Subscription About Us Contact Us


‘ਰਾਮ’ ਅਤੇ ਰਮਾਇਣ ਦੇ ਨਾਂ ’ਤੇ ਸਿਆਸਤ ਕਰਨ ਵਾਲਾ ਸੰਘ ਪਰਵਾਰ ਇਹ ਤਾਂ ਦੱਸੇ ਕਿ ਰਾਮ ਅਤੇ ਰਮਾਇਣਾਂ ਕਿੰਨੀਆਂ ਹਨ?

- ਰਾਮ ਪੁਨਿਆਣੀ -

ਪਿੱਛੇ ਜਿਹੇ (ਫਰਵਰੀ 2008 ਵਿੱਚ) ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਵੱਲੋਂ ਰਾਮਾਨੁਜਨ ਦੇ ਨਿਬੰਧ ‘ਤਿੰਨ ਸੌ ਰਮਾਇਣਾਂ’ ਨੂੰ ਸਿਲੇਬਸ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰਦਿਆਂ ਤੋੜ-ਫੋੜ ਕਰਨ ਦੀ ਘਟਨਾ, ਰਾਮ ਦੀ ਕਹਾਣੀ ਦੁਆਲੇ ਹੋਣ ਵਾਲੀ ਸਿਆਸੀ ਗੁੰਡਾਗਰਦੀ ਦੀ ਕੋਈ ਪਹਿਲੀ ਕਾਰਵਾਈ ਨਹੀਂ ਸੀ। ਅਤਿ ਪ੍ਰਸਿੱਧ ਵਿਦਵਾਨ ਏ.ਕੇ. ਰਾਮਾਨੁਜਨ ਦਾ ਇਹ ਲੇਖ ਆਕਸਫੋਰਡ ਯੂਨਿਵਰਸਿਟੀ ਵੱਲੋਂ 1999 ਵਿੱਚ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘‘ਦ ਕਲੈਕਟਿਡ ਐਸੇਜ਼ ਆਫ਼ ਏ.ਕੇ. ਰਾਮਾਨੁਜਨ’ ਦਾ ਇਕ ਹਿੱਸਾ ਹੈ। (ਗੁੰਡਾਗਰਦੀ ਦੀ ਇਸ ਘਟਨਾ ਤੋਂ) ਪਹਿਲਾਂ ਵੀ, ਬਾਬਰੀ ਮਸਜਿਦ ਦੀ ਤਬਾਹੀ ਉਪਰੰਤ ‘ਸਹਿਮਤ’ ਸੰਸਥਾ ਵੱਲੋਂ ਰਮਾਇਣ ਦੇ ਵੱਖ-ਵੱਖ ਸੰਸਕਰਣਾਂ ਬਾਰੇ ਲਗਾਈ ਗਈ ਇਕ ਪ੍ਰਦਰਸ਼ਨੀ ’ਤੇ ਵੀ ਆਰ.ਐਸ.ਐਸ. ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ ਸੀ। ਇਸਦੇ ਲਈ ਬਹਾਨਾ ਇਹ ਬਣਾਇਆ ਗਿਆ ਸੀ ਕਿ ਜਾਤਕ (ਬੁੱਧ ਧਰਮ ਦੀ ਪੁਰਾਤਨ ਪੁਸਤਕ) ’ਤੇ ਅਧਾਰਿਤ ਇਕ ਪੈਨਲ ਵਿੱਚ ਰਾਮ ਤੇ ਸੀਤਾ ਨੂੰ ਭੈਣ-ਭਰਾ ਦੱਸਿਆ ਗਿਆ ਸੀ, ਜੋ ਉਨ੍ਹਾਂ ਦੇ ਵਿਸ਼ਵਾਸ ਦਾ ਅਪਮਾਨ ਸੀ। ਰਾਮਾਨੁਜਨ ਦਾ ਨਿਬੰਧ ਹੋਰਨਾਂ ਬਹੁਤ ਸਾਰੇ ਸੰਸਕਰਣਾਂ ਬਾਰੇ ਵੀ ਗੱਲ ਕਰਦਾ ਹੈ ਅਤੇ ਮਿਸਾਲ ਲਈ ਪੰਜ ਸੰਸਕਰਣਾਂ ਨੂੰ ਪੇਸ਼ ਕਰਦਾ ਹੈ।

ਇਹ ਗੱਲ ਆਮ ਜਾਣੀ ਜਾਂਦੀ ਹੈ ਕਿ ਰਮਾਇਣ ਦੇ ਸੈਂਕੜੇ ਸੰਸਕਰਣ ਹਨ। ਆਕਸਫੋਰਡ ਵੱਲੋਂ ਪ੍ਰਕਾਸ਼ਿਤ ਆਪਣੀ ਕਿਤਾਬ ‘‘ਮੈਨੀ ਰਾਮਾਇਨਾਜ਼’’ (ਬਹੁਤ ਸਾਰੀਆਂ ਰਮਾਇਣਾਂ) ਵਿੱਚ ਪੌਲਾ ਰਿਚਮੈਨ ਇਨ੍ਹਾਂ ਵਿੱਚੋਂ ਬਹੁਤ ਸਾਰੇ ਸੰਸਕਰਣਾਂ ਦਾ ਜ਼ਿਕਰ ਕਰਦੀ ਹੈ। ਇਨ੍ਹਾਂ ਵਿੱਚ ਉਹ ਸੰਸਕਰਣ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਵਿਸ਼ਵਾਸ ਦੇ ਨਾਮ ’ਤੇ ਗੁੰਡਾਗਰਦੀ ਅਤੇ ਤੋੜ-ਫੋੜ ਕਰ ਰਹੇ ਲੋਕ ਪਸੰਦ ਨਹੀਂ ਕਰਦੇ। ਇਹ ਇਕ ਵੱਖਰੀ ਗੱਲ ਹੈ ਕਿ ਇਹ ਅਹਿਸਣਸ਼ੀਲ ਅਤੇ ਹਮਲਾਵਰ ਮਾਨਸਿਕਤਾ ਦਾ ਪ੍ਰਗਟਾਵਾ ਹਿੰਦੂ ਧਰਮ ਦੇ ਨਾਮ ’ਤੇ ਕੀਤਾ ਜਾਂਦਾ ਹੈ ਅਤੇ ਇਹ ਜ਼ੋਰ ਵੀ ਦਿੱਤਾ ਜਾਂਦਾ ਹੈ ਕਿ ਹਿੰਦੂ ਧਰਮ ਸਹਿਣਸ਼ੀਲ ਹੈ ਅਤੇ ਬਾਕੀ ਧਰਮ ਅਸਿਹਣਸ਼ੀਲ ਹਨ।

ਰਮਾਇਣ ਦਾ ਕਈ ਭਾਸ਼ਾਵਾਂ, ਖ਼ਾਸ ਕਰ ਏਸ਼ੀਆ ਦੀਆਂ, ਵਿੱਚ ਉਲਥਾ ਕੀਤਾ ਗਿਆ ਹੈ। ਰਾਮਾਨੁਜਨ ਦੱਸਦਾ ਹੈ ਕਿ ਰਾਮ ਦੀ ਕਹਾਣੀ ਦੱਸਣਾ ਬੰਗਾਲੀ, ਕਸ਼ਮੀਰੀ, ਥਾਈ, ਸਿੰਨਹਾਲਾ, ਸੰਥਾਲੀ, ਤਮਿਲ, ਤਿਬੱਤੀ, ਪਾਲੀ ਅਤੇ ਹੋਰਨਾਂ ਕਈ ਭਾਸ਼ਾਵਾਂ ਦਾ ਹਿੱਸਾ ਰਿਹਾ ਹੈ। ਪੱਛਮੀ ਭਾਸ਼ਾਵਾਂ ਵਿੱਚ ਵੀ ਇਸਦੇ ਅਸੰਖ ਸੰਸਕਰਣ ਹਨ। ਇਨ੍ਹਾਂ ਦਾ ਬਿਰਤਾਂਤ ਆਪਸ ਵਿੱਚ ਮਿਲਦਾ ਨਹੀਂ। ਆਰ.ਐਸ.ਐਸ. ਗਠਜੋੜ ਵਾਲਮੀਕਿ ਰਮਾਇਣ ਨੂੰ ਪੈਮਾਨੇ ਵਜੋਂ ਲੈਂਦੀ ਹੈ ਅਤੇ ਇਸਨੂੰ ਬਾਕੀ ਦੇ ਸੰਸਕਰਣ ਸਿਆਸੀ ਕਾਰਨਾਂ ਕਰਕੇ ਮਨਜ਼ੂਰ ਨਹੀਂ ਹਨ। ਰਮਾਇਣ ਦੇ ਜਿਹੜੇ ਸੰਸਕਰਣ ਨੂੰ ਇਹ ਥੋਪਣਾ ਚਾਹੁੰਦੀ ਹੈ, ਉਸ ਵਿੱਚ ਆਧੁਨਿਕਤਾ ਤੋਂ ਪਹਿਲੇ ਸਮੇਂ ਦੇ ਜਾਤਿ ਅਤੇ ਲਿੰਗ ਸਮੀਕਰਨਾਂ ਦਾ ਪ੍ਰਚਾਰ ਹੈ। ਇਸਲਈ ਆਰ.ਐਸ.ਐਸ. ਇਸ ਗੱਲ ’ਤੇ ਬਜ਼ਿੱਦ ਹੈ ਕਿ ਇਸ ਨੂੰ ਰਮਾਇਣ ਦਾ ਸਿਰਫ਼ ਇਹੀ ਸੰਸਕਰਣ ਮਨਜ਼ੂਰ ਹੈ।

ਦਿਲਸਚਪ ਗੱਲ ਹੈ ਕਿ ਕੋਈ ਵੀ ਵਿਅਕਤੀ ਬਿਰਤਾਂਤ-ਵਿਆਖਿਆ ਅਤੇ ਸ਼੍ਰੇਣੀ-ਜਾਤਿ ਦੀਆਂ ਇੱਛਾਵਾਂ ਵਿੱਚ ਪਰਸਪਰ ਸਬੰਧ ਦੇਖ ਸਕਦਾ ਹੈ। ਬੋਧੀਆਂ ਦੀ ਦਸ਼ਰਥ ਜਾਤਕ ਵਿੱਚ, ਸੀਤਾ ਨੂੰ ਰਾਮ ਦੀ ਭੈਣ ਅਤੇ ਪਤਨੀ ਦੋਵੇਂ ਦੱਸਿਆ ਗਿਆ ਹੈ। ਇਸ ਸੰਸਕਰਣ ਮੁਤਾਬਿਕ ਦਸ਼ਰਥ ਅਯੋਧਿਆ ਦਾ ਨਹੀਂ ਬਲਕਿ ਵਾਰਾਣਸੀ ਦਾ ਰਾਜਾ ਸੀ। ਭੈਣ ਅਤੇ ਭਰਾ ਦਾ ਵਿਆਹ ਖੱਤਰੀ ਬਿਰਾਦਰੀ ਦੇ ਗੌਰਵਮਈ ਰਿਵਾਜਾਂ ਦਾ ਹਿੱਸਾ ਹੈ, ਜੋ ਆਪਣੀ ਜਾਤਿ ਅਤੇ ਬਿਰਾਦਰੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਸਨ। ਇਹ ਜਾਤਕ ਕਥਾ ਰਾਮ ਨੂੰ ਬੁੱਧ ਦਾ ਪੈਰੋਕਾਰ ਦਰਸਾਉਂਦੀ ਹੈ। ਇਸੇ ਤਰ੍ਹਾਂ, ਰਮਾਇਣ ਦੇ ਜੈਨੀ ਸੰਸਕਰਣ ਰਾਮ ਨੂੰ ਜੈਨ ਅਸੂਲਾਂ, ਖ਼ਾਸਕਰ ਅਹਿੰਸਾ, ਦਾ ਪ੍ਰਚਾਰਕ ਦਰਸਾਉਂਦੇ ਹਨ। ਬੋਧੀ ਅਤੇ ਜੈਨੀ ਸੰਸਕਰਣਾਂ ਵਿੱਚ ਜਿਹੜੀ ਗੱਲ ਸਾਂਝੀ ਹੈ ਉਹ ਇਹ ਕਿ ਇਨ੍ਹਾਂ ਵਿੱਚ ਰਾਵਣ ਨੂੰ ਇਕ ਖਲਨਾਇਕ ਨਹੀਂ ਬਲਕਿ ਗਿਆਨ ਪ੍ਰਾਪਤੀ ਨੂੰ ਸਰਮਪਿਤ ਅਤੇ ਇੰਦ੍ਰੀਆਂ ’ਤੇ ਕਮਾਲ ਦੇ ਨਿਯੰਤਰਣ ਵਾਲਾ ਇਕ ਮਹਾਨ ਧਰਮਾਤਮਾ, ਸਾਧੂ ਅਤੇ ਰਾਜਾ ਦਿਖਾਇਆ ਗਿਆ ਹੈ। ਰੰਗਨਾਯਾਕੰਮਾ ਵੱਲੋਂ ਇਕੱਤਰ ਕੀਤੇ ਗਏ ਤੇਲਗੂ ਬ੍ਰਾਹਮਣ ਔਰਤਾਂ ਦੇ ਪ੍ਰਸਿੱਧ ਅਤੇ ਪ੍ਰਚਲਿਤ ‘‘ਔਰਤਾਂ ਦੇ ਰਮਾਇਣੀ ਗੀਤ’’ ਔਰਤਾਂ ਦੇ ਮਸਲਿਆਂ ਨੂੰ ਵਿਸ਼ੇ-ਵਸਤੂ ਵਜੋਂ ਰੱਖਦੇ ਹਨ। ਇਹ ਗੀਤ ਸੀਤਾ ਨੂੰ ਅੰਤ ਵਿੱਚ ਰਾਮ ’ਤੇ ਜੇਤੂ ਦਰਸਾਉਂਦੇ ਹਨ ਅਤੇ ਇਨ੍ਹਾਂ ਵਿੱਚ ਸਰੂਪਨਖਾ ਰਾਮ ਤੋਂ ਬਦਲਾ ਲੈਣ ਵਿੱਚ ਕਾਮਯਾਬ ਰਹਿੰਦੀ ਹੈ।

ਥਾਈ (ਥਾਈਲੈਂਡ ਦੀ) ਰਾਮਕ੍ਰਿਤੀ ਜਾਂ ‘ਰਾਮਕਿਨ’ (ਰਾਮ ਦੀ ਕਹਾਣੀ) ਵਿੱਚ ਗਾਥਾ ਵਿੱਚ ਇਕ ਮੋੜ ਆਉਂਦਾ ਹੈ, ਜਿੱਥੇ ਸਰੂਪਨਖਾ ਦੀ ਧੀ, ਸੀਤਾ ਦੇ ਕਾਰਨ ਆਪਣੀ ਮਾਂ ਦੇ ਅੰਗ ਕੱਟੇ ਜਾਣ ਦਾ ਬਦਲਾ ਲੈਣ ਦਾ ਨਿਰਣਾ ਲੈਂਦੀ ਹੈ। ਇਸ ਤੋਂ ਵੀ ਵੱਧ ਦਿਲਚਸਪ ਤੱਥ ਇਹ ਹੈ ਕਿ ਇਸ ਰਮਾਇਣ ਵਿੱਚ ਵਧੇਰੇ ਤਵੱਜੋ ਹਨੂੰਮਾਨ ’ਤੇ ਹੈ, ਜੋ ਇਸ ਬਿਰਤਾਂਤ ਵਿੱਚ ਨਾ ਤਾਂ ਸ਼ਰਧਾਲੂ ਹੈ ਅਤੇ ਨਾ ਹੀ ਬ੍ਰਹਮਚਾਰੀ ਹੈ ਬਲਕਿ ਔਰਤਾਂ ਨੂੰ ਪਸੰਦ ਕਰਨ ਵਾਲਾ ਇਕ ਵਿਅਕਤੀ ਹੈ, ਜੋ ਲੰਕਾਂ ਦੇ ਬੈਡਰੂਮਾਂ ਵਿੱਚ ਝਾਕਦਾ ਹੈ। ਰਮਾਇਣ ਦੇ ਵਾਲਮੀਕਿ, ਕੰਪਨ ਅਤੇ ਤਮਿਲ ਸੰਸਕਰਣਾਂ ਵਿੱਚ ਹਨੂੰਮਾਨ, ਦੂਜੇ ਵਿਅਕਤੀ ਦੀ ਸੌਂਦੀ ਹੋਈ ਪਤਨੀ ਨੂੰ ਵੇਖਣਾ ਵੀ ਇਕ ਪਾਪ ਸਮਝਦਾ ਹੈ ਪਰ ਥਾਈ ਸੰਸਕਰਣ ਵਿੱਚ ਅਜਿਹਾ ਨਹੀਂ। ਸੰਜੋਗ ਦੀ ਗੱਲ ਹੈ ਕਿ ਹਨੂੰਮਾਨ ਅੱਜ ਵੀ ਇਕ ਅਤਿ ਹਰਮਨ-ਪਿਆਰਾ ਥਾਈ ਨਾਇਕ ਹੈ। ਇਸਦੇ ਨਾਲ-ਨਾਲ, ਜੈਨ ਰਮਾਇਣ ਦੀ ਤਰ੍ਹਾਂ, ਥਾਈ ਸੰਸਕਰਣ ਵੀ ਰਾਮ ਦੀ ਬਜਾਏ ਰਾਵਨ ਦੀ ਬੰਸਾਵਲੀ ਅਤੇ ਜਾਂਬਾਜ਼ੀ ’ਤੇ ਜ਼ਿਆਦਾ ਤਵੱਜੋ ਦਿੰਦਾ ਹੈ।

ਪਿਛਲੇ ਸਮਿਆਂ ਵਿੱਚ ਜਿਓਤੀ ਬਾ ਫੂਲੇ, ਜੋ ਦਲਿਤਾਂ ਅਤੇ ਔਰਤਾਂ ਦੇ ਅਧਿਕਾਰਾਂ ਹੱਕ ਵਿੱਚ ਵਧੇਰੇ ਸਰਗਰਮ ਸਨ, ਇਸ ਮਿਥਿਹਾਸਕ ਕਹਾਣੀ ਨੂੰ, ਜਾਤਿ-ਵਰਣ-ਲਿੰਗ ਦੀ ਦਰਜਾਬੰਦੀ ਕਾਰਨ ਦਮਨ ਦਾ ਸ਼ਿਕਾਰ ਹੋਏ ਲੋਕਾਂ ਦੇ ਸੰਦਰਭ ਵਿੱਚ, ਵਿਆਖਿਆ ਕਰਨ ਵਾਲੇ ਸਭ ਤੋਂ ਪਹਿਲੇ ਲੋਕਾਂ ਵਿੱਚ ਸ਼ਾਮਲ ਸਨ। ਫੂਲੇ ਦੱਸਦੇ ਹਨ ਕਿ ਉੱਚੀਆਂ ਜਾਤਾਂ ਦੇ ਲੋਕ ਇੰਡੋ-ਯੂਰਪੀਅਨ ਨਸਲਾਂ ਦੇ ਵੰਸ਼ਜ ਸਨ, ਜਿਨ੍ਹਾਂ ਨੇ ਮੌਲਿਕ ਸਮਾਨਤਾਵਾਦੀ ਸਮਾਜ ਨੂੰ ਪਲਟਾ ਦਿੱਤਾ ਅਤੇ ਜਿੱਤੇ ਗਏ ਲੋਕਾਂ ਦੇ ਪੜ੍ਹਨ ’ਤੇ ਪਾਬੰਦੀ ਲਗਾ ਦਿੱਤੀ। ਉਨ੍ਹਾਂ ਦਾ ਬਿਰਤਾਂਤ ਰਾਜਾ ਬਾਲੀ ਦੇ ਇਰਦ-ਗਿਰਦ ਬੁਣਿਆ ਗਿਆ ਹੈ, ਜੋ ਕਿਸਾਨ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾ ਸਕਦਾ ਹੈ। ਕਹਿਣ ਦੀ ਲੋੜ ਨਹੀਂ ਕਿ ਰਾਮ ਵੱਲੋਂ ਪਿਛਲੇ ਪਾਸਿਓਂ ਬਾਲੀ ’ਤੇ ਹਮਲਾ ਕਰਕੇ ਕਤਲ ਕਰਨ ਦੀ ਕਾਰਵਾਈ ਦੀ ਨਿੰਦਾ ਕੀਤੀ ਜਾਂਦੀ ਹੈ ਅਤੇ ਇਸ ਕਾਰਵਾਈ ਨੂੰ ਉੱਚੀਆਂ ਜਾਤਾਂ ਵੱਲੋਂ ਨੀਵੀਆਂ ਜਾਤਾਂ ਦਾ ਘਾਣ ਕਰਨ ਦੀ ਨੀਤੀ ਵਜੋਂ ਵੇਖਿਆ ਜਾਂਦਾ ਹੈ। ਇਸਦੇ ਇਲਾਵਾ, ਰਾਮ ਨੂੰ ਵਿਸ਼ਨੂੰ ਦੇ ਅਵਤਾਰ ਵਜੋਂ ਦੇਖਿਆ ਜਾਂਦਾ ਹੈ, ਜੋ ਰਾਕਸ਼ਸਾਂ (ਆਪਣੀ ਫਸਲਾਂ ਦੀ ਰਾਖੀ ਕਰਨ ਵਾਲੇ) ਤੋਂ ਭਾਰਤ ਨੂੰ ਜਿੱਤ ਕੇ, ਉੱਚੀਆਂ ਜਾਤਾਂ ਦੇ ਲੋਕਾਂ ਦੀ ਜਾਤਿ ਅਤੇ ਲਿੰਗ ਦਰਜਾਬੰਦੀ ਨੂੰ ਸਥਾਪਿਤ ਕਰਨ ਆਇਆ ਸੀ।

ਡਾ: ਅੰਬੇਦਕਰ ਅਤੇ ਪੇਰੀਆਰ ਦੇ ਬਿਰਤਾਂਤ ਕਿਸੇ ਵੱਖਰੇ ਸੰਸਕਰਣ ਦੀ ਬਜਾਏ ਵਾਲਮੀਕਿ ਦੀ ਰਚਨਾ ਦੀ ਬਦਲਵੀਂ ਸਮਾਲੋਚਨਾ ਹੈ। ਦੋਹਾਂ ਦੀ ਵਿਆਖਿਆ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਡਾ: ਅੰਬੇਦਕਰ ਨੇ ਆਪਣੀ ਸਾਰੀ ਤਵੱਜੋ ਤਤਕਾਲੀ ਪ੍ਰਚਲਨ, ਜਿਸ ਵਿੱਚ ਨੀਵੀਂ ਜਾਤ ਦੇ ਵਿਅਕਤੀ ਨੂੰ ਤਪ ਕਰਨ ਦੀ ਆਗਿਆ ਨਹੀਂ ਸੀ, ਦੀ ਉਲੰਘਣਾ ਕਰਨ ਕਰਕੇ ਸ਼ੰਬੂਕ ਦਾ ਕਤਲ ਕਰਨ ਦੇ ਮੁੱਦਿਆਂ ’ਤੇ ਕੀਤੀ ਹੈ। ਫੂਲੇ ਦੀ ਤਰ੍ਹਾਂ, ਉਹ ਵੀ ਭਗਵਾਨ ਰਾਮ ਵੱਲੋਂ ਹਰਮਨ ਪਿਆਰੇ ਨਾਇਕ ਰਾਜਾ ਬਾਲੀ ਨੂੰ ਕਤਲ ਕਰਨ ਨੂੰ ਫਿਟਕਾਰ ਪਾਈ ਹੈ। ਉਨ੍ਹਾਂ ਨੇ ਰਾਮ ਵੱਲੋਂ ਸੀਤਾ ਦੀ ਅਗਨੀ-ਪਰੀਖਿਆ ਲੈਣ ਅਤੇ ਉਸ ਨਾਲ ‘ਮੁਖੀਆ ਕਿਸਮ ਦੀ ਮਾਨਸਿਕਤ ਵਰਤਣ ਪ੍ਰਤੀ ਵੀ ਸਵਾਲ ਉਠਾਏ ਹਨ। ਰਾਵਣ ਨੂੰ ਹਰਾਉਣ ਤੋਂ ਬਾਅਦ ਰਾਮ ਸੀਤਾ ਨੂੰ ਕਹਿੰਦਾ ਹੈ ਕਿ ਉਸਨੇ ਇਹ ਜੰਗ ਉਸ (ਸੀਤਾ) ਨੂੰ ਅਜ਼ਾਦ ਕਰਵਾਉਣ ਲਈ ਨਹੀਂ ਕੀਤੀ ਸੀ ਸਗੋਂ ਖ਼ੁਦ ਲਈ ਕੀਤੀ ਸੀ, ਤਾਂ ਜੋ ਉਹ ਆਪਣਾ ਸਨਮਾਨ ਮੁੜ ਸੁਰਜੀਤ ਕਰ ਸਕਦਾ - ਜੋ ਸੀਤਾ ਦੇ ਗਰਭਵਤੀ ਹੋਣ ਕਾਰਨ ਉਸਦੀ ਪਵਿੱਤਰਤਾ ਬਾਰੇ ਅਫ਼ਵਾਹਾਂ ਉੱਡਣ ਕਾਰਨ ਸੰਕਟ ਵਿੱਚ ਪੈ ਗਿਆ ਸੀ। ਅੰਬੇਦਕਰ ਵੱਲੋਂ ਰਾਮ ਦੇ ਇਸ ਰਵੱਈਐ ਦੀ ਸਭ ਤੋਂ ਸਖ਼ਤ ਆਲੋਚਨਾ ਕੀਤੀ ਗਈ ਹੈ।

ਪੇਰੀਆਰ ਵੀ ਮੁੱਖ ਤੌਰ ’ਤੇ ਉਸੇ ਵਿਚਾਰਧਾਰਾ ’ਤੇ ਚੱਲਦੇ ਹਨ ਪਰ ਉਨ੍ਹਾਂ ਦੀ ਵਿਆਖਿਆ ਵਿੱਚ ਉੱਤਰੀ ਭਾਰਤ ਦੇ ਉੱਚੀਆਂ ਜਾਤਾਂ ਦਾ ਹਮਲਾ - ਦੱਖਣ ਭਾਰਤੀਆਂ ਦਾ ਸੰਘਰਸ਼, ਉਨ੍ਹਾਂ ਦਾ ਵਿਸ਼ਾ-ਵਸਤੂ ਬਣ ਜਾਂਦਾ ਹੈ। ‘ਆਤਮ-ਸਨਮਾਨ ਮੁਹਿੰਮ’ ਦੇ ਸੰਸਥਾਪਕ ਪੇਰੀਆਰ, ਤਮਿਲਨਾਡੂ ਵਿੱਚ ਜਾਤ ਅਤੇ ਲਿੰਗ ਬਰਾਬਰਤਾ ਦੇ ਮੋਹਰੀ ਸਨ। ਅਜਿਹੇ ਇਕ ਆਂਦੋਲਨ ਵਿੱਚ, ਜਿਸਨੂੰ ਬੜਾ ਘੱਟ ਜਾਣਿਆ ਜਾਂਦਾ ਹੈ, ਡਾ: ਅੰਬੇਦਕਰ ਵੱਲੋਂ ਮਨੂੰ ਸਿੰਮ੍ਰਤੀ ਜਲਾਏ ਜਾਣ ਵਾਲੀ ਲਾਈਨ ’ਤੇ ਹੀ, ਉਨ੍ਹਾਂ ਨੇ ਵੀ ਰਾਮ ਦੀ ਫੋਟੋ ਜਲਾਉਣ ਦੀ ਯੋਜਨਾ ਬਣਾ ਲਈ ਕਿਉਂਕਿ ਉਨ੍ਹਾਂ ਲਈ ਰਾਮ ਦੱਖਣ ਭਾਰਤੀਆਂ ਉੱਤੇ ਉੱਚੀਆਂ ਜਾਤਾਂ ਦੀਆਂ ਬੰਦਿਸ਼ਾਂ ਦਾ ਪ੍ਰਤੀਕ ਸੀ। ਇਹ ਉਨ੍ਹਾਂ ਵੱਲੋਂ ਜਾਤ-ਪਾਤ ਅਧਾਰਿਤ ਹਿੰਦੂਵਾਦ ਖਿਲਾਫ਼ ਮੁਹਿੰਮ ਦਾ ਹਿੱਸਾ ਸੀ। ਪੇਰੀਆਰ ਨੇ ਤਮਿਲ ਪਛਾਣ ਨੂੰ ਵੀ ਕਾਇਮ ਰੱਖਿਆ। ਉਨ੍ਹਾਂ ਮੁਤਾਬਿਕ, ਰਮਾਇਣ ਦੀ ਕਹਾਣੀ ਇਸ ਗੱਲ ਦਾ ਸੂਖਮ ਇਤਿਹਾਸਕ ਬਿਰਤਾਂਤ ਸੀ ਕਿ ਕਿਵੇਂ ਜਾਤ-ਪਾਤ ਪ੍ਰਣਾਲੀ ਵਾਲੇ, ਸੰਸਕ੍ਰਿਤ-ਅਧਾਰਿਤ, ਉੱਚੀਆਂ ਜਾਤਾਂ ਦੇ ਉੱਤਰੀ ਭਾਰਤੀ ਹਿੰਦੂਆਂ ਨੇ ਦੱਖਣ ਭਾਰਤੀਆਂ ’ਤੇ ਜ਼ੁਲਮ ਢਾਹੇ। ਉਹ ਰਾਵਣ ਨੂੰ ਪੁਰਾਤਨ ਦ੍ਰਵਿੜਾਂ ਦੇ ਬਾਦਸ਼ਾਹ ਵਜੋਂ ਪਛਾਣਦੇ ਹਨ, ਜਿਸਨੇ ਸੀਤਾ ਦਾ ਅਪਹਰਣ ਮੁੱਖ ਤੌਰ ’ਤੇ ਆਪਣੀ ਭੈਣ ਸਰੂਪਨਖਾ ਦੇ ਅਪਮਾਨ ਅਤੇ ਉਸਦੇ ਅੰਗ ਕੱਟੇ ਜਾਣ ਦਾ ਬਦਲਾ ਲੈਣ ਲਈ ਕੀਤਾ। ਉਨ੍ਹਾਂ ਦੀ ਵਿਆਖਿਆ ਵਿੱਚ ਰਾਵਣ ਇਕ ਭਗਤ ਅਤੇ ਗੁਣਵਾਨ ਵਿਅਕਤੀ ਹੈ।

ਆਰ.ਐਸ.ਐਸ. ਗਠਜੋੜ ਦੇ ਅੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਤੋੜ-ਫੋੜ ਦੀ ਕਾਰਵਾਈ ਨੂੰ ਆਰ.ਐਸ.ਐਸ. ਦੀ ਇਕ ਹੋਰ ਸੰਤਾਨ ‘ਵਨਵਾਸੀ ਕਲਿਆਣ ਆਸ਼ਰਮ’ ਵੱਲੋਂ ਆਦੀਵਾਸੀਆਂ ਦੇ ਸਭਿਆਚਾਰਕ ਜੋੜ-ਤੋੜ ਅਤੇ ਆਪਣ ਨਾਲ ਰਲਾ ਲੈਣ ਦੀਆਂ ਮੌਜੂਦਾ ਕਾਰਵਾਈਆਂ ਦੀ ਰੌਸ਼ਨੀ ਵਿੱਚ ਸਮਝਿਆ ਜਾ ਸਕਦਾ ਹੈ। ਇਹ ਸੰਸਥਾ ਦੂਰ-ਦੁਰਾਡੇ ਇਲਾਕਿਆਂ ਵਿੱਚ ਇਸਾਈ-ਵਿਰੋਧੀ ਹਮਲਿਆਂ ਲਈ ਮੁੱਖ ਜ਼ਿੰਮੇਵਾਰ ਹੈ। ਇਨ੍ਹਾਂ ਜ਼ਿਆਦਾਤਰ ਇਲਾਕਿਆਂ ਵਿੱਚ, ਭਗਵਾਨ ਦੇ ਵਫ਼ਾਦਾਰ ਭਗਤ ਵਜੋਂ ਹਨੂੰਮਾਨ ਨੂੰ ਆਦੀਵਾਸੀਆਂ ਦੇ ਆਦਰਸ਼ ਵਜੋਂ ਉਭਾਰਿਆ ਜਾ ਰਿਹਾ ਹੈ। ਅਜਿਹਾ ਹਨੂੰਮਾਨ ਦੇ ਲਾਕੇਟ ਆਦਿਕ ਵੰਡ ਕੇ ਕੀਤਾ ਜਾਂਦਾ ਹੈ। ਉੱਚੀਆਂ ਜਾਤਾਂ ਦੇ ਲੋਕਾਂ ਦਾ ਰਾਮ ਨਾਲ ਪ੍ਰਤੀਕਾਤਮਕ ਸਬੰਧ ਅਤੇ ਆਦੀਵਾਸੀਆਂ ਦਾ ਹਨੂੰਮਾਨ ਨਾਲ ਸਬੰਧ, ਆਦੀਵਾਸੀਆਂ ਦੇ ਉੱਚੀਆਂ ਜਾਤਾਂ ਨਾਲ ਰਿਸ਼ਤੇ ਬਾਰੇ ਸੰਘ ਪਰਵਾਰ ਵੱਲੋਂ ਸਿਆਸੀ ਸੰਦੇਸ਼ ਦਿੰਦਾ ਹੈ।

ਇਸੇ ਤਰ੍ਹਾਂ, ਇਨ੍ਹਾਂ ਖੇਤਰਾਂ ਵਿੱਚ ਇਕ ਹੋਰ ਮੁਥਾਜ ਔਰਤ ‘ਸ਼ਬਰੀ’ ਨੂੰ ਵੀ ਆਦੀਵਾਸੀਆਂ ਦੇ ਆਦਰਸ਼ ਮਾਡਲ ਵਜੋਂ ਪ੍ਰਚਾਰਿਆ ਜਾਂਦਾ ਹੈ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਡੰਗ (ਗੁਜਰਾਤ) ਦੇ ਆਦੀਵਾਸੀ ਖੇਤਰਾਂ ਵਿੱਚ ਰਮਾਇਣ ਦੀਆਂ ਕਹਾਣੀਆਂ ਸੁਣਾਉਣ ਦਾ ਰਿਵਾਜ, ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਵੱਖਰਾ ਹੈ। ਆਰ.ਐਸ.ਐਸ. ਵੱਲੋਂ ਮਨਜ਼ੂਰ ਅਤੇ ਪ੍ਰਚਾਰਿਆ ਜਾ ਰਿਹਾ ਰਮਾਇਣ ਦਾ ਸੰਸਕਰਣ ‘ਮਹਾਂਰਿਸ਼ੀ’ ਰਾਮਾਨੰਦ ਸਾਗਰ ਦੇ ਟੀ.ਵੀ. ਸੀਰੀਅਲ ਰਮਾਇਣ ’ਤੇ ਅਧਾਰਿਤ ਹੈ, ਜੋ ਜਾਤ ਅਤੇ ਲਿੰਗ ਦਰਜਾਬੰਦੀ ਨੂੰ ਵਡਿਆਉਣ ਵਿੱਚ ਰਮਾਇਣ ਕੇ ਪਹਿਲੇ ਦੇ ਕਈ ਸੰਸਕਰਣਾਂ ਤੋਂ ਵੀ ਬਹੁਤ ਕਦਮ ਅੱਗੇ ਨਿਕਲ ਗਿਆ ਸੀ। ਮਿਸਾਲ ਵਜੋਂ, ਇਸ ਸੰਸਕਰਣ ਵਿੱਚ ਸੀਤਾ ਖ਼ੁਦ ਹੀ ਆਪਣੇ ‘ਮਾਲਕ ਅਤੇ ਭਗਵਾਨ’ ਵੱਲੋਂ ਜੰਗਲ ਵਿੱਚ ਛੱਡ ਦਿੱਤੇ ਜਾਣ ਦੀ ਇੱਛੁਕ ਹੈ ਤਾਂਕਿ ਲੋਕ ਉਸ (ਰਾਮ) ਬਾਰੇ ਕੋਈ ਮੰਦਾ ਬੋਲ ਨਾ ਬੋਲ ਸਕਣ। ਅਤੇ ਮੌਜੂਦਾ ਸਮੇਂ ਵਿੱਚ ਸੰਘ ਪਰਵਾਰ ਦਾ ਇਹੀ ਅੰਤਮ ਫੈਸਲਾ ਹੈ ਕਿ ਇਸ ਤਰ੍ਹਾਂ ਦੀ ਅੰਨ੍ਹੀ ਸ਼ਰਧਾ ਤੋਂ ਜ਼ਰਾ ਵੀ ਥਿੜਕਣ ਨੂੰ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਾ ਦਿੱਤਾ ਜਾਏ।

ਰਾਮ ਦੇ ਇਸ ਰੂਪ ਅਤੇ ਰਮਾਇਣ ਦੇ ਇਸ ਸੰਸਕਰਣ ਦੀ ਚੋਣ ਪਿੱਛੇ ਸ਼ਰਧਾ ਘੱਟ ਅਤੇ ਸਿਆਸੀ ਏਜੰਡਾ ਵਧੇਰੇ ਕੰਮ ਕਰ ਰਿਹਾ ਹੈ। ਇਸ ਵਾਸਤੇ ਸਹਿਣਸ਼ੀਲ ਹਿੰਦੂਵਾਦ ਦੇ ਨਾਮ ’ਤੇ ਕੀਤੀ ਜਾ ਰਹੀ ਇਹ ਸਿਆਸਤ, ਦੁਨੀਆ ਭਰ ਵਿੱਚ ਕਾਇਮ ਬਹੁਤ ਸਾਰੇ ਰਾਮ ਅਤੇ ਬਹੁਤ ਸਾਰੀਆਂ ਰਮਾਇਣਾਂ ਨੂੰ ਸਹਿਣ ਨਹੀਂ ਕਰ ਸਕਦੀ।