

ਖ਼ਬਰਾਂ ਦੇ ਆਰ-ਪਾਰ
ਇਸਾਈ ਸੰਤ ਬਨਾਮ ‘ਸਿੱਖ’ ਸੰਤ
ਇਸਾਈ ਸਮਾਜ ਦੀ ਰੋਮਨ ਕੈਥੋਲਿਕ ਸ਼ਾਖਾ ਦੇ ਮੁਖੀ ‘ਪੋਪ’ ਨੇ ਕੇਰਲ ਸੂਬੇ ਦੀ ਇਕ ਨਨ ਨੂੰ ‘ਸੰਤ’ ਦੀ ਉਪਾਧੀ ਦਿੱਤੀ ਹੈ। ‘ਐਲਫੋਂਜ਼ਾ’ ਨਾਂ ਦੀ ਇਹ ‘ਨਨ’ ਦੀ ਮੌਤ 1946 ਵਿੱਚ ਹੀ ਹੋ ਗਈ ਸੀ ਪਰ ਵੈਟੀਕਨ ਸਿਟੀ ਵੱਲੋਂ ਉਸਨੂੰ ਸੰਤ ਦਾ ਦਰਜਾ ਦੇਣ ਤੋਂ ਪਹਿਲਾਂ ਉਸਦੇ ਜੀਵਨ ਭਰ ਦੀਆਂ ਸਰਗਰਮੀਆਂ ਅਤੇ ਉਸਦੇ ਪ੍ਰਚਾਰ/ਚਮਤਕਾਰਾਂ ਦੇ ਗਵਾਹ ਲੋਕਾਂ ਦੇ ਬਿਆਨਾਂ ਦਾ ਅਧਿਐਨ ਕੀਤਾ ਜਾ ਰਿਹਾ ਸੀ। ਸਾਰੇ ਗਵਾਹਾਂ/ਸਬੂਤਾਂ ਤੋਂ ਸੰਤੁਸ਼ਟ ਹੋ ਜਾਣ ਉਪਰੰਤ ਹੁਣ ਇਸਾਈ ਸਮਾਜ ਵੱਲੋਂ ਉਕਤ ਨਨ ਨੂੰ ‘ਸੰਤ’ ਦੀ ਉਪਾਧੀ ਦਿੱਤੀ ਗਈ ਹੈ।
ਗੁਰਮਤਿ ਵਿੱਚ ‘ਸੰਤ’ ਲਫ਼ਜ਼ ਦਾ ਉਪਯੋਗ ‘ਗੁਰੂ’ ਅਤੇ ‘ਪਰਮਾਤਮਾ’ ਦਾ ਲਖਾਇਕ ਵੀ ਹੁੰਦਾ ਹੈ। ਪਰ ਆਮ ਲੋਕਾਂ ਵੱਲੋਂ ਸੰਤ ਲਫ਼ਜ਼ ਤੋਂ ਭਾਵ ਉਸ ਵਿਅਕਤੀ ਤੋਂ ਲਿਆ ਜਾਂਦਾ ਹੈ, ਜਿਹੜਾ ਵਾਕਈ ਬੜੇ ਉੱਚੇ-ਸੁੱਚ ਕਿਰਦਾਰ ਵਾਲਾ ਤੇ ਹਰ ਸਮੇਂ ਪਰਮਾਤਮਾ ਨਾਲ ਇਕਮਿਕ ਹੋਇਆ ਰਹਿੰਦਾ ਹੋਵੇ। ਏਨੀ ਸਰਲ ਪਰਿਭਾਸ਼ਾ ਦੇ ਬਾਵਜੂਦ ਅਜੋਕੇ ਪਦਾਰਥਵਾਦੀ ਯੁਗ ਵਿੱਚ ਵਿੱਚ ‘ਸੰਤ’ ਦੇ ਕਿਰਦਾਰ ਵਰਗੇ ਇਨਸਾਨਾਂ ਨੂੰ ਲੱਭਣਾ ਬੜਾ ਔਖਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਸਮਾਜ ਵਿੱਚ ਥੋਕ ਦੇ ਭਾਅ ਅਜਿਹੇ ਵਿਅਕਤੀਆਂ ਦੀ ਪੈਦਾਵਾਰ ਹੋ ਰਹੀ ਹੈ, ਜਿਹੜੇ ਖ਼ੁਦ ਹੀ ਆਪਣੇ ‘ਸੰਤ’ ਹੋਣ ਦਾ ਦਾਅਵਾ ਕਰਦੇ ਹਨ ਜਾਂ ਆਪਣੇ ਚੇਲਿਆਂ ਤੋਂ ਅਜਿਹਾ ਪ੍ਰਚਾਰ ਕਰਵਾਉਂਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪਰਮਾਤਮਾ ਦੇ ਭਗਤਾਂ ਵਾਲਾ ਕੋਈ ਗੁਣ ਤਾਂ ਸ਼ਾਇਦ ਹੀ ਹੁੰਦਾ ਹੋਵੇ, ਪਰ ਇਹ ਖ਼ਾਸ ਕਿਸਮ ਦੇ ਚੋਲੇ ਅਤੇ ਦਸਤਾਰਾਂ ਪਹਿਣ ਕੇ ਹੀ ਆਪਣੇ ‘ਸੰਤਪੁਣੇ’ ਦਾ ਦਾਅਵਾ ਕਰ ਦਿੰਦੇ ਹਨ। ਕਈ ਵਾਰ ਤਾਂ ਛੋਟੀ-ਛੋਟੀ ਉਮਰਾਂ ਦੇ ਅਲ੍ਹੱੜ ਮੁੰਡਿਆਂ ਨੂੰ ਵੀ ‘ਸੰਤ’ ਐਲਾਨ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਤਾਂ ਅਜਿਹੇ ‘ਸੰਤਾਂ’ ਦੀ ਗਿਣਤੀ 15,000 ਤੋਂ ਵੀ ਵੱਧ ਦੱਸੀ ਜਾਂਦੀ ਹੈ। ਦੂਜੇ ਲਫਜ਼ਾਂ ਵਿੱਚ, ਪੰਜਾਬ ਵਿੱਚ ਇੱਟ ਪੁੱਟਣ ’ਤੇ ਵੀ ਥੱਲਿਓਂ ਇਕ ਅਖੌਤੀ ਸੰਤ ਹੀ ਨਿਕਲਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰੇ ਹੀ ਸੰਤ ਤੇ ਉਨ੍ਹਾਂ ਦੀਆਂ ਸੰਪਰਦਾਵਾਂ ਆਪੋ-ਆਪਣੀਆਂ ਕਥਿਤ ਮਹਾਨਤਾਵਾਂ ਦੀਆਂ ਡੀਂਗਾਂ ਮਾਰਦੀਆਂ ਥਕਦੀਆਂ ਨਹੀਂ ਪਰ ਫਿਰ ਵੀ ਪੰਜਾਬ ਵਿੱਚ ਸਿੱਖੀ ਦਾ ਖੁਰਾ-ਖੋਜ ਹੀ ਮਿਟਦਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਅੰਮ੍ਰਿਤਧਾਰੀ ਸਿੰਘ-ਸਿੰਘਣੀਆਂ ਤਾਂ ਦੂਰ, ਸਾਬਤ-ਸੂਰਤ ਸਿੱਖ ਨੂੰ ਲੱਭਣਾ ਵੀ ਔਖਾ ਹੋ ਜਾਂਦਾ ਹੈ। ਸਿਧਾਂਤਕ ਪੱਖੋਂ ਵੀ ਸਿੱਖਾਂ ਦਾ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ। ਨਸ਼ੇ, ਚਰਿੱਤਰਹੀਣਤਾ, ਅਯਾਸ਼ੀ, ਫੈਸ਼ਨਪ੍ਰਸਤੀ ਆਦਿਕ ਔਗੁਣ ਸਿੱਖਾਂ ’ਤੇ ਪੂਰੀ ਤਰ੍ਹਾਂ ਹਾਵੀ ਹੋਏ ਪਏ ਹਨ।
ਅਜਿਹੇ ਹਾਲਾਤ ‘ਭੱਠ ਪਿਆ ਸੋਨਾ, ਜਿਹੜਾ ਕੰਨਾ ਨੂੰ ਪਾੜੇ’ ਵਾਲੀ ਕਹਾਵਤ ਨੂੰ ਹੀ ਸਿੱਧ ਕਰਦੇ ਹਨ। ਜਿਹੜੇ ਅਖੌਤੀ ਸੰਤ, ਸਮਾਜ ਦਾ ਕੁਝ ਸਵਾਰਨ ਦੀ ਬਜਾਏ, ਗੁਰੂ ਕੀਆਂ ਗੋਲਕਾਂ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਸਹਾਰੇ ਆਪਣੀਆਂ ਗੋਗੜਾਂ ਵਧਾਉਣ ਤੱਕ ਹੀ ਸੀਮਤ ਰਹਿੰਦੇ ਹਨ, ਉਨ੍ਹਾਂ ਬਾਝੋਂ ਸਿੱਖਾਂ ਦਾ ਕੀ ਥੁੜਿਆ ਹੈ? ਦੂਜੇ ਪਾਸੇ, ਇਸਾਈ ਸਮਾਜ ਵਿੱਚ ਕੋਈ ਵੀ ਐਰਾ-ਗੈਰਾ, ਨੱਥੂ-ਖੈਰਾ ਆਪਣੇ ਆਪ ਨੂੰ ‘ਸੰਤ’ ਨਹੀਂ ਐਲਾਨ ਸਕਦਾ ਬਲਕਿ ਇਸਾਈਆਂ ਦੇ ਉੱਚ ਧਾਰਮਕ ਆਗੂ ਹਰ ਮਾਮਲੇ ਦੀ ਤਫਸੀਲ ਨਾਲ ਜਾਂਚ ਕਰਨ ਉਪਰੰਤ ਹੀ ਕਿਸੇ ਵਿਅਕਤੀ ਦੇ ‘ਸੰਤ’ ਹੋਣ ਜਾਂ ਨਾ ਹੋਣ ਬਾਰੇ ਫੈਸਲਾ ਦਿੰਦੇ ਹਨ। ਹਜ਼ਾਰਾਂ-ਲੱਖਾਂ ਅਨਾਥ ਤੇ ਬੇਸਹਾਰਾ ਬੱਚਿਆਂ ਦੀ ਸੇਵਾ ਕਰਨ ਵਾਲੀ ਇਸਾਈ ਪ੍ਰਚਾਰਕ ਮਦਰ ਟੇਰੇਸਾ ਨੂੰ ਵੀ ਹਾਲਾਂ ਤੱਕ ਸੰਤ ਦਾ ਅਹੁਦਾ ਪ੍ਰਾਪਤ ਨਹੀਂ ਹੋ ਸਕਿਆ। ਅਜਿਹੇ ਵਿੱਚ ਸਿੱਖਾਂ ਨੂੰ ਵੀ ਇਸਾਈ ਸਮਾਜ ਤੋਂ ਸੇਧ ਲੈ ਕੇ ਅਖੌਤੀ ਸੰਤਾਂ ਖਿਲਾਫ਼ ਸਰਗਰਮ ਮੁਹਿੰਮ ਅਰੰਭਣੀ ਚਾਹੀਦੀ ਹੈ।
ਭੱਜੀ ਦਾ ਬਚਿੱਤਰ ਡਾਂਸ
ਦਾੜ੍ਹੀ-ਕਤਰੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਵੱਲੋਂ ਰਾਵਣ ਦੇ ਭੇਖ ਵਿਚ, ਸੀਤਾ ਬਣੀ ਹੋਈ ਮਾਡਲ ਮੋਨਾ ਸਿੰਘ ਨਾਲ ਡਾਂਸ ਕਰਨ ਦਾ ਮਾਮਲਾ ਪਿਛਲੇ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਪਿੱਛੋਂ ਸ਼ਿਵ ਸੈਨਾ ਆਦਿਕ ਵਰਗੀਆਂ ਕੱਟੜ ਜੱਥੇਬੰਦੀਆਂ ਨੇ ਭੱਜੀ ਖਿਲਾਫ਼ ਸਖ਼ਤ ਬਿਆਨਬਾਜ਼ੀ ਕੀਤੀ ਅਤੇ ਉਸ ਖਿਲਾਫ਼ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਮੁਕੱਦਮਾ ਵੀ ਦਰਜ ਕਰਵਾ ਦਿੱਤਾ। ਇਸਦੇ ਇਲਾਵਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਗਿ: ਗੁਰਬਚਨ ਸਿੰਘ ਨੇ ਭੱਜੀ ਦਾ ਆਲੋਚਨਾ ਕਰਦੇ ਹੋਏ ਉਸਨੂੰ ਨਿਰਦੇਸ਼ ਦਿੱਤਾ ਕਿ ਉਹ ਤੁਰੰਤ ਆਪਣੀ ਕਾਰਵਾਈ ਲਈ ਮੁਆਫੀ ਮੰਗੇ। ਕੁਝ ਦਿਨਾਂ ਬਾਅਦ ਭੱਜੀ ਨੇ ਇਸ ਸਬੰਧ ਵਿੱਚ ਮੁਆਫੀ ਮੰਗ ਕੇ ਆਪਣੀ ਜਾਨ ਛੁਡਾ ਵੀ ਲਈ ਪਰ ਇਸ ਘਟਨਾਕ੍ਰਮ ਤੋਂ ਕਈ ਸਵਾਲ ਖੜੇ ਹੋ ਗਏ।
ਮਿਥਿਹਾਸਕ ਗ੍ਰੰਥ ‘ਰਮਾਇਣ’ ਮੁਤਾਬਿਕ ਰਾਵਣ, ਦ੍ਰਵਿੜ ਨਸਲ ਦਾ ਇਕ ਵਿਦਵਾਨ ਸੀ। ਇਸਲਈ ਰਾਵਣ ਦੇ ਚਰਿੱਤਰ ਦਾ ਅਪਮਾਨ ਇਕ ਤਰ੍ਹਾਂ ਨਾਲ ਦ੍ਰਵਿੜਾਂ ਦਾ ਅਪਮਾਨ ਸੀ। ਇਸਲਈ ਜੇਕਰ ਦੱਖਣ ਭਾਰਤੀ ਲੋਕ ਭੱਜੀ ਦਾ ਵਿਰੋਧ ਕਰਦੇ ਤਾਂ ਗੱਲ ਕੁਝ ਸਮਝ ਆਉਂਦੀ। ਸ਼ਾਇਦ ਇਸੇਲਈ ਆਰ.ਐਸ.ਐਸ. ਜਾਂ ਬਜਰੰਗ ਦਲ ਵਰਗੇ ਸੰਗਠਨਾਂ ਨੇ ਇਸ ਮਾਮਲੇ ’ਤੇ ਚੁੱਪੀ ਧਾਰ ਰੱਖੀ ਅਤੇ ਭੱਜੀ ਦਾ ਵਿਰੋਧ ਨਾ ਕੀਤਾ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਰਾਵਣ ਦੇ ਚਰਿੱਤਰ ਨੂੰ ਨਾ ਸਿਰਫ਼ ਕਈ ਹੋਰ ਟੀ.ਵੀ. ਪ੍ਰੋਗਰਾਮਾਂ ਵਿੱਚ ਬਲਕਿ ਕਈ ਵਾਰ ਰਾਮਲੀਲਾ ਦੌਰਾਨ ਵੀ ਨੱਚਦਿਆਂ ਦਿਖਾਇਆ ਜਾਂਦਾ ਹੈ। ਇਸਲਈ ਇਸ ਇਲਜ਼ਾਮ ਵਿੱਚ ਬਹੁਤਾ ਦਮ ਨਹੀਂ ਲਗਦਾ ਕਿ ਭੱਜੀ ਨੇ ਰਾਵਣ ਦਾ ਅਪਮਾਨ ਕੀਤਾ ਹੋਵੇ (ਜੇਕਰ ਕੀਤਾ ਵੀ ਹੋਵੇ, ਤਾਂ ਜਿਸ ਰਾਵਣ ਦੀ ਹਿੰਦੂ ਸਮਾਜ ਹਰ ਸਾਲ ਬੁਰਾਈਆਂ ਕਰਦਾ ਹੈ ਅਤੇ ਉਸਦੇ ਪੁਤਲੇ ਸਾੜਦਾ ਹੈ, ਉਸਦੇ ਅਪਮਾਨ ਨਾਲ ਉਨ੍ਹਾਂ ਨੂੰ ਕੀ ਤਕਲੀਫ ਹੋ ਗਈ?)। ਅਸਲ ਵਿੱਚ, ਅਦਾਕਾਰਾ ਮੋਨਾ ਸਿੰਘ ਵੱਲੋਂ ਸੀਤਾ ਦਾ ਰੂਪ ਧਾਰ ਕੇ ਡਾਂਸ ਕਰਨਾ ਹੀ ਕੁਝ ਹੱਦ ਤਕ ਅਪਮਾਨਜਨਕ ਪ੍ਰਤੀਤ ਹੁੰਦਾ ਹੈ, ਪਰ ਉਸਦੇ ਲਈ ਵਿਰੋਧ ਮੋਨਾ ਸਿੰਘ ਦਾ ਹੋਣਾ ਚਾਹੀਦਾ ਸੀ, ਭੱਜੀ ਦਾ ਨਹੀਂ। ਜਾਪਦਾ ਹੈ ਕਿ ਜਦ ਤੋਂ ਭੱਜੀ ਨੇ ਸਵਰਣ ਜਾਤ ਦੇ ਕ੍ਰਿਕੇਟ ਖਿਡਾਰੀ ਸ਼੍ਰੀਸੰਤ ਨੂੰ ਥੱਪੜ ਮਾਰਿਆ ਹੈ, ਉਸ ਵੇਲੇ ਤੋਂ ਹੀ ਹਿੰਦੂ ਸੰਗਠਨ ਉਸ ਨਾਲ ਖਾਰ ਖਾਣ ਲੱਗ ਪਏ ਹਨ ਤੇ ਉਸਨੂੰ ਘੇਰਨ ਲਈ ਬਹਾਨਿਆਂ ਦੀ ਤਲਾਸ਼ ਕਰ ਰਹੇ ਹਨ।
ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਅਕਾਲ ਤਖ਼ਤ ਦੇ ਜਿਹੜੇ ਪੁਜਾਰੀ ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ’ਤੇ ਆਪਣੀ ਜ਼ੁਬਾਨ ਨੂੰ ਤਾਲਾ ਲਗਾਈ ਰੱਖਦੇ ਹਨ, ਉਹ ਇਕ ਦਾੜ੍ਹੀ-ਕਤਰੇ ਅਤੇ ਹਿੰਦੂ ਸਮਾਜ ਵਿਚਕਾਰ ਪੈਦਾ ਹੋਣ ਵਾਲੇ ਅਜਿਹੇ ਹਲਕੇ ਪੱਧਰ ਦੇ ਵਿਵਾਦਾਂ ਵਿੱਚ ਲੱਤ ਅੜਾਉਣ ਵੇਲੇ ਗਜ਼ਬ ਦੀ ਫੁਰਤੀ ਦਿਖਾਉਂਦੇ ਹਨ। ਦੂਜੇ ਪਾਸੇ, ਇਨ੍ਹਾਂ ਪੁਜਾਰੀਆਂ ਨੂੰ ਜਦ ਪ੍ਰਕਾਸ਼ ਸਿੰਘ ਬਾਦਲ ਜਾਂ ਨਵਜੋਤ ਸਿੱਧੂ ਵਰਗੇ ‘ਸਿੱਖ’ ਸਮਝੇ ਜਾਂਦੇ ਲੋਕਾਂ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਉਹ ਮੀਸਣੇ ਜਿਹੇ ਬਣ ਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੇ ਹਨ। ਅਜਿਹੇ ਪੁਜਾਰੀਆਂ ਵੱਲੋਂ ਆਪਣੇ ਅਹੁਦੇ ਦੇ ਰਸੂਖ ਦੀ ਦੁਵਰਤੋਂ ਕਰਦਿਆਂ ‘ਨਰਮ ਸ਼ਿਕਾਰ’ (ਤਰਵਿ ਵ਼ਗਪਕਵ) ਖਿਲਾਫ਼ ਬਿਆਨਬਾਜ਼ੀ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਸਮੁੱਚੀ ਸਿੱਖ ਕੌਮ ਲਈ ਸ਼ਰਮ ਦੀ ਗੱਲ ਹੈ।
ਬਾਦਲਕਿਆਂ ਵੱਲੋਂ ਤੱਕੜੀ ਚੋਣ ਨਿਸ਼ਾਨ ’ਤੇ ਚੋਣਾਂ ਲੜਨ ਦਾ ਐਲਾਨ
ਅਕਾਲੀ ਦਲ ਬਾਦਲ ਅਤੇ ਬੀਜੇਪੀ ਵਿਚਕਾਰ ਸਥਾਪਿਤ ਗਠਬੰਧਨ ਵਿਚਕਾਰ ਪੈ ਰਹੀਆਂ ਤ੍ਰੇੜਾਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਾਹਮਣੇ ਆ ਰਹੀਆਂ ਹਨ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਬੀਜੇਪੀ ਵੱਲੋਂ ਸਮਝੌਤੇ ਤਹਿਤ ਜਿੰਨੀਆਂ ਵੀ ਟਿਕਟਾਂ ਦਿੱਤੀਆਂ ਜਾਣਗੀਆਂ, ਉਹ ਸਾਰੇ ਉਮੀਦਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਉੱਤੇ ਹੀ ਚੋਣਾਂ ਲੜਨਗੇ। ਬੀਜੇਪੀ ਵਰਗੀ ਫਿਰਕੂ ਪਾਰਟੀ, ਜੋ ਸਿੱਖਾਂ ਤੇ ਉਨ੍ਹਾਂ ਦੀ ਸਿਆਸੀ ਪਾਰਟੀਆਂ ਦੀ ਵੱਖਰੀ ਹੋਂਦ ਨੂੰ ਬਰਦਾਸ਼ਤ ਨਹੀਂ ਕਰਦੀ, ਦੇ ਆਗੂਆਂ ਵੱਲੋਂ ਸੁਖਬੀਰ ਨੂੰ ‘ਸਲਾਹ’ ਦਿੱਤੀ ਗਈ ਕਿ ਹਾਲਾਂ ਉਨ੍ਹਾਂ ਦੀ ਪਾਰਟੀ ਦਾ ਦਿੱਲੀ ਵਿੱਚ ਕੋਈ ਜਨਾਧਾਰ ਨਹੀਂ ਹੈ। ਇਸਲਈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਇਹ ਚੋਣਾਂ ਬੀਜੇਪੀ ਦੇ ਚੋਣ ਨਿਸ਼ਾਨ ‘ਕਮਲ’ ਉੱਤੇ ਹੀ ਲੜਨੀਆਂ ਚਾਹੀਦੀਆਂ ਹਨ। ਪਰ ਸੁਖਬੀਰ ਬਾਦਲ ਨੇ ਬੀਜੇਪੀ ਆਗੂਆਂ ਨੂੰ ਦੋ ਟੂਕ ਜਵਾਬ ਦੇ ਦਿੱਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਸਫਲ ਨਹੀਂ ਹੁੰਦਾ, ਤਾਂ ਵੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਦਿੱਲੀ ਵਿੱਚ ਆਪਣਾ ਅਧਾਰ ਕਾਇਮ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਵਾਰੀ ਤਾਂ ਇਹ ਨੁਕਸਾਨ ਝੇਲਣਾ ਹੀ ਪਏਗਾ।
ਭਰੋਸੇਯੋਗ ਸੂਤਰਾਂ ਮੁਤਾਬਿਕ, ਸੁਖਬੀਰ ਬਾਦਲ ਦੇ ਇਨ੍ਹਾਂ ਸਖ਼ਤ ਤੇਵਰਾਂ ਨੂੰ ਦੇਖ ਕੇ ਪਰੇਸ਼ਾਨ ਹੋਏ ਬੀਜੇਪੀ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਦਿੱਲੀ ਚੋਣਾਂ ਵਿੱਚ ਅਕਾਲੀ ਦਲ ਦੇ ਇੰਚਾਰਜ ਸੁਖਦੇਵ ਸਿੰਘ ਢੀਂਢਸਾ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਗੱਲ ਵਾਸਤੇ ਮਨਾ ਲਿਆ ਕਿ ਸਿਰਫ਼ ਇਸ ਵਾਰ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਜੇਪੀ ਦੇ ਚੋਣ ਨਿਸ਼ਾਨ ’ਤੇ ਚੋਣਾਂ ਲੜਨ। ਪਰ ਜਦ ਉਕਤ ਆਗੂਆਂ ਨੇ ਸੁਖਬੀਰ ਬਾਦਲ ਨਾਲ ਇਸ ਬਾਬਤ ਵਿਚਾਰ-ਵਟਾਂਦਰਾ ਕੀਤਾ ਤਾਂ ਉਸਨੇ ਸਾਫ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਜੇਕਰ ਸੀਨੀਅਰ ਆਗੂ ਅਜਿਹਾ ਹੀ ਕਰਨਾ ਚਾਹੁੰਦੇ ਹਨ, ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ, ਤਾਂ ਜੋ ਉਹ ਲੋਕ ਆਪਣੀ ਮਨ-ਮਰਜ਼ੀ ਕਰ ਸਕਣ। ਸਮਝਿਆ ਜਾਂਦਾ ਹੈ ਕਿ ਸੁਖਬੀਰ ਦੇ ਇਸ ਸਖ਼ਤ ਰੁਖ ਤੋਂ ਬਾਅਦ ਬਾਦਲ ਦਲ ਦੇ ਆਗੂਆਂ ਨੇ ਬੀਜੇਪੀ ਕੋਲ ਆਪਣੀ ਮਜਬੂਰੀ ਦਾ ਇਜ਼ਹਾਰ ਕਰ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਖਬੀਰ ਬਾਦਲ ਮੂੰਹੋਂ ਜੋ ਮਰਜ਼ੀ ਕਹਿਣ ਪਰ ਅਸਲ ਵਿੱਚ ਉਸਨੂੰ ਅਕਾਲੀ ਦਲ ਦੇ ਦਿੱਲੀ ਵਿੱਚ ਅਧਾਰ ਦੀ ਫਿਕਰ ਨਹੀਂ ਬਲਕਿ ਉਹ ਬੀਜੇਪੀ ਆਗੂਆਂ ਨੂੰ ਪਰੇਸ਼ਾਨ ਕਰਕੇ ਉਨ੍ਹਾਂ ਤੋਂ ਆਪਣਾ ‘ਬਦਲਾ’ ਲੈਣਾ ਚਾਹੁੰਦਾ ਹੈ। ਗੌਰਤਲਬ ਹੈ ਕਿ ਜਦ ਪੰਜਾਬ ਦਾ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਬਣਾਏ ਜਾਣ ਦੀ ਗੱਲ ਚੱਲੀ ਸੀ ਅਤੇ ਅਕਾਲੀ ਦਲ ਦੇ ਆਗੂਆਂ ਨੇ ਇਸ ਗੱਲ ਨੂੰ ਮਨਜ਼ੂਰ ਵੀ ਕਰ ਲਿਆ ਸੀ ਤਾਂ ਬੀਜੇਪੀ ਆਗੂਆਂ ਵੱਲੋਂ ਇਸ ਤਜਵੀਜ਼ ਦਾ ਵਿਰੋਧ ਕੀਤੇ ਜਾਣ ਕਾਰਨ ਹੀ ਸੁਖਬੀਰ ਬਾਦਲ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਿੱਚ ਸਫਲ ਨਾ ਹੋ ਸਕਿਆ। ਅਜਿਹੇ ਹਾਲਾਤ ਵਿੱਚ, ਬੀਜੇਪੀ ਆਗੂਆਂ ਨੂੰ ਸੁਖਬੀਰ ਕੋਲੋਂ ਨਰਮ ਰਵਈਏ ਦੀ ਆਸ ਰੱਖਣੀ ਵੀ ਨਹੀਂ ਚਾਹੀਦੀ।
ਦਿੱਲੀ ਵਿੱਚ ਬਾਦਲਕਿਆਂ ਦੀ ਗੁੰਡਾਗਰਦੀ
ਬਾਦਲ ਦਲ ਵੱਲੋਂ ਪੰਜਾਬ ਵਿੱਚ ਹੁੰਦੀਆਂ ਵੱਖ-ਵੱਖ ਚੋਣਾਂ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਸ਼ਾਮਲ ਹਨ, ਦੌਰਾਨ ਕੀਤੀ ਜਾਂਦੀ ਗੁੰਡਾਗਰਦੀ ਦੀਆਂ ਖ਼ਬਰਾਂ ਅਕਸਰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਹਨ। ਪਿੱਛੇ ਜਿਹੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੋਈਆਂ ਨਗਰ ਕੌਂਸਲ ਚੌਣਾਂ ਦੌਰਾਨ ਬਾਦਲਕਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਛਾ ਗਈ ਸੀ। ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਵੀ ਬਾਦਲ ਦਲ ਦੇ ਉਮੀਦਵਾਰਾਂ ਵੱਲੋਂ ਆਪਣੇ ਵਿਰੋਧੀਆਂ ਦੇ ਸਮਰਥਕਾਂ ’ਤੇ ਹਮਲੇ ਅਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਮਾਰਨ ਵਾਲੀਆਂ ਤਸਵੀਰਾਂ ਤਾਂ ਸਾਰੇ ਭਾਰਤ ਦੀਆਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਪਰ ਜਾਪਦਾ ਹੈ ਕਿ ਜਿਵੇਂ-ਜਿਵੇਂ ਅਕਾਲੀ ਦਲ ਵੱਲੋਂ ਆਪਣਾ ਅਧਾਰ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਹੀ ਬਾਦਲਕਿਆਂ ਦੀ ਗੁੰਡਾਗਰਦੀ ਹੋਰਨਾਂ ਸੂਬਿਆਂ ਤੱਕ ਵੀ ਪਹੁੰਚਦੀ ਜਾ ਰਹੀ ਹੈ।
ਇਸੇ ਤੱਥ ਦੀ ਇਕ ਪ੍ਰਤੱਖ ਮਿਸਾਲ 19 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਦਿ.ਸਿ.ਗੁ.ਪ੍ਰ. ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੇ ਆਯੋਜਨ ਦੌਰਾਨ ਵੇਖਣ ਨੂੰ ਮਿਲੀ। ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮਈ ਮਹੀਨੇ ਵਿੱਚ ਦਿੱਲੀ ਵਿਖੇ ਆਉਣ ਵਾਲੀ ‘ਜਾਗ੍ਰਿਤੀ ਯਾਤਰਾ’ ਨੂੰ ਸੰਘਣੀ ਸਿੱਖ ਅਬਾਦੀ ਵਾਲੀ ਪੱਛਮੀ ਦਿੱਲੀ ਵਿੱਚ ਲਿਆਉਣ ਤੋਂ ਅਸਫਲ ਰਹੇ ਸਨ ਪਰ ਬਾਦਲ ਦਲ ਦੇ ਆਗੂਆਂ ਨੇ ਬੜੀ ਚਤੁਰਾਈ ਤੇ ਪ੍ਰਸ਼ਾਸਨ ਨਾਲ ਟਕਰਾਅ ਲੈ ਕੇ ਵੀ ਇਸ ਯਾਤਰਾ ਨੂੰ ਪੱਛਮੀ ਦਿੱਲੀ ਵਿੱਚ ਲੈ ਆਂਦਾ ਸੀ। ਇਸ ਅਸਫਲਤਾ ਤੋਂ ਨਿਰਾਸ਼ ਹੋਏ ਪਰਮਜੀਤ ਸਿੰਘ ਸਰਨਾ ਨੇ ਉਸ ਵੇਲੇ ਗੁਰਪੁਰਬ ਦੇ ਦੀਵਾਨ ਵਿੱਚ ਕਿਹਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਸਵ ਮੌਕੇ ਅਜਿਹੇ ਨਗਰ ਕੀਰਤਨ ਦਾ ਆਯੋਜਨ ਕਰਨਗੇ, ਜੋ ਵਧੇਰੇ ਕਰਕੇ ਪੱਛਮੀ ਦਿੱਲੀ ਵਿੱਚੋਂ ਹੀ ਨਿਕਲੇਗਾ। ਦੂਜੇ ਪਾਸੇ, ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਪੱਛਮੀ ਦਿੱਲੀ ਦੀਆਂ ਜ਼ਿਆਦਾਤਰ ਸੀਟਾਂ ’ਤੇ ਬਾਦਲ ਦਲ ਦੇ ਉਮੀਦਵਾਰ ਹੀ ਸਫਲ ਹੋਏ ਸਨ। ਇਸਲਈ ਇਸ ਇਲਾਕੇ ਵਿੱਚ ਸਰਨਾ ਦੀ ਆਮਦ ਨੂੰ ਬਾਦਲ ਦਲ ਦੇ ਆਗੂਆਂ ਨੂੰ ਆਪਣੇ ਲਈ ਚੁਣੌਤੀ ਸਮਝਿਆ। ਸਰਨਾ ਨੂੰ ਸਬਕ ਸਿਖਾਉਣ ਅਤੇ ਭਵਿੱਖ ਵਿੱਚ ਕਿਸੇ ਨਗਰ ਕੀਰਤਨ ਦੀ ਪੱਛਮੀ ਦਿੱਲੀ ਵਿੱਚ ਆਮਦ ਰੋਕਣ ਲਈ ਉਨ੍ਹਾਂ ਨੇ ਆਪਣੇ ਸਮਰਥਕਾਂ ਤੋਂ ਸਰਨਾ ’ਤੇ ਹਮਲਾ ਕਰਵਾਉਣ ਦੀ ਯੋਜਨਾ ਬਣਾਈ। ਪਰ ਨਗਰ ਕੀਰਤਨ ਦੌਰਾਨ ਹਾਲਾਤ ਕੁਝ ਅਜਿਹੇ ਬਣ ਗਏ ਕਿ ਬਾਦਲ ਦਲ ਦੇ ਕਾਰਕੁੰਨਾਂ ਨੇ ਸਰਨਾ ਦੀ ਬਜਾਏ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇ: ਕੁਲਦੀਪ ਸਿੰਘ ਕਰੋਲ ਬਾਗ ਦੇ ਪੁੱਤਰ ਅਤੇ ਹੋਰ ਰਿਸ਼ਤੇਦਾਰਾਂ ’ਤੇ ਹਮਲਾ ਕਰ ਦਿੱਤਾ। ਇਸ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਇਨ੍ਹਾਂ ਨੌਜੁਆਨਾਂ ਨੇ ਦੱਸਿਆ ਕਿ ਬਾਦਲ ਦਲ ਦੇ ਗੁੰਡਿਆਂ ਨੇ ਸਿਰਫ਼ ਬਿਨ੍ਹਾਂ ਵਜ੍ਹਾ ਉਨ੍ਹਾਂ ’ਤੇ ਕ੍ਰਿਪਾਨਾਂ ਅਤੇ ਖੰਡਿਆਂ ਨਾਲ ਹਮਲਾ ਕਰ ਦਿੱਤਾ ਬਲਕਿ ਉਨ੍ਹਾਂ ਦੀਆਂ ਪੱਗਾਂ ਦੀ ਬੇਅਦਬੀ ਵੀ ਕੀਤੀ ਅਤੇ ਫਿਰ ਕੇਸਾਂ ਤੋਂ ਫੜ ਕੇ ਘੜੀਸਿਆ।
ਇਹ ਘਟਨਾ ਵਾਪਰਨ ਤੋਂ ਬਾਅਦ ਦਿੱਲੀ ਦੇ ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਵੱਖ-ਵੱਖ ਬਾਦਲ ਦਲੀਆਂ ਨੂੰ ਦਿੱਤੀ ਗਈ ਪੰਜਾਬ ਪੁਲਿਸ ਦੀ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ, ਕਿਉਂਕਿ ਇਸੇ ਸੁਰੱਖਿਆ ਦੀ ਆੜ ਵਿੱਚ ਹੀ ਉਕਤ ਆਗੂ ਦਿੱਲੀ ਦੇ ਸਿੱਖਾਂ ਨਾਲ ਗੁੰਡਾਗਰਦੀ ਦੀ ਨੀਤੀ ਅਪਣਾ ਰਹੇ ਹਨ।