

ਸਿੱਖ ਕੌਮ ਅਤੇ ਨੌਜੁਆਨਾਂ ਦਾ ਅੰਧਕਾਰਮਈ ਭਵਿੱਖ (ਅੰਤਮ ਭਾਗ)
- ਰਜਿੰਦਰ ਸਿੰਘ
ਖ਼ਾਲਸਾ -
ਮੁੱਖ ਸੇਵਾਦਾਰ-ਸ਼੍ਰੋਮਣੀ ਖਾਲਸਾ ਪੰਚਾਇਤ
ਫੋਨ : 9876104726
ਇਹ ਪਖੰਡੀ ਬਾਬੇ ਜਿਤਨੇ ਮਜਬੂਤ ਹੋਣਗੇ, ਸਿੱਖੀ ਵਿਚ ਕਰਮਕਾਂਡ, ਮੰਤਰ ਜਾਪ, ਤੀਰਥਾਂ ਦੇ ਦਰਸ਼ਨ ਇਸ਼ਨਾਨ , ਵਹਿਮ ਭਰਮ, ਲਗਨ, ਸ਼ਗਨ-ਅਪਸ਼ਗਨ, ਪੂਜਾ, ਤਪ-ਸਾਧਨੇ ਹਰ ਦਿਨ ਵੱਧਦੇ ਜਾਣਗੇ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੋਂ ਬਹੁਤ ਦੂਰ ਹੋ ਜਾਵੇਗਾ। ਇਹੀ ਹੈ ਸਿੱਖੀ ਦਾ ਸਨਾਤਨੀਕਰਨ ਅਤੇ ਭਗਵਾਕਰਨ।
ਇਤਨਾ ਕੁਝ ਹੁੰਦਿਆਂ ਵੀ ਦੁਸ਼ਮਨ ਨੂੰ ਤਸੱਲੀ ਨਹੀਂ। ਹਰ ਵੇਲੇ ਇਕ ਵਹਿਮ ਰਹਿੰਦਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਆਪਣੀ ਜਗ੍ਹਾ ਤੇ ਹੈ। ਕੁਝ ਸੂਝਵਾਨ, ਚੇਤੰਨ ਸਿੱਖ ਤਾਂ ਸਤਿਗੁਰੂ ਦੇ ਅਸਲ ਫਲਸਫੇ ਨੂੰ ਵਿਚਾਰਦੇ, ਸਮਝਦੇ ਅਤੇ ਪ੍ਰਚਾਰਦੇ ਰਹਣਗੇ। ਆਖਿਰ ਇਹ ਪੂਰਾ ਟਿੱਲ ਲਾ ਕੇ ਵੀ ਇਕ ਸ਼੍ਰੋਮਣੀ ਅਤੇ ਅਨਮੋਲ ਵਿਚਾਰਧਾਰਾ ਦਾ ਬੀਜ ਨਾਸ ਤਾਂ ਨਹੀਂ ਕਰ ਸਕਣਗੇ। ਜਦ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹਨ, ਗੁਰਮਤਿ ਵਿਚਾਰਧਾਰਾ ਸੁਰੱਖਿਅਤ ਹੈ। ਜਿਸ ਦਿਨ ਲੋਕਾਈ ਨੇ ਇਸ ਨੂੰ ਸਮਝਨਾ, ਵਿਚਾਰਨਾ, ਅਪਨਾਉਣਾ ਸ਼ੁਰੂ ਕਰ ਦਿੱਤਾ, ਬ੍ਰਾਹਮਣਵਾਦੀ ਵਿਚਾਰਧਾਰਾ ਦਾ ਕੀ ਬਣੇਗਾ? ਦੁਸ਼ਮਣ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾ ਦੇਣਾ ਚਾਹੁੰਦਾ ਹੈ। ਕਿਸੇ ਵੀ ਸ਼ਖਸੀਅਤ ਨੂੰ ਨੀਵਾਂ ਕਰਨ ਦਾ ਸਭ ਤੋਂ ਕਾਮਯਾਬ ਤਰੀਕਾ ਇਹ ਹੈ ਕਿ ਉਸ ਦੇ ਬਰਾਬਰ ਇਕ ਦੂਸਰੀ ਸ਼ਖਸੀਅਤ ਖੜੀ ਕਰ ਦਿਓ ਅਤੇ ਉਸ ਦੇ ਵਧੇਰੇ ਗੁਣ ਗਾਓ, ਪਹਿਲੀ ਸ਼ਖਸੀਅਤ ਆਪੇ ਹਰ ਦਿਨ ਕਮਜ਼ੋਰ ਪੈਂਦੀ ਜਾਵੇਗੀ। ਹੋਰ ਨਹੀਂ ਤਾਂ ਘੱਟੋ-ਘੱਟ ਕਈਆਂ ਕੱਚੇ-ਪਿੱਲਿਆਂ ਦੇ ਮਨਾਂ ਵਿੱਚ ਦੁਬਿਧਾ ਤਾਂ ਖੜੀ ਹੋ ਹੀ ਜਾਵੇਗੀ।
ਕਿਸੇ ਕੌਮ ਦੇ ਫਲਸਫੇ ਅਤੇ ਇਤਿਹਾਸ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਖੜੇ ਕਰਨੇ ਹੋਣ, ਉਸ ਦਾ ਸਭ ਤੋਂ ਯੋਗ ਤਰੀਕਾ ਹੈ, ਉਸ ਕੌਮ ਦੇ ਲਿਟਰੇਚਰ ਵਿਚ ਭੁਲੇਖਾ-ਪਾਊ ਲਿਟਰੇਚਰ ਵਾੜ ਦਿਓ। ਬਿਪਰਵਾਦੀ, ਪੰਥ ਦੋਖੀ ਸ਼ਕਤੀਆਂ ਨੇ ਇਹ ਕੰਮ ਵੱਡੇ ਪੱਧਰ ਤੇ ਕੀਤਾ ਹੈ। ਇਥੇ ਮੈਂ ਇਸ ਬਾਰੇ ਬਹੁਤੇ ਵਿਸਥਾਰ ਨਾਲ ਤਾਂ ਨਹੀਂ ਦਸ ਸਕਾਂਗਾ ਕਿਉਂਕਿ ਇਹ ਆਪਣੇ ਆਪ ਵਿੱਚ ਇਕ ਵੱਡਾ ਵਿਸ਼ਾ ਹੈ, ਪਰ ਦੋ ਕਿਤਾਬਾਂ ਬਾਰੇ ਸੰਕੇਤਕ ਗੱਲ ਕਰਨਾ ਜ਼ਰੂਰੀ ਹੈ। ਪਹਿਲੀ ਹੈ ਗੁਰਬਿਲਾਸ ਪਾਤਿਸ਼ਾਹੀ ਛੇਵੀਂ। ਬੜੇ ਹੀ ਲੁਭਾਵਣੇ, ਭਾਵੁਕ ਅਤੇ ਮਿਠੜੇ ਲਫਜ਼ਾਂ ਨਾਲ ਭਰਪੂਰ ਇਕ ਅਤਿ ਜ਼ਹਿਰੀਲੀ ਕਿਤਾਬ, ਜਿਸਨੂੰ ਭਾਵਨਾ ਦੇ ਵੇਗ ਵਿੱਚ ਪੜ੍ਹ ਕੇ ਤਾਂ ਬਹੁਤ ਸੁਆਦ ਆਉਂਦਾ ਹੈ, ਪਰ ਜਦੋਂ ਹੀ ਪਾਰਖੂ ਦ੍ਰਿਦ੍ਰਸ਼ਟੀ ਨਾਲ
ਵੇਖੀਏ ਤਾਂ ਸਮਝ ਆਉਂਦੀ ਹੈ ਕਿ ਕਿਵੇਂ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕੀਤੀ ਗਈ ਹੈ, ਕਿਵੇਂ ਗੁਰੂ ਪਾਤਿਸ਼ਾਹਾਂ ਅਤੇ ਪ੍ਰਮੁਖ ਸਿੱਖ ਸ਼ਖਸੀਅਤਾਂ ਦੇ ਉੱਚੇ-ਸੁੱਚੇ ਅਤੇ ਪਵਿੱਤਰ ਕਿਰਦਾਰ ਨੂੰ ਦਾਗਦਾਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਅਜ ਸਾਡੀਆਂ ਮਰਿਆਦਾਵਾਂ ਦਾ ਮੁੱਖ ਆਧਾਰ ਇਹ ਕਿਤਾਬ ਹੈ। ਇਥੋਂ ਤਕ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਇਸੇ ਅਨੁਸਾਰ ਮਰਿਆਦਾ ਚਲਦੀ ਹੈ। ਸਿੱਖ ਕੌਮ ਦੁਆਰਾ ਕਾਫੀ ਹੱਦ ਤਕ ਇਸ ਦੀ ਪਹਿਚਾਣ ਕਰ ਲਏ ਜਾਣ ਕਾਰਨ, ਇਹ ਪਿੱਛਲੇ ਕਾਫੀ ਸਮੇਂ ਤੋਂ ਗੁਆਚ ਜਿਹੀ ਗਈ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਣੇ-ਹੁਣੇ ਲਾਹੇ ਗਏ ਅਖੌਤੀ ਜਥੇਦਾਰ ਨੇ (ਜਥੇਦਾਰ ਬਨਣ ਤੋਂ ਪਹਿਲਾਂ) ਇਸ ਦਾ ਮੁੜ ਸੰਪਾਦਨ ਕਰਕੇ, ਇਸ ਨੂੰ ਫੇਰ ਸਿੱਖ ਕੌਮ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਆਪ ‘ਵੇਦਾਂਤੀ’ ਹਨ, ਉਨ੍ਹਾਂ ਕੋਲੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ?
ਦੂਸਰੀ ਕਿਤਾਬ ਜਿਸ ਦੀ ਇਥੇ ਗੱਲ ਕਰਨੀ ਜ਼ਰੂਰੀ ਹੈ, ਉਹ ਹੈ ਅਖੌਤੀ ਦਸਮ ਗ੍ਰੰਥ। ਇਸ ਕਿਤਾਬ ਦਾ ਨਾਂਅ ਪਹਿਲਾਂ ਬਚਿਤ੍ਰ ਨਾਟਕ ਸੀ। ਪਰ ਇਸ ਨਾਂਅ ਨਾਲ ਇਹ ਸਿੱਖਾਂ ਨੂੰ ਬਹੁਤੇ ਭਰਮਜਾਲ ਵਿੱਚ ਫਸਾਉਣ ਵਿੱਚ ਬਹੁਤੀ ਕਾਮਯਾਬ ਨਾ ਹੋ ਸਕੀ। ਸੋ ਇਸਦੇ ਸੰਯੋਜਕਾਂ ਨੇ ਇਸ ਦਾ ਨਾਂਅ ਬਦਲ ਕੇ ਦਸਮ ਗ੍ਰੰਥ ਰਖ ਦਿਤਾ ਤਾਂਕਿ ਇਸ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਕਹਿਕੇ ਪਰਚਾਰਿਆ ਜਾ ਸਕੇ। ਇਸੇ ਕਿਤਾਬ ਨੂੰ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ ਅਤੇ ਦੁਸ਼ਮਨ ਆਪਣੇ ਮਕਸਦ ਵਿੱਚ ਕਿਤਨਾ ਕਾਮਯਾਬ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਲਈਏ ਕਿ ਸਿੱਖਾਂ ਦੇ ਪੰਜਾਬੋਂ ਬਾਹਰਲੇ ਦੋ ਤਖਤਾਂ (ਜਿਨ੍ਹਾਂ ਦਾ ਕੰਟਰੋਲ ਅਸਿੱਧੇ ਰੂਪ ਵਿੱਚ ਉਨ੍ਹਾਂ ਕੋਲ ਹੀ ਹੈ) ਅਤੇ ਕੁਝ ਡੇਰਿਆਂ (ਜੋ ਇਨ੍ਹਾਂ ਦੇ ਹੀ ਪਾਲੇ ਹੋਏ ਹਨ) ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਵਾਇਆ ਜਾ ਚੁਕਾ ਹੈ। ਕਿਸ ਦਾ ਲਿਖਿਆ ਹੈ ਇਹ ਬਚਿਤ੍ਰ ਨਾਟਕ, ਕਦੋਂ ਲਿਖਿਆ ਗਿਆ, ਇਸ ਵਿੱਚ ਕੀ ਹੈ? ਇਹ ਨਾ ਤਾਂ ਇਸ ਲੇਖ ਦਾ ਵਿਸ਼ਾ ਹੈ ਅਤੇ ਨਾ ਹੀ ਇਸ ਵਿਸ਼ੇ ਨੂੰ ਇਥੇ ਵਿਚਾਰਨਾ ਸੰਭਵ ਹੈ। ਉਂਜ ਵੀ ਇਸ ਵਿਸ਼ੇ ਤੇ ਪਿਛਲੇ ਦਿਨੀਂ ਕੁਝ ਉੱਘੇ ਵਿਦਵਾਨਾਂ ਦੀਆਂ ਕਾਫੀ ਖੋਜ ਭਰਪੂਰ ਕਿਤਾਬਾਂ ਅਤੇ ਲੇਖ ਸੰਗਤਾਂ ਵਿੱਚ ਆਏ ਹਨ, ਜਿਨ੍ਹਾਂ ਕਾਫੀ ਸੂਝਵਾਨ ਸੰਗਤਾਂ ਦੇ ਭਰਮ-ਭੁਲੇਖੇ ਦੂਰ ਕੀਤੇ ਹਨ। ਮੈਂ ਤਾਂ ਜਿਸ ਅਤਿ ਦੁਖਦਾਈ ਗੱਲ ਬਾਰੇ ਸਿੱਖ ਕੌਮ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਇਸ ਬਾਰੇ ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਸਤਿਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਆਪ ਅੰਤਮ ਆਦੇਸ਼ ਦਿੱਤਾ ਹੈ, ੱਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ-। ਫੇਰ ਕਿਸ ਹੱਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਇਸ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਅਤੇ ਬਰਾਬਰ ਹੁਕਮਨਾਮੇ ਲਏ ਜਾ ਰਹੇ ਹਨ? ਇਹ ਕੌਣ ਲੋਕ ਹਨ ਜੋ ਇਹ ਸਭ ਕਰ ਅਤੇ ਕਰਵਾ ਰਹੇ ਹਨ ਅਤੇ ਕਿਉਂ? ਇਹ ਲੋਕ ਕਿਤਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ? ਇਹ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਖਰੀ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹਨ? ਕਿਹੜੀ ਤਾਕਤ ਹੈ, ਇਨ੍ਹਾਂ ਪਿਛੇ ਬੇਸ਼ਕ ਕਾਫੀ ਭਾਵੁਕ ਕਿਸਮ ਦੇ ਅਗਿਆਨੀ, ਭੁਲੱੜ ਪਿਛਲੱਗ ਕਿਸਮ ਦੇ ਸਿੱਖ ਵੀਰ ਵੀ ਹੋਣਗੇ, ਪਰ ਬਹੁਤੇ ਇਸ ਸੋਚ ਦੇ ਆਗੂਆਂ ਬਾਰੇ ਤਾਂ ਗਲ ਤਕਰੀਬਨ ਸਪਸ਼ਟ ਹੀ ਹੈ। ਪਿਛਲੇ ਦਿਨੀ ਕੱਟੜ ਹਿੰਦੁਤਵੀ ਜਥੇਬੰਦੀਆਂ ਦਾ ਇਕ ਪਰਮੁਖ ਆਗੂ ਪੰਜਾਬ ਆਇਆ ਤਾਂ ਉਸਨੇ ਇਸ ਅਖੌਤੀ ਦਸਮ ਗ੍ਰੰਥ ਵਿਚੋਂ ਕੁਝ ਪ੍ਰਮਾਣ ਦੇਕੇ ਸਿੱਖ ਕੌਮ ਬਾਰੇ ਕੁਝ ਭੁਲੇਖੇ ਪਾਉਣੇ ਚਾਹੇ। ਇਕ ਪਤਰਕਾਰ ਨੇ ਉਸ ਨੂੰ ਪਛਿਆ ਕਿ ਸਿੱਖ ਤਾਂ ਦਸਮ ਗ੍ਰੰਥ ਨੂੰ ਮੰਨਦੇ ਨਹੀਂ, ਤਾਂ ਅਗੋਂ ਉਸ ਜੁਆਬ ਦਿੱਤਾ, 'ਵੋਹ ਮਾਨੇ ਯਾ ਨਾ ਮਾਨੇ ਹਮ ਤੋਂ ਮਾਨਤੇ ਹੈਂ।'
ਗੱਲ ਬੜੀ ਸਪਸ਼ਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕੀਤਾ ਜਾ ਰਿਹਾ ਹੈ। ਪਹਿਲਾ ਪੜਾਅ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ। ਫਿਰ ਮਨਮਰਜ਼ੀ ਹੋ ਜਾਵੇਗੀ, ਜਿਹੜੇ ਮਰਜ਼ੀ ਇਕ ਗ੍ਰੰਥ ਦਾ ਪ੍ਰਕਾਸ਼ ਕਰ ਲਵੋ, ਕਿਉਂਕਿ ਦੋਨੋ ਬਰਾਬਰ ਜੋ ਸਥਾਪਤ ਹੋ ਜਾਣਗੇ। ਭੋਲੇ-ਭਾਲੇ ਸਿੱਖਾਂ ਨੂੰ ਕੀ ਫਰਕ ਪੈਣਾ ਹੈ। ਉਨ੍ਹਾਂ ਤਾਂ ਚੰਗੇ ਸਜੇ ਹੋਏ, ਕੀਮਤੀ ਰੁਮਾਲਿਆਂ ਨਾਲ ਕੱਜੇ ਹੋਏ ਗ੍ਰੰਥ ਅੱਗੇ ਮੱਥਾ ਹੀ ਟੇਕਣਾ ਹੈ। ਪਰ ਮਾੜੀ-ਮੋਟੀ ਸਮਝ ਰਖਣ ਵਾਲਿਆਂ ਵਾਸਤੇ ਵੀ ਸਿਧਾਂਤਕ ਭਰਮ-ਭੁਲੇਖੇ ਤਾਂ ਇਥੇ ਹੀ ਵੱਡੇ ਪੱਧਰ ਤੇ ਖੜੇ ਹੋ ਜਾਣਗੇ। ਸਿੱਖ ਉਸੇ ਦੁਬਿਧਾ ਵਿਚ ਫਸ ਜਾਣਗੇ ਜਿਸ ਵਿਚੋਂ ਸਤਿਗੁਰੂ ਨੇ ਸਾਨੂੰ ਕਢਿਆ ਹੈ। ਹੌਲੀ-ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰ ਦਿਤਾ ਜਾਵੇਗਾ। ਇਕੋ ਗ੍ਰੰਥ ਰਹਿ ਜਾਵੇਗਾ, ਫੇਰ ਉਸ ਨੂੰ ਜੋ ਮਰਜੀ ਨਾਂਅ ਦੇ ਦਿੱਤਾ ਜਾਵੇ। ਕਿਉਂਕਿ ਬਚਿਤ੍ਰ ਨਾਟਕ ਵੀ ਤਾਂ ਹੁਣ ਦਸਮ ੱਗ੍ਰੰਥ- ਹੀ ਬਣਾ ਦਿਤਾ ਗਿਆ ਹੈ ਨਾ। ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕਦਰ ਬੇਦਾਵਾ ਦੇਈ ਬੈਠੇ ਹਨ ਕਿ ਹੁਣ ਹੀ ਇਸ ਨੂੰ ‘‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’’ ਲਿਖਣ ਲੱਗ ਪਏ ਹਨ। ਇਨ੍ਹਾਂ ਦੀਆਂ ਸਾਜਿਸ਼ਾਂ ਸਿਰੇ ਚੜਦਿਆਂ ਹੀ ਸਭ ਮਸਲੇ ਹੱਲ ਹੋ ਜਾਣਗੇ। ਸਿੱਖ ਰਾਮ ਚੰਦਰ ਜੀ ਦੀ ਕੁਲ ਵਿਚੋਂ ਲਵ-ਕੁਸ਼ ਦੀ ਸਨਤਾਨ ਸਥਾਪਤ ਹੋ ਜਾਣਗੇ। ਸਿੱਖ, ਗੁਰੂ ਪਾਤਿਸ਼ਾਹਾਂ ਦੇ ਨਾਲ ਚੌਵੀ ਅਵਤਾਰਾਂ ਦੇ ਵੀ ਪੁਜਾਰੀ ਬਣ ਜਾਣਗੇ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇਵੀ ਪੂਜਕ ਸਾਬਤ ਹੋ ਜਾਣਗੇ। ਗੁਰੂ ਪਾਤਿਸ਼ਾਹਾਂ ਦੀਆਂ ਮੂਰਤੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵਿਚ ਲੱਗ ਜਾਣਗੀਆਂ। ਸਿੱਖ ਦੇ ਕਕਾਰ ਹਿੰਦੂ ਅਵਤਾਰਾਂ ਦੇ ਦਿਤੇ ਜਨੇਊ ਸਥਾਪਤ ਹੋ ਜਾਣਗੇ। ਅੱਜ ਦੁਨੀਆ ਦੇ ਲੋਕ, ਹਿੰਦੂ ਦੇਵੀ-ਦੇਵਤਿਆਂ, ਅਵਤਾਰਾਂ ਦੇ ਆਚਰਣ ਬਾਰੇ ਜੋ ਗੱਲਾਂ ਕਰਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਆਚਰਣ ਵੀ ਉਨ੍ਹਾਂ ਦੇ ਬਰਾਬਰ ਸਾਬਤ ਹੋ ਜਾਵੇਗਾ।
ਬਹੁਤ ਤਕਲੀਫ ਹੋ ਰਹੀ ਹੋਵੇਗੀ, ਪੜ੍ਹਦੇ ਹੋਏ ਕਿ ਕੀ ਬਕਵਾਸ ਲਿਖ ਰਿਹਾ ਹੈ? ਸੁਭਾਵਕ ਹੈ। ਕਿਸੇ ਵੀ ਸੱਚੇ-ਸੁੱਚੇ ਸਿੱਖ ਦਾ ਮਨ ਇਸ ਸੋਚ ਨਾਲ ਹੀ ਦਹਿਲ ਜਾਂਦਾ ਹੈ। ਸੱਚਾਈ ਤਾਂ ਇਹ ਹੈ ਕਿ ਮੈਨੂੰ ਆਪ ਇਹ ਸਭ ਲਿਖਦੇ ਹੋਏ ਪਸੀਨੇ ਛੁੱਟ ਰਹੇ ਹਨ। ਹੱਥ ਅਤੇ ਰੂਹ ਦੋਵੇਂ ਕੰਬ ਰਹੇ ਹਨ। ਪਰ ਪੰਥ ਦਰਦੀਓ! ਭਾਵਨਾ ਦੇ ਵੇਗ ਚੋਂ ਬਾਹਰ ਆਕੇ ਸੋਚੋ, ਜਦੋਂ ਇਹ ਸੱਚ ਹੋ ਜਾਵੇਗਾ, ਉਦੋਂ ਕੀ ਹੋਵੇਗਾ? ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਚਲੀ ਤਾਂ ਨਹੀਂ ਜਾਂਦੀ। ਝਪੱਟਾ ਮਾਰ ਕੇ ਖਾ ਜਾਂਦੀ ਹੈ। ਹਾਂ, ਸ਼ਾਇਦ ਅਸੀਂ ਇਹ ਸਭ ਨਾ ਵੇਖੀਏ, ਕਿਉਂਕਿ ਪ੍ਰੋਗਰਾਮ ਹਫਤਿਆਂ, ਮਹੀਨਿਆਂ, ਸਾਲਾਂ ਦੇ ਨਹੀਂ, ਸਦੀਆਂ ਦੇ ਹਨ। ਇਸ ਬਚਿਤ੍ਰ ਨਾਟਕ ਦੇ ਪਾਪ-ਬੀਜ ਨੂੰ ਸਿੱਖੀ ਦੀ ਫੁਲਵਾੜੀ ਵਿਚ ਦੱਬਿਆਂ ਵੀ ਤਾਂ ਸਦੀਆਂ ਹੀ ਹੋ ਗਈਆਂ ਹਨ, ਜਿਸ ਦਾ ਜ਼ਹਿਰ ਫਲ ਹੁਣ ਪਕਣ ਤੇ ਆ ਗਿਆ ਹੈ। ਪਰ ਹੁਣ ਜਿਸ ਰਫਤਾਰ ਨਾਲ ਦੁਸ਼ਮਨ ਕਾਮਯਾਬੀ ਵੱਲ ਵੱਧ ਰਿਹਾ ਹੈ, ਸਦੀਆਂ ਦੇ ਕੰਮ ਸ਼ਾਇਦ ਦਹਾਕਿਆਂ ਵਿਚ ਹੋ ਜਾਣ।
ਬਹੁਤ ਵੱਡੀਆਂ ਅਤੇ ਗੰਭੀਰ ਚੁਣੌਤੀਆਂ ਹਨ, ਨੌਜੁਆਨ ਸਿੱਖ ਪੀੜ੍ਹੀ ਅੱਗੇ। ਇਨ੍ਹਾਂ ਪਖੰਡੀ ਬਾਬਿਆਂ ਦੇ ਭਰਮਜਾਲ ਨੂੰ ਤੋੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਸੱਚ ਗਿਆਨ ਨੂੰ ਪਰਗਟ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਨੂੰ ਬਚਾਉਣਾ। ਸਤਿਗੁਰੂ ਜੀ ਦੇ ਬਰਾਬਰ ਸਥਾਪਤ ਕੀਤੇ ਜਾ ਰਹੇ ਸ਼ਰੀਕ ਦਾ ਸੱਚ ਪਰਗਟ ਕਰਕੇ ਜਗਤ ਨੂੰ ਦੱਸਣਾ ਅਤੇ ਇਸ ਪਾਪ ਦੀ ਹੱਟੀ ਚਲਾਉਣ ਵਾਲਿਆਂ ਦਾ ਮੂੰਹ ਕਾਲਾ ਕਰਨਾ। ਕਿਸੇ ਰੋਗ ਦਾ ਇਲਾਜ ਸ਼ੁਰੂ ਕਰਨ ਲਗਿਆਂ, ਪਹਿਲਾਂ ਉਸ ਰੋਗ ਦੇ ਫੈਲਣ ਦੇ ਕਾਰਨਾਂ ਦਾ ਪਤਾ ਕਰ ਲੈਣਾ ਜਰੂਰੀ ਹੁੰਦਾ ਹੈ। ਦੁਸ਼ਮਨ ਤਾਂ ਆਪਣੀ ਜਗ੍ਹਾ ਤੇ ਸਾਜਸ਼ਾਂ ਰਚਦਾ ਹੀ ਆ ਰਿਹਾ ਹੈ, ਪਰ ਅਜ ਇਹ ਸਾਜਸ਼ਾਂ ਇਕ ਦਮ ਇਤਨੀਆਂ ਕਾਮਯਾਬ ਕਿਵੇਂ ਹੋਣ ਲਗ ਪਈਆਂ? ਮੂਲ ਕਾਰਨ ਹੈ ਅਗਿਆਨਤਾ। ਸਤਿਗੁਰੂ ਦੀ ਪਾਵਨ ਬਾਣੀ ਵੀ ਫੁਰਮਾੳਂਦੀ ਹੈ:
ਗਿਆਨ ਹੀਣੰ ਅਗਿਆਨ ਪੂਜਾ।।
ਅੰਧ ਵਰਤਾਵਾ ਭਾਉ ਦੂਜਾ।।
(ਮਹਲਾ 1, ਪੰਨਾ 612)
ਭਾਈ ਗੁਰਦਾਸ ਜੀ ਲਿਖਦੇ ਹਨ:
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ।।
(1-30-3)
ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਾ ਗਿਆਨ ਸਾਗਰ ਸਾਡੇ ਕੋਲ ਹੁੰਦਿਆਂ ਵੀ ਅੱਜ ਅਗਿਆਨਤਾ ਸਿੱਖ ਕੌਮ ਵਿਚ ਸਿਖਰਾਂ ਛੂਹ ਰਹੀ ਹੈ। ਦੋ ਪ੍ਰਣ ਤਾਂ ਹਰ ਸਿੱਖ ਨੂੰ ਅਜ ਹੀ ਕਰਨੇ ਪੈਣਗੇ। ਪਹਿਲਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਨੇਮ ਨਾਲ ਜ਼ਰੂਰ ਪੜ੍ਹਨੀ ਹੈ ਅਤੇ ਦੂਸਰਾ ਕਿ ਜਿਤਨੀ ਬਾਣੀ ਪੜ੍ਹਨੀ ਹੈ, ਸਮਝ ਕੇ, ਵਿਚਾਰ ਕੇ ਪੜ੍ਹਨੀ ਹੈ। ਵਿਚਾਰ ਕੇ ਬਾਣੀ ਪੜ੍ਹਾਂਗੇ ਤਾਂ ਹੀ ਪਤਾ ਲਗੇਗਾ, ਸਾਡੇ ਕੋਲ ਕਿਤਨੇ ਰਤਨ ਪਦਾਰਥਾਂ ਨਾਲ ਭਰਪੂਰ ਕਿਡਾ ਅਲੌਕਿਕ,ਇਲਾਹੀ ਗਿਆਨ ਖਜਾਨਾ ਹੈ। ਤਾਂਹੀ ਪਤਾ ਲਗੇਗਾ ਸਾਡੇ ਸਤਿਗੁਰੂ ਸਾਹਿਬਾਨ ਕਿਤਨੀਆਂ ਅਗੰਮੀ ਸ਼ਖਸੀਅਤਾਂ ਸਨ। ਤਾਂਹੀ ਪਤਾ ਲਗੇਗਾ ਅਸੀਂ ਆਪਣੇ ਹਾਜ਼ਰਾ-ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕਾਬਲਾ ਕਿਸ ਬਜਾਰੂ ਲਿਟਰੇਚਰ ਨਾਲ ਕਰ ਰਹੇ ਹਾਂ। ਸਤਿਗੁਰੂ ਦੇ ਗਿਆਨ ਰਸ ਨਾਲ ਸਰੋਸਰ ਇਹ ਬਲਵਾਨ ਜੀਵਨ ਕਿਸੇ ਵੀ ਸਾਜਸ਼ ਅਤੇ ਸਾਜਸ਼ੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇਗਾ। ਜਦੋਂ ਸਤਿਗੁਰੂ ਦੀ ਬਖਸ਼ੀ ਗਿਆਨ ਖੜਗ ਫੜ ਕੇ ਮੈਦਾਨ ਵਿਚ ਨਿਤਰਾਂਗੇ, ਕੋਈ ਦੁਸ਼ਮਨ ਅਗੇ ਟਿੱਕ ਨਹੀਂ ਸਕੇਗਾ।
ਬਸ, ਇਕ ਆਖਰੀ ਗੱਲ ਹੋਰ ਸਾਂਝੀ ਕਰਨੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਨਿਰਭਉ, ਨਿਰਵੈਰ ਦਾ ਸਿਧਾਂਤ ਦਿਤਾ। ਇਸੇ ਨੂੰ ਫਿਰ ਛੇਵੇਂ ਜਾਮੇ, ਸ੍ਰੀ ਗੁਰੂ ਹਰਿਗੋਬਿੰਦ ਪਾਤਿਸ਼ਾਹ ਦੇ ਰੂਪ ਵਿਚ ਮੀਰੀ ਪੀਰੀ ਵਜੋਂ ਪਰਗਟ ਕੀਤਾ। ਸਤਿਗੁਰੂ ਨੇ ਇਹ ਸਪਸ਼ਟ ਕਰ ਦਿਤਾ ਕਿ ਰਾਜਨੀਤੀ ਅਤੇ ਸ਼ਕਤੀ ਬਿਨਾਂ, ਧਰਮ ਕਦੇ ਸੁਰਖਿਅਤ ਨਹੀਂ ਰਹਿ ਸਕਦਾ। ਸੁਆਰਥੀ ਸਿੱਖ ਆਗੂਆਂ ਨੇ ਇਸ ਸਿਧਾਂਤ ਦੀ ਜਿਤਨੀ ਦੁਰਵਰਤੋਂ ਕੀਤੀ ਹੈ, ਉਹ ਬਿਆਨ ਤੋਂ ਬਾਹਰ ਹੈ। ਇਹ ਇਸ ਗਲ ਦਾ ਵੱਡਾ ਢੰਡੋਰਾ ਪਿਟਦੇ ਹਨ ਕਿ ਸਿੱਖ ਸਿਧਾਂਤ ਵਿਚ ਧਰਮ ਅਤੇ ਰਾਜਨੀਤੀ ਇਕੱਠੀ ਹੈ। ਪਰ ਰਾਜਨੀਤੀ ਵਰਤਣੀ ਸੀ ਧਰਮ ਦੀ ਰੱਖਿਆ ਅਤੇ ਪ੍ਰਫੁਲਤਾ ਲਈ। ਇਨ੍ਹਾਂ ਧਰਮ ਨੂੰ ਕੇਵਲ ਆਪਣੀ ਰਾਜਸੀ ਹਵਸ ਪੂਰੀ ਕਰਨ ਦਾ ਸਾਧਨ ਬਣਾ ਲਿਆ। ਇਹ ਸਾਰਾ ਰੌਲਾ ਇਸ ਲਈ ਪਾਇਆ ਜਾਂਦਾ ਹੈ, ਤਾਕਿ ਭੋਲੇ-ਭਾਲੇ ਸਿੱਖਾਂ ਨੂੰ ਧਰਮ ਦੇ ਨਾਂਅ ਤੇ ਮੂਰਖ ਬਣਾ ਕੇ ਉਨ੍ਹਾਂ ਦੀਆਂ ਵੋਟਾਂ ਵਟੋਰੀਆਂ ਜਾ ਸਕਣ। ਰਾਜ ਸੱਤਾ ਦੀ ਭੁੱਖ ਵਿਚ ਇਨ੍ਹਾਂ ਦੇ ਜੀਵਨ ਵਿਚ ਇਤਨੀ ਗਿਰਾਵਟ ਆ ਚੁਕੀ ਹੈ ਕਿ ਧਰਮ ਦੇ ਨਾਂਅ ਦੀ ਵਰਤੋਂ ਦੇ ਨਾਲ-ਨਾਲ ਵੋਟਾਂ ਵਾਸਤੇ ਇਹ ਹਰ ਪਾਪ ਅਤੇ ਦੁਸ਼ਟ ਕਰਮ ਕਰਦੇ ਹਨ। ਸਿੱਖੀ ਦੇ ਠੇਕੇਦਾਰ ਚੋਣਾਂ ਜਿੱਤਣ ਖਾਤਰ ਹਰ ਉਹ ਕਰਮ ਕਰਦੇ ਹਨ, ਜੋ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹਨ। ਨਸ਼ੇ ਵੰਡਣੇ, ਵੋਟਾਂ ਖਰੀਦਣੀਆ, ਗੁੰਡਾਗਰਦੀ ਕਰਨੀ ਤੇ ਹੋਰ ਐਸੇ ਕਰਮ ਜਿਨ੍ਹਾਂ ਨੂੰ ਲਿਖਦਿਆਂ ਵੀ ਸ਼ਰਮ ਆਉਂਦੀ ਹੈ।
ਹੋਰ ਤਾਂ ਹੋਰ ਇਨ੍ਹਾਂ ਨੇ ਗੁਰਦੁਆਰਾ ਚੋਣਾਂ ਨੂੰ ਵੀ ਇਸ ਗੰਦਗੀ ਤੋਂ ਨਹੀਂ ਬਖਸ਼ਿਆ। ਜਦੋਂ ਚੋਣਾਂ ਆਉਂਦੀਆਂ ਨੇ ਸਿੱਖ ਆਗੂ ਕਹਾਉਣ ਵਾਲਿਆਂ ਦੁਆਰਾ ਸਿੱਖ ਸਿਧਾਂਤ ਮਿੱਟੀ ਵਿਚ ਰੋਲੇ ਜਾਂਦੇ ਹਨ। ਸਿੱਖੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਹ ਸਿੱਖਾਂ ਵਿਚ ਕਿਤਨੇ ਹਰਮਨ ਪਿਆਰੇ ਹਨ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਇਨ੍ਹਾਂ ਨੂੰ ਇਹ ਸਾਰੇ ਪਾਪ ਕਰਮ ਕਰਨੇ ਪੈਂਦੇ ਹਨ। ਪਰ ਕੀ ਫਰਕ ਪੈਂਦਾ ਹੈ, ਬਸ ਇਕ ਵਾਰੀ ਚੋਣਾਂ ਜਿਤ ਲਈਆਂ, ਫਿਰ ਮੌਜਾਂ ਹੀ ਮੌਜਾਂ। ਗੱਲ ਵੀ ਤਾਂ ਠੀਕ ਹੈ, ਇਤਨਾ ਤਰੱਦਦ ਕਰਕੇ, ਇਤਨਾ ਖਰਚਾ ਕਰਕੇ ਰਾਜਸੱਤਾ ਹਾਸਲ ਕੀਤੀ ਹੈ। ਹੁਣ ਤਾਂ ਸੂਬੇ ਅਤੇ ਜਨਤਾ ਨੂੰ ਲੁਟਣ ਦਾ ਹੱਕ ਮਿਲ ਗਿਆ ਹੈ। ਜਿਵੇਂ ਵੀ ਲੁਟਿਆ ਜਾ ਸਕੇ। ਕੌਮ ਤਾਂ ਪਹਿਲਾਂ ਹੀ ਵਿਸਾਰੀ ਹੋਈ ਸੀ, ਹੁਣ ਕਾਹਦੀ ਯਾਦ ਆਉਣੀ ਹੈ। ਹਾਂ, ਨਾਂਅ ਜਰੂਰ ਵੱਡੇ-ਵੱਡੇ ਰਖ ਲਏ ਜਾਂਦੇ ਹਨ, ਅਖੇ, ਮਾਹਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਹੈ। ਆਪਣੇ ਮੂੰਹ ਮੀਆਂ ਮਿੱਠੂ। ਕਿਸੇ ਇਤਿਹਾਸਕ ਸਿੱਖ ਸ਼ਖਸੀਅਤ ਦਾ ਨਾਂ ਵੀ ਸਾਫ ਨਹੀਂ ਰਹਿਣ ਦੇਣਾ। ਕੋਈ ਪੂੱਛੇ, ਜਿਹੜੇ ਇਤਨੇ ਭ੍ਰਿਸ਼ਟਾਚਾਰ ਦੇ ਕੇਸ ਬਣੇ ਹੋਏ ਹਨ, ਕੀ ਇਹ ਸਭ ਮਹਾਰਾਜਾ ਰਣਜੀਤ ਸਿੰਘ ’ਤੇ ਬਣੇ ਹੋਏ ਹਨ?
ਉਪਰਲੀ ਗੱਲਬਾਤ ਤੋਂ ਸਪਸ਼ਟ ਹੈ ਕਿ ਇਹ ਸਭ ਬਾਦਲਕਿਆਂ ਬਾਰੇ ਲਿਖਿਆ ਜਾ ਰਿਹਾ ਹੈ। ਦੂਸਰਿਆਂ ਬਾਰੇ ਕੀ ਲਿਖਾਂ? ਕਹਿਣਗੇ, ਸਾਨੂੰ ਤਾਂ ਆਪਣਾ ਕਿਰਦਾਰ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਿਆ। ਪਰ ਇਕ ਗੱਲ ਤਾਂ ਜ਼ਰੂਰ ਲਿਖ ਸਕਦਾ ਹਾਂ, ਜੋ ਆਪ ਤਜ਼ਰਬਾ ਕੀਤੀ ਹੈ। ਚੋਣਾਂ ਵਿੱਚ ਇਨ੍ਹਾਂ ਦਾ ਕਿਰਦਾਰ ਵੀ ਉਹੀ ਹੈ, ਜੋ ਬਾਦਲਕਿਆਂ ਦਾ। ਪਿੱਛਲੀਆਂ ਕੁਝ ਚੋਣਾਂ ਵਿਚ, ਵਿਸ਼ੇਸ਼ ਕਰਕੇ ਗੁਰਦੁਆਰਾ ਚੋਣਾਂ ਵਿਚ ਬੜੀ ਬੇਨਤੀ ਕੀਤੀ, ਘੱਟੋ-ਘੱਟ ਅਸੀਂ ਤਾਂ ਆਪਣਾ ਸਿੱਖ ਕਿਰਦਾਰ ਨਿਭਾਈਏ। ਤਕਰੀਬਨ ਸਭ ਦਾ ਮਿਲਦਾ-ਜੁਲਦਾ ਜੁਆਬ ਸੀ। ਚੋਣਾਂ ਵਿੱਚ ਇਹ ਸਭ ਕਰਨਾ ਪੈਂਦਾ ਹੈ। ਸਤਿਗੁਰੂ ਨੇ ਪਾਪ ਦੇ ਖਿਲਾਫ ਧਰਮ ਦੀ ਖੜਗ ਲੈਕੇ ਜੰਗ ਕੀਤੀ ਸੀ, ਇਹ ਪਾਪ ਨੂੰ ਪਾਪ ਨਾਲ ਮਾਰਨਾ ਚਾਹੁੰਦੇ ਹਨ। ਗੁਰੂ ਪਾਤਿਸ਼ਾਹ ਜਾਂ ਉਨ੍ਹਾਂ ਦੇ ਨਿਰਮਲ ਸਿਧਾਂਤਾਂ ਤੇ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ। ਇਸੇ ਲਈ ਉਦੋਂ ਹੀ ਮਨ ਬਣਾ ਲਿਆ, ਇਸ ਗੰਦ ਵਿਚੋਂ ਨਿਕਲ ਜਾਣਾ ਹੈ।
ਆਪਣੀ ਗੱਲ ਛੱਡ ਕੇ ਕੌਮ ਦੀ ਗੱਲ ਕਰਾਂ। ਸੱਚਾਈ ਤਾਂ ਇਹ ਹੈ ਕਿ ਅੱਜ ਕੌਮ ਦੀ ਗੱਲ ਕਰਨ ਵਾਲਾ ਹੀ ਕੋਈ ਨਹੀਂ। ਅੱਜ ਤਾਂ ਆਪਣੇ ਇਕ ਨਿੱਜੀ ਹਿਤ ਤੋਂ ਕੌਮ ਦੇ ਸੈਂਕੜੇ ਹਿਤ ਰੋਜ਼ ਵਾਰੇ ਜਾਂਦੇ ਹਨ। ਹੁਣ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਰਾਜਸੱਤਾ ਦੀ ਲਾਲਸਾ ਵਿੱਚ ਕੌਮ ਦੇ ਸਭ ਤੋਂ ਵੱਡੇ ਦੁਸ਼ਮਨਾਂ ਨਾਲ ਹੀ ਪੱਕੀ ਭਿਆਲੀ ਪਾ ਲਈ ਹੈ। ਇੰਜ ਜਾਪਦਾ ਹੈ ਜਿਵੇਂ ਸ਼ਿਕਾਰ ਆਪ ਸ਼ੇਰ ਦੀ ਮਾਂਦ ਵਿਚ ਚਲਾ ਗਿਆ ਹੋਵੇ। ਪਰ ਨਹੀਂ ਇਹ ਪ੍ਰਮਾਣ ਇਥੇ ਠੀਕ ਨਹੀਂ ਢੁੱਕਦਾ। ਇਥੇ ਤਾਂ ਗੁਰੂ ਨਾਨਕ ਪਾਤਿਸ਼ਾਹ ਦੀਆਂ ਇਹ ਪੰਗਤੀਆਂ ਹੀ ਬਿਲਕੁਲ ਢੁਕਵੀਆਂ ਹਨ:
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ।।
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।
(ਮ: 1, ਪੰਨਾ 1288)
ਬਿਲਕੁਲ ਜਿਵੇਂ ਸ਼ਿਕਾਰੀਆਂ ਦੇ ਪਾਲੇ ਹੋਏ ਹਿਰਨ ਅਤੇ ਬਾਜ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਇਸ਼ਾਰੇ ਤੇ ਆਪਣੇ ਸਾਥੀਆਂ ਦੇ ਝੁੰਡ ਵਿਚ ਜਾ ਰਲਦੇ ਹਨ ਅਤੇ ਆਪਣੇ ਸਾਥੀਆਂ ਨੂੰ ਸ਼ਿਕਾਰੀ ਦੇ ਜਾਲ ਵਿਚ ਫਸਾ ਕੇ ਮਰਵਾ ਦੇਂਦੇ ਹਨ। ਇੰਜ ਆਪਣੀ ਕੌਮ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਇਹ ਅਜ ਦੇ ਸਿੱਖ ਕੌਮ ਦਾ ਆਗੂ ਹੋਣ ਦਾ ਦਾਅਵਾ ਭਰਨ ਵਾਲੇ ਵੀ ਪੰਥ-ਦੋਖੀ ਤਾਕਤਾਂ ਦੇ ਸਿਕਦਾਰ (ਅਹਿਲਕਾਰ) ਹਨ ਜੋ ਆਪਣੇ ਇਨ੍ਹਾਂ ਆਕਾਵਾਂ ਨੂੰ ਖੁਸ਼ ਕਰਕੇ ਰਾਜਸੱਤਾ ਤੇ ਕਾਬਜ਼ ਰਹਿਣ ਲਈ ਆਪਣੀ ਕੌਮ ਦਾ ਘਾਣ ਕਰਵਾ ਰਹੇ ਹਨ। ਇਨ੍ਹਾਂ ਤਹੱਈਆ ਕੀਤਾ ਹੋਇਆ ਹੈ ਕਿ ਨਾ ਸਿੱਖ ਰਹਿਣ ਦੇਣੇ ਹਨ ਅਤੇ ਨਾ ਸਿੱਖੀ। ਐਵੇਂ ਤਾਂ ਨਹੀਂ ਅਜ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ 80× ਤੋਂ ਵੱਧ ਸਿੱਖਾਂ ਦੇ ਮੂੰਹ ਤੇ ਦਾੜ੍ਹੀ ਨਹੀਂ ਰਹੀ ਹੈ ਅਤੇ ਨਾ ਸਿਰ ਤੇ ਵਾਲ ਤੇ ਪੱਗ। ਉਹ ਵੀ ਵਧੇਰੇ ਦਿਹਾਤੀ ਇਲਾਕਿਆਂ ਵਿੱਚ ਜਿਥੇ ਇਨ੍ਹਾਂ ਦਾ ਵਧੇਰੇ ਪ੍ਰਭਾਵ ਹੈ। ਅਸੀਂ ਅਕਸਰ ਇਹ ਕਹਿ ਕੇ ਤਸੱਲੀ ਕਰ ਲੈਂਦੇ ਹਾਂ ਕਿ ਫਿਲਮਾਂ, ਟੀ.ਵੀ. ਅਤੇ ਪੱਛਮੀ ਪ੍ਰਭਾਵ ਨੇ ਇਹ ਜ਼ੁਲਮ ਢਾਇਆ ਹੈ। ਪਰ ਇਨ੍ਹਾਂ ਸਭ ਚੀਜ਼ਾਂ ਦਾ ਇਤਨਾ ਮਾਰੂ ਪ੍ਰਭਾਵ ਕੇਵਲ ਪੰਜਾਬ ਤੇ ਹੀ ਕਿਉਂ ਪੈ ਰਿਹਾ ਹੈ, ਪੰਜਾਬ ਤੋਂ ਬਾਹਰ ਕਿਉਂ ਨਹੀਂ ਪੈ ਰਿਹਾ? ਜਿਵੇਂ-ਜਿਵੇਂ ਪੰਜਾਬ ਤੋਂ ਦੂਰ ਜਾਂਦੇ ਜਾਓ, ਕੋਈ ਵਿਰਲਾ ਹੀ ਪਤਿਤ ਸੂਰਤ ਵਾਲਾ ਮਿਲਦਾ ਹੈ, ਉਹ ਵੀ ਆਮ ਤੌਰ ਤੇ ਜਿਸਦਾ ਪਿਛੋਕੜ ਪੰਜਾਬ ਨਾਲ ਹੋਵੇ। ਮੇਰੇ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਪੱਛਮੀ ਸਭਿਆਚਾਰ ਨੇ ਤਾਂ ਪੂਰੇ ਪੂਰਬ-ਦੱਖਣ
ਏਸ਼ੀਆ ਖੇਤਰ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਅਤੇ ਭਾਰਤ ਇਸ ਦੀ ਵਿਸ਼ੇਸ਼ ਮਾਰ ਥਲੇ ਹੈ। ਭਾਰਤੀ ਫਿਲਮਾਂ, ਟੀ.ਵੀ. ਅਤੇ ਹੋਰ ਮੀਡੀਆ, ਸਿੱਖ ਬੱਚਿਆਂ ਨੂੰ ਗੁਮਰਾਹ ਕਰਨ, ਉਨ੍ਹਾਂ ਅੰਦਰ ਕੌਮੀ ਹੀਨ ਭਾਵਨਾ ਪੈਦਾ ਕਰਨ ਅਤੇ ਸਿੱਖੀ ਵਿਚ ਸਿਧਾਂਤਕ ਰਲਗੱਡ ਕਰਨ ਵਾਸਤੇ ਪੂਰੀ ਸਾਜਸ਼ੀ ਵਿਓਂਤਬੰਦੀ ਨਾਲ ਕੰਮ ਕਰ ਰਹੇ ਹਨ। ਪਰ ਪੰਜਾਬ ਵਿੱਚ ਇਹ ਬੇੜਾ ਡੋਬਣ ਦੀ ਜਿੰਮੇਵਾਰ ਸਿਰਫ ਤੇ ਸਿਰਫ ਅਕਾਲੀ ਲੀਡਰਸ਼ਿਪ ਹੈ। ਇਨ੍ਹਾਂ ਨੇ ਬਹੁਤ ਤਰੀਕੇ ਨਾਲ ਪਤਿਤਪੁਣੇ ਨੂੰ ਉਤਸਾਹਤ ਕੀਤਾ, ਆਪਣੇ ਬੱਚਿਆਂ ਨੂੰ ਪਤਿਤ ਮਾਡਲ ਬਣਾਕੇ ਪੇਸ਼ ਕੀਤਾ, ਸਾਬਤ ਸੂਰਤ ਸਿਖ ਨੌਜੁਆਨਾਂ ਤੇ ਇਤਨਾ ਜ਼ੁਲਮ ਢਾਹਿਆ ਅਤੇ ਢੁਆਇਆ ਕੇ ਬਾਕੀ ਡਰਦੇ ਸਿਰ ਮੁਨਾ ਦੇਣ। ਆਪਣੇ ਰਾਜਕਾਲ ਵਿੱਚ ਸਿਰ ਮੁੰਨਿਆਂ ਨੂੰ ਨੌਕਰੀਆਂ ਦੇਕੇ, ਤਰੱਕੀਆਂ ਦੇਕੇ, ਸਿਆਸੀ ਮਾਨਤਾ ਦੇਕੇ ਨਿਵਾਜਿਆ। ਸਭ ਕੁਝ ਇਤਨੀ ਵਿਓਂਤ ਬੰਦੀ ਨਾਲ ਕੀਤਾ ਹੈ ਕਿ ਬਹੁਤੇ ਭੋਲੇ-ਭਾਲੇ ਸਿੱਖਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਉਹ ਕਦੋਂ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਹਨ। ਬਹੁਤੇ ਤਾਂ ਸਿਰ ਮੂੰਹ ਮੁਨਾਕੇ ਅਜ ਵੀ ਇਹੀ ਖੁਸ਼ਫਹਿਮੀ ਪਾਲ ਰਹੇ ਹਨ, ਕਿ ਵਾਲਾਂ ਨਾਲ ਕੀ ਫਰਕ ਪੈਂਦਾ ਹੈ? ਸਿੱਖੀ ਤਾਂ ਸਾਡੇ ਮਨ ਵਿੱਚ ਹੈ। ਕੌਣ ਸਮਝਾਵੇ? ਓਏ ਭੋਲਿਆ! ਜੇ ਮਨ ਵਿਚ ਸਿੱਖੀ ਬਚੀ ਹੁੰਦੀ ਤਾਂ ਚੇਹਰੇ ਤੋਂ ਫੁਟ-ਫੁਟ ਪੈਂਦੀ। ਹਾਂ ਕੁਝ ਕਟੱੜਵਾਦਤਾ ਦੀਆਂ ਕਣੀਆਂ ਬਚੀਆਂ ਹੋ ਸਕਦੀਆਂ ਹਨ, ਜਿਨ੍ਹਾਂ ਬਾਰੇ ਤੂੰ ਅੰਦਰ ਸਿੱਖੀ ਹੋਣ ਦਾ ਭਰਮ ਪਾਲ ਰਿਹਾ ਹੈਂ।
ਮੇਰੇ ਇਕ ਮਿੱਤਰ ਬੜੇ ਚੰਗੇ ਗੁਰਸਿੱਖ ਹਨ। ਉਨ੍ਹਾਂ ਦਾ ਕਾਰੋਬਾਰ ਪੰਜਾਬ ਸਰਕਾਰ ਅਤੇ ਸਰਕਾਰੀ ਅਦਾਰਿਆਂ ਨਾਲ ਸੰਬਧਤ ਹੈ। ਇਕ ਵਾਕਿਆ ਦਸਣ ਲੱਗੇ ਕਿ ਕਿਸੇ ਪ੍ਰੋਗਰਾਮ ਦੇ ਸਿਲਸਿਲੇ ਵਿਚ ਉਨ੍ਹਾਂ ਨੂੰ ਅਕਾਲੀ ਮੁਖ ਮੰਤਰੀ ਜੀ ਦੇ ਨੇੜੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਸੁਭਾਵਕ ਹੈ ਕਿ ਮੁਖਮੰਤਰੀ ਜੀ ਨੂੰ ਮਿਲਣ ਵਾਸਤੇ ਬਹੁਤ ਲੋਕ ਆ ਰਹੇ ਸਨ। ਜਿਹੜਾ ਵੀ ਕੋਈ ਘੋਨਾ-ਮੋਨਾ ਆਵੇ, ਮੁਖਮੰਤਰੀ ਜੀ ਬੜੇ ਤਪਾਕ ਨਾਲ ਉਸ ਦਾ ਸੁਆਗਤ ਕਰਨ, ੱਆਓ ਜੀ, ਸਰਦਾਰ ਸਾਹਿਬ ਆਓ।- ਮੇਰੇ ਮਿੱਤਰ ਕਹਿੰਦੇ, ਥੋੜੀ ਦੇਰ ਬਾਅਦ ਮੈਂ ਸੋਚੀਂ ਪੈ ਗਿਆ ਕਿ ਜੇ ਇਹ ਘੋਨੇ ਸਰਦਾਰ ਸਾਹਿਬ ਹਨ ਤਾਂ ਮੈਂ ਕੀ ਹਾਂ? ਕਿਆ ਸੁਹਣਾ ਤਰੀਕਾ ਹੈ ਪਤਿਤਪੁਣੇ ਨੂੰ ਉਤਸਾਹਿਤ ਕਰਨ ਦਾ? ਕਿਸ ਵਧੀਆ ਤਰੀਕੇ ਨਾਲ ਉਸ ਨੂੰ ਮਹਿਸੂਸ ਵੀ ਨਹੀਂ ਹੋਣ ਦਿਤਾ ਕਿ ਉਹ ਸਿੱਖੀ ਨੂੰ ਬੇਦਾਵਾ ਦੇਈ ਬੈਠਾ ਹੈ ਬਲਕਿ ਸਗੋਂ ਮਾਣ ਵਧਾਇਆ। ਜੇ ਉਸ ਨੂੰ ਭਈਆ ਜਾਂ ਘੱਟੋ-ਘੱਟ ਬਾਊ ਜੀ ਕਹਿਕੇ ਬੁਲਾਇਆ ਹੁੰਦਾ ਤਾਂ ਸ਼ਾਦਿੲ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਕੋਈ ਨਿੱਕੀ ਮੋਟੀ ਚੋਟ ਪੈਂਦੀ ਕਿ ਉਸਨੇ ਸਤਿਗੁਰੂ ਦੇ ਬਖਸ਼ੇ ਦਸਤਾਰ ਰੂਪੀ ਤਾਜ ਨੂੰ ਤਜਕੇ ਕੀ ਕੁਝ ਗੁਆਇਆ ਹੈ। ਪਰ ਜਿਨ੍ਹਾਂ ਆਪ ਸਤਿਗੁਰੂ ਦੇ ਬਖਸ਼ੇ ਹੋਏ ਤਾਜ ਉਤੇ ਮੁਕਟ ਬੰਨ ਲਏ ਹੋਣ, ਉਨ੍ਹਾਂ ਕੋਲੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਇਨ੍ਹਾਂ ਫੈਸਲਾ ਕੀਤਾ ਹੋਇਆ ਹੈ ਕਿ ਨਾਂ ਸਿੱਖੀ ਸਰੂਪ ਰਹਿਣ ਦੇਣਾ ਹੈ ਅਤੇ ਨਾ ਸਿਧਾਂਤ। ਇਸੇ ਕਰਕੇ ਮੱਥੇ ਤੇ ਤਿਲਕ ਲਵਾਏ ਜਾਂਦੇ ਹਨ, ਹਵਨ ਕਰਾਏ ਜਾਂਦੇ, ਪੂਜਾ ਅਤੇ ਮੰਤਰ ਜਾਪ ਕਰਾਏ ਜਾਂਦੇ ਹਨ। ਅਗੋਂ ਇਨ੍ਹਾਂ ਦੇ ਚਮਚੇ ਇਨ੍ਹਾਂ ਨੂੰ ਖੁਸ਼ ਕਰਨ ਲਈ ਅਤੇ ਵੱਡੇ ਮਾਲਕਾਂ ਦੇ ਨਜਰੀਂ ਚੜ੍ਹਨ ਲਈ, ਰਾਮਾਇਣ ਦੇ 501 ਪਾਠ ਕਰਾਉਂਦੇ ਹਨ। ਇਨ੍ਹਾਂ ਗੁਰਬਾਣੀ ਨਾ ਕਦੇ ਆਪ ਵਿਚਾਰ ਕੇ ਪੜ੍ਹੀ ਅਤੇ ਨਾਂ ਕਦੇ ਗੁਰਬਾਣੀ ਦੀ ਵਿਚਾਰ ਸੁਣੀ ਪਰ ਇਨ੍ਹਾਂ ਨੂੰ ਬਾਪੂ ਆਸਾ ਰਾਮ ਦੇ ਵਖਿਆਣ ਚੋਂ ਬਹੁਤ ਰਸ ਆਉਂਦਾ ਹੈ। ਉਨ੍ਹਾਂ ਦੇ ਵਿਚ ਬਹਿਕੇ ਬੜੀ ਬੇਸ਼ਰਮੀ ਅਤੇ ਮਾਨ ਨਾਲ ਕਹਿੰਦੇ ਹਨ, ੱਮੈਂ ਤੋ ਬਾਪੂ ਜੀ ਕਾ ਅਨਨ ਭਗਤ ਹੂੰ।- ਫੇਰ ਦਲੀਲਾਂ ਦਿਤੀਆਂ ਜਾਂਦੀਆਂ ਹਨ, ਰਾਜਸੱਤਾ ਦੇ ਪ੍ਰਮੁਖ ਨੂੰ ਇਹ ਸਭ ਕਰਨਾ ਪੈਂਦਾ ਹੈ। ਅਸੀਂ ਇਹ ਤਾਂ ਨਹੀਂ ਕਹਿੰਦੇ, ਤੁਸੀਂ ਕਿਸੇ ਦੂਸਰੇ ਧਰਮ ਦਾ ਅਪਮਾਨ ਕਰੋ। ਉਨ੍ਹਾਂ ਦੇ ਧਰਮ ਪ੍ਰਤੀ ਕੋਈ ਨਿੰਦਾ ਭਰੇ ਜਾਂ ਕੌੜੇ ਬੋਲ ਬੋਲੋ। ਮੁਖਮੰਤਰੀ ਹੋਣ ਨਾਤੇ ਹਰ ਕੌਮ ਦੇ ਪ੍ਰੋਗਰਾਮ ਵਿਚ ਜਾਓ, ਪੂਰਨ ਸਤਿਕਾਰ ਕਰੋ ਪਰ ਆਪਣੇ ਸਤਿਗੁਰੂ ਦੇ ਪਾਵਣ ਸਿਧਾਂਤ ਤਾਂ ਮਿੱਟੀ ਵਿਚ ਨਾ ਰੋਲੋ। ਜੇ ਗੁਰਮਤਿ ਸਿਧਾਂਤਾਂ ਦਾ ਮਾਨ ਨਹੀਂ ਵੱਧਾ ਸਕਦੇ ਤਾਂ ਘਟੋ-ਘੱਟ ਘਾਣ ਨਾ ਕਰੋ। ੱਮਨ ਹਰਾਮੀ, ਹੁਜਤਾਂ ਢੇਰ।- ਪਰ ਕਿਤੇ ਸਿੱਖਾਂ ਦਾ ਭਰਮਜਾਲ ਨਾ ਟੁੱਟ ਜਾਏ ਇਸ ਲਈ ਬਾਣੀ ਪੜ੍ਹਨ ਅਤੇ ਗੁਰਦੁਆਰੇ ਹਾਜਰੀ ਭਰਨ ਦਾ ਪਖੰਡ ਵੀ ਨੇਮ ਨਾਲ ਕਰਦੇ ਰਹਿੰਦੇ ਹਨ;
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।
ਛੋਡੀਲੇ ਪਾਖੰਡਾ ’ ਨਾਮਿ ਲਇਐ ਜਾਹਿ ਤਰੰਦਾ।।
(ਸਲੋਕ ਮ:1, ਪੰਨਾ 471)
ਪਿਛਲੀਆਂ ਚੋਣਾ ਵਿੱਚ ਸਿੱਖਾਂ ਵਲੋਂ ਐਵੇਂ ਹਲਕਾ ਜਿਹਾ ਝਟਕਾ ਦੇ ਦਿਤਾ ਗਿਆ। ਹੁਣ ਪਰਿਵਾਰ ਵਲੋਂ ਸਿੱਖ ਹੋਣ ਦੇ ਵਿਖਾਵੇ ਲਈ ਵੱਡੇ-ਵੱਡੇ ਕੀਰਤਨ ਦਰਬਾਰ ਕਰਾਏ ਜਾ ਰਹੇ ਹਨ, ਟੀ.ਵੀ. ਦੇ ਟਾਈਮ ’ਤੇ ਦਰਬਾਰ ਸਾਹਿਬ ਅੰਦਰ ਬਹਿਕੇ ਕੀਰਤਨ ਸੁਣਿਆ ਜਾਂਦਾ ਹੈ। ੱਖੁਦਾ ਭੀ ਖੁਸ਼ ਰਹੇ, ਸ਼ੈਤਾਨ ਭੀ ਨਾਰਾਜ਼ ਨਾ ਹੋ।-
ਕਈ ਭੋਲੇ ਭਾਲੇ ਵੀਰ ਕਹਿੰਦੇ ਹਨ, ‘‘ਦਸੋ ਜੀ, ਉਹ ਭਲਾ ਸਿੱਖੀ ਦਾ ਬੁਰਾ ਕਿਉਂ ਕਰਨਗੇ, ਉਨ੍ਹਾਂ ਦੀ ਤਾਂ ਸਾਰੀ ਸਿਆਸਤ ਹੀ ਸਿੱਖਾਂ ਦੇ ਸਿਰ ਤੇ ਖੜੀ ਹੈ। ਸਿੱਖ ਹੀ ਤਾਂ ਉਨ੍ਹਾਂ ਦਾ ਵੋਟ ਬੈਂਕ ਹਨ।’’ ਓ ਭਲਿਓ! ਕਿਹੜੇ ਸਿੱਖਾਂ ਦੀ ਗੱਲ ਕਰਦੇ ਹੋ, ਜਿਨ੍ਹਾਂ ਨੂੰ ਸਹਿਜੇ-ਸਹਿਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਨਾਲੋਂ, ਗੁਰਮਤਿ ਦੇ ਅਨਮੋਲ ਸਿਧਾਂਤਾਂ ਨਾਲੋਂ ਤੋੜ ਦਿਤਾ ਗਿਆ? ਸਿੱਖੀ ਦੇ ਪਾਵਨ ਸਰੂਪ, ਦਸਮ ਪਾਤਿਸ਼ਾਹ ਦੇ ਖੰਡੇ ਬਾਟੇ ਦੀ ਪਾਹੁਲ ਅਤੇ ਆਦਰਸ਼ਕ ਕਕਾਰਾਂ ਨਾਲੋਂ ਪੱਕਾ ਤੋੜ-ਵਿਛੋੜਾ ਕਰਾ ਦਿੱਤਾ ਗਿਆ? ਜਿਹੜੇ ਅਜ ਬ੍ਰਾਹਮਣੀ ਰੀਤਾਂ ਅਤੇ ਕਰਮਕਾਂਡਾਂ ਨੂੰ ਸਿੱਖ ਸਿਧਾਂਤ ਸਮਝ ਕੇ ਕਰੀ ਜਾ ਰਹੇ ਹਨ? ਉਨ੍ਹਾਂ ਵਿਚਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਦੇ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਤੋਂ ਬਹੁਤ ਦੂਰ, ਬਾਦਲ ਦੀ ਸਿੱਖੀ ਵਿਚ ਪਹੁੰਚ ਚੁਕੇ ਹਨ, ਜਿੱਥੇ ਹਰ ਗਲ ਦੀ ਛੂਟ ਹੈ, ਕਿਸੇ ਮਰਿਯਾਦਾ ਦੇ ਬੰਧਨ ਨਹੀਂ। ਹਾਂ, ਇਕ ਗਲ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਪੰਥ ਦੇ ਨਾਲ ਹਾਂ ਅਤੇ ਵੋਟ ਪੰਥ ਨੂੰ ਪਾਉਣੀ ਹੈ। ਹਾਲਾਂਕਿ ਖਾਲਸਾ ਪੰਥ ਉਨ੍ਹਾਂ ਕੋਲੋਂ ਕਦੋਂ ਦਾ ਗੁਆਚ ਚੁਕਾ ਹੈ ਅਤੇ ਉਸ ਦੀ ਜਗ੍ਹਾਂ ਬਾਦਲ ਪੰਥ ਲੈ ਚੁਕਾ ਹੈ।
ਇਨ੍ਹਾਂ ਆਗੂਆਂ ਨੂੰ ਇਹ ਗਲ ਬਹੁਤ ਫਿਟ ਬੈਠਦੀ ਹੈ। ਉਨ੍ਹਾਂ ਨੂੰ ਇਹੋ ਜਿਹੇ ਸਿੱਖਾਂ ਦੀ ਹੀ ਲੋੜ ਹੈ। ਵੇਖਿਆ ਨਹੀਂ ਪੰਥ ਦਾ ਅਤੇ ਜਥੇਬੰਦੀ ਦਾ ਰੂਪ ਕਿਵੇਂ ਨਾਲ ਨਾਲ ਬਦਲ ਰਹੇ ਹਨ। ਜਦੋਂ ਅਕਾਲੀ ਦਲ ਹੋਂਦ ਵਿਚ ਆਇਆ, ਇਸ ਦਾ ਮੈਂਬਰ ਬਣਨ ਵਾਸਤੇ ਵੀ ਅੰਮ੍ਰਿਤਧਾਰੀ ਹੋਣਾਂ ਜਰੂਰੀ ਸੀ। ਇਹ ਨਿਰੋਲ ਸਿੱਖ ਸਿਧਾਂਤਾਂ ਅਤੇ ਸਿੱਖ ਹੱਕਾਂ ਦੀ ਪਹਿਰੇਦਾਰ ਜਥੇਬੰਦੀ ਸੀ। ਫੇਰ ਜਿਵੇਂ ਹੀ ਬਾਦਲ ਸਾਹਿਬ ਕਾਬਜ਼ ਹੋਏ, ਇਹ ਪੰਜਾਬੀ ਪਾਰਟੀ ਬਣ ਗਈ। ਹੁਣ ਰੋਜ਼ ਬਾਦਲ ਸਾਹਿਬ ਕੂਕਾਂ ਮਾਰਦੇ ਹਨ, ਸਾਡੀ ਪਾਰਟੀ ਸੈਕੁਲਰ ਪਾਰਟੀ ਹੈ। ਜਿਸ ਪਾਰਟੀ ਦਾ ਮੈਂਬਰ ਬਣਨ ਵਾਸਤੇ ਵੀ ਕਦੇ ਖੰਡੇ-ਬਾਟੇ ਦੀ ਪਾਹੁਲ ਛਕੇ ਹੋਣਾ ਜਰੂਰੀ ਸੀ, ਅਜ ਦਾੜ੍ਹੀ ਕੁਤਰੇ, ਸਿਰੋ ਰੋਡੇ, ਨਸ਼ੇੜੀ, ਸ਼ਰਾਬ-ਸ਼ਬਾਬ ਦੇ ਸ਼ੌਕੀਨ ਇਥੋਂ ਤਕ ਕੇ ਸ਼ਰੇਆਮ ਤੰਬਾਕੂ ਪੀਣ ਵਾਲੇ ਉਸ ਦੇ ਕਈ ਪ੍ਰਮੁਖ ਮੈਂਬਰ, ਮਿਨਿਸਟਰ ਅਤੇ ਐਮ.ਐਲ.ਏ. ਹਨ। ਅੱਜ ਇਸ ਜਥੇਬੰਦੀ ਦਾ ਪ੍ਰਧਾਨ ਇਕ ਪਤਿਤ ਹੈ। ਲੋਕੀ ਕਹਿੰਦੇ ਹਨ ਪਤਿਤ ਤਾਂ ਨਹੀਂ ਬੇਅੰਮ੍ਰਿਤੀਆ ਹੈ। ਕੀ ਕੇਵਲ ਕੇਸਾਂ ਦੀ ਬੇਅਦਬੀ ਕਰਨ ਨਾਲ ਹੀ ਪਤਿਤ ਹੁੰਦਾ ਹੈ? ਸਿੱਖ ਰਹਿਤ ਮਰਿਯਾਦਾ ਵਿਚ ਤਾਂ ਚਾਰ ਬੱਜਰ ਕੁਰਹਿਤਾਂ ਹਨ, ਜਿਨ੍ਹਾਂ ਵਿਚੋਂ ਕੋਈ ਇਕ ਕਰਨ ਨਾਲ ਹੀ ਪਤਿਤ ਹੋ ਜਾਈਦਾ ਹੈ। ਇਥੇ ਤਾਂ ਰੱਬ ਦੀ ਐਸੀ ਮਾਰ ਹੈ ਕਿ ਇਕ ਛੱਡ ਕੇ ਬਾਕੀ ਸਾਰੇ ਗੁਣ ਭਰਪੂਰ ਹਨ। ਹੋਰ ਤਾਂ ਹੋਰ ਇਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਹੀਂ ਬਖਸ਼ਿਆ। ਉਸਦੇ ਬਹੁਤੇ ਮੈਂਬਰਾਂ ਵਿਚ ਵੀ, ਇਕ ਕੇਸਾਂ ਦੀ ਬੇਅਦਬੀ ਛੱਡਕੇ ਬਾਕੀ ਉਪਰਲੇ ਸਾਰੇ ਔਗੁਣ ਹਨ। ਕੇਸ ਵੀ ਤਾਂ ਕਰਕੇ ਬਚੇ ਹੋਏ ਹਨ ਕਿਉਂਕਿ ਕਾਨੂੰਨੀ ਮਜਬੂਰੀ ਹੈ, ਨਹੀਂ ਤਾਂ ਪਤਾ ਨਹੀਂ ਉਥੇ ਵੀ ਕਦੋਂ ਦੇ ਘੋਨੇ ਵਾੜ ਦਿਤੇ ਹੁੰਦੇ। ਪੰਜ੍ਹਾਵਿਆਂ ਵਿਚ ਸਿੱਖ ਨੌਜੁਆਂਨੀ ਵਿਚ ਕੁਝ ਨਿਘਾਰ ਆਉਂਦਾ ਮਹਿਸੂਸ ਹੋਇਆ ਤਾਂ ਸਿੱਖ ਆਗੂਆਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਂਅ ਦੀ ਨੌਜੁਆਨਾ ਦੀ ਜਥੇਬੰਦੀ ਖੜੀ ਕਰ ਦਿਤੀ। ਇਸ ਜਥੇਬੰਦੀ ਨੇ ਸਿੱਖ ਨੌਜੁਆਨਾਂ ਵਿਚ ਇਕ ਨਵੀਂ ਜਾਗ੍ਰਿਤੀ ਪੈਦਾ ਕਰਕੇ, ਇਨਕਲਾਬੀ ਮੋੜ ਲਿਆਂਦਾ। ਇਸ ਜਥੇਬੰਦੀ ਨੇ ਪਿਛਲੇ ਦਿਨਾਂ ਵਿਚ ਕੌਮ ਨੂੰ ਕਈ ਵਧੀਆ ਗੁਰਸਿੱਖ ਦਿਤੇ ਹਨ। ਇਹ ਅਲੱਗ ਗਲ ਹੈ ਕਿ ਅਜ ਇਹ ਜਥੇਬੰਦੀ ਵੀ, ਇਨ੍ਹਾਂ ਸਿਆਸੀ ਭੁਖੜਾਂ ਦੀ ਸ਼ਿਕਾਰ ਹੋ ਚੁਕੀ ਹੈ। ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਹੁਣ ਕਈ ਟੁਕੜਿਆਂ ਵਿਚ ਵੰਡੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨੀਵਾਂ ਵਿਖਾਣ ਲਈ, ਆਪਣੀ ਸਰਪਰਸਤੀ ਵਿਚ ਐਸ ਓ ਆਈ (Student Organisation of India) ਨਾਂ ਦੀ ਜਥੇਬੰਦੀ ਕਾਇਮ ਕੀਤੀ ਹੈ, ਜਿਥੇ ਫੇਰ, ਹਰ ਤਰ੍ਹਾਂ ਦੀ ਖੁਲ ਹੈ। ਸਿੱਖੀ ਤਾਂ ਜਿਵੇਂ ਅਕਾਲੀ ਦਲ ਦੇ ਏਜੰਡੇ ਵਿਚੋਂ ਹੀ ਗਾਇਬ ਹੋ ਗਈ ਹੈ।
ਪਿੱਛੇ ਜਿਹੇ ਕੁਝ ਆਸ ਬੱਝੀ, ਜਦੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਬਾਦਲਕੇ ਹਾਰ ਗਏ। ਸੋਚਿਆ ਕੁਝ ਤਬਦੀਲੀ ਸ਼ੁਰੂ ਹੋਈ ਹੈ, ਕੁਝ ਤਾਂ ਚੰਗੇ ਨਤੀਜੇ ਸਾਹਮਣੇ ਆਉਣਗੇ। ਪਹਿਲਾਂ ਤਾਂ ਅਹਿਸਾਸ ਵੀ ਇਹ ਕਰਾਇਆ ਗਿਆ ਕਿ ਇਹ ਕੁਝ ਨਿਰਪੱਖ ਸਿਖਾਂ ਦੀ ਕਮੇਟੀ ਹੈ। ਨੇੜਿਓ ਵੇਖਿਆ ਤਾਂ ਪਤਾ ਲਗਾ ਕਿ ਟੋਹੜਾ ਸਾਹਿਬ ਦਾ ਧੱੜਾ ਹੈ, ਹੋਰ ਕੁਝ ਨਹੀਂ। ਉਹ ਸ੍ਰ. ਗੁਰਚਰਨ ਸਿੰਘ ਟੋਹੜਾ ਜਿਨ੍ਹਾਂ 26 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਕੇ ਸਿੱਖੀ ਦੀ ਬਰਬਾਦੀ ਕੀਤੀ। ਇਸੇ ਗਲ ਲਈ ਉਨ੍ਹਾਂ ਨੂੰ ਮਰਨ ਬਾਅਦ ੱਪੰਥ ਰਤਨ- ਦਾ ਖਿਤਾਬ ਵੀ ਦਿੱਤਾ ਗਿਆ। ਇਕ ਕਮਾਲ ਤਾਂ ਦਿੱਲੀ ਵਾਲਿਆਂ ਕਰ ਵਿਖਾਈ, ਕੁਝ ਸਮੇਂ ਬਾਅਦ ਜਦੋਂ ਟੋਹੜਾ ਜੀ ਨੇ ਮੁੜ ਬਾਦਲ ਸਾਹਿਬ ਨਾਲ ਭਾਈਵਾਲੀ ਪਾ ਲਈ ਤਾਂ ਦਿੱਲੀ ਕਮੇਟੀ ਵਾਲੇ ਨਾਲ ਨਹੀਂ ਗਏ। ਕੁਝ ਹੀ ਦਿਨਾਂ ਬਾਅਦ ਇਹ ਸਿੱਧੇ ਕਾਂਗਰਸ ਦੀ ਝੋਲੀ ਵਿਚ ਪੈ ਗਏ। ਉਹ ਕਾਂਗਰਸ, ਜੋ ਅਜ ਭਾਰਤ ਵਿਚ ਸਿੱਖਾਂ ਦੀ ਅਧੋਗਤੀ ਵਾਸਤੇ ਸਿੱਧੀ ਜਿੰਮੇਵਾਰ ਹੈ, ਜੋ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ ਕੀਤੇ ਹਰ ਵਾਅਦੇ ਤੋ ਮੁਕਰੀ, ਜਿਸ ਨੇ ਸਿਖਾਂ ਦੀ ਹਰ ਜਾਇਜ਼ ਮੰਗ ਨੂੰ ਨਸਲੀ ਰੰਗਤ ਦੇ ਕੇ ਠੁਕਰਾਇਆ, ਜਿਸ ਦੇ ਰਾਜ ਵਿਚ 37 ਗੁਰਧਾਮਾਂ ’ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ, ਸ੍ਰੀ ਦਰਬਾਰ ਸਾਹਿਬ ਦਾ ਸੀਨਾ ਛਲਨੀ-ਛਲਨੀ ਕਰ ਦਿਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕੀਤਾ ਗਿਆ, ਜਿਨ੍ਹਾਂ ਸਾਰੇ ਭਾਰਤ ਵਿਚ ਸਿਖਾਂ ਦਾ ਸਰੇ ਬਾਜ਼ਾਰ ਕਤਲੇ ਆਮ ਕਰਾਇਆ। ਪਤਾ ਨਹੀਂ ਸਾਰੇ ਸਿੱਖ ਆਗੂ ਇਹ ਕਿਉਂ ਸਮਝਦੇ ਹਨ ਕਿ ਉਨ੍ਹਾਂ ਦਾ ਕਿਸੇ ਨਾ ਕਿਸੇ ਪੰਥ ਦੋਖੀ ਸ਼ਕਤੀ ਨਾਲ ਭਿਆਲੀ ਪਾਉਣਾ ਜਰੂਰੀ ਹੈ? ਇਕ ਸ਼ੇਰ ਦੀ ਮਾਂਦ ਵਿਚ ਵੜੇ ਹੋਏ ਹਨ ਤਾਂ ਦੂਸਰੇ ਬਘਿਆੜ ਦੀ। ਵੈਸੇ ਤਾਂ ਕਾਰਨ ਤਕਰੀਬਨ ਸਪਸ਼ਟ ਹੀ ਹੈ,ੱਹਾਇ ਕੁਰਸੀ-। ਭਲਿਓ! ਜੇ ਰਾਜਨੀਤਿਕ ਕਾਰਨਾਂ ਕਰਕੇ ਸਾਂਝ ਪਾਉਣੀ ਵੀ ਹੈ ਤਾਂ ਸਿੱਖੀ ਦੇ ਵੱਡੇ ਦੁਸ਼ਮਨਾ ਨਾਲ ਤਾਂ ਨਾ ਪਾਓ। ਇਥੇ ਤਾਂ ਬੜੇ ਮਾਨ ਨਾਲ ਐਲਾਨ ਕੀਤੇ ਜਾ ਰਹੇ ਹਨ, ੱਜਨਮ ਜਨਮ ਕਾ ਸਾਥ ਹੈ।-
ਬੜੀ ਅਹਿਮ ਚੁਣੌਤੀ ਹੈ ਸਿੱਖ ਨੌਜੁਆਨੀ ਅਗੇ ਕਿ ਇਨ੍ਹਾਂ ਸ਼ੇਰਾਂ ਬਘਿਆੜਾਂ ਕੋਲੋਂ ਕੌਮ ਨੂੰ ਕਿਵੇਂ ਬਚਾਉਣਾ ਹੈ? ਇਹ ਆਪਣੇ ਆਪਣੇ ਤਰੀਕੇ ਨਾਲ ਸਿੱਖੀ ਨੂੰ ਨਿਗਲ ਜਾਣ ਲਈ ਰ੍ਹਾਲਾਂ ਟੱਪਕਾ ਰਹੇ ਹਨ। ਅਜ ਲੋੜ ਹੈ ਕਿ ਸਿੱਖ ਨੌਜੁਆਨੀ ਆਪਣੇ ਵਿਚੋਂ ਇਕ ਨਵੀਂ ਲੀਡਰਸ਼ਿਪ ਉਭਾਰੇ। ਐਸੀ ਲੀਡਰਸ਼ਿਪ ਜੋ ਪ੍ਰੂਰੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪਰਣਾਈ ਹੋਵੇ। ਜੋ ਗੁਰਮਤਿ ਦੇ ਹਰ ਸਿਧਾਂਤ ਨੂੰ ਅਪਨਾਉਣਾ, ਆਪਣਾ ਆਦਰਸ਼ ਅਤੇ ਗੁਰਮਤਿ ਅਨੁਸਾਰ ਜੀਵਨ ਜੀਣ ਨੂੰ ਆਪਣਾ ਮਕਸਦ ਸਮਝਦੀ ਹੋਵੇ। ਜੋ ਪੰਥ ਪਰਸਤ ਹੋਵੇ, ਕੌਮ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦੇਵੇ। ਦੂਰਅੰਦੇਸ਼ ਹੋਵੇ। ਕੌਮ ਖਿਲਾਫ ਘੜੀਆਂ ਜਾ ਰਹੀਆਂ ਗੁਪਤ ਸਾਜਸ਼ਾਂ ਨੂੰ ਸਮਝਣ ਦੇ ਸਮਰਥ ਹੋਵੇ। ਕਿਸੇ ਕੌਮੀ ਪ੍ਰੋਗਰਾਮ ਨੂੰ ਉਲੀਕਣ ਲੱਗਿਆਂ, ਉਸ ਦੇ ਕੌਮ ਦੇ ਭਵਿੱਖ ਤੇ ਅਗਲੀਆਂ ਸਦੀਆਂ ਵਿਚ ਪੈਣ ਵਾਲੇ ਹਰ ਪ੍ਰਭਾਵ ਨੂੰ ਪਹਿਲਾਂ ਵਿਚਾਰ ਲਵੇ। ਨੌਜੁਆਨ ਤਾਂ ਅਜ ਵੀ ਸਿਆਸਤ ਵਿਚ ਆ ਰਹੇ ਹਨ ਪਰ ਸਭ ਸਿਰਫ ਸਿਆਸਤ ਵਾਸਤੇ । ਸਭ ਦਾ ਨਿਸ਼ਾਨਾ ਐਮ.ਐਲ.ਏ. ਅਤੇ ਵਜੀਰੀ ਦੀਆਂ ਕੁਰਸੀਆਂ ਹਨ। ਕਿਸੇ ਦਾ ਵੀ ਮਕਸਦ ਪੰਥ ਨਹੀਂ। ਹਰ ਕੋਈ ਜਨਤਾ ਵਿਚ ਵੱਡਾ ਆਗੂ ਬਣਕੇ ਉਭਰਨਾ ਚਾਹੁੰਦਾ ਹੈ। ਕੋਈ ਵਰਕਰ ਯਾ ਕੌਮ ਦਾ ਸੇਵਾਦਾਰ ਨਹੀਂ ਬਣਨਾ ਚਾਹੂਦਾ। ਸਿੱਖ ਨੌਜੁਆਨੀ ਨੂੰ ਘੜੀ (watch) ਕੋਲੋਂ ਸਿਖਿਆ ਲੈਣੀ ਚਾਹੀਦੀ ਹੈ। ਬਾਹਰੋਂ ਤਾਂ ਵੇਖਣ ਨੂੰ ਕੇਵਲ ਘੜੀ ਦਾ ਕੇਸ, ਡਾਇਲ ਅਤੇ ਸੂਈਆਂ ਹੀ ਨਜ਼ਰ ਆਉਂਦੇ ਹਨ ਪਰ ਉਸ ਨੂੰ ਚਲਾਉਣ ਵਾਲੀ ਪਿੱਛੇ ਇਕ ਮਸ਼ੀਨਰੀ ਹੈ, ਜਿਸ ਵਿਚ ਛੋਟੇ ਛੋਟੇ ਪੁਰਜੇ ਹਨ। ਇਹ ਸਭ ਪੁਰਜੇ ਅਤਿ ਮਹਤਵ ਪੂਰਨ ਹਨ। ਇਨ੍ਹਾਂ ਵਿਚੋਂ ਕੋਈ ਇਕ ਪੁਰਜਾ ਵੀ ਕੰਮ ਕਰਨਾ ਬੰਦ ਕਰ ਦੇਵੇ, ਸਾਰੀ ਘੜੀ ਖੜੋ ਜਾਂਦੀ ਹੈ। ਆਓ ਸਿੱਖੀ ਦੀ ਘੱੜੀ ਦੇ ਛੋਟੇ-ਛੋਟੇ ਪੁਰਜੇ ਬਣ ਜਾਈਏ। ਆਪਣਾ ਆਪ ਗਵਾ ਕੇ ਗ੍ਰੰਥ ਅਤੇ ਪੰਥ ਨੂੰ ਬਚਾ ਲਈਏ। ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਚੋਣਾਂ ਨਹੀਂ ਲੜਨੀਆਂ, ਐਮ ਐਲ ਏ, ਮਿਨਿਸਟਰ ਨਹੀਂ ਬਣਨਾ। ਪਰ ਮਿਸ਼ਨ ਇਕੋ ਹੋਣਾ ਚਾਹੀਦਾ ਹੈ, ਮੈਂ ਮਰ੍ਹਾਂ ਪੰਥ ਜੀਵੇ। ਜੋ ਕੰਮ ਕਰੇਗਾ, ਪਹਿਚਾਣ ਸੁਭਾਵਕ ਬਣ ਜਾਵੇਗੀ। ਸਾਡਾ ਮਕਸਦ ਮਨਿਸਟਰੀ ਨਾ ਹੋਵੇ। ਜੇ ਪ੍ਰਾਪਤ ਹੋ ਜਾਵੇ ਤਾਂ ਜਿਸ ਵਾਹਿਗੁਰੂ ਨੇ ਦਿੱਤੀ ਹੈ, ਉਸ ਦੀ ਬਖਸ਼ਿਸ਼ ਸਮਝ ਕੇ ਕੌਮ ਅਤੇ ਮਨੁਖਤਾ ਦੇ ਭਲੇ ਲਈ ਵਰਤੀਏ। ਦੁਨੀਆਂ ਨੂੰ ਦਸ ਦਈਏ, ਸਿੱਖ ਕਿਰਦਾਰ ਕੀ ਹੁੰਦਾ ਹੈ।
ਕਈ ਵੀਰ ਕਹਿੰਦੇ ਹਨ ਅਸੀਂ ਵਿਚ ਵੜਕੇ ਤਬਦੀਲੀ ਲਿਆਵਾਂਗੇ। ਇਥੇ ਇਕ ਬਹੁਤ ਪੁਰਾਣੀ ਗੱਲ ਯਾਦ ਆਉਂਦੀ ਹੈ। ਇਕ ਦਿਨ ਮੈਂ ਇਕ ਗੁਰਦੁਆਰਾ ਸਹਿਬ ਦੀ ਸਟੇਜ ਤੇ ਵਿਚਾਰਾਂ ਕਰ ਰਿਹਾ ਸਾਂ, ਜਿਸ ਵਿੱਚ ਮੈਂ ਆਖਿਆ, ਚਿੱਕੜ ਨੂੰ ਬਾਹਰ ਬੈਠ ਕੇ ਸਾਫ ਨਹੀਂ ਕੀਤਾ ਜਾ ਸਕਦਾ, ਉਸ ਦੇ ਵਿਚ ਵੜਨਾ ਪੈਂਦਾ ਹੈ। ਜਦੋਂ ਮੈਂ ਬਾਹਰ ਨਿਕਲਿਆ, ਇਕ ਸੱਜਣ ਮਿਲੇ, ਕਹਿਣ ਲੱਗੇ, ਤੁਹਾਡੇ ਵਿਚਾਰ ਬਹੁਤ ਚੰਗੇ ਹਨ, ਪਰ ਖਿਆਲ ਰਖਣਾ, ਚਿੱਕੜ ਵਿਚ ਵੜ ਕੇ ਉਸ ਨੂੰ ਸਾਫ ਕਰ ਲਈਦਾ ਹੈ ਪਰ ਜੇ ਦਲਦਲ ਵਿਚ ਫਸ ਜਾਈਏ ਉਸ ਵਿਚ ਡੁੱਬ ਜਾਈਦਾ ਹੈ। ਕਿਤੇ ਚਿਕੜ ਸਮਝ ਕੇ ਨਾ ਵੜ ਜਾਣਾ, ਇਹ ਦਲਦਲ ਹੈ। ਮੈਨੂੰ ਤਾਂ ਇਹ ਗਲ ਸਮਝ ਲਗ ਗਈ ਪਰ ਹੋਰ ਪਤਾਂ ਨਹੀਂ ਕਿਤਨੇ ਵੀਰਾਂ ਨੂੰ ਮੈਂ ਜਾਣਦਾ ਹਾਂ, ਜਿਨ੍ਹਾਂ ਕੋਲੋਂ ਬੜੀਆਂ ਆਸਾਂ ਸਨ। ਅਜ ਉਨ੍ਹਾਂ ਦਾ ਉਹੋ ਹਾਲ ਹੈ ਜੋ ਬਾਕੀਆਂ ਦਾ। ਉਂਜ ਉਨ੍ਹਾਂ ਕੋਲ ਦੇਣ ਲਈ ਬੜੀਆਂ ਸਪਸ਼ਟਤਾਵਾਂ ਹਨ। ਹਾਂ, ਉਹ ਬਹੁਤ ਖੁਸ਼ ਹਨ ਕਿ ਵੱਡੇ ਲੀਡਰ ਬਣ ਗਏ ਹਨ।
ਇਕ ਵਚਨਬੱਧ ਅਗਵਾਈ ਵਿਚ, ਗੁਰਮਤਿ ਸਿਧਾਂਤਾਂ, ਪੰਥਕ ਮਰਿਯਾਦਾ ਅਤੇ ਪੂਰਨ ਪੰਥਕ ਹਿਤਾਂ ਨੂੰ ਪਰਨਾਈ ਹੋਈ, ਕਿਸੇ ਧੜੇਬੰਦੀ ਤੋਂ ਨਿਰਲੇਪ, ਪੰਥ ਦੀ ਆਜ਼ਾਦ ਹਸਤੀ ਦੀ ਪ੍ਰਤੀਕ, ਇਕ ਨਵੀਂ ਜਥੇਬੰਦੀ ਦੀ ਸਥਾਪਨਾ ਅਜ ਸਿੱਖ ਕੌਮ ਦੀ ਵੱਡੀ ਲੋੜ ਹੈ। ਜਿਸ ਨੂੰ ਕੇਵਲ ਸਿੱਖ ਨੌਜੁਆਨੀ ਹੀ ਪੂਰਾ ਕਰ ਸਕਦੀ ਹੈ।
ਕਈ ਵੀਰ ਆਖਣਗੇ, ਇਸ ਦੇ ਵਿਚ ਕੇਵਲ ਨੌਜੁਆਨੀ ਵਾਲੀ ਕਿਹੜੀ ਗਲ ਹੈ? ਇਹ ਤਾਂ ਹਰ ਸਿੱਖ ਦਾ ਮਸਲਾ ਹੈ। ਜਿਹੜੇ ਆਪਣੀਆਂ ਉਮਰਾਂ ਹੰਡਾਈ ਬੈਠੇ ਨੇ, ਜਿਨ੍ਹਾਂ ਦੇ ਹਿਰਦੇ ਕਠੋਰ ਹੋ ਚੁਕੇ ਨੇ, ਧਾਰਨਾਵਾਂ ਪਕੀਆਂ ਹੋ ਚੁਕੀਆਂ ਨੇ, ਜਿਨ੍ਹਾਂ ਦੇ ਜਜ਼ਬੇ ਉਨ੍ਹਾਂ ਦੇ ਹੱਡਾਂ ਵਾਂਗ ਜਾਮ ਹੋ ਚੁਕੇ ਨੇ, ਉਨ੍ਹਾਂ ਕੀ ਇਨਕਲਾਬ ਲਿਆਉਣਾ ਹੈ? ਇਨਕਲਾਬ ਕੌਮਾਂ ਦੀਆਂ ਨੌਜੁਆਨੀਆਂ ਹੀ ਲਿਆਇਆ ਕਰਦੀਆਂ ਨੇ, ਹਾਂ ਸਲਾਹ ਸੂਝਵਾਨਾਂ ਦੀ ਜਰੂਰ ਲਈ ਜਾਣੀ ਚਾਹੀਦੀ ਹੈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਸਿੱਖ ਨੌਜੁਆਨੀ ਐਸਾ ਕਰਨ ਦੇ ਸਮਰੱਥ ਹੈ। ਮੇਰੇ ਇਸ ਵਿਸ਼ਵਾਸ ਦਾ ਅਧਾਰ ਇਕ ਆਖਰੀ ਗਲ ਸਾਂਝੀ ਕਰਕੇ ਇਸ ਲੇਖ ਨੂੰ ਖਤਮ ਕਰਨਾ ਚਾਹੁੰਦਾ ਹਾਂ।
ਇਹ ਗੱਲ ਕੋਈ ਕਹਾਣੀ ਨਹੀਂ। ਇਹ ਸਾਡੇ ਬਜ਼ੁਰਗਾਂ ਦੇ ਸਾਹਮਣੇ ਵਾਪਰਿਆ, ਕੰਨੀਂ ਸੁਿਣਆ ਅਤੇ ਅਖੀਂ ਡਿੱਠਾ ਵਾਕਿਆ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਪਹਿਲੇ ਪਹਿਲੇ ਫੌਜ ਵਿਚ ਸਾਰੇ ਕਮੀਸ਼ਨਡ ਅਫਸਰ (commissioned officer) ਕੇਵਲ ਅੰਗਰੇਜ਼ ਹੋਇਆ ਕਰਦੇ ਸਨ। ਭਾਰਤੀਆਂ ਨੂੰ ਕੇਵਲ ਸੂਬੇਦਾਰ ਤੱਕ ਲਾਇਆ ਜਾਂਦਾ ਸੀ। ਉਸ ਨੂੰ ਸੂਬੇਦਾਰ ਸਾਹਿਬ ਕਿਹਾ ਜਾਂਦਾ ਸੀ। ਐਸੇ ਹੀ ਇਕ ਫੌਜੀ ਯੂਨਿਟ ਵਿਚ ਅਰਾਮ ਦਾ ਟਾਇਮ ਸੀ। ਇਕ ਅੰਗਰੇਜ਼ ਅਫਸਰ ਆਪਣੇ ਖੇਮੇ ’ਚੋਂ ਬਾਹਰ ਆਇਆ, ਸਾਹਮਣੇ ਇਕ ਸਿੱਖ ਸਿਪਾਹੀ ਆਪਣਾ ਨਿਜੀ ਕੰਮ ਕਰ ਰਿਹਾ ਸੀ। ਅੰਗਰੇਜ਼ ਅਫਸਰ ਨੇ ਉਸ ਸਿੱਖ ਸਿਪਾਹੀ ਨੂੰ ਆਵਾਜ਼ ਮਾਰੀ, ਸਰਦਾਰ ਸਾਹਿਬ ਇਧਰ ਆਣਾ। ਇਹ ਅਵਾਜ਼ ਯੂਨਿਟ ਦੇ ਸੂਬੇਦਾਰ, ਜੋ ਇਕ ਮੱਧ ਪੂਰਬੀ ਸੀ, ਨੇ ਵੀ ਸੁਣੀ। ਉਸ ਸੋਚਿਆ, ਸਰਦਾਰ ਸਾਹਿਬ ਕਿਹਾ ਹੈ, ਅਵਾਜ਼ ਜ਼ਰੂਰ ਮੈਨੂੰ ਮਾਰੀ ਹੋਵੇਗੀ। ਦੋਵੇਂ ਅਫਸਰ ਵਲ ਦੌੜ ਪਏ ਅਤੇ ਜਾਕੇ ਸਲੂਟ ਮਾਰੀ। ਅਫਸਰ ਨੇ ਸਿੱਖ ਸਿਪਾਹੀ ਨਾਲ ਗਲ ਕਰਨੀ ਸ਼ੁਰੂ ਕਰ ਦਿੱਤੀ । ਪੂਰਬੀਏ ਸੂਬੇਦਾਰ ਨੇ ਅਪਮਾਨਤ ਮਹਿਸੂਸ ਕੀਤਾ ਅਤੇ ਕਿਹਾ, ‘‘ਸਾਬ੍ਹ, ਸਰਦਾਰ ਹਮ ਹੈਂ।’’ ਭਾਵ ਇਸ ਯੂਨਿਟ ਦਾ ਸੂਬੇਦਾਰ ਮੈਂ ਹਾਂ ਅਤੇ ਸਰਦਾਰ ਸਾਹਿਬ ਅਖਵਾਉਣ ਦਾ ਹੱਕ ਮੈਨੂੰ ਹੈ। ਅਗੋਂ ਅੰਗਰੇਜ਼ ਅਫਸਰ ਨੇ ਕਿਹਾ, ‘‘ਓਏ ਤੁਮਕੋ ਸਰਦਾਰ ਹਮ ਨੇ ਬਣਾਇਆ ਹੈ, ਹਮ ਜਬ ਚਾਹੇਂ ਤੁਮਾਰੀ ਸਰਦਾਰੀ ਛੀਨ ਸਕਤੇ ਹੈਂ, ਇਸਕੋ ਸਰਦਾਰ ਖੁਦਾ ਨੇ ਬਣਾਇਆ ਹੈ, ਇਸ ਕੀ ਸਰਦਾਰੀ ਕੋਈ ਨਹੀਂ ਛੀਨ ਸਕਤਾ।’’
ਇਹੀ ਮੇਰਾ ਵਿਸ਼ਵਾਸ ਹੈ ਸਾਡੀ ਸਰਦਾਰੀ ਕੋਈ ਨਹੀਂ ਖੋਹ ਸਕਦਾ ਪਰ ਜੇ ਆਪ ਰੋਲ ਦਿੱਤੀ ਤਾਂ ਬਚਾ ਕੋਈ ਨਹੀਂ ਸਕਦਾ। ਇਸ ਪੱਕੇ ਵਿਸ਼ਵਾਸ ਨਾਲ ਲੇਖ ਕਤਮ ਕਰਦਾ ਹਾਂ ਕਿ ਸਿੱਖ ਨੌਜੁਆਨੀ ਜ਼ਰੂਰ ਆਪਣਾ ਫਰਜ਼ ਪਹਿਚਾਨੇਗੀ, ਇਕ ਨਵਾਂ ਇਨਕਲਾਬ ਆਵੇਗਾ ਅਤੇ ੱਬੇਗਮਪੁਰਾ ਸਹਿਰ ਕੋ ਨਾਉ- ਦਾ ਸੰਕਲਪ ਸਾਕਾਰ ਹੋਵੇਗਾ।