Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈੱਸ ਬਿਉਰੋ -

ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ (14 ਮਾਰਚ) ਦਾ ਦਿਨ ਆਮ ਲੋਕਾਂ ਦੇ ਨੋਟਿਸ ਵਿੱਚ ਆਏ ਬਿਨਾਂ ਹੀ ਲੰਘ ਗਿਆ। ਭਾਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਇਹ ਦਾਅਵਾ ਕਰਦੇ ਹਨ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਸਮਾਜ ਦੇ ਅਸਲ ਕੈਲੰਡਰ ਵਜੋਂ ਪ੍ਰਚਾਰਿਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਵੱਲੋਂ ਸਿੱਖਾਂ ਨੂੰ ਇਸ ਕੈਲੰਡਰ ਮੁਤਾਬਿਕ ਨਵਾਂ ਸਾਲ ਮਨਾਉਣ ਲਈ ਉਤਸ਼ਾਹਿਤ ਕਰਨ ਪ੍ਰਤੀ ਕੋਈ ਕਦਮ ਨਹੀਂ ਚੁੱਕਿਆ ਜਾਂਦਾ। ਇਸਲਈ ‘ਆਮ’ ਸਿੱਖਾਂ ਨੂੰ ਤਾਂ ਨਾਨਕਸ਼ਾਹੀ ਕੈਲੰਡਰ ਵਰਗੀ ਕਿਸੇ ਸ਼ੈਅ ਦੀ ਹੋਂਦ ਦਾ ਵੀ ਪਤਾ ਨਹੀਂ। ਹਾਂ, ਏਨਾ ਜ਼ਰੂਰ ਹੈ ਕਿ ਸਿੱਖਾਂ ਦੀਆਂ ਅਖੌਤੀ ਧਾਰਮਕ ਜੱਥੇਬੰਦੀਆਂ, ਜਿਹੜੀਆਂ ਇਸਾਈ ਸਮਾਜ ਵੱਲੋਂ ਪ੍ਰਚਲਿਤ ਕੀਤੇ ਗਏ ਕੈਲੰਡਰ ਦੇ ਨਵੇਂ ਸਾਲ ਮੌਕੇ ਉਚੇਚੇ ਤੌਰ ’ਤੇ ਵੱਡੇ-ਵੱਡੇ ਕੀਰਤਨ ਦਰਬਾਰਾਂ ਦਾ ਆਯੋਜਨ ਕਰਵਾਉਣਾ ਆਪਣਾ ਜ਼ਰੂਰੀ ਫਰਜ਼ ਸਮਝਦੀਆਂ ਹਨ, ਜੇਕਰ ਆਪਣੀ ਊਰਜਾ ਦਾ 25 ਫੀਸਦੀ ਹਿੱਸਾ ਵੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਚਲਿਤ ਕਰਨ ਵੱਲ ਲਗਾਉਣ ਤਾਂ ਹੌਲੀ-ਹੌਲੀ ਸਿੱਖ ਸਮਾਜ ਦੀ ਨਿਵੇਕਲੀ ਪਛਾਣ ਸਥਾਪਿਤ ਹੋ ਸਕਦੀ ਹੈ।

ਆਰ.ਐਸ.ਐਸ. ਦਾ ਨਵਾਂ ਮੁਖੀ

ਕੱਟੜ ਹਿੰਦੁਤਵ ਦੇ ਪ੍ਰਚਾਰਕ ਸੰਗਠਨ ਰਾਸ਼ਟਰੀ ਸਵੰਯਸੇਵਕ ਸੰਘ ਦੇ 9 ਸਾਲ ਮੁਖੀ ਰਹੇ ਕੇ.ਐਸ. ਸੁਦਰਸ਼ਨ ਨੇ ਆਪਣੀ ਥਾਂ ਮੋਹਨ ਭਾਗਵਤ ਨੂੰ ਸੰਘ ਦਾ ਨਵਾਂ ਮੁਖੀ ਥਾਪ ਦਿੱਤਾ ਹੈ। ਸ਼ਾਇਦ ਲੋਕਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਕੱਟੜਪੰਥੀ ਹਿੰਦੂਆਂ ’ਤੇ ਆਪਣੀ ਪਕੜ ਚੰਗੀ ਤਰ੍ਹਾਂ ਬਣਾਉਣ ਲਈ ਸੁਦਰਸ਼ਨ ਨੇ ਅਜਿਹੇ ਸਮੇਂ ਹੀ ਆਪਣੇ ਸੰਗਠਨ ਦੀ ਕਮਾਨ ਦੂਜੇ ਆਗੂ ਨੂੰ ਸੌਂਪਣ ਦਾ ਨਿਰਣਾ ਲਿਆ। ਇਸ ਘਟਨਾਕ੍ਰਮ ’ਚੋਂ ਇਹ ਧਿਆਨ ਦੇਣ ਯੋਗ ਤੱਥ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਸੰਘ ਪਰਵਾਰ ਦੇ ਅਹੁਦੇਦਾਰਾਂ ਨੂੰ ਆਪਣੇ ਨਿਜੀ ਲਾਭਾਂ ਦੀ ਬਜਾਏ ਆਪਣੇ ਸੰਗਠਨ ਅਤੇ ਭਾਰਤ ’ਤੇ ਬ੍ਰਾਹਮਣਵਾਦ ਦਾ ਦਬਦਬਾ ਬਣਾਈ ਰੱਖਣ ਦੀ ਫਿਕਰ ਰਹਿੰਦੀ ਹੈ। ਦੂਜੇ ਪਾਸੇ, ਸਿੱਖ ਸੰਗਠਨਾਂ ਦੇ ਅਹੁਦੇਦਾਰ ਆਪਣੇ ਸੰਗਠਨਾਂ ਤੋਂ ਨਿਜੀ ਲਾਭ ਚੁੱਕਣ ਵਾਸਤੇ ਸਿੱਖ ਕੌਮ ਨੂੰ ਕਿਸੇ ਵੀ ਹੱਦ ਤੱਕ ਨੁਕਸਾਨ ਪਹੁੰਚਾਉਣ ਤੋਂ ਸੰਕੋਚ ਨਹੀਂ ਕਰਦੇ।

ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਸਾਰੇ ਭਾਰਤ ਵਿੱਚ ਫੈਲੇ ਹੋਏ ਇਸ ਵਿਸ਼ਾਲ ਸੰਗਠਨ ਦੇ ਮੁਖੀ ਨੂੰ ਤਬਦੀਲ ਕਰਨ ਵੇਲੇ ਸੰਘ ਦੇ ਸੀਨੀਅਰ ਅਹੁਦੇਦਾਰਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਕਰਾਰ ਵੇਖਣ ਨੂੰ ਨਹੀਂ ਮਿਲੀ। ਸੰਘ ਦੇ ਮੁਖੀ ਨੇ ਆਪਣਾ ਅਗਲਾ ਮੁਖੀ ਨਾਮਜ਼ਦ ਕਰ ਦਿੱਤਾ ਤੇ ਬਾਕੀ ਸਾਰੇ ਅਹੁਦੇਦਾਰਾਂ ਨੇ ਚੁਪਚਾਪ ਇਸ ਫੈਸਲੇ ਨੂੰ ਪਰਵਾਨ ਕਰ ਲਿਆ। ਦੂਜੇ ਪਾਸੇ, ਸਿੱਖਾਂ ਦੇ ਸੰਗਠਨਾਂ ਜਿਵੇਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ; ਬਲਕਿ ਆਮ ਗੁਰਦੁਆਰਿਆਂ ਦੀਆਂ ਚੋਣਾਂ ਸਮੇਂ ਮੈਂਬਰਾਂ ਵੱਲੋਂ ਵੱਡੀ ਪੱਧਰ ’ਤੇ ਤੂੰ-ਤੂੰ ਮੈਂ-ਮੈਂ ਕੀਤੀ ਜਾਂਦੀ ਹੈ, ਕਈ ਵਾਰ ਇਕ-ਦੂਜੇ ਦੀਆਂ ਪੱਗਾਂ ਉਤਾਰ ਦਿੱਤੀਆਂ ਜਾਂਦੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕ-ਦੂਜੇ ਨਾਲ ਗਾਲੀ-ਗਲੌਚ ਕੀਤੀ ਜਾਂਦੀ ਹੈ। ਜੇਕਰ ਇਸ ਨਾਲ ਵੀ ਗੱਲ ਨਾ ਬਣੇ ਤਾਂ ਅਦਾਲਤਾਂ ਵਿੱਚ ਇਕ-ਦੂਜੇ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾਏ ਜਾਂਦੇ ਹਨ ਤੇ ਆਪਣੀ ਮਨ-ਮਰਜ਼ੀ ਦੇ ਫੈਸਲੇ ਨਾ ਆਉਣ ’ਤੇ ਉਪਰਲੀਆਂ ਅਦਾਲਤਾਂ ਵਿੱਚ ਇਨ੍ਹਾਂ ਫੈਸਲਿਆਂ ਖਿਲਾਫ਼ ਅਪੀਲਾਂ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ‘ਮਨ ਨੀਵਾਂ ਮਤ ਉੱਚੀ’ ਦਾ ਦਾਅਵਾ ਕਰਨ ਵਾਲੇ ਸਿੱਖਾਂ ਅਤੇ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਬ੍ਰਾਹਮਣਵਾਦੀਆਂ ਵਿੱਚੋਂ ਵਧੇਰੇ ਜ਼ਾਬਤਾ ਕਿਸ ਸਮਾਜ ਵਿੱਚ ਕਾਇਮ ਹੈ।

ਜਗਦੀਸ਼ ਟਾਈਟਲਰ ਦਾ ਨਵਾਂ ਡ੍ਰਾਮਾ

ਭਾਰਤੀ ਸਿਆਸਤਦਾਨਾਂ ਵੱਲੋਂ ਆਪਣੀਆਂ ਮੰਦ ਕਰਤੂਤਾਂ ਦਾ ਪਾਜ ਉਘੜਨ ’ਤੇ ਵੀ ਸ਼ਰਮਿੰਦਾ ਹੋਣ ਅਤੇ ਆਪਣੀਆਂ ਕਰਤੂਤਾਂ ਦੀ ਨੈਤਿਕ ਜ਼ਿੰਮੇਵਾਰੀ ਤੋਂ ਮੁਨਕਰ ਰਹਿਣਾ ਬੜੀ ਪੁਰਾਣੀ ਨੀਤੀ ਹੈ। ਜਦ ਵੀ ਕਿਸੇ ਸਿਆਸਤਦਾਨ ਵੱਲੋਂ ਕੋਈ ਆਰਥਕ, ਸਮਾਜਕ ਜਾਂ ਸਿਆਸੀ ਘਪਲਾ ਕਰਨ ਸਬੰਧੀ ਕੋਈ ਖ਼ਬਰ ਸਾਹਮਣੇ ਆਉਂਦੀ ਹੈ, ਤਾਂ ਮੋਟੀ ਚਮੜੀ ਵਾਲੇ ਸਿਆਸਤਦਾਨ ਅਜਿਹੀਆਂ ਖ਼ਬਰਾਂ ਨੂੰ ‘ਵਿਰੋਧ ਧਿਰ ਦੀ ਚਾਲ’ ਕਹਿ ਕੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਇਸੇ ਨੀਤੀ ਦੀ ਪਾਲਣਾ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 84 ਕਤਲੇਆਮ ਵਿੱਚ ਉਸਦੀ ਭੂਮਿਕਾ ਸਬੰਧੀ ਉਠੀ ਚਰਚਾ ਤੋਂ ਬਾਅਦ ਕੀਤੀ ਹੈ। ਇੰਡੀਆ ਟੀ.ਵੀ. ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ‘ਆਪ ਕੀ ਅਦਾਲਤ’ ਵਿੱਚ ਆਪਣੇ ਇੰਟਰਵਿਊ ਦੌਰਾਨ ਜਗਦੀਸ਼ ਟਾਈਟਲਰ ਨੇ ਵੀ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਬਿਲਕੁਲ ਨਿਰਦੋਸ਼ ਹੈ ਅਤੇ 84 ਕਤਲੇਆਮ ਵਿੱਚ ਉਸਦੀ ਭੂਮਿਕਾ ਬਾਰੇ ਉਠੇ ਸਵਾਲ ਉਸਦੇ ਵਿਰੋਧੀ ਸਿਆਸਤਦਾਨਾਂ ਦੀਆਂ ਚਾਲਾਂ ਦਾ ਨਤੀਜਾ ਹਨ।

ਆਪਣੀ ਸਫਾਈ ਪੇਸ਼ ਕਰਦਿਆਂ ਟਾਈਟਲਰ ਨੇ ਪਹਿਲਾ ਨੁਕਤਾ ਇਹ ਪੇਸ਼ ਕੀਤਾ ਕਿ ਉਹ ਖ਼ੁਦ ਇਕ ਸਿੱਖ ਪਰਵਾਰ ਨਾਲ ਸਬੰਧਿਤ ਹੈ ਕਿਉਂਕਿ ਉਸਦੀ ਮਾਂ ਵੀ ਇਕ ਸਿੱਖ ਸੀ। ਟਾਈਟਲਰ ਨੇ ਕਿਹਾ ਕਿ ਉਸਦਾ ਅਸਲ ਨਾਮ ਜਗਦੀਸ਼ ਸਿੰਘ ਕਪੂਰ ਹੈ ਪਰ ਭਾਰਤ-ਪਾਕ ਵੰਡ ਉਪਰੰਤ ਇਕ ਬ੍ਰਿਟਿਸ਼ ਅਧਿਕਾਰੀ ਵੱਲੋਂ ਉਸਨੂੰ ਪਾਲਣ-ਪੋਸਣ ਕਾਰਨ ਉਸਦਾ ਨਾਮ ਜਗਦੀਸ਼ ਟਾਈਟਲਰ ਪੈ ਗਿਆ। ਪ੍ਰੋਗਰਾਮ ਦੇ ਸੰਯੋਜਕ ਰਜਤ ਸ਼ਰਮਾ ਨੇ ਗੱਲਬਾਤ ਦੌਰਾਨ ਇਥੋਂ ਤੱਕ ਕਿਹਾ ਕਿ ਉਹ ਇਸਾਈ ਨਹੀਂ ਬਲਕਿ ਇਕ ਕੱਟੜ ਹਿੰਦੂ ਹੈ ਪਰ ਨਾਲ ਹੀ ਨਾਲ ਇਹ ਵੀ ਜੋੜ ਦਿੱਤਾ ਕਿ ਉਹ ਆਰ.ਐਸ.ਐਸ. ਵੱਲੋਂ ਪ੍ਰਚਾਰੀ ਜਾਂਦੀ ਕਿਸਮ ਦਾ ਹਿੰਦੂ ਨਹੀਂ ਹੈ।

ਪਰ ਟਾਈਟਲਰ ਦੇ ਇਹ ਦਾਅਵੇ ਇਹ ਸਾਬਿਤ ਨਹੀਂ ਕਰਦੇ ਕਿ ਉਸਨੇ 84 ਕਤਲੇਆਮ ਵਿੱਚ ਕੋਈ ਸ਼ਮੂਲੀਅਤ ਨਹੀਂ ਕੀਤੀ ਸੀ। ਸਿਆਸਤਦਾਨਾਂ, ਖ਼ਾਸਕਰ ਭਾਰਤੀ ਸਿਆਸਤਦਾਨਾਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਉਹ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਨ ਤੇ ਆਪਣੇ ਸੀਨੀਅਰ ਆਗੂਆਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਵਾਸਤੇ ਕੁਝ ਵੀ ਕਰ ਸਕਦੇ ਹਨ - ਆਪਣੇ ਹੀ ਧਰਮ ਦੇ ਲੋਕਾਂ ਨੂੰ ਮਰਵਾ ਵੀ ਸਕਦੇ ਹਨ। 1978 ਦੀ ਵੈਸਾਖੀ ਨੂੰ ਵਾਪਰੇ ਘਟਨਾਕ੍ਰਮ ਉਪਰੰਤ ਪੰਜਾਬ ਵਿੱਚ ਉਪਜੇ ਖਾੜਕੂਵਾਦ ਤੋਂ ਬਾਅਦ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਕਿਸੇ ਬੱਸ ਵਿੱਚੋਂ ਹਿੰਦੂ ਯਾਤਰੀਆਂ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਜਾਂਦਾ ਸੀ। ਅਜਿਹੀਆਂ ਕਾਰਵਾਈਆਂ ਅਸਲ ਖਾੜਕੂਆਂ ਵੱਲੋਂ ਨਹੀਂ ਬਲਕਿ ਸਰਕਾਰੀ ਏਜੰਟਾਂ ਵੱਲੋਂ ਅੰਜਾਮ ਦਿੱਤੀਆਂ ਜਾਂਦੀਆਂ ਸਨ। ਕਿਉਂਕਿ ਤਤਕਾਲੀ ਸਰਕਾਰ ’ਤੇ ਕਾਬਿਜ਼ ਬ੍ਰਾਹਮਣਵਾਦੀ ਤੱਤਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬ ਵਿੱਚ ਚੰਦ ਹਿੰਦੂਆਂ ਦੇ ਮਾਰੇ ਜਾਣ ਨਾਲ ਸਾਰੇ ਦੇਸ਼ ਦੇ ਹਿੰਦੂਆਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋਵੇਗੀ ਅਤੇ ਚੋਣਾਂ ਦੌਰਾਨ ਉਨ੍ਹਾਂ ਨੂੰ ਭਾਰੀ ਲਾਭ ਹੋਏਗਾ। ਜਗਦੀਸ਼ ਟਾਈਟਲਰ ਨੂੰ ਸਿੱਖਾਂ ਅਤੇ ਸਿੱਖੀ ਨਾਲ ਕਿੰਨਾਂ ਕੁ ਲਗਾਵ ਹੈ ਇਹ ਗੱਲ ਇਸ ਤੱਥ ਤੋਂ ਵੀ ਨੋਟ ਕੀਤੀ ਜਾ ਸਕਦੀ ਹੈ ਕਿ ਉਸਨੇ ਆਪਣਾ ਨਾਮ ਇਸਾਈਆਂ ਵਰਗਾ ਰੱਖਿਆ ਹੋਇਆ ਹੈ ਅਤੇ ਖ਼ੁਦ ਇਕ ਕੱਟੜ ਹਿੰਦੂ ਹੋਣ ਦਾ ਦਾਅਵਾ ਕਰਦਾ ਹੈ। ਇਸਲਈ ਇਹ ਕਹਿਣਾ ਕਿ ਪਿਛੋਕੜ ਵਿੱਚ ਸਿੱਖ ਪਰਵਾਰ ਨਾਲ ਕਿਸੇ ਤਰ੍ਹਾਂ ਸਬੰਧਿਤ ਰਹੇ ਵਿਅਕਤੀ ਵੱਲੋਂ ਸਿੱਖਾਂ ਦਾ ਕਤਲੇਆਮ ਨਹੀਂ ਕਰਵਾਇਆ ਜਾ ਸਕਦਾ, ਬਿਲਕੁਲ ਫੋਕਾ ਦਾਅਵਾ ਜਾਪਦਾ ਹੈ।

ਆਪਣੀ ਕਥਿਤ ‘ਨਿਰਦੋਸ਼ਤਾ’ ਸਾਬਿਤ ਕਰਨ ਵਾਸਤੇ ਟਾਈਟਲਰ ਟੀ.ਵੀ. ਸਟੂਡੀਓ ਵਿੱਚ ਕੁਝ ਵੀਡੀਓ ਸੀ.ਡੀਆਂ ਵੀ ਲੈ ਕੇ ਗਿਆ ਸੀ। ਇਕ ਸੀ.ਡੀ. ਵਿੱਚ ਦਿਖਾਇਆ ਗਿਆ ਸੀ ਕਿ ਟਾਈਟਲਰ ਇੰਦਰਾ ਗਾਂਧੀ ਦੀ ਲਾਸ਼ ਕੋਲ ਖੜਾ ਹੈ ਜਦਕਿ ਦੂਜੀਆਂ ਸੀ.ਡੀਆਂ ਵਿੱਚ ਟਾਈਟਲਰ ਖਿਲਾਫ਼ ਗਵਾਹੀ ਦੇਣ ਵਾਲੇ ਗ੍ਰੰਥੀ ਸੁਰਿੰਦਰ ਸਿੰਘ ਦੇ ਪਿਤਾ ਅਤੇ ਭਰਾ, ਸੁਰਿੰਦਰ ਸਿੰਘ ਨੂੰ ਝੂਠਾ ਦੱਸ ਰਹੇ ਹਨ। ਇਕ ਹੋਰ ਸੀ.ਡੀ. ਵਿੱਚ ਖ਼ੁਦ ਸੁਰਿੰਦਰ ਸਿੰਘ ਕਹਿੰਦਾ ਹੈ ਕਿ ਉਸਨੂੰ ਪਤਾ ਲੱਗਾ ਸੀ ਕਿ ਜਿਨ੍ਹਾਂ ਵਿਅਕਤੀਆਂ ਨੂੰ ਕਤਲੇਆਮ ਦੌਰਾਨ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਸਰਕਾਰ ਕੁਝ ਮੁਆਵਜ਼ਾ ਦੇ ਰਹੀ ਹੈ। ਉਸਨੇ ਇਹ ਮੁਆਵਜ਼ਾ ਪ੍ਰਾਪਤ ਕਰਨ ਲਈ ਇਕ ਵਕੀਲ (ਐਚ.ਐਸ. ਫੂਲਕਾ) ਨਾਲ ਸੰਪਰਕ ਕੀਤਾ। ਵਕੀਲ ਨੇ ਅੰਗਰੇਜ਼ੀ ਵਿੱਚ ਹਲਫਨਾਮਾ ਬਣਵਾ ਕੇ ਸੁਰਿੰਦਰ ਸਿੰਘ ਦੇ ਦਸਤਖ਼ਤ ਕਰਵਾ ਲਏ ਪਰ ਹਲਫਨਾਮੇ ਵਿੱਚ ਇਹ ਲਿਖਿਆ ਸੀ ਕਿ ਸੁਰਿੰਦਰ ਸਿੰਘ ਨੇ ਗੁ: ਪੁਲ ਬੰਗਸ਼ ਕੋਲ ਖੜੀ ਭੀੜ ਦੇ ਲੋਕਾਂ ਨੂੰ ਸਿੱਖਾਂ ਨੂੰ ਮਾਰਨ ਵਾਸਤੇ ਭੜਕਾਉਂਦਿਆਂ ਵੇਖਿਆ ਸੀ। ਸੀ.ਡੀ. ਵਿੱਚ ਸੁਰਿੰਦਰ ਸਿੰਘ ਨੇ ਕਿਹਾ ਕਿ ਉਸਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਇਸਲਈ ਉਸਨੇ ਹਲਫ਼ਨਾਮੇ ’ਤੇ ਦਸਤਖ਼ਤ ਕਰ ਦਿੱਤੇ ਪਰ ਜਦ ਉਸਨੂੰ ਹਲਫਨਾਮੇ ਦੀ ਸਮੱਗਰੀ ਬਾਰੇ ਜਾਣਕਾਰੀ ਮਿਲੀ ਤਾਂ ਉਸਨੇ ਆਪਣਾ ਬਿਆਨ ਦਰੁਸਤ ਕਰ ਲਿਆ (ਟਾਈਟਲਰ ਨੂੰ ਭੜਕਾਉਂਦਿਆਂ ਵੇਖਣ ਦੇ ਬਿਆਨ ਤੋਂ ਮੁੱਕਰ ਗਿਆ)।

ਇਹ ਠੀਕ ਹੈ ਕਿ ਉਕਤ ਸੀ.ਡੀਆਂ ਵਿਚਲੇ ਬਿਆਨਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਟਾਈਟਲਰ ਨਿਰਦੋਸ਼ ਸੀ ਅਤੇ ਸੁਰਿੰਦਰ ਸਿੰਘ ਦਾ ਬਿਆਨ ਗਲਤ ਸੀ। ਪਰ ਇਹ ਸੱਚ ਨਹੀਂ। ਜੇਕਰ ਟਾਈਟਲਰ ਦੇ ਇੰਦਰਾ ਗਾਂਧੀ ਦੀ ਲਾਸ਼ ਕੋਲ ਖੜੇ ਹੋਣ ਦੀ ਕੋਈ ਵੀਡੀਓ ਮੌਜੂਦ ਹੈ ਤਾਂ ਇਸਦਾ ਅਰਥ ਇਹ ਨਹੀਂ ਕਿ ਟਾਈਟਲਰ ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਧਰੇ ਗਿਆ ਹੀ ਨਹੀਂ। ਸੁਰਿੰਦਰ ਸਿੰਘ ਨੇ ਆਪਣੇ ਹਲਫਨਾਮੇ (ਜੋ ਇੰਡੀਆ ਅਵੇਅਰਨੈੱਸ ਦੇ ਹਥਲੇ ਅੰਕ ਵਿੱਚ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ) ਵਿੱਚ ਸਪਸ਼ਟ ਕਿਹਾ ਸੀ ਕਿ ਟਾਈਟਲਰ ਭੀੜ ਨੂੰ ਭੜਕਾ ਰਿਹਾ ਸੀ ਅਤੇ ਉਹ ਸੁਰਿੰਦਰ ਸਿੰਘ ਕੋਲ ਕੁਝ ਖ਼ਾਸ ਕਾਗਜ਼ਾਤ ’ਤੇ ਦਸਤਖ਼ਤ ਕਰਵਾਉਣ ਵਾਸਤੇ ਬਾਅਦ ਵਿੱਚ ਉਸ ਕੋਲ ਦੁਬਾਰਾ ਆਇਆ ਵੀ ਸੀ। ਯਾਨੀ, ਟਾਈਟਲਰ ਨੇ ਆਪਣੇ ਖਿਲਾਫ਼ ਸਰਗਰਮ ਇਕ-ਮਾਤਰ ਗਵਾਹ ਦੀ ਗਵਾਹੀ ਬਦਲਵਾਉਣ ਦੇ ਯਤਨ ਬਹੁਤ ਪਹਿਲਾਂ ਹੀ ਅਰੰਭ ਕਰ ਦਿੱਤੇ ਸਨ। ਬਹੁਤ ਸੰਭਾਵਨਾ ਹੈ ਕਿ ਜਦ ਸੁਰਿੰਦਰ ਸਿੰਘ ਆਪਣੇ ਬਿਆਨ ਤੋਂ ਪਲਟਦਾ ਨਹੀਂ ਦਿੱਸ ਰਿਹਾ ਸੀ ਤਾਂ ਉਸਦੇ ਪਿਤਾ ਅਤੇ ਭਰਾ ਨੂੰ ਕਿਸੇ ਲਾਲਚ ਜਾਂ ਡਰ ਅਧੀਨ ਲਿਆ ਕੇ ਉਨ੍ਹਾਂ ਤੋਂ ਟਾਈਟਲਰ-ਪੱਖੀ ਬਿਆਨ ਪ੍ਰਾਪਤ ਕਰ ਲਏ ਗਏ ਹੋਣ।

ਸੁਰਿੰਦਰ ਸਿੰਘ ਆਪਣੇ ਨਜ਼ਦੀਕੀਆਂ ਨਾਲ ਗੱਲਬਾਤ ਦੌਰਾਨ ਇਥੋਂ ਤੱਕ ਕਹਿੰਦਾ ਸੀ ਕਿ ਉਸਨੂੰ ਟਾਈਟਲਰ ਤੋਂ ਆਪਣੀ ਜਾਨ ਦਾ ਖ਼ਤਰਾ ਹੈ ਪਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਣਬੁੱਝ ਕੇ ਉਸਦੀ ਬਦਲੀ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਕਰ ਦਿੱਤੀ ਸੀ, ਜੋ ਟਾਈਟਲਰ ਦੀ ਸੀਟ ਅਧੀਨ ਹੀ ਆਉਂਦਾ ਸੀ ਤੇ ਟਾਈਟਲਰ ਆਪਣੇ ਗੁਰਗਿਆਂ ਨੂੰ ਸੁਰਿੰਦਰ ਸਿੰਘ ਕੋਲ ਭੇਜ ਕੇ ਉਸਨੂੰ ਧਮਕਾਉਂਦਾ ਸੀ। ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਕਾਫੀ ਚਿਰ ਪਹਿਲਾਂ ਐਨ.ਡੀ.ਟੀ.ਵੀ. ਦੀ ਇਕ ਮਹਿਲਾ ਪੱਤਰਕਾਰ ਨੇ ਸੁਰਿੰਦਰ ਸਿੰਘ ਨਾਲ ਦੋਸਤੀ ਕਰਕੇ ਉਸ ਨਾਲ ਟਾਈਟਲਰ ਮੁੱਦੇ ’ਤੇ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਨੂੰ ਛੁਪੇ ਹੋਏ ਕੈਮਰੇ ਵਿੱਚ ਕੈਦ ਕਰਕੇ ਇਕ ‘ਸਟਿੰਗ ਆਪਰੇਸ਼ਨ’ ਪ੍ਰਸਾਰਿਤ ਕਰ ਦਿੱਤਾ। ਭਾਵੇਂ ਕਾਨੂੰਨੀ ਅਦਾਲਤ ਵਿੱਚ ਇਸ ਸਟਿੰਗ ਆਪਰੇਸ਼ਨ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ ਸੀ ਪਰ ਫਿਰ ਵੀ ਇਸ ਨਾਲ ਸਾਹਮਣੇ ਆਈ ਜਾਣਕਾਰੀ ਨਾਲ ਟਾਈਟਲਰ ਦੇ ਅਕਸ ਨੂੰ ਖ਼ਤਰਾ ਪੈਦਾ ਹੋਣਾ ਸੁਭਾਵਿਕ ਸੀ। ਇਸਲਈ ਉਸਨੇ ਸੁਰਿੰਦਰ ਸਿੰਘ ਨੂੰ ਦਬਾਅ ਵਿੱਚ ਲਿਆਉਣ ਲਈ ਬਹੁਤ ਸਾਰੇ ਪੁਲਿਸਕਰਮੀਆਂ ਰਾਹੀਂ ਗੁ: ਮਜਨੂੰ ਟਿੱਲਾ ਸਾਹਿਬ ਦੀ ਨਾਕਾਬੰਦੀ ਕਰਵਾ ਦਿੱਤੀ। ਜਦ ਐਨ.ਡੀ.ਟੀ.ਵੀ. ਦੇ ਪੱਤਰਕਾਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ, ਤਾਂ ਟਾਈਟਲਰ ਦੇ ਵਰਕਰਾਂ ਨੇ ਉਨ੍ਹਾਂ ਦੀ ਓ.ਬੀ. ਵੈਨ ਦੀ ਭੰਨ-ਤੋੜ ਕੀਤੀ ਅਤੇ ਮਹਿਲਾ ਪੱਤਰਕਾਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਸਾਰੇ ਘਟਨਾਕ੍ਰਮ ਦੇ ਬਾਵਜੂਦ ਜੇਕਰ ਟਾਈਟਲਰ ਦਾ ਇਹ ਪ੍ਰਭਾਵ ਦੇਣਾ ਕਿ ਉਹ ਦੁੱਧ ਦਾ ਧੋਤਾ ਹੈ, ਨਿਰਾ ਝੂਠ ਸਾਬਿਤ ਹੁੰਦਾ ਹੈ।

ਜਗਦੀਸ਼ ਟਾਈਟਲਰ ਨੇ ਇਹ ਵੀ ਦਾਅਵਾ ਕੀਤਾ ਕਿ ਮੀਡੀਆ ਨੇ ਕਦੇ ਵੀ ਉਸਦਾ ਪੱਖ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਨਹੀਂ ਕੀਤਾ ਪਰ ਕਥਿਤ ਝੂਠੇ ਗਵਾਹਾਂ ਦੇ ਬਿਆਨਾਂ ਨੂੰ ਹੀ ਤੂਲ ਦਿੰਦਾ ਰਿਹਾ। ਇਹ ਗੱਲ ਕੁਝ ਹੱਦ ਤੱਕ ਤਾਂ ਠੀਕ ਹੋ ਸਕਦੀ ਹੈ, ਪਰ ਪੂਰੀ ਤਰ੍ਹਾਂ ਨਹੀਂ। ਭਾਰਤ ਦਾ ਬ੍ਰਾਹਮਣਵਾਦੀ ਮੀਡੀਆ ਤਾਂ ਹਮੇਸ਼ਾ ਹੀ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਫਿਰਕਾਪ੍ਰਸਤੀ ਵਾਲੇ ਮੁੱਦਿਆਂ ’ਤੇ ਸਿੱਖਾਂ ਦਾ ਪੱਖ ਪੇਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਸਬਕ ਸਿਖਾਉਣ ਵਾਲਿਆਂ ਦਾ ਹੀ ਸਾਥ ਦਿੰਦਾ ਹੈ। ਖ਼ਾਸ ਤੌਰ ’ਤੇ ਜਗਦੀਸ਼ ਟਾਈਟਲਰ ਵਰਗੇ ਵਿਅਕਤੀ, ਜਿਸਦੀ ਪਾਰਟੀ ਕਾਫੀ ਸਮਾਂ ਕੇਂਦਰ ਵਿੱਚ ਸਰਕਾਰ ਬਣਾ ਕੇ ਸੱਤਾ ’ਤੇ ਕਾਇਮ ਰਹੀ ਹੈ, ਲਈ ਆਪਣਾ ਪੱਖ ਮੀਡੀਆ ਸਾਹਮਣੇ ਪੇਸ਼ ਕਰਨ ਵਿੱਚ ਕੁਝ ਵੀ ਔਖਿਆਈ ਨਹੀਂ ਸੀ। ਹਾਂ, ਏਨਾ ਜ਼ਰੂਰ ਹੋ ਸਕਦਾ ਹੈ ਕਿ ਭਾਰਤੀ ਸਿਆਸਤਦਾਨਾਂ ਦੀਆਂ ਚਾਲਬਾਜ਼ੀਆਂ ਅਤੇ ਅਦਾਲਤਾਂ ਵਿੱਚ ਨਿੱਤ ਦਿਨ ਆਪਣੇ ਬਿਆਨਾਂ ਤੋਂ ਮੁਕਰਨ ਵਾਲੇ ਗਵਾਹਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਕਰਕੇ ਬਹੁਤੇ ਮੀਡੀਆ ਅਦਾਰਿਆਂ ਨੇ ਟਾਈਟਲਰ ਦੇ ਦਾਅਵਿਆਂ ਨੂੰ ਉਸਦੀ ਮਨਮਰਜ਼ੀ ਮੁਤਾਬਿਕ ਰੰਗਤ ਦੇਣ ਤੋਂ ਇਨਕਾਰ ਕਰ ਦਿੱਤਾ ਹੋਵੇ।

ਟਾਈਟਲਰ ਨੇ ਇਹ ਦਾਅਵਾ ਵੀ ਕੀਤਾ ਕਿ ਉਸਨੇ ਕਤਲੇਆਮ ਦੌਰਾਨ ਕਈ ਸਿੱਖ ਪਰਵਾਰਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ। ਇਹ ਗੱਲ ਸੱਚੀ ਹੋ ਸਕਦੀ ਹੈ ਪਰ ਇਸਦੀ ਕੋਈ ਖ਼ਾਸ ਅਹਿਮੀਅਤ ਨਹੀਂ। ਆਪਣੇ ਵਿਸ਼ਾਲ ਲੋਕਸਭਾ ਖੇਤਰ ਦੇ ਵੱਖ-ਵੱਖ ਇਲਾਕਿਆਂ ਲੋਕਾਂ ਨੂੰ ਸਿੱਖਾਂ ਖਿਲਾਫ਼ ਹਿੰਸਕ ਕਾਰਵਾਈਆਂ ਕਰਨ ਲਈ ਭੜਕਾਉਣ ਉਪਰੰਤ ਜੇਕਰ ਟਾਈਟਲਰ ਨੇ ਦਿਖਾਵੇ ਵਾਸਤੇ ਆਪਣੇ ਚੰਦ ਵਰਕਰਾਂ ਜਾਂ ਗੁਆਢੀ ਸਿੱਖ ਪਰਵਾਰਾਂ ਨੂੰ ਆਪਣੇ ਘਰ ਵਿੱਚ ਠਹਿਰਾ ਵੀ ਲਿਆ ਹੋਵੇ ਤਾਂ ਇਸਨੂੰ ‘ਹਾਥੀ ਦੇ ਦੰਦ ਖਾਣ ਵਾਲੇ ਹੋਰ, ਵਿਖਾਉਣ ਵਾਲੇ ਹੋਰ ਹੀ ਕਿਹਾ ਜਾ ਸਕਦਾ ਹੈ; ਕੁਝ ਹੋਰ ਨਹੀਂ।

ਟਾਈਟਲਰ ਦਾ ਇਹ ਬਿਆਨ ਕਿ ਉਸਦੇ ਇਲਾਕੇ ਦੇ ਸਾਰੇ ਸਿੱਖ ਉਸਨੂੰ ਹੀ ਵੋਟ ਦਿੰਦੇ ਹਨ, ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਦਾਅਵਾ ਹੈ। ਸੱਚਾਈ ਇਹ ਹੈ ਕਿ ਟਾਈਟਲਰ ਦੇ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਪਗੜੀਧਾਰੀ ਵਿਅਕਤੀ ਅਸਲ ਵਿੱਚ ਨਾਮਧਾਰੀ ਹਨ, ਜੋ ਰਵਾਇਤੀ ਤੌਰ ’ਤੇ ਕਾਂਗਰਸ ਦੀ ਹੀ ਵੋਟ ਬੈਂਕ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਕਾਰਨ ਨਾਮਧਾਰੀਆ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਇਸਲਈ ਟਾਈਟਲਰ ਦਾ ਇਹ ਖ਼ੁਦ-ਬ-ਖ਼ੁਦ ਖਾਰਿਜ ਹੋ ਜਾਂਦਾ ਹੈ ਕਿ ਉਸਨੂੰ ਆਪਣੇ ਇਲਾਕੇ ਦੇ ਸਾਰੇ ਸਿੱਖਾਂ ਦਾ ਸਮਰਥਨ ਪ੍ਰਾਪਤ ਹੈ। ਜੇਕਰ ਟਾਈਟਲਰ ਵਾਕਈ ਸੱਚਾ ਹੈ ਤਾਂ ਉਹ ਇਹ ਦੱਸਣ ਦਾ ਹੀਆ ਕਰੇ ਕਿ ਕਤਲੇਆਮ ਪੀੜ੍ਹਤਾਂ ਦੀ ਕਲੋਨੀ ਤਿਲਕ ਵਿਹਾਰ ਦੇ ਕਿੰਨੇ ਕੁ ਸਿੱਖ ਉਸਦੇ ਜਾਂ ਉਸਦੇ ਦਾਅਵਿਆਂ ਦੇ ਸਮਰਥਕ ਹਨ।