

ਪਾਣੀ ਬਚਾਓ, ਪੰਜਾਬ ਬਚਾਓ
- ਬਲਵਿੰਦਰ ਸਿੰਘ -
ਸਮੁੱਚੇ ਜੀਵ ਜਗਤ ਦੀ ਹੋਂਦ ਲਈ ਅਗਨੀ, ਹਵਾ, ਪਾਣੀ ਅਤੇ ਮਿੱਟੀ ਬੜੇ ਜ਼ਰੂਰੀ ਤੱਤ ਹਨ। ਇਨ੍ਹਾਂ ਵਿੱਚੋਂ ਪਾਣੀ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਵਿਗਿਆਨਕ ਇਤਿਹਾਸ ਮੁਤਾਬਿਕ ਪਾਣੀ ਹੀ ਸਜੀਵਾਂ ਦੀ ਹੋਂਦ ਦਾ ਅਧਾਰ ਬਣਿਆ। ਸਭ ਤੋਂ ਪਹਿਲਾਂ ਇਕ ਸ਼ੈੱਲੀ ਜੀਵ ਪਾਣੀ ’ਚ ਹੀ ਪੈਦਾ ਹੋਏ। ਗੁਰਬਾਣੀ ਵੀ ਇਸ ਦੀ ਸ਼ਾਹਦੀ ਭਰਦੀ ਹੈ :
ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਹੋਇ।।
ਅਸਲ ਵਿੱਚ ਪਾਣੀ ਤੋਂ ਬਿਨਾਂ ਸਜੀਵ-ਜਗਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਇਕ ਵਿਗਿਆਨਕ ਸੱਚ ਹੈ ਕਿ ਜਿੱਥੇ ਪਾਣੀ ਹੋਵੇਗਾ, ਉੱਥੇ ਸਜੀਵੀ ਹੋਂਦ ਲਾਜ਼ਮੀ ਹੋਵੇਗੀ। ਇਸੇਲਈ ਵਿਗਿਆਨਕ ਹੋਰ ਗ੍ਰਹਿਆਂ ’ਤੇ ਪਾਣੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਪਾਣੀ ਦੀ ਪੂਜਾ ਕੀਤੀ ਅਤੇ ਇਸਦਾ ਸਤਿਕਾਰ ਕੀਤਾ ਹੈ। ਕਈ ਭਾਰਤੀ ਨਦੀਆਂ ’ਚ ਇਸ਼ਨਾਨਕ ਕਰਨ ਨੂੰ ਅਤੇ ਉਨ੍ਹਾਂ ਦੇ ਜਲ ਦੀ ਧਾਰਮਕ-ਸਮਾਜਕ ਕਰਮ-ਕਾਂਡਾਂ ਵਿੱਚ ਵਰਤੋਂ ਨੂੰ ਕਥਿਤ ਤੌਰ ’ਤੇ ‘ਪਵਿੱਤਰ’ ਮੰਨਿਆ ਗਿਆ ਹੈ। ਹਿੰਦੂ ਧਰਮ ਵਿੱਚ ਅੱਜ ਵੀ ਗੰਗਾ ਜਲ ਨੂੰ (ਭਾਰੀ ਮਿਕਦਾਰ ਵਿੱਚ ਪ੍ਰਦੂਸ਼ਿਤ ਹੋਣ ਦੇ ਬਾਵਜੂਦ) ਬਹੁਤ ਪਵਿੱਤਰ ਮੰਨਿਆ ਜਾਂਦਾ ਹੈ।
ਪੁਰਾਤਨ ਸਮੇਂ ਵਿੱਚ ਭਾਰਤ ਦੇ ਹਰ ਹਿੱਸੇ ਵਿੱਚ ਪਾਣੀ ਦੇ ਸੰਤੋਖਜਨਕ ਸ੍ਰੋਤ ਸਨ। ਜਿੱਥੇ ਕਿਤੇ ਨਦੀਆਂ ਦਾ ਪਾਣੀ ਨਹੀਂ ਪਹੁੰਚਦਾ ਸੀ, ਉੱਥੇ ਤਲਾਬ, ਛੱਪੜਾਂ, ਖੂਹਾਂ ਆਦਿ ਦੇ ਨਿਰਮਾਣ ਨਾਲ ਪਾਣੀ ਦੀ ਸੰਭਾਲ ਕੀਤੀ ਜਾਂਦੀ ਸੀ। ਪਰ ਅੱਜ ਸਾਡੇ ਦੇਸ਼ ਲਈ ਪਾਣੀ ਦਾ ਸੰਕਟ ਇਕ ਚੁਣੌਤੀ ਦਾ ਰੂਪ ਧਾਰ ਗਿਆ ਹੈ। ਪਾਣੀ ਦੀ ਸਮੱਸਿਆ ਸਾਡੇ ਦੇਸ਼ ਦੀ ਕੀ, ਸਾਰੇ ਸੰਸਾਰ ਦੀ ਸਮੱਸਿਆ ਬਣ ਗਈ ਹੈ। ਕਦੇ-ਕਦੇ ਇਹ ਖਦਸ਼ੇ ਸੱਚ ਲੱਗਣ ਲੱਗਦੇ ਹਨ ਕਿ ਤੀਜੀ ਸੰਸਾਰ ਜੰਗ ਪਾਣੀ ਵਾਸਤੇ ਹੋਵੇਗੀ।
ਖੈਰ ! ਆਪਾਂ ਦੁਨੀਆ ਭਰ ਦੀ ਚਿੰਤਾ ਨੂੰ ਦਰਕਿਨਾਰ ਕਰਕੇ, ਪਹਿਲਾਂ ਪੰਜਾਬ ਦੀ ਗੱਲ ਕਰੀਏ। ਗੁਰੂਆਂ, ਪੀਰਾਂ, ਦੀ ਵਰੋਸਾਈ ਇਸ ਧਰਤੀ ਨੂੰ ਕਦੇ ਪੰਜ-ਆਬ (ਪੰਜ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਕਦੇ ਇਥੋਂ ਦੀ ਜਰਖੇਜ਼ ਜ਼ਮੀਨ ਅਤੇ ਅੰਮ੍ਰਿਤ ਵਰਗੇ ਪਾਣੀ ਦੀਆਂ ਸਿਫਤਾਂ ਸਾਰਾ ਜੱਗ ਕਰਦਾ ਸੀ। ਪੁਰਾਣੇ ਸਮਆਂਿ ’ਚ ਬੇਸ਼ਕ ਅੱਜ ਵਾਂਗੂੰ ਨਹਿਰਾਂ ਨਹੀਂ ਸਨ ਹੁੰਦੀਆਂ, ਪਰ ਫਿਰ ਵੀ ਫਸਲਾਂ ਦੀ ਸਿੰਚਾਈ ਅਤੇ ਘਰੇਲੂ ਵਰਤੋਂ ਲਈ ਚੋਖਾ ਪਾਣੀ ਉਪਲਬਧ ਸੀ। ਸਾਡੇ ਪੰਜਾਬੀ ਲੋਕ ਡਿੱਗੀਆਂ, ਚੋਆਂ, ਛੱਪੜਾਂ, ਟੋਇਆਂ, ਤਲਾਬਾਂ ਅਤੇ ਖੂਹਾਂ ਦਾ ਪਾਣੀ ਪੀਣ, ਨਹਾਉਣ, ਭੋਜਨ ਬਣਾਉਣ ਅਤੇ ਫਸਲਾਂ ਦੀ ਸਿੰਚਾਈ ਲਈ ਵਰਤਦੇ ਸਨ। ਇਹ ਪਾਣੀ ਸਾਫ-ਸੁਥਰਾ ਨਿਰਮਲ ਅੰਮ੍ਰਿਤ ਵਰਗਾ ਹੁੰਦਾ ਸੀ। ਮੌਸਮ ਅਨੁਸਾਰ ਬਾਰਿਸ਼ਾਂ ਹੁੰਦੀਆਂ ਸਨ, ਜਿਸ ਨਾਲ ਜਿੱਥੇ ਜੀਵ-ਜੰਤੂਆਂ ਅਤੇ ਪੇੜ-ਪੌਧਿਆਂ ਦੀ ਪਿਆਸ ਬੁੱਝਦੀ, ਉਥੇ ਸਤਹੀ ਅਤੇ ਭੂਮੀਗਤ ਪਾਣੀ ਦਾ ਸੰਤੁਲਨ ਵੀ ਬਣਿਆ ਰਹਿੰਦਾ ਸੀ।
ਵਿਗਿਆਨਕ ਅਤੇ ਪਦਾਰਥਕ ਉੱਨਤੀ ਕਾਰਨ ਸਮਾਂ ਬਦਲਦਾ ਗਿਆ। ਖੇਤੀਬਾੜੀ ਖੋਜਾਂ ਨੇ ਪਾਸਾ ਹੀ ਪਲਟ ਦਿੱਤਾ। ਪੰਜਾਬ ਵਿੱਚ ਹਰੀ ਕ੍ਰਾਂਤੀ ਆ ਗਈ। ਸੰਨ 1965 ਤੋਂ ਬਾਅਦ ਜਦੋਂ ਫਸਲਾਂ ਦੀਆਂ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਘਣੀ ਖੇਤੀ ਸ਼ੁਰੂ ਹੋਈ, ਤਾਂ ਪੰਜਾਬ ਦਾ ਕਿਸਾਨ ਆਰਥਕ ਪੱਖੋਂ ਖੁਸ਼ਹਾਲ ਹੋਣਾ ਸ਼ੁਰੂ ਹੋ ਗਿਆ। ਪਰ ਸਾਡੀ ਇਸ ਉਤਪਾਦਨ ਵਧਾਉਣ ਦੀ ਹਵਸ ਨੇ ਸਾਡੇ ਕੁਦਰਤੀ ਸ੍ਰੋਤ ਪਾਣੀ ਦੀ ਮਿਕਦਾਰ ਅਤੇ ਗੁਣਵੱਤਾ ਹੇਠਾਂ ਲੈ ਆਂਦੀ। ਅਸੀਂ ਧਰਤੀ ਦੇ ਉੱਪਰਲੇ ਅਤੇ ਹੇਠਲੇ ਪਾਣੀ ਨੂੰ ਖਾਲੀ ਕਰ ਦਿੱਤਾ। ਭੂਮੀਗਤ ਪਾਣੀ ਦਾ ਸਤਰ ਹੇਠਾਂ ਜਾਣਾ ਸ਼ੁਰੂ ਹੋ ਗਿਆ।

ਪਾਣੀ ਦੀ ਬੇਕਦਰੀ ਅਤੇ ਦੁਰਵਰਤੋਂ ਦਾ ਇਹ ਸਿਲਸਿਲਾ ਲਗਾਤਾਰ ਕਈ ਦਹਾਕੇ ਚਲਦਾ ਰਿਹਾ ਅਤੇ ਅੱਗੋਂ ਇਹ ਪੰਜਾਬ ਵਿੱਚ ‘ਪਾਣੀ ਦੇ ਸੰਕਟ’ ਦਾ ਰੂਪ ਧਾਰਨ ਕਰ ਗਿਆ ਹੈ। ਅੱਜ ਪੰਜਾਬ ਰੇਗਿਤਸਾਨ ਬਣਨ ਵੱਲ ਵੱਧ ਰਿਹਾ ਹੈ। ਬਾਰਿਸ਼ਾਂ ਦੀ ਘਾਟ ਕਰਕੇ ਸਤਹੀ (ਧਰਤੀ ਉੱਪਰਲੇ) ਪਾਣੀ ਦੀ ਘਾਟ ਹੋ ਗਈ ਹੈ। ਮਜਬੂਰੀ ਵੱਸ ਧਰਤੀ ਹੇਠਲਾ ਪਾਣੀ ਘਰੇਲੂ ਅਤੇ ਫਸਲੀ ਵਰਤੋਂ ਲਈ ਵਰਤਣਾ ਪੈ ਰਿਹਾ ਹੈ। ਇਸ ਪਾਣੀ ਦੀ ਸਤਹ ਤਾਂ ਪੰਜਾਬ ਦੇ ਕਈ ਭਾਗਾਂ (ਮੋਗਾ, ਸੰਗਰੂਰ ਆਦਿ) ਵਿੱਚ ਤਾਂ 200 ਫੁੱਟ ਤੋਂ ਲੈ ਕੇ 250 ਫੁੱਟ ਤੀਕ ਹੇਠਾਂ ਚਲੀ ਗਈ ਹੈ। ਪੰਜਾਬ ਦਾ ਮਾਲਵਾ ਖੇਤਰ (ਬਠਿੰਡਾ, ਮਾਨਸਾ, ਸੰਗਰੂਰ) ਦਾ ਧਰਤੀ ਹੇਠਲਾ ਪਾਣੀ ਵਿਸ਼ੈਲਾ ਹੋ ਗਿਆ ਹੈ। ਪਿੱਛੇ ਜਿਹੇ ਬਠਿੰਡੇ ਜ਼ਿਲੇ ਦੇ ਪਿੰਡ ਜੱਜਲ, ਗਿਆਨਾ, ਫੁਲੋਖਾਰੀ ਆਦਿ ਪਿੰਡਾਂ ਵਿੱਚ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਫੈਲਣ ਦੀਆਂ ਦਿਲ-ਕੰਬਾਊ ਖਬਰਾਂ ਆਉਂਦੀਆਂ ਰਹੀਆਂ ਹਨ। ਹੁਣ ਮਾਝੇ ਦੇ ਜ਼ਿਲੇ ਤਰਨ ਤਾਰਨ ਤੋਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ। ਦੂਸ਼ਿਤ ਪਾਣੀ ਪੀਣ ਕਾਰਨ ਸਮੁੱਚੇ ਪੰਜਾਬ ਵਿੱਚ ਕਾਲੇ ਪੀਲੀਏ ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਪਾਣੀ ਦੇ ਡਿੱਗਦੇ ਸਤਰ ਕਾਰਨ ਕਿਸਾਨ ‘ਮੱਛੀ ਮੋਟਰਾਂ’ (submersible pump) ਲਗਾਉਣ ਲਈ ਮਜਬੂਰ ਹੋ ਗਏ ਹਨ।
ਸਿੰਚਾਈ ਲਈ ਵਰਤਿਆ ਜਾਣ ਵਾਲਾ ਇਹ ਡੂੰਘਾ ਪਾਣੀ ਸਾਡੀ ਜਰਖ਼ੇਜ਼ ਜ਼ਮੀਨ ਨੂੰ ਕਲਰ ਅਤੇ ਬੰਜਰ ਬਣਾ ਰਿਹਾ ਹੈ। ਮਿੱਟੀ ’ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਕਾਰਨ ਅਨਾਜ, ਦਾਲਾਂ, ਸਬਜ਼ੀਆਂ; ਇਥੋਂ ਤੱਕ ਕਿ ਹਰੇ ਚਾਰੇ ਵਿੱਚ ਵੀ ਜ਼ਹਿਰੀਲਾ ਮਾਦਾ ਵੱਧ ਰਿਹਾ ਹੈ ਜੋਕਿ ਮਨੁੱਖ ਅਤੇ ਪਸ਼ੂਆਂ ’ਤੇ ਵੀ ਮਾਰੂ ਅਸਰ ਪਾ ਰਿਹਾ ਹੈ। ਰਹਿੰਦੀ-ਖੂੰਹਦੀ ਕਸਰ ਅਸੀਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਕੱਢੀ ਜਾਂਦੇ ਹਾਂ।
ਪੰਜਾਬ ’ਚ ਪੈਦਾ ਹੋਇਆ ਇਹ ਪਾਣੀ ਦਾ ਸੰਕਟ ਕੋਈ ਥੋੜੀ ਅਵਧੀ ਦੀਆਂ ਗਲਤੀਆਂ ਦਾ ਨਤੀਜਾ ਨਹੀਂ ਹਨ। ਅਸਲ ਵਿੱਚ ਅਸੀਂ ਪਾਣੀ ਨੂੰ ‘ਮੁਫ਼ਤ ਦੀ ਚੀਜ਼’ ਸਮਝਦਿਆਂ, ਇਸਦੇ ਮਹੱਤਵ ਨੂੰ ਅਣਗੌਲਿਆ ਕਰਦਿਆਂ, ਲੰਮੇਂ ਸਮੇਂ ਤੋਂ ਇਸ ਕੁਦਰਤੀ ਦਾਤ ਦੀ ਰੱਜ ਕੇ ਬੇਕਦਰੀ ਅਤੇ ਦੁਰਵਰਤੋਂ ਕੀਤੀ ਹੈ ਅਤੇ ਅੱਜ ਵੀ ਕਰ ਰਹੇ ਹਾਂ। ਅੱਜ ਵੀ ਸ਼ਹਿਰਾਂ ਦੀਆਂ ਕਲੋਨੀਆਂ ਵਿੱਚ ਲੋਕਾਂ ਦੇ ਘਰਾਂ ਦੀਆਂ ਅਤੇ ਸਰਕਾਰੀ ਟੂਟੀਆਂ ਖੁੱਲ੍ਹੀਆਂ ਹੀ ਚੱਲਦੀਆਂ ਰਹਿੰਦੀਆਂ ਹਨ। ਫਰਸ਼ ਅਤੇ ਫਲੱਸ਼ਾਂ ਧੋਣ ਜਿਹੇ ਕੰਮਾਂ ’ਤੇ ਵੀ ਸੈਂਕੜੇ ਲੀਟਰ ਪਾਣੀ ਰੋਜ਼ ਡੋਲ੍ਹਿਆ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਦਰਵਾਜਿਆਂ ਅੱਗੇ ਬਿਨਾਂ ਮਤਲਬ ਪਾਣੀ ਛਿੜਕਦੇ ਅਤੇ ਕਾਰ-ਸਕੂਟਰ ਧੋਂਦੇ ਆਮ ਵੇਖੇ ਜਾ ਸਕਦੇ ਹਨ। ਨਹਾਉਣ ਲਈ ਬਾਲਟੀ ਜਾਂ ਟੱਬ ਦੀ ਬਜਾਏ ਸ਼ਾਵਰਾਂ (ਫੁਹਾਰਿਆਂ) ਰਾਹੀਂ ਵਾਧੂ ਪਾਣੀ ਡੋਲ੍ਹਿਆ ਜਾਂਦਾ ਹੈ। ਇਸ ਤਰ੍ਹਾਂ ਸ਼ਹਿਰੀ ਲੋਕ ਪਾਣੀ ਨੂੰ ਬਹੁਤ ਵਿਅਰਥ ਗੁਆਉਂਦੇ ਹਨ।
ਦੂਜੀ ਗੱਲ, ਪ੍ਰਦੂਸ਼ਣ ਦੇ ਵਧਣ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਬਾਰਿਸ਼ਾਂ ਬਹੁਤ ਘੱਟ ਪੈਣ ਲੱਗ ਪਈਆਂ ਹਨ। ਹਰਿਆਵਲਾਂ ਦੀ ਥਾਂ ’ਤੇ ਕੰਕਰੀਟ ਦੇ ਜੰਗਲ ਉੱਗ ਰਹੇ ਹਨ। ਜੇ ਬਾਰਿਸ਼ ਹੁੰਦੀ ਹੈ, ਤਾਂ ਉਸਦਾ ਪਾਣੀ ਸੰਭਾਲ-ਖੁਣੋਂ ਅਜਾਈਂ ਚਲਾ ਜਾਂਦਾ ਹੈ। ਟੋਭੇ, ਚੋਅ, ਛੱਪੜ ਅਤੇ ਰੱਦੀ ਨਾਲੇ ਪੂਰ ਦਿੱਤੇ ਗਏ ਹਨ, ਜਿਸ ਕਰਕੇ ਧਰਤੀ ਹੇਠਲੇ ਪਾਣੀ ਦੀ ਰਿਚਾਰਜਿੰਗ ਰੁਕ ਗਈ ਹੈ। ਕਿਸਾਨਾਂ ਵੱਲੋਂ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਨਾ ਛੱਡਣ ਅਤੇ ਵੱਧ ਉਪਜ ਲੈਣ ਦੀ ਹਵਸ ਨੇ ਪਾਣੀ ਦੇ ਸਤਰ ਅਤੇ ਗੁਣਵੱਤਾ ਨੂੰ ਬਹੁਤ ਹੇਠਾਂ ਡੇਗ ਦਿੱਤਾ ਹੈ।
ਜਿਥੋਂ ਤੀਕ ਗੱਲ ਹੈ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੀ, ਉਹ ਵੀ ਕਾਰਖਾਨਿਆਂ ਦੇ ਕੂੜੇ-ਕਰਕਟ, ਸੀਵਰੇਜ ਦੇ ਗੰਦ ਦੀ ਮਿਲਾਵਟ ਅਤੇ ਰਸਾਇਣਕ ਖਾਦਾਂ, ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨੇ ਪਲੀਤ ਕਰ ਦਿੱਤਾ ਹੈ। ਅੱਜ ਸਾਡੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ ਮੁਹੱਈਆ ਨਹੀਂ ਹੈ। ਇਸਦਾ ਫਾਇਆ ਚੁੱਕਦਿਆਂ ਕਈ ਪ੍ਰਾਈਵੇਟ ਕੰਪਨੀਆਂ ਪਾਣੀ ਦਾ ਤਕੜਾ ਕਾਰੋਬਾਰ ਕਰ ਰਹੀਆਂ ਹਨ। ਅੱਜ ਬਜ਼ਾਰ ਵਿੱਚ ਇਕ ਲੀਟਰ ਪਾਣੀ ਦੀ ਬੋਤਲ 10 ਰੁਪਏ ਤੋਂ ਲੈ ਕੇ 20 ਰੁਪਏ ਤੀਕ ਵਿਕ ਰਹੀ ਹੈ। ‘ਸ਼ੁੱਧ’ ਅਤੇ ‘ਸਾਫ’ ਪਾਣੀ ਵੇਚਣ ਦਾ ਦਾਅਵਾ ਕਰਨ ਵਾਲੀਆਂ ਇਹ ਕੰਪਨੀਆਂ ਸਾਡੇ ਕੁਦਰਤੀ ਸੋਮਿਆਂ ਦਾ ਸ਼ੋਸ਼ਣ ਕਰਕੇ ਮੋਟੀਆਂ ਕਮਾਈਆਂ ਕਰ ਰਹੀਆਂ ਹਨ।
ਸਰਕਾਰਾਂ ਵੀ ਆਪਣੇ ਨੈਤਿਕ ਫਰਜ਼ਾਂ (ਜਿਨ੍ਹਾਂ ’ਚ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣਾ, ਇਸਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ) ਤੋਂ ਭੱਜ ਰਹੀਆਂ ਹਨ। ਪ੍ਰਾਈਵੇਟ ਕੰਪਨੀਆਂ ਨੂੰ ਵੱਡੇ-ਵੱਡੇ ਠੇਕੇ ਦਿੱਤੇ ਜਾ ਰਹੇ ਹਨ। ਇਹ ਕੰਪਨੀਆਂ ਸਾਡੀਆਂ ਨਹਿਰਾਂ ਕਿਨਾਰੇ ਆਪਣੇ ਪਾਣੀ ਸ਼ੁੱਧ ਕਰਨ ਵਾਲੇ ਅਖੌਤੀ ਪਲਾਂਟ ਲਗਾ ਕੇ, ਸਾਡਾ ਹੀ ਪਾਣੀ, ਸਾਡੇ ਹੀ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚ ਰਹੀਆਂ ਹਨ। ਪਿੱਛੇ ਜਿਹੇ ਮੁਕਤਸਰ ਜ਼ਿਲੇ ’ਚ ਇਕ ਅਜਿਹੀ ਕੰਪਨੀ ਨੂੰ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਦਾ ਠੇਕਾ ਦਿੱਤਾ ਗਿਆ ਹੈ। ਇਹ ਕੰਪਨੀ 30 ਲੀਟਰ ਪਾਣੀ 20 ਰੁਪਏ ’ਚ ਵੇਚ ਰਹੀ ਹੈ। ਇਸ ਤਰ੍ਹਾਂ ‘ਸਾਡੇ ਸਿਰ ’ਤੇ ਸਾਡੀਆਂ ਹੀ ਜੁੱਤੀਆਂ’ ਵੱਜਣ ਵਾਲੀ ਸਥਿਤੀ ਕਾਇਮ ਹੋ ਗਈ ਹੈ। ਅਜਿਹਾ ਵਰਤਾਰਾ ਪੰਜਾਬ ਦੇ ਬਾਕੀ ਪਿੰਡਾਂ ’ਚ ਵੀ ਆਉਣ ਵਾਲੇ ਸਮੇਂ ’ਚ ਵੇਖਣ ਜਾਂ ਸੁਣਨ ਨੂੰ ਮਿਲੇਗਾ।
ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਫ ਪਾਣੀ ਦੀ ਉਪਲਬਧਤਾ ਕਿੰਨੀ ਮੁਸ਼ਕਿਲ ਅਤੇ ਮਹਿੰਗੀ ਹੋ ਗਈ ਹੈ। ਇਸੇ ਕਾਰਨ ਸ਼ਹਿਰਾਂ ਵਿੱਚ ਪੀਣ ਦੇ ਸਾਫ ਪਾਣੀ ਦੀ ਅਣਹੋਂਦ ਕਾਰਨ, ਪਾਣੀ ਸਾਫ ਕਰਨ ਵਾਲੇ ਫਿਲਟਰ ‘‘ਆਰ.ਓ.’’ (ਰਿਵਰਸ ਓਸਮਾਸਿਜ਼) ਦਾ ਭਾਰੀ ਪ੍ਰਚਲਨ ਹੋ ਗਿਆ ਹੈ। ਵੱਖ-ਵੱਖ ਕੰਪਨੀਆਂ ਆਪੋ-ਆਪਣੇ ਫਿਲਟਰਾਂ ਦੀ ਮਸ਼ਹੂਰੀ ਕਰ ਰਹੀਆਂ ਹਨ। ਪਰ ਅਜਿਹੇ ਯੰਤਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ ਅਤੇ ਇਹ ਕੱਚੇ ਪਾਣੀ ਦੇ ਵੱਡੇ ਹਿੱਸੇ ਨੂੰ ਜ਼ਾਇਆ ਕਰ ਦਿੰਦੇ ਹਨ।
ਸੋ, ਆਉਣ ਵਾਲਾ ਸਮਾਂ ਬੜਾ ਚਿੰਤਾਜਨਕ ਅਤੇ ਭਿਆਨਕ ਹੋਵੇਗਾ। ਪੰਜਾਬ ਦਾ ਪਾਣੀ ਸੰਕਟ ਇਕ ਚੁਣੌਤੀ ਬਣ ਗਿਆ ਹੈ। ਇਹ ਸੰਕਟ ਆਪਣੇ ਭਵਿੱਖ ਦੇ ਗਰਭ ਅੰਦਰ ਅਨੇਕਾਂ ਸਮਾਜਕ ਤੇ ਆਰਥਕ ਵਾਦ-ਵਿਵਾਦ ਅਤੇ ਝਗੜੇ ਛੁਪਾਈ ਬੈਠਾ ਹੈ। ਇਸਦੇ ਵਿੱਚ ਹੀ ਆਮ ਆਦਮੀ ਦੀ ਤ੍ਰਾਸਦਿਕ ਹੋਣੀ ਛੁਪੀ ਹੋਈ ਹੈ। ਇਹ ਵੇਲਾ ਅਵੇਸਲੇ ਰਹਿਣ ਦਾ ਨਹੀਂ, ਸੋਚਣ ਅਤੇ ਕੁਝ ਕਰਨ ਦਾ ਹੈ। ਆਓ ! ਰਲ ਕੇ ਸਾਰੇ ਉਦਮ ਕਰੀਏ। ਕੁਦਰਤ ਦੀ ਅਮੁੱਲੀ ਦਾਤ ਪਾਣੀ ਨੂੰ ਸਾਂਭੀਏ ਅਤੇ ਇਸਦੀ ਗੁਣਵੱਤਾ ਨੂੰ ਉੱਚਾ ਚੁੱਕੀਏ। ਉਨ੍ਹਾਂ ਲੋਕਾਂ/ਸੰਸਥਾਵਾਂ ਤੋਂ ਪ੍ਰੇਰਨਾ ਲਈਏ ਜੋ ਇਸ ਨੇਕ ਕੰਮ ਲਈ ਹੰਭਲੇ ਮਾਰ ਰਹੇ ਹਨ। ਬਾਬਾ ਬਲਬੀਰ ਸਿੰਘ ਸੀਚੇਵਾਲ ਸਾਡੇ ਲਈ ਇਕ ਮਿਸਾਲ ਹਨ।
ਅਸੀਂ ਵੀ ਜ਼ਿੰਦਗੀ ਦੀ ਹੋਂਦ ਅਤੇ ਰੱਖਿਆ ਦਾ ਅਧਾਰ ਬਣੇ ਪਾਣੀ ਨੂੰ ਸਾਂਭੀਏ, ਇਸਦੀ ਕਦਰ ਕਰੀਏ, ਇਸਦੀ ਪਾਕੀਜ਼ਗੀ ਨੂੰ ਬਰਕਰਾਰ ਰੱਖੀਏ। ਆਪਣੇ ਪੰਜਾਬ ਨੂੰ ਫਿਰ ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਈਏ। ਇਸ ਵਿੱਚ ਹੀ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੁਰੱਖਿਅਤ ਹੋ ਸਕੇਗਾ। ਨਹੀਂ ਤਾਂ, ਕਿਤੇ ਕਿਸੇ ਸ਼ਾਇਰ ਦਾ ਇਹ ਤੌਖਲਾ ਸੱਚ ਨਾ ਹੋ ਜਾਵੇ ਕਿ :
ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ,
ਰੂਹਾਂ-ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ।
ਪਹਿਲਾਂ ਨਦੀਆਂ ਦੀ ਫਿਕਰ ਸੀ ਹੁਣ ਜਾਪਦੈ,
ਏਥੇ ਨੈਣਾਂ ਦੇ ਪਾਣੀ ਹੀ ਮੁੱਕ ਜਾਣਗੇ।