Subscription About Us Contact Us


ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਦੀ ਬੇਅਦਬੀ ਕਰਵਾਉਣ ਵਿੱਚ ਸਰਨਾ ਦੇ ਚਾਪਲੂਸਾਂ ਨੇ ਭਾਨੂੰ ਮੂਰਤੀ ਨੂੰ ਵੀ ਮਾਤ ਦਿੱਤੀ

- ਇੰਡੀਆ ਅਵੇਅਰਨੈੱਸ ਬਿਉਰੋ -

ਦਿ.ਸਿ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਚਾਪਲੂਸੀ ਕਰਕੇ ਧਰਮ ਪ੍ਰਚਾਰ ਕਮੇਟੀ ਦੀ ਯੂਥ ਐਂਡ ਐਜੂਕੇਸ਼ਨ ਵਿੰਗ ’ਤੇ ਕਾਬਿਜ਼ ਆਰ.ਐਸ.ਐਸ. ਦੇ ਕੁਝ ਏਜੰਟਾਂ ਵੱਲੋਂ ਕੀਤੀਆਂ ਜਾ ਰਹੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਬਾਰੇ ਇੰਡੀਆ ਅਵੇਅਰਨੈੱਸ ਵਿੱਚ ਸਮੇਂਸਮੇਂ ’ਤੇ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਇਨ੍ਹਾਂ ਬ੍ਰਾਹਮਣਵਾਦੀ ਤੱਤਾਂ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦਾ ਘੇਰਾ ਏਨਾ ਵੱਧ ਗਿਆ ਹੈ ਕਿ ਕੌਮਾਂਤਰੀ ਪੱਧਰ ’ਤੇ ਇਨ੍ਹਾਂ ਦਾ ਪਰਦਾਫਾਸ਼ ਹੋਣਾ ਅਰੰਭ ਹੋ ਗਿਆ ਹੈ। ਇਸੇ ਕੜੀ ਵਿੱਚ ਅਮਰੀਕਾ ਤੋਂ ਸੰਚਾਲਿਤ ਇਕ ਅੰਗਰੇਜ਼ੀ ਵੈਬਸਾਈਟ ਨੇ ਦਿੱਲੀ ਕਮੇਟੀ ਦੀ ਗੁ: ਰਕਾਬ ਗੰਜ ਸਾਹਿਬ ਵਿਖੇ ਸਥਿਤ ਪ੍ਰਿੰਟਿੰਗ ਪ੍ਰੈਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ।

ਉਕਤ ਵੈਬਸਾਈਟ ’ਤੇ ਵਿਸ਼ੇਸ਼ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ‘ਗੁਰ ਉਪਦੇਸ਼ ਪ੍ਰਿੰਟਰਜ਼’ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਪੰਨਿਆਂ ’ਤੇ ਪ੍ਰਿੰਟਿੰਗ ਵਿੱਚ ਕੁਝ ਕਮੀ ਹੁੰਦੀ ਹੈ, ਉਨ੍ਹਾਂ ਨੂੰ ਰੱਦੀ ਦੀ ਟੋਕਰੀ ਵਿੱਚ, ਆਮ ਰੱਦੀ ਵਾਲੇ ਕਾਗਜ਼ਾਂ ਦੇ ਨਾਲ ਹੀ ਸੁੱਟ ਦਿੱਤਾ ਜਾਂਦਾ ਹੈ। ਵੈਬਸਾਈਟ ਮੁਤਾਬਿਕ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਛਪਾਈ ਉਪਰੰਤ ਗੰਦੀਆਂ ਟੇਬਲਾਂ ’ਤੇ, ਇਕ ਦੇ ਉੱਪਰ ਢੇਰ ਲਗਾ ਕੇ ਰੱਖ ਦਿੱਤਾ ਜਾਂਦਾ ਹੈ। ਵੈਬਸਾਈਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਜਿਸ ਵੇਲੇ ਉਨ੍ਹਾਂ ਦੀ ‘ਪੜਤਾਲੀਆ ਟੀਮ’ ਪ੍ਰਿੰਟਿੰਗ ਪ੍ਰੈਸ ਵਿੱਚ ਗਈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪਾਂ ਨੂੰ ਫਰਸ਼ ’ਤੇ ਸਿਰਫ਼ ਇਕ ਰੁਮਾਲਾ ਵਿਛਾਕੇ ਰੱਖਿਆ ਹੋਇਆ ਸੀ ਅਤੇ ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਖਾਸਨ ਵਿਧੀ ਰਾਹੀਂ ਸਾਂਭਿਆ ਵੀ ਜਾਂਦਾ ਹੈ, ਉੱਥੇ ਵੀ ਕਥਿਤ ਤੌਰ ’ਤੇ ਗੈਰ-ਸਿੱਖ ਲੋਕ ਨੰਗੇ ਸਿਰ ਫਿਰਦੇ ਵੇਖੇ ਗਏ। ਗੁਰੂ ਗ੍ਰੰਥ ਦਾ ਇਕ ਸਰੂਪ ਕਥਿਤ ਗੰਦੀ ਟੇਬਲ ਉੱਤੇ ਖੁੱਲੇ ਰੂਪ ਵਿੱਚ ਦੇਖਿਆ ਗਿਆ, ਜਿਸਦੇ ਉੱਪਰ ਨਾ ਕੋਈ ਰੁਮਾਲਾ ਸੀ ਅਤੇ ਨਾ ਹੀ ਨਾਲ ਚਵਰ ਸਾਹਿਬ ਸੀ।

ਗੁਰਦੁਆਰਾ ਰਕਾਬ ਸਾਹਿਬ ਸਥਿਤ ਦਿੱਲੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਵਿੱਚ ਰੱਦੀ ਦੀ ਟੋਕਰੀ ਵਿੱਚ ਸੁੱਟੇ ਗਏ ਗੁਰੂ ਗ੍ਰੰਥ ਸਾਹਿਬ ਦੇ ਕਈ ਪੰਨੇ

ਖੁੱਲੀ ਦਸ਼ਾ ਵਿੱਚ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ, ਜਿਸਨੂੰ ਦਫ਼ਤਰੀ ਕਾਰਜਾਂ ਵਾਸਤੇ ਉਪਯੋਗ ਕੀਤੇ ਜਾਣ ਵਾਲੇ ਟੇਬਲ ’ਤੇ ਲਾਵਾਰਿਸ ਦਸ਼ਾ ਵਿੱਚ ਰੱਖਿਆ ਪ੍ਰਤੀਤ ਹੁੰਦਾ ਹੈ

ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ, ਦਿੱਲੀ ਕਮੇਟੀ ਦੀ ਪ੍ਰੈਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਹਿੰਦੀ ਅਤੇ ਉਰਦੂ ਵਿੱਚ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਦਕਿ ਅਜਿਹਾ ਕਰਨਾ ਕਥਿਤ ਤੌਰ ’ਤੇ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼, ਕਿ ਗੈਰ-ਗੁਰਮੁਖੀ ਲਿਪੀਆਂ ਵਿੱਚ ਗੁਰਬਾਣੀ ਦੀ ਸਿਰਫ਼ ਸੈਂਚੀਆਂ ਹੀ ਤਿਆਰ ਕੀਤੀਆਂ ਜਾਣ - ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਕਰਨ ਲਈ ਮੁਕੰਮਲ ਸਰੂਪ ਨਹੀਂ, ਦੀ ਉਲੰਘਣਾ ਹੈ।

ਪ੍ਰੈਸ ਦੇ ਇਕ ਗੰਦੇ ਕੋਨੇ ਵਿੱਚ ਪਏ
ਗੁਰੂ ਗ੍ਰੰਥ ਸਾਹਿਬ ਦੇ ਦਰਜਨਾਂ ਸਰੂਪ

ਗੁਰੂ ਗ੍ਰੰਥ ਸਾਹਿਬ ਦੇ ਸੁਖਾਸਨ ਵਾਲੇ ਕਮਰੇ ਵਿੱਚ
ਨੰਗੇ ਸਿਰ ਫਿਰਦਾ ਇਕ ਵਿਅਕਤੀ

ਇਸ ਸਭ ਦੇ ਇਲਾਵਾ, ਵੈਬਸਾਈਟ ’ਤੇ ਵੀਡੀਓ ਕਲਿੱਪਾਂ ਰਾਹੀਂ ਇਹ ਸਬੂਤ ਵੀ ਦਿੱਤੇ ਗਏ ਹਨ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਕਾਰਜਰਤ ਮਜ਼ਦੂਰਾਂ ਵੱਲੋਂ ਉੱਥੇ ਤੰਬਾਕੂ ਦਾ ਸੇਵਨ ਕੀਤਾ ਜਾਂਦਾ ਹੈ ਅਤੇ ਤੰਬਾਕੂ ਦੇ ‘ਪਾਊਚ’ ਵੀ ਗੁਰਦੁਆਰਾ ਕੰਪਲੈਕਸ ਵਿੱਚ ਹੀ ਸੁੱਟ ਦਿੱਤੇ ਜਾਂਦੇ ਹਨ। ਤੰਬਾਕੂ ਦੇ ਸੇਵਨ ਨੂੰ ਸਿੱਖ ਰਹਿਤ ਮਰਿਆਦਾ ਮੁਤਾਬਿਕ ਚਾਰ ਬਜਰ ਕੁਰਹਿਤਾਂ ਵਿੱਚੋਂ ਇਕ ਮੰਨਿਆ ਗਿਆ ਹੈ ਪਰ ਅਖੌਤੀ ਧਰਮ ਪ੍ਰਚਾਰ ਦੇ ਠੇਕੇਦਾਰ, ਜੋ ਦਿੱਲੀ ਦੇ ਇਲਾਵਾ ਪੰਜਾਬ ਅਤੇ ਰਾਜਸਥਾਨ ਵਿੱਚ ਵੀ ਸਿੱਖੀ ਪ੍ਰਚਾਰ ਦੇ ਨਾਂ ’ਤੇ ਗੁਰੂ ਘਰ ਦੀਆਂ ਗੋਲਕਾਂ ਲੁੱਟ ਰਹੇ ਹਨ, ਨੂੰ ਐਨ ਆਪਣੀ ਨੱਕ ਥੱਲੇ ਹੋ ਰਹੀ ਗੁਰੂ ਘਰ ਦੀ ਘੋਰ ਬੇਅਦਬੀ ਦੀ ਕੋਈ ਫ਼ਿਕਰ ਪ੍ਰਤੀਤ ਨਹੀਂ ਹੁੰਦੀ।

ਗੁ: ਰਕਾਬ ਗੰਜ ਸਾਹਿਬ ਕੰਪਲੈਕਸ ਵਿੱਚ ਡਿਗੇ ਪਏ ਤੰਬਾਕੂ ਦੇ ਪਾਊਚ

ਇਹ ਵੀ ਗੌਰਤਲਬ ਹੈ ਕਿ 2005 ਵਿੱਚ ਦਿੱਲੀ ਦੇ ਹੀ ਦੱਖਣ ਭਾਰਤੀ ‘ਅਨੁਵਾਦਕ’ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਦੇ ਨਾਂ ’ਤੇ ਗੁਰਬਾਣੀ ਦੀਆਂ ਲਗਾਂ-ਮਾਤਰਾਵਾਂ ਬਦਲੀਆਂ ਗਈਆਂ ਸਨ ਅਤੇ ਉਸਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਪੰਨੇ ਕਟੀ-ਫਟੀ ਹਾਲਤ ਵਿੱਚ ਮਿਲੇ ਸਨ। ਇੰਡੀਆ ਅਵੇਅਰਨੈੱਸ ਵੱਲੋਂ ਇਹ ਜਾਣਕਾਰੀ ਸਾਹਮਣੇ ਲਿਆਉਣ ’ਤੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਨੇ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਕਈ ਹੋਰ ਅਹੁਦੇਦਾਰਾਂ ਨੂੰ ਪੇਸ਼ੀ ਵਾਸਤੇ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ ਸੀ। ਪਰ ਮੌਜੂਦਾ ਮਾਮਲੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਪ੍ਰੈਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਭਾਰੀ ਬੇਅਦਬੀ, ਜਿਸਦੀ ਨੈਤਿਕ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਦੀ ਹੀ ਹੈ, ਦੇ ਬਾਵਜੂਦ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੀ ਇਸਨੂੰ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਦੀ ਅਣਗਹਿਲੀ ਸਮਝਿਆ ਜਾਵੇ ਜਾਂ ਉਨ੍ਹਾਂ ਉੱਤੇ ਆਰ.ਐਸ.ਐਸ. ਦਾ ਦਬਾਅ, ਜੋ ਆਪਣੇ ਕਿਸੇ ਏਜੰਟ ਖਿਲਾਫ਼ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੀ? ਇਸ ਘਟਨਾ-ਕ੍ਰਮ ਨਾਲ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀਆਂ ਨੀਤੀਆਂ ’ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਉਨ੍ਹਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧੇਰੇ ਮਹੱਤਤਾ ਰਖਦਾ ਹੈ ਜਾਂ ਸ਼ੱਕੀ ਕਿਰਦਾਰ ਵਾਲੇ ਆਪਣੇ ਚਾਪਲੂਸਾਂ ਨੂੰ ਖੁਸ਼ ਰਖਣਾ?