Subscription About Us Contact Us


ਦਲਿਤਾਂ ਦੀ ਅਖੌਤੀ ਆਗੂ ਮਾਇਆਵਤੀ ਦਾ ਪਰਦਾਫਾਸ਼

-ਐਸ.ਆਰ. ਦਾਰਾਪੁਰੀ, ਰਿਟਾ: ਆਈ.ਪੀ.ਐਸ. ਅਫ਼ਸਰ -
srdarapuri@yahoo.co.in

ਅਪ੍ਰੈਲ 2007 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਨਾਮਾਂਕਨ ਪੱਤਰ ਭਰਨ ਤੋਂ ਪਹਿਲਾਂ ਮਾਇਆਵਤੀ ਨੇ ਆਪਣੀ ਦੌਲਤ ਅਤੇ ਜਾਇਦਾਦ ਦੀ ਕੁਲ ਕੀਮਤ 52 ਕਰੋੜ ਰੁਪਏ ਐਲਾਨੀ ਸੀ। ਸਾਲ 2008-09 ਦੇ ਆਰਥਕ ਵਰ੍ਹੇ ਲਈ ਆਮਦਨੀ ਕਰ ਭਰਨ ਵੇਲੇ ਉਸਨੇ ਆਪਣੀ ਆਮਦਨੀ ਦਾ ਅੰਦਾਜ਼ਾ 60 ਕਰੋੜ ਰੁਪਏ ਲਗਾਇਆ ਅਤੇ ਅਗਾਊਂ ਟੈਕਸ ਵਜੋਂ 15 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ। ਆਰਥਕ ਵਰ੍ਹੇ ਦੇ ਅੰਤ ਤੱਕ ਉਸਦੀ ਅਸਲ ਆਮਦਨ ਇਸ ਅੰਦਾਜ਼ੇ ਤੋਂ ਵੱਧ ਨਿਕਲਣ ਦੀ ਆਸ ਹੈ। ਅਸਲ ਵਿੱਚ ਮਾਇਆਵਤੀ ਦਾ ਨਾਮ ਭਾਰਤ ਦੇ ਸਭ ਤੋਂ ਵੱਧ ਆਮਦਨੀ ਵਾਲੇ ਕੁਝ ਲੋਕਾਂ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਵੀ ਪਹਿਲਾਂ, 1995 ਤੋਂ 2003 ਤੱਕ ਦੀ ਅਵਧੀ ਦੌਰਾਨ ਸ੍ਰੋਤਾਂ ਤੋਂ ਵੱਧ ਆਮਦਨੀ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਵੀ ਮਾਇਆਵਤੀ ਦਾ ਨਾਮ ਸ਼ਾਮਲ ਹੋ ਗਿਆ ਸੀ। ਅਜਿਹਾ ਉਸ ਸਮੇਂ ਸੀ ਜਦ ਉਸ ਵੱਲੋਂ ਆਪਣੀ ਐਲਾਨੀ ਗਈ ਆਮਦਨੀ ਸਿਰਫ਼ 88 ਲੱਖ 70 ਹਜ਼ਾਰ ਰੁਪਏ ਸੀ ! ਇੱਥੇ ਦਿਲਚਸਪ ਗੱਲ ਇਹ ਹੈ ਕਿ ਮਾਇਆਵਤੀ ਦੀ ਆਮਦਨੀ ਵਿੱਚ ਏਨੀ ਤੇਜ਼ੀ ਨਾਲ ਵਾਧਾ ਸਿਰਫ਼ 2004 ਤੋਂ 2007 ਦੇ ਕਾਲ ਦੌਰਾਨ ਹੋਇਆ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸਦੀ ਆਮਦਨੀ ਦੇ ਸ੍ਰੋਤ ਕੀ ਹਨ ਅਤੇ ਉਸ ਵੱਲੋਂ ਏਨੀ ਦੌਲਤ ਇਕੱਤਰ ਕਰਨ ਦਾ ਨਤੀਜੇ ਕੀ ਹੋਣਗੇ। ਇਹ ਚਰਚਾ ਕਰਨੀ ਵੀ ਜ਼ਰੂਰੀ ਹੈ ਕਿ ਮਾਇਆ ਦੀ ਇਸ ਖੇਡ ਵਿੱਚ, ਮਾਇਆਵਤੀ ਤੋਂ ਇਲਾਵਾ ਹੋਰ ਕਿਨ੍ਹਾਂ ਲੋਕਾਂ ਨੂੰ ਲਾਭ ਹੋਵੇਗਾ? ਦੌਲਤ ਦੇ ਇਸ ਲੈਣ-ਦੇਣ ਵਿੱਚ ਦਲਿਤਾਂ ਨੂੰ ਕੀ ਹਾਸਲ ਹੋਵੇਗਾ ਤੇ ਕੀ ਨੁਕਸਾਨ ਹੋਵੇਗਾ? ਮਾਇਆਵਤੀ ਦੀ ਆਮਦਨੀ ਦੇ ਜਾਇਜ਼ ਅਤੇ ਸ਼ੱਕੀ ਕਿਸਮ ਦੇ ਸ੍ਰੋਤਾਂ ਬਾਰੇ ਬਾਅਦ ਵਿੱਚ ਚਰਚਾ ਕੀਤੀ ਜਾਏਗੀ।

ਮਾਇਆਵਤੀ ਅਤੇ ਉਸਦੇ ਸਮਰਥਕਾਂ ਵੱਲੋਂ ਉਸਦੀ ਲਗਾਤਾਰ ਵੱਧ ਰਹੀ ਦੌਲਤ ਦੇ ਹੱਕ ਵਿੱਚ ਦਿੱਤੀਆਂ ਜਾ ਰਹੀਆਂ ਦਲੀਲਾਂ ਬੜੀ ਹੈਰਾਨੀ ਅਤੇ ਦੁਖ ਪੈਦਾ ਕਰਦੀਆਂ ਹਨ। ਇਹ ਬਿਹਤਰ ਹੋਵੇਗਾ ਕਿ ਮਾਇਆਵਤੀ ਬਾਰੇ ਕੋਈ ਨਿਰਣਾ ਦਲਿਤ ਵਿਦਵਾਨ ਡਾ: ਅੰਬੇਦਕਰ (ਮਾਇਆਵਤੀ ਜਿਨ੍ਹਾਂ ਦੀ ਪੈਰੋਕਾਰ ਹੋਣ ਦਾ ਦਾਅਵਾ ਕਰਦੀ ਹੈ) ਵੱਲੋਂ ਸਥਾਪਿਤ ਕੀਤੇ ਗਏ ਆਦਰਸ਼ਾਂ ਅਤੇ ਨੇਮਾਂ ਦੇ ਅਧਾਰ ’ਤੇ ਲਿਆ ਜਾਏ। ਕਿਸੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ: ਅੰਬੇਦਕਰ ਨੇ ਕਿਹਾ ਸੀ ਕਿ ‘‘ਮੇਰੇ ਵਿਰੋਧੀ ਮੇਰੇ ਖਿਲਾਫ਼ ਹਰ ਕਿਸਮ ਦੇ ਆਰੋਪ ਲਗਾ ਰਹੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਮੇਰੇ ਚਰਿੱਤਰ ਅਤੇ ਇਮਾਨਦਾਰੀ ’ਤੇ ਕੋਈ ਇਲਜ਼ਾਮ ਲਗਾਉਣ ਦੀ ਹਿੰਮਤ ਨਹੀਂ ਕਰ ਸਕਿਆ।’’ ਇਸਲਈ ਇਹ ਚੰਗਾ ਹੋਵੇਗਾ ਕਿ ਮਾਇਆਵਤੀ ਨੂੰ ਇਨ੍ਹਾਂ ਪੈਮਾਨਿਆਂ ’ਤੇ ਪਰਖਿਆ ਜਾਵੇ।

ਜਿੱਥੋਂ ਤੱਕ ਚਰਿੱਤਰ ਦੀ ਗੱਲ ਹੈ, ਮੌਜੂਦਾ ਸਮੇਂ ਦੇ ਕਿਸੇ ਵੀ ਸਿਆਸਤਦਾਨ ਦੇ ਚਰਿੱਤਰ ਬਾਰੇ ਚਰਚਾ ਕਰਨ ਦਾ ਕੋਈ ਲਾਭ ਨਹੀਂ। ਪਿੱਛੇ ਜਿਹੇ ਹੁੰਦੇ ਰਹੇ ਸਿਆਸਤਦਾਨਾਂ ਦੇ ਪਰਦਾਫਾਸ਼ ਦੀਆਂ ਘਟਨਾਵਾਂ ਨੇ ਇਸ ਸੰਦਰਭ ਵਿੱਚ ਚਰਚਾ ਅਤੇ ਮੁਲਾਂਕਣ ਦੀ ਕੋਈ ਗੁੰਜਾਇਸ਼ ਨਹੀਂ ਛੱਡੀ। ਇਸ ਬਾਬਤ ਜਿੰਨਾ ਘੱਟ ਕਿਹਾ ਜਾਏ, ਓਨਾ ਹੀ ਬਿਹਤਰ ਹੋਵੇਗਾ। ਮੌਜੂਦਾ ਸਿਆਸਤਦਾਨ ਅਜਿਹੀਆਂ ਬਹੁਤ ਸਾਰੀਆਂ ਛੁਪੀਆਂ ਹੋਈਆਂ ਖੇਡਾਂ ਖੇਡਦੇ ਹਨ, ਜਿਨ੍ਹਾਂ ਬਾਰੇ ਜਨਤਾ ਨੇ ਧਿਆਨ ਦੇਣਾ ਅਤੇ ਚਰਚਾ ਕਰਨਾ ਹੀ ਛੱਡ ਦਿੱਤਾ ਹੈ।

ਜਿੱਥੋਂ ਤੱਕ ਇਮਾਨਦਾਰੀ ਦੀ ਗੱਲ ਹੈ, ਇਹ ਨੈਤਿਕ ਅਤੇ ਪਦਾਰਥਕ - ਦੋਵੇਂ ਕਿਸਮ ਦੀ ਬੇਈਮਾਨੀ ਦਾ ਸ਼ਿਕਾਰ ਬਣ ਚੁੱਕੀ ਹੈ। ਮਾਇਆਵਤੀ ਵੀ ਇਸ ਸਥਿਤੀ ਤੋਂ ਵੱਖ ਨਹੀਂ ਹੈ। ਆਓ ਹੁਣ ਇਮਾਨਦਾਰੀ ਦੇ ਪੱਖੋਂ ਮਾਇਆਵਤੀ ਦਾ ਮੁਲਾਂਕਣ ਕਰੀਏ। ਮਾਇਆਵਤੀ ਦੀ ਇਹ ਬੜੀ ਵਡਿਆਈ ਹੈ ਕਿ ਉਹ ਸੱਤਾ ਅਤੇ ਦੌਲਤ ਪ੍ਰਤੀ ਆਪਣੀ ਭੁੱਖ ਨੂੰ ਛੁਪਾਉਣ ਦਾ ਕੋਈ ਜਤਨ ਨਹੀਂ ਕਰਦੀ। ਉਹ ਆਪਣੇ ਜਨਮ-ਦਿਨ ਸਮਾਗਮਾਂ ਮੌਕੇ ਆਪਣੇ ਸਮਰਥਕਾਂ ਤੋਂ ਉਪਹਾਰ ਵਜੋਂ ਪੈਸੇ ਲੈਂਦੀ ਹੈ। ਉਹ ਚੋਣਾਂ ਦੌਰਾਨ ਆਪਣੀ ਪਾਰਟੀ ਦੀਆਂ ਟਿਕਟਾਂ ਲਈ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਲੋਕਾਂ ਨੂੰ ਟਿਕਟਾਂ ਵੇਚ ਕੇ ਵੀ ਪੈਸੇ ਕਮਾਉਂਦੀ ਹੈ। ਉਸ ਵੱਲੋਂ ਬਹੁਤ ਸਾਰੇ ਪ੍ਰਾਜੈਕਟਾਂ ਅਤੇ ਸਕੀਮਾਂ ਵਿੱਚ ਪੈਸੇ ਲੈਣ ਦੇ ਇਲਜ਼ਾਮ ਲੱਗਦੇ ਰਹੇ ਹਨ। (ਅਸਫ਼ਰਾਂ ਦੀਆਂ) ਟ੍ਰਾਸਫਰਾਂ ਅਤੇ ਪੋਸਟਿੰਗਾਂ ਵੀ ਸੱਤਾ ਵਿੱਚ ਆਏ ਲੋਕਾਂ ਲਈ ਭ੍ਰਿਸ਼ਟਾਚਾਰ ਰਾਹੀਂ ਧਨ ਕਮਾਉਣ ਦਾ ਇਕ ਅਹਿਮ ਸਾਧਨ ਮੰਨੇ ਜਾਂਦੇ ਹਨ। ਸੀ.ਬੀ.ਆਈ. ਨੇ ਨਾਜਾਇਜ਼ ਢੰਗਾਂ ਨਾਲ 30 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਾਇਆਵਤੀ ਖਿਲਾਫ਼ ਚਾਰਜਸ਼ੀਟ ਵੀ ਤਿਆਰ ਕੀਤੀ ਹੈ। ਤਾਜ ਕਾਰੀਡੋਰ ਮਾਮਲਾ ਹਾਲਾਂ ਵੀ ਉਸਦੇ ਸਿਰ ’ਤੇ ਲਟਕ ਰਿਹਾ ਹੈ। ਗੰਗਾ ਐਕਸਪ੍ਰੈਸ ਹਾਈਵੇ ਪ੍ਰਾਜੈਕਟ ਪਹਿਲਾਂ ਹੀ ਬੇਅੰਤ ਸ਼ੰਕੇ ਪੈਦਾ ਕਰ ਚੁੱਕਾ ਹੈ।

ਮਾਇਆਵਤੀ ਅਤੇ ਉਸਦੇ ਸਮਰਥਕਾਂ ਵੱਲੋਂ ਦਿੱਤੀ ਜਾਂਦੀ ਇਕ ਦਲੀਲ ਇਹ ਹੈ ਕਿ ਉਸਨੂੰ ਇਹ ਪੈਸਾ ਪਾਰਟੀ ਚਲਾਉਣ ਵਾਸਤੇ ਚਾਹੀਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਸਮਰਥਕ ਉਸਨੂੰ ਪਿਆਰ ਅਤੇ ਸਤਿਕਾਰ ਨਾਲ ਇਹ ਪੈਸਾ ਭੇਂਟ ਕਰਦੇ ਹਨ। ਪਰ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਾਇਆਵਤੀ ਦੇ ਜ਼ਿਆਦਾਤਰ ਸਮਰਥਕ ਦਲਿਤ ਹਨ, ਜਿਨ੍ਹਾਂ ਦੀ 60 ਫੀਸਦੀ ਤੋਂ ਵੱਧ ਵਸੋਂ ਗਰੀਬੀ ਰੇਖਾ ਦੇ ਹੇਠਾਂ ਜ਼ਿੰਦਗੀ ਬਿਤਾ ਰਹੀ ਹੈ। ਇਸਲਈ ਇਹ ਬਿਲਕੁਲ ਸਪਸ਼ਟ ਹੈ ਕਿ ਅਜਿਹੇ ਅਖੌਤੀ ਉਪਹਾਰ ਜਾਂ ਤਾਂ ਉਸਦੇ ਗੈਰ-ਦਲਿਤ ਸਮਰਥਕਾਂ ਵੱਲੋਂ ਦਿੱਤੇ ਜਾ ਰਹੇ ਹਨ ਜਾਂ ਫਿਰ ਮਾਇਆਵਤੀ ਵਾਸਤੇ ਕਾਲੇ ਧਨ ਨੂੰ ਸਫੇਦ ਧਨ ’ਚ ਬਦਲਣ ਵਾਸਤੇ ਇਸਨੂੰ ਦਲਿਤਾਂ ਦੇ ਮਾਧਿਅਮ ਨਾਲ ਮਾਇਆਵਤੀ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਦੋਵੇਂ ਹੀ ਢੰਗ ਦਲਿਤ ਜਨਤਾ ਅਤੇ ਦਲਿਤ ਸਿਆਸਤ ਵਾਸਤੇ ਲਾਭਕਾਰੀ ਨਹੀਂ ਹਨ ਬਲਕਿ ਇਸ ਨਾਲ ਮਾਇਆਵਤੀ ਅਤੇ ਉਸਦੇ ਦਲਿਤ ਸਮਰਥਕ ਭ੍ਰਿਸ਼ਟ ਹੁੰਦੇ ਜਾ ਰਹੇ ਹਨ।

ਮਾਇਆਵਤੀ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਪੈਸੇ ਦੇਣ ਵਾਲੇ ਗੈਰ-ਦਲਿਤ ਹੀ ਇਸ ਕਾਰਵਾਈ ਦੇ ਸਭ ਤੋਂ ਵੱਡੇ ਲਾਭ-ਪਾਤਰ ਹਨ। ਪੈਸੇ ਅਤੇ ਗੁੰਡਾਗਰਦੀ ਨਾਲ ਉਹ ਵਿਧਾਨ ਸਭਾ ਅਤੇ ਸੰਸਦ ਵਿੱਚ ਸਥਾਨ ਹਾਸਲ ਕਰਦੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਮੰਨੇ-ਪ੍ਰਮੰਨੇ ਅਪਰਾਧੀ ਅਤੇ ਮਾਫੀਆ ਹਨ, ਜਿਨ੍ਹਾਂ ਵਿੱਚ ਦਲਿਤਾਂ ’ਤੇ ਜ਼ੁਲਮ ਕਰ ਚੁਕੇ ਹੋਣ ਵਾਲੇ ਲੋਕ ਵੀ ਸ਼ਾਮਲ ਹਨ। ਮਾਇਆਵਤੀ ਦਾ ਦਲਿਤ ਵੋਟ-ਬੈਂਕ ਚੋਣਾਂ ਵੇਲੇ ਪਾਰਟੀ ਦੇ ਉਮੀਦਵਾਰਾਂ ਦੇ ਪਿਛੋਕੜ ਦੀ ਘੋਖ ਨਹੀਂ ਕਰਦਾ। ਉਹ ਸਿੱਧਾ ਮਾਇਆਵਤੀ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਉਸ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਵੋਟਾਂ ਪਾ ਦਿੰਦੇ ਹਨ। ਹਾਲਤ ਇਹ ਹੋ ਗਈ ਹੈ ਕਿ ਉਹ ਮਾਇਆਵਤੀ ਅਤੇ ਉਸਦੇ ਲੈਫਟੀਨੈਂਟਾਂ ਵੱਲੋਂ ਕੀਤੇ ਜਾਂਦੇ ਗਲਤ ਕੰਮਾਂ ਦਾ ਵਿਰੋਧ ਕਰਨ ਦੀ ਨੈਤਿਕ ਤਾਕਤ ਅਤੇ ਆਤਮ-ਸਨਮਾਨ ਗੁਆ ਰਹੇ ਹਨ।

ਅਜਿਹਾ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮਾਇਆਵਤੀ ਆਪਣੀ ਪਾਰਟੀ ਦੀਆਂ ਟਿਕਟਾਂ ਬਹੁਤ ਹੀ ਜ਼ਿਆਦਾ ਮੁੱਲ ’ਤੇ, ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਵੇਚ ਦਿੰਦੀ ਹੈ। ਇਹ ਗੱਲ ਆਮ ਜਾਣੀ ਜਾਂਦੀ ਹੈ ਕਿ ਅੰਤਮ ਪੜਾਅ ’ਤੇ ਪਹੁੰਚਣ ਤੋਂ ਪਹਿਲਾਂ ਚੁਣੇ ਗਏ ਉਮੀਦਵਾਰਾਂ ਨੂੰ ਬਹੁਤ ਵਾਰੀ ਬਦਲਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਪੈਸਾ ਦੱਸਿਆ ਜਾਂਦਾ ਹੈ। ਅਜਿਹੇ ਉਮੀਦਵਾਰ, ਪਾਰਟੀ ਦੀ ਟਿਕਟ ਪ੍ਰਾਪਤ ਕਰਕੇ ਪਾਰਟੀ ਵਰਕਰਾਂ (ਜਿਨ੍ਹਾਂ ਦਾ ਭ੍ਰਿਸ਼ਟ ਹੋ ਜਾਣਾ ਨਿਸ਼ਚਿਤ ਹੁੰਦਾ ਹੈ) ਦੇ ਜ਼ਰੀਏ ਵੋਟਾਂ ਖਰੀਦਣ ਲਈ ਚੋਣਾਂ ਵਿੱਚ ਬਹੁਤ ਸਾਰੇ ਪੈਸੇ ਦਾ ਨਿਵੇਸ਼ ਕਰਦੇ ਹਨ। ਇਸ ਨਾਲ ਪਾਰਟੀ ਦੇ ਸੱਚੇ ਵਰਕਰਾਂ ਵੱਲੋਂ ਚੋਣਾਂ ਵਿੱਚ ਖੜੇ ਹੋਣ ਦਾ ਮੌਕਾ ਖ਼ਤਮ ਹੋ ਜਾਂਦਾ ਹੈ ਕਿਉਂਕਿ ਉਹ ਪਾਰਟੀ ਦੀਆਂ ਟਿਕਟਾਂ ਲਈ ਪੈਸੇ ਨਹੀਂ ਦੇ ਸਕਦੇ। ਸੱਚਾਈ ਇਹ ਹੈ ਕਿ ਵੱਡੀ ਗਿਣਤੀ ਵਿੱਚ ਅਪਰਾਧੀਆਂ ਅਤੇ ਮਾਫੀਆ ਨੇ ਮੌਜੂਦਾ (ਬਹੁਜਨ ਸਮਾਜ) ਪਾਰਟੀ ਵਿੱਚ ਥਾਂ ਪਾ ਲਈ ਹੈ। ‘ਬਹੁਜਨ’ ਤੋਂ ਲੈ ਕੇ ‘ਸਰਵਜਨ’ ਤੱਕ ਦੀ ਬਹੁਜਨ ਸਮਾਜ ਪਾਰਟੀ ਦੀ ਇਹ ਯਾਤਰਾ ਇਸ ਤਰ੍ਹਾਂ ਦੇ ਪਰਸੰਗਾਂ ਨਾਲ ਭਰੀ ਪਈ ਹੈ।

ਜਿੱਥੋਂ ਤੱਕ ਕਿਸੇ ਸਿਆਸੀ ਪਾਰਟੀ ਨੂੰ ਚਲਾਉਣ ਵਾਸਤੇ ਭ੍ਰਿਸ਼ਟ ਹਥਕੰਡਿਆਂ ਨਾਲ ਪੈਸਾ ਇਕੱਤਰ ਕਰਨ ਦੀ ਗੱਲ ਹੈ, ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਸ ਬਾਬਤ ਡਾ: ਅੰਬੇਦਕਰ ਦਾ ਕੀ ਕਹਿਣਾ ਸੀ। ਆਪਣੇ ਪ੍ਰਸਿੱਧ ਵਖਿਆਨ ‘‘ਸੰਸਦੀ ਲੋਕਤੰਤਰ ਦਾ ਭਵਿੱਖ’’ ਵਿੱਚ ਉਨ੍ਹਾਂ ਟਿੱਪਣੀ ਕੀਤੀ ਸੀ, ‘‘ਜੇਕਰ ਦੌਲਤਮੰਦ ਲੋਕ ਕਿਸੇ ਸਿਆਸੀ ਪਾਰਟੀ ਨੂੰ ਚੋਣ ਫੰਡ ਦੇ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਨਤੀਜਾ ਕੀ ਹੋਵੇਗਾ? ਜੇਕਰ ਉਹ ਪਾਰਟੀ, ਜਿਸਦੀ ਉਨ੍ਹਾਂ ਨੂੰ ਆਰਥਕ ਮਦਦ ਕੀਤੀ ਹੋਵੇ, ਸੱਤਾ ਵਿੱਚ ਆ ਜਾਂਦੀ ਹੈ ਤਾਂ ਉਹ ਸੁਭਾਵਕ ਤੌਰ ’ਤੇ - ਮੌਜੂਦਾ ਵਿਧਾਨ ਵਿੱਚ ਸੋਧ ਕਰਵਾਕੇ ਜਾਂ ਸੱਤਾਧਾਰੀ ਪਾਰਟੀ ਨੂੰ ਤੋਂ ਆਪਣੇ ਲਾਭਾਂ ਲਈ ਵਿਧਾਨ ਤਿਆਰ ਕਰਵਾ ਕੇ - ਆਪਣੇ ਲਈ ਰਿਆਇਤਾਂ ਪ੍ਰਾਪਤ ਕਰ ਲੈਣਗੇ।’’ ਹੁਣ ਅਸੀਂ ਵਿਧਾਨ ਸਭਾ ਅਤੇ ਸੰਸਦੀ ਸੀਟਾਂ ਲਈ ਲੱਖਾਂ-ਕਰੋੜਾਂ ਰੁਪਏ ਦੇਣ ਵਾਲੇ ਵਿਅਕਤੀਆਂ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ। ਕੀ ਉਹ ਚੋਣਾਂ ਵਿੱਚ ਨਿਵੇਸ਼ ਕੀਤੇ ਗਏ ਆਪਣੇ ਪੈਸਿਆਂ ਨੂੰ ਵਾਪਸ ਕਮਾਉਣ ਦੀ ਹਰ ਸੰਭਵ ਕੋਸ਼ਿਸ਼ ਨਹੀਂ ਕਰਨਗੇ? ਨਤੀਜੇ ਵਜੋਂ, ਦਲਿਤ ਅਤੇ ਹੋਰ ਗਰੀਬ ਲੋਕ (ਸਰਕਾਰ ਤੋਂ ਮਿਲ ਸਕਣ ਵਾਲੇ ਲਾਭਾਂ ਤੋਂ ਵਾਂਝੇ ਰਹਿਣ ਕਾਰਨ) ਨੁਕਸਾਨ ਚੁੱਕਦੇ ਹਨ।

ਇਹ ਗੱਲ ਸਰਬ-ਪ੍ਰਵਾਣਿਤ ਹੈ ਕਿ ‘‘ਜਿਵੇਂ ਦੇ ਸਾਧਨ, ਉਸੇ ਤਰ੍ਹਾਂ ਦਾ ਅੰਤ।’’ ਹੁਣ ਜੇਕਰ ਸਾਧਨ ਹੀ ਭ੍ਰਿਸ਼ਟ ਹੋਣ ਤਾਂ ਅੰਤਮ ਨਤੀਜਾ ਵੀ ਭ੍ਰਿਸ਼ਟ ਹੋਣਾ ਲਾਜ਼ਮੀ ਹੈ। ਦੂਜਾ, ਇਹ ਵੀ ਇਕ ਕੌੜਾ ਸੱਚ ਹੈ ਕਿ ਮੌਜੂਦਾ ਭ੍ਰਿਸ਼ਟ ਤੰਤਰ ਦੇ ਸਭ ਤੋਂ ਵੱਡੇ ਪੀੜਤ ਦਲਿਤ ਹੀ ਹਨ ਅਤੇ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਭ੍ਰਿਸ਼ਟ ਤੰਤਰ ਦਾ ਵਿਰੋਧ ਕਰਨ ਤੇ ਇਸਦੇ ਖਿਲਾਫ਼ ਸੰਘਰਸ਼ ਕਰਨ। ਪਰ ਜੇਕਰ ਦਲਿਤ ਵੀ ਸੱਤਾ ਪ੍ਰਾਪਤ ਹੋ ਜਾਣ ’ਤੇ ਭ੍ਰਿਸ਼ਟਚਾਰ ਦਾ ਅੰਗ ਬਣ ਜਾਣ, ਤਾਂ ਇਸ (ਭ੍ਰਿਸ਼ਟਾਚਾਰ) ਨੂੰ ਵੈਧਤਾ ਮਿਲ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ‘‘ਸਿਸਟਮ ਨੂੰ ਬਦਲੋ’’ ਦਾ ਨਾਆਰ ਖੋਖਲਾ ਬਣ ਜਾਂਦਾ ਹੈ।

ਲੀਡਰਾਂ ਦੀ ਇਮਾਨਦਾਰੀ ਅਤੇ ਚਰਿੱਤਰ ਬਾਰੇ ਡਾ: ਅੰਬੇਦਕਰ ਨੇ ਆਪਣੇ ਪ੍ਰਸਿੱਧ ਵਖਿਆਨ ‘‘ਰਾਨਾਡੇ, ਗਾਂਧੀ ਅਤੇ ਜਿੰਨਾਹ’’ ਵਿੱਚ ਟਿੱਪਣੀ ਕੀਤੀ ਸੀ, ‘‘ਧਿਆਨ ਨਾਲ ਨਿਗਰਾਨੀ ਕਰੋ ਕਿ ਜਨਤੱਕ ਜ਼ਿੰਦਗੀ ਵਿੱਚ ਕਿਹੜੇ ਗੁਣ ਸਭ ਤੋਂ ਵੱਧ ਮਕਬੂਲ ਹਨ। ਕੀ ਚਰਿੱਤਰ ਵੱਧ ਜਾਂ ਘੱਟ ਮਹੱਤਵਪੂਰਨ ਬਣਦਾ ਜਾ ਰਿਹਾ ਹੈ? ਕੀ ਉਹ ਸੰਜੀਦਾ ਨਿਸ਼ਚੇ, ਸਥਿਰ ਜ਼ਿੰਦਗੀਆਂ ਅਤੇ ਗੈਰ-ਵਿਵਾਦੀ ਇਮਾਨਦਾਰੀ ਵਾਲੇ ਹਨ? ਇਨ੍ਹਾਂ ਗੱਲਾਂ ਦੀ ਨਿਗਰਾਨੀ ਕਰਕੇ ਹੀ ਤੁਸੀਂ ਰਾਸ਼ਟਰ ਦੀ ਜਨਮ-ਕੁੰਡਲੀ ਦਾ ਅੰਦਾਜ਼ਾ ਲਗਾ ਸਕਦੇ ਹੋ।’’ ਮੈਂ ਸੋਚਦਾ ਹਾਂ ਕਿ ਇਹ ਗੱਲਾਂ ਮਾਇਆਵਤੀ ਅਤੇ ਹੋਰ ਦਲਿਤ ਲੀਡਰਾਂ ਦੇ ਮਾਮਲੇ ਵਿੱਚ ਵੀ ਲਾਗੂ ਹੁੰਦੀਆਂ ਹਨ।

‘‘ਹੀਰੋ ਦੀ ਪੂਜਾ’’ ਇਕ ਹੋਰ ਅਜਿਹੀ ਮਾਨਸਿਕ ਵਿਸ਼ੇਸ਼ਤਾ ਹੈ, ਜਿਸਨੇ ਮਾਇਆਵਤੀ ਦੇ ਦਲਿਤ ਸਮਰਥਕਾਂ ਨੂੰ ਗ੍ਰਸਿਤ ਕਰ ਲਿਆ ਹੈ। ਇੱਥੇ ਮੈਂ ਹੀਰੋ ਪੂਜਾ, ਜਿਸ ਵਿੱਚ ਮਾਇਆਵਤੀ ਦੇ ਸਮਰਥਕ ਬੜਾ ਮਾਣ ਮਹਿਸੂਸ ਕਰਦੇ ਹਨ, ਬਾਰੇ ਡਾ: ਅੰਬਦੇਕਰ ਦਾ ਹਵਾਲਾ ਦੇਣਾ ਚਾਹਾਂਗਾ। ਡਾ: ਅੰਬੇਦਕਰ ਨੇ ਆਪਣੇ ਉਪਰੋਕਤ ਵਖਿਆਨ ਵਿੱਚ ਟਿੱਪਣੀ ਕੀਤੀ ਸੀ ਕਿ ‘‘ਆਪਣੇ ਵੱਲੋਂ ਅਣ-ਬੱਝਵੀਂ ਤਾਰੀਫ ਨੂੰ ਪ੍ਰਗਟ ਕਰਨ ਲਈ ਹੀਰੋ ਦੀ ਪੂਜਾ ਇਕ ਗੱਲ ਹੈ। ਪਰ ਹੀਰੋ ਦੀ ਆਗਿਆ ਦਾ ਪਾਲਨ ਕਰਨਾ, ਹੀਰੋ-ਪੂਜਾ ਦੀ ਇਕ ਵੱਖਰੀ ਕਿਸਮ ਹੈ। ਪਹਿਲੀ ਸਥਿਤੀ ਵਿੱਚ ਕੁਝ ਗਲਤ ਨਹੀਂ ਹੈ ਜਦਕਿ ਦੂਜੀ, ਬਿਨਾਂ ਸ਼ੱਕ, ਸਭ ਤੋਂ ਵਿਨਾਸ਼ਕਾਰੀ ਹੈ। ਪਹਿਲੀ ਦਸ਼ਾ ਸਿਰਫ਼ ਇਨਸਾਨ ਦੀ ਹਰ ਚੰਗੀ ਸ਼ੈਅ, ਮਹਾਨ ਵਿਅਕਤੀ ਜਿਸਦਾ ਸਿਰਫ਼ ਇਕ ਸਾਕਾਰ ਰੂਪ ਹੈ, ਨੂੰ ਆਦਰ ਦੇਣਾ ਹੈ। ਦੂਜੀ ਦਸ਼ਾ, ਗੰਵਾਰਾਂ ਵੱਲੋਂ ਆਪਣੇ ਮਾਲਕ ਪ੍ਰਤੀ ਵਫਾਦਾਰ ਰਹਿਣ ਦੀ ਕਸਮ ਜਿਹੀ ਹੈ। ਪਹਿਲੀ ਸਥਿਤੀ ਸਤਕਾਰ ਨਾਲ ਮਿਲਦੀ-ਜੁਲਦੀ ਹੈ ਜਦਕਿ ਦੂਜੀ ਸਥਿਤੀ ਹੀਣਤਾ ਦੀ ਨਿਸ਼ਾਨੀ ਹੈ। ਪਹਿਲੀ ਸਥਿਤੀ ਵੀ ਵਿਅਕਤੀ ਵੱਲੋਂ ਤੋਂ ਸੋਚਣ ਅਤੇ ਸੁਤੰਤਰਤਾ ਨਾਲ ਕੰਮ ਕਰਨ ਦੀ ਸਮਝਦਾਰੀ ਦੂਰ ਲੈ ਜਾਂਦੀ ਹੈ। ਪਰ ਦੂਜੀ ਸਥਿਤੀ ਤਾਂ ਵਿਅਕਤੀ ਨੂੰ ਪੱਕਾ ਮੂਰਖ ਬਣਾ ਦਿੰਦੀ ਹੈ। ਪਹਿਲੀ ਸਥਿਤੀ ਰਾਸ਼ਟਰ ਨੂੰ ਕੋਈ ਨੁਕਸਾਨ ਨਹੀਂ ਪੁਚਾਉਂਦੀ ਪਰ ਦੂਜੀ ਸਥਿਤੀ ਰਾਸ਼ਟਰ ਲਈ ਭਾਰੀ ਖਤਰੇ ਦਾ ਸ੍ਰੋਤ ਹੈ।’’ ਮੇਰੇ ਖਿਆਲ ਵਿੱਚ ਸਾਡੇ ਵਿੱਚੋਂ ਹਰ ਕਿਸੇ ਨੂੰ ਇਹ ਚੇਤਾਵਨੀ ਬੜੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ।

ਇਕ ਹੋਰ ਮੌਕੇ ’ਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਾ: ਅੰਬੇਦਕਰ ਨੇ ਕਿਹਾ ਸੀ, ‘‘ਜੇਕਰ ਤੁਸੀਂ ਸ਼ੁਰੂਆਤ ਵਿੱਚ ਹੀ ਇਸ ’ਤੇ ਕਾਬੂ ਨਾ ਪਾਇਆ ਤਾਂ ਨਾਇਕ ਪੂਜਾ ਦਾ ਵਿਚਾਰ ਤੁਹਾਨੂੰ ਬਰਬਾਦ ਕਰ ਦੇਵੇਗਾ। ਇਕ ਵਿਅਕਤੀ ਨੂੰ ਦੇਵਤਾ ਬਣਾਉਣ ਨਾਲ ਤੁਸੀਂ ਸੁਰੱਖਿਆ ਅਤੇ ਮੁਕਤੀ ਵਾਸਤੇ ਇਕ ਇਕੱਲੇ ਵਿਅਕਤੀ ’ਤੇ ਭਰੋਸਾ ਕਰ ਲੈਂਦੇ ਹੋ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਨਿਰਭਰਤਾ ਦੀ ਆਦਤ ਵਿੱਚ ਪੈ ਜਾਂਦੇ ਹੋ ਅਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਉਦਾਸੀਨ ਹੋ ਜਾਂਦੇ ਹੋ। ਜੇਕਰ ਤੁਸੀਂ ਇਨ੍ਹਾਂ (ਨਾਇਕ ਪੂਜਾ ਦੇ) ਵਿਚਾਰਾਂ ਤੋਂ ਪੀੜਤ ਹੋ ਜਾਂਦੇ ਹੋ, ਤਾਂ ਰਾਸ਼ਟਰ ਦੀ ਜੀਵਨ ਧਾਰਾ ਵਿੱਚ ਤੁਹਾਡਾ ਭਵਿੱਖ ਲਕੜੀ ਦੇ ਲੱਠਿਆਂ ਨਾਲੋਂ ਬਿਹਤਰ ਨਹੀਂ ਹੋਵੇਗਾ। ਤੁਹਾਡਾ ਸੰਘਰਸ਼ ਰੁਕ ਜਾਏਗਾ।’’

ਮੇਰੇ ਖ਼ਿਆਲ ਵਿੱਚ ਸਾਨੂੰ ਸਾਰਿਆਂ ਨੂੰ ਇਸ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸਾਨੂੰ ਮਾਇਆਵਤੀ ਸਮੇਤ ਕਿਸੇ ਵੀ ਵਿਅਕਤੀ ਦੇ ਮੁਲਾਂਕਣ ਵੇਲੇ ਬੌਧਿਕ ਤੌਰ ’ਤੇ ਇਮਾਨਦਾਰ ਅਤੇ ਯਥਾਰਥਕ ਹੋਣਾ ਚਾਹੀਦਾ ਹੈ।