

ਤੱਤ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ
ਦੂਰਿ ਕਰਹੁ ਲਿਵ ਲਾਇ।।
ਸਤਿਕਾਰਯੋਗ ਖ਼ਾਲਸਾ ਜੀਉ,
ਸਮੂਹ ਪੰਥ-ਦਰਦੀਆਂ ਦਾ ਧਿਆਨ ਖਿੰਡਦੀ-ਪੁੰਡਦੀ ਤੱਤ ਗੁਰਮਤਿ ਲਹਿਰ ਨੂੰ ਸੰਭਾਲਕੇ ਪੱਕੇ ਪੈਰੀਂ ਕਰਨ ਦੀ ਸੋਚ ਨਾਲ ਪੰਥਕ ਮੈਗਜੀਨ 'ਇੰਡੀਆ ਅਵੇਅਰਨੈਸ' ਦੇ ਅਪ੍ਰੈਲ 2009 ਅੰਕ ਅਤੇ ਸਿੱਖ ਮਾਰਗ ਡਾਟ ਕੌਮ ਵਿਚ ਤੱਤ ਗੁਰਮਤਿ ਪਰਿਵਾਰ ਵਲੋਂ ਸੁਝਾਅ ਮੰਗੇ ਗਏ ਸਨ ਪਰ ਕੁਝ ਕੁ ਵੀਰਾਂ ਅਤੇ ਜਥੇਬੰਦੀਆਂ ਦੇ ਫੋਨਾਂ ਤੋਂ ਬਿਨਾ ਕਿਸੇ ਨੇ ਵੀ ਇਸ ਪਾਸੇ ਵੱਲ, ਏਕਤਾ ਉਦਮਾਂ ਲਈ ਪਹਿਲ ਕਰਨ ਦੀ ਪੇਸ਼ਕਸ਼ ਨਹੀ ਕੀਤੀ। ਚਲੋ, ਇਸ ਨੇਕ ਅਤੇ ਚੰਗੇ ਕੰਮ ਦੀ ਪਹਿਲ ਲਈ ਤੱਤ ਗੁਰਮਤਿ ਪਰਿਵਾਰ ਹੀ ਪੰਥ ਦੇ ਸਨਮੁਖ ਹਾਜਿਰ ਹੈ ਅਤੇ ਨਾਲ ਹੀ ਇਕ ਵਾਰ ਫਿਰ ਦੁਬਾਰਾ ਸਮੁੱਚੇ ਪੰਥ-ਦਰਦੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਹੇਠ ਲਿਖੇ ਮੋਬਾਈਲ ਨੰਬਰਾਂ/ਪਤੇ ਤੇ ਐਸ.ਐਮ.ਐਸ., ਈ-ਮੇਲ ਜਾਂ ਡਾਕ ਰਾਹੀ ਜਰੂਰ ਲਿਖ ਭੇਜਣ, ਤਾਂ ਕਿ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਵਿੱਚ ਕਿਤੇ ਵੀ ਕੋਈ ਉਣਤਾਈ ਨਾ ਰਹਿ ਜਾਵੇ।
ਨਾਨਕ ਪਾਤਸ਼ਾਹ ਜੀ ਵਲੋਂ ਆਦਰਸ਼ ਮਨੁੱਖ ਦੀ ਘਾੜਣਾ ਰਾਹੀਂ ਆਦਰਸ਼ ਸਮਾਜ ਦੀ ਸਿਰਜਨਾ ਦੇ ਮਕਸਦ ਨੂੰ ਸਾਹਮਣੇ ਰੱਖਕੇ ‘ਗੁਰਮਤਿ’ ਵਿਚਾਰਧਾਰਾ ਗੁਰਬਾਣੀ ਦੇ ਰੂਪ ਵਿਚ ਪੇਸ਼ ਕੀਤੀ ਗਈ। ਇਸ ਵਿਚਾਰਧਾਰਾ ਆਧਾਰਿਤ ‘ਜੀਵਨ ਜਾਚ’ ਦਾ ਪ੍ਰਚਾਰ ਦਸ ਨਾਨਕ ਜਾਮਿਆਂ ਨੇ ਕਰੀਬ 230 ਸਾਲ ਲਾ ਕੇ ਕੀਤਾ। ਹਰ ਤਰਾਂ ਦੇ ਵਿਤਕਰੇ ਤੋਂ ਰਹਿਤ ਇਸ ਨਿਰੋਲ ‘ਮਨੁੱਖਤਾਵਾਦੀ’ (ਗੁਰਮਤਿ) ਜੀਵਨ ਜਾਚ ਦੇ ਇਨਕਲਾਬ ਦਾ ਅਸਰ ‘ਸਿੱਖ ਸਮਾਜ’ ਦੇ ਰੂਪ ਵਿਚ ਸਾਹਮਣੇ ਆਇਆ। ਇਸ ਵਿਚਾਰਧਾਰਾ ਦੀ ਖਾਸੀਅਤ ‘ਪੁਜਾਰੀਵਾਦ’ ਅਤੇ ‘ਬ੍ਰਾਹਮਣਵਾਦ’ ਤੋਂ ਪੂਰੀ ਤਰਾਂ ਨਿਰਲੇਪ (ਮੁਕਤ) ਹੋਣਾ ਸੀ।ਪਰ ਸਮੇਂ ਨਾਲ, ਅਨੇਕਾਂ ਕਾਰਨਾਂ ਕਰਕੇ, ਉਹੀ ਪੁਜਾਰੀਵਾਦ ਤੇ ਬ੍ਰਾਹਮਨਵਾਦ. ਰੂਪ ਵਟਾ ਕੇ, ਸਿੱਖ ਸਮਾਜ ਤੇ ਵੀ ਭਾਰੂ ਹੋ ਗਏ। ਇਹਨਾਂ ਅਲਾਮਤਾਂ (ਕਮਜ਼ੋਰੀਆਂ) ਨੇ ਗੁਰਮਤਿ ਵਿਚਾਰਧਾਰਾ ਰੂਪੀ ‘ਸੂਰਜ’ ਦੇ ਪ੍ਰਕਾਸ਼ ਨੂੰ ਬੱਦਲਾਂ ਵਾਂਗੂ ਛਾ ਕੇ ਧੁੰਧਲਾ ਕਰ ਕੇ ਰੱਖ ਦਿਤਾ।
ਸਮੇਂ ਨਾਲ ‘ਗੁਰਮਤਿ’ ਨੂੰ ਇਸਦੇ ਸਹੀ ਸਰੂਪ ਵਿਚ ਦੁਬਾਰਾ ਪ੍ਰਕਟ ਕਰਨ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਮੌਜੂਦਾ ਸਮੇਂ ਵਿਚ ਇਹ ਕੋਸ਼ਿਸ਼ਾਂ ‘ਤੱਤ ਗੁਰਮਤਿ ਲਹਿਰ’ ਦੇ ਨਾਂ ਤੇ ਕੁਝ ਸਾਲ ਪਹਿਲਾਂ ਵੱਡੇ ਪੱਧਰ ’ਤੇ ਹੋਈਆਂ। ‘ਤੱਤ ਗੁਰਮਤਿ’ ਦੇ ਨਾਂ ਹੇਠ ਸਿੱਖ ਸਮਾਜ ਵਿਚ ਜਾਗਰੂਕਤਾ ਆਉਣੀ ਸ਼ੁਰੂ ਹੋ ਗਈ ਹੈ। ਪਰ ਵੱਡਾ ਪ੍ਰਭਾਵ ਛੱਡਣ ਤੋਂ ਪਹਿਲਾਂ ਹੀ ਇਸ ਲਹਿਰ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀ ਕੁੱਝ ਕਮਜੋਰੀਆਂ ਵਿੱਚ ਉਲਝ ਗਏ। ਇਸਦੇ ਕਈ ਕਾਰਨ ਹਨ ਪਰ ਮੁਖ ਕਾਰਨ ‘ਮੈਂ ਵੱਡਾ-ਮੈਂ ਵੱਡਾ’ ਰੂਪੀ ਹੰਕਾਰ ਹੀ ਹੈ। ਇਨ੍ਹਾਂ ਕਮਜੋਰੀਆਂ ਕਾਰਨ ਲਹਿਰ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਹੈ।
ਇਨ੍ਹਾਂ ਆਈਆਂ ਕਮਜੋਰੀਆਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ, ਆਪਸੀ ਵਿਚਾਰਾਂ ਰਾਹੀਂ ਦੂਰ ਕਰਕੇ ‘ਤੱਤ ਗੁਰਮਤਿ ਲਹਿਰ’ ਨੂੰ ਮੁੜ ਪੱਕੇਂ ਪੈਰੀਂ ਕਰਨ ਦੇ ‘ਨਿਸ਼ਕਾਮ ਅਤੇ ਪਵਿੱਤਰ’ ਮਕਸਦ ਨਾਲ, ਤੱਤ ਗੁਰਮਤਿ ਪਰਿਵਾਰ ਵਲੋਂ ਸਭ ਜਾਗਰੂਕ ਸਿੱਖਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ, ‘ਗੁਰਮਤਿ ਸਮਾਗਮ’ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਹੇਠ ਲਿਖੇ ਪੈਨਲ ਹੋ ਸਕਦੇ ਹਨ।
1. ਨਿਯੰਤਰਕ ਪੈਨਲ
2. ਵਿਦਵਾਨ ਪੈਨਲ
3. ਸਲਾਹਕਾਰ ਪੈਨਲ
4. ਨਿਯੁਕਤੀ ਪੈਨਲ
ਇਨ੍ਹਾਂ ਪੈਨਲਾਂ ਦੇ ਸਰੂਪ ਬਾਰੇ ਸੰਖੇਪ ਜਾਨਕਾਰੀ ਲਈ ਮਾਸਿਕ ਪੰਥਕ ਪਰਚੇ ‘ਇੰਡੀਆ ਅਵੈਅਰਨੈਸ’ ਦੇ ਅਪ੍ਰੈਲ 2009 ਅੰਕ ਵਿਚ ਅਤੇ ਪੰਥਕ ਵੈਬਸਾਈਟ sikhmarg.com ’ਤੇ ਪ੍ਰਕਾਸ਼ਤ ਗੁਰਮਤਿ ਪਰਿਵਾਰ ਦਾ ਲੇਖ ‘ਤੱਤ ਗੁਰਮਤਿ ਲਹਿਰ ਨੂੰ ਕਿਵੇਂ ਸੰਭਾਲਿਆ ਜਾਵੇ ?’ ਪੜ੍ਹਿਆ ਜਾ ਸਕਦਾ ਹੈ।
ਇਹਨਾਂ ਪੈਨਲਾਂ ਦੇ ਗਠਨ ਦੇ ਮਕਸਦ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮਤਿ ਪਰਿਵਾਰ’ ਨੇ ਪਹਿਲ ਕਰਦੇ ਹੋਏ ‘ਤੱਤ ਗੁਰਮਤਿ ਸਮਾਗਮ’ ਕਰਵਾਉਣ ਦਾ ਨਿਸ਼ਕਾਮ ਤੇ ਨਿਮਾਣਾ ਜਿਹਾ ਉਪਰਾਲਾ ਕਰਨ ਦਾ ਵਿਚਾਰ ਬਣਾਇਆ ਹੈ। ਇਸ ਸਮਾਗਮ ਨੂੰ ਆਪ ਸਭ ਦੇ ਸਹਿਯੋਗ ਨਾਲ ਆਯੋਜਿਤ ਕਰਨ ਦੇ ਮਕਸਦ ਨਾਲ ਇਕ ‘ਤਾਲਮੇਲ ਕਮੇਟੀ’ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰ ਇਸ ਤਰਾਂ ਹਨ :
1. ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ
2. ਸ੍ਰ. ਮਨਜੀਤ ਸਿੰਘ ਖਾਲਸਾ ਮੋਹਾਲੀ
3. ਸ੍ਰ. ਦਲੀਪ ਸਿੰਘ ਕਸ਼ਮੀਰੀ
4. ਸ੍ਰ. ਗੁਰਿੰਦਰ ਸਿੰਘ ਮੋਹਾਲੀ
5. ਸ੍ਰ. ਜਸਬਿੰਦਰ ਸਿੰਘ ਖਾਲਸਾ ਦੁਬਈ ਵਾਲੇ
6. ਪਿੰ੍ਰਸੀਪਲ ਗੁਰਚਰਨ ਸਿੰਘ ਮਿਸ਼ਨਰੀ
7. ਲੈਫ. ਕਰਨਲ ਗੁਰਦੀਪ ਸਿੰਘ
ਇਸ ‘ਤਾਲਮੇਲ ਕਮੇਟੀ’ ਦਾ ਇਕੋ ਇਕ ਮਕਸਦ ‘ਤੱਤ ਗੁਰਮਤਿ ਏਕਤਾ ਸਮਾਗਮ’ ਨੂੰ ਨੇਪਰੇ ਚਾੜਣਾ ਹੈ। ਉਸ ਤੋਂ ਬਾਅਦ ਇਸ ਕਮੇਟੀ ਦੀ ਹੋਂਦ ਆਪੇ ਖਤਮ ਹੋ ਜਾਵੇਗੀ।
ਆਸ ਹੈ ‘ਤੱਤ ਗੁਰਮਤਿ ਲਹਿਰ’ ਨੂੰ ਆਪਸੀ ਏਕਤਾ ਰਾਹੀਂ ‘ਪੱਕੇ ਪੈਰੀਂ’ ਕਰਨ ਦੇ ਇਹਨਾਂ ਜਤਨਾਂ ਵਿਚ ਅਪਣਾ ਸੁਹਿਰਦ ਤੇ ਸਰਗਰਮ ਸਹਿਯੋਗ ਬਖਸ਼ ਕੇ ਕਿਰਤਾਰਥ ਕਰੋਗੇ। ਇਸ ਸਮਾਗਮ ਵਿਚ ਸਿਰਫ ੱਗੁਰੂ ਗ੍ਰੰਥ ਸਾਹਿਬ ਜੀ- (ਰਾਗਮਾਲਾ ਤੋਂ ਬਗੈਰ) ਨੂੰ ਸਮਰਪਿਤ ਲੋਕ ਹੀ ਸ਼ਾਮਿਲ ਹੋ ਸਕਦੇ ਹਨ। ਪੁਜਾਰੀ ਸ਼੍ਰੇਣੀ (ਅਖੌਤੀ ਜਥੇਦਾਰ ਤੇ ਹੋਰ), ਸੰਪਰਦਾਈਆਂ (ਅਖੌਤੀ ਸੰਤ ਬਾਬੇ, ਡੇਰੇਦਾਰ ਆਦਿ) ਅਤੇ ਰਾਜਨੀਤਕਾਂ ਨੂੰ ਇਸ ਸਮਾਗਮ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਰ ਜੇ ਇਹਨਾਂ ਸ਼੍ਰੇਣੀਆਂ ਨਾਲ ਜੁੜਿਆ ਕੋਈ ਸੱਜਣ ਵਿਅਕਤੀਗਤ ਤੌਰ ਤੇ ਇਸ ਸਮਾਗਮ ਵਿਚ ਸ਼ਾਮਿਲ ਹੋਣਾ ਚਾਹੇ ਤਾਂ ਉਸਦਾ ਸੁਆਗਤ ਹੈ। ਇਸ ਸਮਾਗਮ ਵਿਚ ਸਿਰਫ
‘ਏਕਤਾ ਤਾਲਮੇਲ ਕਮੇਟੀ’ ਵਲੋਂ ਜਾਰੀ ਕੀਤੇ ਸੱਦਾ ਪੱਤਰ ਰਾਹੀਂ ਸ਼ਾਮਿਲ ਹੋਇਆ ਜਾ ਸਕਦਾ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਦਾ ਜੇ ਇਸ ਸਮੇਂ ਦੌਰਾਨ ਭਾਰਤ ਵਿਚ ਆਉਣ ਦਾ ਵਿਚਾਰ ਹੈ ਤਾਂ ਸਮਾਗਮ ਵਿਚ ਉਨ੍ਹਾਂ ਦਾ ਸੁਆਗਤ ਹੈ। ਪਰ ਖ਼ਾਸ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਭਾਰਤ ਆਉਣਾ ਸਾਡੇ ਵਿਚਾਰ ਅਨੁਸਾਰ ਬਹੁਤ ਵੱਡੇ ਕੌਮੀ ਸਰਮਾਏ ਦੀ ਬਰਬਾਦੀ ਹੋਵੇਗੀ, ਇਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਸੱਜਣ ਅਪਣੇ ਵਿਚਾਰ ਤੇ ਸੁਝਾਅ ਸਾਨੂੰ ਹੇਠ ਲਿਖੇ ਪਤੇ ਤੇ ਡਾਕ, ਐਸ. ਐਮ.ਐਸ. ਜਾਂ ਈ-ਮੇਲ ਰਾਹੀਂ ਭੇਜ ਸਕਦੇ ਹਨ।
ਜਿਹੜੀਆਂ ਸੰਸਥਾਵਾਂ ਤੇ ਵਿਅਕਤੀ ਇਸ ਸਮਾਗਮ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਉਹ ‘ਸੱਦਾ ਪੱਤਰ’ ਲਈ ਫਾਰਮ ਮੰਗਵਾਉਣ ਲਈ 31 ਮਈ 2009 ਤੱਕ ‘ਏਕਤਾ ਤਾਲਮੇਲ ਕਮੇਟੀ’ ਨਾਲ, ਡਾਕ ਜਾਂ ਟੇਲੀਫੋਨ ਰਾਹੀ ਸੰਪਰਕ ਕਰ ਸਕਦੇ ਹਨ। ਇਹ ਫਾਰਮ ਇੰਡੀਆ ਅਵੈਅਰਨੈਸ (ਮਈ 2009 ਅੰਕ) ਵਿਚੋਂ ਫੋਟੋਸਟੇਟ/ ਟਾਈਪ ਕਰਵਾ ਕੇ ਇੰਡੀਆ ਅਵੇਅਰਨੈੱਸ indiaawareness.com ਜਾਂ ‘ਸਿੱਖ ਮਾਰਗ’ ਦੀ ਵੈਬਸਾਈਟ sikhmarg.com ਤੋਂ ਵੀ ਡਾਊਨਲੋਡ/ਪਿੰ੍ਰਟ ਕਰਕੇ ਭਰਿਆ ਜਾ ਸਕਦਾ ਹੈ। ਫਾਰਮ ਭਰ ਕੇ ਭੇਜਣ ਲਈ ਅੰਤਿਮ ਮਿਤੀ 15 ਜੁਲਾਈ 2009 ਰੱਖੀ ਗਈ ਹੈ। ਸਮਾਗਮ ਦਾ ਸੰਭਾਵਿਤ ਸਮਾਂ 15-30 ਅਕਤੂਬਰ ਦੇ ਵਿਚ ਨਿਸ਼ਚਿਤ ਹੋਵੇਗਾ ਜੀ। ਪਰ ਪੂਰਾ ਪ੍ਰੋਗਰਾਮ ਸੱਦਾ ਪੱਤਰ ਨਾਲ ਭੇਜਿਆ ਜਾਵੇਗਾ।
ਸਹਿਯੋਗ ਦੀ ਆਸ ਵਿਚ,
ਦਾਸਰੇ,
ਤਾਲਮੇਲ ਕਮੇਟੀ
ਕੇਅਰ ਆਫ ਤੱਤ ਗੁਰਮਤਿ ਪਰਵਾਰ,
ਫਿਊਚਰ ਪੈਕ ਹਾਇਰ ਸੈਕੰਡਰੀ ਸਕੂਲ,
ਅਪਰ ਗਾਦੀਗੜ੍ਹ (ਏਅਰਪੋਰਟ ਨੇੜੇ),
ਜੰਮੂ (ਜੰਮੂ-ਕਸ਼ਮੀਰ)
ਫੋਨ : 09957813600, 09419126791, 09815971601, 09417440779