

ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ‘ਹੁਕਮਨਾਮਿਆਂ’ ਨੂੰ ਅਖੌਤੀ ਸਿੱਖ ਲੀਡਰਾਂ ਨੇ ਖੁੱਦ ਅਣਦੇਖਿਆਂ ਕੀਤਾ
- ਡਾ: ਪਰਮਜੀਤ ਸਿੰਘ -
ਆਪ ਨੂੰ ਤਕਰੀਬਨ ਸਾਰਿਆਂ ਨੂੰ ਯਾਦ ਹੋਵੇਗਾ ਬਹੁਤੀ ਵਾਰੀ ਸ੍ਰੀ ਅਕਾਲ ਤਖਤ ਦੇ ਜੱਥੇਦਾਰਾਂ ਦੇ ਅਦੇਸ਼ਾਂ ਤੇ ਹੁਕਮਨਾਮਿਆਂ ਨੂੰ ਅਕਾਲੀ ਲੀਡਰਾਂ , ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਆਂਮ ਸਿੱਖਾਂ ਨੇ ਅਣਦੇਖਿਆਂ ਕੀਤਾ ਜਾਂ ਮੰਨਣ ਤੋਂ ਘੇਸਲ ਵੱਟੀ ਰੱਖੀ।
(ੳ) ਜਦੋਂ ਪ੍ਰੋਫੈਸਰ ਸ:ਮਨਜੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਸਨ, ਉਸ ਸਮੇਂ ਉਹਨਾਂ ਨੇ ਇਕ ਅਦੇਸ਼ ਜਾਰੀ ਕੀਤਾ ਸੀ ਕਿ ਅੱਜ ਤੋਂ ਸਾਰੇ ਅਕਾਲੀ ਧੜ੍ਹੇ ਇਕ ਹੋਵਣ, ਉਸ ਸਮੇਂ ਸ: ਪ੍ਰਕਾਸ ਸਿੰਘ ਬਾਦਲ ਸਾਹਿਬ ਨੇ ਉਸ ਹੁਕਮ ਨੂੰ ਮੰਨਣ ਦੀ ਥਾਂ ਹਜ਼ਾਰਾਂ ਗੁੰਡਿਆਂ ਦੀ ਧਾੜ੍ਹ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਮਰਿਆਂ ਦੇ ਬੰਦ ਦਰਵਾਜ਼ਿਆਂ ਨੂੰ ਠੁੱਡੇ ਮਾਰੇ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨ। (ਕਿਉਂਕਿ ਬਾਦਲ ਸਾਹਿਬ ਦੇ ਗੁੰਡਿਆਂ ਤੋਂ ਡਰਦੇ ਮਾਰਿਆਂ ਜਥੇਦਾਰ ਸਾਹਿਬਾਨ ਨੇ ਆਪਣਿਆਂ ਕਮਰਿਆਂ ਦੇ ਦਰਵਾਜੇ ਬੰਦ ਕਰ ਲਏ ਸਨ।)
(ਅ) 14 ਅਪਰੈਲ 1999 ਤੱਕ ਜੱਥੇਦਾਰ ਰਣਜੀਤ ਸਿੰਘ ਨੇ ਸ.ਪ੍ਰਕਾਸ ਸਿੰਘ ਬਾਦਲ ਅਤੇ ਸ. ਗੁਰਚਰਨ ਸਿੰਘ ਟੌਹੜਾ ਦੇ ਧੜ੍ਹਿਆਂ ਨੂੰ ਇਕੱਠੇ ਰਹਿਣ ਦਾ ਆਦੇਸ਼ 30 ਦਸੰਬਰ 1998 ਨੂੰ ਜਾਰੀ ਕੀਤਾ ਸੀ।ਜਿਸ ਦੀ ਅਵੱਗਿਆ ਕਰਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਬਾਦਲ ਸਾਹਿਬ ਦੇ ਧੜ੍ਹੇ ਦੇ ਸ੍ਰੋਮਣੀ ਕਮੇਟੀ ਮੈਂਬਰਾਂ ਨੇ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਬੇਇੱਜਤੀ ਭਰੀ ਛੁੱਟੀ ਕਰਕੇ ਘਰ ਭੇਜ ਦਿਤਾ ਸੀ। ਇਥੇ ਇਹ ਯਾਦ ਕਰਾਇਆ ਜਾਂਦਾ ਹੈ ਕਿ ਇਹ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਦਾ ਸਾਰੀ ਸਿੱਖ ਕੌਮ ਦੇਣ ਨਹੀਂ ਦੇ ਸਕਦੀ। ਭਾਈ ਸਾਹਿਬ ਨੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਦਿੱਲੀ ਵਿਖੇ ਉਸ ਦੇ ਆਪਣੇ ਘਰ ਵਿੱਚ ਮਾਰ ਮੁਕਾਇਆ ਸੀ , ਇਹ ਉਹ ਹੀ ਨਿਰੰਕਾਰੀ ਮੁਖੀ ਸੀ ਜਿਸ ਨੇ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅਣਗਿੱਣਤ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਇਕ ਹੋਰ ਦੁੱਖ ਦੀ ਗੱਲ ਇਹ ਵੀ ਸੀ ਕਿ ਉਸ ਸਮੇਂ ਭੀ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਹੀ ਸਨ।
(ੲ) ਜੱਥੇਦਾਰ ਸ. ਪੂਰਨ ਸਿੰਘ ਜੀ ਨੇ 20 ਜਨਵਰੀ 2000 ਨੂੰ ਨਾਨਕਸ਼ਾਹੀ ਕਲੰਡਰ ਲਾਗੂ ਕਰਨ ਦੇ ਮਾਮਲੇ ਵਿੱਚ ਉਸ ਸਮੇ ਦੀ ਸ੍ਰੋਮਣੀ ਕਮੇਟੀ ਦੀ ਇਸਤਰੀ ਪ੍ਰਧਾਨ ਬੀਬੀ ਜਗੀਰ ਕੌਰ, ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜੱਥੇਦਾਰ ਭਾਈ ਮਨਜੀਤ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਭਾਈ ਕੇਵਲ ਸਿੰਘ,ਸ੍ਰੋਮਣੀ ਕਮੇਟੀ ਮੈਂਬਰ ਭਾਈ ਜਸਵਿੰਦਰ ਸਿੰਘ ਐਡਵੋਕੇਟ,ਭਾਈ ਸੂਬਾ ਸਿੰਘ ਡੱਬਵਾਲੀ,ਭਾਈ ਪ੍ਰੀਤਮ ਸਿੰਘ ਭਾਟੀਆ, ਭਾਈ ਰਘੁਵੀਰ ਸਿੰਘ ਵਿਰਕ ਅਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਪੰਥ ਵਿੱਚੋਂ ਹੀ ਛੇਕ ਦਿਤਾ ਸੀ। ਉਸ ਤੋਂ ਵੀ ਵੱਡੀ ਗੱਲ ਕਿ ਇਹਨਾ ਨੇ ਅੱਜ ਤੱਕ ਸ੍ਰੀ ਅਕਾਲ ਸਾਹਿਬ ਤੇ ਪੇਸ਼ ਹੋ ਕੇ ਕੋਈ ਭੁੱਲ ਨਹੀ ਬਖਸ਼ਾਈ ਅਤੇ ਨਾ ਹੀ ਕਦੇ ਮੁਆਫੀ ਮੰਗੀ, ਉਲਟਾ ਜੱਥੇਦਾਰ ਭਾਈ ਪੂਰਨ ਸਿੰਘ ਦੀ ਸ੍ਰੀ ਅਕਾਲ ਤਖਤ ਦੀ ਜੱਥੇਦਾਰੀ ਤੋਂ 29 ਮਾਰਚ 2000 ਨੂੰ ਛੁੱਟੀ ਕਰ ਦਿੱਤੀ।
(ਸ) ਭਾਈ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਨ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਦਿਆਂ ਹੋਇਆਂ ਆਰ.ਐਸ.ਐਸ. ਨੂੰ ਸਿੱਖ-ਵਿਰੋਧੀ ਗਰਦਾਨਦਿਆਂ ਇਸ ਦੇ ਨੇਤਾਵਾਂ ਦੀ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਤੇ ਰੋਕ ਲਾ ਦਿੱਤੀ ਸੀ। ਪਰ ਸ. ਪ੍ਰਕਾਸ ਸਿੰਘ ਬਾਦਲ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਇਕ ਆਰੀਆ ਸਮਾਜੀ ਨੇਤਾ ਪਾਸੋਂ ਇਕ ਸੈਮੀਨਾਰ ਦੀ ਪ੍ਰਧਾਨਗੀ ਕਰਾਈ ਸੀ।
(ਹ) ਤਰਨਤਾਰਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ 500 ਸਾਲਾ ਸ਼ਹੀਦੀ ਪੁਰਬ ਮਨਾਉਦਿਆਂ ਭਾਜਪਾ ਦੀ ਤੇਜ਼ ਤਰਾਰ ਨੇਤਾ ਬੀਬੀ ਸ਼ੁਸ਼ਮਾ ਸਵਰਾਜ ਨੇ ਇਸਤਰੀ ਸਮੇਲਨ ਵਿੱਚ ਭਾਗ ਲੈਂਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਦੋਸ਼ੀ ਚੰਦੂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ।ਉਸ ਵੇਲ੍ਹੇ ਦੇ ਅਕਾਲੀ ਨੇਤਾਵਾਂ ਵੱਲੋਂ ਅਡਵਾਨੀ ਸਮੇਤ ਉਸ ਪੰਥਕ ਸਟੇਜ਼ ਤੋਂ ਉਹਨਾਂ ਲੀਡਰਾਂ ਨੂੰ ਸਨਮਾਨਤ ਕੀਤਾ ਗਿਆ ਸੀ।
(ਕ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਜ ਸਿੰਘ ਸਾਹਿਬਾਨ ਨੇ 17 ਮਈ 2007 ਨੂੰ ਪੰਜਾਬ ਵਿੱਚੋਂ ਡੇਰਾ ਸੱਚਾ (ਝੂਠਾ ) ਸੌਦਾ ਦੇ ਪੰਜਾਬ ਵਿੱਚਲੇ ਡੇਰੇ ਬੰਦ ਕਰਵਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ, ਜਿਸ ਹੁਕਮਨਾਮੇ ਤੇ ਅੱਜ ਤੱਕ ਬਾਦਲ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੇ ਕੋਈ ਅਮਲ ਨਹੀ ਕੀਤਾ। ਉਲਟਾ 2009 ਦੀਆਂ ਲੋਕ ਸਭਾ ਚੋਣਾਂ ਸਮੇਂ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਡੇਰਾ ਸੱਚਾ ਸੌਦਾ ਨੂੰ ਪਰਚਾਰ ਕਰਨ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ। ਜਿਹੜ੍ਹੀਆਂ ਸਿੱਖ ਜੱਥੇਬੰਦੀਆਂ ਡੇਰੇ ਖਿਲਾਫ ਜੂਝ ਰਹੀਆਂ ਸਨ ਉਹਨਾ ਤੇ ਝੂਠ ਮੁਕੱਦਮੇ ਦਰਜ਼ ਕੀਤੇ ਅਤੇ ਉਹਨਾ ਨੂੰ ਜੇਲਾਂ ਵਿੱਚ ਕੈਦ ਕੀਤਾ।
(ਖ) ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਨੇ ਸੰਨ 2000 ਵਿੱਚ ਇਕ ਆਦੇਸ ਜਾਰੀ ਕਰਕੇ ਸ੍ਰੋਮਣੀ ਕਮੇਟੀ ਨੂੰ ਹੁਕਮ ਰਾਂਹੀ ਇਹ ਹਿਦਾਇਤ ਕੀਤੀ ਸੀ ਕਿ ਤਖਤਾਂ ਦੇ ਜੱਥੇਦਾਰਾ ਦੀ ਨਿਯੁਕਤੀ ਤੇ ਸੇਵਾ ਮੁਕਤੀ,ਕਾਰਜ਼ ਖੇਤਰ,ਭੱਤੇ ਆਦਿ ਬਾਰੇ ਸੇਵਾ ਨਿਯਮ ਤਹਿ ਕੀਤੇ ਜਾਣ।ਸ੍ਰੌਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਨੇ ਇਸ ਆਦੇਸ ਤੇ ਅਮਲ ਕਰਦਿਆਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਅਗਵਾਈ ਹੇਠ ਇਕ ਕਮੇਟੀ ਦਾ ਗੱਠਨ ਕੀਤਾ ਸੀ ਪਰ ਟੌਹੜ੍ਹਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਨਾਲ ਹੀ ਕਮੇਟੀ ਦਾ ਵੀ ਭੋਗ ਪੈ ਗਿਆ।
(ਗ) ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਭਾਈ ਇਕਬਾਲ ਸਿੰਘ ਨੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਇਕ ਹੁਕਮਨਾਮਾਂ ਜਾਰੀ ਕਰਕੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ,ਤਖਤ ਸ੍ਰੀ ਕੇਸ਼ਗੜ੍ਹ ਦੇ ਜੱਥੇਦਾਰ ਭਾਈ ਤਿਰਲੋਚਨ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ,ਉਸ ਸਮੇਂ ਦੇ ਮੁੱਖ ਗਰੰਥੀ ਤੇ ਸ੍ਰੀ ਅਕਾਲ ਤਖਤ ਦੇ ਮੋਜੂਦਾ ਜੱਥੇਦਾਰ ਭਾਈ ਗੁਰਬਚਨ ਸਿੰਘ ਨੂੰ ਮਹਾਂਦੋਸ਼ੀ ਕਰਾਰ ਦਿਤਾ ਸੀ ਅਤੇ ਸ੍ਰੀ ਅਕਾਲ ਤਖਤ ਦੀ ਸਰਬਉਚੱਤਾ ਨੂੰ ਵੰਗਾਰਿਆ ਸੀ।ਇਹ ਦੋਵੇਂ ਹੁਕਮਨਾਮੇਂ ਅੱਜ ਤੱਕ ਵਾਪਸ ਨਹੀ ਹੋਏ ਤੇ ਬਰਕਰਾਰ ਹਨ।
(ਘ) ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸੰਨ 2003 ਵਿੱਚ ਸ੍ਰੀ ਅਕਾਲ ਤਖਤ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਨਾਨਕਸ਼ਾਹੀ ਕਲੰਡਰ ਨੂੰ ਰੱਦ ਕਰਨ ਸਮੇਂ ਸਿੱਖ ਜੱਥੇਬੰਦੀਆਂ ਤੋਂ ਕੋਈ ਸਲਾਹ ਨਹੀ ਲਈ ਗਈ।ਉਸ ਕਲੰਡਰ ਦਾ ਅਪਣੀ ਮਰਜ਼ੀ ਨਾਲ ਸੰਨ 2010 ਵਿੱਚ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ।ਇਸ ਤੋਂ ਬਿਨ੍ਹਾ ਦਮਦਮੀ ਟਕਸਾਲ ਵੱਲੋਂ ਨਿਯੁਕਤ ਕੀਤੇ ਜੱਥੇਦਾਰ ਸਵਰਗਵਾਸੀ ਸ਼ਹੀਦ ਭਾਈ ਗੁਰਦੇਵ ਸਿੰਘ ਵੱਲੋਂ 1986 ਵਿੱਚ ਜਾਰੀ ਕੀਤੇ ਹੁਕਮਨਾਮੇ ਜਿਹਨਾ ਵਿੱਚ ਉਸ ਸਮੇ ਦੇ ਪੰਜ ਤਖਤਾਂ ਦੇ ਪੰਜਾਂ ਜੱਥੇਦਾਰਾਂ ਤੋਂ ਅਸਤੀਫਿਆਂ ਦੀ ਮੰਗ ਕੀਤੀ ਗਈ ਸੀ।ਉਸ ਹੁਕਮ ਨਾਮੇ ਤੇ ਕਦੇ ਵੀ ਅਮਲ ਨਹੀ ਕੀਤਾ ਗਿਆ।
(ਸ) ਇਕ ਆਦੇਸ਼ ਭਾਈ ਰਣਜੀਤ ਸਿੰਘ ਨੇ ਜਾਰੀ ਕਰਕੇ ਅਜੀਤ ਅਖਬਾਰ ਦੇ ਮੁਖ ਸੰਪਾਦਕ ਸ. ਬਲਜਿੰਦਰ ਸਿੰਘ ਹਮਦਰਦ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਕਿਹਾ ਸੀ, ਪਰ ਹਮਦਰਦ ਸਾਹਿਬ ਅੱਜ ਤੱਕ ਪੇਸ਼ ਨਹੀ ਹੋਏ।
(ਚ) ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਵੱਲੋਂ ਜਾਰੀ ਕੀਤੇ ਹੁਕਮਨਾਮੇ ਜਿਸ ਵਿੱਚ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਬਾਹਰਲੇ ਦੇਸ਼ਾਂ ਦੇ ਗੁਰਦਵਾਰਾ ਸਾਹਿਬਾਨ ਵਿੱਚ ਸੰਗਤਾਂ ਦੇ ਕੁਰਸੀਆਂ ਤੇ ਲੰਗਰ ਛੱਕਣ ਤੇ ਪਾਬੰਦੀ ਲਾਈ ਗਈ ਸੀ ਤੇ ਵੀ ਅਮਲ ਨਹੀ ਹੋਇਆ। ਅਜਿਹਾ ਹੁੰਦਿਆਂ ਸ੍ਰੀ ਅਕਾਲ ਤਖਤ ਦੀ ਸਰਬ-ਉ¤ਚਤਾ ਤੇ ਸ੍ਰੋਮਣੀ ਕਮੇਟੀ ਵੱਲੋਂ ਪੰਥ ਪਰਵਾਣਤ ਸਿੱਖ ਰਹਿਤ ਮਰਯਾਦਾ ਨੂੰ ਪੂਰਨ ਤੌਰ ਤੇ ਪਰਵਾਨ ਕਰਨਾ ਅਤੇ ਉਸ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਨਾ। ਇਸ ਗੱਲ ਵਾਸਤੇ ਖੁਦ ਸ੍ਰੋਮਣੀ ਕਮੇਟੀ ਅਤੇ ਸਾਰੇ ਜੱਥੇਦਾਰ ਬਰਾਬਰ ਦੇ ਦੋਸ਼ੀ ਹਨ।
ਅਸੀਂ ਰੋਜ਼ਾਨਾ ਟੈਲੀਵੀਜ਼ਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੋ ਰਹੇ ਕੀਰਤਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਅੱਖੀ ਡਿੱਠਾ ਪ੍ਰਸ਼ਾਰਣ ਦੇਖਦੇ ਹਾਂ। ਅਰਦਾਸ ਦੀ ਸਮਾਪਤੀ ਵੇਲ੍ਹੇ ਅਖੌਤੀ ਸੰਗਤ ਇਸ ਤਰਾਂ ਡਿੱਗਦੀ ਹੈ, ਜਿਸ ਤਰਾਂ ਵੱਡੀ ਗੱਡੀ ਦੇ ਟਾਇਰ ਦੀ ਫੂਕ ਨਿੱਕਲ ਜਾਂਦੀ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਆਰਤੀ ਅਤੇ ਅਰਦਾਸ ਰਾਹੀਂ, ਤੇ ਲੱਚਰਤਾ ਨਾਲ ਭਰਪੂਰ ਵੱਡ-ਅਕਾਰੀ ਕਿਤਾਬਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ, ਜੋ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਲੱਖਾਂ ਸਿਧਾਂਤਹੀਣ ਸਿੱਖ ਹਰ ਸਾਲ ਹੇਮਕੁੰਟ (ਗੁਰੂ ਗੋਬਿੰਦ ਸਿੰਘ ਜੀ ਦੇ ਕਥਿਤ ਪਿਛਲੇ ਜਨਮ ਦਾ ਕਥਿਤ ਤਪ-ਅਸਥਾਨ) ਦੀਆਂ ਅਖੌਤੀ ਯਾਤਰਾਵਾਂ ਤੇ ਆਪਣਾ ਕੀਮਤੀ ਸਮਾਂ ਤੇ ਧਨ ਦੌਲਤ ਬਰਬਾਦ ਕਰਦੇ ਹਨ। ਕੀ ਕਦੇ ਜੱਥੇਦਾਰਾਂ ਨੂੰ ਦਿੱਖਦੇ ਨਹੀ ਹਨ? ਸ੍ਰੀ ਦਰਬਾਰ ਸਾਹਿਬ ਦੇ ਮੁੱਖ ਰਾਗੀ ਹੇਮਕੁੰਟ ਬਾਰੇ ਕਵਿਤਾਵਾਂ ਗਾਉਂਦੇ ਹਨ ਤੇ ਬਾਜ਼ਾਰ ਵਿੱਚ ਸਰੇਆਮ ਵਿਕਦੀਆਂ ਕੈਸਟਾਂ ਇਨ੍ਹਾਂ ਜੱਥੇਦਾਰਾ ਨੂੰ ਨਜ਼ਰ ਨਹੀਂ ਆਂਉਦੀਆਂ? ਇਹ ਦੇਖ ਸਾਰਾ ਪੰਥ ਅੱਖਾਂ ਮੀਚੀ ਬੈਠਾ ਹੈ। ਕਿਸੇ ਅਖੌਤੀ ਸਿੰਘ ਸਾਹਿਬਾਨ ਨੂੰ ਕੋਈ ਹੁਕਮਨਾਮਾ ਜਾਰੀ ਨਹੀਂ ਕਰਨਾ ਆਉਂਦਾ। ਕੀ ਕਿਸੇ ਸਿੰਘ ਸਾਹਿਬਾਨ ਵੱਲੋਂ ਅਜਿਹੀਆਂ ਮਨਮਤੀ ਵਾਲੀਆਂ ਥਾਵਾਂ ਤੇ ਜਾਣ ਤੋਂ ਸਿੱਖ ਸੰਗਤਾਂ ਨੂੰ ਰੋਕਿਆ ਜਾਵੇਗਾ?
ਇਸੇ ਤਰਾਂ 11,12 ਤੇ 13 ਨਵੰਬਰ ਸੰਨ 2006 ਵਿੱਚ ਜਿਲਾ ਬਠਿੰਡਾ ਦੇ ਪਿੰਡ ਭਾਈ ਕਾ ਦਿਆਲ ਪੁਰਾ
ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਲੱਚਰਤਾ ਨਾਲ ਭਰਪੂਰ ਵੱਡ ਆਕਾਰੀ ਕਿਤਾਬ ਰੱਖ ਕੇ
ਪੜ੍ਹੀ ਗਈ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਉਸ ਸਮੇਂ ਦੇ ਜੱਥੇਦਾਰਾਂ ਦੀ ਮੋਜ਼ੂਦਗੀ
ਵਿੱਚ ਤੋਹੀਨ ਕੀਤੀ ਗਈ। ਅੱਜ ਤੱਕ ਕਿਸੇ ਵੀ ਜੱਥੇਦਾਰ ਨੇ ਜਾਂ ਸੰਗਤ ਨੇ ਸ੍ਰੀ ਅਕਾਲ ਤਖਤ ਤੋਂ ਕੋਈ
ਕਾਰਵਾਈ ਕਿਉਂ ਨਹੀਂ ਕੀਤੀ ਜਾਂ ਕਰਵਾਈ।
ਸਿੱਖ ਪੰਥ ਇਹਨਾਂ ਅਖੌਤੀ ਜੱਥੇਦਾਰਾਂ ਤੋਂ ਜਵਾਬ ਮੰਗਦਾ ਹੈ। ਕੀ ਅਖੌਤੀ ਸਿਆਸਤਦਾਨ ਸਾਡੇ ਧਰਮ ਅਤੇ
ਧਾਰਮਿਕ ਗ੍ਰੰਥਾਂ ਨਾਲ ਇਸ ਤਰਾਂ ਹੀ ਖਿਲਵਾੜ੍ਹ ਕਰਦੇ ਰਹਿਣਗੇ? ਕੀ ਸਾਰੇ ਪੰਥਿਕ ਮੁੱਖੀਆਂ ਦੀ ਅੱਜ
ਜ਼ਮੀਰ ਮਰ ਚੁੱਕੀ ਹੈ? ਕੀ ਅਸੀਂ ਅੱਜ ਕੋਈ ਮੋਰਚਾ ਲਾਊਣ ਦੀ ਵੀ ਹਿੰਮਤ ਨਹੀ ਰੱਖਦੇ ? ਕੀ ਅਸੀਂ ਵੀਹ
,ਪੰਜਾਹ ਜਾਂ ਪੰਜ ਸੱਤ ਹਜਾਰ ਇਕੱਠੇ ਹੋਕੇ ਆਪਣੇ ਹੱਕ ਨਹੀ ਮੰਗ ਸਕਦੇ? ਕੀ ਅੱਜ ਅਸੀ ਭੇਡਾਂ ਦੇ
ਸਮਾਨ ਹੋ ਚੁੱਕੇ ਹਾਂ ਜਿਸ ਦਾ ਜੀਅ ਕਰੇ ਸਾਨੂੰ ਜਿਸ ਪਾਸੇ ਮਰਜ਼ੀ ਹੱਕ ਕੇ ਲੈ ਜਾਵੇ?
ਮੇਰੀ ਸਮੁੱਚੇ ਪੰਥ ਅੱਗੇ ਦੋਵੇਂ ਹੱਥ ਜੋੜ੍ਹ ਬੇਨਤੀ ਹੈ ਆਓ ਇਕੱਠੇ ਹੋਕੇ ਇਕ ਹੰਭਲਾ ਮਾਰੀਏ ਤੇ ਹੋ ਰਹੀਆਂ ਮਨਮੱਤਾਂ ਨੂੰ ਦੂਰ ਕਰ ਦੇਈਏ।
ਗੁਰੂ ਪੰਥ ਤੋਂ ਚੰਗੇ ਦੀ ਆਸ ਵਿੱਚ
ਡਾ: ਪਰਮਜੀਤ ਸਿੰਘ, ਜਗਰਾਉਂ, ਜ਼ਿਲਾ ਲੁਧਿਆਣਾ