Subscription About Us Contact Us


ਹਜ਼ੂਰ ਸਾਹਿਬ ਵਿਖੇ ਯਾਤਰੀਆਂ ਨੂੰ ਕਿਵੇਂ ਖੱਜਲ-ਖੁਆਰ ਕੀਤਾ ਜਾਂਦਾ ਹੈ

- ਗੈਰੀ ਗਰੇਵਾਲ -

ਇਸਾਈ ਧਰਮ ਵਿੱਚ ਇਕ ਬੰਦਾ ਸੂਲੀ ’ਤੇ ਚੜ੍ਹਿਆ ਸੀ, ਉਸ ਨੂੰ ਸਾਰੀ ਦੁਨੀਆ ਜਾਣਦੀ ਹੈ। ਸਾਡੀ ਕੌਮ ਵਿੱਚ ਲੱਖਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਅਫਸੋਸ, ਉਨ੍ਹਾਂ ਨੂੰ ਕੋਈ ਨਹੀਂ ਜਾਣਦਾ। ਉਨ੍ਹਾਂ ਨੂੰ ਤਾਂ ਕੀ ਜਾਣਨਾ ਸੀ, ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ‘ਸਿੱਖ’ ਨਾਂ ਦਾ ਕੋਈ ਧਰਮ ਵੀ ਹੈ। ਅਫਗਾਨੀ ਸਮਝ ਕੇ ਅਮਰੀਕਾ ਵਿੱਚ ਸਿੱਖਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ। ਇਸ ਤੋਂ ਵੱਧ ਹੋਰ ਕੀ ਸੂਬਤ ਹੋ ਸਕਦਾ ਹੈ ਇਸ ਗੱਲ ਦਾ। ਇਸ ਦਾ ਜ਼ਿੰਮੇਵਾਰ ਕੌਣ ਹੈ? ਧਰਮ ਦਾ ਪ੍ਰਚਾਰ ਸਮੇਂ ਦੀ ਲੋੜ ਹੈ। ਅੱਗੇ ਤਾਂ ਬਾਤਾਂ ਰਾਹੀਂ ਪੀੜ੍ਹੀ-ਦਰ-ਪੀੜ੍ਹੀ ਗੱਲਾਂ ਤੁਰੀਆਂ ਆਉਂਦੀਆਂ ਸਨ, ਇਹੀਓ ਪ੍ਰਚਾਰ ਦਾ ਸਭ ਧਰਮਾਂ ਦਾ ਤਰੀਕਾ ਸੀ। ਪਰ ਹੁਣ ਬਾਤਾਂ ਨਾਲ ਕੰਮ ਨਹੀਂ ਚਲਣਾ। ਹੁਣ ਫਿਲਮਾਂ ਬਣਨੀਆਂ ਚਾਹੀਦੀਆਂ ਹਨ।

ਇਕ ਪਾਸੇ ਬ੍ਰਾਹਮਣ ਨੇ ਜਿਹੜੇ ਸੀਰੀਅਲ ਤੇ ਫਿਲਮਾਂ ਰਾਹੀਂ ਝੂਠ ਨੂੰ ਵੀ ਸੱਚ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਅਤੇ ਦੂਜੇ ਪਾਸੇ ਆਪਾਂ ਹਾਂ ਜਿਹੜੇ ਸੱਚ ਨੂੰ ਲੁਕੋਈ ਬੈਠੇ ਹਾਂ। ਹਿੰਦੀ ਫਿਲਮਾਂ ਦਾ ਏਨਾ ਅਸਰ ਹੋਇਆ ਹੈ ਕਿ ਸਿੱਖ ਵੀ ਹਿੰਦੀ ਬੋਲਣ ਨੂੰ ਮਾਡਰਨ ਸਮਝਦੇ ਹਨ ਤੇ ਜੇ ਕੋਈ ਪੰਜਾਬੀ ਬੋਲੇ ਤਾਂ ਉਸਨੂੰ ਦੇਸੀ ਸਮਝਦੇ ਹਨ।

ਮੇਰੀ ਸ਼ਬਦਵਾਲੀ ਦਾ ਬੁਰਾ ਨਾ ਮਨਾਇਓ ਕਿਉਂਕਿ ਮੈਂ ਭਾਵੁਕ ਹੋ ਕੇ ਲਿਖ ਰਿਹਾ ਹਾਂ। ਆਪਣੀ ਕੌਮ ਨੂੰ ਵਧਦੇ-ਫੁਲਦੇ ਦੇਖਣਾ ਚਾਹੁੰਦਾ ਹਾਂ। ਪਰ ਕੌਮ ਤਾਂ ਹੀ ਤਰੱਕੀ ਕਰ ਸਕਦੀ ਹੈ ਜੇ ਆਪਣੀ ਸੋਚ ਵਿੱਚ ਫਰਕ ਆਵੇ। ਆਪਾਂ ਆਪਣੇ ਗੁਰੂਆਂ ’ਤੇ ਫਿਲਮਾਂ ਨਹੀਂ ਬਣਾਉਣ ਦਿੰਦੇ ਕਿਉਂਕਿ ਕੋਈ ਬੰਦਾ ਗੁਰੂਆਂ ਦੀ ਭੂਮਿਕਾ ਕਿਵੇਂ ਨਿਭਾਅ ਸਕਦਾ ਹੈ? ਪਰ ਕੀ ਆਪਾਂ ਪੰਜ ਪਿਆਰਿਆਂ ਦੀ ਭੂਮਿਕਾ ਨਹੀਂ ਕਰਦੇ? ਕੀ ਸਾਡੇ ਵਿੱਚ ਪੰਜ ਪਿਆਰਿਆਂ ਵਾਲੇ ਗੁਣ ਹਨ? ਮਰਿਆਦਾ ਵਿੱਚ ਰਹਿੰਦੇ ਹੋਏ ਵੀ ਕੋਈ ਹੱਲ ਲੱਭਿਆ ਜਾ ਸਕਦਾ ਹੈ। ਪਰ ਇਸ ਮੁੱਦੇ ਵੱਲੋਂ ਸਿਰ ਫੇਰ ਲੈਣ ਨਾਲ ਨੁਕਸਾਨ ਆਪਣਾ ਹੀ ਹੋ ਰਿਹਾ ਹੈ ਕਿਉਂਕਿ ਜਦ ਤੱਕ ਆਪਾਂ ਆਪਣੇ ਗੁਰੂਆਂ ਦਾ ਸੰਦੇਸ਼ ਲੋਕਾਂ ਤੱਕ ਨਹੀਂ ਪਹੁੰਚਾਵਾਂਗੇ ਤਾਂ ਆਪਣਾ ਧਰਮ ਕਿਵੇਂ ਫੈਲੇਗਾ? ਇਕ ਤਾਂ ਨੁਕਸਾਨ ਇਸ ਤਰ੍ਹਾਂ ਹੋ ਰਿਹਾ ਹੈ ਕਿਉਂਕਿ ਸਾਡੇ ਆਗੂ ਕੜਾਹ ਖਾ ਕੇ ਡੱਬਿਆਂ ਵਾਲਾ ਖੇਸ ਲੈ ਕੇ ਸੁੱਤੇ ਪਏ ਹਨ ਤੇ ਦੂਜਾ ਨੁਕਸਾਨ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਾਡੇ ਦੁਸ਼ਮਣ ਸਾਡੇ ਧਰਮ ਦਾ ਪ੍ਰਚਾਰ ਆਪਣੇ ਹਿਸਾਬ ਨਾਲ ਕਰੀ ਜਾ ਰਹੇ ਹਨ। ਦੋਹਰੀ ਮਾਰ ਪੈ ਰਹੀ ਹੈ।

ਸੰਘ ਪਰਵਾਰ ਵਾਲੇ ਜੇ ਸਿੱਖਾਂ ਨੂੰ ਹਿੰਦੂ ਕਹਿੰਦੇ ਹਨ ਤਾਂ ਅੱਜ ਦੇ ਹਾਲਾਤ ਵਿੱਚ ਇਹ ਕੁਝ ਹੱਦ ਤੱਕ ਸਹੀ ਵੀ ਹੈ। ਕਿਉਂਕਿ 1) ਮੰਦਰਾ ਵਿੱਚ ਵੀ ਸਿੱਖ ਜਾਂਦੇ ਹਨ 2) ਬਾਬਿਆਂ ਦੀਆਂ ਫੋਟੋਆਂ ਵੀ ਸਿੱਖ ਪੂਜਦੇ ਹਨ। ਹੋਰ ਮੂਰਤੀ ਪੂਜਾ ਨੂੰ ਸਿੰਗ ਲੱਗੇ ਹੁੰਦੇ ਹਨ? ਹਥਿਆਰ ਗੁਰੂ ਜੀ ਨੇ ਸਿੰਘਾਂ ਨੂੰ ਰੱਖਿਆ ਵਾਸਤੇ ਦਿੱਤੇ ਸਨ, ਮੱਥਾ ਟੇਕਣ ਨੂੰ ਨਹੀਂ - ਜਿਵੇਂ ਹਜ਼ੂਰ ਸਾਹਿਬ ਵਿੱਚ ਟੇਕਿਆ ਜਾਂਦਾ ਹੈ। ਹਥਿਆਰ ਨੂੰ ਮਹਿਜ਼ ਮੂਰਤੀਆਂ ਬਣਾ ਛੱਡਿਆ ਹੈ ਪਾਠੀਆਂ ਨੇ। ਗੱਲ ਤਾਂ ਹੀ ਬਨਣੀ ਹੈ ਵੀਰੋ, ਜੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰੋਗੇ। ਕਮਰੇ ਵਿੱਚ ਬਾਰ ਬੰਦ ਕਰਕੇ, ਸੰਘ ਪਾੜ-ਪਾੜ ਕੇ ‘ਰਾਜ ਕਰੇਗਾ ਖ਼ਾਲਸਾ’ ਕਹਿਣ ਨਾਲ ਕੱਖ ਨਹੀਂ ਹੋਣਾ। ਰਾਜ ਦੀ ਗੱਲ ਤਾਂ ਬਹੁਤ ਦੂਰ ਹੈ, ਅਜੇ ਤਾਂ ਸਿੱਖਾਂ ਦੀ ਪਛਾਣ ਵੀ ਨਹੀਂ ਬਣੀ। ਅਫਗਾਨਾਂ ਦੇ ਭੁਲੇਖੇ ‘ਸੇਵਾ’ ਇਨ੍ਹਾਂ ਦੀ ਹੁੰਦੀ ਹੈ।

ਹਜ਼ੂਰ ਸਾਹਿਬ ਜਾ ਕੇ ਤਾਂ ਮਨ ਬਹੁਤ ਦੁਖੀ ਹੋਇਆ। ਉਥੇ ਹਰ ਬੰਦਾ ਮੱਤ ਦੇਣ ਨੂੰ ਪੈਂਦਾ ਹੈ। ਆਪ ਨੂੰ ਭਾਵੇਂ ਚਵਾਨੀ ਦੀ ਅਕਲ ਨਾ ਹੋਵੇ। ਕਿਵੇਂ ਬੈਠਣਾ, ਕਿਵੇਂ ਉਠਣਾ, ਵਗੈਰਾ-ਵਗੈਰਾ। ਵੱਡੇ-ਵੱਡੇ ਚੋਪੜੀਆਂ ਦਾੜ੍ਹੀਆਂ ਵਾਲੇ ਪਾਠੀਆਂ ਨੇ ਤਾਂ ਮੱਤਾਂ ਦੇਣੀਆਂ ਹੀ ਹਨ, ਉਨ੍ਹਾਂ ਦੇ ਨਿੱਕੇ-ਨਿੱਕੇ ਨਿਆਣੇ ਵੀ ਟੋਕਣੋਂ ਨਹੀਂ ਹਟਦੇ।

ਮੈਂ ਹਜ਼ੂਰ ਸਾਹਿਬ ਇਕ ਵਾਰੀ ਤਾਂ ਅਮਰੀਕਾ ਤੋਂ ਆਏ ਇਕ ਸਰਦਾਰ ਸਾਹਿਬ ਨਾਲ ਗਿਆ ਸੀ। ਕੁਝ ਗੱਲਾਂ ਉਦੋਂ ਵੀ ਵਾਪਰੀਆਂ ਪਰ ਮੈਂ ਉਨ੍ਹਾਂ ਗੱਲਾਂ/ਹਾਦਸਿਆਂ ਨੂੰ ਅਚਾਨਕ ਵਾਪਰਨਾ ਸਮਝ ਕੇ ਅਣਗੌਲਿਆ ਕਰ ਦਿੱਤਾ। ਪਰ ਜਦ ਮੈਂ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਘਟਨਾਵਾਂ ਅਚਾਨਕ ਨਹੀਂ ਵਾਪਰਦੀਆਂ। ਇਹ ਗੁਰਦੁਆਰੇ ਨਹੀਂ, ਦੁਕਾਨਾਂ ਹਨ। ਬਲਕਿ ਦੁਕਾਨਾਂ ਨਾਲੋਂ ਵੀ ਗਏ-ਗੁਜ਼ਰੇ ਹਨ। ਕਿਉਂਕਿ ਦੁਕਾਨਾਂ ਵਿੱਚ ਤਾਂ ਚੀਜ਼ ਖਰੀਦਣ ਵਾਸਤੇ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਪਰ ਇਨ੍ਹਾਂ ਦੁਕਾਨਾਂ ਵਿੱਚ ਤਾਂ ਤੁਹਾਥੋਂ ‘‘ਮਾਇਆ ਇਸ ਗੋਲਕ ਵਿੱਚ ਪਾਉ ਜੀ, ਮਾਇਆ ਉਸ ਗੋਲਕ ਵਿੱਚ ਵੀ ਜ਼ਰੂਰ ਪਾਉ ਜੀ’’ ਕਹਿ ਕੇ ਜ਼ਬਰਦਸਤੀ ਮਾਇਆ ਖੋਹੀ ਜਾਂਦੀ ਹੈ।

ਅਸੀਂ ਅਜੇ ਜਾ ਕੇ ਵੱਡੇ ਗੁਰਦੁਆਰੇ ਵਿੱਚ ਬੈਠੇ ਹੀ ਸੀ (ਸਵੇਰੇ ਉਸ ਸਮੇਂ ਗੁਰਦੁਆਰੇ ਵਿੱਚ ਟਾਵਾਂ-ਟਾਵਾਂ ਬੰਦਾ ਹੀ ਸੀ) ਕਿ ਮੈਂ ਬੈਠਾ-ਬੈਠਾ ਲੱਤ ਲੰਮੀਂ ਕਰਕੇ ਜੇਬ ਵਿੱਚੋਂ ਪੈਸੇ ਕੱਢਣ ਲੱਗਾ। ਅੱਜ ਲੱਤ ਪੂਰੀ ਖੋਲ੍ਹੀ ਵੀ ਨਹੀਂ ਸੀ ਕਿ ਇਕ 7-8 ਸਾਲ ਦਾ ਨਿਆਣਾ ਭੱਜ ਕੇ ਆਇਆ ਤੇ ਕਹਿਣ ਲੱਗਾ, ‘‘ਲੱਤ ਇਕੱਠੀ ਕਰੋ ਜੀ।’’ ਉਹ ਨਿਆਣਾ ਇਕ ਪਾਠੀ, ਜੋ ਪਿੱਛੇ ਹੀ ਖੜਾ ਸੀ, ਦਾ ਮੁੰਡਾ ਸੀ। ਮੈਂ ਪਿਛਲੀ ਵਾਰ ਉਸੇ ਨਾਲ ਦੇਖਿਆ ਸੀ। ਮੈਂ ਕਿਹਾ ਕਿ ‘‘ਫੇਰ ਤੇਰੇ ਪਿਉ ਨੇ ਕਹਿਣੈ ਕਿ ਮਾਇਆ ਇਸ ਗੋਲਕ ਵਿੱਚ ਪਾਉ। ਹੁਣ ਜੇ ਲੱਤ ਸਿੱਧੀ ਹੋਊਗੀ ਤਾਂ ਹੀ ਜੇਬ ਵਿੱਚੋਂ ਮਾਇਆ ਬਾਹਰ ਆਊ, ਫੇਰ ਹੀ ਮਾਇਆ ਗੋਲਕ ਵਿੱਚ ਪਊਗੀ ਤੇ ਤੇਰਾ ਬਾਪੂ ਖੁਸ਼ ਹੋਵੇਗਾ।’’ ਇਹ ਸੁਣ ਕੇ ਨਿਆਣਾ ਪਾਠੀ ਕੋਲ ਚਲਾ ਗਿਆ। ਜਦੋਂ ਕਿ ਮੈਨੂੰ ਪਤਾ ਹੈ ਕਿ ਤਕਰੀਬਨ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਇਸ ਘਨਨਾ ਤੋਂ ਜਾਣੂ ਹੋਣਗੇ ਕਿ ਜਦੋਂ ਗੁਰੂ ਸਾਹਿਬ ਆਪਣੀ ਉਦਾਸੀ ਦੌਰਾਨ ਮੱਕੇ ਗਏ ਸਨ ਤੇ ਉਹ ਮੱਕੇ ਵੱਲ ਪੈਰ ਕਰਕੇ ਸੌਂ ਗਏ ਤਾਂ ਉਥੋਂ ਦੇ ਕਾਜ਼ੀ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਇਸ ਤਰਫ਼ ਰੱਬ ਦਾ ਘਰ ਹੈ, ਇਧਰ ਪੈਰ ਨਾ ਕਰੋ। ਤਾਂ ਗੁਰੂ ਸਾਹਿਬ ਨੇ ਕਿਹਾ ਸੀ, ‘‘ਜਿਹੜੇ ਪਾਸੇ ਰੱਬ ਦਾ ਘਰ ਨਹੀਂ, ਤੂੰ ਮੇਰੇ ਪੈਰ ਉਸ ਪਾਸੇ ਕਰ ਦੇ।’’ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ, ਜਿਹੜੇ ਪਾਸੇ ਗੁਰੂ ਸਾਹਿਬ ਦਾ ਸਿਰ ਸੀ, ਉਸ ਪਾਸੇ ਕਰ ਦਿੱਤੇ ਤਾਂ ਉਸਨੂੰ ਮੱਕਾ ਗੁਰੂ ਸਾਹਿਬ ਦੇ ਪੈਰਾਂ ਵੱਲ ਚਲਾ ਗਿਆ ਦਿਸਿਆ। ਕਾਜ਼ੀ ਨੇ ਕਈ ਵਾਰ ਗੁਰੂ ਸਾਹਿਬ ਦੇ ਪੈਰ ਮੱਕੇ ਦੀ ਉਲਟ ਦਿਸ਼ਾ ਵੱਲ ਕੀਤੇ ਤਾਂ ਜੋ ਮੱਕੇ ਦੇ ਵੱਲ ਗੁਰੂ ਸਾਹਿਬ ਦਾ ਸਿਰ ਹੋਣ ਪਰ ਜਿਸ ਪਾਸੇ ਗੁਰੂ ਸਾਹਿਬ ਦੇ ਪੈਰ ਹੁੰਦੇ ਉਸੇ ਪਾਸੇ ਮੱਕਾ ਨਜ਼ਰ ਆਉਂਦਾ। ਤਾਂ ਗੁਰੂ ਜੀ ਨੇ ਕਿਹਾ ਕਿ ਪਰਮਾਤਮਾ ਤਾਂ ਹਰ ਥਾਂ, ਹਰ ਦਿਸ਼ਾ, ਹਰ ਉਸ ਵਸਤੂ ਵਿੱਚ ਹੈ ਜੋ ਧਰਤੀ ’ਤੇ ਆਈ ਹੈ। ਫੇਰ ਮੇਰੀ ਲੱਤ, ਜੋ ਗੁਰੂ ਗ੍ਰੰਥ ਸਾਹਿਬ ਵੱਲ ਵੀ ਸਿੱਧੀ ਨਹੀਂ ਸੀ, ਵੇਖ ਕੇ ਪਾਠੀ ਦੇ ਨਿਆਣੇ ਨੂੰ ਏਨਾ ਔਖਾ ਹੋਣ ਦੀ ਕੀ ਲੋੜ ਸੀ? ਜੇ ਉਹ ਸਹੀ ਮਾਇਨੇ ਵਿੱਚ ਸਿੱਖ ਇਤਿਹਾਸ ਤੋਂ ਜਾਣੂ ਹੁੰਦਾ ਤਾਂ ਇਸ ਪਖੰਡ ਦੀ ਉਸਨੂੰ ਕੀ ਲੋੜ ਸੀ?

ਫੇਰ ਇਕ ਹੋਰ ਪਾਠੀ ਮਿਲਿਆ ਤੇ ਕਹਿਣ ਲੱਗਾ, ‘‘ਆਉ, ਮੈਂ ਤੁਹਾਨੂੰ ਗੁਰੂ ਸਾਹਿਬ ਦੀਆਂ ਖੜਾਵਾਂ ਦੇ ਦਰਸ਼ਨ ਕਰਵਾਉਂਦਾ ਹਾਂ। ਵੈਸੇ ਤਾਂ ਮੈਂ ਇਹ ਕਮਰਾ ਸ਼ਾਮ ਨੂੰ ਖੋਲ੍ਹਦਾ ਹਾਂ ਪਰ ਚਲੋ ਤੁਹਾਨੂੰ ਦਰਸ਼ਨ ਕਰਵਾ ਦਿੰਦਾ ਹਾਂ।’’ ਪੁੱਛਣਾ ਹੋਵੇ ਬਈ ਤੂੰ ਮੇਰਾ ਤਾਇਆ ਲਗਦਾ ਏਂ। ਉਸ ਨੇ ਕਮਰੇ ਦਾ ਤਾਲਾ ਖੜਾਵਾਂ ਦੇ ਦਰਸ਼ਨ ਕਰਨ ਨੂੰ ਨਹੀਂ ਬਲਕਿ ਉਥੇ ਪਈ ਗੋਲਕ ਵਿੱਚ ਮਾਇਆ ਪਵਾਉਣ ਲਈ ਖੋਲ੍ਹਿਆ ਸੀ। ਫੇਰ ਉਹ ਤਾਲਾ ਖੋਲ੍ਹ ਕੇ ਚਾਂਦੀ ਦੀਆਂ ਖੜਾਵਾਂ ਸਨ। ਉਹ ਇਸ ਤਰ੍ਹਾਂ ਲੱਗ ਰਹੀਆਂ ਸਨ ਜਿਵੇਂ ਹੁਣੇ ਸੁਨਿਆਰੇ ਕੋਲੋਂ ਲਿਆਂਦੀਆ ਹੋਣ। ਮੈਂ ਕਿਹਾ, ‘‘ਇਹ ਖੜਾਵਾਂ ਗੁਰੂ ਨਾਨਕ ਜੀ ਦੀਆਂ ਨਹੀਂ।’’ ਉਹ ਕਹਿੰਦਾ, ‘‘ਨਹੀਂ ਜੀ, ਇਹ ਗੁਰੂ ਜੀ ਦੀਆਂ ਹੀ ਹਨ।’’ ਤਾਂ ਮੈਂ ਕਿਹਾ, ‘‘ਗੁਰੂ ਜੀ ਸੋਨੇ ਦੀਆਂ ਖੜਾਵਾਂ ਪਾਉਂਦੇ ਸਨ?’’ ਉਸਨੇ ਕਿਹਾ, ‘‘ਨਹੀਂ ਜੀ, ਗੁਰੂ ਜੀ ਤਾਂ ਫਕੀਰ ਸਨ। ਸੋਨੇ ਦੀਆਂ ਖੜਾਵਾਂ ਕਿਵੇਂ ਪਾ ਸਕਦੇ ਸਨ।’’ ਮੈਂ ਕਿਹਾ, ‘‘ਤੇ ਫੇਰ ਚਾਂਦੀ ਦੀਆਂ ਕਿਵੇਂ ਪਾ ਲਈਆਂ? ਅਸਲ ਵਿੱਚ ਖੜਾਵਾਂ ਤਾਂ ਲੱਕੜ ਦੀਆਂ ਹੁੰਦੀਆਂ ਹਨ।’’ ਇਹ ਸੁਣ ਕੇ ਉਸ ਕੋਲ ਕੋਈ ਜਵਾਬ ਨਹੀਂ ਸੀ। ਮੈਂ ਥਾਲੀ ਵਿੱਚ ਪੈਸੇ ਰੱਖ ਕੇ ਅੱਗੇ ਚਲਾ ਗਿਆ।

ਫੇਰ ਅਸੀਂ ਅੱਗੇ ਪੌੜੀਆਂ ਉਤਰ ਕੇ ਗੈਲਰੀ ਵਿੱਚ ਚਲੇ ਗਏ। ਉਥੇ ਕਈ ਛੋਟੇ-ਛੋਟੇ ਕਮਰੇ ਸਨ। ਇਕ ਵਿੱਚ ਮਾਈ ਭਾਗੋ ਜੀ ਦੀ ਕਬਰ ਹੈ, ਇਕ ਵਿੱਚ ਹਥਿਆਰ ਹਨ, ਇਕ ਵਿੱਚ ਪੁਰਾਣੀ ਹੱਥ-ਲਿਖਤ ਪਈ ਹੈ। ਹਰ ਕਮਰੇ ਅੱਗੇ ਖੜ੍ਹੇ ਪਾਠੀ ਆਪਣੇ-ਆਪਣੇ ਕਮਰੇ ਦਾ ਪ੍ਰਚਾਰ ਕਰ ਰਹੇ ਹਨ। ਮੈਨੂੰ ਇਉਂ ਮਹਿਸੂਸ ਹੋਇਆ ਕਿ ਮੈਂ ਗੁਰਦੁਆਰੇ ਵਿੱਚ ਨਹੀਂ ਬਲਕਿ ਕਿਸੇ ਸਬਜ਼ੀ ਮੰਡੀ ਵਿੱਚ ਆ ਗਿਆ ਹੋਵਾਂ। ਜਿਵੇਂ ਇਕ ਦੂਜੇ ਤੋਂ ਉੱਚੀ ਕਹਿ ਰਹੇ ਹੋਣ, ‘‘ਆਲੂ ਲੈ ਲਓ, ਗੋਭੀ ਲੈ ਲਓ, ਪਿਆਜ਼ ਲੈ ਲਓ - ਮਾਈ ਭਾਗੋ ਦੀ ਕਬਰ ਦੇਖ ਲਓ, ਹਥਿਆਰ ਦੇਖ ਲਓ, ਲਿਖਤਾਂ ਨੂੰ ਮੱਥਾ ਟੇਕ ਲਓ।’’ ਮੈਂ ਮੁੰਬਈ ਤੋਂ ਹਜ਼ੂਰ ਸਾਹਿਬ ਆਉਂਦਿਆਂ ਰਸਤੇ ਵਿੱਚ ਆਪਣੀ ਪਤਨੀ ਕੋਲ ਬਹੁਤ ਪ੍ਰਸ਼ੰਸਾ ਕੀਤੀ ਸੀ ਕਿ ਆਪਣੇ ਗੁਰਦੁਆਰਿਆਂ ਵਿੱਚ ਮੰਦਰਾਂ ਵਰਗਾ ਮਾਹੌਲ ਨਹੀਂ। ਮੰਦਰਾਂ ਵਿੱਚ ਤਾਂ ਪੁਜਾਰੀਆਂ ਨੇ ਥਾਂ-ਥਾਂ ’ਤੇ ਗੋਲਕਾਂ ਰੱਖੀਆਂ ਹੁੰਦੀਆਂ ਹਨ। ਪਰ ਆਪਣੇ ਗੁਰਦੁਆਰਿਆਂ ਵਿੱਚ ਅਜਿਹਾ ਨਹੀਂ ਹੈ। ਗੋਲਕ ਸਿਰਫ਼ ਇਕ ਜਗ੍ਹਾ ਹੁੰਦੀ ਹੈ। ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕ ਦਿਉ ਪਰ ਇਸ ਵਾਰ ਜਾ ਕੇ ਦੇਖਿਆ ਤਾਂ ਮੈਂ ਖ਼ੁਦ ਝੂਠਾ ਪੈ ਗਿਆ। ਮੈਨੂੰ ਇਨ੍ਹਾਂ ਪਾਠੀਆਂ ਤੇ ਮੰਦਰਾਂ ਦੇ ਪੁਜਾਰੀਆਂ ਵਿੱਚ ਕੋਈ ਫਰਕ ਨਹੀਂ ਲਗਦਾ। ਇਨ੍ਹਾਂ ਦੇ ਢਿੱਡ ਮੈਨੂੰ ਗੋਲਕਾਂ ਲੱਗ ਰਹੇ ਸਨ। ਇਨ੍ਹਾਂ ਦੇ ਸਰੀਰ ’ਤੇ ਕੜਾਹ ਪ੍ਰਸ਼ਾ ਦੀਆਂ ਚੜ੍ਹੀਆਂ ਪਰਤਾਂ ਮੈਨੂੰ ਸਾਫ ਨਜ਼ਰ ਆ ਰਹੀਆਂ ਸਨ।

ਫੇਰ ਅਸੀਂ ਉਥੋਂ ਖੱਲ ਲੁਹਾ ਕੇ ਅੱਗੇ ਤੁਰੇ ਹੀ ਸੀ ਕਿ ਇਹ ਪਾਠੀ, ਜੋ ਇਕ ਬੁਰਜ਼ੀ ਦੇ ਓਹਲੇ ਖੜ੍ਹਾ ਸੀ, ਨੇ ਆ ਘੇਰਿਆ ਤੇ ਕਿਹਾ, ‘‘ਆਉ ਜੀ ਲੰਗਰ ਇਸ ਤਰਫ਼ ਹੈ।’’ ਮੈਂ ਕਿਹਾ ‘‘ਨਹੀਂ ਜੀ, ਸੰਗਤਾਂ ਰੱਜੀਆਂ ਹਨ, ਬੜੀ ਮਿਹਰਬਾਨੀ।’’ ‘‘ਨਹੀਂ ਜੀ, ਚੱਲੋ।’’ ਮੈਂ ਫਿਰ ਕਿਹਾ, ‘‘ਨਹੀਂ ਜੀ।’’ ਪਰ ਉਹ ਨਾ ਮੰਨਿਆ ਤੇ ਅਖੀਰ ਸਾਨੂੰ ਲੰਗਰ ਹਾਲ ਵਿੱਚ ਲੈ ਗਿਆ ਤੇ ਦੂਜੇ ਨਿੱਕੇ ਨਿਆਣੇ ਨੂੰ ਪਲੇਟਾਂ ਦੇਣ ਲਈ ਕਿਹ ਕੇ ਬਾਹਰ ਦੂਜੀਆਂ ਸੰਗਤਾਂ ਨੂੰ ਰੱਸਾ ਪਾਉਣ ਲਈ ਚਲਾ ਗਿਆ। ਲੰਗਰ ਹਾਲ ਵਿੱਚ ਕੋਈ ਸਫਾਈ ਨਹੀਂ ਸੀ। ਗੁਰੂ ਘਰ ਦਾ ਲੰਗਰ ਪੈਰਾਂ ਥੱਲੇ ਆ ਰਿਹਾ ਸੀ। ਥਾਲੀ ਵਿੱਚ ਦਾਲ ਪਾਉਣ ਸਮੇਂ ਧਾਰ ਬੰਨ੍ਹ ਦਿੱਤੀ ਤੇ ਦਾਲ ਜਿੰਨੀ ਪਲੇਟ ਵਿੱਚ, ਓਨੀ ਹੀ ਥੱਲੇ ਤੇ ਬਾਕੀ ਛਿੱਟੇ ਸੰਗਤਾਂ ਦੇ ਕਪੜਿਆਂ ’ਤੇ। ਤਾਂ ਮੈਂ ਕਿਹਾ, ‘‘ਭਾਈ ਸਾਹਿਬ, ਸੇਵਾ ਨੀਅਤ ਨਾਲ ਕਰੋ। ਦਾਲ ਨੀਵੀਂ ਕਰਕੇ ਪਾਉ ਅਤੇ ਜੇਕਰ ਇੰਞ ਹੀ ਸਾਰਿਆਂ ਨੂੰ ਭਿਉਣਾ ਹੈ ਤਾਂ ਇਕ-ਇਕ ਕੜਛੀ ਸਾਡੇ ਸਿਰ ਵਿੱਚ ਡੋਲ੍ਹ ਦਿਉ।’’ ਪਾਣੀ ਵਰਗੀ ਦਾਲ, ਕੱਚੀਆਂ ਰੋਟੀਆਂ। ਅਸੀਂ ਸੋਚਿਆ ਕਿ ਸ਼ਾਇਦ ਇਹ ਲੰਗਰ ਦੀ ਮਰਿਆਦਾ ਹੋਵੇ ਕਿ ਦਾਲ ਰੋਟੀ ਰੜਨੀ ਨਹੀਂ ਚਾਹੀਦੀ। ਜਦੋਂ ਅਸੀਂ ਲੰਗਰ ਛਕ ਕੇ ਬਾਹਰ ਜਾਣ ਲੱਗੇ ਤਾਂ ਇਕ ਹੋਰ ਪਾਠੀ ਆਇਆ ਤੇ ਕਹਿਣ ਲੱਗਾ ਕਿ ਲੰਗਰ ਵਿੱਚ ਮਾਇਆ ਤਾਂ ਪਾ ਕੇ ਜਾਉ। ਅਸੀਂ ਵੈਸੇ ਵੀ ਲੰਗਰ ਵਾਸਤੇ ਮਾਇਆ ਭੇਟ ਕਰਨੀ ਸੀ। ਪਰ ਮੈਂ ਉਸ ਨੂੰ ਕਿਹਾ ਕਿ ਕੀ ਲੰਗਰ ਦੀ ਗੋਲਕ ਅਲੱਗ ਹੁੰਦੀ ਹੈ? ਤਾਂ ਉਹ ਪਾਠੀ ਕਹਿਣ ਲੱਗਾ, ‘‘ਬਿਲਕੁਲ।’’ ਮੈਨੂੰ ਇਉਂ ਲੱਗਾ ਕਿ ਹੋਟਲ ’ਤੇ ਰੋਟੀ ਭਾਵੇਂ ਚੰਗੀ ਨਹੀਂ ਸੀ ਪਰ ਖਾਣ ਦਾ ਬਿੱਲ ਤਾਂ ਦੇਣਾ ਹੀ ਪਊਗਾ। ਇਹ ਓਹੀ ਕੰਮ ਸੀ। ਖੈਰ, ਮਾਇਆ ਗੋਲਕ ਵਿੱਚ ਪਾ ਕੇ ਅਸੀਂ ਗੁਰਦੁਆਰੇ ਤੋਂ ਬਾਹਰ ਆ ਗਏ।

ਬਾਹਰ ਅਸੀਂ ਅਜੇ ਗੇਟ ਟੱਪਿਆ ਹੀ ਸੀ ਕਿ ਚੋਲੇ ’ਤੇ ਗਾਤਰਾ ਪਾਈ ਇਕ ਮਰਾਠੀ ਸਿੰਘ ਨੇ ਘੇਰ ਲਿਆ ਅਤੇ ‘‘ਲੋਕਲ ਗੁਰਦੁਆਰੇ ਜਾਣ ਵਾਸਤੇ ਟੈਕਸੀ ਕਰ ਲਵੋ’’ ਵਾਸਤੇ ਮਜਬੂਰ ਕਰਨ ਲੱਗਾ। ਮੈਂ ਕਿਹਾ ਅਸੀਂ ਅੱਜ ਅਰਾਮ ਕਰਨਾ ਹੈ, ਬਹੁਤ ਦੂਰੋਂ ਆਏ ਹਾਂ। ਪਰ ਉਨ੍ਹਾਂ ਨੇ ਬਹੁਤ ਦੂਰ ਤੱਕ ਤੇ ਬਹੁਤ ਦੇਰ ਤੱਕ ਸਾਡਾ ਦਿਮਾਗ ਖਾਧਾ। ਜਿਵੇਂ ਬੱਸ ਅੱਡੇ ’ਤੇ ਜਾਂ ਰੇਲਵੇ ਸਟੇਸ਼ਨ ’ਤੇ ਮੰਗਤੇ ਘੇਰ ਲੈਂਦੇ ਹਨ, ਕਹਿਣ ’ਤੇ ਵੀ ਖਹਿੜਾ ਨਹੀਂ ਛੱਡਦੇ। ਅਖੀਰ ਮੈਂ ਉਨ੍ਹਾਂ ਨੂੰ ਭੱਜ ਕੇ ਪੈ ਗਿਆ : ‘‘ਅਸੀਂ ਜਦੋਂ ਜਾਣਾ ਹੋਊ, ਉਦੋਂ ਆਪਣੇ ਆਪ ਟੈਕਸੀ ਕਰ ਲਵਾਂਗੇ, ਕਿਉਂ ਲਹੂ ਪੀਤਾ ਹੈ?’’

ਫਿਰ ਅਸੀਂ ਗੁਰਦੁਆਰਾ ਲੰਗਰ ਸਾਹਿਬ ਪਹੁੰਚ ਗਏ, ਜਿੱਥੇ ਅਸੀਂ ਕਮਰਾ ਲਿਆ। ਅਸੀਂ ਰਸਤੇ ਵਿੱਚ ਇਹ ਸੋਚਿਆ ਸੀ ਕਿ ਇਹ ਮਰਾਠੇ ਸਿੰਘ ਇਸ ਤਰ੍ਹਾਂ ਭੁੱਖ ਵਿਖਾ ਰਹੇ ਹਨ ਪਰ ਲੰਗਰ ਸਾਹਿਬ ’ਚ ਤਾਂ ਆਪਣੇ ਪੰਜਾਬ ਦੇ ਸਿੱਖ ਹੀ ਹਨ। ਉਥੇ ਮਾਹੌਲ ਠੀਕ ਹੋਵੇਗਾ। ਪਰ ਇਹ ਭੁਲੇਖਾ ਵੀ ਕੁਝ ਮਿੰਟਾਂ ਦਾ ਹੀ ਸੀ। ਲੰਗਰ ਸਾਹਿਬ ਦੇ ਗੇਟ ’ਤੇ ਪਹਿਲਾਂ ਜਿਨ੍ਹਾਂ ਟੈਕਸੀਆਂ ਪਾਈਆਂ ਨੇ ਉਨ੍ਹਾਂ ਦਿਮਾਗ ਖਾਧਾ ਤੇ ਫੇਰ ਉਹੋ ਹੀ ਮਾਹੌਲ ਅੰਦਰ ਸੀ। ਫਰਕ ਸਿਰਫ਼ ਏਨਾ ਸੀ ਕਿ ਇਥੇ ਲੰਗਰ ਚੰਗਾ ਬਣਦਾ ਹੈ ਤੇ 24 ਘੰਟੇ ਚਲਦਾ ਹੈ। ਪਰ ਹਰ ਬੁਰਕੀ ਨਾਲ ਰਹਿਤ ਮਰਿਆਦਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਇਧਰ ਕਿਵੇਂ ਕਰੋ ਜੀ, ਉਧਰ ਉਵੇਂ ਕਰੋ ਜੀ। ਸਵੇਰੇ-ਸਵੇਰੇ ਜਦੋਂ ਮੈਂ ਚਾਹ ਪੀਣ ਆਇਆ ਤਾਂ ਇਕ ਬੂਜੜ੍ਹ ਜਿਹਾ ਮੁੰਡਾ ਜੋ ਪੰਜਾਬ ਦਾ ਹੀ ਸੀ, ਸ਼ੁਰੂ ਹੋ ਗਿਆ, ‘‘ਗਲਾਸ ਸਾਹਿਬ, ਚਮਚਾ ਸਾਹਿਬ, ਕੜਛੀ ਸਾਹਿਬ।’’ ਮੈਂ ਕਿਹਾ, ‘‘ਜੇ ਚਾਹ ਪਿਆਉਣੀ ਹੈ ਤਾਂ ਪਾ ਦੇ। ਨਹੀਂ ਤਾਂ ਮੈਂ ਬਾਹਰੋਂ ਪੀ ਆਉਂਦਾ ਹਾਂ ਤੇ ਇਹ ਰਹਿਤ ਮਰਿਆਦਾ ਦਾ ਪਾਠ ਕਿਸੇ ਹੋਰ ਨੂੰ ਪੜ੍ਹਾਈਂ, ਮੈਂ ਇਸ ਗੱਦੀ ਦਾ ਬਲਦ ਨਹੀਂ।’’

ਫਿਰ ਅਸੀਂ 2 ਘੰਟੇ ਅਰਾਮ ਕਰਕੇ ਗੁਰਦੁਆਰਾ ਸਾਿਹਬ ਚਲੇ ਗਏ। ਉਥੇ ਅੰਧ-ਵਿਸ਼ਵਾਸ ਦਾ ਉਹ ਨਜ਼ਾਰਾ ਦੇਖਿਆ ਕਿ ਮੈਂ ਹੈਰਾਨ ਰਹਿ ਗਿਆ। ਮਰਾਠੇ ਸਿੱਖ, ਜਿਨ੍ਹਾਂ ਨੇ ਚੋਲੇ ਤੇ ਪੂਰੇ ਸ਼ਸਤਰ ਪਾਏ ਹੋਏ ਸਨ, ਲੰਮੇਂ ਪੈ ਕੇ ਹਜ਼ੂਰ ਸਾਹਿਬ ਦੀਆਂ ਪੌੜੀਆਂ ਘਿਸੜ-ਘਿਸੜ ਕੇ ਚੜ੍ਹ ਰਹੇ ਸਨ। ਕਈ ਪੁੱਠੇ ਪੌੜੀਆਂ ਉਤਰ ਰਹੇ ਸਨ, ਅਖੇ ਗੁਰੂ ਘਰ ਵੱਲ ਪਿੱਠ ਨਹੀਂ ਕਰਨੀ। ਸਿਰਾਂ ’ਤੇ ਕੜੇ ਪਾਏ ਹੋਏ ਸਨ। ਗੱਲ ਕੀ, ਦਿਖਾਵੇ ਵਾਲੇ ਪਾਸਿਉਂ ਪੂਰੇ ਜਿਵੇਂ ਹੁਣੇ ਜੰਗ ’ਤੇ ਚੱਲੇ ਹੋਣ ਪਰ ਅੰਦਰੋਂ ਨਿਰੇ ਹਿੰਦੂ, ਬਲਕਿ ਉਨ੍ਹਾਂ ਨਾਲੋਂ ਵੀ ਗਏ ਗੁਜ਼ਰੇ। ਕਿਉਂਕਿ ਇਹ ਤਾਂ ਸਿੱਖਾਂ ਦਾ ਰੂਪ ਧਾਰ ਕੇ ਪਖੰਡ ਕਰ ਰਹੇ ਹਨ।

ਫਿਰ ਉੱਪਰ ਮੱਥਾ ਟੇਕ ਕੇ ਅਸੀਂ ਬਹਿ ਗਏ। ਸਾਨੂੰ ਕਿਸੇ ਨੇ ਦੱਸਿਆ ਕਿ ਸ਼ਾਮ ਨੂੰ ਇਕ ਬਾਬਾ ਜੋ ਬ੍ਰਹਮਚਾਰੀ ਹੈ, ਉਹ ਆਉਂਦਾ ਹੈ ਤੇ ਅੰਦਰ ਸਿਰਫ਼ ਓਹੀ ਜਾ ਕੇ ਪਾਠ ਕਰਦਾ ਹੈ, ਜਿਥੇ ਗੁਰੂ ਸਾਹਿਬ ਦਾ ਅੰਗੀਠਾ ਹੈ। ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬਾਬੇ ਦਾ ਬ੍ਰਹਮਚਾਰੀ ਹੋਣਾ ਜ਼ਰੂਰੀ ਕਿਉਂ ਹੈ। ਗੁਰੂ ਸਾਹਿਬਾਨ ਨੇ ਤਾਂ ਬ੍ਰਹਮਚਾਰੀ ਜੀਵਨ ਦੀ ਕਦੇ ਵਕਾਲਤ ਨਹੀਂ ਕੀਤੀ ਸੀ। ਉਹ ਤਾਂ ਹਮੇਸ਼ਾ ਗ੍ਰਹਿਸਥੀ ਜੀਵਨ ਵਿੱਚ ਵਿਚਰਦੇ ਹੋਏ ਅਕਾਲ ਪੁਰਖ ਦਾ ਨਾਮ ਜਪਣ ਦੀ ਪ੍ਰੇਰਨਾ ਕਰਦੇ ਰਹੇ ਹਨ। ਜਿਹੜੇ ਗੁਰੂ ਸਾਹਿਬ ਖ਼ੁਦ ਚਾਰ ਬੱਚਿਆਂ ਦੇ ਪਿਤਾ ਸਨ, ਉਨ੍ਹਾਂ ਦੇ ਅੰਗੀਠੇ ’ਤੇ ਹੀ ਬ੍ਰਹਮਚਾਰੀਪੁਣੇ ਦਾ ਨਾਟਕ ਹੋ ਰਿਹਾ ਹੈ। ਇਸ ਨੂੰ ਬ੍ਰਾਹਮਣਵਾਦੀ ਪ੍ਰਭਾਵ ਦਾ ਇਕ ਰੂਪ ਹੀ ਕਿਹਾ ਜਾ ਸਕਦਾ ਹੈ। ਉਸ ਬਾਬੇ ਨੇ ਪਾਠ ਕਰਨ ਤੋਂ ਪਹਿਲਾਂ ਮੂੰਹ ’ਤੇ ਵੱਡਾ ਸਾਰਾ ਠਾਠਾ ਬੰਨ੍ਹ ਲਿਆ, ਜਿਵੇਂ ਕੱਟੇ ਜਾਂ ਵੱਛੇ ਦੇ ਆਪਾਂ ਛਿੱਕਲਾ ਪਾ ਦੇਈਏ। ਮੈਂ ਕਿਸੇ ਨੂੰ ਪੁੱਛਿਆ ਕਿ ਬਾਬੇ ਨੇ ਇਹ ਠਾਠਾ ਕਿਉਂ ਬੰਨ੍ਹਿਆ ਹੈ, ਤਾਂ ਉਸ ਆਦਮੀ ਨੇ ਮੈਨੂੰ ਜਵਾਬ ਦਿੱਤਾ ਕਿ ਤਾਂ ਜੋ ਗੁਟਕਾ ਸਾਹਿਬ ’ਤੇ ਥੁੱਕ ਵਗੈਰਾ ਨਾ ਪਵੇ। ਬਾਬੇ ਤੇ ਕੱਟੇ ਵਿੱਚ ਕੋਈ ਫਰਕ ਨਹੀਂ ਸੀ। ਦੋਵਾਂ ਦੇ ਛਿੱਕਲੇ ਪਾਏ ਹੋਏ ਤੇ ਦੋਵਾਂ ਦਾ ਦਿਮਾਗ ਵੀ ਇਕੋ ਜਿਹਾ ਲੱਗਦਾ ਸੀ ਮੈਨੂੰ।

ਫਿਰ ਹਥਿਆਰਾਂ ਨੂੰ ਮੱਥਾ ਟੇਕਣ ਦਾ ਦੌਰ ਸ਼ੁਰੂ ਹੋਇਆ। ਗੁਰੂ ਸਾਹਿਬ ਦੇ, ਬਾਬਾ ਦੀਪ ਸਿੰਘ ਦੇ ਤੇ ਮਹਰਾਜਾ ਰਣਜੀਤ ਸਿੰਘ ਦੇ ਤੇ ਹੋਰ ਸਿੰਘਾਂ ਦੇ ਹਥਿਆਰ ਇਕ-ਇਕ ਕਰਕੇ ਬਾਹਰ ਲਿਆਂਦੇ ਜਾ ਰਹੇ ਸਨ ਤੇ ਸਾਰੇ ਨੀਵੇਂ ਹੋ ਕੇ ਉਨ੍ਹਾਂ ਨੂੰ ਮੱਥਾ ਟੇਕੀ ਜਾ ਰਹੇ ਸਨ। ਇਸ ਡ੍ਰਾਮੇ ਨਾਲ ਆਰਤੀ ਦਾ ਰਿਵਾਜ ਦੀ ਪ੍ਰਚੱਲਿਤ ਹੈ। ਇਕ ਵੱਡੇ ਢਿੱਡ ਵਾਲੇ ਸਿੱਖ ਰੂਪੀ ਬ੍ਰਾਹਮਣ ਨੇ ਪਹਿਲਾਂ ਤਾਂ ਥਾਲ ਵਿੱਚ ਜੋਤਾਂ ਜਗਾਈਆਂ ਤੇ ਫਿਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ। ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਲਤ ਇਉਂ ਲੱਗੀ ਜਿਵੇਂ ਮੇਰੀ ਸੀ ਲੰਗਰ ਵੇਲੇ। ਮੈਨੂੰ ਇਵੇਂ ਮਹਿਸੂਸ ਹੋਹਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਮੈਨੂੰ ਕਹਿ ਰਹੇ ਹੋਣ, ‘‘ਤੂੰ ਤਾਂ ਇਕ ਦਿਨ ਵਿੱਚ ਹੀ ਅੱਕ ਗਿਐਂ ਸਿੰਘਾ, ਮੇਰੇ ਨਾਲ ਤਾਂ ਰੋਜ਼ ਹੀ ਇਵੇਂ ਹੁੰਦੀ ਹੈ। ਮੈਨੂੰ ਪੜ੍ਹ ਕੇ ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ ਦੀ ਥਾਂ ਮੈਨੂੰ ਮੱਥਾ ਟੇਕਣ ਲੱਗ ਜਾਂਦੇ ਹਨ। ਮੱਥਾ ਟੇਕਣ ਤੇ ਆਰਤੀ ਕਰਨ ਨਾਲ ਕੁਝ ਨਹੀਂ ਮਿਲਣਾ ਤੇ ਬਾਕੀ ਰਹਿੰਦਾ-ਖੂੰਹਦਾ ਮੇਰੇ ਨਾਲ ਇਕ ਹੋਰ ‘ਦਸਮ ਗ੍ਰੰਥ’ ਰੱਖ ਦਿੱਤਾ। ਇਨ੍ਹਾਂ ਨੂੰ ਦੱਸਣ ਦੀ ਲੋੜ ਹੈ ਕਿ ਜਾਂ ਤਾਂ ਮੇਰੀ ਬਾਣੀ ਪੜ੍ਹ ਕੇ ਉਸ ’ਤੇ ਅਮਲ ਕਰਨ ਜਾਂ ਦਸਮ ਗ੍ਰੰਥ ਦੀ ਪੂਜਾ।’ ਆਰਤੀ ਦੇ ਬੋਲ ਸਨ ‘‘ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕ ਮੰਡਲ ਜਨਕ ਮੋਤੀ।।’’ ਇਨ੍ਹਾਂ ਤੋਂ ਗੁਰੂ ਸਾਹਿਬ ਦਾ ਮਤਲਬ ਸੀ ਕਿ ਫੋਕੀ ਆਰਤੀ ਛੱਡ ਦਿਉ, ਅਕਾਲ ਪੁਰਖ ਦੀ ਆਰਤੀ ਤਾ ਚਾਰੋਂ ਪਹਿਰ ਹੁੰਦੀ ਰਹਿੰਦੀ ਹੈ। ਮੂਰਖ ਸਿੱਖਾਂ ਨੇ ਉਨ੍ਹਾਂ ਦੇ ਬੋਲਾਂ ਨੂੰ ਹੀ ਆਰਤੀ ਦੀ ਸ਼ਕਲ ਦੇ ਦਿੱਤੀ। ਗੁਰੂ ਜੀ ਨੇ ਆਰਤੀ ਬੰਦ ਕਰਨ ਨੂੰ ਕਿਹਾ ਸੀ, ਨਾ ਕਿ ਆਰਤੀ ਦੇ ਬੋਲ ਬਦਲਣ ਲਈ।

ਫੇਰ ਜਦ ਇਕ ਪਾਠੀ (ਪੁਜਾਰੀ) ਨੇ ਅਰਦਾਸ ਕਰਦਿਆਂ ਕਿਹਾ ਕਿ ਸਿੱਖਾਂ ਦਾ ‘ਮਨ ਨੀਵਾਂ, ਮੱਤ ਉਚੀ’ ਤਾਂ ਮੈਨੂੰ ਉਸ ਦੀ ਇਸ ਗੱਲ ’ਤੇ ਯਕੀਨ ਨਾ ਆਇਆ ਕਿਉਂਕਿ ਜਦ ਇਹ ਬੋਲ ਲਿਖੇ ਗਏ ਸਨ, ਉਦੋਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਪਰ ਅੱਜ ਹਾਲਤ ਵੇਖ ਕੇ ਲਗਦਾ ਹੈ ਕਿ ‘ਮਨ ਉੱਚਾ, ਮੱਤ ਨੀਵੀਂ’ ਵਾਲੀ ਗੱਲ ਹੈ। ਫਿਰ ਜਦ ਬਾਬੇ ਨੇ ਕਿਹਾ ਕਿ ਸੰਗਤਾਂ ਲੰਗਰ ਛਕ ਕੇ ਜਾਣ ਤਾਂ ਮੈਨੂੰ ਇਉਂ ਲੱਗਾ ਜਿਵੇਂ ਸੰਗਤਾਂ ਕੁੱਕੜ-ਕੁੱਕੜੀਆਂ ਹੋਣ ਤੇ ਬਾਬਾ ਕਹਿ ਰਿਹਾ ਹੋਵੇ ‘‘ਖੁੱਡੇ-ਖੁੱਡੇ-ਖੁੱਡੇ।’’ ਲੰਗਰ ਵਿੱਚ ਚੋਗਾ ਚੁਗਣ ਦੇ ਬਹਾਨੇ ਲੰਗਰ ਹਾਲ ਵਿੱਚ ਗੋਲਕ ਦੇ ਦਰਸ਼ਨ ਕਰਵਾਉਣੇ ਨੇ ਕੁੱਕੜ ਰੂਪੀ ਸੰਗਤਾਂ ਨੂੰ। ਬਾਕੀ ਲੋਕ ਸਿੱਖ ਅਰਦਾਸ ਸਮੇਂ ਲੋਕਾਂ ਨੂੰ ਟੋਕਾ-ਟੁਕਾਈ ਕਰਨੋਂ ਨਹੀਂ ਸਨ ਹਟਦੇ। ਇਹ ਸਮਝਦੇ ਹਨ ਕਿ ਇਹ ਸਭ ਜਾਣਦੇ ਹਨ ਤੇ ਬਾਕੀ ਤਾਂ ਇਵੇਂ ਹੀ ਤੁਰੇ-ਫਿਰਦੇ ਹਨ। ਗੁਰੂਆਂ ਦੀ ਗੁਰਮੁਖੀ ਤਾਂ ਇਨ੍ਹਾਂ ਨੂੰ ਆਉਂਦੀ ਨਹੀਂ। ਦਸਮ ਗ੍ਰੰਥ ਦਾ ਪਾਠ ਕਰਦੇ ਹਨ, ਜੋ ਗੁਰੂ ਗੋਬਿੰਦ ਸਿੰਘ ਨੇ ਨਹੀਂ, ਬ੍ਰਾਹਮਣਾਂ ਨੇ ਲਿਖਿਆ ਹੈ। ਆਰਤੀ ਕਰਦੇ ਹਨ, ਘਿਸੜ-ਘਿਸੜ ਕੇ ਪੌੜੀਆਂ ਚੜ੍ਹਦੇ ਹਨ, ਜੋਤਾਂ ਜਗਾਉਂਦੇ ਹਨ। ਇਹ ਗਿਆਨ ਤੋਂ ਊਣੇ ਲੋਕ ਤੁਹਾਨੂੰ ਮੱਤਾਂ ਦੇਣ ਤਾਂ ਕਿਵੇਂ ਲੱਗੇਗਾ?

ਅਸੀਂ ਬਹੁਤ ਵਾਰੀ ਸੁਣਿਆ ਸੀ ਕਿ ਸਵੇਰੇ 4 ਵਜੇ ਇਕ ਸਿੰਘ ਗੋਦਾਵਰੀ ਤੋਂ ਪਾਣੀ ਲੈ ਕੇ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਹਾਉਣ ਵਾਸਤੇ, ਜੋ ਰਸਮ ਗੁਰੂ ਜੀ ਦੇ ਸਰੀਰਕ ਰੂਪ ਵਿੱਚ ਹੁੰਦਿਆਂ ਤੋਂ ਚੱਲੀ ਆ ਰਹੀ ਹੈ। ਮੈਂ ਕਿਸੇ ਨੂੰ ਪੁੱਛਿਆ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਸਰੀਰਕ ਰੂਪ ਵਿੱਚ ਨਹੀਂ ਰਹੇ ਤਾਂ ਉਨ੍ਹਾਂ ਵਾਸਤੇ ਪਾਣੀ ਲਿਆਉਣ ਦਾ ਕੀ ਕੰਮ? ਉਹ ਕਹਿਣ ਲੱਗਾ ਕਿ ਗੁਰੂ ਸਾਹਿਬ ਨਹਾਉਂਦੇ ਹਨ, ਅੰਦਰ ਅੰਗੀਠਾ ਸਾਹਿਬ ’ਤੇ ਰਹਿੰਦੇ ਹਨ। ਦਾਤਣ ਵੀ ਕਰਦੇ ਹਨ ਤੇ ਸ਼ਸਤਰਾਂ ਨੂੰ ਵੀ ਇਸ਼ਨਾਨ ਕਰਵਾਇਆ ਜਾਂਦਾ ਹੈ। ਮੈਂ ਸਵੇਰੇ 3.30 ਵਜੇ ਉਥੇ ਪਹੁੰਚ ਗਿਆ। ਉਸ ਠਾਠੀ ਵਾਲੇ ਪਾਠੀ (ਪੁਜਾਰੀ) ਨੇ ਅੰਦਰ ਸ਼ਸਤਰਾਂ ਨੂੰ ਇਸ਼ਨਾਨ ਕਰਵਾਇਆ। ਬਾਰ ਬੰਦ ਸੀ ਅਤੇ ਜੋ ਪਾਣੀ ਉਸ ਕਮਰੇ ਵਿੱਚੋਂ ਇਕ ਮੋਰ੍ਹੀ ਰਾਹੀਂ ਬਾਹਰ ਆਉਂਦਾ ਹੈ, ਉਹ ਭਰ-ਭਰ ਕੇ ਲੋਕ ਬੋਤਲਾਂ ਵਿੱਚ ਪਾ-ਪਾ ਕੇ ਘਰਾਂ ਨੂੰ ਲਈ ਜਾਂਦੇ ਹਨ। ਗੁਰੂ ਜੀ ਨੇ ਗੰਗਾ ਦੇ ਪਾਣੀ ਤੋਂ ਸਿੱਖਾਂ ਦਾ ਖਹਿੜਾ ਛੁਡਵਾਇਆ ਤਾਂ ਹੁਣ ਇਨ੍ਹਾਂ ਨੇ ਇਥੇ ਨਵੀਂ ਗੰਗਾ ਚਲਾ ਦਿੱਤੀ। ‘‘ਘੁੰਮ ਫਿਰ ਕੇ ਖੋਤੀ ਬੋਹੜ ਥੱਲੇ।’’ ਲੋਕਾਂ ਨੂੰ ਸ਼ਰ੍ਹੇਆਮ ਮੂਰਖ ਬਣਾਇਆ ਜਾ ਰਿਹਾ ਸੀ। ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੈਂ ਹਜ਼ੂਰ ਸਾਹਿਬ ਨਹੀਂ ਬਲਕਿ ਹਰਿਦੁਆਰ ਬੈਠਾ ਹੋਵਾਂ। ਅੱਖਾਂ ਬੰਦ ਕਰਕੇ ਅਸੀਂ ਆਪਣੀ ਸੁਰਤੀ ਵਿੱਚ ਬੈਠ ਗਏ। ਬਹੁਤ ਘੱਟ ਲੋਕ ਅੰਦਰ ਬੈਠੇ ਸਨ। ਸਭ ਦਾ ਇਸ ਪਵਿੱਤਰ ਕਹੇ ਜਾਂਦੇ ਪਾਣੀ ਨੂੰ ਭਰਨ ਵੱਲ ਧਿਆਨ ਸੀ।

ਸਾਡੀ ਸੁਰਤੀ ਇਕ ਸਿੱਖ ਨੇ ਤੋੜੀ। ਉਹ ਮੇਰੀ ਪਤਨੀ ਨੂੰ ਕਹਿਣ ਲੱਗਾ ਕਿ ਇਥੇ ਮਾਤਾ ਜੀ ਨੇ ਬਹਿਣਾ ਹੈ। ਪਹਿਲਾਂ ਅਸੀਂ ਸੋਚਿਆ ਕਿ ਕੋਈ ਗੁਰਦੁਆਰੇ ਦੇ ਵਿੱਚ ਰਹਿਣ ਵਾਲੇ ਮਾਤਾ ਜੀ ਹੋਣਗੇ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਆਦਮੀ ਜਿਸ ਨੇ ਇਹ ਕਿਹਾ ਸੀ, ਉਹ ਲੋਕਲ ਰਹਿਣ ਵਾਲਾ ਸੀ ਤੇ ਉਹ ਬੀਬੀ ਉਸਦੀ ਪਤਨੀ ਸੀ। ਇਕ ਤਾਂ ਇਸ ਗੱਲ ਦਾ ਗੁੱਸਾ ਸੀ ਕਿ ਸੁਰਤੀ ਤੋੜ ਦਿੱਤੀ, ਦੂਜਾ ਆਪਣੇ ਆਪ ਨੂੰ ਚਲਾਕ ਸਮਝਦਾ ਸੀ। ਮੈਂ ਜਿੱਥੇ ਪੂਰੀ ਸੁਰਤੀ ਨਾਲ ਨਾਮ ਜਪ ਰਿਹਾ ਸੀ, ਉਥੇ ਨਾਮ ਤਾਂ ਕੀ ਜਪਿਆ ਜਾਣਾ ਸੀ, ਉਸ ਨੂੰ ਮੈਂ ਮਨ ਵਿੱਚ ਗਾਲ੍ਹਾਂ ਕਢਦਾ ਰਿਹਾ ਤੇ ਬਾਅਦ ਵਿੱਚ ਮੇਰਾ ਮਨ ਏਨਾ ਤੰਗ ਹੋਇਆ ਕਿ ਮੈਂ ਗਾਲ੍ਹਾਂ ਕਿਉਂ ਕਢੀਆਂ। ਮੈਂ ਇਸ ਕੰਮ ਵਾਸਤੇ ਤਾਂ ਹਜ਼ੂਰ ਸਾਹਿਬ ਨਹੀਂ ਆਇਆ ਸੀ। ਪਰ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੇਰੇ ਤੋਂ ਇਹ ਗੁਨਾਹ ਕਰਵਾਇਆ। ਉਹ ਆਪ ਤਾਂ ਅੱਖਾਂ ਬੰਦ ਕਰਕੇ ਬੈਠਾ ਸੀ। ਪਰ ਮੇਰੀ ਨਿਗਾਹ ਉਸ ਵੱਲ ਸੀ। ਮੈਂ ਹਿਸਾਬ ਬਰਾਬਰ ਕਰਨਾ ਚਾਹੁੰਦਾ ਸੀ। ਇੰਨੇ ਚਿਰ ਵਿੱਚ ਉਸਦੀ ਘਰਵਾਲੀ ਨੇ ਇਸ ਮੁਕਤਸਰ ਦੇ ਸਿੱਖ, ਜੋ ਮੱਥਾ ਟੇਕਣ ਲੱਗਾ ਸੀ, ਨੂੰ ਮੱਤ ਦੇਣੀ ਸ਼ੁਰੂ ਕਰ ਦਿੱਤੀ। ਉਹ ਜ਼ਿੰਮੀਦਾਰ ਤਾਂ ਉਸਨੂੰ ਟੁੱਟ ਕੇ ਪੈ ਗਿਆ। ਜਦ ਉਸਦਾ ਘਰ ਵਾਲਾ ਆਪਣੀ ਪਤਨੀ ਦੀ ਵਾਹਰ ਕਰਾਉਣ ਲੱਗਾ ਤਾਂ ਉਸਨੂੰ ਅਸੀਂ ਪੈ ਗਏ। ਫੇਰ ਕਿਤੇ ਜਾ ਕੇ ਮੇਰੇ ਕਾਲਜੇ ਵਿੱਚ ਠੰਢ ਪਈ।

ਫੇਰ ਅਸੀਂ ਉਥੋਂ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲ ਪਏ। ਜਦ ਅਸੀਂ ਬਾਬਾ ਨਿਧਾਨ ਸਿੰਘ ਦੇ ਗੁਰਦੁਆਰੇ ਟੈਕਸੀ ਲੈਣ ਲੱਗੇ ਤਾਂ ਇਕ ਨਿਹੰਗ ਆ ਕੇ ਭੀਖ ਮੰਗਣ ਲੱਗ ਪਿਆ, ‘‘ਗੁਰੂ ਦੇ ਨਾਮ ’ਤੇ 50 ਰੁਪਏ ਦੇ ਦੇ।’’ ਮੈਂ ਕਿਹਾ, ‘‘ਤੈਨੂੰ ਇਕ ਸਿੱਖ ਹੋ ਕੇ ਭੀਖ ਮੰਗਦੇ ਨੂੰ ਸੰਗ ਨਹੀਂ ਆਉਂਦੀ। ਇਹ ਰੂਪ ਜੋ ਗੁਰੂ ਜੀ ਨੇ ਦਿੱਤਾ ਹੈ, ਇਸ ਦਾ ਤਾਂ ਐਸਾ ਕਮਾਲ ਹੈ ਕਿ ਬੰਦਾ ਚਾਹ ਕੇ ਵੀ ਭੀਖ ਨਹੀਂ ਮੰਗ ਸਕਦਾ। ਰੁਤਬਾ ਹੀ ਐਸਾ ਬਣ ਜਾਂਦਾ ਹੈ। ਤੇ ਨਾਲੇ ਤੂੰ ਤਾਂ ਵੈਸੇ ਵੀ ਤੰਦਰੁਸਤ ਹੈਂ ਤੇ ਸਰੀਰ ’ਤੇ ਲੰਗਰ ਦੀਆਂ ਤੈਆਂ ਲੱਗੀਆਂ ਪਈਆਂ ਹਨ।’’ ਉਹ ਕਹਿਣ ਲੱਗਾ ਜੀ ਮੇਰਾ ਕਛਹਿਰ ਪਾਟ ਗਿਆ ਹੈ, ਜੋ ਉਸ ਦੇ ਹੱਥ ਵਿੱਚ ਫੜਿਆ ਸੀ। ਦਿਖਾ ਕੇ ਜਜ਼ਬਾਤੀ ਬਲੈਕਮੇਲ ਕਰਨਾ ਚਾਹੁੰਦਾ ਸੀ। ਮੈਂ ਕੀ ਕਰਾਂ? ਮੈਂ ਉਥੋਂ ਦਿਖ ਰਹੀ ਗੋਦਾਵਰੀ ਵੱਲ ਹੱਕ ਕਰਕੇ ਕਿਹਾ ਇਸ ਵਿੱਚ ਛਾਲ ਮਾਰ। ਮੈਂ ਇਹ ਗੱਲ ਪੂਰੀ ਕਰਦੇ ਨੇ ਵੇਖਿਆ ਕਿ ਗੁਰੂ ਕੀ ਫੌਜ ਦਾ ਇਕ ਫੌਜੀ, ਇਕ ਨਹਾਉਣ ਵਾਲਾ ਸਿੱਖ, ਗੋਦਾਵਰੀ ਨਦੀ ਵਿੱਚ ਲੋਕਾਂ ਦੁਆਰਾ ਵਹਾਈਆਂ ਹੋਈਆਂ ਅਸਥੀਆਂ ਫਰੋਲ ਕੇ ਵਿੱਚੋਂ ਪੈਸੇ ਚੁਗ ਰਿਹਾ ਸੀ। ਮੇਰਾ ਮਨ ਇਹ ਦੇਖ ਦੇ ਏਨਾ ਦੁਖੀ ਹੋਇਆ ਤੇ ਮੈਂ ਆਪਣੇ ਮਨ ਨੂੰ ਪੁੱਛਿਆ ਕਿ ਕੀ ਇਹ ਗੁਰੂ ਸਾਹਿਬ ਦੀਆਂ ਫੌਜਾਂ ਹਨ? ਜਿਨ੍ਹਾਂ ’ਤੇ ਗੁਰੂ ਸਾਹਿਬ ਨੂੰ ਮਾਣ ਸੀ ਤੇ ਜਿਨ੍ਹਾਂ ਨੂੰ ਗੁਰੂ ਜੀ ਨੇ ਚਿੜੀਆਂ ਤੋਂ ਬਾਜ਼ ਬਣਾਇਆ ਸੀ?

ਟੈਕਸੀ ਵਿੱਚ ਬੈਠ ਕੇ ਮੈਂ ਪਿਛਲੀ ਵਾਰ ਤੇ ਇਸ ਵਾਰ ਦੀਆਂ ਗੱਲਾਂ ਯਾਦ ਕਰ ਰਿਹਾ ਸੀ ਕਿ ਬਾਕੀ ਲੋਕਲ ਗੁਰਦੁਆਰਿਆਂ ਵਿੱਚ ਕੀ ਹੋਣਾ ਹੈ। ਉਸਦੀ ਭਵਿੱਖਬਾਣੀ ਕਰਕੇ ਮੈਂ ਇਕ ਹੋਰ ਜੋੜਾ, ਜੋ ਟੈਕਸੀ ਕਰ ਰਿਹਾ ਸੀ, ਨੂੰ ਸੁਣਾਈ ਜੋਕਿ 200 ਫੀਸਦੀ ਸਹੀ ਨਿਕਲੀ। ਹਰ ਗੁਰਦੁਆਰੇ ਵਿੱਚ ਮੱਲੋ-ਮੱਲੀ ਸੰਗਤ ਨੂੰ ਘੇਰ ਕੇ ਪਹਿਲਾਂ ਗੁਰਦੁਆਰੇ ਦਾ ਇਤਿਹਾਸ ਸੁਣਾਉਂਦੇ ਸਨ। ਇਤਿਹਾਸ ਤਾਂ ਗੱਲ ਗੁਰੂ ਕਰਨ ਦਾ ਮੌਕਾ ਹੁੰਦਾ ਸੀ। ਗੱਲ ਮੁਕਦੀ ਇਮਾਰਤ ਜੋ ਬਣ ਰਹੀ ਹੁੰਦੀ, ਦੀ ਲੋੜ ਵਾਸਤੇ ਮਾਇਆ ਦੀ। ਜਾਂ ਕਿਸੇ ਨੇ ਕਹਿਣਾ ਕਿ ਪੱਖਾ ਲਵਾਉਣਾ ਹੈ। ਕਿਸੇ ਨੇ ਕਹਿਣਾ ਕਿ ਮੁੱਖ ਸੜਕ ਤੋਂ ਗੁਰਦੁਆਰਾ ਸਾਹਿਬ ਆ ਰਹੀ ਕੱਚੀ ਸੜਕ ਨੂੰ ਪੱਕੀ ਕਰਨਾ ਹੈ।

ਨਾਨਕਸਰ ਡੇਰੇ ਵਿੱਚ ਇਕ ਪਾਠੀ ਹੈ, ਜਿਸ ਦਾ ਨਾਂ ਕੁਲਵੰਤ ਸਿੰਘ ਹੈ। ਉਸ ਨੇ ਡੇਢ ਸਾਲ ਪਹਿਲਾਂ ਵੀ ਪੱਖੇ ਮੰਗੇ ਤੇ ਹੁਣ ਵੀ। ਇਸ ਸਾਲ ਇਕ ਕੈਨੇਡੀਅਨ ਸਿੱਖ ਹਜ਼ੂਰ ਸਾਹਿਬ ਤੋਂ ਮੁੰਬਈ ਆਪਣੇ ਰਿਸ਼ਤੇਦਾਰ ਦੇ ਘਰ ਆਇਆ। ਮੈਂ ਉਥੇ ਬੈਠਾ ਸੀ। ਹਜ਼ੂਰ ਸਾਹਿਬ ਦੀਆਂ ਗੱਲਾਂ ਚੱਲ ਪਈਆਂ। ਉਸ ਨੇ ਵੀ ਉਹੀ ਗੱਲਾਂ ਦੱਸੀਆਂ, ਜੋ ਮੈਂ ਦੇਖ ਕੇ ਆਇਆ ਸੀ। ਮਿਸਾਲ ਦੇ ਤੌਰ ’ਤੇ ਮੈਂ ਕਿਹਾ, ‘‘ਯਾਰ ਤੇਰਾ ਨਾਨਕਸਰ ਡੇਰੇ ’ਚ ਕੁਲਵੰਤ ਸਿੰਘ ਪਾਠੀ ਨਾਲ ਮੇਲ ਹੋਇਆ?’’ ਉਹ ਬੋਲਿਆ, ‘‘ਹਾਂ, ਉਸ ਨੇ ਮੈਥੋਂ 2000 ਰੁਪਏ ਝਾੜੇ। ਅਖੇ ਗੁਰਦੁਆਰੇ ਵਿੱਚ ਆਈਆਂ ਸੰਗਤਾਂ ਨੂੰ ਹਵਾ ਲਈ ਪੱਖੇ ਚਾਹੀਦੇ ਹਨ। ਇਹ ਬਾਬਾ ਘੱਟੋ-ਘੱਟ ਇਕ ਸਾਲ ਪੈਸੇ ਮੰਗਣ ਤੋਂ ਬਾਅਦ ਅਗਲੇ ਸਾਲ ਨਵਾਂ ਬਹਾਨਾ ਤਾਂ ਬਣਾ ਲਿਆ ਕਰੇ।’’ ਇਹ ਕੁਲਵੰਤ ਸਿੰਘ ਸਾਰਿਆਂ ਨੂੰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਕਹਿੰਦਾ ਹੈ। ਇਹ ਸਰੋਵਰ ਦੀ ਹਰੇਵਾਈ ਵੱਲ ਵੀ ਧਿਆਨ ਦੇਵੇ। ਜਦ ਇਸ ਪੁਜਾਰੀ ਨੇ ਮੈਨੂੰ ਇਸ਼ਨਾਨ ਕਰਨ ਲਈ ਕਿਹਾ ਤਾਂ ਮੈਂ ਕਿਹਾ ਕਿ ਪਾਣੀ ਤਾਂ ਸਾਫ ਕਰ ਲਿਆ ਕਰੋ। ਕਹਿੰਦਾ, ‘‘ਸਾਫ ਨੂੰ ਕੀ, ਇਥੇ ਤਾਂ ਮਹਾਰਾਜ ਦੀ ਕ੍ਰਿਪਾ ਹੈ।’’ ਮੈ ਪਾਸਾ ਵੱਟ ਕੇ ਜਦ ਜਾਣ ਲੱਗਾ ਤਾਂ ਉਹ ਕਹਿੰਦਾ, ‘‘ਜਿਹੜਾ ਇਥੇ ਨਹੀਂ ਨਹਾਤਾ, ਉਹ ਕਿਤੇ ਵੀ ਨਹੀਂ ਨਹਾਤਾ।’’ ਮੈਂ ਕਿਹਾ ‘‘ਤੂੰ ਆਪਣਾ ਕੰਮ ਕਰ। ਕਿਉਂ ਸਾਡਾ ਸਿਰ ਖਾਧਾ ਹੈ?’’ ਪਰ ਸਾਹਮਣੇ ਦੋ ਗਰੀਬ, ਜੋ ਉਥੋਂ ਦੇ ਲੋਕਲ ਹਿੰਦੂ ਮਰਾਠੀ ਸਨ, ਉਨ੍ਹਾਂ ਨੂੰ ਗਾਲ੍ਹਾਂ ਕਢਣ ਲੱਗ ਪਿਆ, ‘‘ਤੁਸੀਂ ਬਾਹਰ ਨਿਕਲੋ ਸਾਲਿਓ, ਸਰੋਵਰ ਗੰਦਾ ਕਰੋਗੇ।’’ ਮੇਰੇ ਤੋਂ ਰਿਹਾ ਨਾ ਗਿਆ। ਮੈਂ ਕੋਲ ਜਾ ਕੇ ਕਿਹਾ, ‘‘ਗੱਲ ਸੁਣ ਓਏ, ਇਨ੍ਹਾਂ ਗਰੀਬਾਂ ਨੂੰ ਇਵੇਂ ਗਾਲ੍ਹਾਂ ਕੱਢੀ ਜਾ ਰਿਹਾ ਹੈਂ। ਇਹ ਸਰੋਵਰ ਦਾ ਕੀ ਗੰਦਾ ਕਰ ਦੇਣਗੇ? ਸਗੋਂ ਆਪਣੇ ਪਿੰਡੇ ਨਾਲ ਹਰੇਵਾਈ ਲਾ ਕੇ ਲਿਜਾਣਗੇ।’’ ਕਹਿਣ ਲੱਗਾ, ‘‘ਨਹੀਂ ਜੀ, ਇਹ ਦਿਹਾੜੀ ਵਾਲੇ ਬੰਦੇ ਹਨ।’’ ਮੈਂ ਕਿਹਾ, ‘‘ਤੂੰ ਵੀ ਤਾਂ ਪੰਜਾਬ ਵਿੱਚ ਜੱਟਾਂ ਦੇ ਸੀਰੀ ਲੱਗਿਆ ਹੁੰਦਾ ਸੀ। ਹੁਣ ਪਾਠੀ ਬਣ ਕੇ ਮਸਤਿਆ ਫਿਰਦਾ ਏਂ।’’ ਇਹ ਗੱਲ ਮੈਂ ਏਨੇ ਯਕੀਨ ਨਾਲ ਹੀ ਕਿ ਉਸ ਨੇ ਨਾਲ ਦੀ ਨਾਲ ਕਿਹਾ, ‘‘ਤੁਹਾਨੂੰ ਕਿਵੇਂ ਪਤਾ ਕਿ ਮੈਂ ਸੀਰੀ ਸੀ।’’ ਮੈਂ ਕਿਹਾ, ‘‘ਇਹ ਤਾਂ ਤੁਹਾਡੀ ਬੋਲੀ ਤੋਂ ਪਤਾ ਲਗਦਾ ਹੈ। ਦੂਜਾ, ਤੂੰ ਇਸ ਗਰੀਬ ਮਜ਼ਦੂਰ ਨੂੰ ਬਾਹਰ ਕੱਢ ਰਿਹਾ ਹੈਂ ਜਦਕਿ ਗੁਰੂ ਨਾਨਕ ਨੇ ਤਾਂ ਖ਼ੁਦ ਪਿੰਗਲਿਆਂ-ਕੋਹੜੀਆਂ ਦੀ ਸੇਵਾ ਕੀਤੀ ਸੀ। ਉਹ ਕਹਾਵਤ ਤਾਂ ਤੂੰ ਸੁਣੀ ਹੋਣੀ ਆ ਕਿ ਕੁੱਤੇ ਦਾ ਕੁੱਤਾ ਵੈਰੀ।’’ ਫਿਰ ਨਾਲ ਦਿਆਂ ਦੇ ਬੁਲਾਉਣ ’ਤੇ ਅਸੀਂ ਉਥੋਂ ਚਲੇ ਗਏ। ਅਸੀਂ ਦੀਵਾਰ ’ਤੇ ਲੱਗਿਆਂ ਕੁਝ ਚਿੱਤਰਾਂ ਨੂੰ ਵੇਖਣ ਲੱਗ ਪਏ। ਏਨੇ ਨੂੰ ਹੀ ਕੁਲਵੰਤ ਸਿੰਘ ਉਪਰੋਂ ਆ ਗਿਆ ਤੇ ਉਸ ਨੇ ਸੰਗਤ ਨੂੰ ਪ੍ਰਸ਼ਾਦ ਦਿੱਤਾ। ਉਸ ਨੇ ਮਾਈਕ ਚੁੱਕਿਆ ਤੇ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਸੋਚਿਆ ਕਿ ਇਸ ਨੂੰ ਅਹਿਸਾਸ ਹੋਇਆ ਹੋਊ, ਮੇਰੀਆਂ ਗੱਲਾਂ ਸੁਣ ਕੇ, ਪਰ ਜਿਸ ਦੇ ਹੱਥ ਕਹੀ ਛੱਡ ਕੇ ਮਾਈਕ ਤੱਕ ਪਹੁੰਚ ਗਏ ਹੋਣ, ਉਸਦਾ ਚਿੱਤ ਘਮੰਡ ਨਾਲ ਭਰਿਆ ਹੋਣਾਂ ਲਾਜ਼ਮੀ ਸੀ।

ਪਹਿਲਾਂ ਤਾਂ ਗੁਰਦੁਆਰੇ ਦਾ ਇਤਿਹਾਸ ਸੁਣਾਇਆ, ਜੋ ਉਥੇ ਲਿਖਿਆ ਸੀ ਤੇ ਅਸੀਂ ਪੜ੍ਹ ਚੁੱਕੇ ਸਾਂ। ਹਾਲ ਵਿੱਚ ਘੱਟੋ-ਘੱਟ 15 ਮੁੰਡਿਆਂ ਦੇ ਵਾਲ ਕੱਟੇ ਹੋਏ ਸਨ। ਪਹਿਲਾਂ ਤਾਂ ਉਸ ਨੇ ਕੱਲੇ-ਕੱਲੇ ਦੀ ਜਾਤ ਪੁੱਛੀ। ਸਭ ਨੇ ਦੱਸੀ, ਜੱਟ। ਮੈਨੂੰ ਵੀ ਕਿਹਾ ਕਿ ਭਾਈ ਸਾਹਿਬ ਤੁਸੀਂ ਜੱਟ, ਰਾਮਗੜ੍ਹੀਏ, ਭਾਪੇ ਕੌਣ ਹੋ? ਮੈਂ ਕਿਹਾ ਇਹ ਬਹੁਤ ਘਟੀਆ ਸਵਾਲ ਪੁੱਛਿਆ ਹੈ ਤੂੰ। ਇਥੇ ਭਾਵੇਂ ਕੋਈ ਮੁਸਲਮਾਨ ਹੋਵੇ, ਉਸਨੂੰ ਵੀ ਜੀਅ ਆਇਆਂ ਨੂੰ। ਕਹਿੰਦਾ, ਫਿਰ ਕੀ ਹੋਇਆ ਜੇ ਪੁੱਛ ਲਿਆ, ਮੈਂ ਕਿਸੇ ਨੂੰ ਗਾਲ੍ਹ ਤਾਂ ਨਹੀਂ ਕੱਢੀ। ਮੈਂ ਕਿਹਾ, ‘‘ਨਾ ਤੂੰ ਸਾਡੇ ਅਨੰਦ ਕਾਰਜ ਕਰਵਾਉਣੇ ਹਨ?’’ ਮੈਂ ਕਿਹਾ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿੱਖ ਨੇ ਲੋਭ ਨਹੀਂ ਕਰਨਾ ਪਰ ਚਾਰ ਸਾਲ ਹੋ ਗਹੇ ਹਨ, ਤੇਰੇ ਅਜੇ ਪੱਖੇ ਨਹੀਂ ਲੱਗੇ। ਨਾਲੇ ਜਿਹੜਾ ਤੂੰ ਜ਼ਿਆਦਾ ਧਾਰਮਕ ਬਣ ਕੇ ਵਿਖਾ ਰਿਹਾ ਹੈਂ, ਅਖੀਰ ਘੁਮਾ-ਫਿਰਾ ਕੇ ਗੱਲ ਤੂੰ ਇਥੇ ਮੁਕਾਉਣੀ ਹੈ ਕਿ ਮਾਇਆ ਗੋਲਕ ਵਿੱਚ ਪਾਉ ਜੀ। ਮੈਂ ਕਿਹਾ ਗੁਰੂ ਸਾਹਿਬ ਨੇ ਜੋ ਸਿੱਖਿਆ ਦਿੱਤੀ ਹੈ, ਉਸ ਵੱਲ ਤੁਸੀਂ ਧਿਆਨ ਨਹੀਂ ਦਿੰਦੇ, ਜੋ ਹਰ ਵਕਤ ਹਰ ਯੁਗ ਵਿੱਚ ਲਾਭਕਾਰੀ ਰਹੀ ਹੈ। ਤੁਸੀਂ ਅਜੇ ਵੀ ਜੋਤਾਂ ਜਗਾ ਰਹੇ ਹੋ, ਆਰਤੀ ਕਰਦੇ ਹੋ, ਗੁਰਦੁਆਰੇ ਵਿੱਚ ਗੀਤਾ (ਦਸਮ ਗ੍ਰੰਥ) ਦਾ ਪਾਠ ਕਰਦੇ ਹੋ, ਨਾਲੇ ਸੰਗਤਾਂ ਨੂੰ ਲੁੱਟਦੇ ਹੋ, ਤੁਸੀਂ ਪਾਠੀਆਂ ਦੇ ਰੂਪ ਵਿੱਚ ਮੰਦਰਾਂ ਦੇ ਪੁਜਾਰੀ ਹੋ।

ਅਸੀਂ ਇਕ ਹੋਰ ਗੁਰਦੁਆਰੇ ਗਏ। ਅਜੇ ਅਸੀਂ ਰਸਤੇ ਵਿੱਚ ਹੀ ਸੀ। ਮੈਂ ਪਹਿਲਾਂ ਹੀ ਸਾਡੇ ਨਾਲ ਦੇ ਜੋੜੇ ਨੂੰ ਦੱਸਿਆ ਕਿ ਇਸ ਗੁਰਦੁਆਰੇ ਵਿੱਚ ਖਿੱਲਾਂ ਦਾ ਪ੍ਰਸ਼ਾਦ ਚੜ੍ਹਦਾ ਹੈ। ਤੁਸੀਂ ਅਜੇ ਕਾਰ ਤੋਂ ਪੈਰ ਬਾਹਰ ਵੀ ਨਹੀਂ ਕਢਣਾ ਕਿ ਨਿਆਣੇ ਤੁਹਾਨੂੰ ਘੇਰ ਲੈਣਗੇ ਅਤੇ ਜਿੰਨਾ ਚਿਰ ਤੁਸੀਂ ਪ੍ਰਸ਼ਾਦ ਖਰੀਦਣਾ ਨਹੀਂ, ਤੁਹਾਨੂੰ ਉਨ੍ਹਾਂ ਛੱਡਣਾ ਨਹੀਂ। ਕਿਉਂ ਇਹ ਕੀ ਗੱਲ ਹੋਈ? ਗੱਲ ਇਹ ਹੈ ਕਿ ਇਹ ਪਾਠੀਆਂ ਦੇ ਹੀ ਨਿਆਣੇ ਹਨ, ਤੁਸੀਂ ਸੁੱਕਾ ਪ੍ਰਸ਼ਾਦ ਇਨ੍ਹਾਂ ਕੋਲੋਂ ਲੈਣਾਂ ਹੈ, ਇਥੇ ਹੀ ਚੜ੍ਹਾਉਣਾ ਹੈ ਤੇ ਜੋ ਪਾਠੀ ਨੂੰ ਦੇਣਾ ਹੈ, ਉਸ ਨੇ ਫਿਰ ਪੈਕ ਕਰਕੇ ਨਿਆਣਿਆਂ ਨੂੰ ਵੇਚਣ ਵਾਸਤੇ ਦੇਣਾ ਹੈ। ਉਥੇ ਪਹੁੰਚ ਕੇ ਬਿਲਕੁਲ ਉਵੇਂ ਹੋਇਆ। ਉਹ ਦੋਵੇਂ ਤੇ ਮੇਰੀ ਪਤਨੀ ਮੇਰੇ ਅੰਦਾਜ਼ਿਆਂ ’ਤੇ ਹੈਰਾਨ ਸਨ। ਪਾਠੀ ਨੇ ਜੋ ਇਤਿਹਾਸ ਸੁਨਾਉਣਾ ਸ਼ੁਰੂ ਕੀਤਾ, ‘‘ਇਥੇ ਗੁਰੂ ਜੀ ਨੇ ਢਾਲ ਨਾਲ ਆਪਣੀ ਫੌਜ ਨੂੰ ਮੋਹਰਾਂ ਵੰਡੀਆਂ ਸਨ ਅਤੇ ਬਾਕੀ ਫੇਰ ਨੱਪ ਦਿੱਤੀਆਂ ਸਨ। ਉਹ ਉਸ ਦਿਨ ਕੱਢੀਆਂ ਜਾਣਗੀਆਂ ਜਦ 96 ਕਰੋੜ ਖ਼ਾਲਸਾ ਹੋਵੇਗਾ। ਉਨ੍ਹਾਂ ਮੋਹਰਾਂ ਨਾਲ ਇਥੇ ਲੰਗਰ ਚੱਲੇਗਾ।’’ ਮੈਂ ਕਿਹਾ, ‘‘ਬਾਬਾ ਜੀ, ਇਹ ਮੋਹਰਾਂ ਬਾਰੇ ਤਾਂ ਮੈਂ ਬਾਹਰ ਬੋਹੜ ’ਤੇ ਪੜ੍ਹ ਲਿਆ ਹੈ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਆਹ ਖਿੱਲਾਂ ਦਾ ਪ੍ਰਸ਼ਾਦ ਜਿਹੜਾ ਤੁਸੀਂ ਮੁੜ-ਮੁੜ ਵੇਚੀ ਜਾਂਦੇ ਹੋ, ਇਹ ਤੁਸੀਂ ਆਪ ਖਰੀਦਿਆ ਸੀ ਕਿ ਇਹ ਖਿੱਲਾਂ ਦੀ ਢਾਲ ਵੀ ਤੁਹਾਨੂੰ ਗੁਰੂ ਸਾਹਿਬ ਹੀ ਦੇ ਕੇ ਗਏ ਸਨ?’’ ਉਹ ਨਿਰ-ਉੱਤਰ ਖੜਾ ਸੀ। ਫੇਰ ਮੇਰੇ ਨਾਲ ਦੇ ਨੂੰ ਵੀ ਜੋਸ਼ ਆ ਗਿਆ। ਉਹ ਕਹਿੰਦਾ, ‘‘ਬਾਬਾ ਜੀ, ਤੁਸੀਂ ਕਹਿੰਦੇ ਹੋ ਕਿ 96 ਕਰੋੜ ਖ਼ਾਲਸਾ ਹੋਵੇਗਾ। ਮੈਨੂੰ ਤੇ ਲੱਗਦਾ ਹੈ ਕਿ ਜਿਹੜੇ ਹਨ, ਉਹ ਵੀ ਨਹੀਂ ਰਹਿਣੇ।’’

ਫੇਰ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ। ਕੁਝ ਕਿਤਾਬਾਂ ਵਗੈਰਾ ਖਰੀਦੀਆਂ ਤੇ ਸ਼ਾਮ ਨੂੰ ਅਸੀਂ ਮੁੱਖ ਗੁਰਦੁਆਰੇ ਮੱਥਾ ਟੇਕਣ ਗਏ ਕਿਉਂਕਿ ਅਗਲੇ ਦਿਨ ਅਸੀਂ ਵਾਪਸ ਜਾਣਾ ਸੀ। ਮੇਰੀ ਪਤਨੀ ਨੇ ਕਿਹਾ ਕਿ ਕੀ ਕਰਨਾ ਹੈ, ਐਵੇਂ ਕਿਸੇ ਨਾਲ ਪੰਗਾ ਪਊ। ਅਸਲ ਵਿੱਚ ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਕਦੇ ਜ਼ਿੰਦਗੀ ਵਿੱਚ ਦੁਬਾਰਾ ਏਥੇ ਨਹੀਂ ਆਉਣਾ। ਬੱਸ ਅਖੀਰਲੀ ਵਾਰ ਮੈਂ ਗੁਰੂ ਸਾਹਿਬ ਦੇ ਅੰਗੀਠੇ ’ਤੇ ਜਾ ਕੇ ਅਰਦਾਸ ਕਰਨਾ ਚਾਹੁੰਦਾ ਸਾਂ, ਸੋ ਚਲਾ ਗਿਆ। ਮੈਂ ਅੱਖਾਂ ਬੰਦ ਕਰਕੇ ਉਥੇ ਬੈਠਾ ਰਿਹਾ। ਮੇਰਾ ਮਨ ਬਹੁਤ ਉਦਾਸ ਸੀ।

ਸਾਨੂੰ ਆਪੇ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੈ, ਜਦ ਤੱਕ ਆਪਾਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਾਂਗੇ, ਤਾਂ ਆਪਾਂ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਕਿਵੇਂ ਲੱਗੇਗਾ ਅਤੇ ਕਮਜ਼ੋਰੀਆਂ ਦਾ ਪਤਾ ਨਹੀਂ ਲੱਗੇਗਾ ਤਾਂ ਸੁਧਾਰ ਕਿਵੇਂ ਹੋਵੇਗਾ ਅਤੇ ਸੁਧਾਰ ਤੋਂ ਬਿਨਾਂ ਕੌਮ ਤਰੱਕੀ ਕਿਵੇਂ ਕਰੇਗੀ। ਇਸ ਕਰਕੇ ਮੇਰੇ ਵੀਰੋ ਆਉ, ਆਪਾਂ ਆਪੇ ਵੱਲ ਝਾਤ ਮਾਰੀਏ ਤੇ ਗੁਰਦੁਆਰਿਆਂ ਨੂੰ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਪੁਜਾਰੀਆਂ ਤੋਂ ਮੁਕਤ ਕਰਵਾਈਏ।