

ਸਿੱਖ ਪੰਥ ਨੂੰ ਗੁੰਮਰਾਹ ਕਰ ਰਹੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਲੇਖਕ
- ਹਰਬੰਸ ਸਿੰਘ ਗਿਆਨੀ, ਲੁਧਿਆਣਾ -
ਫੋਨ : 9815904434
ਮਿਤੀ 17 ਅਪ੍ਰੈਲ 2008 ਨੂੰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਪ੍ਰਸਿੱਧ ਲੇਖਕ ਤੇ ਪੱਤਰਕਾਰ ਡਾ: ਮਹੀਪ ਸਿੰਘ ਦਾ ਲੇਖ ‘ਸਿੱਖ ਦੀ ਪਰਿਭਾਸ਼ਾ ਕੀ ਹੋਵੇ’ ਪੜ੍ਹਨ ਨੂੰ ਮਿਲਿਆ। ਡਾ: ਮਹੀਪ ਸਿੰਘ ਇਕ ਅਨੁਭਵੀ ਕਲਮਕਾਰ ਵਜੋਂ ਚਰਚਿਤ ਹਨ ਤੇ ਉਨ੍ਹਾਂ ਦੀਆਂ ਲਿਖਤਾਂ ਆਮ ਤੌਰ ’ਤੇ ਕਾਫੀ ਦਿਲਚਸਪ ਹੁੰਦੀਆਂ ਹਨ। ਪਰ ਮੈਂ ਉਨ੍ਹਾਂ ਦੇ ਉੱਪਰ ਜ਼ਿਕਰ ਕੀਤੇ ਗਏ ਲੇਖ ਨਾਲ ਸਹਿਮਤ ਨਹੀਂ ਹੋ ਸਕਿਆ। ਮੈਂ ਇਹ ਕੁਝ ਲਾਈਨਾਂ ਵੀ ਇਸ ਵਾਸਤੇ ਲਿਖ ਰਿਹਾ ਹਾਂ ਕਿ ਉਕਤ ਲੇਖ ਨੂੰ ਪੜ੍ਹ ਕੇ ਸਿੱਖ ਧਰਮ ਦੇ ਅਸੂਲਾਂ ਅਤੇ ਅੰਦਰੂਨੀ ਮਸਲਿਆਂ ਤੋਂ ਅਨਜਾਣ ਲੋਕ ਕਿਤੇ ਡਾ: ਮਹੀਪ ਸਿੰਘ ਦਾ ਲੇਖ ਪੜ੍ਹ ਕੇ ਗੁੰਮਰਾਹ ਨਾ ਹੋ ਜਾਣ ਅਤੇ ਕਿਤੇ ਉਨ੍ਹਾਂ ਅਨਮਤੀਆਂ ਨੂੰ ਵੀ ‘ਸਿੱਖ’ ਨਾ ਸਮਝ ਲੈਣ, ਜੋ ਸਿੱਖ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲਈ ਸਰਗਰਮ ਹਨ।
ਡਾ: ਸਾਹਿਬ ਦੇ ਲੇਖ ਦਾ ਤੱਤ ਇਹ ਹੈ ਕਿ ਸ਼੍ਰੋਮਣੀ ਕਮੇਟੀ, ਜਿਸਨੇ ਆਪਣੇ ਵਿਦਿਅਕ ਅਦਾਰਿਆਂ ਵਿੱਚ ਸਿੱਖਾਂ ਦੇ ਰਾਖਵੇਂਕਰਨ ਦੇ ਇਕ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਹਲਫਨਾਮਾ ਦਿੱਤਾ ਹੈ ਕਿ ਰਾਧਾ ਸੁਆਮੀ, ਨਿਰੰਕਾਰੀ, ਭਨਿਆਰੇ ਵਾਲੇ, ਸੌਦਾ ਸਾਧ ਦੇ ਚੇਲੇ ਆਦਿਕ ਲੋਕਾਂ ਨੂੰ ‘ਸਿੱਖ’ ਨਹੀਂ ਮੰਨਿਆ ਜਾ ਸਕਦਾ; ਇਸਲਈ ਪੰਜਾਬ ਵਿੱਚ ਵੀ ਸਿੱਖ ਘੱਟ-ਗਿਣਤੀ ਵਿੱਚ ਹਨ ਤੇ ਉਨ੍ਹਾਂ ਲਈ ਵਿਦਿਅਕ ਅਦਾਰਿਆਂ ਵਿੱਚ ਰਾਖਵਾਂਕਰਨ ਜਾਰੀ ਰਹਿਣਾ ਚਾਹੀਦਾ ਹੈ। ਵਿਦਵਾਨ ਲੇਖਕ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅਜਿਹਾ ਸਟੈਂਡ ਨਹੀਂ ਲੈਣਾ ਚਾਹੀਦਾ ਅਤੇ ਉਕਤ ਕਿਸਮ ਦੇ ਲੋਕਾਂ ਨੂੰ ਵੀ ਸਿੱਖ ਹੀ ਮੰਨਣਾ ਚਾਹੀਦਾ ਹੈ।
ਆਪਣੀ ਇਸ ਗੱਲ ਨੂੰ ਜਾਇਜ਼ ਠਹਿਰਾਉਣ ਲਈ ਡਾ: ਮਹੀਪ ਸਿੰਘ ਨੇ ਆਪਣੇ ਲੇਖ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੇ ਕੁਝ ਸਿੰਘਾਂ ਦੇ ਨਾਵਾਂ ਦਾ ਹਵਾਲਾ ਦਿੱਤਾ ਹੈ, ਜਿਵੇਂ ਭਾਈ ਨੰਦ ਲਾਲ ਸਿੰਘ ਜੀ, ਭਾਈ ਘੱਨਈਆ ਜੀ, ਭਾਈ ਟੋਡਰ ਮੱਲ ਜੀ, ਭਾਈ ਦੇਸ ਰਾਜ ਜੀ, ਭਾਈ ਕ੍ਰਿਪਾ ਰਾਮ ਜੀ, ਦੀਵਾਨ ਕੌੜਾ ਮੱਲ ਆਦਿਕ। ਇਹ ਲੋਕ ਵਾਕਈ ਸਿੱਖ ਸਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਵੱਲੋਂ ਪ੍ਰਚਾਰੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਅਤੇ ਗੁਰੂ ਘਰ ਦੀ ਭਰਪੂਰ ਸੇਵਾ ਕੀਤੀ। ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਸਮਰਪਿਤ ਹੋਣ ਕਰਕੇ ਹੀ ਇਨ੍ਹਾਂ ਲੋਕਾਂ ਨੂੰ ਸਿੱਖ ਵਜੋਂ ਜਾਣਿਆ ਜਾਂਦਾ ਹੈ।
ਪਰ ਡਾਕਟਰ ਸਾਹਿਬ ਨੂੰ ਇਹ ਸਨਿਮਰ ਬੇਨਤੀ ਹੈ ਕਿ ਸਮਾਜ ਵਿੱਚ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਨਾਮਧਾਰੀਆਂ, ਰਾਧਾ ਸੁਆਮੀਆਂ, ਨਿਰੰਕਾਰੀਆਂ ਅਤੇ ਅਜਿਹੀਆਂ ਹੋਰਨਾਂ ਸੰਪਰਦਾਵਾਂ ਨੂੰ ਵੀ ਸਿੱਖ ਮੰਨੋ। ਡਾਕਟਰ ਸਾਹਿਬ ਖ਼ੁਦ ਵੀ ਵਾਕਫ਼ ਹੋਣਗੇ ਕਿ ਨਾਮਧਾਰੀ ਗੁਰਬਾਣੀ ਪੜ੍ਹਦੇ ਜ਼ਰੂਰ ਹਨ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਬਲਕਿ ਆਪਣੀ ਹੀ ਸੰਪਰਦਾਅ ਵੱਲੋਂ ਪ੍ਰਚਾਰੀਆਂ ਜਾਂਦੀਆਂ ਸਾਖੀਆਂ ਦੇ ਅਧਾਰ ’ਤੇ, ਵੱਖ-ਵੱਖ ਦੇਹਧਾਰੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੰਸ਼ਜ ਗੁਰੂਆਂ ਵਜੋਂ ਸਥਾਪਿਤ ਕਰਨ ਦੀ ਨਾਕਾਮ ਪਰ ਹਿਰਦੇ ਨੂੰ ਬੇਧਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਦਸਾਂ ਸਰੂਪਾਂ ਦੀ ਜੋਤਿ ਹਨ। ਨਾਮਧਾਰੀਆਂ ਦੇ ‘ਗੁਰੂ’ ਵੱਲੋਂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਬਰਾਬਰ ਚੰਦੋਆ ਲਗਾਕੇ ਬੈਠਣਾ ਅਤੇ ਆਪਣੇ ਸਿਰ ’ਤੇ ਚੌਰ ਕਰਵਾਉਣਾ - ਕੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੁੰਦਾ ਹੈ ਜਾਂ ਉਨ੍ਹਾਂ ਨੂੰ ਨੀਵਾਂ ਦਿਖਾਉਣ ਦਾ ਜਤਨ ਹੁੰਦਾ ਹੈ? ਨਾ ਤਾਂ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਵਿੱਚ ਕੋਈ ਦਮ ਹੈ ਅਤੇ ਨਾ ਹੀ ਆਪਣੇ ਆਪ ਨੂੰ ‘ਸੰਤ’ ਜਾਂ ‘ਸੰਪੂਰਨ ਮਹਾਂਪੁਰਖ’ ਅਖਵਾਉਣ ਅਤੇ ਸਿੱਖੀ ਦੇ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਲੋਕਾਂ ਵਿੱਚ ਏਨਾ ਦਮ ਹੈ ਕਿ ਉਹ ਇਸ ਅਡੰਬਰ ਦੀ ਵਿਰੋਧਤਾ ਕਰ ਸਕਣ। ਪਰ ਡਾ: ਮਹੀਪ ਸਿੰਘ ਜੀ, ਇਨ੍ਹਾਂ ਲੋਕਾਂ ਨੂੰ ‘ਸਿੱਖ’ ਮੰਨਣਾ ਬਹੁਤ ਮੁਸ਼ਕਿਲ ਹੈ।
ਨਿਰੰਕਾਰੀ ਸੰਪਰਦਾਅ ਵੀ ਗੁਰੂ-ਘਰ ਦੀ ਵਿਰੋਧੀ ਹੈ। ਇਨ੍ਹਾਂ ਦੇ ਮੁਖੀਆਂ ਵੱਲੋਂ ਸਿੱਖ ਗੁਰੂ ਸਾਹਿਬਾਨ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਕਾਰਨ ਹੀ ਉਸਨੂੰ ਆਪਣੀ ਜਾਨ ਤੋਂ ਹੱਥ ਗੁਆਉਣਾ ਪਿਆ ਸੀ ਅਤੇ ਪੰਜਾਬ ਵਿੱਚ ਆਏ ਖੂਨ-ਖਰਾਬੇ ਦੇ ਦੌਰ ਦੀ ਜੜ੍ਹ ਵੀ ਇਹੀ ਲੋਕ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਗੁਰਮਤੇ ਮੁਤਾਬਿਕ ਸਿੱਖਾਂ ਨੂੰ ਨਿਰੰਕਾਰੀਆਂ ਨਾਲ ਰੋਟੀ-ਬੇਟੀ ਦੀ ਸਾਂਝ ਰੱਖਣ ਤੋਂ ਮਨਾਹੀ ਹੈ - ਅਜਿਹੇ ਵਰਗ ਨੂੰ ਤੁਸੀਂ ‘ਸਿੱਖਾਂ’ ਦੀ ਸ਼੍ਰੇਣੀ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਹੋ? ਜੇ ਉਨ੍ਹਾਂ ਨੂੰ ਸਿੱਖ ਕਹਿਣਾ ਹੈ ਤਾਂ ਫਿਰ ਧੀਰਮੱਲੀਆਂ ਤੇ ਰਾਮਰਾਈਆਂ ਨੂੰ ਸਿੱਖ ਕਹਿਣ ਵਿੱਚ ਕੀ ਇਤਰਾਜ਼ ਹੈ?
ਰਾਧਾ ਸੁਆਮੀ ਸੰਪਰਦਾਅ ਦਾ ਪਿਛੋਕੜ ਦੱਸਦਾ ਹੈ ਕਿ ਕਿਸੇ ਵੇਲੇ ਡੇਰਾ ਬਿਆਸ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਆਮ ਭੁਲੇਖਾ ਇਹੀ ਹੈ ਕਿ ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ। ਪਰ ਜਿਨਾਂ ਲੋਕਾਂ ਨੇ ਉਨ੍ਹਾਂ ਦਾ ਲਿਟਰੇਚਰ ਪੜ੍ਹਿਆ ਹੋਵੇ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਨ੍ਹਾਂ ਲੋਕਾਂ ਨੇ ਰੱਜ ਕੇ ਗੁਰੂ ਸਾਹਿਬਾਨ ਦੀ ਨਿੰਦਾ ਕੀਤੀ ਹੈ। ਇਸਦੇ ਇਲਾਵਾ, ਇਹ ਲੋਕ ਗੁਰਮਤਿ ਫਲਸਫੇ ਵਿੱਚ ਅਕਸਰ ਉਪਯੋਗ ਕੀਤੇ ਜਾਂਦੇ ਲਫ਼ਜ਼ ‘ਨਾਮ’ ਦੇ ਗਲਤ ਅਰਥ ਕਰਕੇ ਪ੍ਰਚਾਰਦੇ ਹਨ, ਜਿਸਦੇ ਕਾਰਨ ਬਹੁਤ ਸਾਰੇ ਸਿੱਖਾਂ ਨੇ ਵੀ ਲਫ਼ਜ਼ੀ ਰਟਨ ਕਰਨ ਨੂੰ ਹੀ ‘ਨਾਮ ਸਿਮਰਨ’ ਮੰਨ ਲਿਆ ਹੈ।
ਅਸੀਂ ਇਨ੍ਹਾਂ ਦੀਆਂ ਮਨਮਤੀ ਕਾਰਵਾਈਆਂ ਬੰਦ ਨਹੀਂ ਕਰਵਾ ਸਕਦੇ ਜਾਂ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਦੁਸ਼-ਪ੍ਰਚਾਰ ਦਾ ਟਾਕਰਾ ਕਰਕੇ ਲੋਕਾਂ ਨੂੰ ਸੱਚੇ ਗਿਆਨ ਤੋਂ ਜਾਣੂ ਨਹੀਂ ਕਰਵਾ ਸਕਦੇ ਕਿਉਂਕਿ ਅਸੀਂ ਖ਼ੁਦ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਾਂ। ਸਾਡੀਆਂ ਗੁਰਦੁਆਰਾ ਕਮੇਟੀਆਂ ਸਿਆਸੀ ਅਖਾੜੇ ਬਣ ਕੇ ਰਹਿ ਗਈਆਂ ਹਨ ਅਤੇ ਆਮ ਸਿੱਖਾਂ ਨੂੰ ਪੰਥਕ ਮਸਲਿਆਂ ਵਿੱਚ ਕੋਈ ਰੁਚੀ ਨਹੀਂ ਰਹੀ। ਸੰਜੀਦਗੀ ਨਾਲ ਗੁਰਮਤਿ ਪ੍ਰਚਾਰ ਕਰਨ ਦੀ ਬਜਾਏ ਆਲੀਸ਼ਾਨ ਡੇਰਿਆਂ ਵਿੱਚ ਰਹਿ ਕੇ ਰੰਗਰਲੀਆਂ ਮਨਾਉਣ ਅਤੇ ਆਪਣੇ ਬਾਡੀਗਾਰਡਾਂ ਦੀ ਫੌਜ ਨਾਲ ਵਿਦੇਸ਼ੀ ਕਾਰਾਂ ਵਿੱਚ ਘੁੰਮਣ ਵਾਲੇ ਸਾਧ-ਬਾਬਿਆਂ ਦਾ ਹੜ੍ਹ ਆਇਆ ਹੋਇਆ ਹੈ। ਨਾਨਕਸਰ ਸੰਪਰਦਾਅ ਵਿੱਚ ਬਹੁਤ ਸਾਰੇ ਕਥਿਤ ਮਹਾਂਪੁਰਖ ਹਨ ਪਰ ਗੁਰੂ ਪੰਥ ਦੀ ਮੁੱਖਧਾਰਾ ਤੋਂ ਉਹ ਬਾਹਰ ਹਨ ਕਿਉਂਕਿ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਆਪਣੇ ਅਸਥਾਨਾਂ ’ਤੇ ਝੂਲਣਾ ਚੰਗਾ ਨਹੀਂ ਲੱਗਦਾ - ਨਾ ਹੀ ਇਹ ਵਰਗ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਹੈ। ਅਜਿਹੇ ਸਾਧਾਂ ਜਾਂ ਇਨ੍ਹਾਂ ਦੇ ਚੇਲਿਆਂ ਨੂੰ ਵੀ ਸਿੱਖ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਨ੍ਹਾਂ ਦਾ ਅਸਲ ਮਕਸਦ ਵੀ ਲੋਕਾਂ ਨੂੰ ਗੁਰਮਤਿ ਅਸੂਲਾਂ ਨਾਲੋਂ ਤੋੜ ਕੇ ਬ੍ਰਾਹਮਣਵਾਦੀ ਕਰਮ-ਕਾਂਡਾਂ ਵਿੱਚ ਉਲਝਾਉਣਾ ਹੈ।
ਡਾ: ਸਾਹਿਬ, ਸਿੱਖ ਦੀ ਪਰਿਭਾਸ਼ਾ ਤਾਂ ਸਿੱਖ ਰਹਿਤ ਮਰਿਆਦਾ ਵਿੱਚ ਹੀ ਦਿੱਤੀ ਹੋਈ ਹੈ - ਪਰ ਨਾਮਧਾਰੀ, ਨਿਰੰਕਾਰੀ, ਰਾਧਾ ਸੁਆਮੀ, ਸੌਦਾ ਸਾਧੀਏ ਆਦਿਕ ਲੋਕ ਇਸ ਪਰਿਭਾਸ਼ਾ ’ਤੇ ਖਰੇ ਨਹੀਂ ਉਤਰਦੇ। ਜਦ ਤੱਕ ਇਹ ਲੋਕ ਸੱਚੇ ਮਨੋਂ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਨੂੰ ਪਰਵਾਨ ਨਹੀਂ ਕਰਦੇ ਅਤੇ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲਣ ਦਾ ਪ੍ਰਣ ਨਹੀਂ ਲੈਂਦੇ - ਇਨ੍ਹਾਂ ਨੂੰ ਸਿੱਖ ਮੰਨਿਆ ਵੀ ਨਹੀਂ ਜਾ ਸਕਦਾ। ਇਸਲਈ ਕ੍ਰਿਪਾ ਕਰਕੇ ਤੁਸੀਂ ਇਸ ਮਾਮਲੇ ਵਿੱਚ ਜਜ਼ਬਾਤੀ ਦਲੀਲਾਂ ਦੇਣ ਦੀ ਬਜਾਏ ਉਕਤ ਨੁਕਤਿਆਂ ’ਤੇ ਵਿਚਾਰ ਕਰਨ ਦੀ ਖੇਚਲ ਕਰੋ ਜੀ।