Subscription About Us Contact Us


ਕੀ ਭਵਿੱਖ ਵਿੱਚ ਸਿੱਖ ਧਰਮ ਦੇ ਵਿਸਥਾਰ ਦੀ ਸੰਭਾਵਨਾ ਹੈ?

- ਪ੍ਰੋ: ਜਗਜੀਤ ਸਿੰਘ ‘ਜਾਬੇਵਾਲ’ -
ਫੋਨ : +91 11 25744696

ਸਿੱਖ ਧਰਮ ਅਸੰਖ ਦੇਵੀ-ਦੇਵਤਿਆਂ ਦੀ ਮਨੌਤ ਰੱਖਣ ਵਾਲੇ ਧਰਮ ਵਿੱਚੋਂ ਪੈਦਾ ਹੋਇਆ, ਜਿਸ ਦੀ ਗਿਣਤੀ ਪ੍ਰਾਚੀਨ ਧਰਮਾਂ ਵਿੱਚ ਪਰਵਾਨ ਕੀਤੀ ਗਈ ਹੈ। ਇਹ ਹਿੰਦੁਸਤਾਨ ਖਿੱਤੇ ਦੀ ਉਪਜ ਸੀ ਤੇ ਇੱਥੇ ਹੀ ਫਲਿਆ-ਫੁੱਲਿਆ। ਇਸ ਤੋਂ ਨਿਕਲੇ ਧਰਮਾਂ ਦਾ ਭੀ ਇਹੋ ਹਾਲ ਹੈ। ਹਰ ਨਵਾਂ ਧਰਮ ਨਵੇਂ ਸਿਧਾਂਤ, ਨਵੇਂ ਸਮਾਜਕ ਨੇਮ ਅਤੇ ਨਵੇਂ ਕਰਮ-ਕਾਂਡ ਲੈ ਕੇ ਆਉਂਦਾ ਹੈ। ਕੋਈ ਵੀ ਧਰਮ ਕੇਵਲ ਪਰਲੋਕ ਦੀਆਂ ਕਥਾ-ਕਹਾਣੀਆਂ ਸੁਣਾ ਕੇ ਹੀ ਪੈਰੋਕਾਰਾਂ ਦੀ ਤਸੱਲੀ ਨਹੀਂ ਕਰਵਾ ਸਕਦਾ। ਸੰਸਾਰ ਵਿੱਚ ਅਰਥ-ਭਰਪੂਰ ਜ਼ਿੰਦਗੀ ਜੀਣ ਲਈ ਨਵੇਂ ਰਸਤੇ ਦੱਸਣੇ ਪੈਂਦੇ ਹਨ। ਬਦਲਾਅ ਕੁਦਰਮ ਦਾ ਨੇਮ ਹੈ। ਯਾਦ ਰਹੇ ਇਹ ਨੇਮ ਧਾਰਮਕ ਖੇਤਰ ਵਿੱਚ ਭੀ ਲਾਗੂ ਹੁੰਦਾ ਹੈ। ਇਸੇ ਲਈ ਧਰਮਾਂ ਦੀ ਉਪਜ ਭੀ ਜਾਰੀ ਹੈ। ਪਰ ਸਵਾਲ ਇਹ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਕੁਝ ਧਰਮ ਲਗਾਤਾਰ ਵਿਕਸਿਤ ਹੋ ਰਹੇ ਹਨ। ਜਦੋਂਕਿ ਬਾਕੀ ਦੇ ਧਰਮਾਂ ਦੀ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਗਿਣਤੀ ਵਜੋਂ ਕੋਈ ਵਾਧਾ ਨਹੀਂ ਹੋਇਆ। ਅੱਜ ਸੰਸਾਰ ਦੀ ਬਹੁਗਿਣਤੀ ਇਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਹੈ, ਜਿਹੜਾ ਅੱਜ ਤੋਂ 2000 ਸਾਲ ਪਹਿਲਾਂ ਹੋਂਦ ਵਿੱਚ ਆਇਆ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਇਸਲਾਮ ਦਾ, ਜਿਹੜਾ ਪਿਛਲੇ 1400 ਸਾਲਾਂ ਤੋਂ ਦੁਨੀਆ ਦੇ ਹਰ ਦੇਸ਼ ਵਿੱਚ ਵੇਖਿਆ ਜਾ ਸਕਦਾ ਹੈ। ਤੀਜੇ ਨੰਬਰ ’ਤੇ ਆਉਂਦਾ ਹੈ ਹਿੰਦੂ ਧਰਮ (ਜਾਂ ਸਮਾਜ), ਜਿਸਦੀ ਸਥਾਪਨਾ ਦਾ ਕੋਈ ਖ਼ਾਸ ਸਮਾਂ ਮੁਕੱਰਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਆਰਿਯਾ ਹਮਲਾਵਰਾਂ ਵੱਲੋਂ ਭਾਰਤ ਵਿੱਚ ਸਥਾਪਿਤ ਹੋਣ ਅਤੇ ਇਥੋਂ ਦੇ ਮੂਲ ਵਸਨੀਕਾਂ (ਕਥਿਤ ਸ਼ੂਦਰ ਅਤੇ ਦ੍ਰਵਿੜ) ’ਤੇ ਪੂਰੀ ਤਰ੍ਹਾਂ ਕਾਬਿਜ਼ ਹੋਣ ਦੇ ਲੰਬੇ ਸਮੇਂ ਦੌਰਾਨ ਭਾਰਤੀ ਖਿੱਤੇ ਵਿੱਚ ਵਿਕਸਿਤ ਹੋਇਆ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਯਹੂਦੀ ਧਰਮ ਦੀ, ਜਿਸਦੇ ਪੈਰੋਕਾਰ ਗਿਣਤੀ ਪੱਖੋਂ ਪਹਿਲੇ ਤਿੰਨ ਧਰਮਾਂ ਦੇ ਲੋਕਾਂ ਨਾਲੋਂ ਬਹੁਤ ਘੱਟ ਗਿਣਤੀ ਵਿੱਚ ਹਨ।

ਯਹੂਦੀ ਧਰਮ ਦੇ ਵਿਕਸਿਤ ਨਾ ਹੋਣ ਦਾ ਕਾਰਨ ਤਾਂ ਸਮਝ ਆਉਂਦਾ ਹੈ। ਪਰ ਸਿੱਖ ਧਰਮ ਦੇ ਵਿਕਸਿਤ ਨਾ ਹੋਣ ਦੇ ਕਾਰਨਾਂ ਦੀ ਖੋਜ ਕਰਨੀ ਪਵੇਗੀ। ਯਹੂਦੀ ਧਰਮ ਇਸਲਾਮ ਦੇ ਇਸਾਈ ਧਰਮ ਦੀ ਤਰ੍ਹਾਂ ਮਿਸ਼ਨਰੀ ਧਰਮ ਨਹੀਂ ਹੈ। ਕੋਈ ਗੈਰ-ਯਹੂਦੀ ਇਸਤਰੀ ਜਾਂ ਪੁਰਸ਼ ਯਹੂਦੀ ਧਰਮ ਧਾਰਨ ਨਹੀਂ ਕਰ ਸਕਦਾ। ਯਹੂਦੀਆਂ ਦੇ ਅਕੀਦੇ ਮੁਤਾਬਿਕ, ਯਹੂਦੀ ਰੱਬ ਦੇ ਬਣਾਏ ਫਿਰਕਿਆਂ ਵਿੱਚੋਂ ਇਕ ਵਿਸ਼ੇਸ਼ ਫਿਰਕਾ ਹੈ। ਇਸਲਈ ਇਸਨੂੰ ਦੁਸ਼ਟ ਤੋਂ ਬਚਾਉਣਾ ਜ਼ਰੂਰੀ ਹੈ। ਪਿਛਲੀਆਂ ਕਈਆਂ ਸਦੀਆਂ ਤੋਂ ਇਸਾਈ ਅਤੇ ਇਸਲਾਮ ਧਰਮ ਦੇ ਪ੍ਰਚਾਰਕ ਆਪਣੇ-ਆਪਣੇ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਧਾਉਣ ਦੇ ਨਿਰੰਤਰ ਉਪਰਾਲੇ ਕਰ ਰਹੇ ਹਨ ਅਤੇ ਇਸ ਵਿੱਚ ਉਨ੍ਹਾਂ ਨੂੰ ਅਸਧਾਰਨ ਕਾਮਯਾਬੀ ਵੀ ਮਿਲੀ ਹੈ। ਨਤੀਜੇ ਵਜੋਂ, ਦੁਨੀਆ ਦੀ ਬਹੁ ਵਸੋਂ ਇਨ੍ਹਾਂ ਦੋ ਧਰਮਾਂ ਨੂੰ ਮੰਨਣ ਵਾਲਿਆਂ ਦੀ ਹੀ ਹੈ। ਜੇ ਸੱਚ ਪੁੱਛੋ, ਤਾਂ ਪਿਛਲੇ ਡੇਢ ਹਜ਼ਾਰ ਸਾਲਾਂ ਦਾ ਮਨੁੱਖੀ ਇਤਿਹਾਸ ਇਨ੍ਹਾਂ ਦੋ ਧਰਮਾਂ ਦੇ ਪ੍ਰਚਾਰਕਾਂ ਵੱਲੋਂ ਆਪੋ-ਆਪਣੇ ਧਰਮਾਂ ਦੇ ਵਿਕਾਸ ਲਈ ਦਿੱਤੀਆਂ ਕੁਰਬਾਨੀਆਂ ਦਾ ਇਤਿਹਾਸ ਹੀ ਹੈ।

ਅੱਠਵੀਂ ਸਦੀ ਵਿੱਚ ਹਿੰਦੂ ਧਰਮ ਦੇ ਤੂਫਾਨ ਨੇ ਹਿੰਦੁਸਤਾਨ ਵਿੱਚੋਂ ਬੁੱਧ ਧਰਮ ਨੂੰ ਜੜੋਂ ਉਖਾੜ ਦਿੱਤਾ। ਇਹ ਤੂਫਾਨ ਪਤਾ ਨਹੀਂ ਹੋਰ ਕੀ ਕੀ ਤਬਾਹੀ ਮਚਾਉਂਦਾ। ਰੱਬ ਦਾ ਸ਼ੁਕਰ ਸੀ ਕਿ ਹਿੰਦੁਸਤਾਨ ਵਿੱਚ ਇਸਲਾਮ ਦਾ ਦਾਖ਼ਲਾ ਹੋਇਆ, ਜਿਸਨੇ ਇਸ ਤੂਫਾਨ ਨੂੰ ਠੱਲ ਪਾਈ ਅਤੇ ਇਹ ਆਪਣੇ-ਆਪ ਨੂੰ ਇਸਲਾਮ ਤੋਂ ਬਚਾਉਣ ਵਿੱਚ ਰੁਝ ਗਿਆ। ਇਹੀ ਕਾਰਨ ਹੈ ਕਿ ਭਾਰਤ ਵਿੱਚ ਜੈਨ ਤੇ ਸਿੱਖ ਧਰਮਾਂ ਦਾ ਵਜੂਦ ਕਾਇਮ ਹੈ। ਕੁਝ ਅਰਸੇ ਬਾਅਦ ਪੁਰਤਗਾਲੀਆਂ ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੀ ਹਕੂਮਤਾਂ ਦੇ ਵਜੂਦ ਵਿੱਚ ਆਉਣ ਨਾਲ ਇਸਾਈ ਧਰਮ ਹਿੰਦੁਸਤਾਨ ਵਿੱਚ ਆ ਵੜਿਆ। ਇਥੋਂ ਦੇ ਪ੍ਰਚਲਿਤ ਧਰਮਾਂ ਨੇ ਆਪਣੇ ਆਪ ਨੂੰ ਇਸਾਈ ਧਰਮ ਦੇ ਪ੍ਰਭਾਵ ਤੋਂ ਬਚਾਉਣ ਦੇ ਯਤਨ ਅਰੰਭੇ, ਜਿਹੜੇ ਹਾਲਾਂ ਵੀ ਜਾਰੀ ਹਨ।

ਬਿਨ੍ਹਾਂ ਸ਼ੱਕ, ਸਿੱਖ ਧਰਮ ਵਿੱਚ ਇਸਦੇ ਵਿਸਥਾਰ ਲਈ ਲੋੜੀਂਦੇ ਤੱਤ ਮੌਜੂਦ ਹਨ। ਪਰ ਜਥੇਬੰਦਕ ਪ੍ਰਚਾਰ ਦੀ ਅਣਹੋਂਦ ਕਾਰਨ ਗਿਣਤੀ ਪੱਖੋਂ ਇਸਦਾ ਵਿਸਥਾਰ ਨਹੀਂ ਹੋਇਆ। ਹਿੰਦੂਆਂ ਦੇ ਵੰਡੇ ਹੋਏ ਸਮਾਜ ਦੇ ਬਾਵਜੂਦ, ਇਸਾਈਅਤ ਤੇ ਇਸਲਾਮ ਦੀ ਤਰ੍ਹਾਂ, ਸਿੱਖ ਧਰਮ ਦਾ ਵਿਕਾਸ ਨਹੀਂ ਹੋ ਸਕਿਆ। ਪਿਛਲੀ ਤਿੰਨ ਸਦੀਆਂ ਦਾ ਇਤਿਹਾਸ, ਧਰਮ ਦੇ ਵਿਕਾਸ ਪੱਖੋਂ ਗੌਰਵਮਈ ਨਹੀਂ ਆਖਿਆ ਜਾ ਸਕਦਾ। ਸਿੱਖ ਧਰਮ ਦੇ ਪ੍ਰਚਾਰ ਤੇ ਵਿਸਥਾਰ ਦੀ ਮੁਹਿੰਮ ‘ਸਿੰਘ ਸਭਾ ਲਹਿਰ’ ਨਾਲ ਸ਼ੁਰੂ ਹੋਈ, ਜੋ ਤਕਰੀਬਨ ਅੱਧੀ ਸਦੀ ਹੋਂਦ ਵਿੱਚ ਰਹੀ। ਇਹ ਕਿਸੇ ਸੰਸਥਾ ਦੀ ਦੇਣ ਨਹੀਂ ਸੀ ਬਲਕਿ ਕੁਝ ਵਿਅਕਤੀਆਂ ਦਾ ਉਪਰਾਲਾ ਸੀ। ਇਸ ਲਹਿਰ ਨੇ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਵਿੱਚ ਆਏ ਬਿਖਰਾਉ ਤੋਂ ਸਿੱਖੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਿੱਖਾਂ ਦੀ ਵੱਖਰੀ ਪਛਾਣ ਨੂੰ ਫਿਰ ਉਜਾਗਰ ਕੀਤਾ। ਹਜ਼ਾਰਾਂ ਲੋਕਾਂ ਨੂੰ ਸਿੱਖੀ ਦੇ ਘੇਰੇ ਵਿੱਚ ਲਿਆਉਣ ਦਾ ਸਿਹਰਾ ਇਸੇ ਸੰਸਥਾ ਦੇ ਸਿਰ ’ਤੇ ਸਜਦਾ ਹੈ। ਅੱਜ ਸਿੱਖੀ ਦਾ ਜੋ ਸਰੂਪ ਤੇ ਕਦ-ਕਾਠ ਸਾਡੇ ਸਾਹਮਣੇ ਹੈ, ਉਸ ਦੀ ਹੋਂਦ ਵਿੱਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਹੱਥ ਹੈ।

ਪਰ ਇਹ ਲਹਿਰ ਵੀ ਪੰਜਾਬ ਤੋਂ ਬਾਹਰ ਕੋਈ ਪ੍ਰਭਾਵ ਨਹੀਂ ਪਾ ਸਕੀ। ਸਦੀਆਂ ਪਹਿਲਾਂ ਪੰਜਾਬ ਤੋਂ ਆਏ ਤੇ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਵਿੱਚ ਵਸੇ ਸਿੱਖਾਂ ਦੀ ਅਸੀਂ ਦੇਖਭਾਲ ਨਹੀਂ ਕਰ ਸਕੇ। ਸਿੱਖੀ ਦੇ ਵਿਸਥਾਰ ਦਾ ਇਕ ਸੁਨਹਿਰੀ ਮੌਕਾ ਆਇਆ ਸੀ, ਜਦ ਡਾ: ਅੰਬੇਡਦਰ ਨੇ ਇਹ ਐਲਾਨ ਕੀਤਾ ਕਿ ਉਹ ਲੱਖਾਂ ਦਲਿਤਾਂ ਸਮੇਤ ਹਿੰਦੂ ਧਰਮ ਨੂੰ ਤਿਆਗ ਕੇ ਕਿਸੇ ਹੋਰ ਧਰਮ ਨੂੰ ਅਪਣਾਉਣਗੇ। ਜਿਹੜਾ ਧਰਮ ਮਨੁੱਖੀ ਭਾਈਚਾਰੇ ਤੇ ਬਰਾਬਰੀ ਦਾ ਹਾਮੀ ਹੋਵੇ, ਇਕ ਵਾਰੀ ਤਾਂ ਉਨ੍ਹਾਂ ਨੇ ਸਿੱਖੀ ਨੂੰ ਮਨਜ਼ੂਰ ਵੀ ਕਰ ਲਿਆ ਸੀ। ਪਰ ਫਿਰ ਸਿੱਖ ਆਗੂਆਂ ਦੀਆਂ ਹਰਕਤਾਂ ਕਾਰਨ ਉਨ੍ਹਾਂ ਦਾ ਇਰਾਦਾ ਬਦਲ ਗਿਆ ਅਤੇ 14 ਅਕਤੂਬਰ 1956 ਈ: ਨੂੰ ਉਨ੍ਹਾਂ ਨੇ ਨਾਗਪੁਰ ਵਿਖੇ ਸੈਂਕੜੇ ਦਲਿਤ ਸਾਥੀਆਂ ਨਾਲ ਬੁੱਧ ਧਰਮ ਦੀ ਦੀਖਿਆ ਲੈ ਲਈ। ਅੱਜ ਕਰੋੜਾਂ ਲੋਕ ਜਿਹੜੇ ਕਿਸੇ ਸੰਗਠਿਤ ਧਰਮ ਨਾਲ ਨਹੀਂ ਜੁੜੇ, ਸਿੱਖ ਧਰਮ ਵੱਲ ਪ੍ਰਭਾਵਿਤ ਹੋ ਸਕਦੇ ਹਨ - ਬਸ਼ਰਤੇ ਕਿ ਸਿੱਖਾਂ ਦਾ ਅਜਿਹਾ ਕਰਨ ਦਾ ਕੋਈ ਪ੍ਰੋਗਰਾਮ ਹੋਵੇ। ਜੋਗੀ ਹਰਭਜਨ ਸਿੰਘ ਦੀ ਮਿਸਾਲ ਸਾਡੇ ਸਾਹਮਣੇ ਹੈ। ਮੁਸ਼ਕਿਲ ਤਾਂ ਇਹ ਹੈ ਕਿ ਕੌਮ ਨੂੰ ਗੁਰਦੁਆਰਿਆਂ ਦੀ ਉਸਾਰੀ, ਜਲੂਸਾਂ, ਸ਼ਤਾਬਦੀਆਂ ਤੇ ਕੀਰਤਨ ਦਰਬਾਰਾਂ ਤੋਂ ਹੀ ਫੁਰਸਤ ਨਹੀਂ। ਜੇਕਰ ਸਿੱਖਾਂ ਦੀ ਇਸ ਮਾਨਸਿਕਤਾ ਵਿੱਚ ਬਦਲਾਅ ਨਾ ਆਇਆ ਤਾਂ ਸਿੱਖ ਧਰਮ ਦਾ ਤਾਂ ਨਾਮੁਮਕਿਨ ਰਹੇਗਾ ਹੀ ਬਲਕਿ ਇਸਦੀ ਹੋਂਦ ਵੀ ਖਤਰੇ ਵਿੱਚ ਪੈ ਜਾਏਗੀ, ਜਿਸਦੇ ਅਸਾਰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਸਪਸ਼ਟ ਰੂਪ ਵਿੱਚ ਨਜ਼ਰ ਆਉਣੇ ਅਰੰਭ ਹੋ ਗਏ ਹਨ। ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਸਿੱਖਾਂ ਨੂੰ ਆਪਣੇ ਵਿੱਚ ਪ੍ਰਚਾਰ ਦੀ ਪ੍ਰਭਾਵਸ਼ਾਲੀ ਅਤੇ ਆਧੁਨਿਕ ਜ਼ਮਾਨੇ ਦੀ ਨਬਜ਼ ਨਾਲ ਮੇਲ ਖਾਂਦੀ ਮੁਹਿੰਮ ਉਲੀਕਣ ਦੀ ਲੋੜ ਹੈ।