

ਭਾਰਤੀ ਮੀਡੀਆ ਦੀਆਂ ਫਿਰਕਾਪ੍ਰਸਤ ਨੀਤੀਆਂ ਨੇ ਬੇਸ਼ਰਮੀ ਦੀਆਂ ਹੱਦਾਂ ਤੋੜੀਆਂ
- ਸਵਰਣ ਸਿੰਘ -
ਭਾਰਤੀ ਮੀਡੀਆ ਸੰਗਠਨਾਂ ’ਤੇ ਬਹੁ-ਗਿਣਤੀ ਨਾਲ ਕਾਬਿਜ਼ ਬ੍ਰਾਹਮਣਵਾਦੀਆਂ ਵੱਲੋਂ ਮੀਡੀਆ ਦੀ ਤਾਕਤ ਦਾ ਦੁਰਪਯੋਗ ਕਰਕੇ ਘੱਟ-ਗਿਣਤੀਆਂ ਨੂੰ ਅਪਮਾਨਿਤ ਤੇ ਬਦਨਾਮ ਕਰਨ ਅਤੇ ਬ੍ਰਾਹਮਣਵਾਦੀ ਸਮਾਜ ਦੀਆਂ ਦੇਸ਼-ਵਿਰੋਧੀ ਕਾਰਵਾਈਆਂ ’ਤੇ ਪੜਦੇ ਪਾਉਣ ਦੀ ਨੀਤੀ ਬੜੀ ਪੁਰਾਣੀ ਹੈ। ਇਸੇ ਨੀਤੀ ਅਧੀਨ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਵਿੱਚ, ਪੰਜਾਬ ਵਿਚਲੀ ਖਾੜਕੂ ਕਾਰਵਾਈਆਂ ਨਾਲ ਸਬੰਧਿਤ ਵਿਅਕਤੀਆਂ (ਅਤੇ ਉਨ੍ਹਾਂ ਲੋਕਾਂ ਨੂੰ ਵੀ, ਜਿਨ੍ਹਾਂ ਦਾ ਅਸਲ ਵਿੱਚ ਇਨ੍ਹਾਂ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਹੁੰਦਾ) ਨੂੰ ‘ਸਿੱਖ ਅੱਤਵਾਦੀ’ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ, ਆਪਣੇ ਉੱਪਰ ਹੋਏ ਕਿਸੇ ਜ਼ੁਲਮ ਵਿਰੁੱਧ ਸਿੱਖ ਕੌਮ ਵੱਲੋਂ ਅਵਾਜ਼ ਚੁੱਕਣ ’ਤੇ ਬ੍ਰਾਹਮਣਵਾਦੀ ਮੀਡੀਆ ਵੱਲੋਂ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਸਿੱਖ ਦੰਗਾ-ਫਸਾਦ ਕਰ ਰਹੇ ਹਨ। ਇਸਦੇ ਉਲਟ, ਗੁੱਜਰਾਂ ਜਾਂ ਹਿੰਦੂ ਸਮਾਜ ਦੇ ਕਿਸੇ ਹੋਰ ਵਰਗ ਵੱਲੋਂ ਆਯੋਜਿਤ ਆਂਦੋਲਨਾਂ ਦੌਰਾਨ ਕੀਤੀ ਜਾਂਦੀ ਤੋੜ-ਫੋੜ ਨੂੰ ਲੋਕਾਂ ਦੇ ਗੁੱਸੇ ਵਜੋਂ ਪ੍ਰਚਾਰਿਆ ਜਾਂਦਾ ਹੈ।
ਬ੍ਰਾਹਮਣਵਾਦੀਆਂ ਦੀ ਇਹ ਨੀਤੀ ਸਿਰਫ਼ ਸਿੱਖਾਂ ਤੱਕ ਹੀ ਸੀਮਤ ਨਹੀਂ। ਦੇਸ਼ ਵਿੱਚ ਹੁੰਦੀਆਂ ਬੰਮ-ਧਮਾਕਿਆਂ ਦੀਆਂ ਘਟਨਾਵਾਂ ਲਈ ਮੀਡੀਆ ਵੱਲੋਂ ਮੁਸਲਿਮ ਸੰਗਠਨਾਂ ਨੂੰ ਦੋਸ਼ੀ ਠਹਿਰਾਉਣ ਕਰਕੇ ਅੱਜ ਮੁਸਲਮਾਨਾਂ ਦਾ ਅਕਸ ਵੀ ਅੱਤਵਾਦੀਆਂ ਵਾਲਾ ਬਣ ਗਿਆ ਹੈ। ਮੀਡੀਆ ਵੱਲੋਂ ਅੱਤਵਾਦ ਨੂੰ ਕੁਚਲਣ ਲਈ ਸਖ਼ਤ ਕਾਨੂੰਨ ਅਤੇ ਬਿਹਤਰ ਸੁਰੱਖਿਆ ਪ੍ਰਬੰਧ ਅਪਣਾਉਣ ’ਤੇ ਤਾਂ ਬੜਾ ਜ਼ੋਰ ਦਿੱਤਾ ਜਾਂਦਾ ਹੈ ਪਰ ਕਦੇ ਵੀ ਅੱਤਵਾਦ ਦੀ ਸਮੱਸਿਆ ਦੇ ਕਾਰਨਾਂ (ਸਰਕਾਰ ਅਤੇ ਬਹੁਗਿਣਤੀ ਕੌਮ ਦੇ ਫਿਰਕੂ ਸੰਗਠਨਾਂ ਵੱਲੋਂ ਘੱਟ-ਗਿਣਤੀ ਕੌਮਾਂ ਨਾਲ ਕੀਤੀਆਂ ਜਾਂਦੀਆਂ ਜ਼ਿਆਦਤੀਆਂ) ਬਾਰੇ ਚਰਚਾ ਨਹੀਂ ਕੀਤੀ ਜਾਂਦੀ।
ਪਰ ਪਿਛਲੇ ਕੁਝ ਸਮੇਂ ਤੋਂ ਬ੍ਰਾਹਮਣਵਾਦੀਆਂ ਦੀ ਘੱਟ-ਗਿਣਤੀ ਕੌਮਾਂ ਵਿਰੋਧੀ ਨੀਤੀ ਸ਼ਰਮ-ਹਯਾ ਦੇ ਸਾਰੇ ਹੱਦ ਬੰਨ੍ਹੇ ਟੱਪ ਗਈ ਜਾਪਦੀ ਹੈ। ਇਸਦੀ ਇਕ ਮਿਸਾਲ ਤਾਂ ਇਸ ਤੱਥ ਤੋਂ ਮਿਲਦੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉੜੀਆ ਅਤੇ ਦੱਖਣੀ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਇਸਾਈਆਂ ਦੀਆਂ ਜਾਨਾਂ ਅਤੇ ਜਮੀਨ-ਜਾਇਦਾਦ ’ਤੇ ਹੋ ਰਹੇ ਹਮਲੇ ਬਾਰੇ ਮੀਡੀਆ ਨੇ ਅਤਿ ਸੰਖੇਪ ਵਿੱਚ ਮਾੜੀ-ਮੋਟੀ ਜਾਣਕਾਰੀ ਦੇ ਕੇ ਹੁਣ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਹੈ, ਜਦਕਿ ਇਨ੍ਹਾਂ ਸੂਬਿਆਂ ਵਿੱਚ ਇਸਾਈਆਂ ਦਾ ਘਾਣ ਹਾਲਾਂ ਵੀ ਜਾਰੀ ਹੈ। ਇਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਇਹ ਹੈ ਬ੍ਰਾਹਮਣਵਾਦੀ ਮੀਡੀਆ ਨੇ ਇਸਾਈਆਂ ਨੂੰ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅਖੇ, ਮੁੰਬਈ ਦੇ ਗਿਰਜਾਘਰਾਂ ਦੇ ਪਾਦਰੀ ਚਰਚਾਂ ਦੀਆਂ ਜ਼ਮੀਨਾਂ ਨੂੰ ਵੇਚ ਕੇ ਮੁਨਾਫਾ ਕਮਾ ਰਹੇ ਹਨ। (ਇਸਾਈ ਪਾਦਰੀ ਚਰਚ ਦੀ ਜ਼ਮੀਨ ਵੇਚਣ ਜਾਂ ਕਿਸੇ ਹੋਰ ਕਾਰਜ ਵਾਸਤੇ ਉਪਯੋਗ ਕਰਨ, ਇਹ ਤਾਂ ਇਸਾਈ ਬਿਰਾਦਰੀ ਦਾ ਅੰਦਰੂਨੀ ਮਾਮਲਾ ਹੈ - ਇਸ ਨਾਲ ਦੇਸ਼ ਦੇ ਲੋਕਾ ਜਾਂ ਬ੍ਰਾਹਮਣਵਾਦੀ ਮੀਡੀਆ ਨੂੰ ਕੀ ਫ਼ਰਕ ਪੈ ਰਿਹਾ ਹੈ, ਜੋ ਇਨ੍ਹਾਂ ਨੇ ਹਾਇ-ਤੌਬਾ ਮਚਾਈ ਹੋਈ ਹੈ?)
ਬ੍ਰਾਹਮਣਵਾਦੀ ਮੀਡੀਆ ਦੀ ਘੱਟ-ਗਿਣਤੀ ਕੌਮਾਂ ਪ੍ਰਤੀ ਈਰਖਾਲੂ ਸੋਚ ਦੀ ਇਕ ਤਾਜ਼ਾਤਰੀਨ ਮਿਸਾਲ ਪਿਛਲੇ ਦਿਨੀਂ ਦਿੱਲੀ ਦੇ ਘਰੇਲੂ ਹਵਾਈ ਅੱਡੇ ਵਿਖੇ ਵਾਪਰੀ ਇਕ ਅਹਿਮ ਘਟਨਾ ਵਿੱਚ ਵੀ ਮਿਲੀ। ਮਿਤੀ 9 ਅਕਤੂਬਰ ਨੂੰ ਮੁੰਬਈ ਤੋਂ ਦਿੱਲੀ ਆਉਣ ਵਾਲੀ ‘ਗੋ ਏਅਰ’ ਕੰਪਨੀ ਦੀ ਇਕ ਫਲਾਈਟ ਦੇ 123 ਯਾਤਰੀ ਗੰਭੀਰ ਸੰਕਟ ਵਿੱਚ ਫਸ ਗਏ ਸਨ। ਹੋਇਆ ਇਹ ਸੀ ਕਿ ਮੁੰਬਈ ਤੋਂ ਉਡਾਣ ਭਰਦਿਆਂ ਹੀ ਹਵਾਈ ਜਹਾਜ਼ ਦੇ ਅਗਲੇ ਦੋ ਪਹੀਆਂ ਵਿੱਚੋਂ ਇਕ ਪਹੀਆ ਟੁੱਟ ਕੇ ਹੇਠਾਂ ਡਿੱਗ ਪਿਆ ਸੀ, ਜਿਸ ਨਾਲ ਜਹਾਜ਼ ਦਾ ਦਿੱਲੀ ਹਵਾਈ ਅੱਡੇ ’ਤੇ ਉਤਰਨਾ ਤਕਰੀਬਨ ਨਾਮੁਮਕਿਨ ਹੋ ਗਿਆ। ਪਰ ਜਹਾਜ਼ ਦੇ ਕਪਤਾਨ ਸ੍ਰ: ਹਰਮਿੰਦਰ ਸਿੰਘ ਨੇ ਹਿੰਮਤ ਅਤੇ ਸੂਝਬੂਝ ਤੋਂ ਕੰਮ ਲਿਆ ਅਤੇ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੂੰ ਇਸ ਬਾਬਤ ਸੂਚਿਤ ਕੀਤਾ।
ਏਅਰਪੋਰਟ ਅਧਿਕਾਰੀਆਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਅੰਦਾਜ਼ਾ ਲਗਾ ਲਿਆ ਕਿ ਹਵਾਹੀ ਜਹਾਜ਼ ਦੇ ਉਤਰਦੇ ਸਮੇਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਇਸਲਈ ਉਨ੍ਹਾਂ ਨੇ ਤੁਰੰਤ ਕਾਫੀ ਸਾਰੀਆਂ ਅੱਗ-ਬੁਝਾਊ ਗੱਡੀਆਂ, ਐਂਬੂਲੈਂਸਾਂ, ਜਹਾਜ਼ ਖਿੱਚਣ ਵਾਲੇ ਟ੍ਰੈਕਟਰਾਂ ਆਦਿਕ ਦਾ ਪ੍ਰਬੰਧ ਕਰ ਲਿਆ। ਪਰ ਸੂਝਵਾਨ ਪਾਈਲਟ ਨੇ ਹਵਾਈ ਜਹਾਜ਼ ਨੂੰ ਇਕਦਮ ਰਨ-ਵੇਅ ’ਤੇ ਉਤਾਰਨ ਦੀ ਬਜਾਏ ਪਹਿਲਾਂ ਇਕ-ਦੋ ਵਾਰੀ ਇਸਨੂੰ ਬਹੁਤ ਨੀਵੀਂ ਉਚਾਈ ’ਤੇ ਵੀ ਉਡਾਇਆ, ਤਾਂਕਿ ਏਅਰ-ਪੋਰਟ ਅਤੇ ਗੋ-ਏਅਰ ਦੇ ਇੰਜੀਨੀਅਰ ਹਵਾਈ ਨੂੰ ਪਹੁੰਚੇ ਨੁਕਸਾਨ ਦਾ ਖ਼ੁਦ ਮੁਲਾਂਕਣ ਕਰ ਸਕਣ। ਜਦ ਏਅਰਪੋਰਟ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਪੱਕਾ ਹੋ ਗਿਆ ਕਿ ਹਵਾਈ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਹੀ ਪਏਗੀ, ਤਾਂ ਵੀ ਸ੍ਰ: ਹਰਮਿੰਦਰ ਸਿੰਘ (ਪਾਈਲਟ) ਕਾਫੀ ਦੇਰ ਹਵਾਈ ਜਹਾਜ਼ ਨੂੰ ਦਿੱਲੀ ਏਅਰਪੋਰਟ ਦੇ ਆਸ-ਪਾਸ ਹੀ ਉਡਾਉਂਦੇ ਰਹੇ। ਉਨ੍ਹਾਂ ਅਜਿਹਾ ਇਸਲਈ ਕੀਤਾ ਤਾਂਕਿ ਜਹਾਜ਼ ਵਿੱਚ ਭਰਿਆ ਪੈਟਰੋਲ ਬਿਲਕੁਲ ਖ਼ਤਮ ਹੋ ਸਕੇ ਅਤੇ ਜਦ ਜਹਾਜ਼ ਰਨ-ਵੇਅ ਦੀ ਸੜਕ ਨਾਲ ਟਕਰਾਏ ਤਾਂ ਇਸਨੂੰ ਜ਼ਿਆਦਾ ਅੱਗ ਨਾ ਲਗ ਸਕੇ।
ਇਸਦੇ ਇਲਾਵਾ, ਉਨ੍ਹਾਂ ਨੇ ਪੂਰਨ ਸ਼ਾਂਤ ਸੁਰ ਵਿੱਚ ਯਾਤਰੀਆਂ ਨੂੰ ਸਮਝਾਇਆ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਏਗੀ। ਇਸਲਈ ਸੁਰੱਖਿਆ ਵਾਸਤੇ ਅਗਲੀ 11 ਪੰਕਤੀਆਂ ਦੀਆਂ ਸੀਟਾਂ ਦੇ ਯਾਤਰੀ ਜਹਾਜ਼ ਦੇ ਪਿਛਲੇ ਪਾਸੇ ਚਲੇ ਜਾਣ। ਏਨਾ ਪ੍ਰਬੰਧ ਕਰਨ ਉਪਰੰਤ ਜਦ ਜਹਾਜ਼ ਵਿੱਚ ਸਿਰਫ਼ 2 ਕੁ ਮਿਨਟਾਂ ਦੀ ਉਡਾਣ ਜਿੰਨਾ ਪੈਟਰੋਲ ਬਚਿਆ ਤਾਂ ਕੈਪਟਨ ਹਰਮਿੰਦਰ ਸਿੰਘ ਨੇ ਹਵਾਈ ਜਹਾਜ਼ ਨੂੰ ਰਨ-ਵੇਅ ’ਤੇ ਉਤਾਰਨਾ ਸ਼ੁਰੂ ਕੀਤਾ। ਉਨ੍ਹਾਂ ਜਹਾਜ਼ ਦੇ ਪਿਛਲੇ ਪਹੀਏ ਰਨ-ਵੇਅ ’ਤੇ ਲੱਗਣ ਦੇ ਬਾਅਦ ਵੀ ਅਗਲਾ ਹਿੱਸਾ ਉੱਪਰ ਚੁੱਕੀ ਰੱਖਿਆ। ਜਹਾਜ਼ ਧੀਮਾ ਹੋਣ ’ਤੇ ਉਨ੍ਹਾਂ ਨੇ ਅਗਲੇ ਇਕ-ਮਾਤਰ ਪਹੀਏ ਨੂੰ ਵੀ ਸੜਕ ’ਤੇ ਲਗਾਇਆ ਅਤੇ ਜਹਾਜ਼ ਵਿੱਚ ਤੁਰੰਤ ਪੈਟਰੋਲ ਦੀ ਪੂਰਤੀ ਬੰਦ ਕਰ ਦਿੱਤੀ, ਤਾਂ ਕਿ ਅੱਗ ਨਾ ਲੱਗ ਸਕੇ। ਇਸ ਤਰ੍ਹਾਂ, ਜਹਾਜ਼ ’ਚ ਸਵਾਰ ਸਾਰੇ 123 ਯਾਤਰੀ ਸਹੀ ਸਲਾਮਤ ਹਵਾਈ-ਅੱਡੇ ’ਤੇ ਉਤਰ ਗਏ ਅਤੇ ਕਿਸੇ ਨੂੰ ਕੋਈ ਸੱਟ ਨਾ ਲੱਗੀ।
ਇਹ ਸਭ ਕੁਝ ਜਹਾਜ਼ ਦੇ ਕਪਤਾਨ ਸ੍ਰ: ਹਰਮਿੰਦਰ ਸਿੰਘ ਦੀ ਸੂਝਬੂਝ ਕਾਰਨ ਹੀ ਸੰਭਵ ਹੋ ਸਕਿਆ ਪਰ ਸਿੱਖਾਂ ਤੋਂ ਈਰਖਾ ਖਾਂਦੇ ਬ੍ਰਾਹਮਣਵਾਦੀ ਮੀਡੀਆ ਨੇ ਇਸ ਘਟਨਾ ਦੇ ਤੱਥਾਂ ’ਤੇ ਬਿਲਕੁਲ ਹੀ ਪੜਦਾ ਪਾ ਦਿੱਤਾ ਅਤੇ ਸਿਰਫ਼ ਏਨੀ ਕੁ ਹੀ ਖ਼ਬਰ ਦਿੱਤੀ ਕਿ ਦਿੱਲੀ ਦੇ ਹਵਾਈ ਅੱਡੇ ’ਤੇ ਇਕ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜੇਕਰ ਜਹਾਜ਼ ਦੇ ਪਾਈਲਟ ਜਰਾ ਜਿਹੀ ਵੀ ਕਾਹਲ ਕਰਦਾ ਜਾਂ ਦੁਚਿੱਤੀ ਵਿੱਚ ਪੈਂਦਾ ਤਾਂ ਇਸ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਜਾ ਸਕਦੇ ਸਨ। ਇਸਦੇ ਇਲਾਵਾ, ਲੋਕਾਂ ਵਿੱਚ ਹਵਾਈ ਯਾਤਰਾ ਦੌਰਾਨ ਸੰਭਾਵਿਤ ‘ਖਤਰੇ’ ਦਾ ਹਊਆ ਹਾਵੀ ਹੋ ਜਾਣ ਦਾ ਖਦਸ਼ਾ ਪੈਦਾ ਹੋ ਜਾਂਦਾ, ਜਿਸ ਨਾਲ ਘੱਟੋ-ਘੱਟ ਥੋੜੇ ਸਮੇਂ ਵਾਸਤੇ ਤਾਂ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੀ ਜਾਣੀ ਸੀ। ਇਸ ਨਾਲ, ਦੇਸ਼ ਵਿੱਚ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀਆਂ ਹਵਾਈ ਕੰਪਨੀਆਂ ਨੂੰ ਹੋਰ ਭਾਰੀ ਘਾਟਾ ਸਹਿਣ ਕਰਨਾ ਪੈਣਾ ਸੀ। ਪਰ ਪਾਈਲਟ ਸ੍ਰ: ਹਰਮਿੰਦਰ ਸਿੰਘ ਦੀ ਸਮਝਦਾਰੀ ਕਾਰਨ ਅਜਿਹੀ ਕੋਈ ਔਖੀ ਸਥਿਤੀ ਪੈਦਾ ਨਾ ਹੋ ਸਕੀ।
ਫਿਰ ਵੀ ਅਹਿਸਾਨ-ਫਰਾਮੋਸ਼ ਬ੍ਰਾਹਮਣਵਾਦੀਆਂ ਨੇ ਕੈਪਟਨ ਹਰਮਿੰਦਰ ਸਿੰਘ ਦੀ ਸ਼ਲਾਘਾ ਕਰਨਾ ਤਾਂ ਦੂਰ, ਉਨ੍ਹਾਂ ਦੇ ਨਾਮ ਦਾ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ। ਏਨੀ ਵੱਡੀ ਸੰਭਾਵਿਤ ਦੁਰਘਟਨਾ ਦੇ ਕਾਰਨਾਂ ਅਤੇ ਬਚਾਅ ਦੌਰਾਨ ਆਈ ਔਕੜਾਂ ਆਦਿ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਪਾਈਲਟ ਦਾ ਇੰਟਰਵਿਊ ਪ੍ਰਕਾਸ਼ਿਤ/ਪ੍ਰਸਾਰਿਤ ਕੀਤਾ ਜਾਣਾ ਵੀ ਸੁਭਾਵਿਕ ਸੀ ਪਰ ਕਿਉਂਕਿ ਬ੍ਰਾਹਮਣਵਾਦੀ ਮੀਡੀਆ ਸਿੱਖਾਂ ਨੂੰ ਸਿਰਫ਼ ਜੋਕਰਾਂ ਦੇ ਰੂਪ ਵਿੱਚ ਹੀ ਪੇਸ਼ ਕਰਨਾ ਚਾਹੁੰਦਾ ਹੈ (ਅਤੇ ਇਹ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦਾ ਕਿ ਸਿੱਖ ਵੀ ਸਿਆਣੇ ਹੁੰਦੇ ਹਨ) ਇਸਲਈ ਉਕਤ ਖ਼ਬਰ ਨੂੰ ਬਿਲਕੁਲ ‘ਬਲੈਕ-ਆਊਟ’ ਹੀ ਕਰ ਦਿੱਤਾ ਗਿਆ।
ਖੈਰ, ਗੰਗੂਕਿਆਂ ਤੋਂ ਇਸ ਤੋਂ ਵੱਧ ਹੋਰ ਕੋਈ ਆਸ ਕੀਤੀ ਵੀ ਨਹੀਂ ਜਾ ਸਕਦੀ। ਪਰ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਬ੍ਰਾਹਮਦਵਾਦੀ ਮੀਡੀਆ ਦੀ ਇਸ ਪੱਖਪਾਤੀ ਨੀਤੀ ਦਾ ਟਾਕਰਾ ਕਰਨ ਲਈ ਆਪਣੇ ਮੀਡੀਆ ਸੰਗਠਨ ਕਾਇਮ ਕਰਨ, ਤਾਂ ਜੋ ਬ੍ਰਾਹਮਣਵਾਦੀ ਮੀਡੀਆ ਵੱਲੋਂ ਸਿੱਖਾਂ ਦੇ ਸਬੰਧ ਵਿੱਚ ਸਿਰਫ਼ ਨਾਂ-ਪੱਖੀ ਖਬਰਾਂ ਪੇਸ਼ ਕਰਨ ਦੀ ਨੀਤੀ ਦਾ ਵੱਧ ਤੋਂ ਵੱਧ ਟਾਕਰਾ ਕੀਤਾ ਜਾ ਸਕੇ।