

ਦਿੱਲੀ ਦੇ ਜਾਮੀਆ ਨਗਰ ਵਿਖੇ ‘ਅੱਤਵਾਦੀਆਂ’ ਨਾਲ ਮੁਠਭੇੜ ਦਾ ਪਰਦਾਫਾਸ਼
- ਪ੍ਰਫੁੱਲ ਬਿਦਵਈ -
ਭਾਰਤ ਵਿੱਚ ਜਦੋਂ ਕੋਈ ਅੱਤਵਾਦੀ ਘਟਨਾ ਵਾਪਰਦੀ ਹੈ ਤਾਂ ਸਰਕਾਰੀ ਏਜੰਸੀਆਂ ਦੀ ਪਹਿਲੀ ਧਾਰਨਾ ਇਹੀ ਹੁੰਦੀ ਹੈ ਕਿ ਇਹ ਲਾਜ਼ਮੀ ਤੌਰ ’ਤੇ ਮੁਸਲਮਾਨਾਂ ਦਾ ਕੰਮ ਹੋਵੇਗਾ। ਪੁਲਿਸ ਮੁਸਲਮਾਨਾਂ, ਖ਼ਾਸ ਕਰਕੇ ਨੌਜੁਆਨਾਂ ਨੂੰ ਫੜਨ, ਉਨ੍ਹਾਂ ਤੋਂ ਪੁੱਛਗਿੱਛ ਕਰਨ ਅਤੇ ਬਿਨਾਂ ਕਾਗਜ਼ੀ ਕਾਰਵਾਈ ਕੀਤੇ ਉਨ੍ਹਾਂ ਨੂੰ ਹਵਾਲਾਤ ਵਿੱਚ ਡੱਕਣ ਲਈ ਆਪਣੇ-ਆਪ ਨੂੰ ਅਜ਼ਾਦ ਸਮਝਦੀ ਹੈ। ਭਾਵੇਂ ਕਿ ਅਜਿਹਾ ਕਰਨਾ ਸੁਪਰੀਮ ਕੋਰਟ ਦੀਆਂ ਅਗਵਾਈ ਲੀਹਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਸੁਪਰੀਮ ਕੋਰਟ ਦੀਆਂ ਅਗਵਾਈ ਲੀਹਾਂ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਜਾਣ ਵਾਲੇ ਵਿਅਕਤੀ ਅਤੇ ਉਸਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰੀ ਦਾ ਕਾਰਨ ਤੁਰੰਤ ਦੱਸਿਆ ਜਾਣਾ ਚਾਹੀਦਾ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਉਸਨੂੰ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਜਰੂਰੀ ਹੈ।
ਜਿਵੇਂ-ਜਿਵੇਂ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ’ਤੇ ਭਾਜਪਾ ਵੱਲੋਂ ਅਤੇ ਉਸ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਇਹ ਹਮਲੇ ਵਧ ਰਹੇ ਹਨ ਕਿ ਉਸ ਦਾ ਅੱਤਵਾਦ ਸਬੰਧੀ ਵਤੀਰਾ ਕਮਜੋਰ ਹੈ, ਤਿਉਂ-ਤਿਉਂ ਇਹ ਸਰਕਾਰ ਮੁਸਲਮਾਨਾਂ ਵਿਰੁੱਧ ਸਖ਼ਤ ਕਦਮ ਚੁੱਕਣ ਵਾਲੇ ਪਾਸੇ ਵੱਧ ਰਹੀ ਹੈ। ਇਥੋਂ ਤੱਕ ਕਿ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ ਜਾ ਰਹੇ ਹਨ। ਪੁਲਿਸ ਵੱਲੋਂ ਸਵੈ-ਰੱਖਿਆ ਦੇ ਨਾਂਅ ’ਤੇ ਸ਼ੱਕ ਦੇ ਅਧਾਰ ’ਤੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਪੈਸ਼ਲ ਸੈੱਲ
ਬਹੁਤ ਸਾਰੇ ਰਾਜਾਂ ਨੇ ਦਿੱਲੀ ਦੀ ਨਕਲ ਕਰਦਿਆਂ ਅੱਤਵਾਦ ਵਿਰੋਧੀ ਸਪੈਸ਼ਲ ਸੈੱਲ ਬਣਾਏ ਹਨ, ਜਿਹਦੇ ਵਿੱਚ ਦਰਜਨਾਂ ‘ਮੁਕਾਬਲੇ ਬਣਾਉਣ ਦੇ ਮਾਹਿਰਾਂ’ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਇਕ ਤਰ੍ਹਾਂ ਨਾਲ ਲੋਕਾਂ ਨੂੰ ਮਾਰਨ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਸੂਚਨਾ ਹਾਸਲ ਕਰਨ ਦੇ ਨਾਂਅ ’ਤੇ ਵੱਡੀਆਂ ਰਕਮਾਂ ਵੀ ਦਿੱਤੀਆਂ ਗਈਆਂ ਹਨ। ਪਿਛਲੇ ਕੁਝ ਹਫਤਿਆਂ ਦੌਰਾਨ ਭਾਵੇਂ ਕੇਂਦਰੀ ਸਰਕਾਰ ਨੇ ਭਾਜਪਾ ਦੀ ਅੱਤਵਾਦ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਸਵੀਕਾਰ ਨਹੀਂ ਕੀਤੀ ਪਰ ਕੇਂਦਰੀ ਸਰਕਾਰ ਨੇ ਸੁਰੱਖਿਆ ਏਜੰਸੀਆਂ ਨੂੰ ਹਜ਼ਾਰਾਂ ਮੁਸਲਮਾਨਾਂ ਨੂੰ ਬਿਨਾਂ ਵਾਰੰਟਾਂ ਤੋਂ ਗਿਫਤਾਰ ਕਰਨ, ਉਨ੍ਹਾਂ ’ਤੇ ਤਸ਼ੱਦਦ ਕਰਕੇ ਪੁੱਛਗਿੱਛ ਕਰਨ ਅਤੇ ਉਨ੍ਹਾਂ ਤੋਂ ਦਬਾਅ ਅਧੀਨ ਝੂਠੇ ਇਕਬਾਲ ਕਰਾਉਣ ਦੀ ਖੁੱਲ ਦੇ ਦਿੱਤੀ ਹੈ। ਇਸ ਨਾਲ ਬਹੁਤ ਸਾਰੀਆਂ ਥਾਵਾਂ ’ਤੇ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਅਜਿਹਾ ਮਾਹੌਲ ਜੈਪੁਰ, ਬੰਗਲੌਰ, ਅਹਿਮਦਾਬਾਦ ਅਤੇ ਹੁਣ ਦਿੱਲੀ ਵਿੱਚ ਵੇਖਿਆ ਜਾ ਸਕਦਾ ਹੈ। ਅਜਿਹਾ ਹੀ ਮਾਹੌਲ ਉੱਤਰ ਪ੍ਰਦੇਸ਼ ਦੇ ਕਸਬੇ ਆਜ਼ਮਗੜ੍ਹ, ਜਿਸਨੂੰ ਕਿ ਬਹੁਤ ਬਦਨਾਮ ਕਰ ਦਿੱਤਾ ਗਿਆ ਹੈ, ਵਿੱਚ ਵੀ ਵੇਖਿਆ ਜਾ ਸਕਦਾ ਹੈ।
ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿੱਚ ਸਥਿਤ ਬਾਟਲਾ ਹਾਊਸ ਦੇ ਅਖੌਤੀ ਪੁਲਿਸ ਮੁਕਾਬਲੇ ਨੂੰ ਹੀ ਦੇਖ ਲਓ, ਜਿਸ ਵਿੱਚ ਦੋ ਕਥਿਤ ਅੱਤਵਾਦੀ ਆਤਿਫ ਅਮੀਨ ਅਤੇ ਮੁਹੰਮਦ ਸਜਾਦ ਮਾਰੇ ਗਏ, ਇਕ ਫੜਿਆ ਗਿਆ ਅਤੇ ਦੋ ਕਥਿਤ ਤੌਰ ’ਤੇ ਭੱਜਣ ਵਿੱਚ ਸਫਲ ਹੋ ਗਏ ਦੱਸੇ ਗਏ। ਦਿੱਲੀ ਪੁਲਿਸ ਨੇ ਕਿਹਾ ਕਿ ਆਤਿਫ ‘ਇੰਡੀਆ ਮੁਜਾਹੀਦੀਨ’ ਜੱਥੇਬੰਦੀ ਦਾ ਮੁੱਖ ਲੀਡਰ ਸੀ ਅਤੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਹੋਏ ਬੰਬ ਧਮਾਕਿਆਂ ਪਿੱਛੇ ਉਸ ਦਾ ਹੀ ਹੱਥ ਸੀ। ਮੁੰਬਈ ਪੁਲਿਸ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਅਤੇ ਇਹ ਕਿਹਾ ਹੈ ਕਿ ਬੰਬ ਧਮਾਕਿਆਂ ਦਾ ਅਸਲ ਯੋਜਨਾਕਾਰ ਮੁਹੰਮਦ ਸਾਦਿਕ ਸ਼ੇਖ ਸੀ।
ਦਿੱਲੀ ਵਿੱਚ ਪੁਲਿਸ ਮੁਕਾਬਲਾ 13 ਸਤੰਬਰ ਨੂੰ ਹੋਏ ਬੰਬ ਧਮਾਕਿਆਂ ਤੋਂ ਇਕ ਹਫਤੇ ਤੋਂ ਘੱਟ ਸਮੇਂ ਵਿੱਚ ਹੋਇਆ ਹੈ, ਜਿਸਨੂੰ ਕਿ ਸਰਕਾਰ ਦੇ ਅੱਤਵਾਦੀਆਂ ਨੂੰ ਜਵਾਬ ਵਜੋਂ ਵੀ ਦੇਖਿਆ ਜਾ ਸਕਦਾ ਹੈ। ਇਹ ਉਸੇ ਤਰ੍ਹਾਂ ਦਾ ਪੁਲਿਸ ਮੁਕਾਬਲਾ ਜਾਪਦਾ ਹੈ ਜਿਸ ਤਰ੍ਹਾਂ ਕਿ ਅੰਸਲ ਪਲਾਜ਼ਾ ਵਿਖੇ ਬਣਾਇਆ ਗਿਆ ਸੀ ਅਤੇ ਜਿਸ ਤਰ੍ਹਾਂ ਕਿ ਭ੍ਰਿਸ਼ਟਾਚਾਰ ਅਤੇ ਜਬਰੀ ਉਗਰਾਹੀਆਂ ਦੇ ਮਾਮਲੇ ਵਿੱਚ ਬਦਨਾਮ ਏ.ਸੀ.ਪੀ. ਰਾਜਬੀਰ ਸਿੰਘ ਨੂੰ ਸ਼ਰ੍ਹੇਆਮ ਉਸਦੇ ਇਕ ਸਾਥੀ ਵੱਲੋਂ ਮਾਰ ਦਿੱਤਾ ਗਿਆ ਸੀ। ਬਾਟਲਾ ਹਾਊਸ ਪੁਲਿਸ ਮੁਕਾਬਲੇ ਸਬੰਧੀ ਲੋਕਾਂ ਦੇ ਕਈ ਤਰ੍ਹਾਂ ਦੇ ਸ਼ੰਕੇ ਸਾਹਮਣੇ ਆਏ ਹਨ, ਭਾਵੇਂ ਕਿ ਇਸ ਵਿੱਚ ਸਪਸ਼ੈਲ ਸ਼ੈੱਲ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਵੀ ਮਾਰੇ ਗਏ।
ਤਰੁਟੀਆਂ
ਐਨਕਾਊਂਟਰ ਬਾਰੇ ਸਰਕਾਰੀ ਪੱਖ ਤਰੁਟੀਆਂ ਨਾਲ ਭਰਿਆ ਹੋਇਆ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਤਿਫ ਹਾਲ ਹੀ ਵਿੱਚ ਵਾਰਾਨਸੀ, ਜੈਪੁਰ ਅਤੇ ਅਹਿਮਦਾਬਾਦ ਦੇ ਬੰਬ ਧਮਾਕਿਆਂ ਦਾ ਯੋਜਨਾਕਾਰ ਸੀ ਪਰ ਇਨ੍ਹਾਂ ਥਾਵਾਂ ਦੀ ਪੁਲਿਸ ਹੋਰ ਵਿਅਕਤੀਆਂ ਵਲੀ ਅੱਲਾ, ਸ਼ਾਹਬਾਜ਼ ਹੁਸੈਨ, ਅੱਬੂ ਬਸ਼ੀਰ ਅਤੇ ਅਬਦੁਲ ਸੁਭਾਨ ਕੁਰੈਸ਼ੀ ਉਰਫ ਤੌਕੀਰ ਨੂੰ ਇਸਲਈ ਜ਼ਿੰਮੇਵਾਰ ਠਹਿਰਾਉਂਦੀ ਹੈ। ਹਾਲ ਹੀ ਵਿੱਚ ਤੌਕੀਰ ਨੂੰ ਇੰਡੀਅਨ ਮੁਜਾਹੀਦੀਨ ਜੱਥੇਬੰਦੀ ਦਾ ਮੁੱਖ ਯੋਜਨਾਕਾਰ ਦੱਸਿਆ ਗਿਆ ਸੀ। ਪੁਲਿਸ ਨੇ ਇਹ ਵੀ ਆਖਿਆ ਕਿ ਆਤਿਫ ਦੇ ਪਰਵਾਰ ਅਤੇ ਉਸਦੇ ਮਿੱਤਰਾਂ ਨੇ ਇਸਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਇਸ ਤੋਂ ਇਹ ਸੰਭਾਵਨਾ ਪੈਦਾ ਹੁੰਦੀ ਹੈ ਕਿ ਪੁਲਿਸ ਆਤਿਫ ਦੀ ਪਛਾਣ ਨੂੰ ਕਿਸੇ ਹੋਰ ਨਾਲ ਰਲਗੱਡ ਕਰ ਰਹੀ ਹੈ।
ਦਿੱਲੀ ਪੁਲਿਸ ਦਾ ਇਹ ਕਹਿਣਾ ਹੈ ਕਿ ਆਤਿਫ ਗੁਪਤ ਤੌਰ ’ਤੇ ਭੇਦ ਭਰੇ ਢੰਗ ਨਾਲ ਵਿਚਰਦਾ ਰਿਹਾ ਹੈ ਤੇ ਆਜ਼ਮਗੜ੍ਹ ਦੇ ਯੂਨੀਅਨ ਬੈਂਕ ਵਿਚਲੇ ਆਪਣੇ ਖਾਤੇ ਵਿੱਚੋਂ ਉਸਨੇ ਦਿੱਲੀ ਬੰਬ ਧਮਾਕਿਆਂ ਤੋਂ ਪਹਿਲਾਂ ਤਿੰਨ ਕਰੋੜ ਰੁਪਏ ਦਾ ਲੈਣ-ਦੇਣ ਕੀਤਾ। ਪਰ ਮੀਡੀਆ ਨੇ ਸਬੰਧਤ ਬੈਂਕ ਤੋਂ ਪੁੱਛ-ਪੜਤਾਲ ਕਰਕੇ ਇਹ ਗੱਲ ਸਾਹਮਣੇ ਲਿਆਂਦੀ ਕਿ ਉਸਦੇ ਖਾਤੇ ਵਿੱਚ ਸਿਰਫ਼ 1400 ਰੁਪਏ ਜਮ੍ਹਾਂ ਹਨ, ਜਿਸ ਵਿੱਚੋਂ ਜੁਲਾਈ ਤੋਂ ਬਾਅਦ ਕੋਈ ਲੈਣ-ਦੇਣ ਨਹੀਂ ਕੀਤਾ ਗਿਆ।
ਹਾਲ ਹੀ ਵਿੱਚ ਆਤਿਫ ਨਵੀਂ ਦਿੱਲੀ ਵਿੱਚ ਐਲ-18, ਬਾਟਲਾ ਹਾਊਸ ਵਿਖੇ ਕਿਰਾਏ ’ਤੇ ਰਹਿੰਦਾ ਸੀ। ਉਸ ਨੇ ਇਹ ਘਰ ਬਾਕਾਇਦਾ ਰਜਿਸਟਰਡ ਇਕਰਾਰਨਾਮੇ ਮੁਤਾਬਿਕ ਕਿਰਾਏ ’ਤੇ ਲਿਆ ਸੀ, ਜਿਸ ’ਤੇ ਜਾਮੀਆ ਨਗਰ ਪੁਲਿਸ ਸਟੇਸ਼ਨ ਦੀ ਮੋਹਰ ਵੀ ਲੱਗੀ ਹੋਈ ਹੈ। ਇਹ ਗੱਲ ਸ਼ੱਕ ਪੈਦਾ ਕਰਦੀ ਹੈ ਕਿ ਕੀ ਕੋਈ ਅੱਤਵਾਦੀ ਯੋਜਨਾਕਾਰ ਏਨੇ ਖੁੱਲ੍ਹੇ ਢੰਗ ਨਾਲ ਅਤੇ ਏਨੀ ਪਾਰਦਰਸ਼ਤਾ ਨਾਲ ਵਿਚਰ ਸਕਦਾ ਹੈ? ਖਾਸ ਕਰਕੇ ਉਸ ਹਾਲਤ ਵਿੱਚ, ਜਦੋਂ ਕਿ ਪੁਲਿਸ ਮੁਕਾਬਲੇ ਤੋਂ ਲਗਭਗ ਇਕ ਹਫਤਾ ਪਹਿਲਾਂ ਪੁਲਿਸ ਉਸ ਇਲਾਕੇ ’ਤੇ ਪੂਰੀ ਤਰ੍ਹਾਂ ਨਜ਼ਰ ਵੀ ਰੱਖ ਰਹੀ ਸੀ। ਪੁਲਿਸ ਨੇ ਆਤਿਫ ਦੇ ਸਾਥੀ ਸਾਕਿਬ ਨਸਾਰ ’ਤੇ 26 ਜੁਲਾਈ ਨੂੰ ਅਮਿਹਦਾਬਾਦ ਵਿੱਚ ਬੰਬ ਰੱਖਣ ਦਾ ਦੋਸ਼ ਲਾਇਆ ਹੈ ਪਰ ਰਿਕਾਰਡ ਇਹ ਦਰਸਾਉਂਦਾ ਹੈ ਕਿ ਸਾਕਿਬ ਨਵੀਂ ਦਿੱਲੀ ਵਿੱਚ 22 ਤੋਂ 28 ਜੁਲਾਈ ਤੱਕ ਐਮ.ਬੀ.ਏ. ਦਾ ਇਮਤਿਹਾਨ ਦਿੰਦਾ ਰਿਹਾ।
ਅੱਖੀਂ ਦੇਖਿਆ ਹਾਲ
‘ਮੇਲ ਟੂਡੇ’ ਨੇ ਦਿੱਲੀ ਵਿੱਚ ਹੋਏ ਪੁਲਿਸ ਮੁਕਾਬਲੇ ਦਾ ਇਕ ਅੱਖੀਂ ਦੇਖਿਆ ਹਾਲ ਪ੍ਰਕਾਸ਼ਿਤ ਕੀਤਾ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਬਾਟਲਾ ਹਾਊਸ ਦੀ ਚੌਥੀ ਮੰਜ਼ਿਲ, ਜਿਸ ਵਿੱਚ ਕਿ ਆਤਿਫ ਅਤੇ ਸਜ਼ਾਦ ਰਹਿੰਦੇ ਸਨ, ਵਿੱਚ ਦਾਖ਼ਲ ਹੋਈ ਤਾਂ ਉਨ੍ਹਾਂ ਦੀ ਪੁਲਿਸ ਨਾਲ ਹੱਥੋਪਾਈ ਹੋਈ। ਉਨ੍ਹਾਂ ਨੂੰ ਦੋ ਬਿਨਾਂ ਹਥਿਆਰਾਂ ਤੋਂ ਵਿਅਕਤੀਆਂ ਨੇ ਖਿੱਚ ਕੇ ਹੇਠਾਂ ਲਿਆਂਦਾ, ਜਿਥੇ ਕਿ ਇੰਸਪੈਕਟਰ ਸ਼ਰਮਾ ਸਮੇਤ ਸਪੈਸ਼ਲ ਸੈੱਲ ਦੇ ਹੋਰ ਹਥਿਆਰਬੰਦ ਪੁਲਿਸ ਦੇ ਜਵਾਨ ਮੌਜੂਦ ਸਨ। ਪੁਲਿਸ ਨੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਕੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਘੜਮੱਸ ਵਿੱਚ ਇਕ ਪੁਲਿਸ ਵਾਲੇ ਕੋਲੋਂ ਗੋਲੀ ਚੱਲ ਗਈ, ਜਿਸ ਨਾਲ ਸ੍ਰੀ ਸ਼ਰਮਾ ਦੀ ਪਿੱਠ ’ਤੇ ਤਿੰਨ ਗੋਲੀਆਂ ਲੱਗੀਆਂ।
ਜਦੋਂ ਪੁਲਿਸ ਵਾਲਿਆਂ ਦੇ ਮੁਖੀ ਦੇ ਗੋਲੀਆਂ ਲੱਗ ਗਈਆਂ ਤਾਂ ਪੁਲਿਸ ਆਪਾ ਖੋਹ ਬੈਠੀ ਅਤੇ ਉਨ੍ਹਾਂ ਨੇ ਆਤਿਫ ਤੇ ਸੱਜਾਦ ’ਤੇ ਬਿਲਕੁਲ ਨੇੜੇ ਤੋਂ ਗੋਲੀਆਂ ਦਾਗ ਦਿੱਤੀਆਂ। ਮੈਂ ਸੱਜਾਦ ਨੂੰ ਦਫਨਾਏ ਜਾਣ ਤੋਂ ਪਹਿਲਾਂ ਉਸਦੀ ਇਕ ਤਸਵੀਰ ਦੇਖੀ ਹੈ। ਇਸ ਤਸਵੀਰ ਤੋਂ ਪਤਾ ਲਗਦਾ ਹੈ ਕਿ ਉਸਦੇ ਮੋਢੇ ਅਤੇ ਛਾਤੀ ਵਿੱਚ ਗੋਲੀਆਂ ਦੇ ਗੰਭੀਰ ਜ਼ਖ਼ਮ ਸਨ। ਉਸ ਦੀ ਖੋਪੜੀ ਦੇ ਮੋਹਰਲੇ ਪਾਸੇ ਚਾਰ ਗੋਲੀਆਂ ਦੇ ਨਿਸ਼ਾਨ ਸਨ। ਇਥੋਂ ਤੱਕ ਕਿ ਸਿਰ ਵਿੱਚ ਇਕ ਲੱਗੀ ਗੋਲੀ ਹੀ ਮਾਰੂ ਸਾਬਿਤ ਹੁੰਦੀ ਹੈ ਪਰ ਗੋਲੀਆਂ ਮਾਰਨ ਵਾਲੇ ਪੁਲਿਸੀਆਂ ਨੇ ਨਫਰਤ ਅਤੇ ਆਪਣੀ ਗਲਤੀ ਨੂੰ ਛੁਪਾਉਣ ਦੀ ਭਾਵਨਾ ਨਾਲ ਹੀ ਉਨ੍ਹਾਂ ਦੇ ਬਹੁਤ ਸਾਰੀਆਂ ਗੋਲੀਆਂ ਮਾਰੀਆਂ।
ਪੋਸਟਮਾਰਟਮ ਦੀ ਰਿਪੋਰਟ
ਤਿੰਨਾਂ ਮਾਰੇ ਗਏ ਵਿਅਕਤੀਆਂ ਦੀ ‘ਹੈੱਡਲਾਈਨਜ਼ ਟੂਡੇ’ ਟੀ.ਵੀ. ਚੈਨਲ ਨੇ ਜੋ ਪੋਸਟਮਾਰਟਮ ਰਿਪੋਰਟ ਹਾਸਲ ਕੀਤੀ ਹੈ, ਉਹ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕਰਦੀ ਹੈ ਕਿ ਸ੍ਰੀ ਸ਼ਰਮ ਉਸ ਸਮੇਂ ਮਾਰੇ ਗਏ ਜਦੋਂ ਆਤਿਫ ਜਾਂ ਸੱਜਾਦ ਨੇ ਸਾਹਮਣੇ ਤੋਂ ਉਸ ’ਤੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਕਿ ਪੁਲਿਸ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਈ ਸੀ। ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਤਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਸ੍ਰੀ ਸ਼ਰਮਾ ਦੀ ਚਿੱਟੀ ਕਮੀਜ਼ ’ਤੇ ਮੋਹਰੇ ਤੋਂ ਖੂਨ ਦੇ ਕੋਈ ਨਿਸ਼ਾਨ ਨਹੀਂ ਸਨ। ਆਤਿਫ ਅਤੇ ਸੱਜਾਦ ਦੀ ਪੋਸਟਮਾਰਟਮ ਰਿਪੋਰਟ ਤੋਂ ਇਹ ਵੀ ਪਤਾ ਲਗਦਾ ਹੈ ਕਿ ਗੋਲੀਆਂ ਦੇ ਜ਼ਖ਼ਮਾਂ ਤੋਂ ਇਲਾਵਾ ਕੁੱਟਮਾਰ ਕਰਨ ਕਰਕੇ ਉਨ੍ਹਾਂ ਦੇ ਸਰੀਰ ਦੇ ਅੰਦਰ ਵੀ ਖੂਨ ਪੈ ਗਿਆ ਸੀ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਦੋ ਅੱਤਵਾਦੀ ਭੱਜਣ ਵਿੱਚ ਸਫਲ ਹੋ ਗਏ ਸਨ ਪਰ ਇਲਾਕੇ ਦੀ ਸਥਿਤੀ ਇਸ ਤਰ੍ਹਾਂ ਦੀ ਸੀ ਕਿ ਦਾਖਲੇ ਲਈ ਕੋਈ ਸਿਰਫ਼ ਇਕ ਤੰਗ ਰਸਤਾ ਸੀ, ਜਿਸ ਰਾਹੀਂ ਬਚ ਕੇ ਕੋਈ ਬਾਹਰ ਨਹੀਂ ਨਿਕਲ ਸਕਦਾ ਸੀ।
ਜਾਂਚ ਦੀ ਲੋੜ
ਇਨ੍ਹਾਂ ਸਾਰੇ ਵੇਰਵਿਆਂ ਤੋਂ ਇਹ ਜਾਪਦਾ ਹੈ ਕਿ ਸ੍ਰੀ ਸ਼ਰਮਾ ਦੀ ਮੌਤ ਪੁਲਿਸ ਵੱਲੋਂ ਆਤਿਫ ਅਤੇ ਸੱਜਾਦ ਨਾਲ ਕੀਤੀ ਹੱਥੋਪਾਈ ਸਮੇਂ ਹੋਈ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਆਤਿਫ ਅਤੇ ਸੱਜਾਦ ਅੱਤਵਾਦੀ ਸਨ, ਫਿਰ ਵੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਨੂੰ ਅਪਾਰਟਮੈਂਟ ਵਿੱਚੋਂ ਬਾਹਰ ਕਿਉਂ ਨਹੀਂ ਕੱਢਿਆ ਗਿਆ ਅਤੇ ਉਨ੍ਹਾਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕਰਕੇ ਅਤੇ ਉਨ੍ਹਾਂ ਨੂੰ ਮੁਕੱਦਮੇ ਅਧੀਨ ਲਿਆ ਕੇ ਉਨ੍ਹਾਂ ਨੂੰ ਸਜ਼ਾ ਕਿਉਂ ਨਹੀਂ ਸੀ ਦਿੱਤੀ ਜਾ ਸਕਦੀ? ਇਹ ਦੁੱਖ ਦੀ ਗੱਲ ਹੈ ਕਿ ਭਾਰਤੀ ਪੁਲਿਸ ਅੱਤਵਾਦ ਦੇ ਕੇਸਾਂ ਸਬੰਧੀ ਘੱਟ ਹੀ ਜਾਂਚ-ਪੜਤਾਲ ਕਰਦੀ ਹੈ ਅਤੇ ਇਸ ਤੋਂ ਵੀ ਅੱਗੇ ਅੱਤਵਾਦ ਕਰਨ ਵਾਲਿਆਂ ਨੂੰ ਜਾਇਜ਼ ਢੰਗ ਨਾਲ ਮੁਕੱਦਮਾ ਚਲਾ ਕੇ ਸਜ਼ਾ ਦਿਵਾਉਣ ਦੇ ਮਾਮਲੇ ਵਿੱਚ ਉਸਦਾ ਰਿਕਾਰਡ ਹੋਰ ਵੀ ਕਮਜ਼ੋਰ ਹੈ। ਇਹ ਸਾਰਾ ਵੇਰਵਾ ਮੰਗ ਕਰਦਾ ਹੈ ਕਿ ਉਪਰੋਕਤ ਪੁਲਿਸ ਮੁਕਾਬਲੇ ਦੀ ਆਜ਼ਾਦਾਨਾ ਅਦਾਲਤੀ ਜਾਂਚ ਕਰਵਾਈ ਜਾਵੇ।
ਇਹ ਸ਼ਰਮ ਦੀ ਗੱਲ ਹੈ ਕਿ ਭਾਰਤੀ ਪੁਲਿਸ ਦੇ ਅੱਤਵਾਦ ਵਿਰੋਧੀ ਸੈੱਲ ਕਦੇ ਵੀ ਇਸ ਸ਼ੱਕੀ ਅਕਸ ਤੋਂ ਉੱਪਰ ਨਹੀਂ ਉਠ ਸਕੇ ਕਿ ਉਹ ਵਾਜਬ ਕਾਨੂੰਨੀ ਅਮਲ ਅਪਣਾਉਣ ਦੀ ਥਾਂ ਹਮੇਸ਼ਾ ਜਬਰ ਅਤੇ ਜ਼ਾਲਮਾਨਾ ਢੰਗ-ਤਰੀਕਿਆਂ ਨੂੰ ਤਰਜੀਹ ਦਿੰਦੇ ਹਨ। ਜਦੋਂ ਤੱਕ ਪੁਲਿਸ/ਸੁਰੱਖਿਆ ਏਜੰਸੀਆਂ ਦੀ ਅੱਤਵਾਦ ਵਿਰੋਧੀ ਰਣਨੀਤੀਆਂ ਅਤੇ ਆਪਰੇਸ਼ਨਾਂ ਵਿੱਚ ਵੱਡੇ ਸੁਧਾਰ ਨਹੀਂ ਲਿਆਂਦੇ ਜਾਂਦੇ, ਉਦੋਂ ਤੱਕ ਘੱਟ-ਗਿਣਤੀਆਂ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ, ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ ਅਤੇ ਨਾ ਹੀ ਇਨ੍ਹਾਂ ਨਾਲ ਸਬੰਧਿਤ ਲੋਕ ਆਪਣੇ-ਆਪ ਨੂੰ ਕੌਮੀ ਪੱਧਰ ’ਤੇ ਪੂਰੀ ਤਰ੍ਹਾਂ ਪੂਰੇ ਅਧਿਕਾਰਾਂ ਵਾਲੇ ਸ਼ਹਿਰੀ ਮਹਿਸੂਸ ਕਰ ਸਕਣਗੇ। ਜੇਕਰ ਭਾਰਤ ਵਿੱਚ ਅਸੀਂ ਸਮਾਜਕ ਸਾਂਝ ਨੂੰ ਬਰਕਰਾਰ ਰੱਖਣਾ ਹੈ ਅਤੇ ਮਨੁੱਖੀ ਅਧਿਕਾਰਾਂ ਤੇ ਕਾਨੂੰਨ ਦੇ ਸ਼ਾਸਨ ਦਾ ਸਤਿਕਾਰ ਕਰਨਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੇ ਪੁਲਿਸੀਆ ਜਬਰ ਨੂੰ ਸਹਿਣ ਨਹੀਂ ਕਰਨਾ ਚਾਹੀਦਾ।