Subscription About Us Contact Us


ਭਾਈ, ਕਿਤੇ ਤੂੰ ਗੁਰਮਤਿ ਦੀ ਗੱਲ ਤਾਂ ਨਹੀਂ ਕਰਨੀ?

- ਗੁਰਸ਼ਰਨ ਸਿੰਘ ਕਸੇਲ, ਕੈਨੇਡਾ -

ਜਦ ਸੰਸਾਰ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਬਣਾਉਣ ਦੀ ਯੋਜਨਾ ਉਲੀਕੀ ਜਾਂਦੀ ਹੈ, ਤਾਂ ਉਸ ਵੇਲੇ ਜਿਹੜੇ ਸਿੱਖ ਉਸ ਯੋਜਨਾ ਦੇ ਮੋਢੀ ਹੁੰਦੇ ਹਨ, ਉਹ ਇਹ ਗੱਲ ਵਾਰ-ਵਾਰ ਕਹਿੰਦੇ ਨਹੀਂ ਥਕਦੇ, ‘‘ਸਾਧ-ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਸਾਰੀ ਸਿੱਖ ਕੌਮ ਦਾ ਸਾਂਝਾ ਬਣਨਾ ਹੈ।’’ ਇਸ ਤੋਂ ਵੀ ਅੱਜ ਜਾ ਕੇ ਆਖਣਗੇ, ‘‘ਅਸਲ ਵਿੱਚ ਤਾਂ ਇਹ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਲਈ ਹੈ, ਅਸੀਂ ਤਾਂ ਸਿਰਫ਼ ਨਿਮਾਣੇ ਪੰਥ ਦੇ ਦਾਸ ਹਾਂ।’’ ਅਜਿਹਾ ਬਹੁਤ ਕੁਝ ਨਿਮਰਤਾ ਸਹਿਤ ਕਿਹਾ ਜਾਂਦਾ ਹੈ।

ਪਰ ਹੁੰਦਾ ਕੀ ਹੈ? ਜਦੋਂ ਗੁਰਦੁਆਰਾ ਸਾਹਿਬ ਬਣ ਜਾਂਦਾ ਹੈ ਤਾਂ ਉਸਦੇ ਮਾਲਕ ਪ੍ਰਧਾਨ ਅਤੇ ਕਮੇਟੀ ਬਣ ਜਾਂਦੀ ਹੈ ਅਤੇ ਫਿਰ ਉਸੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕਿਸੇ ਨਿੱਕੇ ਜਿਹੇ ਕਮਰੇ ਦੀ ਨੁਕਰੇ ਬੰਦ ਕਰ ਦਿੱਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿੱਚ ਲਾਗੂ ਹੋ ਜਾਂਦੀ ਹੈ ਆਪਣੇ ਨਿਜੀ ਵਿਚਾਰਾਂ ਵਾਲੀ, ਕਿਸੇ ਡੇਰੇ ਜਾਂ ਸਾਧ ਦੀ ਵਿਚਾਰਧਾਰਾ। ਫਿਰ ਕੌਣ ਪੁੱਛਦਾ ਹੈ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਜਾਂ ਪੰਥਕ ਰਹਿਤ ਮਰਯਾਦਾ ਨੂੰ? ਅੱਜ ਦੇ ਮਾਇਆਧਾਰੀ ਜਗਤ ਵਿੱਚ ਬਹੁਤ ਕਰਕੇ ਤਾਂ ਪ੍ਰਚਾਰਕ ਉਹੀ ਰਾਗ ਅਲਾਪਦੇ ਹਨ, ਜਿਸ ਨਾਲ ਸਿੱਖਾਂ ਨੂੰ ਭਾਵੁਕ ਕਰਕੇ ਮਾਇਆ ਬਟੋਰੀ ਜਾਵੇ ਤੇ ਪ੍ਰਬੰਧਕ ਖੁਸ਼ ਰਹਿਣ - ਗੁਰਮਤਿ ਦੀ ਗੱਲ ਕਰਨੀ ਤਾਂ ਦੂਰ ਦੀ ਗੱਲ ਹੋ ਜਾਂਦੀ ਹੈ।

ਪਰ ਵੀ ਅਕਾਲ ਪੁਰਖ ਦੀ ਕ੍ਰਿਪਾ ਨਾਲ ਅਜੇ ਵੀ ਕਈ ਪ੍ਰਚਾਰਕ ਅਤੇ ਪ੍ਰਬੰਧਕ ਅਜਿਹੇ ਹਨ, ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਲੋਕਾਈ ਤੀਕਰ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਨੂੰ ਵੇਖਕੇ ਗੁਰਬਾਣੀ ਦਾ ਇਹ ਪਵਿੱਤਰ ਵਾਕ ਅੱਜ ਵੀ ਇਸ ਸੱਚ ਨੂੰ ਸਿੱਧ ਕਰਾ ਹੈ :

ਦਾਵਾ ਅਗਨਿ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।।
(ਮ: 5, ਪੰਨਾ 384)

ਪਰ ਅਜਿਹੇ ਵਿਰਲੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਨੂੰ ਬਹੁਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਇਹ ਆਖ ਕੇ ਬਾਹਰੋਂ ਮੋੜ ਦਿੰਦੇ ਹਨ, ‘‘ਭਾਈ, ਕਿਤੇ ਤੂੰ ਗੁਰਮਤਿ ਦੀ ਗੱਲ ਤਾਂ ਨਹੀਂ ਕਰਨੀ? ਵੇਖ ਭਾਈ, ਗੁਰਮਤਿ ਦਾ ਪ੍ਰਚਾਰ ਕਰਨ ਨਾਲ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ ਅਤੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਸੰਗਤਾਂ ਨੂੰ ਗੁਰਮਤਿ ਦਾ ਗਿਆਨ ਮਿਲੇ।’’ ਸਿੰਘ ਜੀ, ਸਾਡੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰਮਤਿ ਦੇ ਮੁਢਲੇ ਸਿਧਾਂਤਾਂ ਦਾ ਪ੍ਰਚਾਰ ਵੀ ਨਹੀਂ ਹੋਣਾ ਚਾਹੀਦਾ।

ਜਿਵੇਂ, ਕਦੇ ਇਹ ਨਹੀਂ ਕਹਿਣਾ ਕਿ ਗੁਰਬਾਣੀ ਨੂੰ ਪੜ੍ਹਨ-ਸੁਣਨ ਦੇ ਨਾਲ-ਨਾਲ ਵਿਚਾਰਨਾ ਤੇ ਅਮਲ ਕਰਨਾ ਜ਼ਰੂਰੀ ਹੈ। ਯਾਨਿ ਕੀ, ਅਸੀਂ ਗੁਰਬਾਣੀ ਮੁਤਾਬਿਕ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਨਹੀਂ ਕਰਨੀ, ਸਿਰਫ਼ ਸਿਮਰਨ ਦੇ ਨਾਮ ’ਤੇ ਤੋਤਾਂਰਟਨ ਕਰਨੀ ਹੈ। ਹਾਲਾਂਕਿ ਗੁਰਬਾਣੀ ਸਮਝਾਉਂਦੀ ਹੈ :

ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ।।
ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ।।
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ।।
(ਮ: 3, ਪੰਨਾ 66)

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ।।
ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ।।
(ਮ: 1, ਪੰਨਾ 936)

ਦੂਜੀ ਗੱਲ, ਗੁਰਬਾਣੀ ਭਾਵੇਂ ਤੀਰਥਾਂ ਦੇ ਰਟਨ ਦਾ ਖੰਡਨ ਕਰਦੀ ਹੈ ਪਰ ਤੁਸੀਂ ਕਦੇ ਵੀ ਇਹ ਪ੍ਰਚਾਰ ਨਹੀਂ ਕਰਨਾ; ਸਗੋਂ ਗੁਰਬਾਣੀ ਦੇ ਅਜਿਹੇ ਸ਼ਬਦਾਂ ਦੀ ਗਲਤ ਵਿਆਖਿਆ ਕਰਨੀ ਹੈ :

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।।
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।।
(ਮ: 1, ਪੰਨਾ 687)

ਇਸ ਦੇ ਨਾਲ ਹੀ, ਸਾਡੇ ਗੁਰਦੁਆਰਾ ਸਾਹਿਬ ਵਿੱਚ ਮੂਰਤੀ ਪੂਜਾ ਦਾ ਵਿਰੋਧ ਵੀ ਨਹੀਂ ਕਰਨਾ; ਭਾਵੇਂ ਗੁਰਬਾਣੀ ਤਾਂ ਬਹੁਤ ਵਾਰ ਅਜਿਹੇ ਸ਼ਬਦਾਂ ਰਾਹੀਂ ਸਾਨੂੰ ਸੁਚੇਤ ਕਰਦੀ ਹੈ :

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ।।
ਨਾਰਦਿ ਕਹਿਆ ਸਿ ਪੂਜ ਕਰਾਂਹੀ।।
ਅੰਧੇ ਗੁੰਗੇ ਅੰਧ ਅੰਧਾਰੁ।।
ਪਾਥਰੁ ਲੇ ਪੂਜਹਿ ਮੁਗਧ ਗਵਾਰ।।
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰ।।
(ਮ: 1, ਪੰਨਾ 56)

ਸਿੰਘ ਜੀ, ਹੋਰ ਵੀ ਸੁਣੋ ! ਮੜੀਆਂ, ਮਸਾਣਾਂ, ਸਮਾਧਾਂ, ਰੁੱਖਾਂ, ਥੜਿਆਂ ਨੂੰ ਮੱਥੇ ਨਾ ਟੇਕਣ ਵਾਲੀ ਗੱਲ ਨਹੀਂ ਕਰਨੀ; ਭਾਵੇਂ ਗੁਰਬਾਣੀ ਵਿੱਚ ਇਸ ਬਾਰੇ ਬਹੁਤ ਪ੍ਰਮਾਣ ਹਨ। ਜਿਵੇਂ :

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।।
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ।।
(ਮ: 1, ਪੰਨਾ 634)

ਰਹੈ ਬੇਬਾਣੀ ਮੜੀ ਮਸਾਣੀ।।
ਅੰਧੁ ਨ ਜਾਣੈ ਫਿਰਿ ਪਛੁਤਾਣੀ।।
(ਆਸਾ ਦੀ ਵਾਰ, ਪੰਨਾ 467)

ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸਿੱਖਾਂ ਨੂੰ ਸਿਰਫ਼ ਇਕ ਅਕਾਲ ਪੁਰਖ ਦੇ ਉਪਾਸਕ ਬਣਨ ਦੀ ਗੱਲ ਵੀ ਨਹੀਂ ਕਰਨੀ। ਕਿਉਂਕਿ ਜੇਕਰ ਸਿੱਖਾਂ ਨੂੰ ਏਨੀ ਸੋਝੀ ਆ ਗਈ ਤਾਂ ਫਿਰ ਉਹ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਕਰਮ-ਕਾਂਡਾਂ ਤੋਂ ਛੁਟਕਾਰਾ ਪਾ ਲੈਣਗੇ। ਆਪਾਂ ਤਾਂ ਸਗੋਂ ਸਿੱਖਾਂ ਨੂੰ ਇਨ੍ਹਾਂ ਚੱਕਰਾਂ ਵਿੱਚ ਪਾਈ ਰੱਖਣਾ ਹੈ ਅਤੇ ਨਾਲ ਲਗਦੇ ਇੰਜ ਹੀ ਤਾਂ ਸਿੱਖਾਂ ਨੂੰ ਹਿੰਦੂਆਂ ਦੇ ਦੇਵਤਿਆਂ ਸੂਰਜ-ਚੰਦ ਦੇ ਪੁਜਾਰੀ ਬਣਾ ਕੇ ਸੰਗਰਾਦ, ਮੱਸਿਆ, ਪੂਰਨਮਾਸ਼ੀਆਂ ਮਨਵਾਉਣੀਆਂ ਹਨ। ਇਨ੍ਹਾਂ ਦਿਨਾਂ ਨੂੰ ਹੋਰਨਾਂ ਦਿਨਾਂ ਨਾਲੋਂ ਖ਼ਾਸ ਤੇ ਪਵਿੱਤਰ ਦੱਸਣਾ ਹੈ। ਇਸ ਨਾਲ ਜਿੱਥੇ ਸਿੱਖ ਹਿੰਦੂ ਕੌਮ ਦਾ ਅੰਗ ਬਣਨਗੇ, ਉੱਥੇ ਗੁਰਦੁਆਰਿਆਂ ਦੀ ਕਮਾਈ ਵੀ ਵਧੇਗੀ। ਇਹ ਤਾਂ ਉਹੀ ਪੁਰਾਣੀ ਕਹਾਵਤ ਵਾਲੀ ਗੱਲ ਹੈ ਕਿ ‘‘ਨਾਲੇ ਚੋਪੜੀਆਂ, ਨਾਲੇ ਦੋ-ਦੋ।’’ ਉਂਞ ਤਾਂ ਸਾਨੂੰ ਵੀ ਪਤਾ ਹੈ ਕਿ ਗੁਰਬਾਣੀ ਤਿੱਥੀ-ਵਾਰ ਮੰਨਣ ਵਾਲਿਆਂ ਨੂੰ ਮੂਰਖ-ਗਵਾਰ ਆਖਦੀ ਹੈ :

ਆਪੇ ਪੂਰਾ ਕਰੇ ਸੁ ਹੋਇ।।
ਏਹਿ ਥਿਤੀ ਵਾਰ ਦੂਜਾ ਹੋਇ।।
ਸਤਿਗੁਰ ਬਾਝਹੁ ਅੰਧੁ ਗੁਬਾਰੁ।।
ਥਿਤੀ ਵਾਰ ਸੇਵਹਿ ਮੁਗਧ ਗਵਾਰ।।
(ਮ: 5, ਪੰਨਾ 843)

ਅਜੇ ਅੱਗੇ ਹੋਰ ਵੀ ਸੁਣੋ ਸਿੰਘ ਜੀ। ਹਿੰਦੂ ਧਰਮ ਅਨੁਸਾਰ ਔਰਤਾਂ ਵੱਲੋਂ ਮਨਾਏ ਜਾਂਦੇ ਕਰਵਾ-ਚੌਥ ਦੇ ਵਰਤ ਰੱਖਣ ਤੋਂ ਸਿੱਖ ਬੀਬੀਆਂ ਨੂੰ ਮਨ੍ਹਾਂ ਨਹੀਂ ਕਰਨਾ। ਇਹ ਠੀਕ ਹੈ ਕਿ ਗੁਰਬਾਣੀ ਤਾਂ ਇਸ ਦਾ ਖੰਡਨ ਕਰਦੀ ਹੈ, ਪਰ ਤੁਸੀਂ ਇਸ ਬਾਬਤ ਨਹੀਂ ਬੋਲਣਾ ਕਿ :

ਛੋਡਹਿ ਅੰਨੁ ਕਰਹਿ ਪਾਖੰਡ।।
ਨਾ ਸੋਹਾਗਨਿ ਨਾ ਓਹਿ ਰੰਡ।।
(ਭਗਤ ਕਬੀਰ ਜੀ, ਪੰਨਾ 873)

ਜੇਕਰ ਤੂੰ ਗੁਰਮਤਿ ਦੀ ਸੋਝੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾ ਕੇ, ਗੁਰਮਤਿ ਤੋਂ ਅਨਜਾਣ (ਜਾਂ ਜਾਣਬੁੱਝ ਕੇ ਮੁੱਕਰੇ ਹੋਏ) ਸਿੱਖਾਂ ਤੋਂ ਤੇਰਾ ਘਿਰਾਓ ਕਰਵਾਵਾਂਗੇ। ਹੋ ਸਕਦਾ ਹੈ ਕਿ ਅਸੀਂ ਕੁਝ ਆਪਣੇ ਵਿਚਾਰਾਂ ਵਾਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਮੈਂਬਰ ਇਕੱਠੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਤੋਂ ਹੁਕਮਨਾਮਾ ਹੀ ਜਾਰੀ ਕਰਵਾ ਦਈਏ ਐਤ ਤੈਨੂੰ ਪੰਥ ਵਿੱਚੋਂ ਹੀ ‘ਛੇਕ’ ਦੇਈਏ।

ਪਰ ਜੇ ਤੂੰ ਗੁਰਮਤਿ ਦੇ ਉਲਟ ਮਨਮਤਿ ਦਾ ਪ੍ਰਚਾਰ ਕਰਨਾ ਹੈ, ਤਾਂ ਫਿਰ ਕਮੇਟੀ ਨੂੰ ਵੀ ਕੋਈ ਇਤਰਾਜ਼ ਨਹੀਂ ਅਤੇ ਨਾ ਹੀ ਸੰਗਤਾਂ ਦੀ ਸ਼ਰਧਾ ਨੂੰ ਕੋਈ ਸੱਟ ਵੱਜਦੀ ਹੈ। ਫਿਰ ਤਾਂ ਕਮੇਟੀ ਵਾਲੇ ਆਖਣਗੇ, ‘‘ਸਿੰਘ ਜੀ, ਇਹ ਗੁਰਦੁਆਰਾ ਵੀ ਤੁਹਾਡਾ ਤੇ ਇਸਦੀ ਸਟੇਜ ਵੀ ਤੁਹਾਡੀ। ਸਿੰਘ ਜੀ, ਜਿੰਨਾ ਮਰਜ਼ੀ ਟਾਈਮ ਲਵੋ। ਚਿਮਟੇ, ਛੈਣੇ ਖੂਬ ਖੜਕਾਵੋ, ਫਿਲਮੀ ਧੁੰਨਾਂ ’ਤੇ ਕੱਚੀ ਬਾਣੀ ਪੜ੍ਹੋ। ਗੁਰਮਤਿ ਦੇ ਵਿਰੁੱਧ ਪ੍ਰਚਾਰ ਕਰਨ ਵਾਲੇ ਆਪੇ ਬਣੇ ਅਖੌਤੀ ਸੰਤਾਂ ਦੀ ਵਾਹ-ਵਾਹ ਕਰੋ। ਉਹ ਭਾਵੇਂ ਖੇਸੀ ਵਾਲੇ, ਬੁੱਕਲ ਵਾਲੇ, ਚੁੰਨੀ ਵਾਲੇ, ਉੱਚੇ ਟਿੱਬੇ ਵਾਲੇ, ਨੀਵੇਂ ਟਿੱਬੇ ਵਾਲੇ, ਸੰਗਲੀ ਵਾਲੇ ਆਦਿਕ ਨਾਵਾਂ ਵਾਲੇ ਆਪੇ ਬਣੇ ਸੰਤ ਹੋਣ - ਉਨ੍ਹਾਂ ਦੀਆਂ ਅਜਿਹੀਆਂ ਮਨਘੜਤ ਕਰਾਮਾਤਾਂ ਦਾ ਖੂਬ ਪ੍ਰਚਾਰ ਕਰੋ। ਅਖੌਤੀ ਸੰਤਾਂ ਵੱਲੋਂ ਸਿੱਖਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾਉਣ ਲਈ ਛੱਡੇ ਜਾਂਦੇ ਸ਼ੋਸ਼ਿਆਂ ‘‘ਫਲਾਣੇ ਰੰਗ ਦੀ ਪੱਗ ਨਹੀਂ ਬੰਨ੍ਹਣੀ, ਪੱਗ ਦਾ ਪਿਛਲਾ ਪੂੰਜੇ ਵਾਲਾ ਪੱਲਾ ਨਹੀਂ ਰੱਖਣਾ, ਇਸ ਬਰਤਨ ਵਿੱਚ ਖਾਣਾ - ਉਸ ਵਿੱਚ ਨਹੀਂ ਖਾਣਾ, ਕਿਸੇ ਦਾ ਹੱਥ ਲੱਗਣ ਨਾਲ ਭਿੱਟੇ ਜਾਣਾ...’’ ਵਗੈਰਾ ਦਾ ਰੱਜ ਕੇ ਪ੍ਰਚਾਰ ਕਰੋ।

ਫਿਰ ਚਾਹੋ ਤਾਂ ਅਸੀਂ ਅਗਲੀ ਵਾਰੀ ਦੀ ਰਾਹਦਾਰੀ ਵੀ ਹੁਣੇ ਹੀ ਬਣਾ ਦਿੰਦੇ ਹਾਂ। ਪਰ ਆਪਣੇ ਲੈਕਚਰ ਦੀ ਤਿਆਰੀ ਵਿੱਚ ਇਹ ਗੱਲ ਚੰਗੀ ਤਰ੍ਹਾਂ ਚੈੱਕ ਕਰ ਲੈਣੀ ਕਿ ਕਿਤੇ ਇਸ ਵਿੱਚ ਸਿੱਖਾਂ ਨੂੰ ਗੁਰਮਤਿ ਪ੍ਰਤੀ ਗਿਆਨ ਮਿਲਣ ਵਾਲੀ ਨਿੱਜੀ ਜਿਹੀ ਵੀ ਝਲਕ ਨਜ਼ਰ ਨਾ ਆਵੇ। ਭਾਈ ਸਾਹਿਬ, ਕਰੋ ਇਨ੍ਹਾਂ ਗੱਲਾਂ ਦਾ ਪ੍ਰਚਾਰ - ਭਾਵੇਂ ਬਾਹਵਾਂ ਮਾਰ-ਮਾਰ ਕੇ ਜਾਂ ਭਾਵੇਂ ਰੋਣ ਵਾਲਾ ਮੂੰਹ ਬਣਾ ਕੇ, ਕਿਸੇ ਦੀ ਕੀ ਮਜ਼ਾਲ ਤੁਹਾਨੂੰ ਰੋਕ ਜਾਵੇ !!

ਤੁਸੀਂ ਇਹ ਵੀ ਪ੍ਰਚਾਰ ਕਰੋ ਕਿ ਗੁਰਬਾਣੀ ਤਾਂ ਵੇਦਾਂ ਦਾ ਹੀ ਸਾਰ ਹੈ। ਸਿੱਖ ਤਾਂ ਕੇਸਾਧਾਰੀ ਹਿੰਦੂ ਹਨ, ਬਲਕਿ ਲਵ-ਕੁਸ਼ ਦੀ ਔਲਾਦ ਹਨ। ਇਹ ਗੱਲ ਸੰਗਤ ਵਿੱਚ ਪ੍ਰਚਾਰੋ ਕਿ ਇਹੀ ਤਾਂ ਦਸਮ ਗ੍ਰੰਥ ਦਾ ਉਪਦੇਸ਼ ਹੈ। ਸਿੱਖਾਂ ਵਿੱਚ ਜੋਰ-ਸ਼ੋਰ ਨਾਲ ਇਹ ਵੀ ਪ੍ਰਚਾਰ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਦੇਵੀ-ਦੇਵਤਿਆਂ ਦੇ ਪੁਜਾਰੀ ਸਨ। ਉਨ੍ਹਾਂ ਤਾਂ ਦਸਮ ਗ੍ਰੰਥ ਵਿੱਚ ਤਕਰੀਬਨ 500 ਸਫਿਆਂ ਦੀਆਂ ਅਸ਼ਲੀਲ ਲਿਖਤਾਂ ਇਸ ਤਰ੍ਹਾਂ ਦੀਆਂ ਲਿਖੀਆਂ ਹੋਈਆਂ ਹਨ। ਜਿਵੇਂ ਕਿ :

ਇਕ ਦਿਨ ਭਾਂਗ ਮਿਤ੍ਰ ਤੇ ਲਈ।।
ਪੋਸਤ ਸਹਿਤ ਅਫੀਮ ਚੜ੍ਹਈ।।
ਬਹੁ ਰਤ ਕਰੀ ਨਾ ਬੀਰਜ ਗਿਰਾਈ।।
ਆਠ ਪਹਿਰ ਲਗ ਕੁਆਰ ਬਜਾਈ।।
(ਦਸਮ ਗ੍ਰੰਥ, ਪੰਨਾ 1280)

ਅਤੇ ਇਸ ਪੁਸਤਕ ਵਿੱਚ ਹੀ ਸਿੱਖ ਧਰਮ ਦਾ ਮੌਜੂ ਉਡਾਉਣ ਵਾਲੀਆਂ ਹੋਰਨਾਂ ਲਿਖਤਾਂ ਦਾ ਵੀ ਪ੍ਰਚਾਰ ਕਰੋ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਧਰਤੀ ਕੰਨ ਦੀ ਮੈਲ ਤੋਂ ਬਣੀ ਹੈ :

ਏਕ ਸ੍ਰਵਣ ਤੇ ਮੈਲ ਨਿਕਾਰਾ।।
ਤਾ ਤੇ ਮਧੂ ਕੀਟਤ ਤਨ ਧਾਰਾ।।
ਦੁਤੀਆ ਕਾਨ ਤੇ ਮੈਲ ਨਿਕਾਰੀ।।
ਤਾ ਤੇ ਭਈ ਸ੍ਰਿਸਟਿ ਇਹ ਸਾਰੀ।।
(ਦਸਮ ਗ੍ਰੰਥ, ਪੰਨਾ 47)

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਅਸ਼ਲੀਲ ਲਿਖਤਾਂ ਅਤੇ ਹਿੰਦੂ ਸਮਾਜ ਦੇ ਦੇਵੀ-ਦੇਵਤਿਆਂ ਦੀ ਉਪਾਸਨਾ ਕਰਨ ਦਾ ਪ੍ਰਚਾਰ ਕਰਨ ਵਾਲੇ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਨ ਦਾ ਪ੍ਰਚਾਰ ਕਰੋ।

ਹੋਰ ਸੁਣੋ, ਭਾਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਅਥਾਹ ਸਮੁੰਦਰ ਹਨ। ਪਰ ਇਨ੍ਹਾਂ ਨੂੰ ਮੂਰਤੀਆਂ ਵਾਂਗ ਕੜਾਹ ਪ੍ਰਸ਼ਾਦਿ ਦਾ ਭੋਗ ਲਾਉਣ ਦਾ ਪ੍ਰਚਾਰ ਕਰੋ। ਇਹੋ ਜਿਹੇ ਸ਼ਬਦਾਂ ਜਿਵੇਂ :

ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ।।
(ਮ: 5, 126)

ਦੇ ਲਫ਼ਜ਼ੀ ਅਰਥਾਂ ਨੂੰ ਪ੍ਰਚਲਿਤ ਕਰਕੇ ਸੰਗਤਾਂ ਨੂੰ ਗੁੰਮਰਾਹ ਕਰੋ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਇਹ ਸ਼ਬਦ ਇਨਸਾਨ ਦੇ ਹਿਰਦੇ ਅੰਦਰ ਅਕਾਲ ਪੁਰਖ ਦੀ ਜੋਤਿ ਪ੍ਰਕਾਸ਼ ਹੋਣ ਦੀ ਗੱਲ ਕਰਦਾ ਹੈ ਪਰ ਇਸ ਪਾਸੇ ਸੰਗਤਾਂ ਦਾ ਧਿਆਨ ਨਾ ਆਉਣ ਦੇਣਾ।

ਆਪਾਂ ਕਿਉਂਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਬਣਾਉਣਾ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਸਹਿਜ ਪਾਠ ਜਾਂ ਅਖੰਡ ਪਾਠ ਅਰੰਭ ਕਰਦੇ ਸਮੇਂ ਹਿੰਦੂ ਧਰਮ ਦੇ ਮੰਨੇ ਜਾਂਦੇ ਕਰਮ-ਕਾਂਡਾਂ ਜਿਵੇਂ ਜੋਤਿ, ਕੁੰਭ, ਨਾਰੀਅਲ, ਮੌਲੀ, ਲਾਲ ਜਾਂ ਚਿੱਟਾ ਕਪੜਾ ਆਦਿਕ ਲਾਗੇ ਜ਼ਰੂਰ ਰੱਖਣ ਦਾ ਪ੍ਰਚਾਰ ਕਰਨਾ ਹੈ। ਭਾਵੇਂ ਕਿ ਪੰਥਕ ਰਹਿਮ ਮਰਿਆਦਾ ਅਨੁਸਾਰ ਅਜਿਹੇ ਕਰਮ-ਕਾਂਡ ਕਰਨ ਦੀ ਮਨਾਹੀ ਹੈ।

ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀਆਂ ਪ੍ਰਚਲਤ ਸੁਣਾਈਆਂ ਜਾ ਰਹੀਆਂ ਕਰਾਮਾਤੀ ਕਹਾਣੀਆਂ, ਗੁਰਬਾਣੀ ਦੇ ਸ਼ਬਦਾਂ ਨਾਲ ਸੁਣਾਉਣੀਆਂ ਨਹੀਂ ਭੁਲਣੀਆਂ ਚਾਹੀਦੀਆਂ। ਗੁਰਮਤਿ ਅਨੁਸਾਰ ਸਹੀ ਕਿਸੇ ਸਾਖੀ ਨੂੰ ਤਾਂ ਦਿਮਾਗ ਵਿੱਚ ਵੜਨ ਹੀ ਨਹੀਂ ਦੇਣਾ, ਭਲਾ ਕਿਤੇ ਭੁਲੇਖੇ ਨਾਲ ਮੂੰਹ ਵਿੱਚੋਂ ਨਿਕਲ ਜਾਵੇ।

ਸਿੰਘ ਜੀ, ਨਾਲ ਲੱਗਦੀ ਇਕ ਹੋਰ ਗੱਲ ਵੀ ਸੁਣੋ। ਸਾਰੇ ਸਿੱਖਾਂ ਦੀ ਮਿਹਨਤ ਨਾਲ ਜੋ ਪੰਥਕ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ, ਉਸਦੀ ਪੂਰੇ ਜੋਰ-ਸ਼ੋਰ ਨਾਲ ਵਿਰੋਧਤਾ ਕਰੋ, ਤਾਂਕਿ ਸਿੱਖ ਕੌਮ ਵਿੱਚ ਪਾਟੋ-ਧਾੜ ਬਣੀ ਰਹੇ। ਫਿਰ ਅਸੀਂ ਆਪਣੇ ਵਿਚਾਰਾਂ ਵਾਲਿਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਤੁਹਾਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਾਂਗੇ।

ਵੇਖੋ, ਅਜਿਹੀਆਂ ਗੁਰਮਤਿ ਵਿਚਾਰਧਾਰਾ ਨੂੰ ਖ਼ਤਮ ਕਰਨ ਵਾਲੀਆਂ ਚੀਜ਼ਾਂ ਦਾ ਪ੍ਰਚਾਰ ਕਰਨ ਨਾਲ ਨਾ ਤਾਂ ਬਹੁਗਿਣਤੀ ਪ੍ਰਬੰਧਕਾਂ ਦੀ ਸ਼ਰਧਾ ਨੂੰ ਸੱਟ ਵੱਜਦੀ ਹੈ ਅਤੇ ਨਾ ਹੀ ਸੰਗਤ ਦੀ ਸ਼ਰਧਾ ਨੂੰ। ਜਿਹੜੀਆਂ ਅੱਜ-ਕੱਲ੍ਹ ਸਾਡੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਹੋ ਰਹੀਆਂ ਹਨ।

- - -

ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਧਵਿਸ਼ਵਾਸਾਂ, ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਤੋਂ ਨਿਜਾਤ ਦਿਵਾ ਕੇ ਇਕ ਵੱਖਰੇ ਧਰਮ ਦੀ ਨੀਂਹ ਰੱਖੀ ਸੀ; ਪਰ ਅੱਜ ਉਸੇ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੋਈ ਹੈ, ਉਹ ਹੀ ਉਸਨੂੰ ਖ਼ਤਮ ਕਰਨ ਲਈ ਇਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਵਿੱਚ ਲੱਗੇ ਹੋਏ ਹਨ। ਅੱਜ ਉਨ੍ਹਾਂ ਅਨਸਰਾਂ ਨੂੰ ਸਾਡੇ ਧਾਰਮਕ ਲੀਡਰਾਂ ਵੱਲੋਂ ਸਿਰੋਪਾਉ ਦਿੱਤੇ ਜਾ ਰਹੇ ਹਨ, ਜੋ ਅਜਿਹੀਆਂ ਸਿੱਖ ਵਿਰੋਧੀ ਪਾਰਟੀਆਂ ਦੇ ਹੱਥ-ਠੋਕੇ ਬਣੇ ਹੋਏ ਹਨ, ਜਿਨ੍ਹਾਂ ਤੋਂ ਸਿੱਖ ਕੌਮ ਦਾ ਨਿਆਰਾਪਨ ਜ਼ਰਿਆ ਨਹੀਂ ਜਾ ਰਿਹਾ।

ਅੱਜ ਜਿਹੜੇ ਗੁਰਮਤਿ ਤੋਂ ਅਨਜਾਣ ਸਿੱਖ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੁੱਧ, ਆਟਾ, ਦਾਲ ਜਾਂ ਕੋਈ ਪਦਾਰਥ ਸਿੱਧੇ ਲੰਗਰ ਵਿੱਚ ਲੈ ਕੇ ਜਾਣ ਦੀ ਬਜਾਏ ਉੱਥੇ ਹੀ ਮੱਥਾ ਟੇਕ ਕੇ ਛੰਡ ਜਾਂਦੇ ਹਨ, ਉਹ ਵੀ ਅਜਿਹੇ ਅਖੌਤੀ ਪ੍ਰਚਾਰਕਾਂ ਦੀ ਹੀ ਦੇਣ ਹੈ, ਜੋ ‘ਸ਼ਬਦ’ ਗੁਰੂ ਦਾ ਸਹੀ ਪ੍ਰਚਾਰ ਨਹੀਂ ਕਰ ਰਹੇ। ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ, ਇਸ ਬਾਰੇ ਅਸੀਂ ਖ਼ੁਦ ਤਾਂ ਵਿਚਾਰ ਕਰਦੇ ਹੀ ਨਹੀਂ, ਸਿਰਫ਼ ਪੇਸ਼ੇਵਰ ਪ੍ਰਚਾਰਕਾਂ ਦੀ ਹਰ ਊਲ-ਜਲੂਲ ਗੱਲ ਨੂੰ ਇੰਨ-ਬਿੰਨ੍ਹ ਸੱਚ ਮੰਨ ਲੈਂਦੇ ਹਾਂ।

ਜਿੰਨਾ ਚਿਰ ਸੰਗਤ ਗੁਰਮਤਿ ਸਿਧਾਂਤ ਪ੍ਰਤੀ ਜਾਗਰੁਕ ਨਹੀਂ ਹੁੰਦੇ, ਓਨਾ ਚਿਰ ਅਜਿਹੀ ਮਨਮਤੀ ਵਿਚਾਰਧਾਰਾ ਵਾਲੇ ਡੇਰਿਆਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਪ੍ਰਚਾਰਕ ਸਿੱਖਾਂ ਨੂੰ ‘ਸ਼ਬਦ ਗੁਰੂ’ ਦੀ ਵਿਚਾਰਧਾਰ ਤੋਂ ਦੂਰ ਰੱਖਣ ਵਿੱਚ ਕਾਮਯਾਬ ਰਹਿਣਗੇ ਅਤੇ ਗੁਰਮਤਿ ਦੇ ਨਾਂਅ ਹੇਠ ਕਰਮ-ਕਾਂਡਾਂ, ਵਹਿਮਾਂ-ਭਰਮਾਂ ਅਤੇ ਹਿੰਦੂ ਸਮਾਜ ਵਿੱਚ ਮਿਲਗੋਭਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ। ਇਹ ਹੁਣ ਸਿੱਖਾਂ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਬਚਾਉਣਾ ਹੈ ਜਾਂ ਹਿੰਦੂਵਾਦ ਵਿੱਚ ਜਜ਼ਬ ਹੋ ਜਾਣਾ ਹੈ।