਹਮਲਾ ਕਰ ਦਿੱਤਾ। ਇਸ ਭੀੜ ਵਿੱਚ ਲਗਭਗ 700-800 ਵਿਅਕਤੀ ਸਨ। ਉਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਅਤੇ ਲਾਠੀਆਂ ਆਦਿਕ ਸਨ। ਭੀੜ ਨੇ ਸਾਡੇ ’ਤੇ ਤੇਜ਼ੀ ਨਾਲ ਇੱਟਾਂਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸਲਈ ਅਸੀਂ ਨਾਲ ਦੇ ਘਰ ਵਿੱਚ ਚਲੇ ਗਏ। ਇਸੇ ਸਮੇਂ ਮੇਰੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ।
ਮੇਰੇ ਪਿਤਾ ਸ੍ਰ: ਕਲਿਆਣ ਸਿੰਘ ਨੇ ਹੱਥ ਜੋੜ ਕੇ ਭੀੜ ਨੂੰ ਬੇਨਤੀ ਕੀਤੀ ਕਿ ਉਹ ਜੋ ਮਰਜ਼ੀ ਸਮਾਨ ਲੈ ਜਾਣ ਪਰ ਸਾਨੂੰ ਛੱਡ ਦੇਣ। ਭੀੜ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਬਾਹਰ ਆ ਜਾਉਣ, ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁਚਾਇਆ ਜਾਏਗਾ। ਮੇਰੇ 60 ਸਾਲਾ ਪਿਤਾ ਦੋਵੇਂ ਹੱਥ ਜੋੜ ਕੇ ਬਾਹਰ ਗਏ ਪਰ ਭੀੜ ਵਿੱਚ ਸ਼ਾਮਲ ਕੁਝ ਲੋਕਾਂ ਨੇ ਉਨ੍ਹਾਂ ’ਤੇ ਪੈਟਰੋਲ ਜਾਂ ਕੋਈ ਰਸਾਇਨਕ ਪਦਾਰਥ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।
ਸਤਨਾਮ ਸਿੰਘ ਉਨ੍ਹਾਂ ਨੂੰ ਬਚਾਉਣ ਵਾਸਤੇ ਬਾਹਰ ਗਿਆ। ਭੀੜ ਨੇ ਉਸ ਨੂੰ ਵੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਫੱਟੜ ਹੋ ਕੇ ਹੇਠਾਂ ਡਿੱਗ ਪਿਆ। ਭੀੜ ਨੇ ਉਸ ਦੀਆਂ ਅੱਖਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਕੁਚਲਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਦੇ ਨਾਲ, ਉਸ ਦੇ ਸ਼ਰੀਰ ’ਤੇ ਕੋਈ ਪਾਊਡਰ ਸੁੱਟ ਕੇ, ਉਸਨੂੰ ਅੱਗ ਵੀ ਲਗਾ ਦਿੱਤੀ। ਜਦ ਮੈਂ ਉਸਦੇ ਬਚਾਅ ਲਈ ਬਾਹਰ ਆਇਆ, ਤਾਂ 5 ਵਿਅਕਤੀ, ਜਿਨ੍ਹਾਂ ਨੂੰ ਮੈਂ ਪਛਾਣ ਸਕਦਾ ਹਾਂ, ਉੱਥੇ ਖੜੇ ਸਨ। ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੇਰੀ ਜੇਬ ਵਿੱਚ ਪਏ 1100 ਰੁਪਏ ਕੱਢ ਲਏ। ਉਨ੍ਹਾਂ ਮੇਰੇ ਉੱਤੇ ਪਾਊਡਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਦੌੜ ਕੇ ਉਸੇ ਘਰ ਵਿੱਚ ਚਲਾ ਗਿਆ।
ਇਸ ਸਮੇਂ ਤਕ ਭੀੜ ਨੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਹ ਮਕਾਨ ਸ੍ਰ: ਮਹਿੰਦਰ ਸਿੰਘ ਦਾ ਸੀ। ਘਰ ਨੂੰ ਅੱਗ ਲਗੀ ਵੇਖ ਮਹਿੰਦਰ ਸਿੰਘ ਬਾਹਰ ਆਇਆ ਤਾਂ ਕਿਸੇ ਨੇ ਉਸਨੂੰ ਚਾਕੂ ਮਾਰ ਦਿੱਤਾ। ਉਹ ਹੇਠਾਂ ਡਿੱਗ ਪਿਆ। ਮਹਿੰਦਰ ਸਿੰਘ ਦਾ ਪਿਤਾ ਉਸਨੂੰ ਬਚਾਉਣ ਵਾਸਤੇ ਪਿਆ ਪਰ ਕਿਸੇ ਨੇ ਲੋਹੇ ਦੀ ਰਾਡ ਮਾਰਕੇ ਉਨ੍ਹਾਂ ਦੀ ਟੰਗ ਤੋੜ ਦਿੱਤੀ ਅਤੇ ਉਹ ਖ਼ੁਦ ਹੀ ਬੇਹੋਸ਼ ਹੋ ਕੇ ਡਿੱਗ ਪਏ। ਮਹਿੰਦਰ ਸਿੰਘ ਦੇ ਭਰਾ ਭਜਨ ਸਿੰਘ ਨੂੰ ਵੀ ਕਿਸੇ ਨੇ ਸਾੜ ਦਿੱਤਾ ਸੀ। ਉਸ ਦੀ ਮੌਤ ਤਿੰਨ ਦਿਨਾਂ ਬਾਅਦ ਹਸਪਤਾਲ ਵਿੱਚ ਹੋਈ।
ਮੈਂ ਅਤੇ ਮੇਰੇ ਦੋ ਪੁੱਤਰ ਮਹਿੰਦਰ ਸਿੰਘ ਦੇ ਘਰ ਵਿੱਚ ਛੁਪੇ ਹੋਏ ਸੀ। ਘਰ ਨੂੰ ਅੱਗ ਲੱਗੀ ਹੋਣ ਕਾਰਨ ਅਸੀਂ ਜ਼ਮੀਨ ’ਤੇ ਲੇਟ ਗਏ। ਅਸੀਂ ਘਰ ਵਿੱਚ ਸਵੇਰੇ 3 ਵਜੇ ਤੱਕ ਛੁਪੇ ਰਹੇ। ਜਦੋਂ ਭੀੜ ਚਲੀ ਗਈ ਤਾਂ ਅਸੀਂ ਤਿੰਨੋਂ ਬਾਹਰ ਨਿਕਲੇ ਅਤੇ ਲਾਸ਼ਾਂ ਵੇਖੀਆਂ। ਪੁਲਿਸ ਵੈਨ ਆਈ ਅਤੇ ਉਨ੍ਹਾਂ ਨੇ ਮਹਿੰਦਰ ਸਿੰਘ, ਉਸਦੇ ਪਿਤਾ, ਸਤਨਾਮ ਸਿੰਘ, ਭਜਨ ਸਿੰਘ ਅਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਇਸ ਵਿੱਚ ਲੈ ਗਏ। ਪੁਲਿਸ ਨੇ ਮਹਿੰਦਰ ਸਿੰਘ ਅਤੇ ਉਸਦੇ ਪਿਤਾ ਨੂੰ ਇਰਵਿਨ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਸਮੇਂ ਮੈਂ ਉਨ੍ਹਾਂ ਦੇ ਨਾਲ ਸੀ ਅਤੇ 2 ਨਵੰਬਰ ਦੀ ਰਾਤ ਤੱਕ ਉਨ੍ਹਾਂ ਦੇ ਨਾਲ ਰਿਹਾ।
3 ਨਵੰਬਰ 1984 ਨੂੰ ਮੈਂ ਗਾਂਧੀ ਨਗਰ ਪੁਲਿਸ ਸਟੇਸ਼ਨ ਕੈਂਪ ਵਿੱਚ ਗਿਆ। ਉਥੋਂ ਦੀ ਮੈਂ 5 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਗਾਂਧੀ ਨਗਰ ਵਿਖੇ ਆ ਗਿਆ। ਮੇਰਾ ਸਾਰਾ ਪਰਵਾਰ ਉੱਥੇ ਪਹਿਲਾਂ ਹੀ ਹਾਜ਼ਰ ਸੀ।
ਪਰਤਾਪ ਗਾਰਡਨ (ਉੱਤਮ ਨਗਰ) ਵਾਸੀ ਅਮਰਜੀਤ ਕੌਰ ਵੱਲੋਂ ਮਿਸ਼ਰਾ ਕਮੀਸ਼ਨ ਨੂੰ ਦਿੱਤਾ ਗਿਆ ਹਲਫੀਆ ਬਿਆਨ
ਮੇਰੇ ਪਤੀ ਨਵੰਬਰ 84 ਕਤਲੇਆਮ ਦੌਰਾਨ ਮਾਰੇ ਗਏ। ਹੁਣ ਮੈਂ ਲੋਕਾਂ ਦੇ ਕਪੜੇ ਸੀ ਕੇ ਆਪਣੇ ਬੱਚੇ ਪਾਲਦੀ ਹਾਂ। ਇਸ ਤੋਂ ਪਹਿਲਾਂ ਮੇਰੇ ਪਤੀ ਦੀ ਸਿਲਾਈ-ਕੜ੍ਹਾਈ ਦੀ ਇਕ ਦੁਕਾਨ ਸੀ।
ਸਾਡੇ ’ਤੇ ਭੀੜ ਨੇ ਤਿੰਨ ਵਾਰ ਹਮਲਾ ਕੀਤਾ। 1 ਅਤੇ 2 ਨਵੰਬਰ ਨੂੰ ਅਸੀਂ ਆਪਣੇ ਹਿੰਦੂ ਰਿਸ਼ਤੇਦਾਰਾਂ ਦੀ ਮਦਦ ਨਾਲ ਬਚ ਸਕੇ। ਪਰ ਸਾਡਾ ਇਕ ਵੀ ਹਿੰਦੂ ਗੁਆਂਢੀ ਸਾਡੀ ਮਦਦ ਵਾਸਤੇ ਅੱਗੇ ਨਹੀਂ ਆਇਆ। 3 ਨਵੰਬਰ 1984 ਦੀ ਤੜਕੇ, ਸਾਡੇ ਰਿਸ਼ਤੇਦਾਰਾਂ ਨੇ ਵੀ ਸਾਨੂੰ ਉਨ੍ਹਾਂ ਦਾ ਘਰ ਖਾਲੀ ਕਰਨ ਵਾਸਤੇ ਆਖ ਦਿੱਤਾ। ਉਨ੍ਹਾਂ ਨੇ ਸਾਨੂੰ ਪੂਰੀ ਤਰ੍ਹਾਂ ਨਿਹੱਥਾ ਵੀ ਕਰ ਦਿੱਤਾ। ਉਨ੍ਹਾਂ ਨੇ ਸਾਥੋਂ ਸਾਡੇ ਰਵਾਇਤੀ ਹਥਿਆਰ ਜਿਵੇਂ ਕ੍ਰਿਪਾਨਾਂ, ਖੰਡਾ ਅਤੇ ਸ਼ੀਲਡ ਵੀ ਵਾਪਸ ਲੈ ਲਏ ਅਤੇ ਵਾਅਦਾ ਕੀਤਾ ਕਿ ਜੇਕਰ ਕੋਈ ਸਮੱਸਿਆ ਖੜੀ ਹੁੰਦੀ ਹੈ, ਤਾਂ ਉਹ ਸਾਡੀ ਮਦਦ ਕਰਨਗੇ। ਪਰ ਜਦ ਸਵੇਰੇ ਲਗਭਗ 9 ਵਜੇ ਭੀੜ ਨੇ ਸਾਡੇ ’ਤੇ ਹਮਲਾ ਕੀਤਾ, ਤਾਂ ਸਾਡੇ ਰਿਸ਼ਤੇਦਾਰ ਵੀ ਸਾਡੀ ਮਦਦ ਵਾਸਤੇ ਅੱਗੇ ਨਹੀਂ ਆਏ।
ਮੁਹੱਲਾ ਕਮੇਟੀ, ਪਰਤਾਪ ਗਾਰਡਨ ਦੇ ਪ੍ਰਧਾਨ ਸ੍ਰੀ ਤਿਲਕ ਰਾਜ ਨੂੰ ਇਸ ਹਮਲੇ ਬਾਰੇ ਅਗਾਊਂ ਜਾਣਕਾਰੀ ਸੀ। ਉਹ ਸਾਡੇ ਘਰ ਆਇਆ ਅਤੇ ਸੁਰੱਖਿਆ ਵਾਸਤੇ ਸਾਨੂੰ ਘਰ ਖਾਲੀ ਕਰਨ ਲਈ ਕਿਹਾ। ਸਾਨੂੰ ਉਸ ਘਰ ਤੋਂ ਇਕ ਤਰ੍ਹਾਂ ਨਾਲ ਬਾਹਰ ਧੱਕ ਹੀ ਦਿੱਤਾ ਗਿਆ। ਜਦੋਂ ਅਸੀਂ ਆਪਣੇ ਘਰ ਤੋਂ ਕੁਝ ਹੀ ਗਜ਼ ਦੂਰ ਪਹੁੰਚੇ ਤਾਂ ਭੀੜ ਨੇ ਸਾਡੇ ’ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। 15 ਮਿਨਟ ਦੇ ਸਮੇਂ ਵਿੱਚ ਸਾਡੇ ਘਰ ਦੇ ਤਿੰਨ ਮਰਦ ਮੈਂਬਰ ਮਾਰ ਦਿੱਤੇ ਗਏ। ਇਨ੍ਹਾਂ ਦੇ ਨਾਮ ਸਨ ਸ੍ਰ: ਤੀਰਥ ਸਿੰਘ (ਉਮਰ 42 ਸਾਲ), ਸ੍ਰ: ਰਘੁਬੀਰ ਸਿੰਘ (ਉਮਰ 30 ਸਾਲ) ਅਤੇ ਸ੍ਰ: ਜੋਗਿੰਦਰ ਸਿੰਘ (ਉਮਰ 18 ਸਾਲ)।
ਲਗਭਗ 300 ਵਿਅਕਤੀਆਂ ਦੀ ਇਸ ਭੀੜ ਵਿੱਚ ਸਾਡੇ ਨਾਲ ਦੀ ਕਲੋਨੀ ਦੇ ਲੋਕ ਲੋਹੇ ਦੀਆਂ ਮੋਟੀਆਂ ਰਾਡਾਂ ਲੈ ਕੇ ਸਿੱਖਾਂ ’ਤੇ ਹਮਲਾ ਕਰਨ ਵਾਸਤੇ ਆਏ ਸਨ, ਜਿਨ੍ਹਾਂ ਦੀ ਮਦਦ ਸਥਾਨਕ ਲੋਕ ਕਰ ਰਹੇ ਸਨ। ਸਾਡੇ ਕੋਲ ਆਪਣੇ ਬਚਾਅ ਲਈ ਕੋਈ ਹਥਿਆਰ ਨਹੀਂ ਸੀ ਕਿਉਂਕਿ ਸਾਨੂੰ ਪਹਿਲਾਂ ਹੀ ਨਿਹੱਥਾ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਿਧਰੇ ਕੋਈ ਨਾਮੋ-ਨਿਸ਼ਾਨ ਨਹੀਂ ਸੀ ਅਤੇ ਸਾਡੇ ਕੋਲ ਨੇੜੇ ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ ਦਾ ਕੋਈ ਸਾਧਨ ਨਹੀਂ ਸੀ। ਸਾਡੀ ਮਦਦ ਵਾਸਤੇ ਇਕ ਵੀ ਹਿੰਦੂ ਗੁਆਂਢੀ ਨੇ ਕੋਸ਼ਿਸ਼ ਨਹੀਂ ਕੀਤੀ।
ਉੱਤਮ ਨਗਰ ਦੇ ਗੁਰਦੁਆਰੇ ਨੂੰ ਵੀ ਬੁਰੀ ਤਰ੍ਹਾਂ ਸਾੜ ਦਿੱਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬੇਰਹਿਮੀ ਨਾਲ ਫਾੜ ਅਤੇ ਫੂਕ ਦਿੱਤਾ ਗਿਆ। ਸਿੱਖਾਂ ਨੂੰ ਪਹਿਲਾਂ ਸਿਰ ’ਤੇ ਲੋਹੇ ਦੀਆਂ ਰਾਡਾਂ ਨਾਲ ਮਾਰਿਆ ਜਾਂਦਾ ਅਤੇ ਫਿਰ ਅਧਮਰੇ ਲੋਕਾਂ ’ਤੇ ਮਿੱਟੀ ਦਾ ਤੇਲ ਛਿੜਕ ਕੇ ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ। ਸਾਨੂੰ ਲਾਸ਼ਾਂ ਦਾ ਅੰਤਮ ਸਸਕਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਭੀੜ ਵੱਲੋਂ ‘‘ਸਰਦਾਰੋਂ ਕੋ ਪਕੜੋ ਮਾਰੋ; ਖ਼ਤਮ ਕਰ ਦੋ; ਖੂਨ ਕਾ ਬਦਲਾ, ਖੂਨ ਸੇ ਲੇਂਗੇ’’ ਜਿਹੇ ਨਾਅਰੇ ਲਗਾਏ ਜਾ ਰਹੇ ਸਨ।
ਅਸੀਂ (ਪਰਵਾਰ ਦੀ ਮਹਿਲਾ ਮੈਂਬਰਾਂ ਨੇ) ਆਪਣੀ ਭਰਜਾਈ ਦੇ ਘਰ ਰਜਿੰਦਰ ਨਗਰ ਵਿੱਚ ਜਾ ਕੇ ਸ਼ਰਨ ਲਈ। ਇਸ ਸਭ ਦਰਮਿਆਨ ਪੁਲਿਸ ਸਾਡੀ ਮਦਦ ਲਈ ਨਹੀਂ ਬਹੁੜੀ।
ਜਹਾਂਗੀਰਪੁਰੀ ਵਾਸੀ ਮੋਹਨ ਸਿੰਘ ਵੱਲੋਂ ਮਿਸ਼ਰਾ ਕਮੀਸ਼ਨ ਨੂੰ ਦਿੱਤਾ ਗਿਆ ਹਲਫੀਆ ਬਿਆਨ
ਨਵੰਬਰ 1984 ਵਿੱਚ ਮੈਂ ਉੱਤਰੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਆਪਣੀ ਪਤਨੀ ਜੋਗਿੰਦਰ ਕੌਰ (36 ਸਾਲ), ਬੇਟੀ ਜਸਬੀਰ ਕੌਰ (14 ਸਾਲ), ਬੇਟੇ ਉਪਿੰਦਰ ਸਿੰਘ (12 ਸਾਲ) ਅਤੇ ਬੇਟੀ ਲਖਵਿੰਦਰ ਕੌਰ (7 ਸਾਲ) ਨਾਲ ਰਹਿੰਦਾ ਸੀ। ਨਵੰਬਰ 1984 ਤੱਕ ਮੈਂ ਸੀਮਾਪੁਰੀ ਦੀ ‘ਗੁਪਤਾ ਕੰਸਟ੍ਰਕਸ਼ਨ ਕੰਪਨੀ’ ਵਿੱਚ ਬਿਲਡਿੰਗ ਫੋਰਮੈਨ ਦੇ ਤੌਰ ’ਤੇ ਕੰਮ ਕਰਦਾ ਸੀ। ਦੰਗੇ ਅਰੰਭ ਹੋਣ ਤੋਂ ਬਾਅਦ, ਆਪਣੀ ਜਾਨ ਦੀ ਹਿਫਾਜ਼ਤ ਲਈ ਮੈਂ ਸੀਮਾਪੁਰੀ ਨਹੀਂ ਗਿਆ।
1 ਨਵੰਬਰ 1984 ਨੂੰ ਸਵੇਰੇ ਤਕਰੀਬਨ 9-10 ਵਜੇ ਲੋਕ ਜੀ.ਟੀ. ਰੋਡ ’ਤੇ ਟਰੱਕਾਂ ਨੂੰ ਲੁੱਟ ਰਹੇ ਸਨ। ਇਹ ਲੋਕ ਸੇਬਾਂ ਦੇ ਕ੍ਰੇਟਾਂ ਨੂੰ ਲੁੱਟ ਜਹਾਂਗੀਰਪੁਰੀ ਦੇ ਸੀ ਅਤੇ ਈ ਬਲਾਕ ਅਤੇ ਬਲਾਸਵਾ ਪਿੰਡ ਵਿਖੇ ਸਥਿਤ ਆਪਣੇ ਘਰਾਂ ਵਿੱਚ ਲੈ ਗਏ। ਦੁਪਹਿਰੇ ਲਗਭਗ ਤਿੰਨ-ਸਾਢੇ ਤਿੰਨ ਵਜੇ ਹਮਲਾਵਰਾਂ ਨੇ ਟਰੱਕ ਡ੍ਰਾਈਵਰਾਂ ’ਤੇ ਵੀ ਹਮਲਾ ਸ਼ੁਰੂ ਕਰ ਦਿੱਤਾ। ਮੈਂ ਇਕ ਡ੍ਰਾਈਵਰ ਨੂੰ ਕਤਲ ਕੀਤੇ ਜਾਂਦੇ ਵੀ ਵੇਖਿਆ। ਮੈਂ ਜੀ.ਟੀ. ਕਰਨਾਲ ਰੋਡ ਅਤੇ ਪਾਵਰ ਹਾਊਸ ਕੋਲ ਬਾਈਪਾਸ ਰੋਡ ’ਤੇ 20-25 ਟਰੱਕਾਂ ਨੂੰ ਸੜਦੇ ਹੋਏ ਵੀ ਵੇਖਿਆ।
1 ਨਵੰਬਰ ਦੀ ਹੀ ਦੁਪਹਿਰ ਨੂੰ ਲਗਭਗ 2 ਵਜੇ ਮੈਂ ਦੇਖਿਆ ਕਿ ਭੀੜ ਇਕ ਸਿੱਖ ਨੂੰ ਲੱਖੀ ਪਾਰਕ ਵੱਲ ਲਿਆ ਰਹੀ ਸੀ। ਉਨ੍ਹਾਂ ਨੇ ਸਿੱਖ ਨੂੰ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਰ ਉਹ ਭੀੜ, ਸਿੱਖ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਚਲੀ ਗਈ। ਦੁਪਹਿਰ 3 ਸਾਢੇ ਤਿੰਨ ਵਜੇ (ਜਹਾਂਗੀਰ ਪੁਰੀ ਦੀ) ਕੇ-ਬਲਾਕ ’ਤੇ ਵੀ ਹਮਲਾ ਸ਼ੁਰੂ ਹੋ ਗਿਆ। ਮੈਨੂੰ ਦੁਪਹਿਰ ਡੇਢ ਕੁ ਵਜੇ ਹੀ ਅੰਦਾਜ਼ਾ ਹੋ ਗਿਆ ਸੀ ਕਿ ਜਹਾਂਗੀਰਪੁਰੀ ਦੇ ਸਿੱਖਾਂ ’ਤੇ ਵੀ ਹਮਲਾ ਕੀਤਾ ਜਾਏਗਾ। ਇਸਲਈ ਮੈਂ ਕੇ-ਬਲਾਕ ਦੀਆਂ ਦੋ ਝੁੱਗੀਆਂ ਦੇ ਵਿਚਾਰਕਲੀ ਵਿੱਥ ਵਿੱਚ ਜਾ ਕੇ ਛੁਪ ਗਿਆ। ਇਹ ਜਾਨਣ ਲਈ ਕੀ ਬਾਹਰ ਕੀ ਹੋ ਰਿਹਾ ਹੈ, ਮੈਂ ਥੋੜੇ-ਥੋੜੇ ਸਮੇਂ ਬਾਅਦ ਚੁਪਕੇ ਜਿਹੇ ਬਾਹਰ ਵੀ ਝਾਕ ਲੈਂਦਾ। ਮੈਂ ਉੱਥੇ 1 ਨਵੰਬਰ ਦੀ ਦੁਪਹਿਰ ਤੋਂ ਲੈ ਕੇ 3 ਨਵੰਬਰ ਦੀ ਸ਼ਾਮ ਤੱਕ ਲੁਕਿਆ ਰਿਹਾ।
ਇਹ ਝੁੱਗੀਆਂ ਵਾਲੇ ਵਧੇਰੇ ਕਰਕੇ ਮੁਸਲਮਾਨ ਸਨ। ਛੋਟੀ ਬੇਗਮ, ਅਮੀਦਾ ਬੇਗਮ, ਪਰਵੀਨ ਅਤੇ ਕੱਲੂ ਦੇ ਪਰਵਾਰਾਂ ਨੇ ਮੈਨੂੰ ਸ਼ਰਨ ਦਿੱਤੀ। ਹਰ ਪੰਦਰਾਂ-ਵੀਹ ਮਿੰਟਾਂ ਬਾਅਦ ਮੁਸਲਿਮ ਪਰਵਾਰਾਂ ਦੇ ਮੈਂਬਰ ਮੈਨੂੰ ਪੂਰੀ ਰਿਪੋਰਟ ਦਿੰਦੇ ਕਿ ਇਲਾਕੇ ਵਿੱਚ ਕੀ ਕੁਝ ਹੋ ਰਿਹਾ ਹੈ। 3 ਨਵੰਬਰ ਦੀ ਸ਼ਾਮ ਨੂੰ ਮੁਸਲਿਮ ਪਰਵਾਰਾਂ ਨੇ ਮੈਨੂੰ ਇਕ (ਮੁਸਲਿਮ) ਔਰਤ ਦਾ ਰੂਪ ਦੇ ਦਿੱਤਾ ਅਤੇ ਸ਼ਾਮ ਦੇ ਤਕਰੀਬਨ 7 ਵਜੇ ਮੈਨੂੰ ਡੀ.ਡੀ.ਏ. ਫਲੈਟਾਂ ਵਿੱਚ ਲੈ ਆਏ।
ਹਮਲਾ ਕਰ ਰਹੀ ਭੀੜ ਦਾਤਰੀਆਂ, ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਵਰਗੇ ਹਥਿਆਰਾਂ ਨਾਲ ਲੈਸ ਸੀ। ਰਾਤ ਨੂੰ ਲਗਭਗ 8.30 ਵਜੇ ਉਨ੍ਹਾਂ ਨੇ ਮਕਾਨ ਨੰਬਰ ਕੇ-914 ’ਤੇ ਹਮਲਾ ਕਰ ਦਿੱਤਾ ਅਤੇ ਘਰ ਨੂੰ ਲੁੱਟ ਲਿਆ। ਉਨ੍ਹਾਂ ਨੇ ਮੇਰੇ ਘਰ ਕੇ-751 ’ਤੇ ਵੀ ਹਮਲਾ ਕਰ ਦਿੱਤਾ ਪਰ ਮੈਂ ਉਥੋਂ ਨਿਕਲ ਚੁੱਕਾ ਸੀ। ਭੀੜ ਦਾ ਕੁਝ ਹਿੱਸਾ ਬਲਾਸਵਾ ਪਿੰਡ ਵੱਲੋਂ ਆਇਆ ਜਦਕਿ ਬਾਕੀ ਦੇ ਲੋਕ ਜਹਾਂਗੀਰਪੁਰੀ ਪੁਨਰਵਾਸ ਕਲੋਨੀ ਦੇ ਹੀ ਸਨ। ਉਹ ਜ਼ਿਆਦਾਤਰ ਸੀਂਬਲਾਕ ਦੇ ਬੰਗਾਲੀ ਅਤੇ ਤਮਿਲ ਬੋਲਣ ਵਾਲੇ ਲੋਕ ਸਨ। ਉਹ ‘ਸਰਦਾਰੋ, ਬਾਹਰ ਨਿਕਲੋ’ ਵਰਗੇ ਨਾਅਰੇ ਲਗਾ ਰਹੇ ਸਨ। ਮੈਂ ਉਨ੍ਹਾਂ ਦੀਆਂ ਅਵਾਜ਼ਾਂ ਅਤੇ ਉਨ੍ਹਾਂ ਵੱਲੋਂ ਬੋਲੀ ਜਾ ਰਹੀ ਭਾਸ਼ਾ ਨੂੰ ਚੰਗੀ ਤਰ੍ਹਾਂ ਸੁਣ ਸਕਦਾ ਸੀ। ਮੇਰੇ ਮੁਸਲਿਮ ਪੜੋਸੀਆਂ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਪਛਾਣਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਤਾਂ ਉਨ੍ਹਾਂ ਦੇ ਨਾਮ ਵੀ ਜਾਣਦੇ ਹਨ। ਇਸ ਭੀੜ ਨੇ ਜਹਾਂਗੀਰ ਪੁਰੀ ਦੀ ਕੇ-ਬਲਾਕ ਵਿੱਚ ਘੱਟੋ-ਘੱਟ ਤਿੰਨ ਸਿੱਖਾਂ ਨੂੰ ਕਤਲ ਕਰ ਦਿੱਤਾ।
ਜਹਾਂਗੀਰਪੁਰੀ ਨੇੜੇ ਦੀ ਪੁਲਿਸ ਚੌਕੀ ਵਿੱਚ ਆਮ ਤੌਰ ’ਤੇ 8-10 ਪੁਲਿਸਕਰਮੀ ਹੁੰਦੇ ਹਨ। ਹਿੰਸਾ ਵਾਲੇ ਦਿਨ ਉੱਥੇ 6 ਪੁਲਿਸਕਰਮੀ ਸਨ। ਪਰ 1 ਨਵੰਬਰ ਨੂੰ ਜਦ ਕੇ-ਬਲਾਕ ’ਤੇ ਹਮਲਾ ਹੋਇਆ, ਤਾਂ ਉਹ ਪੁਲਿਸਕਰਮੀ ਉੱਥੋਂ ਨਦਾਰਦ ਸਨ। 2 ਨਵੰਬਰ ਦੀ ਸ਼ਾਮ ਨੂੰ ਲਗਭਗ 4 ਵਜੇ ਉਨ੍ਹਾਂ ਨੇ ਕੇ-ਬਲਾਕ ਵਿਚਲੇ ਮੇਰੇ ਹਿੱਸੇ ਦਾ ਦੌਰਾ ਕੀਤਾ ਪਰ ਉਨ੍ਹਾਂ ਦੇ ਹੱਥਾਂ ਵਿੱਚ ਸਿਰਫ਼ ਲਾਠੀਆਂ ਸਨ। 2 ਨਵੰਬਰ ਦੀ ਸ਼ਾਮ ਨੂੰ 6-6.30 ਵਜੇ, ਯਾਨੀ ਹਿੰਸਾ ਅਰੰਭ ਹੋਣ ਦੇ 34 ਘੰਟਿਆਂ ਬਾਅਦ ਹੀ ਪੁਲਿਸ ਨੇ ਭੀੜ ਨੂੰ ਖਿੰਡਾਉਣ ਦੀ ਕਾਰਵਾਈ ਅਰੰਭ ਕੀਤੀ।