

ਜਰਨੈਲ ਸਿੰਘ ਦਾ ਬੂਟ, ਫਿਰਕਾਪ੍ਰਸਤ ਮੀਡੀਆ ਅਤੇ ਮੱਕਾਰ ਸਿੱਖ ਆਗੂ
- ਸਵਰਣ ਸਿੰਘ -
ਸਿੱਖਾਂ ਵੱਲੋਂ ਬ੍ਰਾਹਮਣਵਾਦੀ ਨਿਜ਼ਾਮ ਖਿਲਾਫ਼ ਚੁੱਕੀ ਜਾਂਦੀ ਹਰ ਨਿੱਕੀ-ਮੋਟੀ ਅਵਾਜ਼ ਨੂੰ ਦਬਾਉਣ ਲਈ ਭਾਰਤੀ ਮੀਡੀਆ ਇਕ ਵਫਾਦਾਰ ਕੁੱਤੇ ਵਾਂਗ ਤਤਪਰ ਰਹਿੰਦਾ ਹੈ ਤੇ ਪੱਤਰਕਾਰ ਜਰਨੈਲ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲ ਸੁੱਟੀ ਗਈ ਜੁੱਤੀ ਦੇ ਘਟਨਾਕ੍ਰਮ ਨੇ ਇਸ ਤੱਥ ਨੂੰ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ। ਗੱਲ ਸਿਰਫ਼ ਏਨੀ ਕੁ ਸੀ ਕਿ ਜਰਨੈਲ ਸਿੰਘ ਨੇ ਕਿਸੇ ਖ਼ਾਸ ਮਕਸਦ ਅਧੀਨ ਚਿਦਬਰਮ ਤੋਂ 84 ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਕਲੀਨ-ਚਿੱਟ ਦਿੱਤੇ ਜਾਣ ਦੇ ਮੁੱਦੇ ’ਤੇ ਖ਼ਾਸ ਦਿਸ਼ਾ ਵਿੱਚ ਸਵਾਲ ਕਰਨੇ ਅਰੰਭ ਕਰ ਦਿੱਤੇ। ਪਰ ਕਿਸੇ ਵੀ ਹੋਰ ਮਾਹਿਰ ਸਿਆਸਤਦਾਨ ਦੀ ਤਰ੍ਹਾਂ ਸ੍ਰੀ ਚਿਦੰਬਰਰਮ ਨੇ ਵੀ ਇਸ ਮੁੱਦੇ ਨੂੰ ਕਾਨੂੰਨੀ ਏਜੰਸੀ (ਸੀ.ਬੀ.ਆਈ.) ਦੀ ਜਾਂਚ ਅਤੇ ਅਦਾਲਤ ਵੱਲੋਂ ਇਸ ਬਾਬਤ ਕੀਤੇ ਜਾਣ ਵਾਲੇ ਫੈਸਲੇ ਨੂੰ ਅੰਤਮ ਦੱਸ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ। ਪਰ ਜਰਨੈਲ ਸਿੰਘ ਨੇ ਕਥਿਤ ਤੌਰ ’ਤੇ ਚਿਦੰਬਰਮ ਦੇ ਇਸ ਰਵਈਐ ਤੋਂ ਨਰਾਜ਼ ਹੋ ਕੇ ਉਨ੍ਹਾਂ ਵੱਲ ਆਪਣਾ ਇਕ ਬੂਟ ਸੁੱਟ ਦਿੱਤਾ।
|
|
|
|
ਜਰਨੈਲ ਸਿੰਘ ਵੱਲੋਂ ਚਿਦੰਬਰਮ
ਦੇ ਮੰਚ ਵੱਲ ਬੂਟ ਉਛਾਲਣ ਅਤੇ ਉਸਨੂੰ ਕਾਨਫਰੰਸ ਹਾਲ ਤੋਂ ਬਾਹਰ ਲਿਜਾਉਣ ਦੇ ਉਹ ਦ੍ਰਿਸ਼ |
|
ਕਿਉਂਕਿ ਇਹ ਘਟਨਾ ਇਕ ਪ੍ਰੈਸ ਕਾਨਫਰੰਸ ਦੌਰਾਨ ਵਾਪਰੀ ਸੀ, ਇਸ ਕਾਰਨ ਘਟਨਾ ਦੌਰਾਨ ਲਗਭਗ ਸਾਰੇ ਮੁੱਖ ਚੈਨਲਾਂ/ਅਖ਼ਬਾਰਾਂ ਦੇ ਪੱਤਰਕਾਰ ਤੇ ਕੈਮਰਾਮੈਨ ਮੌਕੇ ’ਤੇ ਮੌਜੂਦ ਸਨ ਅਤੇ ਸਾਰੇ ਵੀਡੀਓਗ੍ਰਾਫਰਾਂ ਨੇ ਜਰਨੈਲ ਸਿੰਘ ਦੀ ਇਸ ਕਾਰਵਾਈ ਨੂੰ ਆਪੋ-ਆਪਣੇ ਕੈਮਰਿਆਂ ਵਿੱਚ ਕੈਦ ਵੀ ਕੈਦ ਕਰ ਲਿਆ। ’ਤੇ ਵੀ ਫਿਰ ਆਪਣੀ ਇਸ ‘ਪ੍ਰਾਪਤੀ’ ਦਾ ਭਰਪੂਰ ਫਾਇਦਾ ਚੁੱਕਦਿਆਂ ਵੱਖ-ਵੱਖ ਟੀ.ਵੀ. ਚੈਨਲਾਂ ਨੇ ਲਗਤਾਰ ਇਸੇ ‘ਵੱਡੀ ਖ਼ਬਰ’ ਨੂੰ ਹੀ ਪ੍ਰਸਾਰਿਤ ਕਰਨਾ ਜਾਰੀ ਰੱਖਿਆ। ਤਕਰੀਬਨ ਸਾਰੇ ਚੈਨਲਾਂ ’ਤੇ ਇਹੀ ਗੱਲ ਕਹੀ ਜਾਂਦੀ ਰਹੀ ਕਿ ਸਿੱਖ ਪੱਤਰਕਾਰ ਨੇ ਕੇਂਦਰੀ ਮੰਤਰੀ ਨੂੰ ਬੂਟ ਮਾਰਨ ਦੀ ਕੋਸ਼ਿਸ਼ ਕੀਤੀ (ਜਦਕਿ ਇਹ ਸੱਚ ਨਹੀਂ ਸੀ - ਜਰਨੈਲ ਸਿੰਘ ਚਾਹੁੰਦਾ ਤਾਂ ਕੇਂਦਰੀ ਮੰਤਰੀ ਨੂੰ ਬੂਟ ਮਾਰ ਵੀ ਸਕਦਾ ਸੀ ਪਰ ਉਸਨੇ ਆਪਣਾ ਬੂਟ ਉਨ੍ਹਾਂ ਦੇ ਮੰਚ ਵੱਲ ਸਿਰਫ਼ ਉਛਾਲਿਆ ਹੀ ਸੀ)। ਤਕਰੀਬਨ ਸਾਰੇ ‘ਸੀਨੀਅਰ ਪੱਤਰਕਾਰਾਂ’ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ ਜਿਵੇਂ ਜਰਨੈਲ ਸਿੰਘ ਨੇ ਕਿਸੇ ਬਹੁਤ ਹੀ ਖੌਫਨਾਕ ਅਪਰਾਧ ਨੂੰ ਅੰਜਾਮ ਦੇ ਦਿੱਤਾ ਹੋਵੇ। ਹਰ ਬੁਲਾਰੇ ਨੇ ਪੱਤਰਕਾਰੀ ਦੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਬਾਰੇ ਲੰਮਾਂ-ਚੌੜਾ ਲੈਕਚਰ ਦਿੰਦਿਆਂ ਜਰਨੈਲ ਸਿੰਘ ਨੂੰ ਖ਼ੂਬ ਕੋਸਿਆ। (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਾਂ ਜਰਨੈਲ ਸਿੰਘ ਨੂੰ ਸਖ਼ਤ ਕਾਨੂੰਨੀ ਸਜ਼ਾ ਦੇਣ ਦੀ ਮੰਗ ਵੀ ਕਰ ਦਿੱਤੀ ਸੀ ਕਿਉਂਕਿ ਉਨ੍ਹਾਂ ਮੁਤਾਬਿਕ ਜਰਨੈਲ ਸਿੰਘ ਨੇ ਸਿੱਖੀ-ਵਿਰੋਧੀ ਹਰਕਤ ਕਰ ਦਿੱਤੀ ਸੀ ਹਾਲਾਂਕਿ ਸਿੱਖਾਂ ਦੀ ਬਹੁਗਿਣਤੀ ਵੱਲੋਂ ਜਰਨੈਲ ਸਿੰਘ ਦੇ ਕਦਮ ਦਾ ਸਮਰਥਨ ਕਰਨ ਉਪਰੰਤ ਸ੍ਰੀ ਸਰਨਾ ਨੇ ਆਪਣੇ ਇਸ ਬਿਆਨ ਬਾਰੇ ਚੁੱਪੀ ਧਾਰ ਲਈ ਸੀ।)
ਬ੍ਰਾਹਮਣਵਾਦੀ ਮੀਡੀਆ ਵੱਲੋਂ ਇਸ ਖ਼ਬਰ ਨੂੰ ਦਿੱਤੀ ਗਈ ਤੂਲ ਦਾ ਮਕਸਦ ਸਿੱਖਾਂ ਨੂੰ ਮਾੜੇ ਅਤੇ ਦੇਸ਼-ਵਿਰੋਧੀ ਲੋਕਾਂ ਵਜੋਂ ਪੇਸ਼ ਕਰਕੇ ਬਹੁਗਿਣਤੀ ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਸੀ। ਇਸਲਈ ਘਟਨਾ ਦੇ ਕੁਝ ਦੇਰ ਬਾਅਦ ਹੀ ਵੱਖ-ਵੱਖ ਚੈਨਲਾਂ ’ਤੇ ਇਹ ਚਰਚਾ ਵੀ ਸ਼ੁਰੂ ਹੋ ਗਈ ਕਿ ਜਰਨੈਲ ਸਿੰਘ ਨੂੰ ਕਿਹੜੀਆਂ-ਕਿਹੜੀਆਂ ਕਾਨੂੰਨੀ ਧਾਰਾਵਾਂ ਅੰਤਰਗਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਧਾਰਾਵਾਂ ਅਧੀਨ ਉਸਨੂੰ ਕਿੰਨੇ ਕੁ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਪਰ ਮੀਡੀਆ ਦੀ ਇਹ ਚਰਚਾ ਉਸ ਸਮੇਂ ਬਿਲਕੁਲ ਵਿਅਰਥ ਹੋ ਕੇ ਰਹਿ ਗਈ ਜਦ ਕਾਂਗਰਸ ਪਾਰਟੀ ਨੇ ਚੋਣਾਂ ਦੇ ਨਾਜ਼ੁਕ ਸਮੇਂ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਸਖ਼ਤੀ ਦਾ ਰੁਖ਼ ਅਪਣਾ ਕੇ ਸਮੁੱਚੀ ਸਿੱਖ ਕੌਮ ਦੀ ਨਰਾਜ਼ਗੀ ਨਾ ਝੇਲਣ ਲਈ ਜਰਨੈਲ ਸਿੰਘ ਨੂੰ ‘ਮੁਆਫ’ ਕਰ ਦਿੱਤਾ ਅਤੇ ਉਸਨੂੰ ਲਗਭਗ ਦੋ ਘੰਟਿਆਂ ਬਾਅਦ ਹੀ ਪੁਲਿਸ ਸਟੇਸ਼ਨ ਤੋਂ ਛੁੜਵਾ ਵੀ ਦਿੱਤਾ ਗਿਆ। ਇਸ ਤਰ੍ਹਾਂ, ਜਰਨੈਲ ਸਿੰਘ ਨੂੰ ਮੋਹਰਾ ਬਣਾ ਕੇ ਸਿੱਖ ਕੌਮ ਦਾ ਅਪਰਾਧੀ ਅਕਸ ਉਸਾਰਨ ਲਈ ਸਰਗਰਮ ਮੀਡੀਆ ਦੀ ਸਥਿਤੀ ‘ਖਿਸੀਆਨੀ ਬਿੱਲੀ ਖੰਭਾ ਨੋਚੇ’ ਵਰਗੀ ਹੋ ਗਈ। ਆਪਣੀ ਸ਼ਰਮਿੰਦਗੀ ਛੁਪਾਉਣ ਲਈ ਮੀਡੀਆ ਨੇ ਚਰਚਾ ਦਾ ਵਿਸ਼ਾ 84 ਕਤਲੇਆਮ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਅਤੇ ਟਾਈਟਲਰ ਵਰਗੇ ਆਰੋਪੀਆਂ ਖਿਲਾਫ਼ ਕਾਨੂੰਨੀ ਕਾਰਵਾਈ ਨਾ ਹੋ ਪਾਉਣ ਬਾਰੇ ਤਬਦੀਲ ਕਰ ਦਿੱਤਾ।
ਹਾਲਾਂਕਿ ਜਗਦੀਸ਼ ਟਾਈਟਲਰ ਦਾ ਮੰਨਣਾ ਹੈ ਕਿ ਇਹ ਸਭ ਕੁਝ ਇਕ ਸੋਚੀ-ਸਮਝੀ ਯੋਜਨਾ ਤਹਿਤ ਕੀਤਾ ਗਿਆ ਸੀ ਤੇ ਇਸ ਯੋਜਨਾ ਨੂੰ ਘੜਨ ਵਾਲਿਆਂ ਵਿੱਚ ਕਾਂਗਰਸ ਪਾਰਟੀ ਦੀ ਦਿੱਲੀ ਇਕਾਈ ਦੇ ਹੀ ਕੁਝ ਆਗੂਆਂ ਦਾ ਹੱਥ ਸੀ ਕਿਉਂਕਿ ਇਕ ਪੱਤਰਕਾਰ ਅਤੇ ਉਹ ਵੀ ਏਨੇ ਸੀਨੀਅਰ ਸਤਰ ਦਾ, ਕਦੇ ਵੀ ਇਸ ਤਰ੍ਹਾਂ ਦਾ ਜਜ਼ਬਾਤੀ ਕਦਮ ਨਹੀਂ ਚੁੱਕ ਸਕਦਾ। ਟਾਈਟਲਰ ਦੇ ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਸਿਆਸਤਦਾਨ ਹੀ ਜਾਣਦੇ ਹੋਣਗੇ ਪਰ ਇਸ ਮੁੱਦੇ ਨੇ ਪੰਜਾਬ ਵਿੱਚ ਅਤਿ ਮਾੜੀ ਸਥਿਤੀ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਬਾਦਲ ਅਤੇ ਕੁਝ ਹੱਦ ਤਕ ਬੀਜੇਪੀ ਨੂੰ ਇਕ ਤਰ੍ਹਾਂ ਦੀ ਸੰਜੀਵਨੀ ਬੂਟੀ ਪ੍ਰਦਾਨ ਕਰ ਦਿੱਤੀ। ਮੌਕਾਪ੍ਰਸਤ ਬਾਦਲਕਿਆਂ, ਜਿਨ੍ਹਾਂ ਨੇ ਐਨ.ਡੀ.ਏ. ਸਰਕਾਰ ਸਮੇਂ ਇਨ੍ਹਾਂ ਆਰੋਪੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਡੱਕਾ ਵੀ ਭੰਨ ਕੇ ਦੁਹਰਾ ਨਹੀਂ ਕੀਤਾ ਸੀ, ਨੇ ਤੁਰੰਤ ਦਿੱਲੀ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰਵਾ ਕੇ ਸਥਿਤੀ ਦਾ ਲਾਹਾ ਖੱਟਣਾ ਚਾਹਿਆ ਪਰ ਕਾਂਗਰਸ ਪਾਰਟੀ ਨੇ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਚੋਣ-ਟਿਕਟਾਂ ਰੱਦ ਕਰਕੇ ਉਨ੍ਹਾਂ ਦੀ ਇਸ ਮਨਸ਼ਾ ’ਤੇ ਪਾਣੀ ਫੇਰ ਦਿੱਤਾ।
ਇਸ ਸਾਰੇ ਘਟਨਾਕ੍ਰਮ ਨੇ ਨਾ ਸਿਰਫ਼ ਭਾਰਤੀ ਮੀਡੀਆ ਦੀਆਂ ਸਿੱਖ-ਵਿਰੋਧੀ ਨੀਤੀਆਂ ਦੀ ਇਕ ਵਾਰ ਫਿਰ ਪ੍ਰਤੱਖ ਮਿਸਾਲ ਪੇਸ਼ ਕੀਤੀ ਬਲਕਿ ਮੌਕਾਪ੍ਰਸਤ ਸਿੱਖ ਆਗੂਆਂ ਦੀ ਅਸਲੀਅਤ ਵੀ ਬੇਨਕਾਬ ਕਰ ਦਿੱਤੀ ਹੈ। ਕੀ ਸਿੱਖ ਸਮਾਜ ਇਨ੍ਹਾਂ ਆਸਤੀਨ ਦੇ ਸੱਪਾਂ ਪ੍ਰਤੀ ਸੁਚੇਤ ਹੋ ਸਕੇਗਾ?