Subscription About Us Contact Us


ਅਡਵਾਨੀ ਦੀ ਕਿਤਾਬ ਬਾਰੇ ਬਾਦਲ ਦੀ ਝੂਠ-ਬਿਆਨੀ
ਅਤੇ ਕਾਂਗਰਸੀਆਂ ਦੀ ਸਿਆਸਤ

- ਸਰਬਜੀਤ ਸਿੰਘ -

ਲੋਕਾਂ ਵਿੱਚ ਨਾਮ ਖੱਟਣ ਦੇ ਇੱਛੁਕ ਅਮੀਰਜ਼ਾਦਿਆਂ ਅਤੇ ਸਿਆਤਦਾਨਾਂ ਵੱਲੋਂ ਗਰੀਬ ਲੇਖਕਾਂ ਨੂੰ ਪੈਸੇ ਦੇ ਕੇ, ਆਪਣੇ ਨਾਮ ਤੋਂ ਕਹਾਣੀਆਂ, ਕਵਿਤਾਵਾਂ ਜਾਂ ਆਤਮ-ਕਥਾਵਾਂ ਲਿਖਵਾਉਣ ਦੀ ਰਵਾਇਤ ਭਾਰਤ ਵਿੱਚ ਬਹੁਤ ਪੁਰਾਣੀ ਹੈ। ਪਰ ਬੀਜੇਪੀ ਦੇ ਵਿਵਾਦਿਤ ਆਗੂ ਅਤੇ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਜਿੱਤ ਹੋਣ ਦੀ ਸੂਰਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪਦ ਦੇ ਅਹੁਦੇਦਾਰ ਐਲ.ਕੇ. ਅਡਵਾਨੀ ਦੇ ਨਾਮ ਤੋਂ ਜਾਰੀ ਆਤਮ-ਕਥਾ ‘ਮਾਈ ਕੰਟਰੀ, ਮਾਈ ਲਾਈਫ਼’ ਨੇ ਵਿਵਾਦਾਂ ਦਾ ਪਿਟਰਾ ਖੋਲ੍ਹ ਕੇ ਰੱਖ ਦਿੱਤਾ ਹੈ।

ਜਦ ਪਾਕਿਸਤਾਨ ਜਾ ਕੇ ਅਡਵਾਨੀ ਨੇ ਜਿੰਨਾਹ ਦੇ ਸੋਹਲੇ ਗਾਏ ਸਨ, ਤਾਂ ਉਸ ਪਿੱਛੋਂ ਵੀ ਮੀਡੀਆ ਵਿੱਚ ਇਹੀ ਗੱਲ ਉਭਰ ਕੇ ਸਾਹਮਣੇ ਆਈ ਸੀ ਕਿ ਅਜਿਹਾ ਅਡਵਾਨੀ ਦੇ ਭਾਸ਼ਣ-ਲੇਖਕ ਦੀ ਗਲਤੀ ਨਾਲ ਹੋਇਆ ਸੀ। ਸੋਚਣ ਵਾਲੀ ਗੱਲ ਕਿ ਜਿਹੜਾ ਲੀਡਰ ਭਾਸ਼ਣ ਵੀ ਕਿਸੇ ਭਾੜੇ ਦੇ ਲੇਖਕ ਵੱਲੋਂ ਤਿਆਰ ਕੀਤੇ ਹੋਏ ਨੁਕਤਿਆਂ ਮੁਤਾਬਿਕ ਕਰਦਾ ਹੈ, ਉਹ ਆਪਣੀ ਆਤਮ-ਕਥਾ ਆਪ ਕਿਵੇਂ ਲਿਖ ਸਕਦਾ ਹੈ?

ਪਰ ਸ਼ਾਇਦ ਅਡਵਾਨੀ ਸਾਹਿਬ ਨੇ ਇਹ ਕਿਤਾਬ ਲਿਖਵਾਉਣ ਲਈ ਕਿਸੇ ਚੰਗੀ ਪੱਧਰ ਦੇ ਲੇਖਕ ਦੀ ਆਪਣੇ ਕਿਸੇ ਚਾਪਲੂਸ ਨੂੰ ਇਹ ਸੇਵਾ ਸੌਂਪ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਕਿਤਾਬ ਵਿੱਚ ਬਹੁਤ ਸਾਰੇ ਤੱਥ ਗਲਤ ਪੇਸ਼ ਕੀਤੇ ਗਏ। ਜਿਵੇਂ ਉਕਤ ਪੁਸਤਕ ਵਿੱਚ ਨਿਰੰਕਾਰੀ ਕਤਲ ਕਾਂਡ ਵਿੱਚ ਭਾਈ ਰਣਜੀਤ ਸਿੰਘ ਦੀ ਗ੍ਰਿਫ਼ਤਾਰੀ ਵੇਲੇ ਦੇਸ਼ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਲਿਖਿਆ ਗਿਆ ਹੈ ਜਦਕਿ ਅਸਲੀਅਤ ਵਿੱਚ ਓਦੋਂ ਗ੍ਰਹਿ ਮੰਤਰੀ ਪੀ.ਸੀ. ਸੇਠੀ ਹੁੰਦਾ ਸੀ। ਇਸੇ ਮਾਮਲੇ ਦੀ ਐਫ.ਆਈ.ਆਰ. ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ ਹੀ ਨਹੀਂ ਸੀ। ਇਸੇ ਤਰ੍ਹਾਂ, ਕਿਤਾਬ ਦੇ ਲਿਖਾਰੀ ਨੇ ਕਾਮਰੇਡ ਆਗੂ ਸਤਪਾਲ ਡੰਗ ਨੂੰ ਵੀ ‘ਮਰਹੂਮ’ ਲਿਖ ਦਿੱਤਾ ਅਤੇ ਇਸ ਸਬੰਧੀ ਰੌਲਾ ਪੈਣ ’ਤੇ ਅਡਵਾਨੀ ਜੀ ਨੇ ਉਕਤ ਆਗੂ ਨੂੰ ਫੋਨ ਕਰਕੇ ਮੁਆਫ਼ੀ ਮੰਗ ਲਈ। ਪੁਸਤਕ ਵਿੱਚ ਏਦਾਂ ਦੇ ਕਈ ਹੋਰ ਤੱਥਾਂ-ਸਬੰਧੀ ਗਲਤੀਆਂ ਸਨ, ਜਿਨ੍ਹਾਂ ਦਾ ਦੋਸ਼ ਅਡਵਾਨੀ ਸਾਹਿਬ ਨੂੰ ਆਪਣੇ ਸਿਰ ਲੈਣਾ ਪਿਆ।

ਹੋਰ ਬਹੁਤ ਸਾਰੇ ਬ੍ਰਾਹਮਣਵਾਦੀ ਲੇਖਕਾਂ ਦੀ ਤਰ੍ਹਾਂ, ਸ੍ਰੀ ਐਲ.ਕੇ. ਅਡਵਾਨੀ ਨੇ ਵੀ ਆਪਣੀ ਅਖੌਤੀ ਸਵੈ-ਜੀਵਨੀ ਵਿੱਚ ਆਪਣੇ ਕਿਰਦਾਰ ਦਾ ਕੋਈ ਕਾਲਾ ਪੱਖ ਤਾਂ ਈਮਾਨਦਾਰੀ ਨਾਲ ਸਾਹਮਣੇ ਆਉਣ ਨਹੀਂ ਦਿੱਤਾ, ਸਗੋਂ ਸਿਆਸੀ ਜੀਵਨ ਕਾਲ ਦੌਰਾਨ ਆਪਣੇ ਉੱਪਰ ਲੱਗੇ ਇਲਜ਼ਾਮਾਂ ਦਾ ਖੰਡਨ ਦੀ ਕੋਸ਼ਿਸ਼ ਜ਼ਰੂਰ ਕੀਤੀ। ਜਿਵੇਂ ਉਸਨੇ ਰਜੀਵ ਗਾਂਧੀ ਵੱਲੋਂ ਕੀਤੇ ਵਿਵਾਦਿਤ ਬੋਫੋਰਜ਼ ਤੋਪ ਸੌਦੇ ਬਾਰੇ ਤਾਂ ਚਰਚਾ ਕੀਤੀ ਹੈ ਪਰ ਉਸਦੇ ਆਪਣੇ ਰਾਜ ਕਾਲ ਦੌਰਾਨ ਰੱਖਿਆ ਸੌਦਿਆਂ ਵਿੱਚ ਖਾਧੀ ਜਾਂਦੀ ਦਲਾਲੀ ਦਾ ਪਰਦਾਫਾਸ਼ ਕਰਨ ਵਾਲੇ ਤਹਿਲਕਾ ਕਾਂਡ ਬਾਰੇ ਚੁੱਪੀ ਸਾਧ ਲਈ।

ਪਰ ਇਸ ਕਿਤਾਬ ਦੀ ਸਭ ਤੋਂ ਵੱਧ ਚਰਚਾ ਪੰਜਾਬ ਦੁਖਾਂਤ ਬਾਰੇ ਅਡਵਾਨੀ ਦੀਆਂ ਟਿੱਪਣੀਆਂ ’ਤੇ ਹੋਈ ਹੈ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਦੇ ਘਟਨਾ-ਕ੍ਰਮ ਦਾ ਜ਼ਿਕਰ ਕਰਦਿਆਂ ਅਡਵਾਨੀ ਨੇ ਸਾਫ਼ ਇਕਬਾਲ ਕੀਤਾ ਹੈ ਕਿ ਬੀਜੇਪੀ ਨੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵਿਰੁੱਧ ਸਰਕਾਰ ਵੱਲੋਂ ‘ਨਰਮੀ’ ਵਰਤਣ ਵਿਰੁੱਧ ਮਈ 1984 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ 15 ਹਜ਼ਾਰ ਸਮਰਥਕਾਂ ਨਾਲ ਗ੍ਰਿਫ਼ਤਾਰੀ ਦਿੱਤੀ। ਅਡਵਾਨੀ ਨੇ ਇਹ ਦਾਅਵਾ ਵੀ ਕੀਤਾ ਕਿ (ਉਨ੍ਹਾਂ ਦੀ ਪਾਰਟੀ ਦੇ) ਅਜਿਹੇ ਦਬਾਅ ਕਾਰਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜੀ ਕਾਰਵਾਈ ਦਾ ਆਦੇਸ਼ ਦੇਣ ਲਈ ਮਜਬੂਰ ਹੋ ਗਈ। ਅਡਵਾਨੀ ਨੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ‘ਭਸਮਾਸੁਰ’ ਲਿਖ ਕੇ ਉਨ੍ਹਾ ਦਾ ਅਕਸ ਇਕ ‘ਦੈਂਤ’ ਵਰਗਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ।

ਅਜਿਹੀਆਂ ਟਿੱਪਣੀਆਂ ਨਾਲ ਜਾਣੇ-ਅਨਜਾਣੇ ਵਿੱਚ ਅਡਵਾਨੀ ਨੇ ਆਪਣੀ ਅਤੇ ਆਪਣੀ ਪਾਰਟੀ ਦੀ ਸਿੱਖ-ਵਿਰੋਧੀ ਮਾਨਸਿਕਤਾ ਨੂੰ ਜਗ-ਜ਼ਾਹਿਰ ਕਰ ਦਿੱਤਾ। ਇਸਲਈ ਸੁਭਾਵਿਕ ਤੌਰ ’ਤੇ ਪੰਜਾਬ ਦੇ ਕਾਂਗਰਸੀ ਆਗੂਆਂ ਅਤੇ ਦਿੱਲੀ ਕਮੇਟੀ ਦੇ ਕਾਂਗਰਸੀ ਅਹੁਦੇਦਾਰਾਂ ਨੇ ਤੁਰੰਤ ਅਡਵਾਨੀ ਵਿਰੁੱਧ ਬਿਆਨਬਾਜ਼ੀ ਅਰੰਭ ਕਰਕੇ ਸਿੱਖਾਂ ਦੇ ਹਮਦਰਦ ਹੋਣ ਦਾ ਵਿਖਾਵਾ ਅਰੰਭ ਕਰ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨ ਰਜਿੰਦਰ ਕੌਰ ਭੱਠਲ ਨੇ ਸਾਕਾ ਨੀਲਾ ਤਾਰਾ ਲਈ ਅਡਵਾਨੀ ਅਤੇ ਬੀਜੇਪੀ ਨੂੰ ਬਰਾਬਰ ਦਾ ਦੋਸ਼ੀ ਦੱਸਿਆ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਗੁਰੂ ਸਾਹਿਬਾਨ ਨੂੰ ‘ਸੰਤ’ ਲਿਖਣ ਦਾ ਜ਼ੁਰਮ ਕਰਨ ਲਈ ਅਡਵਾਨੀ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਕਰਨ ਦੀ ਮੰਗ ਕੀਤੀ। ਸਿਆਸੀ ਆਗੂ ਹੋਣ ਦੇ ਨਾਤੇ ਭੱਠਲ ਤਾਂ ਜੋ ਸਿਆਸੀ ਲਾਹਾ ਖੱਟਣ ਵਾਲੇ ਬਿਆਨ ਦੇ ਹੀ ਸਕਦੀ ਹੈ ਪਰ ਧਾਰਮਕ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਪਰਮਜੀਤ ਸਿੰਘ ਸਰਨਾ ਨੂੰ ਹਾਸੋਹੀਣੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ ਨਾ ਤਾਂ ਅਡਵਾਨੀ ਕੋਈ ਸਿੱਖ ਹੈ, ਜਿਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਮਜਬੂਰ ਕੀਤਾ ਜਾ ਸਕੇ। ਨਾ ਹੀ ਗੁਰੂ ਸਾਹਿਬਾਨ ਨੂੰ ‘ਸੰਤ’ ਲਿਖਣਾ ਕੋਈ ਜੁਰਮ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਸੰਤ’ ਲਫ਼ਜ਼ ਗੁਰੂ ਦੇ ਇਲਾਵਾ ਅਕਾਲ ਪੁਰਖ ਦੇ ਅਰਥ ਵਿੱਚ ਵੀ ਉਪਯੋਗ ਕੀਤਾ ਗਿਆ ਹੈ (ਭਾਗੁ ਹੋਆ ਗੁਰਿ ਸੰਤੁ ਮਿਲਾਇਆ।।)। ਜੇਕਰ ਅਡਵਾਨੀ (ਜਾਂ ਉਸਦੇ ਭਾੜੇ ਦੇ ਲੇਖਕ) ਨੇ ਸਿੱਖ ਵਿਚਾਰਧਾਰਾ ਦੇ ਸੰਸਥਾਪਕਾਂ ਵਾਸਤੇ ‘ਗੁਰੂ’ ਵਿਸ਼ੇਸ਼ਣ ਦਾ ਉਪਯੋਗ ਨਹੀਂ ਕੀਤਾ ਤਾਂ ਭਾਵੇਂ ਇਸ ਪਿੱਛੇ ਉਨ੍ਹਾਂ ਦੀ ਮੱਕਾਰ ਮਾਨਸਿਕਤਾ ਕੰਮ ਕਰਦੀ ਹੋਵੇ, ਇਸ ਹਰਕਤ ਨੂੰ ਸਿੱਧੇ ਰੂਪ ਵਿੱਚ ਗੁਰੂ ਸਾਹਿਬਾਨ ਦਾ ਅਪਮਾਨ ਨਹੀਂ ਕਿਹਾ ਜਾ ਸਕਦਾ। ਕੀ ਸਰਨਾ ਜਾਂ ਭੱਠਲ ਇਹ ਕਹਿਣਾ ਚਾਹੁੰਦੇ ਹਨ ਕਿ ਗੁਰੂ ਸਾਹਿਬਾਨ ਸੰਤ ਨਹੀਂ ਸਨ?

ਫਿਰ ਵੀ ਅਡਵਾਨੀ ਦੀਆਂ ਅਜਿਹੀਆਂ ਬੇਹੂਦਾ ਲਿਖਤਾਂ ਅਤੇ ਕਾਂਗਰਸੀ ਆਗੂਆਂ ਦੇ ਜਜ਼ਬਾਤੀ ਬਿਆਨਾਂ ਤੋਂ ਪ੍ਰਭਾਵਿਤ ਹੋਏ ਸਿੱਖਾਂ ਵਿੱਚ ਬੀਜੇਪੀ ਅਤੇ ਉਸਦੀ ਭਾਈਵਾਲ ਪੰਜਾਬੀ ਪਾਰਟੀ (ਅਖੌਤੀ ਅਕਾਲੀ ਦਲ ਬਾਦਲ) ਪ੍ਰਤੀ ਪੈਦਾ ਹੋ ਸਕਦੇ ਰੋਹ ਨੂੰ ਭਾਂਪਦਿਆਂ ਬਾਦਲ ਪਿਉ-ਪੁੱਤਰ ਦੀ ਜੋੜੀ ਅਡਵਾਨੀ ਦੀ ਵਕਾਲਤ ਕਰਨ ਨੂੰ ਸਰਗਰਮ ਹੋ ਗਈ। ਦਿੱਲੀ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਬਾਦਲਕਿਆਂ ਨੇ ਅਡਵਾਨੀ ਦੀ ਕਿਤਾਬ ਬਾਬਤ ਪੱਤਰਕਾਰਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਪੱਤਰਕਾਰ ਖ਼ੁਦ ਤਾਂ ਕਿਤਾਬ ਪੜ੍ਹਦੇ ਨਹੀਂ, ਪਰ ਐਵੇਂ ਹੀ ਕੁਝ ਵੀ ਲਿਖ ਦਿੰਦੇ ਹਨ, ਜਿਸ ਨਾਲ ਵਿਵਾਦ ਪੈਦਾ ਹੋ ਜਾਂਦਾ ਹੈ। ਬਾਦਲਕਿਆਂ ਨੇ ਅਡਵਾਨੀ ਵੱਲੋਂ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ‘ਭਸਮਾਸੁਰ’ ਦਾ ਦਰਜਾ ਦੇਣ ਅਤੇ ਇਸ ਨਾਲ ਇਕ ਵਾਰ ਫਿਰ ਤੋਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਪੈਦਾ ਹੋਏ ਖ਼ਤਰੇ ਬਾਰੇ ਵੀ ਚੁੱਪੀ ਧਾਰ ਲਈ। (ਅਡਵਾਨੀ ਨੂੰ ਪੂਰਾ ਹੱਕ ਹੈ ਕਿ ਉਹ ਭਾਈ ਜਰਨੈਲ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ ਪਰ ਉਸਨੂੰ ਸਿੱਖ ਕੌਮ ਦੀ ਕਿਸੇ ਪ੍ਰਸਿੱਧ ਸ਼ਖ਼ਸੀਅਤ ’ਤੇ ਚਿੱਕੜ ਦਾ ਹੱਕ ਵੀ ਨਹੀਂ। ਪਰ ਅਡਵਾਨੀ ਦਾ ਦੀ ਦੋਸ਼ ਨਹੀਂ - ਅਜਿਹੀਆਂ ਹਰਕਤਾਂ ਕਰਕੇ ਹੀ ਤਾਂ ਉਸਨੂੰ ਫਿਰਕੂ ਬ੍ਰਾਹਮਣਵਾਦੀਆਂ ਦੀ ਵੋਟਾਂ ਅਤੇ ‘ਲੌਹ-ਪੁਰਸ਼’ ਵਰਗੇ ਚਾਪਲੂਸੀ ਭਰੇ ਖ਼ਿਤਾਬ ਪ੍ਰਾਪਤ ਹੋ ਸਕਦੇ ਹਨ!!) ਸੀਨੀਅਰ ਬਾਦਲ ਨੇ ਇਕ ਵੱਖਰੇ ਟਾਈਪ ਕੀਤੇ ਪੰਨੇ ਨੂੰ ਪੜ੍ਹ ਕੇ ਦਾਅਵਾ ਕੀਤਾ ਕਿ ਅਡਵਾਨੀ ਦੀ ਕਿਤਾਬ ਵਿੱਚ ਤਾਂ ਸਾਕਾ ਨੀਲਾ ਤਾਰਾ ਨੂੰ ਦੁਖਦਾਈ ਘਟਨਾ ਦੱਸਿਆ ਗਿਆ ਹੈ। ਪਰ ਬਾਦਲਾਂ ਦੀ ਜੋੜੀ ਨੇ ਇਹ ਨਹੀਂ ਦੱਸਿਆ ਕਿ ਇਹ ਗੱਲ ਤਾਂ ਕਾਂਗਰਸ ਨੇ ਵੀ ਕਦੀ ਨਹੀਂ ਕਹੀ ਕਿ ਸਾਕਾ ਨੀਲਾ ਤਾਰਾ ਕੋਈ ਖੁਸ਼ਗਵਾਰ ਘਟਨਾ ਸੀ। ਕਾਂਗਰਸੀ ਆਗੂ ਵੀ ਸਾਕਾ ਨੀਲਾ ਤਾਰਾ ਨੂੰ ਦੁਖਦਾਈ ਘਟਨਾ ਹੀ ਦੱਸਦੇ ਹਨ ਪਰ ਇਸ ਕਾਰਵਾਈ ਨੂੰ ਕਥਿਤ ਅੱਤਵਾਦੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ’ਚੋਂ ਬਾਹਰ ਕੱਢਣ ਲਈ ‘ਮਜਬੂਰੀ’ ਵਿੱਚ ਚੁੱਕਿਆ ਗਿਆ ਇਕ ਕਦਮ ਦੱਸ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਇੰਨ-ਬਿੰਨ ਇਹੀ ਕੁਝ ਅਡਵਾਨੀ ਨੇ ਵੀ ਲਿਖਿਆ ਹੈ - ਇਸਦੇ ਬਾਵਜੂਦ ਬਾਦਲ ਨੂੰ ਕਾਂਗਰਸ ਸਿੱਖ ਵਿਰੋਧੀ ਤੇ ਬੀਜੇਪੀ ਸਿੱਖ ਹਿਤੈਸ਼ੀ ਪਾਰਟੀ ਨਜ਼ਰ ਆਉਂਦੀ ਹੈ !!

ਨੋਟ : ਬਾਦਲ ਪਰਵਾਰ ਬੀਜੇਪੀ ਦੀ ਜਿੰਨੀ ਚਾਹੇ ਵਕਾਲਤ ਕਰਨ ਪਰ ਸਾਕਾ ਨੀਲਾ ਤਾਰਾ ਬਾਰੇ ਬਾਦਲ ਦੇ ਹੀ ਨਿਯੰਤਰਨ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ‘ਵ੍ਹਾਈਟ-ਪੇਪਰ’ ਦੇ ਸਫ਼ਾ 205 ਉੱਤੇ ਦਿੱਤੀ ਗਈ ਜਾਣਕਾਰੀ ਦਾ ਅਨੁਵਾਦ ਕੁਝ ਇਸ ਤਰ੍ਹਾਂ ਹੈ :

‘‘ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜ ਕੇ ਟੁਕੜੇ-ਟੁਕੜੇ ਕਰ ਦਿੱਤਾ ਗਿਆ। (ਸਟੇਸ਼ਨ ’ਤੇ) ਕਈ ਸਾਲਾਂ ਤੋਂ ਲੱਗੀ ਗੁਰੂ ਰਾਮਦਾਸ ਸਾਹਿਬ ਦੀ ਤਸਵੀਰ ਨੂੰ ਪਛਾਣ ਤੋਂ ਪਰ੍ਹਾਂ ਤੋੜ-ਫੋੜ ਦਿੱਤਾ ਗਿਆ ਅਤੇ (ਤਸਵੀਰ ਵਿੱਚ ਗੁਰੂ ਸਾਹਿਬ ਦੇ ਮੂੰਹ ਵਿੱਚ) ਇਕ ਜਲਦੀ ਹੋਈ ਸਿਗਰਟ ਨੂੰ ਘੁਸਾ ਦਿੱਤਾ ਗਿਆ। ਤਸਵੀਰ ’ਤੇ ਮਲ-ਮੂਤਰ ਕਰਨਾ, ਸਾਬਕਾ ਵਿਧਾਇਕ ਅਤੇ ਬੀਜੇਪੀ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਹਰਬੰਸ ਲਾਲ ਖੰਨਾ ਦੀ ਅਗਵਾਈ ਵਾਲੀ ਭੀੜ ਵੱਲੋਂ ਕੀਤੀ ਗਈ ਇਕ ਬੇਹੱਦ ਬੇਅਦਬੀ-ਭਰਪੂਰ ਅਤੇ ਭੜਕਾਊ ਕਾਰਵਾਈ ਦਾ ਹਿੱਸਾ ਸੀ।’’

ਕੀ ਬਾਦਲ (ਜੂਨੀਅਰ ਜਾਂ ਸੀਨੀਅਰ) ਇਸ ਬਾਬਤ ਕੋਈ ਟਿੱਪਣੀ ਕਰਨਾ ਚਾਹੁਣਗੇ?