Subscription About Us Contact Us


ਘੱਟ-ਗਿਣਤੀ ਕੌਮਾਂ ਨੂੰ ਬ੍ਰਾਹਮਣਵਾਦੀਆਂ ਦੀਆਂ ਲੋਕਤੰਤਰ-ਵਿਰੋਧੀ ਤਾਲੀਬਾਨੀ ਨੀਤੀਆਂ ਵਿਰੁੱਧ ਲਾਮਬੰਦ ਹੋਣ ਦੀ ਲੋੜ

- ਸਰਬਜੀਤ ਸਿੰਘ -

ਭਾਰਤ ਵਿੱਚ ‘ਬਹੁਗਿਣਤੀ’ ਵਿੱਚ ਹੋਣ ਅਤੇ ਇਸ ਦੇਸ਼ ਨੂੰ ਆਪਣੀ ਨਿਜੀ ਜਾਇਦਾਦ ਸਮਝਣ ਵਾਲੇ ਬ੍ਰਾਹਮਣਵਾਦੀਆਂ ਵੱਲੋਂ ਘੱਟ-ਗਿਣਤੀ ਕੌਮਾਂ ਅਤੇ ਹੋਰ ਕਮਜ਼ੋਰ ਵਰਗਾਂ ’ਤੇ ਜ਼ੁਲਮ ਕਰਨ ਦੀ ਮੁਹਿੰਮ ਇਸ ਸਮੇ ਪੂਰਾ ਜ਼ੋਰ ਫੜ ਚੁੱਕੀ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦੱਖਣ ਭਾਰਤ ਤੱਕ, ਬ੍ਰਾਹਮਣਵਾਦੀਆਂ ਵੱਲੋਂ ਛੁਪੀ ਹੋਈ ਪ੍ਰਸ਼ਾਸਨਿਕ ਸਰਪ੍ਰਸਤੀ ਅਧੀਨ ਘੱਟ-ਗਿਣਤੀ ਕੌਮਾਂ ਅਤੇ ਦਲਿਤਾਂ ਦਾ ਘਾਣ ਬਹੁਤ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ।

ਬ੍ਰਾਹਮਣਵਾਦੀਆਂ ਨੂੰ ਸਭ ਤੋਂ ਵੱਧ ਈਰਖਾ ਅਣਖੀਲੇ ਸਰੂਪ ’ਤੇ ਵਿਚਾਰਧਾਰਾ ਵਾਲੇ ਸਿੱਖ ਸਮਾਜ ਤੋਂ ਹੈ। ਇਸਲਈ ਉਹ ਦੋ ਦਹਾਕਿਆਂ ਤੱਕ ਸਿੱਖ ਨੌਜੁਆਨਾਂ ਦੀ ਨਸਲਕੁਸ਼ੀ ਕਰਦੇ ਰਹੇ। ਇਹ ਮੁਹਿੰਮ ਹਾਲਾਂ ਵੀ ਜਾਰੀ ਹੈ ਅਤੇ ਸਮੇਂ-ਸਮੇਂ ’ਤੇ ਇਕੋ ਕਿਸਮ ਦੇ ਝੂਠੇ ਇਲਜ਼ਾਮ ਲਗਾ ਕੇ (ਕਿ ਫਲਾਣਾ ਨੌਜੁਆਨ ਸੌਦਾ ਸਾਧ / ਭਨਿਆਰੇ ਵਾਲੇ / ਆਸ਼ੂਤੋਸ਼ ’ਤੇ ਹਮਲਾ ਕਰਨ ਦੀ ਵਿਉਂਤ ਬਣਾ ਰਿਹਾ ਸੀ ਆਦਿਕ) ਜੁਝਾਰੂ ਕਿਸਮ ਦੇ ਨੌਜੁਆਨਾਂ ਦਾ ਘਾਣ ਕਰਨ ਤੋਂ ਪੁਲਿਸ ਜਾਂ ਅਖੌਤੀ ਪੰਥਕ ਸਰਕਾਰ ਨੂੰ ਕੋਈ ਪਰਹੇਜ਼ ਨਹੀਂ ਹੈ। ਨਵੰਬਰ 1984 ਵਿੱਚ ਬ੍ਰਾਹਮਣਵਾਦੀਆਂ ਨੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਜਿਸ ਜ਼ਾਲਮਾਨਾ ਢੰਗ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖ ਬੀਬੀਆਂ ਦੀ ਬੇਪਤੀ ਕੀਤੀ ਅਤੇ ਗੁਰਦੁਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ, ਉਸਨੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ। ਇਸਦੇ ਇਲਾਵਾ, ਸਿੱਖਾਂ ਦਾ ਹਿੰਦੂਕਰਨ ਕਰਨ ਅਤੇ ਸਿੱਖਾਂ ਨੂੰ ਆਪਣੇ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਤੋਂ ਅਵੇਸਲਾ ਬਣਾਉਣ ਲਈ ਸਿੱਖੀ ਸਰੂਪ ਵਾਲੇ ਸਾਧ-ਬਾਬਿਆਂ ਦੇ ਰੂਪ ਵਿੱਚ ਸਰਕਾਰੀ/ਬ੍ਰਾਹਮਣਵਾਦੀ ਏਜੰਟਾਂ ਦਾ ਜਾਲ ਸਾਰੇ ਸਿੱਖ ਸਮਾਜ ਉੱਪਰ ਵਿਛਾ ਦਿੱਤਾ ਗਿਆ ਹੈ। ਨਤੀਜੇ ਵਜੋਂ, ਸਿੱਖ ਕੌਮ ਪੂਰੀ ਤਰ੍ਹਾਂ ਲਾਚਾਰ, ਬੇਸਹਾਰਾ ਅਤੇ ਨਮੋਸ਼ੀ ਵਾਲੀ ਸਥਿਤੀ ਵਿੱਚ ਵਿਚਰ ਰਹੀ ਹੈ।

ਭਾਰਤ ਦੀ ਸਭ ਤੋਂ ਵੱਡੀ ਘੱਟ-ਗਿਣਤੀ ਕੌਮ ਮੁਸਲਮਾਨਾਂ ਪ੍ਰਤੀ ਬ੍ਰਾਹਮਣਵਾਦੀਆਂ ਦੀ ਨਫਰਤ ਤਾਂ ਕਿਸੇ ਤੋਂ ਵੀ ਛੁਪੀ ਹੋਈ ਨਹੀਂ। ਇਸੇ ਨਫਰਤ ਦਾ ਮੁਜ਼ਾਹਰਾ ਅਯੋਧਿਆ ਦੀ ਬਾਬਰੀ ਮਸਜਿਦ ਤੋੜੇ ਜਾਣ ਦੀ ਘਟਨਾ ਅਤੇ ਇਸ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਦੰਗੇ-ਫਸਾਦ ਦੀਆਂ ਘਟਨਾਵਾਂ ਵਿੱਚ ਪ੍ਰਤੱਖ ਰੂਪ ਵਿੱਚ ਦੇਖਿਆ ਗਿਆ ਸੀ। ਸਨ 2002 ਵਿੱਚ ਗੁਜਰਾਤ ਦੇ ਕਸਬੇ ਗੋਧਰਾ ਵਿੱਚ ਵਾਪਰੀ ਇਕ ਰੇਲ ਦੁਰਘਟਨਾ ਦੀ ਜ਼ਿੰਮੇਵਾਰੀ ਮੁਸਲਮਾਨਾਂ ਸਿਰ ਪਾ ਕੇ, ਸਾਰੇ ਗੁਜਰਾਤ ਵਿੱਚ ਉਨ੍ਹਾਂ ਦਾ ਜੋ ਕਤਲੇਆਮ ਕੀਤਾ ਗਿਆ, ਉਸਨੇ ਯਕੀਨਨ ਸਿੱਖਾਂ ਨਾਲ ਨਵੰਬਰ 1984 ਵਿੱਚ ਵਾਪਰੇ ਦੁਖਾਂਤ ਦਾ ਇਤਿਹਾਸ ਦੁਹਰਾ ਦਿੱਤਾ। ਹੁਣ ਵੀ ਦੇਸ਼ ਭਰ ਦੇ ਕਿਸੇ ਵੀ ਹਿੱਸੇ ਵਿੱਚ ਵਾਪਰਨ ਵਾਲੀ ਹਿੰਸਕ ਘਟਨਾ ਦੀ ਜ਼ਿੰਮੇਵਾਰੀ ਮੁਸਲਿਮ ਸੰਗਠਨਾਂ ਦੇ ਸਿਰ ਪਾ ਕੇ ਮੁਸਲਿਮ ਨੌਜੁਆਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਲਹਿਰ ਚਲਾ ਦਿੱਤੀ ਜਾਂਦੀ ਹੈ।

ਇਸਾਈ ਸਮਾਜ ਨੂੰ ਕਾਫੀ ਪੜ੍ਹਿਆ-ਲਿਖਿਆ ਅਤੇ ਹਿੰਸਕ ਘਟਨਾਵਾਂ ਤੋਂ ਦੂਰ ਰਹਿਣ ਵਾਲਾ ਸਮਝਿਆ ਜਾਂਦਾ ਹੈ। ਪਰ ਇਸਾਈਆਂ ਵੱਲੋਂ ਦਲਿਤਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਹੋਣ ਦੀ ਪ੍ਰੇਰਨ ਕਰਨ ਦੀ ਸਫਲ ਨੀਤੀ ਤੋਂ ਬੌਖਲਾਏ ਬ੍ਰਾਹਮਣਵਾਦੀ, ਇਸਾਈਆਂ ਦਾ ਕਤਲੇਆਮ ਕਰਨ ਲਈ ਵੀ ਬਹਾਨੇ ਢੂੰਡਦੇ ਰਹਿੰਦੇ ਹਨ। ਇਸਲਈ ਉੜੀਸਾ ਵਿੱਚ ਪਿਛਲੇ ਦਿਨੀਂ ਇਕ ਕੱਟੜਪੰਥੀ ਹਿੰਦੂ ਆਗੂ ਦਾ ਅਨਜਾਣ ਲੋਕਾਂ ਵੱਲੋਂ ਕਤਲ ਕਰਨ ਦੀ ਘਟਨਾ ਦੀ ਸਾਰੀ ਜ਼ਿੰਮੇਵਾਰੀ ਤੁਰੰਤ ਇਸਾਈ ਸੰਗਠਨਾਂ ’ਤੇ ਪਾ ਦਿੱਤੀ ਗਈ ਅਤੇ ਕਥਿਤ ਤੌਰ ’ਤੇ ਇਸ ਘਟਨਾ ਦਾ ‘ਬਦਲਾ’ ਲੈਣ ਲਈ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਇਸਾਈਆਂ ਦਾ ਕਤਲੇਆਮ ਅਰੰਭ ਦਿੱਤਾ ਗਿਆ। ਇਸੇ ਕੜੀ ਵਿੱਚ ਇਸਾਈ ਨਨਾਂ ਨਾਲ ਸਮੂਹਕ ਬਲਾਤਕਾਰ ਅਤੇ ਗਿਰਜਾਘਰਾਂ ਦੀ ਸਾੜਂਫੂਕ ਨੂੰ ਵੀ ਬੜੇ ਵਿਉਂਤਬੱਧ ਢੰਗ ਨਾਲ ਅਮਲ ਵਿੱਚ ਲਿਆਂਦਾ ਗਿਆ।

ਹਿੰਦੂ ਸਮਾਜ ਦੀਆਂ ਕਥਿਤ ਨੀਵੀਆਂ ਜਾਤਾਂ ਦੇ ਲੋਕ ਵੀ ਸਦੀਆਂ ਤੋਂ ਸਵਰਣਾਂ (ਉੱਚ-ਜਾਤਾਂ ਦੇ ਲੋਕਾਂ) ਦੇ ਜ਼ੁਲਮਾਂ ਦਾ ਸ਼ਿਕਾਰ ਰਹੇ ਹਨ, ਜਿਸਦੇ ਕਾਰਨ ਉਨ੍ਹਾਂ ਨੂੰ ਦਲਿਤ (ਸਤਾਏ ਹੋਏ ਲੋਕ) ਵੀ ਕਿਹਾ ਜਾਂਦਾ ਹੈ। ਪਰ ਆਧੁਨਿਕ ਯੁਗ ਵਿੱਚ ਸਿੱਖਿਆ ਦੇ ਪ੍ਰਸਾਰ ਕਾਰਨ ਉਨ੍ਹਾਂ ਵਿੱਚ ਵੀ ਸਨਮਾਨ ਨਾਲ ਜ਼ਿੰਦਗੀ ਜੀਉਣ ਅਤੇ ਤਰੱਕੀ ਕਰਨ ਲਈ ਬ੍ਰਾਹਮਣਵਾਦੀਆਂ ਨਾਲ ਮੁਕਾਬਲਾ ਕਰਨ ਦੀ ਭਾਵਨਾ ਪੈਦਾ ਹੋ ਗਈ ਹੈ। ਇਸਲਈ ਬ੍ਰਾਹਮਣਵਾਦੀਆਂ ਵੱਲੋਂ ਦਲਿਤਾਂ ਦੀ ਮਾਰ-ਕੁਟਾਈ ਜਾਂ ਕਤਲ, ਉਨ੍ਹਾਂ ਦੀਆਂ ਧੀਆਂਭੈਣਾਂ ਦੀ ਬੇਪਤੀ ਅਤੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਦੀ ਸਾੜ-ਫੂਕ ਦੀਆਂ ਘਟਨਾਵਾਂ ਸਾਰੇ ਭਾਰਤ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਛੱਤੀਸਗੜ੍ਹ ਵਿੱਚ ਤਾਂ ਦਲਿਤ ਮਾਓਵਾਦੀਆਂ ਦਾ ਘਾਣ ਕਰਨ ਲਈ ਸਰਕਾਰੀ ਸਰਪ੍ਰਸਤੀ ਹੇਠ ‘ਸਲਵਾ-ਜੁਦਮ’ ਨਾਂ ਦੀ ਲਹਿਰ ਵੀ ਚਲਾਈ ਜਾ ਰਹੀ ਹੈ।

ਇਨ੍ਹਾਂ ਤੱਥਾਂ ’ਤੇ ਵਿਚਾਰ ਕਰਦਿਆਂ ਸਪਸ਼ਟ ਹੁੰਦਾ ਹੈ ਕਿ ਭਾਰਤ ਵਿੱਚ ਉੱਚ-ਜਾਤੀ ਹਿੰਦੂਆਂ ਦੇ ਇਲਾਵਾ ਕਿਸੇ ਹੋਰ ਘੱਟ-ਗਿਣਤੀ ਕੌਮ ਜਾਂ ਦਲਿਤਾਂ ਦਾ ਭਵਿੱਖ ਸਿਆਸੀ, ਆਰਥਕ ਜਾਂ ਸਰੀਰਕ ਤੌਰ ’ਤੇ ਸੁਰੱਖਿਅਤ ਨਹੀਂ ਹੈ। ਇਹ ਸਾਰੇ ਵਰਗ ਬ੍ਰਾਹਮਣਵਾਦੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ ਪਰ ਇਨ੍ਹਾਂ ਵਰਗਾਂ ਵਿਚਲੇ ਬਹੁਤ ਥੋੜੇ ਜਿਹੇ ਜਾਗਰੁਕ ਲੋਕ ਹੀ ਬ੍ਰਾਹਮਣਵਾਦੀਆਂ ਨਾਲ ਟਾਕਰਾ ਕਰਨ ਲਈ ਸਰਗਰਮ ਹਨ। ਆਪੋ-ਆਪਣੀ ਸਮਝ ਅਤੇ ਸ੍ਰੋਤਾਂ ਮੁਤਾਬਿਕ ਬ੍ਰਾਹਮਣਵਾਦੀਆਂ ਨਾਲ ਸੰਘਰਸ਼ ਕਰਨ ਕਾਰਨ ਘੱਟ-ਗਿਣਤੀ ਕੌਮਾਂ ਅਤੇ ਦਲਿਤਾਂ ਦਾ ਬ੍ਰਾਹਮਣਵਾਦੀਆਂ ਨਾਲ ਸੰਘਰਸ਼ ਕੋਈ ਵੀ ਲਾਭਕਾਰੀ ਨਤੀਜਾ ਨਹੀਂ ਦੇ ਪਾ ਰਿਹਾ ਹੈ। ਇਸਲਈ ਇਨ੍ਹਾਂ ਵਰਗਾਂ ਦੇ ਸਮੂਹ ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬਾਕੀ ਸਾਰੇ ਮੁੱਦਿਆਂ ਨੂੰ ਹਾਲ ਦੀ ਘੜੀ ਠੰਡੇ ਬਸਤੇ ਵਿੱਚ ਪਾ ਕੇ, ਬ੍ਰਾਹਮਣਵਾਦੀਆਂ ਨਾਲ ਸੰਘਰਸ਼ ਕਰਨ ਲਈ ਘੱਟ-ਗਿਣਤੀ ਕੌਮਾਂ ਵਿਚਕਾਰ ਏਕਤਾ ਕਾਇਮ ਕਰਨ ਦੇ ਉਪਰਾਲੇ ਕਰਨ। ਇੰਜ ਨਾ ਹੁੰਦਾ ਰਹੇ ਕਿ ਜਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਵੇ ਤਾਂ ਬਾਕੀ ਘੱਟ-ਗਿਣਤੀ ਕੌਮਾਂ ਦਾ ਅਰਾਮ ਨਾਲ ਤਮਾਸ਼ਾ ਦੇਖਣ ਅਤੇ ਜਦ ਗੁਜਰਾਤ ਵਿੱਚ ਮੁਸਲਮਾਨਾਂ ਦਾ ਜਾਂ ਉੜੀਸਾ ਵਿੱਚ ਇਸਾਈਆਂ ਦਾ ਕਤਲੇਆਮ ਹੋਵੇ ਤਾਂ ਬਾਕੀ ਕੌਮਾਂ ‘ਸਾਨੂੰ ਕੀ ਲੈਣਾ’ ਦੀ ਭਾਵਨਾ ਅਧੀਨ ਗ੍ਰਸਤ ਰਹਿਣ। ਬ੍ਰਾਹਮਣਵਾਦੀਆਂ ਦੇ ਹਿੰਸਕ ਅਤੇ ਬੌਧਿਕ ਹਮਲਿਆਂ ਤੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਘੱਟ-ਗਿਣਤੀ ਕੌਮਾਂ ਨੂੰ ਛੋਟੇ-ਮੋਟੇ ਆਪਸੀ ਮਤਭੇਦ ਭੁਲਾ ਕੇ, ਛੇਤੀ ਤੋਂ ਛੇਤੀ ਇਕਜੁਟਤਾ ਦਾ ਪ੍ਰਗਟਾਵਾ ਕਰਨਾ ਹੀ ਚਾਹੀਦਾ ਹੈ। ਨਹੀਂ ਤਾਂ ਭਾਰਤ ਦੀਆਂ ਸਾਰੀ ਘੱਟ-ਗਿਣਤੀ ਕੌਮਾਂ ਦਾ ਹਾਲ ਓਹੀ ਹੋਏਗਾ, ਜੋ ਕਿਸੇ ਸਮੇਂ ਇੱਥੇ ਬੁੱਧ ਧਰਮ ਦਾ ਹੋਇਆ ਸੀ।