

ਰਾਜ ਸਭਾ ਦੀ ਮੈਂਬਰੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਸਰਨਾ ਨੇ ਸਿੱਖਾਂ ਦਾ ਅਪਮਾਨ ਕਰਨ ਦੀ ਮੁਹਿੰਮ ਅਰੰਭੀ
- ਜੋਗਿੰਦਰ ਸਿੰਘ -
ਸਿੱਖ ਆਗੂਆਂ ਵੱਲੋਂ ਆਪਣੇ ਨਿਜੀ ਸਵਾਰਥਾਂ ਦੀ ਹਵਸ ਪੂਰੀ ਕਰਨ ਦੀ ਦੋੜ੍ਹ ਵਿੱਚ ਸਿੱਖ ਪੰਥ ਨਾਲ ਗੱਦਾਰੀਆਂ ਕਰਨਾ ਕੋਈ ਨਵੀਂ ਗੱਲ ਨਹੀਂ। ਪੰਜਾਬ ਦੇ ਜ਼ਿਆਦਾਤਰ ਸਿੱਖ ਆਗੂ ਪੰਥ ਨਾਲ ਗੱਦਾਰੀਆਂ ਕਰਕੇ ਹੀ ਵੱਡੀਆਂ ਜਗੀਰਾਂ ਅਤੇ ਦੌਲਤ ਦੇ ਅੰਬਾਰ ਦੇ ਮਾਲਕ ਬਣੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਅਕਸ ਪੰਜਾਬ ਦੇ ਆਗੂਆਂ ਨਾਲੋਂ ਕੁਝ ਬਿਹਤਰ ਸਮਝਿਆ ਜਾਂਦਾ ਸੀ ਕਿਉਂਕਿ ਸ੍ਰੀ ਸਰਨਾ ਘੱਟੋ-ਘੱਟ ਦਿਖਾਵੇ ਵਾਸਤੇ ਪੰਥ ਦੀ ਭਲਾਈ ਦੀਆਂ ਜਜ਼ਬਾਤੀ ਗੱਲਾਂ ਕਰਦੇ ਰਹਿੰਦੇ ਸਨ। ਸਰਨਾ ਵੱਲੋਂ ਅਕਸਰ ਬਾਦਲ ਪਾਰਟੀ ਦੇ ਮੈਂਬਰਾਂ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਆਰ.ਐਸ.ਐਸ.-ਬੀਜੇਪੀ ਨਾਲ ਰਿਸ਼ਤਿਆਂ ਦੀ ਆਲੋਚਨਾ ਕਰਕੇ, ਪੰਜਾਬ ਦੇ ਸਿੱਖਾਂ ਵਿੱਚ ਵਧ ਰਹੇ ਪਤਿਤਪੁਣੇ ਬਾਰੇ ਚਿੰਤਾ ਪ੍ਰਗਟਾਅ ਕੇ ਅਤੇ ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਚਾਰਕਾਂ ਪ੍ਰਤੀ ਸਮਰਥਨ ਦਾ ਦਿਖਾਵਾ ਕਰਕੇ ਪੰਥਕ ਹਲਕਿਆਂ ਵਿੱਚ ਵਾਹ-ਵਾਹੀ ਖੱਟ ਲਈ ਜਾਂਦੀ ਸੀ।
ਪਰ ਹੋਰਨਾਂ ਆਗੂਆਂ ਦੀ ਤਰ੍ਹਾਂ ਸਰਨਾ ਦਾ ਅਸਲ ਮੰਤਵ ਵੀ ਨਿਜੀ ਆਰਥਕ ਤੇ ਸਿਆਸੀ ਲਾਭ ਚੁੱਕਣਾ ਹੀ ਰਹਿ ਗਿਆ ਜਾਪਦਾ ਹੈ। ਇਸੇਲਈ ਸਰਨਾ ਵੱਲੋਂ ਪਿਛਲੇ ਕਾਫੀ ਲੰਮੇਂ ਅਰਸੇ ਤੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ (ਦੁਰ)ਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਸਿਲਸਿਲਾ 14 ਅਪ੍ਰੈਲ 09 ਨੂੰ ਗੁ: ਰਕਾਬ ਗੰਜ ਸਾਹਿਬ ਵਿਖੇ ਸਜਾਏ ਗਏ ਧਾਰਮਕ ਦੀਵਾਨ ਵਿੱਚ ਵੀ ਜਾਰੀ ਰਿਹਾ। ਇਸ ਸਮਾਗਮ ਵਿੱਚ ਸ੍ਰੀ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ: ਮਨਜੀਤ ਸਿੰਘ ਕੋਲਕਾਤਾ ਨੂੰ ਉਚੇਚੇ ਤੌਰ ’ਤੇ ਸੱਦ ਕੇ ਲੈਕਚਰ ਦੇਣ ਵਾਸਤੇ ਬੁਲਾਇਆ ਸੀ (ਸ੍ਰੀ ਕੋਲਕਾਤਾ ਦੇ ਨੇੜਲੇ ਭਵਿੱਖ ਵਿੱਚ ਬਾਦਲ ਪਾਰਟੀ ਨਾਲ ਮਿਲ ਜਾਣ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਸ੍ਰੀ ਸਰਨਾ ਦਾ ਵਿਚਾਰ ਸੀ ਕਿ ਗੁ: ਰਕਾਬ ਗੰਜ ਸਾਹਿਬ ਵਿਖੇ ਆਪਣੇ ਵਖਿਆਨ ਦੌਰਾਨ ਸ੍ਰੀ ਕੋਲਕਾਤਾ ਬਾਦਲ ਦਲ ਦੇ ਖਿਲਾਫ਼ ਬੋਲਣਗੇ ਤਾਂ ਉਨ੍ਹਾਂ (ਕੋਲਕਾਤਾ) ਅਤੇ ਬਾਦਲ ਦਲ ਵਿਚਕਾਰ ਸੰਭਾਵੀ ਸਮਝੌਤਾ ਹੋਰ ਕੁਝ ਸਮੇਂ ਲਈ ਟੱਲ ਜਾਵੇਗਾ। ਪਰ) ਸ੍ਰ: ਮਨਜੀਤ ਸਿੰਘ ਕੋਲਕਾਤਾ ਨੇ ਆਪਣੇ ਲੈਕਚਰ ਵਿੱਚ ਅਕਾਲੀ ਦਲ ਦੀ ਬਜਾਏ ਬੀਜੇਪੀ ਦੀਆਂ ਬੁਰਾਈਆਂ ਦਾ ਜ਼ਿਕਰ ਅਰੰਭ ਕਰ ਦਿੱਤਾ। ਉਨ੍ਹਾਂ ਬੀਜੇਪੀ ਵੱਲੋਂ ਗੁਜਰਾਤ ਵਿੱਚ ਮੁਸਲਮਾਨਾਂ ਅਤੇ ਉੜੀਸਾ ਵਿੱਚ ਇਸਾਈਆਂ ਦੇ ਕੀਤੇ ਗਏ ਕਤਲੇਆਮ ਦਾ ਜ਼ਿਕਰ ਕੀਤਾ ਤਾਂ ਸੰਗਤ ਵਿੱਚ ਬੈਠੇ ਇਕ ਸਿੱਖ ਨੇ ਉਠ ਕੇ ਕਿਹਾ ਕਿ ਸ੍ਰ: ਕੋਲਕਾਤਾ ਕਾਂਗਰਸ ਵੱਲੋਂ ਸਿੱਖਾਂ ਕੇ ਕਰਵਾਏ ਗਏ ਕਤਲੇਆਮ ਬਾਰੇ ਵੀ ਜਾਣਕਾਰੀ ਦੇਣ। ਇਸ ’ਤੇ ਗੁੱਸੇ ਵਿੱਚ ਆਏ ਸ੍ਰੀ ਸਰਨਾ ਨੇ ਕਿਹਾ ਕਿ ਜਿਹੜਾ ਵਿਅਕਤੀ ਉਨ੍ਹਾਂ ਦੀ ਗੱਲ ਸੁਣਨਾ ਚਾਹੇ, ਉਹ ਦੀਵਾਨ ਵਿੱਚ ਬੈਠੇ ਤੇ ਬਾਕੀ ਬਾਹਰ ਚਲੇ ਜਾਣ। ਇਸ ’ਤੇ ਹਾਲ ਵਿੱਚ ਬੈਠੇ ਹੋਰ ਵੀ ਬਹੁਤ ਸਾਰੇ ਲੋਕ ਤੈਸ਼ ਵਿੱਚ ਆ ਗਏ ਅਤੇ ਦੀਵਾਨ ਦਾ ਧਾਰਮਕ ਮਾਹੌਲ ਖਰਾਬ ਹੋ ਗਿਆ। ਸਟੇਜ ਸਕੱਤਰ ਸ੍ਰ: ਤਰਸੇਮ ਸਿੰਘ ਨੇ ਜਲਦੀ-ਜਲਦੀ ਵਿੱਚ ਕੀਰਤਨੀਆਂ ਤੋਂ ਕੀਰਤਨ ਅਰੰਭ ਕਰਵਾ ਕੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤੀ ਸੰਗਤ ਹਾਲ ਵਿੱਚ ਬੈਠਣ ਦੀ ਬਜਾਏ ਉਠ ਕੇ ਬਾਹਰ ਚਲੀ ਗਈ ਅਤੇ ਸ੍ਰੀ ਸਰਨਾ ਤੇ ਸ੍ਰੀ ਕੋਲਕਾਤਾ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਆਪੋ-ਆਪਣੇ ਵਿਚਾਰ ਪ੍ਰਗਟ ਕਰਨ ਲੱਗ ਪਏ। ਕਾਫੀ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਸ੍ਰੀ ਸਰਨਾ ਨੇ ਗੁ: ਰਕਾਬ ਗੰਜ ਸਾਹਿਬ ਵਰਗੇ ਧਾਰਮਕ ਅਸਥਾਨ ਨੂੰ ਕਾਂਗਰਸ ਪਾਰਟੀ ਦੇ ਹੈਡ-ਆਫਿਸ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਹੈ।
ਜਿਵੇਂ ਕਿ ਇਹ ਘਟਨਾ ਕਾਫੀ ਨਹੀਂ ਸੀ, ਇਸਲਈ ਇਸ ਤੋਂ ਮਹਿਜ਼ ਦੋ ਕੁ ਦਿਨਾਂ ਬਾਅਦ ਹੀ ਸਿੱਖ ਬੁੱਧੀਜੀਵੀਆਂ ਦੀ ਇਕ ਮੀਟਿੰਗ ਵਿੱਚ ਸ੍ਰੀ ਸਰਨਾ ਨੇ 84 ਕਤਲੇਆਮ ਦੇ ਆਰੋਪੀ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਕਾਂਗਰਸ ਦੀ ਚੋਣ-ਟਿਕਟ ਮਿਲਣ ’ਤੇ ਆਪਣੀ ਹਮਾਇਤ ਪ੍ਰਗਟਾਉਂਦਿਆਂ ਸਿੱਖਾਂ ਨੂੰ ਰਮੇਸ਼ ਕੁਮਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਜਦ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਰਮੇਸ਼ ਕੁਮਾਰ ਨੂੰ ਟਿਕਟ ਦੇਣਾ, ਨੱਕ ਨੂੰ ਇਕ ਪਾਸਿਓਂ ਨਾ ਫੜ ਕੇ ਦੂਜੇ ਪਾਸਿਓਂ ਨਾ ਫੜ ਕੇ ਦੂਜੇ ਪਾਸਿਓਂ ਫੜਨ ਵਾਲੀ ਗੱਲ ਤਾਂ ਨਹੀਂ ਅਤੇ ਇਸ ਤਰ੍ਹਾਂ ਕਾਂਗਰਸ ਪਾਰਟੀ ਹਾਲਾਂ ਵੀ ਸਿੱਖਾਂ ਦੇ ਦੁਸ਼ਮਣ ਨੂੰ ਹੀ ਤਾਂ ਚੋਣ-ਟਿਕਟ ਨਹੀਂ ਦੇ ਰਹੀ; ਤਾਂ ਸ੍ਰੀ ਸਰਨਾ ਨੇ ਕਿਹਾ ਕਿ ਸਿੱਖ ਸਮਾਜ ਦੀ ਦੁਸ਼ਮਣੀ ਸੱਜਣ ਕੁਮਾਰ ਨਾਲ ਹੈ, ਉਸਦੇ ਪਰਵਾਰਕ ਮੈਂਬਰਾਂ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਦੇ ਮੁਜਰਿਮ ਹੋਣ ’ਤੇ ਉਸਦਾ ਸਾਰਾ ਪਰਵਾਰ ਵੀ ਖ਼ੁਦ-ਬ-ਖ਼ੁਦ ਮੁਜਰਿਮ ਨਹੀਂ ਹੋ ਜਾਂਦਾ। ਸ੍ਰੀ ਸਰਨਾ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਰਮੇਸ਼ ਕੁਮਾਰ ਨੂੰ ਵੋਟ ਨਾ ਦੇਣਾ ਸਿੱਖ ਪੰਥ ਨਾਲ ਗੱਦਾਰੀ ਤੁੱਲ ਹੋਵੇਗਾ !!
ਜਦ ਮੀਟਿੰਗ ਵਿੱਚ ਮੌਜੂਦ ਸਿੱਖਾਂ ਨੇ ਸ੍ਰੀ ਸਰਨਾ ਤੋਂ 84 ਕਤਲੇਆਮ ਦੇ ਸ਼ਹੀਦ ਸਿੱਖਾਂ ਬਾਰੇ ਕੁਝ ਸਖ਼ਤ ਸਵਾਲ ਪੁੱਛਣੇ ਚਾਹੇ ਤਾਂ ਸ੍ਰੀ ਸਰਨਾ ਨੇ ਕਥਿਤ ਤੌਰ ’ਤੇ ਕਿਹਾ ਕਿ ‘‘ਮੁਰਦਿਆਂ ਦੀ ਗੱਲ ਨਾ ਕਰੋ ਜੀ, ਜੀਉਂਦਿਆਂ ਦੀ ਗੱਲ ਕਰੋ।’’ ਸ੍ਰੀ ਸਰਨਾ ਵੱਲੋਂ ਉਪਯੋਗ ਕੀਤੀ ਗਈ ਇਸ ਸ਼ਬਦਾਵਲੀ ਦਾ ਦਿੱਲੀ ਦੇ ਪੰਥਕ ਹਲਕਿਆਂ ਵਿੱਚ ਭਾਰੀ ਬੁਰਾ ਮਨਾਇਆ ਗਿਆ ਕਿਉਂਕਿ ਬਹੁਤੇ ਸਿੱਖਾਂ ਦਾ ਮੰਨਣਾ ਹੈ ਕਿ 84 ਕਤਲੇਆਮ ਦੌਰਾਨ ਮਾਰੇ ਗਏ ਬੇਦੋਸ਼ੇ ਸਿੱਖਾਂ ਨੂੰ ਸੰਬੋਧਿਤ ਕਰਨ ਲਈ ‘ਸ਼ਹੀਦ’ ਵਰਗਾ ਵਿਸ਼ੇਸ਼ਣ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਸੰਗਤਾਂ ਵਿੱਚ ਇਹ ਸਵਾਲ ਵੀ ਚੁੱਕਿਆ ਜਾ ਰਿਹਾ ਹੈ ਕਿ ਜੇਕਰ ਮੁਰਦਿਆਂ ਨੂੰ ਭੁਲਾ ਦੇਣਾ ਚਾਹੀਦਾ ਹੈ ਤਾਂ ਫਿਰ ਸ੍ਰੀ ਸਰਨਾ ਹਰ ਸਾਲ ਆਪਣੇ ਮਰਹੂਮ ਮਾਤਾ-ਪਿਤਾ ਦੀ ਯਾਦ ਵਿੱਚ ਆਪਣੇ ਘਰ ਅਖੰਡ ਪਾਠ ਅਤੇ ਕੀਰਤਨ ਕਿਉਂ ਕਰਵਾਉਂਦੇ ਹਨ। ਕੁਝ ਸਿੱਖਾਂ ਨੇ ਤਾਂ ਇਥੋਂ ਤੱਕ ਸਵਾਲ ਕੀਤਾ ਕਿ ਕਲ ਨੂੰ ਸ੍ਰੀ ਸਰਨਾ ਇਹ ਤਾਂ ਨਹੀਂ ਕਹਿ ਦੇਣਗੇ ਕਿ ਸਿੱਖਾਂ ਨੂੰ ਸ਼ਹੀਦ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੂੰ ਵੀ ਭੁਲਾ ਦੇਣਾ ਚਾਹੀਦਾ ਹੈ ਕਿਉਂਕਿ ਸ੍ਰੀ ਸਰਨਾ ਦੇ ਨਜ਼ਰੀਏ ਨਾਲ ਉਹ ਵੀ ‘ਮੁਰਦੇ’ ਹਨ। ਸਿੱਖ ਸਿਆਸਤ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਰਾਜ ਸਭਾ ਦੀ ਮੈਂਬਰੀ ਦਿੱਤੇ ਜਾਣ ਦੇ ਲਾਲਚ ਕਾਰਨ ਸ੍ਰੀ ਸਰਨਾ ਵਧ-ਚੜ੍ਹ ਕੇ ਸਿੱਖਾਂ ਨੂੰ ਅਪਮਾਨਿਤ ਕਰਨ ਦੀ ਯੋਜਨਾਬੱਧ ਮੁਹਿੰਮ ਤਹਿਤ ਇਸ ਕਿਸਮ ਦੇ ਬਿਆਨ ਦੇ ਰਹੇ ਹਨ। ਇਕ ਬੁੱਧੀਜੀਵੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਕਾਂਗਰਸ ਹਰ ਚੋਣਾਂ ਵੇਲੇ ਸਰਨਾ ਨੂੰ ‘ਥੋੜੇ ਹੀ ਸਮੇਂ ਵਿੱਚ’ ਕੁਝ ਦੇਣ ਦਾ ਵਾਅਦਾ ਕਰਕੇ ਉਨ੍ਹਾ ਤੋਂ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਵਾ ਲੈਂਦੀ ਹੈ ਪਰ ਅਸਲ ਵਿੱਚ ਇਹ ਥੋੜਾ ਸਮਾਂ ਕਦੋਂ ਪੂਰਾ ਹੋਵੇਗਾ, ਇਹ ਤਾਂ ਸ੍ਰੀ ਸਰਨਾ ਵੀ ਨਹੀਂ ਦਸ ਸਕਦੇ।