Subscription About Us Contact Us


ਪੰਜਾਬ ਦੀ ਬਾਦਲ-ਆਰ.ਐਸ.ਐਸ. ਗਠਜੋੜ ਸਰਕਾਰ ਵੱਲੋਂ
ਗੁਰੂ ਗ੍ਰੰਥ ਸਾਹਿਬ ਉੱਤੇ ਪਾਬੰਦੀ ਲਗਾਏ ਜਾਣ ਦੇ ਅਸਾਰ ਬਣੇ

- ਜਗਰੂਪ ਸਿੰਘ ਰੂਪ, ਪਟਿਆਲਾ -

ਨਿੱਜ ਪ੍ਰਸਤ ਅਖੌਤੀ ਸਿੱਖਾਂ ਦੀ ਸੋਚ ਦੀ ਅਸਲੀਅਤ ਦੀ ਬਿੱਲੀ ਤਾਂ ਮੁਕਤਸਰ ਦੀ ਜੰਗ ਮੁਕਦਿਆਂ ਹੀ ਥੈਲੇ ਵਿੱਚੋਂ ਬਾਹਰ ਝਾਕਣ ਲੱਗ ਪਈ ਸੀ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੱਦੋ-ਜਹਿਦ ਦੇ ਸਮੇਂ ਥੈਲਿਓਂ ਬਾਹਰ ਆ ਬੈਠੀ ਸੀ ਅਤੇ ਸੋਚਣ ਲੱਗ ਪਈ ਸੀ ਕਿ ਸ਼ਿਕਾਰ ਕਰਨ ਦੀ ਸ਼ੁਰੂਆਤ ਕਿਧਰੋਂ ਤੇ ਕਿਵੇਂ ਕੀਤੀ ਜਾਵੇ। ਪਰ ਉਸਨੂੰ ਬਹੁਤੀ ਉਡੀਕ ਨਹੀਂ ਸੀ ਕਰਨੀ ਪਈ ਕਿਉਂਕਿ ਉਸਨੇ ਜਲਦੀ ਹੀ ਖ਼ਾਲਸਾਈ ਫੌਜਾਂ ਦੇ ਪਰਮੁਖ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਸਮਰਿੱਧ ਉੱਤਰਾਧਿਕਾਰੀ ਭਾਈ ਵੀਰ ਸਿੰਘ ਨੂੰ ਧੋਖੇ ਨਾਲ ਲਹਿਰ ਵਿੱਚੋਂ ਲਾਂਭੇ ਕਰਕੇ ਆਪਣੇ ਅਤੇ ਆਪਣੇ ਵੰਸ਼ਜਾਂ ਲਈ ਗੱਦੀਆਂ ਸਿਰਜਣ ਲਈ ਰਾਹ ਪੱਧਰਾ ਕਰ ਲਿਆ ਸੀ। ਅਜੋਕੇ ਸਿਆਸੀ ਸਿੱਖ (?) ਮਹਾਂਰਥੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਉਸ ਬਿੱਲੀ ਦੀ ਵੰਸ਼ ਦੇ ਹੀ ਮੁਤਬੰਨੇ ਹਨ। ਖੈਰ...।

ਮੈਂ ਆਪਣੀ ਇਸ ਲਿਖਤ ਦਾ ਸਿਰਲੇਖ ‘‘ਪੰਜਾਬ ਦੀ ਬਾਦਲ-ਆਰ.ਐਸ.ਐਸ. ਗਠਜੋੜ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਉੱਤੇ ਪਾਬੰਦੀ ਲਗਾਏ ਜਾਣ ਦੇ ਅਸਾਰ ਬਣੇ’’ ਲਿਖਿਆ ਹੈ। ਇਹ ਸਿਰਲੇਖ ਪੜ੍ਹ ਕੇ ਸ਼ਾਇਦ ਪਾਠਕ ਚੌਂਕ ਜਾਣਗੇ ਕਿ ਇਹ ਖ਼ਬਰ ਕਿਥੋਂ ਨਿਕਲੀ ਹੈ। ਪਰ ਮੈਂ ਇਹ ਨੁਕਤਾ ਇੱਥੇ ਹੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਜਿਹੀ ਪਾਬੰਦੀ ਦਾ ਰਸਮੀ ਐਲਾਨ ਭਾਵੇਂ ਕਿਸੇ ਵੀ ਚੌਧਰੀ ਨੇ ਅਜੇ ਤੱਕ ਨਹੀਂ ਕੀਤਾ ਹੈ ਪਰ ਪੰਜਾਬ ਵਿੱਚ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਦੇ ਤੱਥ ਗੁੱਝੇ ਇਸ਼ਾਰੇ ਇਸ ਪਾਸੇ ਵੱਲ ਹੀ ਕਰ ਰਹੇ ਹਨ। ਪਰ ਅਜਿਹੇ ਇਸ਼ਾਰਿਆਂ ਨੂੰ ਵੇਖਣ ਅਤੇ ਸਮਝਣ ਲਈ ਸ਼ਿਵ ਜੀ ਵਾਲਾ ਤੀਜਾ ਨੇਤਰ ਖੁੱਲ੍ਹਾ ਰੱਖਣ ਦੀ ਲੋੜ ਹੈ। ਪਰ ਅਫਸੋਸ ਇਸ ਗੱਲ ਦਾ ਏ ਕਿ ਸਿੱਖੀ ਦੇ ਮੁਦਈ ਵੀ ਇੰਜ ਨਹੀਂ ਕਰ ਰਹੇ ਜਦੋਂਕਿ ਸਿੱਖੀ ਦੇ ਵਿਰੋਧੀਆਂ ਨੂੰ ਅਜਿਹਾ ਕਰਨ ਦੀ ਲੋੜ ਹੀ ਨਹੀਂ ਹੈ। ਉਨ੍ਹਾਂ ਵੱਲੋਂ ਆਪਣੇ ਮਤਲਬ ਦਾ ਚਿੰਤਨ ਹਮੇਸ਼ਾ ਜਾਰੀ ਰਹਿੰਦਾ ਹੈ।

ਇਸਲਈ ਜੇ ਮੈਂ ਅਜਿਹਾ ਸਿਰਲੇਖ ਵਰਤਿਆ ਹੈ ਤਾਂ ਇਸਦਾ ਕੋਈ ਅਧਾਰ ਜ਼ਰੂਰ ਹੈ। ਇਸ ਗੱਲ ਨੂੰ ਜਾਨਣ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਇਸ ਮੌਜੂਦਾ ਰਾਜਭਾਗੀ ਦੌਰ ਤੋਂ ਪਹਿਲਾਂ ਵਾਲੀ ਪਾਰੀ ਵੱਲ ਝਾਤੀ ਮਾਰਨੀ ਪਵੇਗੀ, ਜਦੋਂ ‘ਸਿੱਖ’ ਤੋਂ ਬਾਅਦ ‘ਸਿੰਘ’ ਵਾਲੇ ਦੌਰ ਦੀ ਸ਼ੁਰੂਆਤ ਦੀ ਧਰਤੀ ਅਨੰਦਪੁਰ ਸਾਹਿਬ ਦੀ ਤੀਜੀ ਸ਼ਤਾਬਦੀ ਮਨਾਈ ਗਈ ਸੀ। ਉਸ ਵੇਲੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦੇਵਤਿਆਂ (ਬ੍ਰਾਹਮਣ ਪ੍ਰਭੂਆਂ, ਜਿਹੜੇ ਕਿ ਅਸਲ ਵਿੱਚ ਉਸਦੇ ਗੁਰੂ ਹਨ) ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਹੀ ਉਨ੍ਹਾਂ ਜਸ਼ਨਾਂ ਵਿੱਚੋਂ ਗੈਰ-ਹਾਜ਼ਰ ਕਰ ਦਿੱਤਾ ਸੀ। ਇਹ ਭਾਵੇਂ ਗੁਰੂ ਗ੍ਰੰਥ ਸਾਹਿਬ ਉੱਤੇ ਪਾਬੰਦੀ ਦੀ ਸ਼ੁਰੂਆਤ ਜਾਂ ਉਸਦਾ ਉਦਘਾਟਨ ਜ਼ਰੂਰ ਸੀ।

ਅਸੀਂ ਇਹ ਗੱਲ ਭਲੀ-ਭਾਂਤ ਜਾਣਦੇ ਹਾਂ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਜਦੋਂ ਦਾ ਸਿਆਸਤ ਵਿੱਚ ਉਤਰਿਆ ਹੈ, ਉਹ ਸਿੱਖੀ ਦੇ ਨਾਂ ਉੱਤੇ ਹੀ ਸਿੱਖੀ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਨਿਰੰਤਰ ਯਤਨਸ਼ੀਲ ਰਿਹਾ ਹੈ ਕਿਉਂਕਿ ਅਰਜੁਨ ਵਾਂਗ ਉਸਦਾ ਨਿਸ਼ਾਨਾ ਸਿਰਫ਼ ਗੱਦੀ ਹੀ ਰਿਹਾ ਹੈ, ਸਿੱਖੀ ਨਹੀਂ। ਇਸ ਗੱਲ ਦਾ ਪਹਿਲਾ ਸਬੂਤ ਉਸਨੇ ਸੱਤਰਵਿਆਂ ਵਿੱਚ ਨਕਸਲਬਾੜੀ ਲਹਿਰ ਦੇ ਕਾਰਕੁੰਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਰਵਾ ਕੇ ਦਿੱਤਾ ਸੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਕਾਰਕੁੰਨ ਵੀ ਆਮ ਲੋਕਾਂ ਦੀ ਭਲਾਈ ਦੇ ਵਿਚਾਰ ਦੇ ਹਾਮੀ ਹਨ। ਇਵੇਂ ਹੀ ਸਿੱਖੀ ਵੀ ਆਮ ਲੋਕਾਂ ਦੀ ਭਲਾਈ ਦੇ ਵਿਚਾਰਾਂ ਨੂੰ ਪ੍ਰਣਾਈ ਹੋਈ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਸੇ ਕਾਰਗੁਜ਼ਾਰੀ ਤੋਂ ਹਿੰਟ ਲੈ ਕੇ ਲੋਕ-ਵਿਰੋਧੀ ਕਾਂਗਰਸ ਨੇ ਲੋਕ ਹਿੱਤਾਂ ਨੂੰ ਪ੍ਰਣਾਈ ਸਿੱਖੀ ਦੀ ਵਿਚਾਰਧਾਰਾ ਦੇ ਅਨੁਆਈਆਂ ਦੀ 1984 ਦੇ ਬਾਅਦ ਨਸਲਕੁਸ਼ੀ ਦੀ ਰਾਹ ਕਾਮਯਾਬੀ ਨਾਲ ਅਪਣਾਈ ਸੀ ਅਤੇ ਸਿੱਖ ਸੰਘਰਸ਼ ਨੂੰ ਕੁਚਲ ਦਿੱਤਾ ਸੀ।

ਪਰ ਕਿੰਨੇ ਮਜ਼ੇ ਦੀ ਗੱਲ ਹੈ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਇਸ ਘੱਲੂਘਾਰੇ ਵਿੱਚੋਂ ਹੱਥ ਖੜੇ ਕਰਕੇ ਸਾਫ ਬੱਚ ਨਿਕਲਿਆ, ਜਿਵੇਂ ਸਿੱਖੀ ਨਾਲ ਮਿਲੀ-ਭੁਗਤ ਹੋਵੇ ਅਤੇ ਸਿੱਖੀ ਦੀ ਪ੍ਰਧਾਨਤਾ ਵਾਲੇ ਸੂਬੇ ਦੀ ਗੱਦੀ ਉੱਤੇ ਆਸੀਨ ਆ ਹੋਇਆ। ਹੁਣ ਉਹ ਉਸੇ ਕਾਂਗਰਸ ਨਾਲ ‘‘ਉਤਰ ਕਾਟੋ, ਮੈਂ ਚੜ੍ਹਾਂ’’ ਵਾਲੀ ਖੇਡ ਖੇਡਦਿਆਂ (ਜੇ ਸਿਹਤ ਅਤੇ ਹੋਰ ਲੰਮੀਂ ਉਮਰ ਸਾਥ ਦਿੰਦੀ ਰਹੀ, ਤਾਂ) ਇਵੇਂ ਹੀ ਸਿਲਸਿਲਾ ਚਲਦਾ ਰਹੇਗਾ।

1984 ਦੀ ਨਸਲਕੁਸ਼ੀ ਵਾਲੇ ਸਿੱਖ ਸੰਘਰਸ਼ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੀ ਇਕ ਵਾਰ ਤਾਂ ਹੀਰੋ ਬਣ ਕੇ ਉਭਰਿਆ ਸੀ ਅਤੇ ਗੱਦੀ ਤੱਕ ਪਹੁੰਚ ਗਿਆ। ਪਰ ਅਸਲੀਅਤ ਛੇਤੀ ਹੀ ਉਜਾਗਰ ਹੋ ਗਈ। ਗੱਦੀ ਉੱਤੇ ਬੈਠਦਿਆਂ ਹੀ ਪੰਜਾਬੀਆਂ ਦੀ ਮਾਤ-ਭਾਸ਼ਾ ਦਰ-ਬਦਰ ਕਰ ਦਿੱਤੀ ਗਈ ਅਤੇ ਅੰਗਰੇਜ਼ਾਂ ਦੇ ਵੱਡੇ ਸਿੱਖ ਸਹਿਯੋਗ ਰਹੇ ਪਟਿਆਲਵੀ ਮਹਾਰਾਜਿਆਂ ਵਾਂਗ ਆਪਣੀ ਰਵਾਇਤੀ ਪਰੰਪਰਾ ਜਾਰੀ ਰਖਦਿਆਂ ਗੈਰ-ਭਾਸ਼ਾ ਅੰਗਰੇਜ਼ੀ ਦੀ ਗੁਲਾਮੀ ਕਬੂਲ ਲਈ। ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸੁਰੀ। ਨਾ ਪੰਜਾਬੀ ਪੜ੍ਹਿਆ ਲੱਭੇਗਾ ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਚਾਰਧਾਰਾ ਪਣਪੇਗੀ। ਕਿਉਂਕਿ ਯੂਨੈਸਕੋ ਨੇ ਐਲਾਨ ਕਰ ਦਿੱਤਾ ਹੈ ਕਿ ਆਉਂਦੇ ਪੰਜਾਹ ਸਾਲਾਂ ਵਿੱਚ ਪੰਜਾਬੀ ਭਾਸ਼ਾ ਲੁਪਤ ਹੋਣ ਦੇ ਕੰਢੇ ਪੁੱਜ ਜਾਵੇਗੀ।

ਆਪਣਾ ਤੁਗਲਕੀ ਫੈਸਲਾ ਲਾਗੂ ਕਰਕੇ ਕੈਪਟਨ ਜੀ ਤਾਂ ਤੁਰ ਗਏ ਤਾਂ ਬਾਦਲ ਸਾਹਿਬ ਫੇਰ ਆ ਹਾਜ਼ਰ ਹੋਏ ਹਨ। ਪਰ ਤੁਗਲਕੀ ਫੈਸਲੇ ਬਦਸਤੂਰ ਜਾਰੀ ਹਨ। ਪਰ ਇਹ ਗੱਲ ਇੱਥੇ ਹੀ ਬਸ ਨਹੀਂ ਹੁੰਦੀ। ਇਨ੍ਹਾਂ ਤੁਗਲਕੀ ਫੈਸਲਿਆਂ ਵਿੱਚ ਨਵਾਂ ਵਾਧਾ ਵੀ ਹੋਇਆ ਹੈ। ਇਸ ਗੱਲ ਦੀ ਪੇਸ਼ਬੰਦੀ ਇਉਂ ਹੋਈ ਹੈ ਕਿ ਢਾਈ ਦਹਾਕੇ ਪਹਿਲਾਂ ਲਿਖੀਆਂ ਤਰਕਸ਼ੀਲ ਪੁਸਤਕਾਂ ਉੱਤੇ ਪਾਬੰਦੀ ਲਾਉਣ ਦੇ ਰੱਸੇ-ਪੈੜੇ ਹੁਣ ਵੱਟੇ ਜਾ ਰਹੇ ਹਨ; ਜਦੋਂਕਿ ਇਨ੍ਹਾਂ ਪੁਸਤਕਾਂ ਦੇ ਲੇਖਕ ਨੂੰ ਸਰਕਾਰੀ ਸ਼੍ਰੋਮਣੀ ਪੁਰਸਕਾਰ ਵੀ ਮਿਲ ਚੁੱਕਿਆ ਹੈ।

ਪਰ ਕਿੰਨੀ ਦਿਲਚਸਪ ਗੱਲ ਹੈ ਕਿ ਬਾਦਲ ਸਾਹਿਬ ਨੇ ਇਸ ਮੂਰਖਤਾ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ ਵਿਧਾਨ ਸਭਾ ਵਿੱਚ ਪਾਬੰਦੀ ਆਇਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਅਜਿਹਾ ਕਰਕੇ ਸ੍ਰ: ਬਾਦਲ ਨੇ ਆਪਣੀ ਸੁਥਰਿਆਂ ਵਾਲੀ ਅਜ਼ਮਾਈ ਹੋਈ ਨੀਤੀ ਦਾ ਇਕ ਵਾਰ ਫੇਰ ਭਰਪੂਰ ਮੁਜ਼ਾਹਰਾ ਕਰ ਦਿੱਤਾ ਹੈ ਕਿ ‘‘ਜਿੱਥੇ ਵੇਖਾਂ ਤਵਾ-ਪਰਾਤ, ਉੱਥੇ ਗਾਵਾਂ ਸਾਰੀ ਰਾਤ’’।

ਪਰ ਇਉਂ ਤਾਂ ਗੁਰਬਾਣੀ ਵੀ ਹਿੰਦੂ ਦੇਵੀ-ਦੇਵਤਿਆਂ (ਜਿਸ ਵਿੱਚ ਬ੍ਰਾਹਮਣ ਦੇਵਤਾ ਵੀ ਸ਼ੁਮਾਰ ਹੈ) ਨੂੰ ਤਰਕਸ਼ੀਲਤਾ ਦੇ ਅਧਾਰ ਉੱਤੇ ਲੰਮੇਂ ਹੱਥੀਂ ਲੈਂਦੀ ਹੈ। ਤਾਂ ਫੇਰ ਇਸ ਗੱਲ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਤਰਕਸ਼ੀਲ ਆਗੂ ਮੇਘਰਾਜ ਮਿੱਤਰ ਦੀਆਂ ਰਚਨਾਵਾਂ ਉੱਤੇ ਪਾਬੰਦੀ ਦੀ ਮੰਗ ਕਰਨ ਵਾਲੇ ਬ੍ਰਾਹਮਣਵਾਦੀ ਲੋਕ ਇਸ ਪੜਾਅ ਉੱਤੇ ਕਾਮਯਾਬੀ ਹਾਸਲ ਕਰਨ ਪਿੱਛੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉੱਤੇ ਪਾਬੰਦੀ ਲਾਉਣ ਦੀ ਮੰਗ ਨਹੀਂ ਕਰਨਗੇ? ਜ਼ਰੂਰ ਕਰਨਗੇ, ਕਿਉਂਕਿ ਲੋਹਾ ਪੂਰਾ ਗਰਮ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਇਸ ਵੇਲੇ ਇਨ੍ਹਾਂ ਹਿੰਦੂਵਾਦੀਆਂ ਦੇ ਰਹਿਮੋ-ਕਰਮ ਉੱਤੇ ਹੀ ਨਿਰਭਰ ਹੈ।

ਭਾਵੇਂ ਇਸ ਗੱਲ ਦਾ ਨਿਰਣਾ ਤਾਂ ਆਉਣ ਵਾਲਾ ਸਮਾਂ ਹੀ ਕਰੇਗਾ ਕਿ ਇਹ ਊਠ ਕਿਸ ਕਰਵਟ ਬੈਠੇਗਾ। ਪਰ ਸਾਨੂੰ ਮੰਡਰਾ ਰਹੇ ਖਤਰੇ ਦੇ ਬੱਦਲਾਂ ਤੋਂ ਕਬੂਤਰ ਵਾਂਗ ਅੱਖਾਂ ਮੀਚ ਕੇ ਮੁਨਕਰ ਨਹੀਂ ਹੋਣਾ ਚਾਹੀਦਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਗੱਦੀ ਮੱਲੀ ਰੱਖਣ ਲਈ ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਹੱਦ ਤੱਕ ਨੀਵਾਂ ਗਿਰ ਸਕਦਾ ਹੈ।

ਕਈ ਲੋਕ ਇਹ ਭਰਮ ਵੀ ਪਾਲ ਸਕਦੇ ਹਨ ਕਿ ਸ੍ਰ: ਬਾਦਲ ਬਹੁਤ ਘਾਗ ਸਿਆਸਤਦਾਨ ਹੈ। ਮੈਂ ਵੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਮੈਂ ਧੁਰ ਅੰਦਰੋਂ ਇਹ ਵੀ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ ਕਿ ਉਹ ਇਸ ਮੁਰਗੀ ਨੂੰ ਓਨਾ ਚਿਰ ਹੀ ਜਿਉਂਦਾ ਰੱਖਣ ਲਈ ਸਰਗਰਮ ਰਹੇਗਾ, ਜਿੰਨਾ ਚਿਰ ਤੱਕ ਉਹ ਉਸ ਲਈ ਸੋਨੇ ਦੇ ਅੰਡੇ ਦਿੰਦੀ ਰਹੇਗੀ। ਜਿਸ ਦਿਨ ਇਹ ਮੁਰਗੀ ਕੁੜਕ ਹੋ ਗਈ, ਉਸ ਦਿਨ ਇਸਦੀ ਗਰਦਨ ਉੱਤੇ ਛੁਰੀ ਚਲਾਉਣ ਵਾਲਾ ਇਹ ਆਪ ਹੀ ਹੋਵੇਗਾ।

ਤਾਂ ਫੇਰ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਸਬੰਧ ਵਿੱਚ ਇਕ ਸਲਾਹ ਦੇਣੀ ਜ਼ਰੂਰੀ ਸਮਝਦ ਹਾਂ - ਭਾਵੇਂ ਇਸਦੀ ਪਾਲਣਾ ਕਰਨੀ ਅਸੰਭਵ ਜਾਪੇਗੀ। ਅਸੀਂ ਜਾਣਦੇ ਹਾਂ ਕਿ ਸਿੱਖੀ ਦੇ ਖੇਤਰ ਵਿੱਚ ਜੋ ਦੁਸ਼ਕਰਮ ਵਾਲਾ ਵਰਤਾਰਾ ਚੱਲ ਰਿਹਾ ਹੈ, ਉਸਦੀ ਤਹਿ ਵਿੱਚ ਗੁਰੂ ਘਰ ਦੀਆਂ ਗੋਲਕਾਂ ਵਿੱਚ ਜਮਾਂ ਹੋਇਆ ਅੰਨ੍ਹਾਂ ਧਨ ਹੀ ਹੈ, ਜਿਸਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਜੇ ਇਸ ਪਰਵਿਰਤੀ ਨੂੰ ਠੱਲ ਪਾਉਣੀ ਹੈ ਤਾਂ ਸਾਨੂੰ ਵੱੜਾ ਜਿਗਰਾ ਕਰਕੇ ਗੁਰੂ ਘਰਾਂ ਅਤੇ ਉਤਸਵਾਂ ਵਿੱਚ ਚੜ੍ਹਾਵੇ ਚੜ੍ਹਾਉਣ ਤੋਂ ਪਰਹੇਜ਼ ਲਾਗੂ ਕਰਨਾ ਹੀ ਪਵੇਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਘਰ ਉਸਾਰਨ ਉੱਤੇ ਇਸਲਈ ਮਨਾਹੀ ਚਤਾਰੀ ਸੀ ਕਿਉਂਕਿ ਉਹ ਮੰਦਰਾਂ-ਮਸੀਤਾਂ ਦੇ ਸਬੰਧ ਵਿੱਚ ਪੁਜਾਰੀ ਵਰਗ ਦੇ ਭ੍ਰਿਸ਼ਟ ਵਰਤਾਰੇ ਨੂੰ ਬਹੁਤ ਚੰਗੀ ਤਰ੍ਹਾਂ ਭਾਂਪ ਗਏ ਸਨ। ਪਰ ਅਸੀਂ ਇਸ ਗੱਲ ਵੱਲ ਰੱਤੀ ਭਰ ਵੀ ਧਿਆਨ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਅੱਜ ਅਸੀਂ ਇਸ ਬਰਦਾਸ਼ ਨਾ ਕੀਤੇ ਜਾਣ ਵਾਲੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ। ਧਨ ਵੱਧ ਰਿਹਾ ਹੈ, ਸਿੱਖੀ ਘੱਟ ਰਹੀ ਹੈ।

ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਇਸ ਬੁਰਿਆਈ ਨੂੰ ਠੱਲ੍ਹਣ ਦੀ ਥਾਂ ਮਹਿੰਗੇ ਸੰਗਮਰਮਰੀ ਪੱਥਰਾਂ ਅਤੇ ਸੁਨਹਿਰੀ ਪੱਤਰਿਆਂ ਵਾਲੇ ਰੋਜ਼ ਨਵੇਂ-ਨਵੇਂ ਉਸਰ ਰਹੇ ਗੁਰਧਾਮਾਂ ਦੀ ਸ਼ੋਭਾ ਦੇ ਗੁਣ ਗਾਉਂਦੇ ਫਿਰਦੇ ਹਾਂ, ਜਿਹੜੇ ਮਾਇਆ ਦੀ ਅਣ-ਲੁੜੀਂਦੀ ਪ੍ਰਦਰਸ਼ਨੀ ਮਾਤਰ ਹੀ ਹਨ। ਇਹ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸਗੋਂ ਅਸੀਂ ਸਿੱਖੀ ਦਾ ਭਲਾ ਚਾਹੁਣ ਵਾਲੇ ਵੀ ਅਜਿਹੇ ਗੁਰਧਾਮਾਂ ਦੀ ਮਾਇਆ ਉੱਤੇ ਕਾਬਿਜ਼ ਹੋਣ ਲਈ ਹੀ ਯਤਨਸ਼ੀਲ ਰਹਿੰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਇਸ ਮਾਇਆ ਦਾ ਸਦ-ਉਪਯੋਗ ਕਰਕੇ ਕੋਈ ਇਨਕਲਾਬ ਲਿਆ ਦੇਵਾਂਗੇ। ਪਰ ਅਜਿਹਾ ਸੋਚਦਿਆਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਸ ਮਾਇਆ ਵਿੱਚ ਵੱਡਾ ਹਿੱਸਾ ਉਸ ਮਾਇਆ ਦਾ ਹੁੰਦਾ ਹੈ, ਜਿਹੜੀ ‘ਨੰਬਰ 2’ ਦੀ ਅਖੌਤੀ ਕਿਰਤ-ਕਮਾਈ ਵਿੱਚੋਂ ਦਾਨ ਕੀਤੀ ਜਾਂਦੀ ਹੈ। ਅਜਿਹੇ ਦਾਨੀਆਂ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ (ਜਿਵੇਂ ਨਸ਼ੇ ਆਦਿ ਦੇ ਤਸਕਰ) ਵੀ ਸ਼ਾਮਲ ਹੁੰਦੇ ਹਨ। ਅਤੇ ਜਿਸ ਮਾਇਆ ਦਾ ਅਧਾਰ ਹੀ ਖੋਟ ਹੈ, ਉਥੋਂ ਅਸੀਂ ਕਿਸੇ ਸੁੱਚਮ ਦੀ ਕੀ ਆਸ ਕਰ ਸਕਦੇ ਹਾਂ?

ਇਸ ਸਬੰਧ ਵਿੱਚ ਸਿੱਖੀ ਵਿੱਚ ਸੱਚੀ ਆਸਥਾ ਰੱਖਣ ਵਾਲੇ ਅਤੇ ਸਿਆਣੇ ਸਿੱਖ ਪਹਿਲਕਦਮੀ ਕਰ ਸਕਦੇ ਹਨ। ਜੇ ਅਸੀਂ ਅਜਿਹਾ ਬਾਨਣੂੰ ਬੰਨ੍ਹ ਸਕੀਏ ਤਾਂ ਗੁਰੂ ਕੀਆਂ ਗੋਲਕਾਂ ਉੱਤੇ ਪਲਣ ਵਾਲੇ ਸੱਪ (ਪੁਜਾਰੀ-ਸਿਆਸਤਦਾਨ) ਆਪਣੇ ਆਪ ਹੀ ਭੁੱਖੇ ਮਰ ਜਾਣਗੇ ਤੇ ਜਾਂ ਫੇਰ ਪਤਰੇ ਵਾਚ ਜਾਣਗੇ। ਇਸੇ ਯਤਨ ਵਿੱਚ ਹੀ ਸਿੱਖੀ ਦਾ ਬਚਾਅ ਸੰਭਵ ਹੈ ਅਤੇ ਸਿੱਖ ਧਰਮ ਆਪਣੀ ਸਹੀ ਅਤੇ ਭਰਪੂਰ ਭੂਮਿਕਾ ਨਿਭਾਉਣ ਲਈ ਉਭਰ ਸਕਦਾ ਹੈ।

ਜੇਕਰ ਅਸੀਂ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਾਂ ਸੱਚਮੁਚ ਜਿਹੜਾ ਧਰਮ (ਵਿਚਾਰਧਾਰਾ) ਵਿਸ਼ਵ ਦੀ ਆਮ ਲੋਕਾਈ ਦੀ ਸਰਬਾਂਗੀ ਮੁਕਤੀ ਦਾ ਪਰਮੁੱਖ ਦਾਅਵੇਦਾਰ ਹੈ, ਉਹ ਸੁਨਹਿਰੀ ਪੱਤਰਿਆਂ ਵਾਲੀਆਂ ਸੰਗਮਰਮੀ ਇਮਾਰਤਾਂ, ਬੇ-ਮਤਲਬ ਦੇ ਕਰਮ-ਕਾਂਡਾਂ, ਸਾਹ ਘੁੱਟਣ ਵਾਲੇ ਬੇ-ਅਰਥ ਜਾਂਦੇ ਵਸਤਰਾਂ, ਭੇਖੀ ਨਿੱਜ-ਪ੍ਰਸਤ ਸੇਵਕਾਂ, ਸੜਕਾਂ-ਪੰਡਾਲਾਂ ਦੇ ਬੇਹੁਰਮਤੇ ਪਰਦਰਸ਼ਨਾਂ ਅਤੇ ਸਿੱਖੀ ਦੇ ਨਾਂ ਉੱਤੇ ਠੱਗੀ ਵਰਗਾ ਵਪਾਰ ਚਲਾਉਣ ਵਾਲੇ ਦੁਕਾਨਦਾਰਾਂ ਤੋਂ ਮੁਕਤ ਹੋ ਜਾਵੇਗਾ ਅਤੇ ਘਰਾਂ ਦੇ ਅੰਦਰ ਵੱਲ ਮੁੜ ਕੇ ਸਾਡੇ ਦਿਲਾਂ ਵਿੱਚ ਵੱਸ ਆਪਣਾ ਰੋਲ ਬਖੂਬੀ ਨਿਭਾ ਕੇ ਵਿਸ਼ਵ ਮੁਕਤੀਦਾਤਾ ਬਣ ਜਾਵੇਗਾ। ਨਹੀਂ ਤਾਂ ਸਾਨੂੰ ਇਸ ਦੇ ਸ਼ੁੱਧੀਕਰਨ ਅਤੇ ਮੁਕਤੀਦਾਤਾ ਬਣਨ ਦੀ ਆਸ ਹੁਣ ਬਿਲਕੁਲ ਹੀ ਤਿਆਗ ਦੇਣੀ ਚਾਹੀਦੀ ਹੈ।