

ਗੁਰੂ ਗੋਬਿੰਦ ਸਿੰਘ ਜੀ ਦੀ ‘ਨਿਸ਼ਾਨੀ’ ਦਾ ਹਊਆ
- ਸਰਬਜੀਤ ਸਿੰਘ -
ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੱਚ ਦੇ ਗਿਆਨ ਤੋਂ ਸੱਖਣੇ ਸਿੱਖਾਂ ਨੂੰ ਚਲਾਕ ਕਿਸਮ ਦੇ ਲੋਕਾਂ ਵੱਲੋਂ ਗੁੰਮਰਾਹ ਕਰਕੇ ਉਨ੍ਹਾਂ ਦਾ ਜਜ਼ਬਾਤੀ, ਆਰਥਕ ਤੇ ਸਿਧਾਂਤਕ ਸ਼ੋਸ਼ਣ ਕਰਨ ਵਾਲੇ ਲੋਕਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ। ਪਹਿਲਾਂ ਇਹ ਨੀਤੀ ਭਾਰਤ ਅਤੇ ਪਾਕਿਸਤਾਨ ਦੇ ਕੁਝ ਅਖੌਤੀ ਗੁਰੂ ਘਰ ਦੇ ਪ੍ਰੇਮੀਆਂ ਵੱਲੋਂ ਅਪਣਾਈ ਜਾ ਰਹੀ ਸੀ ਪਰ ਹੁਣ ਇਹ ਵਰਤਾਰਾ ਸਾਰੀ ਦੁਨੀਆ ਵਿੱਚ ਫੈਲ ਗਿਆ ਹੈ। ਪਿਛਲੇ ਦਿਨੀਂ ਇੰਗਲੈਂਡ ਦੀ ਵਪਾਰਕ ਕੰਪਨੀ ‘ਸੋਥਬੀ’ ਵੱਲੋਂ, ਪੁਰਾਣੇ ਜ਼ਮਾਨੇ ਦੇ ਇਕ ਕਵਚ ਨੂੰ ‘ਗੁਰੂ ਗੋਬਿੰਦ ਸਿੰਘ ਜੀ ਦਾ ਕਵਚ’ ਦੱਸ ਕੇ ਅਤਿ ਮਹਿੰਗੇ ਭਾਅ ਨੀਲਾਮ ਕਰਨ ਦੀ ਕੋਸ਼ਿਸ਼ ਵਾਲੀ ਘਟਨਾ ਨੇ ਇਸ ਤੱਥ ਨੂੰ ਇਕ ਵਾਰ ਫਿਰ ਤਸਦੀਕ ਕਰ ਦਿੱਤਾ ਹੈ।
ਨਿਲਾਮੀ ਦੀ ਜਾਣਕਾਰੀ ਜਨਤੱਕ ਕਰਨ ਵੇਲੇ ਸੋਥਬੀ ਨੇ ਇਹੀ ਦਾਅਵਾ ਕੀਤਾ ਕਿ ਉਕਤ ਕਵਚ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਪਰ ਸਿੱਖ ਸੰਗਠਨਾਂ ਵੱਲੋਂ ਕੀਤੀ ਗਈ ਅਤਿ-ਪ੍ਰਤਿਕ੍ਰਿਆ (over-reaction) ਅਤੇ ਕਾਨੂੰਨੀ ਕਾਰਵਾਈਆਂ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ, ਕੰਪਨੀ ਨੇ ਇਹ ਕਹਿਕੇ ਨੀਲਾਮੀ ’ਤੇ ਰੋਕ ਲਗਾ ਦਿੱਤੀ ਕਿ ਕਵਚ ਦਾ ਮਾਲਕ ਹੁਣ ਇਹ ਨੀਲਾਮੀ ਕਰਨ ਦੀ ਬਜਾਏ, ਇਸਨੂੰ ਕਿਸੇ ਢੁਕਵੇਂ ਸਿੱਖ ਨੂੰ ਵੇਚਣਾ ਚਾਹੁੰਦਾ ਹੈ। ਕੰਪਨੀ ਨੇ ਇਹ ਇਕਬਾਲ ਵੀ ਕਰ ਲਿਆ ਕਿ ਚਰਚਿਤ ਕਵਚ ਗੁਰ+ੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਨਹੀਂ ਹੈ।

ਵਿਵਾਦਿਤ ਕਵਚ ਜਿਸ ਨੂੰ ਕਈ ਸਿੱਖ ਜੱਥੇਬੰਦੀਆਂ ‘ਗੁਰੂ ਗੋਬਿੰਦ ਸਿੰਘ ਜੀ ਦਾ’ ਕਵਚ ਕਹਿੰਦੀਆਂ ਰਹੀਆਂ
ਵਪਾਰਕ ਕੰਪਨੀ ਨੇ ਤਾਂ ਮੁਨਾਫ਼ਾ ਕਮਾਉਣ ਲਈ ਜੋ ਕੀਤਾ ਸੋ ਕੀਤਾ, ਪਰ ਕਵਚ ਦੀ ਚਰਚਾ ਦੌਰਾਨ ਸਿੱਖ ਸੰਗਠਨਾਂ ਦਾ ਵਤੀਰਾ ਵੀ ਹੈਰਾਨੀਜਨਕ ਰਿਹਾ। ਬਹੁਤ ਸਾਰੇ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਮੀਡੀਆ ਵਿੱਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਸੋਥਬੀ ਨੂੰ ਗੁਰੂ ਸਾਹਿਬ ਦੀ ਇਹ ਪਵਿੱਤਰ ਨਿਸ਼ਾਨੀ ਨਿਲਾਮ ਨਹੀਂ ਕਰਨੀ ਚਾਹੀਦੀ। ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਤਾਂ ਸੜਕਾਂ ’ਤੇ ਰੋਸ ਮੁਜ਼ਾਹਰੇ ਵੀ ਅਰੰਭ ਕਰ ਦਿੱਤੇ।

ਸੋਥਬੀ ਕੰਪਨੀ ਵੱਲੋਂ ਗੁਰੂ ਸਾਹਿਬ ਦੀ ‘ਨਿਸ਼ਾਨੀ’ ਦੀ ਨਿਲਾਮੀ ਰੋਕਣ ਦਾ ਵਿਰੋਧ ਕਰਦੇ ਕੁਝ ਸਿੱਖ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਤਵਾਰ ਸਿੰਘ ਮੱਕੜ ਨੇ ਵੀ ਬਿਆਨ ਦਾਗ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਵਚ ਨੂੰ ਕਿਸੇ ਵੀ ਕੀਮਤ ’ਤੇ ਖਰੀਦਣ ਤੋਂ ਸੰਕੋਚ ਨਹੀਂ ਕੀਤਾ ਜਾਏਗਾ। ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਮਾਮਲੇ ’ਚ ਦਖ਼ਲਅੰਦਾਜ਼ੀ ਨਾ ਕਰਨਾ ਆਪਣੀ ਸ਼ਾਨ ਦੇ ਖਿਲਾਫ਼ ਸਮਝਿਆ ਅਤੇ ਕਵਚ ਨੂੰ ਖਰੀਦਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਗੱਲ ਦੁਹਰਾ ਦਿੱਤੀ। ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਸੀ ਕਿਉਂਕਿ ਉਕਤ ਕੰਪਨੀ ਕੋਲੋਂ ਕਥਿਤ ‘ਨਿਸ਼ਾਨੀ’ ਖਰੀਦਣ ਦੀ ਤੀਬਰ ਇੱਛਾ ਜਤਾਉਣ ਅਤੇ ਇਸਦੇ ਲਈ ਮਨਮਾਨੀ ਰਕਮ ਅਦਾ ਕਰਨ ਦੇ ਦਾਅਵਿਆਂ ਨਾਲ, ਨਿਲਾਮੀ ਸਮੇਂ ਇਸਦੀ ਅਸਲ ਕੀਮਤ, ਪਹਿਲਾਂ ਮਿੱਥੀ ਗਈ ਅੰਦਾਜ਼ਨ ਕੀਮਤ (ਲਗਭਗ 10-12 ਹਜ਼ਾਰ ਪੌਂਡ) ਤੋਂ ਬਹੁਤ ਵੱਧ ਹੋ ਸਕਦੀ ਸੀ। ਸਿੱਖ ਸੰਗਠਨਾਂ ਦੀਆਂ ਅਜਿਹੀ ਜਲਦਬਾਜ਼ੀ (ਬਲਕਿ ਹੁੱਲੜਬਾਜ਼ੀ) ਅਤੇ ਪੈਸੇ ਦੀ ਐਂਠ ਦਿਖਾਉਣ ਦੀ ਪ੍ਰਵਿਰਤੀ ਕਾਰਨ ਹੀ ਪਿਛਲੇ ਸਾਲ ਅਪ੍ਰੈਲ ਵਿੱਚ ‘ਬੋਨਹੈਮ’ ਨਾਂ ਦੀ ਕੰਪਨੀ ਨੇ ਮਹਾਰਾਜਾ ਦਲੀਪ ਸਿੰਘ ਦੀ ਇਕ ਸੰਗਮਰਮਰ ਦੀ ਮੂਰਤੀ, ਨਿਲਾਮੀ ਦੌਰਾਨ 17 ਲੱਖ ਪੌਂਡ (ਲਗਭਗ 13 ਕਰੋੜ 60 ਲੱਖ ਭਾਰਤੀ ਰੁਪਏ) ਦੀ ਵਿਕੀ ਜਦਕਿ ਬੋਨਹੈਮ ਕੰਪਨੀ ਇਸ ਮੂਰਤੀ ਨੂੰ ਨਿਲਾਮ ਕਰਕੇ ਸਿਰਫ਼ 30 ਕੁ ਹਜ਼ਾਰ ਪੌਂਡ ਖੱਟਣ ਤੱਕ ਦਾ ਅੰਦਾਜ਼ਾ ਰੱਖਦੀ ਸੀ।
ਖੈਰ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਜ਼ਿਆਦਾ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਪੈਸਾ ਆਪਣੀ ਜੇਬ ’ਚੋਂ ਨਹੀਂ ਬਲਕਿ ਗੁਰੂ ਕੀ ਗੋਲਕ ’ਚੋਂ ਦੇਣਾ ਹੁੰਦਾ ਹੈ। ਇਸਲਈ ‘ਮਾਲ-ਏ-ਮੁਫ਼ਤ, ਦਿਲ-ਏ-ਬੇਰਹਿਮ’ ਵਾਲੀ ਕਹਾਵਤ ਮੁਤਾਬਿਕ ਉਹ ਸਸਤੀ ਸ਼ੋਹਰਤ ਖੱਟ ਸਕਣ ਵਾਲੇ ਮਸਲਿਆਂ ’ਤੇ ਪੈਸੇ ਨੂੰ ਬੜੀ ਖੁੱਲ-ਦਿਲੀ (ਜਾਂ ਬੇਰਹਿਮੀ) ਨਾਲ ਖਰਚ ਕਰਦੇ ਹਨ।
ਪਰ ਇਸ ਸਾਰੇ ਘਟਨਾ-ਕ੍ਰਮ ਦੌਰਾਨ ਸਭ ਤੋਂ ਅਫ਼ਸੋਸਜਨਕ ਪਹਿਲੂ ਇਹ ਸਾਹਮਣੇ ਆਇਆ ਕਿ ਸੋਥਬੀ ਵੱਲੋਂ ਉਕਤ ਕਵਚ ਨੂੰ ਵੇਚੇ ਜਾਣ ਦਾ ਵਿਰੋਧ ਕਰ ਰਹੀ ਕਿਸੇ ਵੀ ਸਿੱਖ ਜੱਥੇਬੰਦੀ/ਗੁਰਦੁਆਰਾ ਕਮੇਟੀ ਨੇ ਇਨ੍ਹਾਂ ਤੱਥਾਂ ਦੀ ਪੜਤਾਲ ਕਰਨ ਦੀ ਲੋੜ ਨਹੀਂ ਸਮਝੀ ਕਿ ਇਹ ਕਵਚ ਵਾਕਈ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਵੀ ਜਾਂ ਨਹੀਂ? ਜੇਕਰ ਇਹ ਗੁਰੂ ਸਾਹਿਬ ਦਾ ਕਵਚ ਹੈ, ਤਾਂ ਇਹ ਇੰਗਲੈਂਡ ਦੀ ਨਿਲਾਮੀ ਕੰਪਨੀ ਕੋਲ ਕਦੋਂ ਅਤੇ ਕਿਵੇਂ ਪਹੁੰਚ ਗਿਆ? ਕੀ ਗੁਰੂ ਗੋਬਿੰਦ ਸਿੰਘ ਜੀ ਦੇ ਕਵਚ ’ਤੇ ਲਿਖੇ ਗਏ ਮੂਲ-ਮੰਤਰ ਵਿੱਚ ਵਰਤਨੀ ਦੀ ਕੋਈ ਗਲਤੀ ਹੋ ਸਕਦੀ ਸੀ? (ਨੋਟ : ਸੋਥਬੀ ਕੰਪਨੀ ਵੱਲੋਂ ਨਿਲਾਮੀ ਬਾਰੇ ਦਿੱਤੀ ਗਈ ਜਾਣਕਾਰੀ ਵਿੱਚ ਸਿਰਫ਼ ਇਹ ਕਿਹਾ ਗਿਆ ਸੀ ਕਿ ਉਕਤ ਕਵਚ, ਪਟਿਆਲਾ ਰਾਜ ਘਰਾਣੇ ਕੋਲ ਪਏ ਗੁਰੂ ਗੋਬਿੰਦ ਸਿੰਘ ਜੀ ਦੇ ਕਵਚ ਨਾਲ ਬਹੁਤ ਮਿਲਦਾ-ਜੁਲਦਾ ਹੈ। ਕੰਪਨੀ ਨੇ ਇਹ ਦਾਅਵਾ ਨਹੀਂ ਕੀਤਾ ਸੀ ਕਿ ਇਹ ਕਵਚ ਗੁਰੂ ਸਾਹਿਬ ਦਾ ਹੀ ਹੈ। ਵਿਵਾਦ ਸਿਖਰ ’ਤੇ ਪਹੁੰਚਣ ’ਤੇ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਮੀਡੀਆ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਵਚ ਤਾਂ ਉਨ੍ਹਾਂ ਦੇ ਘਰਾਣੇ ਕੋਲ ਸੁਰੱਖਿਆ ਪਿਆ ਹੋਇਆ ਹੈ।) ਪਰ ਸਿੱਖ ਜੱਥੇਬੰਦੀਆਂ ਨੇ ਇਨ੍ਹਾਂ ਤੱਥਾਂ ਦੀ ਪੜਤਾਲ ਕਰਨ ਦੀ ਬਜਾਏ, ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੋਂ ਲੈ ਕੇ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਤੱਕ ਨੂੰ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਆਪਣੇ ਰਸੂਖ ਦੀ ਵਰਤੋਂ ਕਰਕੇ ਸੋਥਬੀ ਕੰਪਨੀ ਨੂੰ ਉਕਤ ਨਿਲਾਮੀ ’ਤੇ ਰੋਕ ਲਗਾਉਣ ਲਈ ਪ੍ਰੇਰਨ।
ਉਕਤ ਸ਼ਖ਼ਸੀਅਤਾਂ ਨੇ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਪਰ ਸਿੱਖਾਂ ਦੇ ਜਜ਼ਬਾਤੀ ਤੇਵਰਾਂ ਨੂੰ ਦੇਖਦੇ ਹੋਏ ਸੋਥਬੀ ਨੇ ਸਪਸ਼ਟ ਤੌਰ ’ਤੇ ਐਲਾਨ ਕਰ ਦਿੱਤਾ ਕਿ ਇਹ ਕਵਚ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ। ਇਸ ਐਲਾਨ ਕਾਰਨ ਸ਼ਰਮਿੰਦਾ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਰੋਸ ਪ੍ਰਗਟਾਉਂਦਿਆਂ ਬਿਆਨ ਦਿੱਤਾ ਕਿ ਉਹ ਸੋਥਬੀ ਕੰਪਨੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਪਰ ਮੱਕੜ ਜੀ ਦਾ ਇਹ ਬਿਆਨ ‘ਖਿਸੀਆਨੀ ਬਿੱਲੀ, ਖੰਭਾ ਨੋਚੇ’ ਤੋਂ ਵੱਧ ਹੋਰ ਕੁਝ ਨਹੀਂ ਸੀ।
ਲੋੜ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਆਗੂ ਸਿੱਖਾਂ ਨੂੰ ਇਹ ਸਮਝਾਉਂਦੇ ਕਿ ਸਿੱਖ ਧਰਮ ਵਿੱਚ ਸਿਰਫ਼ ਗੁਰੂ ਦੇ ਗਿਆਨ ਦੀ ਹੀ ਮਹੱਤਤਾ ਹੈ, ਸ਼ੱਕੀ ਕਿਸਮ ਦੀਆਂ ਨਿਸ਼ਾਨੀਆਂ ਦੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੁਨੀਆਵੀ ਸਫ਼ਰ ਦੌਰਾਨ ਜਿਹੜਾ ਕਵਚ ਪਹਿਣਿਆ ਹੋਵੇ, ਉਸਨੂੰ ਵੇਖ ਕੇ ਵੀ ਸਾਨੂੰ ਗੁਰਮਤਿ ਦੇ ਅਸੂਲਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੇਗੀ (ਅਜਿਹਾ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਪੜ੍ਹ-ਸਮਝ ਕੇ ਹੀ ਹੋ ਸਕਦਾ ਹੈ)। ਹਾਂ, ਏਨਾ ਜ਼ਰੂਰ ਹੈ ਕਿ ਆਪਣੇ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਕਰਨ ਦੇ ਨਜ਼ਰੀਏ ਨਾਲ, ਜੇਕਰ ਗੁਰੂ ਸਾਹਿਬਾਨ ਦੇ ਜੀਵਨ-ਕਾਲ ਨਾਲ ਸਬੰਧਿਤ ਕਿਸੇ ਵਸਤੂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪ੍ਰਮਾਣਿਕਤਾ ਸਿੱਧ ਹੋਣ ਉਪਰੰਤ ਉਸਨੂੰ ਕਿਸੇ ਅਜਾਇਬ-ਘਰ ਵਿੱਚ ਰੱਖਿਆ ਜਾ ਸਕਦਾ ਹੈ। ਪਰ ਮੌਜੂਦਾ ਸਮੇਂ ਵਿੱਚ ਕੁਝ ਸਾਧ-ਬਾਬਿਆਂ ਅਤੇ ਗੁਰਦੁਆਰਾ ਕਮੇਟੀਆਂ ਅਜਿਹੀਆਂ ‘ਨਿਸ਼ਾਨੀਆਂ’ ਨੂੰ ਨਗਰ ਕੀਰਤਨਾਂ/ਜਾਗ੍ਰਿਤੀ ਯਾਤਰਾਵਾਂ ਰਾਹੀਂ ਨੁਮਾਇਸ਼ ਜਿਹੀ ਲਗਾ ਦਿੰਦੀਆਂ ਹਨ ਅਤੇ ਗੁਰਬਾਣੀ ਗਿਆਨ ਤੋਂ ਸੱਖਣ ਲੋਕ ਉਨ੍ਹਾਂ ‘ਨਿਸ਼ਾਨੀਆਂ’ ਸਾਹਮਣੇ ਨੋਟਾਂ ਦੇ ਅੰਬਾਰ ਲਗਾ ਕੇ ਮੱਥੇ ਟੇਕਦੇ ਆਮ ਵੇਖੇ ਜਾਂਦੇ ਹਨ। ਸਿੱਖਾਂ ਦੀ ਇਸੇ ਮਾਨਸਿਕਤਾ ਦਾ ਲਾਭ ਪਾਕਿਸਤਾਨ ਦੇ ਕੁਝ ਚਲਾਕ ਲੋਕਾਂ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ, ਜਿਨ੍ਹਾਂ ’ਚੋਂ ਕੁਝ ਭਾਈ ਮਰਦਾਨਾ ਜੀ ਦੇ ਵੰਸ਼ਜ ਹੋਣ ਦਾ ਦਾਅਵਾ ਕਰਕੇ ਅਤੇ ਕੁਝ ‘ਗੰਗਾ ਸਾਗਰ’ ਨਾਮ ਦੀ ਸੁਰਾਹੀ ਨੂੰ ਗੁਰੂ ਗੋਬਿੰਦ ਸਿੰਘ ਜੀ ਨਿਸ਼ਾਨੀ ਦੱਸ ਕੇ ਸਿੱਖਾਂ ਤੋਂ ਲੱਖਾਂ-ਕਰੋੜਾਂ ਰੁਪਏ ਬਟੋਰ ਰਹੇ ਹਨ।