

ਦਿੱਲੀ ਦੇ ਸਿੱਖ ਮੁੜ ਤੋਂ ਕਤਲੇਆਮ ਦਾ ਸ਼ਿਕਾਰ ਬਣਨ ਲਈ ਤਿਆਰ ਰਹਿਣ
- ਸਰਬਜੀਤ ਸਿੰਘ -
ਫੋਨ : 9871683322
ਪੱਤਰਕਾਰ ਜਰਨੈਲ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲ ਆਪਣਾ ਬੂਟ ਉਛਾਲਣ ਉਪਰੰਤ ਮੀਡੀਆ ਵੱਲੋਂ ਨਵੰਬਰ 84 ਕਤਲੇਆਮ ਦੇ ਮੁੱਦੇ ਨੂੰ ਦਿੱਤੀ ਗਈ ਬੇਮਿਸਾਲ ਤਵੱਜੋ ਅਤੇ ਅਕਾਲੀ ਦਲ ਬਾਦਲ ਤੇ ਬੀਜੇਪੀ ਵੱਲੋਂ ਤਜ਼ਰਬੇਕਾਰ ਮੌਕਾਪ੍ਰਸਤ ਪਾਰਟੀਆਂ ਵਾਂਗ ਮੌਕੇ ਦਾ ਭਰਪੂਰ ਸਿਆਸੀ ਲਾਭ ਚੁੱਕਣ ਕਾਰਨ ਕਾਂਗਰਸ ਪਾਰਟੀ ਨੂੰ ਨਵੰਬਰ 1984 ਵਿੱਚ ਦਿੱਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਦੋ ਮੁੱਖ ਆਰੋਪੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਚੋਣ-ਟਿਕਟਾਂ ਰੱਦ ਕਰਨ ਲਈ ਮਜਬੂਰ ਹੋਣਾ ਹੀ ਪਿਆ। ਭਾਵੇਂ ਕਿ ਗ੍ਰਹਿ ਮੰਤਰੀ ਨੇ ਘਟਨਾ ਵਾਲੇ ਦਿਨ ਹੀ ਜਰਨੈਲ ਸਿੰਘ ਨੂੰ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਇਸ ‘ਮੁਆਫੀ’ ਪਿੱਛੇ ਕੇਂਦਰੀ ਮੰਤਰੀ ਦੇ ਉਦਾਰਵਾਦੀ ਚਰਿੱਤਰ ਦੀ ਬਜਾਏ ਕਾਂਗਰਸ ਪਾਰਟੀ ਦੀਆਂ ਸਿਆਸੀ ਮਜਬੂਰੀਆਂ ਵਧੇਰੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਸਨ। ਇਸਲਈ ਸਾਰੇ ਘਟਨਾਕ੍ਰਮ ਉਪਰੰਤ ਭਾਵੇਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੱਟੜਪੰਥੀਆਂ ਨੇ ਵੀ ਜ਼ਾਹਿਰੀ ਤੌਰ ’ਤੇ ਆਪਣੀ ਜ਼ੁਬਾਨ ਨੂੰ ਤਾਲਾ ਲਗਾ ਲਿਆ ਹੋਵੇ ਪਰ ਇਸਦਾ ਅਰਥ ਇਹ ਨਹੀਂ ਕਿ ਭਵਿੱਖ ਵਿੱਚ ਵੀ ਸਿੱਖਾਂ ਦਾ ਇਵੇਂ ਹੀ ‘ਲਿਹਾਜ਼’ ਕੀਤਾ ਜਾਂਦਾ ਰਹੇਗਾ।
ਬ੍ਰਾਹਮਣਵਾਦੀਆਂ ਦੀ ਪੁਰਾਣੀ ਖ਼ਾਸੀਅਤ ਹੈ ਕਿ ਉਹ ਪਛੜੇ ਵਰਗਾਂ, ਦਲਿਤਾਂ ਅਤੇ ਘੱਟ-ਗਿਣਤੀ ਕੌਮਾਂ ਦੇ ਲੋਕਾਂ ਕੋਲੋਂ ਆਪਣੀ ‘ਹਾਰ’ ਤਾਂ ਦੂਰ, ਆਪਣੀਆਂ ਕਰਤੂਤਾਂ ਸਬੰਧੀ ਕਿਸੇ ਕਿਸਮ ਦਾ ਵਿਰੋਧ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਜਦ ਬ੍ਰਾਹਮਣਵਾਦੀਆਂ (ਜਿਨ੍ਹਾਂ ਵਿੱਚ ਕਾਂਗਰਸੀ, ਜਨਸੰਘੀ ਤੇ ਸਿੱਖੀ ਸ਼ਕਲ-ਸੂਰਤਾਂ ਵਾਲੇ ਅਕਾਲੀ ਵੀ ਸ਼ਾਮਲ ਸਨ) ਵੱਲੋਂ ਸਿੱਖਾਂ ਦੇ ਪਵਿੱਤਰ ਧਰਮ ਅਸਥਾਨ ਦਰਬਾਰ ਸਾਹਿਬ ਕੰਪਲੈਕਸ ’ਤੇ ਫੌਜੀ ਹਮਲਾ ਕਰਵਾ ਕੇ ਗੁਰੂ ਪੰਥ ਦਾ ਭਾਰੀ ਅਪਮਾਨ ਤੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਤਾਂ ਇਸ ਕਾਰਵਾਈ ਪ੍ਰਤੀ ਮਨ ਵਿੱਚ ਵਿਰੋਧ-ਭਾਵਨਾ ਰੱਖਣ ਵਾਲੇ ਨੌਜੁਆਨਾਂ ਨੂੰ ਵੀ ਸੰਗੀਨ ਅਪਰਾਧੀਆਂ ਵਾਂਗ ਕੋਹ-ਕੋਹ ਕੇ ਮਾਰਿਆ ਗਿਆ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ‘ਲਾਵਾਰਿਸ’ ਕਹਿ ਕੇ ਸਾੜ ਦਿੱਤਾ ਗਿਆ। ਜਿਸ ਇਕ-ਮਾਤਰ ਸਮਾਜਸੇਵੀ ਨੇ ਬ੍ਰਾਹਮਣਵਾਦੀਆਂ ਦੀਆਂ ਇਨ੍ਹਾਂ ਜ਼ਾਲਮਾਨਾਂ ਕਾਰਵਾਈਆਂ ਬਾਰੇ ਸਬੂਤ ਇਕੱਤਰ ਕਰਨੇ ਅਰੰਭ ਕੀਤੇ, ਉਸ ਨੂੰ ਵੀ ਦਿਨ-ਦਹਾੜੇ ਅਗਵਾ ਕਰਕੇ ‘ਗਾਇਬ’ ਕਰਵਾ ਦਿੱਤਾ ਗਿਆ।
ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਦੀ ਆਗਿਆ ਦੇਣ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਇਲਜ਼ਾਮ ਦੋ ਸਿੱਖ ਬਾਡੀਗਾਰਡਾਂ ’ਤੇ ਆਇਆ ਤਾਂ ਸਿੱਖਾਂ ਨਾਲ ਭਾਰੀ ਈਰਖਾ ਖਾਂਦੇ ਬ੍ਰਾਹਮਣਵਾਦੀਆਂ ਨੇ ਆਪਣੀ ‘ਬ੍ਰਾਹਮਣ ਮਾਂ’ ਦੇ ਕਤਲ ਦਾ ਬਦਲਾ ਲੈਣ ਲਈ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਕਤਲ ਕਰ ਦਿੱਤਾ, ਹਜ਼ਾਰਾਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਅਤੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਭਾਰੀ ਬੇਅਦਬੀ ਕੀਤੀ। (ਅਖੌਤੀ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਇਕ ਬਾਣੀਆ ਹੋਣ ਕਾਰਨ, ਜਦ ਬ੍ਰਾਹਮਣ ਨੱਥੂਰਾਮ ਗੋਡਸੇ ਨੇ ਉਸਦਾ ਕਤਲ ਕਰ ਦਿੱਤਾ ਸੀ ਤਾਂ ਸੁਭਾਵਿਕ ਤੌਰ ’ਤੇ ਅਜਿਹੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਸੀ।)
ਨਵੰਬਰ 84 ਕਤਲੇਆਮ ਬਾਰੇ ਬ੍ਰਾਹਮਣਵਾਦੀ ਮੀਡੀਆ ਨੇ ਕਦੇ ਪੜਤਾਲੀਆ ਪੱਤਰਕਾਰੀ ਕਰਨ ਦੀ ਲੋੜ ਨਹੀਂ ਸਮਝੀ ਸੀ, ਬਲਕਿ ਇਸ ਕਤਲੇਆਮ ਲਈ ਵੀ ਸਿੱਖਾਂ ਦੀਆਂ ਆਪਣੀਆਂ ਕਾਰਵਾਈਆਂ (ਜਿਵੇਂ ਪੰਜਾਬ ਦੇ ਸਿੱਖਾਂ ਵੱਲੋਂ ਹਰਿਆਣਾ ਨੂੰ ਹੋਰ ਵਧੇਰੇ ਦਰਿਆਈ ਪਾਣੀ ਦੇਣ ਤੋਂ ਇਨਕਾਰ ਕਰਨਾ ਜਾਂ ਆਪਰੇਸ਼ਨ ਬਲੂ ਸਟਾਰ ਪ੍ਰਤੀ ਆਪਣਾ ਰੋਹ ਜਤਾਉਣਾ ਆਦਿਕ) ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਪਰ ਜਾਣੇ-ਅਨਜਾਣੇ ਵਿੱਚ ਜਰਨੈਲ ਸਿੰਘ ਦੇ ਬੂਟ ਮੁੱਦੇ ਨੂੰ ਤੂਲ ਮਿਲਣ ਕਾਰਨ ਇਸ ਮੁੱਦੇ ’ਤੇ ਕਾਫੀ ਚਰਚਾ ਹੋਈ। ਇਨ੍ਹਾਂ ਚਰਚਾਵਾਂ ਵਿੱਚ ਮੁੱਖ ਤੱਥ ਇਹ ਉਭਰ ਕੇ ਸਾਹਮਣੇ ਆਇਆ ਕਿ ਨਵੰਬਰ 84 ਕਤਲੇਆਮ ਨੂੰ ਬੀਤਿਆਂ 25 ਸਾਲਾਂ ਹੋ ਜਾਣ ਦੇ ਬਾਵਜੂਦ ਕਿਸੇ ਵੀ ਆਰੋਪੀ, ਖ਼ਾਸ ਕਰਕੇ ਵੱਡੇ ਸਿਆਸਤਦਾਨਾਂ ਨੂੰ ਕੋਈ ਸਜ਼ਾ ਨਾ ਹੋਣ ਕਾਰਨ ਸਿੱਖ ਸਮਾਜ ਵਿੱਚ ਭਾਰੀ ਅੰਦਰੂਨੀ ਬੇਚੈਨੀ ਹੈ ਤੇ ਇਹ ਬੇਚੈਨੀ ਕਤਲੇਆਮ ਪੀੜ੍ਹਤਾਂ ਲਈ ਵੱਡੀਆਂ ਰਕਮਾਂ ਵਾਲੇ ਮੁਆਵਜ਼ੇ ਵੰਡਣ ਮਾਤਰ ਨਾਲ ਨਹੀਂ ਬਲਕਿ ਮੁੱਖ ਆਰੋਪੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਨਾਲ ਹੀ ਦੂਰ ਹੋ ਸਕਦੀ ਹੈ।
ਇਸ ਨਵੀਂ ਸਥਿਤੀ ਦੇ ਵਿਕਸਿਤ ਹੋਣ ਨਾਲ ਕਤਲੇਆਮ ਦੇ ਮੁੱਖ ਆਰੋਪੀਆਂ (ਜਿਵੇਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ) ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਣੀ ਕੁਦਰਤੀ ਹੈ। ਇਨ੍ਹਾਂ ਆਰੋਪੀਆਂ ਦੀਆਂ ਚੋਣ-ਟਿਕਟਾਂ ਰੱਦ ਹੋਣ ਉਪਰੰਤ ਸਿੱਖਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ (ਜਿਵੇਂ ਕਈ ਖੇਤਰਾਂ ਦੇ ਸਿੱਖਾਂ ਨੇ ਇਸ ਦਿਨ ਸ਼ਾਮ ਨੂੰ ਵੱਡੀ ਪੱਧਰ ’ਤੇ ਆਤਿਸ਼ਬਾਜ਼ੀ ਕਰਕੇ ਆਪਣੀ ਖੁਸ਼ੀ ਪ੍ਰਗਟਾਈ) ਨੇ ਇਨ੍ਹਾਂ ਤਾਕਤਵਰ ਸਿਆਸੀ ਆਗੂਆਂ ਦੇ ਦਿਲਾਂ ਵਿੱਚ ਪਨਪੀ ਅਪਮਾਨ ਦੀ ਭਾਵਨਾ ਨੂੰ ਹੋਰ ਤੀਬਰ ਕਰ ਦਿੱਤਾ ਹੈ। ਇਸੇ ਇਲਾਵਾ, ਆਪਣਾ ਸਿਆਸੀ ਭਵਿੱਖ ਬਚਾਉਣ ਅਤੇ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵੀ ਅਜਿਹੇ ਆਰੋਪੀ ਤੇ ਉਨ੍ਹਾਂ ਦੇ ਵਰਕਰ ਕੋਈ ਵੀ ਮਾੜਾ ਕਦਮ ਚੁੱਕ ਸਕਦੇ ਹਨ। ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਹਜ਼ਾਰਾਂ ਗੁੰਡਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਵੱਡੇ ਆਰੋਪੀਆਂ ਨੂੰ ਹੀ ਸਜ਼ਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਛੋਟੇ ਸਤਰ ਦੇ ਆਰੋਪੀਆਂ, ਜਿਨ੍ਹਾਂ ਨੇ ਅਸਲ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਤੇ ਲੁੱਟ-ਖਸੁੱਟ ਮਚਾਈ ਸੀ, ਦੀ ਤਾਂ ਖੈਰ ਨਹੀਂ। ਇਸਲਈ ਆਪਣੇ ਆਕਾਵਾਂ ਨੂੰ ਬਚਾਉਣ ਲਈ ਇਹ ‘ਵਰਕਰ’ ਨੁਮਾ ਗੁੰਡੇ ਉਹੀ ਨੀਤੀ ਅਪਣਾ ਸਕਦੇ ਹਨ, ਜੋ ਸੌਦਾ ਸਾਧ ਦੇ ਚੇਲਿਆਂ ਨੇ ਆਪਣੇ ਅਖੌਤੀ ‘ਗੁਰੂ’ ਨੂੰ ਬਚਾਉਣ ਲਈ ਅਪਣਾਈ ਸੀ - ਯਾਨੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਸਿੱਖਾਂ ’ਤੇ ਮੁੜ ਹਮਲਾ।
ਸਿੱਖਾਂ ਨੇ ਸ਼ਾਇਦ ਧਿਆਨ ਨਹੀਂ ਦਿੱਤਾ ਕਿ ਜਿਸ ਦਿਨ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਰੱਦ ਹੋਣ ਦੀ ਖ਼ਬਰ ਸਾਹਮਣੇ ਆਈ, ਉਸੇ ਦਿਨ ਸ਼ਾਮ ਨੂੰ ਦਿੱਲੀ ਦੇ ਮੰਗੋਲ ਪੁਰੀ ਅਤੇ ਸੁਲਤਾਨ ਪੁਰੀ ਇਲਾਕਿਆਂ ਵਿੱਚ ਇਨ੍ਹਾਂ ਆਰੋਪੀਆਂ ਦੇ ਸਮਰਥਕਾਂ ਦੀਆਂ ਭੀੜਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਸਨ। ਪਰ ਐਨ ਚੋਣਾਂ ਵੇਲੇ ਕਿਸੇ ਕਿਸਮ ਦੀ ਫਿਰਕੂ ਕਾਰਵਾਈ ਕਰਨ ਨਾਲ ਇਨ੍ਹਾਂ ਆਰੋਪੀਆਂ ਦੀ ਸਿਆਸੀ ਪਾਰਟੀ ਨੂੰ ਰਾਸ਼ਟਰੀ ਪੱਧਰ ’ਤੇ ਭਾਰੀ ਨੁਕਸਾਨ ਹੋਣ ਦਾ ਖ਼ਤਰਾ ਸੀ। ਇਸਲਈ ਸ਼ਾਇਦ ਇਨ੍ਹਾਂ ‘ਵਰਕਰਾਂ’ ਨੂੰ ਹਾਲਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਇਜਾਜ਼ਤ ਨਹੀਂ ਮਿਲ ਸਕੀ। ਪਰ ‘ਖਿਸੀਆਨੀ ਬਿੱਲੀ ਖੰਭਾ ਨੋਚੇ’ ਦੀ ਕਹਾਵਤ ਮੁਤਾਬਿਕ ਨੇੜਲੇ ਭਵਿੱਖ ਵਿੱਚ, ਕਿਸੇ ਵੀ ਛੋਟੇ-ਮੋਟੇ ਬਹਾਨੇ ਦੇ ਅਧਾਰ ’ਤੇ ਦਿੱਲੀ ਦੇ ਸਿੱਖਾਂ ਨੂੰ, ਭਾਵੇਂ ਪਹਿਲਾਂ ਨਾਲੋਂ ਛੋਟੇ ਸਤਰ ਦੀ ਹੀ ਸਹੀ, ਇਕ ਵਾਰ ਫਿਰ ਤੋਂ 84 ਕਤਲੇਆਮ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀ ਉਲਾਰ ਬਿਆਨਬਾਜ਼ੀਆਂ ਅਤੇ ਤੱਥਾਂ-ਰਹਿਤ ਮੰਗਾਂ ਵਿੱਚ ਰੁਝਿਆ ਸਿੱਖ ਸਮਾਜ ਸਮਾਂ ਰਹਿੰਦਿਆਂ ਸਥਿਤੀ ਦੀ ਗੰਭੀਰਤਾ ਸਮਝ ਕੇ ਬ੍ਰਾਹਮਣਵਾਦੀਆਂ ਕੋਲੋਂ ਸਾਵਧਾਨ ਹੋ ਸਕੇਗਾ?