

ਕੀ ਸੌਦਾ ਸਾਧ ਦੀ ਅਖੌਤੀ ਨਾਮ ਚਰਚਾ ਰੁਕਵਾਉਣ ਲਈ ਕੀਤੀ ਜਾ ਰਹੀ ਮਿਹਨਤ ਦਾ ਕੋਈ ਸਾਰਥਕ ਨਤੀਜਾ ਨਿਕਲੇਗਾ?
- ਗੁਰਮੁਖ ਚਰਨ ਧੂੜ ਸਿੰਘ -
ਪਿਛਲੇ ਸਾਲ ਸੌਦਾ ਸਾਧ ਦੇ ਚੇਲਿਆਂ ਅਤੇ ਸਿੱਖ ਜਗਤ ਵਿਚਕਾਰ ਸ਼ੁਰੂ ਹੋਇਆ ਟਕਰਾਅ ਹਾਲਾਂ ਤੱਕ ਖ਼ਤਮ ਨਹੀਂ ਹੋ ਪਾਇਆ। ਗਾਹੇ-ਬ-ਗਾਹੇ ਪੰਜਾਬੀ ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਕਿ ਫਲਾਣੀ ਥਾਂ ’ਤੇ ਸਿੱਖਾਂ ਨੇ ਸੌਦਾ ਸਾਧ ਦੇ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ‘ਨਾਮ ਚਰਚਾ’ ਨੂੰ ਰੁਕਵਾਉਣ ਦਾ ਜਤਨ ਕੀਤਾ। ਇਨ੍ਹਾਂ ਜਤਨਾਂ ਦੌਰਾਨ ਅਕਸਰ ਦੋਹਾਂ ਧਿਰਾਂ ਵਿਚਕਾਰ ਹਿੰਸਕ ਝੜਪਾਂ ਵੀ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਦੋਵਾਂ ਧਿਰਾਂ ਦੇ 10-12 ਜਾਂ ਵੱਧ ਵਿਅਕਤੀ ਜ਼ਖ਼ਮੀ ਹੋ ਜਾਂਦੇ ਹਨ। ਧਰਮ ਦੇ ਨਾਂ ’ਤੇ ਇਸ ਤਰ੍ਹਾਂ ਦਾ ਖੂਨ-ਖਰਾਬਾ ਹੋਣਾ ਕਿੰਨੇ ਅਫ਼ਸੋਸ ਦੀ ਗੱਲ ਹੈ? ਜ਼ਖ਼ਮੀ ਹੋਣ ਵਾਲੇ ਲੋਕ ਆਖਿਰ ਇਨਸਾਨ ਹੀ ਹੁੰਦੇ ਹਨ, ਭਾਵੇਂ ਉਹ ਕਿਸੇ ਵੀ ਧਿਰ ਨਾਲ ਸਬੰਧਿਤ ਹੋਣ।

ਸੰਨ 1469 ਤੋਂ 1708 ਤੱਕ ਦਾ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਜਾਮੇ ਵਿੱਚ ਕਦੇ ਵੀ ਹਿੰਸਕ ਜੰਗ ਦੀ ਪਹਿਲ ਨਹੀਂ ਕੀਤੀ। ਉਨ੍ਹਾਂ ਜ਼ਾਲਮ ਹਾਕਮਾਂ ਜਾਂ ਉਨ੍ਹਾਂ ਦੇ ਮੱਕਾਰ ਚਾਪਲੂਸਾਂ ਵੱਲੋਂ ਜ਼ਬਰਦਸਤੀ ਗਲ ਪਾਈਆਂ ਗਈਆਂ ਜੰਗਾਂ ਦਾ ਬੇਖੌਫ ਹੋ ਕੇ ਮੁਕਾਬਲਾ ਕੀਤਾ। ਨੌਵੇਂ ਨਾਨਕ ਜੀ ਨੇ ਤਾਂ ਕਿਸੇ ਵੀ ਮੱਤ (ਧਰਮ) ਦੇ ਮੰਨਣ ਦੀ ਖੁੱਲ ਵਾਲੇ ਮੂਲ ਮਨੁੱਖੀ ਅਧਿਕਾਰ ਦੀ ਸੁਰੱਖਿਆ ਖਾਤਿਰ ਆਪਣੀ ਸ਼ਹੀਦੀ ਦੇ ਕੇ ਮਨੁੱਖੀ ਇਤਿਹਾਸ ਵਿੱਚ ਇਕ ਬੇਜੋੜ ਅਤੇ ਲਾਸਾਨੀ ਮਿਸਾਲ ਕਾਇਮ ਕੀਤੀ। ਇਹ ਵੀ ਚੇਤੇ ਰਹੇ ਕਿ ਗੁਰੂ ਤੇਗ ਬਹਾਦਰ ਸਾਹਿਬ ਬ੍ਰਾਹਮਣਵੀ ਵਿਚਾਰਧਾਰਾ ਨੂੰ ਸੱਚ ਤੋਂ ਉਲਟ ਅਤੇ ਅਵਾਮ-ਵਿਰੋਧੀ ਮੰਨਦੇ ਸਨ ਪਰ ਉਹ ਜ਼ਬਰਦਸਤੀ ਕਿਸੇ ਦਾ ਵੀ ਧਰਮ ਬਦਲੇ ਜਾਣ ਦੇ ਖਿਲਾਫ਼ ਸਨ। ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤੀ ਗਈ ਇਸੇ ਮਿਸਾਲ ਦੀ ਰੌਸ਼ਨੀ ਵਿੱਚ ਸਾਨੂੰ ਨਾਮ ਚਰਚਾ ਰੋਕਣ ਦੇ ਜਤਨਾਂ ਦੀ ਸਾਰਥਕਤਾ ਦੀ ਪੜਚੋਲ ਕਰਨੀ ਚਾਹੀਦੀ ਹੈ।
ਮਈ 2007 ਵਿੱਚ ਸੌਦਾ ਸਾਣ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਏ ਜਾਣ ਤੋਂ ਬਾਅਦ ਹੀ ਪੰਥਕ ਹਲਕਿਆਂ ਵੱਲੋਂ ਉਸਦਾ ਵਿਰੋਧ ਹੁੰਦਾ ਆ ਰਿਹਾ ਸੀ। ਬੇਸ਼ੱਕ ਸੌਦਾ ਸਾਧ, ਰੂਹਾਨੀਅਤ ਦੇ ਭੇਖ ਵਿੱਚ ਇਕ ਸ਼ੈਤਾਨ ਹੈ ਤੇ ਹਰ ਢੰਗ ਨਾਲ ਉਸਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਭੋਲੇ-ਭਾਲੇ ਲੋਕਾਂ ਨੂੰ ਉਸਦੇ ਭਰਮ-ਜਾਲ ਵਿੱਚੋਂ ਕੱਢਿਆ ਜਾ ਸਕੇ। ਇਹ ਜਿਹੇ ਅਖੌਤੀ ਸੰਤ-ਬਾਬੇ ਮਨੁੱਖਤਾ ਦੇ ਨਾਮ ’ਤੇ ਕਲੰਕ ਹਨ, ਜਿਨ੍ਹਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਸ਼ਰਧਾਲੂਆਂ ਦੇ ਆਰਥਕ, ਸਿਆਸੀ ਤੇ ਸਰੀਰਕ ਸ਼ੋਸ਼ਣ ਨੂੰ ਰੋਕਣ ਦੀ ਲੋੜ ਹੈ।
ਪਰ ਸਿੱਖਾਂ ਵੱਲੋਂ ਸੌਦਾ ਸਾਧ ਦੇ ਵਿਰੋਧ ਦਾ ਤਰੀਕਾ ਇਹ ਅਪਣਾਇਆ ਜਾ ਰਿਹਾ ਹੈ ਕਿ ਇਸ ਵਿਵਾਦਿਤ ਸਾਧ ਦੇ (ਅੰਧਵਿਸ਼ਵਾਸੀ) ਸ਼ਰਧਾਲੂਆਂ ਵੱਲੋਂ ਥਾਂਥਾਂ ਕੀਤੀ ਜਾ ਰਹੀ ਨਾਮ ਚਰਚਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸੇ ਕਾਰਨ ਹਰ ਹਫ਼ਤੇ-ਪੰਦਰਵਾੜੇ ਦੌਰਾਨ ਸਿੱਖਾਂ ਤੇ ਸੌਦਾ ਸਾਧ ਦੇ ਚੇਲਿਆਂ ਵਿਚਕਾਰ ਹਿੰਸਕ ਝੜਪਾਂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਅਨੇਕਾਂ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਸਿੱਖਾਂ ਖਿਲਾਫ਼ ਮੁਕੱਦਮੇ ਵੀ ਦਰਜ ਹੋ ਜਾਂਦੇ ਹਨ।
ਦਾਸ ਦੇ ਵਿਚਾਰ ਮੁਤਾਬਿਕ, ਅਖੌਤੀ ਨਾਮ ਚਰਚਾ ਰੋਕਣ ਦੇ ਇਹ ਜਤਨ ਬਿਲਕੁਲ ਬੇਲੋੜੇ ਅਤੇ ਸਿੱਖੀ ਅਸੂਲਾਂ ਤੋਂ ਉਲਟ ਹਨ। ਕੌਮ ਵੱਲੋਂ ਨਾਮ ਚਰਚਾ ਰੋਕਣ ਲਈ ਖਰਚ ਕੀਤੀ ਜਾ ਰਹੀ ਸ਼ਕਤੀ, ਸਮਾਂ ਅਤੇ ਪੈਸਾ ਬਿਲਕੁਲ ਵਿਅਰਥ ਜਾ ਰਿਹਾ ਹੈ। ਨਾਲ ਹੀ ਕੌਮ ਦਾ ਗਲਤ (ਤਾਲੀਬਾਨੀ ਵਿਚਾਰਧਾਰਾ ਵਾਲਾ) ਅਕਸ ਵੀ ਦੁਨੀਆ ਸਾਹਮਣੇ ਪੇਸ਼ ਹੋ ਰਿਹਾ ਹੈ। ਇਸਦੇ ਇਲਾਵਾ, ਜਿਵੇਂ ਕਿ ਉੱਪਰ ਕਿਹਾ ਗਿਆ ਹੈ, ਹਰ ਇਨਸਾਨ ਨੂੰ ਆਪਣੀ ਮਰਜ਼ੀ ਦਾ ਧਰਮ ਜਾਂ ਵਿਚਾਰਧਾਰਾ ਅਪਣਾਉਣ ਦੀ ਖੁੱਲ ਹੈ - ਉਨ੍ਹਾਂ ਨੂੰ ਜਬਰੀ ਰੋਕਣਾ ਮਨੁੱਖੀ ਅਧਿਕਾਰਾਂ ਅਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਸਪਸ਼ਟ ਉਲੰਘਣਾ ਹੈ। ਜੇ ਕੋਈ ਜੱਥੇਬੰਦੀ ਜਾਂ ਸਿੱਖ ਆਗੂ ਇਹ ਤਰਕ ਦਿੰਦਾ ਹੈ ਕਿ ਨਾਮ ਚਰਚਾ ਵਿੱਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਲਫ਼ਜ਼ ਵਰਤੇ ਜਾਂਦੇ ਹਨ ਤਾਂ ਨਾਮ ਚਰਚਾ ਦੀ ਰਿਕਾਰਡਿੰਗ ਕਰਕੇ, ਆਯੋਜਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਵਧੇਰੇ ਸਾਰਥਕ ਰਹੇਗੀ। ਜੇਕਰ ਨਾਮ ਚਰਚਾ ਵਿੱਚ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਸੌਦਾ ਸਾਧ ਦੇ ਗੁਰੂਡੰਮ ਦਾ ਵਿਚਾਰਧਾਰਕ ਮੁਕਾਬਲਾ ਕਰਨਾ ਬਣਦਾ ਹੈ, ਤਾਕਤ ਵਰਤਣ ਦਾ ਨਹੀਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਲ ਨੂੰ ਗੁਰਬਾਣੀ ਵਿੱਚ ਆਏ ‘‘ਹਿੰਦੂ ਅੰਨਾ ਤੁਰਕੂ ਕਾਣਾ’’ ਜਿਹੇ ਗੁਰਵਾਕਾਂ ਦਾ ਸਹਾਰਾ ਲੈ ਕੇ ਹਿੰਦੂ ਅਤੇ ਮੁਸਲਮਾਨ ਵੀ ਸਿੱਖਾਂ ਦੇ ਗੁਰਬਾਣੀ ਵਿਚਾਰ ਕਰਨ ਦਾ ਵਿਰੋਧ ਕਰ ਸਕਦੇ ਹਨ। ਉਹ ਵੀ ਗੁਰਬਾਣੀ ਕੀਰਤਨ ਅਤੇ ਵਿਚਾਰ-ਚਰਚਾ ’ਤੇ ਪਾਬੰਦੀ ਦੀ ਮੰਗ ਕਰ ਸਕਦੇ ਹਨ। ਭਗਤ ਰਵਿਦਾਸ ਜੀ ਦਾ ਨਾਮ ਵਰਤ ਕੇ ਸਪੋਕਸਮੈਨ ਦਾ ਵਿਰੋਧ ਅਤੇ ਹਿੰਦੂ ਜੱਥੇਬੰਦੀਆਂ ਵੱਲੋਂ ਤਰਕਸ਼ੀਲਾਂ ਦੀਆਂ ਪੁਸਤਕਾਂ ਦਾ ਵਿਰੋਧ ਇਸ ਦੀਆਂ ਸਪਸ਼ਟ ਮਿਸਾਲਾਂ ਹਨ।
ਪਰ ਸਿੱਖਾਂ ਨੇ ਹਰ ਸਮੱਸਿਆ ਜਾਂ ਚੁਣੌਤੀ ਨਾਲ ਗਲਤ ਤਰੀਕੇ ਨਾਲ ਨਜਿੱਠਣ ਦੀ ਸ਼ਾਇਦ ਸਹੁੰ ਖਾਧੀ ਹੋਈ ਹੈ। ਇਸਦਾ ਵੱਡਾ ਕਾਰਨ ਹੈ ਕਿ ਸਿੱਖਾਂ ਦੀ ਅਗਵਾਈ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਥਾਂ ਭ੍ਰਿਸ਼ਟ ਅਤੇ ਲੱਠਮਾਰੀ ਸੋਚ ਵਾਲੇ ਲੀਡਰ ਅਤੇ ਉਨ੍ਹਾਂ ਦੇ ਗੁਲਾਮ ਪੁਜਾਰੀ ਕਰ ਰਹੇ ਹਨ। ਸੌਦਾ ਸਾਧ ਦੇ ਮਾਮਲੇ ਵਿੱਚ ਵੀ ਸਹੀ ਰਾਹ ਘੱਟ ਹੀ ਅਪਣਾਇਆ ਗਿਆ ਹੈ। ਕਿਸੇ ਲਕੀਰ ਦੇ ਪ੍ਰਭਾਵ ਨੂੰ ਖ਼ਤਮ ਕਰਨ ਦਾ ਤਰੀਕਾ ਉਸ ਲਕੀਰ ਦੇ ਬਰਾਬਰ ਵੱਡੀ ਲਕੀਰ ਖਿੱਚਣਾ ਹੈ, ਨਾਕਿ ਉਸ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਾ। ਚਾਹੀਦਾ ਤਾਂ ਇਹ ਸੀ ਕਿ ਸੌਦਾ ਸਾਧ ਦੀ ਇਸ ਕਾਰਵਾਈ ਵਿਰੁੱਧ ਤਕੜੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਉਸ ਤੋਂ ਵੀ ਜ਼ਰੂਰੀ ਸੀ ਕਿ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਆਮ ਲੋਕਾਂ ਅਤੇ ਸੌਦਾ ਸਾਧ ਦੇ ਸ਼ਰਧਾਲੂਆਂ ਸਾਹਮਣੇ ਉਸਦੀ ਮੰਦੀ ਸੋਚ ਅਤੇ ਮੰਦੇ ਕਰਮਾਂ ਨੂੰ ਨੰਗਾ ਕੀਤਾ ਜਾਂਦਾ। ਇਸ ਦੇ ਨਾਲ-ਨਾਲ, ਸਹੀ ਅਤੇ ਸਰਲ, ਸਿੱਖ ਅਸੂਲਾਂ ਵਾਲੀ ਜੀਵਨ ਜਾਚ ਦੇ ਜ਼ੋਰਦਾਰ ਪ੍ਰਚਾਰ ਰਾਹੀਂ, ਸੌਦਾ ਸਾਧ ਦੇ ਗਲਤ ਅਤੇ ਅੰਧਵਿਸ਼ਵਾਸੀ ਪ੍ਰਚਾਰ ਨੂੰ ਠੱਲ ਪਾਈ ਜਾਂਦੀ।
ਪਰ ਸਿੱਖ ਲੀਡਰ ਅਤੇ ਸਿੱਖਾਂ ਦੀਆਂ ਗੁਰਦੁਆਰਾ ਕਮੇਟੀਆਂ ਅਜਿਹੀ ਕੋਈ ਜ਼ਿੰਮੇਵਾਰੀ ਲੈਣ ਅਤੇ ਸੰਜੀਦਗੀ ਨਾਲ ਕੌਮ ਦੀ ਮਦਦ ਕਰਨ ਤੋਂ ਉੱਕਾ ਹੀ ਇਨਕਾਰੀ ਹੋ ਚੁੱਕੇ ਹਨ। ਇਨ੍ਹਾਂ ਦਾ ਕੰਮ ਤਾਂ ਸਿਰਫ਼ ਅਖ਼ਬਾਰੀ ਬਿਆਨ ਦੇ ਕੇ ਸਸਤੀ ਸ਼ੋਹਰਤ ਖੱਟਣਾ ਹੀ ਰਹਿ ਗਿਆ ਹੈ। ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਕੱਲੇ ਸੌਦਾ ਸਾਧ ਕੋਲ ਪੂਰੀ ਸਿੱਖ ਕੌਮ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਮੀਡੀਆ ਹੈ। ਪਰ ਲਗਦਾ ਹੈ ਕਿ ਸਿੱਖ ਕੌਮ ਨੇ ਅਕਲ ਦਾ ਲੜ ਛੱਡ ਕੇ, ਭ੍ਰਿਸ਼ਟ ਲੀਡਰਾਂ, ਪੁਜਾਰੀਆਂ, ਅਖੌਤੀ ਸੰਤਾਂ-ਬਾਬਿਆਂ ਦੇ ਪਿੱਛੇ ਲੱਗ ਕੇ ਆਪਣੀ ਕੀਮਤੀ ਦਸਵੰਧ ਗੁਰਦੁਆਰਿਆਂ ਉੱਪਰ ਸੰਗਮਰਮਰ ਅਤੇ ਸੋਨਾ ਥੱਪਣ, ਨਗਰ ਕੀਰਤਨਾਂ/ਜਲੂਸਾਂ/ਚੇਤਨਾ ਮਾਰਚਾਂ/ਜਾਗ੍ਰਿਤੀ ਯਾਤਰਾਵਾਂ, ਬੇਲੋੜੇ ਲੰਗਰਾਂ, ਆਤਿਸ਼ਬਾਜ਼ੀਆਂ ਆਦਿ ਫਿਜ਼ੂਲ ਕੰਮਾਂ ਉੱਪਰ ਬਰਬਾਦ ਕਰਨ ਦਾ ਅਟੱਲ ਫੈਸਲਾ ਕੀਤਾ ਹੋਇਆ ਹੈ। ਆਤ ਸਿੱਖ ਦੇ ਜੀਵਨ ਵਿੱਚੋਂ ਸਿੱਖੀ ਜੀਵਨ ਜਾਚ ਅਲੋਪ ਹੋ ਗਈ ਹੈ, ਉਸਦਾ ਕਿਸੇ ਨੂੰ ਕੋਈ ਫਿਕਰ ਨਹੀਂ। ਸਾਰੀ ਕੌਮ ਸਿਰਫ਼ ਅਖੰਡ ਪਾਠਾਂ, ਮਾਲਾ ਫੇਰਨ, ਤੋਤਾ-ਰਟਨੀਆਂ ਆਦਿਕ ਕਰਮ-ਕਾਂਡਾਂ ਵਿੱਚ ਹੀ ਖੱਚਤ ਹੋਈ ਪਈ ਹੈ।
ਫੌਰੀ ਲੋੜ ਹੈ ਕਿ ਜਬਰੀ ਨਾਮ ਚਰਚਾ ਰੁਕਵਾਉਣ ਜਿਹੇ ਫਿਜ਼ੂਲਮ ਕੰਮਾਂ ਉੱਪਰ ਕੌਮ ਦਾ ਕੀਮਤੀ ਸਮਾਂ, ਸ਼ਕਤੀ ਅਤੇ ਪੈਸਾ ਬਰਬਾਦ ਕਰਨ ਦੀ ਥਾਂ, ਸਿੱਖ ਸਮਾਜ ਦੀ ਜੀਵਨ ਜਾਚ ਗੁਰਮਤਿ ਅਨੁਸਾਰੀ ਬਣਾਉਣ ਲਈ ਜਤਨ ਕੀਤੇ ਜਾਣ। ਇਸਦੇ ਇਲਾਵਾ ‘‘ਆਪਨੜੇ ਗਿਰੇਬਾਨ ਮਹਿ ਸਿਰ ਨੀਵਾ ਕਰਿ ਵੇਖ’’ ਦੇ ਮਹਾਂਵਾਕ ਨੂੰ ਵੀ ਅਮਲ ਵਿੱਚ ਲਿਆਉਣਾ ਬੜਾ ਜ਼ਰੂਰੀ ਹੈ। ਸਿੱਖਾਂ ਨੂੰ ਰੋਸ ਹੈ ਕਿ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਬਹੁਤ ਵੱਡਾ ਕੁਕਰਮ ਕੀਤਾ ਗਿਆ। ਇਹ ਰੋਸ ਬੇਸ਼ੱਕ ਜਾਇਜ਼ ਹੈ। ਪਰ ਇਹ ਵਿਚਾਰਨਾ ਵੀ ਜ਼ਰੂਰੀ ਹੈ ਕਿ ਕਿਸੇ ਵੱਲੋਂ ਸਾਡੇ ਗੁਰੂ ਦੀ ਨਕਲ ਕਰਲ ਨੈਣ ਨਾਲ, ਗੁਰੂ ਦੀ ਇੱਜ਼ਤ ਵਿੱਚ ਘਾਟਾ ਬਿਲਕੁਲ ਨਹੀਂ ਪੈਂਦਾ ਬਲਕਿ ਉਲ ਨਕਲਚੀ ਖ਼ੁਦ ਹੀ ਸੂਝਵਾਨ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੀ ਇੱਜ਼ਤ ਗੁਆ ਬੈਠਦਾ ਹੈ। ਇਹ ਵੀ ਸੱਚ ਹੈ ਕਿ ਨਕਲ ਤਾਂ ਆਦਰਸ਼ ਨਾਇਕਾਂ ਅਤੇ ਚੰਗੇ ਬੰਦਿਆਂ ਦੀ ਹੀ ਕੀਤੀ ਜਾਂਦੀ ਹੈ।
ਦੂਜੀ ਤਰਫ਼ ਸਿੱਖ ਕੌਮ ਵਿੱਚ ਹੀ (ਵਿਕਾਊ ਵਿਦਵਾਨਾਂ, ਸੰਪਰਦਾਈਆਂ, ਸੰਤ-ਬਾਬਿਆਂ, ਪੁਜਾਰੀਆਂ ਆਦਿ ਦੇ ਰੂਪ ਵਿੱਚ) ਪਲ ਰਹੇ ਕਈ ‘ਆਸਤੀਨ ਦੇ ਸੱਪ’ ਹਨ, ਜੋ ਅਖੌਤੀ ਦਸਮ ਗ੍ਰੰਥ ਦੇ ਨਾਂ ਹੇਠ ਦਸਵੇਂ ਨਾਨਕ ਦੀ ਸ਼ਖ਼ਸੀਅਤ ਨੂੰ ਕਲੰਕਿਤ ਕਰਨ ਦਾ ਨਾਪਾਕ ਜਤਨ ਕਰ ਰਹੇ ਹਨ। ਬ੍ਰਾਹਮਣਵਾਦ, ਅਸ਼ਲੀਲਤਾ, ਗੱਪਾਂ ਆਦਿ (ਸਿਵਾਏ ਕੁਝ ਰਚਨਾਵਾਂ ਦੇ) ਨਾਲ ਭਰਪੂਰ ਇਸ ਕਿਤਾਬ ਨੂੰ ਉਹ ਦਸਵੇਂ ਨਾਨਕ ਦੇ ਨਾਮ ਮੱੜ ਰਹੇ ਹਨ। ਇਸ ਅਖੌਤੀ ਗ੍ਰੰਥ ਨੂੰ ਵੀ ਐਨ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਨਕਲ ਕਰਦਿਆਂ, ਗੁਰਦੁਆਰਿਆਂ ਅਤੇ ਡੇਰਿਆਂ ਵਿੱਚ ਇਸਦਾ ‘ਪ੍ਰਕਾਸ਼’ (ਜਾਂ ਹਨੇਰਾ) ਕੀਤਾ ਜਾ ਰਿਹਾ ਹੈ। ਇਨ੍ਹਾਂ ਆਸਤੀਨ ਦੇ ਸੱਪਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਨਕਲ ਕਰਨ ਵਾਲਿਆਂ ਖਿਲਾਫ਼ ਕੌਮ ਦਾ ਰੋਸ ਅਤੇ ਅਣਖ ਕਿਉਂ ਨਹੀਂ ਜਾਗਦੀ? ਜਿਸ ਦਿਨ ਕੌਮ ਅੰਦਰ ਫੈਲੇ ਅਜਿਹੇ ਆਸਤੀਨ ਦੇ ਸੱਪਾਂ ਅਤੇ ਕੁਰੀਤੀਆਂ ਖਿਲਾਫ਼ ਕੌਮ ਦੀ ਜ਼ਮੀਰ ਜਾਗ ਉਠੀ, ਉਸ ਦਿਨ ਤੋਂ ਹੀ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਵਰਨਾ ‘ਨਾਮ ਚਰਚਾਵਾਂ’ ਰੋਕਣ ਆਦਿ ਦੇ ਜਤਨ ਹਵਾ ਵਿੱਚ ਮੁੱਕੇ ਮਾਰਨ ਜਿਹਾ ਫਿਜ਼ੂਲ ਕੰਮ ਹੈ। ਜਿਹੜੇ ਲੋਕ ਮੀਡੀਆ ਰਾਹੀਂ ਸੌਦਾ ਸਾਧ ਦੀਆਂ ਕਰਤੂਤਾਂ ਬਾਰੇ ਪੜ/ਸੁਣ ਕੇ ਵੀ ਉਸਦੇ ਅੰਧਵਿਸ਼ਵਾਸੀ ਚੇਲੇ ਬਣੇ ਰਹਿਣਾ ਚਾਹੁੰਦੇ ਹੋਣ ਅਤੇ ਉਸਦੀ ਮਾਨਸਿਕ ਗੁਲਾਮੀ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹੋਣ, ਉਨ੍ਹਾਂ ਦਾ ਵਿਰੋਧ ਕਰਨ ਜਾਂ ਉਨ੍ਹਾਂ ਉਲਝਣ ਦੀ ਲੋੜ ਨਹੀਂ। ਬਲਕਿ ਉਨ੍ਹਾਂ ਦੀ ਮੂਰਖਤਾ ਅਤੇ ਕਮ-ਅਕਲੀ ’ਤੇ ਤਰਸ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਆਪ ਹੀ ਇਸ ਅਖੌਤੀ ‘ਨਾਮ ਚਰਚਾ’ ਰਾਹੀਂ ਆਪਣੀ ਬੌਧਿਕ ਅਤੇ ਆਤਮਕ ਮੌਤ ਸਹੜੇ ਰਹੇ ਹਨ।