Subscription About Us Contact Us


ਬਹਾਦਰਾਂ ਤੋਂ ਮਜ਼ਲੂਮ ਬਣਨ ਤੱਕ ਦਾ ਸਿੱਖ ਕੌਮ ਦਾ ਸਫ਼ਰ

- ਪ੍ਰੋ: ਇੰਦਰ ਸਿੰਘ ਘੱਗਾ - 

ਪਰਉਪਕਾਰੀ ਬਾਬਾ ਨਾਨਕ ਜੀ ਨੇ, ਕੁੱਲ ਮਨੁੱਖਤਾ ਲਈ ਬਹੁਤ ਕੁਝ ਨਵਾਂ ਤੇ ਨਵੇਕਲਾ ਦਿੱਤਾ ਹੈ। ਜਿਨਾਂ ਨੇ ਸਤਿਗੁਰੂ ਦੇ ਵਿਚਾਰਾਂ ਨੂੰ ਪੜਿਆ ਅਤੇ ਸਮਝਿਆ ਹੈ, ਉਹਨਾਂ ਨੇ ਬਾਬਾ ਜੀ ਨੂੰ ਬਾਰ-ਬਾਰ ਸਿਜਦਾ ਕੀਤਾ ਹੈ। ਆਉਣ ਵਾਲੇ ਸਮੇਂ ਵਿਚ ਜਿਵੇਂ ਜਿਵੇਂ ਹੋਰ ਬੋਲੀਆਂ ਵਿਚ ਗੁਰਬਾਣੀ ਦਾ ਅਨੁਵਾਦ ਹੋਵੇਗਾ, ਲੋਕੀ ਗੁਰਬਾਣੀ ਦੇ ਸਰਬ ਕਲਿਆਣਕਾਰੀ ਗੁਣਾਂ ਨੂੰ ਸੁਣ, ਸਮਝ ਕੇ ਖਿੱਚੇ ਚਲੇ ਆਉਣਗੇ ਇਹ ਵਿਸ਼ਵਾਸ ਹੈ। ਇਕ ਨਿਰੰਕਾਰ ਦੀ ਅਰਾਧਨਾ ਬਗੈਰ ਕਿਸੇ ਪਾਖੰਡ ਕਰਮ ਤੋਂ ਕਰ।

ਪਰਮੇਸਰ ਕਿਧਰੇ ਸੱਤਵੇਂ ਅਕਾਸ਼ ਤੇ ਨਹੀਂ ਬੈਠਾ, ਤੁਹਾਡੇ ਹਿਰਦੇ ਵਿਚ ਹੈ, ਸਾਰੀ ਕਾਇਨਾਤ ਵਿਚ ਹੈ। ਰੱਬ ਨੂੰ ਯਾਦ ਕਰਨ ਵਾਸਤੇ ਕਿਸੇ ਵਿਚਲੇ (ਪੀਰ ਬ੍ਰਾਹਮਣ ਜਾਂ ਭਾਈ) ਦੀ ਲੋੜ ਨਹੀਂ ਹੈ। ਤੁਸੀਂ ਖੁਦ ਸਿੱਧੇ ਰੱਬ ਨੂੰ ਪਾਉਣ ਦੇ ਅਧਿਕਾਰੀ ਹੋ। ਇਨਸਾਨਾਂ ਵਿਚ ਵੰਡੀਆਂ ਪਾਉਣੀਆਂ, ਊਚ-ਨੀਚ ਮੰਨਣਾ, ਜਾਤ ਪਾਤ ਨੂੰ ਪਰਵਾਨ ਕਰਨਾ, ਮਨੁੱਖਤਾ ਲਈ ਵੱਡਾ ਅਪਰਾਧ ਹੈ। ਸਾਰੇ ਲੋਕ ਲੰਗਰ ਇਕੱਠੇ ਛਕੋਗੇ, ਬਿਨਾਂ ਗਿਲਾਨੀ ਤੋਂ। ਧਰਮਸਾਲ (ਗੁਰਦੁਆਰੇ) ਵਿੱਚ ਇਕੱਠੇ ਬੈਠਕੇ ਧਰਮ ਉਪਦੇਸ਼ ਸੁਣੋਗੇ। ਏਕਤਾ ਦੇ ਸੂਤਰ ਵਿਚ ਪਰੋਏ ਜਾ ਕੇ, ਤਾਕਤਵਰ ਬਣ ਜਾਉਗੇ। ਤਾਕਤ ਦੀ ਸੁਯੋਗ ਵਰਤੋਂ ਕਰਨੀ ਸਿੱਖ ਕੇ ਲੋੜ ਪੈਣ ਤੇ ਹਥਿਆਰਬੰਦ ਸਿਪਾਹੀ ਬਣ ਜਾਉਗੇ। ਜੇ ਤੁਹਾਡੇ ਸਵੈਮਾਣ ਨੂੰ ਆਂਚ ਆਵੇ, ਜੇ ਜਾਨ-ਮਾਲ ਨੂੰ ਖਤਰਾ ਹੋਵੇ। ਜੇ ਦੇਸ਼ ਦੀ ਗੁਲਾਮੀ ਕੱਟਣੀ ਹੋਵੇ, ਜੇ ਪਾਖੰਡੀ ਧਾਰਮਕ ਲੋਕਾਂ ਨੂੰ ਰਾਹ ਸਿਰ ਲਿਆਣਾ ਹੋਵੇ। ਜੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਪਾਪ ਕਰਮਾਂ ਤੋਂ ਮੋੜਨਾ ਹੋਵੇ, ਤਾਂ ਤੁਸੀਂ ਹਥਿਆਰਾਂ ਦੀ ਸੁਯੋਗ ਵਰਤੋਂ ਕਰ ਸਕਦੇ ਹੋ। ਵਿਕਾਰਾਂ ਤੋਂ ਨਸ਼ਿਆਂ ਤੋਂ ਸਦਾ ਬਚ ਕੇ ਰਹਿਣਾ ਹੈ। ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ। ਇਹ ਤਿੰਨੇ ਅਸੂਲ ਸਿੱਖਾਂ ਦੀ ਜਿੰਦਗੀ ਦੇ ਥੰਮ ਹੋਣਗੇ.....। ਅਜਿਹੇ ਕੁਝ ਨੇਮ ਬਖਸ਼ ਕੇ ਸਤਿਗੁਰੂ ਜੀ ਨੇ ਸਿੱਖ ਕੌਮ ਦੀ ਸਿਰਜਣਾ ਕਰ ਦਿੱਤੀ।

ਜਿਸ ਤਰ੍ਹਾਂ ਦੇ ਮਾਹੌਲ ਵਿਚ ਕੋਈ ਇਨਸਾਨ ਜਦੋਂ ਜਨਮ ਲੈਂਦਾ ਹੈ, ਉਸੇ ਬਣਤਰ ਅਨੁਸਾਰ ਉਸ ਦੇ ਮਨ ਦੀ ਘਾੜਤ ਘੜੀ ਜਾਂਦੀ ਹੈ। ਉਸ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਜੋ ਕੁਝ ਕਰ ਰਿਹਾ ਹਾਂ, ਇਸ ਵਿਚ ਕਿੰਨਾ ਗਲਤ ਹੈ ਤੇ ਕਿੰਨਾ ਠੀਕ ਹੈ। ਚੱਲ ਰਹੇ ਉਸ ਪ੍ਰਬੰਧ ਨੂੰ ਬਰਕਰਾਰ ਰੱਖਣ ਵਾਸਤੇ, ਹਾਕਮ ਧਿਰ ਬੇਰਹਿਮ ਸਰਕਾਰੀ ਤਾਕਤ ਨਾਲ ਖੂਨ ਦੀਆਂ ਨਦੀਆਂ ਬਹਾ ਸਕਦੀ ਹੈ। ਇਨਸਾਨੀਅਤ ਨੂੰ ਕੁਚਲਣ ਵਾਲੇ, ਕੈਦਖਾਨਿਆਂ ਵਿਚ ਸੜ ਮਰਨ ਵਾਲੇ, ਭਾਰੀ ਜ਼ੁਰਮਾਨੇ ਭਰਨ ਵਾਲੇ, ਕਾਨੂੰਨ ਬਣਾ ਸਕਦੀ ਹੈ। ਜਾਇਦਾਤ ਖੋਹ ਲੈਣੀ, ਅਣਪੜ ਰੱਖਣਾ, ਹਰ ਖੇਤਰ ਵਿਚ ਨਿਮਾਣੇ, ਨਿਤਾਣੇ, ਬਣਾ ਧਰਨਾ, ਸਰਕਾਰੀ ਸ਼ਕਤੀ ਰਾਹੀ ਕੋਈ ਔਖਾ ਨਹੀਂ। ‘ਤਕੜਾ ਮਾਰੇ ਪਰ ਰੋਣ ਨਾ ਦੇਵੇ’ ਵਾਲੀ ਅਵਸਥਾ ਆਲੇ ਦੁਆਲੇ ਵਾਪਰਦੀ ਅੱਜ ਭੀ ਵੇਖ ਸਕਦੇ ਹਾਂ। ਜਾਲਮ ਰਾਜਨੀਤੀ ਦਾ ਸੰਦ, (ਹੱਥ ਠੋਕਾ) ਜਦੋਂ ‘ਧਰਮ’ ਮੁਖੀ ਬਣ ਜਾਣ। ਸਰਕਾਰ ਦੇ ਖੂਨੀ ਕਾਰਿਆਂ ਨੂੰ ਵਿੰਗੇ ਟੇਢੇ ਤਰੀਕੇ ਵਰਤ ਕੇ ਸਹੀ ਠਹਿਰਾਣ। ਆਮ ਜਨਤਾ ਨੂੰ ਹਕੂਮਤੀ ਜ਼ੁਲਮਾਂ ਵਿਰੁਧ ਲਾਮ ਬੰਦੀ ਤੋਂ ਰੋਕ ਕੇ, ਇਸ ਵਿਦਰੋਹ ਨੂੰ ਘੋਰ ਪਾਪ ਗਰਦਾਨਣ। ਰਾਜ ਕਰ ਰਹੀ ਧਿਰ ਨੂੰ ਧਰਮ ਅਸਥਾਨਾਂ ਵਿਚ ਸਨਮਾਨਤ ਕਰਨ। ਸ਼ੈਤਾਨੀ ਸੋਚ ਵਾਲੇ ‘ਮਾਣਸ ਖਾਣੇ’ ਰਾਜਨੀਤਕਾਂ ਨੂੰ ਪਰਉਪਕਾਰੀ, ਇਨਸਾਫ ਪਸੰਦ ਤੇ ਭਗਵਾਨ ਦਾ ਅਵਤਾਰ ਹੋਣ ਦਾ, ਧਰਮ ਮੰਦਰਾਂ (ਧਰਮ ਸਥਾਨਾਂ) ਵਿਚੋਂ ਫੁਰਮਾਨ ਜਾਰੀ ਕਰਨ ਲਗ ਪੈਣ।

ਅਜਿਹੇ ਹਾਲਾਤ ਵਿਚ ਆਮ ਇਨਸਾਨ ਦੀ ਸੋਚ ਖੁੰਢੀ ਹੋ ਜਾਂਦੀ ਹੈ। ਜਾਲਮ ਰਾਜ ਜਾਂ ਪਾਪੀ ਧਰਮ-ਮੁਖੀਆਂ (ਅਖੌਤੀ ਧਰਮੀ) ਦੇ ਗੱਠਜੋੜ ਦੇ ਵਿਰੁਧ ਕਿਸੇ ਵੱਡੀ ਬਗਾਵਤ ਦੀ ਸੰਭਾਵਨਾ ਮਰ ਮੁੱਕ ਜਾਂਦੀ ਹੈ। ਅਣਖ, ਗੈਰਤ ਜਾਂ ਸਵੈਮਾਣ ਵਰਗੀਆਂ ਗੱਲਾਂ ਦਿਮਾਗ ਵਿਚੋਂ ਉਡ-ਪੁਡ ਜਾਂਦੀਆਂ ਹਨ। ਨਿੱਜੀ ਗੁਲਾਮੀ ਤੋਂ ਲੈ ਕੇ, ਦੇਸ਼ ਦੀ ਵੱਡੀ ਗੁਲਾਮੀ ਤਕ, ਸਭ ਕੁਝ ‘ਕਿਸਮਤ’ ਵਿਚ ਲਿਖਿਆ ਪ੍ਰਤੀਤ ਹੋਣ ਲਗ ਪੈਂਦਾ ਹੈ। ਆਪਣੀ ਨੂੰਹ, ਧੀ ਦੀ ਇੱਜ਼ਤ ਤੋਂ ਲੈ ਕੇ ਸਮੁੱਚੇ ਦੇਸ਼ ਦੀਆਂ ਧੀਆਂ ਨੂੰ, ਭਾਵੇਂ ਕੋਈ ਭੇਡਾਂ ਵਾਂਗ ਹਿੱਕ ਕੇ ਲੈ ਜਾਵੇ, ਇਹ ਭੀ ਰੱਬੀ ਰਜ਼ਾ ਹੀ ਮਹਿਸੂਸ ਹੁੰਦੀ ਹੈ। ਨੌਜਵਾਨ ਇਨਕਲਾਬੀ ਜਜ਼ਬਾ ਤਿਆਗ ਕੇ, ਸਾਧ ਸੰਤ ਬਣਨ ਨੂੰ ਪਹਿਲ ਦੇਣ ਲਗ ਪੈਂਦੇ ਹਨ। ਸਮਾਜ ਦਾ ਵਡੇਰਾ ਤਬਕਾ ’ਨਾਮ ਸਿਮਰਨ’ ਨੂੰ ਮੰਤਰ ਵਿਧੀ ਵਾਂਗ ਬਾਰ ਬਾਰ ਰਟਣ ਕਰਕੇ, ਮੁਕਤੀ ਲੋਚਦਾ ਹੈ। ਹਿੰਮਤ ਹੋਸ ਤੇ ਸਿਆਣਪ ਨੂੰ ਅਲਵਿਦਾ ਆਖ ਕੇ ‘ਸਰਬ ਰੋਗ ਕਾ ਅਉਖਧ ਨਾਮ’ ਦੇ ਲਫ਼ਜ਼ੀ ਅਰਥਾਂ ਤੱਕ ਸੀਮਤ ਰਹਿ ਕੇ, ਅਗਿਆਨਤਾ ਵਿੱਚ ਗਰਕ ਹੋ ਜਾਂਦਾ ਹੈ। ਜ਼ਿੰਦਗੀ ਬੇਰਸ, ਬੇਰੰਗ ਅਤੇ ਬੇਤਰਤੀਬੀ ਵਿਚ ਡਿਕੋਡੋਲੇ ਖਾਂਦੀ ਦਮ ਤੋੜ ਦਿੰਦੀ ਹੈ।

ਅਜਿਹੇ ਅੰਧਕਾਰਮਈ ਸਮੇਂ ਵਿਚ ਅਕਾਲ ਪੁਰਖ ਨੇ ਰਹਿਮਤ ਕਰਕੇ, ਸਤਿਗੁਰੂ ਨਾਨਕ ਸਾਹਿਬ ਜੀ ਨੂੰ, ਧਰਤੀ ਤੇ ਭੇਜਿਆ। ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਵੱਡੇ ਕਾਰਜ ਆਰੰਭ ਦਿੱਤੇ। ਭਾਰਤੀ ਧਰਮਾਂ ਬਾਰੇ ਗਹਿਰਾਈ ਨਾਲ ਪੜ੍ਹਿਆ-ਵਿਚਾਰਿਆ। ਰਾਜਨੀਤੀ ਦੀ ਪਰਖ-ਪੜਚੋਲ ਕੀਤੀ। ਧਰਮ ਅਸਥਾਨਾ ਵਿਚ ਵਰਤਾਏ ਜਾ ਰਹੇ ‘ਧਰਮ’ ਨੂੰ ਸਮਝਿਆ। ‘ਧਰਮ ਮੁਖੀਆਂ’ ਦੀ ਤਰਜੇ ਜ਼ਿੰਦਗੀ ਦੀ ਪੁਣ-ਛਾਣ ਕੀਤੀ। ਅਗਿਆਨਤਾ ਵਿਚ ਡੁੱਬੇ ਸਮਾਜ ਦੀ ਦੁਰਦਸਾ ਮਹਿਸੂਸ ਕੀਤੀ। ਚਾਰੇ ਬੰਨੇ ਅੰਧਕਾਰ ਤੋਂ ਸਿਵਾਏ ਹੋਰ ਕੁਝ ਨਹੀਂ ਦਿਸਦਾ ਸੀ। ਅਜਿਹੀ ਹਾਲਤ ਵਿਚ ਸੁਧਾਰ ਕਰਨਾ, ਅਤੀ ਬਿਖਮ ਕਾਰਜ ਸੀ। ਬਿਨਾਂ ਮਾਇਕ ਸਾਧਨਾਂ ਦੇ, ਬਗੈਰ ਰਾਜਸੀ ਤਾਕਤ ਦੇ, ਬਿਨਾਂ ਧਾਰਮਕ ਸਰਪ੍ਰਸਤੀ ਦੇ, ਭਰਮਾਂ ਵਿੱਚ ਗ੍ਰਸੇ, ਪਸੂਆਂ ਵਰਗੇ ਲੋਕਾਂ ਵਿਚ ਕੰਮ ਕਰਨਾ ਪੈਣਾ ਸੀ। ਕੰਮ ਸ਼ੁਰੂ ਹੁੰਦਿਆਂ ਹੀ ਸਾਰਿਆਂ ਵਲੋਂ ਦੁਸਮਣੀ ਦੀ ਹੱਦ ਤਕ, ਵਿਰੋਧ ਕਰਨ ਦੀ ਪੂਰੀ ਸੰਭਾਵਨਾ ਸੀ। ਅਜਿਹੇ ਨਾਖੁਸ਼ਗਵਾਰ ਹਾਲਾਤ ਵਿਚ, ਕੰਮ ਆਰੰਭ ਦਿੱਤਾ। ਜਿਧਰ ਧਿਆਨ ਗਿਆ ਜ਼ੁਲਮ, ਬੇਈਮਾਨੀ, ਪਾਖੰਡ ਤੇ ਕਾਇਰਤਾ ਹੀ ਨਜ਼ਰ ਆਈ। ਸਤਿਗੁਰੂ ਜੀ ਨੇ ਬਿਨਾਂ ਕਿਸੇ ਲਿਹਾਜ਼ ਦੇ ਰਾਜਨੀਤਕ ਲੋਕਾਂ ਨੂੰ ਵੰਗਾਰਿਆ :

ਰਾਜੇ ਸੀਹ ਮੁਕਦਮ ਕੁਤੇ।।
ਜਾਇ ਜਗਾਇਨਿ ਬੈਠੇ ਸੁਤੇ।।
ਚਾਕਰ ਨਹੁਦਾ ਪਾਇਨਿ ਘਾਉ।।
ਰਤੁ ਪਿਤੁ ਕੁਤਿਹੋ ਚਟਿ ਜਾਹੁ।।
(1288)

ਗੁਰੂ ਨਾਨਕ ਸਾਹਿਬ ਜੀ ਨੇ, ਧਰਮ ਮੁਖੀ ਬ੍ਰਾਹਮਣ, ਜੋਗੀ ਤੇ ਕਾਜ਼ੀ ਮੁੱਲਾਂ ਨੂੰ ਭੀ ਖਰੀਆਂ ਖਰੀਆਂ ਕਹਿਣ ਤੋਂ ਸੰਕੋਚ ਨਹੀਂ ਕੀਤਾ। ਆਮ ਪਰਜਾ ਨੂੰ ਭੀ ਹਲੂਣ ਕੇ ਜਗਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਸਦੀਆਂ ਦੀ ਗੁਲਾਮੀ ਸਹੀ ਹੋਵੇ ਤਾਂ ਮਨੁਖ ਉਸ ਗੁਲਾਮੀ ਨੂੰ ਮਨੋ ਪ੍ਰਵਾਨ ਕਰਕੇ ਆਪਣੀ ‘ਹੋਣੀ’ ਪ੍ਰਵਾਨ ਕਰ ਲੈਂਦਾ ਹੈ। ਉਮਰ ਕੈਦ ਕੱਟ ਰਹੇ ਕੈਦੀਆਂ ਵਿਚੋਂ ਬਹੁਤ ਸਾਰੇ ਜੇਲ੍ਹ ਵਿਚੋਂ ਬਾਹਰ ਆ ਕੇ ਆਮ ਜ਼ਿੰਦਗੀ ਜਿਉਣ ਵਿਚ ਔਖ ਮਹਿਸੂਸ ਕਰਦੇ ਹਨ। ਉਹਨਾਂ ਲਈ ਜੇਲ੍ਹ ਹੀ ‘ਘਰ’ ਬਣ ਜਾਂਦੀ ਹੈ। ਉੱਚੀਆਂ ਦੀਵਾਰਾਂ ਅੰਦਰ ਬੰਦ ਰਹਿਣਾ ਸੁਰੱਖਿਅਤ ਲਗਦਾ ਹੈ। ਅੰਧੇਰਾ ਪੂਜਾ ਲੋਕਾਂ ਨੂੰ ਆਪਣਾ ਪਾਖੰਡ ਜਾਲ ਹੀ ਅਸਲੀ ਧਰਮ ਪ੍ਰਤੀਤ ਹੋਣ ਲਗਦਾ ਹੈ। ਉਹਨਾਂ ਨੂੰ ਅਗਰ ਕੋਈ ਸੁਧਾਰਨ ਦਾ ਜਤਨ ਕਰੇ, ਤਾਂ ਉਹਨਾਂ ਵਲੋਂ ‘ਧਰਮ ਤੇ ਹਮਲਾ’ ਦਾ ਸ਼ੋਰ ਮਚਾਇਆ ਜਾਂਦਾ ਹੈ। ਹਾਕਮ ਧਿਰ ਨੂੰ ਅਗਰ ਕੋਈ ਰੋਕੇ ਟੋਕੇ, ਇਨਸਾਫ ਦੀ ਦੁਹਾਈ ਦੇਵੇ, ਤਾਂ ਰਾਜ ਵਿਰੁਧ ਬਗਾਵਤ ਦੀ ਬੋਅ ਆਵੇਗੀ। ਆਪਣੀ ਐਸ਼ ਪ੍ਰਸਤੀ ਵਿਚ, ਰਾਜਸੀ ਲੋਕ ਤੇ ਪੁਜਾਰੀ ਟੋਲਾ ਕਦੀ ਦਖਲ ਬਰਦਾਸ਼ਤ ਨਹੀਂ ਕਰਦਾ।

ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਥਾਈਂ ਸਖ਼ਤ ਮੁਖਾਲਫ਼ਤ ਕੀਤੀ। ਲੋਕਾਂ ਨੂੰ ਜਾਗ੍ਰਤ ਤੇ ਲਾਮਬੰਦ ਕੀਤਾ। ਪੁਜਾਰੀ ਘਬਰਾਏ, ਹਕੂਮਤ ਪਰੇਸ਼ਾਨ ਹੋਈ। ਇਸ ਟਕਰਾਉ ਕਾਰਨ ਪੁਜਾਰੀਆਂ ਅਤੇ ਰਾਜਸ਼ਕਤੀ ਨੇ, ਗੁਰੂ ਅਰਜੁਣ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਸੇ ਲਈ ਕਿਰਪਾਨ ਹੱਥ ਵਿਚ ਫੜ ਕੇ, ਸਿੱਖ ਸੂਰਮਿਆਂ ਸਮੇਤ ਜੰਗ ਵਿਚ ਉਤਰਨਾ ਪਿਆ। ਨੌਵੇਂ ਦਸਵੇਂ ਪਾਤਿਸਾਹ ਦੇ ਕਾਰਨਾਮੇ ਕਿਸੇ ਤੋਂ ਭੁਲੇ ਨਹੀਂ ਹਨ। ਇਸ ਰਾਜਸੀ ਅਤੇ ਧਾਰਮਕ ਗੱਠਜੋੜ ਵਲੋਂ ਲੋਕਾਂ ਦਾ ਖੂਨ ਡੀਕਾਂ ਲਾ ਕੇ ਪੀਤਾ ਜਾ ਰਿਹਾ ਸੀ। ਸਦੀਆਂ ਦੇ ਸਥਾਪਤ ਗਠਜੋੜ ਨੂੰ ਤੋੜ ਕੇ, ਪੂਰਨ ਆਜ਼ਾਦੀ ਤੇ ਪੂਰਨ ਸਵੈਮਾਣ ਵਾਸਤੇ, ਅਗੋਂ ਸਿੰਘ ਜੋਧੇ ਮੈ ਡਫਦਾਨ ਵਿਚ ਗਰਜਦੇ ਰਹੇ। ਆਪਣੀ ਸਿਆਣਪ, ਸੂਰਮਗਤੀ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ, ਸਿੱਖਾਂ ਨੇ ਆਪਣਾ ਸੁਤੰਤਰ ਰਾਜ ਸਥਾਪਤ ਕਰ ਲਿਆ। ਜਿਥੇ ਸ਼ਾਹ ਮੁਹੰਮਦ ਮੁਤਾਬਕ:

‘‘ਸੁਖੀ ਵਸਣ ਹਿੰਦੂ ਮੁਸਲਮਾਨ ਦੋਵੇਂ, ਅੱਜ ਦੋਵਾਂ ਦੇ ਉਤੇ ਆਫਤ ਆਈ।’’

ਪਹਿਲਾਂ ਮੁਗਲਾਂ ਦੀ ਗੁਲਾਮੀ, ਗਲੋਂ ਲਾਹੁਣ ਲਈ ਅਣਗਿਣਤ, ਕੁਰਬਾਨੀਆਂ ਕੀਤੀਆਂ। ਫਿਰ ਅੰਗ੍ਰਜ਼ਾਂ ਤੋਂ ਆਜ਼ਾਦੀ ਲੈਣ ਵਾਸਤੇ ਮੋਹਰੀ ਹੋ ਕੇ, ਸਿੱਖ ਬਹਾਰਦ ਲੜੇ। ਸੰਨ 1947 ਵਿਚ ਹਿੰਦੱਪਾਕਿ ਨਾਮੀ ਦੋ ਦੇਸ਼ ਤਾਂ ਬਣ ਗਏ, ਪਰ ਸਿੱਖ ਪੂਰੀ ਤਰ੍ਹਾਂ ਲੁਟੇ ਪੁੱਟੇ ਗਏ। ਇਸ ਅਖੌਤੀ ਆਜ਼ਾਦੀ ਵਿਚ ਦਸ ਲੱਖ ਮਨੁਖੀ ਜ਼ਿੰਦਗੀਆਂ ਘੱਟੇ ਰੁਲ ਗਈਆਂ। ਲਗਪਗ ਸੱਠ ਲੱਖ ਲੋਕ ਘਰੋਂ ਬੇ ਘਰ ਹੋ ਗਏ। ਲੱਖਾਂ ਔਰਤਾਂ ਦੀ ਬੇਪਤੀ ਕੀਤੀ ਗਈ। ਖਰਬਾਂ ਦੀ ਜਾਇਦਾਤ ਤਬਾਹ ਹੋ ਗਈ। ਉਜੜੇ ਹਿੰਦੂਆਂ ਨੂੰ ਸਾਂਭਣ ਲਈ ਹਿੰਦੂ ਸਰਕਾਰ ਸੀ। ਉਜੜੇ ਮੋਮਨਾਂ ਨੂੰ ਬਸਾਉਣ ਲਈ, ਮੁਸਲਮਾਨਾਂ ਦਾ ਆਪਣਾ ਦੇਸ ਪਾਕਿਸਤਾਨ ਸੀ। ਸਿੱਖਾਂ ਕੋਲ ਨੀਲਾ ਅੰਬਰ ਸੀ। ਹਉਕੇ ਹੰਝੂ ਤੇ ਪਛਤਾਵਾ ਸੀ। ਉਹਨਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਸੀ ਕਿ ਇਹ ਕੀ ਭਾਣਾ ਵਾਪਰ ਗਿਆ? ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੇ ਗੋਪਾਲ ਸਿੰਘ ਦਰਦੀ ਵਰਗਿਆਂ ਨੇ, ਸਿੱਖਾਂ ਦਾ ਬੇੜਾ ਮੰਝ ਧਾਰ ਵਿਚ ਡੋਬ ਦਿੱਤਾ। ਖੁਦ ‘ਹਿੰਦੂ ਬੇੜੇ’ ਵਿਚ ਸਵਾਰ ਹੋ ਗਏ।

ਸੰਨ 1947 ਤੋਂ ਪਹਿਲਾਂ ਦੇਸ ਨੂੰ ਆਜ਼ਾਦ ਕਰਾਉਣ ਦੇ ਬਹਾਨੇ ਸਿੱਖਾਂ ਵਰਗੀ ‘ਸ਼ੇਰਾਂ ਦੀ ਕੌਮ’ ਨੂੰ ਹੱਲਾਸ਼ੇਰੀ ਦੇ ਕੇ ਅੰਗਰੇਜ਼ਾਂ ਨਾਲ ਲੜਨ ਮਰਨ ਤੇ ਜੇਲ੍ਹਾਂ ਵਿਚ ਸੜਨ ਲਈ, ਉਕਸਾਇਆ ਗਿਆ। ਪਹਿਲਾ ਗੋਰਿਆਂ ਦੀ ਫੌਜ਼ ਵਿਚ ਭਰਤੀ ਹੋ ਕੇ, ਸਿੱਖ ਜਾਨਾਂ ਵਾਰਦੇ ਰਹੇ। ਰਾਜ ਫਿਰੰਗੀ ਦਾ ਮਜਬੂਤ ਹੁੰਦਾ ਰਿਹਾ। ਸਿੱਖਾਂ ਕੋਲ ਅਜਿਹਾ ਲੀਡਰ ਸਾਇਦ ਕੋਈ ਨਹੀਂ ਸੀ, ਜੋ ਇਹ ਸਮਝ ਸਕਦਾ ਕਿ ਇਕ ਵਾਰੀ ਜੇ ਰਾਜ ਚਲਾ ਹੀ ਗਿਆ ਹੈ ਤਾਂ ਦੁਬਾਰਾ ਲਿਆ ਭੀ ਜਾ ਸਕਦਾ ਹੈ। ਜਿੰਨੀਆਂ ਜੰਗਾਂ ਸਿੱਖਾਂ ਨੇ ਅੰਗਰੇਜ਼ਾਂ ਵਾਸਤੇ ਲੜੀਆਂ ਹਨ। ਜਿੰਨੇ ਸਿਪਾਹੀ ਇਨ੍ਹਾਂ ਲੜਾਈਆਂ ਵਿਚ ਮਰੇ - ਜੇ ਕੋਈ ਨੀਤੀਵਾਨ ਹੁੰਦਾ ਤਾਂ ਇਸ ਤੋਂ ਘਟ ਜਾਨੀ ਮਾਲੀ ਨੁਕਸਾਨ ਨਾਲ, ਆਪਣੇ ਵਾਸਤੇ ਕੁਝ ਪ੍ਰਾਪਤ ਕੀਤਾ ਜਾ ਸਕਦਾ ਸੀ। ‘ਮਰੇ ਸਿੱਖ, ਝੰਡਾ ਉਚਾ ਹੋਵੇ ਯੂਨੀਅਨ ਜੈੱਕ’।

ਆਜ਼ਾਦ ਹਿੰਦ ਫੌਜ਼ ਅਸਲ ਵਿਚ ਜਨਰਲ ਮੋਹਣ ਸਿੰਘ ਨੇ ਖੜੀ ਕੀਤੀ ਸੀ। ਕਾਫੀ ਸਮੇਂ ਮਗਰੋਂ ਸੁਭਾਸ਼ ਚੰਦਰ ਬੋਸ ਇਹਨਾਂ ਨਾਲ ਆ ਕੇ ਰਲਿਆ ਸੀ। ਇਸ ਬਾਗੀ ਫੌਜ਼ ਵਿਚ ਸਭ ਤੋਂ ਜ਼ਿਆਦਾ ਗਿਣਤੀ ਸਿੱਖਾਂ ਦੀ ਸੀ। ਜਨਰਲ ਮੋਹਣ ਸਿੰਘ ਕਿਉਂਕਿ ਰਾਜਸੀ ਪਿਛੋਕੜ ਵਾਲਾ ਨਹੀਂ ਸੀ। ਅਜਿਹੇ ਵੱਡੇ ਅੰਦੋਲਣ ਵਾਸਤੇ ਰਾਜਸੀ ਪਿਛੋਕੜ ਹੋਣਾ ਭੀ ਜ਼ਰੂਰੀ ਹੁੰਦਾ ਹੈ, ਤਾਂ ਕਿ ਫੌਜ਼ ਤੋਂ ਬਿਨਾਂ ਬਾਹਰ ਦੇ ਲੋਕਾਂ ਦਾ ਸਮਰਥਨ ਪ੍ਰਾਪਤ ਕੀਤਾ ਜਾ ਸਕੇ।

ਇਸ ਤੋਂ ਬਿਨਾਂ ਸਿੱਖਾਂ ਨੇ ਭਾਈ ਮਹਾਰਾਜ ਸਿੰਘ (ਸ਼ਹੀਦੀ 5 ਜੁਲਾਈ 1856) ਸਿੰਘਾਪੁਰ) ਦੀ ਕਮਾਨ ਹੇਠ ਬਗਾਵਤਾਂ ਕੀਤੀਆਂ ਜਾਨੀ ਮਾਲੀ ਨੁਕਸਾਨ ਉਠਾਇਆ। ਇਸ ਤੋਂ ਮਗਰੋਂ ਭਾਈ ਰਾਮ ਸਿੰਘ ਨਾਮਧਾਰੀ (1816-1885) ਨੇ ਸ਼ਾਂਤਮਈ ਅੰਦੋਲਣ ਵਿੱਢਿਆ, ਨਾ-ਮਿਲਵਰਤਨ ਲਹਿਰ ਚਲਾਈ। ਫਿਰ ਅਮਰੀਕਾ ਤੋਂ ਗਦਰ ਲਹਿਰ ਉਠੀ। ਕਾਮਾਗਾਟਾ ਮਾਰੂ (1914) ਘਟਨਾ ਵਿਚ ਭੀ ਸ਼ਹੀਦ ਹੋਣ ਵਾਲੇ, ਬਹੁਤ ਸਿੰਖ ਸਨ। ਇਹਨਾਂ ਦੇ ਪਦ ਚਿੰਨਾਂ ਤੇ ਚਲਣ ਵਾਲੇ ਗਰਮ ਵਿਚਾਰਾਂ ਵਾਲੇ, ਅਗੋਂ ਬੱਬਰ ਆਕਾਲੀ, ਸੂਰਮਗਤੀ ਦੀਆਂ ਸਿਖਰਾਂ ਛੋਹਦੇ ਰਹੇ। ਵਿਅਕਤੀਗਤ ਤੌਰ ਤੇ ਅਤੇ ਆਬਾਦੀ ਦੇ ਅਨੁਪਾਤ ਨਾਲੋਂ ਕਿਤੇ ਵੱਧ, (ਲਗਪਗ 80) ਕੁਰਬਾਨੀਆਂ ਕੀਤੀਆਂ। ਇਸੇ ਕਾਰਨ ਸ੍ਰੀ ਗਾਂਧੀ, ਨਹਿਰੂ ਪਟੇਲ ਅਤੇ ਹੋਰ ਸਾਰੇ ਹਿੰਦੂ ਲੀਡਰ ਸਿੱਖਾਂ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਰਹੇ। ਅਖੇ, ‘‘ਬਦੇਸ਼ੀ ਹਮਲਾਵਰਾਂ ਕੋਲੋਂ ਭੀ ਤੁਹਾਡੇ ਵਡੇਰਿਆਂ ਨੇ ਆਜ਼ਾਦੀ ਲਈ ਸੀ। ਹੁਣ ਭੀ ਤੁਹਥੋਂ ਬਿਨਾਂ ਕੋਈ ਭਾਰਤ ਦੇਸ ਆਜ਼ਾਦ ਨਹੀਂ ਕਰਵਾ ਸਕਦਾ। ’ਸਿੱਖਾਂ ਲਈ ਉੱਤਰੀ ਭਾਰਤ (ਪੰਜਾਬ) ਵਿਚ ਇਕ ਖੁਦਮੁਖਤਿਆਰ ਖਿੱਤਾ (ਅਸਲ ਵਿਚ ਦੇਸ਼) ਰਾਖਵਾਂ ਕਰ ਦਿੱਤਾ ਜਾਵੇਗਾ। ਜਿੱਥੇ ਸਿੱਖ ਭੀ ਆਜਾਦੀ ਦਾ ਨਿੱਘਾ ਮਾਣ ਸਕਣ।’’ ਜਦੋਂ ਦੇਸ ਆਜ਼ਾਦ ਹੋ ਗਿਆ, ਸਿੱਖਾਂ ਨੇ ਵਾਇਦੇ ਯਾਦ ਕਰਵਾਏ, ਤਾਂ ਸਿੱਖਾਂ ਨੂੰ ਠੁੱਠ ਵਿਖਾ ਦਿੱਤਾ।

ਜਿੱਥੇ ਸਿੱਖਾਂ ਦਾ ਉਜਾੜਾ ਨਹੀਂ ਹੋਇਆ ਸੀ। ਸਿੱਖ ਆਬਾਦੀ ਭੀ ਕਾਫੀ ਸੀ। ਇਹ ਸੀ ਇਕ ਖਿੱਤਾ ‘ਪੈਪਸੂ’ ਨਾਮ ਵਾਲਾ। ਜਿਸ ਵਿਚ ਅੱਠ ਰਾਜਿਆਂ ਦੇ ਰਾਜ ਸਾਮਲ ਕਰਕੇ, ਇਕ ਸੂਬਾ (ਸਟੇਟ) ਬਣਾ ਦਿੱਤਾ ਗਿਆ। ਕਿਉਂਕਿ ਅੱਠਾਂ ਵਿਚੋਂ ਛੇ ਰਾਜ ਪ੍ਰਮੁੱਖ ਸਿੱਖ ਸਨ। ਇਸ ਲਈ ਭਾਰਤ ਸਰਕਾਰ ਨੇ ਬੜੀ ਬਦਨੀਤੀ ਨਾਲ ਇਸ ਨੂੰ ਤੋੜ ਕੇ (1956) ਪੰਜਾਬ ਵਿਚ ਮਿਲਾ ਦਿੱਤਾ ਗਿਆ। ਅਸਲ ਵਿਚ ਇਥੋਂ ਹੀ ਸਿੱਖਾਂ ਨੂੰ ਥੋੜਾ ਜਿਹਾ ਅਹਿਸਾਸ ਹੋਇਆ ਕਿ ਭਾਰਤ ਸਰਕਾਰ ਸਾਡੇ ਨਾਲ ਧਰੋਹ ਕਮਾ ਰਹੀ ਹੈ। ਵੋਟਾਂ ਨਾਲ ਭੀ ਸਿੱਖ ਰਾਜ ਕਰਨ ਜੋਗੇ ਨਹੀਂ ਰਹੇ। ਕਾਨੂੰਨ ਮੁਤਾਬਕ, ਬੋਲੀ ਤੇ ਆਧਾਰਤ ਸਟੇਟ ਬਣਾਉਣੀ ਜਾਇਜ ਹੈ। ਫਿਰ ਕਿਉਂ ਨਾ ਸਿੱਖ ਭੀ ਪੰਜਾਬੀ ਬੋਲੀ ਨੂੰ ਮੁੱਖ ਰੱਖਕੇ ‘ਪੰਜਾਬੀ ਸੂਬੇ’ ਦੀ ਮੰਗ ਕਰਨ? ਪਰ ਸਿੱਖਾਂ ਨੂੰ ‘ਪੰਜਾਬੀ ਸੂਬੇ’ ਵਾਸਤੇ ਲੰਮਾਂ ਸੰਘਰਸ਼ ਲੜਨਾ ਪਿਆ। ਇਸ ਜਾਇਜ ਮੰਗ ਨੂੰ ਮਨਵਾਉਣ ਵਾਸਤੇ (1950 ਤੋਂ 1966) ਤਕ ਸਿੱਖਾਂ ਨੂੰ ਸੈਂਕੜੇ ਵਾਰੀ ਮੋਰਚੇ ਲਾਉਣੇ ਪਏ। ਮੁਕੱਦਮਿਆਂ ਵਿਚ ਉਲਝ ਕੇ, ਨੁਕਸਾਨ ਉਠਾਉਣਾ ਪਿਆ। ਕਈ ਦਰਜਨ ਸਿੱਖ ਮਾਰ ਦਿੱਤੇ ਗਏ। ਅਣਗਿਣਤ ਜ਼ਖ਼ਮੀ ਹੋ ਗਏ। ਸੂਬਾ ਪ੍ਰਾਪਤੀ ਵਾਸਤੇ ਕਰੀਬਨ, ਸੱਠ ਹਜਾਰ ਸਿੱਖਾਂ ਨੂੰ ਘੱਟ ਜਾਂ ਵੱਧ ਸਮੇਂ ਲਈ ਜੇਲ੍ਹਾਂ ਵਿਚ ਨਰਕ ਭੋਗਣਾ ਪਿਆ। ਪੰਜਾਬ ਦੇ ਨਮਕ ਹਰਾਮ ਹਿੰਦੂਆਂ ਨੇ ਪੰਜਾਬੀ ਸੂਬੇ ਦੀ ਡਟਕੇ ਵਿਰੋਧਤਾ ਕੀਤੀ ਹੈ।

ਪੰਜਾਬ ਦੇ ਪਟਿਆਲਾ ਸ਼ਹਿਰ ਵਿਚ (24 ਅਪ੍ਰੈਲ 1962) ਪੰਜਾਬੀ ਯੂਨੀਵਰਸਿਟੀ ਬਣਾਈ ਗਈ, ਤਾਂ ਭੀ ਇਸਦਾ ਮਹਾਸ਼ਾ ਗਰੁਪ (ਹਿੰਦੂ ਕੱਟੜ ਲਾਬੀ) ਨੇ ਡਟਵਾਂ ਵਿਰੋਧ ਕੀਤਾ। ਅੰਮ੍ਰਿਤਸਰ ਵਿਖੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇਕ ਯੂਨੀਵਰਸਿਟੀ ਬਣਾਈ। ਤਦੋਂ ਭੀ ਕੱਟੜ ਹਿੰਦੂ ਲਾਬੀ ਨੇ ਇਸ ਦਾ ਵਿਰੋਧ ਕੀਤਾ। ਭਾਵੇਂ ਇਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾ ਦਿੱਤਾ ਗਿਆ। ਪਰ ਹਿੱਕ ਦੇ ਤਾਣ ਸਾਰੇ ਅਸੂਲਾਂ ਦੇ ਉਲਟ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, (ਸੈਕਟਰੀਏਟ ਤੇ ਹਾਈ ਕੋਰਟ) ਕੇਂਦਰ ਸਰਕਾਰ ਨੇ ਆਪਣੇ ਅਧੀਨ ਰੱਖ ਲਏ। ਭਾਖੜਾ ਡੈਮ ਦੇ ਪਾਣੀ ਦੀ ਵੰਡ ਵਾਲਾ ਵਿਭਾਗ ਭੀ, ਪੰਜਾਬ ਤੋਂ ਖੋਹ ਲਿਆ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ, ਪੰਜਾਬ ਵਿਚੋਂ ਬਾਹਰ ਰੱਖ ਲਏ ਗਏ। ਜੰਮੂ-ਕਸ਼ਮੀਰ, ਹਿਮਾਚਲ, ਦਿੱਲੀ, ਹਰਿਆਣਾ ਤੇ ਰਾਜਸਥਾਨ ਵਿਚੋਂ, ਪੰਜਾਬੀ ਦਾ ਖਾਤਮਾ ਕਰਨ ਦੀ ਮੁਹਿੰਮ ਚਲਾਈ ਗਈ। ਪੰਜਾਬ ਵਿਚ ਹਿੰਦੂਆਂ ਵਲੋਂ ਚਲਾਏ ਜਾ ਰਹੇ ਸਕੂਲਾਂ ਕਾਲਜਾਂ ਵਿਚ, ਪਹਿਲੀ ਕਲਾਸ ਤੋਂ ਹਿੰਦੀ ਪੜਾਈ ਜਾਂਦੀ ਹੈ ਉਹਨਾਂ ਨੇ ਪੰਜਾਬੀ ਨਾਲੋਂ ਨਾਤਾ ਤੋੜ ਲਿਆ ਹੈ। ਹੋਰ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਿਚ, ਮੁੱਢ ਤੋਂ ਅੰਗ੍ਰੇਜੀ ਪੜਾਈ ਜਾਂਦੀ ਹੈ, ਪੰਜਾਬੀ ਨੂੰ ਅਲਵਿਦਾ।

ਇਕ ਵਾਰੀ ਬਹੁਤ ਹੀ ਨਾਮੀ ਕਵੀ ਇਕਬਾਲ ਨੇ ਸ਼ਿਅਰ ਲਿਖਿਆ ਸੀ :

ਸਾਰੇ ਜਹਾ ਸੇ ਅੱਛਾ ਹਿੰਦੋਸਤਾਂ ਹਮਾਰਾ।
ਹਮ ਬੁਲਬੁਲੇਂ ਹੈ ਇਸਕੀ, ਯੇਹ ਗੁਲਿਸਤਾਂ ਹਮਾਰਾ।

ਇਤਨੀ ਪ੍ਰਸ਼ੰਸਾ ਤੋਂ ਬਾਦ ਇਕਬਾਲ ਨੂੰ ਤਲਖ ਤਜਰਬੇ ਬਹੁਤ ਹੋਏ। ਮੁਸਲਮਾਨ ਭਰਾਵਾਂ ਤੇ ਬਹੁਗਿਣਤੀ ਹਿੰਦੂਆਂ ਵਲੋਂ, ਜ਼ੁਲਮ ਹੋਣ ਲਗ ਪਏ। ਹਿੰਦੂ ਰਾਜਸੀ ਲੀਡਰ, ਕਮੀਣੀਆਂ ਚਾਲਾ ਚੱਲਣ ਲੱਗ ਪਏ। ਬੜੇ ਦੁਖੀ ਮਨ ਨਾਲ ਇਕਬਾਲ ਨੂੰ ਇਉਂ ਲਿਖਣ ਲਈ ਮਜਬੂਰ ਹੋਣਾ ਪੈ ਗਿਆ :

ਮੁੱਦਤੇਂ ਗੁਜਰੀ ਇਤਨੀ, ਰੰਜੋ ਗਮ ਸਹਿਤੇ ਹੁਏ।
ਅਬ ਤੋਂ ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਤੇ ਹੂਏ।

ਇਸੇ ਵਿਆਕੁਲਤਾ ਵਿਚ ਸਿੱਖ ਪੰਥ ਦਿਨ ਕਟੀ ਕਰਨ ਲਈ ਮਜਬੂਰ ਹੈ। ਜਦੋਂ 26 ਜਨਵਰੀ ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ ਭਾਵੇਂ ਇਸ ਦੇ ਮਸੌਦੇ ਉਤੇ, ਸਿੱਖ ਲੀਡਰਾਂ ਨੇ ਰੋਸ ਵਜੋਂ ਦਸਤਖਤ ਨਾਂ ਕੀਤੇ। ਕਿਉਂਕਿ ਇਹ ਸੰਵਿਧਾਨ ਧਾਰਾ 25 ਮੁਤਾਬਕ, ਸਿੱਖ ਕੌਮ ਨੂੰ ਹਿੰਦੂ ਗਰਦਾਨਦਾ ਹੈ। ਪਰ ਇਸ ਵੱਡੇ ਨਗਾਰਖਾਨੇ ਵਿਚ, ਤੂਤੀ ਦੀ ਆਵਾਜ ਕੀਹਨੂੰ ਸੁਣਦੀ ਹੈ? ਸੋ ਸਿੱਖਾਂ ਵਲੋਂ ਦਸਖਤ ਨਾਂ ਕਰਨਾ ਹੁਣ ਕੋਈ ਮਾਹਿਨੇ ਨਹੀਂ ਰਖਦਾ ਸੀ। ਕਿਉਂਕਿ ਹੁਣ ਤਾਕਤ ਦਾ ਤਰਾਜੂ ਹਿੰਦੂਆਂ ਦੇ ਹੱਥ ਆ ਚੁਕਿਆ ਸੀ। ਸਿੱਖ ਵਕਤ ਖੁੰਝਾ ਚੁਕੇ ਸਨ।

ਪੰਜਾਬ ਵਿਚ ਸੰਵਿਧਾਨਕ ਤਰੀਕੇ ਚੁਣਕੇ ਬਣੀਆਂ ਸਰਕਾਰਾਂ ਬਿਨਾਂ ਠੋਸ ਕਾਰਨਾਂ ਦੇ 356 ਨੰਬਰ ਕਾਨੂੰਨੀ ਧਾਰਾ ਦੀ ਦੁਰਵਰਤੋਂ ਕਰਦਿਆਂ ਤੋੜ ਦਿੱਤੀਆਂ ਜਾਂਦੀਆਂ ਰਹੀਆਂ। ਵੱਡੇ ਪੈਮਾਨੇ ਤੇ ਦਲ ਬਦਲੀਆਂ ਨੂੰ ਉਤਸ਼ਾਹਤ ਕੀਤਾ ਗਿਆ। ਸਿੱਖਾਂ ਅੰਦਰ ਗੁੱਸਾ ਵਧਦਾ ਗਿਆ। ਮੰਗਾਂ ਦੀ ਪ੍ਰਾਪਤੀ ਲਈ ਮੋਰਚੇ ਲਗਦੇ ਰਹੇ। ਸਰਕਾਰ ਹੋਰ ਸਖਤੀਆਂ ਵਰਤਦੀ ਰਹੀ। ਸੰਨ 1975 ਜੂਨ ਵਿਚ ਅੰਦਰੂਨੀ ਐਮਰਜੰਸੀ ਲਾ ਦਿੱਤੀ ਗਈ। ਸਾਰੇ ਨਾਗਰਿਕ ਅਧਿਕਾਰ ਖੋਹ ਲਏ ਗਏ। ਸਿਰ ਕੱਢਵੇ ਸਾਰੇ ਹਿੰਦੂ ਨੇਤਾ ਗ੍ਰਿਫਤਾਰ ਕਰਕੇ

ਜੇਲ੍ਹਾਂ ਵਿਚ ਤਾੜ ਦਿੱਤੇ ਗਏ। ਇਹਨਾਂ ਦਿਨਾਂ ਵਿਚ, ਇੰਦਰਾ ਗਾਂਧੀ ਸਿੱਖਾਂ ਨਾਲ ਸਮਝੌਤਾ ਕਰਨ ਦੇ ਰੌ ਵਿਚ ਸੀ। ਅਨੰਦਪੁਰ ਦੇ ਮਤੇ ਦੀਆਂ ਮੰਗਾਂ ਦੇ ਨੇੜੇ ਤੇੜੇ, ਉਹ ਸਿੱਖਾਂ ਨੂੰ ਸਭ ਕੁਝ ਦੇਣ ਲਈ ਤਿਆਰ ਸੀ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਗੁਰਚਰਨ ਸਿੰਘ ਟੋਹੜਾ ਨੇ ਤਾਂ ਕੇਂਦਰ ਸਰਕਾਰ ਨਾਲ ਪੰਥ ਨੂੰ ਡੋਬਣ ਦਾ ਸਮਝੌਤਾ ਕੀਤਾ ਹੋਇਆ ਸੁਣੀਦਾ ਸੀ। ਇਹਨਾਂ ਨੇ ਗਲਬਾਤ ਰਾਹੀਂ ਕੁਝ ਲੈਣ ਦੀ ਥਾਵੇਂ,

ਜੇਲ੍ਹ ਭਰੋ ਅੰਦੋਲਣ ਸ਼ੁਰੂ ਕਰਵਾ ਦਿੱਤਾ। ਉਨੀ ਮਹੀਨੇ ਇਹ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਸਿੱਖਾਂ ਨੂੰ ਮਾਰ ਬੜੀ ਪਈ। ਸੰਨ 1977 ਵਿਚ ਅਕਾਲੀ ਸਰਕਾਰ ਪੰਜਬ ਵਿਚ ਬਣ ਜਾਣ ਦੇ ਬਾਵਜੂਦ, ਸਿੱਖਾਂ ਨੂੰ ਕੁਝ ਨਹੀਂ ਮਿਲਿਆ। ਹਾਂ, ਲੀਡਰਾਂ ਨੇ ਜ਼ਰੂਰ ਤਿਜੋਰੀਆਂ ਭਰ ਲਈਆਂ। ਕੇਂਦਰ ਦੀ ਸ਼ਹਿ ਅਤੇ ਸ੍ਰੀ ਬਾਦਲ ਦੀ ਖਾਮੋਸ਼ ਸਹਿਮਤੀ ਨਾਲ, ਨਿੰਰਕਾਰੀ ਟੋਲੇ ਨੂੰ ਉਭਾਰਿਆ ਗਿਆ। ਸਿੱਖਾਂ ਦੇ ਕੇਂਦਰੀ ਧਰਮ ਅਸਥਾਨ, ਅੰਮ੍ਰਿਤਸਰ ਵਿਖੇ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਨੇ ਵੱਡਾ ਸਮਾਗਮ ਕੀਤਾ। ਗੁਰੂ ਸਹਿਬਾਨਾ ਅਤੇ ਸਿੱਖ ਪ੍ਰੰਪਰਾਵਾਂ ਦਾ ਅਪਮਾਨ ਬ੍ਰਦਾਸਤ ਨਾ ਕਰਦੇ ਹੋਏ, ਭਾਈ ਫੌਜਾ ਸਿੰਘ ਦੀ ਅਗਵਾਈ ਵਿਚ, ਸਿੱਖਾਂ ਦੇ ਸ਼ਾਂਤਮਈ ਸਮੂੰਹ ਨੇ ਨਿਰੰਕਾਰੀਆਂ ਦਾ ਵਿਰੋਧ ਕੀਤਾ। ਅਗੋਂ ਨਿਰੰਕਾਰੀਆਂ ਦੇ ਹਥਿਆਰਬੰਦ ਬੁਰਛਿਆਂ ਨੇ, ਅੰਧਾਧੁੰਦ ਗੋਲੀਆਂ ਚਲਾ ਕੇ, 13 ਸਿੱਖਾਂ ਤੇ ਚਾਰ ਆਮ ਨਾਗਰਿਕਾਂ ਨੂੰ ਮਾਰ ਮੁਕਾਇਆ। ਸੱਤਰ ਸਿੱਖ ਜਖਮੀ ਹੋ ਗਏ। ਉਸ ਦਿਨ ਸ੍ਰੀ ਪ੍ਰਕਾਸ਼ ਸਿੰਘ ਬਾਦਲ (ਬਕੌਲ ਦਲਬੀਰ ਸਿੰਘ ਪੱਤਰਕਾਰ ‘ਨੇੜਿਓਂ ਡਿਠੇ ...’) ਅੰਮ੍ਰਿਤਸਰ ਵਿਚ ਮੌਜ਼ੂਦ ਸੀ। ਇਹਨਾਂ ਵਲੋਂ ਸਰਕਾਰੀ ਗੱਡੀਆਂ ਵਿਚ ਨਿਰੰਕਾਰੀ ਟੋਲੇ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ। ਸਿੱਖ ਰੋਹ ਪੂਰੀ ਤਰ੍ਹਾਂ ਵਿਸਫੋਟ ਦੀ ਅਵਸਥਾ ਵਿਚ ਪੁੱਜ ਚੁਕਿਆ ਸੀ। ਪੰਥਕ ਵਿਦਵਾਨਾ ਦੀ ਸਹਿਮਤੀ ਨਾਲ 10 ਜੂਨ 1978 ਨੂੰ ਤੋੜ ਵਿਛੋੜੇ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਇਸ ਨੂੰ ਲਾਗੂ ਕਰਵਾਉਣ ਦਾ ਅਹਿਦ, ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸਾਥੀਆਂ ਨੇ ਲੈ ਲਿਆ। ਟਕਰਾਉ ਵਧਦਾ ਗਿਆ, ਕਤਲ ਹੁੰਦੇ ਰਹੇ। ਸਰਕਾਰ ਤਮਾਸ਼ਾ ਵੇਖਦੀ ਰਹੀ। ਜਲੰਧਰ ਵਾਲੇ ਮਹਾਸ਼ਿਆਂ ਦੇ ਅਖਬਾਰ, ਸਿੱਖਾਂ ਵਿਰੁਧ ਧੂੰਆਂਧਾਰ ਪ੍ਰਚਾਰ ਕਰਦੇ ਰਹੇ। ਭਾਰਤ ਸਰਕਾਰ ਬਲਦੀ ਤੇ ਤੇਲ ਪਾਉਂਦੀ ਰਹੀ।

ਸਿੱਖ ਆਗੂਆਂ ਨੇ ਕਦੀ ਅਨੰਦਪੁਰ ਦਾ ਮਤਾ ਪਾਸ ਕੀਤਾ। ਕਦੀ ਸਰਕਾਰ ਨੂੰ ਪੰਜਾਬ (ਖਾਸ ਕਰ ਸਿੱਖਾਂ ਨਾਲ ਸੰਬੰਧਤ) ਦੀਆਂ ਚਾਲੀ ਮੰਗਾਂ ਦਾ ਚਾਰਟਰ ਪੇਸ਼ ਕੀਤਾ ਤੇ ਕਦੀ ਸੁੰਗੜ ਕੇ, ਉਹ ਮੰਗਾਂ ਪੰਦਰਾਂ ਰਹਿ ਗਈਆਂ। ਫਿਰ ਬਾਰਾਂ ਤਕ ਘਟ ਗਈਆਂ। ਕੇਂਦਰ ਸਰਕਾਰ ਨੇ ਸੁਣਵਾਈ ਕੋਈ ਨਾ ਕੀਤੀ। ਘਿਰਾਉ ਹੜਤਾਲਾਂ, ਜਲੂਸ, ਮੁਜਾਹਰੇ, ਲਾਠੀ ਚਾਰਜ ਹੁੰਦੇ

ਰਹੇ, ਬੇਚੈਨੀ ਵਧਦੀ ਰਹੀ। ਨਿਰੰਕਾਰੀ ਕਾਂਡ ਤੋਂ ਬਾਦ ਭਾਈ ਜਰਨੈਲ ਸਿੰਘ ਨੇ ਸਿੱਖਾਂ ਦੇ ਗੁੱਸੇ ਦੀ ਤਰਜਮਾਨੀ ਸ਼ੁਰੂ ਕਰ ਦਿੱਤੀ। ਅਕਾਲੀਆਂ ਦੀ ਢਿੱਲ ਮੱਠ ਦੀ ਨੀਤੀ ਤੋਂ ਲੋਕੀ ਤੰਗ ਆ ਚੁਕੇ ਸਨ। ਇਸ ਲਈ ਨੌਜ਼ੁਆਨ ਤਬਕਾ, ਭਾਈ ਜਰਨੈਲ ਸਿੰਘ ਦੁਆਲੇ ਜੁੜਨਾ ਸ਼ੁਰੂ ਹੋ ਗਿਆ। ਇਸ ਸਮੇਂ ਦੌਰਾਨ, ਪੰਜਾਬ ਵਿਚਲੇ ਕਈ ਨਿਰੰਕਾਰੀਆਂ ਨੂੰ, ਅਣਪਛਾਤੇ ਸਿੱਖ ਖਾੜਕੂਆਂ ਨੇ ਮਾਰ ਦਿੱਤਾ। ਬਦਲੇ ਵਿਚ ਪੁਲਿਸ ਫੋਰਸਾਂ ਵਲੋਂ ਸਿੱਖ ਨੌਜੁਆਨਾਂ ਨੂੰ ਫੜਿਆ ਜਾਂ ਮਾਰਿਆ ਜਾਣ ਲੱਗਾ। ਗੁੱਸਾ ਵਧਦਾ ਗਿਆ, ਵਿੱਥਾਂ ਪੈਂਦੀਆਂ ਗਈਆਂ।

ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣੇ ਨੂੰ ਦੇਣ ਵਾਸਤੇ ਇਕ ਨਵੀਂ ਸੱਪਣੀ (ਅਪ੍ਰੈਲ 1982) ਸਤਲੁਜ-ਯਮੁਨਾ ਲਿੰਕ ਨਹਿਰ ਦਾ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ। ਇਥੋਂ ਹੀ ਅਕਾਲੀਆਂ ਨੇ ਫਿਰ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਪੰਜਾਬ ਦਾ ਪਾਣੀ ਖੋਹਣ ਦਾ ਸਿੱਧਾ ਸਾਫ ਮਤਲਬ ਹੈ, ਪੰਜਾਬ ਦੀ ਤਬਾਹੀ। ਅਕਾਲੀ ਦਲ ਨੇ ਕਦੀ ਨਹਿਰ ਰੋਕੋ, ਕਦੀ ਸੜਕਾਂ ਰੋਕੋ, ਤੇ ਕਦੀ ਰੇਲਾਂ ਰੋਕੀਆਂ - ਬਹੁਤ ਸ਼ਾਂਤਮਈ ਰੋਸ ਪ੍ਰਗਟ ਕੀਤੇ। ਅਫਸੋਸ ਕਿ ਭਾਰਤ ਸਰਕਾਰ ਦੇ ਮਨ ਅੰਦਰ ਇਨਸਾਨੀਅਤ ਦਾ ਕਿਣਕਾ ਮਾਤਰ ਭੀ ਜਜਬਾ ਪੈਦਾ ਨਾ ਹੋਇਆ। ਸਗੋਂ ਬਾਰ-ਬਾਰ ਸਿੱਖ ਅੰਦੋਲਣਕਾਰੀਆਂ ਨੂੰ ਤਸ਼ੱਦਦ ਸਹਿਣਾ ਪੈ ਰਿਹਾ ਸੀ। ਪੁਲਿਸ ਦੀਆਂ ਲਾਠੀਆਂ-ਗੋਲੀਆਂ ਬੇਰੋਕ, ਸਿੱਖਾਂ ਤੇ ਵਰ੍ਹਾਂਈਆਂ ਜਾ ਰਹੀਆਂ ਸਨ। ਪੁਲਿਸ ਦੀ ਮਾਰ ਤੋਂ ਬਚਣ ਲਈ, ਬਹੁਤ ਸਾਰੇ ਲੀਡਰਾਂ ਅਤੇ ਵਰਕਰਾਂ ਨੇ ਦਰਬਾਰ ਸਾਹਿਬ ਵਿਚ ਪਨਾਹ ਲੈ ਲਈ। ਹਾਲਾਤ ਵਿਸਫੋਟਕ ਬਣਦੇ ਚਲੇ ਗਏ।

ਸ਼ਾਇਦ ਕੁਦਰਤ ਨੂੰ ਇਸੇ ਤਰ੍ਹਾਂ ਪਰਵਾਨ ਹੋਵੇ। ਸੰਨ 1705 ਵਿਚ ਅਨੰਦਪੁਰ ਉਜੜ ਗਿਆ। ਬੇਅੰਤ ਸਿੱਖ ਸ਼ਹੀਦ ਹੋ ਗਏ। ਅੱਗੇ ਥੋੜੇ ਹੀ ਸਮੇਂ ਅੰਦਰ, ਚਮਕੌਰ ਦੀ ਗੜੀ ਤੇ ਮੁਕਤਸਰ ਦੇ ਅਸਥਾਨ ਤੇ ਵਾਪਰੇ ਖੂਨੀ ਕਾਂਡ ਜੇ ਸਾਰੇ ਮਿਲਾ ਲਈਏੇ, ਤਾਂ ਇਹ ਬਹੁਤ ਵੱਡਾ ਘੱਲੂਘਾਰਾ ਸਿੱਧ ਹੁੰਦਾ ਹੈ। ਬੰਦਾ ਸਿੰਘ ਦੀ ਸਾਥੀਆਂ ਸਮੇਤ ਸ਼ਹੀਦੀ ਹੋਈ ਅਤੇ ਉਸ ਤੋਂ ਮਗਰੋਂ ਭੀ ਸਿੱਖਾਂ ਤੇ ਜ਼ੁਮਲ ਹੋਏ। ਫਿਰ ਮਿਸਲਾਂ ਦੇ ਸਮੇਂ 1745 ਵਿਚ ਛੋਟਾ ਘੱਲੂਘਾਰਾ ਵਾਪਰਿਆ। ਜਿਸ ਵਿਚ ਅੰਦਾਜਨ ਬਾਰਾਂ ਹਜਾਰ ਸਿੱਖ ਬਹਾਦਰ ਮਾਰੇ ਗਏ। ਉਸ ਤੋਂ ਅਗਲਾ ਘੱਲੂਘਾਰਾ ਫਰਵਰੀ ਮਹੀਨੇ 1762 ਨੂੰ ਕੁੱਪ ਰੋਹੀੜਾ ਪਿੰਡ (ਜੋ ਮਲੇਰਕੋਟਲੇ ਦੇ ਨੇੜੇ ਹੈ) ਵਿਖੇ ਵਾਪਰਿਆ। ਲਗਪਗ ਤੀਹ ਹਜਾਰ ਸਿੱਖ ਬੱਚੇ, ਬੀਬੀਆਂ, ਬਜੁਰਗ ਤੇ ਨੌਜੁਆਨ ਸ਼ਹੀਦ ਹੋ ਗਏ। ਇਸ ਕਤਲਾਮ ਨੂੰ ਵੱਡਾ ਘੱਲੂਘਾਰਾ ਕਰਕੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਕਾਇਮ ਕੀਤਾ ਸਿੱਖ ਰਾਜ ਜਦੋਂ ਖਤਮ ਹੋ ਗਿਆ। ਦਸੰਬਰ 1845 ਨੂੰ ਸੂਰਮਗਤੀ ਨਾਲ ਲੜਦੇ ਹੋਏ ਭੀ ਸਿੱਖ, ਹਿੰਦੂ ਜਰਨੈਲਾਂ ਦੀਆਂ ਗਦਾਰੀਆਂ, ਕਾਰਨ ਹਾਰ ਗਏ। ਇਹ ਭੀ ਬੜਾ ਵੱਡਾ ਕਹਿਰ ਸੀ ਸਿੱਖਾਂ ਤੇ। 1850 ਤੋਂ ਮਗਰੋਂ ਜਦੋਂ ਮਰਦਮ ਸ਼ੁਮਾਰੀ ਹੋਈ, ਤਾਂ ਰੌਂਗਟੇ ਖੜੇ ਕਰਨ ਵਾਲੇ ਸਿੱਟੇ ਸਾਹਮਣੇ ਆਏ। ਰਾਜ}ਪਾਟ ਵਕਤ ਪੰਜਾਬ ਵਿਚ ਸਿੱਖਾਂ ਦੀ ਆਬਾਦੀ, ਲਗਪਗ ਅੱਸੀ ਲੱਖ ਸੀ। ਰਾਜ ਖੁੱਸ ਜਾਣ ਦੇ ਵੀਹ ਸਾਲ ਅੰਦਰ, ਇਹ ਆਬਾਦੀ ਘਟ ਕੇ, ਵੀਹ ਲੱਖ ਤੋਂ ਹੇਠਾਂ ਆ ਗਈ। ਉਪਰੰਤ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਆਜਾਦੀ ਮਿਲੀ ਉਸ ਵਕਤ ਫਿਰ ਸਿੱਖਾਂ ਨੇ ਕਹਿਰ ਝੱਲਿਆ। ਪੰਜ ਲੱਖ ਦੇ ਨੇੜੇ ਸਿੱਖ ਮਾਰ ਦਿੱਤੇ ਗਏ। ਪੱਚੀ ਲੱਖ ਸਿੱਖਾਂ ਨੂੰ ਸਭ ਕੁਝ ਗਵਾ ਕੇ ਉਜੜਨਾ ਪਿਆ। ਇਹ ਕੋਈ ਛੋਟਾ ਘੱਲੂਘਾਰਾ ਨਹੀਂ ਸੀ।

ਆਜਾਦ ਭਾਰਤ ਵਿਚ ਗੁਲਾਮੀ ਵਾਲਾ ਜੀਵਨ ਬਿਤਾਉਂਦਿਆਂ, ਸਿੱਖਾਂ ਨੇ ਮੁੜ ਤੋਂ ਪੈਰਾਂ ਤੇ ਖੜੇ ਹੋਣ ਲਈ, ਬੇਓੜਕ ਮਿਹਨਤ ਕੀਤੀ। ਦੇਸ਼ ਦੇ ਭੁੱਖੇ ਲੋਕਾਂ ਦਾ ਪੇਟ ਭਰਿਆ। ਜਦੋਂ ਸਿੱਖ ਕੌਮ ਨੇ ਸਵੈਮਾਣ ਨਾਲ ਜੀਣਾ ਚਾਹਿਆ। ਆਪਣੇ ਖੁਸ ਚੁੱਕੇ ਹੱਕ, ਪਾਣੀ, ਬਿਜਲੀ, ਰਾਜਧਾਨੀ, ਫਸਲਾਂ ਦੇ ਸਹੀ ਮੁੱਲ ਮੰਗੇ। ਅਜਿਹੀਆਂ ਵਾਜਬ ਮੰਗਾਂ ਤੇ ਭੀ, ਭਾਰਤੀ ਹਾਕਮਾਂ ਨੂੰ ਡਾਹਢਾ ਗੁੱਸਾ ਆਇਆ। ਇਹ ‘ਸਿਰ ਫਿਰੇ’ ਲੋਕ ਰੱਜ ਕੇ ਰੋਟੀ ਖਾਣ ਲੱਗ ਪਏ ਹਨ। ਇਸੇ ਕਾਰਨ ਹੋਰ ਸੁੱਖ ਸਹੂਲਤਾਂ ਅਤੇ ਸਵੈਮਾਣ ਚਾਹੁੰਦੇ ਹਨ। ਇਹਨਾਂ ਦੇ ਸਾਰੇ ਅਧਿਕਾਰ ਖੋਹ ਲੈਣ ਦਾ ਮਤਾ ਪਕਾ ਲਿਆ। ‘ਕੌਮੀ ਸਵੈਮਾਣ’ ਕੁਚਲ ਦੇਣ ਦਾ ਤਹੱਈਆ ਕਰ ਲਿਆ। ਸਿੱਖ ਖਾੜਕੂਆਂ ਨੂੰ ਦਰਬਾਰ ਸਾਹਿਬ ਵਿਚ ਇਕੱਠੇ ਹੋਣ ਦਿਤਾ ਗਿਆ। ਫਿਰ ਉਹਨਾਂ ਨੂੰ ਧਰਮ ਅਸਥਾਨ ਵਿਚੋਂ ਬਾਹਰ ਕੱਢਣ ਲਈ, ਹੋਰ ਕੋਈ ਭੀ ‘ਜਾਇਜ ਤਰੀਕਾ’ ਨਹੀਂ ਅਪਣਾਇਆ ਗਿਆ। ਪਹਿਲਾਂ ਹੀ ਕੀਤੀ ਸਾਜਿਸ਼ੀ ਤਿਆਰੀ ਮੁਤਾਬਕ 3 ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ, ਹਮਲਾ ਕਰ ਦਿੱਤਾ ਗਿਆ। ਹਜ਼ਾਰਾਂ ਸਰਧਾਲੂਆਂ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ। 6 ਜੂਨ ਨੂੰ ਭਾਈ ਜਰਨੈਲ ਸਿੰਘ, ਆਪਣੇ ਸਾਥੀਆਂ ਸਮੇਤ, ਅੰਤਮ ਫਤਿਹ ਬੁਲ ਗਿਆ। ਇਹ ਹਮਲਾ ਸਿੱਖ ਕੌਮ ਦਾ ਮਨੋਬਲ ਤੋੜਨ ਵਾਸਤੇ ਸੀ। ਅਗੋਂ ਵਾਸਤੇ ਹੱਕ ਮੰਗਣ ਤੋਂ ਰੋਕਣ ਲਈ ਸੀ। ਹਿੰਦੂ ਸਰਕਾਰ ਦੀ ‘ਅਸੀਮ ਸ਼ਕਤੀ’ ਦਾ ਪ੍ਰਦਰਸ਼ਨ ਕਰਨ ਲਈ ਸੀ। ਇਹ ਭਿਆਨਕ ਘੱਲੂਘਾਰਾ ਆਧੁਨਿਕ ਜਮਾਨੇ ਵਿਚ, ਸਭਿਅਕ ਸਮਾਜ ਵਿਚ ਜਾਂਗਲੀ ਬਿਰਤੀ ਵਾਲੇ ਹਾਕਮਾਂ ਨੇ ਵਰਤਾਇਆ। ਆਪਣੇ ਹੀ ਨਾਗਰਿਕਾਂ ਤੇ, ਆਪਣਿਆਂ ਵਲੋਂ ਜੁਲਮ ਦੀ ਇੰਤਹਾ।

ਦਰਬਾਰ ਸਾਹਿਬ ਤੇ ਸੈਂਕੜੇ ਗੋਲੀਆਂ ਮਾਰਨੀਆਂ। ਅਕਾਲ ਤਖਤ ਨੂੰ ਢਾਹ ਕੇ ਮਲਬੇ ਦਾ ਢੇਰ ਬਣਾ ਦੇਣਾ। ਸਰੋਵਰ ਨੂੰ ਬੇਦੋਸ਼ੇ ਸਰਧਾਲੂਆਂ ਦੇ ਖੂਨ, ਅਤੇ ਲਾਸ਼ਾਂ ਨਾਲ ਭਰ ਦੇਣਾ। ਗੁਰਦੁਆਰਿਆਂ ਦੀਆਂ ਗੋਲਕਾਂ ਵਿਚੋਂ ਕਰੋੜਾਂ ਰੁਪੈ ਲੁੱਟ ਲੈਣਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜ ਕੇ ਸੁਆਹ ਕਰ ਦੇਣਾ। ਸਾਰੀ ਖੂਨੀ ਕਾਰਵਾਈ ਤੋਂ ਮਗਰੋਂ ਰੈਫਰੈਂਸ ਲਾਇਬ੍ਰੇਰੀ ਵਿਚੋਂ, ਟਰੱਕ ਭਰ ਕੇ ਖਾਸ ਖਰੜਿਆਂ ਦੇ ਲੈ ਜਾਣਾ, ਤੇ ਰਹਿੰਦਿਆਂ ਨੂੰ ਅੱਗ ਲਾ ਕੇ ਤਮਾਸ਼ਾ ਵੇਖਣਾ। ਕਮੇਟੀ ਦੇ ਮੁਲਾਜਮਾਂ ਅਤੇ ਪ੍ਰਕਰਮਾ ਨੇੜਲੇ ਘਰਾਂ ਵਿਚੋਂ ਦਰਿੰਦੇ ਫੌਜੀਆਂ ਲੁਟੇਰਿਆਂ ਵਲੋਂ ਕੀਮਤੀ ਸਾਮਾਨ ਲੁੱਟਣਾ ਤੇ ਬੀਬੀਆਂ ਨੂੰ ਬੇਪਤ ਕਰਨਾ। ਇਸ ਜਾਲਮਾਨਾ ਕਾਰੇ ਲਈ ਭਾਰਤੀ ਹਾਕਮਾਂ ਨੂੰ ਸਿੱਖ ਮਾਨਸਿਕਤ ਕਦੇ ਮੁਆਫ ਨਹੀਂ ਕਰ ਸਕੇਗੀ। ਜਿਵੇਂ ਮੱਸਾ ਰੰਘੜ ਅਤੇ ਜਕਰੀਆ ਖਾਨ ਸਿੱਖਾਂ ਲਈ ਘੋਰ ਨਫਰਤ ਦੇ ਪਾਤਰ ਹਨ। ਦਰਬਾਰ ਸਾਹਿਬ ਵਿਚ ਵਰਤਾਈਆਂ ਘਟਨਾਲਾਂ ਲਈ ਜਿੰਮੇਵਾਰ ਲੋਕ, ਸਦਾ ਆਪਣੇ ਸਿਰ ਵਿਚ ਸੁਆਹ ਪੁਆਉਂਦੇ ਰਹਿਣਗੇ।

ਅਜਿਹੀ ਬਰਬਰਤਾ ਪੂਰਨ ਕਰਤੂਤ ਕਾਰਨ ਸ੍ਰ. ਬੇਅੰਤ ਸਿੰਘ ਸ੍ਰ. ਸਤਵੰਤ ਸਿੰਘ, ਅਤੇ ਸ੍ਰ. ਕੇਹਰ ਸਿੰਘ ਦਾ ਖੂਨ ਖੌਲ ਉਠਿਆ। ਭਾਵੇਂ ਇਹ ਸਿੰਘ, ਇੰਦਰਾ ਗਾਂਧੀ ਦੀ ਸੁਰੱਖਿਆ ਟੁਕੜੀ ਵਿਚ ਸਾਮਲ ਸਨ, ਪਰ ਅੰਦਰਲੀ ਸਿੱਖੀ ਅਜੇ ਮਰੀ ਨਹੀਂ ਸੀ। ਇਨ੍ਹਾਂ ਦਰਬਾਰ ਸਾਹਿਬ ਨੂੰ ਵੇਖਿਆ। ਅਕਾਲ ਤਖਤ ਦੀ ਬਰਬਾਦੀ ਵੇਖ ਕੇ ਬੁੱਕੀ ਰੋਏ। ਮਨ ਨੂੰ ਤਕੜਾ ਕਰਕੇ ਵਕਤ ਦੀ ਉਡੀਕ ਕਰਨ ਲੱਗੇ। ਉਹ ਦਿਨ 31 ਅਕਤੂਬਰ, 1984 ਦਾ ਆਣ ਢੁੱਕਿਆ। ਜਦੋਂ ਘਰੋਂ ਤਿਆਰ ਹੋ ਕੇ, ਇੰਦਰਾ ਗਾਂਧੀ ਆਪਣੇ ਲਾਉ ਲਸ਼ਕਰ ਸਮੇਤ, ਦਫਤਰ ਵੱਲ ਜਾਣ ਲਗੀ। ਉਸ ਵਕਤ ਸ੍ਰ. ਬੇਅੰਤ ਸਿੰਘ ਨੇ ਆਪਣੇ ਰਿਵਾਲਰ ਦਾ ਨਿਸ਼ਾਨਾ ਸੇਧ ਕੇ ਸਾਰੀਆਂ ਗੋਲੀਆਂ ਇੰਦਰਾ ਤੇ ਵਰਾਂ ਦਿੱਤੀਆਂ। ਅੱਖ ਦੇ ਪਲਕਾਰੇ ਵਿਚ ਸ੍ਰ. ਸਤਵੰਤ ਸਿੰਘ ਨੇ ਆਪਣੀ ਆਟੋਮੈਟਿਕ ਰਾਈਫਲ ਦਾ ਪੂਰਾ ਮੈਗਜੀਨ, ਇੰਦਰਾ ਦੇ ਪੇਟ ਵਿਚ ਉਤਾਰ ਦਿੱਤਾ। ਖੂਨ ਦਾ ਛੱਪੜ, ਸਰੀਰ ਬੋਟੀ-ਬੋਟੀ। ਹਰ ਕੋਈ ਡਰਿਆ, ਡੌਰ-ਭੌਰ ਹੋਇਆ ਵੇਖ ਰਿਹਾ ਸੀ।

ਸੁਣਨ ਵਿਚ ਆਇਆ ਹੈ ਕਿ ਇੰਦਰਾ ਛੇਤੀ ਹੀ ਪਾਕਿਸਤਾਨ ਨਾਲ ਜੰਗ ਛੇੜਨ ਵਾਲੀ ਸੀ। ਪਾਕਿ ਜੰਗ ਦੀ ਆੜ ਵਿਚ, ਸਾਰੇ ਪੰਜਾਬ ਨੂੰ ਮਲੀਅਮੇਟ ਕਰਨਾ ਚਾਹੁੰਦੀ ਸੀ। ਇੰਦਰਾ ਦੇ ਖਾਸ ਸਹਾਇਕ ਆਰ.ਕੇ. ਧਵਨ ਨੇ ਸ੍ਰ. ਬੇਅੰਤ ਸਿੰਘ ਦੇ ਕੰਨੀਂ ਇਹ ਗਲ ਪਾ ਦਿੱਤੀ ਕਿ ਸਿਰਫ ਕੁਝ ਹਜਾਰ ਸਿੱਖ ਨਹੀਂ, ਸਗੋਂ ਪੂਰੇ ਪੰਜਾਬ ਨੂੰ ਨੇਸਤੋ ਨਾਬੂਦ ਕਰਨ ਵਾਲੀ ਹੈ ਇਹ ਤੀਵੀਂ। ਉਨ੍ਹਾਂ ਉਚਿਤ ਮੌਕਾ ਜਾਣ ਦੇ, ਫਸਤਾ ਵੱਢ ਦਿੱਤਾ। ਸ੍ਰ. ਬੇਅੰਤ ਸਿੰਘ ਨੇ ਰਿਵਾਲਰ ਸੁੱਟ ਕੇ, ਆਪਣੇ ਆਪ ਨੂੰ ਗਿਰਫਤਾਰੀ ਲਈ ਪੇਸ਼ ਕੀਤਾ ਸੀ। ਕਮਾਂਡੋ ਦਸਤੇ ਉਸਨੂੰ ਫੜਕੇ ਅੰਦਰ ਲੈ ਗਏ। ਐਨ ਨੇੜਿਓ ਗੋਲੀਆਂ ਚਲਾਈਆਂ ਗਈਆਂ। ਸ੍ਰ. ਬੇਅੰਤ ਸਿੰਘ ਆਪਣਾ ਆਪਾ ਲੇਖੇ ਲਾ ਕੇ, ਨਵਾਂ ਇਤਿਹਾਸ ਬਣਾ ਕੇ, ਵਿਦਾ ਹੋ ਗਿਆ। ਸ੍ਰ. ਸਤਵੰਤ ਸਿੰਘ ਨੂੰ ਖ਼ਤਮ ਕਰਨ ਲਈ ਨੇੜਿਓ ਗੋਲੀਆਂ ਮਾਰੀਆਂ ਗਈਆਂ। ਉਹ ਡਿਗ ਪਿਆ, ਸਹਿਕਦੇ ਨੂੰ ਹਸਤਪਤਾਲ ਭੇਜਿਆ ਗਿਆ। ਹੌਲੀ-ਹੌਲੀ ਜ਼ਖਮ ਭਰਨ ਲੱਗੇ ਤੇ ਮੁਕੱਦਮਾ ਭੁਗਤਣ ਲਈ ਤਿਆਰ ਹੋ ਗਿਆ। ਮੁਕੱਦਮੇ ਦੀ ਅੱਖਾਂ ਵਿਚ ਘੱਟਾ ਪਾਉਣ ਵਾਲੀ ਕਾਰਵਾਈ ਕਰਕੇ, ਸ੍ਰ. ਸਤਵੰਤ ਸਿੰਘ ਤੇ ਸ੍ਰ. ਕੇਹਰ ਸਿੰਘ ਨੂੰ ਫਾਂਸੀ ਲਟਕਾ ਦਿੱਤਾ ਗਿਆ। ਅੱਜ ਤੋੜੀ ਇਹਨਾਂ ਅਫਵਾਹਾਂ ਦਾ ਬਾਜਾਰ ਗਰਮ ਚਲਿਆ ਆ ਰਿਹਾ ਹੈ ਕਿ ਇੰਦਰਾ ਨੂੰ ਖ਼ਤਮ ਕਰਵਾਉਣ ਵਿਚ, ਕਿਸੇ ਤਾਕਤਵਰ ਬਦੇਸ਼ੀ ਖੁਫ਼ੀਆ ਏਜੰਸੀ ਦਾ ਹੱਥ ਸੀ। ਪਹਿਲਾਂ ਤਿੰਨੇ ਵਿਅਕਤੀ ਕਾਤਲ ਐਲਾਨੇ ਗਏ। ਇਕ ਨੂੰ ਮੋਨਾ ਦੱਸਿਆ ਗਿਆ। ਮਗਰੋਂ ਉਹ ‘ਮੋਨਾ’ ਪਤਾ ਨਹੀਂ ਕਿਥੇ ਗਾਇਬ ਕਰ ਦਿੱਤਾ?

ਇੰਦਰਾ ਦੇ ਮਰਨ ਤੋਂ ਬਾਅਦ ਬਹੁਤ ਤੇਜ਼ੀ ਨਾਲ ਦਿੱਲੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਇਸ ਕਾਲੀ ਬੋਲੀ ਹਨੇਰੀ ਦਾ ਥੋੜਾ ਵਿਸ਼ਲੇਸ਼ਣ ਕਰ ਲਈਏ। ਕਾਂਗਰਸ ਪਾਰਟੀ ਆਪਣੀਆਂ ਗਲਤ ਨੀਤੀਆਂ ਅਤੇ ਵੱਡੇ ਬੇਈਮਾਨੀਆਂ ਦੇ ਸਕੈਂਡਲਾਂ ਵਿਚ, ਬਦਨਾਮ ਹੋ ਚੁੱਕੀ ਸੀ। ਘੱਟ-ਗਿਣਤੀ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਦਿੱਤਾ ਕੁਝ ਨਹੀਂ ਸੀ। ਸਿੱਖ, ਮੁਸਲਮਾਨ, ਦਲਿਤ, ਕਾਂਗਰਸ ਤੋਂ ਮੂੰਹ ਮੋੜ ਚੁਕੇ ਸਨ। ਇੰਦਰਾ ਨੇ ਬਹੁਤਗਿਣਤੀ ਹਿੰਦੂ ਲੋਕਾਂ ਨੂੰ ਆਪਣੇ ਵੱਲ ਕਰਨ ਦਾ ਰਾਹ ਅਖਤਿਆਰ ਕਰ ਲਿਆ। ਇਸ ਲਈ ਜ਼ਰੂਰੀ ਸੀ ਕਿ ਘੱਟ ਗਿਣਤੀਆਂ ਨੂੰ ਉਕਸਾਇਆ ਜਾਵੇ। ਭੜਕਾਇਆ ਜਾਵੇ। ਜਾਇਜ ਮੰਗਾਂ ਪੂਰੀਆਂ ਨਾ ਕਰਕੇ, ਬੇਚੈਨ ਕੀਤਾ ਜਾਵੇ। ਗੁੱਸੇ ਵਿਚ ਆਏ ਲੋਕ ਆਪੇ ਤੋਂ ਬਾਹਰ ਹੋ ਕੇ, ਸ਼ਾਂਤਮਈ ਨਹੀਂ ਰਹਿ ਸਕਣਗੇ। ਅੱਗਾਂ ਲਾਉਣਗੇ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁਚਾਉਣਗੇ। ਫਿਰ ਸਰਕਾਰ ਅਮਨ ਕਾਨੂੰਨ ਬਹਾਲ ਕਰਨ ਵਾਸਤੇ ਤਾਕਤ ਦੀ ਵਰਤੋਂ ਕਰੇਗੀ। ‘ਕੁਚਲ ਕੇ ਰੱਖ ਦੇਵੇਗੀ।’

ਘੱਟ-ਗਿਣਤੀਆਂ ਦੇ ਹੱਕਾਂ ਨੂੰ ਦਬਾਇਆ ਗਿਆ। ਅਦਾਲਤਾਂ ਵਿਚੋਂ ਇਨਸਾਫ ਤਾਂ ਕੀ ਮਿਲਣਾ ਸੀ, ਸਗੋਂ ਜੱਜ ਭੀ ਰਾਜਨੀਤੀ ਦੇ ਦਬਾ ਵਿਚ ਆ ਗਏ। ਫਿਰਕੂ ਸੋਚ ਤਹਿਤ ਫੈਸਲੇ ਕਰਨ ਲੱਗ ਪਏ। ਇੰਦਰਾ ਦੇ ਕਤਲ ਤੋਂ ਮਗਰੋਂ, ਜੋ ‘ਪੜਤਾਲੀਆ ਕਮਿਸਨ’ ਬਣਾਏ ਗਏ, ਪਹਿਲੀ ਗੱਲ ਤਾਂ ਉਹਨਾਂ ਨੂੰ ਕਾਨੂੰਨ ਮੁਤਾਬਕ ਕੰਮ ਹੀ ਨਹੀਂ ਕਰਨ ਦਿੱਤਾ ਗਿਆ। ਅਗਰ ਥੋੜਾ ਬਹੁਤ ਉਹਨਾਂ ਕੰਮ ਕੀਤਾ ਭੀ ਹੈ, ਉਸਨੂੰ ਕੇਂਦਰ ਦੀ ਸਰਕਾਰ ਨੇ ਸਾਜਿਸ਼ੀ ਸੋਚ ਤਹਿਤ, ਲਾਗੂ ਨਹੀਂ ਕੀਤਾ। ਕੇਂਦਰ ਵਿਚ ਸਰਕਾਰ ਭਾਵੇਂ ਕਾਂਗਰਸ ਦੀ ਸੀ ਜਾਂ ਭਾਰਤੀ ਜੰਤਾ ਪਾਰਟੀ ਦੀ ਸੀ। ਅੰਦਰੋਂ ਇਹ ਸਾਰੇ ਲੋਕ ਸਿੱਖਾਂ ਦੇ ਦੁਸਮਣ ਹਨ। ਕੇਂਦਰ ਦੀ ਭਾਜਪਾ ਸਰਕਾਰ ਵਿਚ, ਅਕਾਲੀ ਅਖਵਾਉਣ ਵਾਲੇ, ਪੰਥ ਪੰਥ ਕੂਕਣ ਵਾਲੇ, ਰਾਜ ਗੱਦੀਆਂ ਦਾ ਸੁਖ ਮਾਣਦੇ ਰਹੇ। ਪਾਰਲੀਮੈਂਟ ਵਿਚ ਬੈਠਕੇ ਆਪਣੀ ਅਕਲ ਦਾ ਜਨਾਜਾ ਕਢਦੇ ਰਹੇ। ਸਿੱਖਾਂ ਦੇ ਹੱਕਾਂ ਲਈ, ਦਿੱਲੀ ਦੇ ਦੋਸ਼ੀਆਂ ਨੂੰ ਸਜਾ ਦੁਆਣ ਲਈ, ਉੱਜੜੇ ਸਿੱਖਾਂ ਨੂੰ ਬਸਾਉਣ ਲਈ, ਮਰ ਗਿਆਂ ਦੇ ਪਰਵਾਰਾਂ ਨੂੰ ਮੁਆਵਜਾ ਦੁਆਉਣ ਲਈ, ਕਦੀ ਜ਼ਬਾਨ ਤੱਕ ਨਾ ਖੋਹਲੀ। ਬੜੀ ਸ਼ਾਨ ਨਾਲ ਭਾਜਪਾ ਦੀ ਸਰਕਾਰ ਨੂੰ ਬਿਨਾ ਸ਼ਰਤ ਹਮਾਇਤ ਦਿੰਦੇ ਰਹੇ। ਪੰਜਾਬ ਵਿਚ 1997 ਤੋਂ 2002 ਤਕ ਅਤੇ 2007 ਤੋਂ ਦੁਬਾਰਾ ਫਿਰ ਭਾਜਪਾਈਆਂ ਨੂੰ ਅਕਾਲੀ ਸਰਕਾਰ ਵਿਚ ਵੱਡੇ ਅਹੁਦਿਆਂ ਨਾਲ ਨਿਵਾਜਦੇ ਰਹੇ। ਪ੍ਰਾਪਤੀ ਇਕ ਕਉਡੀ ਦੀ ਨਾ ਕਰਵਾ ਸਕੇ।

ਦਿੱਲੀ ਵਿਚ ਜਦੋਂ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ, ਕੋਹ ਕੋਹ ਕੇ ਕਤਲ ਕੀਤਾ ਜਾ ਰਿਹਾ ਸੀ। ਉਸੇ ਸਮੇਂ ਨੇਕ ਬਖਤ ਇਨਸਾਨ, ਰੱਬ ਨੂੰ ਪਿਆਰ ਕਰਨ ਵਾਲੇ, ਮਨੁਖਤਾ ਦੇ ਹਿਤੈਸ਼ੀ, ਅਨੇਕ ਖਤਰੇ ਸਿਰ ਤੇ ਲੈ ਕੇ, ਸੱਚ ਤੇ ਆਧਾਰਿਤ ਰਿਪੋਰਟ ਤਿਆਰ ਕਰ ਰਹੇ ਸਨ। ਇਕ ਟੀਮ ਦੇ ਮੁਖੀ ਸਨ, ਸ੍ਰੀਮਾਨ ਗੋਬਿੰਦਾ ਮਖੋਟੀ ਜੀ। ਦੂਜੀ ਮਨੁੱਖੀ ਅਧਿਕਾਰ ਟੀਮ ਦੇ ਮੁੱਖੀ ਸਨ, ਸ੍ਰੀਮਾਨ ਅਤੀ ਸਤਿਕਾਰਯੋਗ ਰਜਨੀ ਕੋਠਾਰੀ ਜੀ। ਇਹਨਾਂ ਤੋਂ ਇਲਾਵਾ ਸਤਿਕਾਰਯੋਗ ਰਾਮ ਜੇਠ ਮਲਾਨੀ ਜੀ ਅਤੇ ਉਹਨਾਂ ਦੀ ਬੇਟੀ ਬੀਬੀ ਰਾਣੀ ਜੇਠ ਮਲਾਨੀ ਜੀ। ਇਨਾਂ ਦੋਵਾਂ ਪਿਤਾ ਪੁੱਤਰੀ ਨੇ ਇੰਦਰਾ ਕਤਲ ਦੇ ਦੋਸ਼ੀ ਠਹਿਰਾਏ ਗਏ, ਸ੍ਰ. ਸਤਵੰਤ ਸਿੰਘ ਤੇ ਸ੍ਰ. ਕੇਹਰ ਸਿੰਘ ਦਾ ਕੇਸ ਭੀ ਬੜੀ, ਸਿਦਕ ਦਿੱਲੀ ਨਾਲ ਲੜਿਆ ਸੀ। ਇਹਨਾਂ ਅਤੀ ਸਤਿਕਾਰਤ ਹਸਤੀਆਂ ਵਲੋਂ ਮੌਕੇ ਤੇ ਜਾ ਕੇ ਤੱਥ ਇਕੱਠੇ ਕਰਕੇ, ਸਬੂਤਾਂ ਸਮੇਤ ਰਿਪੋਰਟ ਛਾਪ ਦਿੱਤੀ ਗਈ। ਅੰਦਰਖਾਤੇ ਭਾਰਤ ਸਰਕਾਰ ਨੂੰ ਇਸ ਰਿਪੋਰਟ ‘ਦੋਸ਼ੀ ਕਉਣ ਹਨ’ ਨੇ ਹਿਲਾ ਕੇ ਰੱਖ ਦਿੱਤਾ। ਪਰ ਬੜੀ ਬੇਹਯਾਈ ਨਾਲ, ਤਾਕਤ ਦੇ ਨਸ਼ੇ ਵਿਚ ਚੂਰ ਸਰਕਾਰ ਨੇ, ਇਧਰ ਧਿਆਨ ਨਾ ਦਿੱਤਾ। ਇਸ ਅਤੀ ਭਰੋਸੇਯੋਗ ਰਿਪੋਰਟ ਨੂੰ ਦਰਕਿਨਾਰ ਕਰਕੇ, ਆਪਣੇ ਵਲੋਂ ‘ਪੜਤਾਲੀਆ ਕਮਿਸ਼ਨ’ ਬਣਾਉਣੇ ਸ਼ੁਰੂ ਕਰ ਦਿੱਤੇ। ਪੂਰੇ ਚੌਵੀ ਸਾਲ ਬੀਤ ਜਾਣ ਤੇ ਭੀ ਹਾਲੀ ਪੜਤਾਲ ਜਾਰੀ ਹੈ ਕਿ ਦੋਸ਼ੀ ਕੌਣ ਹਨ?

ਨਵੰਬਰ 1984 ਵਿਚ ਇਕ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਇਸ ਦਾ ਮੁਖੀ ਲਾਇਆ ਗਿਆ, ਸ੍ਰੀ ਵੇਦ ਮਰਵਾਰਾ। ਸੰਨ 85 ਵਿਚ ਵੇਦ ਮਰਵਾਹਾ ਦਾ ਕੰਮ ਸਰਕਾਰ ਨੇ ਬਿਨਾਂ ਕਾਰਨ ਰੋਕ ਦਿੱਤਾ। ਨਵੇਂ ਕਮਿਸ਼ਨ ਦਾ ਗਠਨ ਕੀਤਾ ਗਿਆ। ਵੇਦ ਮਰਵਾਹਾ ਦੀ ਕੀਤੀ ਪੜਤਾਲ ਖਤਮ ਤੇ ਰੰਗ ਨਾਥ ਮਿਸ਼ਰਾ ਜੱਜ ਨੂੰ 26 ਅਪ੍ਰੈਲ 1985 ਵਿਚ ਜਿੰਮੇਵਾਰੀ ਸੌਂਪ ਦਿੱਤੀ। ਇਸ ਮਿਸ਼ਰਾ ਕਮੇਟੀ ਨੇ, ਕੀੜੀ ਦੀ ਚਾਲੇ ਹਾਲੀ ਕੰਮ ਸ਼ੁਰੂ ਹੀ ਕੀਤਾ ਸੀ ਕਿ 23 ਫਰਵਰੀ 87ਨੂੰ ਕਪੂਰ ਮਿੱਤਲ ਪੜਤਾਲੀਆ

ਕਮੇਟੀ ਬਣਾ ਦਿੱਤੀ। ਇਸ ਮਿੱਤਲ ਕਮੇਟੀ ਦੇ ਕੰਮ ਤੇ ਭੀ ਸਰਕਾਰ ਨੇ ਕੋਈ ਅਮਲ ਨਾ ਕੀਤਾ। ਇਸੇ ਸਮੇਂ ਇਕ ਜੈਨ ਬੈਨਰਜੀ ਕਮੇਟੀ ਬਣੀ ਅਗਸਤ 89 ਵਿਚ, ਤੇ ਕੁਝ ਹੀ ਸਮੇਂ ਅੰਦਰ ਇਸ ਨੂੰ ਖਤਮ ਕਰ ਦਿੱਤਾ ਗਿਆ। ਜੈਨ ਬੈਨਰਜੀ ਦੇ ਬਰਾਬਰ, ਇਕ ਹੋਰ ਕਮੇਟੀ ਬਣਾਈ ਗਈ ਸੀ, ਆਹੂਜਾ ਪੜਤਾਲ ਕਮੇਟੀ 1987 ਵਿਚ। ਅਗਸਤ 90 ਵਿਚ ‘ਪੋਟੀ ਰੋਸ਼ਾ’ ਕਮੇਟੀ ਦਾ ਗਠਨ ਕੀਤਾ ਗਿਆ। ਇਸ ਨੂੰ ਕੋਈ ਕੰਮ ਨਾ ਕਰਨ ਦਿੱਤਾ ਗਿਆ। ਇਸ ਲਈ ਇਸ ਦੇ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ। ਨਵੰਬਰ 90 ਤੋਂ 93 ਤੱਕ ਜੈਨ ਅਗਰ ਵਾਲ ਕਮੇਟੀ ਨੇ ਖੋਜ ਪੜਤਾਲ ਕੀਤੀ। ਸਰਕਾਰ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਅਗੋਂ ਢਿੱਲੋਂ ਕਮੇਟੀ ਬਣਾਈ ਗਈ। ਇਸ ਨੇ ਮ੍ਰਿਤਕ ਪ੍ਰਵਾਰਾਂ ਨੂੰ ਬੀਮੇ ਦੀ ਰਕਮ ਅਦਾ ਕਰਨ ਦੀ ਸਿਫਾਰਸ਼ ਕੀਤੀ। ਬੀਮਾ ਕੰਪਨੀਆਂ ਸਰਕਾਰੀ ਦਬਾਓ ਅਧੀਨ ਹੀ ਕੰਮ ਕਰਦੀਆਂ ਹਨ। ਉਨ੍ਹਾਂ ਸਾਫ ਨਾਂਹ ਕਰ ਦਿੱਤੀ। ਅਖੇ ਦੰਗੇ ਫਸਾਦਾਂ ਵਿਚ, ਮਨੁੱਖਾਂ ਦਾ ਮਾਰਿਆ ਜਾਣਾ ਤੇ ਉਸਦੀ ਪੂਰਤੀ ਕਰਨੀ, ਸਾਡੇ ਕਾਨੂੰਨ ਵਿਚ ਨਹੀਂ ਹੈ। ਸੰਨ 1993 ਵਿਚ ਹੀ ਇਕ ਨਰੂਲਾ ਕਮੇਟੀ ਬਣਾਈ ਗਈ। ਇਸ ਕਮੇਟੀ ਨੋ ਜੋ ਸਿਫਾਰਸ਼ਾਂ ਕੀਤੀਆਂ। ਉਹਨਾਂ ਤੇ ਅਮਲ ਨਹੀਂ ਹੋਇਆ। ਸੰਨ 2000 ਵਿਚ ਨਾਨਾਵਤੀ ਕਮਿਸ਼ਨ ਬਣਿਆ। ਇਸ ਨੇ ਚਾਰ ਸਾਲ ਤਕ ਸਰਕਾਰੀ ਪੈਸਾ (ਤਨਖਾਹ ਅਤੇ ਭੱਤੇ) ਤਾਂ ਬੜਾ ਡਕਾਰਿਆ। ਸਿੱਖਾਂ ਨੂੰ ਇਨਸਾਫ ਦੁਆ ਸਕਣਾ ਇਸ ਦੀ ਕਲਮ ਵਿਚ ਨਹੀਂ ਸੀ। ਅਗੋਂ ਹੋਰ ਕਮਿਸ਼ਨ ਬਣਾਉਣ ਦੀ ਲੋੜ ਹੀ ਮੁਕ ਗਈ ਹੈ। ਸਿੱਖ ਭੀ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਤਿਲਾਂ ਕੋਲੋਂ, ਕਦੀ ਇਨਸਾਫ ਨਹੀਂ ਮਿਲਣਾ। ਕਾਨੂੰਨ ਤਾਂ ਕਮਜੋਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਲਈ ਬਣਦੇ ਹਨ। ਕਮਜੋਰਾਂ ਨੂੰ ਫਾਂਸੀ ਲਟਕਾਉਂਦੇ ਹਨ। ਤਾਕਤਵਰ ਬੁਰਛਿਆਂ ਨੂੰ ਅਦਾਲਤਾਂ, ਕਮਿਸ਼ਨ, ਕਾਨੂੰਨ ਤੇ ਜੱਜ, ਕਿਵੇਂ ਸਜਾ ਦੇ ਸਕਦੇ ਹਨ? ਅਸੰਭਵ, ਅਸੰਭਵ।

ਗੋਰੀ ਸਰਕਾਰ ਨੇ ਭਾਰਤ ਤੇ ਸਦੀਆਂ ਰਾਜ ਕੀਤਾ। ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ, ਜਨਰਲ ਡਾਇਰ ਨੇ ਤਾਕਤ ਦੀ ਅੰਨੀ ਵਰਤੋਂ ਕੀਤੀ। ਗੋਲੀ ਚਲਾ ਕੇ ਸੈਂਕੜੇ ਯਾਤਰੂ ਮਾਰ ਮੁਕਾਏ। ਭਾਰਤ ਦੀ ਗੋਰੀ ਬਦੇਸ਼ੀ ਸਰਕਾਰ ਨੇ ਇਕ ਪੜਤਾਲੀਆ ਕਮੇਟੀ ’ਹੰਟਰ ਕਮਿਸ਼ਨ’ ਬਣਾਇਆ। ਇਸ ਕਮੇਟੀ ਨੇ ਸਾਰੇ ਪੱਖਾਂ ਦਾ ਜਾਇਜਾ ਲੈ ਕੇ, ਜਨਰਲ ਡਾਇਰ ਨੂੰ ਦੋਸ਼ੀ ਠਹਿਰਾਇਆ। ਉਸ ਦੀ ਪੈਨਸ਼ਨ ਅਤੇ ਹੋਰ ਸਹੂਲਤਾਂ ਬੰਦ ਕਰਵਾ ਦਿੱਤੀਆਂ। ਜਿਨ੍ਹਾਂ ਪਰਵਾਰਾਂ ਦੇ ਮੈਂਬਰ ਗੋਲੀਆਂ ਨਾਲ ਮਾਰੇ ਗਏ ਸਨ, ਉਨ੍ਹਾਂ ਨੂੰ ਮੁਆਵਜਾ ਦਿੱਤਾ ਗਿਆ। ਇਧਰ ਆਪਣੀ ਸਰਕਾਰ ਜੋ ਸਲੂਕ ਕਰ ਰਹੀ ਹੈ। ਉਹ ਜੱਗ-ਜਾਹਰ ਹੋ ਗਿਆ ਹੈ।

ਮਾਰ ਦਿੱਤੇ ਗਏ ਸਿੱਖਾਂ ਦੇ ਮੁਕੱਦਮੇ ਲੜਨ ਵਾਸਤੇ, ਦਿੱਲੀ ਕਮੇਟੀ ਅਤੇ ਸ੍ਰੋਮਣੀ ਕਮੇਟੀ ਨੂੰ ਵਕੀਲਾਂ ਦਾ ਇਕ ਗਰੁੱਪ ਬਣਾ ਕੇ, ਕੇਸ ਲੜਨੇ ਚਾਹੀਦੇ ਸਨ। ਹਾਏ ਰੱਬ ਜੀ। ਇਹਨਾਂ ਨੇ ਸਿੱਖਾਂ ਦਾ ਧਨ ਬੜਾ ਡਕਾਰਿਆ ਪਰ ਆਪਣੇ ਫਰਜ ਦੀ ਪਛਾਣ ਨਹੀਂ ਕੀਤੀ। ਮਰਨ ਵਾਲੇ ਬਹੁਤੇ ਗਰੀਬ ਸਿੱਖ ਸਨ। ਉਨ੍ਹਾਂ ਕੋਲ ਇੰਨਾ ਪੈਸਾ ਕਿਥੇ ਕਿ ਵਕੀਲਾਂ ਦੀਆਂ ਮੋਟੀਆਂ ਫੀਸਾਂ ਤਾਰ ਸਕਣ? ਜਿੰਨਾ ਦਰਿੰਦਿਆਂ ਨੇ, ਉਨ੍ਹਾਂ ਦੇ ਪ੍ਰਵਾਰਿਕ ਮੈਂਬਰ ਕਤਲ ਕਰਾਏ ਸਨ, ਉਹੀ ਲੋਕ ਹਮਦਰਦੀ ਕਰਨ ਆ ਰਹੇ ਸਨ। ਉਜੜਿਆਂ ਨੂੰ ਮੁੜ ਵਸਾਉਣ ਦਾ ਖੇਖਣ ਕਰ ਰਹੇ ਸਨ। ਇਹਨਾਂ ਗਰੀਬ ਸਿੱਖਾਂ ਨੂੰ ਨਾਲ ਹੀ ਕਾਤਲ ਕਾਂਗਰਸੀ ਲੀਡਰ, ਧਮਕੀਆਂ ਭੀ ਦੇ ਰਹੇ ਸਨ। ਵਿਚਾਰੇ ਗਰੀਬ ਸਿੱਖ ਡਰ ਗਏ। ਗਵਾਹੀਆਂ ਤੋਂ ਮੁਕਰਨ ਲਗੇ। ਦੋਸ਼ੀਆਂ ਨੂੰ ਪਛਾਨਣ ਤੋਂ ਇਨਕਾਰ ਕਰਨ ਲਗੇ।

ਬੇਈਮਾਨੀ ਦੀ ਕੋਈ ਸੀਮਾ ਨਹੀਂ ਕੋਈ ਆਪਣਾ ਬੇਗਾਨਾ ਨਹੀਂ। ਜਦੋਂ ਮਨੁਖ ‘ਮੁਰਦਾਰ’ ਖਾਣ ਗਿੱਝ ਜਾਵੇ, ਫਿਰ ਉਹ ਥਾਂ ਕੁਥਾਂ ਨਹੀਂ ਵੇਖਦਾ। ਇਕ ਪਾਸੇ ਕਤਲ ਹੋਣ ਤੋਂ ਬਚੇ ਹੋਏ ਸਿੱਖ ਪ੍ਰਵਾਰ ਡਰੇ ਸਹਿਮੇ ਦਰ ਦਰ ਭਟਕ ਰਹੇ ਸਨ। ਸਿਰੜ ਦੀ ਪੱਕੀ ਬੀਬੀ ਦਰਸ਼ਨ ਕੌਰ ਨੇ, ਆਪਣੀਆਂ ਵਿਧਵਾ ਸਿੱਖ ਬੀਬੀਆਂ ਸਮੇਤ, ਅੰਤ ਦੀਆਂ ਮੁਸੀਬਤਾਂ ਵਿਚ, ਕਾਤਲਾਂ ਵਿਰੁਧ ਅਦਾਲਤੀ ਮੁਹਿੰਮ ਢਿੱਲੀ ਨਹੀਂ ਪੈਣ ਦਿੱਤੀ। ਪਰ ਇਕ ਆਤਮਾ ਸਿੰਘ ਲੁਬਾਣਾ ਨਾਮੀ ਵਿਅਕਤੀ, ਇਨ੍ਹਾਂ ਬੀਬੀਆਂ ਨੂੰ ਮੁਕਦਮਾ ਲੜਨੋਂ ਰੋਕਣ ਲਈ ਨੀਚਤਾ ਦੀਆਂ ਸਭ ਹੱਦਾਂ ਪਾਰ ਕਰ ਗਿਆ। ਉਸ ਨੇ ਧਮਕੀਆਂ ਹੀ ਨਹੀਂ ਦਿੱਤੀਆਂ, ਸਗੋਂ ਇਹਨਾਂ ਵਿਧਵਾਵਾਂ ਨੂੰ ਲਗਾਤਾਰ ਗੰਦੀਆਂ ਗਾਲਾਂ ਦਿੰਦਾ ਰਿਹਾ, ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ, ਤੇ ਅਖੀਰ ਇਹਨਾਂ ਨੂੰ ਚਪੇੜਾਂ ਮਾਰ ਭੀ ਗਿਆ। ਇਨ੍ਹਾ ਦੁਖਿਆਰੀਆਂ ਨੇ ਦਿੱਲੀ ਕਮੇਟੀ ਦੇ ‘ਮਾਲਕਾਂ’ ਕੋਲ ਫਰਿਆਦ ਕੀਤੀ। ਉਹਨਾਂ ਸੁਣ ਕੇ ਅਣਸੁਣੀ ਕਰ ਦਿੱਤੀ। ਇਹ ਬੀਬੀਆਂ ਅਕਾਲ ਤਖਤ ਦੇ ਪੁਜਾਰੀ (ਅਖੌਤੀ ਜਥੇਦਾਰ) ਕੋਲ ਫਰਿਆਦੀ ਹੋਈਆਂ। ਉਸ ਨੇ ‘ਫੱਫੇਕੁੱਟਣੀਆਂ’ ਆਖ ਕੇ ਅਪਮਾਨ ਕੀਤਾ। ਫਿਰ ਇਨ੍ਹਾਂ ਲੁਬਾਣਾ ਬਰਾਦਰੀ ਦੀ ਪੰਚਾਇਤ ਅੱਗੇ ਦੁਖੜਾ ਰੋਇਆ। ਪੰਚਾਇਤ ਨੇ ਧਿਆਨ-ਪੂਰਵਕ ਹੋਈ ਬੀਤੀ ਸੁਣੀ। ਸਾਰੀ ਪੜਤਾਲ ਕਰਵਾਈ, ਜੋ ਸਹੀ ਨਿਕਲੀ। ਆਤਮਾ ਸਿੰਘ ਲੁਬਾਣਾ ਨੂੰ ਪੰਚਾਇਤ ਨੇ ਸੱਦ ਕੇ ਸਾਰੀ ਪੜਤਾਲ ਦੀ ਰਿਪੋਰਟ ਪੜ੍ਹ ਸੁਣਾਈ। ਉਹ ਤਸਲੀਬਖਸ਼ ਜੁਆਬ ਨਾ ਦੇ ਸਕਿਆ। ਲੁਬਾਣਾ ਪੰਚਾਇਤ ਦੇ ਪੰਚਾਂ ਨੇ, ਇਸ ਸਖਸ ਨੂੰ ਪੰਜ ਲੱਖ ਰੁਪੈ ਜੁਰਮਾਨਾ ਲਾਇਆ ਅਤੇ ਬੀਬੀਆਂ ਦੇ ਅਪਮਾਨ ਲਈ ਮੁਆਫੀ ਮੰਗਵਾਈ।

ਇਹਨਾਂ ਵਿਧਵਾਂ ਬੀਬੀਆਂ ਦੇ ਬੱਚੇ ਅਨਪੜ ਰਹਿ ਗਏ। ਅਵਾਰਾ ਹੋ ਗਏ, ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਗਏ। ਤੇ ਲੜਕੀਆਂ ....? ਜਿਉਂ-ਜਿਉਂ ਜੁਆਨੀ ਆਉਣ ਲੱਗੀ, ਲੋੜਾਂ ਪੂਰੀਆਂ ਨਾ ਹੋਈਆਂ। ਜਿਸਮ ਵੇਚਣ ਦੇ ਮੰਦੇ ਰਾਹ ਪੈ ਗਈਆਂ। ਕਈ ਕਾਤਲਾਂ ਦੇ ਸੰਗੀ ਸਾਥੀ, ਗੁੰਡੇ, ਫੁਸਲਾ ਕੇ ਲੈ ਜਾਂਦੇ ਤੇ ਹਨੇਰੀ ਖੱਡ (ਵੇਸਵਾਗਮਨੀ) ਵੱਲ ਧੱਕਾ ਦੇ ਦਿੰਦੇ। ਬਹੁਤ ਸਾਰੇ ਮਨਮੁਖਾਂ ਨੇ ਇਹਨਾਂ ਦੁਖਿਆਰੇ ਸਿੱਖਾਂ ਲਈ ਮਗਰ ਮੱਛ ਦੇ ਹੰਝੂ ਕੇਰ ਕੇ, ਰਾਜਸੀ ਸ਼ਤਰੰਜ ਖੇਲੀ। ਸਹੀ ਮਾਇਨਿਆਂ ਵਿੱਚ ਇਨ੍ਹਾਂ ਦੀ ਕਿਸੇ ਨੇ ਸਾਰ ਨਾ ਲਈ। ਦੁਨੀਆਂ ਭਰ ਵਿਚ ਗੁਰਦੁਆਰਿਆਂ ਦੀਆਂ ਗਗਨਚੁੰਬੀ ਇਮਾਰਤਾਂ ਉਸਰ ਰਹੀਆਂ ਹਨ। ਜਿਨ੍ਹਾਂ ਤੇ ਸਿੱਖ ਕੌਮ ਨੇ ਪਾਗਲਪਣ ਦੀ ਹੱਦ ਤੱਕ ਪੈਸਾ ਰੋੜ੍ਹ ਦਿੱਤਾ ਹੈ ਪਰ ਇਨ੍ਹਾਂ ਦੁਖਿਆਰੇ ਪਰਵਾਰਾਂ ਦੀ ਬਾਂਹ ਨਹੀਂ ਫੜੀ। ਦੁਨੀਆ ਭਰ ਦੇ ਵਿਸ਼ਾਲ ਗੁਰਦੁਆਰਿਆਂ ਵਿਚ ਹਰ ਰੋਜ ਕਰੋੜਾਂ ਰੁਪਏ ਦਾ ਲੰਗਰ ਵਰਤਾਇਆ ਜਾਂਦਾ ਹੈ। ਰੱਜਿਆਂ ਨੂੰ ਰਜਾਇਆ ਜਾਂਦਾ ਹੈ। ਗੈਰ-ਸਿੱਖਾਂ ਵਿਚ ਖੁਦ ਨੂੰ ਦਾਨੀ ਹੋਣ ਦਾ ਸਵਾਂਗ ਕਰਕੇ ਵਿਖਾਇਆ ਜਾਂਦਾ ਹੈ। ਪਰ ਇਨ੍ਹਾਂ ਰੁਲਦੇ ਹੋਏ ਵਖਤਾਂ ਦੇ ਮਾਰੇ, ਗਰੀਬ ਪਰਵਾਰਾਂ ਦੇ ਬੱਚਿਆਂ ਲਈ, ਸਕੂਲ ਨਹੀਂ ਖੋਹਲੇ ਗਏ। ਚੰਦੋਏ, ਚੌਰ ਅਤੇ ਰੁਮਾਲਿਆਂ ’ਤੇ ਹਰ ਰੋਜ ਲੱਖਾਂ ਰੁਪਿਆ ਉਡ ਜਾਂਦਾ ਹੈ। ਪਰ ਇਨ੍ਹਾਂ ਪਰਵਾਰਾਂ ਦੇ ਨੰਗੇ ਤਨ ਢਕਣ ਦਾ ਖਿਆਲ ਤੱਕ ਨਾ ਆਇਆ। ਸੋਨੇ ਦੀਆਂ ਕਹੀਆਂ, ਸੋਨੇ ਦੇ ਤਸਲੇ, (ਬੱਠਲ) ਬਣਵਾਏ ਜਾ ਸਕਦੇ ਹਨ। ਦਰਬਾਰ ਸਾਹਿਬ ਅਤੇ ਹੋਰ ਅਣਗਿਣਤ ਗੁਰਦੁਆਰਿਆਂ ਤੇ ਸੋਨਾ ਥੱਪਿਆ ਜਾ ਸਕਦਾ ਹੈ। ਸੋਨੇ ਦੀਆਂ ਪਾਲਕੀਆਂ ਬਣਾ ਕੇ ਗੁਰਦੁਆਰਿਆਂ ਵਿਚ ਸਜਾਈਆਂ ਹਨ। ਹਾਏ ਸਤਿਗੁਰੂ ਜੀ। ਤੁਹਾਡੇ ਨਾਮ ਤੇ ਇਕੱਠਾ ਕੀਤਾ ਪੈਸਾ, ਤੁਹਾਡੇ ਬੱਚਿਆਂ ਨੂੰ ਰੋਜਗਾਰ ਦੇਣ ’ਤੇ ਨਾ ਖਰਚਿਆ ਗਿਆ। ਪ੍ਰਧਾਨਾਂ ਸਕਤਰਾਂ ਦੇ ਨਿੱਜੀ ਮਹਿਲ ਉਸਰ ਗਏ। ਚੰਮ-ਚੰਮ ਕਰਦੀਆਂ ਕਾਰਾਂ ਧੂੜਾਂ ਉਡਾਉਂਦੀਆਂ ਫਿਰ ਰਹੀਆਂ ਹਨ। ਪਰ ਇਹਨਾਂ ਘੱਲੂਘਾਰਿਆਂ ਵਿਚ ਬਰਬਾਦ ਹੋਏ ਸਿੱਖ ਪਰਵਾਰਾਂ ਲਈ, ਸਾਦੇ ਜਿਹੇ ਮਕਾਨ ਤਕ ਨਾ ਬਣ ਸਕੇ। ਸਵਾਰੀ ਲਈ ਸਾਈਕਲ ਤਕ ਨਾ ਖਰੀਦੇ ਗਏ। ਸਰਕਾਰਾਂ ਨੇ ਤਾਂ ਸਿੱਖ ਕੌਮ ਨੂੰ ਤਬਾਹ ਕਰਨਾ ਹੀ ਹੈ। ਸਿੱਖਾਂ ਦੇ ਚੌਧਰੀ ਖੁਦ ਦੁਸ਼ਮਣਾਂ ਵਾਲਾ ਪਾਰਟ ਅਦਾ ਕਰ ਰਹੇ ਹਨ।

ਇਨ੍ਹਾਂ ਨਿਰਾਸਤਾ ਵਾਲੇ ਕਾਰਨਾਂ ਕਰਕੇ ਸਿੱਖ ਨੌਜੁਆਨਾਂ ਨੇ, ਪੰਜਾਬ ਵਿਚ ਹਥਿਆਰ ਬੰਦ ਜੰਗ ਸ਼ੁਰੂ ਕਰ ਦਿੱਤੀ। ਅਕਾਲੀ ਲੀਡਰਾਂ ਨੇ ਸਗੋਂ ਉਹਨਾਂ ਨੂੰ ਉਤਸ਼ਾਹਤ ਕੀਤਾ। ਬਿਨਾਂ ਕਿਸੇ ਦੂਰ ਅੰਦੇਸੀ ਤੋਂ, ਇਹ ਨੌਜੁਆਨ ਆਪ ਕੁਰਬਾਨੀ ਤਾਂ ਕਰ ਗਏ। ਜੁਆਨੀਆਂ ਲੇਖੇ ਲਾ ਗਏ। ਇਹਨਾਂ ਦੇ ਪਰਵਾਰ ਉਜੜ ਗਏ। ਇਹਨਾਂ ਨੂੰ ਲੁੱਟ ਕੁੱਟ ਕੇ ਪੁਲਿਸ ਵਾਲਿਆਂ ਨੇ ਆਪਣੀਆਂ ਤਿਜੋਰੀਆਂ ਭਰ ਲਈਆਂ। ਦੋ ਲੱਖ ਸਿੱਖ ਕੋਹ-ਕੋਹ ਕੇ ਖਪਾ ਦਿੱਤੇ ਗਏ। ਪ੍ਰਾਪਤੀ ਕੌਡੀ ਦੀ ਨਹੀਂ ਹੋਈ। ਸਗੋਂ ਪੰਜਾਬ ਵਿਚਲੇ ਨਰਸੰਘਾਰ ਦੀ, ਅਕਾਲੀ ਸਰਕਾਰਾਂ ਨੇ ਪੜਤਾਲ ਕਰਾਉਣੀ ਭੀ ਵਾਜਬ ਨਾ ਸਮਝੀ। ਕਿਸੇ ਉਜੜੇ ਨੂੰ ਬਸਾਉਣ ਦਾ ਜਤਨ ਕਰਨਾ ਤਾਂ ਕਿਤੇ ਰਿਹਾ, ਧਰਵਾਸ ਦੇ ਦੋ ਸ਼ਬਦ ਭੀ ‘ਅਕਾਲੀ’ ਨਾ ਬੋਲ ਸਕੇ। ਇਸ ਘੋਰ ਮਾਯੂਸੀ ਦੇ ਆਲਮ ਵਿਚ, ਪੰਜਾਬ ਦੇ ਨੌਜੁਆਨਾਂ ਨੇ ਦਾਹੜੀ ਕੇਸ ਕਟਵਾ ਦਿੱਤੇ। ਭਵਿੱਖ ਧੁੰਦਲਾ ਹੋਣ ਕਾਰਨ, ਨਸ਼ਿਆਂ ਵਿਚ ਡੁੱਬ ਗਏ। ਅਕਾਲੀ ਦਲਾਂ ਨੂੰ ਸਿੱਖ ਵੋਟ ਦੀ ਬਜਾਏ ਹਿੰਦੂ ਵੋਟ ਤੇ ਨਿਰਭਰ ਹੋਣਾ ਪਿਆ। ਹਿੰਦੂ (ਭਾਜਪਾ) ਅਜਿਹੇ ਗਏ ਗੁਜਰੇ, ਸਿੱਖੀ ਦੇ ਦੁਸ਼ਮਣ ਅਕਾਲੀਆਂ ਨੂੰ ਵੋਟ ਪਾ ਕੇ ਗੱਦੀ ਤੋਂ ਜ਼ਰੂਰ ਬਿਠਾਉਣਗੇ। ਕਿਉਂਕਿ ਇਸ ਤਰ੍ਹਾਂ ਉਹ ਬਿਨਾਂ ਖੂਨ ਦੀਆਂ ਨਦੀਆਂ ਬਹਾਏ, ਬਿਨਾਂ ਬਦਨਾਮੀ ਖੱਟੇ, ਸਿੱਖ ਲੀਡਰਾਂ ਰਾਹੀਂ ‘ਸਿੱਖਾਂ ਦਾ ਸਰਬਨਾਸ’ ਸੌਖਿਆਂ ਕਰ ਸਕਣਗੇ।

ਅਗਰ ਸਿੱਖ ਮੁਖੀਆਂ ਵਿਚ ਰਾਈ ਮਾਤਰ ਭੀ ਦਿਆਨਤਦਾਰੀ ਅਤੇ ਦੂਰਅੰਦੇਸ਼ੀ ਹੁੰਦੀ ਤਾਂ ਫੱਟੜ ਹੋਈ ਸਿੱਖ ਕੌਮ ਨੂੰ ਕੋਈ, ਸਾਰਥਕ ਸੇਧ ਦਿੰਦੇ। ਅਸੀਂ ਹਥਿਆਰਬੰਦ ਜੰਗ ਭਾਵੇਂ ਹਾਰ ਗਏ ਹਾਂ, ਪਰ ’ਕਲਮੀ ਜੰਗ’ (ਵਿਦਿਆ) ਲੜਨ ਵਾਸਤੇ, ਕੋਈ ਸਾਰਥਕ ਪ੍ਰਬੰਧ ਕੀਤੇ ਜਾ ਸਕਦੇ ਸਨ। ਸਿੱਖ ਪੰਥ ਦੀਆਂ ਲੋੜਾਂ ਪੂਰੀਆਂ ਕਰਨਵਾਲੇ, ਕਿੱਤਾ ਮੁਖੀ ਸਕੂਲ ਤੇ ਕਾਲਜ ਨਹੀਂ ਖੋਹਲੇ ਗਏ। ਵਿਦਿਆ ਦੇ ਪਸਾਰ ਵਾਸਤੇ, ਕੋਈ ਸਾਰਥਕ ਪ੍ਰਬੰਧ ਨਾ ਕੀਤੇ ਗਏ। ਸਿੱਖ ਬੱਚੇ ਅਣਪੜ ਰਹਿ ਗਏ। ਬੇਰੁਜਗਾਰ ਰਹਿ ਗਏ। ਪੈਸੇ ਤੋਂ ਬਿਨਾਂ ਘਰ ਦੀਆਂ ਖੁਸ਼ੀਆਂ ਉਡ ਗਈਆਂ। ਅਗਰ ਸਿੱਖ ਮੁਖੀਆਂ ਨੇ, ਦੂਰ ਅੰਦੇਸੀ ਤੋਂ ਕੰਮ ਲੈਂਦਿਆਂ, ਚੰਗੇ ਅਖਬਾਰ ਸ਼ੁਰੂ ਕੀਤੇ ਹੁੰਦੇ। ਟੈਲੀਵੀਜ਼ਨ ਚੈਨਲ ਚਲਾਏ ਹੁੰਦੇ ਤਾਂ ਸਿੱਖ ਵਿਦਵਾਨ ਆਪਣੇ ਨੌਜੁਆਨਾਂ ਨੂੰ ਸਹੀ ਸੇਧ ਦਿੰਦੇ। ਗੁਰਮਤ ਬਾਰੇ ਭੀ ਅਤੇ ਦੁਨੀਆਦਾਰੀ ਬਾਰੇ ਭੀ, ਪੰਥ ਨੂੰ ਏਕੇ ਦੇ ਸੂਤਰ ਵਿਚ ਪਰੋ ਕੇ ਰੱਖਣ ਵਾਸਤੇ ਅਖਬਾਰ, ਰਸਾਲੇ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ, ਇਹ ਪੱਖ ਭੀ ਅਣਗੌਲਿਆ ਰਹਿ ਗਿਆ। ਧਰਮ ਪ੍ਰਚਾਰ ਲਈ ਨੌਜੁਆਨਾਂ ਨੂੰ ਸਿੱਖਿਆ ਦੇ ਕੇ, ਦੇਸ ਵਿਦੇਸ਼ ਵਿਚ ਭੇਜਣਾ ਬਣਦਾ ਸੀ ਤਾਂ ਕਿ ਭਾਂਤ-ਸੁਭਾਂਤੀ ਸਿੱਖੀ ਨਾ ਫੈਲਦੀ। ਹਰ ਗੁਰਦੁਆਰੇ ਵਿਚ, ਇਕੋ ਜਿਹੀ ਸਿੱਖ ਰਹਿਤ ਮਰਿਆਦਾ ਲਾਗੂ ਹੁੰਦੀ। ਇਕੋ ਜਿਹੇ ਵਿਦਵਾਨ ਕਥਾਵਾਚਕ ਹੁੰਦੇ। ਨੌਜੁਆਨਾਂ ਨੂੰ ਰੋਗਜਾਰ ਮਿਲਦਾ, ਸਿੱਖ ਸਮਾਜ ਦੀ ਚੜਦੀ ਕਲਾ ਹੁੰਦੀ। ਪ੍ਰਮਾਣੀਕ ਤੇ ਸਸਤਾ ਸਾਹਿਤ ਛਾਪਕੇ, ਹਰ ਗੁਰਦੁਆਰੇ ਵਿਚ ਪੁੱਜਦਾ ਕੀਤਾ ਜਾਂਦਾ ਤਾਂ ਕਿ ਨਾਲੋਂ ਨਾਲ ਸਿੱਖ ਮਾਨਸਿਕ ਤੌਰ ਤੇ ਵਿਕਾਸ ਕਰ ਸਕਦੇ। ਆਰਥਕ ਪੱਖੋਂ ਕਮਜੋਰ ਪਰਵਾਰਾਂ ਦੀ ਪੜਤਾਲ ਕੀਤੀ ਜਾਂਦੀ। ਉਨ੍ਹਾਂ ਦੇ ਬੱਚਿਆਂ ਨੂੰ ਗੁਰਦੁਆਰਾ ਕਮੇਟੀਆਂ ਅਪਣਾਉਂਦੀਆਂ, ਪੜਾਉਂਦੀਆਂ ਤੇ ਰੁਜਗਾਰ ’ਤੇ ਲਗਣ ਵਿੱਚ ਸਹਾਇਤਾ ਕਰਦੀਆਂ। ਕਿਸੇ ਸਿੱਖ ਪਰਵਾਰ ’ਤੇ ਸਰਕਾਰੀ ਧੱਕੇ ਸਾਹੀ ਹੋਵੇ। ਮੁਕੱਦਮਾ ਬਣ ਜਾਵੇ, ਬਿਮਾਰੀ ਆ ਪਵੇ, ਐਕਸੀਡੈਂਟ ਹੋ ਜਾਵੇ, ਇਨ੍ਹਾਂ ਲੋੜਵੰਦਾਂ ਦੀ ਫੌਰੀ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇ।

ਇੰਨੀ ਬੇਰਹਿਮੀ ਨਾਲ ਸਾਇਦ ਸੱਪਣੀ ਭੀ ਆਪਣੇ ਬੱਚਿਆਂ ਨੂੰ ਨਾ ਖਾਂਦੀ ਹੋਵੇ, ਜਿਵੇਂ ਸਿੱਖਾਂ ਦੇ ਮੁਖੀਆਂ ਨੇ ਸਿੱਖ ਜੁਆਨੀ ਨੂੰ ਨਿਗਲਿਆ ਹੈ। ਮੁਗਲਾਂ ਦੀ ਮਾਰ ਤੋਂ ਸਿੱਖ ਕੌਮ ਨਹੀਂ ਮਰੀ ਸੀ। ਅੰਗਰੇਜ਼ਾਂ ਦੀ ਮਾਰ ਤੋਂ ਭੀ ਸਿੱਖ ਬਚ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਥੋੜੇ ਜਿਹੇ ਗੱਦਾਰ ਹਿੰਦੂ ਵੱਡੇ ਅਹੁਦਿਆਂ ਤੇ ਸਨ। ਉਨ੍ਹਾਂ ਪੰਜਾ-ਸੱਤਾਂ ਨੇ ਹੀ ਸਿੱਖ ਕੌਮ ਦੀਆਂ ਗੋਡਣੀਆਂ ਲਗਵਾ ਦਿੱਤੀਆਂ। ਅੱਜ ਚਾਰੇ ਬੰਨੇ ਡੋਗਰਾ ਗਰਦੀ ਹੀ ਸਿੱਖ ਕੌਮ ਤੇ ਸਵਾਰ ਹੈ। ਤੇਜ਼ ਸਿੰਘ ਲਾਲ ਸਿੰਘ ਤੇ ਪਹਾੜਾ ਸਿੰਘ, ਅੱਜ ਹਰ ਜਥੇਬੰਦੀ ਵਿਚ ਘੁਸਪੈਠ ਕਰ ਚੁਕੇ ਹਨ। ਆਮ ਸਿੱਖ ਮਾਈ-ਭਾਈ ਡਰਿਆ ਹੋਇਆ ਹੈ। ਅਣਗਿਣਤ ਮੁਸੀਬਤਾਂ, ਖਤਰਿਆਂ ਵਿਚ ਘਿਰਿਆ ਹੋਇਆ ਜੀਵਨ ਰੂਪੀ ਗੱਡੀ ਨੂੰ ਘਸੀਟ ਰਿਹਾ ਹੈ।

ਘੱਟ ਗਿਣਤੀ ਸਿੱਖ ਕੌਮ ਦਾ ਮਨੋਬਲ ਤੋੜਨ ਲਈ ਇਹਨਾਂ ਦੀ ਕੋਈ ਜਾਇਜ ਮੰਗ ਭੀ ਸਵੀਕਾਰ ਨਾ ਕੀਤੀ ਗਈ। ਬਾਰ-ਬਾਰ ਸ਼ਾਂਤਮਈ ਮੋਰਚੇ ਲਗਦੇ ਰਹੇ, ਜੇਲ੍ਹਾਂ ਭਰਦੀਆਂ ਰਹੀਆਂ। ਸਰਕਾਰ ਟੱਸ ਤੋਂ ਮੱਸ ਨਾ ਹੋਈ। ਸਿੱਖ ਹੱਕਾਂ ਤੇ ਨਿਤ ਡਾਕੇ ਪੈਂਦੇ ਬਰਦਾਸਤ ਨਾ ਕਰਦਿਆਂ, ਸਿੱਖ ਸਮੂਹ ਦਾ ਖੂਨ ਖੌਲ ਉਠਿਆ। ਟਕਰਾਉ ਵਧਦਾ ਗਿਆ ਤੇ ਅੰਤ ਭਾਰਤ ਸਰਕਾਰ ਦੀਆਂ ਫੌਜਾਂ ਨੇ ਇੰਦਰਾ ਤੇ ਜਰਨਲ ਵੈਦਿਆ ਦੀ ਕਮਾਨ ਅਧੀਨ ਸਿੱਖ ਕੌਮ ਤੇ ਮਾਰੂ ਹੱਲਾ ਬੋਲ ਦਿੱਤਾ। ਯਾਦ ਰਹੇ, ਭਾਵੇਂ ਪਰਚਾਰਿਆ ਇਹੀ ਗਿਆ ਹੈ ‘ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ।’ ਅਸਲ ਵਿਚ ਪੂਰੀ ਸਿੱਖ ਕੌਮ ਨੂੰ ਅਪਮਾਨਤ ਕੀਤਾ ਗਿਆ। ਭਾਵੇਂ ਦਰਬਾਰ ਸਾਹਿਬ ਪਰਿਸਰ ਸੀ।

ਭਾਵੇਂ ਦਿੱਲੀ ਦੀਆਂ ਸੜਕਾਂ ਸਨ, ਭਾਵੇਂ ਪੰਜਾਬ ਦੇ ਪਿੰਡ ਸਨ। ਵੱਖੋ ਵੱਖਰੇ ਤਰੀਕਿਆਂ ਨਾਲ, ਸਿੱਖ ਕੌਮ ਨੂੰ ਲੁੱਟਿਆ ਗਿਆ। ਜੇ ਰਤਾ ਮਾਸਾ ਵਿਰੋਧ ਕੀਤਾ ਤਾਂ ਬੇਰਹਿਮੀ ਨਾਲ ਕੁੱਟਿਆ ਗਿਾ। ਸੰਨ 1947 ਤੋਂ ਬਾਦ, ਲਗਾਤਾਰ ਸਿੱਖਾਂ ਨੂੰ ਲਿਤਾੜਿਆ ਤੇ ਪਛਾੜਿਆ ਗਿਆ ਹੈ। ਸਿੱਖ ਲੀਡਰ ਸਿੱਖ ਪੰਥ ਨੂੰ ਸੁਚੱਜੀ ਅਗਵਾਈ ਨਹੀਂ ਦੇ ਸਕੇ।

ਸਿੱਖ ਕੌਮ ਦੀ ਕਾਤਲ ਇੰਦਰਾ ਗਾਂਧੀ ਨੂੰ ਸ੍ਰ. ਬੇਅੰਤ ਤੇ ਸ੍ਰ. ਸਤਵੰਤ ਸਿੰਘ ਨੇ ਸਜਾ ਦੇ ਦਿੱਤੀ। ਜਰਨਲ ਵੈਦਿਆ ਨੂੰ ਸ੍ਰ. ਹਰਜਿੰਦਰ ਸਿੰਘ ਤੇ ਸ੍ਰ. ਸੁਖਦੇਵ ਸਿੰਘ ਨੇ ਪਾਪਾਂ ਦਾ ਦੰਡ ਦੇ ਦਿੱਤਾ। ਭਾਰਤੀ ਹਾਕਮਾ ਦਾ ਇਨਸਾਫ ਵੇਖੋ। ਇੰਦਰਾ ਗਾਂਧੀ ਅਤੇ ਵੈਦਿਆ ਨੂੰ ਕੀਤੇ ਦੀ ਸਜਾ ਦੇਣ ਤੇ ਸਿੱਖ ਬਹਾਦਰਾਂ ਨੂੰ ਸਜਾ-ਏ-ਮੌਤ। ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਫੌਜੀਆਂ ਨੂੰ 15 ਅਸਗਤ 1984 ਨੂੰ ਭਾਰਤ ਦਾ ਰਾਸ਼ਟਰਪਤੀ ‘ਬਹਾਦਰੀ ਭਰੀ’ ਕਾਰਵਾਈ ਬਦਲੇ ਸਨਮਾਨਤ ਕਰਦਾ ਹੈ। ਇਸ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਹਿੰਦੂ ਜਨੂੰਨੀਆਂ ਵਲੋਂ ਉਸ ਵਕਤ ਹਮਲਾ ਕੀਤਾ ਗਿਆ, ਜਦੋਂ ਇਹ ਇੰਦਰਾ ਗਾਂਧੀ ਦੇ ਗੋਲੀਆਂ ਵੱਜਣ ਤੇ, ਤੁਰੰਤ ਉਸ ਨੂੰ ਵੇਖਣ ਗਿਆ ਸੀ। ਫਿਰ ਇਸ ਦੇ ਮਹਿਲ ਦੁਆਲੇ, ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਦਸ ਦਿਨਾਂ ਤਕ ਸ਼ੈਤਾਨੀ ਰੂਪ ਵਿਚ ਕਾਂਗਰਸੀ ਗੁੰਡੇ ਅਤੇ ਪੁਲਿਸ ਬਲ ਸਿੱਖਾਂ ਦਾ ਸ਼ਿਕਾਰ ਕਰਦੇ ਰਹੇ। ਰਾਸ਼ਟਰਪਤੀ ਆਪਣੇ ਮਹਿਲ ਦੇ ਉਚੇ ਮੁਨਾਰਿਆਂ ਤੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਵੇਖਦਾ ਰਿਹਾ। ਜ਼ਖ਼ਮੀਆਂ ਦੀਆਂ ਮਰਣ ਚੀਕਾਂ ਸੁਣਦਾ ਰਿਹਾ। ਪਰ ਇਹਨਾਂ ਬਾਰੇ, ਹਮਦਰਦੀ ਵਾਲੇ ਦੋ ਅੱਖਰ ਭੀ ਨਾ ਬੋਲ ਸਕਿਆ। ਕਾਤਿਲਾਂ ਨੂੰ ਸਜਾ ਤਾਂ ਕਿਥੋਂ ਦਿਵਾਣੀ ਸੀ? ਭਾਰਤ ਸਰਕਾਰ ਦੀ ਅਤੇ ਇੰਦਰਾ ਗਾਂਧੀ ਦੀ ਉਮਰ ਭਰ ਖਿਦਮਤ ਕਰਨ ਵਾਲਾ ਗਿਆਨੀ ਜੈਲ ਸਿੰਘ, ਅਨੰਦਪੁਰ ਸਾਹਿਬ ਤੋਂ ਚੰਡੀਗੜ ਨੂੰ ਜਾਂਦਿਆਂ ਇਕ ਟਰੱਕ ਨਾਲ ਹੋਏ ‘ਐਕਸੀਡੈਂਟ’ ਵਿਚ ਮਾਰਿਆ ਵਿਖਾ ਦਿੱਤਾ, ਤੇ ਗਲ ਖਤਮ ਹੋ ਗਈ।

ਭਾਰਤ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇ.ਪੀ.ਐਸ. ਗਿੱਲ ਪੁਲਿਸ ਮੁਖੀ ਅਤੇ ਪੰਜ ਪ੍ਰਤੀਸ਼ਤ ਵੋਟਾਂ ਲੈ ਕੇ ਬਣਿਆ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ। ਇਹਨਾਂ ਦੋਵਾਂ ਨੇ ਭਾਰਤ ਅਤੇ ਪੰਜਾਬ ਦੀਆਂ ਫੋਰਸਾਂ ਦੀ ਸਾਂਝੀ ਤਾਕਤ ਨਾਲ ਪੰਜਾਬ ਵਿਚੋਂ ਸਿੱਖ ਜੁਆਨੀ ਦਾ ਖਾਤਮਾ ਕਰਨਾ ਸ਼ੁਰੂ ਕੀਤਾ। ਸ੍ਰ. ਜਸਵੰਤ ਸਿੰਘ ਖਾਲੜਾ ਨੇ ਬਹੁਤ ਮਿਹਨਤ ਕਰਕੇ, 25000 ਸਿੱਖ ਨੌਜੁਆਨਾਂ ਦੀਆਂ ਲਾਵਾਰਿਸ ਕਹਿ ਕੇ ਸਾੜ ਦਿੱਤੀਆਂ ਲਾਸਾਂ ਨੂੰ ਲੱਭ ਕੇ, ਸੰਸਾਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਤਕ ਪੁਚਾ ਦਿੱਤਾ। ਇਗਲੈਂਡ ਅਮ੍ਰੀਕਾ ਤੇ ਕੈਨੇਡਾ ਦੀਆਂ ਪਾਰਲੀਮੈਂਟ ਵਿਚ ਭਾਰਤ ਸਰਕਾਰ ਨੂੰ ਸਭ ਨੇ ਲਾਹਣਤਾਂ ਪਾਈਆਂ।

‘‘ਸਰਕਾਰ ਨੇ ਪੰਜਾਬ ਵਿਚ ਸਰਕਾਰੀ ਫੋਰਸਾਂ ਵਲੋਂ 25000 ਵਿਅਕਤੀਆਂ ਦੀਆਂ ਮੌਤਾਂ ਨੂੰ ਕਬੂਲ ਕੀਤਾ ਹੈ। ਪੁਲਿਸ ਵਲੋਂ ਪੇਸ਼ ਹੋਏ ਵਕੀਲਾਂ ਨੇ, ਮਨੁੱਖੀ ਅਧਿਕਾਰ ਕਮਿਸ਼ਨ ਅੱਗੇ 66000 ਬੰਦੇ ਮਾਰੇ ਗਏ ਮੰਨਿਆ ਹੈ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸ੍ਰ. ਭਗਵਾਨ ਸਿੰਘ ਦਾਨੇ ਵਾਲੀਆ ਨੇ, ਆਪਣੀ ਇਸ ਵਿਸ਼ੇ ਤੇ ਲਿਖੀ ਕਿਤਾਬ ਦੇ (ਪੰਨਾ 488, ਟਰਨਿੰਗ ਪੁਆਇੰਟ ਆਫ ਸਿੱਖ ਹਿਸਟਰੀ) ਰਲੀਜ ਸਮਾਰੋਹ ਵਕਤ, ਇਸ ਰਹੱਸ ਤੋਂ ਪੜਦਾ ਚੁਕਿਆ। ਇਸ ਸਮਾਗਮ ਵਿਚ ਪੁਲਿਸ ਦੇ ਤਿੰਨ ਡਾਇਰੈਕਟਰ ਜਨਰਲ ਪੁਲਿਸ, ਡੀ.ਐਸ.ਮਾਂਗਟ, ਐਸ. ਕੇ. ਸ਼ਰਮਾ ਤੇ ਆਈ. ਐਸ. ਭੁੱਲਰ ਹਾਜਰ ਸਨ। ਪਰ ਪੰਜਾਬ ਦੀ ਸਿਵਲ ਪੜਤਾਲ ਮੁਤਾਬਕ 200,000 (ਦੋ ਲੱਖ) ਤੋਂ ਜਿਆਦਾ ਵਿਅਕਤੀ ਮਰੇ ਹਨ।’’ (ਸ੍ਰ. ਇੰਦਰਜੀਤ ਸਿੰਘ ਜੇਜੀ, ਪੰਜਾਬੀ ਟ੍ਰਿਬਿਊਨ, 6-10-2001)

ਸਿੱਖ ਨੌਜੁਆਨੀ ਨੂੰ ਭਾਰਤ ਸਰਕਾਰ ਵਲੋਂ ਥਾਪੇ, ਜਕਰੀਆ ਖਾਨ (ਪਾਪੀ ਬੇਅੰਤ ਸਿੰਘ ਤਤਕਾਲੀ ਮੁੱਖ ਮੰਤਰੀ) ਵਲੋਂ ਨਿਤ ਕੀਤੇ ਜਾ ਰਹੇ ਕਤਲੇਆਮ ਨੂੰ ਰੋਕਣ ਵਾਸਤੇ, ਕੁਝ ਅਣਖੀਲੇ ਬਹਾਦਰਾਂ ਨੇ ਫੈਸਲਾ ਕਰ ਲਿਆ। ਮਿੱਥੇ ਪ੍ਰੋਗਰਾਮ ਮੁਤਾਬਕ 31 ਅਗਸਤ 1995 ਨੂੰ ਮਨੁੱਖੀ ਬੰਬ ਬਣ ਕੇ, ਸ੍ਰ. ਦਿਲਾਵਰ ਸਿੰਘ ਨੇ, ਪੰਜਾਬ ਸੈਕਟਰੀਏਟ ਤੋਂ ਹੇਠਾਂ ਆਉਂਦੇ, ਬੇਅੰਤ ਸਿੰਘ ਨੂੰ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ। ਸੋਲਾਂ ਕੁ ਹੋਰ ਉਸ ਦੇ ਨੇੜਲੇ ਵਿਅਕਤੀ ਮਾਰੇ ਗਏ। ਸ੍ਰ. ਦਿਲਾਵਰ ਸਿੰਘ ਨੇ ਆਪਣੇ ਸਰੀਰ ਨੂੰ ਲੇਖੇ ਲਾ ਕੇ, ਹਜਾਰਾਂ ਕੀਮਤੀ ਜਾਨਾਂ ਬਚਾ ਲਈਆਂ। ਮਗਰੋਂ ਜਾ ਕੇ ਸ੍ਰ. ਪਰਮਜੀਤ ਸਿੰਘ ਭਿਉਰਾ, ਸ੍ਰ. ਜਗਤਾਰ ਸਿੰਘ ਹਵਾਰਾ, ਤੇ ਸ੍ਰ. ਬਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਬਾਰ੍ਹਾਂ ਸਾਲਾਂ ਤਕ ਇਹ ਮੁਕੱਦਮਾ ਚਲਦਾ ਰਿਹਾ। ਅੰਤ ਸ੍ਰ. ਜਗਤਾਰ ਸਿੰਘ ਤੇ ਸ੍ਰ. ਬਲਵੰਤ ਸਿੰਘ ਨੂੰ ਫਾਂਸੀ ਲਾਉਣ ਦਾ ਹੁਕਮ ਸੁਣਾ ਦਿੱਤਾ ਗਿਆ ਸੀ। ਸ੍ਰ. ਪਰਮਜੀਤ ਸਿੰਘ ਭਿਉਰਾ ਜੇਲ੍ਹ ਵਿਚੋਂ ਸੁਰੰਗ ਰਾਹੀਂ ਬਾਹਰ ਨਿਕਲ ਗਿਆ ਸੀ। ਕਿਹਾ ਜਾਂਦਾ ਹੈ ਕਿ ਉਹ ਕਿਸੇ ਬਾਹਰਲੇ ਦੇਸ਼ ਵਿਚ ਚਲਾ ਗਿਆ ਹੈ। ਇਨ੍ਹਾਂ ਸੂਰਮਿਆਂ ਦਾ ਮੁਕੱਦਮਾ ਲੜਨ ਵਾਲੇ ਵਕੀਲ ਸ੍ਰ. ਨਵਕਿਰਨ ਸਿੰਘ, ਸ੍ਰ. ਅਮਰ ਸਿੰਘ ਚਾਹਲ ਤੇ ਸ੍ਰੀ ਅਰਵਿੰਦ ਠਾਕੁਰ ਜੀ ਨੇ ਜੋ ਨਿਰਭੈਤਾ ਅਤੇ ਸਿਆਣਪ ਦਾ ਸਬੂਤ ਦਿੱਤਾ, ਉਹ ਯਾਦਗਾਰੀ ਹੋ ਗਿਆ ਹੇ। ਵਕੀਲਾਂ ਨੇ ਜੱਜ ਨੂੰ ਮੁਖਾਤਬ ਹੋ ਕੇ ਦਲੀਲ ਦਿੱਤੀ ‘‘ਜੱਜ ਸਾਹਿਬ, ਇਹਨਾਂ ਸਿੱਖ ਨੌਜੁਆਨਾਂ ਨੇ ਕੋਈ ਅਪਰਾਧ ਨਹੀਂ ਕੀਤਾ। ਸਗੋਂ ਮਨੁੱਖਤਾ ਉਪਰ ਉਪਕਾਰ ਕੀਤਾ ਹੈ। ਜੇ ਇਹ ਬੇਅੰਤ ਸਿੰਘ ਨੂੰ ਕਤਲ ਨਾ ਕਰਦੇ ਤਾਂ ਜਿਵੇਂ ਉਸ ਨੇ ਦੋ ਲੱਖ ਸਿੱਖ ਮੁੰਡੇ ਮਰਵਾ ਦਿੱਤੇ ਸਨ, ਇਸੇ ਤਰ੍ਹਾਂ ਉਸਨੇ ਅਜੇ ਸਰਕਾਰੀ ਤਾਕਤ ਵਰਤ ਕੇ ਕਤਲ ਕਰਨੋ ਰੁਕਣਾ ਨਹੀਂ ਸੀ। ਉਸਨੂੰ ਮਨੁੱਖੀ ਘਾਣ ਕਰਨ ਤੋਂ ਰੋਕਣ ਦਾ ਹੋਰ ਕੋਈ ਰਾਹ ਬਾਕੀ ਨਹੀਂ ਸੀ। ਇਨ੍ਹਾਂ ਮੁੰਡਿਆਂ ਨੂੰ ਤਾਂ ’ਅਮਨ ਪੁਰਸਕਾਰ’ ਮਿਲਣਾ ਚਾਹੀਦਾ ਹੈ। ਉਸਤੋਂ ਮਗਰੋਂ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਨਹੀਂ ਬਣੇ। ਧਾਰਮਕ ਭਾਵਨਾਵਾਂ ਵਿਚ ਬਹਿਕੇ, ਪਹਿਲਾਂ ਭੀ ਦੇਸ਼ ਵਿਚ ਕਤਲ ਹੋਏ ਹਨ। ਅੱਜ ਤਕ ਕਿਸੇ ਕਾਤਲ ਨੂੰ ਸਜਾਏ ਮੌਤ ਨਹੀਂ ਹੋਈ। ਇਹਨਾਂ ਨੂੰ ਤਾਂ ਸਗੋਂ ਸਜ਼ਾ ਹੋਣੀ ਹੀ ਨਹੀਂ ਚਾਹੀਦੀ। ਜਦੋਂ ਭੀ ਫਾਂਸੀ ਦੀ ਸਜਾ ਮਿਲਦੀ ਹੈ ਤਾਂ ਸਿਰਫ ਸਿੱਖਾਂ ਅਤੇ ਮੁਸਲਮਾਨਾਂ ਨੂੰ। ਇਕੋ ਜਿਹੇ ਕਤਲ ਜਦੋਂ ਹਿੰਦੂ ਕਰਨ ਤਾਂ ਉਹਨਾਂ ਨੂੰ ਕਈ ਚੋਰ ਮੋਰੀਆਂ ਦੁਆਰਾ ਬਰੀ ਕਰ ਦਿੱਤਾ ਜਾਂਦਾ ਹੈ।’’ ਜੱਜ ਨੇ ਤਾਂ ਉਪਰਲੀਆਂ ਹਦਾਇਤਾਂ ਮੁਤਾਬਕ ਫੈਸਲਾ ਕਰਨਾ ਸੀ। ਪਹਿਲਾਂ ਹੀ ਲਿਖਿਆ ਫੈਸਲਾ ਸੁਣਾ ਦਿੱਤਾ - ‘ਸਜਾਏ ਮੌਤ’। ਕੀ ਪੰਜਾਬ ਦੀ ਧਰਤੀ ’ਤੇ ਬੇਅੰਤ ਸਿੰਘ ਵਰਗੇ ਦਰਿੰਦੇ ਦੇ ਬੁੱਤ ਲਗਣੇ ਚਾਹੀਦੇ ਹਨ? ਕੀ ਇਹ ਬੁੱਤ ਸਿੱਖਾਂ ਨੂੰ ਹਰ ਰੋਜ਼ ਅਪਮਾਨਤ ਕਰਨ ਵਾਸਤੇ ਨਹੀਂ ਲਾਏ ਗਏ? ਵਕਤ ਮਿਲੇ ਤਾਂ ਇਸ ਪਾਸੇ ਸੋਚਣਾ।

ਉਂਝ ਤਾਂ ਆਪਣੀ ਲਿਖਤ, ਡਿਸਕਵਰੀ ਆਫ ਇੰਡੀਆ ਵਿਚ ਜਵਾਹਰ ਲਾਲ ਨਹਿਰੂ ਨੇ, ਇਹ ਸਵੀਕਾਰ ਕੀਤਾ ਹੈ ਕਿ ‘‘ਸਾਡੇ ਵਡੇਰੇ ਇਕ ਸੁਹਾਵਣੀ ਵਾਦੀ ਵਿਚੋਂ ਉਠ ਕੇ ਕਸ਼ਮੀਰ ਚਲੇ ਗਏ। ਜਿਸ ਦਾ ਨਾਮ ਸੀ ਰਾਜ ਕੌਲ। ਇਹ ਰਾਜ ਕੌਲ ਪੜਿਆ ਲਿਖਿਆ ਹੋਣ ਕਰਕੇ, ਕਸ਼ਮੀਰ ਦੇ ਗਵਰਨਰ ਦੀ ਖਿਦਮਤ ਵਿਚ ਸਰਕਾਰੀ ਨੌਕਰੀ ਤੇ ਲੱਗ ਗਿਆ। ਕੁਝ ਸਮੇਂ ਮਗਰੋਂ ਰਾਜ ਕੌਲ ਨੂੰ ਫਰੁਖ਼ਸੀਅਰ ਬਾਦਸ਼ਾਹ ਨੇ ਦਿੱਲੀ ਬੁਲਾ ਲਿਆ। ਇਥੇ ਇਹਨਾਂ ਨੂੰ ਅੰਧਾ ਮੁਗਲ ਇਲਾਕੇ ਵਿਚ, ਰਿਹਾਇਸ ਲਈ ਚੰਗੀ ਕੋਠੀ ਦੇ ਦਿੱਤੀ ਗਈ। ਇਹਨਾਂ ਦਾ ਪੁੱਤਰ ਸ੍ਰੀ ਲਕਸ਼ਮੀ ਨਾਰਾਇਣ ਉਸਦਾ ਗੰਗਾਧਰ, ਗੰਗਾਧਰ ਦਾ ਬੇਟਾ ਮੋਤੀ ਲਾਲ, ਤੇ ਅੱਗੇ ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਆਦਿ।’’

ਅਸਲ ਵਿਚ ਪੰਡਤ ਗੰਗਾ ਰਾਮ (ਗੰਗੂ) ਨੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ ਸੀ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਵਜੀਰਖਾਨ ਸੂਬੇਦਾਰ ਨੇ, ਤਸੀਹੇ ਦੇ ਕੇ ਤਿੰਨਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ। ਜਦੋਂ ਸੂਬੇਦਾਰ ਨੂੰ ਪਤਾ ਲਗਿਆ ਕਿ ਮਾਤਾ ਜੀ ਕੋਲ ਕੋਈ ਮੋਹਰਾਂ ਦੀ ਥੈਲੀ ਸੀ। ਜੋ ਇਸ ਗੰਗੂ ਚੁਗਲ ਨੇ ਆਪਣੇ ਕੋਲ ਲੁਕਾ ਲਈ ਹੈ। ਉਹ ਪੈਸਾ ਤਾਂ ‘ਸਰਕਾਰੀ’ ਖਜਾਨੇ ਵਿਚ ਜਮਾਂ ਹੋਣਾ ਚਾਹੀਦਾ ਸੀ। ਇਸੇ ਕਾਰਨ ਉਹ ਸਾਰੀ ਮਾਇਆ ਗੰਗੂ ਤੋਂ ਖੋਹ ਲਈ ਤੇ ਮਾਰ ਕੁਟਾਈ ਭੀ ਚੰਗੀ ਕੀਤੀ। ਥੋੜੇ ਹੀ ਸਮੇਂ ਅੰਦਰ ਪਾਸਾ ਪਲਟਦਾ ਨਜਰ ਆਇਆ। ਪਤਾ ਲੱਗਾ ਕਿ ਦਸਮ ਪਾਤਿਸ਼ਾਹ ਜੀ ਸਰੀਰ ਤਿਆਗਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਨੂੰ ਸਿੱਖਾਂ ਦਾ ਜਰਨੈਲ ਥਾਪ ਗਏ ਹਨ। ਬਾਬਾ ਬੰਦਾ ਸਿੰਘ, ਮਾਰੋ ਮਾਰ ਕਰਦਾ ਪੰਜਾਬ ਵਲ ਵੱਧ ਰਿਹਾ ਹੈ। ਇਸ ਹਾਲਤ ਨੂੰ ਭਾਂਪਦਿਆਂ, ਗੰਗੂ ਨੇ ਆਪਣਾ ਪੁੱਤਰ ਰਾਜ ਕੌਲ, ਸਿੱਖਾਂ ਦੀ ਪਹੁੰਚ ਤੋਂ ਦੂਰ ਜਾਣ ਕਸ਼ਮੀਰ ਭੇਜ ਦਿੱਤਾ। ਉਥੇ ਇਸ ਨੂੰ ਸਰਕਾਰੀ ਨੌਕਰੀ ਮਿਲ ਗਈ। ਜਦੋਂ ਫਰੁਖ਼ਸੀਅਰ ਦਿੱਲੀ ਤਖ਼ਤ ’ਤੇ ਕਾਬਜ ਹੋਇਆ, ਇਸਨੇ ਗੰਗੂ ਬਾਰੇ ਪੜਤਾਲ ਕਰਵਾਈ। ਕਸ਼ਮੀਰ ਦੀ ਸਰਕਾਰੀ ਨੌਕਰੀ ਹੋਣ ਦੀ ਪੁਸ਼ਟੀ ਤੋਂ ਮਗਰੋਂ, ਇਸ ਨੇ ਗੰਗੂ ਦੇ ਪੁੱਤਰ ਨੂੰ ਦਿੱਲੀ ਬੁਲਾ ਲਿਆ। ਗੁਰੂ ਘਰ ਨਾਲ ਧਰੋਹ ਕਮਾਉਣ ਵਾਲਾ ਪਰਵਾਰ, ਸਰਕਾਰ ਤੋਂ ਇਨਾਮ ਦਾ ਹੱਕਦਾਰ ਸੀ। ਹੋਇਆ ਇਹ ਕਿ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ, ਇਸ ਗੰਗੂ ਪਾਪੀ ਨੂੰ ਕੀਤੇ ਦੀ ਸਜਾ ਦੇ ਦਿੱਤੀ। ਸੋਨਾ ਪਹਿਲਾਂ ਹੀ ਖੋਹਿਆ ਜਾ ਚੁੱਕਿਆ ਸੀ। ਫਰੁਖ਼ਸੀਅਰ ਵਲੋਂ ਗੰਗੂ ਦੇ ਪੁੱਤਰ ਰਾਜ ਕੌਲ ਨੂੰ ਸਨਮਾਨਤ ਭੀ ਕੀਤਾ ਗਿਆ ਅਤੇ ਬੜਾ ਮਹੱਤਵਪੂਰਨ ਅਹੁਦਾ ਭੀ ਦਿੱਤਾ ਗਿਆ। ਸਿੱਖਾਂ ਦੇ ਕਹਿਰ ਤੋਂ ਘਬਰਾ ਕੇ, ਇਸ ਸਖਸ ਨੇ ਆਪਣੀ ਪਛਾਣ ਬਦਲ ਲਈ। ਆਪਣੇ ਨਾਮ ਨਾਲੋ ‘ਕੌਲ’ ਗੋਤਰ ਉਤਾਰ ਕੇ ‘ਨਹਿਰੂ’ ਲਾ ਲਿਆ। ਅਖੇ ਸਾਡਾ ਘਰ ਨਹਿਰ ਦੇ ਨਾਲ ਹੈ। ਸਾਰੇ ਭਾਰਤ ਵਿਚ ਕੋਈ ਇਕ ਭੀ ਬ੍ਰਾਹਮਣ, ‘ਨਹਿਰੂ’ ਗੋਤਰ ਵਾਲਾ ਨਹੀਂ ਹੈ। ਇਹ ਕੇਵਲ ਪਛਾਣ ਬਦਲੀ ਹੈ। ਇਸੇ ਖਾਨਦਾਨ ਵਿਚੋਂ ਸੀ ਇਹਨਾਂ ਦਾ ਵਡੇਰਾ ਗੰਗੂ ਬ੍ਰਾਹਮਣ।

ਡਾ. ਸੰਗਤ ਸਿੰਘ ਨੇ ਲਿਖਿਆ ਹੋਇਆ ਹੈ ਕਿ (ਇਤਿਹਾਸ ਵਿਚ ਸਿੱਖ) ਇੰਦਰਾ ਗਾਂਧੀ ਨੇ 1980 ਵਿਚ, ਆਪਣੇ ਵਿਸ਼ਵਾਸ ਪਾਤਰ ਸ੍ਰੀ ਯਸ਼ਪਾਲ ਕਪੂਰ ਦੀ ਅਗਵਾਈ ਵਿਚ, ਇਕ ਕਮੇਟੀ ਦਾ ਗਠਨ ਕੀਤਾ। ਉਸ ਕਮੇਟੀ ਨੂੰ ਆਪਣੇ ਵਡੇਰਿਆਂ ਬਾਰੇ ਕਸ਼ਮੀਰ ਵਿਚੋਂ ਪੜਤਾਲ ਕਰਕੇ, ਸਹੀ ਤੱਥ ਸਾਹਮਣੇ ਲਿਆਉਣ ਲਈ ਕਿਹਾ। ਇਸ ਕਮੇਟੇ ਨੇ ਸਾਰੇ ਪੁਰਾਣੇ ਰਿਕਾਰਡ ਫਰੋਲੇ। ਬਜੁਰਗਾਂ ਤੋਂ ਰਵਾਇਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਅੰਤ ਇਸ ਨਤੀਜੇ ਤੇ ਪੁੱਜੇ ਕਿ ਵਾਕਿਆ ਹੀ ਇੰਦਰਾ ਗਾਂਧੀ ਦੇ ਵਡੇਰੇ, ਉਹੀ ਰਾਜ ਕੌਲ ਅਤੇ ਗੰਗੂ ਹਨ, ਜਿਨਾਂ ਦਸਮ ਪਾਤਿਸ਼ਾਹ ਨਾਲ ਧਰੋਹ ਕਮਾਇਆ ਸੀ। ਇਹ ਜਾਣਕੇ ਇੰਦਰਾ ਗਾਂਧੀ ਗੁੱਸੇ ਨਾਲ ਤੜਪ ਉਠੀ। ਸਿੱਖ ਕੌਮ ਦਾ ਮਲੀਆਮੇਟ ਕਰਨ ਤੇ ਉਤਾਰੂ ਹੋ ਗਈ। ਡਾ. ਸੰਗਤ ਸਿੰਘ ਇਥੋਂ ਤਕ ਲਿਖ ਗਏ ਹਨ : ‘‘ਇਕ ਵਾਰੀ ਮੋਤੀ ਲਾਲ ਨਹਿਰੂ (ਜਵਾਹਰ ਲਾਲ ਦਾ ਪਿਤਾ, ਤੇ ਇੰਦਰਾ ਗਾਂਧੀ ਦਾ ਦਾਦਾ) ਨੇ ਕਿਹਾ ਸੀ, ਕਿ ਜੇ ਮੇਰੇ ਬਸ ਵਿਚ ਹੋਵੇ ਤਾਂ ਮੈ ਸਿੱਖਾਂ ਦਾ ਪੰਜਾਬ ਵਿਚੋਂ ਖਾਤਮਾ ਕਰਵਾਦਿਆਂ। ਪੰਜਾਬ ਨੂੰ ਭਾਰਤ ਦੇ ਨਕਸ਼ੇ ਵਿਚੋਂ ਮਿਟਾ ਦਿਆਂ’’ (ਇਤਿਹਾਸ ਵਿਚ ਸਿੱਖ ਪੰਨਾ 205)

ਇਕ ਲੋਕ ਅਖਾਣ ਹੈ, ‘ਉਹ ਫਿਰੇ ਨੱਥ ਕਰਾਉਣ ਨੂੰ , ਤੇ ਉਹ ਫਿਰੇ ਨੱਕ ਵਢਾਉਣ ਨੂੰ ।’ ਸਿੱਖ ਤਾਂ ਮੰਗ ਰਹੇ ਹਨ ਵੱਧ ਅਧਿਕਾਰ, ਪਾਣੀ ਬਿਜਲੀ, ਕਾਰਖਾਨੇ, ਕਿਸਾਨਾਂ ਲਈ ਅਨਾਜ ਦੀ ਵੱਧ ਕੀਮਤ। ਵਿਕਾਸ ਦੇ ਕੰਮਾਂ ਲਈ ਹੋਰ ਪੈਸਾ.....। ਭਾਰਤ ਦੀ ਹਾਕਮ ਜਨੂੰਨੀ ਧਿਰ ਕਹਿ ਰਹੀ ਹੈ ਕਿ ਤੁਸੀਂ ਅਧਿਕਾਰਾਂ ਦੀ ਗਲ ਭੁਲ ਜਾਉ। ਸਾਡੇ ਰਹਿਮੋ-ਕਰਮ ’ਤੇ ਹੋ, ਜੀਵਤ ਰਹਿਣ ਦੇਈਏ ਭਾਵੇਂ ਨਾ। ਹੁਣ ਤੁਹਾਡੀ ਇੱਜ਼ਤ ਤੇ ਜਾਨ ਸਾਡੀ ਮੁੱਠੀ ਵਿਚ ਬੰਦ ਹੈ। ਸੰਨ ਚੁਰਾਸੀ ਦੇ ਘੱਲੂਘਾਰਿਆਂ ਦੀ ਵੇਦਨਾ ਪ੍ਰਗਟ ਕਰਦੀ, ਸੁਰਜੀਤ ਪਾਤਰ ਨੇ ਇਕ ਕਵਿਤਾ ਲਿਖੀ, ਜਿਸ ਦੀਆਂ ਕੁਝ ਪੰਕਤੀਆਂ ਇਉਂ ਸਨ-

ਜਿਥੋਂ ਤਕ ਛਾਂ ਤਖਤ ਦੀ, ਅੱਗਾਂ ਹੀ ਅੱਗਾਂ।
ਚੌਂਕ ਚੁਰਾਹੇ ਸੜਦੀਆਂ, ਪੱਗਾਂ ਹੀ ਪੱਗਾਂ।

ਸ਼ਾਇਦ ਅੱਗੇ ਵਾਸਤੇ ਹੀ ਸਮਝ ਲਈਏ ਕਿ ਇਹਨਾਂ ਘੱਲੂਘਾਰਿਆਂ ਵਿਚ ਸਿੱਖਾਂ ਨੂੰ ਅਨੇਕ ਹਰਬੇ ਕਿਵੇਂ ਮਾਰਿਆ ਗਿਆ, ਤਸੀਹੇ ਦਿੱਤੇ ਗਏ, ਪਛਾਣ ਕਰ ਸਕੀਏ ਕਿ ਸਿੱਖਾਂ ਦੇ ਕਾਤਿਲ, ‘ਦੋਸ਼ੀ ਕੌਣ ਹਨ’? ਗੁਰਬਾਣੀ ਦਾ ਫੁਰਮਾਣ ਹੈ-

ਫਰੀਦਾ ਬਾਰਿ ਪਰਾਇਆ ਬੈਸਣਾ ਸਾਂਈ ਮੂਝੇ ਨ ਦੇਹਿ।।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।

(ਗੁ.ਗ੍ਰੰ.ਸਾ., ਪੰਨਾ 1390)