Subscription About Us Contact Us


ਮੱਕੜ ਦਾ ਅਖੌਤੀ ਸੰਤ-ਸਿਪਾਹੀ ਪ੍ਰਕਾਸ਼ ਸਿੰਘ ਬਾਦਲ

- ਜੋਗਿੰਦਰ ਸਿੰਘ -

ਪਿਛਲੇ ਦਿਨਾਂ ਵਿੱਚ ਪੰਥਕ ਮੀਡੀਏ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.), ਜਿਸਦਾ ਮੌਜੂਦਾ ਹਾਲਾਤ ਵਿੱਚ ਨਾਂ ਸ਼੍ਰੋਮਣੀ ਗੋਲਕਚੋਰ ਪ੍ਰਾਈਵੇਟ ਕੰਪਨੀ ਹੀ ਢੁੱਕਵਾਂ ਲਗਦਾ ਹੈ, ਦੇ ਪ੍ਰਧਾਨ ਅਵਤਾਰ ਸਿੰਘ ‘ਮੱਕੜ’ ਦਾ ਬਿਆਨ ਚਰਚਾ ਵਿੱਚ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਸੰਤ ਸਿਪਾਹੀ’ ਦਾ ਦਰਜਾ ਦਿੱਤਾ ਹੈ। ਇਸੇ ਬਿਆਨ ਦੇ ਦੂਜੇ ਹਿੱਸੇ ਵਿੱਚ ਮੱਕੜ ਜੀ ਨੇ ਬਾਦਲ ਪਰਵਾਰ ਨੂੰ ‘ਗੁਰੂ ਘਰ’ ਦਾ ਸ਼ਰਧਾਲੂ ਦੱਸਿਆ ਹੈ। ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਨੀਂਦ ਨਹੀਂ ਆ ਰਹੀ ਸੀ ਕਿ ਪੰਥਕ ਅਖਵਾਉਣ ਵਾਲੇ ਲੀਡਰਾਂ ਨੂੰ ਆਖਿਰ ਹੋ ਕੀ ਗਿਆ ਹੈ? ਇਹ ਬਿਆਨ ਦੇਣ ਤੋਂ ਪਹਿਲਾਂ ਕੁਝ ਵੀ ਸੋਚਦੇ ਨਹੀਂ - ਆਪਣੇ ਅਹੁਦੇ ਦਾ ਵੀ ਖ਼ਿਆਲ ਨਹੀਂ ਰੱਖਦੇ।

ਖੈਰ, ਇਸੇ ਮਸਲੇ ਦੀ ਉਧੇੜ-ਬੁਣ ਵਿੱਚ ਨੀਂਦ ਆ ਗਈ। ਸਿਆਣੇ ਕਹਿੰਦੇ ਹਨ ਕਿ ਬੰਦਾ ਸੌਣ ਤੋਂ ਪਹਿਲਾਂ ਜਿਸ ਗੱਲ ਬਾਰੇ ਸੋਚਦਾ ਹੈ, ਉਸੇ ਨਾਲ ਸਬੰਧਿਤ ਸੁਪਣਾ ਆ ਜਾਂਦਾ ਹੈ। ਮੇਰੇ ਸੁਪਣੇ ਵਿੱਚ ਵੀ ਮੱਕੜ ਜੀ ਆ ਗਏ। ਮੈਂ ਕਿਹਾ, ‘ਗੁਰਮੁਖੋ’, ਇਹ ਕੀ ਬਿਆਨ ਦੇਈ ਜਾਂਦੇ ਹੋ? ਉਹ ਬੋਲੇ, ‘‘ਤੈਨੂੰ ਪਤਾ ਹੈ ਕਿ ਹਿੰਦੀ ਫਿਲਮਾਂ ਵਿੱਚ ਇਕ ਲਹਿਰ ਚੱਲੀ ਸੀ, ਜਿਸ ਵਿੱਚ ਫਿਲਮ ਵਿੱਚ ਦਵੈ-ਅਰਥੀ ਸੰਵਾਦ (ਡਾਇਲਾਗ) ਹੁੰਦੇ ਸਨ। ਉਨ੍ਹਾਂ ਫਿਲਮਾਂ ਵਿੱਚ ਇਕ ਡਾਇਲਾਗ ਦੇ ਦੋ ਮਤਲਬ ਨਿਕਲਦੇ ਸਨ - ਇਕ ਸਾਧਾਰਨ ਤੇ ਦੂਜਾ ਅਸ਼ਲੀਲ। ਮੈਂ ਵੀ ਬਾਦਲ ਸਾਹਿਬ ਨੂੰ ਉਸੇ ਅੰਦਾਜ਼ ਵਿੱਚ ‘ਸੰਤ ਸਿਪਾਹੀ’ ਅਤੇ ਬਾਦਲ ਪਰਵਾਰ ਨੂੰ ‘ਗੁਰੂ ਘਰ ਦਾ ਸ਼ਰਧਾਲੂ’ ਕਿਹਾ ਹੈ। ਹੁਣ ਜੇ ਇਸ ਬਿਆਨ ਦੇ ਇਕ ਅਰਥ ਨਾਲ ਜੇਕਰ ਮੇਰੇ ’ਤੇ ਬਾਦਲ ਸਾਹਿਬ ਦੀ ਕ੍ਰਿਪਾ ਦ੍ਰਿਸ਼ਟੀ ਪੈ ਜਾਏ, ਤਾਂ ਕੀ ਗਲਤ ਹੈ? ਇਸ ਨਾਲ ਹੋ ਸਕਦਾ ਹੈ ਕਿ ਮੈਨੂੰ ਇਕ-ਦੋ ਸਾਲ ਹੋਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਮਿਲੀ ਰਹੇ। ਦੂਜੀ ਤਰਫ਼, ਤੁਹਾਡੇ ਵਰਗੇ ਪੰਥ-ਦਰਦੀ ਇਸ ਬਿਆਨ ਦਾ ਅਰਥ ਉਹੀ ਕਿਉਂ ਕੱਢ ਰਹੇ ਹਨ, ਜੋ ਬਾਦਲ ਸਾਹਿਬ ਸਮਝ ਰਹੇ ਹਨ - ਤੁਸੀਂ ਬਿਆਨ ਦੇ ਦੂਜੇ ਅਰਥ ਕੱਢ ਲਵੋ। ਤੁਸੀਂ ਵੀ ਖੁਸ਼ ਤੇ ਬਾਦਲ ਸਾਹਿਬ ਵੀ ਖੁਸ਼। ਨਾਲੇ ਮੇਰੀ ਤਾਂ ਪਦਵੀ ਵੀ ਅਜਿਹੀ ਹੈ ਕਿ ਸਾਰਿਆਂ ਨੂੰ ਖੁਸ਼ ਰੱਖਣਾ ਪੈਂਦਾ ਹੈ।’’

ਫਿਰ ਜੱਥੇਦਾਰ ਮੱਕੜ ਸਾਹਿਬ ਨੇ ‘ਸੰਤ ਸਿਪਾਹੀ’ ਅਤੇ ‘ਗੁਰੂ ਘਰ ਦੇ ਸ਼ਰਧਾਲੂ’ ਦੇ ਦੂਜੇ ਅਰਥ ਵੀ ਸਮਝਾਏ। ਮੱਕੜ ਜੀ ਨੇ ਖ਼ਾਸ ਹਦਾਇਤ ਕੀਤੀ ਕਿ ਇਨ੍ਹਾਂ ਦੂਜੇ ਅਰਥਾਂ ਬਾਰੇ ਮੈਂ ਆਮ ਲੋਕਾਂ ਨੂੰ ਜਾਣਕਾਰੀ ਨਾ ਦੇਵਾਂ, ਵਰਨਾ ਬਾਦਲ ਸਾਹਿਬ ਨਰਾਜ਼ ਹੋ ਸਕਦੇ ਹਨ। ਪਰ ਮੀਡੀਆ ਵਿੱਚ ਰੋਜ਼ ਮੱਕੜ ਸਾਹਿਬ ਦੇ ਵਿਰੋਧ ਵਿੱਚ ਆ ਰਹੇ ਬਿਆਨਾਂ ਨੂੰ ਵੇਖ ਕੇ ਮੈਥੋਂ ਰਿਹਾ ਨਹੀਂ ਗਿਆ। ਇਸ ਕਰਕੇ ਪਾਠਕਾਂ ਨਾਲ ਸੰਤ ਸਿਪਾਹੀ ਅਤੇ ਗੁਰੂ ਘਰ ਦੇ ਸ਼ਰਧਾਲੂ ਦੇ ਦੂਜੇ ਅਰਥ ਸਾਂਝੇ ਕਰ ਰਿਹਾ ਹਾਂ। ਮੱਕੜ ਜੀ ਕੋਲੋਂ ਰਾਤੀਂ ਸੁਪਣੇ ਵਿੱਚ ਹੀ ਇਸਦੇ ਵਾਸਤੇ ਮੁਆਫੀ ਵੀ ਮੰਗ ਲਵਾਂਗਾ। ਆਉ ਦੂਜੇ ਅਰਥ ਸਮਝੀਏ।

ਗੁਰਬਾਣੀ ਵਿੱਚ ‘ਸੰਤ’ ਲਫ਼ਜ਼ ਹਾਂ-ਪੱਖੀ ਅਰਥਾਂ ਵਿੱਚ ਪਰਮਾਤਮਾ, ਗੁਰੂ ਜਾਂ ਸਾਧ-ਸੰਗਤਿ ਲਈ ਹੀ ਵਰਤਿਆ ਗਿਆ ਹੈ - ਕਿਸੇ ਮਨੁੱਖ ਵਾਸਤੇ ਨਹੀਂ। ਪਰ ਨਾਂਹ-ਪੱਖੀ ਅਰਥਾਂ ਵਿੱਚ ਸੰਤ ਲਫ਼ਜ਼ ਮਨੁੱਖਾਂ ਵਾਸਤੇ ਹੀ ਵਰਤਿਆ ਗਿਆ ਹੈ। ਗੁਰਵਾਕ ਹੈ :

ਐਸੇ ਸੰਤ ਨ ਮੋ ਕਉ ਭਾਵਹਿ।।
ਡਾਲਾ ਸਿਉ ਪੇਡਾ ਗਟਕਾਵਹਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 476)

ਇਸੇ ਗੁਰਵਾਕ ਵਿੱਚ ਜ਼ਿਕਰ ਹੈ :

ਉਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।

ਭਾਵ, ਉਹ ਲੋਕ ਜਿਨ੍ਹਾਂ ਨੂੰ (ਬਾਹਰੀ ਭੇਖ ਕਾਰਨ) ਸੱਚ ਤੋਂ ਭਟਕੇ ਲੋਕ ‘ਸੰਤ’ ਸਮਝਦੇ ਹਨ, ਉਹ ਅਸਲ ਵਿੱਚ ਲੁਟੇਰੇ (ਬਨਾਰਸ ਦੇ ਠੱਗ) ਹੁੰਦੇ ਹਨ। ਉਹ ਪ੍ਰਭੂ ਦੇ ਅਸਲੀ ਭਗਤ ਨਹੀਂ ਹੁੰਦੇ। ਅੱਜਕਲ ਦੇ 99 ਫੀਸਦੀ ਸੰਤ-ਬਾਬੇ ਇਸੇ ਸ਼੍ਰੋਣੀ ਦੇ ‘ਸੰਤ’ ਹਨ। ਜਿਨ੍ਹਾਂ ਵਿੱਚ ਕਿਸੇ-ਕਿਸੇ ਜਿਵੇਂ ਸੌਦੇ ਵਾਲਾ ਸਾਧ, ਭਨਿਆਰੇ ਵਾਲਾ ਆਦਿ। ਸਿੱਖ ਸਮਾਜ ਵਿੱਚ ਵੀ ਅਜਿਹੇ ਹਜ਼ਾਰਾਂ ਪਖੰਡੀ ਸੰਤ ਹਨ। ਜਿਵੇਂ ਦਲਜੀਤ ਸਿੰਘ ਸ਼ਿਕਾਗੋ, ਸ਼ਮਸ਼ੇਰ ਸਿੰਘ ਜਗੇੜਾ, ਮਾਨ ਸਿੰਘ ਪਿਹੋਵਾ ਆਦਿ। ਅਜਿਹੇ ਠੱਗਾਂ ਨੂੰ ਸੱਚ ਤੋਂ ਭਟਕੇ ਲੋਕ ਸੰਤ ਸਮਝਦੇ ਹਨ। ਹੁਣ ਬਾਦਲ ਸਾਹਿਬ ਨੂੰ ਮੱਕੜ ਜੀ ਨੇ ਇਸੇ ਸ਼੍ਰੇਮਣੀ ਦਾ ‘ਸੰਤ’ ਕਿਹਾ ਹੈ, ਤਾਂ ਇਸ ਵਿੱਚ ਕੀ ਗਲਤ ਹੈ?

ਇਕ ਹਵਨ ਵਿੱਚ ਭਾਗ ਲੈਂਦਿਆਂ ਅਖੌਤੀ ਸੰਤ-ਸਿਪਾਹੀ ਪ੍ਰਕਾਸ਼ ਸਿੰਘ ਬਾਦਲ

ਬਾਦਲ ਸਾਹਿਬ ਦੀ ਪਦਵੀ ਤਾਂ ਬਹੁਤ ਚੰਗੀ ਹੈ - ਪੰਜਾਬ ਦਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ (ਅਸਲ) ਪ੍ਰਧਾਨ। ਅਕਾਲੀ ਦਲ ਦੇ ਪ੍ਰਧਾਨ ਵਾਲੀ ਪਦਵੀ ਆਪਣੇ ਆਪ ਵਿੱਚ ਬਹੁਤ ਉੱਚੀ ਹੈ। ਇਸ ਪਦਵੀ ’ਤੇ ਬਹੁਤ ਚੰਗੇ-ਚੰਗੇ ਲੋਕ ਵੀ ਰਹੇ ਹਨ। ਪਰ ਬਾਦਲ ਸਾਹਿਬ ਦੇ ਸਾਰੇ ਕੰਮ ਕੌਮ ਨੂੰ ਠੱਗਣ ਵਾਲੇ ਹੀ ਹਨ। ਪਰ ਸੱਚ ਤੋਂ ਭਟਕੇ, ਸਵਾਰਥਾਂ ਵਿੱਚ ਗ੍ਰਸੇ ਉਨ੍ਹਾਂ ਦੇ ਸ਼ਰਧਾਲੂਆਂ ਵਾਸਤੇ ਤਾਂ ਬਾਦਲ ਸਾਹਿਬ ‘ਸੰਤ’ ਹੀ ਹਨ - ਭਾਵੇਂ ਬਨਾਰਸ ਦੇ ਠੱਗ ਵਾਲੀ ਸ਼੍ਰੇਣੀ ਦੇ ਹੀ ਸਹੀ !! ਹੁਣ ਸ਼ਾਇਦ ਪੰਥ-ਦਰਦੀਆਂ ਨੂੰ ਬਾਦਲ ਸਾਹਿਬ ਦੇ ‘ਸੰਤ’ ਹੋਣ ਦੇ ਮਾਇਨੇ ਸਪਸ਼ਟ ਹੋ ਗਏ ਹੋਣਗੇ।

ਹੁਣ ਗੱਲ ਕਰਦੇ ਹਾਂ ਦੂਜੇ ਲਕਬ ‘ਸਿਪਾਹੀ’ ਦੀ। ਇਹ ਕੋਈ ਜ਼ਰੂਰੀ ਨਹੀਂ ਕਿ ਹਰੇਕ ਸਿਪਾਹੀ ਬਹਾਦੁਰ ਅਤੇ ਕੌਮ-ਪ੍ਰਸਤ ਹੋਵੇ। ਅਸੀਂ ਆਮ ਹੀ ਸੁਣਦੇ ਹਾਂ (ਅਤੇ ਕਈ ਵਾਰ ਫਿਲਮਾਂ ਵਿੱਚ ਵੀ ਵਿਖਾਇਆ ਜਾਂਦਾ ਹੈ) ਕਿ ਜੰਗ ਦੇ ਸਮੇਂ ਕਈ ਸਿਪਾਹੀ ਲੜਾਈ ਦੇ ਡਰ ਤੋਂ ਸਾਬਣ ਦਾ ਘੋਲ ਪੀ ਕੇ ਬਿਮਾਰ ਪੈ ਜਾਂਦੇ ਹਨ ਅਤੇ ਹਸਪਤਾਲ ਵਿੱਚ ਦਾਖ਼ਲ ਹੋ ਜਾਂਦੇ ਹਨ। ਅਖਵਾਉਂਦੇ ਤਾਂ ਉਹ ਵੀ ਸਿਪਾਹੀ ਹੀ ਹਨ - ਭਾਵੇਂ ਡਰਪੋਕ ਅਤੇ ਭਗੌੜੇ ਸਿਪਾਹੀ ਹੀ ਸਹੀ। ਬਾਦਲ ਸਾਹਿਬ ਵੀ ਕੁਝ ਇਸੇ ਤਰ੍ਹਾਂ ਦੇ ਹੀ ਸਿਪਾਹੀ ਹਨ। ਬਚਪਣ ਵਿੱਚ ਅਸੀਂ ਸੁਣਦੇ ਸੀ ਕਿ ਬਾਦਲ ਸਾਹਿਬ ਨੇ ਟਰੱਕ ਡ੍ਰਾਈਵਰ ਦੇ ਭੇਸ ਵਿੱਚ ਦਿੱਲ ਜਾ ਕੇ ਸੰਵਿਧਾਨ ਦੀ ਧਾਰਾ 325 ਸਾੜੀ ਸੀ ਕਿਉਂਕਿ ਇਸ ਵਿੱਚ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਦਾ ਹੀ ਹਿੱਸਾ ਦੱਸਿਆ ਗਿਆ ਹੈ। ਅਨੰਦਪੁਰ ਸਾਹਿਬ ਦਾ ਮਤਾ ਵੀ ਇਨ੍ਹਾਂ ਦੀ ਸਹਿਮਤੀ ਨਾਲ ਹੀ ਤਿਆਰ ਤੇ ਪਾਸ ਹੋਇਆ ਸੀ। ਧਰਮ ਯੁੱਧ ਮੋਰਚੇ ਵਿੱਚ ਵੀ ਇਹ ਸ਼ਾਮਲ ਸਨ। ਜੂਨ 1984 ਵਿੱਚ ਸਿੱਖ ਫੌਜੀਆਂ ਨੂੰ ਬੈਰਕਾਂ ਛੱਡ ਕੇ ਆਉਣ ਦਾ ਹੋਕਾ ਵੀ ਇਨ੍ਹਾਂ ਨੇ ਹੀ ਦਿੱਤਾ ਸੀ। ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕਰਕੇ 1997 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਜਿੱਤੇ ਸਨ। ਹੋਰ ਕੀ-ਕੀ ਗਿਣਾਵਾਂ?

ਆਸ਼ੂਤੋਸ਼ ਨੂਰਮਹਿਲੀਏ ਦੇ ਚਰਨਾਂ ’ਚ ਸਿਜਦਾ ਕਰਦੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ

ਪਰ ਤੁਸੀਂ ਆਪ ਵੇਖ ਸਕਦੇ ਹੋ ਕਿ ਇਹ ਸਿਪਾਹੀ ਹਰ ਫਰੰਟ ਤੋਂ ਹੀ ਭਗੌੜਾ ਹੋਇਆ ਹੈ। ਅਨੰਦਪੁਰ ਸਾਹਿਬ ਦੇ ਮਤੇ ਤੋਂ ਭਗੌੜਾ, ਧਰਮ-ਯੁੱਧ ਮੋਰਚੇ ਤੋਂ ਭਗੌੜਾ, ਧਰਮੀ ਫੌਜੀਆਂ ਦੀ ਮਦਦ ਤੋਂ ਭਗੌੜਾ, ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਤੋਂ ਭਗੌੜਾ, ਆਦਿ। ਆਮ ਸਿਪਾਹੀ ਡਰ ਦੇ ਮਾਰੇ ਭਗੌੜਾ ਹੁੰਦਾ ਹੈ ਪਰ ਬਾਦਲ ਸਾਹਿਬ ਕਿਸੇ ਸਵਾਰਥ (ਸ਼ਾਇਦ ਮਾਇਆ ਅਤੇ ਪੁੱਤਰ ਮੋਹ) ਅਧੀਨ ਭਗੌੜੇ ਹੋਏ ਹਨ। ਹੋ ਸਕਦਾ ਹੈ ਕਿ ਕੋਈ ਡਰ ਵੀ ਹੋਵੇ (ਸ਼ਾਇਦ ਕੁਰਸੀ ਅਤੇ ਐਸ਼ੋ-ਇਸ਼ਰਤ ਖੁੱਸ ਜਾਣ ਦਾ)। ਇਸਲਈ ਬਾਦਲ ਸਾਹਿਬ ਹੈਨ ਤਾਂ ਸਿਪਾਹੀ ਹੀ - ਭਾਵੇਂ ਭਗੌੜੇ ਸਿਪਾਹੀ ਹੀ ਸੀ, ਜੋ ਪੰਥਕ ਅਖਵਾਉਣ ਵਾਲੀ ਪਾਰਟੀ ਦੇ ਲੀਡਰ ਹੋ ਕੇ ਵੀ ਪੰਥ ਦੀਆਂ ਮੰਗਾਂ ਤੋਂ ਭਗੌੜੇ ਹਨ।

ਮੱਕੜ ਜੀ ਨੇ ਆਪਣੇ ਬਿਆਨ ਵਿੱਚ ਇਹ ਤਾਂ ਨਹੀਂ ਕਿਹਾ ਸੀ ਕਿ ਬਾਦਲ ਸਾਹਿਬ ‘ਸੱਚੇ ਸੰਤ’ ਹਨ - ਉਨ੍ਹਾਂ ਤਾਂ ਬਾਦਲ ਨੂੰ ਸਿਰਫ਼ ‘ਸੰਤ’ ਕਿਹਾ ਸੀ। ਇਹ ਸੰਤ ਤਾਂ ਬਨਾਰਸ ਦਾ ਠੱਗ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਮੱਕੜ ਜੀ ਨੇ ਬਾਦਲ ਸਾਹਿਬ ਨੂੰ ‘ਸੱਚਾ ਸਿਪਾਹੀ’ ਨਹੀਂ ਕਿਹਾ - ਸਿਰਫ਼ ਸਿਪਾਹੀ ਹੀ ਕਿਹਾ ਸੀ, ਭਾਵੇਂ ਉਹ ਭਗੌੜਾ ਸਿਪਾਹੀ ਹੀ ਹੋਵੇ।

ਹੁਣ ਗੱਲ ਕਰਦੇ ਹਾਂ ਮੱਕੜ ਜੀ ਦੇ ਬਿਆਨ ਦੇ ਦੂਜੇ ਹਿੱਸੇ ਦੀ, ਜਿਸ ਵਿੱਚ ਉਨ੍ਹਾਂ ਬਾਦਲ ਪਰਵਾਰ ਨੂੰ ‘ਗੁਰੂ ਘਰ ਦਾ ਸ਼ਰਧਾਲੂ’ ਦੱਸਿਆ ਹੈ। ਇੱਥੇ ਵੀ ਮੱਕੜ ਜੀ ਨੇ ਬਾਦਲ ਪਰਵਾਰ ਨੂੰ ਗੁਰੂ ਨਾਨਕ ਜੀ ਦੇ ਘਰ (ਵਿਚਾਰਧਾਰਾ) ਦਾ ਸ਼ਰਧਾਲੂ ਨਹੀਂ ਕਿਹਾ, ਸਿਰਫ਼ ਗੁਰੂ ਘਰ ਦਾ ਸ਼ਰਧਾਲੂ ਕਿਹਾ ਹੈ। ਜਿਹੜੇ ਗੁਰੂਆਂ ਦੇ ਬਾਦਲ ਸਾਹਿਬ ਸ਼ਰਧਾਲੂ ਹਨ, ਉਨ੍ਹਾਂ ਬਾਰੇ ਗੁਰਬਾਣੀ ਦੇ ਫੁਰਮਾਨ ਵੀ ਸੁਣ ਲਵੋ :

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨਾ ਜਾਇ।।
(ਗੁਰੂ ਗੰ੍ਰਥ ਸਾਹਿਬ, ਪੰਨਾ 1369)

ਉਪਰੋਕਤ ਫੁਰਮਾਨ ਵਿੱਚ ਵੀ ਲਫ਼ਜ਼ ‘ਗੁਰੂ’ ਹੀ ਵਰਤਿਆ ਗਿਆ ਹੈ, ਪਰ ਨਾਂਹ-ਪੱਖੀ ਅਰਥ ਵਿੱਚ। ਇਹ ਲਫ਼ਜ਼ ਸੱਚ ਤੋਂ ਭਟਕੇ ਉਨ੍ਹਾਂ ਅਖੌਤੀ ‘ਗੁਰੂਆਂ’ ਵਾਸਤੇ ਵਰਤਿਆ ਗਿਆ ਹੈ, ਜਿਨ੍ਹਾਂ ਨੂੰ ਸੱਚ ਤੋਂ ਭਟਕੇ ਸ਼ਰਧਾਲੂ ਉਨ੍ਹਾਂ ਦੇ ਵੇਸ ਅਤੇ ਏਜੰਟਾਂ ਦੇ ਗੁੰਮਰਾਹਕੁੰਨ ਪ੍ਰਚਾਰ ਕਾਰਨ ‘ਗੁਰੂ’ ਸਮਝਦੇ ਹਨ। ਇਹੋ ਜਿਹੇ ਗੁਰੂ ਆਪਣੇ ਸ਼ਰਧਾਲੂਆਂ ਨੂੰ ਸੱਚ ਤੋਂ ਭਟਕਾ ਕੇ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਆਦਿ ਵਿੱਚ ਉਲਝਾ ਕੇ ਸੱਚ ਤੋਂ ਭਟਕਾ ਦਿੰਦੇ ਹਨ। ਬ੍ਰਾਹਮਣ ਵੀ ਅਜਿਹਾ ਹੀ ਇਕ ਗੁਰੂ ਹੈ, ਜਿਸ ਬਾਰੇ ਕਬੀਰ ਸਾਹਿਬ ਨੇ ਲਿਖਿਆ ਹੈ ‘‘ਮਾਇ ਮੂੰਡਉ ਤਿਹ ਗੁਰੂ ਕੀ’’। ਸੌਦੇ ਵਾਲਾ ਗੁਰੂ, ਆਸ਼ੂਤੋਸ਼ੀਆ ਗੁਰੂ, ਨੂਰਮਹਿਲੀਆ ਗੁਰੂ, ਜਿਨ੍ਹਾਂ ਦਾ ਸ਼ਰਧਾਲੂ ਬਾਦਲ ਪਰਵਾਰ ਹੈ, ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਤਾਂ ਹੀ ਵਹਿਮਾਂ-ਭਰਮਾਂ ਵਿੱਚ ਫਸਿਆ ਇਹ ਪਰਵਾਰ ਕੇ ਹਵਨ ਕਰਵਾ ਰਿਹਾ ਹੈ, ਕਦੇ ਰਮਾਇਣ ਦੇ ਪਾਠ ਕਰਵਾ ਰਿਹਾ ਹੈ, ਕਦੇ ਸਮਾਧ ’ਤੇ ਅਖੰਡ ਪਾਠ ਰਖਵਾ ਰਿਹਾ ਹੈ, ਕਦੇ ਦਸਤਾਰ ਉੱਤੇ ਮੁਕਟ ਪਾ ਰਿਹਾ ਹੈ, ਕਦੇ ਮੰਦਰਾਂ ਵਿੱਚ ਮੂਰਤੀਆਂ ਅੱਗੇ ਮੱਥੇ ਰਗੜ ਰਿਹਾ ਹੈ, ਆਦਿ। ਸਪਸ਼ਟ ਹੈ ਕਿ ਇਹ ਪਰਵਾਰ ਵੀ ‘ਗੁਰੂ ਘਰ’ ਦਾ ਸ਼ਰਧਾਲੂ ਹੈ, ਭਾਵੇਂ ਇਹ ਘਰ ਗੁਰੂ ਨਾਨਕ ਸਾਹਿਬ ਵਾਲਾ ਗੁਰੂ ਘਰ ਨਹੀਂ ਹੈ।

ਹੁਣ ਸ਼ਾਇਦ ਪੰਥ-ਦਰਦੀਆਂ ਦਾ ਇਹ ਸ਼ਿਕਵਾ ਦੂਰ ਹੋ ਗਿਆ ਹੋਵੇਗਾ ਕਿ ਮੱਕੜ ਜੀ ਨੇ ਪੂਰਾ ਬਿਆਨ ਗਲਤ ਦਿੱਤਾ। ਮੱਕੜ ਜੀ ਦਾ ਬਿਆਨ ਦਵੈ-ਅਰਥੀ ਸੀ, ਜੋ ਦੋਨੋਂ ਧਿਰਾਂ (ਗੁਰਮੁਖਾਂ ਅਤੇ ਮਨਮੁਖਾਂ) ਨੂੰ ਖੁਸ਼ ਕਰਦਾ ਹੈ - ਬਸ ਫ਼ਰਕ ਹੈ ਤਾਂ ਅਰਥ ਸਮਝਣ ਦਾ। ਪੰਥ-ਦਰਦੀਆਂ ਨੂੰ ਅਪੀਲ ਹੈ ਕਿ ਮੱਕੜ ਜੀ ਤੋਂ ਇਹ ਆਸ ਨਾ ਰੱਖੋ ਕਿ ਉਹ ਪੂਰਾ ਸੱਚ, ਸਾਫ-ਸਾਫ ਸ਼ਬਦਾਂ ਵਿੱਚ ਬਿਆਨ ਕਰਕੇ ਆਪਣੀ ਕੁਰਸੀ (ਪ੍ਰਧਾਨਗੀ) ਗੁਆਉਣ ਦਾ ਖ਼ਤਰਾ ਮੁੱਲ ਲੈਣਗੇ। ਬਿਨਾਂ ਯੋਗਤਾ ਤੋਂ ਕਿਸੇ ਪਦਵੀ ’ਤੇ ਪਹੁੰਚਿਆ ਕੋਈ ਵੀ ਸਿੱਖ ਅਜਿਹਾ ਖ਼ਤਰਾ ਮੁੱਲ ਨਹੀਂ ਲੈਂਦਾ ਉਹ ਭਾਵੇਂ ਗਿ: ਜ਼ੈਲ ਸਿੰਘ ਹੋਵੇ, ਮੱਕੜ ਹੋਵੇ, ਵੇਦਾਂਤੀ ਹੋਵੇ ਜਾਂ ਕੋਈ ਹੋਰ। ਇਹ ਜਿਹੇ ਬੰਦੇ ਕੁਰਸੀਆਂ ’ਤੇ ਬਿਠਾਏ ਹੀ ਇਸ ਕਰਕੇ ਜਾਂਦੇ ਹਨ ਕਿ ਉਨ੍ਹਾਂ ਨੂੰ ਕਠਪੁਤਲੀਆਂ ਵਾਂਗੂ ਆਪਣੇ ਸਵਾਰਥਾਂ ਵਾਸਤੇ ਵਰਤਿਆ ਜਾ ਸਕੇ।

ਰਹੀ ਗੱਲ ਬਾਦਲ ਸਾਹਿਬ ਦੀ, ਤਾਂ ਉਹ ਆਪਣੇ ਨਾਮ ਬਾਦਲ (ਬੱਦਲ) ਨੂੰ ਸੱਚ ਸਾਬਿਤ ਕਰਦੇ ਹੋਏ ਪੰਥਕ ਆਕਾਸ਼ ਉੱਪਰ ਕਾਲਾ ਬੱਦਲ ਬਣ ਕੇ ਛਾ ਚੁੱਕੇ ਹਨ। ਇਸ ਕਾਲੇ ਬੱਦਲ ਪਿੱਛੇ ਇਕ ਹੋਰ ‘ਬ’ ਭਾਵ ਬ੍ਰਾਹਮਣਵਾਦ ਵੀ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਕਤੀਆਂ ਦਾ ਮਕਸਦ ਹੀ ਸਿੱਖ ਸਮਾਜ ਨੂੰ ਆਪਣੇ (ਸਿਧਾਂਤਕ) ਖਾਰੇ ਸਮੁੰਦਰ ਵਿੱਚ ਗਰਕ ਕਰਨਾ ਹੈ ਅਤੇ ਇਸ ਵਿੱਚ ਉਹ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ। ਪੰਥਕ ਆਕਾਸ਼ ਨੂੰ ਇਸ ਕਾਲੇ ਬੱਦਲ ਤੋਂ ਮੁਕਤ ਹੋਣ ਦੀ ਆਸ ਰੱਖਣਾ ਭਾਰੀ ਮੂਰਖਤਾ ਹੈ ਕਿਉਂਕਿ ਬਾਦਲ ਵਿਰੋਧੀ ਆਗੂਆਂ ਦਾ ਚਰਿੱਤਰ ਵੀ ਵੱਧ ਜਾਂ ਘੱਟ ਭ੍ਰਿਸ਼ਟ ਕਿਸਮ ਦਾ ਹੀ ਹੈ ਅਤੇ ਉਹ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਦਿਮਾਗ ਉੱਪਰ ਵੀ ਸੰਪਰਦਾਈਆਂ ਵਾਲੀ ਬ੍ਰਾਹਮਣੀ ਵਿਚਾਰਧਾਰਾ ਦਾ ਹੀ ਪ੍ਰਭਾਵ ਹੈ।

ਲੋੜ ਹੈ ਕਿ ਆਮ ਸਿੱਖ ਸਮਾਜ ਨੂੰ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾਏ ਅਤੇ ਸਿੱਖੀ ਦੇ ਨਾਂ ’ਤੇ ਬ੍ਰਾਹਮਣੀ ਕਰਮ-ਕਾਂਡ ਕਰਨ ਤੋਂ ਵਰਜਿਆ ਜਾਵੇ। ਸਿਰਫ਼ ਮੱਕੜ ਜਾਂ ਵੇਦਾਂਤੀ ਨੂੰ ਕੋਸਣ ਨਾਲ ਕੁਝ ਨਹੀਂ ਹੋਣਾ। ਇਨ੍ਹਾਂ ਦੀ ਨਿਯੁਕਤੀਆਂ ਤਾਂ ਬਾਕੀ ਪੁਜਾਰੀਆਂ ਵਾਂਗ ਬ੍ਰਾਹਮਣਵਾਦ ਦੇ ਮੋਹਰਿਆਂ ਵਜੋਂ ਹੀ ਹੋਈ ਹੈ ਅਤੇ ਉਹ ਆਪਣਾ ਫ਼ਰਜ਼ ਬਾਖੂਬੀ ਨਿਭਾਅ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਪੁਸਤਕਾਂ ‘ਸਿੱਖ ਇਤਿਹਾਸ’ (ਹਿੰਦੀ) ਅਤੇ ‘ਗੁਰਬਿਲਾਸ ਪਾ: 6ਵੀਂ’, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦਾ ਬੇਹੱਦ ਅਪਮਾਨ ਕੀਤਾ ਗਿਆ ਹੈ, ਇਸ ਦੀਆਂ ਪ੍ਰਤੱਖ ਮਿਸਾਲਾਂ ਹਨ।