Subscription About Us Contact Us


ਨਵੰਬਰ 1984 ਦੇ ਸਿੱਖ-ਕਤਲੇਆਮ ਲਈ ਕਸੂਰਵਾਰ ਕੌਣ ਸਨ?

- ਪੀ.ਯੂ.ਸੀ.ਐਲ. ਰਿਪੋਰਟ -

ਜਗਦੀਸ਼ ਟਾਈਟਲਰ ਮਾਮਲੇ ਨੂੰ ਲੈ ਕੇ ਇਕ ਪੱਤਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਵੱਲ ਆਪਣਾ ਬੂਟ ਉਛਾਲਣ ਦੇ ਮਾਮਲੇ ਤੋਂ ਬਾਅਦ 84 ਕਤਲੇਆਮ ਬਾਰੇ ਛਿੜੀ ਚਰਚਾ ਵਿੱਚ ਆਰੋਪੀ ਪੱਖ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਸਾਫ ਪੱਲਾ ਝਾੜ ਰਿਹਾ ਹੈ। ਆਰੋਪੀਆਂ ਦਾ ਕਹਿਣਾ ਹੈ ਕਿ ਸਿੱਖਾਂ ਦਾ ਕਤਲੇਆਮ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਆਮ ਲੋਕਾਂ ਵਿੱਚ ਉਪਜੇ ਗੁੱਸੇ ਦਾ ਨਤੀਜਾ ਸੀ ਅਤੇ ਕਿਸੇ ਸਿਆਸਦਾਨ ਨੇ ਲੋਕਾਂ ਨੂੰ ਭੜਕਾ ਕੇ ਯੋਜਨਾਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਨਹੀਂ ਕਰਵਾਇਆ। ਅਜਿਹੇ ਵਿੱਚ ਇਹ ਬੁਨਿਆਦੀ ਸਵਾਲ ਉੱਥੇ ਦਾ ਉੱਥੇ ਹੀ ਰਹਿੰਦਾ ਹੈ ਕਿ ਆਖਿਰ ਇਸ ਘਟਨਾਕ੍ਰਮ ਦੌਰਾਨ ਨਿਦਰੋਸ਼ ਲੋਕਾਂ ਦੇ ਕਤਲੇਆਮ ਦਾ ਜ਼ਿੰਮੇਵਾਰ ਕੌਣ ਸੀ। ਭਾਵੇਂ ਸਿਆਸੀ ਧਿਰਾਂ ਇਸ ਕਤਲੇਆਮ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾ ਕੇ ਚੋਣਾਂ ਸਮੇਂ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੀਆਂ ਹਨ ਪਰ ਅਸਲ ਵਿੱਚ ਇਸ ਸਭ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਬਹੁਤ ਪਹਿਲਾਂ ਹੀ ਕਰ ਲਈ ਗਈ ਸੀ। ‘ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼’ ਨਾਂ ਦੀ ਇਕ ਮਨੁੱਖੀ-ਅਧਿਕਾਰ ਸੰਸਥਾ ਦੇ ਕਾਰਕੁੰਨਾਂ ਨੇ 84 ਕਤਲੇਆਮ ਦੌਰਾਨ ਹੀ ਦਿੱਲੀ ਦੇ ਵੱਖ-ਵੱਖ ਖੇਤਰਾਂ ਦਾ ਮੁਆਇਨਾ ਕਰਕੇ ਇਕ ਪੜਤਾਲੀਆ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਦੋਸ਼ੀਆਂ ਅਤੇ ਉਨ੍ਹਾਂ ਦੀ ਕਾਰਜ-ਸ਼ੈਲੀ ਬਾਰੇ ਤੱਥ-ਭਰਪੂਰ ਜਾਣਕਾਰੀ ਦਿੱਤੀ ਗਈ ਸੀ। ਨਿਖੱਟੂ ਲੀਡਰਾਂ ਦੇ ਗੁੰਮਰਾਹਕੁੰਨ ਬਿਆਨਾਂ ਪਿੱਛੇ ਲੱਗੀ ਸਿੱਖ ਕੌਮ ਨੇ ਇਸ ਅਹਿਮ ਰਿਪੋਰਟ ਵੱਲ ਕਦੇ ਤਵੱਜੋ ਨਹੀਂ ਦਿੱਤੀ। ਇਸਲਈ ਇੰਡੀਆ ਅਵੇਅਰਨੈੱਸ ਦੇ ਹਥਲੇ ਅੰਕ ਵਿੱਚ ਇਸ ਰਿਪੋਰਟ ਦਾ ਮੁੱਖ ਭਾਗ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਅੰਗਰੇਜ਼ੀ ਵਿੱਚ ਪੜ੍ਹਨ ਲਈ ਇਥੇ ਕਲਿਕ ਕਰੋ ਜੀ। ਇਸ ਪੂਰੀ ਰਿਪੋਰਟ ਦਾ ਪੰਜਾਬੀ ਅਨੁਵਾਦ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ।

 

ਜਾਣਕਾਰੀ

ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਜ਼ ਅਤੇ ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼ ਦੀ ਸੱਚਾਈ ਲੱਭਣ ਵਾਲੀ ਟੀਮ ਇਸ ਨਤੀਜੇ ਤੇ ਪਹੁੰਚੀ ਹੈ ਕਿ 1 ਨਵੰਬਰ ਤੋਂ 10 ਨਵੰਬਰ 1984 ਤਕ ਦਿੱਲੀ ਵਿਚ ਹੋਏ ਸਿੱਖਾਂ ਤੇ ਹਮਲੇ ਦਾ ਇੰਦਰਾ ਦੇ ਕਤਲ ਜਾਂ ਉਸ ਬਾਰੇ ਚੁੱਕੇ ਯਕਦਮ ਪ੍ਰਤੀਕਰਮ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ ਜਿਸ ਤਰ੍ਹਾਂ ਕਿ ਸਰਕਾਰ ਨੇ ਕਿਹਾ ਹੈ। ਇਸ ਸਭ ਦੇ ਵਿਚ ਕਾਂਗਰਸ (ਇੰਦਰਾ) ਦੇ ਮੰਨੇ ਪ੍ਰਮੰਨੇ ਰਾਜਨੀਤਕਾਂ ਅਤੇ ਹੋਰ ਪ੍ਰਬੰਧਕੀ ਢਾਂਚੇ ਦੇ ਉਚ-ਅਧਿਕਾਰੀਆਂ ਦੀ ਗਿਣੀ ਮਿਥੀ ਸਕੀਮ ਵਰਤੀ ਗਈ। ਬੇਸ਼ਕ ਪਬਲਿਕ ਵਿਚ ਗੁਸਾ, ਗਿਲਾ ਅਤੇ ਪ੍ਰੇਸ਼ਾਨੀ ਸੀ ਪਰ ਹੋਈਆਂ ਹਿੰਸਾਤਮਕ ਘਟਨਾਵਾਂ ਕਿਸੇ ਪਹਿਲਾਂ ਤੋਂ ਹੀ ਨਿਸ਼ਚਾ ਧਾਰੀ ਬੈਠੇ ਗਰੋਹ ਦਾ ਹੀ ਕੰਮ ਸੀ।

ਉਪਰੋਕਤ ਤਥਾਂ ਦਾ ਅਧਾਰ ਹੈ :

1. ਫਸਾਦਾਂ ਵਿਚ ਫਸੇ ਲੋਕ
2. ਪੁਲੀਸ ਅਫਸਰ ਜਿਹਨਾਂ ਨੇ ਇਹ ਫਸਾਦ ਹਟਾਣੇ ਸਨ।
3. ਫਸੇ ਲੋਕਾਂ ਦੇ ਗੁਆਢੀ
4. ਫੌਜੀ ਬੰਦੇ
5. ਰਾਜਨੀਤਕ ਲੀਡਰ।

ਇਹਨਾਂ ਸਭਨਾ ਨਾਲ ਗਲਬਾਤ ਕਰਕੇ ਇਹ ਨਤੀਜਾ ਕਢਿਆ ਗਿਆ ਕਿ ਦਿੱਲੀ ਦੇ ਉੱਤਰ, ਪੂਰਬ, ਪੱਛਮ ਤੇ ਦੱਖਣ ਵਿਚ ਹੋਏ ਫ਼ਸਾਦਾ ਦਾ ਤੌਰ ਤਰੀਕਾ ਇਕੋ ਜਿਹਾ ਸੀ। ਜਿਹੜਾ ਸਾਬਤ ਕਰਦਾ ਹੇ ਕਿ ਇਸ ਪਿਛੇ ਬੜੇ ਚਲਾਕ ਅਤੇ ਚੁਸਤ ਦਿਮਾਗ ਕੰਮ ਕਰਦੇ ਰਹੇ ਸਨ। ਜਿਥੇ ਜਿਥੇ ਵੀ ਕਾਂਗਰਸ (ਇੰਦਰਾ) ਦੀ ਬਹੁੱਮਤ ਸੀ ਉਥੇ ਹੀ ਫ਼ਸਾਦਾ ਦਾ ਤਰੀਕਾ ਇਕੋ ਸਮਾਨ ਸੀ।

ਕਿਨ੍ਹਾਂ ਸਿੱਖਾਂ ਨੂੰ ਮਾਰਨਾ ਹੈ ? ਇਹ ਵੀ ਇਕ ਸੋਚੀ ਸਮਝੀ ਸਕੀਮ ਸੀ। 1971 ਦੀ ਮਰਦਮਸ਼ੁਮਾਰੀ ਦੀ ਬਿਨਾਂ ਤੇ 25 ਤੋਂ 50 ਸਾਲ ਤਕ ਦੇ ਇਕ ਲੱਖ ਸਿੱਖ ਦਿੱਲੀ ਵਿਚ ਸਨ। ਹੁਣ ਦੇ ਫਸਾਦਾਂ ਵਿਚ ਇਸੇ ਗਰੁਪ ਦੇ ਸਿੱਖ ਮਾਰੇ ਗਏ ਹਨ। ਹਿੰਦੋਸਤਾਨ ਟਾਈਮਜ਼ ਦੇ ਮੁਤਾਬਕ 7 ਨਵੰਬਰ 1984 ਤਕ ਕੁਲ 325 ਮੌਤਾਂ ਹੋਈਆਂ ਜਿਹਨਾਂ ਵਿਚ 46 ਹਿੰਦੂ ਸਨ। ਪਰ ਮੌਕੇ ਦੀ ਸ਼ਨਾਖਤ ਕੀਤਿਆਂ, ਹੋਏ ਨੁਕਸਾਨ ਨੂੰ ਦੇਖਦਿਆਂ, ਬਚੇ ਲੋਕਾਂ ਨਾਲ ਗਲਬਾਤ ਕੀਤਿਆਂ ਅਤੇ ਚਸ਼ਮਦੀਦ ਗਵਾਹਾਂ ਦੀ ਬਿਨਾ ਤੇ ਉਪਰੋਕਤ ਦਸੇ ਕੁਝ ਕਤਲ ਸਚਾਈ ਤੋਂ ਦੂਰ ਲਗਦੇ ਹਨ। ਇਹ ਕਤਲ ਸਹਿਜੇ ਹੀ ਹਜ਼ਾਰਾਂ ਤੋਂ ਉਪਰ ਸਨ।

ਸਭ ਤਰ੍ਹਾਂ ਦੀਆਂ ਮੁਲਾਕਾਤਾਂ ਕਰਨ ਤੋਂ ਬਾਅਦ ਹੋਈਆਂ ਘਟਨਾਵਾਂ ਨੂੰ ਇਕ ਤਰੀਕੇ ਨਾਲ ਉਲੀਕਿਆ ਜਾ ਸਕਦਾ ਹੈ। ਇੰਦਰਾ ਦੀ ਮੌਤ ਤੋਂ ਬਾਅਦ 31 ਅਕਤੂਬਰ ਨੂੰ ਸਭ ਤੋਂ ਪਹਿਲਾਂ ਅਫਵਾਹਾਂ ਉਡਾਣ ਦਾ ਕੰਮ ਅਰੰਭਿਆ ਗਿਆ। ਤਿੰਨ ਅਫਵਾਹਾਂ ਫੈਲਾਈਆਂ ਗਈਆਂ ਕਿ :

1. ਇੰਦਰਾ ਦੇ ਕਤਲ ਉਤੇ, ਦਿੱਲੀ ਦੇ ਸਿੱਖਾਂ ਨੇ ਮਠਿਆਈਆਂ ਵੰਡੀਆਂ ਅਤੇ ਦੀਵੇ ਜਗਾ ਰਹੇ ਹਨ (ਬਾਅਦ ਵਿਚ, ਆਫ਼ਤ ਵਿਚ ਫਸੀਆਂ ਕਾਲੋਨੀਆਂ ਤੋਂ ਦਰਿਆਫਤ ਕਰਨ ਉਤੇ ਉਪਰੋਕਤ ਅਫਵਾਹ ਦਾ ਕੋਈ ਸਬੂਤ ਨਹੀਂ ਮਿਲ ਸਕਿਆ)

2. ਕਿ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀ ਇਕ ਰੇਲਗੱਡੀ ਪੰਜਾਬ ਵਿਚੋਂ ਆ ਕੇ ਪੁਰਾਣੀ ਦਿੱਲੀ ਦੇ ਰੇਵਲੇ ਸਟੇਸ਼ਨ ਉਤੇ ਖੜ੍ਹੀ ਹੈ।

3. ਕਿ ਸਿੱਖਾਂ ਨੇ ਦਿੱਲੀ ਦੇ ਪੀਣ ਵਾਲੇ ਪਾਣੀ ਵਿਚ ਜ਼ਹਿਰ ਮਿਲਾ ਦਿੱਤੀ ਹੈ।

ਪਿਛਲੀਆਂ ਦੋਨਾਂ ਅਫਵਾਹਾਂ ਬਾਰੇ ਸਾਨੂੰ ਸਬੂਤ ਮਿਲੇ ਹਨ ਕਿ ਪੁਲਿਸ ਆਪਣੀਆਂ ਵੈਨਾਂ ਵਿਚ ਲਾਊਡ ਸਪੀਕਰਾਂ ਰਾਹੀਂ ਆਪ ਦਿੱਲੀ ਵਿਚ ਘੁੰਮੱਘੁੰਮ ਕੇ ਲੋਕਾਂ ਨੂੰ ਇਹ ਅਫਵਾਹਾਂ ਸੁਣਾ ਰਹੀ ਸੀ। ਦਿੱਲੀ ਦੇ ਕਈ ਹਿੱਸਿਆਂ ਵਿਚੋਂ ਇਹ ਸਬੂਤ ਮਿਲੇ ਹਨ ਕਿ ਪੁਲਿਸ ਆਪ ਫੋਨ ਕਰਕੇ ਲੋਕਾਂ ਨੂੰ ਦਸ ਵੀ ਰਹੀ ਸੀ ਕਿ ਪਾਣੀ ਨਾ ਪੀਵੋ ਕਿਉਂ ਕਿ ਇਸ ਵਿਚ ਸਿੱਖਾਂ ਨੇ ਜ਼ਹਿਰ ਘੋਲ ਦਿੱਤਾ ਹੈ। ਐਸੀਆਂ ਅਫਵਾਹਾਂ ਨੇ ਲੋਕਾਂ ਦੇ ਮਨ ਬਦਲ ਦਿੱਤੇ।

ਇਹ ਤਾਂ ਪਲੈਨਿੰਗ ਦਾ ਪਹਿਲਾ ਤਰੀਕਾ ਸੀ। ਪਲੈਨਿੰਗ ਦੇ ਦੂਸਰੇ ਤਰੀਕੇ ਰਾਹੀਂ 31 ਅਕਤੂਬਰ ਨੂੰ ਰਾਤੋ ਰਾਤ, ਮੁਨਿਰਕਾ, ਲਾਜਪਤ ਨਗਰ, ਭੋਗਲ, ਜੰਗਪੁਰਾ, ਆਸ਼ਰਮ, ਜਮਨਾ ਪਾਰ ਸ਼ਾਹਦਰਾ ਆਦਿ ਵਿਚ ਵੈਨਾਂ, ਟਰੱਕਾਂ, ਸਕੂਟਰਾਂ ਮੋਟਰ ਸਾਇਕਲਾਂ ਆਦਿ ਰਾਹੀਂ ਸੈਂਕੜੇ ਜਵਾਨ ਪਹੁੰਚ ਗਏ। ਚਸ਼ਮਦੀਦ ਲੋਕਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਕਾਂਗਰਸ (ਇੰਦਰਾ) ਦੇ ਸਰਕਾਰ ਦੇ ਲੀਡਰ ਇਹਨਾਂ ਨੌਜਾਂਵਾਨਾਂ ਦੀ ਅਗਵਾਈ ਕਰਦੇ ਦੇਖੇ ਤੇ ਉਹਨਾਂ ਨੇ ਸਿੱਖਾਂ ਦੇ ਘਰ, ਗੁਰਦੁਆਰੇ, ਦੁਕਾਨਾਂ, ਟਰੱਕ, ਸਕੂਟਰ, ਕਾਰਾਂ ਆਦਿ ਉਤੇ ਪੈਟਰੋਲ ਛਿੜਕੱਛਿੜਕ ਕੇ ਅੱਗ ਲਗਾਈ (ਇਹਨਾਂ ਲੀਡਰਾਂ ਦੇ ਨਾਮ ਅੰਤਕਾ 1 ਵਿਚ ਦਿੱਤੇ ਜਾਣਗੇ। ਇਕ ਸੀਨੀਅਰ ਪੁਲਿਸ ਅਫਸਰ ਨੇ ਦਸਿਆ, (ਉਹ ਆਪਣਾ ਨਾਮ ਗੁਪਤ ਰਖਣਾ ਚਾਹੁੰਦੇ ਹਨ) ਕਿ ਦੁਕਾਨਾਂ ਉਤੇ ਨਾਮ ਹਿੰਦੀ ਜਾਂ ਅੰਗਰੇਜ਼ੀ ਵਿਚ ਹਨ। ਇਹਨਾਂ ਅਨਪੜ੍ਹ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲਗ ਗਿਆ ਕਿ ਇਹ ਦੁਕਾਨ ਸਿੱਖ ਦੀ ਹੈ ਜਾਂ ਹਿੰਦੂ ਦੀ? ਉਹਨਾਂ ਨੂੰ ਕਿਸੇ ਪੜ੍ਹੇ ਲਿਖੇ ਸੱਜਣ ਜਾਂ ਸਥਾਈ ਲੋਕਾਂ ਨੇ ਦਸਿਆ ਕਿ ਉਹ ਕਿਸਦੀਆਂ ਦੁਕਾਨਾਂ ਹਨ। ਤਿਰਲੋਕਪੁਰੀ, ਮੰਗੋਲਪੁਰੀ ਅਤੇ ਜਮਨਾ ਪਾਰ ਦੀਆਂ ਅਬਾਦੀਆਂ ਵਿਚ ਗੁੱਜਰ ਅਤੇ ਜਾਟਾਂ ਨੇ ਅੱਗਾਂ ਲਾਈਆਂ ਜਿਸਦੀ ਅਗਵਾਈ ਕਾਂਗਰਸ (ਇੰਦਰਾ) ਦੇ ਜਾਣੇ-ਪਛਾਣੇ ਲੋਕਾਂ ਨੇ ਕੀਤੀ। ਕਾਂਗਰਸ (ਇੰਦਰਾ) ਦੇ ਸਹਿਮਤੀ ਭੰਗੀਆਂ ਨੇ ਲੁਟ ਮਾਰ ਕੀਤੀ। ਦੱਖਣੀ ਦਿੱਲੀ ਵਿਚ ਡੀ.ਟੀ.ਸੀ. ਦੀਆਂ ਬਸਾਂ ਇਹਨਾਂ ਕੰਮਾਂ ਲਈ ਇਸਤੇਮਾਲ ਕੀਤੀਆਂ ਗਈਆਂ। ਭਲਾ ਡੀ.ਟੀ.ਸੀ. ਨੇ ਇਹਨਾਂ ਮੁਜਰਮਾਂ ਨੂੰ ਬੱਸਾਂ ਇਸਤੇਮਾਲ ਕਰਨ ਲਈ ਕਿਸ ਤਰ੍ਹਾਂ ਦੇ ਦਿੱਤੀਆਂ?

ਹਮਲਾਵਰਾਂ ਦਾ ਸਮਾਜੀ/ਵਿੱਤ ਸੰਗ੍ਰਿਹ

ਤਿਰਲੋਕਪੁਰੀ, ਮੰਗੋਲਪੁਰੀ ਅਤੇ ਜਮਨਾ ਪਾਰ ਦੀਆਂ ਬਸਤੀਆਂ ਵਿਚ ਸਭ ਤੋਂ ਵਧ ਕਤਲੋਗਾਰਤ ਹੋਈ। ਸਭ ਥਾਈ ਇਕੋ ਤਰੀਕਾ ਵਰਤਿਆ ਗਿਆ ਅਤੇ ਨਿਸ਼ਾਨਾ ਬਣਾਏ ਗਏ ਨੌਜਵਾਨ ਸਿੱਖ। ਉਹਨਾਂ ਨੂੰ ਘਸੀਟ ਕੇ ਲਿਆਂਦਾ ਗਿਆ, ਕੁੱਟਿਆ ਗਿਆ ਤੇ ਫਿਰ ਜਿਉਂਦਿਆਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ। ਬੱਚੇ, ਬੁੱਢੇ ਅਤੇ ਔਰਤਾ ਤਕਰੀਬਨ ਨਠਾ ਦਿੱਤੀਆਂ ਗਈਆਂ ਤੇ ਮਕਾਨਾਂ ਨੂੰ ਅੱਗ ਲਾ ਦਿੱਤੀ ਗਈ, ਲੁੱਟੱਮਾਰ ਕਰਨ ਤੋਂ ਬਾਅਦ, ਮੰਗੋਲਪੁਰੀ ਦੇ ਕੁਝ ਇਲਾਕਿਆਂ ਵਿਚ ਤਾਂ ਬੱਚੇ ਵੀ ਮਾਰ ਦਿੱਤੇ ਗਏ ਅਤੇ ਔਰਤਾਂ ਦਾ ਬਹੁਪੁਰਖੀ ਬਲਾਤਕਾਰ (gang rape) ਕੀਤਾ ਗਿਆ।

ਨਵੰਬਰ 6 ਨੂੰ, ਜਦੋਂ ਅਸੀਂ ਮੰਗੋਲਪੁਰੀ ਦੇ ਕਾਂਗਰਸ (ਇੰਦਰਾ) ਦੇ ਦਫਤਰ ਅਗੇ ਗਏ ਤਾ ਹਾਲੇ ਤਕ ਲੁਕ ਸੜ ਰਹੀ ਸੀ ਜਿਥੇ ਕਿ ਚਸ਼ਮਦੀਦ ਗਵਾਹਾਂ ਅਨੁਸਾਰ ਚਾਰ ਸਿੱਖ ਜੀਂਦੇ ਸਾੜੇ ਗਏ ਸਨ। ਤਿਰਲੋਕਪੁਰੀ, ਮੰਗਲੋਪੁਰੀ ਅਤੇ ਸੁਲਤਾਨਪੁਰੀ ਕਾਂਗਰਸ (ਇੰਦਰਾ) ਦੀ ਸਕੀਮ ਅਧੀਨ ਹੀ ਉਸਾਰੇ ਗਏ ਸਨ। ਇਥੇ ਹੀ ਇਸ ਦੀ ਸਭ ਤੋਂ ਵੱਡੀ ਮਦਦ ਕੀਤੀ ਜਾਂਦੀ ਸੀ। ਇਕ ਪੁਰਾਣੇ ਰਾਜਨੀਤਕ ਦੇ ਅਨੁਸਾਰ, ‘‘ਇਹ ਤਿੰਨੋਂ ਬਸਤੀਆਂ ਕਾਂਗਰਸ (ਇੰਦਰਾ) ਦੀਆਂ ਰਖੈਲ ਸਨ’’ ਅਤੇ ਇਥੇ ਹੀ ਕਾਂਗਰਸ (ਇੰਦਰਾ) ਦੇ ਵਰਕਰਾਂ ਅਤੇ ਬਸਤੀ ਦੇ ਬਦਮਾਸ਼ਾਂ ਨੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ।

ਗੁੱਜਰ ਅਤੇ ਜਾਟਾਂ ਨੇ ਇਸ ਮਾਰੱਧਾੜ ਦੀ ਨਫਰੀ ਨੂੰ ਹੋਰ ਵਧਾਇਆ ਅਤੇ ਇਹ ਦੱਖਣੀ ਅਤੇ ਪੱਛਮੀ ਦਿੱਲੀ ਵਿਚ ਬਹੁਤ ਸਰਗਰਮ ਰਹੇ । ਦਿੱਲੀ ਦੇ ਜਿਸ ਹਿੱਸੇ ਵਿਚ ਇਹ ਗੁੱਜਰ ਅਤੇ ਜਾਟ ਰਹਿੰਦੇ ਹਨ ਇਹ ਜ਼ਮੀਨ ਪਹਿਲਾਂ ਉਹਨਾਂ ਦੀ ਹੀ ਸੀ। ਪਰ ਉਪਜਾਊ ਨਾ ਹੋਣ ਕਰਕੇ ਘਟ ਪੈਸਿਆ ਉਤੇ ਸਰਕਾਰ ਨੇ ਖਰੀਦ ਲਈ ਅਤੇ ਬਸਤੀਆਂ ਉਸਾਰ ਦਿੱਤੀਆਂ। ਇਸੇ ਕਰਕੇ ਇਥੋਂ ਜਿੱਤਣ ਵਾਲੇ ਉਮੀਦਵਾਰ ਨੂੰ ਗੁਜਰਾਂ ਅਤੇ ਜਾਟਾਂ ਵਲ ਝੁਕਣਾ ਪੈਂਦਾ ਸੀ। ਇਸ ਇਲਾਕੇ ਦੇ ਪੁਲੀਸ ਵਿਚ ਇਹਨਾਂ ਦੋਨਾਂ ਜਾਤਾਂ ਦੇ ਹੀ ਲੋਕ ਵਧੇਰੇ ਸਨ।

ਇਥੇ ਭੰਗੀ ਅਤੇ ਧਾਨਕ ਵੀ ਰਹਿੰਦੇ ਹਨ। ਧਾਨਕ ਭੰਗੀਆ ਤੋਂ ਵੀ ਨੀਵੀਂ ਜਾਤ ਸਮਝੀ ਜਾਂਦੀ ਹੈ। ਭੰਗੀ ਕਾਂਗਰਸ (ਇੰਦਰਾ) ਦੇ ਮਦਦਗਾਰ ਹਨ ਅਤੇ ਬਾਲਮੀਕੀ ਜਗਜੀਵਨ ਰਾਮ ਦੇ। ਇਕੱਠੇ ਕੀਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਖਿਲਾਫ ਮਾਰ ਧਾੜ ਕਰਨ ਵਿਚ ਭੰਗੀ ਬਹੁਤੇ ਸਨ। ਵੈਸੇ ਦਿੱਲੀ ਦੀ ਵਸੋਂ ਵਿਚ 83% ਹਿੰਦੂ ਹਨ। 7.5% ਸਿੱਖ ਹਨ (ਤਕਰੀਕਬਨ 500,000) ਇਹਨਾਂ ਸਿੱਖਾਂ ਵਿਚੋਂ ਬਹੁਤੇ 1947 ਤੋਂ ਬਾਅਦ ਆ ਕੇ ਵਸੇ ਸਨ ਜਦੋਂ ਕਿ 1947 ਤੋਂ ਪਹਿਲਾਂ ਦਿੱਲੀ ਵਿਚ ਸਿਰਫ 1.2% ਵਸੋਂ ਸਿੱਖਾਂ ਦੀ ਸੀ।

ਪੁਲੀਸ ਦਾ ਹਿੱਸਾ

31 ਅਕਤੂਬਰ ਤੋਂ 4 ਨਵੰਬਰ ਦਾ ਸਮਾਂ ਫਸਾਦਾਂ ਦੇ ਸਿੱਖਰ ਦਾ ਸਮਾਂ ਸੀ। ਇਸ ਸਮੇਂ ਦੌਰਾਨ ਪੁਲੀਸ ਦੀ ਸਾਜਿਸ਼ੀ ਲਾਪਰਵਾਹੀ ਆਪਣੇ ਕਰਤੱਵ ਨੂੰ ਧੋਖਾ ਦੇਣ ਵਾਲੀ ਸੀ। ਜਿਸ ਤਰ੍ਹਾਂ ਕਿ :

1. ਘਟਨਾ ਵਾਲੀ ਥਾਂ ਤੋਂ ਗੈਰਹਾਜ਼ਰ ਹੋਣਾ।
2. ਸਿਰਫ ਦਰਸ਼ਕ ਬਣਕੇ ਤਮਾਸ਼ਾ ਵੇਖਣਾ।
3. ਸਿੱਖਾਂ ਦੇ ਖਿਲਾਫ ਸਿੱਧੀ ਦਖਲਅੰਦਾਜ਼ੀ ਕਰਨੀ।

ਪਹਿਲੀ ਨਵੰਬਰ ਨੂੰ ਜਦੋਂ ਅਸੀਂ ਲਾਜਪਤ ਨਗਰ ਪਹੁੰਚੇ, ਭੜਕੀ ਹੋਈ ਭੀੜ ਦੁਕਾਨਾਂ ਸਾੜ ਅਤੇ ਲੁਟ ਰਹੀ ਸੀ ਅਤੇ ਪੁਲਿਸ ਉਥੋਂ ਗਾਇਬ ਸੀ। ਨੌਜਵਾਨ ਮੁੰਡਿਆਂ ਕੋਲ ਕਿਰਪਾਨਾਂ, ਤ੍ਰਿਸ਼ੂਲ, ਛੁਰੇ ਲੋਹੇ ਦੀਆਂ ਸਲਾਖਾਂ ਅਤੇ ਬਰਛੇ ਸਨ। ਪੁਲਿਸ ਦੀ ਇਕ ਜੀਪ ਕੁਝ ਇਕ ਨਾਗਰਿਕਾਂ ਵਲੋਂ ਕੱਢੇ ਜਾ ਰਹੇ ਸਦਭਾਵਨਾਂ ਦੇ ਜਲੂਸ ਰੋਕ ਕੇ ਖੜ੍ਹੀ ਸੀ (ਇਹੋ ਹੀ ਗਰੁਪ ਬਾਦ ਵਿਚ 1 ਨਵੰਬਰ ਦੀ ਸ਼ਾਮ ਤਕ ‘‘ਨਾਗਰਿਕ ਏਕਤਾ ਮੰਚ’’ ਦੇ ਰੂਪ ਵਿਚ ਸੰਗਠਤ ਹੋ ਗਿਆ ਸੀ।) ਇਹ ਜਲੂਸ ਲਾਜਪਤ ਨਗਰ ਦੀ ਮਾਰਕਿਟ ਵਲ ਵਧਿਆ ਤਾ ਇਕ ਪੁਲਿਸ ਇੰਨਸਪੈਕਟਰ ਨੇ ਇਸਨੂੰ ਰੋਕ ਕੇ ਕਿਹਾ ਕਿ ਸ਼ਹਿਰ ਵਿਚ ਕਰਫਿਊ ਹੈ ਤੇ ਦਫਾ 144 ਲਗੀ ਹੋਈ ਹੈ ਇਸ ਕਰਕੇ ਇਥੋਂ ਤਿੱਤਰ ਹੋ ਜਾਓ। ਜਲੂਸ ਅਧਿਕਾਰੀਆਂ ਨੇ ਕਿਹਾ ਕਿ ਫਿਰ ਉਹ ਜਿਹੜੇ ਲੁਟ ਮਾਰ ਕਰ ਰਹੇ ਹਨ ਉਹਨਾਂ ਬਾਰੇ ਕੀ ਕਨੂੰਨ ਹੈ। ਇੰਨਸਪੈਕਟਰ ਨੇ ਕੋਈ ਜਵਾਬ ਨਾ ਦਿੱਤਾ। ਇਹ ਜਲੂਸ ਵਧਦਾ ਹੋਇਆ ਮਾਰਕਿਟ ਵਿਚ ਪਹੁੰਚਿਆ ਅਤੇ ਲੁਟ ਮਾਰ ਕਰਨ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਇੰਦਰਾ ਨੂੰ ਮਾਰਨ ਵਿਚ ਹਰ ਸਿੱਖ ਦਾ ਹੱਥ ਨਹੀਂ ਹੈ। ਜਲੂਸ ਵਾਲਿਆਂ ਨੇ ‘‘ਹਿੰਦੂ ਸਿੱਖ ਭਾਈ ਭਾਈ’’ ਦਾ ਨਾਹਰਾ ਵੀ ਲਾਇਆ। ਜਦ ਲੋਕ ਇਹਨਾ ਨੂੰ ਸੁਣਨ ਲਗ ਪਏ ਤਾਂ ਭੀੜ ਵਿਚਲੇ ਮੌਕਾਪ੍ਰਸਤ ਵਰਕਰਾਂ ਨੇ ‘‘ਹਿੰਦੂ ਹਿੰਦੂ ਭਾਈ ਭਾਈ’’ ਦਾ ਨਾਹਰਾ ਮਾਰਨਾ ਸ਼ੁਰੂ ਕਰ ਦਿੱਤਾ। ਇਕ ਮਹੱਤਵ ਪੂਰਨ ਗੱਲ ਇਹ ਹੈ ਕਿ ਇਹਨਾਂ ਲੁਟ ਮਾਰ ਕਰਨ ਵਾਲਿਆਂ ਦੇ ਚੇਹਰਿਆਂ ਉਤੇ ਇੰਦਰਾ ਦੀ ਮੌਤ ਦੇ ਅਫਸੋਸ ਦੀ ਕੋਈ ਝਲਕ ਨਹੀਂ ਸੀ। ਇਹਨਾਂ ਦੇ ਚੇਹਰੇ ਹੰਸੂ ਹੰਸੂ ਕਰ ਰਹੇ ਸਨ ਅਤੇ ਫਿਰ ਉਹਨਾਂ ਨੇ ਜਲੂਸ ਕਢਣ ਵਾਲਿਆਂ ਦੀ ਖਿੱਲੀ ਉਡਾਣੀ ਸ਼ੁਰੂ ਕਰ ਦਿੱਤੀ।

ਬਾਹਰਲੀਆਂ ਬਸਤੀਆਂ ਵਿਚ ਪੁਲਿਸ ਨੇ ਸਿੱਧੇ ਤੌਰ ਤੇ ਖੁੱਲ੍ਹ ਕੇ ਸਿੱਖਾਂ ਵਿਰੁੱਧ ਹਿੰਸਾ ਕੀਤੀ। ਫਸਾਦਾਂ ਵਿਚੋਂ ਬਚੇ ਸਿੱਖਾਂ ਨੇ ਦਸਿਆ ਕਿ ਉਹ ਸ਼ੱਕ ਪੈਣ ਉਤੇ ਕਿ ਕਿਤੇ ਫਸਾਦ ਨਾ ਖੜਾ ਹੋ ਜਾਏ, ਉਹ ਪਹਿਲਾਂ ਹੀ ਪੁਲਿਸ ਕੋਲ ਗਏ। ਪਰ ਪੁਲਿਸ ਨੇ ਉਹਨਾਂ ਵਲ ਕੋਈ ਧਿਆਨ ਨਹੀਂ ਦਿੱਤਾ। ਤਿਰਲੋਕਪੁਰੀ ਵਿਚ ਪੁਲਿਸ ਨੇ ਆਪ ਆਪਣੀਆਂ ਜੀਪਾਂ ਵਿਚੋਂ ਪੈਟਰੋਲ ਕਢ ਕੇ ਫਸਾਦੀਆਂ ਨੂੰ ਦਿੱਤਾ। ਤਿਰਲੋਕਪੁਰੀ ਕਲਿਆਣਪੁਰੀ ਦੇ ਥਾਣੇ ਵਿਚ ਆਉਂਦੀ ਹੈ। ਜਿਸ ਵਕਤ ਸਿੱਖ ਲੜਕੀਆਂ ਦਾ ਬਲਾਤਕਾਰ ਹੋ ਰਿਹਾ ਸੀ ਤਾਂ ਇਸ ਥਾਣੇ ਨੇ ਡਿਊਟੀ ਉਤੇ ਆਏ ਸਿਪਾਹੀਆਂ ਨੂੰ ਉਥੋਂ ਵਾਪਸ ਸੱਦ ਲਿਆ। ਕਾਫੀ ਦੇਰ ਬਾਦ ਉਚ ਅਧਿਕਾਰੀਆਂ ਨੇ ਇਸ ਥਾਣੇਦਾਰ ਨੂੰ ਤੇ ਇਸ ਦੇ ਦੋ ਸਹਿਯੋਗੀਆਂ ਨੂੰ ਅਣਗਹਿਲੀ ਕਰਨ ਕਰਕੇ ਮੁਅੱਤਲ ਕਰ ਦਿੱਤਾ ਤੇ ਫਿਰ ਗਿਰਫਤਾਰ ਵੀ ਕਰ ਲਿਆ। ਸੁਲਤਾਨ ਪੁਰੀ ਦੇ ਇਕ ਥਾਣੇਦਾਰ ਨੇ ਦੋ ਸਿੱਖ ਆਪ ਮਾਰੇ ਅਤੇ ਉਹਨਾਂ ਸਿੱਖਾਂ ਤੋਂ ਹਥਿਆਰ ਖੋਹ ਲਏ ਜਿਹੜੇ ਆਈ ਭੀੜ ਦਾ ਮੁਕਾਬਲਾ ਕਰ ਰਹੇ ਸਨ।

ਨਵੰਬਰ 7 ਨੂੰ ਜਦੋਂ ਅਸੀਂ ਸ਼ੱਕਰਪੁਰ ਕੈਂਪ ਵਿਚ ਗਏ ਜਿਹੜਾ ਕਿ ਜਮਨਾ ਪਾਰ ਲੋਨੀ ਰੋਡ ਉਤੇ ਹੈ ਤਾਂ ਉਹਨਾਂ ਨੇ ਸਾਨੂੰ ਦਸਿਆ ਕਿ ਇਕ ਨਵੰਬਰ ਦੀ ਰਾਤ ਨੂੰ ਪੁਲਿਸ ਲਾਊਡ ਸਪੀਕਰਾਂ ਰਾਹੀਂ ਐਲਾਨ ਕਰ ਰਹੀ ਸੀ (ਗਲੀ-ਗਲੀ) ਕਿ ਅਸੀਂ ਸਿੱਖਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਉਹ ਆਪ ਪੜ੍ਹਿਆ ਵਿਚਾਰਨ। ਇਕ ਬਜ਼ੁਰਗ ਔਰਤ ਨੇ ਦੇਖਿਆ ਕਿ ਪੁਲੀਸ ਦੀ ਜੀਪ ਬੰਦੇ ਭਰ ਕੇ ਲੈ ਆਈ ਅਤੇ ਉਹਨਾਂ ਨੇ ਇਕ ਸਿੱਖ ਦੀ ਦੁਕਾਨ ਭੰਨ-ਫੂਕ ਦਿੱਤੀ। ਇਕ ਹੋਰ ਬਸ਼ਿੰਦੇ ਨੇ ਦਸਿਆ ਕਿ ਪੁਲਿਸ ਨੇ ਆਪ ਇਕ ਘੜੀਆਂ ਦੀ ਦੁਕਾਨ ਲੁੱਟੀ ਤੇ ਫਿਰ ਉਸਨੂੰ ਅੱਗ ਲਾ ਦਿੱਤੀ।

ਕੋਟਲਾ ਮੁਬਾਰਕਪੁਰ ਵਿਚ ਇਕ ਘਰੋਗੀ ਨੌਕਰ ਨੇ ਸਾਡੀ ਟੀਮ ਨੂੰ ਦਸਿਆ ਕਿ ਪੁਲਿਸ ਨੇ ਲੁਟ ਮਾਰ ਲਈ ਹੱਲਾਸ਼ੇਰੀ ਦਿੱਤੀ। ਪੁਲਿਸ ਨੇ ਲੁੱਟਮਾਰ ਕਰਨ ਵਾਲਿਆਂ ਨੂੰ ਕਿਹਾ ਕਿ ‘‘ਅਸੀਂ ਤੁਹਾਨੂੰ 36 ਘੰਟੇ ਦਿੱਤੇ ਸਨ। ਜੇਕਰ ਇਤਨਾ ਟਾਇਮ ਸਿੱਖਾਂ ਨੂੰ ਦਿੱਤਾ ਹੁੰਦਾ ਤਾਂ ਉਹਨਾਂ ਨੇ ਸਾਰੇ ਹਿੰਦੂ ਮਾਰ ਦੇਣੇ ਸਨ।’’

ਸਿੱਖਾਂ ਦੇ ਹਿੰਦੂ ਗਵਾਂਢੀਆਂ ਨੇ ਸੂਚਨਾ ਦਿੱਤੀ ਕਿ ਲੁੱਟ-ਖਸੁੱਟ ਅਤੇ ਕਤਲਾਂ ਤੋਂ ਬਾਅਦ ਜਦੋਂ ਸਿੱਖ ਪੁਲਿਸ ਕੋਲ ਐਫ.ਆਈ.ਆਰ. ਦੇ ਤਹਿਤ ਰਿਪੋਰਟ ਲਿਖਵਾਣ ਗਏ ਤਾਂ ਪੁਲਿਸ ਨੇ ਸਾਫ ਇਨਕਾਰ ਕਰ ਦਿੱਤਾ। ਮੰਗੋਲਪੁਰੀ ਵਿਚ ਕੁਝ ਇਕ ਹਿੰਦੂਆਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਝਾੜ ਪਾਈ ਕਿ ‘‘ਤੁਸੀਂ ਸਿੱਖਾਂ ਦੀ ਮਦਦ ਕਿਉਂ ਕਰਦੇ ਹੋ ਤੁਹਾਨੂੰ ਤਾਂ ਸਗੋਂ ਹਿੰਦੂਆਂ ਦੀ ਮਦਦ ਕਰਨੀ ਚਾਹੀਦੀ ਹੈ।’’

ਧਰਮ ਰਾਜ ਪਵਾਰ ਅਤੇ ਰਾਜੀਵ ਪਵਾਰ ਦੋਨੋਂ ਜਾਣੇ ਸੈਕਟਰ ਚਾਰ ਆਰ.ਕੇ. ਪੁਰਮ ਦੇ ਪੁਲੀਸ ਸਟੇਸ਼ਨ ਦੇ ਇਕ ਪ੍ਰਵਾਰ ਨੂੰ ਬਚਾਉਣ ਲਈ ਮਦਦ ਮੰਗਣ ਗਏ। ਇਸ ਪ੍ਰਵਾਰ ਉਤੇ ਕਾਂਗਰਸ (ਇੰਦਰਾ) ਦਾ ਵਰਕਰ ਜਗਦੀਸ਼ ਟੋਕਸ ਹਮਲਾ ਕਰਵਾ ਰਿਹਾ ਸੀ ਅਤੇ ਪੱਥਰ ਵਰ੍ਹਾਂ ਰਿਹਾ ਸੀ। ਪੁਲਿਸ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਦੋ ਸਿਪਾਹੀਆਂ ਨੇ ਉਹਨਾਂ ਨੂੰ ਕਿਹਾ ਕਿ ‘‘ਜਾਟ ਹੋਣ ਦੇ ਨਾਤੇ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਇਹਨਾਂ ਸਿੱਖਾਂ ਨੂੰ ਮਾਰ ਦਿੰਦੇ। ਤੁਸੀਂ ਇਥੇ ਕੀ ਕਰਨ ਆਏ ਹੋ? ਤੁਹਾਨੂੰ ਪਤਾ ਨਹੀਂ ਕਿ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀ ਗੱਡੀ ਪੰਜਾਬੋ ਆ ਕੇ ਦਿੱਲੀ ਸਟੇਸ਼ਨ ਉਤੇ ਖੜ੍ਹੀ ਹੈ?’’

ਜੇਕਰ ਕਿਸੇ ਛੋਟੇ ਪੁਲਿਸ ਅਫਸਰ ਨੇ ਸਿੱਖਾਂ ਦੀ ਮਦਦ ਕਰਨ ਲਈ ਕੁਝ ਕਰਨਾ ਵੀ ਚਾਹਿਆਂ ਤਾ ਉਪਰਲੇ ਵੱਡੇ ਅਫਸਰਾਂ ਨੇ ਕੋਈ ਹਮਦਰਦੀ ਅਤੇ ਸਹਿਯੋਗ ਨਾ ਦਿੱਤਾ। ਇਕ ਸੀਨੀਅਰ ਅਫਸਰ ਨੇ ਸਾਨੂੰ ਦਸਿਆ ਕਿ 31 ਅਕਤੂਬਰ ਅਤੇ 1 ਨਵੰਬਰ 1984 ਨੂੰ ਉਸ ਕੋਲ ਰਿਪੋਰਟ ਆਈ ਕਿ ਤਕਰੀਬਨ 2000 ਤੋਂ ਲੈ ਕੇ 3000 ਤਕ ਬੰਦੇ ਬਿਨਾ ਹੈਟ ਪਾਏ ਸਕੂਟਰਾਂ ਉਤੇ ਮੋਟਰ ਸਾਇਕਲਾਂ ਉਤੇ ਬਜ਼ਾਰਾਂ ਵਿਚ ਘੁੰਮ ਰਹੇ ਹਨ। ਉਸਨੇ ਸੀ.ਆਈ.ਡੀ. ਨਾਲ ਸੰਪਰਕ ਪੈਦਾ ਕੀਤਾ ਤਾਂ ਕਿ ਇਹਨਾਂ ਲੋਕਾਂ ਬਾਰੇ ਪਤਾ ਲਗ ਸਕੇ। ਅਸੀਂ ਉਸ ਅਫਸਰ ਨਾਲ 7 ਨਵੰਬਰ ਨੂੰ ਜਦੋਂ ਗਲ ਕਰ ਰਹੇ ਸਾਂ ਉਸ ਵਕਤ ਤਕ ਸੀ.ਆਈ.ਡੀ. ਨੇ ਉਸ ਨੂੰ ਹਾਲੇ ਤਕ ਕੋਈ ਜਵਾਬ ਨਹੀਂ ਸੀ ਦਿੱਤਾ।

ਪੁਲਿਸ ਬਾਰੇ ਜਦੋਂ ਅਸੀਂ ਦੱਸ ਰਹੇ ਹਾਂ ਤਾਂ ਘਰੇਲੂ ਮੰਤਰੀ ਮੰਡਲ ਦੇ ਵਰਤਾਵ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਘਰੇਲੂ ਮੰਤਰੀ ਮਿਸਟਰ ਨਰਸਿਮਹਾ ਰਾਓ ਨੂੰ ਪੈਰਾ ਮਿਲਟਰੀ ਦਿੱਲੀ ਵਿਚ ਤੈਨਾਤ ਕਰਨ ਲਈ ਤਾਕਤ ਦੇ ਦਿੱਤੀ ਗਈ ਸੀ। ਸਾਨੂੰ ਇਸ ਗਲ ਦਾ ਜਵਾਬ ਨਹੀਂ ਮਿਲਿਆ ਕਿ ਇਕ ਤਜਰਬਾਕਾਰ ਮਨਿਸਟਰ ਹੋਣ ਦੇ ਨਾਤੇ ਉਸਨੇ ਇਹਨਾ ਫਸਾਦਾਂ ਨੂੰ ਜੰਮਦੇ ਹੀ ਖ਼ਤਮ ਕਰਨ ਦਾ ਉਪਰਾਲਾ ਕਿਉਂ ਨਾ ਕੀਤਾ ਅਤੇ ਜ਼ਰੂਰੀ ਕਦਮ ਕਿਉਂ ਨਾ ਉਠਾਏ?

ਪ੍ਰਬੰਧਕੀ ਢਾਂਚੇ ਦਾ ਹਿੱਸਾ

ਪ੍ਰਬੰਧਕੀ ਢਾਂਚੇ ਦੇ ਉਚ ਅਧਿਕਾਰੀਆਂ ਅਤੇ ਕਾਬਜ਼ ਪਾਰਟੀ ਨੇ ਜਾਣ ਬੁਝ ਕੇ ਆਪਣੇ ਫਰਜ਼ ਦੀ ਕੋਤਾਹੀ ਕੀਤੀ। ਵਿਰੋਧੀ ਪਾਰਟੀਆਂ ਦੇ ਮੁਖੀ ਅਤੇ ਉਭਰਵੇਂ ਨਾਗਰਿਕਾਂ ਨਾਲ ਮੁਲਾਕਾਤ ਕਰਨ ੳੇੁਤੇ ਪਤਾ ਲਗਿਆ ਕਿ ਉਹਨਾਂ ਨੇ ਵੀ ਸੀਨੀਅਰ ਮਨਿਸਟਰਾਂ ਨੂੰ ਆਉਣ ਵਾਲੇ ਤੂਫਾਨ ਬਾਰੇ ਚਿਤਾਵਨੀ ਦਿੱਤੀ ਸੀ। ਹੋਮ ਮਨਿਸਟਰ ਨਰਸਿਮਹਾ ਰਾਓ ਨੇ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਬਾਜਪਾਈ ਨੂੰ 31 ਅਕਤੂਬਰ ਦੀ ਸ਼ਾਮ ਨੂੰ ਇਹ ਭਰੋਸਾ ਦਿਵਾਇਆ ਕਿ ਦੋ ਕੁ ਘੰਟੇ ਦੇ ਅੰਦਰ-ਅੰਦਰ ਸਭ ਕੁਝ ਕਾਬੂ ਵਿਚ ਕਰ ਲਿਆ ਜਾਏਗਾ (ਦੀ ਸਟੇਟਸਮੈਨ ਨਵੰਬਰ 10, 1984) ਜਦ ਕਿ ਉਸ ਵਕਤ ਦਿੱਲੀ ਦੇ ਐਡੀਸ਼ਨਲ ਪੁਲਿਸ ਕਮਿਸ਼ਲਰ ਗੋਤਮ ਕੌਲ ਨੇ ਆਲ ਇੰਡੀਅ ਮੈਡੀਕਲ ਇਨਸਟੀਚਿਊਟ ਦੇ ਸਾਹਮਣੇ ਬਿਆਨ ਦਿੰਦਿਆ ਕਿਹਾ ਕਿ ‘‘ਅਸੀਂ ਇਸ ਕਿਸਮ ਦੀ ਹਾਲਤ ਦਾ ਮੁਕਾਬਲਾ ਨਹੀਂ ਕਰ ਸਕਦੇ।’’ (ਇੰਡੀਅਨ ਐਕਸਪ੍ਰੈਸ ਨਵੰਬਰ 1, 1984)

ਇੰਦਰਾ ਗਾਂਧੀ ਦੇ ਕਤਲ ਤੋਂ ਫੌਰਨ ਬਾਦ 31 ਅਕਤੂਬਰ ਨੂੰ ਪ੍ਰਾਈਮ ਮਨਿਸਟਰ ਦੇ ਘਰ ਨੰ: 1 ਸਫ਼ਦਰਜੰਗ ਰੋਡ, ਵਿਚ ਲੈਫਟੀਨੈਂਟ ਗਵਰਨਰ ਪੀ.ਜੀ. ਗਵਾਈ, ਕਾਂਗਰਸ (ਇੰਦਰਾ) ਦੇ ਲੀਡਰ ਐਮ.ਐਲ. ਫੋਤੇਦਾਰ ਅਤੇ ਹੋਰਨਾਂ ਅਫਸਰਾਂ ਦੇ ਨਾਲ ਨਾਲ ਪੁਲਿਸ ਕਮਿਸ਼ਨਰ ਆਦਿ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪੁਲਿਸ ਦੇ ਇਕ ਉਚ ਅਧਿਕਾਰੀ ਨੇ ਉਠਣ ਵਾਲੇ ਤੂਫਾਨ ਬਾਰੇ ਵਾਰਨਿੰਗ ਦਿੱਤੀ ਪਰ ਉਸਦੀ ਵਾਰਨਿੰਗ ਨੂੰ ਇਹਨਾਂ ਉਚ ਅਧਿਕਾਰੀਆਂ ਨੇ ਅਣਸੁਣਿਆ ਕਰ ਦਿੱਤਾ।

ਇਕ ਨਵੰਬਰ 1984 ਨੂੰ ਜਦੋਂ ਸਾਰੀ ਦਿੱਲੀ ਤਕਰੀਬਨ ਜਲ ਰਹੀ ਸੀ ਤਾਂ ਇਕ ਵਿਰੋਧੀ ਪਾਰਟੀ ਦੇ ਐਮ.ਪੀ. ਨੇ ਨਵੇਂ ਨਵੇਂ ਬਣੇ ਮਨਿਸਟਰ ਸ਼ਿਵ ਕੁਮਾਰ ਅਤੇ ਘਰੇਲੂ ਮੰਤਰੀ ਨਰਸਿਮਹਾ ਰਾਓ ਨੂੰ ਫੋਨ ਉਤੇ ਹਾਲਤ ਦਸੀ ਤੇ ਮਿਲਟਰੀ ਸਦਣ ਨੂੰ ਕਿਹਾ। ਦੋਨਾਂ ਨੇ ਉਸ ਐਮ.ਪੀ. ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਮਿਲਟਰੀ ਆ ਰਹੀ ਹੈ ਤੇ ਕਰਫਿਊ ਲਾ ਦਿੱਤਾ ਜਾਏਗਾ (ਉਸੇ 1 ਨਵੰਬਰ ਦੀ ਸ਼ਾਮ ਨੂੰ ਕੁਝ ਉਚ ਅਧਿਕਾਰੀ ਅਤੇ ਹੋਰ ਬੰਦੇ ਭਾਰਤ ਦੇ ਰਾਸ਼ਟਰਪਤੀ ਨੂੰ ਉਸਦੇ ਮਹਿਲ ਦੇ ਵਿਚ ਮਿਲੇ ਤਾਂ ਉਹਨਾਂ ਨੂੰ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਮਿਲਟਰੀ ਸੱਦਣ ਬਾਰੇ ਵਿਚਾਰ ਕਰ ਰਹੇ ਹਾਂ) ਸਾਡੇ ਤਜਰਬੇ ਤੋਂ ਸਾਨੂੰ ਪਤਾ ਲਗਾ ਕਿ ਇਕ ਨਵੰਬਰ ਦੀ ਰਾਤ ਤਕ ਕਨਾਟ ਪਲੇਸ ਦੇ ਏਰੀਏ ਵਿਚ ਪੈਰਾ ਮਿਲਟਰੀ ਅਤੇ ਪੁਲੀਸ ਦੇ ਸਾਹਮਣੇ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਜਾ ਰਹੀਆਂ ਸਨ। ਬਾਦ ਵਿਚ ਸਾਨੂੰ ਪਤਾ ਲੱਗਾ ਕਿ ਫਰੀਦਾਬਾਦ ਦੇ ਡੀ.ਸੀ. ਨੇ ਇਕ ਨਵੰਬਰ ਨੂੰ ਮਿਲਟਰੀ ਮੰਗੀ ਤਾਂ ਤਿੰਨ ਨਵੰਬਰ ਨੂੰ ਉਥੇ ਮਿਲਟਰੀ ਪਹੁੰਚੀ।

ਬੇਸ਼ਕ ਦੋ ਨਵੰਬਰ ਦੇ ਪੇਪਰਾਂ ਨੇ ਇਹ ਲਿਖਿਆ ਕਿ ਕਰਫਿਊ ਲਗ ਗਿਆ ਹੈ, ਦੇਖਦੇ ਸਾਰ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਗਿਆ ਹੈ, 2 ਵਜੇ ਤੋਂ ਮਿਲਟਰੀ ਤੈਨਾਤ ਕਰ ਦਿੱਤੀ ਗਈ ਹੈ। ਪਰ ਅਸਲ ਵਿਚ ਅਸੀਂ ਦੱਖਣੀ ਦਿੱਲੀ ਵਿਚ ਫਸਾਦੀਆਂ ਦੀ ਤਾਦਾਦ ਦੁਗਣੀ ਦੇਖੀ ਅਤੇ ਉਹ ਅਗੇ ਨਾਲੋਂ ਵੀ ਜ਼ਿਆਦਾ ਹੌਂਸਲੇ ਵਿਚ ਸਨ।

ਲਾਜਪਤ ਨਗਰ ਦੀ ਮਾਰਕਿਟ ਵਿਚ ਹਜ਼ਾਰਾਂ ਹਿੰਦੂਆਂ ਨੇ ਤਲਵਾਰਾਂ ਤਿਰਸ਼ੂਲ ਅਤੇ ਸਲਾਖਾਂ ਲੈ ਕੇ ਸੜਕ ਰੋਕ ਲਈ। ਪੁਲਿਸ ਉਥੇ ਮੌਜੂਦ ਸੀ। ਪਰ ਜਦੋਂ ਪੁਲਿਸ ਦਾ ਦਸਤਾ ਪੈਦਲ ਮਾਰਚ ਕਰਦਾ ਆਇਆ ਤਾਂ ਇਹਨਾਂ ਲੋਕਾਂ ਨੇ ਉਹਨਾਂ ਨੂੰ ਥੋੜਾ ਜਿਹਾ ਰਸਤਾ ਦੇ ਦਿੱਤਾ ਅਤੇ ਫਿਰ ਉਸੇ ਤਰ੍ਹਾਂ ਤੈਨਾਤ ਹੋ ਗਏ।

ਦੋ ਨਵੰਬਰ 1984 ਨੂੰ ਸਵੇਰੇ 8:30 ਵਜੇ ਤੋਂ ਬਾਅਦ ਦੋ ਵਿਰੋਧੀ ਪਾਰਲੀਮੈਂਟ ਮੈਂਬਰਾਂ ਨੇ ਸ਼ਿਵ ਕੁਮਾਰ ਅਤੇ ਨਿਰਸਮਹਾ ਰਾਓ ਦੋਨਾਂ ਮਨਿਸਟਰਾਂ ਨੂੰ ਰੇਲਵੇ ਸਟੇਸ਼ਨਾਂ ਉਤੇ ਰਖਿਆ ਦੇ ਪ੍ਰਬੰਧ ਕਰਨ ਲਈ ਬੇਨਤੀ ਕੀਤੀ । ਕੋਈ ਪੁਲਿਸ ਜਾਂ ਮਿਲਟਰੀ ਉਥੇ ਨਾ ਭੇਜੀ ਗਈ। ਹਿੰਦੂਆਂ ਨੇ ਰੇਲਾਂ ਵਿਚੋਂ ਸਿੱਖ ਲਭ ਲਭ ਕੇ ਲਤੋ ਫੜ ਕੇ ਪਾੜ ਸੁੱਟੇ। ਸਰੀਰ ਜਾਂ ਤਾਂ ਸਾੜ ਦਿੱਤੇ ਜਾਂ ਰੇਲਵੇ ਲਾਈਨ ਉਤੇ ਸੁਟ ਦਿੱਤੇ। 43 ਸਿੱਖ ਇਸ ਤਰ੍ਹਾਂ ਮਾਰੇ ਗਏ। ਉਸੇ ਸ਼ਾਮ ਦੂਰ ਦਰਸ਼ਨ (ਟੀ.ਵੀ.) ਉਤੇ ਇਸ ਗਲ ਨੂੰ ਝੁਝਲਾਇਆ ਗਿਆ। ‘‘ਦੀ ਸਟੇਟਸਮੈਨ’’ ਦੇ ਇਕ ਰੀਪੋਰਟਰ ਨੇ ਉਸੇ ਸ਼ਾਮ 3:30 ਵਜੇ ਤੁਗਲਕਾਬਾਦ ਦੇ ਸਟੇਸ਼ਨ ਤੇ ਦੋ ਲਾਸ਼ਾਂ ਸੜਦੀਆਂ ਦੇਖੀਆਂ ਅਤੇ ਪੁਲਿਸ ਉਹਨਾਂ ਦੇ ਸਾਹਮਣੇ ਵਾਲੇ ਪਲੈਟਫਾਰਮ ਉਤੇ ਖਾਮੋਸ਼ ਖੜ੍ਹੀ ਦੇਖ ਰਹੀ ਸੀ।

ਇਸ ਸਭ ਤੋਂ ਇਹ ਹੀ ਨਤੀਜਾ ਨਿਕਲਦਾ ਹੈ ਕਿ ਲੈਫਟੀਨੈਂਟ ਗਵਰਨਰ ਮਿਸਟਰ ਗਵਾਈ ਆਪਣੇ ਆਪ ਕੁਝ ਨਹੀਂ ਸੀ ਕਰ ਸਕਦਾ। ਜਾਂ ਤਾਂ ਮਿਸਟਰ ਨਰਸਿਮਹਾ ਰਾਓ ਨੇ ਉਸ ਨੂੰ ਕੁਝ ਕਰਨ ਲਈ ਕਿਹਾ ਨਹੀਂ ਪਰ ਜੇਕਰ ਕਿਹਾ ਤਾਂ ਕੀ ਉਸਨੇ ਇਨਕਾਰ ਕਰ ਦਿੱਤਾ? ਕੀ ਇਸ ਦੀ ਬਿਨਾ ਉਤੇ ਲੈਫਟੀਨੈਂਟ ਗਵਰਨਰ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ? ਪਰ ਨਵੰਬਰ ਚਾਰ 1984 ਨੂੰ ਸਾਨੂੰ ਦਸਿਆ ਕਿ ਮਿਸਟਰ ਗਵਾਈ ਛੁਟੀ ਉਤੇ ਚਲੇ ਗਏ ਹਨ ਅਤੇ ਮਿਸਟਰ ਐਮ. ਐਮ. ਕੇ. ਵਾਲੀ ਉਹਨਾਂ ਦੀ ਜਗ੍ਹਾ ਉਤੇ ਆ ਗਏ ਹਨ। ਮਿਸਟਰ ਵਾਲੀ ਇਸ ਤੋਂ ਪਹਿਲਾਂ ਹੋਮ ਸੈਕਟਰੀ ਸਨ ਜਿਸ ਨਾਲ ਉਹਨਾਂ ਦੀ ਇਹ ਨੌਕਰੀ ਨੁਕਤਾ ਉਠਾਣ ਵਾਲੀ ਹੈ।

ਅਕਤੂਬਰ 31 ਤੋਂ ਲੈ ਕੇ 3 ਨਵੰਬਰ ਤਕ ਦੀਆਂ ਘਟਨਾਵਾਂ ਹੋਮ ਮਨਿਸਟਰੀ ਦੀਆਂ ਅਣਗਹਿਲੀਆਂ ਅਤੇ ਨਾਕਾਮਯਾਬੀਆਂ ਦਾ ਆਪਣੇ ਆਪ ਵਿਚ ਖੁਦ ਸਬੂਤ ਪੇਸ਼ ਕਰਦੀਆਂ ਹਨ। ਸਾਨੂੰ ਹੈਰਾਨਗੀ ਹੈ ਕਿ ਹੋਮ ਮਨਿਸਟਰੀ ਵਿਚ ਲਗਾ ਹੋਮ ਸੈਕਟਰੀ ਮਿ: ਵਾਲੀ ਉਸ ਆਹੁਦੇ ਉਤੇ ਰਹਿੰਦਾ ਹੋਇਆ ਤਾਂ ਕੁਝ ਕਰ ਨਾ ਸਕਿਆ ਤਾ ਉਸਨੂੰ ਲੈਫਟੀਨੈਂਟ ਗਵਰਨਰ ਕਿਸ ਤਰ੍ਹਾਂ ਲਾ ਦਿੱਤਾ ਗਿਆ? ਚੈਪਟਰ ਤਿੰਨ ਵਿਚ ਦਰਸਾਈਆਂ ਘਟਨਾਂਵਾ ਤੋਂ ਪਤਾ ਲਗਦਾ ਹੈ ਕਿ ਮਿਸਟਰ ਵਾਲੀ ਉਹਨਾਂ ਹੀ ਪੁਰਾਣੀਆਂ ਚਾਲਾਂ ਅਤੇ ਰਵਾਇਤਾਂ ਉਤੇ ਚਲ ਰਿਹਾ ਹੈ।

ਫੌਜ ਦਾ ਹਿੱਸਾ

ਫੌਜੀ ਜ਼ਰੀਏ ਅਤੇ ਅਸਰ ਅਧੀਨ ਆਈਆਂ ਆਬਾਦੀਆਂ ਤੋਂ ਇਨਕੁਆਰੀ ਕਰਨ ਉਤੇ ਸਾਡੇ ਸਾਹਮਣੇ ਦੋ ਸੁਆਲ ਆਉਂਦੇ ਹਨ।

1. ਫੌਜ ਬੁਲਾਉਣ ਵਿਚ ਦੇਰ ਕਿਉਂ ਕੀਤੀ ਗਈ?
2. ਫੌਜ ਦੇ ਆਉਣ ਉਤੇ ਵੀ, ਫੌਜ ਫਸਾਦਾਂ ਉਤੇ ਕਾਬੂ ਕਿਉਂ ਨਾ ਕਰ ਸਕੀ ਅਤੇ ਲੱਗੇ ਕਰਫੀਊ ਨੂੰ ਪੂਰੀ ਤਰ੍ਹਾਂ ਲਾਗੂ ਕਿਉਂ ਨਾ ਕਰ ਸਕੀ?

ਸਰਕਾਰੀ ਪ੍ਰਬੰਧਕੀ ਢਾਂਚੇ ਦੇ ਉਚ ਅਧਿਕਾਰੀਆਂ, ਚਾਰ ਮਨਿਸਟਰਾਂ ਅਤੇ ਦਿੱਲੀ ਦੇ ਪ੍ਰਬੰਧਕੀ ਢਾਂਚੇ ਨੂੰ ਬਾਰ ਬਾਰ ਹੋਣ ਵਾਲੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਗਈ। ਖੁਦ ਜਾ ਕੇ ਉਹਨਾਂ ਨੂੰ ਮਿਲਿਆ ਗਿਆ। ਪਰ ਫਿਰ ਵੀ ਉਹਨਾਂ ਕੀਮਤੀ ਘੰਟਿਆ ਦੌਰਾਨ ਕੋਈ ਵੀ ਸਕਿਊਰਟੀ ਪ੍ਰਬੰਧ ਨਾ ਕੀਤਾ ਗਿਆ।

ਇਕ ਸੀਨੀਅਰ ਸਰਕਾਰੀ ਅਫਸਰ ਦੇ ਮੁਤਾਬਕ ਇਹੋ ਜਿਹੀਆਂ ਹਾਲਤਾਂ ਵਿਚ ਕ੍ਰਿਮੀਨਲ ਪ੍ਰੋਸੀਜਰ ਕੋਡ (ਸੈਕਸ਼ਨ 130-131) ਦੇ ਮੁਤਾਬਿਕ ਐਸ.ਪੀ. ਅਤੇ ਡੀ.ਸੀ. ਕੋਲ ਖਾਸ ਤਾਕਤਾਂ ਦਿੱਤੀਆਂ ਹੋਈਆਂ ਹਨ। ਇਸ ਦੇ ਤਹਿਤ ਉਹ ਘਰੋਗੀ ਲੜਾਈ ਦੌਰਾਨ ਸਿਵਲ ਤਾਕਤ ਦੀ ਮਦਦ ਲਹੀ ਫੌਜ ਸੱਦ ਸਕਦੇ ਹਨ। ਪੈਰਾ ਮਿਲਟਰੀ, ਦਿੱਲੀ ਦੀ ਆਰਮਡ ਫੋਰਸਿਜ਼ ਅਤੇ ਸੀ.ਆਰ.ਪੀ.ਐਫ. ਇਹੋ ਜਿਹੀਆਂ ਹਾਲਤਾਂ ਲਈ ਸਦਾ ਤੱਤਪਰ ਹੁੰਦੀ ਹੈ। ਸਾਡੀ ਜਾਣਕਾਰੀ ਮੁਤਾਬਕ ਉਸ ਵਕਤ ਦਿੱਲੀ ਵਿਚ ਪੂਰੀ ਇਕ ਬ੍ਰਿਗੇਡ ਤਿਆਰ ਖੜੀ ਸੀ। ਜਿਹੜੀ ਕਿ ਫੌਰੀ ਤੌਰ ਉਤੇ ਤਾਇਨਾਤ ਕੀਤੀ ਜਾ ਸਕਦੀ ਸੀ। (ਇਸ ਜਗਾ ਉਤੇ ਫੌਜ ਨੂੰ ਕੌਣ ਸਦ ਸਕਦਾ ਹੈ, ਇਸ ਬਾਰੇ ਸਭ ਨੂੰ ਜਾਣਕਾਰੀ ਹੈ, ਮੈਂ ਇਸ ਦੀ ਤਫਤੀਸ਼ ਵਿਚ ਜਾਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦਾ)।

31 ਅਕਤੂਬਰ ਨੂੰ ਫੌਜ ਚੌਕੰਨੀ ਕਰ ਦਿੱਤੀ ਗਈ ਸੀ। ਜਿਸਦਾ ਮਤਲਬ ਹੈ ਕਿ ਆਗਰਾ ਅਤੇ ਮੇਰਠ ਤੋਂ ਕੁਝ ਇਕ ਘੰਟਿਆ ਵਿਚ ਕਈ ਬਿਰਗੇਡਾਂ ਆ ਸਕਦੀਆਂ ਸਨ। ਇਕ ਸੀਨੀਅਰ ਫੌਜੀ ਅਫਸਰ ਦੇ ਮੁਤਾਬਕ, ਕਰਫਿਊ ਲਾਗੂ ਕਰਨ ਲਈ ਫੌਜ ਦੀ ਨਫਰੀ ਦੀ ਲੋੜ ਨਹੀਂ ਹੁੰਦੀ, ਲੋੜ ਹੁੰਦੀ ਹੈ, ਪੱਕੇ ਇਰਾਦੇ ਅਤੇ ਸਿੱਧੀਆਂ ਤੇ ਸਾਫ ਹਦਾਇਤਾ ਦੀ।

ਰੇਡੀਓ, ਟੀ.ਵੀ. ਅਤੇ ਪੇਪਰਾਂ ਵਿਚ ਦਰਸਾਣ ਦੇ ਬਾਵਜੂਦ ਕਿ, ਦੇਖਦੇ ਸਾਰ ਗੋਲੀ ਮਾਰਨ ਦਾ ਹੁਕਮ ਹੈ। ਅਸਲ ਵਿਚ ਮਿਲਟਰੀ ਨੂੰ ਐਸੀਆਂ ਹਦਾਇਤਾਂ ਨਹੀਂ ਸਨ ਅਤੇ ਨਾ ਹੀ ਪੁਲਿਸ ਨੇ ਫਸਾਦਾਂ ਵਾਲੀ ਜਗਾ ਦੀ ਸਹੀ ਜਾਣਕਾਰੀ ਫੌਜ ਨੂੰ ਦਿੱਤੀ।

ਇਸ ਦੇ ਮੁਕਾਬਲੇ ਕੁਝ ਹੀ ਦਿਨਾਂ ਬਾਦ, ਇੰਦਰਾ ਦੇ ਨਿਕਲੇ ਜਨਾਜ਼ੇ ਦੇ ਰਸਤੇ ਵਿਚ ਖੜ੍ਹੇ ਕਰਨ ਲਈ ਭਾਰਤੀ ਫੌਜ ਦੇ 3000 ਜਵਾਨ ਅਤੇ 1000 ਨੇਵੀ ਤੇ ਹਵਾਈ ਫੌਜ ਦੇ ਜਵਾਨ ਇਹਨਾਂ ਨੂੰ ਬਿਨਾ ਕਿਸੇ ਮੁਸ਼ਕਲ ਦੇ ਮਿਲ ਗਏ ਸਨ।

ਫੌਜ ਨੂੰ ਬੁਲਾਉਣ ਦਾ ਸਿੱਧਾ ਤਰੀਕਾ ਹੈ। ਲੈਫਟੀਨੈਂਟ ਗਵਰਨਰ ਦੇ ਹੋਮ ਮਨਿਸਟਰ ਨਰਸਿਮਹਾ ਰਾਓ ਨੂੰ ਕਾਨੂੰਨ ਅਤੇ ਫਸਾਦਾਂ ਦੀ ਹਾਲਤ ਬਾਰੇ ਦਸਣਾ ਸੀ। ਹੋਮ ਮਨਿਸਟਰ ਨੇ ਡੀਫੈਂਸ ਮਨਿਸਟਰ (ਜੋ ਕਿ ਉਸ ਵਕਤ ਰਾਜੀਵ ਗਾਂਧੀ ਸੀ) ਨੂੰ ਹਾਲਤ ਬਾਰੇ ਦਸਣਾ ਸੀ ਅਤੇ ਡੀਫੈਂਸ ਮਨਿਸਟਰ ਨੇ ਉਸੇ ਵਕਤ ਆਰਮੀ ਕੋਲ ਇਤਲਾਹ ਭੇਜ ਦੇਣੀ ਸੀ।

ਫੌਜ ਦਾ ਕੰਮ ਸਫਲਤਾ ਪੂਰਵਕ ਚਲਾਣ ਲਈ ਇਕ ਕੇਂਦਰੀ ਅਸਥਾਨ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਕਿ 1947 ਵਿਚ ਲਾਰਡ ਮਾਊਂਟਬੈਟਨ ਦੇ ਕਹਿਣ ਉਤੇ ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਭਵਨ ਵਿਚ ਐਸਾ ਅਸਥਾਨ ਕਾਇਮ ਕਰ ਦਿੱਤਾ ਸੀ। ਇਹ ਗਲ ਨਮੂਨੇ ਦੇ ਤੌਰ ਤੇ ਇਸ ਵਕਤ ਨਰਸਿਮਹਾ ਰਾਓ ਨੂੰ ਦਿੱਲੀ ਦੇ ਬਜ਼ੁਰਗ ਨੇ ਦੱਸ ਭੀ ਦਿੱਤਾ ਸੀ।

ਫਿਰ ਵੀ 31 ਅਕਤੂਬਰ ਤੋਂ 4 ਨਵੰਬਰ ਤਕ ਐਸੇ ਕੇਂਦਰੀ ਅਸਥਾਨ ਦਾ ਕੋਈ ਪ੍ਰਬੰਧ ਦਿੱਲੀ ਵਿਚ ਨਹੀਂ ਕੀਤਾ ਗਿਆ। ਇਹਨਾਂ ਦਿਨਾਂ ਵਿਚ ਪੁਲਿਸ ਕਮਿਸ਼ਨਰ ਦਾ ਦਫਤਾਰ ਆਈ.ਟੀ.ਉ. ਪੁਲਿਸ ਹੈਡਕੁਆਰਟਰ ਵਿਚ ਸੀ। ਫੌਜੀ ਕਮਾਂਡਰ ਦਾ ਦਫਤਰ ਧੌਲਾ ਕੂੰਆ ਵਿਚ ਸੀ ਅਤੇ ਲੈਫਟੀਨੈਂਟ ਗਵਰਨਰ ਰਾਜ ਨਿਵਾਸ ਵਿਚ ਸੀ। ਇਹਨਾਂ ਅਣਗਹਿਲੀਆਂ ਕਰਕੇ ਕੋਈ ਵੀ ਸੁਚੱਜਾ ਪ੍ਰਬੰਧ ਨਹੀਂ ਸੀ ਹੋ ਸਕਦਾ ਤੇ ਨਾ ਹੀ ਹੋ ਸਕਿਆ। 4 ਨਵੰਬਰ ਨੂੰ ਇਕ ਮੇਜਰ ਨੇ ਦਸਿਆ ਕਿ ਸ਼ਕਰਪੁਰ ਦੀ ਪੁਲਿਸ ਨਾ ਸਿਰਫ ਸਹਿਯੋਗ ਦੇਣ ਵਿਚ ਨਾਂਹ ਕਰ ਰਹੀ ਸੀ ਬਲਕਿ ਉਹ ਜਾਣ ਬੁੱਝ ਕੇ ਗਲਤ ਜਗ੍ਹਾ ਬਾਰੇ ਫੌਜ ਨੂੰ ਦੱਸ ਦਿੰਦੀ ਸੀ। ਉਸੇ ਦਿਨ ਹੀ ਇਕ ਰਿਪੋਰਟਰ ਨੇ ਸੂਬੇਦਾਰ ਤੋਂ ਲੈ ਕੇ ਮੇਜਰ ਤਕ ਦੇ ਅਫਸਰਾਂ ਨੂੰ ਦੋ ਨਵੰਬਰ ਵਾਲੇ ਦਿਨ ਗੁਆਚੇ ਹੋਏ ਘੁੰਮਦੇ ਹੋਇਆ ਨੂੰ ਦੇਖਿਆ ਉਹਨਾਂ ਦਾ ਨਾ ਤਾਂ ਹੈਡਕੁਆਰਟਰ ਨਾਲ ਸੰਪਰਕ ਰਹਿ ਗਿਆ ਸੀ ਅਤੇ ਨਾ ਹੀ ਬਾਕੀ ਦੀ ਫੌਜ ਨਾਲ। ਇਕ ਮੇਜਰ 1974 ਦਾ ਨਕਸ਼ਾ ਲੈ ਕੇ ਨਵੀਆਂ ਬਣੀਆਂ ਬਸਤੀਆਂ ਨੂੰ ਲੱਭ ਰਿਹਾ ਸੀ।

ਫੌਜੀ ਸੂਤਰਾਂ ਤੋਂ ਸਾਨੂੰ ਪਤਾ ਲਗਿਆ ਕਿ ਫੌਜਾਂ ਨੂੰ ਤਾਇਨਾਤ ਕਰਨ ਦਾ ਅਨੋਖਾ ਢੰਗ ਅਪਣਾਇਆ ਗਿਆ ਸੀ। ਉਹਨਾਂ ਨੂੰ ਸਿਵਲ ਅਫਸਰ ਤਾਇਨਾਤ ਕਰ ਰਹੇ ਸਨ ਅਤੇ ਉਹਨਾਂ ਨੂੰ ਆਮ ਤੌਰ ਤੇ ਸਾੜ ਫੂਕ ਲੁੱਟ ਮਾਰ ਅਤੇ ਕਤਲਾਂ ਤੋਂ ਬਾਅਦ ਉਹਨਾਂ ਬਸਤੀਆਂ ਵਿਚ ਭੇਜ ਦਿੱਤਾ ਜਾਂਦਾ ਸੀ। ਇੰਦਰਾ ਦੇ ਸੰਸਕਾਰ ਲਈ ਆਏ 3000 ਫੌਜੀਆਂ ਦੇ ਆ ਜਾਣ ਉਤੇ ਹੀ ਪੂਰੀ ਤਰ੍ਹਾਂ ਫੌਜ ਤਾਇਨਾਤ ਕੀਤੀ ਗਈ। ਉਪਰੋਕਤ ਗੱਲਾਂ ਨਾਲ ਜਾਣ ਬੁੱਝ ਕੇ ਅਤੇ ਸੋਚੀ ਸਮਝੀ ਸਕੀਮ ਨਾਲ ਲੁੱਟ ਮਾਰ ਹੋ ਲੈਣ ਦੀਆਂ ਘਟਨਾਵਾਂ ਬਾਰੇ ਸ਼ੱਕ ਹੋਰ ਪੱਕਾ ਹੋ ਜਾਂਦਾ ਹੈ।

ਫੌਜ ਨੂੰ ਇਸ ਤਰੀਕੇ ਨਾਲ ਵਰਤਣ ਦਾ ਕੋਈ ਵੀ ਬਹਾਨਾ ਕਿਉਂ ਨਾ ਘੜਿਆ ਜਾਏ, ਕਿਸੇ ਉਤੇ ਇਲਜ਼ਾਮ ਕਿਉਂ ਨਾ ਲਾਇਆ ਜਾਵੇ ਪਰ ਇਕ ਗਲ ਪੱਕੀ ਹੈ ਕਿ ਇਸ ਨਾਲ ਫੌਜ ਦੇ ਵਕਾਰ ਨੂੰ ਬਹੁਤ ਭਾਰੀ ਸੱਟ ਵੱਜੀ ਹੈ। ਜਿਸ ਨਾਲ ਵੀ ਅਸੀਂ ਗਲ ਕੀਤੀ ਹੈ ਉਸੇ ਨੇ ਹੀ ਫੌਜ ਦੀ ਇਸ ਦੁਰਵਰਤੋਂ ਉਤੇ ਗੁੱਸਾ ਪ੍ਰਗਟ ਕੀਤਾ ਹੈ। ਇਹ ਲਗਦਾ ਹੈ ਕਿ ਬੇਸ਼ਕ ਦਿੱਲੀ ਦੇ ਪ੍ਰਬੰਧਕੀ ਢਾਂਚੇ ਕੋਲ ਐਸੀਆਂ ਵਾਰਦਾਤਾਂ ਨੂੰ ਦਬਾਣ ਲਈ ਕਾਨੂੰਨ ਰਾਹੀਂ ਤਾਕਤ ਦਿੱਤੀ ਗਈ ਹੈ। ਪਰ ਉਹਨਾਂ ਨੇ ਇਸ ਬਾਰੇ ਜਾਣਬੁਝ ਕੇ ਅਣਗਹਿਲੀ ਕੀਤੀ ਅਤੇ ਇਸ ਦੇ ਮੁਕਾਬਲੇ ਆਸਾਮ ਵਿਚ ਹਿੰਦੂ ਮੁਸਲਮਾਨਾਂ ਦੇ ਫਸਾਦਾਂ ਵਿਚ ਫੌਜ ਦੀ ਫੌਰਨ ਮਦਦ ਲਈ ਗਈ।

ਹੁਣ ਇਸ ਸੁਆਲ ਦੀ ਖੋਜ ਕਰਨ ਦੀ ਲੋੜ ਹੈ ਕਿ ਦਿੱਲੀ ਦੇ ਪ੍ਰਬੰਧਕਾਂ ਨੇ ਗੁਨਾਹਗਾਰ ਪੁਲਿਸੀਆਂ ਜਾਂ ਫੌਜ ਨੂੰ ਫੌਰੀ ਤੌਰ ਉਤੇ ਬੁਲਾਉਣ ਵਿਚ ਢੀਠਤਾਈ ਕਿਉਂ ਦਿਖਾਈ? 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ ਅਤੇ ਉਸਨੇ ਡੀਫੈਂਸ ਦਾ ਮਹਿਕਮਾ ਆਪਣੇ ਕੋਲ ਰਖਕੇ ਨਰਸਿਮਹਾ ਰਾਓ ਨੂੰ ਹੋਮ ਮਨਿਸਟਰ ਬਣਾ ਦਿੱਤਾ ਸੀ। ਹੁਣ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਭੜਕੇ ਹੋਏ ਫਸਾਦਾਂ ਕਰਕੇ ਅਤੇ ਕਾਨੂੰਨ ਤੋਂ ਬਾਹਰ ਹੋ ਕੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਲੋਕਾਂ ਉਤੇ ਕਾਬੂ ਪਾਣ ਲਈ ਕੀ ਕੀਤਾ ਅਤੇ ਲੈਫਟੀਨੈਂਟ ਗਵਰਨਰ ਨੇ ਹੋਮ ਮਨਿਸਟਰ ਨਰਸਿਮਾ ਰਾਓ ਨੂੰ ਫੌਜ ਸੱਦਣ ਲਈ ਕਿਹਾ? ਕੀ ੳਸ ਦਾ ਆਪਣਾ ਫਰਜ਼ ਨਹੀਂ ਸੀ ਬਣਦਾ ਕਿ ਇਕ ਨਵੰਬਰ ਤਕ ਪੁਲਿਸ ਕਾਬੂ ਨਹੀਂ ਕਰ ਸਕਦੀ ਸੀ ਇਸ ਕਰਕੇ ਫੌਜ ਸਦ ਲੈਣੀ ਚਾਹੀਦੀ ਹੈ। ਹੁਣ ਉਸ ਲੈਫਟੀਨੈਂਟ ਗਵਰਨਰ (ਮਿ. ਗਵਾਈ) ਅਤੇ ਦਿੱਲੀ ਪੁਲਿਸ ਕਮਿਸ਼ਨਰ (ਮਿ. ਸੁਭਾਸ਼ ਟੰਡਨ) ਨੂੰ ਨੌਕਰੀ ਤੋਂ ਬਰਤਰਫ ਕਰਕੇ ਕੇਂਦਰੀ ਸਰਕਾਰ ਆਪਣੀ ਅਣਗਹਿਲੀ ਦੇ ਗੁਨਾਹ ਤੋਂ ਕਿਸ ਤਰ੍ਹਾਂ ਬਚ ਸਕਦੀ ਹੈ? ਜਦ ਕਿ ਬਾਰ ਬਾਰ ਉਹਨਾਂ ਨੂੰ ਹੋ ਰਹੀਆਂ ਘਟਨਾਵਾਂ ਬਾਰੇ ਨਾਲੋਂ ਨਾਲ ਖਬਰਾਂ ਮਿਲ ਰਹੀਆਂ ਸਨ।

ਸਾਡੀ ਟੀਮ ਦੇ ਤਜਰਬੇ ਤੋਂ ਇਹ ਸ਼ਕ ਪੈਦਾ ਹੁੰਦਾ ਹੈ ਕਿ ਦੋਨੋਂ, ਦਿੱਲੀ ਪ੍ਰਬੰਧਕ ਢਾਂਚਾ ਅਤੇ ਕੇਂਦਰੀ ਸਰਕਾਰ, ਨੇ ਆਪਣੀ ਜਿੰਮੇਵਾਰੀ ਨਿਭਾਣ ਤੋਂ ਅਸਮਰਥਾ ਪ੍ਰਗਟਾਈ। ਹੋਰ ਤਾਕਤਾਂ ਨੇ ਜ਼ੋਰ ਫੜ ਕੇ ਫੌਜੀਆਂ ਨੂੰ ਗਲਤ ਤਾਇਨਾਤ ਕਰਵਾਇਆ। 3 ਨਵੰਬਰ 1984 ਨੂੰ ਕੁਝ ਇਕ ਦਿੱਲੀ ਵਸਨੀਕ ਤਿਰਲੋਕ ਪੁਰੀ ਗਏ ਜਿਥੇ ਕਿ ਕੁਝ ਇਕ ਬਚੇ ਹੋਏ ਸਿੱਖਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਦੀ ਬਿਨਾ ਤੇ ਫੌਜ ਦੇ ਸਹਾਰੇ ਲਈ ਯਤਨਸ਼ੀਲ ਹੋਣ। ਉਹਨਾਂ ਨੇ ਕੇਂਦਰੀ ਸਰਕਾਰ ਦੇ ਕਈ ਅਫਸਰਾਂ ਨਾਲ ਸੰਪਰਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਨਾ ਹੀ ਕੋਈ ਘਰ ਮਿਲਿਆ ਨਾ ਹੀ ਦਫਤਰਾਂ ਵਿਚ ਮਿਲਿਆ। ਫਿਰ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ, ਜਿਸ ਤਰ੍ਹਾਂ, ਮਿਸਟਰ ਬਿਜੂ ਪਟਨਾਇਕ, ਮਿਸਟਰ ਜਾਰਜ ਫਰਨੈਂਡਿਸ, ਮਿਸਟਰ ਚੰਦਰ ਸ਼ੇਖਰ ਅਤੇ ਮੱਧੂ ਦੰਡਵਤੇ ਨੂੰ ਬੇਨਤੀ ਕੀਤੀ ਤਾਂ ਉਹਨਾਂ ਦੀ ਬਾਰ ਬਾਰ ਕੋਸ਼ਿਸ਼ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਨਿਕਲਿਆ। ਆਪਣੀ ਅਖੀਰੀ ਕੋਸ਼ਿਸ਼ ਵਿਚ ਉਹ ਬੰਦੇ ਪ੍ਰਾਈਮ ਮਨਿਸਟਰ ਦੇ ਘਰ ਨੰ: ਇਕ ਸਫਦਰਜੰਗ ਰੋਡ ਪਹੁੰਚੇ। ਉਥੇ ਉਹ ਕਾਂਗਰਸ (ਇੰਦਰਾ) ਦੇ ਐਮ. ਪੀ. ਮਿਸਟਰ ਅਰੁਨ ਨਹਿਰੂ ਨੂੰ ਮਿਲੇ ਅਤੇ ਤਿਰਲੋਕਪੁਰੀ ਦੇ ਵਸਨੀਕਾਂ ਦੀ ਗਾਥਾ ਸੁਣਾਈ ਤਾਂ ਕਿਤੇ ਜਾ ਕੇ ਉਸਨੇ ਉਥੇ ਮਿਲਟਰੀ ਭੇਜੀ ਪਰ ਉਹ ਵੀ ਸਿਰਫ ਗਸ਼ਤ ਕਰਨ ਲਈ।

ਕਾਂਗਰਸ (ਇੰਦਰਾ) ਦਾ ਹਿੱਸਾ

ਉਪਰ ਦੱਸੇ ਜਾ ਚੁੱਕੇ ਹਾਲਤਾਂ ਦੀ ਬਿਨਾ ਅਤੇ ਅਸਰਥਲੇ ਆਏ ਸਿੱਖਾਂ ਨਾਲ ਮੁਲਾਕਾਤਾਂ ਦੇ ਆਧਾਰ ਤੇ ਇਸ ਨਤੀਜੇ ਉਤੇ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਕਿ ਇਹਨਾਂ ਫਸਾਦਾ ਦੌਰਾਨ ਅਸਲ ਤਾਕਤ ਕਾਂਗਰਸ (ਇੰਦਰਾ) ਦੇ ਹਿਮਾਇਤੀਆਂ ਕੋਲ ਆ ਗਈ ਅਤੇ ਕਾਰਜਕਾਰੀ ਕਰਿੰਦੇ ਦੇਖਦੇ ਹੀ ਰਹਿ ਗਏ। ਹਿੰਦੂਆਂ ਅਤੇ ਸਿੱਖਾਂ ਦੋਨਾਂ ਨਾਲ ਗਲਬਾਤ ਕਰਨ ਮਗਰੋਂ (ਇਨ੍ਹਾਂ ਵਿਚ ਵਧੇਰੇ ਕਾਂਗਰਸ ਇੰਦਰਾ ਪੱਖੀ ਸਨ) ਅਸੀਂ ਇਸ ਨਤੀਜੇ ਉਤੇ ਪਹੁੰਚੇ ਹਾਂ ਕਿ ਕਾਂਗਰਸ (ਇੰਦਰਾ) ਦੇ ਵੱਡੇ ਲੀਡਰਾਂ ਦਾ ਇਹਨਾਂ ਫਸਾਦਾਂ ਨੂੰ ਉਕਸਾਣ ਵਿਚ ਸਿੱਧਾਂ ਹੱਥ ਹੈ। ਮੰਗੋਲਪੁਰੀ ਦੇ ਵਸਨੀਕਾਂ ਨੇ ਖੁਦ ਮੰਨਿਆ ਹੈ ਕਿ ਮਿਸਟਰ ਈਸ਼ਵਰ ਸਿੰਘ (ਕਾਂਗਰਸ ਆਈ ਦੀ ਵੱਡੀ ਤੋਪ) (ਹੋਰ ਨਾਮ ਅਖੀਰ ਉਤੇ ਦਿੱਤੇ ਗਏ ਹਨ) ਖੁਦ ਅੱਗੇ ਹੋ ਕੇ ਫਸਾਦ ਕਰਵਾ ਰਿਹਾ ਸੀ ਐਸੇ ਸਭ ਲੋਕ ਕਾਂਗਰਸ (ਆਈ) ਦੇ ਐਮ.ਪੀ. ਸੱਜਣ ਕੁਮਾਰ ਦੇ ਰਖੇ ਹੋਏ ਲੈਫਟੀਨੈਂਟ ਹਨ। ਸੱਜਣ ਕੁਮਾਰ ਇਸ ਇਲਾਕੇ ਵਿਚੋਂ ਮੈਬਰ ਪਾਰਲੀਮੈਂਟ ਹੈ। ਇਸੇ ਅਨੰਦ ਪ੍ਰਬਤ ਵਿਚੋਂ ਕਾਂਗਰਸ (ਆਈ) ਦੇ ਐਮ.ਪੀ. ਮਿਸਟਰ ਧਰਮ ਦਾਸ ਦੇ ਬੰਦੇ, ਭਿਗਵਾ, ਮਹਿੰਦਰਾ ਤੇ ਮੰਗਤ ਰਾਮ ਦੇ ਨਾਮ ਫਸਾਦ ਕਰਵਾਉਣ ਵਾਲਿਆਂ ਵਿਚ ਆਉਂਦੇ ਹਨ। ਪ੍ਰਕਾਸ਼ ਨਗਰ ਵਿਚ ਕਾਂਗਰਸ (ਆਈ) ਦੇ ਕਰਿੰਦੇ ਵੋਟਰ ਲਿਸਟਾਂ ਹੱਥ ਵਿਚ ਲੈ ਕੇ ਸਿੱਖਾਂ ਦੇ ਘਰਾਂ ਉਤੇ ਨਿਸ਼ਾਨਦੇਹੀ ਕਰਦੇ ਦੇਖੇ ਗਏ। ਗਾਂਧੀ ਨਗਰ ਵਿਚ ਕਾਂਗਸਰਸ (ਆਈ) ਦੀ ਇਕ ਤੋਪ ਸੁਖਨ ਲਾਲ ਨੂੰ ਅੱਗਾਂ ਲਗਵਾਉਂਦੇ ਤੇ ਕਤਲ ਕਰਵਾਂਦਿਆਂ ਲੋਕਾਂ ਨੇ ਆਪ ਦੇਖਿਆ। ਇਸ ਇਲਾਕੇ ਵਿਚੋਂ ਬਚੇ ਸਿੱਖਾਂ ਨੇ ਸ਼ਕਰਪੁਰ ਸ਼ਰਨਾਰਥੀ ਕੈਂਪ ਵਿਚ ਨਵੰਬਰ 6 ਵਾਲੇ ਦਿਨ ਸਾਨੂੰ ਦਸਿਆ ਕਿ ਉਹਨਾਂ ਦੇ ਇਲਾਕੇ ਦੇ ਐਮ.ਪੀ. ਮਿਸਟਰ ਐਚ.ਕੇ.ਐਲ. ਭਗਤ ਦੀ ਦਿਮਾਗੀ ਕਾਢ ਨੇ ਇਹ ਸਾਰਾ ਛੜਯੰਤਰ ਰਚਾਇਆ ਸੀ।

ਇਕ ਨਵੰਬਰ 1984 ਵਾਲੇ ਦਿਨ ਇਕ ਸਤਿਬੀਰ ਸਿੰਘ ਨਾਮੀ (ਜਾਟ) ਕਾਂਗਰਸ (ਆਈ) ਦਾ ਕਰਿੰਦਾ ਬਾਰ ਸਰਾਏ ਵਿਚੋਂ ਬਸਾਂ ਭਰ ਕੇ ਬੰਦੇ ਲਿਆਇਆ ਅਤੇ ਉਹਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਅੱਗ ਲਾਈ, ਬਸਾਂ ਸਾੜੀਆਂ ਅਤੇ ਸਾਰੀ ਰਾਤ ਉਹ ਸਿੱਖਾਂ ਦੇ ਮਾਲ ਅਤੇ ਜਾਨਾਂ ਦੀ ਹੋਲੀ ਖੇਡਦਾ ਰਿਹਾ। ਬਾਦ ਵਿਚ ਇਸ ਦੇ ਨਾਲ ਜਗਦੀਸ਼ ਟੋਕਸ ਕਾਂਗਰਸ (ਆਈ) ਦਾ ਵਰਕਰ, ਆਪਣੇ ਬੰਦੇ ਲੈ ਕੇ ਉਸਦੇ ਨਾਲ ਆ ਰਲਿਆ। ਆਲ ਇੰਡੀਆ ਮੈਡੀਕਲ ਇਸਟੀਚਿਊਟ ਦੇ ਸਾਹਮਣੇ, ਜਿਥੋਂ ਇੰਦਰਾ ਦੀ ਲਾਸ਼ 31 ਅਕਤਬਰ ਨੂੰ ਲਿਜਾਈ ਗਈ, ਅਰਜਨ ਦਾਸ ਨਾਮ ਦਾ ਕਾਂਗਰਸ (ਇੰਦਰਾ) ਦਾ ਕਰਿੰਦਾ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਪੈਦਲ, ਬਸਾਂ ਜਾਂ ਸਕੂਟਰਾਂ ਤੇ ਜਾਂਦੇ ਜਾਂ ਚਲਾਂਦੇ ਹੋਏ ਸਿੱਖਾਂ ਨੂੰ ਫੜਕੇ ਮਾਰਦਾ ਕੁਟਦਾ ਅਤੇ ਸਾੜਦਾ ਆਪ ਦੇਖਿਆ।

ਉਪਰੋਕਤ ਤੱਥਾਂ ਨੂੰ ਇਸ ਅਧਾਰ ਤੇ ਝੁਠਲਾਇਆ ਨਹੀਂ ਜਾ ਸਕਦਾ ਕਿ ਇਹ ਇਕ ਰਾਜਨੀਤਿਕ ਪੈਂਤੜੇ ਵਾਲੀ ਕੋਈ ਸਕੀਮ ਹੈ ਜਿਸ ਨਾਲ ਕਿ ਕਾਂਗਰਸ (ਆਈ) ਨੂੰ ਭੰਡਿਆ ਜਾਏ। ਬਲਕਿ ਉਪਰੋਕਤ ਹਕੀਕਤਾਂ ਨੂੰ ਦੱਸਣ ਵਾਲੇ ਸਿੱਖ ਸ਼ੁਰੂ ਤੋਂ ਹੀ ਕਾਂਗਰਸ (ਆਈ) ਦੇ ਹੀ ਵੋਟਰ ਰਹੇ ਹਨ। ਤਿਰਲੋਕਪੁਰੀ ਅਤੇ ਮੰਗੋਲਪੁਰੀ ਵਿਚਲੇ ਸਿੱਖਾਂ ਦਾ ਚੇਹਰਾ ਹੈਰਾਨਗੀ ਭਰਿਆ ਸੀ ਜਦੋਂ ਉਹਨਾਂ ਨੇ ਸਾਨੂੰ ਦਸਿਆ ਕਿ ‘‘ਸਾਨੂੰ ਇਹ ਘਰ ਇੰਦਰਾ ਜੀ ਨੇ ਆਪ ਅਲਾਟ ਕੀਤੇ ਸਨ। ਅਸੀਂ ਹਮੇਸਾਂ ਉਸਦੀ ਹੀ ਪਾਰਟੀ ਨੂੰ ਵੋਟ ਪਾਏ। ਫਿਰ ਸਾਡੇ ਉਤੇ ਹੀ ਇਹ ਹਮਲੇ ਕਿਉਂ?’’

ਕਾਂਗਰਸ (ਆਈ) ਦੇ ਕਰਿੰਦਿਆਂ ਦੇ ਇਹਨਾਂ ਵਤੀਰਿਆਂ ਦਾ ਸਬੂਤ ਸਾਨੂੰ ਇਸ ਤੋਂ ਵੀ ਮਿਲਿਆ ਜਦੋਂ ਸਾਨੂੰ ਪਤਾ ਲਗਾ ਕਿ ਲਪੇਟ ਵਿਚ ਆਏ ਇਲਾਕਿਆਂ ਦੇ ਐਮ. ਪੀਜ਼ ਥਾਣਿਆਂ ਵਿਚ ਜਾ ਕੇ ਨਵੰਬਰ 3/4 ਨੂੰ ਫੜੇ ਹੋਏ ਫਸਾਦਕਾਰਾਂ ਨੂੰ ਛੁਡਾਣ ਲਈ ਕਈ ਥਾਣੇਦਾਰਾਂ ਉਤੇ ਰੋਹਬ ਪਾ ਰਹੇ ਹਨ। ਨਵੰਬਰ 5 ਨੂੰ ਧਰਮ ਦਾਸ ਸ਼ਾਸਤਰੀ ਕਰੋਲ ਬਾਗ ਥਾਣੇ ਵਿਚ ਇਸੇ ਕੰਮ ਲਈ ਗਿਆ (ਇੰਡੀਅਨ ਐਕਸਪ੍ਰੈਸ ਨਵੰਬਰ 6, 1984), ਸ਼ਾਸਤਰੀ ਨੇ ਬੇਸ਼ਕ ਇਸ ਤੋਂ ਇਨਕਾਰ ਕੀਤਾ ਹੈ ਇਸੇ ਹੀ ਮੌਕੇ ਉਤੇ ਐਚ.ਕੇ. ਐਲ. ਭਗਤ ਵੀ ਗਾਂਧੀ ਨਗਰ ਥਾਣੇ ਵਿਚ ਇਸੇ ਕੰਮ ਲਈ ਗਿਆ। ਪੁਲਿਸ ਦੇ ਇਕ ਉਚ ਅਧਿਕਾਰੀ ਨੇ ਇਹ ਸਭ ਦਸਦੇ ਹੋਏ ਇਸਨੂੰ ਇਸ ਤਰ੍ਹਾਂ ਵਰਨਣ ਕੀਤਾ ਕਿ ‘‘ਸ਼ੇਰਾਂ ਨੂੰ ਪਿੰਜਰੇ ਵਿਚੋਂ ਆਪ ਛਡ ਦਿੱਤਾ ਹੈ ਤੇ ਹੁਣ ਕਹਿੰਦੇ ਹਨ ਕਿ ਫੜ ਕੇ ਲਿਆਓ।’’

ਇਸੇ ਅਫਸਰ ਨੇ ਦਸਿਆ ਕਿ ਜਦੋਂ ਕੁਝ ਇਕ ਕਾਂਗਰਸ (ਆਈ) ਦੇ ਲੀਡਰ ਇਹਨਾਂ ਲੋਕਾਂ ਨੂੰ ਛੁਡਵਾਉਣ ਲਈ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ, ਉਹ ਪੁਲਿਸ ਦੇ ਨਾਲ ਲੁਟੀ ਹੋਈ ਜਾਇਦਾਦ ਹਾਸਲ ਕਰਨ ਲਈ ਕੁਝ ਇਕ ਘਰਾਂ ਵਿਚ ਚਲਣ ਤਾਂ ਉਹ ਚਸ਼ਮਦੀਨ ਗਵਾਹ ਬਣਨ ਤੋਂ ਇਨਕਾਰੀ ਹੋ ਗਏ।

ਸਾਨੂੰ ਐਸੇ ਕੇਸ ਵੀ ਸੁਨਣ ਵਿਚ ਆਏ ਜਿਥੇ ਕਾਂਗਰਸ (ਆਈ) ਦੇ ਲੀਡਰਾਂ ਦੇ ਨਜ਼ਦੀਕੀ ਸਿੱਖ ਦੋਸਤ ਵੀ ਨਹੀਂ ਬਖਸ਼ੇ ਗਏ। ਪਸ਼ਚਮੀਪੁਰੀ ਵਿਚ ਸੱਜਣ ਕੁਮਾਰ ਦੇ ਘਰ ਇਕ ਖਾਨਦਾਨੀ ਕਾਂਗਰਸੀ ਬਜੁਰਗ ਸਿੱਖ ਮਿਲੇ ਜਿਹਨਾਂ ਦੀ ਦੁਕਾਨ ਸਾੜ ਦਿੱਤੀ ਗਈ ਸੀ ਉਸ ਬਜੁਰਗ ਨੇ ਦਸਿਆ ਕਿ ਉਹਨਾਂ ਨੂੰ ਦੁਕਾਨ ਸਾੜਨ ਵਾਲਿਆਂ ਦਾ ਪਤਾ ਹੈ। ਇਸ ਸੁਆਲ ਤੇ ਕਿ ਉਹਨਾਂ ਨੇ ਕੇਸ ਦਰਜ ਕਿਉਂ ਨਹੀਂ ਕਰਵਾਇਆ ਤਾਂ ਉਹਨਾਂ ਜਵਾਬ ਦਿੱਤਾ ਕਿ ਉਹ ਕਿਸੇ ਅੱਛੇ ਮੌਕੇ ਦੀ ਉਡੀਕ ਵਿਚ ਹਨ। ਮਿਸਟਰ ਸੱਜਣ ਕੁਮਾਰ ਦਾ ਸੈਕਟਰੀ ਸਾਨੂੰ ਇਕ ਪਾਸੇ ਲੈ ਕੇ ਕਹਿਣ ਲੱਗਾ ਕਿ ਇਹ ਕੰਮ ਆਰ.ਐਸ.ਐਸ. ਦਾ ਹੈ। ਪਰ ਉਹ ਉਹਨਾਂ ਦਾ ਨਾਮ ਸਾਨੂੰ ਨਾ ਦੱਸ ਸਕਿਆ। ਕਾਂਗਰਸ (ਆਈ) ਐਮ.ਪੀ. ਸਰਦਾਰ ਚਰਨਜੀਤ ਸਿੰਘ ਦਾ 10 ਕਰੋੜ ਦਾ ਨੁਕਸਾਨ ਹੋਇਆ ਜਦੋਂ ਉਹਨਾਂ ਦੀਆਂ ਸ਼ੁਧ ਪੀਣ ਵਾਲੀਆਂ ਵਸਤਾਂ ਦੀਆਂ ਫੈਕਟਰੀਆਂ ਸਾੜ ਦਿੱਤੀਆਂ ਗਈਆਂ ਅਤੇ ਪੁਲੀਸ ਨੂੰ ਕਈ ਦਫਾ ਫੋਨ ਕੀਤਾ ਕਿ ਲੋਕਾਂ ਦਾ ਗਰੋਹ ਉਹਨਾਂ ਦੀਆਂ ਫੈਕਟਰੀਆਂ ਨੂੰ ਅੱਗ ਲਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਆ ਰਹੀ ਹੈ ਪਰ ਉਹ ਨਾ ਆਈ ਉਹ ਆਪਣੇ ਕਰਤਵ ਵਿਚ ਆਪਣੇ ਇਲਾਕੇ ਦੇ ਲੋਕਾਂ ਵਿਚ ਪੂਰੇ ਨਾ ਉਤਰ ਸਕੇ ਕਿਉਂ ਕਿ ਉਹਨਾਂ ਨੂੰ ਕਿਸੇ ਨੇ ਇਮਦਾਦ ਨਾ ਦਿੱਤੀ (ਸਟੇਟਸਮੈਨ ਨਵੰਬਰ 10, 1984)

ਇਸ ਤਰ੍ਹਾਂ ਲਗਦਾ ਹੈ ਕਿ ਫੈਸਲਾ ਕਰਨ ਵਾਲੇ ਲੋਕਾਂ ਨੂੰ ਪ੍ਰਬੰਧਕੀ ਢਾਂਚੇ ਦੇ ਉਚ ਅਧਿਕਾਰੀਆਂ ਨੇ ਇਹ ਕਹਿ ਦਿੱਤਾ ਸੀ ਕਿ ਫਸਾਦਕਾਰੀਆਂ ਨੂੰ ਪੋਲੇ ਜਿਹੇ ਹੀ ਹੱਥ ਲਾਇਆ ਜਾਏ। ਸੀਲ ਕਰਨ ਉਤੇ ਪਤਾ ਚਲਿਆ ਕਿ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦਾ ਐਲਾਨ ਕਰਵਾਇਆ ਕਿ ਜਿਹਨਾਂ ਲੋਕਾਂ ਨੇ ਲੁਟ ਮਾਰ ਕਰਕੇ ਮਾਲ ਚੋਰੀ ਕੀਤਾ ਹੈ। ਜੇਕਰ ਉਹ ਨਿਸ਼ਚਿਤ ਸਮੇਂ ਤਕ ਸਾਰਾ ਮਾਲ ਵਾਪਸ ਲੈ ਆਣ ਤਾਂ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਏਗਾ। ਇਕ ਉਚ ਪੁਲਿਸ ਅਧਿਕਾਰੀ ਨੇ ਇਸਨੂੰ ‘‘ਖੁਦ ਜ਼ਾਹਰ ਕਰਨ ਵਾਲੀ ਸਕੀਮ’’ ਦਾ ਨਾਮ ਦਿੱਤਾ। ਅਸੀਂ ਮਹਿਸੂਸ ਕਰਦੇ ਹਾਂ ਕਿ ਇਨਸਾਫ ਕਰਨ ਦਾ ਇਹ ਅਜੀਬ ਤਰੀਕਾ ਹੈ। ਕਿਉਂਕਿ ਅਧਿਕਾਰੀ ਇਸ ਸਕੀਮ ਨੂੰ ਚਲਾਣ ਦੇ ਬਾਰੇ (ਕਿਉਂ ਅਤੇ ਕਿਦਾ ਬਾਰੇ ਪੂਰੀ ਤਫਸੀਲ ਨਹੀਂ ਦੇ ਸਕੇ। ਇਸ ਲਈ ਅਸੀਂ ਇਹ ਮਹਿਸੂਸ ਕਰਨ ਲਈ ਮਜ਼ਬੂਰ ਹਾਂ ਕਿ ਇਹ ਜ਼ਰੂਰ ਕਿਸੀ ਅਸਰਦਾਇਕ ਉਚ ਅਧਿਕਾਰੀ ਦੀ ਗਿਣੀ ਮਿਥੀ ਸਕੀਮ ਦੇ ਤਹਿਤ ਹੀ ਹੋ ਰਿਹਾ ਹੈ।)

ਕਾਂਗਰਸ (ਆਈ) ਦੇ ਹਾਈਕਮਾਂਡ ਵਲੋਂ ਆਪਣੇ ਕਰਿੰਦਿਆਂ ਤੇ ਲੀਡਰਾਂ ਬਾਰੇ ਛਾਣਬੀਣ ਕਰਵਾਉਣ ਤੋਂ ਇਨਕਾਰ ਕਰਨਾ, ਉਪ੍ਰੋਕਤ ਸ਼ੱਕਾਂ ਨੂੰ ਹੋਰ ਵਧਾਉਂਦਾ ਹੈ। ਇਥੋਂ ਤਕ ਕਿ ਰਾਜਵੀ ਗਾਂਧੀ ਵੀ ਪਾਰਟੀ ਮੈਂਬਰਾਂ ਉਤੇ ਲਾਏ ਇਲਜ਼ਾਮਾਂ ਨੂੰ ਅੱਖੋ ਉਹਲੇ ਕਰ ਰਿਹਾ ਹੈ। ਨਵੰਬਰ 6, 1984 ਨੂੰ ਚਰਨ ਸਿੰਘ ਨੇ ਹੋਰ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਰਾਜੀਵ ਗਾਂਧੀ ਦਾ ਧਿਆਨ ਕਾਂਗਰਸ (ਆਈ) ਦੇ ਵਰਕਰਾਂ ਉਤੇ ਲਾਏ ਗਏ ਇਲਜ਼ਾਮਾਂ ਵਲ ਦੁਆਇਆ, ਜਿਹੜੇ ਕਿ ਇੰਡੀਅਨ ਐਕਸਪ੍ਰੈਸ ਵਿਚ ਵੀ ਆ ਚੁੱਕੇ ਸਨ, ਤਾਂ ਰਾਜੀਵ ਗਾਂਧੀ ਨੇ ਕਿਹਾ ਕਿ ਉਸ ਨੇ ਇਹਨਾਂ ਬਾਰੇ ਸੁਣਿਆ ਹੈ। ਪਰ ਇੰਡੀਅਨ ਐਕਸਪ੍ਰੈਸ ਵਿਰੋਧੀ ਧਿਰਾਂ ਦਾ ਅਖਬਾਰ ਹੈ। ਜਿਸ ਤਰ੍ਹਾਂ ਕਿ ਨੈਸ਼ਨਲ ਹੈਰਲਡ ਕਾਂਗਰਸ (ਆਈ) ਦਾ ਅਖਬਾਰ ਹੈ। ਦੂਸਰੇ ਦਿਨ ਹੀ ਸਰਵਭਾਰਤੀ ਕਾਂਗਰਸ ਕਮੇਟੀ (ਇੰਦਰਾ) ਦੇ ਹੈਡਕੁਆਰਟਰ ਨੇ ਇਹਨਾ ਸਭ ਇਲਜ਼ਾਮਾਂ ਨੂੰ ਘ੍ਰਿਣਾਤਮਕ ਦਸਦੇ ਹੋਏ ਬਿਆਨ ਦੇ ਦਿੱਤਾ। ਨਵੰਬਰ 8, 1984 ਨੂੰ ਰਾਜੀਵ ਗਾਂਧੀ ਨੇ ਅਖੀਰ ਉਤੇ ਇਨ੍ਹਾਂ ਇਲਜ਼ਾਮਾਂ ਬਾਰੇ ਇਨਕੁਆਇਰੀ ਕਰਵਾਉਣ ਲਈ ਆਪਣੀ ਪਾਰਟੀ ਦੇ ਉਚ ਅਧਿਕਾਰੀਆਂ ਨੂੰ ਕਿਹਾ ਪਰ ਅਜੇ ਤਕ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਛਾਣ ਬੀਣ ਕਿਸ ਆਧਾਰ ਉਤੇ ਹੋਵੇਗੀ।

ਅਸਲ ਵਿਚ ਨਵੰਬਰ 10, 1984 ਨੂੰ ਅਖਬਾਰ ਨਵੀਸਾਂ ਨਾਲ ਗੱਲ ਕਰਦੇ ਹੋਏ, ਮਿਸਟਰ ਜੀ. ਕੇ. ਮੂਨਾਪੁਰ (ਸਰਵ ਭਾਰਤੀ ਕਾਂਗਰਸ ਦੇ ਅਧਿਕਾਰੀ) ਨੇ ਕਿਹਾ ਕਿ ਉਹਨਾ ਕੋਲ ਐਸੀ ਇਨਕੁਆਇਰੀ ਕਰਵਾਉਣ ਲਈ ਕੋਈ ਹਦਾਇਤ ਨਹੀਂ ਪਹੁੰਚੀ।

ਇਹ ਯਕੀਨ ਕਰਨਾ ਔਖਾ ਹੈ ਕਿ ਰਾਜੀਵ ਗਾਂਧੀ ਨੂੰ ਆਪਣੀ ਪਾਰਟੀ ਦੇ ਉਚ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਪੂਰੇ ਪੰਜ ਦਿਨ (ਅਕਤੂਬਰ 31 ਤੋਂ ਲੈ ਕੇ ਨਵੰਬਰ 5 ਤਕ) ਕੁਛ ਪਤਾ ਨਹੀਂ ਲਗਾ। ਇਹ ਆਪ 1982 ਤੋਂ ਸਰਵ ਭਾਰਤੀ ਕਾਂਗਰਸ (ਆਈ) ਦਾ ਮੁੱਖ ਸਕੱਤਰ ਹੈ। ਇਹ ਆਪ ਇਸ ਪਾਰਟੀ ਦੇ ਲਾਏ ਗਏ ਸਿੱਖਲਾਈ ਕੈਂਪਾਂ ਦੀ ਪ੍ਰਧਾਨਗੀ ਕਰਦਾ ਰਿਹਾ ਹੈ। ਅਸੀਂ ਹੈਰਾਨ ਹਾਂ ਕਿ ਐਸੇ ਕੈਂਪ ਵਿਚ ਸਿੱਖਲਾਈ ਲੈ ਚੁਕੇ ਇੰਦਰਾਂ ਗਾਂਧੀ ਦੇ ਕਰਿੰਦੇ ਇਸ ਕਤਲੋਗਾਰਤ ਉਤੇ ਉਤਰ ਸਕਦੇ ਹਨ।

ਵਿਰੋਧੀ ਧਿਰਾਂ ਅਤੇ ਮੀਡੀਏ ਦਾ ਹਿੱਸਾ

ਹਾਲੇ ਅਸੀਂ ਮੀਡੀਆ ਵਲੋਂ ਪਾਏ ਹਿੱਸੇ ਉਤੇ ਪੂਰੀ ਤਫਸੀਲ ਵਿਚ ਨਹੀਂ ਜਾਣਾ ਚਾਹੁੰਦੇ ਪਰ ਥੋੜੇ ਜਿਹੇ ਅੱਖਰ ਇਸ ਵਕਤ ਢੁਕਦੇ ਹਨ। 31 ਅਕਤੂਬਰ 1984 ਵਾਲੇ ਦਿਨ ਅਖਬਾਰਾਂ ਵਿਚ ਪਹਿਲੀ ਸੁਰਖੀ ਇਹ ਆਈ ਕਿ ‘‘ਹਮਲਾ ਕਰਨ ਵਾਲੇ ਦੋ ਸਿੱਖ ਅਤੇ ਸਿਰ ਮੂੰਹ ਮੁੰਨਿਆ ਸਿੱਖ ਹੈ।’’ ਰਿਪੋਰਟਰਾਂ ਨੇ ਇਸ ਖਬਰ ਦਾ ਕੋਈ ਹਵਾਲਾ ਨਾ ਦਿੱਤਾ। ਨਾ ਹੀ ਇਹ ਸਾਬਤ ਕੀਤਾ ਗਿਆ ਕਿ ਸਿਰ ਮੂੰਹ ਮੁੰਨਿਆ ਬੰਦਾ ਸਿੱਖ ਕਿਸ ਤਰ੍ਹਾਂ ਹੋ ਗਿਆ। ਬਾਅਦ ਵਿਚ ਰਿਪੋਰਟਾਂ ਆਈਆਂ ਕਿ ਹਮਲਾਵਰ ਦੋ ਹੀ ਸਿੱਖ ਹਨ। ਤੀਸਰੇ ਬੰਦੇ ਬਾਰੇ ਕੀ ਹੋਇਆ? ਕਿਸੇ ਵੀ ਅਖਬਾਰ ਨੇ ਸ਼ੁਰੂ ਵਿਚ ਕੀਤੀ ਗਲਤੀ ਬਾਰੇ ਕੋਈ ਗੱਲ ਨਹੀਂ ਲਿਖੀ।

ਪਰ ਐਸੀ ਖ਼ਬਰ ਬਾਰੇ ਸਵਾਲ ਇਹ ਉਠਦਾ ਹੈ ਕਿ ਕੀ ਅਖਬਾਰਾਂ ਨੂੰ ਇਹ ਚਾਹੀਦਾ ਸੀ ਕਿ ਉਹ ਹਮਲਾਵਰਾਂ ਨੂੰ ਪੈਂਦੀ ਸਟੇ ਸਿੱਖ ਕਹਿ ਦੇਣ? ਪੰਜਾਬ ਦੀ ਹਾਲਤ ਨੂੰ ਮੱਦੇਨਜ਼ਰ ਰਖਦੇ ਹੋਏ ਇਹ ਜ਼ਰੂਰੀ ਸੀ ਕਿ ਐਸੀ ਖ਼ਬਰ ਦੇਣ ਨਾਲ ਜਾਤੀ ਫਸਾਦ ਸ਼ੁਰੂ ਹੋ ਜਾਣੇ ਸਨ। ਇਥੇ ਇਹ ਜ਼ਰੂਰੀ ਹੈ ਕਿ ਨਵੰਬਰ 1970 ਨੂੰ ਪ੍ਰੈਸ ਇੰਸਟੀਚਿਊਟ ਆਫ ਇੰਡੀਆ ਅਤੇ ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਇਕ ਕਾਨਫਰੰਸ ਹੋਈ ਸੀ। ਉਸ ਵਿਚ ਇਹ ਸਿਫਾਰਸ਼ ਕੀਤੀ ਗਈ ਸੀ ਕਿ ਐਸੀਆਂ ਸਚਾਈਆਂ ਜਿਹਨਾਂ ਨਾਲ ਹਾਲਤ ਬਿਗੜਣ ਦੀ ਸੰਭਾਵਨਾ ਹੋਵੇ ਕੁਛ ਸਮਾਂ ਪਾ ਕੇ ਦਸਣੀਆਂ ਚਾਹੀਦੀਆਂ ਹਨ।

ਅਸੀਂ ਇਸ ਗੱਲ ਉਤੇ ਵੀ ਹੈਰਾਨ ਹਾਂ ਕਿ ਤੀਨ ਮੂਰਤੀ ਵਿਚ ਲਗੇ ਹੋਏ ਨਾਹਰੇ ‘‘ਖੂਨ ਦਾ ਬਦਲਾ ਖੂਨ’’ ਦੂਰਦਰਸ਼ਨ (ਟੀ.ਵੀ.) ਉਤੇ ਦਿਖਾਣ ਦੀ ਇਜਾਜ਼ਤ ਦਿੱਤੀ ਗਈ। ਕਿਉਂ?

ਕੁਝ ਰਿਪੋਰਟਰਾਂ ਨੇ ਇਹ ਜਾਨਣ ਦੀ ਬਜਾਏ ਕਿ ਕਿਹੜਾ ਗਰੁਪ ਜਾਂ ਵਿਆਕਤੀ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਵਿਚ ਹਿੱਸਾ ਲੈ ਰਹੇ ਮਸ਼ਹੂਰ ਰਾਜਨੀਤਕ ਲੀਡਰ ਦਾ ਨਾਮ ਕੀ ਹੈ। ਮਿਸਾਲ ਵਜੋਂ 2 ਨਵੰਬਰ ਨੂੰ ਦਖਣੀ ਦਿੱਲੀ ਦੇ ਕੁਛ ਚਿੰਤਾਜਨਕ ਵਸਨੀਕਾਂ ਨੇ ਸ਼ਾਂਤੀ ਯਾਤਰਾ ਆਰੰਭੀ ਤਾਂ ਉਸ ਵਿਚ ਜਨਤਾ ਪਾਰਟੀ ਦੇ ਲੀਡਰ ਮਿਸਟਰ ਚੰਦਰ ਸ਼ੇਖਰ ਆਦਿ ਆ ਕੇ ਰਲ ਗਏ। ਦੂਸਰੇ ਦਿਨ ਰਿਪੋਰਟਰਾਂ ਨੇ ਇਸਨੂੰ ਜਨਤਾ ਪਾਰਟੀ ਮਾਰਚ ਦਾ ਨਾਮ ਦੇ ਕੇ ਲੋਕਾਂ ਤਕ ਪਹੁੰਚਾਇਆ। ਇਸ ਨਾਲ ਆਰਜ਼ੀ ਤੌਰ ਉਤੇ ਉਹਨਾਂ ਲੋਕਾਂ ਲਈ ਅੜਚਨ ਖੜੀ ਹੋ ਗਈ ਜਿਹੜੇ ਕਿਸੇ ਵੀ ਪਾਰਟੀ ਨਾਲ ਆਪਣਾ ਨਾਮ ਜੋੜਨਾ ਨਹੀਂ ਸੀ ਚਾਹੁੰਦੇ। ਐਸੀ ਚੇਤੰਨਤਾ ਦੀ ਹਾਲੇ ਲੋੜ ਹੈ।

ਹੁਣ ਅਸੀਂ ਆਉਂਦੇ ਹਾਂ ਵਿਰੋਧੀ ਧਿਰਾਂ ਦੇ ਲੀਡਰਾਂ ਉਤੇ। ਸਾਨੂੰ ਅਫਸੋਸ ਨਾਲ ਕਹਿਣਾ ਪਏਗਾ ਕਿ ਇਹ ਲੀਡਰ 31 ਅਕਤੂਬਰ ਤੋਂ ਲੈ ਕੇ 5 ਨਵੰਬਰ ਤਕ ਸਮੇਂ ਦੀ ਪੁਕਾਰ ਨਾਲ ਉਤਾਂਹ ਨਹੀਂ ਉਠ ਸਕੇ। ਬੇਸ਼ਕ ਇਹਨਾਂ ਕੋਲ ਸਾਰੀਆਂ ਖ਼ਬਰਾਂ ਹਰ ਘੰਟੇ ਪਹੁੰਚ ਰਹੀਆਂ ਸਨ, ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਫਸਾਦਾਂ ਵਾਲੀ ਜਗ੍ਹਾ ਉਤੇ ਜਾ ਕੇ ਕੁਛ ਕਰਨ। ਬਲਕਿ ਉਹਨਾਂ ਨੂੰ ਰਾਜੀਵ ਗਾਂਧੀ ਦੇ ਨਾਲ-ਨਾਲ ਇਹ ਹੀ ਕਹਿਣ ਵਿਚ ਦਿਮਾਗੀ ਸ਼ਾਂਤੀ ਮਿਲ ਗਈ ਕਿ ਸ਼ਾਂਤੀ ਰੱਖੀ ਜਾਏ।

3 ਨਵੰਬਰ ਨੂੰ, ਤ੍ਰਿਲੋਕਪੁਰੀ ਦੇ ਭਿਆਨਕ ਕਾਰੇ ਤੋਂ ਬਾਅਦ ਕੁਛ ਚਿੰਤਾਜਨਕ ਨਾਗਰਿਕ ਵਿਰੋਧੀ ਧਿਰਾਂ ਦੇਲੀਡਰਾਂ ਕੋਲ ਗਏ। ਕੁਛ ਇਕ ਨੇ ਜਨਤਾ ਪਾਰਟੀ ਦੇ ਚੰਦਰਸ਼ੇਖਰ ਨੂੰ ਕਿਹਾ ਕਿ ਉਹ ਉਹਨਾਂ ਨਾਲ ਤੀਨ ਮੂਰਤੀ ਭਵਨ ਵਿਚ ਜਾਣ ਵਾਲੇ ਵਫਦ ਦੇ ਨਾਲ ਤੁਰ ਪੈਣ। ਪਰ ਉਹ ਖੜੇ ਹੋਏ ਅਤੇ ਹੱਥ ਜੋੜਦੇ ਕਹਿਣ ਲੱਗੇ ‘‘ਮੈਂ ਨਹੀਂ ਕਰ ਸਕਦਾ ਮੈਂ ਨਹੀਂ ਚਾਹੁੰਦਾ ਕਿ ਇੰਦਰਾ ਗਾਂਧੀ ਦੇ ਸੰਸਕਾਰ ਨੂੰ ਖ਼ਰਾਬ ਕਰਨ ਵਾਲਿਆਂ ਵਿਚ ਉਸਦਾ ਨਾਮ ਆਵੇ।’’

ਜਨਤਾ ਦਾ ਹਿੱਸਾ

31 ਅਕਤੂਬਰ ਤੋਂ ਲੈ ਕੇ 5 ਨਵੰਬਰ ਤਕ ਹੋਣ ਵਾਲੇ ਕਾਰਨਾਮਿਆਂ ਨੇ ਬੇਸ਼ਕ ਸਾਰੀ ਦਿੱਲੀ ਹਿਲਾ ਦਿੱਤੀ ਅਤੇ ਇਸ ਦਾ ਕਾਰਨ ਕੁਛ ਵੀ ਹੋ ਸਕਦਾ ਹੈ। ਪਰ ਇਸ ਗੱਲ ਨੂੰ ਉਹਲੇ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਦੋ ਕੁ ਸਾਲ ਵਿਚ ਵਾਪਰੀਆਂ ਪੰਜਾਬ ਦੀਆਂ ਘਟਨਾਵਾਂ ਨੇ ਹਿੰਦੂਆਂ ਦੇ ਇਕ ਬਹੁਤ ਵੱਡੇ ਹਿੱਸੇ ਵਿਚ ਸਿੱਖਾਂ ਬਾਰੇ ਸ਼ੱਕ ਅਤੇ ਤਲਖੀ ਪੈਦਾ ਕਰ ਦਿੱਤੀ ਸੀ।

ਸਿੱਖਾਂ ਦੀਆਂ ਆਰਥਿਕ ਅਤੇ ਰਾਜਨੀਤਕ ਮੰਗਾਂ ਨੂੰ ਨਾ ਸੁਲਝਾ ਕੇ ਅਤੇ ਸਿੱਖ ਅਤਿਵਾਦੀਆਂ ਤੇ ਹਿੰਦੂ ਫਿਰਕੂਪੁਣੇ ਨੂੰ, ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾਕੇ, ਵਧਾਵਾਂ ਦੇਣ ਵਿਚ ਕਾਬਜ਼ ਕੇਂਦਰੀ ਪਾਰਟੀ ਨੇ ਫਿਰਕੂਪੁਣੇ ਦਾ ਨਫਰਤ ਦਾ ਬੀਜ ਹਿੰਦੂਆਂ ਅਤੇ ਸਿੱਖਾਂ ਵਿਚ ਬੀਜ ਦਿੱਤਾ ਸੀ।

ਨਤੀਜੇ ਦੇ ਤੌਰ ਉਤੇ 31 ਅਕਤੂਬਰ ਨੂੰ ਇੰਦਰਾ ਦਾ ਕਤਲ ਹੋਣ ਉਤੇ, ਸਿੱਖਾਂ ਉਤੇ ਜਾਣੀ ਬੁਝੀ ਸਕੀਮ ਰਾਹੀਂ ਹਮਲੇ ਸ਼ੁਰੂ ਹੋ ਗਏ ਅਤੇ ਹਿੰਦੂ ਜਨਤਾ ਆਮ ਤੌਰ ਉਤੇ ਇਹ ਮਨ ਬਣਾ ਹੀ ਚੁਕੀ ਲਗਦੀ ਸੀ। ਦਿੱਲੀ ਦੇ ਕੁਛ ਇਕ ਮਸ਼ਹੂਰ ਹਿੰਦੂਆਂ ਨੇ ਐਸੇ ਬਣੇ ਹੋਏ ਮਨਾਂ ਬਾਰੇ ਸਹਿਮਤੀ ਪ੍ਰਗਟ ਕੀਤੀ ਹੈ। ਇੰਡੀਅਨ ਪੁਲਿਸ ਸਰਵਿਸਿਜ਼ ਦੇ ਇਕ ਅਫਸਰ ਨੂੰ ਅਸੀਂ ਇਹ ਕਹਿੰਦੇ ਸੁਣਿਆ ਹੈ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਸਿੱਖਾਂ ਨੂੰ ਸਬਕ ਸਿੱਖਾਇਆ ਜਾ ਸਕੇ। ਜਨੀਵਾ ਵਿਚ ਹਿੰਦੁਸਤਾਨ ਵਲੋਂ ਕੰਮ ਕਰਦੇ ਸੰਯੁਕਤ ਮਹਾਂ ਰਾਸ਼ਟਰ ਦੇ ਇਕ ਹਿੰਦੁਸਤਾਨੀ ਨੇ ਇੰਦਰਾ ਦੇ ਸੰਸਕਾਰ ਵਿਚ ਸ਼ਾਮਲ ਹੁੰਦੇ ਹੋਏ ਸਾਡੀ ਟੀਮ ਦੇ ਇਕ ਮੈਂਬਰ ਨੂੰ ਕਿਹਾ ਕਿ ਇਹ ਫਸਾਦ ਸਿੱਖਾਂ ਨੂੰ ਸਬਕ ਸਿੱਖਾਣ ਲਈ ਹੀ ਕਰਵਾਏ ਗਏ ਹਨ। ਜਦੋਂ ਉਹਨੂੰ ਇਹ ਪੁਛਿਆ ਗਿਆ ਕਿ ਇਸ ਨਾਲ ਆਮ ਸਾਧਾਰਨ ਸਿੱਖ ਵੀ ਨਪੀੜ ਹੋ ਰਿਹਾ ਹੈ ਤਾਂ ਉਸਨੇ ਕਿਹਾ ‘‘ਕੌਣ ਨਪੀੜ ਹੋ ਰਿਹਾ ਹੈ?’’ ਪੰਜਾਬ ਵਿਚਲੀਆਂ ਅਤਿਵਾਦੀ ਕਾਰਵਾਈਆਂ ਨੇ ਸ਼ਾਇਦ ਕਈ ਜ਼ਿੰਮੇਵਾਰ ਹਿੰਦੂਆਂ ਉਤੇ ਫਿਰਕੂ ਜਨੂਨ ਚੜਾ ਦਿੱਤਾ ਸੀ ਅਤੇ ਉਹ ਬਦਲੇ ਦੀ ਭਾਵਨਾ ਵਿਚ ਅੰਨੇ ਹੋ ਚੁੱਕੇ ਸਨ।

ਸਿੱਖਾਂ ਦਾ ਗਵਾਂਢੀ ਹਿੰਦੂਆਂ ਬਾਰੇ ਕੀ ਨਜ਼ਰੀਆ ਹੈ? ਗੁੜਗਾਵਾਂ ਦੇ ਪੀੜਤ ਸਿੱਖਾਂ ਨੇ ਦਸਿਆ ਕਿ ‘‘ਉਹ ਆਪਣੇ ਘਰਾਂ ਦੀਆਂ ਛਤਾਂ ਉਤੇ ਖੜੇ ਸਾਡੇਸੜਦੇ ਘਰ ਦੇਖਦੇ ਰਹੇ, ਜਿਸ ਤਰ੍ਹਾਂ ਕਿ ਉਹ ਗਣਤੰਤਰਤਾ ਦਿਵਸ ਦੀ ਪਰੇਡ ਦੇਖ ਰਹੇ ਹੋਣ।’’

ਹਿੰਦੂਆਂ ਦੇ ਐਸੇ ਚਿੱਤ ਨੇ ਹਰ ਤਰ੍ਹਾਂ ਦੀਆਂ ਅਫਵਾਹਾਂ ਉਤੇ ਯਕੀਨ ਕਰ ਲਿਆ ਕਿ ਸਿੱਖਾਂ ਨੇ ਪਾਣੀ ਵਿਚ ਜ਼ਹਿਰ ਮਿਲਾ ਦਿੱਤਾ ਹੈ ਅਤੇ ਇਹ ਗਲੀਆਂ ਵਿਚ ਹਿੰਦੂਆਂ ਉਤੇ ਹਮਲਾ ਕਰਨ ਲਈ ਤੁਰਦੇ ਫਿਰਦੇ ਹਨ। ਇਹੋ ਜਿਹੀਆਂ ਅਫਵਾਹਾਂ ਨੇ ਨੌਜਵਾਨ ਹਿੰਦੂਆਂ ਨੂੰ ਸਿੱਖਾਂ ਉਤੇ ਹਮਲਾ ਕਰਨ ਲਈ ਹੋਰ ਵੀ ਉਕਸਾਹਟ ਦੇ ਦਿੱਤੀ।

ਪ੍ਰਬੰਧਕੀ ਢਾਂਚੇ ਦੇ ਹੇਠਲੇ ਹਿੱਸੇ ਵਿਚ ਸਿੱਖਾਂ ਸੰਬੰਧੀ ਜ਼ਾਤੀ ਨਫਰਤ ਘਰ ਕਰ ਚੁੱਕੀ ਸੀ ਜਿਸਦਾ ਸਬੂਤ ਪੁਲਿਸ ਦੇਤਿੰਨ ਚਾਰ ਦਿਨਾਂ ਦੇ ਵਰਤਾਵ ਤੋਂ ਮਿਲਦਾ ਹੈ ਜਿਹਨਾਂ ਨੂੰ ਉਹਨਾਂ ਦੇ ਉਚ ਅਧਿਕਾਰੀਆਂ ਨੇ ਖੁੱਲ ਦੇ ਦਿੱਤੀ ਸੀ।

ਸਿੱਖਾਂ ਦੇ ਖਿਲਾਫ ਬਣੇ ਹੋਏ ਐਸੇ ਮਾਹੌਲ ਵਿਚ ਕਿਸੇ ਵੀ ਸਤਾਧਾਰੀ ਗਰੁੱਪ ਨੂੰ, ਸਾਜਿਸੀ ਤਰੀਕੇ ਨਾਲ ਖੂਨ ਖਰਾਬਾ ਅਤੇ ਲੁਟਮਾਰ ਕਰਨ ਵਿਚ ਬਹੁਤ ਹੀ ਆਸਾਨੀ ਸੀ।

ਸਿੱਖਾਂ ਖਿਲਾਫ ਫੈਲੀਆਂ ਭਾਵਨਾਵਾਂ ਨੂੰ ਇਸ ਗੱਲ ਨਾਲ ਵੀ ਹੱਲਾ ਸ਼ੇਰੀ ਮਿਲੀ ਜਦੋਂ ਉਹਨਾਂ ਨੂੰ ਪਤਾ ਲਗਾ ਕਿ ਇੰਦਰਾ ਦੇ ਕਤਲ ਵਿਚ ਸਿੱਖ ਖੁਸ਼ ਹਨ। ਲੁੱਟਮਾਰ ਕਰ ਰਹੇ ਹਿੰਦੂਆਂ ਨੂੰ ਸਿੱਖਾਂ ਦੇ ਰੋਕਣ ਨਾਲ ਹੋਰ ਰੋਹ ਚੜਿਆ ਕਿਉਂਕਿ ਉਹਨਾਂ ਨੂੰ ਪੁਲਿਸ ਦੀ ਹਿਫਾਜ਼ਤ ਮਿਲਣ ਦੀ ਪੂਰੀ ਖਬਰ ਸੀ। ਕੁਛ ਬਸਤੀਆਂ ਵਿਚ ਸਿੱਖਾਂ ਦੇ ਭੰਗੜੇ ਪਾਏ ਜਾਣ ਬਾਰੇ ਵੀ ਜ਼ਿੰਮੇਵਾਰ ਸੱਜਣਾਂ ਨੇ ਸਾਨੂੰ ਦੱਸਿਆ। ਇਸ ਸਭ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ।

ਪਰ ਇਹ ਸਭ ਇੰਨੇ ਛੋਟੇ ਪੈਮਾਨੇ ਉਤੇ ਸੀ ਕਿ ਸਾਰੇ ਹਿੰਦੁਸਤਾਨ ਭਰ ਵਿਚ ਉਸੇ ਦਿਨ, ਉਸੇ ਸਮੇਂ ਅਤੇ ਉਸੇ ਤਰੀਕ ਨੂੰ ਸਿੱਖਾਂ ਉਪਰ ਹੋਏ ਹਮਲੇ ਨੂੰ ਨਹੀਂ ਦਰਸਾ ਸਕਦਾ। ਜਿਸ ਨਾਲ ਇਹ ਲਗਦਾ ਹੈ ਇਹ ਗਿਣੀ ਮਿਥੀ ਸਾਜ਼ਸ ਸੀ।

ਇਸ ਸਭ ਦੇ ਦੌਰਾਨ ਹੌਸਲਾ ਅਫਜਾਈ ਵਾਲੀ ਗੱਲ ਸਿਰਫ ਉਹਨਾਂ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਆਉਂਦੀ ਹੈ ਜਿਹਨਾਂ ਨੇ ਸਿੱਖਾਂ ਦੀ ਮਦਦ ਕੀਤੀ। ਸ਼ਰਨਾਰਥੀ ਕੈਂਪਾਂ ਵਿਚ ਸਾਨੂੰ ਕਈ ਐਸੇ ਸਿੱਖ ਮਿਲੇ ਜਿਹਨਾਂ ਕਿਹਾ ਕਿ ਜੇਕਰ ਸਾਡੇ ਗਵਾਂਡੀ ਹਿੰਦੂ ਜਾਂ ਮੁਲਸਮਾਲ ਐਸੇ ਨਾ ਹੁੰਦੇ ਤਾਂ ਸਾਡਾ ਵੀ ਕਤਲ ਹੋ ਜਾਣਾ ਸੀ।

ਤਿੰਨ ਨਵੰਬਰ 1984 ਨੂੰ ਅਸੀਂ ਕਲਿਆਣਪੁਰੀ ਪੁਲਿਸ ਸਟੇਸ਼ਨ ਸਾਹਮਣੇ ਐਸੇ ਹਿੰਦੂ ਪ੍ਰਵਾਰ ਨੂੰ ਮਿਲੇ ਜਿਹਨਾਂ ਦਾ ਘਰ ਇਸ ਕਰਕੇ ਸਾੜ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਸਿੱਖ ਗਵਾਂਢੀ ਨੂੰ ਸ਼ਰਨ ਦਿੱਤੀ ਸੀ।

ਭੋਗਲ ਦੇ ਇਕ ਡਾਕ ਕਰਮਚਾਰੀ ਨੇ ਦਸਿਆ ਕਿ ਕਿਸ ਤਰ੍ਹਾਂ ਉਸਦਾ ਘਰ ਅੱਧਾ ਕੁ ਸੜ ਗਿਆ, ਜਦੋਂ ਉਸਨੇ ਦੋ ਸਿੱਖਾਂ ਦੀ ਮਦਦ ਕੀਤੀ। ਫੌਜ ਦੀ ਸਹਾਇਤਾ ਨਾਲ ਉੇਸਨੇ ਉਹ ਦੋਨੋਂ ਸਿੱਖ ਆਪਣੇ ਪਿੰਡ (ਫਰੀਦਾਬਾਦ ਕੋਲ) ਪਹੁੰਚਾ ਦਿੱਤੇ ਸਨ।

ਤਿੰਨ ਨਵੰਬਰ ਨੂੰ ਸਾਡੀ ਟੀਮ ਦੇ ਦੋ ਐਸੇ ਸਿੱਖ ਪ੍ਰਵਾਰ ਲੱਭੇ ਜਿਹਨਾਂ ਨੂੰ ਖਿਚੜੀਪੁਰ ਵਿਚ ਹਿੰਦੂਆਂ ਨੇ ਸ਼ਰਨ ਦਿੱਤੀ ਸੀ। ਖੜੀ ਭੀੜ ਵਿਚੋਂ ਨਿਕਲਦੇ ਹੋਏ ਇਕ ਸਥਾਨਿਕ ਹਿੰਦੂ ਨੇਸਾਡੀ ਟੀਮ ਨੂੰ ਉਸ ਘਰ ਤਕ ਪਹੁੰਚਾਇਆ ਅਤੇ ਬਚਾ ਕੇ ਬਾਹਰ ਲੈ ਕੇ ਆਇਆ ਜਿਸਨੂੰ ਕਿ ਇਕ ਗਰੀਬ ਹਿੰਦੂ ਪ੍ਰਵਾਰ ਨੇ ਸ਼ਰਨ ਦਿੱਤੀ ਹੋਈ ਸੀ। ਦੂਸਰੇ ਦਿਨ ਕੁਛ ਇਕ ਵਾਲੰਟੀਅਰ ਤਿਰਲੋਕਪੁਰੀ ਵਿਚ ਇਕ ਸਿੱਖ ਲੜਕੀ ਨੂੰ ਲੱਭਣ ਗਏ ਜਿਸ ਦੀ ਦੇਖ ਭਾਲ ਇਕ ਹਿੰਦੂ ਪ੍ਰਵਾਰ ਕਰ ਰਿਹਾ ਸੀ ਅਤੇ ਬਾਕੀ ਪ੍ਰਵਾਰ ਸ਼ਰਨਾਰਥੀ ਕੈਂਪ ਵਿਚ ਸੀ। ਉਹਨਾਂ ਨੇ ਇਹ ਲੜਕੀ ਅਤੇ ਦੋ ਹੋਰ ਬੱਚੇ ਆਪਣੇ ਕੋਲ ਰੱਖੇ ਜਿਹਨਾਂ ਦੇ ਮਾਂ ਬਾਪ ਦਾ ਪਤਾ ਨਹੀਂ ਸੀ। ਉਹਨਾਂ ਕਿਹਾ ਕਿ ‘‘ਇਹਨਾਂ ਦੀ ਦੇਖ ਭਾਲ ਸਾਡੀ ਜ਼ੁਮੇਵਾਰੀ ਹੈ।’’

ਆਜ਼ਾਦ ਪੁਰ ਦੇ ਕੋਲ ਇਕ ਹਿੰਦੂ ਕਾਰਖਾਨੇਦਾਰ ਨੇ ਇਕ ਸਿੱਖ ਨੂੰ ਸ਼ਰਨ ਦਿੱਤੀ। ਹਿੰਦੂਆਂ ਨੇ ਉਸ ਕਾਰਖਾਨੇ ਨੂੰ ਘੇਰ ਕੇ ਸਿੱਖ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ। ਉਸ ਹਿੰਦੂ ਫੈਕਟਰੀ ਵਾਲੇ ਨੇ ਉਸ ਸਿੱਖ ਨੂੰ ਸਿਰ ਮੂੰਹ ਮਨਾ ਲੈਣ ਲਈ ਰਾਜ਼ੀ ਕਰ ਲਿਆ ਅਤੇ ਫਿਰ ਇਕ ਸਾਈਕਲ ਲੈ ਕੇ ਉਹ ‘ਸਿੱਖ’ ਭੀੜ ਵਿਚੋਂ ਜੀਂਦਾ ਨਿਕਲ ਗਿਆ।

ਜੀ.ਟੀ. ਕਰਨਾਲ ਸੜਕ ਉਤੇ ਹਿੰਦੂਆਂ ਨੇ ਇਕ ਗੁਰਦੁਆਰਾ ਅਤੇ ਇਕ ਸਿੱਖ ਡਾਕਟਰ ਦਾ ਦਵਾਖਾਨਾ ਸੜਨ ਤੋਂ ਬਚਾਇਆ। ਇਸੇ ਹੀ ਇਲਾਕੇ ਵਿਚ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਹਨਾਂ ਸੜਕਾਂ ਉਤੇ ਨਿਗਰਾਨੀ ਰਖੀ (ਨਵੰਬਰ 1 ਤੋਂ ਨਵੰਬਰ 5 ਤਕ) ਜਿਥੇ ਸਿੱਖ ਰਹਿੰਦੇ ਸਨ।

ਮੁਨੀਰਕਾ ਪਿੰਡ ਅਤੇ ਕਲੋਨੀ ਦੇ ਹਿੰਦੂਆਂ ਨੇ ਸਿੱਖਾਂ ਦੇ ਦਸ ਪ੍ਰਵਾਰ ਆਪਣੇ ਘਰਾਂ ਵਿਚ ਰਖ ਕੇ ਬਚਾਏ, ਮਯੁਰ ਵਿਹਾਰ ਦੇ ਨੌਜਵਾਨ ਹਿੰਦੂਆਂ ਨੇ 30 ਸਿੱਖ ਪ੍ਰਵਾਰਾਂ ਦੀ ਰਖਿਆ ਕੀਤੀ ਅਤੇ ਹਮਲਾਵਰ ਹਿੰਦੂਆਂ ਦੇ ਹਮਲੇ ਨੂੰ ਰੋਕਿਆ ਤਾਂ ਕਿ ਉਹ ਉਸ ਅਹਾਤੇ ਵਿਚ ਨਾ ਵੜ ਸਕਣ। ਚਲਾਵੇਂ ਅੰਦਾਜ਼ੇ ਦੇ ਮੁਤਾਬਕ, ਜਿਸਦਾ ਆਧਾਰ ਅਲਗ ਅਲਗ ਸੂਤਰ ਹਨ, ਫੌਜੀ ਅਫਸਰ ਦੇ ਮੁਤਾਬਕ, ਅਲਗ ਅਲਗ ਇਲਾਕਿਆਂ ਵਿਚੋਂ ਜਿਹੜੇ ਸਿੱਖ ਪ੍ਰਵਾਰ ਉਸਨੇ ਇਕੱਠੇ ਕੀਤੇ, ਉਹਨਾਂ ਵਿਚੋਂ 70 ਪ੍ਰਤੀਸ਼ਤ ਹਿੰਦੂਆਂ ਨੇ ਬਚਾਏ ਸਨ। ਉਪ੍ਰੋਕਤ ਹੌਂਸਲੇ ਭਰਪੂਰ ਘਟਨਾਵਾਂ, (ਭਾਵੇਂ ਇਹ ਥੋੜੀਆਂ ਹੀ ਹਨ) ਸਾਨੂੰ ਇਹ ਹੌਂਸਲਾ ਦਿੰਦੀਆਂ ਹਨ ਕਿ ਕੁਛ ਇਕ ਅਕਲ ਹਾਲੇ ਹਿੰਦੁਸਤਾਨ ਵਿਚ ਬਚੀ ਹੋਈ ਹੈ।

ਘਟਨਾਵਾਂ ਦਾ ਵਿਸ਼ਲੇਸ਼ਣ (ਵੇਰਵਾ)

ੳ. ਸੁਲਤਾਨਪੁਰੀ:

ਸੁਲਤਾਨਪੁਰੀ ਦੀ ਇਕ ਕਲੋਨੀ ਵਿਚ ਹਿੰਦੂ ਅਤੇ ਸਿੱਖਾਂ ਦੀ ਮਿਲਵੀ ਵਸੋਂ ਹੈ। ਜਿਹੜੀ ਅਲਗ ਅਲਗ ਕਿੱਤਿਆਂ ਵਿਚ ਕੰਮ ਕਰਦੀ ਹੈ। ਹਿੰਦੂ ਜ਼ਿਆਦਾਤਰ ਸਫਾਈ ਕਰਮਚਾਰੀ ਹਨ, ਸਿੱਖਾਂ ਵਿਚ ਜ਼ਿਆਦਾਤਰ ਸਿਲਕੀਗਾਰ, ਜੁਲਾਹੇ, ਸਕੂਟਰ ਰਿਕਸ਼ਾ ਚਾਲਕ, ਟੀ:ਵੀ: ਮਕੈਨਿਕ, ਬਿਜਲੀ ਠੀਕ ਕਰਨ ਵਾਲੇ ਅਤੇ ਦੁਕਾਨਦਾਰ ਹਨ। ਕੁਛ ਰਿਕਸ਼ਾ ਵਾਹੁਣ ਵਾਲੇ, ਰੇੜ੍ਹੀ ਲਾਣ ਵਾਲੇ ਅਤੇ ਮਜ਼ਦੂਰ ਹਨ।

ਇਹਨਾਂ ਫਸਾਦਾਂ ਤੋਂ ਪਹਿਲਾਂ ਇਹ ਇਕ ਦੂਜੇ ਨਾਲ ਮਿਲਕੇ ਰਹਿੰਦੇ ਹਨ। ਇਹ ਗਲ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਸਿੱਖਾਂ ਨੇ ਆਪ ਮੰਨੀ ਹੈ। ਪਹਿਲਾਂ ਕਦੇ ਵੀ ਕੋਈ ਖਿਚਾਣ ਇਨਾਂ ਵਿਚ ਨਹੀਂ ਸੀ ਆਇਆ।

ਇਥੋਂ ਦੇ ਵਸਨੀਕ ਇਕ ਦਮ ਹੈਰਾਨ ਹੋ ਗਏ ਜਦੋਂ ਇਹਨਾਂ ਉਪਰ ਇਕ ਨਵੰਬਰ ਦੀ ਢਲ ਰਹੀ ਸ਼ਾਮ ਨੂੰ ਹਮਲਾ ਹੋ ਗਿਆ। ਚਸ਼ਮਦੀਦ ਗਵਾਹਾਂ ਦੇ ਮੁਤਾਬਕ ਇਸ ਹਮਲਾਵਰ ਭੀੜ ਵਿਚ ਸਥਾਈ ਲੋਕ ਤੇ ਕੁਛ ਨਾਲ ਦੇ ਪਿੰਡਾਂ ਦੇ ਜਾਟ ਸਨ (ਮੁੰਡਕਾ ਇਕ ਐਸਾ ਨਾਲ ਦਾ ਪਿੰਡ ਹੈ) ਇਹ ਹਮਲਾ ਆਦਮੀਆਂ ਉਪਰ ਹੀ ਸੀ ਤੇ ਭਾਰੀ ਤਾਦਾਦ ਵਿਚ ਆਦਮੀ ਮਾਰ ਦਿੱਤੇ ਗਏ। ਬਚੇ ਹੋਏ ਸਿੱਖ ਵਸਨੀਕਾਂ ਨੇ ਇਸ ਹਮਲੇ ਵਿਚ ਹਿੱਸਾ ਲੈ ਰਹੇ ਕੁਛ ਇਕ ਬੰਦਿਆਂ ਨੂੰ ਪਹਿਚਾਣ ਲਿਆ ਉਹਨਾਂ ਵਿਚ ਸਥਾਨਕ ਰਾਜਨੀਤਕ, ਪੁਲੀਸ ਅਤੇ ਸਥਾਈ ਲੋਕ ਸਨ।

ਹਮਲਾਵਰਾਂ ਨੂੰ ਸਮਝਣ ਅਤੇ ਪਹਿਚਾਨਣ ਵਿਚ ਕੋਈ ਸ਼ਕ ਨਹੀਂ ਕਿ ਇਹ ਸਥਾਈ ਭੰਗੀ, ਰੇੜੀ ਲਾਣ ਵਾਲੇ, ਮਕੈਨਿਕ, ਡਰਾਈਵਰ ਤੇ ਭਿਖਾਰੀ ਇਸ ਸਾੜ ਫੂਕ ਅਤੇ ਮਾਰ ਕੁਟਾਈ ਵਿਚ ਸ਼ਾਮਲ ਸਨ। ਪਰ ਇਹ ਸਭ ਕੁਛ ਉਹਨਾਂ ਨੇ ਆਪ ਨਹੀਂ ਕੀਤਾ। ਸਥਾਈ ਸੰਸਥਾਵਾਂ ਦੇ ਪ੍ਰਧਾਨ, ਜਿਹੜੇ ਆਪਣੇ ਐਮ.ਪੀ. ਨਾਲ ਜੁੜੇ ਹੋਏ ਸਨ, ਉਹਨਾਂ ਨੇ ਇਹ ਕਤਲ ਕਰਵਾਏ। ਬਚੇ ਹੋਏ ਸਿੱਖਾਂ ਨੇ ਜਿਹਨਾਂ ਪ੍ਰਧਾਨਾਂ ਨੂੰ ਪਹਿਚਾਨਿਆ ਉਹਨਾਂ ਵਿਚ ਮਿਸਟਰ ਚੌਹਾਨ, ਮਿਸਟਰ ਬਾਗੜੀ, ਅਤੇ ਮਿਸਟਰ ਗੁਪਤਾ ਹਨ। ਐਮ.ਪੀ. ਮਿਸਟਰ ਸੱਜਣ ਕੁਮਾਰ ਕਾਂਗਰਸ (ਆਈ) ਦੇ ਲੋਕ।

ਸੁਲਤਾਨਪੁਰੀ ਵਿਚ ਪੁਲਿਸ ਦੀ ਮਿਲੀ ਭੁਗਤ ਦਾ ਸਬੂਤ ਇਹ ਹੈ ਕਿ ਥਾਣੇਦਾਰ ਮਿਸਟਰ ਭੱਟੀ ਨੇ ਨਾ ਸਿਰਫ ਆਪ ਦੋ ਸਿੱਖਾਂ ਦਾ ਕਤਲ ਕੀਤਾ ਬਲਕਿ ਸਿੱਖਾਂ ਤੋਂ ਹਥਿਆਰ ਵੀ ਖੋਹ ਲਏ, ਪੁਲਿਸ ਦੀ ਇਸ ਮਿਲੀ ਭੁਗਤ ਬਾਰੇ ਇਕ ਬਚੇ ਹੋਏ ਸਿੱਖ ਨੇ ਕਿਹਾ ਕਿ ‘‘ਖੁਦ ਮਾਰ ਦਿੱਤੇ, ਸਭ ਮਿਲੇ ਹੋਏ ਸਨ।’’

ਹਰ ਸ਼ਰਨਾਰਥੀ ਨੇ ਐਸੀ ਹੀ ਗਾਥਾ ਸੁਣਾਈ। ਸੁਲਤਾਨ ਪੁਰੀ ਦੇ ਤੇਲ ਦੇ ਵਿਉਪਾਰੀ, ਬਰਹਮਾਨੰਦ ਗੁਪਤਾ, ਵੀਰਾਨੰਦ, ਮਾਸਟਰ ਅਤੇ ਵੇਦ ਪ੍ਰਕਾਸ਼ ਨੇ ਸਿੱਖਾਂ ਨੇ ਸਾੜਨ ਲਈ ਤੇ ਡਾਕਟਰ ਛਾਂਗਾ ਨੇ ਸਾੜਨ ਲਈ ਤੇਲ ਪ੍ਰਦਾਨ ਕੀਤਾ।

ਹਨੂੰਮਾਨ ਰਾਸ਼ਨ ਸ਼ਾਪ ਵਾਲੇ ਨੇ ਇਸ ਸਭ ਵਿਚ ਖੁੱਲ੍ਹ ਕੇ ਹਿੱਸਾ ਪਾਇਆ। ਗੁਦਾਮ ਮਾਲਕ ਰਾਜਾਨੰਦ, ਗੁਲਾਬ ਸਿੰਘ ਅਤੇ ਇਕ ਆਟੋ ਰਿਕਸ਼ਾ ਡਰਾਈਵਰ ਉਮੀ ਨੇ ਸਾਰੇ ਸਾੜਫੂਕ ਅਤੇ ਕਤਲਾਂ ਦੀ ਰਹਿਨੁਮਾਈ ਕੀਤੀ।

ਵੀਰਵਾਰ ਰਾਤ ਨੂੰ ਹਮਲੇ ਸ਼ੁਰੂ ਹੋਏ ਅਤੇ ਸ਼ੁਕਰਵਾਰ ਬਾਦ ਦੁਪਹਿਰ ਤਕ ਚਲਦੇ ਰਹੇ। ਹਮਲਾਵਰਾਂ ਨੂੰ ਹਦਾਇਤ ਦਿੱਤੀ ਜਾਂਦੀ ਸੁਣੀ ਗਈ ਕਿ ‘‘ਆਦਮੀ ਮਾਰ ਦਿਓ, ਤੇ ਔਰਤਾਂ ਦਾ ਬਲਾਤਕਾਰ ਕਰੋ।’’ ਹਮਲਾਵਰਾਂ ਕੋਲ ਲਾਠੀਆਂ ਸਲਾਖਾਂ ਅਤੇ ਹੋਰ ਹਥਿਆਰਾਂ ਦੇ ਨਾਲ ਨਾਲ ਮਿਟੀ ਦਾ ਤੇਲ ਸੀ।

ਕਈ ਸਿੱਖਾਂ ਨੂੰ ਹਿੰਦੂ ਗਵਾਂਢੀਆਂ ਨੇ ਸ਼ਰਨ ਦਿੱਤੀ। ਉਹ ਫਿਰ ਵੀ ਨਾ ਬਚੇ। ਉਹਨਾਂ ਦੇ ਘਰ ਪਹਿਚਾਣ ਕੇ ਲੁੱਟੇ ਗਏ, ਭੀੜ ਨੇ ਸਿੱਖ ਕੁੱਟ ਕੁੱਟ ਕੇ ਮਾਰ ਸੁਟੇ ਘਰੇਲੂ ਸਮਾਨ ਲੁਟ ਲਿਆ। ਔਰਤਾਂ ਅਗਵਾਹ ਕਰ ਲੲੀਆਂ ਗਈਆਂ। ਉਹਨਾਂ ਦੇ ਪੇਟ ਭਰਨ ਦੇ ਸਾਧਨ ਰਿਕਸ਼ਾ ਅਤੇ ਰੇਹੜੀਆਂ ਸਾੜ ਦਿੱਤੀਆਂ ਗਈਆਂ।

ਕਤਲ ਭਿਆਨਕ ਸਨ। ਇਕ ਸਿੱਖ ਨੂੰ ਕੁਟ ਕੇ ਅਧਮੋਇਆ ਕਰਕੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। ਇਕ ਗਰਭਵਤੀ ਸਿੱਖ ਔਰਤ ਦੇ ਢਿੱਡ ਵਿਚ ਚਾਕੂ ਮਾਰੇ ਗਏ ਅਤੇ ਬਹੁਤ ਸਿੱਖ ਔਰਤਾਂ ਦਾ ਬਲਾਤਕਾਰ ਕੀਤਾ ਗਿਆ। ਰਾਣੀ ਬਾਗ ਦੇ ਸ਼ਕਰਪੁਰ ਕੈਂਪ ਵਿਚ ਗਈ ਸਾਡੀ ਟੀਮ ਦੇ ਮੈਂਬਰਾਂ ਕੋਲ ਹੋਰ ਭਿਆਨਕ ਵਰਨਣ ਹੈ ਜੋ ਕਿ ਪੁਛਿਆ ਜਾ ਸਕਦਾ ਹੈ।

ਸ਼ਕਰਪੁਰ ਕੈਂਪ ਦੇ ਇਕ ਵਡੇ ਹਾਲ ਵਿਚ ਸੁਲਤਾਨਪੁਰੀ ਬਸਤੀ ਦੇ ਬੱਚੇ ਅਤੇ ਔਰਤਾਂ ਇਕ ਲਾਈਨ ਵਿਚ ਬੈਠੇ ਹਨ ਅਤੇ ਉਹਨਾਂ ਦੇ ਚੇਹਰੇ ਆਪਣੇ ਆਪ ਵਿਚ ਇਕ ਕਹਾਣੀ ਹੈ। ਇਸ ਲਾਈਨ ਵਿਚ 10 ਸਾਲ ਦੀ ਉਮਰ ਤੋਂ ਵੱਧ ਕੋਈ ਵੀ ਮਰਦ ਬੱਚਾ ਨਹੀਂ ਹੈ ਅਤੇ ਸਿੱਖ ਬੱਚੇ ਘਟ ਹੀ ਦੇਖਣ ਵਿਚ ਆ ਰਹੇ ਹਨ।

ਹਰ ਬੈਠੇ ਗਰੁਪ ਵਿਚ ਬਜ਼ੁਰਗ ਔਰਤਾਂ ਹਨ, ਤਿੰਨ ਜਾਂ ਚਾਰ ਜਵਾਨ ਵਿਧਵਾਵਾਂ, ਕੁਛ ਅਲੜ੍ਹ ਕੁੜੀਆਂ ਅਤੇ ਬਾਕੀ ਛੋਟੇ ਬੱਚੇ। ਇਕ ਪ੍ਰਵਾਰ ਦੇ 18 ਮੈਂਬਰ ਬੈਠੇ ਸਨ ਜਿਹਨਾਂ ਵਿਚੋਂ ਇਕ ਵੀ ਕਮਾਊ ਨਹੀਂ ਸੀ ਬਚਿਆ, ਚਾਰੋਂ ਕਮਾਊ ਮਾਰ ਦਿੱਤੇ ਗਏ ਸਨ। ਇਕ ਔਰਤ ਕੋਲ ਛੇ ਦਿਨ ਦਾ ਬੱਚਾ ਸੀ ਇਕ ਕੋਲ 10 ਦਿਨ ਦੀ ਉਮਰ ਦਾ। ਉਹ ਡੈਂਬਰੀਆਂ ਹੋਈਆਂ ਹਵਾ ਵਿਚ ਝਾਕ ਰਹੀਆਂ ਸਨ, ਨਾ ਉਹ ਅਫਸੋਸ ਕਰ ਸਕਦੀਆਂ ਸਨ ਨਾ ਕੁਛ ਬੋਲ ਸਕਦੀਆਂ ਸਨ। ਇਕ ਬਜ਼ੁਰਗ ਔਰਤ ਜਿਸਦਾ ਪਤੀ ਅਤੇ ਤਿੰਨ ਜਵਾਨ ਪੁੱਤਰ ਮਾਰੇ ਗਏ ਸਨ, ਕਹਿਣ ਲਗੀ, ‘‘ਹੁਣ ਤਾ ਚੰਗਾ ਹੈ ਜੇ ਤੁਸੀਂ ਸਾਰਿਆਂ ਨੂੰ ਜਹਿਰ ਦੁਆ ਦਿਉਂ, ਹੁਣ ਅਸੀਂ ਜੀ ਨਹੀਂ ਸਕਦੇ, ਕਿਦਾਂ ਜੀਆਂਗੇ, ਕਿਸਦੇ ਲਈ ਜੀਵਾਂਗੇ।’’

ਇਹ ਬਜ਼ੁਰਗ ਔਰਤ ਹੋਰਨਾਂ ਦੀ ਭਾਵਨਾ ਦੀ ਵੀ ਮੁਰਤੀ ਸੀ ਜਿਹਨਾਂ ਨੇ ਆਪਣੇ ਪਤੀ ਆਪਣੇ ਸਾਹਮਣੇ ਕੁੱਟ ਹੁੰਦੇ ਤੇ ਫਿਰ ਤੇਲ ਪਾ ਕੇ ਸਾੜ ਹੁੰਦੇ ਦੇਖੇ। ਇਹਨਾਂ ਵਿਚੋਂ ਇਕ ਵੀ ਆਪਣੇ ਘਰ ਵਾਪਸ ਜਾਣ ਲਈ ਤਿਆਰ ਨਹੀਂ ਸਨ। ਜਾਣ ਵੀ ਕਿਦਾਂ? ਜਦ ਤੱਕ ਕਿ ਗੁਨਾਹਗਾਰ ਪਛਾਣ ਕੇ ਸਜ਼ਾ ਨਹੀਂ ਭੁਗਤਦੇ ?

ਸਭ ਤੋਂ ਵੱਧ ਅਸਰ ਅਧੀਨ ਬਲਾਕ ਹਨ-ਏ4, 65 ਮਰੇ 15 ਗਾਇਬ, ਪੀ.ਆਈ., 2 ਅਤੇ 3, 31 ਮਰੇ 5 ਗਾਇਬ, ਕੈਂਪ 2 ਵਿਚੋਂ ਜਿਥੇ 2000 ਰਫਿਊਜੀ ਸਨ, ਉਹਨਾਂ ਦੇ 157 ਮਾਰੇ ਗਏ, 25 ਜ਼ਖਮੀ ਹੋਏ ਅਤੇ 52 ਲੱਭ ਨਹੀਂ ਰਹੇ। ਇਸ ਦਾ ਮਤਲਬ ਹੈ ਕਿ ਹਰ ਦੂਸਰੇ ਪ੍ਰਵਾਰ ਦਾ ਇਕ ਜਣਾ ਜ਼ਰੂਰ ਮਾਰਿਆ ਗਿਆ। ਜ਼ਖਮੀ ਘੱਟ ਹਨ ਤੇ ਮਰੇ ਜ਼ਿਆਦਾ।

ਗੱਲ ਇਥੇ ਹੀ ਖਤਮ ਨਹੀਂ ਹੋਈ। ਨਵੰਬਰ 3,4 ਨੂੰ ਇਕ ਹਾਲ ਵਿਚ ਇਕੱਠੇ ਹੋਏ ਸਿੱਖਾਂ ਕੋਲ ਇਕ ਥਾਣੇਦਾਰ, ਨਾਈ ਨੂੰ ਲੈ ਕੇ ਆਇਆ। ਉਸਨੇ ਸਿੱਖਾਂ ਨੂੰ ਕਿਹਾ ਕਿ 21, 21 ਰੁਪਏ ਦੇ ਕੇ ਇਸ ਨਾਈ ਕੋਲੋਂ ਹਜ਼ਾਮਤ ਕਰਵਾ ਲਓ, ਨਹੀਂ ਤਾ ਗੋਲੀ ਮਾਰ ਦਿਆਂਗੇ। ਕਹਿੰਦੇ ਹਨ ਕਿ ਨਾਈ ਨੇ 500 ਰੁਪਏ ਕਮਾਏ।

ਤਕਰੀਬਨ 5000 ਇਕੱਠੇ ਹੋਏ ਸਿੱਖਾਂ ਨੂੰ ਫੌਜ ਨੇ ਆ ਕੇ (ਤਿੰਨਾਂ ਦਿਨਾਂ ਬਾਅਦ) ਪਨਾਹ ਦਿੱਤੀ। ਇਹਨਾਂ ਵਿਚੋਂ 800 ਹਾਲੇ ਫੌਜ ਦੀ ਛਾਂ ਥਲੇ ਹੀ ਹਨ ਅਤੇ ਨਵੰਬਰ 8 ਤਕ ਹਾਲੇ ਵੀ ਫੌਜੀ ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰ ਰਹੇ ਹਨ।

ਕੈਂਪ ਨੰਬਰ ਦੋ ਵਿਚ 2000 ਵਿਚੋਂ ਤਕਰੀਬਨ 100 ਕੁ ਆਪਣੇ ਘਰਾਂ ਨੂੰ ਵਾਪਸ ਗਏ ਹਨ। ਨਵੰਬਰ 9 ਨੂੰ 20 ਹੋਰ ਪ੍ਰਵਾਰ ਵਾਪਸ ਚਲੇ ਗਏ। ਕੈਂਪ ਦੇ ਵਿਚ ਵੀ ਅਣਸੁਖਾਵਾਂ ਵਾਤਾਵਰਨ ਹੈ।

ਉਹੋ ਹੀ ਭੰਗੀ ਜਿਹਨਾਂ ਨੇ ਇਹਨਾਂ ਦੇ ਪੁੱਤਰ, ਘਰ ਵਾਲੇ ਆਦਿ ਮਾਰ ਦਿੱਤੇ ਸਨ ਉਹ ਹੀ ਫਿਰ ਇਹਨਾਂ ਕੈਂਪਾਂ ਵਿਚ ਆ ਕੇ ਸਫਾਈ ਕਰ ਰਹੇ ਹਨ। ਇਹਨਾਂ ਉਤੇ ਸ਼ਰਨਾਰਥੀ ਬੜੀ ਕਰੜੀ ਨਿਗ੍ਹਾ ਰਖ ਰਹੇ ਹਨ।

ਅ. ਮੰਗੋਲਪੁਰੀ

ਪੱਛਮੀ ਦਿੱਲੀ ਵਿਚ ਮੰਗੋਲਪੁਰੀ ਬਸਤੀ ਦੀ ਝੁੱਗੀ ਅਤੇ ਝੌਂਪੜੀ ਬਸਤੀ ਦੇ ਸਿੱਖਾਂ ਦਾ ਵੱਡਾ ਕਤਲੇਆਮ ਹੋਇਆ।

ਇਥੇ ਨਵੰਬਰ ਇਕ ਦੀ ਸ਼ਾਮ ਨੂੰ ਉਸ ਵਕਤ ਫ਼ਸਾਦ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਵੈਨਾਂ ਵਿਚ ਆ ਕੇ ਕਿਹਾ ਕਿ ਸਿੱਖਾਂ ਨੇ ਪਾਣੀ ਵਿਚ ਜ਼ਹਿਰ ਮਿਲਾ ਦਿੱਤਾ ਹੈ। ਦਿੱਲੀ ਸਟੇਸ਼ਨ ਤੇ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀ ਗੱਡੀ ਪੰਜਾਬੋ ਆਈ ਹੈ ਅਤੇ ਸਿੱਖ ਇੰਦਰਾਂ ਦੇ ਕਤਲ ਉਤੇ ਖੁਸ਼ੀਆਂ ਮਨਾ ਰਹੇ ਹਨ।

ਖਤਰੇ ਨੂੰ ਭਾਂਪ ਕੇ ਕਈ ਸਿੱਖ ਪੁਲਿਸ ਕੋਲ ਮਦਦ ਲਈ ਪਹੁੰਚੇ, 15 ਨਵੰਬਰ ਸਕਰਪੁਰ ਕੈਂਪ ਵਿਚ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਕੋਲ ਮਦਦ ਲਈ ਗਏ ਤਾਂ ਪੁਲਿਸ ਨੇ ਕਿਹਾ ਕਿ ‘‘ਅਸੀਂ ਕੁਛ ਨਹੀਂ ਕਰ ਸਕਦੇ ਤੁਸੀਂ ਆਪਣਾ ਆਪ ਆਪੇ ਹੀ ਬਚਾਓ’’। ਬਾਅਦ ਵਿਚ ਫਸਾਦਾਂ ਦੇ ਦੌਰਾਨ, ਫਸਾਦਕਾਰੀ ਪੁਲਿਸ ਦੀਆਂ ਵੈਨਾਂ ਵਿਚੋਂ ਡੀਜ਼ਲ ਲੈ ਕੇ ਸਿੱਖਾਂ ਦੇ ਘਰ ਸਾੜਦੇ ਦੇਖੇ ਗਏ। ਬਲਾਕ (ਐਕਸ) ਦੇ ਕੁਛ ਬਚੇ ਹੋਏ ਸਿੱਖੱਾਂ ਨੇ ਦੱਸਿਆ ਕਿ ਪੁਲਿਸ ਉਹਨਾਂ ਨੂੰ ਬਚਾਉਣ ਦੇ ਬਹਾਨੇ ਘਰੋਂ ਬਾਹਰ ਲੈ ਆਈ ਅਤੇ ਫਿਰ ਉਹਨਾਂ ਨੂੰ ਭੀੜ ਦੇ ਹਵਾਲੇ ਕਰ ਦਿਤਾ ਗਿਆ।

ਬਚੇ ਹੋਏ ਵਿਅਕਤੀਆਂ ਤੋਂ ਪਤਾ ਲਗਦਾ ਹੈ ਕਿ ਹਮਲਾਵਰ ਨਾਲ ਲਗਦੇ ਜਾਟ ਪਿੰਡਾਂ ਵਿਚੋਂ ਆਏ ਅਤੇ ਉਹਨਾਂ ਨਾਲ ਸਥਾਈ ਘਟ ਜਾਤੀਆਂ ਵਾਲੇ ਲੋਕ ਅਗਵਾਈ ਕਰ ਰਹੇ ਸਨ। ਜੀਪਾਂ ਆਦਿ ਵਿਚ ਕਾਂਗਰਸ (ਆਈ) ਦੇ ਲੀਡਰ ਤੇ ਕਰਿੰਦੇ ਐਸੀ ਭੀੜ ਦੇ ਆਸ ਪਾਸ ਘੁੰਮਦੇ ਦੇਖੇ ਗਏ। ਸਥਾਈ ਕਾਂਗਰਸ (ਆਈ) ਦਾ ਲੀਡਰ ਮਾਲਾ ਰਾਮ ਤਿੰਨ ਸੋ ਬੰਦੇ ਲੈ ਕੇ ਆਇਆ ਅਤੇ ਉਸਨੇ ਆਪਣੀ ਅਗਵਾਈ ਥੱਲੇ ਲੁਟਮਾਰ, ਸਾੜ ਫੂਕ ਅਤੇ ਕਤਲ ਕਰਵਾਏ। ਈਸ਼ਵਰ ਸਿੰਘ, ਸਤੀਮ ਕੂਰੈਸ਼ੀ, ਸ਼ੌਕੀਨ ਅਤੇ ਰਾਜਿੰਦਰ ਸਿੰਘ, ਕਾਂਗਰਸ (ਆਈ) ਦੇ ਕਰਿੰਦੇ ਭੀੜ ਨੂੰ ਹਦਾਇਤਾਂ ਦਿੰਦੇ ਅਤੇ ਸਿੱਖਾਂ ਦੇ ਘਰ ਦਿਖਾਉਂਦੇ ਹੋਏ ਦੇਖੇ ਗਏ।

ਇਕ ਨਾਮ ਸਾਡੇ ਸਾਹਮਣੇ ਬਾਰ ਬਾਰ ਆਇਆ ਤੇ ਉਹ ਸੀ ਮੰਗੋਲਪੁਰੀ ਇਲਾਕੇ ਦੇ ਐਮ.ਪੀ. ਸੱਜਣ ਕੁਮਾਰ ਦਾ। ਮੰਗੋਲਪੁਰੀ ਇਲਾਕੇ ਦੇ ਵਸਨੀਕਾਂ ਨੇ ਇਕ ਆਵਾਜ਼ ਵਿਚ ਕਿਹਾ ਕਿ ਇਹ ਸਾਰੀ ਸਕੀਮ ਸੱਜਣ ਕੁਮਾਰ ਦੀ ਸੀ। ਕੁਛ ਨੇ ਇਹ ਵੀ ਕਿਹਾ ਕਿ ਉਸਨੇ 100 ਰੁਪਏ ਜਾਂ ਇਕ ਬੋਤਲ ਦੇ ਕੇ ਲੋਕਾਂ ਨੂੰ ਭੜਕਾਇਆ। ਇਸਦਾ ਸਬੂਤ ਇਸ ਤੋਂ ਵੀ ਮਿਲਿਆ ਜਦੋਂ ਸੱਜਣ ਕੁਮਾਰ ਮੰਗੋਲਪੁਰੀ ਦੇ ਥਾਣੇ ਆਇਆ, ਜਿਥੋਂ ਕਿ ਸਿੱਖਾਂ ਨੂੰ ਸ਼ਨਾਰਥੀ ਕੈਂਪਾਂ ਵਿਚ ਲੈ ਕੇ ਜਾਣ ਵਾਲੇ ਸਨ ਤਾਂ, ਸਿੱਖਾਂ ਨੇ ਉਸਦੇ ਮੂੰਹ ਉਤੇ ਗਾਲਾਂ ਕਢੀਆਂ ਤੇ ਹਰ ਗਲ ਦਾ ਜ਼ੁੰਮੇਵਾਰ ਠਹਿਰਾਇਆ। ਸੱਜਣ ਕੁਮਾਰ ਨੇ ਮੋਮੋਠਗਣੀ ਕਰਦੇ ਹੋਏ ਕਿਹਾ, ‘‘ਮੇਰੀ ਪਾਰਟੀ ਤੁਹਾਨੂੰ ਕਿਉਂ ਮਾਰੇਗੀ ਜਦ ਕਿ ਤੁਸੀਂ ਸਾਡੇ ਮਦਦਗਾਰ ਹੋ।’’ ਤੇ ਇਹ ਕਹਿਕੇ ਉਸ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸਭ ਗੱਲਦਾ ਜ਼ਿੰਮੇਵਾਰ ਠਹਿਰਾਇਆ। ਬਾਅਦ ਵਿਚ ਅਸੀਂ ਜਦੋਂ ਪੰਜਾਬੀ ਬਾਗ ਕੈਂਪ ਵਿਚ ਗਏ ਜਿਥੇ ਮੰਗੋਲਪੁਰੀ ਦੇ ਕੁਛ ਸ਼ਰਨਾਰਥੀ ਪਹੁੰਚ ਚੁਕੇ ਸਨ, ਤਾਂ ਸਾਨੂੰ ਦੱਸਿਆ ਕਿ ਭੁੱਖੇ ਸ਼ਰਨਾਰਥੀਆਂ ਨੇ ਸੱਜਣ ਕੁਮਾਰ ਦਾ ਭੇਜਿਆ ਲੰਗਰ ਖਾਣ ਤੋਂ ਵੀ ਇਨਕਾਰ ਕਰ ਦਿਤਾ ਸੀ।

ਜੋ ਕਤਲੇਆਮ ਹੋਇਆ ਉਹ ਭਿਆਨਕ ਅਤੇ ਦੁਖਦਾਇਕ ਸੀ। ਬਚੀਆਂ ਸਿੱਖ ਔਰਤਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਬੱਚੇ ਚੀਰ ਕੇ ਦੋ ਫਾੜ ਕਰ ਦਿਤੇ ਗਏ। ਉਹਨਾਂ ਦੇ ਪਤੀ ਤੇ ਲੜਕਿਆਂ ਦੇ ਕੇਸ ਕਤਲ ਕਰਕੇ, ਸਲਾਖਾਂ ਨਾਲ ਕੁੱਟ ਕੇ ਫਿਰ ਜਿਉਂਦੇ ਸਾੜ ਦਿੱਤੇ ਗਏ। ਮੰਗੋਲਪੁਰੀ ਦੇ 26 ਬਲਾਕਾਂ ਵਿਚ ਤਕਰੀਬਨ ਹਰ ਸਿੱਖ ਦੇ ਘਰ ਉਤੇ ਹਮਲਾ ਕੀਤਾ ਗਿਆ, ਤਹਿਸ-ਨਹਿਸ ਕੀਤਾ ਗਿਆ ਅਤੇ ਹਰ ਸਿੱਖ ਨੌਜਵਾਨ ਨੂੰ ਕਤਲੋਗਾਰਤ ਦਾ ਨਿਸ਼ਾਨਾ ਬਣਾਇਆ ਗਿਆ। ਸਰਕਾਰੀ ਹਲਕਿਆਂ ਵਲੋਂ ਇਸ ਬਸਤੀ ਵਿਚ ਸਿਰਫ 9 ਕਤਲ ਹੋਏ ਦਸੇ ਗਏ ਪਰ ਸੀ.ਪੀ.ਆਈ. (ਐਮ) ਦੀ ਦਿੱਲੀ ਸਟੇਟ ਕਮੇਟੀ ਵਲੋਂ ਘਰੋ ਘਰ ਕੀਤੇ ਥੋੜੇ ਜਿਹੇ ਬਲਾਕਾਂ ਦੇ ਸਰਵੇਖਣ ਤੋਂ 51 ਕਤਲਾਂ ਦਾ ਸਬੂਤ ਮਿਲਿਆ।

ਜਦੋਂ 5 ਨਵੰਬਰ ਨੂੰ ਅਸੀਂ ਮੰਗੋਲਪੁਰੀ ਗਏ ਤਾਂ ਸਾਨੂੰ ਉਹ ਜਗ੍ਹਾ ਦਿਖਾਈਆਂ ਗਈਆਂ ਜਿਥੇ ਜਿੰਦਾ ਸਿੱਖ ਸਾੜੇ ਗਏ ਅਤੇ ਮੰਗੋਲਪੁਰੀ ਅਤੇ ਸੁਲਤਾਨਪੁਰੀ ਦਾ ਉਹ ਨਾਲਾ ਦਿਖਾਇਆ ਗਿਆ ਜਿਥੇ ਕਈ ਸੌ ਲਾਸ਼ਾਂ ਸੁੱਟੀਆਂ ਗਈਆਂ।

ਆਖਰਕਾਰ ਤਿੰਨ ਨਵੰਬਰ ਨੂੰ ਮੰਗੋਲਪੁਰੀ ਵਿਚ ਫੋਜ ਆਈ। ਸ਼ਕਰਪੁਰ ਕੈਂਪ ਵਿਚ ਇਕ ਸਿੱਖ ਨੇ ਸਾਨੂੰ ਦੱਸਿਆ ਕਿ ਸਾਨੂੰ ਭੀੜ ਨੇ ਘਰਾਂ ਤੋਂ ਬਾਹਰ ਕੱਢ ਕੇ ਇਕ ਪਾਰਕ ਵਿਚ ਲੈ ਆਂਦਾ ਅਤੇ ਉਹ ਸਾਨੂੰ ਅੱਗ ਲਾਣ ਹੀ ਲਗੇ ਸਨ ਕਿ ਫੋਜ ਆ ਗਈ ਅਤੇ ਅਸੀਂ ਬਚ ਗਏ।

ਫੌਜ ਦੇ ਆਣ ਤੋਂ ਪਹਿਲਾਂ ਸਿੱਖਾਂ ਲਈ ਕੁਛ ਐਸੇ ਹਿੰਦੂ ਅਤੇ ਮੁਸਲਮਾਨਾਂ ਦਾ ਹੀ ਸਹਾਰਾ ਸੀ ਜਿਹਨਾਂ ਨੇ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਉਹਨਾਂ ਨੂੰ ਸ਼ਰਨ ਦਿਤੀ। ਉਹਨਾਂ ਨੂੰ ਘਰਾਂ ਅਤੇ ਦੁਕਾਨਾਂ ਵਿਚ ਛੁਪਾਇਆ ਗਿਆ। ਇਕ ਨੌਜਵਾਨ ਮੁਸਲਮਾਨ ਨੇ ਸਾਨੂੰ ਦਸਿਆ ਕਿ ਕਿਸ ਤਰ੍ਹਾਂ ਉਸਨੇ ਕਈ ਸਿੱਖ ਆਦਮੀ, ਔਰਤਾਂ ਅਤੇ ਬੱਚੇ ਛੁਪਾ ਕੇ ਸ਼ਰਨਾਰਥੀ ਕੈਂਪ ਵਿਚ ਪਹੁੰਚਾਏ।

ਮੰਗੋਲਪੁਰੀ ਵਾਸੀ, ਇਕ ਹਿੰਦੂ ਸੀ. ਲਾਲ ਦਾ ਤਜਰਬਾ ਕਾਫੀ ਕੁਛ ਦਰਸਾਂਦਾ ਹੈ। ਉਸਨੇ 1947 ਦਾ ਬਟਵਾਰਾ ਸਿਆਲਕੋਟ ਤੋਂ ਆਂਦੇ ਨੇ ਦੇਖਿਆ ਸੀ। ਉਸਨੇ ਉਹੋ ਹੀ ਦਿਨ ਇਕ ਦਫਾ ਫਿਰ ਦੇਖੇ ਜਦੋਂ ਉਸਦੇ ਭਰਾ ਦੀ ਦੁਕਾਨ ਲੁਟ ਮਾਰ ਕਰਕੇ ਸਾੜ ਦਿੱਤੀ ਗਈ ਕਿ ਕਿਉਂ ਕਿ ਉਸਨੇ ਕਈ ਸਿੱਖ ਪ੍ਰਵਾਰਾਂ ਨੂੰ ਸ਼ਰਨ ਦਿੱਤੀ ਸੀ ਅਤੇ ਆਪਣੇ ਇਲਾਕੇ ’ਚ ਸ਼ਾਂਤਮਈ ਸੰਮਤੀ ਬਣਾ ਲਈ ਸੀ, ਜਿਸ ਨਾਲ ਕਿ ਸਿੱਖ ਬਚਾਏ ਜਾ ਸਕਣ।

ਈ. ਤ੍ਰਿਲੋਕਪੁਰੀ

ਜਮਨਾ ਪਾਰ ਦੀ ਇਹ ਬਸਤੀ ਜੋ ਕਿ ਦਿੱਲੀ ਦੇ ਪੂਰਬ ਵੱਲ ਹੈ, ਕਤਲੋਗਾਰਤ ਦਾ ਇਕ ਘਿਨਾਉਣਾ ਅਤੇ ਭਿਆਨਕ ਨਮੂਨਾ ਹੈ। ਇੰਦਰਾ ਦੇ ਕਤਲ ਤੋਂ ਬਾਦ 48 ਘੰਟਿਆਂ ਦੇ ਵਿਚ ਵਿਚ 200 ਸਿੱਖ ਨੌਜਵਾਨ ਜੀਂਦੇ ਹੀ ਸਾੜ ਦਿੱਤੇ ਗਏ। ਜਿਸ ਵਿਚ ਪੁਲਿਸ, ਕਾਂਗਰਸ ਆਈ ਦੇ ਕਰਿੰਦੇ ਤੇ ਸਥਾਈ ਬਦਮਾਸ਼ਾਂ ਨੇ ਪੂਰਾ ਸਹਿਯੋਗ ਦਿਤਾ।

ਬਾਕੀ ਇਲਾਕਿਆਂ ਦੀ ਤਰ੍ਹਾਂ ਇਥੇ ਵੀ ਪਹਿਲਾਂ ਉਹੋ ਹੀ ਅਫਵਾਹਾਂ ਫੈਲਾਈਆਂ ਗਈਆਂ ਕਿ ਸਿੱਖ ਇੰਦਰਾ ਦੇ ਕਤਲ ਦੀ ਖੁਸ਼ੀ ਵਿਚ ਮਿਠਾਈ ਵੰਡ ਰਹੇ ਹਨ। ਇਕ ਹੋਰ ਗੱਲ ਸੁਨਣ ਵਿਚ ਆਈ ਕਿ ਜਦੋਂ ਹਿੰਦੂਆਂ ਦੀ ਭੀੜ ਗੁਰਦੁਆਰੇ ਉਤੇ ਹਮਲਾ ਕਰਨ ਆਈ ਤਾਂ ਸਿੱਖਾਂ ਨੇ ਤਲਵਾਰਾਂ ਕੱਢ ਲਈਆਂ ਅਤੇ ਗੁਰਦੁਆਰੇ ਦੀ ਛਤ ਤੋਂ ਇੱਟਾਂ ਵਰਸਾਈਆਂ। ਸਾਡੀ ਦਰਿਆਫ਼ਤ ਤੋਂ ਇਹ ਪਤਾ ਲੱਗਾ ਕਿ, ਕਿਸੇ ਨੇ ਵੀ ਸਿੱਖਾਂ ਨੂੰ ਮਿਠਾਈ ਵੰਡਦੇ ਨਹੀਂ ਦੇਖਿਆ। ਪਰ ਕੁਛ ਇਕ ਨੇ ਇਹ ਦੱਸਿਆ ਕਿ ਗੁਰਦੁਆਰੇ ਤੋਂ ਕੁਝ ਸਿੱਖ ਹਿੰਦੂ ਭੀੜ ਗੁਰਦੁਆਰੇ ਵੱਲ ਆਉਂਦੀ ਦੇਖ ਕੇ ਤਲਵਾਰਾਂ ਲਹਿਰਾਉਂਦੇ ਜ਼ਰੂਰ ਦੇਖੇ ਗਏ।

ਬਚੇ ਹੋਏ ਲੋਕਾਂ, ਹਿੰਦੂ ਗਵਾਂਢੀਆਂ ਅਤੇ ਕੁਛ ਅਖਬਾਰ ਨਵੀਸਾਂ ਨਾਲ ਗਲਾਂਬਾਤਾਂ ਤੋਂ ਬਾਅਦ ਅਸੀਂ ਭਿਆਨਕ ਹਾਦਸਿਆਂ ਨੂੰ ਤਰਤੀਬ ਦੇ ਸਕਦੇ ਹਾਂ।

ਇਸ ਦਾ ਆਰੰਭ ਉਦੋਂ ਹੋਇਆ ਜਦੋਂ ਤਿਰਲੋਕਪੁਰੀ ਤੋਂ ਇਕ ਕਿਲੋਮੀਟਰ ਦੂਰ ਕਲਿਆਣਪੁਰੀ ਦੇ ਇਕ ਕਾਂਗਰਸ (ਆਈ) ਦੇ ਕਰਿੰਦੇ ਅਤੇ ਡਾਕਟਰ ਅਸ਼ੋਕ ਕੁਮਾਰ ਨੇ ਤਿਲੋਕਪੁਰੀ ਵਿਚ 31 ਅਕਤੂਬਰ ਨੂੰ ਇਕ ਮੀਟਿੰਗ ਕੀਤੀ। ਜੋ ਫਸਾਦ ਇਸ ਮੀਟਿੰਗ ਤੋਂ ਬਾਅਦ ਭੜਕੇ ਉਹ ਆਪਣੀ ਇੰਤਹਾ ਉਤੇ ਦੂਸਰੇ ਦਿਨ ਸਵੇਰੇ ਹੀ ਪਹੁੰਚ ਗਏ। ਜਦੋਂ ਨਾਲ ਦੇ ਚਿਲਾ ਪਿੰਡ ਦੇ ਗੁਜਰ ਤ੍ਰਿਲੋਕਪੁਰੀ ਪਹੁੰਚੇ। ਉਹਨਾਂ ਨਾਲ ਕੁਝ ਸਥਾਈ ਲੋਕ ਸਨ। ਉਹਨਾਂ ਨੇ ਬਲਾਕ 28, 32, 33 ਅਤੇ 34 ਵਿਚ ਸਿੱਖਾਂ ਦੇ ਘਰਾਂ ਉਤੇ ਕਰਮਵਾਰ ਹਮਲਾ ਕੀਤਾ। ਸਿੱਖ ਨੌਜਵਾਨ ਘੜੀਸੇ ਗਏ, ਸਿਰਾਂ ਉਤੇ ਸਲਾਖਾਂ ਮਾਰਕੇ, ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੇ ਗਏ।

32 ਅਤੇ 31 ਬਲਾਕ ਦੇ ਵਿਚਕਾਰ ਕੁਛ ਸਿੱਖ ਪ੍ਰਵਾਰ ਝੁੱਗੀਆਂ ਅਤੇ ਝੌਂਪੜੀਆਂ ਵਿਚ ਰਹਿੰਦੇ ਸਨ। ਉਹ ਸਭ ਸਾੜ ਦਿਤੀਆਂ ਗਈਆਂ ਅਤੇ ਸਾਰੇ ਆਦਮੀ , (ਬੱਚੇ ਜਾਂ ਨੌਜਵਾਨ) ਮਾਰ ਦਿਤੇ ਗਏ।

ਖੋਜ ਕਰਨ ਉਤੇ ਪਤਾ ਲਗਦਾ ਹੈ ਕਿ ਇਹ ਘਿਨਾਉਣਾ ਕੰਮ ਕਰਨ ਵਾਲੇ ਇਲਾਕੇ ਦੇ ਜਾਣੇ ਪਹਿਚਾਣੇ ਬਦਮਾਸ਼ ਲੋਕ ਸਨ। ਇਹਨਾਂ ਵਿਚੋਂ ਇਕ ਘਰ ਨੰਬਰ 90 ਬਲਾਕ 32 ਦਾ ਰਹਿਣ ਵਾਲਾ ਸੋਮਨਾਥ ਸੀ ਜਿਸਨੇ ਕਈ ਸਿੱਖਾਂ ਦਾ ਕਤਲ ਕੀਤਾ। ਜਿਹਨਾ ਵਿਚ ਇਕ ਹੋਸ਼ਿਆਰ ਸਿੰਘ ਸਪੁਤਰ ਮਿਲਾਪ ਸਿੰਘ ਅਤੇ ਤਿੰਨ ਹੋਰ ਸਿੱਖ ਨੋਜਵਾਨ ਸਨ ਜਿਹਨਾਂ ਨੂੰ ਇਸਨੇ ਇਕ ਘਰ ਵਿਚ ਬੰਦ ਕਰ ਦਿਤਾ ਅਤੇ ਫਿਰ ਹੋਰ ਬੰਦੇ ਲਿਆਕੇ ਸਭ ਨੂੰ ਕਤਲ ਕਰ ਦਿੱਤਾ। ਐਸੇ ਗੁਨਾਹਗਾਰਾਂ ਦੀ ਪੂਰੀ ਸੂਚੀ ਅਖੀਰ ਵਿਚ ਦਿੱਤੀ ਜਾ ਰਹੀ ਹੈ।

ਇਹਨਾਂ ਫਸਾਦਕਾਰਾਂ ਨੂੰ ਤੇਲ ਦੇਣ ਵਾਲੇ ਕਈ ਦੁਕਾਨਦਾਰ ਸਨ। ਦੋਧੀਆਂ ਮਕੈਨਿਕਾਂ ਅਤੇ ਸੀਮੇਂਟ ਦਾ ਕੰਮ ਕਰਨ ਵਾਲੇ ਲੋਕਾਂ ਨੇ ਵੀ ਐਸੇ ਕੰਮ ਵਿਚ ਹਿੱਸਾ ਪਾਇਆ। ਮਰਨ ਵਾਲੇ ਗਰੀਬ ਸਿੱਖ ਮਕੈਨਿਕ ਮਿਸਤਰੀ ਅਤੇ ਮਜਦੂਰ ਜਿਆਦਾ ਸਨ।

ਇਥੋਂ ਦੀ ਪੁਲਿਸ ਦਾ ਵੀ ਵਤੀਰਾ ਉਹੀ ਸੀ ਜੋ ਬਾਕੀ ਦੀ ਦਿੱਲੀ ਪੁਲਿਸ ਦਾ। ਤਿਰਲੋਕਪੁਰੀ ਕਲਿਆਣਪੁਰੀ ਥਾਣੇ ਵਿਚ ਪੈਂਦੀ ਹੈ। ਜਿਥੇ ਪੁਲਿਸ ਦੀ ਕੁੱਲ ਨਫਰੀ 113 ਹੈ ਇਸ ਵਿਚ ਇਕ ਇਨਸਪੈਕਟਰ ਤੇ 90 ਸਿਪਾਹੀ ਹਨ। ਇਥੋਂ ਦਾ ਥਾਣੇਦਾਰ ਇਕ ਨਵੰਬਰ ਵਾਲੇ ਦਿਨ 2.30 ਵਜੇ ਤਿਰਲੋਕਪੁਰੀ ਪਹੁੰਚਿਆ। ਉਸਨੇ ਆਉਂਦੇ ਨੇ ਹੀ ਪੁਲਿਸ ਦੇ ਹੈਡ ਕਾਂਸਟੇਬਲ ਅਤੇ ਇਕ ਹੋਰ ਕਾਂਸਟੇਬਲ ਨੂੰ ਉਥੋਂ ਹਟਾ ਦਿੱਤਾ, ਤਾਂ ਕਿ ਫਸਾਦਕਾਰਾਂ ਨੂੰ ਆ ਰਹੀ ਮਾੜੀ ਮੋਟੀ ਰੁਕਾਵਟ ਵੀ ਦੂਰ ਹੋ ਸਕੇ । ਬਾਦ ਦੀ ਇਨਕੁਆਇਰੀ ਨੇ ਇਹ ਭੇਦ ਖੋਲਿਆ ਕਿ ਇਥੇ 14 ਸਾਲ ਤੋਂ ਲੈ ਕੇ 50 ਸਾਲ ਤਕ ਦੀਆਂ ਚਾਰ ਚਾਰ ਔਰਤਾਂ ਦਾ ਬਹੁਪੁਰਖੀ ਬਲਾਤਕਾਰ ਕੀਤਾ ਗਿਆ। ਜੇ.ਪੀ. ਨਾਰਾਇਣ ਹਸਪਤਾਲ ਵਿਚ ਤਿਰਲੋਕਪੁਰੀ ਵਿਚੋਂ ਸੱਤ ਐਸੇ ਕੇਸ ਦਰਜ ਕਰਵਾਏ ਗਏ।

ਕਤਲੋ ਗਾਰਤ ਦੀ ਇੰਤਹਾ ਉਤੇ ਵੀ ਪੁਲਿਸ ਵਲੋਂ ਇਸਨੂੰ ਰੋਕਣ ਲਈ ਜਾਂ ਕਤਲ ਹੋਣ ਵਾਲਿਆਂ ਦੀ ਗਿਣਤੀ ਲਈ ਕੋਈ ਉਪਰਾਲਾ ਨਾ ਕੀਤਾ ਗਿਆ। 2 ਨਵੰਬਰ ਸ਼ਾਮ ਦੇ 5:30 ਵਜੇ ਪੁਲਿਸ ਅਫਸਰ ਨਿਖਿਲ ਕੁਮਾਰ ਨੂੰ ਰਿਪੋਰਟ ਮਿਲੀ ਕਿ ਬਲਾਕ 32 ਵਿਚ ਮਾਰ ਕੁਟ ਹੋ ਰਹੀ ਹੈ। ਪੁਲਿਸ ਕੰਟਰੋਲ ਰੂਮ ਨੇ ਸਿਰਫ ਤਿੰਨ ਜਖਮੀ ਹੋਇਆਂ ਦੀ ਰਿੋਪਰਟ ਰਿਕੋਰਡ ਕਰ ਲਈ। ਇਹ ਰਿਕਾਰਡਿੰਗ ਉਸ ਸਮੇ ਂ ਦੀ ਹੈ ਜਦੋਂ ਤਿਰਲੋਕਪੁਰੀ ਦੇ ਕਈ ਬਲਾਕਾਂ ਨੂੰ ਅੱਗ ਲਗੀ ਹੋਈ ਸੀ ਅਤੇ ਕਈ ਵਾਸੀ ਮਾਰੇ ਜਾ ਚੁਕੇ ਸਨ।

ਦਿੱਲੀ ਦੀ ਇਕ ਅਖਬਾਰ ਦਾ ਅਖਬਾਰ ਨਵੀਸ 2 ਨਵੰਬਰ ਸ਼ਾਮ ਦੇ ਦੋ ਵਜੇ ਤਿਰਲੋਕਪੁਰੀ ਪਹੁੰਚਿਆ। ਬਲਾਕ 28 ਵਿਚ ਉਸ ਦੀ ਕਾਰ ਉਤੇ ਪਥਰਾਵ ਕੀਤਾ ਗਿਆ। ਉਹ ਕਲਿਆਣਪੁਰੀ ਥਾਣੇ ਪਹੁੰਚਿਆ ਤਾਂ ਉਸਨੂੰ ਥਾਣੇਦਾਰ ਸੁਰਵੀਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਪੂਰਨ ਸ਼ਾਂਤੀ ਹੈ। ਉਥੇ ਉਸਨੇ ਥਾਣੇ ਦੇ ਬਾਹਰ ਇਕ ਟਰੱਕ ਦੇਖਿਆ ਜਿਸ ਵਿਚ ਚਾਰ ਲਾਸ਼ਾਂ ਸਨ। ਇਕ ਲਾਸ਼ ਹਾਲੇ ਹਿਲਦੀ-ਜੁਲਦੀ ਜਿਉਂਦੀ ਸੀ। ਉਹ ਰਿਪੋਰਟ ਕਰਨ ਲਈ ਦੁਬਾਰਾ ਥਾਣੇ ਵਲ ਮੁੜਿਆ ਤਾਂ ਉਸਨੇ ਨਿਜ਼ਾਮੁਦੀਨ ਪੁੱਲ ਥਲਿਓ 70 ਸਿੱਖ ਔਰਤਾਂ ਅਤੇ ਬੱਚੇ ਆਉਂਦੇ ਦੇਖੇ ਜਿਹਨਾਂ ਨੇ ਉਸਨੂੰ ਦਸਿਆ ਕਿ ਉਹਨਾਂ ਦੇ ਮਰਦ ਸਾਰੇ ਮਾਰੇ ਗਏ ਹਨ ਅਤੇ ਉਹ ਸਭ ਜਾਨ ਬਚਾ ਕੇ ਨੱਸ ਆਏ ਹਨ। ਉਸ ਰਿਪੋਰਟਰ ਨੇ ਫੌਜ ਤੋਂ ਮਦਦ ਲੈਣ ਦੀ ਕੋਸ਼ਿਸ਼ ਵੀ ਕੀਤ ਪਰ ਸਫਲਤਾ ਨਾ ਹੋ ਸਕੀ। ਕਿਉਂਕਿ ਨਾ ਤਾਂ ਉਹਨਾਂ ਫੌਜੀਆਂ ਦਾ ਹੈਡਕੁਆਰਟਰ ਨਾਲ ਕੋਈ ਸੰਪਰਕ ਰਹਿ ਗਿਆ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਖਾਸ ਹਿਦਾਇਤਾਂ ਹੀ ਸਨ।

ਅਖੀਰ ਤੇ ਇਹ ਰਿਪੋਰਟਰ ਪੁਲਿਸ ਅਫਸਰ ਨਿਖਿਲ ਕੁਮਾਰ ਤਕ ਪਹੁੰਚ ਗਿਆ ਤਾਂ ਨਿਖਿਲ ਕੁਮਾਰ ਨੇ ਕਿਹਾ ਕਿ ਉਹ ਕੁਛ ਨਹੀਂ ਕਰ ਸਕਦਾ। ਉਸਦਾ ਪਾਰਟ ਇਕ ਗੈਸਟ ਆਰਟਿਸਟ ਵਰਗਾ ਹੀ ਹੈ।

ਇਹੋ ਰਿਪੋਰਟਰ ਉਸੇ ਸ਼ਾਮ ਫਿਰ ਤਿਰਲੋਕਪੁਰੀ ਪਹੁੰਚਿਆ। ਉਥੇ ਘਰ ਸੜੇ ਪਏ ਸਨ ਅਤੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸਨ। ਉਹਨਾਂ ਦੇ ਵਿਚ ਇਕ ਥਾਣੇਦਾਰ ਦੋ ਸਿਪਾਹੀਆਂ ਨਾਲ ਘੁੰਮ ਰਿਹਾ ਸੀ ਜਿਸਨੇ ਦਸਿਆ ਕਿ ਉਸਨੂੰ ਨਹੀਂ ਪਤਾ ਇਹ ਕਿਦਾਂ ਹੋਇਆ। ਹਨੇਰੇ ਦੀ ਗੁੰਮ ਸੁੰਮ ਵਿਚ ਇਹ ਰਿਪੋਰਟਰ ਥਾਣੇ ਪਹੁੰਚਿਆ ਤਾਂ ਉਥੇ ਇਕ ਪੁਲਿਸ ਉਚ ਅਧਿਕਾਰੀ ਨੇ ਦੱਸਿਆ ਇਲਾਕੇ ਵਿਚ ਸ਼ਾਂਤੀ ਹੈ। ਰੀਪੋਰਟਰ ਨੇ ਦੱਸਿਆ ਕਿ ਉਥੇ ਘੱਟ ਤੋਂ ਘੱਟ 300 ਲਾਸ਼ਾ ਪਈਆਂ ਹਨ ਤੇ ਪੁਲਿਸ ਦੇ ਹੋਰ ਉਚ ਅਧਿਕਾਰੀ ਤ੍ਰਿਲੋਕਪੁਰੀ ਪਹੁੰਚੇ। ਸੈਂਟਰਲ ਰੀਜ਼ਰਵ ਪੁਲਿਸ ਦੇ ਬੰਦੇ ਉਥੇ ਤਾਇਨਾਤ ਕੀਤੇ ਗਏ ਅਤੇ ਬਚੇ ਖੁਚੇ ਸਿੱਖਾਂ ਨੂੰ ਅਲੱਗ-ਅਲੱਗ ਬਲਾਕਾਂ ਵਿਚੋਂ ਕੱਢ ਕੇ ਲਿਆਂਦਾ ਗਿਆ।

ਨਵੰਬਰ ਤਿੰਨ ਸਵੇਰੇ 7 ਵਜੇ ਜਦੋਂ ਸਾਡੀ ਟੀਮ ਤਿਰਲੋਕਪੁਰੀ ਪਹੁੰਚੀ ਤਾਂ ਉਹਨਾਂ ਨੇ ਬਹੁਤ ਸਾਰੇ ਅਧਸੜੇ ਬਜੁਰਗ ਔਰਤਾਂ ਤੇ ਬੱਚੇ ਇਕ ਦੂਸਰੇ ਨੂੰ ਜਫੀ ਪਾਈ ਮੇਨ ਰੋਡ ਦੀ ਖੁਲੀ ਖੱਲਾ ਵਿਚ ਬੈਠੇ ਦੇਖੇ। ਰੋਂਦੀਆਂ ਔਰਤਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਮਰਦ ਕਤਲ ਕੀਤੇ ਗਏ ਅਤੇ ਪੁਲਿਸ ਨੇ ਆਪ ਇਹ ਕੰਮ ਕਰਵਾਇਆ। ਕਈਆਂ ਨੇ ਦੱਸਿਆ ਕਿ ਕਾਂਗਰਸ (ਆਈ) ਦੇ ਡਾਕਟਰ ਅਸ਼ੋਕ ਕੁਮਾਰ ਨੇ ਇਹ ਸਭ ਉਕਸਾਇਆ। ਉਹਨਾਂ ਦੱਸਿਆ ਕਿ ਪੂਰੇ ਦੋ ਦਿਨ ਇਥੋਂ ਦੀ ਸਾਰੀ ਸਿੱਖ ਵਸੋਂ ਫਸਾਦਕਾਰੀਆਂ ਦੇ ਹੱਥ ਵਿਚ ਛਡ ਦਿੱਤੀ ਗਈ ਜਦ ਤਕ ਕਿ ਸੀ.ਆਰ.ਪੀ. ਨਹੀਂ ਆ ਗਈ।

ਅਸੀਂ ਜਿਵੇਂ ਹੀ 32 ਬਲਾਕ ਵਿਚ ਵੜੇ ਸਾਨੂੰ ਸੜੀਆਂ ਲਾਸ਼ਾਂ ਦੀ ਬਦਬੋ ਆਣੀ ਸ਼ੁਰੂ ਹੋ ਗਈ ਜਿਹੜੀਆਂ ਕਿ ਘਰਾਂ ਵਿਚ ਸੜ ਰਹੀਆਂ ਸਨ। ਪੂਰੀ ਸੜਕ ਸੜੇ ਸਮਾਨ, ਸਕੂਟਰ ਅਤੇ ਸੜੀਆਂ ਲਾਸ਼ਾਂ ਨਾਲ ਭਰੀ ਪਈ ਸੀ। ਕੁੱਤੇ ਮਨੁੱਖੀ ਮਾਸ ਨੋਚ ਰਹੇ ਸਨ ਚੂਹੇ ਲਾਸ਼ਾਂ ਨੂੰ ਚੁੰਡ ਰਹੇ ਸਨ।

ਅਸੀਂ ਜਦੋਂ ਇਹ ਸੀਨ ਦੇਖ ਰਹੇ ਸਾਂ ਤਾਂ ਸਾਨੂੰ ਯਾਦ ਆਇਆ ਕਿ ਅੱਜ ਦੇ ਪੇਪਰਾਂ ਨੇ ਕੀ ਲਿਖਿਆ ਹੈ। ਨਵੰਬਰ ਦੋ ਦੀ ਹਾਲਤ ਉਤੇ ਟਿੱਪਣੀਆਂ ਕਰਦਿਆਂ ਲੈਫਟੀਨੈਂਟ ਗਵਰਨਰ ਦਾ ਬਿਆਨ ਸੀ ਕਿ ਦਿੱਲੀ ਦੀ ਹਾਲਤ ਕੰਟੋਰਲ ਵਿਚ ਹੈ। ਜੋ ਕੁਛ ਅਸੀਂ ਦੇਖ ਰਹੇ ਸਾਂ ਉਸ ਤੋਂ ਅਸੀਂ ਇਸੇ ਹੀ ਨਤੀਜੇ ਉਤੇ ਪਹੁੰਚੇ ਕਿ ਹਾਲਤ ਵਾਕਈ ਕੰਟਰੋਲ ਵਿਚ ਹੈ ਕੰਟਰੋਲ ਵਿਚ ਉਹਨਾਂ ਲੋਕਾਂ ਦੇ ਜਿਹੜੇ ਕਿ ਪ੍ਰਬੰਧਕੀ ਢਾਂਚੇ ਦੇ ਚੜ੍ਹਾਵੇ ਤੇ ਪਿਛਲੇ 48 ਘੰਟਿਆਂ ਵਿਚ ਆਪਣੀਆਂ ਘਿਨਾਉਣੀਆਂ ਅਤੇ ਕਤਲੋਗਾਰਤ ਦੀਆਂ ਚਾਲ੍ਹਾਂ ਵਿਚ ਸਫਲ ਹੋਏ ਸਨ।

ਤਿਰਲੋਕਪੁਰੀ ਵਾਸੀ ਸਿੱਖਾਂ ਨੂੰ ਅਧਿਕਾਰੀਆਂ ਵਲੋਂ ਨਹੀਂ ਬਲਕਿ ਦੋ ਦਰਜਨ ਵਲੰਟਰੀ ਗਰੁਪਾਂ ਵਲੋਂ ਖਾਣ ਦਾ ਰਾਸ਼ਨ ਪਹੁੰਚਾਇਆ ਗਿਆ ਅਤੇ ਡਾਕਟਰੀ ਮਦਦ ਦਿਤੀ ਗਈ। ਫਸਾਦਾਂ ਵਿਚ ਫਸੇ ਲੋਕਾਂ ਦੇ ਵਿਚਕਾਰ ਹੀ ਇਕ ਸਿੱਖ ਔਰਤ ਨੇ ਇਕ ਬੱਚੇ ਨੂੰ ਜਨਮ ਦਿਤਾ। ਉਸਨੂੰ ਵੀ ਡਾਕਟਰੀ ਮਦਦ ਨਾ ਦਿਤੀ ਗਈ ਅਤੇ ਨਾ ਹੀ ਜਖਮੀਆਂ ਦੀ ਮਲਮ ਪੱਟੀ ਕੀਤੀ ਗਈ। ਇਹਨਾਂ ਹੀ ਗਰੁਪਾਂ ਨੇ ਹਿੰਦੂ ਘਰਾਂ ਵਿਚ ਲੁਕੇ ਸਿੱਖਾਂ ਨੂੰ ਬਾਹਰ ਕਢਿਆ ਜਿਹੜਾ ਕਿ ਜਿਲ੍ਹਾ ਅਧਿਕਾਰੀਆਂ ਦੇ ਸਾਹਮਣੇ ਕੀਤਾ ਗਿਆ। ਅਧਿਕਾਰੀਆਂ ਨੇ ਇਹਨਾਂ ਸਿੱਖਾਂ ਨੂੰ ਪੂਰੀ ਮਦਦ ਦੇਣ ਦਾ ਵਾਇਦਾ ਕੀਤਾ। ਅਸਲ ਵਿਚ ਇਹ ਅਧਿਕਾਰੀ ਉਪਰੋਕਤ ਗਰੁਪ ਵਲੋਂ ਚਲਾਏ ਜਾ ਰਹੇ ਫਰਸ਼ ਬਾਜ਼ਾਰ ਕੈਂਪ ਨੂੰ ਹੀ ਇਸਤੇਮਾਲ ਕਰ ਰਹੇ ਸਨ।

ਸਹਾਇਤਾ ਅਤੇ ਪੁਨਰਵਾਸ

31 ਅਕਤੂਬਰ 1984 ਦੀ ਰਾਤ ਨੂੰ ਜਿਸ ਹੱਦ ਤਕ ਭਿਆਨਕ ਫਸਾਦ ਅਤੇ ਸਾੜਫੂਕ ਦੀਆਂ ਵਾਰਦਾਤਾਂ ਹੋਈਆਂ ਉਹਨਾਂ ਦੀ ਰੋਸ਼ਨੀ ਵਿਚ ਦਿਲੀ ਦੇ ਪ੍ਰਬੰਧਕਾਂ ਨੂੰ ਸਹਾਇਤਾ ਕੈਂਪ ਲਾਉਣ ਬਾਰੇ ਸੋਚਣਾ ਚਾਹੀਦਾ ਸੀ। ਨਾ ਹੀ ਸਰਕਾਰ ਨੇ ਅਤੇ ਨਾ ਹੀ ਪ੍ਰਬੰਧਕਾਂ ਨੇ ਇਸ ਵਲ ਕੋਈ ਧਿਆਨ ਦਿੱਤਾ। ਜਿਸ ਨਾਲ ਉਹਨਾਂ ਦੇ ਨਾ ਬਦਲਣ ਵਾਲੇ ਵਿਉਹਾਰ ਬਾਰੇ ਪਤਾ ਲਗਦਾ ਹੈ।

ਜਿੰਮੇਵਾਰ ਸੱਜਣਾਂ ਨੇ ਕਤਲ ਹੋਏ ਜ਼ਖਮੀ ਹੋਏ, ਵਿਧਵਾਵਾਂ ਜਾਂ ਲਾਵਾਰਸ ਬੱਚਿਆ ਦੀ ਸਹੀ ਰੂਪ ਵਿਚ ਗਿਣਤੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਥੋਂ ਤਕ ਕਿ ਗੁਰਦੁਆਰਿਆਂ ਵਿਚ ਸ਼ਰਨ ਲੈ ਚੁਕੇ ਬੇਘਰ ਲੋਕਾਂ ਦੀ ਹੋਂਦ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਜਿਹੜੇ ਕਿ ਸਹਾਇਤਾ ਅਤੇ ਭੱਤੇ ਦੇ ਹੱਕਦਾਰ ਹਨ। ਪ੍ਰਬੰਧਕ ਸਿਰਫ 10 ਕੈਂਪਾਂ ਨੂੰ ਹੀ ਮਾਨਤਾ ਦੇ ਰਹੇ ਹਨ ਜਦ ਕੇ ਵਲੰਟੀਅਰ ਸੰਸਥਾਵਾਂ, ਜਿਸ ਤਰ੍ਹਾਂ ਕਿ ਨਾਗਰਿਕ ਏਕਤਾ ਮੰਚ, ਨੇ 16 ਹੋਰ ਕੈਂਪ ਲਗੇ ਹੋਏ ਦੇਖੇ ਹਨ ਅਤੇ ਦਿੱਲੀ ਦੇ ਬਾਹਰਵਾਰ ਵੀ ਹੋਰ ਕੈਂਪ ਹਨ। ਇਹਨਾਂ ਕੈਂਪਾਂ ਦੀ ਸੂਚਨਾ ਅੰਤਕਾ ਨੰਬਰ 5 ਵਿਚ ਦਰਜ ਹੈ। ਸਰਕਾਰੀ ਅੰਦਾਜੇ ਮੁਤਾਬਕ ਬੇਘਰਾਂ ਦੀ ਗਿਣਤੀ ਹੈ 20,000 ਪਰ ਅਸਲ ਵਿਚ ਇਹ ਗਿਣਤੀ 50,000 ਹੈ।

ਸਰਕਾਰ ਨੇ ਐਸੇ ਅੰਕੜਿਆਂ ਨੂੰ ਆਪਣੇ ਹਿਸਾਬ ਨਾਲ ਘਟਾਣ ਵਧਾਣ ਦੀ ਕੋਸ਼ਿਸ਼ ਕਰਕੇ ਇਸ ਵਿਸ਼ਾਲ ਸਮੱਸਿਆ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਨ ਦੇ ਤੌਰ ਤੇ ਦਿੱਲੀ ਦੇ ਭੂਤਪੂਰਵ ਪੁਲਿਸ ਕਮਿਸ਼ਨਰ ਨੇ 2 ਨਵੰਬਰ 1984 ਨੂੰ ਇਕ ਕਾਨਫਰੰਸ ਵਿਚ ਕਿਹਾ ਕਿ, ਮਰਨ ਵਾਲਿਆਂ ਦੀ ਗਿਣਤੀ 15 ਜਾਂ 20 ਹੈ। ਇਸ ਦੇ ਨਾਲ ਲੈਫਟੀਨੈਂਟ ਗਵਰਨਰ ਗਵਾਈ ਨੇ ਕਿਹਾ ਕਿ ‘‘ਹਾਲਤ ਕੰਟਰੋਲ ਵਿਚ ਹੈ’’ (ਇੰਡੀਅਨ ਐਕਸਪ੍ਰੈਸ ਨਵੰਬਰ 3, 84) ਹੁਣ ਮਰਨ ਵਾਲਿਆਂ ਦੀ ਸਰਕਾਰੀ ਗਿਣਤੀ 613 ਹੈ ਜਦਕਿ ਇਕ ਚਸ਼ਮਦੀਦ ਗਵਾਹ ਦੇ ਮੁਤਾਬਿਕ ਤਿਰਲੋਕਪੁਰੀ ਵਿਚ ਹੀ ਸੈਂਕੜੇ ਲਾਸ਼ਾਂ ਪਈਆਂ ਹੋਈਆਂ ਸਨ।

ਨਵੰਬਰ 2, 1984 ਤਕ ਸਹਾਇਤਾ ਕਰਨ ਲਈ ਕੋਈ ਵੀ ਕਦਮ ਨਹੀਂ ਪੁੱਟਿਆ ਗਿਆ। ਉਸ ਦਿਨ ਪਹਿਲੀ ਦਫਾ ਪ੍ਰਬੰਧਕਾਂ ਨੇ ਫੌਜ ਦੀ ਸਹਾਇਤਾ ਨਾਲ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਸਕੂਲਾਂ ਜਾਂ ਥਾਣਿਆ ਦੇ ਵਿਚ ਪਹੁੰਚਾਇਆ। ਇਸ ਤੋਂ ਬਾਅਦ ਸਹਾਇਤਾ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਆਏ। ਬੇਸ਼ਕ ਨਵੇਂ ਬਣੇ ਲੈਫਟੀਨੈਂਟ ਗਵਰਨਰ ਮਿਸਟਰ ਵਾਲੀ ਨੇ ਕਈ ਦਫਾ ਐਲਾਨ ਕੀਤਾ ਕਿ ਅਸੀਂ ਸ਼ਰਨਾਰਥੀਆਂ ਨੂੰ ਕੰਬਲ ਅਤੇ ਗੱਦੇ ਉਹਨਾਂ ਦੀ ਸਹੂਲੀਅਤ ਲਈ ਦੇ ਰਹੇ ਹਾਂ। ਹਜ਼ਾਰਾਂ ਸਿੱਖ ਭੁੱਖੇ ਰਹੇ ਅਤੇ ਉਹਨਾਂ ਨੂੰ ਸਕੂਲਾਂ ਦੇ ਵਰਾਂਡਿਆਂ ਵਿਚ ਟੱਟੀ ਪਿਸ਼ਾਬ ਕਰਨਾ ਪਿਆ। ਜ਼ਖਮੀ ਬਿਨਾ ਮਲਮਪੱਟੀ ਦੇ ਹੀ ਕਮਰਿਆਂ ਵਿਚ ਪਏ ਰਹੇ। ਵਿਧਵਾਵਾਂ ਨੂੰ ਹਮਦਰਦੀ ਦੇ ਲਫਜ਼ ਕਹਿਕੇ ਉਹਨਾਂ ਦੇ ਗਮ ਅਤੇ ਗੁੱਸੇ ਵਿਚ ਸ਼ਰੀਕ ਹੋਣ ਲਈ ਕੋਈ ਨਹੀਂ ਸੀ। ਸਭ ਤੋਂ ਪਹਿਲਾਂ ਸਹਾਇਤਾ ਸਥਾਨਕ ਕੌਮਾਂ ਨੇ ਕੀਤੀ, ਹਿੰਦੂਆਂ ਅਤੇ ਸਿੱਖਾਂ ਦੇ ਗੁਰਦੁਆਰਿਆਂ ਨੇ ਖਾਣਾ ਲੈ ਕੇ ਆਦਾਂ ਅਤੇ ਲੰਗਰ ਦਾ ਇੰਤਜ਼ਾਮ ਕੀਤਾ। ਮਿਸਾਲ ਦੇ ਤੌਰ ਤੇ ਫਰਸ਼ ਬਾਜਾਰ ਦੇ ਝਿਲਮਿਲ ਕਲੋਨੀ ਵਿਚਲੇ ਲੋਕਾਂ ਨੇ ਹਿੰਦੂਆਂ ਦੀਆਂ ਧਮਕੀਆਂ ਦੇ ਬਾਵਜੂਦ ਆਪਣੇ ਭਾਂਡੇ ਲਿਆ ਕੇ ਲੰਗਰ ਦਾ ਇੰਤਜ਼ਾਮ ਕੀਤਾ। ਐਸੇ ਹੁੰਗਾਰੇ ਨੇ ਕਈ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਵਲੰਟੀਅਰ ਗਰੁਪਾਂ ਨੂੰ ਵੀ ਸਹਾਇਤਾ ਲਈ ਉਤਸਾਹਤ ਕੀਤਾ।

ਹਜ਼ਾਰਾਂ ਵਿਦਿਆਰਥੀਆਂ ਔਰਤਾਂ, ਟੀਚਰਾਂ ਡਾਟਕਰਾਂ ਅਤੇ ਮਸ਼ਹੂਰ ਨਾਗਰਿਕਾਂ ਨੇ ਸ਼ਰਣਾਰਥੀ ਕੈਂਪਾਂ ਦਾ ਇੰਤਜ਼ਾਮ ਕੀਤਾ ਅਤੇ ਜਰੂਰਤ ਦਾ ਸਾਮਾਨ ਇਕੱਠਾ ਕੀਤਾ। ਦਿੱਲੀ ਦੇ ਸਰਕਾਰੀ ਪ੍ਰਬੰਧਕ ਕਿਤੇ ਵੀ ਨਜ਼ਰ ਨਹੀਂ ਸਨ ਆ ਰਹੇ।

ਇਸ ਮਸਲੇ ਨਾਲ ਨਜਿਠਣ ਲਈ ਦਿੱਲੀ ਪ੍ਰਬੰਧ ਨੇ 4 ਨਵੰਬਰ 1984 ਨੂੰ ਰਿਲੀਫ ਕਮਿਸ਼ਨਰ ਬਿਠਾ ਦਿਤਾ। 6 ਨਵੰਬਰ ਨੂੰ ਦਿੱਲੀ ਦੇ ਪ੍ਰਬੰਧਕਾਂ ਨੇ ਪੁਨਰਵਾਸ ਲਈ ਇਕ ਸਕੀਮ ਦਾ ਐਲਾਨ ਕੀਤਾਅਤੇ ਅਲੱਗ ਅਲੱਗ ਮਨਿਸਟਰੀਆਂ ਵਿਚੋਂ ਸੈਕਟਰੀਆ ਦਾ ਇਕ ਸਾਂਝਾ ਗਰੁਪ ਅਲਗ-ਅਲਗ ਕੈਂਪਾਂ ਦਾ ਇੰਨਚਾਰਜ ਬਣਾ ਦਿਤਾ। ਜਿਸ ਰਾਹੀਂ ਕਤਲ ਹੋ ਚੁਕੇ ਸਿੱਖਾਂ ਦੇ ਉਤਰਾ ਅਧਿਕਾਰੀਆਂ ਨੂੰ ਇਕ ਮੌਤ ਪਿਛੋਂ 10,0000 ਰੁਪੈਆਂ ਦੇਣ ਦਾ ਉਪਰਾਲਾ ਕਰਨਾ ਸੀ। ਸਖਤ ਜਖਮੀਆਂ ਲਈ 5000 ਰੁਪੈ ਅਤੇ ਘੱਟ ਜਖਮੀਆਂ ਲਈ 1000 ਰੁਪੈਆ ਦੇਣ ਦਾ ਉਪਰਾਲਾ ਕਰਨਾ ਸੀ। ਇਨਾਂ ਹੀ ਪੈਸਾ ਬਿਲਡਿੰਗਾਂ ਦੇ ਨੁਕਸਾਨ ਦਾ ਰੱਖਿਆ ਗਿਆ। ਨਵੰਬਰ 7, 1984 ਪ੍ਰਾਈਮ ਮਨਿਸਟਰ ਨੇ ਆਪਣੇ ਸ਼ਰਨਾਰਥੀ ਫੰਡ ਵਿਚੋਂ ਸਹਾਇਤਾ ਦੇ ਕੰਮ ਲਈ 40 ਲੱਖ ਰੁਪੈ ਦੇਣ ਦਾ ਐਲਾਨ ਕਰ ਦਿੱਤਾ।

ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਉਹ ਪੈਸਾ ਕਿਥੇ ਗਿਆ ਕਿਉਂਕਿ ਉਹ ਕੈਂਪਾਂ ਵਿਚ ਤਾਂ ਪਹੁੰਚਿਆ ਹੀ ਨਹੀਂ। ਉਪਰੋਕਤ ਸਕੀਮ ਨੂੰ ਸਿਰੇ ਚੜਾਨ ਲਈ ਨਾ ਹੀ ਕੋਈ ਠੋਸ ਸਕੀਮ ਬਣਾਈ ਗਈ ਅਤੇ ਨਾ ਹੀ ਕੋਈ ਏਜੰਸੀ ਖੜੀ ਕੀਤੀ ਗਈ। ਰਾਜ ਨਿਵਾਸ ਦੇ ਸਾਂਝੇ ਕੰਟਰੋਲ ਰੂਮ ਨੂੰ ਤਾਂ ਹਾਲੇ ਸ਼ਰਨਾਰਥੀ ਕੈਂਪਾਂ ਦੀ ਪੂਰੀ ਗਿਣਤੀ ਵੀ ਪਤਾ ਨਹੀਂ ਸੀ ਲੱਗੀ।

ਜਦੋਂ ਸਰਕਾਰ ਨੇ ਕੁਛ ਕਰਨਾ ਵੀ ਚਾਹਿਆ ਸਿੱਖਾਂ ਨੇ ਉਹਨਾਂ ਨੂੰ ਦੁਰਕਾਰ ਦਿਤਾ ਅਤੇ ਇਕ ਕੈਂਪ ਵਾਲਿਆਂ ਨੇ ਤਾਂ ਇਕ ਐਮ.ਪੀ. ਵਲੋਂ ਲਿਆਂਦਾ ਖਾਣਾ ਵੀ ਖਾਣ ਤੋਂ ਇੰਨਕਾਰ ਕਰ ਦਿੱਤਾ ਕਿਉਂਕਿ ਸਿੱਖ ਇਹ ਮਹਿਸੂਸ ਕਰਦੇ ਸਨ ਕਿ ਇਸ ਕਤਲੋਗਾਰਤ ਵਿਚ ਇਸ ਐਮ.ਪੀ. ਦਾ ਸਿੱਧਾ ਹੱਥ ਹੈ। ਅਸਲ ਵਿਚ ਐਸੇ ਵਿਅਕਤੀਆਂ ਦਾ ਆਗਮਣ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵਿਚ ਰੁਕਾਵਟ ਪੈਦਾ ਕਰ ਦਿੰਦਾ ਸੀ।

ਕੈਂਪਾਂ ਵਿਚ ਬੈਠੇ ਬੱਚੇ ਬੁੱਢੇ ਅਤੇ ਔਰਤਾਂ ਦੀ ਗਿਣਤੀ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਹਨਾਂ ਵਿਚੋਂ ਕਿਸੇ ਨੂੰ ਵੀ ਸ਼ਨਾਖਤੀ ਕਾਰਡ ਨਹੀਂ ਦਿਤੇ ਗਏ ਜਿਸ ਨਾਲ ਕਿ ਉਹ ਆਪਣਾ ਭੱਤਾ ਹਾਸਲ ਕਰ ਸਕਣ ਅਤੇ ਹੁਣ ਉਹਨਾਂ ਨੂੰ ਕਾਨੂੰਨੀ ਅੜਚਨਾ ਤੇ ਅਫਸਰਸ਼ਾਹੀ ਦਾ ਸਾਹਮਣਾ ਕਰਨਾ ਪਏਗਾ।

ਪ੍ਰੈਸ ਦੀਆਂ ਰਿਪੋਰਟਾਂ ਦੇ ਮੁਤਾਬਕ ਦੋ ਕਰੋੜ ਰੁਪਏ ਤੋਂ ਉੱਪਰ ਦੀ ਲੁਟ ਦਾ ਮਾਲ ਪੁਲਿਸ ਨੇ ਫੜਿਆ ਪਰ ਲੁਟਣ ਵਾਲੇ ਨਹੀਂ ਫੜੇ ਗਏ। ਜਿਹੜੇ ਫੜੇ ਗਏ ਉਹ ਸਥਾਈ ਲੀਡਰਾਂ ਦੇ ਦਖਲ ਦੇਣ ਕਾਰਨ ਛੱਡ ਦਿੱਤੇ ਗਏ।

ਕੋਈ ਐਸਾ ਤਰੀਕਾ ਨਹੀਂ ਕਢਿਆ ਗਿਆ ਜਿਸ ਨਾਲ ਕਿ ਲੁੱਟਮਾਰ ਦਾ ਮਾਲ ਪੁਲਿਸ ਉਸਦੇ ਅਸਲੀ ਮਾਲਕਾਂ ਤਕ ਪਹੁੰਚਾਣ ਦਾ ਉਪਰਾਲਾ ਕਰ ਸਕੇ। ਬਹੁਤ ਹੀ ਘਟ ਕੀਮਤਾਂ ਤੇ ਵੀਡੀਓ ਮਸ਼ੀਨਾਂ ਅਤੇ ਟੀ.ਵੀ. ਆਦਿ ਮਾਰਕਿਟ ਵਿਚ ਪਹਿਲਾਂ ਹੀ ਵਿਕਣੀਆਂ ਸ਼ੁਰੂ ਹੋ ਚੁਕੀਆਂ ਹਨ।

ਦਿੱਲੀ ਦੇ ਪ੍ਰਬੰਕਾਂ ਨੇ ਇਕ ਹਫਤੇ ਦੇ ਵਿਚ ਵਿਚ ਹੀ ਸਿੱਖਾਂ ਨੂੰ ਜਬਰਦਸਤੀ ਉਹਨਾਂ ਦੇ ਬਚੇ ਖੁਚੇ ਘਰਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਜਿਥੇ ਸਿਰਫ ਕੋਲਾ ਜਾਂ ਸੁਆਹ ਹੀ ਬਚੀ ਹੋਈ ਸੀ। ਘਰ ਉਜੜ ਗਏ, ਜਾਇਦਾਦ ਲੁੱਟੀ ਗਈ, ਕਤਲੋਗਾਰਤ ਅਤੇ ਲੁਟਮਾਰ ਕਰਨ ਵਾਲੇ ਹਾਲੇ ਵੀ ਸੜਕਾਂ ਵਿਚ ਖੁਲ੍ਹੇ ਫਿਰ ਰਹੇ ਹਨ। ਇਸ ਮਾਹੌਲ ਵਿਚ ਤਾਜ਼ਾ ਯਾਦਾਂ ਨੂੰ ਲੈ ਕੇ ਸਿੱਖ ਵਾਪਸ ਜਾਣ ਤੋਂ ਘਬਰਾਂਦੇ ਹਨ। ਸਰਕਾਰੀ ਤੌਰ ਤੇ ਕੁਲ 2960 ਲੁਟੇਰੇ ਗ੍ਰਿਫਤਾਰ ਕੀਤੇ ਗਏ। ਉਹਨਾਂ ਵਿਚੋਂ ਸੈਂਕੜੇ ਜਾਂ ਤਾਂ ਜ਼ਮਾਨਤਾਂ ਉਤੇ ਛੱਡ ਦਿਤੇ ਗਏ ਤੇ ਜਾਂ ਸਥਾਨਕ ਰਾਜਨੀਤਕਾਂ ਦੀ ਦਖਲ ਅੰਦਾਜ਼ੀ ਕਾਰਨ ਵੈਸੇ ਹੀ ਛੱਡ ਦਿੱਤੇ ਗਏ।

ਬੜੀ ਬੇਰਹਿਮੀ ਦੇ ਨਾਲ ਸਰਕਾਰ ਅਤੇ ਦਿੱਲੀ ਦੇ ਪ੍ਰਬੰਧਕਾਂ ਨੇ ਸਿੱਖ ਪਰਵਾਰਾਂ ਨੂੰ 50, 50 ਰੁਪਏ ਦੇ ਕੁੱਝ ਕਪੜਿਆਂ ਦੀਆਂ ਗੱਠਾਂ ਬਣਾ ਕੇ, ਦਿਲੀ ਦੀਆਂ ਬਸਾਂ ਵਿਚ ਉਹਨਾਂ ਨੂੰ ਬਿਠਾ ਕੇ ਵਾਪਸ ਜ਼ਬਰਦਸਤੀ ਘਰਾਂ ਵੱਲ ਧੱਕ ਦਿੱਤਾ। ਉਹਨਾਂ ਦੀ ਹਿਫਾਜਤ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਵਿਸ਼ਵਾਸ਼ ਅਤੇ ਬਚਾਅ ਕਰਨ ਦਾ ਕੋਈ ਮਾਹੌਲ ਨਹੀਂ ਬਣਾਇਆ ਗਿਆ। ਫੌਜ ਹੋਣ ਦੇ ਬਾਵਜੂਦ ਲੁੱਟਮਾਰ ਅਤੇ ਕਤਲ ਕਰਨ ਦੇ ਇੱਕਾ ਦੁੱਕਾ ਕਿੱਸੇ ਹਾਲੇ ਵੀ ਸੁਨਣ ਵਿਚ ਆ ਰਹੇ ਸਨ।

ਸਰਕਾਰ ਨੇ ਡਾਕਟਰੀ ਸਹਾਇਤਾ, ਸਫਾਈ ਜਾਂ ਭੱਤਾ ਲੈਣ ਲਈ ਕਲੇਮ ਫਾਰਮ ਵੀ ਨਹੀਂ ਛਪਵਾਏ ਅਤੇ ਆਪਣੇ ਪੂਰੇ ਸਾਧਨਾਂ ਦਾ ਇਸਤੇਮਾਲ ਨਹੀਂ ਕੀਤਾ। ਇਕ ਵਲੰਟਰੀ ਏਜੰਸੀ ਨੇ ਆਪਣੇ ਕੰਟਰੋਲ ਹੇਠ ਕੈਂਪਾਂ ਲਈ ਆਪ ਫਾਰਮ ਤਿਆਰ ਕਰਵਾ ਕੇ ਦਿਤੇ। ਸਰਕਾਰ ਦਾ ਇਹ ਘਿਨੌਣਾ ਤਰੀਕਾ ਉਸੇ ਹੀ ਕੜੀ ਦਾ ਹਿਸਾ ਹੈ। ਜਿਸ ਨਾਲ ਇਸਨੇ ਪਹਿਲਾਂ ਕਤਲੋ ਗਾਰਤ ਕਰਵਾਈ ਸੀ। ਸਰਕਾਰ ਨੇ ਸ਼ਰਨਾਰਥੀ ਅਤੇ ਪੁਨਰਵਾਸ ਕਰਵਾਣ ਦੀ ਲੋੜ ਨੂੰ ਭਲਾ ਕਿਸ ਤਰ੍ਹਾਂ ਨਹੀਂ ਮਹਿਸੂਸ ਕੀਤਾ? ਇਕ ਪਾਸੇ ਸਰਕਾਰ ਸਹਾਇਤਾ ਕਰਨ ਲਈ ਸਹਾਇਕ ਕਮਿਸ਼ਨਰ ਬਿਠਾ ਰਾਹੀਂ ਸੀ ਤਾਂ ਫਿਰ ਦੂਸਰੇ ਪਾਸੇ ਬਿਨਾਂ ਹਿਫਾਜ਼ਤ ਦੀ ਗਰੰਟੀ ਦੇ ਸਿੱਖਾਂ ਨੂੰ ਜਬਰਦਸਤੀ ਕੈਂਪਾਂ ਵਿਚੋਂ ਕੱਢ ਕੇ ਉਹਨਾਂ ਦੇ ਸੜੇ ਫੂਕੇ ਘਰਾਂ ਵਲ ਧੱਕ ਰਹੀ ਸੀ?

ਆਖਰੀ ਨਿਚੋੜ

ਇਸ ਕਤਲੋਗਾਰਤ ਦੇ ਦੌਰਾਨ ਸਰਕਾਰ ਦਾ ਜਾਣ ਬੁੱਝ ਕੇ ਬੇਧਿਆਨਾ ਹੋਣ ਨਾਲ ਅਤੇ ਜਾਣਬੁਝ ਕੇ ਸਹਾਇਤਾ ਨਾ ਕਰਨਾ, ਅਤੇ ਘਿਨੋਣੇ ਵਰਤਾਵ ਕਾਰਣ, ਇਹਨਾਂ ਘਟਨਾਵਾਂ ਦਾ ਰਾਜਨੀਤਕ ਅਤੇ ਸਮਾਜਿਕ ਅਸਰ ਬਹੁਤ ਦੂਰ ਤਕ ਮਾਰ ਕਰੇਗਾ।

ਇਹ ਬਹੁਤ ਹੀ ਗੰਭੀਰ ਗਲ ਹੈ ਕਿ ਸਰਕਾਰ ਨੇ ਇਸ ਸਾਰੇ ਭਿਆਨਕ ਅਤੇ ਘਿਨੋਣੇ ਹਾਦਸਿਆ ਬਾਰੇ ਕੋਈ ਛਾਣਬੀਣ ਨਹੀਂ ਕਰਵਾਈ ਜਦ ਕਿ ਇਹ ਸਭ ਕੁਝ ਸੋਚੀ ਸਮਝੀ ਸਕੀਮ ਦੇ ਮੁਤਾਬਕ ਹੀ ਹੋਇਆ ਸੀ।

ਇੰਦਰਾ ਗਾਂਧੀ ਦੀ ਮੌਤ ਅਤੇ ਮੌਤ ਐਲਾਨ ਹੋਣ ਤਕ ਸੱਤ ਘੰਟੇ ਦਾ ਸਮਾਂ ਸੀ। ਇਹ ਬੜੀ ਬੇਸਬਰੀ ਨਾਲ ਜਾਨਣ ਦੀ ਲੋੜ ਹੈ ਕਿ ਇਹਨਾਂ ਸੱਤ ਘੰਟਿਆਂ ਦੇ ਦੌਰਾਨ ਸਰਕਾਰ ਨੇ ਹਿੰਸਾ ਵਿਚ ਘਿਰਣ ਵਾਲਿਆਂ ਦੇ ਬਚਾ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ?

ਸਰਕਾਰੀ ਪਾਰਟੀ ਦੇ ਰਾਜਨੀਤਕਾਂ ਦੇ ਪਾਏ ਹਿਸੇ ਨੂੰ ਪ੍ਰੈਸ ਨੇ ਕਾਫੀ ਨੰਗਿਆਂ ਕੀਤਾ। ਦਬਾਅ ਵਿਚ ਆ ਕੇ ਸਰਕਾਰ ਨੇ ਕੁਝ ਇਕ ਦੀ ਬਦਲੀ ਆਦਿ ਕਰਕੇ ਚੇਹਰੇ ਬਦਲ ਦਿੱਤੇ। ਇਹ ਜਰੂਰੀ ਹੈ ਕਿ, ਅਸੀਂ ਸਰਕਾਰ ਦੀ ਇਸ ਚਾਲ ਥੱਲੇ ਨਾ ਆਈਏ।

ਇਹ ਫਸਾਦ ਬੜੀ ਤਕੜੀ ਸਕੀਮ ਅਤੇ ਬੇਮਿਸਾਲ ਕਤਲੋ ਗਾਰਤ ਨਾਲ ਕਰਵਾਏ ਗਏ। ਮਨਾਂ ਨੂੰ ਪਰੇਸ਼ਾਨ ਕਰਨ ਵਾਲੇ ਕਈ ਸੁਆਲ ਉਠਦੇ ਹਨ। ਇਹਨਾਂ ਦਾ ਜਵਾਬ ਜਰੂਰੀ ਹੈ।

1. ਇੰਦਰਾ ਗਾਂਧੀ ਦੇ ਕਤਲ ਅਤੇ ਮੌਤ ਦੇ ਐਲਾਨ ਵਿਚਲੇ ਸੱਤ ਘੰਟਿਆਂ ਦੇ ਫਰਕ ਦੌਰਾਨ ਸਰਕਾਰ ਅਤੇ ਪ੍ਰਬੰਧਕੀ ਢਾਂਚਾ ਕੀ ਕਰ ਰਿਹਾ ਸੀ?
2. ਚੇਤਾਵਨੀ ਅਤੇ ਕਤਲੋਗਾਰਤ ਦੀਆਂ ਸੂਚਨਾਵਾਂ ਦੇ ਬਾਵਜੂਦ ਸਰਕਾਰ ਨੇ ਇਸ ਨੂੰ ਸੰਜੀਦਾ ਨਾ ਸਮਝਕੇ ਫੌਜ ਕਿਉਂ ਨਹੀਂ ਬੁਲਵਾਈ?
3. ਪ੍ਰਾਈਮ ਮਨਿਸਟਰ ਦੇ ਨਜ਼ਦੀਕੀ ਕਾਂਗਰਸ (ਆਈ) ਅਤੇ ਕੁਛ ਵਿਅਕਤੀਗਤ ਲੀਡਰਾਂ ਨੇ ਆਪਣੇ ਆਪ ਨੂੰ ਉਹ ਤਾਕਤ ਕਿਸ ਤਰ੍ਹਾਂ ਦੇ ਲਈ ਜਿਹੜੀ ਕਿ ਮਨਿਸਟਰਾਂ ਅਤੇ ਅਫਸਰਾਂ ਕੋਲ ਹੁੰਦੀ ਹੈ?
4. ਫੌਜ ਨੂੰ ਸਾਫ ਲਫਜਾਂ ਵਿਚ ਕੰਟਰੋਲ ਕਰਨ ਲਈ ਅਤੇ ਕਰਫਿਊ ਲਾਗੂ ਕਰਵਾਣ ਦੀਆਂ ਕਿਸਨੇ ਹਿਦਾਇਤਾਂ ਨਾ ਦਿਤੀਆਂ ਅਤੇ ਇਕ ਸਾਂਝਾ ਕੰਟਰੋਲ ਰੂਮ ਕਿਉਂ ਨਾ ਬਨਵਾਇਆ ਗਿਆ?
5. ਪੁਲਿਸ ਦੇ ਕਤਲੋਗਾਰਤ ਵਿਚ ਹਿਸਾ ਲੈਣ ਦਾ ਅਤੇ ਉਸਦੇ ਹਰਕਤ ਵਿਚ ਨਾ ਆਣ ਦਾ ਜਿੰਮੇਵਾਰ ਕੌਣ ਹੈ?
6. ਸੋਚੀ ਸਮਝੀ ਸਕੀਮ ਰਾਹੀਂ ਅੱਗਾਂ ਕਿਸ ਨੇ ਲਗਵਾਈਆਂ?
7. ਤੀਨ ਮੂਰਤੀ ਭਵਨ ਵਿਚੋਂ ਦੂਰ ਦਰਸ਼ਨ ਰਾਹੀਂ ਦਿਤੇ ਜਾ ਰਹੇ ਪ੍ਰੋਗਰਾਮ ਦੇ ਦੌਰਾਨ ਭੜਕਾਊ ਨਾਹਰੇ (ਖੂਨ ਦਾ ਬਦਲਾ ਖੂਨ) ਟੀ.ਵੀ. ਉਤੇ ਦਿਖਾਉਣ ਦੀ ਇਜ਼ਾਜਤ ਕਿਉਂ ਦਿਤੀ ਗਈ?
8. ਆਪਣੇ ਮੈਂਬਰਾਂ ਵਲੋਂ ਪਾਏ ਗਏ ਹਿੱਸੇ ਬਾਰੇ ਕਾਂਗਰਸ (ਆਈ) ਨੇ ਛਾਣਬੀਣ ਕਿਉਂ ਨਹੀਂ ਕਰਵਾਈ?