Subscription About Us Contact Us


ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-6)

(ਲੜੀ ਜੋੜਨ ਲਈ ਕ੍ਰਿਪਾ ਕਰਕੇ ਇੰਡੀਆ ਅਵੇਅਰਨੈੱਸ ਦਾ ਫਰਵਰੀ 2010 ਅੰਕ ਪੜ੍ਹੋ ਜੀ)

- ਮਨਜੀਤ ਸਿੰਘ, ਮੋਹਾਲੀ -
ਫੋਨ : 9417440779

ਕਾਸ਼ ਸਾਡੇ ਬਜੂਰਗ ਜਾਂ ਕਹੇ ਜਾਂਦੇ ਕੌਮ ਦੇ ਪ੍ਰਬੰਧਕ ਰਹਿਤ ਮਰਿਆਦਾ ਦੀ ਇਸ ਮਦ ਨੂੰ ਲਾਗੂ ਕਰਵਾਉਣ ਦਾ ਕੋਈ ਸੁਹਿਰਦ ਉਪਰਾਲਾ ਕਰਨ ਦੀ ਖੇਚਲ ਕਰਨ। ਤਾਂ ਕਿ ਨੌਜਵਾਨ ਪੀੜੀ ਇਸ ਵਿਖਾਵੇ ਦੇ ਬੇਲੋੜੇ ਖਰਚੀਲੇ ਰਿਵਾਜਾਂ ਤੋਂ ਨਿਜਾਤ ਪਾਉਣ ਲਈ ਕੇਵਲ ਉਨ੍ਹਾਂ ਰਸਮਾਂ ਨੂੰ ਸਫਲਤਾ ਪੂਰਵਕ ਅਪਨਾਉਣ ਦੇ ਚਾਹਵਾਨ ਹੋਣ, ਜੋ ਅਮਰਦਾਸ ਪਾਤਸ਼ਾਹ ਜੀ ਨੇ ਤੋਰੀਆਂ ਸਨ।।

ਰਹਿਤ ਮਰਿਆਦਾ ਦੇ ਸਿਰਲੇਖ ਮਿਰਤਕ ਸੰਸਕਾਰ ਦੇ ਭਾਗ ‘ਅ’ ਵਿੱਚ ਅੰਕਿਤ ਹੈ ਕਿ ੱਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ-। ਅਜੋਕੇ ਸਮੇਂ ਵਿੱਚ ਜਦੋਂ ਹਰ ਗਲੀ ਮੁਹੱਲੇ, ਹਰ ਪਿੰਡ, ਹਰ ਸ਼ਹਿਰ ਵਿੱਚ ਗੁਰਦੁਆਰਿਆਂ ਦੀ ਹੋਂਦ ਬਰਕਰਾਰ ਹੋਣ ਦੇ ਬਾਵਜੂਦ ਵੀ ਧਾਰਮਕ ਪ੍ਰਬੰਧਕਾਂ ਵਲੋਂ ਰਹਿਤ ਮਰਿਆਦਾ ਦੀ ਇਸ ਮੱਦ ਵੱਲ ਕੋਈ ਧਿਆਨ ਨਹੀਂ ਦਿਤਾ ਗਿਆ ਜਿਸਦੇ ਫਲਸਰੂਪ ਸਮਾਜ ਵਿੱਚ ਜਿਆਦਾਤਰ, ਕਿਸੇ ਨਾ ਕਿਸੇ ਪ੍ਰਾਣੀ ਦੇ ਸ਼ਰੀਰ ਤਿਆਗਣ ’ਤੇ ਧਾਹਾਂ ਮਾਰਦੇ ਅਤੇ ਪਿਟਦੇ ਹੋਏ ਲੋਗ ਅਕਸਰ ਹੀ ਦੇਖੇ ਜਾ ਸਕਦੇ ਹਨ। ਇਸ ਵਿੱਚ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਜਦੋਂ ਕਿਸੇ ਦਾ ਕੋਈ ਪਿਆਰਾ ਸਾਥੀ ਵਿਛੜ ਜਾਂਦਾ ਹੈ ਤਾਂ ਉਸਦੇ ਵਿਛੋੜੇ ਵਿੱਚ ਮਨ ਬਹਿਬਲ ਤਾਂ ਜਰੂਰ ਹੁੰਦਾ ਹੈ ਪਰ ਐਸੇ ਗਮਗੀਨ ਸਮੇਂ ਮਨੁੱਖ ਨੂੰ ਉਸ ਅਕਾਲ ਪੁਰਖ ਦੀ ਰਜਾ ਨੂੰ ਮੰਨਣ ਦੀ ਗੱਲ ਕਿਥੋਂ ਚੰਗੀ ਲਗਦੀ ਹੈ। ਬਲਕਿ ਇਸਦੇ ਉਲਟ ਅਗਿਆਨਤਾ ਵਿੱਚ ਅਸੀਂ ਉਸ ਰੱਬ ਨੂੰ ਉਲਾਂਬੇ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ ਕਿ ਪਤਾ ਨਹੀਂ ਰੱਬ ਕਿਉਂ ਮੇਰੇ ਵੈਰ ਪਿਆ ਹੈ, ਉਸਨੇ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਤਾ ਨਹੀਂ ਰੱਬ ਮੇਰਾ ਦੁਸ਼ਮਣ ਕਿਉਂ ਬਣ ਗਿਆ ਹੈ ਆਦਿ। ਐਸੇ ਗਮਗੀਨ ਸਮੇਂ ਗੁਰਬਾਣੀ ਦੇ ਪਾਠ ਨਾਲ ਜੋੜਣ ਦਾ ਅਰਥ ਵੀ ਇਹੀ ਸੀ ਕਿ ਦੁੱਖ ਵਿੱਚ ਘਿਰੇ ਹੋਏ ਮਨ ਨੂੰ ਗੁਰਬਾਣੀ ਦੇ ਪਾਠ ਦਾ ਭਾਵ ਸਮਝਣ ਨਾਲ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਚਲਣ ਦਾ ਹੌਸਲਾ ਮਿਲਦਾ ਹੈ ਨਹੀਂ ਤਾਂ ਮਿਰਤਕ ਪ੍ਰਾਣੀ ਦੇ ਨਮਿਤ ਰੱਖੇ ਗਏ ਪਾਠ ਦਾ ਮਿਰਤਕ ਪ੍ਰਾਣੀ ਨੂੰ ਕੋਈ ਲਾਭ ਨਹੀਂ ਪਹੁੰਚ ਸਕਦਾ ਬਾਦ ਵਿੱਚ ਕੀਤੇ ਗਏ ਪਾਠ ਦਾ ਲਾਭ ਤਾਂ ਪਿਛੇ ਰਹਿ ਗਏ ਮਿਰਤਕ ਦੇ ਸੰਬਧੀਆਂ ਨੂੰ ਹੀ ਮਿਲਦਾ ਹੈ ਜੇਕਰ ਉਹ ਗੁਰਬਾਣੀ ਦੇ ਗਿਆਨ ਨੂੰ ਸਮਝਣ ਦਾ ਜਤਨ ਕਰਨ।ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੁਖਮਨੀ ਸਿਰਲੇਖ ਅਧੀਨ ਅਰਜਨ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ :

ਅਗਨਤ ਸਾਹੁ ਅਪਨੀ ਦੇ ਰਾਸਿ ।।
ਖਾਤ ਪੀਤ ਬਰਤੈ ਅਨਦ ਉਲਾਸਿ ।।
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ।।
ਅਗਿਆਨੀ ਮਨਿ ਰੋਸੁ ਕਰੇਇ ।।
ਅਪਨੀ ਪਰਤੀਤਿ ਆਪ ਹੀ ਖੋਵੈ ।।
ਬਹੁਰਿ ਉਸ ਕਾ ਬਿਸਵਾਸੁ ਨ ਹੋਵੈ ।।
ਜਿਸ ਕੀ ਬਸਤੁ ਤਿਸੁ ਆਗੈ ਰਾਖੈ ।।
ਪ੍ਰਭ ਕੀ ਆਗਿਆ ਮਾਨੈ ਮਾਥੈ ।।
ਉਸ ਤੇ ਚਉਗੁਨ ਕਰੈ ਨਿਹਾਲੁ ।।
ਨਾਨਕ ਸਾਹਿਬੁ ਸਦਾ ਦਇਆਲੁ ।।

ਭਾਵ ਉਹ ਅਕਾਲ ਪੁਰਖ ਸ਼ਾਹ ਮਨੁੱਖ ਨੂੰ ਅਣਗਿਨਤ ਪਦਾਰਥਾਂ ਦੀ ਪੂੰਜੀ ਦੇਂਦਾ ਹੈ ਜਿਨ੍ਹਾਂ ਨੂੰ ਇਹ ਜੀਵ ਖਾਂਦਾ ਪੀਦਾ, ਚਾਉ ਤੇ ਖੁਸੀ ਨਾਲ ਇਨ੍ਹਾਂ ਪਦਾਰਥਾਂ ਨੂੰ ਵਰਤਦਾ ਹੈ। ਜੇ ਅਕਾਲ ਪੁਰਖ ਸ਼ਾਹ ਆਪਣੀ ਦਿੱਤੀ ਹੋਈ ਕੋਈ ਅਮਾਨਤ ਵਾਪਿਸ ਮੰਗ ਲਏ, ਭਾਵੇਂ ਉਹ ਪਿਆਰਾ ਸਾਥੀ ਜਾਂ ਰਿਸ਼ਤੇਦਾਰ ਹੀ ਕਿਉਂ ਨਾ ਹੋਏ, ਤਾਂ ਇਹ ਅਗਿਆਨੀ ਮਨ ਵਿਚ ਰੋਸ ਕਰਦਾ ਹੈ ਕਿ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਇਸ ਤਰ੍ਹਾਂ ਜੀਵ ਰੱਬ ਨੂੰ ਬੇਅੰਤ ਉਲਾਬੇ ਦਿੰਦਾ ਹੈ ਤੇ ਉਲਹਾਮੇ ਦੇਣ ਨਾਲ ਜੀਵ ਆਪਣਾ ਇਤਬਾਰ ਆਪ ਹੀ ਗਵਾ ਲੈਦਾ ਹੈ, ਕਿਉਂਕਿ ਦਿੱਤਾ ਹੋਇਆ ਸਭ ਉਸ ਰੱਬ ਦਾ ਹੀ ਹੈ। ਤੇ ਮੁੜ ਇਸ ਜੀਵ ’ਤੇ ਵਿਸਾਹ ਨਹੀਂ ਕੀਤਾ ਜਾਂਦਾ। ਇਸ ਲਈ ਜਿਸ ਪ੍ਰਭੂ ਦੀ ਬਖਸ਼ੀ ਹੋਈ ਚੀਜ ਹੈ ਉਸ ਦੇ ਅੱਗੇ ਆਪ ਹੀ ਖਿੜੇ ਮੱਥੇ, ਖੁਸ਼ੀ ਨਾਲ ਰੱਖ ਦਈਏ, ਤੇ ਪ੍ਰਭੂ ਦਾ ਹੁਕਮ ਕਿਸੇ ਚੀਜ ਜਾਂ ਜੀਵ ਦੇ ਖੁੱਸਣ ਵੇਲੇ ਵੀ ਸਿਰ ਮੱਥੇ ਤੇ ਮੰਨ ਲਏ, ਤਾਂ ਪ੍ਰਭੂ ਉਸ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ। ਹੇ ਨਾਨਕ, ਮਾਲਕ ਸਦਾ ਮਿਹਰ ਕਰਨ ਵਾਲਾ ਹੈ। ਉਹ ਕਿਸੇ ਦਾ ਦੁਸ਼ਮਨ ਨਹੀਂ। ਜੇਹੜੇ ਲੋਕ ਕਿਸੇ ਚੀਜ ਦੇ ਖੁੱਸਣ ਵੇਲੇ ਰੋਂਦੇ ਹਨ, ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਉਨ੍ਹਾਂ ’ਤੇ ਖੁਸ਼ ਨਹੀਂ ਹੁੰਦਾ। ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਸਮੇਂ ਬੜੇ ਹੀ ਸਪਸ਼ਟ ਲਫਜ਼ਾਂ ਵਿੱਚ ਸਾਰੇ ਪਰਵਾਰ ਨੂੰ ਬੁਲਾ ਕੇ ਫੁਰਮਾਨ ਕੀਤਾ ਸੀ ਕਿ:

ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ।।
(ਗੁ:ਗ੍ਰੰ:ਸਾ:, ਪੰਨਾ 923)

ਭਾਵ ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ ਰੋਣ ਵਾਲਾ ਮਨੁੱਖ ਉੱਕਾ ਹੀ ਚੰਗਾ ਨਹੀਂ ਲਗਦਾ। ਕਿਸੇ ਭੀ ਜੀਵ ਦੇ ਚਲਾਣੇ ਉਪਰੰਤ ਧਾਹਾਂ ਮਾਰ ਕੇ ਰੋਣਾ ਪਿੱਟਣਾ ਗੁਰਮਤਿ ਵਿੱਚ ਪ੍ਰਵਾਨ ਨਹੀਂ। ਇਸੇ ਲਈ ਰਹਿਤ ਮਰਿਆਦਾ ਦੀ ਇਸ ਮੱਦ ਵਿੱਚ ਅੰਕਿਤ ਕੀਤਾ ਗਿਆ ਹੈ ਕਿ ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਕਰਨਾ ਹੈ। ਇਸ ਪਾਠ ਦਾ ਫੱਲ ਮਿਰਤਕ ਪ੍ਰਾਣੀ ਨੂੰ ਨਹੀਂ ਬਲਕਿ ਪਿੱਛੇ ਰਹਿ ਗਏ ਸਕੇ ਸਬੰਧੀਆਂ ਦੇ ਮਨ ਨੂੰ ਪ੍ਰਭੂ ਦੀ ਰੱਜ਼ਾ ਨੂੰ ਸਮਝਣ ਜਾਂ ਸਮਝਾਉਣ ਲਈ ਪੜ੍ਹਨਾ ਹੈ ਤਾਂ ਕਿ ਮਨ ਵਿਛੋੜੇ ਦੇ ਵਿਯੋਗ ਵਿੱਚੋ ਉਭੱਰ ਕੇ ਉਸ ਦੀ ਰਜ਼ਾ ਨੂੰ ਸਮਝ ਸਕੇ। ਪਰ ਬਲਿਹਾਰੇ ਜਾਈਏ ਆਪਣੀ ਕੌਮ ਦੇ ਅਖੌਤੀ ਆਗੂਆਂ ਤੋਂ, ਜਿਨ੍ਹਾਂ ਨੇ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਕਦਾਚਿਤ ਵੀ ਨਹੀਂ ਪ੍ਰਚਾਰਿਆ। ਇਸੇ ਲਈ ਜਿਆਦਾਤਰ ਪ੍ਰਾਣੀਆਂ ਦੇ ਚਲਾਣੇ ’ਤੇ ਰੋਣਾ ਪਿਟਣਾ ਅਤੇ ਧਾਹਾਂ ਵਜੱਦੀਆਂ ਅਕਸਰ ਹੀ ਦੇਖੀਆਂ ਜਾ ਸਕਦੀਆਂ ਹਨ - ਕਿਧਰੇ ਵਿਰਲਿਆਂ ਨੂੰ ਛੱਡ ਕੇ।

ਪਰ ਭਾਰਤੀ ਸਮਾਜ ਵਿੱਚ ਧਰਮ ਦੇ ਠੇਕੇਦਾਰ ਪੁਜਾਰੀ ਨੇ ਮੌਤ ਸਬੰਧੀ ਆਮ ਲੋਕਾਈ ਨੂੰ ਗੁਮਰਾਹ ਕਰਕੇ ਇਹ ਧਾਰਨਾ ਪ੍ਰਚਲਤ ਕਰ ਦਿੱਤੀ ਸੀ ਕਿ ਮੌਤ ਤੋਂ ਬਾਅਦ ਆਤਮਾ ਨੂੰ ਜਿਸ ਕਿਸੇ ਵੀ ਚੀਜ ਦੀ ਜਰੂਰਤ ਹੋਵੇ ਉਸ ਨੂੰ ਉਨ੍ਹਾਂ ਤੱਕ ਪੁਜਾਰੀ ਦੇ ਜ਼ਰੀਏ ਭਾਵ ਪੁਜਾਰੀ ਨੂੰ ਦਾਨ ਪੁੰਨ ਕਰਕੇ ਪਹੁੰਚਾਆ ਜਾ ਸਕਦਾ ਹੈ। ਇਸ ਕੰਮ ਲਈ ਪੁਜਾਰੀ ਨੇ ਕੁੱਝ ਨਿਸ਼ਚਿਤ ਕੀਤੇ ਗਏੇ ਦਿਨਾਂ ਨੂੰ ਸ਼ਰਾਧ ਦਾ ਨਾਂ ਦੇ ਦਿੱਤਾ ਜਿਨ੍ਹਾਂ ਦਿਨਾਂ ਵਿੱਚ ਪੁਜਾਰੀ ਨੂੰ ਦਾਨ ਪੁੰਨ ਕਰਕੇ ਜਾਂ ਭੋਜਨ, ਪਕਵਾਨ ਆਦਿ ਖਵਾ ਕੇ ਮਿਰਤਕ ਪ੍ਰਾਣੀ ਤੱਕ ਪਹੁੰਚਾਇਆ ਜਾ ਸਕਦਾ ਹੈ। ਪਰ ਅੰਨ੍ਹੀ ਸ਼ਰਧਾ ਵਿੱਚ ਫਸੇ ਹੋਏ ਲੋਕਾਂ ਨੇ ਕਦੇ ਵੀ ਪੁਜਾਰੀ ਨੂੰ ਇਹ ਪੁੱਛਣ ਦਾ ਹੌਸਲਾ ਨਹੀਂ ਕੀਤਾ ਕਿ ਜਿਨ੍ਹਾਂ ਵਸਤੂਆਂ ਨੂੰ ਮਿਰਤਕ ਪ੍ਰਾਣੀ ਨੂੰ ਪਹੁੰਚਾਉਣ ਦੀ ਤੁਸੀਂ ਗੱਲ ਕਹਿੰਦੇ ਹੋ ਉਹ ਤਾਂ ਸ਼ਰੀਰ ਦੀਆਂ ਲੋੜਾਂ ਹਨ ਨਾ ਕਿ ਕਿਸੇ ਆਤਮਾ ਦੀਆਂ। ਇਸ ਗੱਲ ਨੂੰ ਬਾ-ਦਲੀਲ ਸਮਝਾਉਂਦੇ ਹੋਏ ਆਸਾ ਕੀ ਵਾਰ ਦੀ ਸਤਾਰ੍ਹਵੀਂ ਪਉੜੀ ਵਿੱਚ ਨਾਨਕ ਪਾਤਸ਼ਾਹ ਜੀ ਵਿਅੰਗਾਤਮਕ ਢੰਗ ਨਾਲ ਕਹਿੰਦੇ ਹਨ:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ।।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ।।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ।।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ।।1।।

ਭਾਵ ਜੇ ਕੋਈ ਚੋਰ ਕਿਸੇ ਦੇ ਘਰੋਂ ਚੋਰੀ ਕਰ ਲਿਆਵੇ ਅਤੇ ਚੋਰੀ ਕੀਤੀਆਂ ਵਸਤੂਆਂ ਜਾਂ ਕਿਰਤ ਕਮਾਈ ਤੋਂ ਬਿਨਾਂ ਇਕੱਤਰ ਕੀਤੀ ਹੋਈ ਮਾਇਆ ਆਪਣੇ ਪਿਤਰਾਂ ਦੀ ਖਾਤਿਰ ਪੁਜਾਰੀ ਨੂੰ ਦਾਨ ਵਿੱਚ ਦੇ ਦੇਵੇ ਅਤੇ ਜੇ ਸੱਚਮੁੱਚ ਪਿਛੇ ਰਹਿ ਗਏ ਜੀਵਾਂ ਵਲੋਂ ਦਿੱਤਾ ਗਿਆ ਪੁੰਨ ਦਾਨ ਪਰਲੋਕ ਵਿੱਚ ਅੱਪੜਦਾ ਹੀ ਹੈ ਤਾਂ ਪਰਲੋਕ ਵਿੱਚ ਬੈਠੇ ਪਿਤਰਾਂ ਵਲੋਂ, ਜਿਨ੍ਹਾਂ ਦੇ ਘਰ ਦਾ ਮਾਲ ਬੜੀ ਹੁਸ਼ਿਆਰੀ ਨਾਲ ਠਗਿਆ, ਚੁਰਾਇਆ ਗਿਆ ਸੀ। ਉਹ ਮਾਲ, ਉਹ ਪਦਾਰਥ ਸਿਞਾਣ ਲਿਆ ਜਾਂਦਾ ਹੈ।ਜਿਸ ਕਰਕੇ ਉਹ ਮਨੁੱਖ ਆਪਣੇ ਪਿਤਰਾਂ ਨੂੰ ਭੀ ਚੋਰ ਬਣਾਂਉਦਾ ਹੈ।ਹੁਣ ਇਸ ਚੋਰੀ ਦੇ ਦੋਸ਼ ਵਿੱਚ ਸਜ਼ਾ ਕਿਸ ਨੂੰ ਮਿਲੇ? ਇਸ ਸਜ਼ਾ ਦਾ ਭਾਗੀਦਾਰ ਉਹ ਵਿਚੋਲਾ, ਪੁਜਾਰੀ ਵੀ ਹੈ ਜਿਸਨੇ ਇਸ ਚੋਰੀ ਦੇ ਮਾਲ ਨੂੰ ਪਰਲੋਕ ਵਿੱਚ ਪਹੁੰਚਾਉਣ ਲਈ ਦਲਾਲੀ ਕੀਤੀ ਸੀ। ਐਸੇ ਹੀ ਕਰਮਕਾਂਡਾਂ ਤੋਂ ਸੁਚੇਤ ਕਰਦੇ ਹੋਏ ਅੰਤ ਵਿੱਚ ਸੱਚ ਦੀ ਗੱਲ ਕਹਿੰਦੇ ਹੋਏ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੀ ਨਜ਼ਰ ਵਿੱਚ ਪਰਵਾਨ ਹੋਣ ਲਈ ਕਿਸੇ ਵੀ ਕਰਮਕਾਂਡ ਦੀ ਕੋਈ ਲੋੜ ਨਹੀਂ। ਸਵਰਗ ਨਰਕ, ਧਰਮਰਾਜ ਜਾਂ ਪਿਤਰਲੋਕ ਆਦਿ ਪੁਜਾਰੀਆਂ ਵਲੋਂ ਫੈਲਾਇਆ ਗਿਆ ਕੇਵਲ ਭਰਮ ਜਾਲ ਹੀ ਹੈ। ਇਸ ਦੇਹੀ ਵਿੱਚ ਰਹਿੰਦਿਆਂ ਹੋਇਆਂ ਸਹਿਜ ਅਵਸਥਾ ਦੀ ਪ੍ਰਾਪਤੀ ਕੇਵਲ ਤੱਦ ਹੀ ਕੀਤੀ ਜਾ ਸਕਦੀ ਹੈ ਜੇ ਜੀਵ ਸੱਚ ਅਨੁਸਾਰ ਚੰਗੇ ਕਰਮ ਕਰਦੇ ਹੋਏ ਨੇਕ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰੇ। ਜੀਵਨ ਦੇ ਇਸ ਵਰਤਮਾਨ ਵਿੱਚ ਕੀਤੇ ਗਏ ਚੰਗੇ ਕੰਮ ਹੀ ਭਵਿੱਖ ਵਿੱਚ ਚੰਗੇ ਸੰਸਕਾਰ ਬਣਾਉਣ ਲਈ ਤੇਰੇ ਕੰਮ ਆਉਣਗੇ ਕਿਸੇ ਕਾਲਪਨਿਕ ਜਨਮ ਵਿੱਚ ਨਹੀਂ ਜਿਸ ਤਰ੍ਹਾਂ ਪੁਜਾਰੀ ਨੇ ਪ੍ਰਚਾਰਿਆ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਸਪਸ਼ਟ ਸੇਧਾਂ ਹੋਣ ਦੇ ਬਾਵਜੂਦ ਵੀ ਸਿਖ ਸਮਾਜ ਵਿੱਚ ਵੀ ਮਰਨ ਤੋਂ ਉਪਰੰਤ ਮਿਰਤਕ ਪ੍ਰਾਣੀ ਦੇ ਸਕੇ ਸਬੰਧੀਆਂ ਵਲੋਂ ਮਿਰਤਕ ਦੀ ਆਤਮਕ ਸ਼ਾਂਤੀ ਲਈ ਪਾਠ, ਅਖੰਡ ਪਾਠ, ਗੁਰਦੁਆਰਿਆਂ ਵਿੱਚ ਬਿਸਤਰੇ, ਬਰਤੱਨ ਅਤੇ ਮਇਆ ਆਦਿ ਬਿਲਕੁੱਲ ਪੁਜਾਰੀ ਦੇ ਪ੍ਰੇਰੇ ਅਨੁਸਾਰ ਹੀ ਦਾਨ ਕੀਤੇ ਜਾਂਦੇ ਹਨ, ਨਾਨਕ ਪਾਤਸ਼ਾਹ ਜੀ ਵਲੋਂ ਦਰਸਾਏ ਗਏ ਰਾਹ ਨੂੰ ਬਹੁਤ ਹੀ ਘੱਟ ਅਪਣਾਉਣ ਲਈ ਪ੍ਰੇਰਿਆ ਜਾਂਦਾ ਹੈ। ਗੁਰੂ ਘਰ ਦੇ ਪ੍ਰਚਾਰਕਾਂ/ਰਾਗੀਆਂ ਅਤੇ ਪ੍ਰਬੰਧਕਾਂ ਨੇ ਪੁਜਾਰੀਆਂ ਦਾ ਹੀ ਰੂਪ ਧਾਰਨ ਕਰ ਲਿਆ ਹੈ, ਹੁਣ ਨਾਨਕ ਵਿਚਾਰਧਾਰਾ ਦੀ ਗੱਲ ਨਾਨਕ ਪਾਤਸ਼ਾਹ ਦੇ ਹੀ ਗੁਰਦੁਆਰਿਆਂ ਵਿੱਚ ਕਰਨੀ ਮੁਸ਼ਕਿਲ ਹੋ ਗਈ ਹੈ। ਬਲਕਿ ਅੰਤਿਮ ਅਰਦਾਸ ਮੌਕੇ ਤਾਂ ਗਿਆਨ ਵਿਹੂਣੇ ਗਿਆਨੀਆਂ ਵਲੋਂ ਸੰਗਤ ਨੂੰ ਐਸੀਂਆਂ ਗੱਲਾਂ ਸੁਣਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। (ਚਲਦਾ)