

ਅਕਾਲੀ ਦਲ ‘ਪੰਥਕ’ ਦੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦੀ ਗਾਥਾ
- ਸਰਬਜੀਤ ਸਿੰਘ -
ਦਿੱਲੀ ਦੇ ਚਰਚਿਤ ਸਿੱਖ ਆਗੂ ਮਰਹੂਮ ਜੱਥੇਦਾਰ ਸੰਤੋਖ ਸਿੰਘ ਦੇ ਪੁੱਤਰ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੀ ਸਿਆਸੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਪੰਥਕ (ਜਥੇ: ਸੰਤੋਖ ਸਿੰਘ)’ ਨੂੰ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਕਰਨ ਦੇ ਐਲਾਨ ਨਾਲ ਦਿੱਲੀ ਦੀ ਸਿੱਖ ਸਿਆਸਤ ਦੇ ਸਮੀਕਰਨਾਂ ਤੋਂ ਜਾਣੂ ਕਿਸੇ ਵੀ ਵਿਅਕਤੀ ਨੂੰ ਸ਼ਾਇਦ ਹੀ ਕੋਈ ਹੈਰਾਨੀ ਹੋਈ ਹੋਵੇ। ਸ੍ਰ: ਮਨਜੀਤ ਸਿੰਘ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਅਕਾਲੀ ਦਲ ਬਾਦਲ ਦੇ ਆਗੂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਕਰਕੇ, ਇਸਦੀ ਦਿੱਲੀ ਇਕਾਈ ਦਾ ਪ੍ਰਧਾਨ ਬਣਾਉਣ ਲਈ ਰਾਜ਼ੀ ਹੋ ਚੁੱਕੇ ਹਨ (ਆਖਿਰ ਸ੍ਰ: ਮਨਜੀਤ ਸਿੰਘ ਨੇ ਅਕਾਲੀ ਦਲ ਬਾਦਲ ਤੋਂ ਅਲੱਗ ਹੋ ਕੇ ਹੀ ਆਪਣੀ ਅਲੱਗ ਪਾਰਟੀ ਕਾਇਮ ਕੀਤੀ ਸੀ)। ਪਰ ਸ਼ਾਇਦ ਸ੍ਰ: ਮਨਜੀਤ ਸਿੰਘ ਜੀ.ਕੇ. ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਵਿੱਚ ਆਪਣੇ ‘ਮਹੱਤਤਾ’ ਵਧਾਉਣਾ ਅਤੇ ਪਰਖਣਾ ਚਾਹੁੰਦੇ ਸਨ। ਇਸਲਈ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਤੋਂ ਪਹਿਲਾਂ ਉਹ ਕਈ ਵਾਰ ਪਰਮਜੀਤ ਸਿੰਘ ਸਰਨਾ ਦੇ ਦੁਆਲੇ ਵੀ ਵੇਖੇ ਗਏ ਸਨ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਚੋਣਾਂ ਵਿੱਚ ਸਰਨਾ ਗੁੱਟ ਦਾ ਸਾਥ ਦੇਣ ਦੀ ਸਥਿਤੀ ਤੋਂ ਮਿਲ ਸਕਣ ਵਾਲੇ ਲਾਭਾਂ ਦੀ ਵੀ ਜਾਣਕਾਰੀ ਪ੍ਰਾਪਤ ਕਰ ਲਈ ਅਤੇ ਬਾਦਲ ਦਲ ਵਿੱਚ ਵੀ ਆਪਣਾ ਦਬਾਅ ਹੋਰ ਵਧਾ ਦਿੱਤਾ।

ਪ੍ਰੈਸ ਕਾਨਫਰੰਸ ਦੌਰਾਨ ਹਾਜ਼ਰ ਸ੍ਰ: ਸੁਖਦੇਵ
ਸਿੰਘ ਢੀਂਡਸਾ, ਸ੍ਰ: ਸੁਖਬੀਰ ਸਿੰਘ ਬਾਦਲ,
ਸ੍ਰ: ਪ੍ਰਕਾਸ਼ ਸਿੰਘ ਬਾਦਲ, ਸ੍ਰ: ਪ੍ਰਹਿਲਾਦ ਸਿੰਘ ਚੰਢੋਕ ਤੇ ਸ੍ਰ: ਮਨਜੀਤ ਸਿੰਘ ਜੀ.ਕੇ.
ਪਰ ਇਹ ਸਭ ਕੁਝ ਸਿਰਫ਼ ਲੈਣ-ਦੇਣ ਦੀਆਂ ਗੱਲਾਂ ਨੂੰ ਪਰਖਣ ਵਾਸਤੇ ਹੀ ਕੀਤਾ ਜਾ ਰਿਹਾ ਸੀ ਕਿਉਂਕਿ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਵੀ ਸ੍ਰੀ ਜੀ.ਕੇ. ਅਕਸਰ ਬਾਦਲ ਦਲ ਨਾਲ ਇਕ ਕਿਸਮ ਦਾ ਗਠਜੋੜ ਜਿਹਾ ਬਣਾ ਕੇ ਚੱਲਿਆ ਕਰਦੇ ਸਨ। ਸਿਰਫ਼ ਕਮੇਟੀ ਦੀਆਂ ਆਮ ਚੋਣਾਂ ਦੌਰਾਨ ਆਪਣੀਆਂ ਤਕਰੀਰਾਂ ਵਿੱਚ ਹੀ ਉਨ੍ਹਾਂ ਨੇ ਸਰਨਾ ਦਲ ਅਤੇ ਬਾਦਲ ਦਲ, ਦੋਹਾਂ ’ਤੇ ਭ੍ਰਿਸ਼ਟਾਚਾਰੀ ਅਤੇ ਪੰਥ-ਵਿਰੋਧੀ ਹੋਣ ਦੇ ਇਲਜ਼ਾਮ ਲਗਾਏ ਸਨ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਜਾਣ ਬਾਅਦ ਸ੍ਰੀ ਜੀ.ਕੇ. ਨੂੰ ਸੁਭਾਵਿਕ ਤੌਰ ’ਤੇ ਬਾਦਲ ਦਲ ਦੇ ਔਗੁਣ ਭੁੱਲ ਗਏ ਹਨ ਅਤੇ ਸਰਨਾ ਦੀਆਂ ਕਥਿਤ ਪੰਥ-ਵਿਰੋਧੀ ਕਾਰਵਾਈਆਂ ਦੀ ਯਾਦ ਆ ਗਈ ਹੈ। ਇਸਦੀ ਮਿਸਾਲ 10 ਅਪ੍ਰੈਲ ਨੂੰ ਦਿੱਲੀ ਦੇ ਚੈਮਸਫੋਰਡ ਕਲੱਬ ਵਿੱਚ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਰਨਾਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਸ ਸਮੇਂ ਹੋਇਆ, ਜਦੋਂ ਸ੍ਰ: ਮਨਜੀਤ ਸਿੰਘ ਨੇ ਸਰਨਾ ਭਰਾਵਾਂ ’ਤੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਸਾਥੀ ਹੋਣ ਦਾ ਆਰੋਪ ਲਗਾਇਆ। ਸ੍ਰ: ਮਨਜੀਤ ਸਿੰਘ ਦੇ ਇਸ ਇਲਜ਼ਾਮ ਵਿੱਚ ਕੁਝ ਨਾ ਕੁਝ ਸੱਚਾਈ ਵੀ ਹੋ ਸਕਦੀ ਹੈ ਪਰ ਉਨ੍ਹਾਂ ਦਾ ਇਹ ਬਿਆਨ ਇਸ ਵਾਸਤੇ ਪ੍ਰਭਾਵਸ਼ਾਲੀ ਪ੍ਰਤੀਤ ਨਹੀਂ ਹੋਇਆ ਕਿ ਜਿਸ ਵੇਲੇ ਉਹ ਜਗਦੀਸ਼ ਟਾਈਟਲਰ ਦਾ ਕਥਿਤ ਸਾਥ ਦੇਣ ਲਈ ਸਰਨਾ ਨੂੰ ਕੋਸ ਰਹੇ ਸਨ, ਉਸੇ ਵੇਲੇ ਐਨ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਸ੍ਰ: ਪ੍ਰਹਿਲਾਦ ਸਿੰਘ ਚੰਢੋਕ ਵੀ ਬੈਠੇ ਹੋਏ ਸਨ, ਜਿਨ੍ਹਾਂ ਨੇ ਚੈਮਸਫੋਰਡ ਕਲੱਬ ਹੀ ਜਗਦੀਸ਼ ਟਾਈਟਲਰ ਨੂੰ ਕ੍ਰਿਪਾਨ ’ਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਸੀ। ਪਰ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਉਨ੍ਹਾਂ ਦੀ ਉਕਤ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਅਜਿਹੇ ਵਿੱਚ ਸ੍ਰ: ਮਨਜੀਤ ਸਿੰਘ ਜੀ.ਕੇ. ਵੱਲੋਂ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਜੋਂ ਭਵਿੱਖ ਵਿੱਚ ਅਪਣਾਈ ਜਾਣ ਵਾਲੀ ਨੀਤੀ ਦਾ ਅੰਦਾਜ਼ਾ ਕੋਈ ਮੁਸ਼ਕਿਲ ਕਾਰਜ ਨਹੀਂ। ਪਰ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਨੂੰ ਅਕਾਲੀ ਦਲ ਬਾਦਲ ਦੀਆਂ ਟਿਕਟਾਂ ’ਤੇ ਜਿੱਤੇ ਮੈਂਬਰਾਂ ਦਾ ਕਿੰਨਾ ਕੁ ਸਾਥ ਮਿਲਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਮੈਂਬਰ ਜੱਥੇਦਾਰ ਅਵਤਾਰ ਸਿੰਘ ਹਿੱਤ ਨੂੰ ਤਾਂ ਪ੍ਰਧਾਨਗੀ ਪਦ ਤੋਂ ਹਟਾਉਣਾ ਚਾਹੁੰਦੇ ਸਨ ਪਰ ਉਹ ਕਿਸੇ ‘ਬਾਹਰਲੇ’ ਵਿਅਕਤੀ ਨੂੰ ਪਾਰਟੀ ਦਾ ਪ੍ਰਧਾਨ ਬਣਦਾ ਵੇਖਕੇ ਮਨੋਂ ਖੁਸ਼ ਨਹੀਂ, ਹਾਲਾਂਕਿ ਪਾਰਟੀ ਹਾਈ-ਕਮਾਂਡ ਦੇ ਫੈਸਲੇ ਨੂੰ ਮੰਨਦਿਆਂ ਹਾਲਾਂ ਉਨ੍ਹਾਂ ਨੇ ਜ਼ਾਹਿਰੀ ਤੌਰ ’ਤੇ ਕੋਈ ਨਾਖੁਸ਼ੀ ਨਹੀਂ ਪ੍ਰਗਟਾਈ ਹੈ। ਪਰ ਭਵਿੱਖ ਵਿੱਚ ਇਹ ਧੂੰਆਂ ਕਿਸੇ ਵੀ ਸਮੇਂ ਭਾਂਬੜ ਦਾ ਰੂਪ ਧਾਰਨ ਕਰ ਸਕਦਾ ਹੈ।
ਸ੍ਰ: ਮਨਜੀਤ ਸਿੰਘ ਵੱਲੋਂ ਆਪਣੀ ਪਾਰਟੀ ਦੀ ਹੋਂਦ ਨੂੰ ਖ਼ਤਮ ਕਰਕੇ ਬਾਦਲ ਦਲ ਦੇ ਪਿਛਲੱਗੂ ਬਣ ਜਾਣ ਨਾਲ ਉਨ੍ਹਾਂ ਸਿੱਖਾਂ ਨੂੰ ਜ਼ਰੂਰ ਠੇਸ ਪਹੁੰਚੀ ਹੋਵੇਗੀ, ਜਿਨ੍ਹਾਂ ਨੂੰ ਸ੍ਰ: ਜੀ.ਕੇ. ਦੇ ਭਵਿੱਖ ਵਿੱਚ ਬਾਦਲ ਅਤੇ ਸਰਨਾ ਗੁਟ ਦੇ ਬਦਲ ਵਜੋਂ ਸਥਾਪਿਤ ਹੋਣ ਦੀ ਆਸ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸ੍ਰ: ਜੀ.ਕੇ. ਥੋੜਾ ਸਬਰ ਹੋਰ ਕਰ ਲੈਂਦੇ ਅਤੇ ਦਿੱਲੀ ਦੇ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਤਾਂ ਦਿੱਲੀ ਕਮੇਟੀ ਦੀਆਂ ਅਗਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਨੂੰ ਬਹੁਤ ਲਾਭ ਹੋਣਾ ਸੀ। ਪਰ ਹੁਣ ਸ੍ਰ: ਜੀ.ਕੇ. ਨੇ ਆਪਣਾ ਅਕਸ ਨਿਸ਼ਚਿਤ ਤੌਰ ’ਤੇ ਧੁੰਦਲਾ ਕਰ ਲਿਆ ਹੈ ਕਿਉਂਕਿ ਲੋਕਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੀ ਸਟੇਜ ਤੋਂ ਭਾਈ ਰਣਜੀਤ ਸਿੰਘ ਵੱਲੋਂ ਬਾਦਲ ਦਲ ਵਿਰੁੱਧ ਲਗਾਏ ਗਏ ਇਲਜ਼ਾਮ ਹਾਲਾਂ ਭੁੱਲੇ ਨਹੀਂ ਹਨ।
ਪਰ ਜਾਪਦਾ ਹੈ ਕਿ ਅਜਿਹਾ ਕੌੜਾ ਫੈਸਲਾ ਲੈਣਾ ਸ੍ਰ: ਜੀ.ਕੇ. ਦੀ ਮਜਬੂਰੀ ਬਣ ਗਿਆ ਸੀ। ਕਿਉਂਕਿ ਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਦੋ ਮੈਂਬਰ (ਸ੍ਰ: ਗੁਰਸ਼ਰਨ ਸਿੰਘ ਸੰਧੂ ਅਤੇ ਸ੍ਰ: ਅਵਤਾਰ ਸਿੰਘ ਕਲਸੀ) ਪਹਿਲਾਂ ਹੀ ਸਰਨਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ। ਇਸ ਸਾਲ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਨਾ ਹੋਣ ਕਾਰਨ ‘ਆਮਦਨੀ’ ਖੁੱਸਣ ਤੋਂ ਨਰਾਜ਼ ਉਨ੍ਹਾਂ ਦੀ ਪਾਰਟੀ ਦੇ ਬਾਕੀ ਬਚੇ-ਖੁਚੇ ਮੈਂਬਰ ਵੀ ਕਿਸੇ ਵੀ ਸਮੇਂ ਸਰਨਾ ਗੁੱਟ ਵਿੱਚ ਸ਼ਾਮਲ ਹੋ ਸਕਦੇ ਸਨ, ਜਿਸ ਨਾਲ ਉਨ੍ਹਾਂ ਦੀ ਸਥਿਤੀ ਬਿਲਕੁਲ ਕਮਜ਼ੋਰ ਹੋ ਜਾਣੀ ਸੀ ਅਤੇ ਉਹ ਕੁਝ ਵੀ ‘ਲਾਭ’ ਪ੍ਰਾਪਤ ਕਰ ਪਾਉਣ ਦੀ ਸਥਿਤੀ ਵਿੱਚ ਨਹੀਂ ਰਹਿੰਦੇ। ਇਸਲਈ ਉਨ੍ਹਾਂ ਨੇ ਮਜਬੂਰੀ ਵਿੱਚ ‘ਜੋ ਆਏ, ਸੋ ਰਾਜ਼ੀ ਜਾਏ’ ਵਾਲੀ ਨੀਤੀ ਅਪਣਾਈ ਪ੍ਰਤੀਤ ਹੁੰਦੀ ਹੈ। ਇਸ ਨੀਤੀ ਦਾ ਉਨ੍ਹਾਂ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਵਿੱਖ ਵਿੱਚ ਕਿੰਨਾ ਕੁ ਲਾਭ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।