Subscription About Us Contact Us


ਕੀ ਸੀ.ਬੀ.ਆਈ. ਨੂੰ ਟਾਈਟਲਰ ਤੇ ਸੱਜਣ ਕੁਮਾਰ ਖਿਲਾਫ਼ ਗਵਾਹੀ ਦੇਣ ਲਈ ਤਿਆਰ ਕੋਈ ਗਵਾਹ ਨਹੀਂ ਮਿਲਦਾ?

- ਇੰਡੀਆ ਅਵੇਅਰਨੈੱਸ ਬਿਉਰੋ -

84 ਕਤਲੇਆਮ ਦੀ ਜਾਂਚ ਕਰਨ ਲਈ ਬਣਾਏ ਜਾਂਦੇ ਕਮਿਸ਼ਨਾਂ, ਦਿੱਲੀ ਪੁਲਿਸ ਅਤੇ ਸੀ.ਬੀ.ਆਈ. ਵੱਲੋਂ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਆਰੋਪੀਆਂ ਖਿਲਾਫ਼ ਕਾਰਵਾਈ ਕਰਨ ਲਈ ਕੋਈ ਗਵਾਹ ਨਹੀਂ ਮਿਲਦਾ। ਪਰ ਸੱਚਾਈ ਇਹ ਹੈ ਕਿ ਕਤਲੇਆਮ ਤੋਂ ਬਾਅਦ ਬਣਾਏ ਗਏ ਸਭ ਤੋਂ ਪਹਿਲੇ ਜਾਂਚ ਕਮਿਸ਼ਨ ਯਾਨੀ ਮਿਸ਼ਰਾ ਕਮਿਸ਼ਨ ਦੇ ਸਮੇਂ ਤੋਂ ਹੀ ਕਤਲੇਆਮ ਪੀੜ੍ਹਤਾਂ ਵਿੱਚ ਸ਼ਾਮਲ ਚਸ਼ਮਦੀਦ ਗਵਾਹ ਟਾਈਟਲਰ, ਸੱਜਣ ਕੁਮਾਰ, ਐਚ.ਕੇ.ਐਲ. ਭਗਤ ਵਰਗੇ ਆਰੋਪੀਆਂ ਦੇ ਖਿਲਾਫ਼ ਬਿਆਨ ਦਿੰਦੇ ਆ ਰਹੇ ਹਨ। ਕਤਲੇਆਮ ਪੀੜ੍ਹਤਾਂ ਦੀ ਕਲੋਨੀ ਤਿਲਕ ਵਿਹਾਰ ਦੇ ਬਹੁਤ ਸਾਰੇ ਵਸਨੀਕ ਅੱਜ ਵੀ ਸ਼ਰੇਆਮ ਉਕਤ ਆਰੋਪੀਆਂ ਨੂੰ ਕਤਲੇਆਮ ਲਈ ਦੋਸ਼ੀ ਠਹਿਰਾਉਂਦੇ ਹਨ। ਏਨਾ ਜ਼ਰੂਰ ਹੈ ਕਿ ਡਰ ਜਾਂ ਲਾਲਚ ਕਾਰਨ ਕਈ ਗਵਾਹਾਂ ਨੇ ਅਦਾਲਤਾਂ ਵਿੱਚ ਬਿਆਨ ਦਰਜ ਕਰਵਾਉਣ ਸਮੇਂ ਆਪਣੇ ਬਿਆਨ ਬਦਲ ਦਿੱਤੇ ਸਨ। ਪਰ ਹੇਠਾਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਲਫਨਾਮਿਆਂ ਨੂੰ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ ਕਿ ਦੁੱਧ ਦੇ ਧੁਲੇ ਹੋਣ ਦਾ ਦਾਅਵਾ ਕਰਨ ਵਾਲੇ ਸਿਆਸਤਦਾਨਾਂ ਨੇ ਅਸਲ ਵਿੱਚ 84 ਕਤਲੇਆਮ ਦੌਰਾਨ ਕਿਸ ਕਿਸਮ ਦੀ ਭੂਮਿਕਾ ਨਿਭਾਈ ਸੀ।

ਕਿਰਨ ਗਾਰਡਨ, ਉੱਤਮ ਨਗਰ ਵਾਸੀ ਸੰਤ ਸਿੰਘ ਦਾ ਸੱਜਣ ਕੁਮਾਰ ਬਾਰੇ ਮਿਸ਼ਰਾ ਕਮਿਸ਼ਨ ਨੂੰ ਦਿੱਤਾ ਗਿਆ ਬਿਆਨ

ਮੈਂ ਸਤਨਾਮ ਸਿੰਘ ਪੁੱਤਰ ਸ੍ਰ: ਸੰਤ ਸਿੰਘ ਕਿਰਨ ਗਾਰਡਨ (ਉੱਤਮ ਨਗਰ) ਦੀ ਏ-ਬਲਾਕ ਵਿੱਚ ਰਹਿੰਦਾ ਸੀ। ਇਸੇ ਖੇਤਰ ਦੇ ਗੁਲਾਬ ਬਾਗ ਦੀ ਬੀ-ਬਲਾਕ ਵਿੱਚ ਮੇਰੀ ਦੁਕਾਨ ਸੀ, ਜਿੱਥੇ ਮੈਂ ਟੀ.ਵੀ., ਵੀ.ਸੀ.ਆਰ. ਅਤੇ ਹੋਰ ਇਲੈਕਟ੍ਰਾਨਿਕ ਸਮਾਨ ਵੇਚਦਾ ਸੀ। ਮੇਰੀ ਦੁਕਾਨ ਦੇ ਸਾਮਹਣੇ ਕਿਰਨ ਗਾਰਡਨ ਵਿੱਚ ਸ੍ਰ: ਗੁਰਚਰਨ ਸਿੰਘ ਦੀ ‘ਸੱਚਾ ਸੌਦਾ ਇਲੈਕਟ੍ਰਿਕਲਜ਼’ ਦੇ ਨਾਮ ਤੋਂ ਦੁਕਾਨ ਸੀ।

31 ਅਕਤੂਬਰ 1984 ਦੀ ਦੇਰ ਰਾਤ ਨੂੰ ਸਾਡੇ ਖੇਤਰ ਦੇ ਸੰਸਦ ਮੈਂਬਰ ਸੱਜਣ ਕੁਮਾਰ ਨੇ ਕਿਰਨ ਗਾਰਡਨ ਦੇ ਨੇੜਲੇ ਮਟਿਆਲਾ ਅਤੇ ਨਵਾਦਾ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਿੱਖਾਂ ’ਤੇ ਹਮਲੇ ਕਰਨ, ਉਨ੍ਹਾਂ ਨੂੰ ਕਤਲ ਕਰਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਲੁੱਟਣ ਤੇ ਸਾੜਨ-ਫੂਕਣ ਲਈ ਭੜਕਾਇਆ।

1 ਨਵੰਬਰ 1984 ਨੂੰ ਲਗਭਗ 10.30 ਵਜੇ 100-150 ਵਿਅਕਤੀਆਂ ਦੀ ਇਕ ਭੀੜ ਆਈ ਅਤੇ ਇਸਨੇ ਸ੍ਰ: ਗੁਰਚਰਨ ਸਿੰਘ ਦੀ ਦੁਕਾਨ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੁਰਚਰਨ ਸਿੰਘ ਤੇ ਉਨ੍ਹਾਂ ਦੇ ਪੁੱਤਰ ਪਵਿੱਤਰ ਸਿੰਘ ਨੂੰ ਮੌਕੇ ’ਤੇ ਹੀ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੱਟ ਕੇ ਮਾਰ ਦਿੱਤਾ। ਇਨ੍ਹਾਂ ਕਾਤਿਲਾਂ ਵਿੱਚੋਂ ਕੁਝ ਲੋਕ ਸਨ : ਹਨੂੰਮਾਨ ਜਨਰਲ ਸਟੋਰਸ, ਗੁਲਾਬ ਬਾਗ ਦਾ ਰਾਕੇਸ਼, ਕਿਰਨ ਗਾਰਡਨ ਦਾ ਜੈ ਭਗਵਾਨ ਤੇ ਉਸਦਾ ਵੱਡਾ ਪੁੱਤਰ, ਨਵਾਦਾ ਪਿੰਡ ਦਾ ਕ੍ਰਿਪਾ ਰਾਮ ਪ੍ਰਧਾਨ, ਉਸਦਾ ਵੱਡਾ ਪੁੱਤਰ ਅਤੇ ਭਤੀਜਾ। ਮੈਂ ਆਪਣੀ ਦੁਕਾਨ ਨੇੜਲੇ ਸ੍ਰ: ਅਮਰੀਕ ਸਿੰਘ ਦੇ ਘਰ, ਜਿੱਥੇ ਮੈਂ ਛੁਪਿਆ ਹੋਇਆ ਸੀ, ਦੇ ਸ਼ਟਰ ਦੀਆਂ ਮੋਰ੍ਹੀਆਂ ਵਿੱਚੋਂ ਉਕਤ ਕਤਲ ਕਰਦੇ ਵੇਖਿਆ। ਗੁਰਚਰਨ ਸਿੰਘ ਅਤੇ ਉਸਦੇ ਪੁੱਤਰ ਦੇ ਕਤਲ ਉਪਰੰਤ, ਇਨ੍ਹਾਂ ਲੋਕਾਂ ਨੇ ਮੇਰੀ ਦੁਕਾਨ ਅਤੇ ਘਰ ਨੂੰ ਲੁੱਟਿਆ ਅਤੇ ਫਿਰ ਇਨ੍ਹਾਂ ਨੂੰ ਅੱਗ ਲਗਾ ਦਿੱਤੀ।

ਇਸ ਉਪਰੰਤ ਭੀੜ ਲੇ ਮਟਿਆਲਾ ਰੋਡ ’ਤੇ ਸਥਿਤ ਸੰਤ ਮੋਹਨ ਸਿੰਘ ਦੇ ਗੁਰਦੁਆਰੇ (ਡੇਰੇ) ’ਤੇ ਹਮਲਾ ਕਰਕੇ ਉਨ੍ਹਾਂ ਦੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਗੁਰਦੁਆਰੇ ਦੀ ਜਾਇਦਾਦ ਦੀ ਤੋੜ-ਫੋੜ ਕੀਤੀ।

1 ਨਵੰਬਰ ਦੀ ਹੀ ਸ਼ਾਮ ਨੂੰ ਮੇਰੀ ਦੁਕਾਨ ਤੋੜ ਕੇ ਖੋਲ੍ਹ ਲਈ ਗਈ ਸੀ ਅਤੇ ਇਸਨੂੰ ਲੁੱਟਣ ਉਪਰੰਤ ਅੱਗ ਲਗਾ ਦਿੱਤੀ ਗਈ ਸੀ। ਇਸੇ ਦਿਨ ਗੈਰ-ਸਿੱਖਾਂ ਦੀ ਭੀੜ ਨੇ ਮੇਰੇ ਨੂੰ ਵੀ ਲੁੱਟਣ ਉਪਰੰਤ ਅੱਗ ਲਗਾ ਦਿੱਤੀ ਸੀ। ਮੈਨੂੰ ਆਪਣੀ ਦੁਕਾਨ ਦੀ ਮੁਰੰਮਤ ਕਰਵਾਉਣ ਲਈ ਦਿੱਤੇ ਗਏ 1000 ਰੁਪਏ ਤੋਂ ਇਲਾਵਾ ਹੋਰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਦਕਿ ਇਸਦੀ ਮੁਰੰਮਤ ’ਤੇ ਘੱਟੋ-ਘੱਟ 15,000 ਰੁਪਏ ਖਰਚ ਆਉਣਾ ਸੀ ਅਤੇ ਮੇਰੀ ਜਾਇਦਾਦ ਦਾ ਕੁਲ ਨੁਕਸਾਨ 1 ਲੱਖ 25 ਹਜ਼ਾਰ ਰੁਪਏ ਦਾ ਹੋਇਆ ਸੀ।

ਕਤਲ ਅਤੇ ਲੁੱਟ ਦੀਆਂ ਵਾਰਦਾਤਾਂ ਦੇ ਲਗਭਗ ਸਾਰੇ ਸਮੇਂ ਮੌਕੇ ’ਤੇ ਪੁਲਿਸ ਵੀ ਖੜੀ ਸੀ। ਪੁਲਿਸ ਦੀ ਮੌਜੂਦਗੀ ਵਿੱਚ ਹੀ ਹਿੰਦੂਆਂ ਦੀ ਭੀੜ ਨੇ ਕਈ ਸਿੱਖਾਂ ਨੂੰ ਕਤਲ ਕਰ ਦਿੱਤਾ ਪਰ ਪੁਲਿਸ ਨੇ ਹਿੰਦੂਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਨਾ ਹੀ ਉਨ੍ਹਾਂ ਨੇ ਵਾਰਦਾਤਾਂ ਨੂੰ ਰੋਕਣ ਦੀ ਕੋਈ ਵੀ ਕੋਸ਼ਿਸ਼ ਕੀਤੀ।

ਜਦ ਮੈਂ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਲਿਖਵਾਉਣ ਗਿਆ ਤਾਂ ਪੁਲਿਸ ਨੇ ਮੇਰੀ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਰਿਪੋਰਟ ਵਿੱਚ ਅਪਰਾਧੀਆਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾਣਾ ਚਾਹੀਦਾ। ਪੁਲਿਸਕਰਮੀਆਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਵਾਰਦਾਤਾਂ ਤਾਂ ਹਰ ਸਿੱਖ ਨਾਲ ਹੋਈਆਂ ਸਨ ਅਤੇ ਮੈਨੂੰ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਨੇ ਮੇਰਾ ਕਤਲ ਨਹੀਂ ਕੀਤਾ।

ਸੁਲਤਾਨਪੁਰੀ ਵਾਸੀ ਮੋਤੀ ਸਿੰਘ ਦਾ ਸੱਜਣ ਕੁਮਾਰ ਬਾਰੇ ਮਿਸ਼ਰਾ ਕਮਿਸ਼ਨ ਨੂੰ ਦਿੱਤਾ ਗਿਆ ਬਿਆਨ

ਮੈਂ ਮੋਤੀ ਸਿੰਘ ਪੁੱਤਰ ਸ੍ਰ: ਲਾਲ ਸਿੰਘ ਸੁਲਤਾਨ ਪੁਰੀ ਦੀ ਬੀ-ਬਲਾਕ ਵਿਖੇ ਆਪਣੇ ਘਰ ਵਿੱਚ ਰਹਿੰਦਾ ਸੀ। 31 ਅਕਤੂਬਰ 1984 ਨੂੰ ਮੈਂ ਅਤੇ ਮੇਰੀ ਪਤਨੀ ਦੋਵੇਂ ਆਪਣੇ ਘਰ ਵਿੱਚ ਸੀ। ਜਦੋਂ ਮੈਂ ਖ਼ਬਰ ਸੁਣੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਤਾਂ ਮੈਨੂੰ ਬੜਾ ਦੁੱਖ ਪੁੱਜਾ। ਸਾਰੀ ਰਾਤ ਮੈਂ ਉਨ੍ਹਾਂ ਦੇ ਕਤਲ ਬਾਰੇ ਸੋਚਦਾ ਰਿਹਾ।

1 ਨਵੰਬਰ 1984 ਨੂੰ ਸਵੇਰੇ 8.30 ਵਜੇ ਸਾਂਸਦ ਸੱਜਣ ਕੁਮਾਰ ਆਪਣੀ ਸਫੇਦ ਕਾਰ ਵਿੱਚ ਸਾਡੀ ਕਲੋਨੀ ਵਿੱਚ ਆਇਆ। ਉਸਦੇ ਨਾਲ ਉਸਦਾ ਨਿਜੀ ਸਹਾਇਕ ਜੈ ਚੰਦ ਜਮਾਂਦਾਰ ਅਤੇ ਦੋ-ਤਿੰਨ ਹੋਰ ਵਿਅਕਤੀ ਸਨ। ਮੈਂ ਉਨ੍ਹਾਂ ਸਾਰਿਆਂ ਨੂੰ ਪਛਾਣ ਸਕਦਾ ਹਾਂ, ਜੇਕਰ ਉਨ੍ਹਾਂ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ। ਕਨਾਤਾਂ ਲਗਾਉਣ ਉਪਰੰਤ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਂਗਰਸ ਦੇ ਕਾਫੀ ਸਾਰੇ ਵਰਕਰਾਂ ਨੇ ਹਾਜ਼ਰੀ ਭਰੀ। ਸੱਜਣ ਕੁਮਾਰ ਵੀ ਇਸ ਮੀਟਿੰਗ ਵਿੱਚ ਪਹੁੁੰਚ ਗਿਆ। ਜਿਸ ਪਾਰਕ ਵਿੱਚ ਕਨਾਤਾਂ ਲਗਾਈਆਂ ਗਈਆਂ, ਉਹ ਮੇਰੇ ਘਰ ਦੇ ਬਿਲਕੁਲ ਸਾਹਮਣੇ ਹੈ। ਮੈਂ ਵੀ 15-20 ਸਾਲਾਂ ਤੋਂ ਕਾਂਗਰਸ ਪਾਰਟੀ ਦਾ ਵਰਕਰ ਰਿਹਾ ਹਾਂ ਅਤੇ ਇਸਲਈ ਆਪਣੇ ਖੇਤਰ ਦੇ ਸਾਰੇ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਨੂੰ ਜਾਣਦਾ ਹਾਂ। ਮੈਂ ਜੇ.ਜੇ. ਕਲੋਨੀ ਵਜ਼ੀਰਪੁਰ ਦਾ ਪ੍ਰਧਾਨ ਵੀ ਰਿਹਾ ਹਾਂ।

ਜਦੋਂ ਕਨਾਤਾਂ ਲਗਾਈਆਂ ਜਾ ਰਹੀਆਂ ਸਨ, ਤਾਂ ਮੈਂ ਤੇਲ ਵਾਲੇ ਸ੍ਰੀ ਬ੍ਰਹਮਾ ਨੰਦ ਗੁਪਤਾ ਨੂੰ ਮੀਟਿੰਗ ਦੇ ਮਕਸਦ ਬਾਰੇ ਪੁੱਛਿਆ। ਉਸਨੇ ਕਿਹਾ, ‘‘ਇਹ ਸਾਡੀ ਮੀਟਿੰਗ ਹੈ, ਇਸਦਾ ਤੁਹਾਡੇ ਨਾਲ ਕੋਈ ਲੈਣਾ-ਦੇਣਾ ਨਹੀਂ।’’ ਉੱਥੇ ਲਗਭਗ 200 ਵਿਅਕਤੀ ਇਕੱਤਰ ਹੋ ਗਏ ਸਨ। ਮੈਂ ਆਪਣੀ ਛਤ ’ਤੇ ਚੜ੍ਹ ਕੇ ਬੈਠ ਗਿਆ। ਜਦ ਸੱਜਣ ਕੁਮਾਰ ਮੀਟਿੰਗ ਵਿੱਚ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਮੀਟਿੰਗ ਇੰਦਰਾ ਗਾਂਧੀ ਦੇ ਕਤਲ ਅਤੇ ਸਿੱਖਾਂ ਦੇ ਸਵਾਲ ਬਾਰੇ ਸੀ।

ਸੱਜਣ ਕੁਮਾਰ ਨੇ ਕਿਹਾ ਕਿ ਜੋ ਵੀ ਸੱਪਾਂ ਦੇ ਬੱਚਿਆਂ ਨੂੰ ਮਾਰੇਗਾ, ਉਸਨੂੰ ਉਹ ਇਨਾਮ ਦੇਵੇਗਾ ਕਿਉਂਕਿ ਇਨ੍ਹਾਂ (ਸਿੱਖਾਂ) ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸੀ। ਉਸਨੇ ਕਿਹਾ ਕਿ ਜਿਹੜਾ ਵੀ ਸ੍ਰ: ਰੌਸ਼ਨ ਸਿੰਘ ਅਤੇ ਭਾਗ ਸਿੰਘ ਨੂੰ ਕਤਲ ਕਰੇਗਾ ਉਸਨੂੰ ਉਹ 5-5 ਹਜ਼ਾਰ ਰੁਪਏ ਇਨਾਮ ਦੇਵੇਗਾ ਅਤੇ ਜਿਹੜਾ ਦੂਜੇ ਸਿੱਖਾਂ ਨੂੰ ਮਾਰੇਗਾ, ਉਨ੍ਹਾਂ ਨੂੰ ਹਰ ਸਿੱਖ ਬਦਲੇ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੱਜਣ ਕੁਮਾਰ ਨੇ ਕਿਹਾ ਕਿ ਇਹ ਇਨਾਮ 3 ਨਵੰਬਰ ਨੂੰ ਮੇਰੇ ਨਿਜੀ ਸਹਾਇਕ ਜੈ ਚੰਦ ਜਮਾਂਦਾਰ ਕੋਲੋਂ ਲਏ ਜਾ ਸਕਦੇ ਹਨ।

ਉਸਦੇ ਬਾਅਦ ਨੱਥੂ ਪ੍ਰਧਾਨ ਅਤੇ ਕਾਂਗਰਸੀ ਵਰਕਰ ਭਾਰਤੀ ਨੇ ਕਿਹਾ ਕਿ ਉਹ ਸਰਦਾਰਾਂ ਨੂੰ ਮਾਰ ਦੇਣਗੇ। ਇਸ ਮੌਕੇ ਐਸ.ਐਚ.ਓ. ਭੱਟੀ, ਹਵਲਦਾਰ ਚੈ ਚੰਦ ਅਤੇ ਕੁਝ ਹੋਰ ਪੁਲਿਸਕਰਮੀ ਵੀ ਉਥੇ ਮੌਜੂਦ ਸਨ। ਇਹ ਮੀਟਿੰਗ ਲਗਭਗ ਇਕ ਘੰਟੇ ਤੱਕ ਚੱਲੀ।

ਮੀਟਿੰਗ ਦੇ ਬਾਅਦ, ਦੁਪਹਿਰ ਦੇ ਲਗਭਗ 3 ਵਜੇ, ਅਸੀਂ ਸੁਲਤਾਨਪੁਰੀ ਦੀ ਏ-4 ਬਲਾਕ ਵਿੱਚ ਆਪਣੇ ਪੁੱਤਰ ਦੇ ਘਰ ਗਏ। ਇਸਦੇ ਬਾਅਦ ਇਲਾਕੇ ਵਿੱਚ ਭੀੜ ਇਕੱਤਰ ਹੋਣਾ ਸ਼ੁਰੂ ਹੋ ਗਈ। ਭੀੜ ਨੇ ਸਾਡੇ ਘਰਾਂ ਨੂੰ ਘੇਰ ਲਿਆ। ਉਸ ਸਮੇਂ ਐਸ.ਐਚ.ਓ. ਭੱਟੀ ਵੀ ਉੱਥੇ ਮੌਜੂਦ ਸੀ। ਐਸ.ਐਚ.ਓ. ਭੱਟੀ ਨੇ ਕਿਹਾ, ‘‘ਸਾਰੇ ਸਿੱਖ ਆਪੋ-ਆਪਣੇ ਘਰਾਂ ਨੂੰ ਚਲੇ ਜਾਓ, ਤੁਹਾਡੀਆਂ ਜਾਨਾਂ ਖ਼ਤਰੇ ਵਿੱਚ ਹਨ।’’ ਇਹ ਸੁਣ ਕੇ ਅਸੀਂ ਆਪਣੇ ਘਰਾਂ ਨੂੰ ਚਲੇ ਗਏ। ਮੇਰਾ 40 ਸਾਲਾ ਪੁੱਤਰ ਰੌਸ਼ਨ ਸਿੰਘ, 18 ਸਾਲਾ ਪੋਤਰਾ ਜਰਨੈਲ ਸਿੰਘ ਅਤੇ 10 ਸਾਲਾ ਪੋਤਰਾ ਸੁਰਿੰਦਰ ਸਿੰਘ ਅਤੇ ਅਸੀਂ ਸਭ ਆਪਣੀਆਂ ਛੱਤਾਂ ’ਤੇ ਚੜ੍ਹ ਗਏ। ਜਦੋਂ ਭੀੜ ਨੇ ਸਾਡੇ ਘਰ ’ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਤਾਂ ਮੇਰੇ ਪੁੱਤਰ ਅਤੇ ਪੋਤਰਿਆਂ ਨੇ ਭੀੜ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕਾਫੀ ਕੋਸ਼ਿਸ਼ ਕੀਤੀ। ਭੀੜ ਕਦੇ ਦੂਰ ਚਲੀ ਜਾਂਦੀ ਸੀ ਅਤੇ ਕਦੇ ਵਾਪਸ ਆ ਜਾਂਦੀ ਸੀ। 1 ਨਵੰਬਰ 1984 ਦੀ ਸਾਰੀ ਰਾਤ ਗਲੀਆਂ ਵਿੱਚ ਰੌਲਾ ਪੈਂਦਾ ਰਿਹਾ ਅਤੇ ਭੀੜ ਸਿੱਖਾਂ ਨੂੰ ਕਤਲ ਕਰਨ ਉਪਰੰਤ ਉਨ੍ਹਾਂ ਦੇ ਘਰਾਂ ਨੂੰ ਲੁੱਟ ਕੇ ਸਾੜਦੀ-ਫੂਕਦੀ ਰਹੀ।

2 ਨਵੰਬਰ 1984 ਨੂੰ ਸਵੇਰੇ 6 ਵਜੇ ਭੀੜ ਕਿਸੇ ਹੋਰ ਪਾਸੇ ਚਲੀ ਗਈ। ਗਲੀ ਨੂੰ ਖਾਲੀ ਵੇਖ ਕੇ ਮੇਰੇ ਪੁੱਤਰ ਰੌਸ਼ਨ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਘਰੋਂ ਦੌੜ ਜਾਣਾ ਦਾ ਵਿਚਾਰ ਬਣਾਇਆ ਅਤੇ ਮੈਂ ਦਰਵਾਜਾ ਖੋਲ੍ਹ ਦਿੱਤਾ। ਹਾਲਾਂ ਉਹ ਮੁਸ਼ਕਿਲ ਨਾਲ ਦੋ ਕੁ ਕਦਮ ਦੂਰ ਹੀ ਗਿਆ ਹੋਵੇਗਾ ਕਿ ਐਸ.ਐਚ.ਓ. ਭੱਟੀ ਨੇ ਉਸ ’ਤੇ ਆਪਣੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਅਤੇ ਕਿਹਾ, ‘‘ਮੇਰੇ ਹੋਤੇ ਹੂਏ ਕੋਈ ਸਿੱਖ ਬਚ ਕੇ ਨਹੀਂ ਜਾ ਸਕਤਾ।’’ ਐਸ.ਐਚ.ਓ. ਭੱਟੀ, ਹਵਲਦਾਰ ਜੈ ਚੰਦ ਅਤੇ ਹੋਰ ਪੁਲਿਸਕਰਮੀ ਸੜਕ ’ਤੇ ਪਏ ਹੋਏ ਤੇਲ ਦੇ ਡਰੱਮਾਂ ਪਿਛੇ ਖੜੇ ਸਨ।

ਜਦੋਂ ਮੇਰੇ ਪੋਤਰੇ ਜਰਨੈਲ ਸਿੰਘ ਨੇ ਵੇਖਿਆ ਕਿ ਐਸ.ਐਚ.ਓ. ਭੱਟੀ ਨੇ ਉਸਦੇ ਪਿਤਾ ’ਤੇ ਗੋਲੀ ਚਲਾ ਦਿੱਤੀ ਹੈ, ਤਾਂ ਉਹ ਆਪਣੇ ਪਿਤਾ ਨੂੰ ਬਚਾਉਣ ਲਈ ਬਾਹਰ ਨੱਸਾ। ਇਸ ’ਤੇ ਹਵਲਦਾਰ ਜੈ ਚੰਦ ਨੇ ਆਪਣੀ ਰਿਵਾਲਵਰ ਨਾਲ ਉਸਨੂੰ ਗੋਲੀ ਮਾਰ ਦਿੱਤੀ ਅਤੇ ਮੇਰਾ ਪੋਤਰਾ ਉੱਥੇ ਹੀ ਮਰ ਗਿਆ। ਇਸ ਤੋਂ ਮੇਰਾ ਦੂਜਾ ਪੋਤਰਾ ਬਾਹਰ ਚਲਾ ਗਿਆ। ਉਹ ਵੀ ਜੈ ਚੰਦ ਵੱਲੋਂ ਚਲਾਈ ਗਈ ਗੋਲੀ ਨਾਲ ਜ਼ਖ਼ਮੀ ਹੋ ਗਿਆ। ਮੈਂ ਇਹ ਸਭ ਆਪਣੇ ਘਰ ਦੇ ਦਰਵਾਜ਼ੇ ਤੋਂ ਵੇਖਿਆ।

ਤਕਰੀਬਨ 15 ਮਿਨਟਾਂ ਬਾਅਦ, ਤੇਲ ਡਿਪੋ ਦਾ ਮਾਲਕ ਬ੍ਰਹਮਾਨੰਦ ਗੁਪਤਾ ਇਕ ਬਾਲਟੀ ਵਿੱਚ ਮਿੱਟੀ ਦਾ ਤੇਲ ਲਿਆਇਆ। ਉਸਦੇ ਨਾਲ ਉਸਦੇ ਤਿੰਨ ਭਰਾ ਵੀ ਸਨ, ਜਿਨ੍ਹਾਂ ਸਾਰਿਆਂ ਨੂੰ ਮੈਂ ਪਛਾਣ ਸਕਦਾ ਹਾਂ। ਉਨ੍ਹਾਂ ਨੇ ਮੇਰੇ ਪੁੱਤਰ ਅਤੇ ਪੋਤਰੇ ਦੀਆਂ ਲਾਸ਼ਾਂ ਇਕੱਤਰ ਕੀਤੀਆਂ ਅਤੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।

ਇਸਦੇ ਬਾਅਦ, ਸ੍ਰੀ ਉਧਲ ਨੇ ਮੇਰੇ ਕੁੜਮ ਸ੍ਰ: ਵਿਰਸਾ ਸਿੰਘ, ਉਨ੍ਹਾਂ ਦੀ ਪਤਨੀ ਲਾਲੀ ਅਤੇ ਪੁੱਤਰ ਪੱਪੂ ਨੂੰ ਗੋਲੀਆਂ ਨਾਲ ਮਾਰ ਦਿੱਤਾ। ਇਹ ਸਮਾਂ ਲਗਭਗ 7-8 ਵਜੇ ਦਾ ਸੀ। ਮੇਰੇ ਪੁੱਤਰ ਰੌਸ਼ਨ ਸਿੰਘ ਦਾ ਘਰ ਲੁੱਟਣ ਉਪਰੰਤ ਉਨ੍ਹਾਂ ਨੇ ਘਰ ਨੂੰ ਅੱਗ ਲਗਾ ਦਿੱਤੀ। ਲੁਟੇਰਿਆਂ ਵਿੱਚ ਗੁਪਤਾ ਤੇਲ ਵਾਲਾ, ਉਸਦਾ ਭਰਾ ਹਰੀ ਓਮ ਗੁਪਤਾ, ਗਣਪਤ ਗੁਪਤਾ, ਜੈ ਭਗਵਾਨ ਗੁਪਤਾ, ਰਮੇਸ਼ ਸਿੰਘ ਜਮਾਂਦਾਰ, ਨੱਥੂ ਜਮਾਂਦਾਰ ਅਤੇ ਪ੍ਰਧਾਨ ਦੇ ਹੋਰ ਬੰਦੇ ਸ਼ਾਮਲ ਸਨ। ਭੰਗਰੀ ਨਾਂ ਦੇ ਇਕ ਜਮਾਂਦਾਰ ਨੇ ਮੈਨੂੰ ਸੜਦੇ ਹੋਏ ਘਰ ਤੋਂ ਬਾਹਰ ਖਿੱਚ ਲਿਆ ਅਤੇ ਮੈਨੂੰ ਥਾਣੇ ਪੁਚਾ ਦਿੱਤਾ। 2 ਨਵੰਬਰ 1984 ਦੀ ਦੁਪਹਿਰ ਲਗਭਗ 3 ਵਜੇ ਅਸੀਂ ਪੁਲਿਸ ਸਟੇਸ਼ਨ ਦੇ ਬਾਹਰ ਬਣਾਏ ਗਏ ਕੈਂਪ ਵਿੱਚ ਚਲੇ ਗਏ ਅਤੇ 3 ਨਵੰਬਰ ਨੂੰ ਮਿਲੀਟ੍ਰੀ ਨੇ ਸਾਨੂੰ ਰਿਲੀਫ ਕੈਂਪ ਵਿੱਚ ਪੁਚਾ ਦਿੱਤਾ। ਇਹ ਸਾਰਾ ਘਟਨਾਕ੍ਰਮ ਮੇਰੀ ਨੂੰਹ ਪ੍ਰੇਮ ਕੌਰ (ਪਤਨੀ ਮਰਹੂਮ ਰੌਸ਼ਨ ਸਿੰਘ) ਨੇ ਵੀ ਆਪਣੀ ਅੱਖੀਂ ਵੇਖਿਆ ਸੀ।

ਗੁਰਦੁਆਰਾ ਪੁਲ ਬੰਗਸ਼ ਦੇ ਗ੍ਰੰਥੀ ਸੁਰਿੰਦਰ ਸਿੰਘ ਵੱਲੋਂ ਟਾਈਟਲਰ ਖਿਲਾਫ਼ ਦਿੱਤਾ ਗਿਆ ਬਿਆਨ

ਅਕਤੂਬਰ-ਨਵੰਬਰ 1984 ਵਿੱਚ ਮੈਂ ਦਿੱਲੀ ਦੀ ਅਜ਼ਾਦ ਮਾਰਕਿਟ ਨੇੜਲੇ ਗੁਰਦੁਆਰਾ ਪੁਲ ਬੰਗਸ਼ ਵਿਖੇ ਹੈਡ ਗ੍ਰੰਥੀ ਵਜੋਂ ਸੇਵਾ ਨਿਭਾਉਂਦਾ ਸੀ।

31 ਅਕਤੂਬਰ 1984 ਨੂੰ ਰਾਤ ਦੇ ਲਗਭਗ 8 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਡਰ-ਗਾਰਮੈਂਟਸ ਬਣਾਉਣ ਵਾਲੀ ਕੰਪਨੀ ਬੀਂਟੈਕਸ ਦੇ ਮਾਲਕ ਸ੍ਰ: ਗੁਰਚਰਨ ਸਿੰਘ ਗਰੋਵਰ ਜੋ ਆਪਣੇ ਪਰਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਆਏ ਸਨ, ਦੀ ਕਾਰ ਨੂੰ ਅੱਗ ਲਗਾ ਦਿੱਤੀ। ਅੱਗ ਵੇਖ ਕੇ ਅਸੀਂ ਬਾਹਰ ਆਏ ਪਰ ਤਦ ਤੱਕ ਸ਼ਰਾਰਤੀ ਅਨਸਰ ਮੌਕਾ-ਏ-ਵਾਰਦਾਤ ਤੋਂ ਦੂਰ ਨੱਸ ਗਏ ਸਨ। 10-15 ਮਿਨਟਾਂ ਵਿੱਚ ਹੀ ਬਹਾਦੁਰਗੜ੍ਹ ਰੋਡ ’ਤੇ ਬਹੁਤ ਸਾਰੀ ਅੱਗ ਅਤੇ ਧੂੰਆਂ ਫੈਲ ਗਿਆ। ਕੁਝ ਲੋਕ ਦੌੜਦੇ ਹੋਏ ਆਏ ਜੋ ਜੋਰ-ਜੋਰ ਦੀ ਕਹਿ ਰਹੇ ਸਨ ਕਿ ਸ੍ਰ: ਗੁਰਚਰਨ ਸਿੰਘ ਗਰੋਵਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਗੁਰਚਰਨ ਸਿੰਘ ਦਾ ਪਰਵਾਰ ਡਰ ਗਿਆ ਅਤੇ ਉਹ ਸਵੇਰੇ 5 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਹੀ ਠਹਿਰੇ ਰਹੇ।

1 ਨਵੰਬਰ 1984 ਨੂੰ ਸਵੇਰੇ ਲਗਭਗ 9 ਵਜੇ ਇਕ ਵੱਡੀ ਭੀੜ ਲਾਠੀਆਂ, ਲੋਹੇ ਦੀਆਂ ਰਾਡਾਂ, ਮਿੱਟੀ ਦਾ ਤੇਲ ਆਦਿਕ ਲੈ ਕੇ ਆ ਗਈ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਦਿੱਤਾ। ਇਸ ਭੀੜ ਦੀ ਅਗਵਾਈ ਸਾਡੇ ਖੇਤਰ ਦਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਕਰ ਰਿਹਾ ਸੀ। ਉਸਨੇ ਗੁਰਦੁਆਰਾ ਸਾਹਿਬ ਨੂੰ ਸਾੜ ਦੇਣ ਅਤੇ ਸਿੱਖਾਂ ਦਾ ਕਤਲ ਕਰਨ ਲਈ ਭੀੜ ਨੂੰ ਉਕਸਾਇਆ। ਭੀੜ ਵਿੱਚ ਸ਼ਾਮਲ ਕੁਝ ਲੋਕ ਕਾਂਗਰਸ ਦੇ ਝੰਡੇ ਲਹਿਰਾ ਰਹੇ ਸਨ। ਉਹ ਨਾਅਰੇ ਲਗਾ ਰਹੇ ਸਨ : ‘‘ਖ਼ੂਨ ਕਾ ਬਦਲਾ, ਖ਼ੂਨ ਸੇ ਲੇਂਗੇ; ਸਰਦਾਰ ਗੱਦਾਰ ਹੈਂ, ਮਾਰ ਦੋ, ਜਲਾ ਦੋ...’’ ਆਦਿ। ਭੀੜ ਵਿੱਚ 5-6 ਪੁਲਿਸਕਰਮੀ ਵੀ ਸ਼ਾਮਲ ਸਨ। ਜਗਦੀਸ਼ ਟਾਈਟਲਰ ਵੱਲੋਂ ਭੜਕਾਏ ਜਾਣ ’ਤੇ ਭੀੜ ਨੇ ਹਮਲਾ ਕਰਕੇ ਗੁਰਦੁਆਰਾ ਸਾਹਿਬ ਨੂੰ ਸਾੜ ਦਿੱਤਾ। ਭੀੜ ਨੇ ਸ੍ਰ: ਠਾਕੁਰ ਸਿੰਘ, ਜੋ ਦਿੱਲੀ ਪੁਲਿਸ ਦੇ ਇਕ ਰਿਟਾਇਰਡ ਪੁਲਿਸ ਅਧਿਕਾਰੀ ਅਤੇ ਗੁਰਦੁਆਰਾ ਪ੍ਰਬੰਧਕ

ਕਮੇਟੀ ਦੇ ਮੁਲਾਜ਼ਮ ਸਨ, ਨੂੰ ਵੀ ਕਤਲ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਦਲ ਸਿੰਘ ਨੂੰ ਫੜ ਕੇ ਉਸਦੀ ਗਰਦਨ ਦੁਆਲੇ ਇਕ ਟਾਇਰ ਪਾ ਕੇ ਅੱਗ ਲਗਾ ਦਿੱਤੀ ਅਤੇ ਉਸਨੂੰ ਜਿੰਦਾ ਜਲਾ ਕੇ ਮਾਰ ਦਿੱਤਾ। ਮੈਂ ਇਹ ਸਭ ਕੁਝ ਗੁਰਦੁਆਰਾ ਸਾਹਿਬ ਦੀ ਸਭ ਤੋਂ ਉਪਰਲੀ ਮੰਜ਼ਿਲ ਤੋਂ ਬੇਸਹਾਰਾ ਹਾਲਤ ਵਿੱਚ ਵੇਖ ਰਿਹਾ ਸੀ। ਭੀੜ ਨੇ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾ ਦਿੱਤੀ ਪਰ ਇਹ ਅੱਗ ਉੱਪਰਲੀ ਮੰਜ਼ਿਲ ਤੱਕ ਨਹੀਂ ਪਹੁੰਚੀ।

ਰਾਤ ਵਿੱਚ ਮੁਸਲਮਾਨ ਗੁਆਂਢੀਆਂ ਨੇ ਸਾਡੀ ਮਦਦ ਕਰਕੇ ਸਾਨੂੰ ਬਚਾਇਆ। ਜਦ ਮੈਂ 84 ਨਵੰਬਰ 1984 ਨੂੰ (ਗੁਰਦੁਆਰਾ ਸਾਹਿਬ ਵਿਖੇ) ਵਾਪਸ ਆਇਆ ਤਾਂ ਮੈਂ ਵੇਖਿਆ ਕਿ ਮੇਰੇ ਘਰ ਦਾ ਸਾਰਾ ਸਮਾਨ ਲੁੱਟ ਲਿਆ ਗਿਆ ਸੀ।

10 ਨਵੰਬਰ 1984 ਨੂੰ ਜਗਦੀਸ਼ ਟਾਈਟਲਰ ਗੁਰਦੁਆਰਾ ਸਾਹਿਬ ਵਿਖੇ ਆਇਆ ਅਤੇ ਉਸਨੇ ਮੈਨੂੰ ਕਾਗਜ਼ ਦੀਆਂ ਦੋ ਸ਼ੀਟਾਂ ’ਤੇ ਦਸਤਖ਼ਤ ਕਰਨ ਲਈ ਕਿਹਾ, ਜਿਸ ਤੋਂ ਮੈਂ ਇਨਕਾਰ ਕਰ ਦਿੱਤਾ।

(ਨੋਟ : ਇਹ ਸੁਰਿੰਦਰ ਸਿੰਘ ਉਹੀ ਵਿਅਕਤੀ ਹੈ, ਜਿਸ ਬਾਰੇ ਜਗਦੀਸ਼ ਟਾਈਟਲਰ ਨੇ ‘ਆਪ ਕੀ ਅਦਾਲਤ’ ਪ੍ਰੋਗਰਾਮ ਵਿੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਸਨੇ ਟਾਈਟਲਰ ਬਾਰੇ ਵਕੀਲ ਦੇ ਝਾਂਸੇ ਵਿੱਚ ਆ ਕੇ ਝੂਠਾ ਬਿਆਨ ਦਿੱਤਾ ਸੀ।)