Subscription About Us Contact Us


ਕੀ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦੇ ਕੁਝ ਫ਼ਰਜ਼ ਵੀ ਹਨ?

- ਡਾ: ਹਰਜਿੰਦਰ ਸਿੰਘ ‘ਦਿਲਗੀਰ’ -

ਮੈਂ ਇਸ ਮਜ਼ਮੂਨ ਦਾ ਹੈਡਿੰਗ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦੇ ‘ਫ਼ਰਜ਼’ ਰੱਖਿਆ ਹੈ ਨਾ ਕਿ ਉਨ੍ਹਾਂ ਦੇ ‘ਹੱਕ’। ਗੁਰਦੁਆਰਿਆਂ ਦੇ ਪ੍ਰਧਾਨਾਂ, ਸੀਨੀਅਰ ਤੇ ਜੂਨੀਅਰ ਮੀਤ ਪਰਧਾਨਾਂ, ਜਨਰਲ ਸਕੱਤਰਾਂ/ਜਾਇੰਟ ਸਕੱਤਰਾਂ, ਸਟੇਜ ਸਕੱਤਰਾਂ ਨੂੰ ਆਪਣੇ ਹੱਕ, ਆਪਣੇ ਸਟੇਟਸ ਆਪਣੇ ਅਹੁਦੇ ਅਤੇ ਅਖੌਤੀ ‘ਹਸਤੀ’ ਦਾ ਤਾਂ ਪਤਾ ਜ਼ਰੂਰ ਹੁੰਦਾ ਹੈ ਪਰ ਆਪਣੇ ਫ਼ਰਜ਼ ਦਾ ਅਕਸਰ ਪਤਾ ਨਹੀਂ ਹੁੰਦਾ। ਇਸ ਕਰ ਕੇ ਮੈਂ ਹੱਥਲੇ ਮਜ਼ਮੂਨ ਵਿਚ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦੇ ਫ਼ਰਜ਼ਾਂ ਬਾਰੇ ਗੱਲ ਕਰਨੀ ਚਾਹਵਾਂਗਾ।

ਅੱਜ ਕਲ੍ਹ ਵੱਡੇ (ਚੜ੍ਹਾਵੇ ਪੱਖੋਂ, ਉਂਞ ਤਾਂ ਹਰ ਗੁਰਦੁਆਰੇ ਦਾ ਦਰਜਾ ਇਕੋ ਜਿਹਾ ਹੁੰਦਾ ਹੈ) ਗੁਰਦੁਆਰਿਆਂ ਦੇ ਬਹੁਤੇ (ਸਾਰੇ ਨਹੀਂ) ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪਰਧਾਨ, ਜਨਰਲ ਸਕੱਤਰ/ਸਕੱਤਰ, ਸਟੇਜ ਸਕੱਤਰ ਆਪਣੇ ਨਾਂ ਨਾਲ ਅਹੁਦੇ ਦਾ ‘ਫੁੰਮਣ’ ਲਾ ਕੇ ਬੜਾ ਮਾਣ (ਸ਼ਾਇਦ ਆਕੜ ਤੇ ਹੰਕਾਰ) ਮਹਿਸੂਸ ਕਰਿਆ ਕਰਦੇ ਹਨ । ਇੰਞ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਜਾਂ ਵੱਡੀ ਆਮਦਨ ਵਾਲੇ ਗੁਰਦੁਆਰਿਆਂ ਦੇ ਤਾਂ ਸਿਰਫ਼ (ਆਮ) ਐਗਜ਼ੈਕਟਿਵ ਮੈਂਬਰ ਵੀ ਆਪਣੇ ਆਪ ਨੂੰ ਗਵਰਨਰ ਤੋਂ ਘਟ ਨਹੀਂ ਸਮਝਦੇ ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਲ ਵਿਚ ਦੋ ਵਾਰ (ਪ੍ਰਧਾਨਗੀ ਚੋਣ ਅਤੇ ਬਜਟ ਪਾਸ ਕਰਨ) ਹੀ ਅੰਮ੍ਰਿਤਸਰ ਜਾਂਦੇ ਹਨ। ਉਨ੍ਹਾਂ ਨੇ ਇਨ੍ਹਾਂ ਮੀਟਿੰਗਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਨੂੰ ਪਰਵਾਣ ਚੜ੍ਹਾਉਣ ਵਾਸਤੇ (ਜੇ ਲੋੜ ਪਵੇ ਤਾਂ) ਵੋਟ ਪਾਉਣਾ ਹੀ ਹੈ। ਉਨ੍ਹਾਂ ਦੀ ਇਸ ਤੋਂ ਵਧ ਲੋੜ ਹੀ ਕੋਈ ਨਹੀਂ। ਹਾਂ ਪਿਛਲੇ 30 ਸਾਲਾਂ ਤੋਂ ਇਹ ਮੈਂਬਰ ਪ੍ਰਧਾਨ ਕੋਲੋਂ ਰਿਸ਼ਤੇਦਾਰਾਂ ਤੇ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਨੌਕਰੀਆਂ ਦਿਵਾਉਣ ਦਾ ਕੰਮ ਜ਼ਰੂਰ ਕਰ ਰਹੇ ਹਨ। ਇੰਞ ਹੀ ਪ੍ਰਧਾਨਾਂ ਦੇ ਚਹੇਤਿਆਂ, ਚਮਚਿਆਂ ਜਾਂ ਦਬਕਾ ਮਾਰਨ ਵਾਲਿਆਂ ਨੂੰ ਗੁਰਦੁਆਰੇ ‘ਅਲਾਟ ਕੀਤੇ ਹੋਏ ਹਨ’ ਜਿਨ੍ਹਾਂ ਦੇ ਮੈਨੇਜਰਾਂ ਤੋਂ ਉਹ ਹਰ ਮਹੀਨੇ ਬੱਧੀ ਰਕਮ ਦੇ ਨਾਲ-ਨਾਲ ਲੰਗਰ (ਜਾਂ ਲੰਗਰ ਫ਼ੰਡ) ਵਿਚੋਂ ਘਰ ਦਾ ਪੂਰਾ ਰਾਸ਼ਨ ਵੀ ਲੈ ਰਹੇ ਹਨ। ਇਹ ਪਿਰਤ ਗੁਰਚਰਨ ਸਿੰਘ ਟੌਹੜਾ ਨੇ ਸ਼ੁਰੂ ਕੀਤੀ ਸੀ ਤੇ ਜਾਗੀਰ ਕੌਰ ਨੇ ਤਾਂ ਇਸ ਨੂੰ ਸਿਖਰ ’ਤੇ ਲੈ ਆਂਦਾ।

ਕੋਈ ਜ਼ਮਾਨਾ ਸੀ (ਖ਼ਾਸ ਕਰ ਕੇ 1920 ਵਿਚ, ਜਦ ਸ਼੍ਰੋਮਣੀ ਕਮੇਟੀ ਅਜੇ ਬਣਨ ਵਾਲੀ ਸੀ) ਕਿ ਬਹੁਤੇ ਸਿੱਖ ਸੇਵਾਦਾਰ/ਆਗੂ (ਸਾਰੇ ਨਹੀਂ) ਕਿ ਲੋਕ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਤੋਂ ਪਹਿਲਾਂ ਸੌ ਵਾਰ ਸੋਚਿਆ ਕਰਦੇ ਸਨ। ਉਨ੍ਹਾਂ ਵਾਸਤੇ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਦਾ ਮਤਲਬ ਵੱਡਾ ਸੇਵਾਦਾਰ (ਨਾ ਕਿ ਲੀਡਰ) ਬਣਨਾ ਹੋਇਆ ਕਰਦਾ ਸੀ। ਇਸ ਦਾ ਮਤਲਬ ਹੁੰਦਾ ਸੀ ਕਿ ਗੁਰਦੁਆਰੇ ਵਿਚ ਜਾ ਕੇ ਸੇਵਾ-ਸੰਭਾਲ ਵਾਸਤੇ ਵਧੇਰਾ ਸਮਾਂ ਦੇਣਾ, ਗੁਰਦੁਆਰੇ ਵਾਸਤੇ ਚੋਖਾ ਚੰਦਾ ਦੇਣਾ ਤੇ ਦੂਜਿਆਂ ਤੋਂ ਇਕੱਠਾ ਕਰਨਾ, ਵਧੇਰੇ ਪਾਠ ਤੇ ਕੀਰਤਨ ਕਰਨਾ, ਸਮਾਜ ਸੇਵਾ ਵਿਚ ਵਧ ਹਿੱਸਾ ਪਾਉਣਾ, ਅੰਮ੍ਰਿਤ ਪਰਚਾਰ ਕਰਨਾ, ਵਗੈਰਾ। ਉਦੋਂ ਵੀ ਕੁਝ ਲੋਕ ਚੌਧਰੀ ਬਣਨ ਦੀ ਸੋਚ ਨਾਲ ਗੁਰਦੁਆਰਿਆਂ ਦੇ ਮੈਂਬਰ ਬਣਨਾ ਲੋਚਿਆ ਕਰਦੇ ਸਨ। ਪਰ ਅਜਿਹੇ ਲੋਕਾਂ ਦੀ ਗਿਣਤੀ ਉਂਗਲੀਆਂ ਤੇ ਗਿਣੀ ਜਾ ਸਕਿਆ ਕਰਦੀ ਸੀ। ਉਂਞ, ਇਨ੍ਹਾਂ ਦਾ ਨਿਸ਼ਾਨਾ ਵੀ ਗੁਰਦੁਆਰਾ ਮੈਂਬਰੀ ਨੂੰ ਪੌੜੀ ਬਣਾ ਕੇ ਸਿਆਸਤ ਵਿਚ ਆਪਣੀ ਥਾਂ ਬਣਾਉਣਾ ਹੁੰਦਾ ਸੀ ਨਾ ਕਿ ਹੈਂਕੜ ਦਿਖਾਉਣਾ ਜਾਂ ਫ਼ੰਡਾਂ ਦੀ ਗਲਤ ਵਰਤੋਂ ਜਾਂ ਕੁਰਪਸ਼ਨ ਕਰਨਾ।

ਪਰ ਉਦੋਂ ਇਹ ਕਦੇ ਨਹੀਂ ਸੀ ਹੋਇਆ ਕਿ ਕਿਸੇ ਨੇ ਮੈਂਬਰ ਬਣਨ ਵਾਸਤੇ ਜ਼ਾਤ-ਬਿਰਾਦਰੀ ਦੇ ਨਾਂ ਤੇ ਵੋਟਾਂ ਮੰਗੀਆਂ ਹੋਣ ਜਾਂ ਸ਼ਰਾਬਾਂ ਪਿਆ ਕੇ ਜਾਂ ਪੈਸੇ ਵੰਡ ਕੇ ਵੋਟਾਂ ਹਾਸਿਲ ਕੀਤੀਆਂ ਹੋਣ। ਇਹੋ ਜਿਹੇ ਤਰੀਕੇ ਨਾਲ ਵੋਟਾਂ ਖ਼ਰੀਦਣ ਦੀ ਬੀਮਾਰੀ, ਵੀਹ ਵਿਸਵੇ, 1960 ਤੋਂ ਮਗਰੋਂ ਦੀ ਹੈ ਤੇ ਇਸ ਦਾ ਮੁੱਢ ਉਦੋਂ ਦੇ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਬੰਨ੍ਹਿਆ ਸੀ ਜਿਸ ਨੇ ਸਭ ਤੋਂ ਪਹਿਲਾਂ ਜ਼ਾਤ-ਬਿਰਾਦਰੀ (ਜੱਟ-ਭਾਪਾ) ਦੇ ਨਾਂ ਤੇ ਪੰਥ ਵਿਚ ਫੁੱਟ ਪਾਈ ਸੀ ਤੇ ਅਕਾਲੀ ਦਲ ਦੋ ਕਰਵਾਏ ਸਨ। 1962 ਵਿਚ ਅਕਾਲੀ ਦਲ ਵਿਚ ਫੁੱਟ ਪੈਣ ਮਗਰੋਂ ਜ਼ਾਤ-ਪਾਤ ਅਤੇ ਧੜਾਬੰਦੀ ਦੇ ਅਧਾਰ ਤੇ ਚੋਣ ਜਿੱਤਣ ਮਗਰੋਂ ਗੁਰਦੁਆਰਿਆਂ ਦੇ ਮੈਂਬਰਾਂ ਵਿਚ ਕੁਰਪਸ਼ਨ, ਗੋਲਕਾਂ ਤੋੜਨ, ਝੂਠੇ ਬਿੱਲ ਬਣਾਉਣ, ਕੜਾਹ ਪ੍ਰਸ਼ਾਦ ਦੀਆਂ ਜਾਅਲੀ ਪਰਚੀਆਂ ਬਣਾੳੇੁਣ ਦੀ ਪਿਰਤ ਸ਼ੁਰੂ ਹੋਈ। ਇਹ ਪਿਰਤ ਵਧਦੀ ਵਧਦੀ ਅੱਜ ੱਬਲਾ- ਬਣ ਗਈ।

ਭਾਵੇਂ 1960 ਤੋਂ ਮਗਰੋਂ ਕਈ ਮੈਂਬਰ ਇਸ ਬੀਮਾਰੀ ਦਾ ਸ਼ਿਕਾਰ ਹੋਣ ਲਗ ਪਏ ਸਨ ਪਰ ਫਿਰ ਵੀ ਕਾਫ਼ੀ ਮੈਂਬਰ, ਅਜੇ ਵੀ, ਗੁਰਦੁਆਰਿਆਂ ਵਿਚ ਜਾ ਕੇ ਸੇਵਾ ਕਰਨ, ਅੰਮ੍ਰਿਤ ਪਰਚਾਰ ਕਰਨ ਤੇ ਹੋਰ ਪੰਥਕ ਕਾਰਵਾਈਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਕਰਦੇ ਸਨ। ੱਕੋਈ ਹਰਿਆ ਬੂਟ ਰਹਿਓ ਰੀ- ਵਾਂਗ ਉਨ੍ਹਾਂ ਨੇ ਸੇਵਾ ਦੀ ਜੜ੍ਹ ਹਰੀ ਰੱਖੀ।

ਪਰ, ਸਿੱਖ ਸਿਆਸਤ ਵਿਚ 1967 ਵਿਚ ਇਕ ਨਵਾਂ ਮੋੜ ਆ ਗਿਆ। ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਬਣ ਗਈ। ਹੁਣ ਅਕਾਲੀ ਵਰਕਰਾਂ ਦਾ ਇਕ ਹਿੱਸਾ ਵਜ਼ੀਰ, ਐਮ.ਐਲ.ਏ., ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਵਾਲਾ ਬਣ ਗਿਆ। ਇਨ੍ਹਾਂ ਵਿਚੋਂ ਕਈ ਤਾਂ ਧੌਣਾਂ ਅਕੜਾ ਕੇ ਟੁਰਨ ਲਗ ਪਏ (ਪਰ ਫਿਰ ਵੀ ਕਈਆਂ ਵਿਚ ਪੰਥਕ ਹਲੀਮੀ ਕਾਇਮ ਰਹੀ)। ਪਰ ਦੂਜੇ ਪਾਸੇ ਕਈ ਅਕਾਲੀ ਵਰਕਰ, ਖ਼ਾਸ ਕਰ ਕੇ, ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ (ਜਿਹੜੇ ਨਵੇਂ ਬਣੇ ਵਜ਼ੀਰਾਂ, ਐਮ.ਐਲ.ਏਜ਼. ਤੇ ਚੇਅਰਮੈਨਾਂ ਤੋਂ ਚੋਖੇ ਸੀਨੀਅਰ ਸਨ), ਇਸ ਤਿਲਸਮ ਨੂੰ ਵੇਖ ਕੇ ਬੌਂਦਲ ਗਏ ਤੇ ਉਨ੍ਹਾਂ ਵਿਚ ੱਸੀਨੀਅਰ- ਹੋਣ ਦਾ ਅਹਿਸਾਸ ਆਉਣ ਲਗ ਪਿਆ। ਪਰ ਇਨ੍ਹਾਂ ਮੈਂਬਰਾਂ ਕੋਲ ਕੋਈ ‘ਤਾਕਤ’ ਨਹੀਂ ਸੀ ਇਸ ਕਰ ਕੇ ਉਹ ਕੁਝ ਚਿਰ ਤਾਂ ਤਰਲੋ-ਮੱਛੀ ਹੁੰਦੇ ਰਹੇ। ਪਰ, 1978 ਤੋਂ ਬਾਅਦ, ਜਦ ਦੋਬਾਰਾ ‘ਅਕਾਲੀ’ ਸਰਕਾਰ ਬਣੀ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਥ ਵਿਚ ਰੱਖਣ ਦੀ ਦੌੜ ਵੀ ਸ਼ੁਰੂ ਹੋਈ ਤਾਂ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦਾ ਰੁਖ਼ ਵੀ ਬਦਲਣ ਲਗ ਪਿਆ। ਹਰ ਸਾਲ ਮਗਰੋਂ ਹੋਣ ਵਾਲੀ, ਪ੍ਰਧਾਨ ਦੀ ਚੋਣ ਵੇਲੇ ਜੋੜ-ਤੋੜ ਕਾਰਨ, ਬਹੁਤ ਸਾਰੇ ਮੈਂਬਰ ਜਾਇਜ਼-ਨਾਜਾਇਜ਼ ਮੰਗਾਂ ਰੱਖਣ ਲਗ ਪਏ। ਕਈ ਮੈਂਬਰਾਂ (ਸਾਰਿਆਂ ਨਹੀਂ) ਵਿਚੋਂ ਤਾਂ ਤਾਕਤ ਦੀ ਬੋਅ ਵੀ ਆਉਣ ਲਗ ਪਈ ਤੇ ਅੱਜ ਵੀ ਕਈਆਂ ਵਿਚ ਉਹ ਸੜ੍ਹਾਂਦ ਆਉਂਦੀ ਹੈ। (ਪਰ, ਇਸ ਦੇ ਬਾਵਜੂਦ ਅੱਜ ਵੀ ਕੋਈ-ਕੋਈ ਮੈਂਬਰ ਪੰਥਕ ਦਰਦ ਰੱਖਣ ਵਾਲਾ ਵੀ ਹੈ) ।

ਸ਼੍ਰੋਮਣੀ ਕਮੇਟੀ ਦਾ ਇਹ ਅਸਰ ਪੰਜਾਬ ਤੋਂ ਬਾਹਰ ਦੇ ਵੱਡੀ ਆਮਦਨ ਵਾਲੇ ਗੁਰਦੁਆਰਿਆਂ ਤੇ ਵੀ ਪਿਆ ਪਰ ੳੁੱਥੇ ਪੰਜਾਬ ਵਾਲਾ ਹਾਲ ਨਹੀਂ ਸੀ। ਪਰ, ਵਿਦੇਸ਼ਾਂ ਵਿਚ ਇਸ ਦਾ ਸਭ ਤੋਂ ਵਧ ਅਸਰ ਪਿਆ ਤੇ ਉਹ ਵੀ ਖਾਸ ਕਰ ਕੇ 1984 ਤੋਂ ਬਾਅਦ। ਇਸ ਦਾ ਮੁਖ ਕਾਰਨ ਚੜ੍ਹਾਵੇ ਨੂੰ ਆਪਣੇ ਹੱਥ ਵਿਚ ਰਖਣਾ ਸੀ। ਬੜੇ ਗੁਰਦੁਆਰਿਆਂ ਦੇ ਚੌਧਰੀਆਂ ਨੇ ਸ਼ਹੀਦਾਂ ਤੇ ਜੁਝਾਰੂਆਂ ਦੇ ਨਾਂ ਤੇ ਲੱਖਾਂ ਡਾਲਰ ਤੇ ਪੌਂਡ ਇਕੱਠੇ ਕਰ ਕੇ ਘਰ, ਫ਼ੈਕਟਰੀਆਂ ਤੇ ਜ਼ਮੀਨਾਂ ਖ਼ਰੀਦ ਲਈਆਂ। ਇਸ ਦਾ ਪਤਾ ਇਸ ਗੱਲ ਤੋਂ ਸਾਫ਼ ਲਗ ਸਕਦਾ ਹੈ ਕਿ ਜਿਨ੍ਹਾਂ ਕੋਲ 1984 ਤੋਂ ਪਹਿਲਾਂ ਕੁਝ ਵੀ ਨਹੀਂ ਸੀ ਤੇ ਹੁਣ ਕੈਸ਼ ਤੇ (ਨਕਦ) ਲਏ ਹੋਏ ਘਰ ਹਨ ਤੇ ਵੱਡੀਆਂ-ਵੱਡੀਆਂ ਫ਼ੈਕਟਰੀਆਂ ਹਨ, ਉਹ ਯਕੀਨਨ ਸ਼ਹੀਦੀ ਫ਼ੰਡਾਂ ਦੀ ਮਿਹਰ ਸਦਕਾ ਹੀ ਹੋਣੇ ਹਨ । ਪਰ, ਇਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਕਾਲ ਪੁਰਖ ਦਾ ਥੱਪੜ ਵੀ ਬੜਾ ਸਖ਼ਤ ਹੈ ਉਹ ਹੀ ਇਨ੍ਹਾਂ ਨੂੰ ਸਜ਼ਾ ਦੇਵੇਗਾ ਤੇ ਉਹ ਵੀ ਸਖ਼ਤ ਸਜ਼ਾ। ਖ਼ੈਰ…

ਕੋਈ ਵੇਲਾ ਸੀ ਕਿ ਗੁਰਦੁਆਰਿਆਂ ਵਿਚ ਮੈਂਬਰ ਤੇ ਅਹੁਦੇਦਾਰ ਬਣਨ ਦਾ ਮਾਅਨਾ ਵਧੇਰੇ ਸੇਵਾ ਕਰਨਾ, ਵਧ ਸਮਾਂ ਦੇਣਾ, ਫੰਡ ਦੇਣਾ ਤੇ ਇਕੱਠੇ ਕਰਨਾ, ਧਰਮ ਪਰਚਾਰ ਕਰਨਾ, ਸੇਵਾ ਕਰਨਾ, ਕੁਰਬਾਨੀ ਕਰਨਾ ਹੋਇਆ ਕਰਦਾ ਸੀ। ਪਰ ਤਾਕਤ ਦੀ ਸਿਆਸਤ, ਗੁਰਦੁਆਰਿਆਂ ਦੀ ਆਮਦਨ ਵਿਚ ਵਾਧੇ, ਧਰਮ ਪਰਚਾਰ ਦੀ ਕਮੀ, ਆਗੂਆਂ ਵਿਚ ਰੂਹਾਨੀਅਤ ਦੀ ਘਾਟ, ਲਾਲਚ, ਦਿਓ-ਸੋਚ, ਜਾਤ-ਪਾਤ ਅਤੇ ਕਬਾਇਲੀ ਸੋਚ ਦਾ ਵਾਧਾ, ਆਮ ਸਮਾਜ ਵਿਚ ਇਨਸਾਨੀਅਤ ਤੇ ਧਰਮ ਦੀ ਭਾਵਨਾ ਦੀ ਕਮੀ ਨੇ ਗੁਰਦੁਆਰਿਆਂ ਦੇ ਦੁਆਲੇ ਕੁਰਪਟ ਅੰਸਰ ਨੂੰ ਵਧਾਉਣ ਵਿਚ ਰੋਲ ਅਦਾ ਕੀਤਾ ਹੈ। ਹੁਣ ਗੁਰਦੁਆਰਿਆਂ ਦੀਆਂ ਚੋਣਾਂ ਸਿਰਫ਼ ਤੇ ਸਿਰਫ਼ ਸਿਆਸੀ ਬਣ ਗਈਆਂ ਹਨ। ਹੁਣ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਉਹ ਨਹੀਂ ਬਣਦੇ ਜੋ ਵੱਧ ਸੇਵਾ ਕਰਨ ਵਾਲੇ ਹੋਣ, ਚੰਗੇ ਸਿੱਖ ਹੋਣ, ਕਾਬਲੀਅਤ ਵਾਲੇ ਹੋਣ, ਸਿੱਖ ਫ਼ਲਸਫ਼ੇ ਨੂੰ ਵਧ ਸਮਝਣ ਵਾਲੇ ਹੋਣ, ਈਮਾਨਦਾਰ ਹੋਣ; ਬਲਕਿ ਉਹ ਬਣਦੇ ਹਨ ਜਿਨ੍ਹਾਂ ਦੀ ਬਿਰਾਦਰੀ ਦੀਆਂ ਵੋਟਾਂ ਵਧ ਹੋਣ, ਜੋ ਵੱਧ ਪੈਸੇ ਖ਼ਰਚ ਕੇ ਸ਼ਰਾਬ ਤੇ ਮੀਟ ਦੀਆਂ ਪਾਰਟੀਆਂ ਕਰ ਸਕਣ, ਜੋ ਵਰਕਰ ਅਤੇ ਵੋਟਾਂ ਖ਼ਰੀਦ ਸਕਣ, ਜੋ ਸ਼ਰਾਬਾਂ ਪਿਆ ਕੇ ਵੋਟਾਂ ਪੁਆ ਸਕਣ ਜਾਂ ਵੋਟਾਂ ਦੀ ਗਿਣਤੀ ਵਿਚ ਹੇਰਾ ਫੇਰੀ ਕਰ/ਕਰਵਾ ਸਕਦੇ ਹੋਣ।

ਪਰਦੇਸਾਂ ਵਿਚ ਇਹ ਬੀਮਾਰੀ ਚੜ੍ਹਾਵੇ ਅਤੇ ਫ਼ੰਡਾਂ ਦੇ ਲਾਲਚ ਦੇ ਨਾਲ-ਨਾਲ ਜ਼ਾਤ ਪਾਤ, ਬਿਰਾਦਰੀ, ਇਲਾਕਾ-ਵੰਡ (ਮਾਝਾ, ਮਾਲਵਾ, ਦੁਆਬਾ), ਧੜੇ ਦੀ ਸੋਚ ਨਾਲ ਵਧੇਰੇ ਲਿਬੜੀ ਹੋਈ ਹੈ । ਉਥੇ ਵੋਟਾਂ ਪੇਸੇ ਨਾਲ ਖ਼ਰੀਦੀਆਂ ਤਾਂ ਨਹੀਂ ਜਾਂਦੀਆਂ ਪਰ ਚੋਣ ਜਿੱਤਣ ਦਾ ਪਿਛੋਕੜ ਗੁਰਦੁਆਰੇ ਦਾ ਚੜ੍ਹਾਵਾ ਤੇ ਚੌਧਰ ਵਧੇਰੇ ਹੁੰਦਾ ਹੈ। (ਇਸੇ ਕਰ ਕੇ ਵਿਦੇਸ਼ਾਂ ਵਿਚ ਗੁਰਦੁਆਰਿਆਂ ਦਾ ਰੋਲ ਜਮ੍ਹਾਂ-ਪੱਖੀ ਹੋਣ ਦੀ ਬਜਾਏ ਨਫ਼ੀ-ਪੱਖੀ ਹੋਈ ਜਾ ਰਿਹਾ ਹੈ.. ਤੇ ਇਹ ਬੀਮਾਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ । ਗੁਰਦੁਆਰੇ ਨਾਲ ਨਵੀਂ ਪਨੀਰੀ ਨੂੰ ਜ਼ਰਾ-ਮਾਸਾ ਵੀ ਲਗਾਅ ਨਹੀਂ । ਇਸੇ ਕਰ ਕੇ ਡਰ ਹੈ ਕਿ ਹੋਰ 25-30 ਸਾਲ ਮਗਰੋਂ ਇਹ ਸਾਰੇ ਗੁਰਦੁਆਰੇ ਚਰਚਾਂ ਵਾਂਗ ਖਾਲੀ ਨਜ਼ਰ ਆਇਆ ਕਰਨਗੇ ।)

ਗੁਰਦੁਆਰਿਆਂ ਦੇ ਫ਼ੰਡ, ਤਾਕਤ, ਹੈਂਕੜ, ਜ਼ਾਤ-ਪਾਤ, ਲਾਲਚਾਂ ਤੇ ਉਪਰ ਜ਼ਿਕਰ ਕੀਤੇ ਕਾਰਨਾਂ ਕਰ ਕੇ ਗੁਰਦੁਆਰਿਆਂ ਦੇ ਪ੍ਰਧਾਨ, ਸੀਨੀਅਰ ਮੀਤ ਪਰਧਾਨ, ਜਨਰਲ ਸਕੱਤਰ, ਸਟੇਜ ਸਕੱਤਰ ਤਾੇ ਹੋਰ ਚੌਧਰੀ ਆਪਣੇ ਆਪ ਨੂੰ ਹਾਕਮ ਤੇ ਗੁਰਦੁਆਰੇ ਦੇ ਮਾਲਕ ਸਮਝਣ ਲਗ ਪਏ ਹਨ। ਕਈਆਂ ਨੇ ਤਾਂ ਗੁਰਦੁਆਰਿਆਂ ਦੇ ਵਿਧਾਨ (by-laws) ਵੀ ਅਜਿਹੇ ਬਣਾ ਲਏ ਹਨ ਕਿ ਉਨ੍ਹਾਂ ਉਤੇ ਉਨ੍ਹਾਂ ਦਾ, ਉਨ੍ਹਾਂ ਦੇ ਟੱਬਰ ਦਾ ਜਾਂ ਉਨ੍ਹਾਂ ਦੇ ਸਾਥੀਆਂ ਦਾ ਹਮੇਸ਼ਾ ਵਾਸਤੇ ਕਬਜ਼ਾ ਰਿਹਾ ਕਰੇਗਾ। ਯਾਨਿ, ਗੁਰਦੁਆਰੇ ਉਨ੍ਹਾਂ ਦੇ ਖ਼ਾਨਦਾਨ ਜਾਂ ਉਨ੍ਹਾਂ ਦੀ ਬਿਰਾਦਰੀ ਦੀ ਜਾਗੀਰ/ਜਾਇਦਾਦ ਹੀ ਬਣ ਗਏ ਹਨ। ਇਸੇ ਕਰ ਕੇ ਬਹੁਤੇ ਪ੍ਰਧਾਨ ਤੇ ਚੌਧਰੀ ਹੁਣ ਉਹ ਬਣਦੇ ਹਨ ਜਿਨ੍ਹਾਂ ਨੂੰ ਸਿੱਖ ਧਰਮ, ਸਿੱਖ ਫ਼ਲਸਫ਼ੇ, ਸਿੱਖ ਜੀਵਨ ਜਾਚ, ਧਰਮ, ਇਖ਼ਲਾਕ, ਇਨਸਾਨੀਅਤ, ਸੇਵਾ ਭਾਵਨਾ, ਪੰਥਕ ਸੋਚ ਵਾਲ ਕੋਈ ਵਾਸਤਾ ਨਹੀਂ ਹੁੰਦਾ।

ਇਸ ਸਾਰੇ ਦਾ ਨਤੀਜਾ ਇਹ ਹੋਣ ਲਗ ਪਿਆ ਹੇ ਕਿ ਗੁਰਦੁਆਰੇ ਦੇ ਆਗੂਆਂ ਵਿਚੋਂ ਸ਼ਾਇਦ ਸੈਂਕੜਿਆਂ ਵਿਚੋਂ ਇਕ-ਅੱਧ ਫ਼ੀ ਸਦੀ ਹੀ ਕਦੇ ਗੁਰਦੁਆਰੇ ਵਿਚ ਝਾੜੂ ਦੇਂਦਾ ਦਿਸੇ ਜਾਂ ਲੰਗਰ ਵਿਚ ਜੂਠੇ ਭਾਂਡਿਆਂ ਦੀ ਸੇਵਾ ਵਾਸਤੇ ਖੜਾ ਨਜ਼ਰ ਆਵੇ ਜਾਂ ਜੋੜਿਆਂ ਵਿਚ ਡਿਊਟੀ ਦੇਂਦਾ ਹੋਵੇ ਜਾਂ ਦਰੀਆਂ ਸੰਭਾਲਦਾ ਹੋਵੇ। ਬਹੁਤੇ (90 ਤੋਂ 99 ਫ਼ੀ ਸਦੀ) ਚੌਧਰੀ ਤਾਂ ਐਤਵਾਰ ਜਾਂ ਕਿਸੇ ਸਮਾਗਮ (ਅਖੌਤੀ ਕਾਨਫ਼ਰੰਸ) ਵਾਲੇ ਦਿਨ, ਦੁਪਹਿਰ ਦੇ ਵੇਲੇ ਗੁਰਦੁਆਰੇ ਆਉਂਦੇ ਹਨ ਅਤੇ ਦੋ-ਚਾਰ ਘੰਟੇ ਗੁਰਦੁਆਰੇ ਦੇ ਦਫ਼ਤਰ, ਸਟੇਜ ਜਾਂ ਕਿਸੇ ਨੁੱਕਰ ਵਿਚ ਮਜ੍ਹਮਾ ਲਾ ਕੇ ਬੈਠੇ ਗਪੌੜ ਝਾੜ ਰਹੇ ਨਜ਼ਰ ਆਉਂਦੇ ਹਨ। ਉਨ੍ਹਾਂ ਵਾਸਤੇ ਰੋਟੀ (ਇਹ ਲੰਗਰ ਨਹੀਂ ਹੁੰਦਾ) ਤੇ ਚਾਹ ਦੀਆਂ ਪਿਆਲੀਆਂ ਲਗਾਤਾਰ ਹਾਜ਼ਿਰ ਹੋ ਰਹੀਆਂ ਹੁੰਦੀਆਂ ਹਨ ਤੇ ਉਹ ਸੇਵਾਦਾਰਾਂ, ਗ੍ਰੰਥੀਆਂ ਅਤੇ ਆਮ ਸ਼ਰਧਾਲੂਆਂ ‘ਤੇ ਰੋਅਬ ਪਾ ਕੇ ਆਪਣੀ ਮੈਂਬਰੀ, ਪ੍ਰਧਾਨਗੀ ਤੇ ਚੌਧਰ ਦੀ ੱਡਿਊਟੀ- ਨਿਭਾ ਕੇ ਘਰੋ ਘਰੀ ਚਲੇ ਜਾਂਦੇ ਹਨ। ਉਨ੍ਹਾਂ ਵਾਸਤੇ ਗੁਰਦੁਆਰੇ ਦੀ ਸੇਵਾ ਗ੍ਰੰਥੀ ਨੇ ਕਰਨੀ ਹੁੰਦੀ ਹੈ ਜੋ ਉਨ੍ਹਾਂ ਦਾ ਨੌਕਰ- ਜਾਂ ਘਟੀਆ ਸਟੇਟਸ ਦਾ ਸੇਵਾਦਾਰ- ਤੋਂ ਵਧ ਕੁਝ ਨਹੀਂ ਹੁੰਦਾ।

ਇਸ ਮਾਹੌਲ ਨੇ ਗੁਰਦੁਆਰਿਆਂ ਵਿਚੋਂ ਰੂਹਾਨੀ ਮਾਹੌਲ ਨੂੰ ਖ਼ਤਮ ਕੀਤਾ ਹੈ, ਸਿਆਸਤ ਵਧਾਈ ਹੈ ਤੇ ਧਾਰਮਿਕ ਅਦਾਰਿਆਂ ਨੂੰ ਸੋਸ਼ਲ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਧਰਮ ਦੇ ਨਿਘਾਰ ਦੇ ਕਾਰਨਾਂ ਵਿਚ ਹੋਰਨਾਂ ਗੱਲਾਂ ਦੇ ਨਾਲ-ਨਾਲ ਇਹ ਵੀ ਇਕ ਵੱਡਾ ਕਾਰਨ ਹੈ ਕਿ ਨਵੀਂ ਪੀੜ੍ਹੀ ਧਰਮ ਤੋਂ ਦੂਰ ਹੋਈ ਜਾ ਰਹੀ ਹੈ। ਇਸ ਦਾ ਵੱਡਾ ਸ਼ਿਕਾਰ ਉਂਞ ਇਨ੍ਹਾਂ ਚੌਧਰੀਆਂ ਦੇ ਬੱਚੇ ਜ਼ਿਆਦਾ ਹਨ ਜੋ ਆਪਣੇ ਚੌਧਰੀ-ਮਾਪਿਆਂ ਦੀਆਂ ਕਰਤੂਤਾਂ ਤੇ ਘਟੀਆ ਧਾਰਮਿਕ ਕਿਰਦਾਰ ਨੂੰ ਵੇਖ ਕੇ ਧਰਮ ਨੂੰ ਘਟੀਆ ਸਮਝਦੇ ਹਨ ।

ਸੇਵਾ ਦੀ ਸਿੱਖੀ ਵਿਚ ਬੜੀ ਉੱਚੀ ਥਾਂ ਹੈ । ਜਿੰਨੀ ਨਿਮਰਤਾ ਵਾਲੀ ਸੇਵਾ ਹੋਵੇ ਓਨਾ ਹੀ ਉਹ ਸੇਵਾਦਾਰ ਗੁਰੂ ਅੱਗੇ ਵਿਚ ਵਧੇਰੇ ਕਬੂਲ ਹੁੰਦਾ ਹੈ। ਉਹ ਸਿੱਖ ਹੀ ਵਧੇਰੇ ਦਾਨਾ ਹੈ, ਮੋਹਤਬਰ ਹੈ, ਇੱਜ਼ਤ ਦੇ ਕਾਬਿਲ ਹੈ, ਭਲਾ ਹੈ ਜੋ ਵਧੇਰੇ ਸੇਵਾ ਕਰਦਾ ਹੈ ਤੇ ਖ਼ਾਸ ਕਰ ਕੇ ਵਧੇਰੀ ਨਿਮਰਤਾ ਵਾਲੀ ਸੇਵਾ ਕਰਦਾ ਹੈ। ਸੋ ਹਰ ਸੱਚੇ ਪ੍ਰਧਾਨ/ਮੀਤ ਪ੍ਰਧਾਨ/ਜਨਰਲ ਸਕੱਤਰ/ਸਕੱਤਰ ਨੂੰ ਚਾਹੀਦਾ ਹੈ ਕਿ ਉਹ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰਨ, ਫ਼ਰਸ਼ ਸਾਫ਼ ਕਰਨ ਦੀ ਸੇਵਾ ਕਰਿਆ ਕਰਨ, ਜੋੜਿਆਂ ਦੀ ਜਾਂ ਹੋਰ ਨਿਮਰਤਾ ਵਾਲੀ ਸੇਵਾ ਕਰਿਆ ਕਰਨ ਤਾਂ ਜੋ ਉਨ੍ਹਾਂ ਵਿਚ ਪ੍ਰਧਾਨਗੀ/ਸਕੱਤਰੀ ਤੇ ਚੌਧਰ ਦੀ ਆਕੜ ਨਾ ਆਵੇ ਤੇ ਉਨ੍ਹਾਂ ਵਿਚ ਨਿਮਰਤਾ ਦਾ ਵਾਧਾ ਹੋਵੇ।

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਨਾਜਾਇਜ਼ ਕੰਮ ਕਰਵਾਉਣ, ਪੂਜਾ ਦਾ ਧਾਨ ਖਾਣ, ਕੁਕਰਮ ਕਰਨ ਦੀ ਬਜਾਇ ਕੋਈ ਸੇਵਾ ਦਾ, ਹਲੀਮੀ ਦਾ, ਕੰਮ ਕਰਿਆ ਕਰਨ। ਜਦ ਉਹ ਅੰੀਮ੍ਰਤਸਰ ਵਿਚ ਮੀਟਿੰਗ ਤੇ ਨਹੀਂ ਆਉਂਦੇ ਤਾਂ ਨੇੜੇ ਦੇ ਕਿਸੇ ਗੁਰਦੁਆਰੇ ਵਿਚ ਜਾ ਕੇ ਝਾੜੂ, ਜੋੜਿਆਂ, ਭਾਂਡਿਆਂ ਦੀ ਸਫ਼ਾਈ ਜਾਂ ਸਮਾਜ ਸੇਵਾ ਜਾਂ ਧਰਮ ਪਰਚਾਰ ਦੀ ਸੇਵਾ ਕਰਿਆ ਕਰਨ। ਇੰਜ ਉਹ ਨਾਲੇ ਮਾਣ ਹਾਸਿਲ ਕਰਨਗੇ ਤੇ ਨਾਲੇ ਪੁੰਨ ਖੱਟਣਗੇ ।

ਸੇਵਾ ਸਿੱਖ ਨੂੰ ਹਲੀਮੀ ਸਿਖਾਉਂਦੀ ਹੈ। ਉਸ ਦਾ ਮਨ ਨੀਵਾਂ ਮਤ ਉਚੀ ਤੇ ਰੂਹਾਨੀਅਤ ’ਚ ਵਾਧਾ ਕਰਦੀ ਹੈ। ਆਓ ਆਪਾਂ ਪ੍ਰਧਾਨਗੀਆਂ ਤੇ ਸਕੱਤਰੀਆਂ ਨੂੰ ਗੁਰਦੁਆਰਿਆਂ ਦੀ ਸੱਚੀ ਸੇਵਾ ਕਰਨ ਵਾਸਤੇ ਕਬੂਲ ਕਰੀਏ ਨਾ ਕਿ ਹੈਂਕੜ, ਦਬਕਾ, ਰੋਅਬ, ਲਾਲਚ, ਕੁਰਪਸ਼ਨ, ਕਬਾਇਲੀ ਸੋਚ ਜਾਂ ਨਾਜਾਇਜ਼ ਅ-ਪੰਥਕ ਕਾਰਵਾਈਆਂ ਵਾਸਤੇ ਕਰੀਏ। ਵਾਹਿਗੁਰੂ ਸਭ ਕੁਝ ਵੇਖ ਰਿਹਾ ਹੈ ਉਸ ਤੋਂ ਕੁਝ ਵੀ ਛੁਪਿਆ ਨਹੀਂ ਹੈ ਸੋ ਵੇਲਾ ਹੈ ਅੱਜ ਵੀ ਸੰਭਲ ਚਲੀਏ।

ਇਕ ਇਹ ਵੀ ਖਿਆਲ ਰਹੇ ਕਿ ਗੁਰਦੁਆਰੇ ਦਾ ਮਤਲਬ ਸਿਰਫ਼ ਅਖੰਡ ਪਾਠ ਕਰਵਾਉਣਾ, ਐਤਵਾਰੀ ਦੀਵਾਨ ਲਾਉਣਾ, ਬਿਲਡਿੰਗ ਬਣਾਉਣਾ, ਢਾਡੀ/ਕੀਰਤਨੀ ਦਰਬਾਰ ਕਰਵਾਉਣਾ, ਲੰਗਰ ਚਲਾਉਣਾ, ਲੈਕਚਰ ਕਰਵਾਉਣਾ ਨਹੀਂ ਹਨ ਇਹ ਸਿੱਖ ਧਰਮ ਦੇ ਪਰਚਾਰ ਦਾ ਕੇਂਦਰ ਵੀ ਹਨ ਤੇ ਜੇ ਅਸੀਂ ਧਰਮ ਪਰਚਾਰ ਵਿਚ ਰੋਲ ਅਦਾ ਨਹੀਂ ਕਰਦੇ ਤਾਂ ਅਸੀਂ ਗੁਰਦੁਆਰੇ ਦੇ ਅਹੁਦੇਦਾਰ ਅਖਵਾਉਣ ਦੀ ਬਜਾਇ ਕਿਸੇ ਸੋਸ਼ਲ ਕਲਬ ਦੇ ਲੀਡਰ ਹੋਵਾਂਗੇ।