Subscription About Us Contact Us


21ਵੀਂ ਸਦੀ ਦਾ ਸਭ ਤੋਂ ਵਧੀਆ ਧੰਦਾ

- ਵਿਮਲੇਸ਼ ਚੰਦਰ -

ਸਿਰਲੇਖ ਪੜ੍ਹ ਕੇ ਤੁਸੀਂ ਇਹੀ ਸੋਚੋਗੇ ਕਿ ਮੈਂ ਵੀ 21ਵੀਂ ਸਦੀ ਦੇ ਇਸ ਸਭ ਤੋਂ ਵਧੀਆ ਧੰਦੇ ਨੂੰ ਅਪਣਾਉਣ ਦੀ ਜ਼ਰੂਰ ਜੋਰ-ਅਜ਼ਮਾਇਸ਼ ਕਰਾਂਗਾ। ਪਰ ਇਹ ਧੰਦਾ ਹੈ ਕਿਹੜਾ? ਤੁਸੀਂ ਸ਼ਾਇਦ ਇਹ ਵੀ ਸੋਚ ਰਹੇ ਹੋਵੋਗੇ ਕਿ ਨੇਤਾਗੀਰੀ ਵਾਲਾ ਧੰਦਾ ਹੀ ਇਸ ਸਮੇਂ ਸਭ ਤੋਂ ਫਾਇਦੇਮੰਦ ਹੈ, ਜਿਸ ਵਿੱਚ ਬਿਨਾਂ ਕਿਸੀ ਲਾਗਤ ਦੇ ਫਾਇਦਾ ਹੀ ਫਾਇਦਾ ਹੈ। ਨੇਤਾਗਿਰੀ ਦੇ ਕਾਰੋਬਾਰ ਵਿੱਚ ਦੌਲਤ, ਇੱਜ਼ਤ, ਸ਼ੋਹਰਤ ਸਭ ਕੁਝ ਹੈ ਪਰ ਮੇਰੀ ਨਜ਼ਰ ਵਿੱਚ ਨੇਤਾਗਿਰੀ ਦਾ ਧੰਦਾ ਅੱਜਕਲ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਕਦੋਂ

ਨੇਤਾ ਜੀ ਸਿਆਸੀ ਬੁਲੰਦੀਆਂ ਛੂਹਣ ਲੱਗ ਪੈਣ ਅਤੇ ਕਦੋਂ ਫਰਸ਼ਾਂ ’ਤੇ ਆ ਡਿਗਣ, ਕੁਝ ਕਿਹਾ ਨਹੀਂ ਜਾ ਸਕਦਾ। ਨੇਤਾਗਿਰੀ ਕਦੋਂ ਫਿਲਮਾਂ ਦੀ ਤਰ੍ਹਾਂ ਫਲਾਪ ਹੋ ਜਾਏ ਅਤੇ ਕਦੋਂ ਹਫਤਿਆਂ ਵਿੱਚ ਰਿਕਾਰਡ-ਤੋੜ ਵਪਾਰ ਕਰ ਲਵੇ - ਕੁਝ ਕਿਹਾ ਨਹੀਂ ਜਾ ਸਕਦਾ।

ਅਸਲ ਵਿੱਚ ਨੇਤਾਗਿਰੀ ਦਾ ਧੰਦਾ ‘ਟੈਂਪਰੇਰੀ’ ਕਿੱਤਾ ਹੈ, ਜਿਸ ਵਿੱਚ ਕਦੋਂ ਸੜਕਾਂ ’ਤੇ ਧੂੜ ਚੱਟਦੇ ਨਜ਼ਰ ਆ ਜਾਉਣ ਜਾਂ ਕਦੋਂ ਹਨੇਰੀ ਕੋਠੜੀ ਵਿੱਚ ਜਾਣਾ ਪਏ, ਕੁਝ ਕਿਹਾ ਨਹੀਂ ਜਾ ਸਕਦਾ। ਪਰ ਮੈਂ ਤੁਹਾਨੂੰ 21ਵੀਂ ਸਦੀ ਦਾ ਇਕ ਸਭ ਤੋਂ ਲਾਭਦਾਇਕ ਧੰਦਾ ਦੱਸਣ ਜਾ ਰਿਹਾ ਹਾਂ, ਜਿਸਨੂੰ ਤੁਸੀਂ ਜਾਣਦੇ ਤਾਂ ਹੋ ਪਰ ਇਸ ਨੂੰ ਅਪਣਾਉਣ ਬਾਬਤ ਤੁਸੀਂ ਕਦੇ ਸੋਚਿਆ ਨਹੀਂ ਹੋਵੇਗਾ।

ਇਹ ਧੰਦਾ ਇਕ ਗੈਰ-ਸਰਕਾਰੀ ਵਪਾਰਕ ਕਿੱਤਾ ਹੁੰਦੇ ਹੋਏ ਵੀ ਸਰਕਾਰੀ ਕਿੱਤਾ ਹੈ ਕਿਉਂਕਿ ਸਰਕਾਰ ਵੀ ਇਸ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਹਿੱਸੇਦਾਰ ਹੁੰਦੀ ਹੈ ਅਤੇ ਇਸਨੂੰ ਸਰਪ੍ਰਸਤੀ ਵੀ ਦਿੰਦੀ ਹੈ। ਹੋਰ ਤਾਂ ਹੋਰ ਇਸ ਕਿੱਤੇ ਦੇ ਮੁੱਦੇ ’ਤੇ ਸਰਕਾਰਾਂ ਵੀ ਬਣਦੀਆਂ-ਬਿਗੜਦੀਆਂ ਹਨ। ਕਿਸ ਤਰ੍ਹਾਂ ਦਿਨ-ਬ-ਦਿਨ ਇਸ ਧੰਦੇ ਦੇ ਸ਼ੇਅਰ ਵਿਕਦੇ ਜਾ ਰਹੇ ਹਨ, ਇਹ ਸੋਚ ਕੇ ਮਨ ਉੜੀਸਾ ਦੇ ਸਮੁੰਦਰੀ ਤੂਫਾਨ ਦੀ ਤਰ੍ਹਾਂ ਡਾਂਵਾਡੋਲ ਹੋਣ ਲੱਗ ਪੈਂਦਾ ਹੈ।

ਜੀ ਹਾਂ, ਉਹ ਸਭ ਤੋਂ ਵਧੀਆ ਧੰਦਾ ਹੈ ‘ਭਗਤੀ ਦਾ ਧੰਦਾ’ (ਭੇਖਧਾਰੀ ਸੰਤ/ਬਾਬਾ ਬਣ ਕੇ ਲੋਕਾਂ ਨੂੰ ਧਰਮ ਉਪਦੇਸ਼ ਦੇਣ ਦਾ ਧੰਦਾ)। ਆਪ ਸੋਚ ਰਹੇ ਹੋਣਗੇ ਕਿ ਇਹ ਵੀ ਕੋਈ ਗੱਲ ਹੋਈ, ਇਹ ਧੰਦਾ ਕਿਵੇਂ ਹੋਇਆ? ਅੱਗੇ ਜਦੋਂ ਮੈਂ ਇਸ ਦੇ ਫਾਇਦੇ ਗਿਣਾਵਾਂਗਾ ਤਾਂ ਤੁਸੀਂ ਵੀ ਮੇਰੀ ਗੱਲ ਨੂੰ ਲੋਹੇ ਦੀ ਥਾਂ ਹੀਰਾ ਮੰਨੋਗੇ ਪਰ ਇਸ ਕਾਰੋਬਾਰ ’ਚ ਉਤਰਨ ਦੀ ਅਜ਼ਮਾਇਸ਼ ਕਰਨ ਦੀ ਕੋਸ਼ਿਸ਼ ਤੁਸੀਂ ਵੀ ਜ਼ਰੂਰ ਕਰੋ। ਹੋ ਸਕਦਾ ਹੈ ਕਿ ਤੁਹਾਨੂੰ ਇਹ ਧੰਦਾ ਨਾ ਲੱਗੇ ਕਿਉਂਕਿ ਆਪਣੇ-ਆਪਣੇ ਨਜ਼ਰੀਏ ਦਾ ਫਰਕ ਜੋ ਹੁੰਦਾ ਹੈ।

ਇਸ ਧੰਦੇ ਵਿੱਚ ਉਤਰਨ ਲਈ ਕਿਸੇ ਵਿਦਿਅਕ ਯੋਗਤਾ, ਤਜ਼ਰਬੇ, ਪੂੰਜੀ, ਉਮਰ, ਸਰੀਰਕ ਤੰਦਰੁਸਤੀ, ਸੁਹੱਪਣ, ਲਗਨ, ਅੰਗਰੇਜ਼ੀ ਜਾਣਨਾ ਅਤੇ ਇਮਾਨਦਾਰ ਹੋਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਦਾਖ਼ਲਾ ਲੈਣ ਲਈ ਕੋਈ ਫੀਸ ਲਗਦੀ ਹੈ। ਜੇਕਰ ਤੁਸੀਂ ਇਹ ਕਾਰੋਬਾਰ ਅਪਣਾ ਲਿਆ ਤਾਂ ਤੁਹਾਡਾ ਪਿਛੋਕੜ, ਵਰਤਮਾਨ ਤੇ ਭਵਿੱਖ - ਸਭ ਕੁਝ ਸੁਧਰ ਜਾਏਗਾ।

ਪਿਛੋਕੜ ਇਸ ਤਰ੍ਹਾਂ ਸੁਧਰ ਜਾਏਗਾ ਕਿ ਜੇਕਰ ਤੁਸੀਂ ਪਹਿਲਾਂ ਕੋਈ ਵੀ ਗਲਤ ਕੰਮ ਕੀਤਾ ਹੋਇਆ ਹੈ ਜਿਵੇਂ ਚੋਰੀ, ਡਕੈਤੀ, ਕਤਲ, ਕਿਸੇ ਦੀ ਜਾਇਦਾਦ ਹੜੱਪਣੀ ਜਾਂ ਮਾੜੇ ਚਰਿੱਤਰ ਵਾਲੇ ਦੂਜੇ ਕੰਮ ਕੀਤੇ ਹਨ ਤਾਂ ਇਹ ਸਭ ਆਰੋਪੀ ‘ਭਗਤੀ ਦਾ ਧੰਦਾ’ ਅਪਣਾਉਂਦਿਆਂ ਹੀ ਛੂ-ਮੰਤਰ ਹੋ ਜਾਣਗੇ। ਠੀਕ ਉਸੇ ਤਰ੍ਹਾਂ, ਜਿਵੇਂ ਚੋਣਾਂ ਜਿੱਤਣ ਤੋਂ ਬਾਅਦ ਨੇਤਾਜੀ ਛੂ-ਮੰਤਰ ਹੋ ਜਾਂਦੇ ਹਨ।

ਵਰਤਮਾਨ ਤਾਂ ਅਪਣਾ ਹੋਵੇਗਾ ਹੀ ਕਿਉਂਕਿ ਇਸ ਕਾਰੋਬਾਰ ਵਿੱਚ ਆਉਣ ਵਾਲਾ ਕੋਈ ਬਾਬਾ ਭੁੱਖਾ ਨਹੀਂ ਮਰਦਾ। ਭਗਵਾਨ ਸਭ ਦਾ ਬੇੜਾ ਪਾਰ ਕਰਦਾ ਹੀ ਹੈ। ਜੇਕਰ ਭਗਵਾਨ ਨਾ ਵੀ ਕਰੇ, ਤਾਂ ਵੀ ਭਗਵਾਨ ਨੂੰ ਮੰਨਣ ਵਾਲੇ ਅੰਨ੍ਹੀ ਸ਼ਰਧਾ ਵਾਲੇ ਲੋਕ, ਭਗਤੀ-ਭਾਵਨਾ ਨਾਲ ਭਰੇ ਹੋਏ, ਆਪਣੇ ਪਾਪਾਂ ਦੀ ਗਠੜੀ ਢੋਣ ਤੋਂ ਪਰੇਸ਼ਾਨ ਜਨਤਾ ਅਪਾਣਾ ਪਾਪ ਹਲਕਾ ਕਰਨ ਲਈ ਤੁਹਾਡਾ ਬੇੜਾ ਜ਼ਰੂਰ ਪਾਰ ਕਰੇਗੀ।

ਤੁਸੀਂ ਸਾਧੂ, ਮਹਾਤਮਾ ਜਾਂ ਕਿਸੇ ਧਾਰਮਕ ਟਰਸਟ ਦੇ ਮੈਂਬਰ, ਮੀਤ ਪ੍ਰਧਾਨ, ਪ੍ਰਧਾਨ, ਚੇਲਾ - ਜੋ ਵੀ ਬਣ ਸਕਦੇ ਹੋ, ਬਣ ਜਾਓ। ਫਿਰ ਥੋੜੇ ਬਹੁਤ ਲੁਭਾਵਨੇ ਅਤੇ ਡਰਾਵਨੇ ਭਾਸ਼ਣ ਦੇਣਾ ਸਿੱਖ ਜਾਓ। ਥੋੜੇ ਜਿਹੇ ਧਾਰਮਕ ਕਰਮ-ਕਾਂਡ ਕਰਨਾ ਵੀ ਸਿੱਖ ਜਾਓ - ਫਿਰ ਤੁਹਾਡੇ ਕੋਲ ਉਹ ਸਭ ਕੁਝ ਅਚਾਨਕ ਜਾਂ ਹੌਲੀ-ਹੌਲੀ ਆ ਜਾਏਗਾ, ਜੋ ਤੁਸੀਂ ਸਾਰੀ ਜ਼ਿੰਦਗੀ ਮਜਦੂਰੀ, ਇਮਾਨਦਾਰੀ ਅਤੇ ਖੂਨ-ਪਸੀਨਾ ਬਹਾ ਕੇ ਵੀ ਹਾਸਲ ਨਹੀਂ ਕਰ ਸਕਦੇ ਸੀ। ਯਾਨਿ ਐਸ਼ਪ੍ਰਸਤੀ ਦੀਆਂ ਸਾਰੀਆਂ ਸੁਵਿਧਾਵਾਂ ਜਿਹੜੀਆਂ ਅੱਜਕਲ ਦੇ ਸਾਧੂ-ਮਹਾਤਮਾਵਾਂ ਨੂੰ ਨਸੀਬ ਹਨ; ਯਾਨੀ ਲੰਬੇ-ਚੌੜੇ ਮਹਿਲ, ਏਅਰਕੰਡੀਸ਼ੰਡ ਕਾਰਾਂ, ਚਮਚਿਆਂ ਅਤੇ ਚੇਲਿਆਂ ਦੀ ਫੌਜ, ਚੰਗਾ ਭੋਜਨ, ਬੱਚੇ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੀਆਂ ਸੋਹਣੀਆਂ ਬੀਬੀਆਂ ਦਾ ਬੇੜਾ ਪਾਰ, ਜਵਾਨ ਅਤੇ ਖੂਬਸੂਰਤ ਲੜਕੀਆਂ ਦੇ ਸਿਰ ਅਤੇ ਸਰੀਰ ਨੂੰ ਛੂਹ ਕੇ ਚੰਗਾ ਪਤੀ ਅਤੇ ਪੁੱਤਰ ਪਾਉਣ ਦੇ ਅਸ਼ੀਰਵਾਦ... ਆਦਿ।

ਜਿਨ੍ਹਾਂ ਬੀਬੀਆਂ ਨੂੰ ਲੰਬੇ ਸਮੇਂ ਤੋਂ ਕੋਈ ਸੰਤਾਨ ਨਾ ਹੋਈ ਹੋਵੇ, ਉਨ੍ਹਾਂ ਨੂੰ ਸੰਤਾਨ ਪੈਦਾ ਕਰਨ ਲਈ ਉਨ੍ਹਾਂ ਦੀ ਮਰਜ਼ੀ ਜਾਂ ਬਿਨਾਂ-ਮਰਜ਼ੀ ਤੋਂ ਉਨ੍ਹਾਂ ਨੂੰ ‘ਤਾਰ ਦੇਣਾ’, ਤੁਹਾਡੇ ਭਾਸ਼ਣਾਂ ਦੀ ਕੈਸਟਾਂ ਅਤੇ ਕਿਤਾਬਾਂ ਦੇ ਰੂਪ ਵਿੱਚ ਵਿਕਰੀ, ਤਮਾਮ ਟੀ.ਵੀ. ਚੈਨਲਾਂ ਅਤੇ ਵਿਦੇਸ਼ਾਂ ਵਿੱਚ ਤੁਹਾਡੇ ਅਧਿਆਤਮਕ ਪ੍ਰਵਚਨ ਕਰਨ ਜਾਣ ਲਈ ਹਵਾਈ ਜਹਾਜ਼ ਦਾ ਸਫਰ, ਵੱਡੇ-ਵੱਡੇ ਨੇਤਾਵਾਂ, ਸੇਠਾਂ ਅਤੇ ਵਪਾਰੀਆਂ ਵੱਲੋਂ ਅਸ਼ੀਰਵਾਦ ਲੈਣ ਲਈ ਤੁਹਾਡੇ ਅੱਗੇ ਝੁਕਣਾ, ਲੱਖਾਂ-ਕਰੋੜਾਂ ਦਾ ਚੜ੍ਹਾਵਾ ਅਤੇ ਉਹ ਵੀ ਬਿਨਾਂ ਇਨਕਮ ਟੈਕਸ ਦਾ। ਫੁੱਲਾਂ ਦੀ ਮਾਲਾ, ਸ਼ਾਲ, ਚੰਦਨ, ਫੁੱਲ-ਪੱਤੀ ਅਤੇ ਮੁਸਕੁਰਾਹਟ ਦੇ ਨਾਲ ਸਵਾਗਤ ਕਰਦੀਆਂ ਸੁੰਦਰ ਕੁੜੀਆਂ। ਖਾਣ ਲਈ ਚੰਗੇ-ਚੰਗੇ ਪਕਵਾਨ, ਫਲ, ਮੇਵੇ, ਪਾਉਣ-ਲੈਣ ਲਈ ਮਖਮਲੀ ਕਪੜੇ, ਤੁਹਾਡੇ ਵੇਖਣ-ਸੁਣਨ ਲਈ ਜਨਤਾ ਦੀਆਂ ਲੰਬੀਆਂ-ਲੰਬੀਆਂ ਲਾਈਨਾਂ, ਉੱਚੇ-ਉੱਚੇ ਮੰਦਰਾਂ ਅਤੇ ਮਹਿਲਾਂ ਦੇ ਮਾਲਕ ਬਣਨ ਜਿਹੀਆਂ ਸੈਂਕੜੇ ਸੁਖ-ਸੁਵਿਧਾਵਾਂ ਤੁਹਾਡੇ ਚਰਨਾਂ ਵਿੱਚ ਹੋਣਗੀਆਂ।

ਤੁਸੀਂ ਜਨਤਾ ਨੂੰ ਜਿੰਨਾ ਵਿਸ਼ਵਾਸ ਦਿਵਾਓਗੇ ਕਿ ਇਹ ਸਭ ਸੁਖ-ਸੁਵਿਧਾ ਮਾਇਆ ਹੈ, ਇਹ ਸਰੀਰ ਅਤੇ ਦੁਨੀਆ ਨਾਸ਼ਵਾਨ ਹੈ, ਇਸਲਈ ਮਾਇਆ ਤੋਂ ਦੂਰ ਰਹੋ - ਓਨਾ ਹੀ ਜਨਤਾ ਮੋਹ ਤੋਂ ਉਪਰਾਮ ਹੋਵੇਗੀ ਅਤੇ ਤੁਹਾਨੂੰ ਭਗਵਾਨ ਦਾ ਅਵਤਾਰ ਸਮਝ ਕੇ ਤੁਹਾਡੀ ਪੂਜਾ ਕਰੇਗੀ ਅਤੇ ਤੁਸੀਂ ਉਨ੍ਹਾਂ ਸਭ ਸੁਖ-ਸੁਵਿਧਾਵਾਂ ਅਤੇ ਮਾਇਆ ਦਾ ਭਰਪੂਰ ਇਸਤੇਮਾਲ ਕਰ ਪਾਓਗੇ। ਤੁਸੀਂ ਜਨਤਾ ਵਿੱਚ ਜਿੰਨਾ ਜ਼ਿਆਦਾ ਮਾਇਆ, ਨਾਸ਼ਵਾਨ ਸਰੀਰ, ਨਰਕ ਅਤੇ ਪਾਪ ਦਾ ਡਰ ਪੈਦਾ ਕਰ ਸਕੋਗੇ, ਓਨਾ ਹੀ ਤੁਸੀਂ ਇਸ ਧੰਦੇ ਵਿੱਚ ਕਾਮਯਾਬੀ ਹਾਸਲ ਕਰ ਸਕੋਗੇ। ਰੁਪਿਆ-ਪੈਸਾ, ਇੱਜ਼ਤ, ਮਾਨ-ਸਨਮਾਨ, ਸ਼ਾਨੌ-ਸ਼ੌਕਤ ਆਦਿ ਸਭ ਇਸ ਕਾਰੋਬਾਰ ਤੋਂ ਵਰਤਮਾਨ ਵਿੱਚ ਤੁਹਾਡੇ ਕੋਲ ਹਨ ਤਾਂ ਸੁਭਾਵਿਕ ਹੈ ਕਿ ਤੁਹਾਡਾ ਅਤੇ ਤੁਹਾਡੇ ਪਰਵਾਰ ਦਾ ਆਉਣ ਵਾਲਾ ਭਵਿੱਖ ਵੀ ਸੁਖਮਈ ਅਤੇ ਉੱਜਵਲ ਹੋਵੇਗਾ।

ਮਰਨ ਤੋਂ ਬਾਅਦ ਸਵਰਗ-ਨਰਕ ਵਗੈਰਾ ਤਾ ਕਿਸੇ ਨੇ ਨਹੀਂ ਵੇਖੇ ਹਨ। ਫਿਰ ਤੁਹਾਨੂੰ ਆਪਣੇ ਕਾਰਿਆਂ ਲਈ ਨਰਕ ਦੀ ਚਿੰਤਾ ਕਿਉਂ ਕਰਨੀ? ਇਸਲਈ ਇਸ ਕਾਰੋਬਾਰ ਵਿੱਚ ਸਭ ਕੁਝ ਠੀਕ ਅਤੇ ਜਾਇਜ਼ ਹੈ। ਕਰੋੜਾਂ-ਅਰਬਾਂ ਦਾ ਲਾਭ ਕਮਾਓ ਪਰ ਟਰਸਟ ਦੇ ਕਾਰਨ ਕੋਈ ਇਨਕਮ ਟੈਕਸ ਨਹੀਂ ਲੱਗਣ ਵਾਲਾ, ਬਲਕਿ ਇਨਕਮ ਟੈਕਸ ਦੇ ਅਧਿਕਾਰੀ, ਜੋ ਖ਼ੁਦ ਕਾਫੀ ਇਨਕਮ ਕਰਦੇ ਹਨ, ਉਹ ਆਪਣੀ ਇਨਕਮ ਦਾ ਦਾ ਕੁਝ ਹਿੱਸਾ ਤੁਹਾਨੂੰ ਚੜ੍ਹਾਵੇ ਦੇ ਰੂਪ ਵਿੱਚ ਗੁਪਤ ਦਾਨ ਕਰ ਜਾਣਗੇ।

ਜੇਕਰ ਤੁਸੀਂ ਵੱਡੇ ਮੰਦਰ ਜਾਂ ਧਾਰਮਕ ਸੰਗਠਨ ਦੇ ਅਹੁਦੇਦਾਰ ਹੋਏ ਤਾਂ ਤੁਹਾਨੂੰ ਵਪਾਰੀਆਂ ਅਤੇ ਮੂਰਖ ਅੰਨ੍ਹੀ ਜਨਤਾ ਤੋਂ ਸੋਨਾ-ਚਾਂਦੀ, ਹੀਰੇ-ਜਵਾਹਰਾਤ ਦੇ ਗੁਪਤ ਦਾਨ ਵੀ ਮਿਲਦੇ ਰਹਿਣਗੇ। ਤੁਸੀਂ ਆਪਣੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਭਗਵਾਨ ਦੇ ਪ੍ਰਸ਼ਾਦ ਦੇ ਰੂਪ ਵਿੱਚ ਕੱਚੀ-ਪੱਕੀ ਬਿਨਾਂ ਨਮਕ ਅਤੇ ਮਿਰਚ-ਮਸਾਲੇ ਵਾਲੀ ਖਿਚੜੀ ਖਿਚੜੀ ਦੇ ਦਿਓ - ਸੰਗਤ ਤੁਹਾਨੂੰ ਫਲ-ਫੁੱਲ, ਮੇਵੇ, ਮਸਾਲੇਦਾਰ, ਮਹਿੰਗੇ ਪਕਵਾਨ ਦੇਵੇਗੀ।

ਜੇਕਰ ਤੁਸੀਂ ਅਖੌਤੀ ਅਧਿਆਤਮ ਵਿੱਚ ਪੂਰੀ ਤਰ੍ਹਾਂ ਮਾਹਿਰ ਹੋਵੋ ਤਾਂ ਤੁਸੀਂ ਆਪਣੇ ਅਤੇ ਭਗਵਾਨ ਦੇ ਦਰਸ਼ਨ ਕਰਵਾਉਣ ਲਈ ਸਪੈਸ਼ਲ ਲਾਈਨ ਦੀ ਵਿਵਸਥਾ ਕਰਵਾ ਸਕਦੇ ਹੋ, ਜਿਸਦੇ ਬਦਲੇ ਵਿੱਚ ਤੁਸੀਂ ਦਰਸ਼ਨਾਰਥੀਆਂ ਤੋਂ ਸਪੈਸ਼ਲ ‘ਭੇਟਾ’ ਵਸੂਲ ਸਕਦੇ ਹੋ। ਲੋਕ ਆਪਣੇ ਪਾਪ ਧੋਣ ਲਈ ਪੂਜਾ-ਪਾਠ ਕਰਵਾਉਂਦੇ ਹਨ ਤਾਂ ਤੁਸੀਂ ਆਪਣੇ ਚੇਲਿਆਂ ਤੋਂ ਪੂਜਾ-ਪਾਠ ਕਰਵਾਉਣ ਲਈ ਜੋ ਲਾਭ ਹੋਵੇਗਾ, ਉਸ ਵਿੱਚੋਂ ਵੱਡਾ ਹਿੱਸਾ ਪ੍ਰੋਫੈਸ਼ਨਲ ਟੈਕਸ ਦੇ ਰੂਪ ਵਿੱਚ ਲੈ ਸਕਦੇ ਹੋ।

ਤੁਹਾਡੇ ਡੇਰੇ ਦੇ ਇਲਾਕੇ ਵਿੱਚ ਜਿਹੜੀਆਂ ਦੁਕਾਨਾਂ ਖੁਲਣਗੀਆਂ, ਉਨ੍ਹਾਂ ਤੋਂ ਤੁਹਾਨੂੰ ਕਿਰਾਇਆ ਆਦਿ ਤਾਂ ਮਿਲੇਗਾ ਹੀ, ਨਾਲ ਹੀ ਮੇਲੇ ਅਤੇ ਤਿਉਹਾਰਾਂ ਦੇ ਮੌਕੇ ’ਤੇ ਫਲ-ਫੁਲ ਦੀ ਬਿਕਰੀ ਨਾਲ ਬਾਹਰਲੀ ਸੰਗਤ ਦੀ ਕਮਾਈ ਵੀ। ਜੇਕਰ ਤੁਸੀਂ ਕੋਈ ਧਾਰਮਕ ਬ੍ਰਾਂਚ ਖੋਲ੍ਹ ਰੱਖੀ ਹੋਵੇ ਤਾਂ ਉਸ ਤੋਂ ਪ੍ਰਾਪਤ ਲਾਭ ਅਤੇ ਪੱਥਰਾਂ ’ਤੇ ਨਾਮ ਲਿਖਵਾਉਣ ਦੇ ਰੂਪ ਵਿੱਚ ਪ੍ਰਾਪਤ ਆਮਦਨੀ ਤਾਂ ਹੈ ਹੀ।

ਸਮੇਂ-ਸਮੇਂ ’ਤੇ ਸਰਕਾਰ ਦੇ ਨੇਤਾ ਲੋਕ ਵੀ ਚੋਣਾਂ ਜਿੱਤਣ, ਮੰਤਰੀ ਬਣਨ, ਜਾਂਚ ਏਜੰਸੀਆਂ ਅਤੇ ਵਿਰੋਧੀ ਨੇਤਾਵਾਂ ਦੇ ਆਰੋਪਾਂ ਤੋਂ ਬਚਣ ਅਤੇ ਆਪਣੇ ਪਾਪਾਂ ਤੋਂ ਮੁਕਤੀ ਲਈ ਤੁਹਾਡੇ ਕੋਲ ਆਉਣਗੇ। ਤੁਹਾਡੇ ਚਰਨ ਛੂਹ ਕੇ ਅਸ਼ੀਰਵਾਦ ਮੰਗਣਗੇ ਅਤੇ ਤੁਹਾਡੇ ਨਾਲ ਖਿਚਵਾਏ ਗਏ ਫੋਟੋ ਨੂੰ ਆਪਣੇ ਨਾਲ ਲਿਜਾ ਕੇ ਆਪਣੇ ਡ੍ਰਾਇੰਗ ਰੂਪ ਦੀ ਸ਼ੋਭਾ ਵਧਾਉਣਗੇ। ਇਸ ਨਾਲ ਤੁਹਾਡੀ ਇੱਜ਼ਤ ਵਿੱਚ ਚੋਖਾ ਇਜਾਫਾ ਹੋਵੇਗਾ। ਸਰਕਾਰੀ ਗਤੀਵਿਧੀਆਂ ਵਿੱਚ ਅਖੌਤੀ ਧਰਮ-ਨਿਰਪੱਖਤਾ ਦੇ ਬਾਵਜੂਦ ਸਰਕਾਰੀ ਲੋਕ ਆਪਣੇ ਕਿਸੇ ਸਰਕਾਰੀ ਦਫਰਤ, ਸੰਗਠਨ, ਫੈਕਟਰੀ, ਕਮਿਸ਼ਨ, ਸੰਸਥਾ ਆਦਿ ਦਾ ਉਦਘਾਟਨ ਅਤੇ ਸਮਾਪਨ ਤੁਹਾਡੇ ਧਾਰਮਕ ਕਰਮ-ਕਾਂਡਾਂ ਦੇ ਸਹਿਯੋਗ ਨਾਲ ਕਰਨਗੇ, ਜਿਸ ਨਾਲ ਸਰਕਾਰੀ ਕੰਮ-ਕਾਜ ਕਰਵਾ ਸਕਣ ਲਈ ਤੁਹਾਡੇ ਪ੍ਰਭਾਵ ਵਿੱਚ ਵਾਧਾ ਹੋਵੇਗਾ। ਜੇਕਰ ਤੁਹਾਡੇ ’ਤੇ ਕੋਈ ਆਰੋਪ ਲਗਦਾ ਹੈ ਜਾਂ ਤੁਹਾਡੀ ਜਾਨ ਨੂੰ ਕੋਈ ਖ਼ਤਰਾ ਹੈ ਤਾਂ ਸਰਕਾਰ ਤੁਹਾਡੀ ਸੁਰੱਖਿਆ ਦਾ ਇੰਤਜ਼ਾਮ ਵੀ ਕਰਵਾਏਗੀ ਅਤੇ ਜਨਤਾ ਤਾਂ ਤੁਹਾਡੀ ਸੁਰੱਖਿਆ ਲਈ ਹੈ ਹੀ।

ਤੁਸੀਂ ਕਤਲ, ਬਲਾਤਕਾਰ, ਸਮਗਲਿੰਗ, ਬਲੂ ਫਿਲਮਾਂ ਦੀ ਸਪਲਾਈ ਕਰਨ ਜਿਹੇ ਗਲਤ ਕੰਮ ਆਪਣੇ ਡੇਰੇ ਅਤੇ ਧਰਮ ਦੀ ਓਟ ਵਿੱਚ ਕਰੋ। ਅਦਾਲਤ ਵਿੱਚ ਭਾਵੇਂ ਤੁਹਾਡੇ ਅਜਿਹੇ ਕੰਮਾਂ ਬਾਰੇ ਤੁਹਾਡੇ ਖਿਲਾਫ਼ ਮੁਕੱਦਮਾ ਚਲ ਰਿਹਾ ਹੋਵੇ, ਪਰ ਜਨਤਾ ਤੁਹਾਨੂੰ ਨਿਰਦੋਸ਼ ਸਮਝੇਗੀ ਕਿਉਂਕਿ ਜਨਤਾ ਸੋਚਦੀ ਹੈ ਕਿ ਤੁਸੀਂ ਏਨੇ ਪਵਿੱਤਰ ਹੋ ਕਿ ਤੁਸੀਂ ਕੋਈ ਗਲਤ ਕੰਮ ਕਰ ਹੀ ਨਹੀਂ ਸਕਦੇ - ਇਹ ਤਾਂ ਅਧਰਮੀ ਲੋਕਾਂ ਨੇ ਤੁਹਾਨੂੰ ਫਸਾਉਣ ਲਹੀ ਤੁਹਾਡੇ ’ਤੇ ਮੁਕੱਦਮਾ ਦਰਜ ਕਰਵਾਇਆ ਹੈ। ਅਜਿਹੇ ਗਲਤ ਕੰਮ ਤਾਂ ਆਮ ਲੋਕ ਹੀ ਕਰ ਸਕਦੇ ਹਨ। ਕਿਉਂਕਿ ਤੁਸੀਂ ‘ਆਮ’ ਲੋਕਾਂ ਵਿੱਚ ਨਹੀਂ ਆਉਂਦੇ, ਇਸਲਈ ਜਨਤਾ ਇਹੀ ਮੰਨੇਗੀ ਕਿ ਤੁਸੀਂ ਕੋਈ ਅਪਰਾਧ ਕਰ ਹੀ ਨਹੀਂ ਸਕਦੇ।

ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਵੀ ਇਸ ਕਾਰੋਬਾਰ ਵਿੱਚ ਪੈਰ ਰੱਖ ਸਕਦੇ ਹੋ ਪਰ ਜਨਤਾ ਨੂੰ ਕਹਿਣਾ ਕਿ ਉਹ ਵਿਆਹ ਨਾ ਕਰਵਾਉਣ, ਬ੍ਰਹਮਚਾਰੀਪੁਣੇ ਦਾ ਪਾਲਨ ਕਰਨ ਪਰ ਤੁਸੀਂ ਆਪਣੀ ਪਤਨੀ ਦੇ ਇਲਾਵਾ ਹੋਰਨਾਂ ਬੀਬੀਆਂ ਦੀ ਵੀ ਤਨ-ਮਨ ਨਾਲ ਸੇਵਾ ਕਰੋ। ਤੁਹਾਡੇ ਨਾਲ-ਨਾਲ ਤੁਹਾਡੀ ਪਤਨੀ ਨੂੰ ਵੀ ਲੋਕ ਦੇਵੀ ਦਾ ਰੂਪ ਮੰਨ ਕੇ ਪੂਜਣਗੇ। ਇਸ ਕਾਰੋਬਾਰ ਵਿੱਚ ਸਿਰਫ਼ ਥੋੜਾ ਜਿਹਾ ਬੋਲਣ (ਭਾਸ਼ਣ ਦੇਣ) ਦੇ ਅਨੁਭਵ ਦੀ ਲੋੜ ਹੈ, ਜਿਸਨੂੰ ਤੁਸੀਂ ਆਪਣੇ ਗੁਰੂ, ਜੋ ਪਹਿਲਾਂ ਹੀ ਇਸ ਕਾਰੋਬਾਰ ਵਿੱਚ ਹੋਣ, ਤੋਂ ਕੁਝ ਹੀ ਦਿਨਾਂ ਵਿੱਚ ਸਿੱਖ ਸਕਦੇ ਹੋ।

ਜੇਕਰ ਤੁਸੀਂ ਥੋੜੀ-ਬਹੁਤ ਜੋਤਿਸ਼ ਵਿਦਿਆ ਜਾਣ ਜਾਓ ਤਾਂ ਹੋਰ ਵੀ ਚੰਗਾ ਹੋਵੇਗਾ ਕਿਉਂਕਿ ਜਨਤਾ ਆਪਣੇ ਵਰਤਮਾਨ ਦੀ ਬਜਾਏ ਭਵਿੱਖ ਦੀ ਜ਼ਿਆਦਾ ਫਿਕਰ ਕਰਦੀ ਹੈ। ਜਨਤਾ ਦੇ ਭਵਿੱਖ ਨੂੰ ਸੰਕਟਗ੍ਰਸਤ, ਅੰਧਕਾਰ ਅਤੇ ਪਰੇਸ਼ਾਨੀ ਵਿੱਚ ਦੱਸ ਕੇ, ਉਸਨੂੰ ਦੂਰ ਕਰਨ ਦੇ ‘ਉਪਾਅ’ ਬਦਲੇ ਫੀਸ ਦੇ ਰੂਪ ਵਿੱਚ ਮੋਟੀ ਰਕਮ ਵਸੂਲ ਸਕਦੇ ਹੋ।

ਇਕ ਪਾਸੇ ਤਾਂ ਤੁਸੀਂ ਕਹਿਣਾ ਕਿ ਕਿਸਮਤ ਵਿੱਚ ਜੋ ਲਿਖਿਆ ਹੈ, ਉਹੀ ਹੋਵੇਗਾ, ਉਸਨੂੰ ਬਦਲਿਆ ਨਹੀਂ ਜਾ ਸਕਦਾ। ਦੂਜੀ ਤਰਫ ਭਵਿੱਖ ਦੀਆਂ ਕਾਲਪਨਿਕ ਦਿੱਕਤਾਂ ਨੂੰ ਦੂਰ ਕਰਨ ਬਦਲੇ ਚੰਗੀ-ਖਾਸੀ ਰਕਮ ਵਸੂਲ ਲੈਣਾ। ਜੇਕਰ ਤੁਸੀਂ ਹਵਾ ਵਿੱਚ ਹੱਥ ਲਹਿਰਾ ਕੇ ਲੱਡੂ ਅਤੇ ਸੁਆਹ ਪੈਦਾ ਕਰਨ, ਦੇਵਤਿਆਂ ਨਾਲ ਗੱਲਾਂ ਕਰਨ, ਹਥੇਲੀ ’ਤੇ ਅਚਾਨਕ ਅੱਗ ਜਲਾਉਣ, ਮਹੀਨਿਆਂ ਸਮਾਧੀ ਲੈਣ, ਜ਼ਮੀਨ ਤੋਂ ਦੇਵੀ-ਦੇਵਤਿਆਂ ਦੀ ਮੂਰਤੀ ਪ੍ਰਗਟ ਕਰਨ ਅਤੇ ਲੋਕਾਂ ਨੂੰ ਮਨੋਵਿਗਿਆਨ ਰਾਹੀਂ ਵੱਸ ਵਿੱਚ ਕਰਨ ਵਰਗੇ ਅਖੌਤੀ ਚਮਤਕਾਰੀ ਕਰਮਕਾਂਡਾਂ ਵਿੱਚ ਮਾਹਿਰ ਹੋ ਤਾਂ ਸਮਝੋ ਕਿ ਜਨਤਾ ਤੁਹਾਡੇ ਵੱਸ ਵਿੱਚ ਹੈ।

ਇਨ੍ਹਾਂ ਅਖੌਤੀ ਚਮਤਕਾਰਾਂ ਦੇ ਬਲ ’ਤੇ ਤੁਸੀਂ ਜਨਤਾ ਨੂੰ ਜੋ ਕਹੋਗੇ, ਜਨਤਾ ਉਸਨੂੰ ਪੂਰੀ ਤਰ੍ਹਾਂ ਸੱਚ ਮੰਨੇਗੀ ਅਤੇ ਤੁਹਾਡੀ ਪੂਜਾ ਕਰੇਗੀ। ਤੁਹਾਡੇ ਚਰਨਾਂ ਵਿੱਚ ਵੱਡੇ-ਵੱਡੇ ਜਨਤਾ ਦੇ ਨਾਲ-ਨਾਲ ਵੱਡੇ-ਵੱਡੇ ਵਿਗਿਆਨਕ, ਨੇਤਾ, ਵਕੀਲ, ਡਾਕਟਰ, ਵਪਾਰੀ, ਸਾਹਿਤਕਾਰ, ਇੰਜੀਨੀਅਰ ਵਗੈਰਾ ਸਿਰ ਝੁਕਾਉਣਗੇ। ਵੈਸੇ ਵੀ ਇਸ ਕਾਰੋਬਾਰ ਦੀ ਸਫਲਤਾ ਦੀ ਗਰੰਟੀ ਮੇਰੇ ਵੱਲੋਂ ਦਿੱਤੀ ਜਾ ਰਹੀ ਹੈ ਕਿਉਂਕਿ 21ਵੀਂ ਸ਼ਤਾਬਦੀ ਵਿੱਚ ਭ੍ਰਿਸ਼ਟਾਚਾਰ, ਪਾਪ, ਅਨਾਚਾਰ, ਲੁੱਟ-ਖਸੁੱਟ, ਚੋਰੀ-ਡਕੈਤੀ, ਕਤਲ, ਛੇੜਖਾਨੀ, ਅੱਤਵਾਦ, ਫਿਰਕਾਪ੍ਰਸਤੀ, ਅੰਧਵਿਸ਼ਵਾਸ, ਨਿਰਾਸ਼ਾ, ਅਸਫਲਤਾ, ਮਾਰ-ਕੁਟਾਈ, ਦੁਰਘਟਨਾਵਾਂ, ਤੋੜ-ਫੋੜ, ਛਲ-ਕਪਟ, ਭਾਈ-ਭਤੀਜਾਵਾਦ, ਜਾਤੀਵਾਦ, ਊਚ-ਨੀਚ, ਚਰਿੱਤਰ ਦੀ ਅਤੇ ਨੈਤਿਕ ਗਿਰਾਵਟ, ਕਾਲਾ ਧਨ, ਕੁਦਰਤੀ ਪ੍ਰਕੋਪ, ਲਾਲ ਫੀਤਾਸ਼ਾਹੀ, ਨੌਕਰਸ਼ਾਹੀ ਜਿਹੀਆਂ ਤਮਾਮ ਸੈਂਕੜੇ ਬੁਰਾਈਆਂ ਵਿੱਚ ਇਜਾਫਾ ਹੀ ਹੋਵੇਗਾ ਕਿਉਂਕਿ ਇਹ ਸਭ ਬੁਰਾਈਆਂ ਰੁਕਣ ਵਾਲੀਆਂ ਨਹੀਂ ਹਨ।

ਇਨ੍ਹਾਂ ਸਭ ਬੁਰਾਈਆਂ ਵਿੱਚ ਜਿੰਨਾ ਇਜ਼ਾਫਾ ਹੋਵੇਗਾ, ਓਨਾ ਹੀ ਲੋਕ ਤੁਹਾਡੇ ਕੋਲ ਸ਼ਾਂਤੀ ਅਤੇ ਸੁਖ ਦੀ ਤਲਾਸ਼ ਵਿੱਚ ਆਉਣਗੇ। ਸ਼ਾਂਤੀ ਇਕ ਅਜਿਹੀ ਚੀਜ਼ ਹੈ, ਜੋ ਤੁਹਾਡੇ ਕੋਲ ਖ਼ੁਦ ਨਹੀਂ ਹੋਵੇਗੀ ਪਰ ਤੁਸੀਂ ਜਨਤਾ ਨੂੰ ਇਹ ਅਖੌਤੀ ਤੌਰ ’ਤੇ ਜ਼ਰੂਰ ਦੇ ਸਕੋਗੇ।

ਨਤੀਜਤਨ, ਇਨ੍ਹਾਂ ਬੁਰਾਈਆਂ ਵਿੱਚ ਜਿੰਨਾ ਵਾਧਾ ਹੋਵੇਗਾ, ਓਨਾ ਹੀ ਤੁਹਾਡੇ ਭਗਤੀ ਅਤੇ ਅਧਿਆਤਮਕ ਕਾਰੋਬਾਰ ਵਿੱਚ ਇਜ਼ਾਫਾ ਹੋਵੇਗਾ। ਇਸ ਕਾਰੋਬਾਰ ਵਿੱਚ ਤੁਹਾਡੀ ਸਫਲਤਾ ਦੀ ਆਸ ਸੌ ਫੀਸਦੀ ਤੋਂ ਵੀ ਵੱਧ ਹੋਵੇਗੀ। ਤਾਂ ਫਿਰ ਤੁਸੀਂ ਇਮਾਨਦਾਰੀ, ਨੈਤਿਕਤਾ, ਜ਼ਿੰਮੇਦਾਰੀ, ਸੱਚਾਈ, ਤਿਆਗ, ਬਲੀਦਾਨ ਵਗੈਰਾ ਛੱਡ ਕੇ ਧਰਮ ਦੇ ਨਾਂ ’ਤੇ ਚਲਾਏ ਜਾਂਦੇ ਇਸ ਧੰਦੇ ਵਿੱਚ ਸੰਤ/ਬਾਬੇ ਬਣ ਕੇ ਕਦੋਂ ਪੈਰ ਧਰ ਰਹੇ ਹੋ, ਸਾਨੂੰ ਵੀ ਜਾਣਕਾਰੀ ਦੇਣਾ।