Subscription About Us Contact Us


ਗੁਰੂ ਨਾਨਕ ਸਾਹਿਬ ਵੱਲੋਂ ਸਾਂਝੀਵਾਲਤਾ ਦਾ ਪੈਗਾਮ ਅਤੇ ਮਾਰਕਸਵਾਦ

- ਪ੍ਰੋ: ਇੰਦਰ ਸਿੰਘ ਘੱਗਾ -

ਮਨੁੱਖ ਮਾਤਰ ਦੇ ਕਲਿਆਣ ਵਾਸਤੇ, ਸਮੇਂ-ਸਮੇਂ ’ਤੇ ਦਰਦਵੰਦਾਂ ਦੇ ਦਰਦੀ ਮਨੁੱਖ ਜਨਮ ਲੈਂਦੇ ਰਹੇ ਹਨ। ਆਪਣੇ ਸੀਮਤ ਸਾਧਨਾਂ ਨਾਲ ਭੀ ਉਹ, ਆਪਣੀ ਸਿਆਣਪ, ਲਗਨ ਤੇ ਸਖ਼ਤ ਮਿਹਨਤ ਰਾਹੀਂ ਬਹੁਤ ਕੁਝ ਸੰਵਾਰ ਜਾਂਦੇ ਹਨ। ਭਵਿੱਖ ਦੀ ਕੋਈ ਰੂਪ-ਰੇਖਾ ਉਲੀਕ ਜਾਂਦੇ ਹਨ। ਮਨੁੱਖੀ ਸਮਾਜ ਤੇ ਜੋ ਦੁਖਾਂ ਦੇ ਬੱਦਲ ਛਾਏ ਹੋਏ ਹਨ, ਇਹ ਹਟਾਏ ਜਾ ਸਕਦੇ ਹਨ। ਜੇ ਸਿਆਣਪ ਵਰਤੀਏ ਅਤੇ ਜੱਥੇਬੰਦਕ ਰੂਪ ਵਿੱਚ ਹੰਭਲਾ ਮਾਰੀਏ ਤਾਂ ਜ਼ਾਲਮ ਨੂੰ ਜ਼ੁਲਮ ਕਰਨ ਤੋਂ ਹਟਾਇਆ ਜਾ ਸਕਦਾ ਹੈ। ਲੋਕ-ਹਿਤੂ ਨਵਾਂ ਰਾਜਸੀ ਢਾਂਚਾ ਉਸਾਰਿਆ ਜਾ ਸਕਦਾ ਹੈ। ਜਦੋਂ ਕੋਈ ਸਿਰਲੱਥ ਆਗੂ, ਸਮਾਜ ’ਤੇ ਹੋਰ ਰਹੇ ਜ਼ਲਮ ਨੂੰ ਸ਼ਿੱਦਤ ਨਾਲ ਮਹਿਸੂਸ ਕਰਕੇ, ਆਪਣਾ ਕੰਮ ਸ਼ੁਰੂ ਕਰਦਾ ਹੈ ਤਾਂ ਕਾਬਿਜ਼ ਧਿਰ ਵੱਲੋਂ ਵਿਰੋਧ ਭੀ ਨਾਲ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਆਮ ਲੋਕਾਈ ਦਹਿਸ਼ਤ ਵਿੱਚ ਹੁੰਦੀ ਹੈ। ਜਿਸ ਸੁਨਹਿਰੇ ਭਵਿੱਖ ਦੇ ਵਾਅਦੇ ਕੀਤੇ ਜਾ ਰਹੇ ਹੁੰਦੇ ਹਨ, ਉਹ ਅਜੇ ਕਲਪਨਾ ਵਿੱਚ ਹੀ ਹੁੰਦੇ ਹਨ। ਕਲਪਨਾ ਹਕੀਕਤ ਦਾ ਰੂਪ ਕਿਤਨੇ ਸਮੇਂ ਵਿੱਚ ਧਾਰਨ ਕਰੇਗੀ - ਕੋਈ ਪਤਾ ਨਹੀਂ। ਨਿਸ਼ਚਿਤ ਕੀਤੀ ਗਈ ਮੰਜ਼ਿਲ ਤੱਕ ਅਪੜਨ ਲਈ ਕਿੰਨੀਆਂ ਔਖੀਆਂ ਘਾਟੀਆਂ ਵਿੱਚੋਂ ਦੀ ਗੁਜ਼ਰਨਾ ਪਵੇਗਾ - ਯਕੀਨ ਨਾਲ ਕੁਝ ਕਹਿਣਾ ਸੰਭਵ ਨਹੀਂ ਹੈ। ਨਵਾਂ ਨਿਜ਼ਾਮ ਲੋਕਾਂ ਲਈ ਕਿੰਨਾ ਕੁ ਲਾਹੇਵੰਦ ਹੋਵੇਗਾ - ਹਾਲੀਂ ਪੱਕਾ ਵਿਸ਼ਵਾਸ ਨਹੀਂ ਹੈ। ਲੀਡਰ ਦੇ ਗੁਣਾਂ-ਅਉਗੁਣਾਂ ਨੂੰ ਭੀ ਲੋਕ ਵੇਖਦੇ-ਪਰਖਦੇ ਹਨ। ਜਿਸ ਲੀਡਰ ਦੀ ਸ਼ਖ਼ਸੀਅਤ ਅਤੇ ਕੰਮ ਕਰਨ ਦੀ ਵਿਧੀ ਲੋਕ ਮਨਾਂ ਨੂੰ ਸਵੀਕਾਰ ਹੋ ਜਾਵੇ, ਉਸ ਦੇ ਪਿੱਛੇ ਲੱਗ ਕੇ ਫਿਰ ਕਾਫਲਾ ਬਣਾ ਲੈਂਦੇ ਹਨ। ਮੁਸ਼ਕਲਾਂ ਭੀ ਬਰਦਾਸ਼ਤ ਕਰ ਲੈਂਦੇ ਹਨ। ਮੌਤ ਨੂੰ ਭੀ ਪਰਵਾਨ ਕਰ ਸਕਦੇ ਹਨ। ਜਨ-ਸਾਧਾਰਨ ਵਿਅਕਤੀ ਨੂੰ ਲੀਡਰ ਦੀ ਸ਼ਖ਼ਸੀਅਤ ਰਾਸ ਆ ਜਾਵੇ, ਫਿਰ ਦੇਰ-ਸਵੇਰ ਮਨ-ਇੱਛਤ ਪ੍ਰਾਪਤੀ ਕੀਤੀ ਜਾ ਸਕਦੀ ਹੈ।

ਭਾਰਤ ਇਕ ‘ਧਰਮ ਪ੍ਰਧਾਨ’ ਦੇਸ਼ ਹੈ। ਅਸੀਂ ਭਾਵੇਂ ਜਿੰਨਾ ਮਰਜ਼ੀ ਵਿਗਿਆਨਕ ਹੋਣ ਦਾ ਦਮ ਭਰੀਏ, ਫਿਰ ਭੀ ਕਿਤੇ ਨਾ ਕਿਤੇ ਅਸੀਂ ਧਰਮ ਦੇ ਅੜਿੱਕੇ ਵਿੱਚ ਫਸ ਜਾਂਦੇ ਹਾਂ। ਜੋ ਕੰਮ ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਹੁੰਦੇ ਆ ਰਹੇ ਹਨ, ਉਨ੍ਹਾਂ ਤੋਂ ਇਕੋ ਝਟਕੇ ਨਾਲ ਮੁਕਤ ਹੋਣਾ ਇੰਨਾ ਸੌਖਾ ਨਹੀਂ ਹੈ। ਇਹ ਕੋਈ ਸਰੀਰ ਤੇ ਪਹਿਨੇ ਕਪੜੇ ਨਹੀਂ ਹਨ ਕਿ ਦੋ ਮਿੰਟ ਵਿੱਚ ਬਦਲੇ ਜਾ ਸਕਣ। ਜਿਸ ਸਮਾਜ ਦੇ ਲੋਕ ਧਰਤੀ, ਅੱਗ, ਹਵਾ, ਪਾਣੀ ਆਦਿਕ ਕੁਦਰਤੀ ਤਾਕਤਾਂ ਨੂੰ ਪੂਜਣ ਵਾਲੇ ਹੋਣ; ਜਿਸ ਦੇਸ਼ ਵਿੱਚ ਧਰਮ ਦੇ ਨਾਂ ’ਤੇ ਸੱਪਾਂ, ਬਾਂਦਰਾਂ ਤੇ ਚੂਹੇ ਆਦਿ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਹੋਵੇ; ਜਿੱਥੇ ਇਨਸਾਨਾਂ ਨੂੰ ਗਵਾਰ ਬਣਾਈ ਰੱਖਣ ਵਾਸਤੇ ਧਰਮ ਅਤੇ ਰਾਜਸੀ ਤਾਕਤ ਇਕੱਠਿਆਂ ਹੋਕੇ ਭੁਗਤਦੇ ਹੋਣ; ਜਿੱਥੇ ਖਾਣ-ਪੀਣ-ਪਹਿਨਣ ਆਦਿ ਨੂੰ ਧਰਮ ਨਾਲ ਜੋੜਿਆ ਜਾਂਦਾ ਹੋਵੇ; ਜਿਸ ਧਰਤੀ ਤੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਮਿਟਣ ਦੀ ਵਿੱਥ ਖ਼ਤਮ ਕਰ ਸਕਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹੋਣ; ਅਜਿਹੇ ਨਿਘਰੇ ਹੋਏ ਸਮਾਜ ਵਿੱਚ ਸੁਧਾਰ ਕਰਨ ਦੇ ਉਪਰਾਲੇ ਕਰਨੇ - ਹਿਮਾਲਾ ਪਰਬਤ ਨੂੰ ਮੱਥਾ ਲਾਉਣ ਤੁੱਲ ਹੈ। ਗੁਰੂ ਸਾਹਿਬਾਨ ਨੇ ਇਨ੍ਹਾਂ ਗੰਭੀਰ ਚੁਣੌਤੀਆਂ ਨੂੰ ਸਵੀਕਾਰ ਕੀਤਾ। ਸਦੀਆਂ ਤੋਂ ਗੁਲਾਮ ਚਲੇ ਆ ਰਹੇ ਲੋਕ, ਅਤੀ ਪਛੜਿਆ ਜੀਵਨ ਜੀਉਣ ਲਈ ਮਜਬੂਰ ਕੀਤੇ ਲੋਕ, ਧਰਮ ਦੇ ਨਾਂ ’ਤੇ ਲੁੱਟ-ਪੁੱਟ ਤੇ ਗੁੰਮਰਾਹ ਕੀਤੇ ਗਏ ਲੋਕ; ਸੀਮਤ ਸਾਧਨਾਂ ਰਾਹੀਂ ਅਜਿਹੇ ਸਮਾਜ ਵਿੱਚੋਂ ਚੋਣ ਕਰਕੇ, ਸਿੱਖਿਆ ਦੇ ਕੇ, ਵਡੇਰੇ ਕਾਰਜਾਂ ਲਈ ਤਿਆਰ ਕਰਨਾ ਸੀ। ਲੰਮੀਂ ਜੱਦੋ-ਜਹਿਦ ਕਰਕੇ ਸਫ਼ਲਤਾ ਹਾਸਲ ਕੀਤੀ।

ਆਪਣੇ ਸੰਗੀ-ਸਾਥੀਆਂ ਦੇ ਮਾਨਸਿਕ ਵਿਕਾਸ ਵਾਸਤੇ ਜੋ ਬਾਣੀ ਗੁਰੂ ਸਾਹਿਬਾਨ (ਅਤੇ ਭਗਤਾਂ) ਨੇ ਲਿਖੀ ਹੈ, ਇਸ ਵਿੱਚ ਬੋਦੀਆਂ ਰਸਮਾਂ-ਰੀਤਾਂ ਨੂੰ ਰੱਦ ਕੀਤਾ ਹੈ। ਉਸ ਨੂੰ ਛੱਡ ਕੇ, ਨਵੇਂ ਨਰੋਏ ਵਿਚਾਰ ਅਪਣਾਉਣ ਲਈ ਸਾਹਮਣੇ ਰੱਖੇ ਹਨ। ਸਾਰਾ ਉਪਦੇਸ਼ ਕੀਤਾ ਗਿਆ ਹੈ ‘ਧਾਰਮਕ ਸ਼ਬਦਾਵਲੀ’ ਵਿੱਚ ਕਿਉਂਕਿ ਭਾਰਤ ਮੂਲ ਰੂਪ ਵਿੱਚ ‘ਧਰਮਾਂ’ ਨੂੰ ਮੰਨਣ ਵਾਲੇ ਲੋਕਾਂ ਦਾ ਦੇਸ਼ ਹੈ। ਧਰਮ ਭਾਵੇਂ ਨਿਰੋਲ ਪਖੰਡ ਅਤੇ ਅੰਧ-ਵਿਸ਼ਵਾਸ ’ਤੇ ਖੜਾ ਹੋਵੇ। ਪਰ ਸੇਵਕ ਅਗਿਆਨਤਾ ਵਿੱਚ ਉਸੇ ਪਖੰਡ ਨੂੰ ਅਸਲੀ ‘ਧਰਮ’ ਮੰਨਦਾ ਆ ਰਿਹਾ ਹੈ ਜਾਂ ਮੰਨਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਇਸ ਮਨੋਵਿਗਿਆਨ ਨੂੰ ਸਮਝਣ ਤੋਂ ਬਗੈਰ ਕੋਈ ਵੀ ਪਾਰਟੀ, ਲਹਿਰ, ਜੱਥੇਬੰਦੀ ਜੀਵਤ ਨਹੀਂ ਰਹਿ ਸਕਦੀ।

ਭਾਰਤ ਦੇ ਪ੍ਰਚਲਿਤ ਸਨਾਤਨੀ ਧਰਮਾਂ ਵਿੱਚ ਜੋ ਵਿਅਕਤੀ ਕੁਝ ਪੂਜਾ ਵਿਧੀਆਂ ਅਪਣਾਉਂਦਾ ਹੈ, ਉਹ ‘ਧਰਮੀ’ ਜਾਂ ਆਸਤਕ ਮੰਨਿਆ ਜਾਂਦਾ ਹੈ। ਜੀਵਨ ਵਿੱਚ ਜਿੰਨੇ ਮਰਜ਼ੀ ਖੋਟ ਹੋਣ; ਰੱਬ ਬਾਰੇ ਭਾਵੇਂ ਕੋਈ ਗਿਆਨ ਨਾ ਹੋਵੇ; ਪੱਥਰਾਂ ਦੇ ਟੁਕੜਿਆਂ ਦੀ ਭਾਵੇਂ ਪੂਜਾ ਕੀਤੀ ਜਾਂਦੀ ਹੋਵੇ - ਫਿਰ ਵੀ ਅਜਿਹਾ ਵਿਅਕਤੀ ‘ਆਸਤਕ’ ਹੀ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਕੋਈ ਇਨਸਾਨ ਸੱਚ ਤੇ ਪਹਿਰਾ ਦਿੰਦਾ ਹੈ; ਵਿਕਾਰਾਂ, ਬੁਰਿਆਈਆਂ ਤੋਂ ਬਚਿਆ ਹੋਇਆ ਹੈ ਪਰ ਪੁਜਾਰੀ ਤਬਕੇ ਵੱਲੋਂ ਨਿਸ਼ਚਿਤ ਕੀਤੀਆਂ ਪੂਜਾ ਵਿਧੀਆਂ ਨਹੀਂ ਅਪਣਾਉਂਦਾ - ਉਹ ‘ਨਾਸਤਕ’ ਮੰਨਿਆ ਜਾਂਦਾ ਹੈ। ਮਨੂੰ ਸਿਮ੍ਰਿਤੀ ਤਾਂ ਇੱਥੋਂ ਤੱਕ ਐਲਾਨ ਕਰਦੀ ਹੈ - ‘ਵੇਦ ਨਿੰਦਕੋ ਨਾਸਤਕੋ’। ਕੋਈ ਬੰਦਾ ਰੱਬ ਨੂੰ ਜਾਂ ਧਰਮ ਨੂੰ ਮੰਨੇ ਭਾਵੇਂ ਨਾ ਮੰਨੇ ਪਰ ਵੇਦਾਂ ਦੇ ਵਿਰੁੱਧ ਕੁਝ ਨਾ ਬੋਲੇ। ਜੋ ਬੇਦਾਂ ਵਿਰੁੱਧ ਬੋਲੇਗਾ, ਉਹ ‘ਨਾਸਤਕ’ ਮੰਨਿਆ ਜਾਵੇਗਾ।

ਕਬੀਰ ਜੀ ਨੇ, ਨਾਮਦੇਵ ਜੀ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿੰਦਗੀ ਦੇ ਹਰ ਪੱਖ ਦਾ ਡੂੰਘਾ ਅਧਿਐਨ ਕੀਤਾ। ਹਰ ਵਿਚਾਰ ਨੂੰ ਤਰਕ ਦੀ ਕਸਵੱਟੀ ’ਤੇ ਪਰਖਿਆ। ਫਿਰ ਕਈ ਪੱਖਾਂ ਦੀਆਂ ਦਲੀਲਾਂ ਦੇ ਕੇ, ਉਸ ਵਿਚਾਰ ਨੂੰ ਠੀਕ ਜਾਂ ਰੱਦ ਕਰਨ ਬਾਰੇ ਨਿਰਣਾ ਦਿੱਤਾ। ਤਰਕਸ਼ੀਲਤਾ ਦੇ ਤਰੀਕੇ ਸੋਚਣ ਵਾਲੇ ਲੋਕ, ਜਿਵੇਂ ਹਰ ਵਿਚਾਰ ਜਾਂ ਕੰਮ ਦਾ ਦਲੀਲ ਯੁਕਤ ਵਿਗਿਆਨਕ ਅਧਾਰ ਪਰਖਦੇ ਹਨ। ਆਪਣੀ ਬੁੱਧੀ ਦੇ ਵਿਕਾਸ ਮੁਤਾਬਿਕ ਬਹੁਤ ਸਾਰੀਆਂ ਗੈਰ-ਜਰੂਰੀ ਮਨੌਤਾਂ ਨੂੰ ਤਿਆਗਣ ਦੀ ਹਿੰਮਤ ਕਰਦੇ ਰਹਿੰਦੇ ਹਨ। ਇੱਥੇ ਇਹ ਭੀ ਚੇਤੇ ਵਿੱਚ ਰਹਿਣਾ ਚਾਹੀਦਾ ਹੈ ਕਿ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ, ਉਸਦਾ ਔਸਤ ਤਰੀਕੇ ਵੇਖਿਆਂ ਮਾਨਸਿਕ ਪੱਧਰ ਕਿੰਨਾ ਕੁ ਹੈ? ਜੋ ਵਿਚਾਰ ਕਿਸੇ ਦੇ ਸਮਝ ਵਿੱਚ ਨਾ ਆਇਆ, ਅਪਣਾਏਗਾ ਕਿਵੇਂ? ਜੋ ਵਿਚਾਰ ਲੋਕਾਂ ਵੱਲੋਂ ਸੁਣਨੋਂ-ਮੰਨਣੋਂ ਹੀ ਨਾਂਹ ਹੋ ਜਾਵੇ, ਸੁਧਾਰ ਕਿਵੇਂ ਹੋਵੇਗਾ? ਮੁੱਢ ਨੂੰ ਸਮਝਣਾ ਅਤੀ ਜ਼ਰੂਰੀ ਹੈ।

ਗੁਰੂ ਨਾਨਕ ਸਾਹਿਬ ਨੂੰ ਜੰਞੂ (ਜਨੇਊ) ਪਾਇਆ ਜਾਣ ਲੱਗਾ। ਉਨ੍ਹਾਂ ਭਰੇ ਇਕੱਠ ਵਿੱਚ ਬੜੀ ਹਿੰਮਤ ਨਾਲ ਪੁੱਛਿਆ - ਜੰਞੂ ਪਾਇਆ ਜਾਣਾ ਜ਼ਰੂਰੀ ਕਿਉਂ ਹੈ?

ਪੰਡਤ ਹਰਦਿਆਲ - ਇਸ ਜੰਞੂ ਦੁਆਰਾ ਧਰਮ ਵਿੱਚ ਪ੍ਰਵੇਸ਼ ਕਰੀਦਾ ਹੈ।
ਗੁਰੂ ਨਾਨਕ - ਧਰਮ ਕੀ ਹੈ? ਥੋੜਾ ਚਾਨਣਾ ਪਾਓਗੇ?
ਹਰਦਿਆਲ - ਜੋ ਵੇਦਾਂ, ਪੁਰਾਣਾਂ ਵਿੱਚ ਲਿਖਿਆ ਹੋਇਆ ਹੈ, ਉਹੀ ਧਰਮ ਹੈ।
ਗੁਰੂ ਨਾਨਕ - ਮੇਰੇ ਲਈ ਵੇਦਾਂ ਨੂੰ ਮੰਨਣਾ ਜ਼ਰੂਰੀ ਨਹੀਂ ਤੇ ਮੈਂ ਬ੍ਰਾਹਮਣ ਨੂੰ ਆਪਣਾ ਗੁਰੂ ਵੀ ਸਵੀਕਾਰ ਨਹੀਂ ਕਰਦਾ।
ਹਰਦਿਆਲ - ਨਾਨਕ ! ਜੰਞੂ ਪਾ ਕੇ ਉੱਚੀ ਕੁਲ ਵਾਲਾ ਬਣ ਜਾਈਦਾ ਹੈ।
ਗੁਰੂ ਨਾਨਕ - ਪੰਡਤ ਜੀ ! ਫਿਰ ਇਹ ਜੰਞੂ ਮੈਨੂੰ ਹੀ ਉੱਚਾ ਕਿਉਂ ਬਣਾਉਂਦਾ ਹੈ? ਸਾਰੇ ਪਿਛੜੇ ਵਰਗਾਂ (ਅਛੂਤਾਂ) ਦੇ ਪਾ ਦਿਉ, ਉਹ ਭੀ ਉੱਚੇ ਹੋ ਜਾਣਗੇ। ਔਰਤਾਂ ਨੂੰ ਜੰਞੂ ਪਹਿਣਾ ਦਿਉ, ਉਹ ਭੀ ਉੱਚੀਆਂ ਹੋ ਜਾਣਗੀਆਂ।

ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ।।
ਏਹੁ ਜਨੇਊ ਜੀਅ ਕਾ, ਹਈ ਤ ਪਾਂਡੇ ਘਤੁ।।
(ਪੰਨਾ 471)

ਜੋਰਾਵਰ ਲੋਕਾਂ ਵੱਲੋਂ ਆਮ ਸਮਾਜ ’ਤੇ ਜੋ ਜ਼ੁਲਮ-ਜ਼ਬਰ ਅਤੇ ਲੁੱਟ ਹੋ ਰਹੀ ਸੀ, ਉਸਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਦਲੇਰੀ ਭਰੇ ਢੰਗ ਨਾਲ ਭੰਡਿਆ। ਖ਼ੁਦ ਨੂੰ ਖ਼ਤਰੇ ਵਿੱਚ ਪਾ ਕੇ, ਆਮ ਮਨੁੱਖ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਤਿਆਰ ਕਰਨ ਦੀ ਬਹੁਪੱਖੀ ਪ੍ਰੇਰਨਾ ਕੀਤੀ। ਨਾਲ ਹੀ ਆਪਣੇ ਵੱਲੋਂ, ਨਵੇਂ ਸਮਾਜ ਲਈ ਕਲਿਆਣਕਾਰੀ, ਬਰਾਬਰੀ, ਭਾਈਚਾਰੇ ਵਾਲੇ ਸਮਾਜ ਦਾ ਮਾਡਲ ਪੇਸ਼ ਕੀਤਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੰਜਾਬ ਵਾਸੀਆਂ ਨੂੰ ਲੰਮੀਂ ਖੂਨੀ ਜੰਗ ਲੜਨੀ ਪਈ। ਸਾਡੇ ਪੁਰਖਿਆਂ ਨੇ ਕਈ ‘ਘੱਲੂਘਾਰਿਆਂ’ ਦੀ ਨਸਲਕੁਸ਼ੀ ਬਰਦਾਸ਼ਤ ਕੀਤੀ। ਹੱਕ-ਸੱਚ ਦੀ ਇਸ ਲੰਮੀਂ ਜੰਗ ਵਿੱਚ ਪਿਛੜੇ ਵਰਗਾਂ ਦਾ ਅਤਿਅੰਤ ਮਹੱਤਵਪੂਰਨ ਯੋਗਦਾਨ ਸੀ। ਉਹਨਾਂ ਨੂੰ ਇਸ ਲਹਿਰ ਰਾਹੀਂ ਅਜ਼ਾਦੀ ਨੇੜੇ ਆ ਰਹੀ ਪ੍ਰਤੀਤ ਹੁੰਦੀ ਸੀ।

ਸਿੱਖ ਮਾਈਆਂ-ਭਾਈਆਂ ਨੇ ਵੀ ਅਮਲੀ ਜੀਵਨ ਦੇ ਵਰਤੋਂ-ਵਿਹਾਰ ਵਿੱਚ ਇਕ ਪਲੇਟਫਾਰਮ ’ਤੇ ਇਕੱਠੇ ਹੋਣਾ ਸ਼ੁਰੂ ਕੀਤਾ। ਜਾਤ-ਪਾਤ ਦਾ ਭਰਮ ਤੋੜ ਦੇ ਸਾਂਝੇ ਸਰੋਵਰਾਂ ਨੂੰ ਅਪਣਾਇਆ। ਗੁਰੂ ਉਪਦੇਸ਼ ਸੁਣਨ ਲਈ ਸਾਂਝੀਆਂ ਧਰਮਸਾਲਾਵਾਂ ਕਾਇਮ ਕੀਤੀਆਂ। ਸਾਰਿਆਂ ਨੇ ਰਲ-ਮਿਲ ਕੇ ਲੰਗਰ ਤਿਆਰ ਕਰਨ ਅਤੇ ਬਿਨ੍ਹਾਂ ਵਿਤਕਰੇ ਤੋਂ ਬਰਾਬਰ ਪੰਗਤਾਂ ਵਿੱਚ ਬੈਠ ਕੇ ਛਕਣਾ। ਜੰਗ ਵਿੱਚ ਜਾਂ ਅਮਨ ਦੇ ਦਿਨਾਂ ਵਿੱਚ ਸਾਰੇ ਸਿੱਖ ‘ਭਾਈ-ਭਾਈ’ ਸਨ। ਸਾਰੀਆਂ ਔਰਤਾਂ, ਮਾਂ-ਭੈਣ ਧੀ (ਉਮਰ ਵੰਡ ਮੁਤਾਬਿਕ) ਵਾਲਾ ਦਰਜਾ ਰਖਦੀਆਂ ਸਨ। ਨਾਲ ਹੀ ਇਨ੍ਹਾਂ ਨੂੰ ਇਹ ਯਕੀਨ ਦਹਾਨੀ ਕਰਾਈ ਗਈ ਸੀ ਕਿ ਤੁਸੀਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦਿਆਂ ਪੱਕੇ ‘ਧਰਮੀ’ ਹੋ। ਤੁਹਾਡਾ ਮੁਕਤੀਦਾਤਾ ਬ੍ਰਾਹਮਣ ਨਹੀਂ ਹੈ, ਸਗੋਂ ਗੁਰੂ ਦਾ ਸ਼ਬਦ ਤੁਹਾਡੇ ਲਈ ਅਗਵਾਈ ਦਾ ਸੋਮਾ ਹੈ।

ਕਾਰਲ ਮਾਰਕਸ ਦਾ ਜਨਮ 1818 ਵਿੱਚ ਹੋਇਆ ਸੀ। ਉਸ ਵੱਲੋਂ ਲਿਖੀ ਸਿਧਾਂਤਕ ਪੁਸਤਕ ‘ਦਾਸ ਕੈਪੀਟਲ’ ਦਾ ਸਿਰਫ਼ ਪਹਿਲਾ ਭਾਗ 1867 ਵਿੱਚ ਛਪਿਆ ਸੀ। ਮਾਰਕਸ ਦੀ ਮੌਤ 14 ਮਾਰਚ 1883 ਨੂੰ ਹੋ ਗਈ। ਮਾਰਕਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਕੇ ਰੂਸ ਦੇ ਇਕ ਸਿਰਕੱਢਵੇਂ ਆਗੂ ਲੈਨਿਨ ਅਤੇ ਉਸਦੇ ਸਾਥੀਆਂ ਨੇ ਰਲ ਕੇ ਅਕਤੂਬਰ 1917 ਵਿੱਚ ਪੁਰਾਤਨ ਬਾਦਸ਼ਾਹੀ ਦਾ ਤਖ਼ਤ ਪਲਟ ਦਿੱਤਾ ਅਤੇ ਮਾਰਕਸੀ (ਕਮਿਊਨਿਸਟ) ਢੰਗ ਨਾਲ ਚੱਲਣ ਵਾਲਾ ਰਾਜਸੀ ਢਾਂਚਾ ਵਿਸਕਤ ਕੀਤਾ। ਲੈਨਿਨ ਦੇ ਰਾਜਕਾਲ ਵਕਤ ਇਹ ਰਾਜ ਪ੍ਰਬੰਧ ਕਾਫੀ ਟਿਕਾਉ ਵਿੱਚ ਚਲਦਾ ਰਿਹਾ। ਸਟਾਲਿਨ ਦੇ ਰਾਜਗੱਦੀ ’ਤੇ ਬੈਠਦਿਆਂ ਹੀ ਜ਼ੁਲਮੀ ਦੌਰ ਸ਼ੁਰੂ ਹੋ ਗਿਆ। ਕਮਿਊਨਿਸਟ ਰਾਜ ਦੇ ਢੰਗ-ਤਰੀਕਿਆਂ ਦੀ ਆਲੋਚਨਾ ਕਰਨ ਵਾਲੇ ਹਰ ਵਿਅਕਤੀ ਨੂੰ ਜ਼ੁਲਮ ਸਹਿਣਾ ਪਿਆ। ਵਿਰੋਧੀਆਂ ਨੂੰ ਚੁਣ-ਚੁਣ ਕੇ ਤਸੀਹੇ ਦਿੱਤੇ ਗਏ, ਮੌਤ ਦੇ ਘਾਟ ਉਤਾਰਿਆ ਗਿਆ। ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ, ਆਪਣੇ ਹੀ ਦੇਸ਼ ਦੇ ਲਗਭਗ 10 ਲੱਖ ਨਾਗਰਿਕਾਂ ਨੂੰ ਆਪਣੀ ਹੀ ਸਰਕਾਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਉਹ ਕਮਜ਼ੋਰੀਆਂ ਸਾਥੀ ਲੀਡਰਾਂ ਵਿੱਚ ਆ ਗਈਆਂ, ਜੋ ਪਹਿਲਾਂ ਰਜਵਾੜਿਆਂ ਵਿੱਚ ਸਨ। ਸਮੇਂ ਦੇ ਬੀਤਣ ਨਾਲ ਰੂਸ ਪੂਰੀ ਤਰ੍ਹਾਂ ਦਿਵਾਲੀਆ ਹੋ ਗਿਆ। ਆਪਣੇ ਰਾਜਸੀ ਵਿਰੋਧੀਆਂ ਨੂੰ ਖ਼ਤਮ ਕਰਨ ਵਾਸਤੇ, ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ, ਪੂਰਾ ਪਾਰਲੀਆਮੈਂਟ ਹਾਊਸ ਮਲਬੇ ਦਾ ਢੇਰ ਬਣਾ ਦਿੱਤਾ ਗਿਆ। ਅੰਦਰ ਬੈਠੇ ਵਿਚਾਰਾਂ ਕਰ ਰਹੇ ਵਿਰੋਧੀ ਸੁਰਾਂ ਵਾਲੇ ਪਾਰਲੀਆਮੈਂਟ ਮੈਂਬਰ ਮਾਰ ਮੁਕਾਏ। ਆਪਣੀਆਂ ਸਿਆਸੀ ਗਲਤੀਆਂ ਕਾਰਨ ਰੂਸ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਗਿਆ। ਅੰਤ ਨੂੰ ਫੌਜੀ ਤਾਕਤ ਪੱਖੋਂ ਮਜਬੂਤ ਮੰਨਿਆ ਜਾਣ ਵਾਲਾ ਰੂਸ ਦੇਸ਼, ਆਪਣੇ ਲੋਕਾਂ ਨੂੰ ਗੋਲੀ ਦੀ ਦਹਿਸ਼ਤ ਨਾਲ ਭੀ ਇਕੱਠੇ ਨਾ ਰੱਖ ਸਕਿਆ ਅਤੇ ਇਕ ਰੂਸ ਦੇ ਚੌਦਾਂ ਦੇਸ਼ ਬਣ ਗਏ।

ਮੌਜੂਦਾ ਸਮੇਂ ਦੇ ਸਿੱਖ ਆਗੂਆਂ ਨਾਲ ਸਾਨੂੰ ਸਾਰਿਆਂ ਨੂੰ ਅਨੇਕਾਂ ਸ਼ਿਕਾਇਤਾਂ ਹਨ। ਇਨ੍ਹਾਂ ਦੇ ਕੀਤੇ ਕੰਮ ਖ਼ੁਦਗਰਜ਼ੀ ਵਾਲੇ ਹਨ। ਪੰਜਾਬ ਦੇ ਲੋਕਾਂ ਲਈ ਕੋਈ ਸਾਂਝਾ ਪ੍ਰੋਗਰਾਮ ਨਹੀਂ ਦੇ ਸਕੇ। ਸੰਗਤਾਂ ਵੱਲੋਂ ਭੇਟਾ ਕੀਤੀ ਗਈ ਮਾਇਆ ਦੀ ਰੱਜ ਦੇ ਦੁਰਵਰਤੋਂ ਹੋਈ ਹੈ। ਇੰਨਾ ਸਭ ਕੁਝ ਅਸੀਂ ਸਾਰੇ ਜਾਣਦੇ ਹਾਂ। ਪਰ ਅਫਸੋਸ ਕਿ ਇਨ੍ਹਾਂ ਦਾ ਬਦਲ ਭੀ ਕੋਈ ਸਾਹਮਣੇ ਨਹੀਂ ਲਿਆ ਸਕੇ। ਕਾਮਰੇਡ ਵੀਰਾਂ ਦਾ ਤੋੜ-ਵਿਛੋੜਾ ਵਕਤੀ ਤੌਰ ’ਤੇ ਅਕਾਲੀ ਦਲ ਲਈ ਲਾਹੇਵੰਦ ਸਾਬਤ ਹੋਇਆ ਕਿਉਂਕਿ ਉਨ੍ਹਾਂ ਨੂੰ ਭੰਡੀ ਪ੍ਰਚਾਰ ਕਰਨ ਦਾ ਬਹਾਣਾ ਮਿਲ ਗਿਆ। ਨਾਸਤਕ ਆਖਕੇ ਦੂਰ ਖਦੇੜਨ ਦਾ ਹਥਿਆਰ ਮਿਲ ਗਿਆ। ਅਕਾਲੀਆਂ ਨੇ ਧਰਮ ਨੂੰ ਭੀ ਆਪਣੇ ਨਿਜੀ ਸੁਆਰਥਾਂ ਲਈ ਵਰਤਿਆ। ਕਾਮਰੇਡਾਂ ਨੇ ਧਰਮ ਨਾਲੋਂ ਨਾਤਾ ਹੀ ਤੋੜ ਲਿਆ। ਅਕਾਲੀ ਗੁਰਦੁਆਰਿਆਂ ਵਿਚਲੀ ਰਾਜਨੀਤੀ ਕਰਦੇ ਰਹੇ ਤੇ ‘ਸਾਥੀ’ ਧਰਮ ਨਾਲੋਂ ਟੁੱਟ ਕੇ, ਲੋਕਾਂ ਵਿੱਚ ਆਪਣਾ ਅਧਾਰ ਗੁਆ ਬੈਠੇ। ਆਮ ਲੋਕਾਂ ਦੇ ਦੁਖ ਦੂਰ ਕਰਨ ਵਾਲਾ ਕੋਈ ਨਾ ਬਹੁੜਿਆ। ਮਜ਼ਦੂਰ ਜਮਾਤ ਤਾਂ ਅੱਗੇ ਹੀ ਬਹੁਤ ਲਾਚਾਰ ਸੀ। ਹੁਣ ਤਾਂ ਜ਼ਮੀਨਾਂ ਵਾਲੇ (ਕਿਸਾਨ) ਭੀ ਕਰਜ਼ੇ ਦੇ ਮਾਰੇ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਕਾਮਰੇਡਾਂ ਦੇ ਭਰਵੇਂ ਇਕੱਠਾਂ ਵਿੱਚ ਲੀਡਰਾਂ ਦੇ ਮੂੰਹੋਂ ਮੈਂ ਅਨੇਕ ਵਾਰ ਸੁਣ ਚੁੱਕਿਆ ਹਾਂ ਕਿ ‘‘ਇਨਕਲਾਬ ਬੰਦੂਕ ਦੀ ਨਾਲੀ ਵਿੱਚੋਂ ਨਿਕਲਦਾ ਹੈ।’’ ਅੱਜ ਪੰਜਾਬ ਦੇ ਗਭਰੂ ਦੁਨੀਆ ਵਿੱਚੋਂ ਪਹਿਲੇ ਨੰਬਰ ਦੇ ਨਸ਼ੇੜੀ ਬਣ ਚੁੱਕੇ ਹਨ - ਇਨਕਲਾਬ ਨੇੜੇ-ਤੇੜੇ ਭੀ ਨਹੀਂ ਹੈ।

ਧਰਮ ਨੂੰ ਲੋਕਾਂ ਦੇ ਭਲੇ ਵਾਸਤੇ ਮੰਨਣਾ ਜਾਂ ਵਰਤਣਾ, ਕੋਈ ਬੁਰਾਈ ਨਹੀਂ ਹੈ। ਕਿਊਬਾ ਦਾ ਰਾਸ਼ਟਰਪਤੀ ਫੀਡਲ ਕਾਸਟਰੋ, ਜਦੋਂ ਪਹਿਲੀ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਗੱਦੀ ’ਤੇ ਬੈਠਾ। ਪੱਤਰਕਾਰਾਂ ਨਾਲ ਮਿਲਣੀ ਵਿੱਚ ਇਕ ਸਵਾਲ ਆਇਆ - ਤੁਸੀਂ ਕਾਮਰੇਡ ਹੋ, ਤੁਹਾਡੇ ਬਹੁਤ ਸਾਰੇ ਸੰਗੀ-ਸਾਥੀ ਇਸਾਈ ਧਰਮ ਨੂੰ ਮੰਨਣ ਵਾਲੇ ਹਨ। ਕਈ ਤਾਂ ਚਰਚਾਾਂ ਦੇ ਮੁਖੀ ਭੀ ਹਨ। ਜਦੋਂਕਿ ਮਾਰਕਸ ਨੇ ‘ਧਰਮ ਨੂੰ ਅਫੀਮ’ ਆਖਿਆ ਹੈ। ਫੀਡਲ ਕਾਸਟਰੋ ਨੇ ਬੜਾ ਵਧੀਆ ਜੁਆਬ ਦਿੱਤਾ - ‘‘ਦੋਸਤੋ ! ਜਦੋਂ ਅਸੀਂ ਪੁਰਾਣੇ ਜ਼ੁਲਮੀ ਰਾਜ ਵਿਰੁੱਧ ਜੰਗ ਲੜ ਰਹੇ ਸਾਂ, ਉਸ ਵਕਤ ਇਸਾਈ ਧਰਮ ਨੂੰ ਮੰਨਣ ਵਾਲੇ, ਸਾਡੇ ਨਾਲ ਹਮ ਸਫ਼ਰ ਸਨ। ਅਸੀਂ ਇਕੱਠਿਆਂ ਨੇ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ। ਬਹੁਤ ਸਾਰੇ ਇਸਾਈ ਤੇ ਉਨ੍ਹਾਂ ਦੇ ਪਾਦਰੀ ਇਸ ਲੜਾਈ ਵਿੱਚ ਸ਼ਹੀਦ ਹੋ ਗਏ। ਅਸੀਂ ਭੀ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ, ਧਾਰਮਕ ਮੁਖੀ ਭੀ ਮਨੁੱਖਤਾ ਦਾ ਕਲਿਆਣ ਚਾਹੁੰਦੇ ਹਨ। ਸਾਡੇ ਵਿਚਾਰ ਮੇਲ ਖਾ ਗਏ, ਅਸੀਂ ਇਕੱਠੇ ਹੋ ਗਏ। ਰਹੀ ਵਿਚਾਰ ਕਿ ‘ਧਰਮ ਅਫੀਮ ਹੈ’ - ਜਦੋਂ ਇਹੀ ‘ਅਫੀਮ’ ਨਾਸਮਝ ਵਿਅਕਤੀ ਦੇ ਹੱਥ ਵਿੱਚ ਹੁੰਦੀ ਹੈ, ਤਾਂ ਨੁਕਸਾਨਦੇਹ ਹੈ। ਪਰ ਇਹੀ ‘ਅਫੀਮ’ ਜਦੋਂ ਵਿਗਿਆਨੀ ਕੋਲ ਜਾਂ ਡਾਕਟਰ ਕੋਲ ਹੁੰਦੀ ਹੈ, ਤਦੋਂ ਇਹ ਦਵਾਈ ਹੁੰਦੀ ਹੈ। ਰੋਗਾਂ ਦਾ ਨਿਵਾਰਣ ਕਰਦੀ ਹੈ। ਮੈਂ ਇਸ ‘ਅਫੀਮ’ (ਧਰਮ) ਨੂੰ ਦਵਾਈ ਬਣਾ ਕੇ ਵਰਤ ਲਿਆ ਹੈ। ਇਹ ਯੋਗਤਾ ਤੁਹਾਡੇ ਸਾਰਿਆਂ ਕੋਲ ਹੋਣੀ ਚਾਹੀਦੀ ਹੈ।’’

ਪੰਜਾਬ ਦੇ ਲੋਕਾਂ ਨੇ ਬਾਬਾ ਨਾਨਕ ਜੀ ਤੋਂ ਬਹੁਤ ਕੁਝ ਨਵਾਂ ਤੇ ਨਵੇਕਲਾ ਸਿੱਖਿਆ ਹੈ। ਇਸੇ ਲਈ ਬਾਬਾ ਨਾਨਕ ਨੂੰ ਲੋਕੀਂ ਦਿਲੋਂ ਮਨੋਂ ਪਿਆਰ ਕਰਦੇ ਹਨ। ਗੁਰੂ ਅਰਜਨ ਸਾਹਿਬ ਪੰਜਾਬ ਦੇ ਪਹਿਲੇ ਅਣਖੀਲੇ ਸ਼ਹੀਦ ਹੋਏ ਹਨ। ਲੋਕਾਂ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਦਿਲਾਂ ਵਿੱਚ ਉਤਾਰ ਲਿਆ। ਨੌਵੇਂ ਸਤਿਗੁਰੂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਅਵਾਜ਼ ਬੁਲੰਦ ਕੀਤੀ। ਜਾਨ ’ਤੇ ਖੇਡ ਗਏ। ਲੋਕਾਂ ਜੈ-ਜੈਕਾਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸੂਰਮਗਤੀ ਦੇ ਨਵੇਕਲੇ ਕੀਰਤੀਮਾਨ ਸਥਾਪਿਤ ਕੀਤੇ। ਸਾਰੀ ਉਮਰ ਨੀਵਿਆਂ-ਨਿਮਾਣਿਆਂ ਨੂੰ ਹੱਕ ਦਿਵਾਉਣ ਲਈ, ਆਪਣਾ ਖੂਨ ਬਹਾਉਂਦੇ ਰਹੇ। ਆਪਣਾ ਸਾਰਾ ਪਰਵਾਰ ਵਾਰ ਦਿੱਤਾ। ਅਣਗਿਣਤ ਪਿਆਰੇ ਸਿੱਖ, ਕੁਰਬਾਨ ਹੋ ਗਏ। ਅੰਤ ਨੂੰ ਖ਼ਦ ਭੀ ਗੁਰੂ ਜੀ ਸਰੀਰ ਲੇਖੇ ਲਾ ਗਏ। ਲੋਕਾਂ ਦੇ ਦਿਲਾਂ ਦੇ ਬਾਦਸ਼ਾਹ ਬਣ ਗਏ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ, ਮਿਸਲਾਂ ਦਾ ਭਿਆਨਕ ਸਮਾਂ, ਅਜੇ ਕੱਲ ਦੀਆਂ ਗੱਲਾਂ ਹਨ। ਇਤਿਹਾਸ ਗਵਾਹ ਹੈ ਕਿ ਜੋ ਜਰਵਾਣੇ ਦੇਸ਼ ਨੂੰ ਲੁੱਟਣ ਲਈ ਬਦੇਸ਼ਾਂ ਵਿੱਚ ਆਉਂਦੇ ਸਨ - ਸਿੱਖ ਸੂਰਮਿਆਂ ਨੇ ਖੂਨ ਦੇ ਦਰਿਆ ਵਗਾ ਕੇ, ਸਿਰਾਂ ਦੇ ਗੰਜ ਉਸਾਰ ਕੇ, ਬੰਦ-ਬੰਦ ਕਟਵਾ ਕੇ, ਖੋਪਰੀਆਂ ਉਤਰਵਾ ਕੇ, ਬੱਚਿਆਂ ਦੇ ਟੁਕੜੇ ਕਰਵਾ ਕੇ, ਹਮਲਾਵਰਾਂ ਨਾਲ ਮੈਦਾਨੇ-ਜੰਗ ਵਿੱਚ ਜੂਝ ਕੇ - ਉਨ੍ਹਾਂ ਦਾ ਰਾਹ ਬੰਦ ਕੀਤਾ। ਕੀ ਉਨ੍ਹਾਂ ਸੂਰਮਿਆਂ ਦੀ ਬਹਾਦਰੀ ਅਤੇ ਕੁਰਬਾਨੀ ਭੁਲਾਉਣ ਯੋਗ ਸੀ?

ਪਿਆਰੇ ਵੀਰੋ ! ਸਾਡੇ ਕੋਲ ਬਹੁਤ ਅਮੀਰ ਵਿਰਾਸਤ ਹੈ। ਇਹ ਕਿਸੇ ਵਿਅਕਤੀ ਜਾਂ ਕਿਸੇ ਇਕ ਗਰੁੱਪ ਦੀ ਮਲਕੀਅਤ ਨਹੀਂ ਹੈ। ਇਹ ਸਾਡਾ ਸਾਰੇ ਪੰਜਾਬਵਾਸੀਆਂ ਦਾ ਸਾਂਝਾ ਸਰਮਾਇਆ ਹੈ। ਮਾਰਕਸ ਬਹੁਤ ਨੇਕ ਇਨਸਾਨ ਸੀ। ਪਰ ਇੱਥੋਂ ਦੇ ਲੋਕ ਉਸਨੂੰ ਨਹੀਂ ਜਾਣਦੇ। ਕਿਉਂਕਿ ਉਹ ਇੱਥੋਂ ਦੀ ਮਿੱਟੀ ਨਾਲ ਜੁੜਿਆ ਹੋਇਆ ਨਹੀਂ ਸੀ। ਲੈਨਿਨ ਬਹੁਤ ਨੇਕ ਇਨਸਾਨ ਹੋਵੇਗਾ, ਪਰ ਸਾਡੇ ਲਈ ਉਹ ਪਰਾਇਆ ਹੈ। ਹੋਚੀ ਮਿਨ, ਮਾਉਜੇ ਤੁੰਗ ਬਹੁਤ ਸਿਆਣੇ ਸਨ ਪਰ ਉਨ੍ਹਾਂ ਦੀ ਸਿਆਣਪ ਉਨ੍ਹਾਂ ਦੇ ਆਪਣੇ ਦੇਸ਼ਵਾਸੀਆਂ ਲਈ ਸੀ - ਇੱਥੇ ਕੋਈ ਨਹੀਂ ਜਾਣਦਾ। ਜਿਨਾਂ ਅਜ਼ਾਦੀ ਦੀਆਂ ਜੰਗਾਂ ਵਿੱਚ ਇਸ ਧਰਤੀ ਦੇ ਪੁੱਤਰਾਂ ਨੇ ਆਪਣਾ ਖੂਨ ਡੋਲ੍ਹਿਆ ਹੈ, ਉਨ੍ਹਾਂ ਦੇ ਵਾਰਸ ਇੱਥੇ ਹੀ ਹਨ। ਸ਼ਹੀਦਾਂ ਬਹਾਦਰਾਂ ਵੱਲੋਂ ਪਾਏ ਗਏ ਯੋਗਦਾਨ ਦੀਆਂ ਯਾਦਾਂ ਤੇ ਨਿਸ਼ਾਨ ਇਸੇ ਧਰਤੀ ’ਤੇ ਹਨ। ਜਿਨ੍ਹਾਂ ਲੋਕਾਂ ਨੇ ਆਪਣੇ ਭੁਲਾ ਦਿੱਤੇ, ਕੀ ਉਨ੍ਹਾਂ ਕੋਲੋਂ ਬੇਗਾਨਿਆਂ ਲਈ ਵਫਾਦਾਰੀ ਦੀ ਆਸ ਕੀਤੀ ਜਾ ਸਕਦੀ ਹੈ?

ਮਸਲਾ ਪੰਜਾਬ ਦੀ ਵਿਗੜੀ ਤਾਣੀ ਸੁਲਝਾਉਣ ਦਾ ਹੈ। ਕੋਈ ਮਨੁੱਖ ਜੇ ਧਰਮ ਨੂੰ ਮੰਨਦਾ ਹੈ, ਤਾਂ ਇਹ ਉਸਦਾ ਨਿਜੀ ਮਸਲਾ ਹੈ। ਪਰ ਹੈ ਤਾਂ ਉਹ ਇਕ ਮਨੁੱਖ। ਗੁਰੂ ਬਾਬਾ ਨਾਨਕ ਜੀ ਨੇ ‘ਧਰਮ’ ਦੀ ਵਰਤੋਂ ਕਰਕੇ ਮੂਰਖਾਂ ਨੂੰ ਸਮਝਦਾਰ ਬਣਾਇਆ। ਕਾਇਰਾਂ ਨੂੰ ਬਹਾਦਰ ਬਣਾਇਆ। ਵੇਹਲੜਾਂ ਨੂੰ ਕਾਮੇ ਬਣਾਇਆ। ਇਕ ਦੂਜੇ ਦੇ ਪਰਛਾਵੇਂ ਤੋਂ ਵੀ ਨਫ਼ਰਤ ਕਰਨ ਵਾਲਿਆਂ ਨੂੰ, ਇਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਾਈ। ਸਾਂਝੇ ਲੰਗਰ ਛਕਾਏ। ਸਾਰੇ ਦੇਵੀ-ਦੇਵਤੇ, ਤੀਰਥ-ਯਾਤਰਾ, ਵਰਤ-ਸਰਾਧ, ਪੱਥਰ ਦੇ ਭਗਵਾਨ, ਬ੍ਰਾਹਮਣ-ਪੀਰ - ਸਭ ਕੁਝ ਤੋਂ ਪਿੱਛਾ ਛੁਡਾ ਦਿੱਤਾ। ਇਕੋ ਨਿਰੰਕਾਰ ਦੇ ਲੜ ਲਾਇਆ। ਯਾਦ ਰੱਖਣਾ, ਨਿਰੰਕਾਰ ਜਿਸਦਾ ਕੋਈ ਸਰੂਪ ਨਹੀਂ, ਸਰੀਰ ਨਹੀਂ ‘ਅਕਾਰ ਰਹਿਤ’ - ਬੱਸ, ਉਸ ਨੂੰ ਮੰਨੋ। ਬਾਕੀ ਸਭ ਨੂੰ ਤਿਆਗ ਦਿਓ। ਉਸ ਜ਼ਮਾਨੇ ਵਿੱਚ, ਇਹ ਇਕ ਕ੍ਰਾਂਤੀਕਾਰੀ ਵਿਸਫੋਟ ਸੀ। ਹਰ ਤਰ੍ਹਾਂ ਦੀ ਗੁਲਾਮੀ ਵਿੱਚੋਂ ਬਾਹਰ ਕੱਢ ਕੇ, ਪੂਰੀ ਤਰ੍ਹਾਂ ਸੁਤੰਤਰ ਮਨੁੱਖ ਬਣਾਉਣ ਲਈ ਦਿਨ-ਰਾਤ ਕੰਮ ਕੀਤਾ। ਇਹ ਗੁਰਬਾਣੀ ਰੂਪੀ ਵਿਚਾਰਧਾਰਾ ਅਜੇ ਪੁਰਾਣੀ ਨਹੀਂ ਹੋਈ। ‘ਧਰਮ’ ਦੀ ਗੱਡੀ ਵਿੱਚ ਬਹੁਤ ਲੋਕ ਸਵਾਰ ਹਨ। ਲੋੜ ਹੈ ਉਨ੍ਹਾਂ ਨੂੰ ਲੋਕ-ਹਿਤੂ ਰਾਹ ਤੋਰਨ ਦੀ।

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਤੋਂ ਮਗਰੋਂ, ਲੰਮੇਂ ਸਮੇਂ ਤੱਕ ਲੋਕਾਂ ਵਿੱਚ ਇਸ ਪ੍ਰਤੀ ਕੋਈ ਖ਼ਾਸ ਦਿਲਚਸਪੀ ਪੈਦਾ ਨਹੀਂ ਹੋਈ ਸੀ। ਪਾਰਟੀ ਦੇ ਮੁਖੀਆਂ ਨੇ ਲੰਮੀਂ ਵਿਚਾਰ ਤੋਂ ਬਾਅਦ ਮਹਿਸੂਸ ਕੀਤਾ ਕਿ ਇਸ ਨੂੰ ‘ਧਰਮ’ ਨਾਲ ਜੋੜਿਆ ਜਾਵੇ। ਇਸੇ ਨੀਤੀ ਤਹਿਤ ਦੱਖਣੀ ਭਾਰਤ ਵਿੱਚ ਕਾਂਗਰਸ ਪਾਰਟੀ ਦੇ ਸ਼ੁਰੂਆਤੀ ਸਮਾਗਮਾਂ ਵਿੱਚ ਗਣੇਸ਼ ਦੀ ਪੂਜਾ ਕੀਤੀ ਜਾਣ ਲੱਗੀ। ਪੂਰਬੀ ਹਿੱਸੇ ਵਿੱਚ ਦੁਰਗਾ ਦੇਵੀ ਜਾਂ ਕਾਲੀ ਮਾਤਾ ਦਾ ਪ੍ਰਭਾਵ ਸੀ - ਉਸਨੂੰ ਅਪਣਾ ਲਿਆ ਗਿਆ। ਉੱਤਰੀ ਭਾਰਤ ਵਿੱਚ ਰਾਮ ਤੇ ਕ੍ਰਿਸ਼ਨ ਦੇ ਗੀਤ ਗਾਏ ਜਾਣ ਲੱਗੇ। ਗਾਂਧੀ ਨੇ ਹਰ ਸਭਾ ਵਿੱਚ ‘ਰਘੁਪਤੀ ਰਾਘਰ ਰਾਜਾ ਰਾਮ। ਪਤਿਤ ਪਾਵਨ ਸੀਤਾ ਰਾਮ।’ ਗਾਉਣਾ ਜ਼ਰੂਰੀ ਕਰਾਰ ਦੇ ਦਿੱਤਾ। ਇਸੇ ਤਰ੍ਹਾਂ ਕਾਂਗਰਸ ਪਾਰਟੀ ਲੋਕਾਂ ਨੂੰ ਆਪਣੇ ਵੱਲ ਖਿੱਚਣ ’ਚ ਕਾਫੀ ਸਫਲ ਰਹੀ। ਇਸੇ ਨੀਤੀ ’ਤੇ ਚੱਲਦਿਆਂ, ਗਾਂਧੀ ਨੂੰ ਇਕ ਤਿਆਗੀ, ਪਰਉਪਕਾਰੀ, ਸਾਧੂ-ਮਹਾਤਮਾ ਜਾਂ ਅਵਤਾਰੀ ਪੁਰਸ਼ ਬਣਾ ਕੇ ਪੇਸ਼ ਕੀਤਾ ਜਾਣ ਲੱਗਾ। ਧਰਮ ਦੀ ਵਰਤੋਂ ਨੇ (ਭਾਵੇਂ ਇਹ ਵਿਖਾਵਾ ਮਾਤਰ ਸੀ) ਕਾਂਗਰਸ ਪਾਰਟੀ ਨੂੰ ਮਹੱਤਵਪੂਰਨ ਫਾਇਦਾ ਪੁਚਾਇਆ। ਪੰਜਾਬ ਵਿੱਚ ਧਰਮ ਤੇ ਅਧਾਰਤ ਪਾਰਟੀ, ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਹੀ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਮੰਨ ਲਿਆ। ਬੰਗਾਲ ਦੇ ਕਾਮਰੇਡ ਸੂਬੇ ’ਤੇ ਰਾਜ ਕਰਨ ਵਾਲੇ, ਸਿਰ ਕੱਢਵੇਂ ਲੀਡਰ, ਧਾਰਮਕ ਸਮਾਗਮਾਂ ਵਿੱਚ ਆਮ ਹੀ ਸ਼ਾਮਲ ਹੁੰਦੇ ਹਨ।

ਗੁਰੂ ਨਾਨਕ ਸਾਹਿਬ ਨੇ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਨੂੰ ਆਪਣੇ ਨਾਲ ਸ਼ਾਮਲ ਕਰਕੇ ਬਰਾਬਰਤਾ ਦਾ ਪਰਚਮ ਬੁਲੰਦ ਕੀਤਾ ਸੀ। ਭਾਵੇਂ ਧਰਮ ਹੈ, ਭਾਵੇਂ ਰਾਜਨੀਤੀ ਹੈ ਤੇ ਭਾਵੇਂ ਕੋਈ ਸਮਾਜ ਸੁਧਾਰਕ ਜੱਥੇਬੰਦੀ ਹੈ। ਦਾਅਵਾ ਤਾਂ ਸਾਰਿਆਂ ਦਾ ਇਹੀ ਹੁੰਦਾ ਹੈ ਕਿ ਅਸੀਂ ਇਨਸਾਨੀਅਤ ਦਾ ਭਲਾ ਕਰਾਂਗੇ। ਇਸ ਦਾਅਵੇ ਤੋਂ ਬਗੈਰ ਉਹ ਜੱਥੇਬੰਦੀਆਂ ਜਾਂ ਪਾਰਟੀਆਂ ਚੱਲ ਹੀ ਨਹੀਂ ਸਕਦੀਆਂ। ਪੰਜਾਬ ਦੇ ਲੋਕਾਂ ਨੂੰ ਪਿਛਲੇ ਲੰਮੇਂ ਸਮੇਂ ਵਿੱਚ ਨਾਜ਼ੀਵਾਦੀ ਜ਼ੁਲਮਾਂ ਵਿੱਚ ਪੀਸਿਆ ਗਿਆ ਹੈ। ਪੰਜਾਬ ਦੇ ਸਾਰੇ ਆਰਥਕ ਵਸੀਲੇ (ਬਿਜਲੀ, ਪਾਣੀ, ਵੱਡੇ ਕਾਰਖਾਨੇ, ਜਿਣਸਾਂ ਦੇ ਭਾਅ) ਖੋਹ ਲਏ ਗਏ। ਸਾਰੇ ਸਰਕਾਰੀ ਅਦਾਰੇ ਲੁੱਟ ਦੇ ਅੱਡੇ ਬਣ ਗਏ ਤੇ ਅੰਤਮ ਸਾਹ ਗਿਣ ਰਹੇ ਹਨ। ਨੌਜੁਆਨਾਂ ਨੂੰ ਰੋਜ਼ਗਾਰ ਕੋਈ ਨਹੀਂ ਨਸ਼ਿਆਂ ਦੇ ਇੱਥੇ ਹੜ ਵੱਗ ਰਹੇ ਹਨ। ਆਰਥਕ ਪੱਖੋਂ ਕਮਜ਼ੋਰ ਪਰਵਾਰ ਆਪਣੇ ਬੱਚਿਆਂ ਨੂੰ ਸਕੂਲ-ਕਾਲਜ ਭੇਜਣੋਂ ਅਸਰਮੱਥ ਹਨ। ਅਗਿਆਨਤਾ ਵੱਸ ਸਾਰਾ ਸਮਾਜ ਵਹਿਮਾਂ-ਭਰਮਾਂ, ਪਖੰਡਾਂ ਵਿੱਚ ਪਿਆ ਸਾਫ਼ ਨਜ਼ਰ ਆਉਂਦਾ ਹੈ। ਸੰਕੀਰਣਤਾ ਵਾਲੇ ਜਾਂ ਕੱਟੜਤਾ ਵਾਲੇ ਮੁੱਦੇ ਨਾ ਛੋਹੇ ਜਾਣ। ਮਨੁੱਖਤਾ ਲਈ ਕਲਿਆਣਕਾਰੀ, ਵੱਡੇ ਮੁੱਦੇ ਹੀ ਸਾਂਝੀਆਂ ਥਾਵਾਂ ’ਤੇ ਵਿਚਾਰੇ ਜਾਣ। ਇਕ ਦੂਜੇ ਦੇ ਵਿਚਾਰਾਂ ਨੂੰ ਠਰ੍ਹਮੇ ਨਾਲ ਸੁਣਨ ਦੀ ਬਿਰਤੀ ਧਾਰਨ ਕਰੀਏ। ਜੇ ਮਤਭੇਦ ਹਨ ਤਾਂ ਪਿਆਰ ਭਰੇ ਸਲੀਕੇ ਨਾਲ, ਦਲੀਲ ਦੇ ਕੇ ਜੁਆਬ ਦੇਣ-ਲੈਣ ਦਾ ਰਾਹ ਪੱਧਰਾ ਕਰੀਏ।

ਸਿੱਖ ਧਰਮ ਦੇ ਮਨੁੱਖ ਹਿਤੈਸ਼ੀ ਅਸੂਲਾਂ ਨੇ ਟੁੱਟੇ-ਖਿੱਲਰੇ ਕਮਜ਼ੋਰ ਤੇ ਗੁਲਾਮ ਸਮਾਜ ਨੂੰ ਨਵੀਂ ਦਿਸ਼ਾ ਅਤੇ ਤਾਕਤ ਦਿੱਤੀ। ਕਮਜ਼ੋਰ ਚਿੜੀਆਂ, ਬਾਜਾਂ ਨੂੰ ਘੇਰਨ ਜੋਗੀਆਂ ਹੋ ਗਈਆਂ ਸਨ। ਗੁਰਬਾਣੀ ਵਿੱਚ ਗਿਆਨ ਹੈ। ਪਰਉਪਕਾਰ ਦੀ ਸਿੱਖਿਆ ਹੈ। ਬੰਧਨ ਮੁਕਤ ਸਮਾਜ ਲਈ ਮੈਨੀਫੈਸਟੋ ਹੈ। ਇਸਤਰੀਆਂ ਲਈ ਸਤਿਕਾਰ ਭਰਿਆ ਬਰਾਬਰ ਦਾ ਦਰਜਾ ਹੈ। ਹਰ ਜਾਤ-ਧਰਮ ਅਤੇ ਕਬੀਲੇ ਨੂੰ ‘ਜੀ ਆਇਆਂ’ ਹੈ। ਹੱਕ-ਸੱਚ ’ਤੇ ਪਹਿਰਾ ਦੇਣ ਲਈ ਮਰ ਮਿਟਣ ਤਕ ਦੀ ਹੱਦ ਤਕ ਭਰੀ ਹੋਈ ਸਪਿਰਟ ਹੈ। ਦੁਸ਼ਮਣ ਨਾਲ ਸਾਹਮਣੇ ਮੱਥੇ ਦੋ ਹੱਥ ਕਰਨ ਲਈ ਮੈਦਾਨੇ ਜੰਗ ਵਿੱਚ ਕੁੱਦ ਪੈਣ ਦੀ ਸੂਰਮਗਤੀ ਹੈ। ਭਟਕਣ ਤੇ ਪਰੇਸ਼ਾਨੀਆਂ ਤੋਂ ਮੁਕਤ ਕਰਨ ਲਈ ਗੁਰਬਾਣੀ ਦਾ ਮਹਾਨ ਖ਼ਜ਼ਾਨਾ ਹੈ। ਇਸੇ ਧਰਤੀ ’ਤੇ ਆਪਾਂ ਰਲਕੇ ‘ਬੇਗਮ ਪੁਰਾ’ ਬਸਾਉਣਾ ਹੈ। ਇੱਥੇ ਹੀ ‘ਹਲੇਮੀ ਰਾਜ’ ਦੀ ਸਥਾਪਨਾ ਵਾਸਤੇ ਕਮਰਕੱਸਾ ਕਰਨਾ ਹੈ। ਗੁੱਸੇ-ਗਿਲੇ ਖ਼ਤਮ ਕਰਕੇ ਪਿਆਰ ਦੀ ਗਲਵਕੜੀ ਪਾਉਣ ਦੀ ਲੋੜ ਹੈ।

(ਨੋਟ : ‘ਗੁਰਮਤਿ ਅਤੇ ਸਮਾਜਵਾਦ ਵਿੱਚ ਸਾਂਝੀਵਾਲਤਾ’ ਵਿਸ਼ੇ ’ਤੇ ਕਮਿਊਨਿਸਟ ਵੀਰਾਂ ਵੱਲੋਂ ਜਲੰਧਰ ਵਿਖੇ ਇਕ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਦਾਸ ਨੂੰ ਸੱਦਾ ਦਿੱਤਾ ਗਿਆ ਸੀ। ਗੁਰਮਤਿ ਨੂੰ ਮਾਰਕਸਵਾਦ ’ਤੇ ਭਾਰੂ ਜਾਣਕੇ (ਸ਼ਾਇਦ) ਅਚਨਚੇਤੀ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।)