Subscription About Us Contact Us


ਹਜ਼ੂਰ ਸਾਹਿਬ ਵਿਖੇ ਅਨਮਤੀ ਰਸਮਾਂ ਵਾਲੀ ਮਰਿਆਦਾ ਚਲਾਉਣ ਵਾਲੇ ਲੋਕ ਗੁਰਤਾਗੱਦੀ ਦਿਵਸ ਮੌਕੇ ਕੀ ਗੁਲ ਖਿਲਾਉਣਗੇ?

- ਗਿ: ਹਰਦਿਆਲ ਸਿੰਘ ਖ਼ਾਲਸਾ, ਦਿੱਲੀ -
ਫੋਨ : 9873373357

ਸਚਖੰਡ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਤੀਸਰੀ ਸ਼ਤਾਬਦੀ ਮਨਾਉਣ ਲਈ ਸੰਸਾਰ ਭਰ ਤੋਂ ਸਿਖ ਸੰਗਤਾਂ ਨੂੰ ਪਹੁਚੰਣ ਲਈ ਅਵਾਜ਼ਾਂ ਮਾਰੀਆਂ ਜਾ ਰਹੀਆਂ ਹਨ। ਕੀ ਵੇਖਣਗੀਆਂ ਇਹ ਸੰਗਤਾਂ ਉਥੇ ? ਨਾਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਹੋਵੇਗਾ, ਪਰ ਬਾਕੀ ਸਭ ਕੁਛ ਗੁਰਬਾਣੀ ਦੇ ਬਿਲਕੁਲ ਉਲਟ। ਆਉ ਵਿਖਾਈਏ ਤੁਹਾਨੂੰ ਉਥੋਂ ਦੀ ਮਰਿਆਦਾ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਸ਼ਤਾਬਦੀ ਮਨਾਉਣ ਲਈ ਤੁਹਾਨੂੰ ਬੁਲਾਇਆ ਜਾ ਰਿਹਾ ਹੈ।

ਹਜ਼ੂਰ ਸਾਹਿਬ ਦੀ ਮਰਿਆਦਾ ਵਿਚ ਮਨਮਤੀ ਕਰਮਕਾਂਡਾਂ ਦੇ ਨਾਲ-ਨਾਲ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੁੰਦਾ ਹੈ। ਸ਼ਰਧਾਵਾਨ ਅਤੇ ਸਿਦਕੀ ਸਿੱਖਾਂ ਨੂੰ ਚਿੰਤਾਤੁਰ ਕਰਦਾ ਆ ਰਿਹਾ ਹੈ। ਇਕ ਗੁਰਮੁਖ ਪਿਆਰੇ, ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਤੇ ਬਖਸ਼ਿਸ਼ ਦਾ ਸਦਕਾ 10-12 ਸਾਲ ਇਸ ਪਵਿਤ੍ਰ ਅਸਥਾਨ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਜੋ ਕੁਝ ਉੱਥੇ ਮਨਮੱਤ ਦਿਖਾਈ ਦਿੱਤੀ ਉਹ ਬਚਨ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ।

1) ਤਖ਼ਤ ਸਾਹਿਬ ਤੇ ਮੰਦਰ ਵਾਂਗ ਟਲੀਆਂ ਵਜਾਈਆਂ ਜਾਂਦੀਆਂ ਹਨ।

2) ਆਰਤੀ, ਜੋਤਾਂ ਆਦਿ ਸਨਾਤਨੀ ਰੀਤਾਂ ਲਾਗੂ ਹਨ।

3) ਹਰ ਗੁਰਪੁਰਬ ਸਮੇਂ (ਚੌਟੰਗਾ) ਬਕਰਾ ਝਟਕਾਇਆ ਜਾਂਦਾ ਹੈ।

4) ਰੋਜ਼ਾਨਾ ਸਵੇਰੇ ਚੰਦਨ ਘੋਟਿਆ ਜਾਂਦਾ ਹੈ, ਜਿਸਦਾ ਟਿੱਕਾ ਮੰਦਰਾ ਵਾਂਗ ਸਾਰੀ ਸੰਗਤ ਨੂੰ ਲਾਇਆ ਜਾਂਦਾ ਹੈ।

5) ਹਰ ਰੋਂ ਤਿੰਨ ਵਾਰ ਸੁੱਖਾ ਘੋਟ ਕੇ (ਭੰਗ) ਦਾ ਪ੍ਰਸ਼ਾਦਿ ਗੁਰੂਜੀ ਨੂੰ ਭੇਟ ਕੀਤਾ ਜਾਂਦਾ ਹੈ।

6) ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓੁ ਗ੍ਰੰਥ, ਇਹ ਕਦੇ ਨਹੀਂ ਪੜਿਆ ਜਾਂਦਾ।

7) ਦਸਮ ਗ੍ਰੰਥ ਦੀ ਕਥਾ ਰੋਜ਼ਾਨਾ ਹੁੰਦੀ ਹੈ। ਉਸਦੇ ਅਖੰਡ ਪਾਠ ਮਹਿੰਗੇ ਭਾਅ ’ਤੇ ਕੀਤੇ ਜਾਂਦੇ ਹਨ।

8) ਬੀਬੀਆਂ ਨੂੰ ਖੰਡੇ ਦੀ ਪਾਹੁਲ, ਕੇਵਲ ਜਪੁਜੀ ਪੜ ਕੇ ਹੀ ਇਕ ਪੁਜਾਰੀ ਵਲੋਂ ਛਕਾਇਆ ਜਾਂਦਾ ਹੈ।

9) ਦਸਮ ਗ੍ਰੰਥ ਦੇ ਪਾਠ ਦੇ ਭੋਗ ਸਮੇਂ ਬਕਰਾ ਝਟਕਾਇਆ ਜਾਂਦਾ ਹੈ।

10) ਮੁੱਖ ਪੁਜਾਰੀ (ਅਖੌਤੀ ਜੱਥੇਦਾਰ) ਕੇਵਲ ਬ੍ਰਹਮਚਾਰੀ ਹੀ ਬਣ ਸਕਦਾ ਹੈ, ਗ੍ਰਹਿਸਤੀ ਨਹੀਂ ਬਣ ਸਕਦਾ।

ਤਖ਼ਤ ਸਚਖੰਡ ਅਤੇ ਇਥੋਂ ਦੇ ਹੋਰ ਗੁਰਦੁਆਰਿਆਂ ਦੀ ਸੇਵਾ ਪਹਿਲਾਂ-ਪਹਿਲ ਸਤਿਗੁਰੂ ਜੀ ਦੇ ਨਾਲ ਆਏ ਸਿੰਘ ਹੀ ਕਰਦੇ ਰਹੇ, ਜੋ ਗੁਰੂ ਮਹਾਰਾਜ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਪੱਕੇ ਤੌਰ ਤੇ ਇਥੇ ਟਿਕ ਗਏ ਸਨ। ਬਾਅਦ ਵਿਚ ਤੁਰਕਾਂ ਦਾ ਜੋਰ ਇਲਾਕੇ ਵਿਚ ਵਧ ਜਾਣ ਕਰਕੇ ਸਿੰਘਾਂ ਨੇ ਪੰਜਾਬ ਪਰਤਣਾ ਆਰੰਭ ਕੀਤਾ। 1823 ਦੇ ਕਰੀਬ ਹੈਦਰਾਬਾਦ ਦੇ ਦੀਵਾਨ ਚੰਦੂਲਾਲ ਦੀ ਪ੍ਰਰੇਨਾ ਨਾਲ ਉਦਾਸੀ ਸਾਧੂ ਇਥੋਂ ਦੀ ਸੇਵਾ ਸੰਭਾਲ ਕਰਨ ਲੱਗੇ। ਉਸ ਸਮੇਂ ਸਨਾਤਨੀ ਰੀਤਾਂ ਪ੍ਰਚਲਤ ਹੋਈਆਂ ਜੋ ਅੱਜ ਤਕ ਜਾਰੀ ਹਨ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਖ਼ਤ ਸਾਹਿਬ ਦੀ ਸੇਵਾ ਹੱਥ ਵਿਚ ਲਈ ਤਾਂ ਸੇਵਾ ਕਰਨ ਲਈ ਕੁਝ ਕਾਰੀਗਰ, ਲੇਬਰ, ਪ੍ਰੇਮੀ ਪੰਜਾਬ ਤੋਂ ਭੇਜੇ ਗਏ ਜੋ ਜਿੰਨਾਂ ਵਿਚੋਂ ਬਹੁਤ ਸਾਰੇ ਇੱਥੇ ਹੀ ਟਿਕ ਗਏ ਨਵਾਬ ਹੈਦਰਾਬਾਦ ਨੇ ਜੋ ਫੌਜ ਪੰਜਾਬ ਲਾਹੌਰ ਤੋਂ ਇਥੇ ਮੰਗਵਾਈ ਸੀ, ਉਨ੍ਹਾਂ ਫੌਜੀਆਂ ਵਿਚੋਂ ਵੀ ਵਧੇਰੇ ਇਧਰ ਹੀ ਟਿਕ ਗਏ। ਸਮੇਂ ਨਾਲ ਖਾਲਸੇ ਦੀ ਆਮਦ ਦਾ ਵਾਧਾ ਹੋਇਆ ਤਾਂ ਉਨ੍ਹਾਂ ਨੇ ਉਦਾਸੀਆਂ ਕੋਲੋਂ ਸੇਵਾ ਸੰਭਾਲ ਲੈ ਲਈ, ਲੇਕਿਨ ਉਨ੍ਹਾਂ ਵਲੋਂ ਚਲਾਈ ਹੋਈ , ਸ਼ੁਰੂ ਕੀਤੀ ਹੋਈ ਸਨਾਤਨੀ ਮਰਿਯਾਦਾ ਨੂੰ ਹਟਾ ਨਾ ਸਕੇ, ਜਿਸਦਾ ਪ੍ਰਭਾਵ ਅੱਜ ਤਕ ਚਲਦਾ ਆ ਰਿਹਾ ਹੈ।

1) ਤਖ਼ਤ ਸਾਹਿਬ ਵਿਖੇ ਟੱਲੀਆਂ ਵਜਾਉਣੀਆਂ, ਸੰਖ ਵਜਾਉਣਾ, ਥਾਲ ਵਿੱਚ ਦੀਵੇ ਬਾਲ ਕੇ ਆਰਤੀ ਗਾਇਨ ਕਰਨਾ, ਜੋਤਾਂ ਦਾ ਜਗਾਇਆ ਜਾਣਾ ਆਦਿ ਸਭ ਸਨਾਤਨੀ ਰੀਤਾਂ ਹਨ।

2) ਇੱਥੇ ਕੜਾਹ ਪ੍ਰਸ਼ਾਦਿ ਕ੍ਰਿਪਾਨ ਭੇਟ ਨਹੀਂ ਸਗੋਂ ਤੀਰ ਭੇਟ ਕੀਤਾ ਜਾਂਦਾ ਹੈ।

3) ਦੁਸ਼ਹਿਰੇ, ਹੋਲੇ ਮਹੱਲੇ, ਵੈਸਾਖੀ ਆਦਿ ਮੌਕਿਆਂ ਤੇ ਤਖ਼ਤ ਸਾਹਿਬ ਦੀ ਹਦੂਦ ਅੰਦਰ ਬਕਰੇ ਦੀ ਬਲੀ ਦਿੱਤੀ ਜਾਂਦੀ ਹੈ, ਉਸਦੇ ਖੂਨ ਨਾਲ ਅੰਗੀਠਾ ਸਾਹਿਬ ਤੇ ਸੁਸ਼ੋਭਿਤ ਸ਼ਸਤ੍ਰਾਂ ਨੂੰ ਤਿਲਕ ਲਗਾਇਆ ਜਾਂਦਾ ਹੈ।

4) ਤਖ਼ਤ ਸਾਹਿਬ ਵਿਖੇ ਰੋਜਾਨਾ ਸਵੇਰੇ ਬੜੇ ਨਾਟਕੀ ਢੰਗ ਨਾਲ ਚੰਦਨ ਘੋਟਿਆ ਜਾਂਦਾ ਹੈ, ਜਿਸਦੇ ਟਿੱਕੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੀ ਸੰਗਤ ਦੇ ਮੱਥੇ ਤੇ ਲਾਏ ਜਾਂਦੇ ਹਨ।

5) ਗੁਰੂ ਸਾਹਿਬਾਨ ਦੇ ਤਖ਼ਤ ਸਾਹਿਬ ਤੇ ਤਿੰਨ ਸਮੇਂ ਸੁਖ ਨਿਧਾਨ ਭੰਗ ਘੋਟ ਕੇ ਭੋਗ ਲਾਇਆ ਜਾਂਦਾ ਹੈ ਜੋ ਕਿ ਗੁਰਮਤਿ ਦੀ ਘੋਰ ਉਲੰਘਣਾ ਹੈ, ਗੁਰਬਾਣੀ ਅਤੇ ਰਹਿਤ ਮਰਿਯਾਦਾ ਅਨੁਸਾਰ ਨਸ਼ਿਆਂ ਦਾ ਸੇਵਨ ਵਰਜਿਤ ਹੈ। ਭੰਗੜ ਭਾਈਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ ਭੰਗ ਨੂੰ ਸੁਖ ਨਿਧਾਨ ਦੀ ਪਦਵੀ ਦੇਂਦੇ ਹਨ ਅਤੇ ਭੰਗ ਦੀ ਮਿੱਠੀ ਸ਼ਰਦਾਈ ਨੂੰ ਸ਼ਹੀਦੀ ਦੇਗ ਕਹਿਣੋਂ ਸੰਕੋਚ ਨਹੀਂ ਕਰਦੇ, ਸ਼ਹੀਦੀ ਦੇਗ ਕਹਿਕੇ ਗੁਰੂ ਮਹਾਰਾਜ ਨੂੰ ਭੋਗ ਲਵਾਉਂਦੇ ਹਨ, ਨਿੰਦਤ ਵਸਤੂ ਦਾ ਤਿਆਗ ਕਰਕੇ, ਸੁਖ ਨਿਧਾਨ ਬਾਰੇ ਗਿਆਨ ਹਾਸਲ ਕਰਨ ਲਈ ਗੁਰਬਾਣੀ ਦਾ ਇਹ ਫੁਰਮਾਨ ਪੜ੍ਹਨ :

ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ।319।

ਰਹਿਤ ਨਾਮਾ ਭਾ: ਦੇਸਾ ਸਿੰਘ ਜੀ :

ਪਰਨਾਰੀ ਜੂਆ ਅਸੱਤ, ਚੋਰੀ ਮਦਿਰਾ ਜਾਨ।
ਪਾਂਚ ਐਬ ਯੇ ਜਗਤ ਮਹਿ ਤਜੈ ਸੁ ਸਿੰਘ ਸੁਜਾਨ।
ਕੀਨੋ ਹੈ ਹੁਕਮ ਗੁਰੂ ਕਰਣ ਕਾਰਣ ਆਪ।
ਸਰਬਤ ਸਾਧ ਸੰਗਤ ਮੇਰੀ ਖਾਲਸਾ।
ਮਾਨੇਗਾ ਜੁ ਹੁਕਮ ਸੋ ਤੇ ਹੋਵੇਗਾ ਨਿਹਾਲ ਸਹੀ।
ਮਾਨੇ ਨ ਜੋ ਹੁਕਮ ਸੋ ਤੋਂ ਹੋਵੇਗਾ ਬੇ ਹਾਲਸਾ।
ਪਾਂਚ ਕੋ ਕੁਸੰਗ ਤਜ, ਕੁਠਾ ਹੁੱਕਾ ਚਰਸ ਤਮਾਕੂ
ਗਾਂਜਾ ਟੋਪੀ ਤਾੜੀ ਖਾਕੂ  
ਇਨਕੀ ਉਰ ਨ ਕਬਹੂੰ ਦੇਖੈ।
ਰਹਿਤਵਾਨ ਸੋ ਸਿੰਘ ਵਿਸੇਖੈ।
ਪਾਚ ਕੋ ਕੁਸੰਗ ਤਜ, ਸੰਗਤ ਸਿਉ ਪ੍ਰੀਤ ਕਰੇ,
ਦਯਾ ਧਰਮ ਧਾਰ ਤਿਆਗੇ ਅਨ ਲਾਲਸਾ।
ਸੁਰਾ ਨਹਿ ਪੀਵੈ ਕੇਸ ਦਾੜੀ ਨ ਮੁੰਡਾਵੈ ਤਾਹਿ,
ਸੋ ਗੁਰੂ ਜੀ ਕਾ ਪਿਆਰਾ ਪਿਆਰਾ ਖਾਲਸਾ।

6) ਇਥੋਂ ਦੀ ਅਰਦਾਸ ਵੀ ਬਾਕੀ ਤਖਤਾਂ ਨਾਲੋਂ ਭਿੰਨ ਹੈ, ਅਰਦਾਸ ਵਿਚ ਹੇਮਕੁੰਟ, ਤਿਲ ਗੰਜੀ, ਬਸਪਤ ਨਗਰ, ਆਦਿ ਗੁਰਦੁਆਰਿਆਂ ਦੇ ਨਾਮ ਅਤੇ ਗੰਗਾ, ਗੋਦਾਵਰੀ ਜੀ ਦੇ ਇਸ਼ਨਾਨ ਆਦਿ ਪੰਥਕ ਪ੍ਰਵਾਨਤ ਅਰਦਾਸ ਤੋਂ ਵਾਧੂ ਪੜੇ ਜਾਂਦੇ ਹਨ, ਅਰਦਾਸ ਦੀ ਸੰਪੂਰਨਤਾ ਵੇਲੇ, ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥਖ਼ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥਖ਼ ਨਹੀਂ ਪੜਿਆ ਜਾਂਦਾ। ਖਾਸ ਕਰਕੇ ਉਸ ਅਸਥਾਨ ਤੇ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਇਸ ਦੋਹਿਰੇ ਦਾ ਨਾਂ ਪੜਿਆ ਜਾਣਾ ਬੜੀ ਹੈਰਾਨੀ ਹੁੰਦੀ ਹੈ ਅਤੇ ਨਿਰਾਸ਼ਤਾ ਪੱਲੇ ਪੈਂਦੀ ਹੈ।

7) ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਤਕਾਰ ਕੀਤਾ ਜਾਂਦਾ ਹੈ, ਪ੍ਰਕਾਸ਼ ਕੀਤਾ ਜਾਂਦਾ ਹੈ। ਦੁਪਹਿਰ ਦੇ ਸਮੇਂ ਕਥਾ ਵੀ ਦਸਮ ਗ੍ਰੰਥ ਦੀ ਅਤੇ ਅਖੰਡ ਪਾਠ ਵੀ ਦਸਮ ਗ੍ਰੰਥ ਦੇ ਹੁੰਦੇ ਹਨ। ਉਨ੍ਹਾਂ ਦੀ ਭੇਟਾ ਵੀ ਕਿਧਰੇ ਜਿਆਦਾ ਲਈ ਜਾਂਦੀ ਹੈ। ਜਿਸ ਦਿਨ ਦਸਮ ਗ੍ਰੰਥ ਦੇ ਪਾਠ ਦਾ ਭੋਗ ਹੋਵੇ, ਉਸ ਦਿਨ ਬਕਰਾ ਝਟਕਾਇਆ ਜਾਂਦਾ ਹੈ।

8) ਕੋਈ ਗ੍ਰਹਿਸਤੀ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਸੇਵਾ ਨਹੀਂ ਨਿਭਾ ਸਕਦਾ, ਜੱਥੇਦਾਰ ਦੀ ਪਦਵੀ ਪ੍ਰਾਪਤ ਕਰਨ ਲਈ ਬ੍ਰਹਮਚਾਰੀ ਹੋਣਾ ਲਾਜ਼ਮੀ ਹੈ, ਜਦੋਂ ਕਿ ਗੁਰਮਤ ਅਨੁਸਾਰ ਗ੍ਰਸਤ ਧਰਮ ਪ੍ਰਧਾਨ ਹੈ।

9) ਬੀਬੀਆਂ ਨੂੰ ਖੰਡੇ ਦੀ ਥਾਂ ਕ੍ਰਿਪਾਨ ਅਤੇ ਮਰਦਾਂ ਨਾਲੋਂ ਵਖਰਾ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ। ਬੀਬੀਆਂ ਨੂੰ ਅੰਮ੍ਰਿਤ ਕੇਵਲ ਇਕੋ ਪਿਆਰਾ ਹੀ ਛਕਾ ਦੇਂਦਾ ਹੈ। ਕੇਵਲ ਜਪੁਜੀ ਸਾਹਿਬ ਦੀ ਬਾਣੀ ਪੜ ਕੇ ਹੀ। ਬਾਕੀ ਹੋਰ ਅੰਮ੍ਰਿਤ ਦੀਆਂ ਬਾਣੀਆਂ ਵੀ ਹੋਰ ਵਧ ਪੜੀਆਂ ਜਾਂਦੀਆਂ ਹਨ।

10) ਅਖੰਡ ਪਾਠ ਦੌਰਾਨ ਕੁੰਭ ਦਾ ਰਖਿਆ ਜਾਣਾ, ਜੋਤ ਜਗਾਣੀ, ਨਾਰੀਅਲ ਦੀ ਵਰਤੋਂ ਵੀ ਹੁੰਦੀ ਹੈ।

11) ਰਹਿਰਾਸ ਦੇ ਪਾਠ ਸਮੇਂ ਵਿਚ ਮਿਲਾਵਟ ਕਰਕੇ ਕਈ ਹੋਰ ਬਾਣੀਆਂ ਦਾ ਪਾਠ ਹੁੰਦਾ ਹੈ।

12) ਤਖ਼ਤ ਸਾਹਿਬ ਵਿਖੇ ਸਵੇਰੇ ਸ਼ਾਮ ਦੀਵਾਨ ਸਜਦੇ ਹਨ, ਕਥਾ ਕੀਰਤਨ ਰਹਿਰਾਸ ਸਾਹਿਬ ਜੀ ਦਾ ਪਾਠ ਸੋਹਿਲਾ ਸਾਹਿਬ ਦਾ ਪਾਠ ਹੁੰਦਾ ਹੈ, ਉੱਥੇ ਹੀ ਅਖੰਡ ਪਾਠ ਵੀ ਬਰਾਬਰ ਨਾਲ ਨਾਲ ਚਲਦੇ ਰਹਿੰਦੇ ਹਨ।

13) ਤਖ਼ਤ ਸਾਹਿਬ ਦੇ ਅੰਦਰ ਅਤੇ ਅੰਗੀਠਾ ਸਾਹਿਬ ਦੇ ਅੰਦਰ ਵੱਖ-ਵੱਖ ਗੁਰੂ ਸਾਹਿਬਾਨ ਦੇ ਫੋਟੋ ਲੱਗੇ ਹੋਏ ਹਨ।

14) ਦੀਵਾਲੀ ਤੋਂ ਇਕ ਦਿਨ ਪਹਿਲਾਂ ਤਖ਼ਤ ਸਾਹਿਬ ਦਾ ਇਸ਼ਨਾਨ ਕਰੌਨ ਲਈ ਸੰਗਤਾਂ ਗੋਦਾਵਰੀ ਤੋਂ ਗਾਗਰਾਂ ਜਲ ਭਰ ਕੇ ਲਿਆਉਂਦੇ ਹਨ ਅਤੇ ਸੰਗਤਾਂ ਮਿਲ ਕੇ ਤਖਤ ਸਾਹਿਬ ਦਾ ਇਸ਼ਨਾਨ ਕਰੌਂਦਿਆਂ ਹਨ। ਅੰਗੀਠਾ ਸਾਹਿਬ ਦੇ ਸ਼ਸਤ੍ਰਾਂ ਦੀ ਸੇਵਾ ਵੀ ਸਾਫ ਸਫਾਈ ਸੰਗਤਾਂ ਹੀ ਕਰਦੀਆਂ ਹਨ।

ਗੁਰਦੁਆਰਾ ਸਾਹਿਬ ਐਕਟ ਅਨੁਸਾਰ 17 ਮੈਂਬਰੀ ਕਮੇਟੀ ਟੌਹੜਾ ਸਾਹਿਬ ਸਚਖੰਡ ਬੋਰਡ ਦੇ ਕਈ ਸਾਲ ਪ੍ਰਧਾਨ ਰਹੇ, ਸ਼੍ਰੋਮਨੀ ਕਮੇਟੀ ਦੇ ਚਾਰ ਮੈਂਬਰ ਨਾਮਜ਼ਦ ਮੈਂਬਰ ਹੁੰਦੇ ਹਨ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਵੀ ਪ੍ਰਤੀਨਿਧਤਾ ਹੁੰਦੀ ਹੈ, ਪੰਜਾਬ ਦੇ ਤਖ਼ਤਾਂ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਪੰਥਕ ਆਗੂ ਵੀ ਸਮੇਂ-ਸਮੇਂ ਸਿਰ ਸਚਖੰਡ ਹਜੂਰ ਸਾਹਿਬ ਜਾਂਦੇ ਰਹਿੰਦੇ ਹਨ ਪਰ ਇਕ ਪੰਥਕ ਮਰਿਆਦਾ ਬਾਰੇ ਕੋਈ ਗੱਲ ਨਹੀਂ ਚਲਾਉਂਦਾ।

ਪੰਜਾਬ ਦੇ ਤਖ਼ਤਾਂ ਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂ ਸਮੇਂ-ਸਮੇਂ ਹਜ਼ੂਰ ਸਾਹਿਬ ਜਾਂਦੇ ਵੀ ਰਹਿੰਦੇ ਹਨ। ਪਰ ਪੰਥਕ ਮਰਿਆਦਾ ਬਾਰੇ ਕੋਈ ਵੀ ਗੱਲ ਨਹੀਂ ਚਲਾਉਂਦਾ। ਹੈਡ ਪੁਜਾਰੀ ਸਾਹਿਬ ਪਾਸੋਂ ਦੁਸ਼ਾਲੇ ਅਤੇ ਸਿਰੋਪਾਉ ਲੈਣ ਵਿਚ ਹੀ ਭਾਰੀ ਫਖ਼ਰ ਮਹਿਸੂਸ ਕਰਦੇ ਹਨ। ਇਸ ਹਾਲ ਵਿਚ ਬਿੱਲੀ ਦੇ ਗਲ ਟੱਲੀ ਬੱਨਣ ਦੀ ਜੁੱਰਅਤ ਕੌਣ ਕਰੇ?

ਜਿਥੋਂ ਤਕ ਮਹਿਸੂਸ ਕੀਤਾ ਗਿਆ ਹੈ ਹਜ਼ੂਰੀ ਖਾਲਸਾ, ਜਿਨ੍ਹਾਂ ਨੂੰ ਦੱਖਣੀ ਸਿੰਘ ਵੀ ਆਖਿਆ ਜਾਂਦਾ ਹੈ, ਇਨਾਂ ਵਿਚ ਸਿੱਖੀ ਪ੍ਰਤੀ ਭਾਰੀ ਸ਼ਰਧਾ ਤਾਂ ਹੈ ਪਰ ਕਿਸੀ ਕਿਸਮ ਦੀ ਚੁਸਤੀ, ਚਾਲਾਕੀ ਜਾਂ ਆਪਣਾ ਦਿਮਾਗ ਖ਼ੁਦ ਵਰਤ ਕੇ ਧਰਮ ਦੇ ਸਿਧਾਂਤਾਂ ਪ੍ਰਤੀ ਵਿਚਾਰ ਕਰਨ ਦੀ ਰਵਾਇਤ ਨਹੀਂ - ਮਾਤਰ ਲਕੀਰ ਦੇ ਫਕੀਰ ਹਨ। ਜਿਵੇਂ ਕਿਸੇ ਨੇ ਸਿੱਖਿਆ ਦਿੱਤੀ ਜਾਂ ਰੀਤ ਚਲਾਈ ਉਸਨੂੰ ਪੱਕੀ ਤਰਾਂ ਪੱਲੇ ਬੰਨ ਲਿਆ, ਕੋਈ ਕਿੰਤੂ ਪਰੰਤੂ ਨਹੀਂ (ਸਾਡੇ ਏਧਰ ਪੰਜਾਬ ਅਤੇ ਦਿੱਲੀ ਵਿਖੇ ਕਿੰਤੂ-ਪਰੰਤੂ ਬਹੁਤ ਹੈ ਪਰ ਧਰਮ ਦਾ ਅੰਸ਼ ਪੱਲੇ ਨਹੀਂ ਹੈ)। ਖਾਲਸਾ ਜੀ ਕਿਸੀ ਕਿਸਮ ਦੀ ਕਿੰਤੂ-ਪਰੰਤੂ ਛੱਡ ਕੇ ਪੰਥਕ ਤੌਰ ਤੇ ਇਕ ਜੁਟ ਹੋ ਕੇ ਪੰਥਕ ਮਰਿਆਦਾ ਦੇ ਦਾਇਰੇ ਅੰਦਰ ਹੋਇਆਂ ਇਕ ਮੁਠ ਹੋਈਏ, ਵੱਖ-ਵੱਖ ਜੱਥੇਬੰਦੀਆਂ ਵਖੱਵਖ ਮਰਿਆਦਾ ਚੋਂ ਉਪਰ ਉਠ ਕੇ ਪੰਥਕ ਮਰਿਆਦਾ (ਰਹਿਤ ਮਰਿਆਦਾ) ਦਾ ਖਰੜਾ ਜੋ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹੈ। ਉਸ ਅਨੁਸਾਰ ਹੀ ਅਸੀਂ ਗੁਰੂ ਮਹਾਰਾਜ ਜੀ ਦੀ ਖੁਸ਼ੀ ਲੈ ਸਕਦੇ ਹਾਂ, ਗੁਰਤਾ ਗੱਦੀ ਦੀ ਸ਼ਤਾਬਦੀ ਤਾਂ ਹੀ ਪ੍ਰਵਾਨ ਹੈ ਜੇਕਰ ਅਸੀਂ

ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵੀਚਾਰ।।

ਦੇ ਮਹਾਂਵਾਕ ’ਤੇ ਅਮਲ ਕਰਨ ਦਾ ਪ੍ਰਣ ਲਈਏ।